Punjabi Stories/Kahanian
ਜੈਸ਼ੰਕਰ ਪ੍ਰਸਾਦ
Jaishankar Prasad
Punjabi Kavita
  

Khairaat Jaishankar Prasad

ਖ਼ੈਰਾਤ (ਕਹਾਣੀ) - ਜੈਸ਼ੰਕਰ ਪ੍ਰਸਾਦ

ਖਪਰੈਲੀ ਛੱਤ ਵਾਲੇ ਬਰਾਂਡੇ 'ਚ ਕੰਬਲ ਉੱਤੇ ਬੈਠਾ ਬ੍ਰਿਜਰਾਜ ਪੂਰਾ ਮਗਨ ਹੋਕੇ ਮਿੰਨਾ ਨਾਲ ਗੱਲਾਂ ਕਰ ਰਿਹਾ ਸੀ । ਘਰ ਦੇ ਅੱਗੇ ਤਲਾਅ ਵਿਚ ਕਮਲ ਦੇ ਫੁੱਲ ਖਿੱਲੇ ਹੋਏ ਸਨ, ਜਿੰਨਾ ਦੇ ਉੱਤੋਂ ਲੰਘਕੇ ਹਲਕੀ ਮਹਿਕ ਵਾਲੀ ਹਵਾ ਉਸ ਝੋਪੜੇ 'ਚ ਆਉਂਦੀ ਅਤੇ ਚਲੇ ਜਾਂਦੀ ।

"ਮਾਂ ਕਹਿੰਦੀ ਸੀ..." ਇਕ ਕਮਲ ਦੀਆਂ ਪੰਖੜੀਆਂ ਖਲਾਰਦਿਆਂ ਮਿੰਨਾ ਬੋਲਿਆ ।

"ਕੀ ਕਹਿੰਦੀ ਸੀ?"

"ਬਾਊਜੀ ਪਰਦੇਸ ਜਾਣਗੇ; ਤੇਰੇ ਵਾਸਤੇ ਧਾਤੂ ਦਾ ਬਣਿਆ ਟੱਟੂ ਲੈਕੇ ਆਉਣਗੇ ।"

"ਤੂੰ ਘੋੜੇ 'ਤੇ ਚੜੇਂਗਾ ਜਾਂ ਟੱਟੂ 'ਤੇ; ਝੱਲਾ ਨਾ ਹੋਏ ਤਾਂ!"

"ਨਾ, ਮੈਂ ਤਾਂ ਟੱਟੂ 'ਤੇ ਹੀ ਚੜੂੰਗਾ, ਉਹ ਡਿੱਗਦਾ ਨਹੀਂ ।"

"ਜਾ, ਫਿਰ ਮੈਂ ਜਾਣਾ ਹੀ ਨਹੀਂ ।"

"ਕਿਓਂ ਨਹੀਂ ਜਾਓਗੇ? ਮੈਂ ਰੋਣ ਲੱਗ ਪੈਣੈ - ਊਂ ਊਂ ਊਂ..."

"ਚੱਲ, ਤੂੰ ਪਹਿਲਾਂ ਇਹ ਦੱਸ, ਜਦੋਂ ਤੂੰ ਕਮਾਉਣ ਲਗੇਂਗਾ ਤਾਂ ਸਾਡੇ ਲਈ ਕੀ ਲਿਆਏਂਗਾ?"

"ਖੂਬ ਢੇਰ ਜਿੰਨਾ ਪੈਸਾ..." ਮਿੰਨਾ ਨੇ ਆਪਣਾ ਨਿੱਕਾ ਜਿਹਾ ਹੱਥ ਜਿੰਨਾ ਉੱਚਾ ਕਰ ਸਕਦਾ ਸੀ, ਕਰਕੇ ਕਿਹਾ ।

"ਫਿਰ ਸਾਰੇ ਪੈਸੇ ਮੈਨੂੰ ਹੀ ਦੇਵੇਂਗਾ ਨਾ?"

"ਨਹੀਂ, ਮਾਂ ਨੂੰ ਵੀ..."

"ਅੱਛਾ ਮੈਨੂੰ ਕਿੰਨੇ ਦੇਵੇਂਗਾ?"

"ਥੈਲਾ ਭਰਕੇ ।"

"ਅਤੇ ਮਾਂ ਨੂੰ?"

"ਜਿੰਨਾ ਲੱਕੜ ਦੇ ਵੱਡੇ ਸੰਦੂਕ 'ਚ ਆ ਜਾਵੇ..."

"ਫਿਰ ਤੂੰ ਮਾਂ ਨੂੰ ਹੀ ਕਹਿ, ਉਹੀ ਟੱਟੂ ਲਿਆਕੇ ਦਵੇਗੀ ।"

ਖਿੱਝਕੇ ਮਿੰਨਾ ਨੇ ਬ੍ਰਿਜਰਾਜ ਨੂੰ ਹੀ ਟੱਟੂ ਬਣਾ ਲਿਆ । ਉਸਦੇ ਮੋਢਿਆਂ 'ਤੇ ਚੜਕੇ ਆਪਣੀ ਰੀਝ ਪੂਰੀ ਕਰਨ ਲੱਗਾ । ਅੰਦਰ ਬੂਹੇ ਥਾਣੀ ਝਾਂਕ ਕੇ ਇੰਦੋ ਪਿਓ-ਪੁੱਤਰ ਦਾ ਕਲੋਲ ਵੇਖ ਰਹੀ ਸੀ, ਉਹ ਹੱਸਕੇ ਬੋਲੀ, "ਮਿੰਨਾ, ਇਹ ਟੱਟੂ ਤਾਂ ਬੜਾ ਅੜੀਅਲ ਹੈ ।"

ਬ੍ਰਿਜਰਾਜ ਨੂੰ ਇੰਦੋ ਦਾ ਮਖੌਲ 'ਤੇ ਹਾਸਾ ਬੜਾ ਚੁੱਭਿਆ । ਅੱਜ ਸਵੇਰੇ ਹੀ ਇੰਦੋ ਨੇ ਉਸਨੂੰ ਚੰਗਾ ਤਾੜਿਆ ਸੀ । ਜਦ ਵੀ ਆਪਣੇ ਘਰੇਲੂ ਔਰਤ ਹੋਣ ਦੀ ਹੱਦ ਵਿਚ ਰਹਿਕੇ ਇੰਦੋ ਬ੍ਰਿਜਰਾਜ ਨੂੰ ਦੋ-ਚਾਰ ਖਰੀਆਂ-ਖੋਟੀਆਂ ਸੁਣਾ ਦੇਂਦੀ, ਉਸਦਾ ਮਨ ਵਿਰਕਤ ਹੋ ਉੱਠਦਾ ਸੀ । ਮਿੰਨਾ ਦੇ ਨਾਲ ਖੇਡਣ, ਲੜਨ 'ਤੇ ਸੁਲਹ ਕਰਨ ਵਿਚ ਹੀ ਉਸਨੂੰ ਪੂਰੀ ਦੁਨੀਆਂ ਦੇ ਸੁੱਖ ਦਾ ਭਾਸ ਹੋ ਜਾਂਦਾ ਸੀ । ਇਸ ਲਈ ਉਹ ਸੋਚਦਾ, ਹੋਰ ਕੁਛ ਕਰਨ ਦੀ ਲੋੜ ਹੀ ਕੀ ਹੈ! ਭੁੱਖਿਆਂ ਮਰਨ ਦੇ ਡਰ ਵਾਲੀ ਤਾਂ ਕੋਈ ਗੱਲ ਹੈ ਨਹੀਂ ਸੀ, ਲੇਕਿਨ ਇੰਦੋ ਨੂੰ ਇੰਨੇ ਨਾਲ ਸਬਰ ਕਿੱਥੇ... ਉਤੋਂ ਵੇਹਲੇ ਬੈਠੇ ਬ੍ਰਿਜਰਾਜ ਨੂੰ ਕਦੇ ਮਾਲੋ ਨਾਲ ਹੱਸਦੇ-ਖੇਡਦੇ ਵੇਖ ਲਵੇ ਤਾਂ ਇੰਦੋ ਜਿਵੇਂ ਸੜ ਕੇ ਸੁਆਹ ਹੋ ਜਾਂਦੀ । ਬ੍ਰਿਜਰਾਜ ਇਹ ਸਭ ਸਮਝਕੇ ਵੀ ਅਨਜਾਣ ਬਣਿਆ ਰਹਿੰਦਾ, ਉਹ ਤਾਂ ਬਸ ਮਿੰਨਾ ਦੇ ਨਾਲ ਆਪਣੀ ਠੀਕਰਿਆਂ ਵਾਲੀ ਛੱਤ ਹੇਠਾਂ ਵੀ ਪੂਰੀ ਤਰਾਂ ਸੰਤੁਸ਼ਟ 'ਤੇ ਖੁਸ਼ ਸੀ । ਪਰ ਅੱਜ ਪਤਾ ਨਹੀਂ ਕਿਓਂ ਉਹ ਬੜਾ ਹਰਖਿਆ...

"ਮਿੰਨਾ, ਅੜੀਅਲ ਟੱਟੂ ਜਦੋਂ ਨੱਠਦੇ ਨੇ ਤਾਂ ਖੜਦੇ ਨਹੀਂ, ਫਿਰ ਉਹ ਰਾਹ-ਕਰਾਹ ਵੀ ਨਹੀਓਂ ਵੇਖਦੇ । ਤੇਰੀ ਮਾਂ ਆਪਣੇ ਭਿੱਜੇ ਛੋਲਿਆਂ ਦਾ ਰੌਬ ਪਾਉਂਦੀ ਹੈ । ਜੇ ਕਿਤੇ ਇਸ ਟੱਟੂ ਨੂੰ ਹਰੀ-ਭਰੀ ਘਾਹ ਦਾ ਚਸਕਾ ਲੱਗ ਗਿਆ ਨਾ..."

"ਨਹੀਂ ਮਿੰਨਾ, ਰੁੱਖੀ-ਸੁੱਕੀ ਨਾਲ ਚਲਾਉਣ ਵਾਲੇ ਨਹੀਂ ਕਰ ਸਕਦੇ ਇੱਦਾਂ ।"

"ਕਰ ਸਕਦੇ ਨੇ ਮਿੰਨਾ; ਕਹਿਦੇ ਹਾਂ..."

ਮਿੰਨਾ ਵਿਚਾਰਾ ਗੱਲ-ਬਾਤ ਦੇ ਇਸ ਨਿਆਰੇ ਢੰਗ ਤੋਂ ਘਾਬਰ ਗਿਆ, ਉਸਨੇ ਝੱਟ ਕਹਿ 'ਤਾ, "ਹਾਂ, ਕਰ ਸਕਦੇ ਨੇ ।"

"ਬਥੇਰੇ ਵੇਖੇ ਨੇ ਇੱਦਾਂ ਕਰਨ ਵਾਲੇ!" ਕਹਿਕੇ ਬੜੇ ਜ਼ੋਰ ਨਾਲ ਬੂਹਾ ਭੇੜਕੇ ਇੰਦੋ ਚਲੀ ਗਈ । ਬ੍ਰਿਜਰਾਜ ਦੇ ਮਨ 'ਚ ਫਿਰ ਵਿਰਕਤੀ ਦਾ ਭਾਵ ਜਾਗਿਆ, ਬਿਜਲੀ ਵਾੰਗ ਘਿਰਣਾ ਚਮਕ ਗਈ । ਉਸਨੂੰ ਆਪਣੀ ਹੋਂਦ 'ਤੇ ਹੀ ਸੰਸਾ ਹੋਣ ਲੱਗ ਪਈ - ਉਹ ਆਦਮਜਾਤ ਵੀ ਸੀ ਜਾਂ ਨਹੀਂ! ਕੋੜਿਆਂ ਦੀ ਮਾਰ! ਇੰਨਾ ਸ਼ੱਕ, ਇੱਦਾਂ ਦਾ ਗੁਮਾਨ ਅਤੇ ਇਹੋ ਜਿਹਾ ਆਚਰਣ! ਉਸਦਾ ਮਨ ਹੁਣ ਘਰ ਵਲੋਂ ਪੂਰੀ ਤਰਾਂ ਬਾਗੀ ਹੋ ਰਿਹਾ ਸੀ । ਅੱਜ ਤਕ ਕਿਸੇ ਕੁਸ਼ਲ ਮਹਾਜਨ ਵਾੰਗ ਉਹ ਬੜੇ ਧਿਆਨ ਨਾਲ ਸੂਦ ਵਧਾਉਂਦਾ ਰਿਹਾ ਸੀ, ਵੱਟੇ 'ਚ ਉਸਨੇ ਇੰਦੋ ਕੋਲੋਂ ਥੋੜਾ-ਬਹੁਤਾ ਅਨੁਰਾਗ ਲੈਕੇ ਉਸਨੂੰ ਕਦੇ ਵੀ ਹੌਲਾ ਨਹੀਂ ਸੀ ਹੋਣ ਦਿੱਤਾ । ਪਰ ਹੁਣ ਉਸਨੇ ਸੂਦ-ਦਰ- ਸੂਦ ਵਸੂਲਣ ਲਈ ਆਪਣੀ ਵਿਰਕਤੀ ਦੇ ਝੋਲੇ ਦਾ ਮੂੰਹ ਖੋਲ ਦਿੱਤਾ ।

ਮਿੰਨਾ ਨੂੰ ਕੁੱਛੜ ਚੁੱਕੀ ਉਹ ਅਡੋਲ ਖਲੋਤਾ ਰਿਹਾ । ਫਿਰ ਜਦੋਂ ਪਿੰਡ ਦੇ ਲੋਕ ਮੋਢਿਆਂ ਤੇ ਹੱਲ ਰੱਖੀ, ਘਰਾਂ ਨੂੰ ਪਰਤ ਰਹੇ ਸਨ, ਉਸ ਵੇਲੇ ਬ੍ਰਿਜਰਾਜ ਨੇ ਘਰ ਛੱਡਣ ਦਾ ਫ਼ੈਸਲਾ ਕਰ ਲਿਆ ।

---

ਜਲੰਧਰੋਂ ਜਿਹੜੀ ਸੜਕ ਜਵਾਲਾਮੁਖੀ ਨੂੰ ਜਾਂਦੀ ਸੀ, ਉਸਤੇ ਇਸੀ ਸਾਲ ਤੋਂ ਇਕ ਸਿੱਖ ਪੈਂਸ਼ਨਰ ਨੇ ਇਕ ਲਾਰੀ ਚਲਾਉਣੀ ਸ਼ੁਰੂ ਕੀਤੀ ਹੈ । ਉਸਦਾ ਡਰਾਇਵਰ ਕੋਈ ਕਲਕੱਤੇ ਤੋਂ ਸਿਖਿਆ, ਇਕ ਫ਼ੁਰਤੀਲਾ ਜਿਹਾ ਬੰਦਾ ਹੈ । ਸਿੱਧੇ-ਸਾਦੇ ਦਿਹਾਤੀ ਇਸ ਲਾਰੀ ਤੋਂ ਬੜੇ ਖੁਸ਼ ਸਨ । ਕਈਆਂ ਨੇ ਸਾਲਾਂ ਤੋਂ ਸੁਖਣਾ ਸੁੱਖੀ ਹੋਈ ਸੀ ਲੇਕਿਨ ਬੈਲਗੱਡੀ ਦੀ ਔਖੀ ਯਾਤਰਾ ਕਰਕੇ ਟਾਲ- ਮਟੋਲ ਕਰਦੇ ਸਨ, ਉਹ ਵੀ ਹੁਣ ਹੁਮ-ਹੁਮਾਕੇ ਦਰਸ਼ਨਾਂ ਲਈ ਜਾਣ ਲੱਗ ਪਏ ਸਨ ।

ਲਾਰੀ ਗੋਟੇਦਾਰ ਚੁੰਨੀਆਂ, ਵੰਨ-ਸਵੰਨੀਆਂ ਸਲਵਾਰਾਂ ਅਤੇ ਜ਼ਰੀ ਦੇ ਕੰਮ ਵਾਲੇ ਦੁਸ਼ਾਲਿਆਂ ਨਾਲ ਭਰੀ ਰਹਿੰਦੀ ਸੀ । ਪਰ ਉਹ ਮਸ਼ੀਨ ਦਾ ਪ੍ਰੇਮੀ ਡਰਾਇਵਰ ਕਿਸੇ ਵੱਲ ਨਾ ਤੱਕਦਾ । ਉਸਦਾ ਧਿਆਨ ਜਿਵੇਂ ਆਪਣੀ ਮੋਟਰ, ਹਾਰਨ, ਬਰੇਕ ਅਤੇ ਮਡਗਾਰ੍ਡ ਉੱਤੇ ਹੀ ਲੱਗਾ ਰਹਿੰਦਾ । ਗੱਡੀ ਦਾ ਚੱਕਾ (ਸਟੇਰਿੰਗ) ਫੜੀ ਉਹ ਆਪਣੇ-ਆਪ 'ਚ ਮਸਤ, ਪਹਾੜੀ ਰਸਤਿਆਂ 'ਤੇ ਗੱਡੀ ਚਲਾਈ ਜਾਂਦਾ, ਕਿਸੇ ਵੱਲ ਨਾ ਵੇਖਦਾ । ਉਸਦੇ ਆਪਣੇ ਸਮਾਨ 'ਚ ਬਸ ਇਕ ਕੰਬਲ, ਇਕ ਲੰਮਾ ਜਿਹਾ ਕੋਟ 'ਤੇ ਇਕ ਡੱਲੂ ਸੀ । ਹਾਂ, ਉਸਦੇ ਬੈਠਣ ਦੀ ਥ੍ਹਾਂ 'ਤੇ ਜਿਹੜਾ ਇਕ ਲੁੱਕਿਆ ਪਿਆ ਬਕਸਾ ਸੀ, ਉਸ ਵਿਚ ਉਹ ਆਪਣੇ ਸਾਰੇ ਬਚਾਏ ਹੋਏ ਰੁਪਏ-ਪੈਸੇ ਸੁੱਟਦਾ ਜਾਂਦਾ ਸੀ । ਕਿਸੇ ਪਹਾੜ ਉੱਤੇ, ਰੁੱਖਾਂ ਨਾਲ ਝੰਬੜੀ ਕਿਸੇ ਜੰਗਲੀ ਗੁਲਾਬ ਦੀ ਵੇਲ ਵੱਲ ਵੀ ਵੇਖਣਾ ਉਸਨੂੰ ਨਹੀਂ ਸੀ ਪਸੰਦ । ਹਾਂ, ਕੋਹਾਂ ਤਕ ਮਹਿਕਾਉਣ ਵਾਲੀ ਉਸਦੀ ਸੁਗੰਧ ਕਦੇ-ਕਦੇ ਬ੍ਰਿਜਰਾਜ ਦਾ ਮਨ ਮੋਹ ਲੈਂਦੀ, ਪਰ ਉਹ ਆਪਣਾ ਮਨ ਲਾਰੀ ਵੱਲ ਮੋੜਕੇ, ਬੇਪਰਵਾਹੀ ਨਾਲ ਉਸ ਥੋੜੀ ਜਿਹੀ ਅਬਾਦੀ ਵਾਲੇ ਇਲਾਕੇ 'ਚ ਆਪਣੀ ਗੱਡੀ ਦੀ ਰਫ਼ਤਾਰ ਵਧਾ ਦੇਂਦਾ । ਇਸੇ ਤਰਾਂ ਕਈ ਸਾਲ ਬੀਤ ਗਏ...

ਬੁੱਢਾ ਸਿੱਖ ਮਾਲਿਕ ਉਸਤੋਂ ਬੜਾ ਖੁਸ਼ ਸੀ; ਕਿਓਂਕਿ ਡਰਾਇਵਰ ਨਾ ਤਾਂ ਬੀੜੀ-ਤੰਬਾਕੂ ਵਰਤਦਾ ਸੀ 'ਤੇ ਨਾ ਹੀ ਕਦੇ ਕੋਈ ਫ਼ਿਜ਼ੂਲਖ਼ਰਚੀ ਕਰਦਾ ਸੀ । ਉਸ ਦਿਨ ਬੱਦਲ ਉਮੰਡ ਰਹੇ ਸਨ, ਕਿਣ-ਮਿਣ ਵੀ ਹੋ ਰਹੀ ਸੀ । ਉਹ ਆਪਣੀ ਗੱਡੀ ਪਹਾੜੀ ਇਲਾਕੇ ਦੀ ਸੁਨਸਾਨ ਅਤੇ ਵਿਰਲੀ ਅਬਾਦੀ 'ਚੋਂ ਲੰਘਦੀ ਸੜਕ 'ਤੇ ਲਈ ਜਾਂਦਾ ਸੀ । ਵਿਚ-ਵਿਚ ਕਦੇ ਦੋ-ਚਾਰ ਘਰਾਂ ਵਾਲਾ ਕੋਈ ਪਿੰਡ ਆ ਜਾਉਂਦਾ ਸੀ । ਵੈਸੇ ਵੀ ਅੱਜ ਲਾਰੀ ਉੱਨੀ ਭਰੀ ਨਹੀਂ ਸੀ ਹੋਈ । ਸਿੱਖ ਪੈਂਸ਼ਨਰ ਦੀ ਜਾਣ-ਪਛਾਣ ਦਾ ਕੋਈ ਟੱਬਰ ਜਵਾਲਾਮੁਖੀ ਦੇ ਦਰਸ਼ਨ ਕਰਨ ਜਾ ਰਿਹਾ ਸੀ । ਹਾਲਾਂਕਿ ਉਰ ਪਰਿਵਾਰ ਨੇ ਪੂਰੀ ਗੱਡੀ ਭਾੜੇ 'ਤੇ ਲਈ ਹੋਈ ਸੀ, ਇਸਨੇ ਇਹ ਵੇਖਣ ਦੀ ਵੀ ਲੋੜ ਨਹੀਂ ਸਮਝੀ ਸੀ ਕੇ ਕੁਲ ਕਿੰਨੇ ਬੰਦੇ ਸਨ । ਫਿਰ ਜਦੋਂ ਉਸਨੂੰ ਜਾਪਿਆ ਕਿ ਇੰਜਣ 'ਚ ਪਾਣੀ ਪਾਉਣਾ ਜ਼ਰੂਰੀ ਹੈ ਤਾਂ ਗੱਡੀ ਰੋਕਕੇ ਬਾਲਟੀ ਫੜੀ ਉਹ ਥੱਲੇ ਉਤਰ ਗਿਆ । ਉਸਨੂੰ ਪਾਣੀ ਲਿਆਉਂਦੇ ਵੇਖ ਸਵਾਰੀਆਂ ਨੂੰ ਵੀ ਤ੍ਰੇਹ ਲੱਗ ਪਈ ।

"ਬ੍ਰਿਜਰਾਜ, ਇੰਨਾ ਸਾਰਿਆਂ ਨੂੰ ਵੀ ਥੋੜਾ ਪਾਣੀ ਦੇਦੇ," ਸਿੱਖ ਮਾਲਿਕ ਨੇ ਕਿਹਾ । ਬਾਲਟੀ ਚੁੱਕ ਕੇ ਜਦੋਂ ਉਹ ਸਵਾਰੀਆਂ ਵੱਲ ਗਿਆ, ਤਾਂ ਉਸਨੂੰ ਇੰਜ ਜਾਪਿਆ ਕੇ ਜਿਹੜੀ ਸੁਹਣੀ ਜਿਹੀ ਨਾਰ ਪਾਣੀ ਵਾਸਤੇ ਡੋਲ ਅੱਗੇ ਕਰ ਰਹੀ ਹੈ, ਉਹ ਕੁਛ ਜਾਣੀ-ਪਛਾਣੀ ਹੈ । ਬੇਧਿਆਨੀ 'ਚ ਰਤਾ ਕੁ ਪਾਣੀ ਉਸਦੀ ਸ਼ਾਲ ਉੱਤੇ ਵੀ ਡੁੱਲ੍ਹ ਗਿਆ, ਜਿਸਨੂੰ ਵੇਖਕੇ ਇਕ ਸਵਾਰੀ ਨੇ ਕਿਹਾ, "ਬਈ, ਜ਼ਰਾ ਵੇਖਕੇ..."

ਉਹ ਜਨਾਨੀ ਵੀ ਜਿਵੇਂ ਚੁੱਪ-ਚੁਪੀਤੇ ਇਸਨੂੰ ਤੱਕ ਰਹੀ ਸੀ; ਉਸਦੇ ਦਿਮਾਗ਼ 'ਚ ਵੀ ਇਕ ਨਾਂ ਗੂੰਜਿਆ - 'ਬ੍ਰਿਜਰਾਜ'; ਡਰਾਇਵਰ ਮੁੜ ਆਪਣੀ ਸੀਟ 'ਤੇ ਜਾਂ ਬੈਠਾ ।

ਉਸ ਸਵਾਰੀ ਅਤੇ ਬੁੱਢੇ ਸਿੱਖ, ਦੋਨਾਂ ਨੂੰ ਬ੍ਰਿਜਰਾਜ ਦਾ ਵਿਹਾਰ ਥੋੜਾ ਅਣੋਖਾ ਜਿਹਾ ਲੱਗਿਆ, ਪਰ ਕਿਹਾ ਕਿਸੇ ਨੇ ਕੁਛ ਨਹੀਂ । ਗੱਡੀ ਚੱਲ ਪਈ । ਕਾਂਗੜਾ ਦੇ ਪਹਾੜਾਂ ਨਾਲ ਲੱਗਦੇ ਮੈਦਾਨੀ ਭਾਗ ਦੇ ਨਜ਼ਾਰੇ ਜਿਵੇਂ ਸਿਨਮੇ ਵਾੰਗ ਹਰ ਛਿਣ ਬਦਲ ਰਹੇ ਸਨ । ਉੱਧਰ ਬ੍ਰਿਜਰਾਜ ਦੀਆਂ ਅੱਖਾਂ ਦੇ ਸਾਹਮਣੇ ਕੋਈ ਦੂਜੇ ਹੀ ਦ੍ਰਿਸ਼ ਪਏ ਚਲਦੇ ਸਨ ।

ਪਿੰਡ ਦਾ ਉਹ ਤਲਾਅ, ਜਿਸਦੇ ਵਿਚ ਕਮਲ ਤਰ ਰਹੇ ਸਨ, ਮਿੰਨਾ ਦੇ ਨਿਰੋਲ ਪ੍ਰੇਮ ਵਾੰਗ ਤਰੰਗਿਤ ਹੋ ਰਿਹਾ ਸੀ । ਉਸ ਪਿਆਰ ਦੇ ਵਾਤਾਵਰਣ 'ਚ ਵੇਹਲੇ ਬੈਠਣ ਦੀ ਲਾਲਸਾ, ਕਦੀ-ਕਦਾਈਂ ਉਸਨੂੰ ਵੇਖਦਿਆਂ ਹੀ ਮਾਲਤੀ ਦਾ ਪੈਰਾਂ ਦੇ ਅੰਗੂਠੇ 'ਚ ਪਾਏ ਚਾਂਦੀ ਦੇ ਛੱਲੇ ਨੂੰ ਛਣਕਣਾ, ਅਚਾਨਕ ਉਸਦੀ ਵਹੁਟੀ ਦਾ ਸ਼ੱਕ ਕਰਕੇ ਉਸਨੂੰ ਘਰੋਂ ਬਾਹਰ ਜਾਣ ਨੂੰ ਪਰੇਰਿਤ ਕਰਨਾ... ਆਪਣੇ ਸਧਾਰਨ ਜਿਹੇ ਜੀਵਨ 'ਚ ਬੱਚੇ ਦੇ ਪਿਆਰ ਸਦਕਾ ਜਿਹੜਾ ਸੁਖ ਉਸਨੂੰ ਮਿਲ ਰਿਹਾ ਸੀ, ਉਹ ਵੀ ਖੋਹਿਆ ਗਿਆ । ਵੈਸੇ ਸ਼ੱਕ ਵੀ ਕਿਵੇਂ ਨਾ ਹੁੰਦਾ! ਇੰਦੋ ਨੂੰ ਤਾਂ ਪੱਕਾ ਹੋ ਚਲਿਆ ਸੀ ਕਿ ਬ੍ਰਿਜਰਾਜ ਮਾਲੋ ਦੇ ਪਿਆਰ 'ਚ ਪਿਆ ਹੋਇਆ ਸੀ । ਦੂਜਾ, ਸਾਰੇ ਪਿੰਡ ਵਿਚ ਇਕ ਉਹੀ ਸੁਹਣੀ, ਚੁਲਬੁਲੀ ਅਤੇ ਹੱਸਮੁੱਖ ਕੁੜੀ ਸੀ, ਜਿਸਦਾ ਹਾਲੇ ਵਿਆਹ ਨਹੀਂ ਸੀ ਹੋਇਆ । ਹਾਂ, ਉਹੀ ਮਾਲੋ! ਹੁਣ ਇਹ ਸ਼ਾਲ ਵਾਲੀ ਤੀਂਵੀਂ... ਪੰਜਾਬੀ ਕੱਪੜਿਆਂ 'ਚ... ਨਾਮੁਮਕਿਨ! ਪਰ ਨਹੀਂ, ਹੈ ਤਾਂ ਉਹੀ, ਜ਼ਰੂਰ ਉਹੀ ਹੈ । ਸਟੇਰਿੰਗ ਹੱਥ 'ਚ ਫੜੀ, ਉਹ ਇਕ ਵਾਰ ਪਿੱਛੇ ਮੁੜਕੇ ਆਪਣੀ ਸੋਚ ਦੀ ਤਸਦੀਕ ਕਰਨਾ ਚਾਹੁੰਦਾ ਸੀ । ਕਿੰਨੀਆਂ ਹੀ ਭੁਲੀਆਂ-ਵਿਸਰੀਆਂ ਗੱਲਾਂ ਚੇਤੇ ਆ ਗਈਆਂ ਸਨ । ਆਖ਼ਿਰ, ਉਹ ਆਪਣੇ-ਆਪ ਨੂੰ ਰੋਕ ਨਾ ਸਕਿਆ; ਵੇਖਣ ਲਈ ਪਿੱਛੇ ਨੂੰ ਘੁੱਮ ਹੀ ਪਿਆ...

ਗੱਡੀ ਇਕ ਦਰੱਖਤ ਨਾਲ ਜਾ ਵੱਜੀ । ਨਾ ਕਿਸੇ ਨੂੰ ਕੋਈ ਸੱਟ ਲੱਗੀ, 'ਤੇ ਨਾ ਕੋਈ ਖ਼ਾਸ ਨੁਕਸਾਨ ਹੋਇਆ; ਪਰ ਗੱਡੀ ਦਾ ਮਾਲਿਕ ਫਿਰ ਵੀ ਝੁੰਜਲਾ ਗਿਆ ਸੀ । ਬ੍ਰਿਜਰਾਜ ਵੀ ਫਿਰ ਪਰਤ ਕੇ ਗੱਡੀ 'ਤੇ ਨਾ ਚੜਿਆ... ਕਿਸੇ ਨੂੰ ਕਿਸੇ ਨਾਲ ਕੋਈ ਹਮਦਰਦੀ ਹੀ ਨਹੀਂ! ਇਸਦਾ ਮਤਲਬ ਤਾਂ ਇਹੀ ਹੈ ਛੋਟੀ ਜਿਹੀ ਭੁੱਲ ਵੀ ਕੋਈ ਬਰਦਾਸ਼ਤ ਨਹੀਂ ਕਰ ਸਕਦਾ । ਬ੍ਰਿਜਰਾਜ ਨੇ ਸੋਚਿਆ ਮੈਂ ਹੀ ਕਿਓਂ ਨਾ ਰੁੱਸ ਜਾਵਾਂ?! ਉਸਨੇ ਨੌਕਰੀ ਨੂੰ ਨਮਸਕਾਰ ਕਰ ਦਿੱਤਾ ।

---

ਇਹ ਵੀ ਨਹੀਂ ਕਿ ਬ੍ਰਿਜਰਾਜ ਵਿਰਾਗੀ ਹੋ ਗਿਆ ਸੀ । ਹਾਂ, ਉਸਨੇ ਗ੍ਰਹਿਸਥ ਜੀਵਨ ਦੇ ਸੁਖ ਦੇ ਧੁਰ ਤੇ ਹੀ ਠੋਕਰ ਖਾਧੀ ਸੀ । ਸਾਦਮੁਰਾਦੀ ਵਿਆਹੁਤਾ ਜ਼ਿੰਦਗੀ ਵਿਚ ਕੋਈ ਰੱਸ ਤਾਂ ਸੀ ਨਹੀਂ, ਬੱਸ ਮਿੰਨਾ ਨਾਲ ਬਚਕਾਣੀਆਂ ਗੱਲਾਂ ਕਰਕੇ ਅਤੇ ਕਦੇ ਰਾਹ ਚਲਦੇ ਮਾਲਤੀ ਨਾਲ ਥੋੜਾ ਹੱਸ-ਖੇਡਕੇ ਉਸਦੇ ਸਾਦਾ ਸ਼ਰਬਤ 'ਚ ਕਿਸੇ ਹਰੇ ਨਿੰਬੂ ਦੀਆਂ ਦੋ ਬੂੰਦਾਂ ਵਾਲੀ ਮਹਿਕ ਭਰੀ ਤਾਜ਼ਗੀ ਆ ਜਾਂਦੀ ਸੀ ।

ਉਹ ਬਥੇਰੀਆਂ ਥਾਵਾਂ ਤੇ ਘੁੰਮਿਆ, ਫਿਰ ਭੀੜ-ਭੜੱਕੇ ਵਾਲੇ ਕਲਕੱਤੇ 'ਚ ਰਹਿਕੇ ਉਸਨੇ ਡਰਾਇਵਰੀ ਸਿੱਖੀ । ਸ਼ਾਂਤੀ ਉਸਨੂੰ ਪਹਾੜੀ ਇਲਾਕੇ 'ਚ ਆਕੇ ਕੁਦਰਤ ਦੀ ਗੋਦ ਵਿਚ ਮਿਲੀ । ਦੋ-ਦੋ, ਚਾਰ-ਚਾਰ ਘਰਾਂ ਵਾਲੇ ਛੋਟੇ ਜਿਹੇ ਪਿੰਡ ਵੇਖਕੇ ਉਸਦੇ ਮਨ 'ਚ ਇਕ ਵਿਰਾਗ ਭਰਿਆ ਦੁਲਾਰ ਉੱਭਰਦਾ ਸੀ । ਆਪਣੀ ਗੱਡੀ ਤੇ ਬੈਠਾ ਉਹ ਉੰਨਾ ਵੱਲ ਇਕ ਉਦਾਸੀਨ ਨਿਗਾਹ ਪਾਕੇ ਅੱਗੇ ਲੰਘ ਜਾਂਦਾ, ਇਸ ਤਰਾਂ ਉਹ ਜਿਵੇਂ ਆਪਣੇ ਪਿੰਡ ਤੋਂ ਕੋਈ ਬਦਲਾ ਲੈ ਲੈਂਦਾ ਸੀ । ਹੁਣ ਨੌਕਰੀ ਛੱਡਕੇ ਉਹ ਪਤਾ ਨਹੀਂ ਕਿਵੇਂ ਦਾ ਹੋ ਗਿਆ ਸੀ । ਜਵਾਲਾਮੁਖੀ ਦੇ ਕੋਲ ਦੀ ਪਾਂਡਿਆਂ ਦੀ ਬਸਤੀ 'ਚ ਰਹਿਣ ਲੱਗ ਪਿਆ ਸੀ ।

ਪੱਲੇ ਕੁਛ ਬਚਾਏ ਹੋਏ ਪੈਸੇ ਸਨ, ਜਿੰਨਾ ਨੂੰ ਉਹ ਹੌਲੀ ਹੌਲੀ ਖ਼ਰਚ ਕਰਨ ਲੱਗਾ । ਉਸਦਾ ਸਦਾ ਨਿਸ਼ਚਿੰਤ ਰਹਿਣ ਵਾਲਾ ਮਨੋਭਾਵ ਅਤੇ ਸ਼ਰੀਰ ਦੀ ਸਮਰੱਥਾ ਦੋਨੋ ਘਟਣ ਲੱਗੇ । ਜੇ ਕੋਈ ਉਸਨੂੰ ਕੋਈ ਕੰਮ ਆਖਦਾ, ਤਾਂ ਉਹ ਕਰ ਦੇਂਦਾ, ਪਰ ਕਦੇ ਕਿਸੇ ਕੋਲੋਂ ਪੈਸੇ ਨਹੀਂ ਸੀ ਲੈਂਦਾ । ਲੋਕੀ ਵੀ ਕਹਿੰਦੇ, ਕਿੰਨਾ ਭਲਾਮਾਨਸ ਹੈ! ਇਸ ਤਰਾਂ ਉਸਦੀ ਬੜਿਆਂ ਨਾਲ ਵਾਕਫ਼ੀਅਤ 'ਤੇ ਦੋਸਤੀ ਹੋ ਗਈ । ਬੱਸ ਉਸਦੇ ਦਿਨ ਗੁਜ਼ਾਰ ਜਾਂਦੇ... ਆਪਣੇ ਘਰ ਦੀ ਉਹ ਕਦੇ ਕੋਈ ਚਿੰਤਾ ਨਹੀਂ ਸੀ ਕਰਦਾ, ਹਾਂ, ਭੁੱਲਣ ਦਾ ਜਤਨ ਕਰਦਾ ਸੀ । ਪਰ ਮਿੰਨਾ? ਫਿਰ ਸੋਚਦਾ, ਹੁਣ ਤਾਂ ਵੱਡਾ ਹੋ ਗਿਆ ਹੋਣੈ । ਜਿਸਨੇ ਮੈਨੂੰ ਕੰਮ-ਕਾਜ ਵਾਸਤੇ ਪਰਦੇਸ ਭੇਜ 'ਤਾ, ਉਹ ਆਪੇ ਮਿੰਨਾ ਨੂੰ ਵੀ ਠੀਕ ਕਰ ਲਵੇਗੀ । ਇੰਦੋ ਤਾਂ ਹੁਣ ਜ਼ਰੂਰ ਸੁਖੀ ਹੋਵੇਗੀ! ਘਰ ਦਾ ਗੁਜ਼ਾਰਾ ਖੇਤੀ-ਖੂਤੀ ਨਾਲ ਸਰ ਜਾਂਦਾ ਹੋਣੈ । ਆਪਣੀ ਘਰ-ਗ੍ਰਹਿਸਥੀ 'ਚ ਇਕ ਮੈਂ ਹੀ ਫਾਲਤੂ ਬੰਦਾ ਸਾਂ... ਅਤੇ ਮਾਲਤੀ? ਨਾ, ਨਾ... ਉਸਦੇ ਕਾਰਣ ਉਪਜੇ ਸ਼ੱਕ ਦੀ ਵਜ੍ਹਾ ਨਾਲ ਤਾਂ ਮੈਨੂੰ ਘਰ ਛੱਡਣਾ ਪਿਆ! ਉਸੇ ਨੂੰ ਦੋਬਾਰਾ ਯਾਦ ਕਰਕੇ ਮੈਨੂੰ ਆਪਣੀ ਨੌਕਰੀ ਛੱਡਣੀ ਪਈ । ਪਤਾ ਨਹੀਂ ਕਿਥੋਂ ਉਸ ਦਿਨ ਮੈਨੂੰ ਉਹਦਾ ਭੁਲੇਖਾ ਪਿਆ? ਉਹ ਪੰਜਾਬ 'ਚ ਕਿਸ ਤਰਾਂ ਹੋਏਗੀ? ਹੁਣ ਤਾਂ ਮੈਂ ਕਦੇ ਉਹਦਾ ਨਾਂ ਵੀ ਨਾ ਲਵਾਂ...

ਉਸਦਾ ਇਹ ਨਸ਼ਾ ਦੋ-ਤਿੰਨ ਵਰ੍ਹਿਆਂ 'ਚ ਹੀ ਟੁੱਟ ਗਿਆ । ਇਸ ਭੌਤਿਕਵਾਦੀ ਦੁਨੀਆਂ 'ਚ ਜਿਸਦਾ ਸਭ ਤੋਂ ਵੱਧਕੇ ਬੋਲਬਾਲਾ ਹੈ, ਉਹ ਪੈਸਾ ਹੀ ਮੁੱਕ ਗਿਆ! ਹੁਣ ਬ੍ਰਿਜਰਾਜ ਬਿਲਕੁਲ ਕੰਗਲਾ ਸੀ, ਮੰਗਣ ਤਕ ਦੀ ਨੌਬਤ ਆ ਗਈ ਸੀ । ਮੰਗਤਾ ਬਣਕੇ ਨਿਰਬਾਹ ਕਰ ਲਏਗਾ ਪਰ ਹੁਣ ਨੌਕਰੀ ਨਹੀਂ ਕਰੇਗਾ । ਜਿਸਦਾ ਕੋਈ ਕੰਮ ਕਰਾਂਗਾ ਉਹ ਆਪੇ ਦੇ ਦੂਗਾ ਪੈਸੇ ਵੀ! ਹੁਣ ਉਸਦੇ ਦਿਮਾਗ਼ ਵਿਚ ਬੱਸ ਇਹੋ-ਕੁਛ ਚੱਲ ਰਿਹਾ ਸੀ ।

ਅੱਜ ਦਿਨ ਚੜਦਿਆਂ ਹੀ ਉਹ ਜਵਾਲਾ ਜੀ ਮੰਦਰ ਦੇ ਲਾਗੇ ਆ ਬੈਠਾ ਸੀ । ਉਸਦੇ ਆਪਣੇ ਹਿਰਦੇ 'ਚੋਂ ਅੱਜ ਕੋਈ ਜਵਾਲਾ ਬਲਦੀ ਤੇ ਬੁਝ ਜਾਂਦੀ ਹੈ, ਕਦੇ ਉਹੀ ਜਵਾਲਾ ਦੇਰ ਤਕ ਭਬਕਦੀ ਰਹਿੰਦੀ ਹੈ; ਪਰ ਉਸਦੇ ਵੱਲ ਕੋਈ ਨਹੀਂ ਵੇਖਦਾ । ਜਦ ਕਿ ਉਥੋਂ ਯਾਤਰੀਆਂ ਦੇ ਝੁੰਡ ਲੰਘ ਰਹੇ ਹਨ ।

ਚੇਤ ਦਾ ਮਹੀਨਾ ਸੀ, ਯਾਤਰੀ ਵੀ ਬਹੁਤ ਆਏ ਹੋਏ ਸਨ । ਉਸਨੇ ਮੰਗਣ ਲਈ ਹੱਥ ਅੱਗੇ ਕੀਤਾ । ਇਕ ਸੱਜਣ ਕੋਈ ਬੱਚਾ ਕੁੱਛੜ ਚੁਕੀ ਅਗਾਂਹ ਤੁਰ ਗਿਆ, ਉਸਦੇ ਮਗਰ ਚੱਲਦੀ ਇਕ ਸੁਹਣੀ ਤੀਵੀਂ ਆਪਣੀ ਚੁੰਨੀ ਸੰਭਾਲਦਿਆਂ ਠਹਿਰ ਗਈ ਸੀ । ਜਨਾਨੀਆਂ ਨਰਮਦਿਲ 'ਤੇ ਕੋਮਲ ਸੁਭਾਅ ਦੀਆਂ ਹੁੰਦੀਆਂ ਹਨ । ਪਹਿਲਾਂ ਤੋਂ ਫੈਲਿਆ ਹੱਥ ਕਿਤੇ ਖ਼ਾਲੀ ਨਾ ਰਹਿ ਜਾਏ, ਇਹ ਸੋਚਕੇ ਬ੍ਰਿਜਰਾਜ ਨੇ ਉਸਨੂੰ ਫ਼ਰਿਆਦ ਕੀਤੀ ।

ਉਹ ਖੜ ਗਈ । ਫਿਰ ਪੁੱਛਿਆ, "ਤੂੰ ਗੱਡੀ ਨਹੀਂ ਚਲਾਉਂਦਾ ਹੁਣ?"

ਓਏ! ਇਹ ਤਾਂ ਮਾਲਤੀ ਵਰਗੀ ਅਵਾਜ਼ ਸੀ ।

ਹੱਥ ਵਾਪਸ ਖਿੱਚਕੇ ਬ੍ਰਿਜਰਾਜ ਨੇ ਧੀਮੇ ਜਿਹੇ ਕਿਹਾ, "ਕੌਣ, ਮਾਲੋ?"

"ਇਸਦਾ ਮਤਲਬ ਤੂੰ ਬ੍ਰਿਜਰਾਜ ਹੀ ਹੈਂ ।"

"ਹਾਂ!" ਉਸਨੇ ਇਕ ਹਉਕਾ ਭਰਕੇ ਜਵਾਬ ਦਿੱਤਾ ।

ਮਾਲਤੀ ਖਲੋਤੀ ਰਹੀ, "ਤੂੰ ਭੀਖ ਮੰਗਦੈਂ?"

"ਹਾਂ, ਪਹਿਲਾਂ ਮੈਂ ਸੁੱਖ ਦਾ ਭਿਖਾਰੀ ਸਾਂ! ਥੋੜਾ ਜਿਹਾ ਮਿੰਨਾ ਦਾ ਸਨੇਹ, ਥੋੜਾ ਇੰਦੋ ਦਾ ਪਿਆਰ, ਦੱਸ-ਪੰਜ ਵਿੱਘੇ ਦੀ ਕੰਮ- ਚਲਾਉ ਉਪਜ, ਕਹੇ ਜਾ ਸਕਣ ਲਾਇਕ ਯਾਰਾਂ-ਦੋਸਤਾਂ ਦੀਆਂ ਚਿਕਣੀਆਂ-ਚੋਪੜੀਆਂ ਗੱਲਾਂ... ਸਾਰਿਆਂ ਤੋਂ ਸੰਤੋਖ ਦੀ ਭਿਕਸ਼ਾ ਮੰਗਕੇ ਆਪਣੇ ਪਾਟੇ ਲੀੜਿਆਂ 'ਚ ਬੰਨ੍ਹਕੇ ਮੈਂ ਮਸਤ ਰਹਿਣ ਦੀ ਕੋਸ਼ਿਸ਼ ਕਰਦਾ ਸਾਂ । ਕਿਸੇ ਫ਼ਕੀਰ ਵਾੰਗ, ਉਸੇ ਨੂੰ ਛਾਤੀ ਨਾਲ ਲਾਈ, ਦੁਨੀਆਂ ਦੇ ਝੰਝਟਾਂ ਤੋਂ ਦੂਰ ਇਕ ਖੁੰਜੇ ਪਿਆ ਸਾਂ ਕਿ ਥੋੜੀ ਮੌਜ 'ਤੇ ਖੁਸ਼ੀ ਤੂੰ ਮੇਰੀ ਝੋਲੀ 'ਚ ਪਾ 'ਤੀ । ਬੱਸ ਉਹੀ ਮੇਰੇ ਲਈ..."

"ਹਾਏ, ਉਹ ਕਮਲੀ ਇੰਦੋ ਤਾਂ ਮੇਰੇ ਤੇ ਸ਼ੱਕ ਕਰਨ ਲੱਗ ਪਈ! ਤੇਰੇ ਚਲੇ ਜਾਣ ਤੋਂ ਬਾਅਦ ਮੇਰੇ ਨਾਲ ਲੜੀ ਵੀ... ਖੈਰ, ਹੁਣ ਤਾਂ ਮੈਂ ਇੱਥੇ ਆ ਗਈ ਹਾਂ ।" ਕਹਿੰਦਿਆਂ-ਕਹਿੰਦਿਆਂ ਉਹ ਡਰਦੀ ਮਾਰੀ ਅੱਗੇ ਜਾਣ ਵਾਲੇ ਬੰਦੇ ਵੱਲ ਵੇਖਣ ਲੱਗੀ ।

"ਅੱਛਾ, ਤਾਂ ਉਹ ਨਿਆਣਾ ਤੇਰਾ ਹੀ ਹੈ..."

"ਹੂੰ!" ਬੋਲਦਿਆਂ ਮਾਲੋ ਨੇ ਉਸਨੂੰ ਦੇਣ ਲਈ ਕੁਛ ਕੱਢਿਆ ।

"ਮਾਲੋ, ਤੂੰ ਜਾ..." ਬ੍ਰਿਜਰਾਜ ਨੇ ਕਿਹਾ, "ਵੇਖ ਤੇਰਾ ਘਰਵਾਲਾ ਵੀ ਵਾਪਸ ਆ ਰਿਹੈ ।"

ਮਾਲਤੀ ਬੜੀ ਅਨਮਨੀ, ਉਤੇਜਿਤ ਅਤੇ ਪਰੇਸ਼ਾਨ ਹੋ ਰਹੀ ਸੀ । ਉਸਦੇ ਚੇਹਰੇ 'ਤੇ ਗੁੱਸਾ, ਘਬਰਾਹਟ 'ਤੇ ਉਤਸੁਕਤਾ-ਭਰੀ ਦਯਾ ਸੀ...

"ਇਹ ਮੰਗਤਾ ਤੈਨੂੰ ਤੰਗ ਕਰ ਰਿਹੈ?" ਘਰਵਾਲੇ ਨੇ ਕੁਛ ਗਰਮੀ ਨਾਲ ਪੁੱਛਿਆ ।

"ਪਤਾ ਨਹੀਂ ਇਦਾਂ ਦੇ ਮੁਸ਼ਟੰਡਿਆਂ ਨੂੰ ਇਥ੍ਹੇ ਬਹਿਣ ਕੌਣ ਦੇਂਦੈ!" ਇਕ ਪਾਂਡੇ ਵੱਲ ਮੁੜਕੇ ਉਹ ਅੱਗੇ ਬੋਲਿਆ ।

ਧਨਾਢ ਅਸਾਮੀ ਦੀ ਹੇਠੀ ਦਾ ਮਾਮਲਾ ਸੀ, ਪਾਂਡਾ ਕਿਵੇਂ ਪਿਛੇ ਰਹਿਣ ਵਾਲਾ ਸੀ!

"ਉੱਠ ਓਏ... ਫਿਰ ਇਥ੍ਹੇ ਦਿਸਿਆ ਤਾਂ ਟੰਗਾਂ ਭੰਨ ਦਿਆਂਗਾ," ਪਾਂਡੇ ਨੇ ਬ੍ਰਿਜਰਾਜ ਦਾ ਹੱਥ ਫੜਕੇ ਬਾਹਰ ਨੂੰ ਘਸੀਟਦਿਆਂ ਕਿਹਾ ।

ਵਿਚਾਰਾ ਬ੍ਰਿਜਰਾਜ ਧੱਕੇ ਖਾਂਦਾ-ਖਾਂਦਾ ਵੀ ਸੋਚ ਰਿਹਾ ਸੀ -"ਫਿਰ ਮਾਲਤੀ! ਕੀ ਮੈਂ ਉਸ ਕੋਲੋਂ ਕਦੇ ਕੁਛ ਮੰਗਿਆ ਹੈ?! ਤੇ ਮੇਰੀ ਤਕਦੀਰ ਵੇਖੋ...ਉਹ ਤਾਂ ਵੀ ਬਿਨਾ ਮੰਗਿਆਂ, ਬਦੋਬਦੀ ਕੁਛ ਨਾ ਕੁਛ ਦੇ ਹੀ ਜਾਂਦੀ ਹੈ।

ਅੱਜ ਮੇਰੇ ਪਹਿਲੇ ਦਿਨ ਦੀ ਖ਼ੈਰਾਤ ਵਿਚ ਵੀ ਉਸਨੇ ਆਖ਼ਿਰ ਉਹੀ ਕੀਤਾ... "
---

ਅਨੁਵਾਦ: ਮੋਹਨਜੀਤ ਕੁਕਰੇਜਾ (ਐਮਕੇ)

ਪੰਜਾਬੀ ਕਹਾਣੀਆਂ (ਮੁੱਖ ਪੰਨਾ)