Khoon (Punjabi Story) : Gurbachan Singh Bhullar

ਖੂਨ (ਕਹਾਣੀ) : ਗੁਰਬਚਨ ਸਿੰਘ ਭੁੱਲਰ

ਕਰਤਾਰੇ ਨੇ ਕਿੱਲੀ ਉਤੋਂ ਤਲਵਾਰ ਲਾਹੀ, ਮਿਆਨ ਵਿਚੋਂ ਕੱਢੀ ਅਤੇ ਉਹਦੀ ਧਾਰ ਉਤੇ ਖੱਬੇ ਹੱਥ ਦਾ ਗੂਠਾ ਫੇਰਿਆ। ਉਹ ਵਿਹੜੇ ਵਿਚ ਖੜ੍ਹੀ ਟਾਹਲੀ ਕੋਲ ਆਇਆ। ਬਾਂਹ ਜਿੰਨਾ ਮੋਟਾ ਇਕ ਡਾਹਣਾ ਪੋਰੇ ਨਾਲੋਂ ਪਾਟ ਕੇ ਚੜ੍ਹਦੇ ਵਾਲੇ ਪਾਸੇ ਨੂੰ ਵਧਿਆ ਹੋਇਆ ਸੀ। ਉਹਨੇ ਤਲਵਾਰ ਦਾ ਭਰਵਾਂ ਵਾਰ ਕੀਤਾ, ਡਾਹਣਾ ਮੂਲੀ ਦੇ ਡੱਕਰੇ ਵਾਂਗ ਧਰਤੀ ਉਤੇ ਆ ਪਿਆ। ਤਲਵਾਰ ਚੁੰਮ ਕੇ ਉਹਨੇ ਮਿਆਨ ਵਿਚ ਪਾਈ ਅਤੇ ਘਰੋਂ ਬਾਹਰ ਨਿੱਕਲ ਗਿਆ।
ਸੱਥ ਵਿਚੋਂ ਘਰ ਨੂੰ ਆਉਂਦੇ ਨੇ ਉਹਨੇ ਚੌਕੀਦਾਰ ਦਾ ਹੋਕਾ ਸੁਣਿਆ ਸੀ। ਮੁਰੱਬਾਬੰਦੀ ਵਾਲੇ ਪਟਵਾਰੀ ਪਿੰਡ ਵਿਚ ਆ ਗਏ ਸਨ। ਇਹ ਹੋਕਾ ਜਿਵੇਂ ਉਹ ਫੂਕ ਸੀ, ਜੋ ਚਿਰਾਂ ਤੋਂ ਧੁਖਦੇ ਘਾਹ ਫੂਸ ਦੇ ਮਚੂੰ-ਮਚੂੰ ਕਰਦੇ ਢੇਰ ਵਿਚ ਲਾਟ ਬਾਲ ਦਿੰਦੀ ਹੈ। ਕਈ ਸਾਲਾਂ ਤੋਂ ਉਹਦੇ ਦਿਲ ਦੀ ਇਕ ਨੁੱਕਰ ਵਿਚ ਇਕ ਅੱਚਵੀ ਜਿਹੀ ਲੱਗੀ ਰਹਿੰਦੀ ਸੀ, ਪਰ ਉਹ ਕਿਸੇ ਸਿੱਟੇ ਉਤੇ ਨਹੀਂ ਸੀ ਪੁੱਜ ਸਕਿਆ। ਹੁਣ ਉਹਨੇ ਸੋਚਿਆ ਕਿ ਵੇਲਾ ਆ ਗਿਆ ਸੀ। ਜੇ ਉਹਨੇ ਕੁਝ ਕਰਨਾ ਹੀ ਸੀ, ਤਾਂ ਹੁਣੇ ਕਿਉਂ ਨਾ ਕਰੇ, ਜਦੋਂ ਨਾਲ ਹੀ ਜ਼ਮੀਨ ਵਾਲੀ ਗੱਲ ਦਾ ਮੁਰੱਬਾਬੰਦੀ ਵਿਚ ਤੋਪਾ ਭਰਿਆ ਜਾਵੇ।
ਘਰੋਂ ਨਿੱਕਲ ਕੇ ਕਰਤਾਰਾ ਦੋ ਕੁ ਮੀਲ ਦੂਰੋਂ ਲੰਘਦੀ ਪੱਕੀ ਸੜਕ ਵੱਲ ਜਾਂਦੇ ਰਾਹ ਨਾ ਪਿਆ। ਉਹ ਅਗਲੇ ਪਿੰਡ ਦੇ ਅੱਡੇ ਵੱਲ ਜਾਂਦੀ ਸੁੰਨੀ ਡੰਡੀ ਉਤੇ ਤਿੱਖੀ ਤੋਰ ਤੁਰਿਆ ਜਾ ਰਿਹਾ ਸੀ। ਪੰਦਰਾਂ ਘੁਮਾਂ ਦੀ ਗੱਲ ਵੀ ਕੋਈ ਛੋਟੀ ਨਹੀਂ ਸੀ, ਪਰ ਉਹ ਤਾਂ ਆਪਣੇ ਭਵਿੱਖ ਦੇ ਇਕ ਵੈਰੀ ਦੀ ਅਲਖ ਮੁਕਾਉਣ ਚੱਲਿਆ ਸੀ। ਉਹ ਚਾਹੁੰਦਾ ਸੀ ਕਿ ਉਹਦੇ ਜਾਂਦੇ ਜਾਂ ਆਉਂਦੇ ਦੇ ਕੋਈ ਬੰਦਾ ਮੱਥੇ ਨਾ ਲੱਗੇ। ਆਪਣੇ ਕਾਰੇ ਦੀ ਗੰਭੀਰਤਾ ਬਾਰੇ ਸੋਚ ਕੇ ਉਹਦਾ ਦਿਲ ਤੇਜ਼ ਤੇਜ਼ ਧੜਕਣ ਲੱਗਦਾ। ਪਹਿਲਾਂ ਉਹਨੇ ਰਾਤ ਦੀ ਗੱਡੀ ਜਾਣਾ ਸੋਚਿਆ ਸੀ, ਪਰ ਇਸ ਤਰ੍ਹਾਂ ਅੱਗੇ ਦਿਨ ਆ ਜਾਣਾ ਸੀ। ਅਜਿਹੇ ਕੰਮ ਕਰਨ ਵਾਲਿਆਂ ਨੂੰ ਤਾਂ ਅੱਗੇ ਰਾਤ ਚਾਹੀਦੀ ਹੈ।
ਕਈ ਵਾਰ ਕਰਤਾਰਾ ਆਪਣੇ ਜੁੰਡੀ ਦੇ ਯਾਰਾਂ ਨਾਲ ਬੈਠਾ ਸ਼ਰਾਬ ਪੀ ਰਿਹਾ ਹੁੰਦਾ, ਤਾਂ ਉਹ ਫੜ੍ਹ ਮਾਰਦਾ, “ਆਪਣੇ ਮੂਹਰੇ ਤਾਂ ਬਾਈ ਇਕ ਵੇਲੇ ਵਗਦੇ ਦਰਿਆਵਾਂ ਦੇ ਪਾਣੀ ਅਟਕ ਜਾਂਦੇ ਐ।”
ਕਦੀ ਕਦੀ ਢਾਣੀ ਵਿਚੋਂ ਕੋਈ ਟਕੋਰ ਲਾਉਂਦਾ, “ਜੀਹਦੀ ਮਾਂ ਘਰੋਂ ਕੱਢੀ ਐ, ਕਰਤਾਰਿਆ, ਓਹੋ ਤੈਨੂੰ ਪੁੱਛੂ ਬਈ ਦਰਿਆਵਾਂ ਦੇ ਪਾਣੀ ਕਿਵੇਂ ਅਟਕਦੇ ਹੁੰਦੇ ਐ। ਉਹ ਵੀ ਹੁਣ ਦਹੀਂ ਨਾਲ ਟੁੱਕ ਖਾਂਦਾ ਹੋਣੈਂ।”
ਕਰਤਾਰਾ ਕੱਚਾ ਹੋ ਕੇ ਆਖਦਾ, “ਉਹ ਕੀੜੇ-ਪਤੰਗੇ ਜਿੰਨਾ ਛੋਕਰਾ ਮੇਰਾ ਕੀ ਕਰੂ... ਨਾਲੇ ਸਾਲਿਓ, ਉਹਦੀ ਮਾਂ ਮੈਂ ਘਰੋਂ ਕੱਢੀ ਐ ਓਇ?”
ਜਦੋਂ ਵੀ ਅਜਿਹੀ ਗੱਲ ਛਿੜਦੀ, ਆਈ ਗਈ ਹੋ ਜਾਂਦੀ; ਪਰ ਕਰਤਾਰੇ ਉਤੇ ਇਕ ਅਸਰ ਛੱਡ ਜਾਂਦੀ। ਉਹਨੂੰ ਲਗਦਾ, ਠੀਕ ਹੀ ਉਹਦਾ ਭਵਿੱਖ ਦਾ ਵੈਰੀ ਦੂਰ ਬੈਠਾ ਦਹੀਂ ਨਾਲ ਟੁੱਕ ਖਾ ਰਿਹਾ ਹੈ। ਕੀ ਹੋਇਆ ਜੇ ਉਹ ਅੱਜ ਕੀੜਾ ਪਤੰਗਾ ਹੈ, ਕੱਲ੍ਹ ਨੂੰ ਉਹ ਵੱਡਾ ਹੋ ਕੇ ਸੱਪ ਵੀ ਬਣ ਸਕਦਾ ਹੈ।
ਨਰਮ ਜਿਹਾ ਦੁਪਹਿਰਾ ਹੋ ਚੱਲਿਆ ਸੀ। ਬੱਸ ਆਈ। ਕਰਤਾਰੇ ਨੇ ਸ਼ੁਕਰ ਕੀਤਾ, ਬੱਸ ਵਿਚ ਉਹਦੇ ਪਿੰਡ ਦਾ ਕੋਈ ਬੰਦਾ ਨਹੀਂ ਸੀ। ਉਹ ਵਿਚਕਾਰ ਜਿਹੇ ਕਰ ਕੇ ਬਾਰੀ ਕੋਲ ਦੀ ਸੀਟ ਉਤੇ ਬੈਠ ਗਿਆ। ਉਹ ਸੋਚ ਰਿਹਾ ਸੀ ਕਿ ਜੱਗਰ ਦੇ ਕਤਲ ਵਾਲੇ ਮਾਮਲੇ ਵਿਚ ਉਹ ਲੋਕਾਂ ਦੀ ਨਜ਼ਰ ਵਿਚ ਅਸਲੋਂ ਹੀ ਸਾਫ਼ ਨਹੀਂ ਸੀ। ਜੱਗਰ ਦੇ ਕਤਲ ਵੇਲੇ ਪਿੰਡ ਵਿਚ ਉਹਦੇ ਬਾਰੇ ਭਾਂਤ-ਭਾਂਤ ਦੀਆਂ ਗੱਲਾਂ ਉਡੀਆਂ ਹਨ। ਕੋਈ ਕਹਿੰਦਾ ਸੀ ਕਿ ਉਹਦਾ ਸਿੱਧਾ ਹੱਥ ਸੀ, ਕੋਈ ਕਹਿੰਦਾ ਕਿ ਉਹਨੂੰ ਪਤਾ ਜ਼ਰੂਰ ਸੀ। ਆਮ ਚਰਚਾ ਸੀ ਕਿ ਪਹਿਲਾਂ ਪੁਲਿਸ ਦੀ ਉਹਨੂੰ ਵੀ ਵਿਚੇ ਰੱਖਣ ਦੀ ਸਲਾਹ ਸੀ, ਪਰ ਉਹ ਰਾਤੋ-ਰਾਤ ਥਾਣੇਦਾਰ ਨੂੰ ਰਕਮ ਝੋਕ ਆਇਆ ਸੀ।
ਖੁਦ ਕੁਲਵੰਤੋ ਨੂੰ ਸ਼ੱਕ ਸੀ ਕਿ ਕਤਲ ਵਿਚ ਕਰਤਾਰੇ ਦਾ ਹੱਥ ਹੈ। ਭੱਜੀ ਜਾਂਦੀ ਬੱਸ ਵਿਚੋਂ ਦੂਰ-ਦੂਰ ਤੱਕ ਪਸਰੇ ਹੋਏ ਖੇਤਾਂ ਉਤੇ ਸੱਖਣੀ ਜਿਹੀ ਝਾਤ ਮਾਰਦਿਆਂ ਉਹਨੇ ਸੋਚਿਆ, ਤਾਂ ਹੀ ਤਾਂ ਉਹ ਉਹਦੇ ਘਰ ਵਸਣਾ ਨਹੀਂ ਸੀ ਮੰਨੀ।
ਜਦੋਂ ਪਿੰਡ ਦੇ ਦੋ ਹੋਰ ਬੰਦਿਆਂ ਉਤੇ ਜੱਗਰ ਦੇ ਕਤਲ ਦਾ ਮੁਕੱਦਮਾ ਬਣਿਆ, ਤਾਂ ਕਰਤਾਰੇ ਨੇ ਕੁਲਵੰਤੋ ਨੂੰ ਘਰ ਵਸਾਉਣ ਲਈ ਗੱਲ ਤੋਰੀ। ਜੱਗਰ ਦੇ ਮਰਨ ਪਿਛੋਂ ਕੁਲਵੰਤੋਂ ਬਿਲਕੁਲ ਨਿਆਸਰੀ ਰਹਿ ਗਈ ਸੀ। ਸੱਸ ਸਹੁਰਾ ਪਹਿਲਾਂ ਹੀ ਮਰੇ ਹੋਏ ਸਨ, ਤੇ ਬੱਸ ਦੋ ਸਾਲ ਦਾ ਮੁੰਡਾ ਹੀ ਉਹਦਾ ‘ਪਰਿਵਾਰ’ ਰਹਿ ਗਿਆ ਸੀ। ਕਰਤਾਰਾ ਸਮਝਦਾ ਸੀ ਕਿ ਇਕ ਤਾਂ ਕੁਲਵੰਤੋ ਨਿਆਸਰੀ ਰਹਿ ਜਾਣ ਕਰ ਕੇ ਉਹਦੀ ਗੱਲ ਸ਼ਾਇਦ ਨਾ ਹੀ ਮੋੜੇ। ਦੂਜੀ ਗੱਲ, ਰਿਸ਼ਤੇ ਦੇ ਪੱਖੋਂ ਵੀ ਉਹ ਆਪਣਾ ਹੱਕ ਗਿਣਦਾ ਸੀ। ਜੱਗਰ ਦਾ ਦਾਦੇ ਪੋਤਿਓਂ ਇਕੋ-ਇਕ ਭਰਾ ਹੋਣ ਕਰ ਕੇ ਉਹ ਸਮਝਦਾ ਸੀ ਕਿ ਜੇ ਕੁਲਵੰਤੋ ਉਹਦੇ ਘਰ ਨਹੀਂ ਵਸੇਗੀ ਤਾਂ ਕਰੇਗੀ ਕੀ?
ਪਹਿਲਾਂ ਕਰਤਾਰੇ ਨੇ ਸ਼ਾਮੋ ਨਾਇਣ ਰਾਹੀਂ ਗੱਲ ਚਲਾਈ। ਫੇਰ ਉਹਨੇ ਆਪ ਸਿੱਧੇ ਮੱਥੇ ਕੁਲਵੰਤੋ ਨਾਲ ਗੱਲ ਕੀਤੀ। ਕੁਲਵੰਤੋ ਦੀਆਂ ਅੱਖਾਂ ਡੁਭ-ਡੁਭ ਭਰ ਆਈਆਂ, “ਕਰਤਾਰਿਆ, ਤੂੰ ਮੇਰੇ ਨਾਲ ਇਹੋ ਜਿਹੀ ਗੱਲ ਕਰਨ ਦਾ ਜੇਰਾ ਕਿਵੇਂ ਕੀਤਾ? ਅਜੇ ਤਾਂ ਮਰਨ ਵਾਲੇ ਦਾ ਊਂ ਵੀ ਸਿਵਾ ਠੰਢਾ ਨਹੀਂ ਹੋਇਆ, ਪਰ ਮੇਰੇ ਵਾਸਤੇ ਤਾਂ ਇਹ ਸਾਰੀ ਉਮਰ ਨਹੀਂ ਠਰਨਾ।”
ਕਰਤਾਰੇ ਨੇ ਡੱਕੇ ਨਾਲ ਮਿੱਟੀ ਖੁਰਚਦਿਆਂ ਕਿਹਾ, “ਕੁਲਵੰਤ ਕੁਰੇ, ਸ਼ਾਮੋ ਨਾਇਣ ਨੇ ਵੀ ਮੇਰੇ ਨਾਲ ਗੱਲ ਕੀਤੀ ਸੀ, ਪਰ ਮੈਨੂੰ ਗਊ ਵਾਲੀ ਆਣ ਐ, ਜੇ ਜੱਗਰ ਸਿਉਂ ਦੇ ਕਤਲ ਦੀ ਮੈਨੂੰ ਭੋਰਾ ਵੀ ਸੂਹ ਹੋਵੇ। ਲੋਕ ਸਾਲੇ ਐਵੇਂ ਭਕਾਈ ਮਾਰਦੇ ਐ।”
“ਲੋਕ ਤਾਂ ਭਕਾਈ ਮਾਰਦੇ ਐ, ਪਰ ਜੇ ਤੂੰ ਬਿਲਕੁਲ ਹੀ ਦੁੱਧ-ਧੋਤਾ ਸੀ, ਤੈਨੂੰ ਬਾਣੀਏ ਤੋਂ ਪੈਸੇ ਵਿਆਜੂ ਲੈ ਕੇ ਥਾਣੇਦਾਰ ਦੀ ਜੇਬ ਭਰਨ ਦੀ ਕੀ ਲੋੜ ਸੀ?” ਕੁਲਵੰਤੋ ਨੇ ਚੁੰਨੀ ਦੇ ਲੜ ਨਾਲ ਅੱਖਾਂ ਪੂੰਝੀਆਂ।
“ਮੈਂ ਕਿਸੇ ਸਾਲੇ ਤੋਂ ਪੈਸੇ ਲਿਆ ਕੇ ਨ੍ਹੀਂ ਦਿੱਤੇ। ਲੋਕਾਂ ਦਾ ਕੀ ਮੂੰਹ ਫੜ ਲੈਣਾ ਐ? ਨਾਲੇ ਹੁਣ ਤਾਂ ਕਾਤਲ ਫੜੇ ਗਏ, ਦੁੱਧੋਂ ਪਾਣੀ ਨਿੱਤਰ ਗਿਆ।”
“ਦੁੱਧੋਂ ਪਾਣੀ ਤਾਂ ਰੱਬ ਨਿਤਾਰੇ ਕਰਤਾਰਿਆ, ਪਰ ਤੂੰ ਮੁੜ ਕੇ ਇਹੋ ਜਿਹੀ ਗੱਲ ਨਾ ਤੋਰੀਂ। ਰੱਬ ਦਾ ਵਾਸਤਾ, ਮੈਨੂੰ ਆਹ ਜੁਆਕ ਪਾਲ ਲੈਣ ਦੇ। ਜੋ ਹੋਣਾ ਸੀ, ਹੋ ਗਿਆ।” ਕੁਲਵੰਤੋਂ ਨੇ ਜਿਵੇਂ ਤਰਲਾ ਕੀਤਾ।
“ਕੁਲਵੰਤ ਕੁਰੇ, ਬਾਈ ਦਾ ਮੈਨੂੰ ਕਿਹੜਾ ਦੁੱਖ ਨੀ। ਭਰਾ ਤਾਂ ਸੱਜੀ ਬਾਂਹ ਹੁੰਦੇ ਐ...।” ਕਰਤਾਰਾ ਮਸਕੀਨ ਬਣਿਆ ਖਲੋਤਾ ਸੀ।
“ਜੇ ਅਜੇ ਵੀ ਤੂੰ ਸਮਝੇਂ, ਇਹਦੇ ਵਿਚ ਵੀ ਤੇਰਾ ਈ ਖੂਨ ਐ। ਵੱਡਾ ਹੋ ਕੇ ਤੇਰੀ ਧਿਰ ਬਣੂ।”
“ਮੈਂ ਤਾਂ ਹੀ ਤਾਂ ਤੈਨੂੰ ਕਹਿਨਾਂ, ਪਰ ਤੂੰ ਕੰਨ ਹੀ ਨਹੀਂ ਧਰਦੀ!”
“ਨਹੀਂ ਕਰਤਾਰਿਆ, ਤੂੰ ਆਬਦੇ ਘਰ ਵਸ-ਰਸ, ਮੈਨੂੰ ਆਬਦੇ ਦੁੱਖ ਭੋਗਣ ਦੇ। ਜੋ ਹੋਣਾ ਸੀ, ਹੋ ਗਿਆ। ਮੈਨੂੰ ਜੁਆਕ ਪਾਲਣ ਦੇ, ਰਾਮ ਰਾਮ ਕਰ ਕੇ। ਮੈਂ ਇਹਦੇ ਉਤੇ ਇਨ੍ਹਾਂ ਗੱਲਾਂ ਦਾ ਪਰਛਾਵਾਂ ਨਹੀਂ ਪੈਣ ਦੇਣਾ। ਸੌ ਗਊਆਂ ਵਰਗੇ ਜੱਗਰ ਦਾ ਪਾਪ ਸੱਤ ਕੁਲਾਂ ਮੇਟ ਦੇਊ, ਜੀਹਨੇ ਵੀ ਇਹ ਕੁਕਰਮ ਕੀਤਾ ਐ!”
ਕਰਤਾਰਾ ਸਮਝਦਾ ਸੀ ਕਿ ਤੀਵੀਂ ਬੜੀ ਚਲਾਕ ਨਿੱਕਲੀ। ਲਾਲਟੈਣ ਵਰਗੀ ਕੁਲਵੰਤ ਘਰ ਦਾ ਚਾਨਣ ਬਣ ਜਾਣੀ ਸੀ। ਮੁੰਡੇ ਨੇ ਉਹਦਾ ਭਵਿੱਖ ਦਾ ਵੈਰੀ ਬਣਨ ਦੀ ਥਾਂ ਉਹਨੂੰ ਪਿਓ ਸਮਝਣ ਲੱਗ ਜਾਣਾ ਸੀ। ਤੇ ਪੰਦਰਾਂ ਘੁਮਾਂ ਜ਼ਮੀਨ ਹੋਰ ਮਾਲਕੀ ਹੇਠ ਆ ਜਾਣੀ ਸੀ।
ਬੱਸ ਫੇਰ ਕਿਸੇ ਅੱਡੇ ਉਤੇ ਰੁਕੀ। ਕਰਤਾਰੇ ਦੀਆਂ ਸੋਚਾਂ ਦੀ ਲੜੀ ਟੁੱਟ ਗਈ। ਬਾਹਰ ਅੱਠ-ਨੌਂ ਸਾਲ ਦਾ ਮੁੰਡਾ ਮਿੱਠੀਆਂ ਗੋਲੀਆਂ ਵੇਚ ਰਿਹਾ ਸੀ। ਕਰਤਾਰੇ ਨੇ ਸੋਚਿਆ, ਹੁਣ ਤਾਂ ਮੁੰਡਾ ਏਡਾ ਹੋ ਗਿਆ ਹੋਣਾ ਹੈ। ਜੇ ਕੁਲਵੰਤੋ ਉਹਨੂੰ ਪਾਣ ਚਾੜ੍ਹਨ ਲੱਗ ਗਈ ਹੋਈ, ਉਹ ਤਾਂ ਪੰਜ-ਸੱਤ ਸਾਲਾਂ ਨੂੰ ਉਹਦੀ ਗਰਦਨ ਲਾਹ ਸਕਦਾ ਸੀ। ਕਰਤਾਰੇ ਦੇ ਨਾਲ ਦੇ ਪਿੰਡ ਚੌਦਾਂ ਸਾਲ ਦੇ ਇਕ ਮੁੰਡੇ ਨੇ ਇਕੱਲੇ ਨੇ ਹੀ ਚਾਲੀ ਸਾਲ ਦਾ ਆਦਮੀ ਵੱਢ ਦਿੱਤਾ ਸੀ।
ਬਾਹਰ ਕੁਝ ਹਨੇਰਾ ਜਿਹਾ ਹੋ ਗਿਆ। ਕਰਤਾਰੇ ਨੇ ਵੇਖਿਆ, ਬੱਦਲ ਸੂਰਜ ਉਤੇ ਆ ਗਿਆ ਸੀ। ਉਹਨੇ ਨਜ਼ਰ ਫੇਰ ਬੱਸ ਦੇ ਅੰਦਰ ਕਰ ਲਈ। ਉਹਦੇ ਮਨ ਵਿਚ ਆਇਆ ਕਿ ਲੋਕੀਂ ਜੱਗਰ ਬਾਰੇ ਹੀ ਅਜੇ ਉਹਦੇ ਵੱਲ ਉਂਗਲਾਂ ਕਰਨੋਂ ਨਹੀਂ ਹਟੇ... ਤੇ ਗੱਲ ਤਾਂ ਆਖਰ ਅਗੇਤੀ ਜਾਂ ਪਿਛੇਤੀ ਕੁਝ ਨਾ ਕੁਝ ਹੱਦ ਤੱਕ ਨਿਕਲ ਹੀ ਆਉਂਦੀ ਹੈ, ਪਰ ਉਹਦਾ ਡਰ ਫੇਰ ਜਾਗਿਆ- ਜੇ ਉਹ ਢਿੱਲ ਕਰ ਗਿਆ, ਮੁੰਡਾ ਗੱਭਰੂ ਹੋ ਕੇ ਪਹਿਲ ਕਰ ਜਾਵੇਗਾ। ਜੱਟਾਂ ਦੇ ਖੋਰ ਤਾਂ ਆਖਰ ਪੀੜ੍ਹੀਆ ਤੱਕ ਜਾਂਦੇ ਹਨ।
ਨਾਲੇ ਜੇ ਉਹਦਾ ਕੰਮ ਨੇਪਰੇ ਚੜ੍ਹ ਜਾਵੇ ਤਾਂ ਦਸ ਘੁਮਾਂ ਉਹਦੀ ਅਤੇ ਪੰਦਰਾਂ ਘੁਮਾਂ ਜੱਗਰ ਵਾਲੀ ਜੁੜ ਕੇ ਪੱਚੀ ਘੁਮਾਂ ਦਾ ਮੁਰੱਬਾ ਬਣ ਸਕਦਾ ਸੀ ਅਤੇ ਉਹ ਸਰਦਾਰ ਅਖਵਾ ਸਕਦਾ ਸੀ। ਹੁਣ ਜਿਨ੍ਹਾਂ ਕੋਲ ਉਹ ਜ਼ਮੀਨ ਹਿੱਸੇ ਜਾਂ ਠੇਕੇ ਉਤੇ ਹੁੰਦੀ ਸੀ, ਉਹ ਮੌਜ ਕਰ ਰਹੇ ਸਨ। ਕੁਲਵੰਤੋ ਜਦੋਂ ਤੋਂ ਆਪਣੇ ਪਿਓ ਨਾਲ ਗਈ ਸੀ, ਦੋ-ਤਿੰਨ ਵਾਰ ਚੁੱਪ-ਚੁਪੀਤੇ ਸ਼ਹਿਰ ਆਈ ਸੀ ਅਤੇ ਬਾਣੀਏ ਰਾਹੀਂ ਜ਼ਮੀਨ ਹਿੱਸੇ ਜਾਂ ਠੇਕੇ ਉਤੇ ਦੇ ਗਈ ਸੀ।
ਕਰਤਾਰੇ ਨੂੰ ਕੁਲਵੰਤੋਂ ਦਾ ਪਿੰਡ ਨਾ ਆਉਣਾ ਚੁਭਦਾ ਸੀ। ਉਹ ਸਮਝਦਾ ਸੀ ਕਿ ਕੁਲਵੰਤੋ ਦੇ ਦਿਲ ਵਿਚ ਖੋਟ ਹੈ। ਕੁਲਵੰਤੋ ਨਾਲ ਹੋਈਆਂ ਗੱਲਾਂ ਵਿਚੋਂ ਉਹਨੂੰ ਸਿਰਫ ਇਕੋ ਚੇਤੇ ਸੀ ਕਿ ਉਹ ਵੀ ਲੋਕਾਂ ਵਾਂਗ ਜੱਗਰ ਕੇ ਕਤਲ ਵਿਚ ਉਹਦਾ ਹੱਥ ਸਮਝਦੀ ਸੀ। ਉਹਦੀਆਂ ਬਾਕੀ ਗੱਲਾਂ ਨੂੰ ਉਹ ਮੋਮੋਠੱਗਣੀਆਂ ਸਮਝਦਾ ਸੀ।
ਪਰ ਕਰਤਾਰੇ ਦੇ ਬੁੱਲ੍ਹਾਂ ‘ਤੇ ਇਕਦਮ ਫੇਰ ਸਿੱਕਰੀ ਆ ਗਈ- ਜੇ ਕੋਈ ਉਲਝਾਅ ਪੈ ਗਿਆ? ਜੱਗਰ ਦੇ ਕਤਲ ਵਿਚ ਉਹਦਾ ਸਿੱਧਾ ਹੱਥ ਕੋਈ ਨਹੀਂ ਸੀ, ਪਰ ਥਾਣੇਦਾਰ ਨੇ ਤਦ ਵੀ ਉਹਨੂੰ ਸੱਦ ਕੇ ਕਿੱਲੀ ਉਤੇ ਟੰਗੀ ਹੋਈ ਹੱਥਕੜੀ ਵਿਖਾ ਦਿੱਤੀ ਸੀ। ਕਰਤਾਰੇ ਨੇ ਸੋਚਿਆ ਕਿ ਇਹ ਤਾਂ ਠੀਕ ਹੈ, ਜੇ ਉਹ ਚਾਹੁੰਦਾ ਤਾਂ ਵਰਤਣ ਵਾਲੇ ਭਾਣੇ ਬਾਰੇ ਜੱਗਰ ਨੂੰ ਪਹਿਲਾਂ ਦੱਸ ਸਕਦਾ ਸੀ, ਪਰ ਉਹਨੂੰ ਤਾਂ ਇਹੋ ਸੀ ਕਿ ਉਹ ਜੱਗਰ ਦੀ ਬੱਸ ਲੱਤ ਵੱਢਣਗੇ। ਤੇ ਸ਼ਰੀਕ ਦੀ ਲੱਤ ਵੱਢੀ ਜਾਵੇ, ਇਹ ਗੱਲ ਅੰਦਰਲਾ ਸੁਆਦ ਵੀ ਦਿੰਦੀ ਹੈ।
ਕੈਲੇ ਤੇ ਦੀਪੇ ਨੇ ਜ਼ਮੀਨ ਗਹਿਣੇ ਲੈਣ ਦਾ ਸੌਦਾ ਕੀਤਾ ਸੀ ਅਤੇ ਜੱਗਰ ਨੇ ਉਹ ਭਾਅ ਵਧਾ ਕੇ ਲੈ ਲਈ ਸੀ। ਉਨ੍ਹਾਂ ਨੇ ਜੱਗਰ ਤੋਂ ਬਦਲਾ ਲੈਣ ਦੀ ਧਾਰ ਲਈ। ਉਸ ਦਿਨ ਜੱਗਰ ਅਗਲੇ ਖੇਤ ਗਿਆ ਹੋਇਆ ਸੀ ਅਤੇ ਕੈਲਾ ਤੇ ਦੀਪਾ ਆਪਣੇ ਖੇਤ ਭੱਠੀ ਲਾਈ ਬੈਠੇ ਸਨ। ਕਰਤਾਰਾ ਆਪਣੇ ਖੇਤੋਂ ਝੋਟਾ ਭਜਾਉਂਦਿਆਂ ਅਣ-ਮਤੇ ਹੀ ਉਨ੍ਹਾਂ ਕੋਲ ਚਲਿਆ ਗਿਆ। ਤੱਤੀ ਤੱਤੀ ਦਾਰੂ ਦੇ ਨਸ਼ੇ ਵਿਚ ਉਨ੍ਹਾਂ ਨੇ ਦੱਸ ਦਿੱਤਾ ਸੀ ਕਿ ਉਹ ਜੱਗਰ ਦੀ ਲੱਤ ਵੱਢਣ ਲਈ ਬੈਠੇ ਸਨ। ਉਹ ਜਾਣਦੇ ਸਨ ਕਿ ਕਰਤਾਰੇ ਨਾਲ ਵੀ ਜੱਗਰ ਦੀ ਕੋਈ ਬਹੁਤੀ ਸੁਰ ਨਹੀਂ ਸੀ।
ਕਰਤਾਰਾ ਓਥੋਂ ਆ ਗਿਆ ਸੀ। ਦਿਨ ਢਲੇ ਜਦੋਂ ਜੱਗਰ ਅਗਲੇ ਖੇਤੋਂ ਮੁੜਿਆ, ਉਹਨੂੰ ਕੈਲੇ ਅਤੇ ਦੀਪੇ ਨੇ ਘੇਰ ਲਿਆ। ਕੈਲੇ ਨੇ ਗੰਡਾਸਾ ਉਹਦੀ ਲੱਤ ਵੱਲ ਚਲਾਇਆ, ਪਰ ਵਾਰ ਖਾਲੀ ਗਿਆ। ਜੱਗਰ ਭੱਜ ਕੇ ਵੱਟ ਟੱਪਣ ਲੱਗਿਆ ਤਾਂ ਕੈਲੇ ਨੇ ਲਲਕਾਰਾ ਮਾਰਿਆ, “ਗਿਆ ਜੱਟ, ਦੀਪਿਆ, ਸਿੱਟ ਲੈ ਮੇਰੇ ਸਾਲੇ ਨੂੰ!” ਤੇ ਦੀਪੇ ਨੇ ਬਰਛਾ ਉਹਦੀ ਵੱਖੀ ਵੱਲ ਵਾਹ ਦਿੱਤਾ। ਸੱਟ ਨਾਲ ਉਖੜ ਕੇ ਜੱਗਰ ਡਿਗਿਆ ਤਾਂ ਉਸੇ ਦੇ ਹੀ ਭਾਰ ਨਾਲ ਬਾਕੀ ਦਾ ਬਰਛਾ ਵੀ ਅੰਦਰ ਧਸ ਗਿਆ ਅਤੇ ਉਹ ਥਾਂ ਉਤੇ ਹੀ ਪ੍ਰਾਣ ਤਿਆਗ ਗਿਆ।
ਪੁਲਿਸ ਨੂੰ ਪਤਾ ਲੱਗ ਗਿਆ ਸੀ ਕਿ ਕਰਤਾਰਾ ਉਸੇ ਦਿਨ ਕੈਲੇ ਅਤੇ ਦੀਪੇ ਕੋਲ ਗਿਆ ਸੀ।
...ਤੇ ਕਰਤਾਰੇ ਨੇ ਬੜੀ ਮੁਸ਼ਕਿਲ ਨਾਲ, ਵਿਆਜੂ ਪੈਸੇ ਲੈ ਕੇ ਥਾਣੇਦਾਰ ਨੂੰ ਕਾਣਾ ਕਰਦਿਆਂ ਆਪਣਾ ਪਿੱਛਾ ਛੁਡਾਇਆ ਸੀ ਤੇ ਹੁਣ ਜਦੋਂ ਉਹ ਆਪਣੇ ਹੱਥੀਂ ਅਜਿਹਾ ਕਾਰਾ ਕਰਨ ਚੱਲਿਆ ਸੀ, ਤਾਂ ਕੀ ਬਣੇਗਾ! ਗੱਲ ਤਾਂ ਲੁਕਦੀ ਨਹੀਂ। ਉਹਨੂੰ ਭਤੀਜੇ ਦਾ ਖੂਨ ਕਰਨ ਵਾਲੀ ਗੱਲ ਤੋਂ ਉਂਜ ਵੀ ਕਚਿਆਣ ਜਿਹੀ ਆਈ ਅਤੇ ਉਹਦਾ ਜੀਅ ਕੀਤਾ ਕਿ ਅਗਲੇ ਅੱਡੇ ਤੋਂ ਪੁੱਠੀ ਬੱਸ ਫੜ ਲਵੇ।
ਪਰ ਉਹ ਉਹਦਾ ਭਤੀਜਾ ਕਾਹਦਾ ਸੀ? ਉਹ ਤਾਂ ਭਵਿੱਖ ਦਾ ਵੈਰੀ ਸੀ। ਨਾਲੇ ਉਹਨੂੰ ਉਸ ਪਿੰਡ ਕੌਣ ਜਾਣਦਾ ਸੀ। ਜਾਂਦਿਆਂ ਹਨੇਰਾ ਹੋ ਜਾਣਾ ਸੀ। ਰੱਬ ਸੁੱਖ ਰੱਖੇ, ਉਹਨੇ ਸਵੇਰ ਨੂੰ ਆਪਣੇ ਪਿੰਡ ਆ ਜਾਣਾ ਸੀ। ਜੇ ਕੋਈ ਉਲਝੇਵਾਂ ਪੈ ਗਿਆ, ਦੋ ਘੁਮਾਂ ਗਹਿਣੇ ਧਰ ਦੇਵੇਗਾ। ਜੱਗਰ ਵਾਲੀ ਪੰਦਰਾਂ ਘੁਮਾਂ ਤਾਂ ਮਿਲ ਹੀ ਜਾਣੀ ਸੀ ਤੇ ਕਤਲ ਵਿਚ ਅੱਜ ਕੱਲ੍ਹ ਕੌਣ ਬੱਝਦਾ ਹੈ। ਉਹਨੇ ਸੋਚਿਆ ਕਿ ਕਿਸੇ ਦੀ ਲੱਤ ਬਾਂਹ ਵੱਢੋ, ਦੋ-ਚਾਰ ਸਾਲ ਲਈ ਅੰਦਰ ਹੋਣਾ ਪੈਂਦਾ ਹੈ; ਕਤਲ ਕਰੋ, ਬਰੀ। ਕਦੀ ਮੌਕੇ ਦੀ ਕੋਈ ਗਵਾਹੀ ਨਹੀਂ, ਕਦੀ ਕੋਈ ਹੋਰ ਕਾਨੂੰਨੀ ਘੁੰਡੀ ਢਿੱਲੀ ਰਹਿ ਗਈ!
ਬੱਸ ਝਟਕੇ ਨਾਲ ਰੁਕੀ। ਉਹ ਹੇਠਾਂ ਉਤਰਿਆ ਤਾਂ ਸੂਰਜ ਬਿਲਕੁਲ ਥੱਲੇ ਜਾ ਚੁੱਕਿਆ ਸੀ। ਅਜੇ ਉਹਨੇ ਤਿੰਨ ਕੋਹ ਵਾਟ ਜਾਣਾ ਸੀ। ਉਸ ਸਮੇਂ ਤੱਕ ਘੁਸਮੁਸਾ ਹੋ ਜਾਣਾ ਸੀ। ਉਹ ਮਨ ਵਿਚ ਵਿਉਂਤਾਂ ਬਣਾਉਂਦਾ ਜਾ ਰਿਹਾ ਸੀ ਕਿ ਗੱਲ ਨੇਪਰੇ ਕਿਵੇਂ ਚਾੜ੍ਹੇਗਾ।
ਥੋੜ੍ਹਾ-ਥੋੜ੍ਹਾ ਹਨੇਰਾ ਪਸਰ ਚੱਲਿਆ ਸੀ। ਕੁਝ ਦੂਰ ਪਿੰਡ ਵਿਚ ਕੁੱਤੇ ਭੌਂਕ ਰਹੇ ਸਨ। ਉਹ ਪਗਡੰਡੀ ਦੇ ਨੇੜੇ ਹੀ ਖੂਹ ਕੋਲ ਬੈਠ ਗਿਆ।
ਬਿਗਾਨਾ ਪਿੰਡ ਸੀ, ਨਾ ਕੋਈ ਜਾਣ, ਨਾ ਪਛਾਣ। ਅਜਿਹੇ ਕੰਮ ਆਇਆ, ਉਹ ਕਿਸੇ ਤੋਂ ਸੂਹ ਵੀ ਨਹੀਂ ਸੀ ਲੈ ਸਕਦਾ। ਕਰਤਾਰੇ ਦੇ ਮਨ ਵਿਚ ਫੇਰ ਭੈ ਜਾਗਿਆ, ਇਹ ਕਿਵੇਂ ਹੋ ਸਕਦਾ ਸੀ ਕਿ ਉਹ ਚੁੱਪ ਕਰ ਕੇ ਮੁੰਡੇ ਦਾ, ਤੇ ਜੇ ਠੀਕ ਲੱਗੇ ਤਾਂ ਕੁਲਵੰਤੋ ਦਾ ਵੀ, ਫਸਤਾ ਵੱਢ ਕੇ ਪਿੰਡ ਮੁੜ ਜਾਵੇ ਅਤੇ ਕਿਸੇ ਨੂੰ ਬਿੜਕ ਵੀ ਨਾ ਲੱਗੇ?
ਫੇਰ ਉਹ ਦਲੇਰ ਹੋ ਗਿਆ। ਕਿਸੇ ਤੋਂ ਸੂਹ ਲੈਣ ਦੀ ਕੀ ਲੋੜ ਸੀ? ਜੱਗਰ ਦੇ ਵਿਆਹ ਵੇਲੇ ਜੰਜ ਦਾ ਉਤਾਰਾ ਜਿਹੜੀ ਧਰਮਸ਼ਾਲਾ ਵਿਚ ਸੀ, ਉਹਦੇ ਨੇੜੇ ਹੀ ਜੱਗਰ ਦੇ ਸਹੁਰਿਆਂ ਦਾ ਬਾਹਰਲਾ ਘਰ ਸੀ ਅਤੇ ਅੰਦਰਲਾ ਘਰ ਰੋਟੀ ਖਾਣ ਵੇਲੇ ਉਹਨੇ ਚੰਗੀ ਤਰ੍ਹਾਂ ਵੇਖਿਆ ਹੋਇਆ ਸੀ। ਕੀ ਪਤਾ, ਰੱਬ ਮਿਹਰ ਕਰੇ ਅਤੇ ਦੋਵੇਂ ਮਾਂ-ਪੁੱਤ ਬਾਹਰਲੇ ਘਰ ਇਕੱਠੇ ਕਿਸੇ ਕੰਮ-ਧੰਦੇ ਆਏ ਹੋਏ ਮਿਲ ਪੈਣ...।
ਖੇਤੋਂ ਕੋਈ ਪਗਡੰਡੀ ਵੱਲ ਆ ਰਿਹਾ ਸੀ। ਕਰਤਾਰੇ ਨੇ ਆਪਣੇ ਮਨ ਵਿਚ ਆਖਿਆ, “ਚਲੋ ਜਿਵੇਂ ਮੌਕਾ ਬਣੂ, ਵੇਖੀ ਜਾਊ। ਬਹੁਤੀਆਂ ਵਿਉਂਤਾਂ ਬਣਾ ਕੇ ਕੀ ਲੈਣਾ ਐ!” ਉਹਨੇ ਤਲਵਾਰ ਖੂਹ ਦੇ ਮਣ ਉਤੇ ਰੱਖ ਦਿੱਤੀ ਅਤੇ ਖੜ੍ਹਾ ਹੋ ਗਿਆ। ਆਉਣ ਵਾਲਾ ਕੋਈ ਮੁੰਡਾ ਸੀ। ਕੋਲ ਖਾਲੀ ਭਾਂਡੇ ਸਨ। ਸ਼ਾਇਦ ਖੇਤ ਰੋਟੀ ਦੇ ਕੇ ਆਇਆ ਸੀ।
“ਕਾਕਾ, ਇਹ ਪਿੰਡ ਸੌਣਪੁਰਾ ਹੀ ਐ ਨਾ?” ਕਰਤਾਰੇ ਨੇ ਮੁੰਡੇ ਨਾਲ ਗੱਲ ਚਲਾਈ, “ਮੁਰੱਬਾਬੰਦੀਆਂ ਨੇ ਰਾਹ ਹੀ ਬਦਲ ਦਿੱਤੇ।”
“ਹਾਂ ਸੌਣਪੁਰਾ ਈ ਐ। ਪਹਿਲਾਂ ਰਾਹ ਹੌਥੋਂ ਦੀ ਹੁੰਦਾ ਸੀ।” ਮੁੰਡਾ ਬੋਲਿਆ।
“ਤੇਰੇ ਪਿਓ ਦਾ ਨਾਂ ਕੀ ਐ, ਕਾਕਾ?”
“ਸੁੱਚਾ ਸਿੰਘ।”
ਕਰਤਾਰੇ ਨੇ ਚੇਤੇ ਕੀਤਾ, ਜੱਗਰ ਦੇ ਸਹੁਰੇ ਦਾ ਨਾਂ ਵੀ ਸੁੱਚਾ ਸਿੰਘ ਹੀ ਸੀ, ਪਰ ਉਹਦੀ ਘਰਵਾਲੀ ਨੂੰ ਮਰਿਆਂ ਚਿਰ ਹੋ ਗਿਆ ਸੀ। ਇਹ ਹੋਰ ਕਿਸੇ ਸੁੱਚਾ ਸਿੰਘ ਦਾ ਮੁੰਡਾ ਹੋਣਾ ਹੈ। ਉਹਨੇ ਸੋਚਿਆ ਕਿ ਜੇ ਮੁੰਡੇ ਨੂੰ ਗੱਲੀਂ ਲਾ ਲਵੇ, ਸ਼ਾਇਦ ਕੋਈ ਭੇਤ ਲੈ ਸਕੇ। ਉਹਨੇ ਮੁੰਡੇ ਨੂੰ ਮਖੌਲ ਵਿਚ ਕਿਹਾ, “ਕਾਕਾ ਤੈਨੂੰ ਐਸ ਵੇਲੇ ‘ਕੱਲੇ ਨੂੰ ਡਰ ਨਹੀਂ ਲਗਦਾ? ਅਸੀਂ ਤਾਂ ਤੇਰੇ ਜਿੱਡੇ ਹੁੰਦੇ ਆਥਣੇ ‘ਕੱਲੇ ਬਾਹਰ ਜਾਣੋਂ ਡਰਦੇ ਸੀ।”
“ਡਰ ਕਾਹਦਾ?’ ਮੁੰਡੇ ਨੇ ਬਿਨਾਂ ਝਿਜਕ ਉਤਰ ਦਿੱਤਾ।
“ਸਾਡੇ ਪਿੰਡ ਤਾਂ ਚੋਰ ਤੇਰੇ ਜਿੱਡੇ ਮੁੰਡਿਆਂ ਨੂੰ ਫੜ ਕੇ ਲੈ ਜਾਂਦੇ ਐ।” ਕਰਤਾਰੇ ਨੇ ਹੱਸ ਕੇ ਕਿਹਾ।
“ਮੈਨੂੰ ਕੌਣ ਹੱਥ ਲਾਊ। ਮਾਲਵੇ ਵਿਚ ਮੇਰਾ ਸ਼ੇਰ ਵਰਗਾ ਚਾਚਾ ਐ, ਕਰਤਾਰਾ। ਡੱਕਰੇ ਕਰ ਦੇਊ।” ਮੁੰਡੇ ਨੇ ਸੁਭਾਵਿਕ ਹੀ ਨਜ਼ਰ ਪਰ੍ਹੇ ਖੂਹ ਦੇ ਮਣ ਉਤੇ ਪਈ ਤਲਵਾਰ ਵੱਲ ਕਰ ਕੇ ਕਿਹਾ।
ਕਰਤਾਰੇ ਨੂੰ ਧਰਤੀ-ਅਸਮਾਨ ਘੁੰਮਦੇ ਦਿਸੇ। ਉਹਨੇ ਭੱਜ ਕੇ ਮੁੰਡੇ ਨੂੰ ਗੋਦੀ ਚੁੱਕ, ਜੱਫ਼ੀ ਵਿਚ ਘੁੱਟ ਲਿਆ। ਤਲਵਾਰ ਖੂਹ ਦੇ ਮਣ ਉਤੇ ਹੀ ਪਈ ਰਹਿ ਗਈ। ਸੌਣਪੁਰੇ ਪਿੰਡ ਵੱਲ ਤੁਰਦਿਆਂ ਉਹਦੀਆਂ ਦੋਵੇਂ ਅੱਖਾਂ ਤਿਪ-ਤਿਪ ਵਗ ਰਹੀਆਂ ਸਨ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਬਚਨ ਸਿੰਘ ਭੁੱਲਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ