Khud Naal Gallan : Gurjant Takipur

ਖ਼ੁਦ ਨਾਲ ਗੱਲਾਂ (ਲੇਖ) : ਗੁਰਜੰਟ ਤਕੀਪੁਰ

ਅਮੀਰ ਉਹ ਨਹੀਂ ਹੁੰਦੇ ਜਿੰਨਾਂ ਕੋਲ ਬਹੁਤ ਸਾਰਾ ਪੈਸਾ ਹੁੰਦਾ ਹੈ, ਬਲਕਿ ਅਮੀਰ ਉਹ ਹੁੰਦੇ ਜਿੰਨਾਂ ਨੂੰ ਆਪਣੇ ਆਪ ਨਾਲ ਗੱਲਾਂ ਕਰਨੀਆਂ ਆ ਜਾਂਦੀਆਂ ਨੇ।

ਸਾਡੀ ਸਭ ਤੋਂ ਵੱਡੀ ਸਲਾਹ ਆਪਣੇ ਆਪ ਨਾਲ ਹੁੰਦੀ ਹੈ, ਕੋਈ ਸਾਨੂੰ ਕਿੰਨਾਂ ਹੀ ਕਿਉਂ ਨਾ ਸਮਝਾਈ ਜਾਵੇ ਪਰ ਜੇ ਸਾਡਾ ਦਿਲ ਨਹੀਂ ਮੰਨਦਾ ਤਾਂ ਅਸੀਂ ਮੰਨਦੇ ਨਹੀਂ, ਅਸੀਂ ਉਦੋਂ ਹੀ ਮੰਨਦੇ ਹਾਂ ਜਦੋਂ ਅਸੀਂ ਇਕੱਲੇ ਬੈਠ ਕੇ ਆਪਣੇ ਆਪ ਨਾਲ ਗੱਲਾਂ ਕਰਦੇ ਹਾਂ।
ਅਸੀਂ ਭਾਰਤੀ ਜਦੋਂ ਵੀ ਇਕੱਲੇ ਬੈਠਦੇ ਹਾਂ ਬਸ ਚਿੰਤਾ ਹੀ ਕਰਦੇ ਹਾਂ, ਕਦੇ ਵੀ ਚੰਗਾ ਜਾਂ ਸਕੂਨ ਦੇਣ ਵਾਲਾ ਨਹੀਂ ਸੋਚਦੇ।

ਅਸਲ ਚ ਅਸੀਂ ਇਕੱਲੇ ਬੈਠਣ ਤੋਂ ਡਰਦੇ ਹਾਂ, ਉਹ ਇਸ ਲਈ ਕਿਉਂਕਿ ਫੇਰ ਸਾਨੂੰ ਆਪਣੇ ਆਪ ਦੇ ਆਹਮੋ ਸਾਹਮਣੇ ਹੋਣਾ ਪੈਂਦਾ ਹੈ ਤੇ ਸਾਡਾ ਆਪਾ ਸਾਨੂੰ ਕਾਫੀ ਸਾਰੇ ਸਵਾਲ ਕਰਦਾ ਹੈ ਜਿੰਨਾਂ ਦਾ ਜਵਾਬ ਦੇਣਾ ਸਾਨੂੰ ਚੰਗਾ ਨਹੀਂ ਲੱਗਦਾ।
ਬਾਕੀ ਅਸੀਂ ਇਕੱਲੇ ਉਦੋਂ ਹੀ ਬੈਠਾਂਗੇ ਜਦੋਂ ਕੁਝ ਚੰਗਾ ਸੋਚ ਸਕੀਏ ਤੇ ਚੰਗਾ ਅਸੀਂ ਸੋਚਣਾ ਨਹੀਂ।
 ਦਰਅਸਲ ਹੁਣ ਅਸੀਂ ਇਕੱਲੇ ਬੈਠਣਾ ਭੁੱਲ ਹੀ ਗਏ ਹਾਂ, ਤੁਸੀਂ ਦੱਸ ਸਕਦੇ ਤੁਸੀਂ ਅਖੀਰ ਵਾਰ ਕਦੋਂ ਇਕੱਲੇ ਬੈਠੇ ਸੀ, ਤੁਸੀਂ ਕਹੋ ਸ਼ਾਇਦ ਕੱਲ ਹੀ, ਮੈਂ ਕਹਾਂਗਾ ਨਹੀਂ! ਤੁਸੀਂ ਉਦੋਂ ਇਕੱਲੇ ਨਹੀਂ ਬੈਠੇ ਸੀ।

ਹੁਣ ਲੋਕ ਪਹਿਲਾਂ ਵਾਂਗ ਇਕੱਲੇ ਨਹੀਂ ਬੈਠਦੇ ਦਰਅਸਲ ਉਹਨਾਂ ਨੂੰ ਇਕੱਲੇ ਬੈਠਣਾ ਹੀ ਨਹੀਂ ਆਉਂਦਾ ਉਹ ਇਕ ਦੋ ਪਲ ਕਿਸੇ ਕੁਰਸੀ ਤੇ ਬੈਠੇ ਹੋਣਗੇ ਤੇ ਕੁਝ ਸਮੇਂ ਬਾਅਦ ਹੀ ਜ਼ੇਬ ਚੋਂ ਆਪਣਾ ਮੋਬਾਈਲ ਕੱਢ ਲੈਂਦੇ ਹਨ, ਤੇ ਆਪਣਾ ਕੋਈ ਨਾ ਕੋਈ ਸੁਨੇਹਾ ਉਡੀਕਦੇ ਹਨ ਜਾਂ ਕਿਸੇ ਨੂੰ ਸੁਨੇਹਾ ਭੇਜ ਦਿੰਦੇ ਹਨ।
ਇਕੱਲੇ ਬੈਠਣ ਨਾਲ ਅਸੀਂ ਆਪਣੇ ਤੇ ਕੁਦਰਤ ਦੇ ਨੇੜੇ ਹੁੰਦੇ ਹਾਂ।
ਇਕੱਲੇ ਬੈਠਣ ਨਾਲ ਅਸੀਂ ਉਹ ਕੁਝ ਮਹਿਸੂਸ ਕਰਦੇ ਹਾਂ ਜੋ ਕਿਸੇ ਨਾਲ ਰਹਿ ਕੇ ਨਹੀਂ ਕੀਤਾ ਜਾ ਸਕਦਾ।
ਜਦੋਂ ਵੀ ਕੋਈ ਸਮੱਸਿਆ ਆਵੇ ਤਾਂ ਇਕੱਲੇ ਬੈਠ ਕੇ ਆਪਣੇ ਆਪ ਨਾਲ ਉਸ ਸਮੱਸਿਆ ਬਾਰੇ ਜਰੂਰ ਗੱਲ ਕਰੋ, ਇਸ ਨਾਲ ਆਪੇ ਕੋਈ ਨਾ ਕੋਈ ਹੱਲ ਨਿਕਲ ਆਵੇਗਾ।
ਕੁਦਰਤ ਦਾ ਸੰਗੀਤ ਇਕੱਲਿਆਂ ਬੈਠ ਕੇ ਹੀ ਸੁਣਿਆ ਜਾ ਸਕਦਾ ਹੈ।
ਦਿਨ ਦਾ ਕੁਝ ਸਮਾਂ ਜਰੂਰ ਇਕੱਲਿਆਂ ਗੁਜਾਰੋ, ਇਸ ਨਾਲ ਕੀਤੇ ਤੇ ਹੋਣ ਵਾਲੇ ਕੰਮਾਂ ਦੀ ਪੜਚੋਲ ਹੁੰਦੀ ਰਹਿੰਦੀ ਹੈ।
ਕਿਸੇ ਨਾਲ ਗੱਲਾਂ ਕਰਨ ਲਈ ਬੋਲਣਾ ਅਹਿਮ ਹੁੰਦਾ ਹੈ, ਪਰ ਆਪਣੇ ਆਪ ਨਾਲ ਤੁਸੀਂ ਚੁੱਪ ਰਹਿ ਕੇ ਵੀ ਗੱਲਾਂ ਕਰ ਸਕਦੇ ਹੋ।
ਪਿਆਰ ਭਰੀਆਂ ਯਾਦਾਂ ਨੂੰ ਇਕੱਲੇ ਰਹਿ ਕੇ ਹੀ ਮਾਣਿਆ ਜਾ ਸਕਦਾ ਹੈ।
ਕੁੜੀਆਂ ਆਪਸ ਚ ਇਸ ਤਰਾਂ ਗੱਲਾਂ ਕਰਦੀਆਂ ਨੇ ਜਿਵੇਂ ਉਹ ਸਾਰੀਆਂ ਇਕੱਲੀਆਂ ਹੋਣ।
ਆਪਣੇ ਆਪ ਨਾਲ ਗੱਲਾਂ ਕਰਦੀ ਮੁਟਿਆਰ ਹੋਰ ਵੀ ਖ਼ੂਬਸੂਰਤ ਲੱਗਦੀ ਹੈ।
ਜਦੋਂ ਤੁਸੀਂ ਕੋਈ ਕਿਤਾਬ ਪੜ ਕੇ ਹਟੋ ਤਾਂ ਕੁਝ ਸਮਾਂ ਇਕੱਲੇ ਬੈਠ ਕੇ ਉਸ ਕਿਤਾਬ ਬਾਰੇ ਆਪਣੇ ਆਪ ਨਾਲ ਜਰੂਰ ਗੱਲਾਂ ਕਰੋ।
ਕਿਤਾਬਾਂ ਨੂੰ ਇਕੱਲੇ ਹੀ ਪੜਿਆ ਜਾ ਸਕਦਾ ਹੈ।
ਮੈਨੂੰ ਭੀੜ ਨਾਲੋਂ ਜਿਆਦਾ ਇਕੱਲਤਾ ਪਸੰਦ ਹੈ, ਇਸ ਨਾਲ ਤੁਸੀਂ ਆਪਣੇ ਵਿਚਾਰਾਂ ਦੇ ਆਸ ਪਾਸ ਹੁੰਦੇ ਹੋ।
ਜੋ ਆਪਣੇ ਆਪ ਨਾਲ ਗੱਲਾਂ ਨਹੀਂ ਕਰ ਸਕਦਾ ਉਹ ਕੁਝ ਹੋਰ ਤਾਂ ਹੋ ਸਕਦਾ ਹੈ, ਪਰ ਲੇਖਕ ਨਹੀਂ।
ਸਭ ਤੋਂ ਵੱਡੀ ਗੱਲ ਦੇਖੋ ਇਨਸਾਨ ਦੁਨੀਆਂ ਤੇ ਆਉਂਦਾ ਵੀ ਇਕੱਲਾ ਹੈ ਤੇ ਜਾਂਦਾ ਵੀ ਇਕੱਲਾ ਹੈ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਜੰਟ ਤਕੀਪੁਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ