Khamoshi (Punjabi Story) : Ali Baquer

ਖ਼ਮੋਸ਼ੀ (ਕਹਾਣੀ) : ਅਲੀ ਬਾਕਰ

ਪਿੱਛਲੇ ਚਾਰ ਸਾਲਾਂ ਵਿਚ ਦਰਜਨਾਂ ਵਾਰੀ ਮੇਰਾ ਦਿਲ ਚਾਹਿਆ ਹੈ ਜਿਲ ਕਿ ਤੈਨੂੰ ਖ਼ਤ ਲਿਖਾਂ—ਇਕ ਬੜਾ ਹੀ ਲੰਮਾਂ ਤੇ ਬੜਾ ਹੀ ਵਿਸਥਾਰ ਭਰਪੂਰ ਖ਼ਤ ਤੇ ਸ਼ਫ਼ਲੇਡ ਵਿਚ ਆਪਣੇ ਦੋ ਮੰਜ਼ਿਲਾ ਘਰ 'ਚੋਂ ਬਾਹਰ ਨਿਕਲਦਿਆਂ ਹੋਇਆਂ ਜਦੋਂ ਤੈਨੂੰ ਮੇਰਾ ਇਹ ਖ਼ਤ ਮਿਲੇ ਤਾਂ ਤੂੰ ਬਾਹਰ ਜਾਣ ਦਾ ਖ਼ਿਆਲ ਛੱਡ ਦੇਵੇਂ, ਘਰ ਦਾ ਅੱਧ ਖੁੱਲ੍ਹਿਆ ਦਰਵਾਜ਼ਾ ਬੰਦ ਕਰ ਦੇਵੇਂ ਤੇ ਮੇਰਾ ਖ਼ਤ ਆਪਣੇ ਨਰਮ ਹੱਥਾਂ ਵਿਚ ਫੜੀ ਉਸ ਕਮਰੇ ਵਿਚ ਪਰਤ ਆਵੇਂ...ਜਿੱਥੇ ਅਸੀਂ ਪਹਿਲੀ ਵਾਰ ਇਕ ਦੂਜੇ ਨੂੰ ਗਲ਼ ਲਾਇਆ ਸੀ। ਤੂੰ ਆਪਣਾ ਪੁਰਾਣਾ ਸਵੀਡ ਦਾ ਕੋਟ ਲਾਹ ਦੇਵੇਂ ਤੇ ਸੁਰਖ਼ ਰੇਸ਼ਮੀ ਸਕਾਰਫ਼ ਖੋਹਲ ਕੇ ਆਪਣੇ ਸੰਘਣੇ ਭੂਰੇ ਵਾਲਾਂ ਨੂੰ ਝਟਕਾ ਦੇਵੇਂ ਤੇ ਉਸੇ ਸੋਫੇ ਉੱਤੇ ਬੈਠ ਕੇ ਮੇਰਾ ਲੰਮਾਂ ਖ਼ਤ ਪੜ੍ਹਨ ਲੱਗੇਂ—ਕਦੀ ਕਾਹਲੀ-ਕਾਹਲੀ ਤੇ ਕਦੀ ਹੌਲੀ-ਹੌਲੀ ਤੇ ਤੇਰੀਆਂ ਬੇਫ਼ਿਕਰ ਸਲੇਟੀ ਅੱਖਾਂ ਦਾ ਰੰਗ ਬਦਲਣ ਲੱਗੇ। ਮੁਹੱਬਤ ਤੇ ਪਿਆਰ ਦੇ ਉਹ ਕੀਮਤੀ ਤੋਹਫ਼ੇ, ਜਿਹੜੇ ਅਸੀਂ ਇਕ ਦੂਜੇ ਨੂੰ ਉਧਾਰ ਦੇਂਦੇ ਸਾਂ ਤੇ ਇਕ ਦੂਜੇ ਤੋਂ ਉਧਾਰ ਲੈਂਦੇ ਸਾਂ, ਰੰਗੀਨ ਫੁੱਲਾਂ ਵਾਂਗ ਤੇਰੇ ਕਮਰੇ ਵਿਚ ਮਹਿਕਣ ਲੱਗਣ ਪਰ ਇਹ ਸਭ ਸੋਚਣ ਤੇ ਉਸ ਤੋਂ ਕਿਤੇ ਵੱਧ ਚਾਹੁਣ ਤੇ ਬਾਵਜੂਦ ਇਹਨਾਂ ਚਾਰ ਵਰ੍ਹਿਆਂ ਵਿਚ ਮੈਂ ਤੈਨੂੰ ਇਕ ਵੀ ਖ਼ਤ ਨਹੀਂ ਲਿਖਿਆ। ਹਰ ਸਾਲ ਦਸੰਬਰ ਵਿਚ ਮੈਂ ਤੇਰੇ ਲਈ ਇਕ ਕ੍ਰਿਸਮਿਸ ਕਾਰਡ ਖ਼ਰੀਦ ਲੈਂਦਾ ਹਾਂ ਤੇ ਅੰਗਰੇਜ਼ੀ ਵਿਚ ਛਪੀ ਹੋਈ ਬੇਤੁਕੀ ਸ਼ਾਇਰੀ ਦੇ ਹੇਠ ਆਪਣਾ ਨਾਂਅ ਤੇ ਪਤਾ ਲਿਖ ਕੇ ਤੈਨੂੰ ਭੇਜ ਦੇਂਦਾ ਹਾਂ ਤੇ ਸੋਚ ਲੈਂਦਾ ਹਾਂ ਕਿ ਤੂੰ ਮੇਰਾ ਕਾਰਡ ਤੇਰੇ ਨਾਂਅ ਆਏ ਹੋਏ ਦੂਜੇ ਕਾਰਡਾਂ ਨਾਲ ਬਗ਼ੈਰ ਆਵਾਜ਼ ਤੋਂ ਚੱਲਦੇ ਹੋਏ ਟੈਲੀਵੀਜ਼ਨ ਜਾਂ ਆਤਿਸ਼ਦਾਨ ਉਪਰ ਰੱਖ ਦਿੱਤਾ ਹੋਵੇਗਾ, ਜਿਸ ਵਿਚ ਠੰਡੀਆਂ ਸ਼ਾਮਾਂ ਵਿਚ ਤੂੰ ਬਿਜਲੀ ਦੀ ਅੰਗੀਠੀ ਜਗਾਅ ਦੇਂਦੀ ਹੈਂ। ਤੂੰ ਅੱਜ ਤਕ ਮੈਨੂੰ ਕ੍ਰਿਸਮਿਸ ਜਾਂ ਨਵੇਂ ਸਾਲ ਦਾ ਕੋਈ ਕਾਰਡ ਨਹੀਂ ਭੇਜਿਆ। ਤੂੰ ਮੈਨੂੰ ਉਦੋਂ ਕਿਹਾ ਸੀ ਜਦੋਂ ਮੈਂ ਇੰਗਲਿਸਤਾਨ ਹਮੇਸ਼ਾ ਲਈ ਛੱਡ ਕੇ ਹਿੰਦੁਸਤਾਨ ਪਰਤ ਰਿਹਾ ਸਾਂ...:
“ਨਦੀਮ, ਖੁਸ਼ੀਆਂ ਭਰੇ ਪਲਾਂ ਨੂੰ ਯਾਦ ਕਰਕੇ ਆਪਣੀ ਖੁਸ਼ੀ ਨੂੰ ਕਤਲ ਨਾ ਕਰੀਂ ਕਦੀ।”
ਤੇਰਾ ਲਹਿਜਾ ਸੰਜੀਦਾ ਸੀ। ਇਹ ਗੱਲ ਸੁਣ ਕੇ ਮੈਂ ਸਹਿਮ ਗਿਆ ਸਾਂ ਤੇ ਤੇਰੇ ਮੂੰਹ ਵੱਲ ਤੱਕਦਾ ਰਹਿ ਗਿਆ ਸਾਂ। ਤੇਰੇ ਸੁਰਖ਼ ਹੋਂਠ ਥੋੜ੍ਹੇ ਕੁ ਖੁੱਲ੍ਹੇ ਹੋਏ ਸਨ ਤੇ ਤੇਰੇ ਸੋਹਣੇ ਦੰਦਾਂ ਦੀ ਸਫੇਦੀ ਉਹਨਾਂ ਵਿਚੋਂ ਝਾਕ ਰਹੀ ਸੀ। ਲਾਪ੍ਰਵਾਹੀ ਨਾਲੋਂ ਵਧ ਉਸ ਭਰੋਸੇ ਤੇ ਆਤਮ-ਵਿਸ਼ਵਾਸ ਸਦਕਾ ਤੇਰਾ ਸਿਹਤਮੰਦ ਚਿਹਰਾ ਦਮਕ ਰਿਹਾ ਸੀ। ਸ਼ਾਇਦ ਤੇਰੇ ਇਸੇ ਇਕ ਵਾਕ ਕਰਕੇ ਹੀ ਮੈਂ ਚਾਰ ਵਰ੍ਹਿਆਂ ਵਿਚ ਹਜ਼ਾਰਾਂ ਖ਼ਾਹਿਸ਼ਾਂ ਦੇ ਬਾਵਜੂਦ ਤੈਨੂੰ ਇਕ ਵੀ ਖ਼ਤ ਨਹੀਂ ਲਿਖਿਆ ਤੇ ਸੰਜੀਦਗੀ ਨਾਲ ਕੋਸ਼ਿਸ਼ ਕੀਤੀ ਕਿ ਤੇਰੇ ਨਾਲ ਬਿਤਾਏ ਹੋਏ ਜ਼ਮਾਨੇ ਨੂੰ ਯਾਦ ਨਾ ਕਰਾਂ—ਤੇਰੇ ਪਿਆਰ ਦੀ ਸ਼ਿੱਦਤ ਨੂੰ ਭੁੱਲ ਜਾਵਾਂ, ਤੇਰੇ ਸੰਘਣੇ ਵਾਲਾਂ ਦੀ ਮਹਿਕ ਦੇ ਨਿੱਘ ਨੂੰ ਯਾਦ ਨਾ ਕਰਾਂ। ਵੈਸੇ ਵੀ ਖ਼ਤ ਲਿਖਣਾ ਮੇਰੇ ਲਈ ਆਸਾਨ ਕੰਮ ਨਹੀਂ ਹੈ। ਤੇ ਖਾਸ ਤੌਰ 'ਤੇ ਜਿਲ ਤੈਨੂੰ ਖ਼ਤ ਲਿਖਣਾ। ਤੇਰੇ ਨਾਲ ਤਾਂ ਗੱਲ ਕਰਨਾ ਵੀ ਮੈਨੂੰ ਬੜਾ ਮੁਸ਼ਕਿਲ ਜਾਪਦਾ ਹੁੰਦਾ ਸੀ। ਸ਼ਬਦ ਮੇਰੇ ਹੋਂਠਾਂ ਤੇ ਆ ਕੇ ਅਟਕ ਜਾਂਦੇ ਸਨ। ਮੈਂ ਸ਼ਾਇਦ ਇਸੇ ਕਰਕੇ ਤੈਨੂੰ ਹੋਰ ਵੀ ਵਧੇਰੇ ਚਾਹੁੰਦਾ ਸਾਂ ਕਿ ਜੇ ਮੇਰੇ ਕੋਲ ਤੈਨੂੰ ਕਹਿਣ ਲਈ ਕੁਛ ਨਹੀਂ ਹੁੰਦਾ ਸੀ ਤਾਂ ਵੀ ਮੇਰੀ ਤੇਰੀ ਨੇੜਤਾ ਰਹਿ ਸਕਦੀ ਸੀ, ਖਾਮੋਸ਼ ਰਹਿ ਸਕਦਾ ਸਾਂ। ਤੇਰੀ ਮੌਜੂਦਗੀ ਵਿਚ ਖਾਮੋਸ਼ੀ ਦਾ ਵੀ ਬੋਝ ਨਾ ਬਣਨਾ ਮੇਰੇ ਲਈ ਮੁਹੱਬਤ ਦੀ ਗਵਾਹੀ ਸੀ। ਇਸੇ ਖਾਮੋਸ਼ੀ ਨੇ ਮੈਨੂੰ ਆਪਣੇ ਆਪ ਨੂੰ ਸਮਝਣ ਵਿਚ ਮਦਦ ਦਿੱਤੀ।
ਬਹੁਤ ਸਾਰੇ ਲੋਕ ਖੁਸ਼ਕਿਸਮਤ ਹੁੰਦੇ ਹਨ ਕਿ ਕਾਗਜ਼ ਤੇ ਕਲਮ ਲੈ ਕੇ ਬੈਠ ਜਾਂਦੇ ਹਨ ਤੇ ਰਵਾਨੀ ਨਾਲ ਖ਼ਤ ਲਿਖ ਦੇਂਦੇ ਹਨ। ਮੈਂ ਦਿਲ ਹੀ ਦਿਲ ਵਿਚ ਅਜਿਹੇ ਲੋਕਾਂ ਤੋਂ ਬੜਾ ਪ੍ਰਭਾਵਿਤ ਹੁੰਦਾ ਹਾਂ। ਮੈਂ ਤਾਂ ਆਮ ਕਾਰੋਬਾਰੀ ਖ਼ਤ ਲਿਖਣ ਤੋਂ ਪਹਿਲਾਂ ਵੀ ਬੜੀ ਦੇਰ ਤਕ ਵਿਸ਼ੇ ਬਾਰੇ ਸੋਚਦਾ ਰਹਿੰਦਾ ਹਾਂ, ਜਿਸਨੂੰ ਲਿਖਣਾ ਹੁੰਦਾ ਏ ਉਸ ਬਾਰੇ ਸੋਚਦਾ ਰਹਿੰਦਾ ਹਾਂ, ਆਪਣੇ ਬਾਰੇ ਵਿਚ ਸੋਚਦਾ ਹਾਂ ਤੇ ਉਹ ਵਾਕ ਦਿਮਾਗ਼ ਵਿਚ ਇਕੱਤਰ ਕਰਦਾ ਰਹਿੰਦਾ ਹਾਂ ਜਿਹਨਾਂ ਨਾਲ ਮੇਰਾ ਭਾਵ ਸਪਸ਼ਟ ਹੋ ਸਕੇ ਤੇ ਕਾਫੀ ਮਿਹਨਤ ਨਾਲ ਖ਼ਤ ਲਿਖਣ ਪਿੱਛੋਂ ਵੀ ਸੰਤੁਸ਼ਟ ਨਹੀਂ ਹੁੰਦਾ। ਤੈਥੋਂ ਵਿਛੜਣ ਦੇ ਏਨੇ ਸਾਲ ਬਾਅਦ, ਜ਼ਿੰਦਗੀ ਵਿਚ ਪਹਿਲੀ ਵਾਰ, ਤੈਨੂੰ ਖ਼ਤ ਲਿਖਣਾ ਆਸਾਨ ਕੰਮ ਬਿਲਕੁਲ ਨਹੀਂ ਹੈ। ਸਿਰਫ ਤੇਰੇ ਨਜ਼ਦੀਕ ਰਹਿ ਕੇ ਖ਼ਾਮੋਸ਼ ਰਹਿਣਾ ਮੇਰੇ ਲਈ ਬੜੀ ਆਸਾਨ ਗੱਲ ਸੀ। ਜ਼ਰਾ ਜਿੰਨੀ ਪ੍ਰੇਸ਼ਾਨੀ ਨਹੀਂ ਸੀ ਹੁੰਦੀ। ਤੈਨੂੰ ਮਿਲਣ ਦੀ ਜ਼ਰਾ ਜਿੰਨੀ ਉਮੀਦ ਵੀ ਹੁੰਦੀ ਤਾਂ ਜਿਲ ਸੱਚ ਜਾਣੀ ਮੈਂ ਤੈਨੂੰ ਖ਼ਤ ਲਿਖਣ ਬਾਰੇ ਏਨਾ ਨਾ ਸੋਚਦਾ। ਮੈਂ ਤੇਰੇ ਗੋਰੇ ਹੱਥਾਂ ਨੂੰ ਆਪਣੇ ਹੱਥਾਂ ਵਿਚ ਘੁੱਟ ਲੈਂਦਾ, ਤੈਨੂੰ ਗਲ਼ੇ ਲਾ ਲੈਂਦਾ ਤੇ ਤੇਰੇ ਲਹਿਰਦਾਰ ਸੰਘਣੇ ਵਾਲਾਂ ਵਿਚ ਉਂਗਲਾਂ ਫੇਰ ਕੇ ਉਹਨਾਂ ਨੂੰ ਆਪਣੀਆਂ ਦੋਵਾਂ ਮੁੱਠੀਆਂ ਵਿਚ ਜਕੜ ਲੈਂਦਾ ਤੇ ਤੈਨੂੰ ਪਿਆਰ ਕਰਦਾ ਤੇ ਅਸੀਂ ਦੋਵੇਂ ਤੇਰੇ ਡਰਾਇੰਗ ਰੂਮ ਵਿਚ ਆਰਾਮ ਦੇਹ ਸੋਫੇ ਉੱਤੇ ਇਕੱਠੇ ਬੈਠ ਜਾਂਦੇ ਤੇ ਸਾਹਮਣੇ ਵਾਲੀ ਵੱਡੀ ਖਿੜਕੀ ਦੇ ਠੰਡੇ ਸ਼ੀਸ਼ੇ ਵਿਚੋਂ ਬਾਹਰ ਦੇਖਦੇ ਰਹਿੰਦੇ ਤੇ ਤੂੰ ਮੇਰੇ ਮੋਢੇ ਉੱਤੇ ਆਪਣਾ ਸਿਰ ਰੱਖੀ ਖ਼ਾਮੋਸ਼ ਰਾਤ ਨੂੰ ਢਲਦਿਆਂ ਹੋਇਆਂ ਮਹਿਸੂਸ ਕਰਦੀ। ਤੇ ਕਮਰੇ ਦਾ ਹਨੇਰਾ, ਪਿਘਲੀ ਹੋਈ ਮੋਮ ਵਾਂਗ ਸਾਡੇ ਜਿਸਮਾਂ ਵਿਚ ਜਜ਼ਬ ਹੁੰਦਾ ਰਹਿੰਦਾ। ਮੁਹੱਬਤ ਜਦੋਂ ਕਾਮਯਾਬ ਹੋ ਜਾਂਦੀ ਹੈ ਤਾਂ ਖ਼ਾਮੋਸ਼ੀ ਦੇ ਲਿਬਾਦੇ ਨੂੰ ਏਨੀ ਖ਼ੂਬਸੂਰਤੀ ਨਾਲ ਪਾ ਲੈਂਦੀ ਹੈ ਜਿਵੇਂ ਇਕ ਹੁਸੀਨ ਕੁਆਰੀ ਸੁਹਾਗ ਦਾ ਜੋੜਾ ਪਾ ਕੇ ਰੌਸ਼ਨ ਹੋ ਜਾਂਦੀ ਹੈ। ਮੇਰੀ ਤੇ ਤੇਰੀ ਮੁਹੱਬਤ ਕਾਮਯਾਬ ਸੀ ਮੈਨੂੰ ਇਸ ਦਾ ਯਕੀਨ ਰਿਹਾ ਹੈ। ਸ਼ਾਇਦ ਇਸ ਲਈ ਵੀ ਤੈਨੂੰ ਖ਼ਤ ਨਹੀਂ ਲਿਖਦਾ। ਤੇ ਸ਼ਾਇਦ ਏਸੇ ਲਈ ਤੂੰ ਵੀ ਮੈਨੂੰ ਖ਼ਤ ਨਹੀਂ ਲਿਖਦੀ। ਤੂੰ ਕਹਿੰਦੀ ਹੁੰਦੀ ਸੀ ਕਿ ਇਕ ਮਰਦ ਤੇ ਇਕ ਔਰਤ ਦੀ ਮੁਹੱਬਤ ਵਿਚ ਖੁਸ਼ੀ ਦਾ ਬਸ ਇਕ ਪਲ ਆਉਂਦਾ ਹੈ ਤੇ ਫੇਰ ਉਸ ਇਕ ਪਲ ਦੀ ਅੰਨ੍ਹੀ ਤਲਾਸ਼ ਵਿਚ ਅਕਸਰ ਉਹ ਆਪਣੀ ਸਾਰੀ ਜ਼ਿੰਦਗੀ ਗੁਜਾਰ ਦਿੰਦੇ ਹਨ। ਤੇਰੇ ਵਾਂਗ ਮੈਨੂੰ ਵੀ ਸ਼ਾਇਦ ਇਸ ਇਕ ਸੁਨਹਿਰੇ ਪਲ ਦੀ ਤਲਾਸ਼ ਨਾ ਹੁੰਦੀ ਤੇ ਤੈਨੂੰ ਖ਼ਤ ਲਿਖਣ ਦਾ ਖ਼ਿਆਲ ਨਾ ਆਉਂਦਾ...ਨਾਲੇ ਜੇ ਪਿੱਛਲੇ ਪੰਜ ਦਿਨਾਂ ਵਿਚ ਜੈਕ ਨਾਲ ਦੋ ਵਾਰੀ ਮੁਲਾਕਾਤ ਨਾ ਹੋਈ ਹੁੰਦੀ।
ਮੇਰੀ ਜ਼ਿੰਦਗੀ ਵਿਚ ਹੁਣ ਉਹ ਦੌਰ ਸ਼ੁਰੂ ਹੋ ਚੁੱਕਿਆ ਸੀ ਜਦੋਂ ਅਤੀਤ ਤੇ ਭਵਿੱਖ, ਯਾਦਾਂ ਤੇ ਉਮੀਦਾਂ, ਇੱਛਾਵਾਂ ਤੇ ਤਜ਼ਰਬੇ ਇਕੋ ਜਿਹੇ ਹੋ ਗਏ ਸਨ ਤੇ ਮੈਂ ਬੀਤਦੇ ਹੋਏ ਪਲਾਂ ਦੀ ਗੁਣਗੁਣਾਹਟ ਤੋਂ ਸੰਤੁਸ਼ਟ ਹੋ ਚੱਲਿਆ ਸਾਂ। ਵਰਤਮਾਨ ਇਕ ਭੌਰੇ ਵਾਂਗ ਆਪਣੀ ਉਡਾਨ ਦੇ ਸੰਗੀਤ ਵਿਚ ਮਸਤ ਜ਼ਿੰਦਗੀ ਦੇ ਅਹਿਸਾਸ ਨੂੰ ਜਗਾਈ ਰੱਖਦਾ ਸੀ ਕਿ ਅਚਾਨਕ ਪੰਜ ਦਿਨ ਪਹਿਲਾਂ ਮੇਰੇ ਫਲੈਟ ਦੇ ਦਰਵਾਜ਼ੇ ਨੂੰ ਕਿਸੇ ਨੇ ਜ਼ੋਰ ਨਾਲ ਖੜਕਾਇਆ ਤੇ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਉੱਥੇ ਜੈਕ ਸਾਹਮਣੇ ਖੜ੍ਹਾ ਮੁਸਕਰਾ ਰਿਹਾ ਸੀ। ਉਸਦੇ ਨਿੱਕੇ ਨਿੱਕੇ ਸੁਨਹਿਰੀ ਵਾਲ ਇਹਨਾਂ ਚਾਰ ਵਰ੍ਹਿਆਂ ਵਿਚ ਉਸਦੇ ਮੱਥੇ ਉਪਰੋਂ ਹੋਰ ਪਿੱਛੇ ਨੂੰ ਸਰਕ ਗਏ ਸਨ—ਤਸਵੀਰਾਂ ਵਿਚ ਜਿਵੇਂ ਲਾਰਡ ਕਰਜਨ ਨੂੰ ਵਿਖਾਇਆ ਜਾਂਦਾ ਹੈ, ਜੈਕ ਕੁਛ-ਕੁਛ ਓਹੋ ਜਿਹਾ ਹੀ ਲੱਗ ਰਿਹਾ ਸੀ।
“ਤੂੰ ਮੈਨੂੰ ਇੰਜ ਦਿੱਲੀ ਵਿਚ ਆਪਣੇ ਫਲੈਟ ਦੇ ਸਾਹਮਣੇ ਅਚਾਨਕ ਵੇਖ ਕੇ ਹੈਰਾਨ ਹੋ ਗਿਆ ਏਂ ਨਾ ਨਦੀਮ?” ਜੈਕ ਨੇ ਕਿਹਾ ਸੀ।
“ਹਾਂ ਜੈਕ ਮੈਂ ਹੈਰਾਨ ਵੀ ਹਾਂ ਤੇ ਸ਼ਾਇਦ ਖੁਸ਼ ਵੀ। ਆ, ਅੰਦਰ ਆ ਜਾ।” ਮੈਂ ਉਸ ਨਾਲ ਜ਼ਿੰਦਗੀ ਵਿਚ ਪਹਿਲੀ ਵਾਰੀ ਹੱਥ ਮਿਲਾਉਂਦਿਆਂ ਹੋਇਆਂ ਕਿਹਾ ਸੀ। ਜੈਕ ਨਾਲ ਤੈਨੂੰ ਨਾ ਵੇਖ ਕੇ ਮੈਂ ਉਦਾਸ ਹੋ ਗਿਆ ਸਾਂ। ਬਚਪਨ ਤੋਂ ਜੈਕ ਤੇ ਜਿੱਲ ਮੇਰੀਆਂ ਸੋਚਾਂ ਵਿਚ ਇਕੱਠੇ ਹੀ ਰਹੇ ਸਨ ਤੇ ਫੇਰ ਇੰਗਲਿਸਤਾਨ ਵਿਚ ਤਾਂ ਉਹਨਾਂ ਦੋਵਾਂ ਦਾ ਤੇ ਮੇਰਾ ਰਿਸ਼ਤਾ ਬੜਾ ਪੱਕਾ ਹੋ ਗਿਆ ਸੀ। ਮੈਂ ਤੈਨੂੰ ਉਹ ਨਜ਼ਮ ਸੁਣਾਈ ਸੀ ਜਿਹੜੀ ਮੈਂ ਬਚਪਨ ਵਿਚ ਸਿੱਖੀ ਸੀ। ਦੋ ਭਰਾ ਭੈਣ ਜਿਹੜੇ ਪਹਾੜੀ ਉੱਤੇ ਬਾਲਟੀ ਲੈ ਕੇ ਪਾਣੀ ਲੈਣ ਗਏ ਸਨ ਤੇ ਪਹਿਲਾਂ ਜੈਕ ਤਿਲ੍ਹਕ ਕੇ ਡਿੱਗ ਪਿਆ ਸੀ ਤੇ ਫੇਰ ਉਸ ਦੇ ਪਿੱਛੋਂ ਜਿਲ ਲੁੜਕਦੀ ਹੋਈ ਥੱਲੇ ਆ ਗਈ ਸੀ।
“ਜੈਕ ਤੇ ਜਿਲ ਭਰਾ ਭੈਣ ਨਹੀਂ ਸਨ ਤੇ ਜੈਕ ਨੂੰ ਪਹਾੜੀ ਤੋਂ ਜਿਲ ਨੇ ਧੱਕਾ ਦਿੱਤਾ ਸੀ।” ਤੂੰ ਮੈਨੂੰ ਕਿਹਾ ਸੀ। ਤੂੰ ਸੋਚਦੀ ਸੈਂ ਕਿ ਮੈਂ ਜੈਕ ਤੋਂ ਡਰਦਾ ਸਾਂ ਤੇ ਇਸੇ ਲਈ ਤੂੰ ਜੈਕ ਦੇ ਮਹੱਤਵ ਨੂੰ ਘਟਾਉਣ ਲਈ ਕਦੀ-ਕਦੀ ਅਜਿਹੀਆਂ ਗੱਲਾਂ ਕਰਦੀ ਹੁੰਦੀ ਸੈਂ।
“ਨਦੀਮ ਤੇਰਾ ਪਤਾ ਮੈਨੂੰ ਜਿਲ ਨੇ ਦਿੱਤਾ ਏ। ਮੈਂ ਆਪਣੀ ਫਰਮ ਦੇ ਕੰਮ ਕੁਝ ਦਿਨਾਂ ਲਈ ਹਿੰਦੁਸਤਾਨ ਆਇਆ ਆਂ। ਕਲ੍ਹ ਰਾਤੀਂ ਪੂਰਾ ਚੰਦ ਨਿਕਲੇਗਾ। ਕਲ੍ਹ ਮੈਂ ਤਾਜ ਮਹਿਲ ਦੇਖਣਾ ਚਾਹੁੰਦਾ ਹਾਂ—ਚੱਲੇਂਗਾ ਮੇਰੇ ਨਾਲ?”
“ਨਹੀਂ ਜੈਕ—ਤੂੰ ਹੋ ਆਵੀਂ। ਤਾਜ ਨੂੰ ਚੌਦਵੀਂ ਦੇ ਚੰਦ ਦੀ ਰੌਸ਼ਨੀ ਵਿਚ ਨਹਾਉਂਦਿਆ ਹੋਇਆਂ ਵੀ ਦੇਖਣਾ ਚਾਹੀਦਾ ਏ ਤੇ ਘੁੱਪ ਹਨੇਰੀ ਰਾਤ ਵਿਚ ਇਕ ਸਫੇਦ ਮੋਤੀ ਵਾਂਗ ਜਗਮਗ ਕਰਦਿਆਂ ਹੋਇਆਂ ਵੀ। ਉਸਨੂੰ ਤਿੱਖੀ ਧੁੱਪ ਵਿਚ ਤਪਦਿਆਂ ਹੋਇਆਂ ਵੀ ਦੇਖਣਾ ਚਾਹੀਦਾ ਹੈ ਤੇ ਬਾਰਸ਼ ਵਿਚ ਨਹਾਉਂਦਿਆਂ ਹੋਇਆਂ ਵੀ।” ਮੈਂ ਇਹ ਕਹਿੰਦਾ ਹੋਇਆ ਸੋਚ ਰਿਹਾ ਸਾਂ ਕਿ ਇਹ ਸਾਰੀਆਂ ਗੱਲਾਂ ਤਾਜ ਮਹਿਲ ਵਰਗੀ ਖ਼ੂਬਸੂਰਤ ਇਮਾਰਤ ਲਈ ਹੀ ਨਹੀਂ ਦਿਲ-ਨਿਵਾਜ਼ ਮਹਿਬੂਬਾ ਲਈ ਵੀ ਕਹੀਆਂ ਜਾ ਸਕਦੀਆਂ ਹਨ। ਜੈਕ ਦਾ ਧਿਆਨ ਮੇਰੀਆਂ ਗੱਲਾਂ ਵੱਲ ਨਹੀਂ ਸੀ। ਉਹ ਮੇਰੇ ਕਮਰੇ ਦੀ ਹਰ ਚੀਜ ਨੂੰ ਬੜੇ ਗਹੁ ਨਾਲ ਦੇਖ ਰਿਹਾ ਸੀ ਤੇ ਮੈਨੂੰ ਚੇਤਾ ਆਇਆ ਕਿ ਕਈ ਸਾਲ ਪਹਿਲਾਂ ਜਦੋਂ ਪਹਿਲੀ ਵਾਰੀ ਮੈਂ ਸਪੰਜ ਵਰਗੇ ਕਾਲੀਨ ਨਾਲ ਢਕੀਆਂ ਪੌੜੀਆਂ ਚੜ੍ਹ ਕੇ ਤੇਰੇ ਸੌਣ ਕਮਰੇ ਵਿਚ ਗਿਆ ਸਾਂ ਤਾਂ ਮੈਂ ਸਿੱਧਾ ਖਿੜਕੀ ਕੋਲ ਜਾ ਕੇ ਬਾਹਰ ਦੇਖਣ ਲੱਗ ਪਿਆ ਸਾਂ। ਤੇਰੇ ਬਾਗ਼ ਵਿਚ ਸੇਬ ਦੇ ਕਈ ਦਰਖ਼ਤ ਲੱਗੇ ਹੋਏ ਸਨ ਤੇ ਹਰੀ-ਹਰੀ ਘਾਹ ਉਪਰ ਮਧਮ ਜਿਹੀ ਧੁੱਪ ਵਿਚ ਉਹਨਾਂ ਦਰਖ਼ਤਾਂ ਦੇ ਪ੍ਰਛਾਵੇਂ ਇਕ ਦੂਜੇ ਨਾਲ ਘੁਸਰ-ਮੁਸਰ ਕਰ ਰਹੇ ਸਨ ਤੇ ਤੂੰ ਮੇਰੇ ਕੋਲ ਆ ਕੇ ਖੜ੍ਹੀ ਹੋ ਗਈ ਸੈਂ ਤੇ ਆਪਣੀਆਂ ਬਾਂਹ ਤੂੰ ਮੇਰੇ ਲੱਕ ਦੁਆਲੇ ਵਲਦਿਆਂ ਕਿਹਾ ਸੀ...:
“ਤੂੰ ਮੇਰੇ ਵਰਗਾ ਏਂ ਨਦੀਮ ਕਿ ਨਵੇਂ ਕਮਰੇ ਵਿਚ ਵੜਨ ਪਿੱਛੋਂ ਕਮਰੇ ਦੀ ਸਜਾਵਟ ਦੇਖਣ ਤੋਂ ਪਹਿਲਾਂ ਕਮਰੇ 'ਚੋਂ ਬਾਹਰ ਦੇਖਦਾ ਏਂ।” ਤੇ ਤੇਰੀ ਇਹ ਸ਼ਹਿਦ ਵਰਗੀ ਗੱਲ ਮੇਰੇ ਦਿਲ ਵਿਚ ਉਤਰ ਗਈ ਸੀ। ਤੇਰੇ ਨਾਲ ਮਿਲਣ ਤੋਂ ਪਹਿਲਾਂ ਮੈਂ ਇਕ ਸਾਲ ਇੰਗਲਿਸਤਾਨ ਵਿਚ ਰਹਿ ਚੁੱਕਿਆ ਸਾਂ ਤੇ ਮੈਨੂੰ ਵਾਰੀ ਵਾਰੀ ਇਹ ਸੁਣਨ ਨੂੰ ਮਿਲਦਾ ਸੀ ਕਿ ਹਿੰਦੁਸਤਾਨੀ ਤੇ ਅੰਗਰੇਜ਼ ਇਕ ਦੂਜੇ ਨਾਲੋਂ ਕਿੰਨੇ ਵੱਖਰੇ ਹੁੰਦੇ ਹਨ। ਤੂੰ ਕੁਝ ਨਾ ਕਹਿੰਦਿਆਂ ਹੋਇਆਂ ਵੀ ਇਹ ਸਮਝਾ ਦਿੱਤਾ ਸੀ ਕਿ ਇਕ ਹਿੰਦੁਸਤਾਨੀ ਮਰਦ ਤੇ ਇਕ ਅੰਗਰੇਜ਼ ਕੁੜੀ ਦੇ ਸੋਚਣ ਦਾ ਢੰਗ ਕਿੰਨਾ ਮਿਲਦਾ-ਜੁਲਦਾ ਹੋ ਸਕਦਾ ਹੈ ਤੇ ਸ਼ਾਇਦ ਇਸੇ ਲਈ ਅਸੀਂ ਕਈ ਅਜਿਹੀਆਂ ਸ਼ਾਮਾਂ ਇਕੱਠਿਆਂ ਬਿਤਾਈਆਂ ਜਿਹੜੀਆਂ ਕਿਸੇ ਸਾਫ ਝਰਨੇ ਦੇ ਪਵਿੱਤਰ ਜਲ ਵਾਂਗ ਸਵੇਰ ਦੇ ਉਜਾਲੇ ਵਿਚ ਘੁਲਮਿਲ ਜਾਂਦੀਆਂ ਸਨ। ਜਿਲ ਮੈਂ ਤੈਨੂੰ ਖ਼ਤ ਲਿਖਣ ਲੱਗਿਆ ਹਾਂ ਇਸ ਲਈ ਇਹ ਜ਼ਰੂਰ ਕਹਾਂਗਾ ਕਿ ਜੇ ਉਹਨਾਂ ਖੁਸ਼ਗਵਾਰ ਪਲਾਂ ਦੀ ਕੋਈ ਯਾਦ ਤੇਰੇ ਕੋਲ ਨਹੀਂ ਤਾਂ ਇਸਦਾ ਇਹੀ ਮਤਲਬ ਹੈ ਕਿ ਤੂੰ ਸਮੇਂ ਦਾ ਅਹਿਸਾਨ ਮੰਨਣ ਦਾ ਸਲੀਕਾ ਗੰਵਾਅ ਬੈਠੀ ਹੈਂ ਤੇ ਇਹ ਵੀ ਲਿਖਾਂਗਾ ਕਿ ਬੀਤੇ ਹੋਏ ਖੁਸ਼ੀਆਂ ਭਰਪੂਰ ਪਲਾਂ ਨੂੰ ਸਾਨੂੰ ਲੱਭਣਾ ਨਹੀਂ ਪੈਂਦਾ, ਉਹ ਤਾਂ ਖ਼ੁਦ ਹੀ ਸਾਨੂੰ ਲੱਭ ਲੈਂਦੇ ਨੇ।
“ਦਿੱਲੀ ਵਿਚ ਤੂੰ ਮੈਨੂੰ ਸ਼ਾਪਿੰਗ ਕਰਵਾਉਣ ਵਿਚ ਮਦਦ ਕਰ ਸਕੇਂਗਾ, ਨਦੀਮ?” ਜੈਕ ਨੇ ਮੈਨੂੰ ਝੰਜੋੜ ਕੇ ਖੁਸ਼ੀ ਭਰੇ ਪਲਾਂ ਦੀ ਗੋਦ ਵਿਚੋਂ ਬਾਹਰ ਖਿੱਚ ਲਿਆ ਤੇ ਮੈਂ ਸ਼ਫ਼ਲੇਡ ਦੇ ਤੇਰੇ ਸੌਣ ਕਮਰੇ ਵਿਚੋਂ ਨਿਕਲ ਕੇ ਦਿੱਲੀ ਦੇ ਆਪਣੇ ਫਲੈਟ ਵਿਚ ਪਹੁੰਚ ਗਿਆ ਸਾਂ ਪਰ ਮੇਰੇ ਕੱਪੜਿਆਂ ਉਪਰ ਤੇਰੇ ਜਿਸਮ ਦੇ ਨਿੱਘ ਦੀ ਮਹਿਕ ਬਾਕੀ ਸੀ।
“ਹਾਂ ਕਿਉਂ ਨਹੀਂ ਜੈਕ, ਤੂੰ ਤਾਜ ਮਹਿਲ ਦੇ ਸਫੇਦ ਚਬੂਤਰੇ ਉੱਤੇ ਖਲੋ ਕੇ ਪੂਰੇ ਚੰਦ ਦੀ ਖ਼ੂਬਸੂਰਤੀ ਦੇਖ ਆ ਤੇ ਫੇਰ ਮੈਂ ਤੈਨੂੰ ਦਿੱਲੀ ਵੀ ਘੁਮਾਅ ਦਿਆਂਗਾ ਤੇ ਸ਼ਾਪਿੰਗ ਵੀ ਕਰਵਾ ਦਿਆਂਗਾ।” ਮੈਂ ਹਿੰਦੁਸਤਾਨੀ ਮੇਜ਼ਬਾਨਾਂ ਵਾਲੇ ਰਵਾਇਤੀ ਮੋਹ ਨਾਲ ਕਿਹਾ ਸੀ ਹਾਲਾਂਕਿ ਜੈਕ ਲਈ ਮੋਹ ਦਾ ਜਜ਼ਬਾ ਮੇਰੇ ਲਈ ਬਿਲਕੁਲ ਓਪਰਾ ਸੀ ਤੇ ਫੇਰ ਜਦੋਂ ਜੈਕ ਆਪਣੇ ਹੋਟਲ ਵਾਪਸ ਜਾਣ ਲਈ ਤੁਰਨ ਲੱਗਾ ਤਾਂ ਆਪਣੇ ਫਲੈਟ ਦਾ ਦਰਵਾਜ਼ਾ ਬੰਦ ਕਰਨ ਤੋਂ ਪਹਿਲਾਂ ਮੈਂ ਸਰਸਰੀ ਤੌਰ 'ਤੇ ਉਸਨੂੰ ਪੁੱਛਿਆ ਸੀ, “ਜਿਲ ਕੈਸੀ ਹੈ?”
“ਜਿਲ ਠੀਕ ਏ, ਬੜੇ ਮਜ਼ੇ ਵਿਚ ਏ, ਉਸਦਾ ਭਾਰ ਵਧ ਰਿਹੈ ਪਰ ਉਸਨੂੰ ਕੋਈ ਫਿਕਰ ਨਹੀਂ।” ਜੈਕ ਨੇ ਜਵਾਬ ਦਿੱਤਾ ਸੀ ਤੇ ਜਦੋਂ ਉਹ ਚਲਾ ਗਿਆ ਤਾਂ ਮੈਂ ਆਪਣੇ ਕਮਰੇ ਦੀ ਰੌਸ਼ਨੀ ਬੁਝਾਅ ਦਿੱਤੀ ਤੇ ਰਾਤੀਂ ਦੇਰ ਤੀਕ ਆਰਾਮ ਕੁਰਸੀ ਉੱਤੇ ਬੈਠਾ ਤੈਨੂੰ ਖ਼ਤ ਲਿਖਣ ਬਾਰੇ ਸੋਚਦਾ ਰਿਹਾ। ਪਤਾ ਨਹੀਂ ਕਿੰਨਾ ਸਮਾਂ ਬੀਤ ਗਿਆ ਤੇ ਫੇਰ ਮੈਂ ਦੇਖਿਆ ਕਿ ਖਿੜਕੀ ਦੇ ਬਾਹਰ ਦੂਰ-ਦੂਰ ਤਕ ਚਾਂਦਨੀ ਇੰਜ ਫੈਲੀ ਹੋਈ ਸੀ ਜਿਵੇਂ ਚਮੇਲੀ ਦੀਆਂ ਖ਼ੁਸ਼ਬੂਦਾਰ ਨਾਜ਼ੁਕ ਪੰਖੜੀਆਂ ਕਿਸੇ ਨੇ ਸਭ ਪਾਸੇ ਖਿਲਾਰ ਦਿੱਤੀਆਂ ਹੋਣ; ਜਿਵੇਂ ਹੀਰਿਆਂ ਦਾ ਸਾਥ ਛੱਡ ਕੇ ਰੌਸ਼ਨੀ ਦੂਰ-ਦੂਰ ਤਕ ਹਨੇਰਿਆਂ ਉੱਤੇ ਫਤਿਹ ਪਾ ਚੁੱਕੀ ਹੋਵੇ। ਇਸ ਚਾਂਦਨੀ ਰਾਤ ਨਾਲ ਜਿਲ ਤੇਰੀ ਕਿਸੇ ਵੀ ਯਾਦ ਦਾ ਕੋਈ ਸੰਬੰਧ ਨਹੀਂ ਹੈ। ਤੇਰੇ ਮੁਲਕ ਵਿਚ ਤਾਂ ਰਾਤਾਂ ਕੋਹਰੇ, ਠੰਡੀਆਂ ਬਰਸਾਤਾਂ ਤੇ ਕਾਲੇ ਬੱਦਲਾਂ ਨਾਲ ਦਾਗ਼ਦਾਰ ਹੋ ਜਾਂਦੀਆਂ ਹਨ ਪਰ ਮੇਰੇ ਲਈ ਹਰ ਹੁਸੀਨ ਸ਼ੈ ਨਾਲ ਤੇਰਾ ਰਿਸ਼ਤਾ ਜੁੜਿਆ ਹੋਇਆ ਹੈ। ਕਾਸ਼ ਤੂੰ ਇਕੱਲੀ ਜਾਂ ਫੇਰ ਜਿਲ ਨਾਲ ਹੀ ਹਿੰਦੁਸਤਾਨ ਆ ਜਾਂਦੀ ਤੇ ਮੈਂ ਤੈਨੂੰ ਤਾਜ ਮਹਿਲ ਦਿਖਾਉਣ ਲੈ ਜਾਂਦਾ ਤੇ ਉਸਦੇ ਮਰਮਰੀ ਫਰਸ਼ ਉਪਰ ਤੇਰੇ ਸਫੇਦ ਤੇ ਨਰਮ ਪੈਰਾਂ ਨੂੰ ਟਿਕਦਿਆਂ ਤੇ ਉਠਦਿਆਂ ਦੇਖ ਸਕਦਾ। ਦਿੱਲੀ ਦੀ ਇਸ ਚਾਂਦਨੀ ਰਾਤ ਵਿਚ ਯਾਦਾਂ ਦੀਆਂ ਦਰਜ਼ਨਾਂ ਤਿਤਲੀਆਂ ਉਡ ਰਹੀਆਂ ਹਨ—ਤੇ ਤੇਰੇ ਖ਼ਿਆਲ ਵਿਚ ਜਿਲ ਇਹਨਾਂ ਤਿਤਲੀਆਂ ਨੂੰ ਫੜ੍ਹਨ ਦੀ ਕੋਸ਼ਿਸ਼ ਕਰਨਾ ਖੁਸ਼ੀਆਂ ਨੂੰ ਕਤਲ ਕਰਨ ਦੀ ਕੋਸ਼ਿਸ਼ ਕਰਨਾ ਹੈ। ਮੇਰਾ ਪਤਾ ਜੈਕ ਨੂੰ ਦੇ ਕੇ ਖੁਸ਼ੀਆਂ ਦਾ ਕਤਲੇ-ਆਮ ਤਾਂ ਤੂੰ ਆਪੂੰ ਹੀ ਸ਼ੁਰੂ ਕਰ ਦਿੱਤਾ ਹੈ ਜਿਲ। ਜੈਕ ਨੂੰ ਕੀ ਹੱਕ ਹੈ ਕਿ ਉਹ ਭਰਪੂਰ ਚਾਂਦਨੀ ਰਾਤ ਵਿਚ ਤਾਜ ਮਹਿਲ ਦੀਆਂ ਉਹਨਾਂ ਉੱਚੀਆਂ ਮਹਿਰਾਬਾਂ ਨੂੰ ਦੇਖੇ ਜਿਹੜੀਆਂ ਤੇਰੀਆਂ ਯਾਦਾਂ ਵਾਂਗ ਨਜ਼ੁਕ ਤੇ ਖ਼ੂਬਸੂਰਤ ਹਨ। ਤਾਜ ਦੇ ਸੁਡੌਲ ਮਿਨਾਰਾਂ ਨੂੰ ਦੇਖਦਿਆਂ ਹੋਇਆਂ ਤਾਂ ਤੇਰੀਆਂ ਉਂਗਲਾਂ ਮੇਰੀਆਂ ਉਂਗਲਾਂ ਵਿਚ ਗੁੰਦੀਆਂ ਹੋਣੀਆਂ ਚਾਹੀਦੀਆਂ ਸਨ। ਮੇਰੀ ਆਪਣੀ ਪਛਾਨ ਲਈ ਤੇਰੀਆਂ ਉਂਗਲਾਂ ਦੀ ਛੂਹ ਦਾ ਨਿੱਘ ਕਾਫੀ ਹੈ।
ਇਹਨਾਂ ਪਿੱਛਲੇ ਚਾਰ ਵਰ੍ਹਿਆਂ ਵਿਚ ਅਜਿਹੀ ਕੋਈ ਇੱਛਾ ਮੇਰੇ ਮਨ ਵਿਚ ਕਦੀ ਨਹੀਂ ਜਾਗੀ ਸੀ। ਜੈਕ ਨੇ ਇੱਛਾਵਾਂ ਨੂੰ ਅਚਾਨਕ ਝੰਜੋੜ ਦਿੱਤਾ ਹੈ ਜਾਂ ਤੂੰ ਖ਼ੁਦ ਜੈਕ ਨੂੰ ਮੇਰਾ ਪਤਾ ਦੇ ਕੇ ਉਹਨਾਂ ਨੂੰ ਜਗਾਅ ਦਿੱਤਾ ਹੈ। ਜਿਲ ਤੂੰ ਕੁਝ ਵੀ ਕਹਿ ਪਰ ਸਾਡਾ ਅਤੀਤ ਚਿੜੀ ਦੇ ਪ੍ਰਛਾਵੇਂ ਵਾਂਗ ਨਹੀਂ ਹੁੰਦਾ ਜਿਸਨੂੰ ਉਹ ਹਵਾ ਵਿਚ ਉਡਦਾ ਹੋਇਆ ਛੱਡ ਦੇਂਦੀ ਹੈ। ਤੇਰੇ ਕਹਿਣ ਉੱਤੇ ਮੈਂ ਤੇਰੀਆਂ ਯਾਦਾਂ ਨੂੰ ਪੁਰਾਣੇ ਜ਼ਮਾਨੇ ਦੇ ਮਿਸਰ ਦੀਆਂ ਮੰਮੀਆਂ ਵਾਂਗ ਸਮਝ ਲਿਆ ਸੀ ਜਿਹੜੀਆਂ ਹਜ਼ਾਰਾਂ ਸਾਲ ਤਕ ਹੱਥ ਬੰਨ੍ਹੀ ਮਨਾਂ ਮੂੰਹੀਂ ਪੱਥਰਾਂ ਹੇਠ ਅਡੋਲ ਲੇਟੀਆਂ ਰਹਿੰਦੀਆਂ ਹਨ ਪਰ ਜੈਕ ਦੇ ਅਚਾਨਕ ਦਿੱਲੀ ਆ ਜਾਣ ਨਾਲ ਹਾਲਾਤ ਦਾ ਨਾਜ਼ੁਕ ਜਿਹਾ ਇਕ ਪਲ ਕਿਸੇ ਮਸਤੇ ਘੋੜੇ ਵਾਂਗ ਆਪਣੀ ਜ਼ੀਨ ਤੇ ਰਕਾਬਾਂ ਨੂੰ ਭੋਇੰ ਸੁੱਟ ਕੇ ਦੌੜਦਾ ਹੋਇਆ ਦੂਰ ਨਿਕਲ ਗਿਆ ਹੈ ਤੇ ਉਸਦੀਆਂ ਟਾਪਾਂ ਨਾਲ ਉਡਦੀ ਹੋਈ ਮਿਟਮੈਲੀ ਧੂੜ ਵਿਚ ਮੈਨੂੰ ਇੰਗਲਿਸਤਾਨ ਵਿਚ ਬੀਤਿਆ ਦੌਰ ਚੇਤੇ ਆਉਣ ਲੱਗਿਆ ਹੈ—ਜਦੋਂ ਜਿਲ ਤੇਰੇ ਨਾਲ ਮੇਰੀ ਮੁਹੱਬਤ ਤੇ ਜੈਕ ਨਾਲ ਮੇਰੀ ਰਕਾਬਤ ਆਪਣੇ ਸ਼ਿਖ਼ਰਾਂ ਉੱਤੇ ਸੀ। ਮੇਰੀ ਛਾਤੀ ਤੇ ਮੇਰੀਆਂ ਪਸਲੀਆਂ ਵਿਚ ਰਕਾਬਤ ਦੇ ਦਰਜਨਾਂ ਛੁਰੇ ਪੁਰ ਗਏ ਸਨ ਤੇ ਉਹਨਾਂ ਦੇ ਦਿੱਤੇ ਬੇਪਨਾਹ ਦਰਦ ਨੇ ਤੈਨੂੰ ਹੱਦੋਂ ਵਧ ਦਿਲ ਨਿਵਾਜ਼ ਬਣਾ ਦਿੱਤਾ ਸੀ। ਮੈਨੂੰ ਯਾਦ ਹੈ ਤੂੰ ਆਪਣੇ ਡਰਾਇੰਗ ਰੂਮ ਵਿਚ ਸੋਫੇ ਉੱਤੇ ਆਪਣੇ ਦੋਵੇਂ ਪੈਰ ਉਪਰ ਰੱਖੀ ਲੇਟੀ ਹੋਈ ਸੈਂ। ਉੱਚੀ ਅੱਡੀ ਵਾਲੇ ਕਾਲੇ ਚਮਕਦਾਰ ਸੈਂਡਲ ਸੋਫੇ ਦੇ ਨੇੜੇ, ਬੇਤਰਤੀਬ ਜਿਹੇ ਪਏ ਸਨ ਤੇ ਕਮਰੇ ਦੇ ਇਕ ਕੋਨੇ ਵਿਚ ਟੈਲੀਵੀਜ਼ਨ ਵਿਚ ਬਗ਼ੈਰ ਆਵਾਜ਼ ਦੇ ਕੋਈ ਰੰਗੀਨ ਪ੍ਰੋਗਰਾਮ ਚੱਲ ਰਿਹਾ ਸੀ। ਤੂੰ ਟੈਲੀਵੀਜ਼ਨ ਚਲਾ ਕੇ ਆਵਾਜ਼ ਬੰਦ ਕਰ ਦੇਂਦੀ ਹੁੰਦੀ ਸੈਂ ਤੇ ਉਸਦੀ ਸਕਰੀਨ ਉੱਤੇ ਨਜ਼ਰ ਆਉਣ ਵਾਲੇ ਸਾਰੇ ਲੋਕ ਬੇਵੱਸ ਨਜ਼ਰ ਆਉਂਦੇ ਹੁੰਦੇ ਸਨ। ਮੈਂ ਤੇਰੇ ਨੇੜੇ, ਸੋਫੇ ਕੋਲ, ਊਨੀ ਕਾਲੀਨ ਉੱਤੇ ਬੈਠ ਗਿਆ ਸਾਂ—
“ਬੜੀ ਚੰਗੀ ਤੇ ਬੜੀ ਹੀ ਪਿਆਰੀ ਜਿਲ ਤੂੰ ਜੈਕ ਨੂੰ ਛੱਡ ਕੇ ਮੇਰੇ ਨਾਲ ਹਿੰਦੁਸਤਾਨ ਚੱਲ।” ਮੈਂ ਤੇਰੇ ਹੱਥ ਨੂੰ ਆਪਣੇ ਦੋਵਾਂ ਹੱਥਾਂ ਨਾਲ ਮਜ਼ਬੂਤੀ ਨਾਲ ਪਕੜਿਆ ਹੋਇਆ ਸੀ ਤੇ ਗੱਲ ਆਪਣੇ ਮੋਹ ਦੀ ਪੂਰੀ ਸੱਚਾਈ ਨਾਲ ਕਹੀ ਸੀ। ਇੰਗਲਿਸਤਾਨ ਵਿਚ ਮੇਰੀ ਟਰੇਨਿੰਗ ਕੁਝ ਮਹੀਨੇ ਬਾਅਦ ਪੂਰੀ ਹੋਣ ਵਾਲੀ ਸੀ ਤੇ ਮੇਰਾ ਹਿੰਦੁਸਤਾਨ ਵਾਪਸ ਪਰਤਨਾ ਜ਼ਰੂਰੀ ਸੀ।
“ਉਹ ਮੁਹੱਬਤ ਜਿਸ ਦੀ ਬੁਨਿਆਦ ਉਮੀਦ ਉੱਤੇ ਹੁੰਦੀ ਹੈ ਕੱਚੀ ਤੇ ਖ਼ਤਰਨਾਕ ਹੁੰਦੀ ਹੈ।” ਤੂੰ ਮੈਨੂੰ ਆਪਣੇ ਨੇੜੇ ਖਿੱਚ ਦੇ ਪਿਆਰ ਕਰਦਿਆਂ ਹੋਇਆਂ ਸਮਝਾਇਆ ਸੀ ਜਿਵੇਂ ਬਗ਼ੈਰ ਕਿਸੇ ਉਮੀਦ ਦੇ ਤੇਰੇ ਨਾਲ ਮੁਹੱਬਤ ਕਰਨਾ ਮੇਰੇ ਲਈ ਖ਼ਤਰਿਆਂ ਤੋਂ ਖ਼ਾਲੀ ਸੀ।
“ਜਿਲ ਤੂੰ ਹਾਲਾਤ ਨੂੰ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰ ਰਹੀ।” ਮੈਂ ਤੇਰੇ ਨਾਲ ਹੀ ਸੋਫੇ ਉੱਤੇ ਬੈਠ ਗਿਆ ਸੀ ਤੇ ਮੈਨੂੰ ਲੱਗਿਆ ਸੀ ਕਿ ਸੋਫੇ ਉੱਤੇ ਤੇਰਾ ਜਿਸਮ ਨਹੀਂ ਸੀ, ਮਖੱਣ ਦਾ ਬਣਿਆ ਹੋਇਆ ਬੁੱਤ ਸੀ, ਜਿਹੜਾ ਸਾਡੇ ਜਜ਼ਬਾਤ ਦੀ ਗਰਮੀ ਸਦਕਾ ਪਿਘਲਣ ਲੱਗ ਪਿਆ ਸੀ।
“ਇਸ ਲਈ ਕਿ ਜੇ ਮੈਂ ਹਾਲਾਤ ਨੂੰ ਸਮਝ ਲਿਆ ਤਾਂ ਬਿਲਕੁਲ ਇਕੱਲੀ ਹੋ ਜਾਵਾਂਗੀ ਤੇ ਨਦੀਮ ਮੈਨੂੰ ਇਕਾਂਤ ਤੋਂ ਬੜਾ ਡਰ ਲੱਗਦਾ ਹੈ।” ਤੂੰ ਮੇਰੀ ਗਰਦਨ ਵਿਚ ਦੋਵੇਂ ਬਾਹਾਂ ਪਾ ਦਿੱਤੀਆਂ ਸਨ ਤੇ ਮਖੱਣ ਦੇ ਭਰੇ ਹੌਜ ਵਿਚ ਸ਼ਾਇਦ ਮੈਂ ਡੁੱਬ ਹੀ ਚੱਲਿਆ ਸਾਂ ਤੇ ਸੋਚ ਰਿਹਾ ਸਾਂ ਕਿ ਏਨਾ ਅਹਿਮ ਫੈਸਲਾ ਕਰਨ ਦੇ ਬਜਾਏ ਅਸੀਂ ਦੋਵੇਂ ਹਮੇਸ਼ਾ ਕਿਉਂ ਉਹਨਾਂ ਰਾਹਾਂ ਉੱਤੇ ਚੱਲਣ ਲੱਗਦੇ ਹਾਂ ਜਿਹੜੇ ਖ਼ਾਮੋਸ਼ੀ ਦੀਆਂ ਘਾਟੀਆਂ ਵਿਚ ਜਾ ਕੇ ਗਵਾਚ ਜਾਂਦੇ ਹਨ।
“ਮੈਂ ਕੁਝ ਮਹੀਨੇ ਬਾਅਦ ਹਿੰਦੁਸਤਾਨ ਚਲੇ ਜਾਣਾ ਹੈ ਤੇ ਜਿੰਨੇ ਦਿਨ ਵੀ ਇੱਥੇ ਹਾਂ ਜੈਕ ਬਾਰੇ ਸੋਚਦਾ ਰਹਾਂਗਾ। ਉਹ ਲੰਦਨ ਵਿਚ ਕੰਮ ਕਰਦਾ ਹੈ ਪਰ ਜਦੋਂ ਉਸਦਾ ਜੀਅ ਕਰਦਾ ਹੈ ਸ਼ਫ਼ਲੇਡ ਆ ਸਕਦਾ ਹੈ। ਦੋਵਾਂ ਸ਼ਹਿਰਾਂ ਵਿਚਕਾਰ ਸਿਰਫ ਡੇਢ ਸੌ ਮੀਲ ਦਾ ਫ਼ਾਸਲਾ ਹੀ ਤਾਂ ਹੈ। ਤੇ ਤੂੰ—ਜਿਲ ਤੂੰ ਆਪਣੇ ਇਸ ਘਰ ਦੇ ਇਲਾਵਾ ਮੈਨੂੰ ਕਿਤੇ ਹੋਰ ਮਿਲਦੀ ਵੀ ਤਾਂ ਨਹੀਂ। ਕਿਸੇ ਦਿਨ ਬੜਾ ਵੱਡਾ ਝਗੜਾ ਹੋ ਜਾਣਾ ਏਂ।” ਮੈਂ ਤੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ।
“ਨਦੀਮ ਆਪਣੀ ਦੋਸਤੀ ਦਾ ਪਤਾ ਜੈਕ ਨੂੰ ਹੈ।” ਤੂੰ ਹੱਸਦਿਆਂ ਹੋਇਆਂ ਮੈਨੂੰ ਕਿਹਾ ਸੀ ਤੇ ਮੈਨੂੰ ਜਾਪਿਆ ਸੀ ਕਿ ਬਿਜਲੀ ਦਾ ਇਕ ਤੇਜ਼ ਝਟਕਾ ਮੇਰੇ ਜਿਸਮ ਨੂੰ ਲੱਗਿਆ ਸੀ ਤੇ ਮੈਂ ਸੋਫੇ ਤੋਂ ਉਠ ਕੇ ਇੰਜ ਚੌਕਨਾਂ ਹੋ ਗਿਆ ਸਾਂ ਜਿਵੇਂ ਤੇਰੇ ਘਰ ਦਾ ਦਰਵਾਜ਼ਾ ਖੋਹਲ ਕੇ ਜੈਕ ਆਪਣੇ ਹੱਥ ਵਿਚ ਗੋਲੀਆਂ ਦਾ ਭਰਿਆ ਪਿਸਤੌਲ ਲਈ ਅੰਦਰ ਆਉਣ ਹੀ ਵਾਲਾ ਹੋਵੇ।
“ਜੈਕ ਨੂੰ ਸਾਡੀ ਦੋਸਤੀ ਬਾਰੇ ਪਤਾ ਹੈ ਤੇ ਉਹ ਕੁਝ ਨਹੀਂ ਕਹਿੰਦਾ।” ਮੈਂ ਦੁਬਾਰਾ ਕਾਲੀਨ ਉੱਤੇ ਬੈਠਦਿਆਂ ਹੋਇਆਂ ਤੈਨੂੰ ਪੁੱਛਿਆ ਸੀ। ਮੈਂ ਸੋਚ ਰਿਹਾ ਸਾਂ ਕਿ ਤੂੰ ਮੈਨੂੰ ਸਤਾਉਣ ਲਈ ਅਜਿਹੀਆਂ ਗੱਲਾਂ ਕਰ ਰਹੀ ਸੈਂ।
“ਹਾਂ ਪਤਾ ਹੈ। ਨਦੀਮ ਇਹ ਜੁਲਮ ਨਹੀਂ ਤਾਂ ਹੋਰ ਕੀ ਹੈ ਕਿ ਇਕ ਸਿੱਧੀ ਸਾਦੀ ਪਿਆਰ ਕਰਨ ਵਾਲੀ ਵਫ਼ਾਦਾਰ ਔਰਤ ਦੇ ਮੁਕਾਬਲੇ ਵਿਚ ਮਰਦ ਇਕ ਧੋਖੇਬਾਜ ਚਲਦੀ ਫਿਰਦੀ ਔਰਤ ਦੇ ਵਧੇਰੇ ਦੀਵਾਨੇ ਹੁੰਦੇ ਨੇ।” ਤੂੰ ਸੋਫੇ ਉੱਤੇ ਉਠ ਬੈਠੀ ਸੈਂ ਤੇ ਮੁਸਕਰਾ ਰਹੀ ਸੈਂ। ਤੇਰੀ ਨਿੰਮ੍ਹੀ-ਨਿੰਮ੍ਹੀ ਸੁਰਖ ਮੁਸਕਾਨ ਮੈਨੂੰ ਹਮੇਸ਼ਾ ਤੋਂ ਹੀ ਚੰਗੀ ਲੱਗਦੀ ਸੀ ਪਰ ਇਸ ਵੇਲੇ ਮੇਰੀਆਂ ਹਥੇਲੀਆਂ ਪਸੀਨੇ ਨਾਲ ਭਿੱਜ ਚੁੱਕੀਆਂ ਸਨ ਤੇ ਮੇਰਾ ਹਲਕ ਖ਼ੁਸ਼ਕ ਹੋ ਚੁੱਕਿਆ ਸੀ।
“ਜਿਲ ਪਲੀਜ਼, ਤੂੰ ਮੈਨੂੰ ਸੱਚ-ਸੱਚ ਪੂਰੀ ਗੱਲ ਦੱਸ।” ਮੈਂ ਤੇਰੀ ਮਿੰਨਤ ਜਿਹੀ ਕੀਤੀ ਸੀ।
“ਸੱਚ ਬੋਲਣ ਵਾਲੇ ਕੋਲ ਕਹਿਣ ਲਈ ਕੁਛ ਵੀ ਤਾਂ ਨਹੀਂ ਹੁੰਦਾ—ਨਦੀਮ ਤੂੰ ਉਹਨਾਂ ਲੋਕਾਂ ਨਾਲ ਕਦੀ ਵੀ ਦੋਸਤੀ ਨਾ ਕਰੀਂ ਜਿਹੜੇ ਸਿਰਫ ਸੱਚ ਬੋਲਦੇ ਨੇ।” ਤੂੰ ਸੋਫੇ ਤੋਂ ਉਠ ਕੇ ਖੜ੍ਹੀ ਹੋ ਗਈ ਸੈਂ ਤੇ ਆਤਿਸ਼ਦਾਨ ਉਪਰ ਟੰਗੇ ਹੋਏ ਗੋਲ ਸ਼ੀਸ਼ੇ ਵਿਚ ਖ਼ੁਦ ਨੂੰ ਵੇਖ ਰਹੀ ਸੈਂ। ਜਦੋਂ ਤੂੰ ਉੱਥੋਂ ਹਟ ਗਈ ਸੈਂ ਤਾਂ ਮੈਂ ਕਿਹਾ ਸੀ—“ਇਕ ਹਿੰਦੁਸਤਾਨੀ ਕਹਾਵਤ ਹੈ ਕਿ ਜੇ ਤੁਹਾਡਾ ਕੋਈ ਚੰਗਾ ਦੋਸਤ ਹੋਵੇ ਤਾਂ ਫੇਰ ਤੁਹਾਨੂੰ ਸ਼ੀਸ਼ਾ ਵੇਖਣ ਦੀ ਲੋੜ ਨਹੀਂ ਹੁੰਦੀ।” ਤੇ ਤੂੰ ਇਸ ਕਹਾਵਤ ਨੂੰ ਸੁਣ ਕੇ ਇਕ ਵਾਰੀ ਸ਼ੀਸ਼ੇ ਦੇ ਸਾਹਮਣੇ ਚਲੀ ਗਈ ਸੈਂ ਤੇ ਮੈਂ ਸੋਚਣ ਲੱਗਾ ਸਾਂ ਕਿ ਲੋਕ ਆਖ਼ਰ ਸ਼ੀਸ਼ਾ ਕਿਉਂ ਦੇਖਦੇ ਹਨ! ਤੇ ਅਜ ਜਦੋਂ ਮੈਂ ਤੈਨੂੰ ਖ਼ਤ ਲਿਖਣ ਬਾਰੇ ਸੋਚ ਰਿਹਾ ਹਾਂ ਤਾਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਏਨੀਆਂ ਊਟ-ਪਟਾਂਗ ਗੱਲਾਂ ਕਰਨੀਆਂ ਤੂੰ ਕਿੱਥੋਂ ਸਿਖੀਆਂ ਨੇ! ਤੂੰ ਸ਼ੀਸ਼ੇ ਵੱਲੋ ਭੌਂ ਕੇ ਮੈਥੋਂ ਪੁੱਛਿਆ ਸੀ—
“ਤੂੰ ਜੈਕ ਤੋਂ ਏਨਾ ਜ਼ਿਆਦਾ ਡਰਦਾ ਏਂ ਨਦੀਮ ਤਾਂ ਫੇਰ ਮੈਨੂੰ ਮਿਲਣ ਕਿਉਂ ਆਉਂਦਾ ਹੈਂ, ਮੈਂ ਜੈਕ ਨੂੰ ਜਾਣਦੀ ਹਾਂ। ਯਾਦ ਏ ਜਦੋਂ ਛੋਟੀ ਜਿਹੀ ਸੀ ਤਾਂ ਉਸ ਦੇ ਨਾਲ ਪਹਾੜੀ 'ਤੇ ਗਈ ਸੀ।” ਤੂੰ ਮੁਸਕਰਾ ਰਹੀ ਸੈਂ ਤੇ ਮੈਂ ਕਾਲੀਨ ਤੋਂ ਉਠ ਕੇ ਤੇਰੇ ਦੋਵਾਂ ਮੋਢਿਆਂ ਉੱਤੇ ਹੱਥ ਰੱਖਦਿਆਂ ਹੋਇਆਂ ਆਪਣੀ ਹਾਰ ਮੰਨ ਲਈ ਸੀ ਤੇ ਤੈਨੂੰ ਸ਼ਾਇਦ ਕਿਹਾ ਸੀ ਜਾਂ ਸਿਰਫ ਸੋਚਿਆ ਸੀ ਕਿ ਜਿਲ ਤੂੰ ਹੀ ਉਹ ਕੁੜੀ ਏਂ ਜਿਸ ਨੇ ਜੈਕ ਨੂੰ ਪਹਾੜੀ ਉੱਤੋਂ ਧੱਕਾ ਦੇ ਦਿੱਤਾ ਸੀ। ਮੈਂ ਜੈਕ ਤੋਂ ਵਾਕਈ ਡਰਦਾ ਸਾਂ ਪਰ ਉਸ ਸ਼ਾਮ ਤੋਂ ਬਾਅਦ ਮੈਨੂੰ ਤੈਥੋਂ ਵੀ ਭੈ ਆਉਣ ਲੱਗ ਪਿਆ ਸੀ।
ਜੈਕ ਜਦੋਂ ਤਾਜ਼ ਮਹਿਲ ਵੇਖ ਕੇ ਵਾਪਸ ਆਇਆ ਤਾਂ ਮੈਂ ਉਸ ਤੋਂ ਭੈਭੀਤ ਨਹੀਂ ਸਾਂ। ਮੇਰੀ ਤੇ ਤੇਰੀ ਦੋਸਤੀ ਖ਼ਤਮ ਹੋਇਆ ਚਾਰ ਵਰ੍ਹੇ ਹੋ ਚੁੱਕੇ ਸਨ ਤੇ ਮੈਂ ਜੈਕ ਨੂੰ ਇੰਗਲਿਸਤਾਨ ਦੇ ਕਿਸੇ ਸ਼ਹਿਰ ਵਿਚ ਨਹੀਂ ਦਿੱਲੀ ਵਿਚ ਮਿਲ ਰਿਹਾ ਸਾਂ। ਜੈਕ ਨਾਲ ਗੱਲਾਂ ਕਰਕੇ ਮੈਨੂੰ ਮਹਿਸੂਸ ਹੋਇਆ ਕਿ ਉਸਦੇ ਸੁਭਾਅ ਵਿਚ ਬੱਚਿਆਂ ਵਰਗੀ ਸਾਦਗੀ ਸੀ ਹਾਲਾਂਕਿ ਉਹ ਹੁਣ ਲਾਰਡ ਕਰਜ਼ਨ ਵਰਗਾ ਨਜ਼ਰ ਆਉਣ ਲੱਗ ਪਿਆ ਸੀ। ਮੈਂ ਕਨਾਟ ਪਲੇਸ ਵਿਚ ਉਸਨੂੰ ਸ਼ਾਪਿੰਗ ਕਰਵਾਉਣ ਲੈ ਗਿਆ ਤਾਂ ਮੈਂ ਗੂੜ੍ਹੇ ਸੂਹੇ ਰੰਗ ਦਾ ਰੇਸ਼ਮ ਤੇਰੇ ਲਈ ਵੀ ਖ਼ਰੀਦਿਆ ਇਹ ਸੋਚ ਕੇ ਇਹ ਰੰਗ ਤੈਨੂੰ ਪਸੰਦ ਸੀ ਤੇ ਸਿਲਕ ਦਾ ਸੂਹਾ ਲਿਬਾਸ ਤੇਰੇ ਮੁਲਾਇਮ ਜਿਸਮ ਨੂੰ ਕੁਛ ਏਸ ਤਰ੍ਹਾਂ ਛੂਹੇਗਾ ਜਿਵੇਂ ਕਈ ਘੰਟੇ ਤੇਰੇ ਨਾਲ ਰਹਿਣ ਪਿੱਛੋਂ ਮੈਂ ਛੂਹੰਦਾ ਸਾਂ—ਚੁੱਪ, ਸਾਵਧਾਨੀ ਤੇ ਮੁਹੱਬਤ ਦੇ ਨਾਲ।
“ਜੈਕ ਇਹ ਕੱਪੜਾ ਮੇਰੇ ਵੱਲੋਂ ਆਪਣੀ ਪਤਨੀ ਨੂੰ ਦੇ ਦੇਣਾ।” ਮੈਂ ਜੈਕ ਨੂੰ ਕਿਹਾ ਸੀ।
“ਪਰ ਨਦੀਮ ਤੂੰ ਤੇ ਮੇਰੀ ਪਤਨੀ ਨੂੰ ਜਾਣਦਾ ਵੀ ਨਹੀਂ। ” ਜੈਕ ਨੇ ਕੱਪੜੇ ਦਾ ਪੈਕੇਟ ਮੇਰੇ ਹੱਥੋਂ ਲੈਂਦਿਆਂ ਕਿਹਾ ਸੀ।
“ਸ਼ਾਇਦ ਓਨੀ ਚੰਗੀ ਤਰ੍ਹਾਂ ਨਹੀਂ ਜਾਣਦਾ ਜਿੰਨੀ ਚੰਗੀ ਤਰ੍ਹਾਂ ਤੂੰ ਜਾਣਦਾ ਏਂ ਜੈਕ ਪਰ ਜਿਲ ਨਾਲ ਮੇਰੀ ਦੋਸਤੀ ਸੀ। ਤੂੰ ਤਾਂ ਹਮੇਸ਼ਾ ਹਫ਼ਤਾ-ਹਫ਼ਤਾ ਭਰ ਲੰਦਨ ਵਿਚ ਰਹਿੰਦਾ ਹੁੰਦਾ ਸੈਂ।” ਮੈਨੂੰ ਜੈਕ ਨੂੰ ਇਹ ਜਵਾਬ ਦੇਂਦਿਆਂ ਹੋਇਆਂ ਅਫ਼ਸੋਸ ਹੋਇਆ ਸੀ ਕਿ ਜਿਲ ਤੂੰ ਖ਼ਹਮਖ਼ਾਹ ਡਰਾਉਣ ਖ਼ਾਤਰ ਕਹਿ ਦਿੱਤਾ ਸੀ ਕਿ ਤੇਰੇ ਪਤੀ ਨੂੰ ਸਾਡੀ ਦੋਸਤੀ ਦਾ ਪਤਾ ਸੀ।
“ਜਿਲ ਦਾ ਤੇ ਮੇਰਾ ਤਲਾਕ ਹੋਇਆਂ ਤਾਂ ਤਿੰਨ ਸਾਲ ਹੋ ਗਏ ਨੇ ਤੇ ਮੈਂ ਦੂਜੀ ਸ਼ਾਦੀ ਵੀ ਕਰਵਾ ਲਈ ਏ। ਨਦੀਮ ਕੀ ਤੈਨੂੰ ਇਹ ਗੱਲ ਪਤਾ ਨਹੀਂ ਸੀ?” ਜੈਕ ਨੇ ਮੈਨੂੰ ਪੁੱਛਿਆ ਸੀ।
“ਨਹੀਂ ਜਿਲ ਮੈਨੂੰ ਕਦੀ ਖ਼ਤ ਨਹੀਂ ਲਿਖਦੀ।” ਮੈਂ ਤੇਰੇ ਤਲਾਕ ਦੀ ਖ਼ਬਰ ਨਾਲੋਂ ਇਹ ਸੋਚ ਕੇ ਵਧੇਰੇ ਹੈਰਾਨ ਹੋ ਰਿਹਾ ਸਾਂ ਕਿ ਤੂੰ ਮੈਨੂੰ ਇਹ ਇਤਲਾਹ ਕਿਉਂ ਨਹੀਂ ਸੀ ਦਿੱਤੀ—ਜਦ ਕਿ ਮੇਰਾ ਪਤਾ ਤਾਂ ਤੂੰ ਹੀ ਦਿੱਤਾ ਸੀ। ਮੈਂ ਤੈਨੂੰ ਚਾਰ ਸਾਲ ਪਹਿਲਾਂ ਜੈਕ ਤੋਂ ਤਲਾਕ ਲੈਣ ਲਈ ਮਿੰਨਤਾਂ ਵੀ ਕਰਦਾ ਹੁੰਦਾ ਸੀ ਤੇ ਤਿੰਨ ਸਾਲ ਪਹਿਲਾਂ ਤੁਹਾਡਾ ਤਲਾਕ ਹੋ ਗਿਆ। ਤੂੰ ਆਪਣੇ ਭੇਦ ਛੁਪਾਈ, ਇਕ ਚੀਤੇ ਵਾਂਗ, ਕਿਸੇ ਉੱਚੇ ਦਰਖ਼ਤ ਦੀ ਡਾਲ ਉੱਤੇ ਬੈਠੀ ਆਪਣੇ ਸ਼ਿਕਾਰ ਦੀ ਉਡੀਕ ਵਿਚ ਸੈਂ। ਮੇਰਾ ਪਤਾ ਜੈਕ ਨੂੰ ਦੇਂਦਿਆਂ ਹੋਇਆਂ ਤੈਨੂੰ ਪਤਾ ਸੀ ਕਿ ਮੇਰਾ ਅਤੀਤ ਮੇਰੇ ਉਪਰ ਕਿੰਜ ਹਮਲਾ ਕਰ ਦਏਗਾ। ਮੈਂ ਸਮਝਦਾ ਸੀ ਕਿ ਮੇਰਾ ਤੇਰੇ ਨਾਲ ਉਹੀ ਰਿਸ਼ਤਾ ਹੈ ਜਿਹੜਾ ਤੇਲ ਦਾ ਦੀਵੇ ਦੀ ਬੱਤੀ ਨਾਲ ਹੁੰਦਾ ਹੈ ਪਰ ਇੰਜ ਲੱਗਦਾ ਹੈ ਕਿ ਸੁਨਹਿਰੀ ਰੰਗ ਦੇ ਤੇਲ ਨੇ ਬੱਤੀ ਨਾਲੋਂ ਰਿਸ਼ਤਾ ਤੋੜ ਲਿਆ ਹੈ। ਉਹ ਲੋਅ, ਜਿਸ ਨੇ ਹਰ ਸਮੇਂ ਰੌਸ਼ਨੀ ਖਿਲਾਰੀ ਸੀ ਤੇਰੇ ਕਹਿਣ ਅਨੁਸਾਰ ਹੀ ਸ਼ਾਇਦ ਇਕ ਪਲ ਲਈ ਭੜਕੀ ਵੀ ਹੋਏਗੀ। ਤੇਰੀ ਦੋਸਤੀ ਦੀਆਂ ਸਾਰੀਆਂ ਸੌਗਾਤਾਂ, ਤੇਰੇ ਜਿਸਮ ਦੇ ਖੇੜੇ, ਤੇਰੀ ਚੁੱਪ ਦੇ ਕਾਰਣ ਮੇਰੇ ਲਈ ਤਕਲੀਫ਼ ਦਾ ਸਬੱਬ ਬਣ ਗਏ ਹਨ। ਹੱਥਾਂ ਦਾ ਬੁੱਕ ਕਿੰਨਾ ਵੀ ਕਸਿਆ ਹੋਇਆ ਹੋਵੇ ਬਹੁਤੀ ਦੇਰ ਤਕ ਪਾਣੀ ਨੂੰ ਨਹੀਂ ਰੋਕ ਸਕਦਾ। ਕੀ ਮੇਰੀ ਤੇਰੀ ਖ਼ੋਜੀ ਹੋਈ ਖੁਸ਼ੀ ਬੁੱਕ ਵਿਚ ਭਰੇ ਪਾਣੀ ਵਰਗੀ ਸੀ? ਖ਼ਤ ਵਿਚ ਤੈਨੂੰ ਮੈਂ ਇਹ ਸਵਾਲ ਜ਼ਰੂਰ ਕਰਾਂਗਾ।
“ਨਦੀਮ—ਤੂੰ ਕਿਹੜੇ ਖ਼ਿਆਲਾਂ ਵਿਚ ਗਵਾਚ ਗਿਐਂ?” ਜੈਕ ਨੇ ਪੁੱਛਿਆ।
“ਤੇਰਾ ਤੇ ਜਿਲ ਦਾ ਤਲਾਕ ਹੋ ਗਿਆ—ਗੱਲ ਏਥੋਂ ਤਕ ਕਿਵੇਂ ਪਹੁੰਚ ਗਈ?” ਮੈਂ ਜੈਕ ਨੂੰ ਬੜੇ ਦੁਖ ਨਾਲ ਪੁੱਛਿਆ।
“ਸਾਡੇ ਤਲਾਕ ਦੀ ਖ਼ਬਰ ਸੁਣ ਕੇ ਤੂੰ ਬੇਕਾਰ ਏਨਾ ਦੁਖੀ ਹੋ ਰਿਹਾ ਹੈਂ ਨਦੀਮ—ਅਮਰੀਕਾ ਤੇ ਸਵੀਡਨ ਵਾਂਗ ਹੀ ਹੁਣ ਇੰਗਲਿਸਤਾਨ ਵਿਚ ਵੀ ਹਰ ਦੋ ਸ਼ਾਦੀਆਂ ਵਿਚੋਂ ਇਕ ਤਲਾਕ 'ਤੇ ਖ਼ਤਮ ਹੋ ਜਾਂਦੀ ਹੈ। ਪਤੀ ਤੇ ਪਤਨੀ ਦਾ ਸ਼ਾਦੀ ਦੇ ਬੰਨਣ ਤੋਂ ਆਜ਼ਾਦ ਹੋ ਜਾਣਾ ਹੁਣ ਬੜਾ ਆਸਾਨ ਹੋ ਗਿਆ ਹੈ। ਵਪਾਰਿਕ ਢਾਂਚੇ ਦਾ ਅਸਰ ਇਨਸਾਨੀ ਰਿਸ਼ਤਿਆਂ 'ਤੇ ਵੀ ਤਾਂ ਪੈਂਦਾ ਹੈ। ਜਿਵੇਂ ਮਸ਼ੀਨ ਦੇ ਪੁਰਜੇ ਬਦਲ ਲਏ ਜਾਂਦੇ ਨੇ ਪਤੀ ਪਤਨੀ ਵੀ ਬਦਲ ਲਏ ਜਾਂਦੇ ਨੇ।” ਜੈਕ ਨੇ ਮੈਨੂੰ ਸਮਝਾਇਆ ਸੀ।
“ਪਰ ਜਿਲ ਨੂੰ ਤਾਂ ਸ਼ਾਦੀਸ਼ੁਦਾ ਜ਼ਿੰਦਗੀ ਪਸੰਦ ਸੀ ਤੇ ਤੂੰ ਵੀ ਖੁਸ਼ ਲਗਦਾ ਸੀ।” ਮੈਂ ਸਵਾਲ ਕੀਤਾ।
“ਜਿਲ ਤੇ ਮੈਂ ਅਲਗ ਅਲਗ ਸ਼ਹਿਰਾਂ ਵਿਚ ਕੰਮ ਕਰਦੇ ਸਾਂ। ਉਹ ਸ਼ਫ਼ਲੇਡ ਤੋਂ ਬਾਹਰ ਨਹੀਂ ਜਾਣਾ ਚਾਹੁੰਦੀ ਸੀ ਤੇ ਖਾਸ ਕਰਕੇ ਉਹ ਘਰ ਨਹੀਂ ਛੱਡਣਾ ਚਾਹੁੰਦੀ ਸੀ ਜਿਹੜਾ ਤੂੰ ਵੇਖ ਈ ਚੁੱਕਿਆ ਏਂ। ਮੈਨੂੰ ਲੰਦਨ ਦੇ ਇਲਾਵਾ ਕਿਤੇ ਹੋਰ ਢੰਗ ਦੀ ਨੌਕਰੀ ਨਹੀਂ ਮਿਲਦੀ ਸੀ—ਤੇ ਫੇਰ ਬਹੁਤ ਸਾਰੀਆਂ ਹੋਰ ਵੀ ਛੋਟੀਆਂ ਛੋਟੀਆਂ ਗੱਲਾਂ ਸਨ—ਜਿਲ ਨੂੰ ਡਰਾਇੰਗ ਰੂਮ ਵਿਚ ਸੋਫੇ ਉੱਤੇ ਲੇਟਨਾਂ ਪਸੰਦ ਸੀ। ਉਹ ਘੰਟਿਆਂ ਬੱਧੀ ਖਿੜਕੀ ਦੇ ਬਾਹਰ ਦਰਖ਼ਤਾਂ ਤੇ ਬੂਟਿਆਂ ਨੂੰ ਘੂਰਦੀ ਰਹਿੰਦੀ, ਟੈਲੀਵਿਜ਼ਨ ਚਲਾ ਕੇ ਆਵਾਜ਼ ਬੰਦ ਕਰ ਦੇਂਦੀ।” ਜੈਕ ਕਹਿ ਰਿਹਾ ਸੀ।
“ਪਰ ਇਹ ਗੱਲਾਂ ਤਲਾਕ ਦੇਣ ਲਈ ਕਾਫੀ ਤਾਂ ਨਹੀਂ।” ਮੈਂ ਵਿਰੋਧ ਕੀਤਾ। ਸ਼ਾਇਦ ਮੈਨੂੰ ਆਸ ਸੀ ਕਿ ਜੈਕ ਮੇਰੀ ਤੇ ਤੇਰੀ ਦੋਸਤੀ ਦਾ ਤਾਅਨਾਂ ਦਏਗਾ। ਈਰਖ਼ਾ ਦੀ ਅੱਗ ਨੇ ਕੀ ਉਸਨੂੰ ਝੁਲਸਾਇਆ ਨਹੀਂ ਹੋਵੇਗਾ।
“ਇਹੀ ਗੱਲਾਂ ਜਦੋਂ ਮੁਹੱਬਤ ਦੀ ਬੁਨਿਆਦ ਬਣ ਸਕਦੀਆਂ ਹਨ ਤਾਂ ਤਲਾਕ ਦਾ ਕਾਰਣ ਵੀ ਹੋ ਸਕਦੀਆਂ ਹਨ—ਤੇ ਫੇਰ ਤੂੰ ਖ਼ੁਦ ਵੀ ਤਾਂ ਗੌਰ ਕੀਤਾ ਹੋਵੇਗਾ ਕਿ ਜਿਲ ਅਕਸਰ ਬੜੀਆਂ ਊਟ-ਪਟਾਂਗ ਗੱਲਾਂ ਕਰਦੀ ਹੁੰਦੀ ਸੀ—ਜ਼ਿੰਦਗੀ ਬਾਰੇ ਜਿਲ ਦੇ ਅਜੀਬ-ਅਜੀਬ ਵਿਚਾਰ ਸਨ—ਜਿਵੇਂ ਕਿ ਉਹ ਕਹਿੰਦੀ ਹੁੰਦੀ ਸੀ ਕਿ ਸੱਚ ਬੋਲਣ ਵਾਲੇ ਉੱਤੇ ਕਦੀ ਯਕੀਨ ਨਹੀਂ ਕਰਨਾ ਚਾਹੀਦਾ; ਪਰ ਜਾਣਦਾ ਏਂ ਨਦੀਮ ਉਹ ਖ਼ੁਦ ਹਮੇਸ਼ਾ ਸੱਚ ਬੋਲਦੀ ਸੀ। ਮੇਰੀ ਤੇ ਜਿਲ ਦੀ ਸ਼ਾਦੀ ਸੱਤ ਸਾਲ ਤਕ ਰਹੀ ਤੇ ਏਨੇ ਅਰਸੇ ਵਿਚ ਉਸਨੂੰ ਮੈਂ ਕਦੀ, ਇਕ ਵਾਰੀ ਵੀ, ਝੂਠ ਬੋਲਦਿਆਂ ਨਹੀਂ ਫੜ੍ਹਿਆ। ਉਹ ਜਜ਼ਬਾਤੀ ਹੋ ਜਾਣ ਨੂੰ ਬੜਾ ਮਾੜਾ ਸਮਝਦੀ ਸੀ ਪਰ ਉਹਦਾ ਉਹ ਘਰ ਤੇ ਸ਼ਫ਼ਲੇਡ ਨਾ ਛੱਡਣ ਦਾ ਫੈਸਲਾ ਬਿਲਕੁਲ ਜਜ਼ਬਾਤੀ ਸੀ। ਉਹ ਕਹਿੰਦੀ ਸੀ ਕਿ ਔਰਤ ਤੇ ਮਰਦ ਸਭ ਪੱਖਾਂ ਤੋਂ ਬਰਾਬਰ ਹੁੰਦੇ ਨੇ ਪਰ ਖ਼ੁਦ ਔਰਤ ਹੋਣ ਦਾ ਕੁਛ ਜ਼ਿਆਦਾ ਹੀ ਫਾਇਦਾ ਉਠਾਉਂਦੀ ਸੀ।” ਜੈਕ ਚੁੱਪ ਹੋ ਗਿਆ।
“ਤੈਨੂੰ ਜਿਲ ਨੂੰ ਤਲਾਕ ਦੇਣ ਦਾ ਅਫ਼ਸੋਸ ਨਹੀਂ...?” ਮੈਂ ਜੈਕ ਨੂੰ ਪੁੱਛਿਆ।
“ਹੈ ਵੀ ਤੇ ਨਹੀਂ ਵੀ। ਮੇਰੀ ਦੂਜੀ ਪਤਨੀ ਵੀ ਬੜੀ ਚੰਗੀ ਏ। ਲੰਦਨ ਵਿਚ ਉਸਦਾ ਆਪਣਾ ਘਰ ਹੈ। ਮੈਂ ਉਸਨੂੰ ਪੰਜ ਛੇ ਸਾਲ ਦਾ ਜਾਣਾ ਹਾਂ—ਪਰ ਜਿਸ ਦਿਨ ਸਾਡੇ ਤਲਾਕ ਦੀ ਕਾਰਵਾਈ ਪੂਰੀ ਹੋਈ ਸੀ ਮੈਂ ਜਿਲ ਨੂੰ ਕਈ ਵਰ੍ਹਿਆਂ ਬਾਅਦ ਗੌਰ ਨਾਲ ਦੇਖਿਆ ਸੀ। ਜਿਲ ਵਾਕਈ ਬੜੀ ਖ਼ੂਬਸੂਰਤ ਹੈ। ਖ਼ੁਬਸੂਰਤ ਔਰਤਾਂ ਦੇ ਪਤੀ ਆਪਣੀਆਂ ਪਤਨੀਆਂ ਦੇ ਹੁਸਨ ਨੂੰ ਹੌਲੀ-ਹੌਲੀ ਭੁੱਲ ਜਾਂਦੇ ਨੇ। ਮੈਂ ਹੁਣ ਕਦੀ ਸ਼ਫ਼ਲੇਡ ਜਾਂਦਾ ਹਾਂ ਤਾਂ ਜਿਲ ਨੂੰ ਮਿਲਦਾ ਹਾਂ। ਹੁਣ ਸਾਡਾ ਰਿਸ਼ਤਾ ਚੰਗੇ ਦੋਸਤਾਂ ਵਾਲਾ ਹੋ ਗਿਆ ਹੈ। ਬੜਾ ਮਜ਼ਾ ਆਉਂਦਾ ਏ। ਅੱਛਾ ਨਦੀਮ ਤੂੰ ਇਹ ਦੱਸ ਕਿ ਇਹ ਰੇਸ਼ਮ ਮੈਂ ਆਪਣੀ ਬੀਵੀ ਨੂੰ ਦਿਆਂ ਕਿ ਜਿਲ ਨੂੰ?” ਜੈਕ ਨੇ ਕੱਪੜੇ ਦੇ ਪੈਕੇਟ ਨੂੰ ਆਪਣੇ ਹੱਥ ਉੱਤੇ ਤੋਲਦਿਆਂ ਕਿਹਾ।
“ਜੇ ਮੈਂ ਇਹ ਆਖਾਂ ਕਿ ਜੈਕ ਇਹ ਪੈਕੇਟ ਤੂੰ ਆਪਣੀ ਬੀਵੀ ਨੂੰ ਦੇ ਦੇਵੀਂ ਕਿਉਂਕਿ ਇਹ ਮੈਂ ਤੇਰੀ ਬੀਵੀ ਲਈ ਖ਼ਰੀਦਿਆ ਸੀ ਤਾਂ ਇਹ ਝੂਠ ਹੋਵੇਗਾ—ਕਿਤੇ ਤੂੰ ਜਿਲ ਨਾਲ ਸੱਤ ਵਰ੍ਹੇ ਰਹਿ ਕੇ ਝੂਠ ਬੋਲਣ ਵਾਲਿਆਂ ਉੱਤੇ ਯਕੀਨ ਤਾਂ ਨਹੀਂ ਕਰਨ ਲੱਗ ਪਿਆ?”
ਜੈਕ ਕੱਲ੍ਹ ਰਾਤੀਂ ਲੰਦਨ ਪਰਤ ਗਿਆ ਹੋਏਗਾ। ਮੈਂ ਤੈਨੂੰ ਖ਼ਤ ਲਿਖ ਬਾਰੇ ਸੋਚ ਰਿਹਾ ਹਾਂ ਜਿਲ ਕਿਉਂਕਿ ਤੈਨੂੰ ਅਤੀਤ ਦੇ ਕੈਦਖ਼ਾਨੇ ਵਿਚੋਂ ਕੱਢਣ ਲਈ ਸਿਰਫ ਮੁਹੱਬਤ ਭਰੀ ਯਾਦ ਕਾਫੀ ਨਹੀਂ। ਮੈਂ ਤੈਨੂੰ ਖ਼ਤ ਲਿਖਾਂਗਾ ਤਾਂ ਪੁੱਛਾਂਗਾ ਕਿ ਜੈਕ ਨੇ ਸਵਾ ਦੋ ਗਜ਼ ਉਹ ਸੂਹਾ ਰੇਸ਼ਮ ਦੇਂਦਿਆਂ ਹੋਇਆਂ ਤੈਨੂੰ ਮੇਰੇ ਬਾਰੇ ਵਿਚ ਕੀ ਕਿਹਾ—ਕੀ ਜੈਕ ਨੇ ਮੇਰੀਆਂ ਅੱਖਾਂ ਵਿਚ ਇਹ ਆਰਜ਼ੂ ਦੇਖ ਲਈ ਸੀ ਕਿ ਖੁਸ਼ੀਆਂ ਭਰੇ ਪਲਾਂ ਦੀ ਤਲਾਸ਼ ਵਿਚ ਹੁਣ ਵੀ ਭਟਕਣ ਲਈ ਤਿਆਰ ਹਾਂ। ਜੈਕ ਨਾਲ ਗੱਲਾਂ ਕਰਕੇ ਮੈਂ ਤੇਰੇ ਸ਼ਬਦਾਂ ਦੇ ਜਾਦੂ 'ਚੋਂ ਜਾਗ ਚੁੱਕਿਆ ਹਾਂ। ਖੁਸ਼ੀਆਂ ਭਰੇ ਪਲਾਂ ਦੀ ਯਾਦ ਖੁਸ਼ੀ ਦਾ ਕਤਲ ਨਹੀਂ ਹੁੰਦੀ ਬਲਕਿ ਉਸਨੂੰ ਦੁੱਗਣਾ ਕਰ ਦੇਂਦੀ ਹੈ। ਮੈਨੂੰ ਯਕੀਨ ਹੈ ਕਿ ਮੈਂ ਤੈਨੂੰ ਖ਼ਤ ਜ਼ਰੂਰ ਲਿਖਾਂਗਾ। ਮੈਂ ਅੱਜ ਤਕ ਕਿਸੇ ਨੂੰ ਖ਼ਤ ਲਿਖਣ ਤੋਂ ਪਹਿਲਾਂ ਏਨੇ ਵਿਸਥਾਰ ਨਾਲ ਨਹੀਂ ਸੋਚਿਆ ਸੀ। ਮੈਂ ਲਿਖਾਂਗਾ ਜਿਲ ਕਿ ਮੈਨੂੰ ਤੇਰਾ ਸੋਫੇ ਉੱਤੇ ਲੇਟੇ ਰਹਿਣਾ ਪਸੰਦ ਹੈ ਤੇ ਆਵਾਜ਼ ਬੰਦ ਕਰਕੇ ਟੈਲੀਵਿਜ਼ਨ ਦੇਖਣਾ ਚੰਗਾ ਲੱਗਦਾ ਹੈ ਤੇ ਖਿੜਕੀ ਵਿਚੋਂ ਬਾਹਰ ਹਰੀ ਘਾਹ ਦੀ ਸਿੱਲ੍ਹ ਉਪਰ ਜਦੋਂ ਤੂੰ ਸਿਓ ਦੇ ਦਰਖ਼ਤਾਂ ਦੇ ਪਰਛਾਵਿਆਂ ਨੂੰ ਡੋਲਦਿਆਂ ਹੋਇਆਂ ਦੇਖ ਰਹੀ ਹੁੰਦੀ ਸੈਂ ਤਾਂ ਮੈਨੂੰ ਬੜੀ ਪਿਆਰੀ ਲੱਗ ਰਹੀ ਹੁੰਦੀ ਸੈਂ ਪਰ ਮੈਨੂੰ ਡਰ ਹੈ ਕਿ ਤੂੰ ਕਹੇਂਗੀ ਕਿ ਇਹਨਾਂ ਗੱਲਾਂ ਨੂੰ ਕਹਿਣ ਦੀ ਜਾਂ ਲਿਖਣ ਦੀ ਕੀ ਲੋੜ ਹੈ। ਉਹਨਾਂ ਨੂੰ ਸਮਝਣ ਲਈ ਤਾਂ ਖ਼ਾਮੋਸ਼ੀ ਹੀ ਕਾਫੀ ਹੁੰਦੀ ਹੈ। ਖ਼ਾਮੋਸ਼ੀ ਜਿਸ ਨੂੰ ਮੈਂ ਮੁਹੱਬਤ ਦੀ ਪਛਾਣ ਸਮਝਦਾ ਸਾਂ, ਮੇਰੇ ਲਈ ਹੁਣ ਤਕਲੀਫ਼ ਦਾ ਸਬੱਬ ਬਣ ਗਈ ਹੈ। ਤੇਰੀ ਖ਼ਾਮੋਸ਼ੀ ਕਾਰਣ ਜਿਹੜੇ ਜ਼ਖ਼ਮ ਮੇਰੇ ਹੋਏ, ਹੁਣ ਸ਼ਾਇਦ ਹਮੇਸ਼ਾ ਹੀ ਹਰੇ ਰਹਿਣਗੇ। ਮੈਂ ਸੋਚਦਾ ਹਾਂ ਜਿਲ ਕਿ ਮੈਂ ਤੈਨੂੰ ਖ਼ਤ ਨਾ ਲਿਖਾਂ। ਤੇਰੀ ਖ਼ਾਮੋਸ਼ੀ ਦਾ ਜੁਆਬ ਸ਼ਾਇਦ ਖ਼ਾਮੋਸ਼ੀ ਹੀ ਠੀਕ ਰਹੇਗਾ। ਮੇਰੇ ਲਈ ਖ਼ਤ ਲਿਖਣਾ ਵੈਸੇ ਵੀ ਕੋਈ ਆਸਾਨ ਕੰਮ ਨਹੀਂ ਤੇ ਖਾਸ ਕਰਕੇ ਤੈਨੂੰ ਖ਼ਤ ਲਿਖਣਾ—ਬੜੀ ਚੰਗੀ ਤੇ ਬੜੀ ਹੀ ਪਿਆਰੀ ਜਿਲ।
(ਅਨੁਵਾਦ: ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਅਲੀ ਬਾਕਰ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ