Kavita Da Sardar (Prof. Kulwant Singh Grewal) (Punjabi Essay) : Harpreet Singh Kahlon

ਕਵਿਤਾ ਦਾ ਸਰਦਾਰ (ਪ੍ਰੋ. ਕੁਲਵੰਤ ਸਿੰਘ ਗਰੇਵਾਲ) (ਲੇਖ) : ਹਰਪ੍ਰੀਤ ਸਿੰਘ ਕਾਹਲੋਂ

ਮੁੱਲਾਂ ਝੰਗ ਚੋਂ ਉਠਾ ਠਾਣਾ
ਰੀਤ ਪੰਜਾਬਾਂ ਦੀ
ਮੇਲਾ ਭਰਿਆ ਛੱਡ ਜਾਣਾ

ਹਰਮਨ ਰੇਡੀਓ ਆਸਟ੍ਰੇਲੀਆ ਦਾ ਦਫ਼ਤਰ ਬਾਬਾ ਕੁਲਵੰਤ ਸਿੰਘ ਗਰੇਵਾਲ ਦੇ ਘਰ ਦੇ ਨੇੜੇ ਸੀ। ਕਦੀ ਮਿਲਣ ਨੂੰ ਦਿਲ ਕਰਨਾ ਮੈਂ ਉਨ੍ਹਾਂ ਦੇ ਘਰ ਜਾ ਵੜਨਾ। ਉਹਨਾਂ ਦਿਨਾਂ ਵਿੱਚ ਹੋਰ ਪ੍ਰੋਗਰਾਮਾਂ ਦੇ ਨਾਲ-ਨਾਲ ਮੈਂ ਵੰਡ ਦੀਆਂ ਕਹਾਣੀਆਂ ਨੂੰ ਆਪਣੀ ਆਵਾਜ਼ ਵਿੱਚ ਪੇਸ਼ ਕਰਦਾ ਹੁੰਦਾ ਸੀ।

ਮੇਰੀ ਅਵਾਜ਼ ਵਿੱਚ ਕਹਾਣੀਆਂ ਨੂੰ ਸੁਣਕੇ ਉਹਨਾਂ ਦੋ ਹਫਤੇ ਤੱਕ ਇਸ ਦੀਆਂ ਗੱਲਾਂ ਕਰਨੀਆਂ। ਕਹਾਣੀਆਂ ਵਿੱਚੋਂ ਨਵੀਂ ਕਹਾਣੀ ਨਿਕਲ ਆਉਣੀ। ਕਹਾਣੀਆਂ ਦਰ ਕਹਾਣੀਆਂ ਅਖੀਰ ਗੱਲ ਪੰਜਾਬ ਦੀ ਚੜ੍ਹਦੀ ਕਲਾ ਅਤੇ ਪੰਜਾਬ ਦੇ ਉਜਾੜੇ ਦੀ ਹੀ ਤੁਰ ਪੈਣੀ। ਡਾਕਟਰ ਪਰਮਜੀਤ ਸਿੰਘ ਕੱਟੂ,ਡਾਕਟਰ ਰਾਜਪਾਲ ਹੁਣਾਂ ਵੀ ਇਸ ਸੰਗਤ ਵਿੱਚ ਸ਼ਾਮਲ ਹੋਣਾ।

ਉਹਨਾਂ ਦੀਆਂ ਗੱਲਾਂ ਵਿੱਚ ਇਹੋ ਉਚੇਚੀਆਂ ਗੱਲਾਂ ਸਨ ਕਿ ਪੰਜਾਬ ਦੀ ਉਮੀਦ ਸਾਂਝੇ ਪੰਜਾਬ ਨੂੰ ਤਸੱਵਰ ਕਰਨ ਤੋਂ ਬਿਨਾਂ ਨਹੀਂ ਹੋ ਸਕਦੀ। ਪ੍ਰੋਫੈਸਰ ਪੂਰਨ ਸਿੰਘ ਦਾ 'ਪੰਜਾਬ ਜਿਊਂਦਾ ਗੁਰਾਂ ਦੇ ਨਾਮ 'ਤੇ' ਪੰਜਾਬੀ ਸੁਭਾਅ ਦੀ ਸਿਖਰ ਹੈ। ਉਨ੍ਹਾਂ ਮੁਤਾਬਕ ਪੂਰਨ ਸਿੰਘ ਦਾ ਪੰਜਾਬ ਇੱਕ ਸੰਕਲਪ ਹੈ। ਇਹ ਕਦੀਮ ਧਰਮ ਨਿਧੀ, ਗੁਰੂ ਗ੍ਰੰਥ ਸਾਹਿਬ, ਉਸ ਦੀ ਵਿਚਾਰ ਸੱਤਾ ਦੀ ਵਡੇਰੀ ਅਧਾਰ ਸ਼ਿਲਾ ਹੈ। ਉਹਨਾਂ ਦੀ ਪੜਚੋਲ ਵਿਚ ਵੰਡ ਰੁੱਕ ਸਕਦੀ ਸੀ ਜੇ ਅਸੀਂ ਚਾਹੁੰਦੇ ਤਾਂ ਪੰਜਾਬ ਇੱਕ ਹੋਣਾ ਸੀ। ਜਿਹੜੀ ਧਰਤੀ ਅਸੀਂ ਛੱਡ ਆਏ ਹਾਂ, ਉਹ ਕਦੀ ਵੀ ਸਾਡੇ ਮਨਾਂ ਚੋਂ ਵਿਸਰਨੀ ਨਹੀਂ ਚਾਹੀਦੀ।

ਉਹ ਆਪਣੀ ਕਵਿਤਾ ਬਹੁਤ ਘੱਟ ਸੁਣਾਉਂਦੇ ਸਨ। ਉਹ ਆਪਣੀ ਕਵਿਤਾ ਦਾ ਪਰਚਾਰ ਨਹੀਂ ਕਰਦੇ ਸਨ। ਉਨਾਂ ਕਹਿਣਾ ਕਿ ਤੁਹਾਡੇ ਵਰਗੇ ਨੌਜਵਾਨਾਂ ਤੋਂ ਬੜੀਆਂ ਉਮੀਦਾਂ ਹਨ। ਵੰਡ ਦੀ ਚੀਸ ਇਕ ਪਾਸੇ ਸੀ। ਸ਼ੇਰ-ਏ-ਪੰਜਾਬ ਦਾ ਤਸੱਵਰ ਵੀ ਸੀ ਪਰ ਭਵਿੱਖ ਬਾਰੇ ਬੇਉਮੀਦ ਬਿਲਕੁਲ ਨਹੀਂ ਸਨ।

ਅਸੀਂ ਅੱਧੇ-ਅਧੂਰੇ ਗਿਆਨ ਵਾਲਿਆਂ ਉਨ੍ਹਾਂ ਨੂੰ ਕਹਿਣਾ ਕਿ ਇਹ ਸੂਫ਼ੀ ਗਾਣਾ ਸੁਣੋ। ਉਹਨਾਂ ਕਹਿਣਾ ਉਸਤਾਦ ਬੜੇ ਗੁਲਾਮ ਅਲੀ ਖਾਨ ਸਾਹਬ ਸੁਣੋ। ਉਨ੍ਹਾਂ ਦੀਆਂ ਗੱਲਾਂ ਵਿਚ ਭੂਤਵਾੜੇ ਦੀਆਂ ਗੱਲਾਂ ਸਨ। ਉਹਨਾਂ ਦੀਆਂ ਗੱਲਾਂ ਵਿੱਚ ਮਜ਼ਾਹੀਆ ਰਮਜ਼ ਸੀ।

ਗਰੇਵਾਲ ਸਾਹਬ ਆਪਣੇ ਮਿੱਤਰਾਂ ਨੂੰ ਕਹਿੰਦੇ ਮੈਨੂੰ ਗੱਡੀ ਸਿਖਾਉ। ਮਿੱਤਰਾਂ ਨੇ ਦੱਸਿਆ, ਇਹ ਕਲੱਚ ਹੈ, ਇਹ ਬ੍ਰੇਕ ਹੈ,ਗੇਅਰ ਹੈ। ਇਹ ਖੱਬੇ ਵੇਖਣ ਲਈ ਸ਼ੀਸ਼ਾ ਹੈ, ਇਹ ਸੱਜੇ ਵੇਖਣ ਲਈ ਸ਼ੀਸ਼ਾ ਹੈ, ਇਹ ਪਿੱਛੇ ਵੇਖਣ ਲਈ ਸ਼ੀਸ਼ਾ ਹੈ। ਗਰੇਵਾਲ ਸਾਹਬ ਕਹਿੰਦੇ ਫਿਰ ਅੱਗੇ ਕਦੋਂ ਵੇਖਣਾ ਹੈ ? ਗੱਡੀ ਨਾ ਸਿੱਖਣ ਵਿੱਚ ਹੀ ਭਲਾ !

ਵੰਡ ਬਾਰੇ ਜਗਿਆਸੂ ਹੋਣ ਕਰਕੇ ਉਹਨਾਂ Partition of India : why 1947 ? edited by Koushik Roy ਕਿਤਾਬ ਸੌਗਾਤ ਵਜੋਂ ਦਿੱਤੀ। ਉਹਨਾਂ ਕਦੀ ਦਰਵੇਸ਼ ਬੰਦੇ ਹੋਣ ਦਾ ਦਾਅਵਾ ਨਹੀਂ ਸੀ ਕੀਤਾ। ਉਹਨਾਂ ਆਪਣੇ ਆਪ ਦੇ ਵੱਡੇ ਕਵੀ ਹੋਣ ਦਾ ਦਾਅਵਾ ਨਹੀਂ ਸੀ ਕੀਤਾ। ਪਰ ਉਹ ਯਕੀਨਨ ਸਨ !

ਉਹਨਾਂ ਨੇ ਧੜਾਧੜ ਕਿਤਾਬਾਂ ਨਹੀਂ ਲਿਖੀਆਂ। 'ਤੇਰਾ ਅੰਬਰਾਂ ਚ ਨਾਂ ਲਿਖਿਆ' ਅਤੇ 'ਅਸੀਂ ਪੁੱਤ ਦਰਿਆਵਾਂ ਦੇ' ਦੋ ਕਿਤਾਬਾਂ ਹੀ ਉਹਨਾਂ ਦੀਆਂ ਕਵਿਤਾਵਾਂ ਵਾਲੀਆਂ ਹਨ। ਉਹਨਾਂ ਦੀ ਪਬਲੀਕੇਸ਼ਨਜ਼ ਬਿਓਰੋ ਵਿਚ ਛਪੀ ਕਿਤਾਬ 'ਅ+ਮੈਂ/ ਪੂਰਨ ਸਿੰਘ ਉਹਨਾਂ ਦੀ ਪੂਰਨ ਸਿੰਘ ਬਾਰੇ ਕਮਾਲ ਦੀ ਕਿਤਾਬ ਹੈ।

ਕੁਲਵੰਤ ਸਿੰਘ ਗਰੇਵਾਲ ਕਹਿੰਦੇ ਸਨ ਕਿ ਪੰਜਾਬ ਕੋਲ ਬਹੁਤ ਵੱਡੀ ਸਮਰੱਥਾ ਹੈ। ਇਸ Potential ਨੂੰ ਲੱਭੀਏ। ਅਸੀਂ ਉੱਤੋਂ ਉੱਤੋਂ ਹੀ ਸਭ ਕੁਝ ਕਰਦੇ ਹਾਂ। ਸਾਡੇ ਕੋਲ ਬਾਬਾ ਫ਼ਰੀਦ ਤੋਂ ਲੈਕੇ ਸੂਫ਼ੀਆਂ, ਗੁਰੂਆਂ ਦੀ ਵਿਰਾਸਤ ਹੈ। ਸਾਨੂੰ ਗ੍ਰਹਿਸਥ ਜੀਵਨ ਤੋਂ ਲੈਕੇ ਮੀਰੀ ਪੀਰੀ ਦੇ ਵੱਡੇ ਵਰਤਾਰੇ ਸਮਝਾਏ ਗਏ ਹਨ। ਪਰ ਅਸੀਂ ਪੇਤਲੇ ਸੁਭਾਅ ਲੈ ਬੈਠੇ ਹਾਂ।

ਉਹਨਾਂ ਦੇ ਲਿਖੇ ਅਕਸਰ ਗਾਈਦੇ ਸਨ। ਇਹ ਕਵਿਤਾ ਦਾ ਸੁਹਜਮਈ ਸਹੁੱਪਣ ਸੀ। ਕਿਉਂ ਕਿ ਉਹਨਾਂ ਦੀ ਕਵਿਤਾ ਵਿਚ ਬੌਧਿਕਤਾ ਭਾਰੂ ਨਹੀਂ ਸੀ। ਉਹਨਾਂ ਦੀ ਕਵਿਤਾ ਮਿੱਟੀ ਦੇ ਸੁਭਾਅ ਮੁਤਾਬਕ ਸੀ।

ਪੰਜਾਬੀ ਰਾਣੀ ਆਂ
ਪੁੱਤਰੋ ਵੇ ਕਿਉਂ ਲੜਦੇ
ਮੈਂ ਹੀ ਮਰ ਜਾਨੀ ਆਂ
ਉਹਨਾਂ ਦੀ ਕਵਿਤਾ ਦੀਆਂ ਦੋ ਸਤਰਾਂ ਹੀ ਮੁਕੰਮਲ ਬਿਆਨ ਸੀ।

ਮੁੱਲਾਂ ਝੰਗ ਚੋਂ ਉਠਾ ਠਾਣਾ
ਰੀਤ ਪੰਜਾਬਾਂ ਦੀ
ਮੇਲਾ ਭਰਿਆ ਛੱਡ ਜਾਣਾ

ਮੁੱਲਾਂ ਆਪਣਾ ਗੁਨਾਹ ਕੋਈ ਨਾ
ਰਾਂਝੇ ਨੂੰ ਰੱਬ ਬਖਸ਼ੇ
ਖੇੜਿਆਂ ਦਾ ਵਸਾਹ ਕੋਈ ਨਾ
ਉਹਨਾਂ ਦੀ ਕਵਿਤਾ ਪੰਜਾਬ ਲਈ ਸੁਫ਼ਨਾ ਵੇਖਦੀ ਸੀ।

ਅਸੀ ਘਰ ਮੁੜ ਆਵਾਂਗੇ
ਮਾਹੀਏ ਦਾ ਚੰਨ ਚੁੰਮ ਕੇ
ਪੰਜਾਬ ਨੂੰ ਗਾਵਾਂਗੇ
ਉਹਨਾਂ ਦੀ ਕਵਿਤਾ ਵਿਚ ਪੰਜਾਬ ਦਾ ਦਰਦ ਸੀ।

ਦਿਲ ਟੁੱਟਦੇ ਹਵਾਵਾਂ ਦੇ
ਬੂੰਦ ਬੂੰਦ ਤਰਸ ਗਏ
ਅਸੀਂ ਪੁੱਤ ਦਰਿਆਵਾਂ ਦੇ

ਉਹ ਤਾਂ ਹੱਸਦੇ ਰੁਆ ਸਕਦੇ
ਦੋ ਦਿਲ ਗੱਲ ਕਿਹੜੀ
ਦੋ ਕੰਧਾਂ ਵੀ ਲੜਾ ਸਕਦੇ

ਸਾਨੂੰ ਈਦਾਂ ਬਰ ਆਈਆਂ
ਰਾਵੀ ਤੇਰੇ ਪੱਤਣਾ ਤੇ
ਐਵੇਂ ਅੱਖੀਆਂ ਭਰ ਆਈਆਂ
ਉਹਨਾਂ ਦੀ ਕਵਿਤਾ ਵਿਚ ਹੋਣੀ ਦਾ ਸੱਚ ਸੀ।

ਹੱਦਾਂ ਟੁੱਟੀਆਂ ਦੀ ਸਾਂਝ ਹੋਵੇ
ਪਹਿਲਾਂ ਬੰਦਾ ਮਰਦਾ ਏ
ਪਿੱਛੋਂ ਧਰਤੀ ਬਾਂਝ ਹੋਵੇ

ਰਾਵੀ ਕਿ ਝਨਾਂ ਦੱਸੀਏ
ਵਿਛੜੀ ਧਰਤੀ ਦਾ
ਕਿਹੜੀ ਬੋਲੀ 'ਚ ਨਾਂ ਦੱਸੀਏ
ਉਹਨਾਂ ਦੀ ਕਵਿਤਾ ਦੱਸਦੀ ਸੀ ਕਿ ਅਸੀਂ ਹੁਣ ਸੁਣ ਕੀ ਰਹੇ ਹਾਂ।

ਬੇਦਰਦ ਫਿਜ਼ਾ ਹੋਈ

ਗਲੀ ਗਲੀ ਸ਼ੋਰ ਵਿਕਦਾ

ਗੀਤਾਂ ਨੂੰ ਸਜ਼ਾ ਹੋਈ

ਪਟਿਆਲਾ ਛੱਡਿਆ ਜਲੰਧਰ ਪਹੁੰਚੇ। ਜਲੰਧਰ ਪਹੁੰਚਣ ਦੇ ਨਾਲ ਮੁਲਾਕਾਤਾਂ ਦਾ ਸਿਲਸਿਲਾ ਵੀ ਬੰਦ ਹੋ ਗਿਆ। ਪਿਛਲੇ ਦਿਨਾਂ ਵਿਚ ਸਾਡਾ ਮਿੱਤਰ ਕਹਿੰਦਾ ਕਿ ਮੈਂ ਮਿਲਿਆ ਸਾਂ ਗਰੇਵਾਲ ਸਾਬ ਨੂੰ ਪਰ ਉਹਨਾਂ ਨੂੰ ਤੂੰ ਯਾਦ ਨਹੀਂ ਸੀ। ਮੈਂ ਸੋਚਿਆ ਫ਼ਰਕ ਨਹੀਂ ਪੈਂਦਾ। ਮੇਰਾ ਉਹਨਾਂ ਨੂੰ ਜਾਨਣਾ ਜ਼ਰੂਰੀ ਹੈ।

  • ਮੁੱਖ ਪੰਨਾ : ਹਰਪ੍ਰੀਤ ਸਿੰਘ ਕਾਹਲੋਂ : ਪੰਜਾਬੀ ਲੇਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ