Khuh Girda Hai (Punjabi Story) : Ajmer Sidhu

ਖੂਹ ਗਿੜਦਾ ਹੈ (ਕਹਾਣੀ) : ਅਜਮੇਰ ਸਿੱਧੂ

''ਮੈਂ ਰਣਜੋਧ ਸਿੰਘ ਪੁੱਤਰ ਸਰਦਾਰ ਕਾਲਾ ਸਿੰਘ ਵਾਸੀ ਜੰਡਪੁਰ ਜ਼ਿਲ੍ਹਾ ਨਵਾਂ ਸ਼ਹਿਰ ਆਪਣੇ ਪੁੱਤਰ ਯੁੱਧਵੀਰ ਸਿੰਘ ਨੂੰ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖ਼ਲ ਕਰਦਾ ਹਾਂ । ਮੇਰਾ ਉਸ ਦੇ ਲੈਣ-ਦੇਣ ਨਾਲ ਕੋਈ ਸੰਬੰਧ ਨਹੀਂ ਹੋਏਗਾ ।"
ਅਖ਼ਬਾਰ ਵਿਚਲਾ ਬੇਦਖ਼ਲੀ ਵਾਲਾ ਨੋਟਿਸ ਕਮਰੇ ਦੀ ਛੱਤ 'ਤੇ ਚਿਪਕ ਗਿਆ ਹੈ । ਬੈੱਡ 'ਤੇ ਪਿਆ ਹਾਂ । ਸਿਰ ਘੁੰਮਣ ਲੱਗ ਪਿਆ । ਅੱਖਰ ਵੱਡੇ ਹੋ ਰਹੇ ਨੇ । ਮੇਰੀਆਂ ਅੱਖਾਂ ਵਿਚ ਲਾਲੀ ਉੱਤਰ ਆਈ ਹੈ । ਮੇਰੀ ਸੋਚ 'ਕੈਪ' 'ਤੇ ਆ ਗਈ ਆ । 'ਕੈਪ' ਸਿਰ 'ਤੇ ਰੱਖੀ ਗਈ ਹੈ । ਇਨਵਿਜ਼ੀਬਲਮੈਨ ਬਣ ਗਿਆ ਹਾਂ । ਕੰਪਿਊਟਰ ਨੂੰ ਕਮਾਂਡ ਦਿੰਦਾ ਹਾਂ । ਉੱਡ ਪਿਆ ਹਾਂ ।
ਜੰਡਪੁਰ ਰੁਕਣ ਲਈ ਦਿਮਾਗ਼ ਕੰਪਿਊਟਰ ਨੂੰ ਮੈਸਜ਼ ਦਿੰਦਾ ਹੈ । ਕੋਠੀ ਦੀ ਛੱਤ ਤੋਂ ਵਿਹੜੇ ਵਿਚ ਨਿਗ੍ਹਾ ਮਾਰੀ ।
''ਵੱਡਿਆ ਸੂਰਮਿਆ, ਭੱਜ ਲੈ ਜਿਧਰ ਭੱਜ ਹੁੰਦਾ ।" ਮੈਂ ਰਣਜੋਧ ਸਿੰਘ ਕਾਮਰੇਡ ਨੂੰ ਦੇਖ ਕੇ ਲਲਕਾਰਾ ਮਾਰਿਆ ਹੈ । ਮੰਮੀ ਉਸ ਉੱਤੇ ਲਿਟ ਗਈ ਹੈ । ਕੰਪਿਊਟਰ ਨੂੰ ਕਮਾਂਡ ਦਿੰਦਾ ਹਾਂ । ਰੇਅਜ਼ ਨਿਕਲਦੀਆਂ ਹਨ । ਦੋਨਾਂ ਨੂੰ ਛਲਣੀ ਕਰ ਦਿੰਦੀਆਂ ਹਨ । ਮੈਂ ਛੱਤ ਤੋਂ ਵਿਹੜੇ ਵਿਚ ਆਇਆ ਹਾਂ । ਕਾਮਰੇਡ ਦੀ ਲੋਥ 'ਤੇ ਜ਼ੋਰ ਨਾਲ ਪੈਰ ਮਾਰਦਾ ਹਾਂ ।
''ਹਾਏ ! ਮਰ ਗਿਆ ਓਏ ।" ਮੈਂ ਬੈੱਡ 'ਤੇ ਪਿਆ ਦੋਹਰਾ ਹੋ ਗਿਆ ਹਾਂ । ਪੈਰ ਦੇ ਦਰਦ ਨੇ ਮੇਰੀਆਂ ਚੀਕਾਂ ਕੱਢਾ ਦਿੱਤੀਆਂ ।...ਉੱਠ ਕੇ ਪੈਰ ਮਲ਼ਿਆ । ਸੁਪਨੇ ਨਾਲੋਂ ਟੁੱਟ ਕੇ ਆਲੇ-ਦੁਆਲੇ ਦੇਖਦਾ ਹਾਂ । ਆਪਣੇ ਆਪ ਨੂੰ ਕਮਰੇ ਵਿਚ ਦੇਖ ਕੇ ਹੈਰਾਨੀ ਹੋਈ ਆ । ਰਾਤ ਸ਼ਰਤ ਲਾ ਕੇ ਸਮੈਕ ਪੀਣ ਲੱਗ ਪਏ ਸਾਂ । ਇਥੇ ਕਿਵੇਂ ਪੁੱਜਾ? ਪਤਾ ਨਹੀਂ ।...ਕਲੌਕ ਨੌ ਵਜਾ ਰਿਹਾ ਹੈ । ਉੱਠਣ ਨੂੰ ਚਿੱਤ ਤਾਂ ਨ੍ਹੀਂ ਕਰਦਾ । ਸਰੀਰ ਟੁੱਟਾ ਪਿਆ । ਟੇਬਲ ਤੋਂ ਅਧੀਆ ਚੁੱਕਿਆ ।...ਸਰੀਰ ਕਾਇਮ ਹੋ ਗਿਆ । ਤਿਆਰ ਹੋ ਕੇ ਕੰਨਟੀਨ ਤੋਂ ਬਰੇਕਫਾਸਟ ਕਰਦਾ ਹਾਂ ।
ਕੰਪਿਊਟਰ ਸੈਂਟਰ ਵੜਦਿਆਂ ਹੀ ਏ ਪੀ ਸਿੰਘ ਨੂੰ ਦੇਖਦਾਂ । ਉਹ ਹੈ ਨਹੀਂ । ਕਮਰੇ ਵਿਚ ਮੂਰਤਾਂ ਨੂੰ ਅਲਮਾਰੀ ਵਿਚੋਂ ਕੱਢ ਕੇ ਟੇਬਲ 'ਤੇ ਰੱਖ ਲਿਆ । ਖੱਬੇ ਪ੍ਰੋਫ਼ੈਸਰ ਰਣਜੋਧ ਸਿੰਘ ਹੈ ਜਾਂ ਕਹਿ ਲਓ ਮੇਰਾ ਪਿਉ ਕਾਮਰੇਡ ਰਣਜੋਧ ਸਿੰਘ ਹੈ । ਇਸ ਖੱਬੇ-ਪੱਖੀ ਦੇ ਸੱਜੇ ਮੰਮੀ ਹਰਜੀਤ ਕੌਰ ਤੇ ਪਿ੍ੰਸੀਪਲ ਕਾਲੀਆਂ ਨੇ ।
...ਮੈਂ ਸਿਗਰਟ ਸੁਲਗਾ ਲਈ ਹੈ । ਮੂਰਤੀਆਂ ਨੂੰ ਧੂਫ ਬੱਤੀ ਜੂ ਕਰਨੀ ਹੋਈ । ਧੂੰਏਂ ਦੇ ਗੋਲੇ ਛੱਤ 'ਤੇ ਲਟਕ ਗਏ ਨੇ । ਇਕ ਗੋਲਾ ਵੱਡਾ ਹੋ ਰਿਹਾ ਹੈ । ਹੁਣ ਇਹਨੇ ਰਣਜੋਧ ਸਿੰਘ ਦਾ ਰੂਪ ਧਾਰਨ ਕਰ ਲਿਆ ਹੈ । ਲੱਤਾਂ ਉੱਪਰ ਨੂੰ ਸਿਰ ਥੱਲੇ ਨੂੰ ਕਰੀ ਮੇਰੇ ਵੱਲ ਵਧ ਰਿਹਾ । ਦੂਜਾ ਗੋਲਾ ਅਖ਼ਬਾਰ ਵਾਂਗ ਵਿਛੀ ਜਾ ਰਿਹਾ । ਬੇਦਖ਼ਲੀ ਨੋਟਿਸ ਤੈਰਨ ਲੱਗ ਪਿਆ । ਸੁਲਘਦੀ-ਸੁਲਘਦੀ ਸਿਗਰਟ ਰਣਜੋਧ ਸਿੰਘ ਦੇ... ।
''ਕਿਹੜੀ ਮਿੱਟੀ ਦਾ ਬਣਿਐਂ । ਚੀਕ-ਚਿਹਾੜਾ ਵੀ ਨ੍ਹੀਂ ਪਾਂਦਾ ।" ਮੂਰਤੀ ਨੂੰ ਵਗਾਹ ਮਾਰਦਾ ਹਾਂ ।
ਏ ਪੀ ਸਿੰਘ ਪਤਾ ਨਹੀਂ ਕਿਥੇ ਚਲਾ ਗਿਆ ਹੈ । ਮੈਂ ਉਹਦੀ 'ਕੈਪ' ਤੇ 'ਚਿਪ' ਲੱਭ ਰਿਹਾਂ ।...ਚੱਪਾ-ਚੱਪਾ ਛਾਣ ਮਾਰਿਆ । ਉਹ ਵੀ ਹੱਥ ਨ੍ਹੀਂ ਲੱਗੇ ।...ਜੇ ਦੋਨੋਂ ਯੰਤਰ ਮਿਲ ਜਾਣ । ਕਸਮ ਏ ਪੀ ਸਿੰਘ ਦੀ । ਦੁਸ਼ਮਣ ਦੇ ਤੁਖ਼ਮ ਉਡਾ ਦਿਆਂ । ਸਿਗਰਟ ਸੁਲਗਾ ਲਈ ਹੈ ਤੇ ਸੋਚਾਂ ਵਿਚ ਪੈ ਗਿਆ ਹਾਂ ।
''ਕਰੂਰ...ਨਸ਼ੱਈ...ਰੰਡੀਬਾਜ਼ ।" ਧੂੰਏਂ ਦੇ ਅੱਖਰ ਬਣ ਗਏ ਨੇ । ਇਹ ਤਿੰਨ ਨਾਂ ਦਿੱਤੇ ਨੇ ਮੈਨੂੰ ਮੇਰੇ ਬਾਪ ਨੇ । ਘਰੋਂ ਕੱਢਣ ਦਾ ਸੁਆਦ ਦੱਸਣਾਂ ਉਹਨੂੰ । ਬੇਦਖ਼ਲੀ ਨੋਟਿਸ ਛਪਵਾਉਣੇ ਸੌਖੇ ਨੇ ਤੇ... । ਸਵੇਰੇ ਸੁਪਨੇ ਵਿਚ ਜਿਸ ਕੰਪਿਊਟਰ 'ਚਿਪ' ਨਾਲ ਉੱਡ ਰਿਹਾ ਸੀ ਤੇ 'ਕੈਪ' ਲੈਣ ਨਾਲ ਕਿਸੇ ਨੂੰ ਦਿਖ ਨਹੀਂ ਰਿਹਾ ਸੀ, ਉਹ ਏ ਪੀ ਸਿੰਘ ਕੋਲ ਨੇ । ਬੱਸ ਉਹਦੇ ਕੋਲੋਂ ਲੈਣੇ ਨੇ ਤੇ ਰਣਜੋਧ ਸਿੰਘ ਨੂੰ ਸੋਧ ਦੇਣਾ । ਫੇਰ ਆਪਣਾ ਰਾਜ । ਨਾ ਪੈਸੇ ਦੀ ਘਾਟ, ਨਾ ਕੁੜੀਆਂ ਦੀ ।...ਸਿਗਰਟ ਦਾ ਟੋਟਾ ਐਸ਼ਟਰੇਅ ਵਿਚ ਮਸਲ ਦਿੰਦਾ ਹਾਂ ।
ਏ ਪੀ ਸਿੰਘ ਦੀ ਭਾਲ ਵਿਚ ਯੂਨੀਵਰਸਿਟੀ ਆ ਵੜਿਆ ਹਾਂ ।...ਉਹ ਤਾਂ ਮਿਲਿਆ ਨਹੀਂ । ਰੱਜਤ ਸ਼ਰਮਾ ਤੇ ਕਬੀਰ ਠਾਕੁਰ ਕੌਫ਼ੀ-ਹਾਊਸ ਲੈ ਵੜੇ ਨੇ । ਸੰਦੀਪ ਕੌਰ ਆਪਣੀ ਜੁੰਡਲੀ ਸਮੇਤ ਬੈਠੀ ਹੈ । ਸਾਨੂੰ ਦੇਖ ਕੇ ਕੌਫ਼ੀ ਦਾ ਆਰਡਰ ਦਿੱਤਾ ਹੈ । ਮੈਂ ਰਣਜੋਧ ਸਿੰਘ ਤੇ ਏ ਪੀ ਸਿੰਘ ਨੂੰ ਭੁੱਲ ਕੇ ਸੰਦੀਪ ਵਿਚ ਗੁਆਚ ਗਿਆ ਹਾਂ ।
ਕੌਫ਼ੀ ਪੀ ਕੇ ਕੌਫ਼ੀ-ਹਾਊਸ ਤੋਂ ਬਾਹਰ ਆਏ ਹਾਂ । ਮੇਰੀ ਨਿਗ੍ਹਾ ਸੰਦੀਪ ਕੌਰ 'ਤੇ ਟਿਕੀ ਹੋਈ ਹੈ ।
''ਬੜੀਆਂ ਲਲਚਾਈਆਂ ਨਜ਼ਰਾਂ ਨਾਲ ਦੇਖਦੇ ।" ਸੰਦੀਪ ਨੇ ਖੰਘੂਰਾ ਮਾਰਿਆ ਹੈ ।
''ਨਾਈਟ 'ਤੇ ਚੱਲੇਂਗੀ?" ਮੈਂ ਅੱਖ ਦੱਬੀ ਹੈ ।
''ਓ ਸ਼ੱਟ ਅੱਪ !" ਸੰਦੀਪ ਨੇ ਡੇਲੇ ਕੱਢ ਲਏ !
''ਜਿਸ ਦਿਨ ਮੇਰੇ ਕੋਲ 'ਕੈਪ' ਤੇ 'ਚਿਪ' ਹੋਏ । ਇਨਵਿਜ਼ੀਬਲਮੈਨ ਬਣ ਕੇ ਇਨ੍ਹਾਂ ਚਾਰਾਂ ਨੂੰ ਦੱਸਾਂਗਾ । ਰੋਜ਼ ਰਾਤ ਨੂੰ... ।" ਮੈਂ ਚਿੱਤ ਵਿਚ ਸੋਚ ਕੇ ਸੁਜ਼ੁਕੀ ਨੂੰ ਕਿੱਕ ਮਾਰੀ । ਰੇਸ ਵਧਾ ਕੇ ਧੂੰਆਂ ਉਨ੍ਹਾਂ ਦੇ ਮੂੰਹ 'ਤੇ ਮਾਰਿਆ । ਬਾਕੀਆਂ ਨੇ ਵੀ ਗੱਡੀਆਂ ਭਜਾ ਲਈਆਂ ਨੇ ।
ਰੈਸਟੋਰੈਂਟ ਵੜਦਿਆਂ ਹੀ ਰੱਜਤ ਨੇ ਚਿੱਲੀ ਚਿਕਨ, ਬੀਅਰਜ਼ ਤੇ ਵਿਸਕੀ ਲਈ ਆਰਡਰ ਦਿੱਤਾ ਹੈ ।...ਬਹਿਰਾ ਸਲਾਦ ਤੇ ਹੋਰ ਖਾਣ-ਪੀਣ ਵਾਲਾ ਸਾਮਾਨ ਰੱਖ ਗਿਆ ਹੈ । ਅਸੀਂ ਖਾਣ-ਪੀਣ ਵਿਚ ਮਸਤ ਹੋ ਗਏ ਹਾਂ । ਗਲਾਸੀ ਖਾਲੀ ਨਹੀਂ ਹੋਣ ਦੇ ਰਹੇ । ਕੰਧ 'ਤੇ ਲੜਕੀ ਦੀ ਪੇਰਟਰੇਟ ਉਤੇ ਮੇਰੀ ਨਿਗ੍ਹਾ ਟਿਕ ਗਈ ਹੈ । ਪੈੱਗ ਰਾਹੀਂ ਉਹਦੇ ਵੱਲ ਦੇਖ ਰਿਹਾ ਹਾਂ । ਉਹ ਕੰਧ ਤੋਂ ਮੇਰੇ ਵੱਲ ਤੁਰ ਪਈ ਹੈ । ਮਲਕ- ਮਲਕ ਪੈਰ ਰੱਖ ਰਹੀ ਹੈ । ਪਰੀ ਜਿਹੀ ਏ । ਹੁਣ ਗਲਾਸੀ ਵਿਚ ਸ਼ਰਾਬ ਨਹੀਂ ਰਹੀ । ਪਰੀ ਨੇ ਆਪਣੇ ਪਰ ਖ਼ਿਲਾਰ ਲਏ ਨੇ । ਮੁਸਕਰਾ ਪਈ ਹੈ । ਅੱਖਾਂ ਵਿਚ ਅੱਖਾਂ ਪਾਈਆਂ ਨੇ...ਨਹੀਂ ਡੇਲੇ ਕੱਢੇ ਨੇ । ਇਹ ਤਾਂ ਸੰਦੀਪ ਕੌਰ ਦੇ ਨੇ ।
''ਤੈਨੂੰ ਵੀ ਦੇਖ ਲਊਂਗਾ ਵੱਡੀ ਸ਼ੇਰਨੀ ਨੂੰ । ਉਹ ਦੁਆ...ਤ! ਬਾਹਰ ਨਿਕਲ ਓਏ ਰਣਜੋਧ ਸਿਹਾਂ ।" ਮੈਂ ਗਲਾਸੀ ਫ਼ਰਸ਼ 'ਤੇ ਮਾਰ ਕੇ ਮੱਘਾ ਮਾਰਿਆ ਹੈ । ਮੇਰੇ ਮਿੱਤਰ ਮੈਨੂੰ ਸ਼ਰਾਬੀ ਸਮਝ ਕੇ ਰੈਸਟੋਰੈਂਟ 'ਚੋਂ ਬਾਹਰ ਲੈ ਆਏ ਨੇ । ਮੈਂ ਗਾਲ੍ਹਾਂ ਕੱਢਣ ਲੱਗ ਪਿਆ ਹਾਂ । ਕਬੀਰ ਬਿੱਲ ਦੇ ਕੇ ਆਇਆ, ਮੈਨੂੰ ਸ਼ਾਂਤ ਕਰਨ ਲੱਗ ਪਿਆ ਹੈ । ਮੈਂ ਉਹਦੇ ਗਲ ਲੱਗ ਕੇ ਰੋਣ ਲੱਗ ਪਿਆ ਹਾਂ ।
ਕਮਰੇ ਵਿਚ ਆਏ ਹਾਂ । ਟੇਬਲ 'ਤੇ ਪਈ ਬੇਦਖ਼ਲੀ ਨੋਟਿਸ ਵਾਲੀ ਅਖ਼ਬਾਰ ਮੇਰਾ ਸੀਨਾ ਚੀਰ ਗਈ ਹੈ ।
''ਮੈਂ ਨ੍ਹੀਂ ਸੀ ਪੜ੍ਹਨਾ ਚਾਹੁੰਦਾ ਨੈਨੀਤਾਲ । ਰਣਜੋਧ ਸਿੰਘ ਨੇ ਆਪਣੇ ਭਤੀਜਿਆਂ ਦੀ ਖ਼ਾਤਰ ਉਥੇ ਮੇਰੀ ਬਲੀ ਦਿੱਤੀ ।" ਮੇਰਾ ਰੋਣ ਨਿਕਲ ਆਇਆ ਹੈ । ਕੂਕਾਂ ਮਾਰਨ ਲੱਗ ਪਿਆ ਹਾਂ । ਮੇਰੇ ਜਮਾਤੀ ਮੈਨੂੰ ਢਾਰਸ ਦੇ ਕੇ ਚਲਦੇ ਹੋਏ ਨੇ । ਮੇਰੇ ਅੰਦਰ ਭਾਂਬੜ ਬਲ਼ ਰਹੇ ਨੇ । ਮੈਂ ਬੈੱਡ ਤੋੜਨ ਲੱਗ ਪਿਆ ਹਾਂ ।
ਮੇਰੇ ਸਾਹਮਣੇ ਕੈਨੇਡਾ ਵਾਲੇ ਤਾਏ ਜਤਿੰਦਰ ਸਿੰਘ ਦੇ ਮੁੰਡੇ ਮਾਰਕਸ ਹਾਕ ਤੇ ਜੈਜ਼ੀ ਸ਼ੇਰਗਿੱਲ ਨੇ, ਦੂਜੇ ਪਾਸੇ ਵਿਦਿਅਕ ਮਾਹਿਰ ਪ੍ਰੋਫ਼ੈਸਰ ਰਣਜੋਧ ਸਿੰਘ । ਉਹਦੀਆਂ ਆਰਥਿਕ ਪਾਲਸੀਆਂ ਨੇ ਮੈਨੂੰ ਬਲੀ ਦਾ ਬੱਕਰਾ ਬਣਾਇਆ । ਹਾਕ ਤੇ ਜੈਜ਼ੀ ਮੇਰੇ ਸੀਨੀਅਰ ਸਨ । ਏ ਪੀ ਸਿੰਘ ਦੇ ਜਮਾਤੀ । ਨੈਨੀਤਾਲ ਛੱਡਣ ਗਏ ਵਿਦਿਅਕ ਮਾਹਿਰ ਦਾ ਫ਼ੁਰਮਾਨ ਸੀ ।
''ਯੋਧੇ ਪੁੱਤਰ, ਤੈਨੂੰ ਵੱਡਾ ਅਫ਼ਸਰ ਬਣਾਉਣਾ । ਦੱਬ ਕੇ ਪੜ੍ਹਨਾ ।"
''ਹੁਣ ਬੋਲ ਕੇ ਦਿਖਾ ।" ਮੈਂ ਮੂਰਤੀ ਦੇ ਮੂੰਹ ਨੂੰ ਟੇਪ ਲਾ ਦਿੱਤੀ ਹੈ ।
ਮੈਥੋਂ ਛੋਟੀ ਮਲਕਾ ਮੇਰਾ ਬੜਾ ਤੇਹ ਕਰਦੀ । ਉਹਨੂੰ ਛੱਡ ਕੇ ਹੋਸਟਲ ਜਾਣ ਨੂੰ ਚਿੱਤ ਨਾ ਕਰਦਾ । ਤੇਹ ਤਾਂ ਹਾਕ ਤੇ ਜੈਜ਼ੀ ਵੀ ਬਥੇਰਾ ਕਰਦੇ ਸਨ । ਜੇ ਮੈਂ ਨੈਨੀਤਾਲ ਪੜ੍ਹਿਆ ਤਾਂ ਉਨ੍ਹਾਂ ਦੀ ਮਿਹਰਬਾਨੀ ਨਾਲ । ਉਹ ਤਾਂ ਹੁਣ ਵੀ ਪਹਿਲਾਂ ਵਾਂਗ ਹੀ ਬੀਹੇਵ ਕਰਦੇ ਨੇ । ਪਰਸੋਂ ਈ-ਮੇਲ ਚੈਕ ਕੀਤੀ ਤਾਂ ਉਨ੍ਹਾਂ ਦਾ ਮੈਸਜ ਸੀ-
''ਮਿੱਤਰ ਪਿਆਰੇ, ਕੈਨੇਡਾ ਆਉਣਾ ਤਾਂ ਸਪਾਂਸਰ ਕਰੀਏ ।"
''ਥੈਂਕ ਯੂ. ਭਾਅ ਜੀ ।" ਮੈਂ ਉਸੇ ਵੇਲੇ ਮੈਸਜ ਛੱਡ ਦਿੱਤਾ ਸੀ । ਉਨ੍ਹਾਂ ਦਾ ਅਹਿਸਾਨ ਲੈਣ ਦਾ ਮਤਲਬ ਹੋਏਗਾ, ਕਾਮਰੇਡ ਦੇ ਥੱਲੇ ਲੱਗਣਾ । ਮੈਂ 'ਕੈਪ' ਤੇ 'ਚਿਪ' ਦੀ ਮਦਦ ਨਾਲ ਆਪੇ ਕੈਨੇਡਾ ਚਲੇ ਜਾਵਾਂਗਾ । ਕੈਨੇਡਾ ਕੀ? ਮੈਂ ਤਾਂ ਅਮਰੀਕਾ, ਇੰਗਲੈਂਡ ਸਭ ਪਾਸੇ ਇਨਵਿਜ਼ੀਬਲ ਮੈਨ ਬਣ ਕੇ ਜਾ ਸਕਦੈਂ । ਅਰਬ ਦੇ ਹੁਸਨ ਦਾ ਵੀ ਨਜ਼ਾਰਾ ਚੱਖਣੈਂ । ਪਰ 'ਕੈਪ' ਤੇ 'ਚਿਪ'... । ਏ ਪੀ ਸਿੰਘ ਨੇ ਮੈਨੂੰ ਪ੍ਰੇਸ਼ਾਨੀ ਵਿਚ ਪਾਇਆ ਹੋਇਆ ਹੈ । ਅੱਜ ਸਾਰਾ ਦਿਨ ਉਹਨੂੰ ਲੱਭਦੇ ਨੇ ਲਾ ਦਿੱਤਾ । ਨੌਜਵਾਨ ਕੰਪਿਊਟਰ ਸੈਂਟਰ ਵੀ ਨਹੀਂ ਵੜਿਆ । ਬੱਸ ਉਹਦੇ ਟੇਬਲ ਤੋਂ 'ਪੰਜ ਪੀਰ' ਦੀ ਕੁਟੇਸ਼ਨ ਹੀ ਪਿ੍ੰਟ ਹੋਈ ਮਿਲੀ । ਇਹ ਕੁਟੇਸ਼ਨ ਕੋਈ ਮਾਮੂਲੀ ਚੀਜ਼ ਨਹੀਂ ਹੈ ।
ਛੋਟੇ ਹੁੰਦੇ ਮੈਂ ਤੇ ਮਲਕਾ ਮੰਮੀ-ਪਾਪਾ ਨਾਲ ਹੀ ਸੌਂਦੇ ਸਾਂ । ਮੰਮਾ ਕੋਲੋਂ ਰੋਜ਼ ਰਾਤ ਨੂੰ ਬਾਤ ਸੁਣਦੇ । ਇਕ ਵਾਰ ਉਨ੍ਹਾਂ ਪੰਜ ਪੀਰਾਂ ਦੀ ਬਾਤ ਸੁਣਾਈ ਸੀ । ''ਇਕ ਮੁਗਲ ਬਾਦਸ਼ਾਹ ਸੀ । ਉਹਦੇ ਗੁਆਂਢੀ ਰਾਜੇ ਦੀ ਧੀ ਰੱਜ ਕੇ ਸੋਹਣੀ ਸੀ । ਮੁਗਲ ਬਾਦਸ਼ਾਹ ਉਹਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਦੂਜਾ ਰਾਜਾ ਧੀ ਦੇਣ ਲਈ ਮੰਨੇ ਨਾ ।"
''ਉਹ ਕਾਹਤੋਂ ਮੰਮਾ?"
''ਯੁੱਧਵੀਰ ਬੇਟੇ, ਉਹ ਹਿੰਦੂ ਰਾਜਾ ਸੀ ।" ਮੰਮੀ ਅੱਗੇ ਬੋਲੀ ਸੀ ।
''...ਮੁਗ਼ਲ ਬਾਦਸ਼ਾਹ ਨੇ ਹਮਲਾ ਵੀ ਕੀਤਾ ਪਰ ਸਫ਼ਲ ਨਾ ਹੋਇਆ । ਹਾਰ ਕੇ ਉਹਨੇ ਪੰਜਾਂ ਪੀਰਾਂ ਨੂੰ ਧਿਆਇਆ ।...ਬੱਚਿਓ, ਬਾਬਿਆਂ ਨੂੰ ਜੈ ਕੀਤੀ । ਜੰਨਤ ਵਿੱਚੋਂ ਪੰਜ ਪੀਰ ਉੱਡ ਕੇ ਆ ਗਏ । ਬਾਦਸ਼ਾਹ ਦੀ ਵਿਥਿਆ ਸੁਣ ਕੇ ਇਕ ਪੀਰ ਨੇ ਆਪਣੇ ਪੈਰਾਂ ਦੇ ਪਊਏ ਉਹਨੂੰ ਦੇ ਦਿੱਤੇ । ਨਾਲੇ ਕਿਹਾ-
''ਇਹ ਪਾ ਕੇ ਤੂੰ ਕਿਤੇ ਵੀ ਉੱਡ ਕੇ ਜਾ ਸਕਦੈਂ ।"
ਫੇਰ ਦੂਜੇ ਪੀਰ ਨੇ ਆਪਣੇ ਸਿਰ ਤੋਂ ਟੋਪੀ ਲਾਹ ਕੇ ਦਿੰਦਿਆਂ ਕਿਹਾ-
''ਟੋਪੀ ਪਾ ਲੈਣ ਨਾਲ ਤੂੰ ਕਿਸੇ ਨੂੰ ਦਿਖੇਂਗਾ ਨ੍ਹੀਂ । ਪਰ ਤੂੰ ਸਾਰਿਆਂ ਨੂੰ ਦੇਖ ਸਕੇਂਗਾ ।"
''ਲਉ ਜੀ ਪੀਰ ਪਊਏ ਤੇ ਟੋਪੀ ਦੇ ਕੇ ਜੰਨਤ ਪਹੁੰਚ ਗਏ । ਬਾਦਸ਼ਾਹ ਨੇ ਟੋਪੀ ਲਈ । ਪੈਰਾਂ ਵਿਚ ਪਊਏ ਪਾਏ । ਪੀਰਾਂ ਨੂੰ ਧਿਆਇਆ ਤੇ ਰਾਜੇ ਦੇ ਮਹਿਲੀਂ ਜਾ ਵੜਿਆ । ਰਾਜੇ ਦੀ ਧੀ ਉਹਦੀ ਸ਼ਕਤੀ ਦੇਖ ਕੇ ਖ਼ੁਸ਼ ਹੋ ਗਈ । ਉਹਦੀ ਪਿੱਠ 'ਤੇ ਬਹਿ ਕੇ ਮਹਿਲ 'ਚੋਂ ਉੱਡ ਆਈ । ਉਨ੍ਹਾਂ ਆਪਣੇ ਰਾਜ ਵਿਚ ਆ ਕੇ ਵਿਆਹ ਕਰਵਾ ਲਿਆ ।"
''ਮੰਮੀ ਇੱਦਾਂ ਹੋ ਜਾਂਦੈ?" ਮੈਂ ਆਪ ਅਜਿਹੀ ਟੋਪੀ ਅਤੇ ਪਊਆਂ ਦੀ ਮੰਗ ਕਰਨੀ ਚਾਹੀ ।
''ਨ੍ਹੀਂ ਬੇਟਾ! ਇਹ ਬਾਤਾਂ ਗੱਪ ਹੁੰਦੀਆਂ ਨੇ ।" ਨਾਸਤਿਕ ਪਿਓ ਨੇ ਮੇਰੀ ਆਸ 'ਤੇ ਪਾਣੀ ਫੇਰ ਦਿੱਤਾ ਸੀ । ਨਹੀਂ ਮੈਂ ਤੇ ਸੋਚ ਲਿਆ ਸੀ ਕਿ ਪੇਪਰਾਂ ਵੇਲੇ ਪੰਜ ਪੀਰਾਂ ਤੋਂ 'ਟੋਪੀ' ਲਵਾਂਗਾ । ਕੋਲ ਹੈਲਪ-ਬੁਕਸ ਲੈ ਜਾਇਆ ਕਰਾਂਗਾ । ਪੜ੍ਹਨ ਤੋਂ ਛੁਟਕਾਰਾ ਹੋ ਜਾਵੇਗਾ । ਫੇਰ ਮੈਂ ਵੱਡਾ ਅਫ਼ਸਰ ਬਣੂੰਗਾ । ਮੰਮੀ-ਪਾਪਾ ਦੀਆਂ ਝਿੜਕਾਂ ਤੋਂ ਬਚ ਜਾਵਾਂਗਾ ।
ਪਿਛਲੇ ਸਾਲ ਮੈਂ ਅਜੂਬਾ ਰੈਸਟੋਰੈਂਟ ਵਿਚ ਬੈਠਾ ਏ ਪੀ ਸਿੰਘ, ਰੱਜਤ ਤੇ ਕਬੀਰ ਨਾਲ ਪੀ ਰਿਹਾ ਸੀ । ਥੋੜ੍ਹਾ ਸਰੂਰ ਵਿਚ ਆਏ ਤਾਂ ਕਬੀਰ ਨੇ ਯੂਨੀਵਰਸਿਟੀ- ਕੁਈਨ ਦੀਆਂ ਗੱਲਾਂ ਛੇੜ ਲਈਆਂ । ਉਹਨੂੰ ਕਿਵੇਂ ਪੱਟਿਆ ਜਾਵੇ, ਇਸ ਬਾਰੇ ਤਰਕੀਬਾਂ ਘੜਨ ਲੱਗੇ । ਮੇਰੇ ਅੰਦਰ ਲਗਾਤਾਰ ਪੈੱਗ ਗਏ ਤਾਂ ਮੈਂ ਆਪਣੇ ਆਪ ਨੂੰ ਮੁਗ਼ਲ ਬਾਦਸ਼ਾਹ ਸਮਝ ਲਿਆ ਸੀ ।...ਪੀਰਾਂ ਦਾ ਅਸ਼ੀਰਵਾਦ ਮੇਰੇ ਸਿਰ 'ਤੇ ਸੀ । ਇਕ ਨੇ ਮੇਰੇ ਸਿਰ 'ਤੇ ਟੋਪੀ ਦੇ ਦਿੱਤੀ । ਦੂਜੇ ਨੇ ਪੈਰਾਂ ਵਿਚ ਪਊਏ ਪਾ ਦਿੱਤੇ । ਉੱਡ ਕੇ ਮੈਂ ਕੁਈਨ ਦੇ ਘਰ ਜਾ ਪੁੱਜਾ । ਮੇਰੀ ਬਿਰਤੀ ਕਬੀਰ ਦੇ ਚੁਟਕਲੇ ਨੇ ਤੋੜੀ ਸੀ ।
ਏ ਪੀ ਸਿੰਘ ਕੰਪਿਊਟਰ ਸੈਂਟਰ ਦਾ ਮਾਲਕ ਹੈ । ਵਿਗਿਆਨ ਸੰਸਥਾਨ ਅਤੇ ਇਲੈਕਟ੍ਰੋਨਿਕਸ ਕੰਪਨੀ ਵਿਚ ਨੌਕਰੀ ਕਰਦਾ ਹੈ । 'ਜੈ ਸੀਆ ਰਾਮ' ਤੇ 'ਕੁਰੂਕਸ਼ੇਤਰ' ਵਰਗੇ ਟੈਲੀ ਸੀਰੀਅਲਜ਼ ਵਿਚ ਜੋ ਇਲੈਕਟ੍ਰੋਨਿਕਸ ਲੜਾਈ ਦਿਖਾਈ ਹੈ । ਦੁਸ਼ਮਣਾਂ ਨੂੰ ਤੀਰਾਂ ਤੇ ਹੋਰ ਹਥਿਆਰਾਂ ਨਾਲ ਮਾਰਨ ਦੀ ਤਕਨੀਕ ਏ ਪੀ ਸਿੰਘ ਦੀ ਹੈ । ਉਹਨੇ 'ਪੰਜ ਪੀਰ' ਵਾਲੀ ਬਾਤ ਮੈਤੋਂ ਕਈ ਵਾਰ ਸੁਣੀ । ਉਹ ਇਹੋ ਜਿਹੀ 'ਕੈਪ' ਤੇ ਕੰਪਿਊਟਰ 'ਚਿਪ' ਦੀ ਖੋਜ ਕਰਨ ਲੱਗ ਪਿਆ । ਜਿਸ ਨਾਲ ਵਿਅਕਤੀ ਦਿਖਣੋਂ ਹਟ ਜਾਵੇ ਤੇ ਹਵਾ ਵਿਚ ਉੱਡਣ ਲੱਗ ਪਏ । ਮੈਨੂੰ ਖ਼ਬਰ ਮਿਲੀ ਆ ਕਿ ਉਹਨੇ ਇਹ ਖੋਜ ਕਰ ਲਈ ਹੈ ।
ਅੱਜ ਮੈਂ ਉਹੀ 'ਕੈਪ' ਤੇ 'ਚਿਪ' ਲੱਭਦਾ ਰਿਹਾ । ਬੱਸ ਮਿਲਣ ਦੀ ਦੇਰ ਆ । ਰਣਜੋਧ ਸਿੰਘ ਦੀ ਖੋਪੜੀ ਲਾਹ ਦੇਣੀ ਆ । ਮੈਨੂੰ ਭੰਗੀ ਸੱਦਦਾ । ਫੇਰ ਮੈਂ ਉਹਦੀ ਲੋਥ 'ਤੇ ਬਹਿ ਕੇ ਭੰਗ ਵਾਲੀਆਂ ਸਿਗਰਟਾਂ ਪੀਣੀਆਂ ।...ਮੈਂ ਸਿਗਰਟ ਲਾ ਲਈ ਹੈ । ਮੂਰਤੀ ਦੀ ਟੇਪ ਲਾਹ ਕੇ ਸਿਗਰਟ ਕਾਮਰੇਡ ਦੇ ਮੂੰਹ 'ਚ ਤੁੰਨਦਾਂ ।
''ਮਾਂ ਯ੍ਹਾਵਾ, ਮੇਰਾ ਬਚਪਨ ਖਾ ਗਿਆ ।" ਮੂਰਤੀ ਫ਼ਰਸ਼ ਤੇ ਵਗਾਹ ਮਾਰੀ ਐ ਤਾਂ ਕਿ ਇਹਦੀ ਖੋਪੜੀ ਸਿੱਧੀ ਹੋ ਜਾਵੇ । ਕਾਮਰੇਡ ਤੋਂ ਜੇਬ-ਖ਼ਰਚ ਮੰਗੋ । ਉਹ ਵੀ ਸਿਸਟਮ ਨਾਲ ਜੋੜ ਦਏਗਾ । ਕਹੇਗਾ-
''ਇਨਕਲਾਬ ਆਉਣ ਤੋਂ ਬਾਅਦ ਹੀ ਆਰਥਿਕ ਆਜ਼ਾਦੀ ਮਿਲੇਗੀ ।" ''ਓਏ ਵੱਡਿਆ ਜੰਗਜੂਆ... ।" ਮੈਤੋਂ ਫੇਰ ਮੱਘਾ ਵੱਜ ਗਿਆ ।
ਛੋਟਾ ਹੁੰਦਾ ਤਾਂ ਮੈਂ ਇਨ੍ਹਾਂ ਦਾ ਭੋਲਾ ਪੁੱਤ ਸੀ । ਤਾਇਆ ਕੈਨੇਡਾ ਤੋਂ ਤਿੰਨਾਂ ਲਈ ਖ਼ਰਚ ਭੇਜਦਾ । ਮੰਮੀ-ਪਾਪਾ ਹੋਸਟਲ ਛੱਡਣ ਆਂਦੇ । ਘਰ ਨੂੰ ਲੈ ਕੇ ਜਾਂਦੇ । ਪਿੰਡ ਜਾਂਦਾ ਤਾਂ ਉਨ੍ਹਾਂ ਨਾਲ ਹੀ ਸੌਂਦਾ । ਮੰਮਾ ਨੂੰ ਮੈਤੋਂ ਬਿਨਾਂ ਨੀਂਦ ਨ੍ਹੀਂ ਸੀ ਆਉਂਦੀ । ਪਾਪਾ ਦਾ ਮੈਂ ਇਨਕਲਾਬੀ ਸੂਰਮਾ ਪੁੱਤ ਸੀ । ਨਾਂ ਵੀ ਯੁੱਧਵੀਰ ਸਿੰਘ ਰੱਖਿਆ ।
''ਪ੍ਰੋਫ਼ੈਸਰ ਸਾਹਿਬ, ਯੁੱਧਵੀਰ ਸਿੰਘ ਨੂੰ ਕੀ ਬਣਾਉਣਾ?" ਪਾਪਾ ਦਾ ਝੋਲੇ ਵਾਲਾ ਸਾਥੀ ਰਛਪਾਲ ਸਿੰਘ ਘਰ ਆਉਂਦਾ ਤਾਂ ਪੁੱਛ ਲੈਂਦਾ ।
''ਇਹ ਭਗਤ ਸਿੰਘ, ਸਰਾਭਾ ਬਣੂੰ ।" ਪਾਪਾ ਦੀ ਹਿੱਕ ਗਿੱਠ ਚੌੜੀ ਹੋ ਜਾਂਦੀ ।
ਮੇਰੀ ਹਰ ਇੱਛਾ ਦਾ ਖ਼ਿਆਲ ਰੱਖਦੇ । ਉਹ ਪਾਰਟੀ-ਕੰਮਾਂ ਵਿਚ ਬਾਹਰ ਤੁਰੇ ਫਿਰਦੇ । ਮੰਮੀ ਘਰ ਸੰਭਾਲਦੇ । ਸਕੂਲ ਤੋਂ ਘਰ ਜਾਂਦਾ । ਮੰਮੀ ਪੜ੍ਹਾਉਣ ਲੱਗ ਪੈਂਦੇ । ''ਹਰਜੀਤ, ਮੁੰਡੇ ਨੂੰ ਕਿਤਾਬੀ ਕੀੜਾ ਨਾ ਬਣਾ ਦੇਈਂ । ਨਾਲੇ ਬੁਰਜੂਆ ਪੜ੍ਹਾਈ ਬੰਦੇ ਨੂੰ ਦੇ ਕੁਝ ਨਹੀਂ ਰਹੀ ।...ਮਿੱਤਰਾ, ਇਨਕਲਾਬੀ ਸਾਹਿਤ ਪੜ੍ਹਿਆ ਕਰ ।" ਪਾਪਾ ਮੈਨੂੰ ਰਸਾਲੇ ਫੜਾਉਂਦੇ ਕਹਿੰਦੇ ।
ਤਾਏ ਨੇ ਪਾਪਾ ਨੂੰ ਕੈਨੇਡਾ ਲਈ ਸਪਾਂਸਰਸ਼ਿਪ ਭੇਜ ਦਿੱਤੀ । ਉਹ ਜਾਣ ਲਈ ਤਿਆਰ ਨਹੀਂ ਸੀ । ਪਾਰਟੀ ਦੀ ਆਗਿਆ ਮਿਲਣ 'ਤੇ ਚਲੇ ਗਏ । ਛੇ ਮਹੀਨਿਆਂ ਬਾਅਦ ਮੁੜੇ ਤਾਂ ਕਾਫ਼ੀ ਬਦਲੇ-ਬਦਲੇ ਲੱਗੇ ।
''ਕਾਮਰੇਡਾ ! ਕੀ ਗੱਲ? ਘਰ ਬੈਠਾ ਰਹਿਨਾਂ?" ਲੋਕ ਘਰ ਮੂਹਰਿਉਂ ਲੰਘਦੇ ਪੁੱਛ ਲੈਂਦੇ ।
''ਲਹਿਰ ਫੇਲ੍ਹ ਹੋ ਗਈ । ਲੀਡਰਸ਼ਿਪ ਮਾੜੀ ਆ । ਆਪੋ ਵਿਚ ਲੜੀ ਜਾਂਦੇ ਨੇ । ਸਟੇਟ ਖਿਲਾਫ਼ ਤਾਂ ਲੜਦੇ ਈ ਨ੍ਹੀਂ । ਇਹਦੇ ਨਾਲੋਂ ਤਾਂ ਘਰ ਦਾ ਕੰਮ ਕਰਨਾ ਬੇਹਤਰ ਏ ।" ਉਹਦਾ ਇਹੀ ਜਵਾਬ ਹੁੰਦਾ ।
ਤਾਇਆ ਪੈਸੇ ਭੇਜੀ ਜਾਂਦਾ । ਉਹ ਜ਼ਮੀਨ ਖ਼ਰੀਦੀ ਜਾਂਦਾ । ਤਾਏ ਦੇ ਮੁੰਡੇ ਇੰਡੀਆ ਪੜ੍ਹਨ ਲਈ ਆਏ । ਮੈਨੂੰ ਅੱਠਵੀਂ ਵਿਚੋਂ ਪੜ੍ਹਦੇ ਨੂੰ ਹਟਾ ਕੇ ਉਨ੍ਹਾਂ ਦੇ ਨਾਲ ਨੈਨੀਤਾਲ ਲਾਇਆ । ਉਹਦੀ ਖ਼ਾਹਿਸ਼ ਸੀ ਕਿ ਮੈਂ ਅਫ਼ਸਰ ਬਣਾਂ । ਹੋਸਟਲ ਤੋਂ ਘਰ ਆਉਂਦਾ ਤਾਂ ਮੈਨੂੰ ਸੌਣ ਨਾ ਦਿੰਦੇ । ਟੀ ਵੀ ਦੇਖਣ ਅਤੇ ਖੇਡਣ 'ਤੇ ਪਾਬੰਦੀ ਲਾ ਦਿੱਤੀ । ਪੜ੍ਹਨ ਬਾਰੇ ਭਾਸ਼ਣ ਦੇਣ ਲੱਗ ਪੈਂਦੇ । ਮੈਂ ਪਾਪਾ ਤੋਂ ਬੋਰ ਹੋ ਜਾਂਦਾ । ਮੰਮੀ ਚੰਗੀ ਸੀ । ਉਹ ਉਹਦੇ ਨਾਲ ਲੜ ਪੈਂਦੀ ।
''ਨਾ ਭਲੀਏ ਮਾਣਸੇ, ਮੈਂ ਇਹਦਾ ਦੁਸ਼ਮਣ ਆਂ । ਇਹਦੀ ਜ਼ਿੰਦਗੀ ਬੇਹਤਰ ਬਣਾਉਣੀ ਚਾਹੁੰਨਾਂ । ਹੁਣ ਇਹ ਕਾਨਵੈਂਟ ਸਕੂਲ ਦਾ ਸਟੂਡੈਂਟ ਏ । ਉਥੇ ਦਾ ਪੱਧਰ ਬਣਾਉਣਾ ਪਊ ।" ਉਹ ਦਬਕਾ ਮਾਰਦਾ ।
ਮੈਨੂੰ ਕੰਪਿਊਟਰ ਖ਼ਰੀਦ ਕੇ ਦਿੱਤਾ । ਸਕੂਲ ਕੰਪਿਊਟਰ-ਕੰਪਟੀਸ਼ਨ ਵਿਚ ਮੈਨੂੰ ਪ੍ਰਾਈਜ਼ ਨਾ ਮਿਲਿਆ ।
''ਇੰਡੀਅਨ ਸੁਸਾਇਟੀ ਵਿਚ ਬੰਦਾ ਹਰ ਹੀਲਾ ਵਰਤ ਕੇ ਕਾਮਯਾਬ ਹੋ ਜਾਂਦੈ ।" ਉਸ ਮੈਨੂੰ ਨਿਰਾਸ਼ ਦੇਖ ਕੇ ਹੌਂਸਲਾ ਦਿੱਤਾ ਸੀ ।
ਕਾਮਰੇਡ ਤੇ ਗਣਿਤ ਦੋਨੋਂ ਮੇਰੇ ਲਈ ਇਕੋ ਜਿਹੇ ਨੇ । ਇਨ੍ਹਾਂ ਨੂੰ ਸਮਝਣਾ ਮੇਰੇ ਵੱਸੋਂ ਬਾਹਰ ਏ । ਨੌਵੀਂ ਦੇ ਪਹਿਲੇ ਹਾਊਸ-ਟੈਸਟ ਹੋਏ । ਮੈਂ ਗਣਿਤ ਵਿਚੋਂ ਫੇਲ੍ਹ ਸੀ । ਰਣਜੋਧ ਸਿੰਘ ਦਾ ਭਾਸ਼ਣ ਸ਼ੁਰੂ ਹੋ ਗਿਆ । ਜਦੋਂ ਮੈਨੂੰ ਦਬਕਣ ਲੱਗੇ ਤਾਂ ਮਾਰਕਸ ਹਾਕ ਤੇ ਜੈਜ਼ੀ ਮੇਰੀ ਹਮਾਇਤ 'ਤੇ ਆ ਗਏ ਸਨ ।
''ਚਾਚਾ ਜੀ, ਤੁਸੀਂ ਥਰੈਟ ਕਿਉਂ ਕਰਦੇ ਓ । ਇਹ ਸਾਡਾ ਨਿੱਕਾ ਵੀਰ ਏ । ਅਸੀਂ ਆਪੇ ਪੜ੍ਹਾ ਲਵਾਂਗੇ ।"
ਮੈਂ ਗੁੱਸੇ ਵਿਚ ਆਏ ਨੇ ਰਾਤ ਨੂੰ ਹੋਸਟਲ ਦੀਆਂ ਦੋ ਟਿਊਬਾਂ ਭੰਨ ਦਿੱਤੀਆਂ ਸਨ ।...'ਕਰੂਰ', 'ਨਸ਼ੱਈ', 'ਰੰਡੀਬਾਜ਼', ਵਰਗੇ ਉਪਨਾਮ ਮੇਰੇ ਦਿਮਾਗ਼ ਦੀ ਸਕਰੀਨ 'ਤੇ ਅਪੀਅਰ ਹੋਈ ਜਾ ਰਹੇ ਹਨ ।
ਜੀਨੀ ਅੰਦਰ ਆਈ ਹੈ । ਮੈਂ ਕਾਮਰੇਡ ਦੇ ਸ਼ਾਸ਼ਨ ਤੋਂ ਟੁੱਟ ਕੇ ਉਹਦਾ ਹਾਲ ਪੁੱਛਿਆ ਤੇ ਸਿਗਰਟ ਦੀ ਪੇਸ਼ਕਸ਼ ਕੀਤੀ ਹੈ ।
''ਭਰੀ ਹੋਈ ਆ?" ਜੀਨੀ ਭੰਗ ਵਾਲੀ ਸਿਗਰਟ ਬਾਰੇ ਪੁੱਛਦੀ ਹੈ ।
''ਨਹੀਂ, ਸਿੰਪਲ ।"
ਮੇਰਾ ਜਵਾਬ ਸੁਣ ਕੇ ਨਾਂਹ ਕਰਦੀ ਹੈ । ਮੇਰੇ ਕੋਲ ਇਕ ਹੀ ਭਰੀ ਹੋਈ ਸਿਗਰਟ ਹੈ । ਕਾਮਰੇਡ ਵੀ ਕਿਸੇ ਨੂੰ ਚੀਜ਼ ਨਹੀਂ ਦਿੰਦਾ ਸੀ ।
'ਪਿਉ ਵਰਗਾ... ।' ਮੰਮੀ ਦਾ ਮਿਹਣਾ ਯਾਦ ਆਇਆ ਹੈ ।
''ਆਹ ਲੈ ।" ਮੈਂ ਕਾਮਰੇਡ ਦੀਆਂ ਆਦਤਾਂ ਦਾ ਵਿਰੋਧੀ ਹਾਂ । ਨਾਲੇ ਇਹਦੀ ਹਾਲਤ ਨਹੀਂ ਦੇਖੀ ਜਾਂਦੀ । ਜੀਨੀ ਕੈਂਡੀ ਖਾ ਕੇ ਧੂੰਏਂ ਦੇ ਗੋਲੇ ਬਣਾਉਣ ਲੱਗ ਪਈ ਹੈ ।
''ਰੀਪੂ, ਮੈਂ ਪ੍ਰੈਗਨੈਂਟ... ।" ਜੀਨੀ ਦਾ ਗੱਚ ਭਰ ਆਇਆ ਹੈ ।
ਮੈਂ ਚਾਹੁੰਨਾਂ ਇਹ ਆਪ ਹੀ ਡਾਕਟਰ ਕੋਲ ਜਾਵੇ । ਇਹਦੀ ਵੀ ਤਾਂ ਲੋੜ ਸੀ । ਮੇਰੇ ਕੋਲ ਪੈਸੇ ਨਹੀਂ ਹਨ । ਕਾਮਰੇਡ ਮਾਓ ਨੇ ਤਾਂ ਲਾਲ ਝੰਡੀ ਕਦੋਂ ਦੀ ਦਿਖਾਈ ਹੋਈ ਹੈ ।
''ਰੀਪੂ, ਮੈਂ..." ਜੀਨੀ ਨੇ ਰੱਟ ਲਗਾ ਲਈ ਹੈ । ਮੈਂ ਕਮਰੇ ਤੋਂ ਬਾਹਰ ਆ ਗਿਆ ਹਾਂ ।
ਕੰਪਿਊਟਰ-ਸੈਂਟਰ ਦੇ ਬਾਹਰ ਹੀ ਕੰਪਿਊਟਰ-ਅਪਰੇਟਰ ਮਿਲ ਪਈ ਹੈ । ਮੈਂ ਏ ਪੀ ਸਿੰਘ ਬਾਰੇ ਪੁੱਛਦਾ ਹਾਂ ।
''ਕਾਲੀ ਮਾਤਾ ਬਾਰੇ ਇਕ ਸੀਰੀਅਲ ਬਣ ਰਿਹੈ । ਮਾਤਾ ਦੇ ਚਮਤਕਾਰਾਂ ਨੂੰ ਕੰਪਿਊਟਰ 'ਤੇ ਕ੍ਰੀਏਟ ਕਰਨ ਬੰਬੇ ਗਏ ਸੀ । ਸ਼ਾਇਦ ਮੁੜ ਤਾਂ ਆਏ ਆ... ।" ਜੁਗਾਲੀ ਜਿਹੀ ਕਰਦੀ ਤੁਰ ਪਈ ਹੈ । ਮੈਂ ਡਾਂਸ-ਕਲੱਬ ਵੱਲ ਹੋ ਲਿਆ ਹਾਂ । ਕਾਲੀ ਮਾਤਾ ਤੇ ਪਿ੍ੰਸੀਪਲ ਕਾਲੀਆ ਇਕ ਦੂਜੇ ਦੇ ਉਲਟ ਦਿਸ਼ਾ ਵਿਚ ਜਾ ਰਹੇ ਹਨ ।
ਗਰਮੀਆਂ ਵਿਚ ਸਕੂਲ ਦਾ ਟੂਰ ਕਾਫ਼ਨੀ ਕਸ਼ੌਨੀ ਗਿਆ । ਪਿ੍ੰਸੀਪਲ ਕਾਲੀਆ ਨੇ ਰੱਜਤ, ਕਬੀਰ ਤੇ ਮੇਰੇ ਜਾਣ 'ਤੇ ਪਾਬੰਦੀ ਮੜ੍ਹ ਦਿੱਤੀ । ਕੁੜੀਆਂ ਛੇੜਨ ਦਾ ਦੋਸ਼ ਸੀ । ਅਸੀਂ ਵੱਖਰੇ ਟੂਰ 'ਤੇ ਚਲੇ ਗਏ । ਭੰਗ ਵਾਲੇ ਪਕੌੜੇ ਖਾਧੇ । ਕਬੀਰ ਰਾਇਲ ਸਟੂਡੀਓ ਲੈ ਵੜਿਆ । ਪੰਜਾਹ ਰੁਪਏ ਵਿਚ ਕੁੜੀ ਨਾਲ ਫ਼ੋਟੋ ਖਿਚਵਾਈ । ਆਉਣ ਲੱਗਿਆਂ ਡਾਂਸ-ਕਲੱਬ ਦੀ ਦੁਨੀਆਂ ਦਾ ਵੀ ਲੁਤਫ਼ ਲਿਆ । ਉਸ ਦਿਨ ਮੈਂ ਪਹਿਲੀ ਵਾਰ ਆਜ਼ਾਦ ਦੇਸ਼ ਦਾ ਨਾਗਰਿਕ ਬਣਿਆ । ਮੇਰੇ ਸਾਹਮਣੇ ਦੁਨੀਆਂ ਭਰ ਦੇ ਡਿਕਟੇਟਰਾਂ ਦੇ ਚਿਹਰੇ ਆ ਗਏ । ਤੇ ਹਰੇਕ ਦੇ ਧੜ 'ਤੇ ਰਣਜੋਧ ਸਿੰਘ ਦਾ ਸਿਰ ਦਿਸਿਆ ।
ਟੂਰ ਤੋਂ ਵਾਪਸ ਆਏ ਤਾ ਪੇਸ਼ੀ ਹੋਈ ਸੀ । ਪੇਰੈਂਟਸ ਸੱਦ ਲਏ ਗਏ । ਟਿਊਬਾਂ ਭੰਨਣੀਆਂ, ਕੁੜੀਆਂ ਨੂੰ ਛੇੜਨਾ, ਹਿੰਦੀ ਵਾਲੇ ਸਰ ਦਾ ਨਾਂ 'ਬਿੱਜੂ' ਰੱਖਣਾ ਤੇ ਪੈਰਲਲ ਟੂਰ 'ਤੇ ਜਾਣਾ ਆਦਿ ਮਸਲੇ ਗੰਭੀਰ ਹੋ ਗਏ ਸਨ । ਮੈਨੂੰ ਉਮੀਦ ਸੀ ਪਾਪਾ ਬਚਾ ਲੈਣਗੇ ।
''ਇਨ੍ਹਾਂ ਦਾ ਗਰੁੱਪ ਤੋੜ ਦਿਓ ।" ਇਹ ਮਸ਼ਵਰਾ ਕਾਮਰੇਡ ਮਾਓ ਵਰਗੀ ਟੋਪੀ ਪਹਿਨੇ ਰਣਜੋਧ ਸਿੰਘ ਨੇ ਦਿੱਤਾ ਸੀ । ਮਾਹੌਲ ਵਿਗੜਦਾ ਵੇਖ ਕੇ ਅਸੀਂ ਤਿੰਨਾਂ ਨੇ ਸੌਰੀ ਫੀਲ ਕਰ ਲਈ ਸੀ ।
ਮੈਂ ਅਸ਼ਾਂਤ ਰਹਿਣ ਲੱਗ ਪਿਆ । ਮੰਮੀ ਬਥੇਰਾ ਸਾਥ ਦਿੰਦੀ ਪਰ ਮੈਂ... । ਮੈਨੂੰ ਪਤਾ ਨਹੀਂ ਕੀ ਹੋ ਗਿਆ ਸੀ । ਪੜ੍ਹਾਈ ਦੀ ਗੱਲ ਕਰਨ ਵਾਲੇ ਮੈਨੂੰ ਦੁਸ਼ਮਣ ਨਜ਼ਰ ਆਉਂਦੇ । ਸਿਰਫ਼ ਕੁੜੀਆਂ ਚੰਗੀਆਂ ਲੱਗਦੀਆਂ ਸਨ । ਮੈਂ ਡੇ-ਡਰੀਮ ਵਿਚ ਦਿਨ ਬਿਤਾਉਂਦਾ ਸਾਂ ।
ਜੈਜ਼ੀ ਤੇ ਹਾਕ ਨੂੰ ਲਿਜਾਣ ਲਈ ਤਾਇਆ ਜੀ ਕੈਨੇਡਾ ਤੋਂ ਆਏ ਤਾਂ ਉਨ੍ਹਾਂ ਮੈਨੂੰ ਸੰਭਾਲਿਆ । ਪੜ੍ਹਾਈ ਨਾਲ ਜੋੜਿਆ । ਮੈਟਿ੍ਕ ਕਰਨ ਤੋਂ ਬਾਅਦ ਉਥੇ ਹੀ ਪੜ੍ਹਨ ਲਾ ਦਿੱਤਾ ਸੀ । ਰਣਜੋਧ ਸਿੰਘ ਨੇ ਹਿਸਟਰੀ ਤੇ ਪੁਲੀਟੀਕਲ ਸਾਇੰਸ ਰਖਵਾਈ । ਤੁਰਨ ਲੱਗਾ ਸਿੱਖਿਆ ਵਾਲਾ ਸਿਹਰਾ ਪੜ੍ਹਨ ਲੱਗ ਪਿਆ ।
''ਪੁੱਤਰ ਜੀ, ਦੁਨੀਆਂ ਨੂੰ ਅਫ਼ਸਰ ਬਣ ਕੇ ਦਿਖਾਉਣੈਂ । ਕੁੜੀਆਂ ਤੋਂ ਦੂਰ ਰਹਿਣਾ । ਨਸ਼ਿਆਂ ਨੂੰ ਮੂੰਹ ਨਾ ਲਾਣਾ ।"
ਇਕ ਦਿਨ ਅਸੀਂ ਫ਼ਿਲਮ ਦੇਖ ਕੇ ਆਏ । ਰਣਜੋਧ ਸਿੰਘ ਜਮਦੂਤ ਬਣਿਆ ਗੈਸਟ-ਰੂਮ ਵਿਚ ਬੈਠਾ ਸੀ ।
''ਵਿਦਿਆਰਥੀਆਂ ਦਾ ਜੀਵਨ ਉਨ੍ਹਾਂ ਸੰਤਾਂ-ਮਹਾਤਮਾ ਦੀ ਤਰ੍ਹਾਂ ਹੁੰਦਾ ਹੈ ਜੋ ਪਰਮਾਤਮਾ ਦੀ ਪ੍ਰਾਪਤੀ ਲਈ ਗ੍ਰਹਿਸਥੀ, ਘਰ-ਬਾਰ, ਖਾਣ-ਪੀਣ, ਦੁਨੀਆਂਦਾਰੀ, ਸਭ ਕਾਸੇ ਦਾ ਤਿਆਗ ਕਰਕੇ ਉਸ ਦੇ ਨਾਮ-ਸਿਮਰਨ ਵਿਚ ਸਮਾਂ ਲਾ ਦਿੰਦੇ ਨੇ । ਪੜ੍ਹਾਈ ਦੀ ਖ਼ਾਤਰ ਸਭ ਐਬ, ਸੁੱਖ ਸਹੂਲਤਾਂ ਤਿਆਗ ਦਿਓ ।" ਕਾਮਰੇਡ ਦੇ ਪ੍ਰਵਚਨ ਸੁਣ ਕੇ ਮੈਂ ਦੰਗ ਰਹਿ ਗਿਆ । ਨਾਸਤਿਕ ਬੰਦੇ ਦੀ ਕਿਸ ਉਮਰੇ ਲਿਵ ਲੱਗੀ?
''ਮਾੜੀ ਸੁਸਾਇਟੀ ਤੋਂ ਬਚੀਂ ।" ਤੁਰਨ ਲੱਗਿਆਂ ਸਿੱਖਿਆ ਵਾਲੇ ਸਿਹਰੇ ਦਾ ਦੂਜਾ ਭਾਗ ਸੁਣਾਉਣ ਲੱਗ ਪਿਆ ਸੀ । ਮਾੜੀ ਸੁਸਾਇਟੀ ਦੀਆਂ ਗੱਲਾਂ ਕਰਦਾ ਆਪਣਾ ਰੰਡੀ-ਰੋਣਾ ਲੈ ਕੇ ਬਹਿ ਗਿਆ ।
''ਮੈਂ ਕਾਲਜ ਦੀ ਨੌਕਰੀ ਨੂੰ ਲੱਤ ਮਾਰੀ । ਮਿਲਿਆ ਕੀ? ਬੇਇੱਜ਼ਤੀ...ਪੁਲਿਸ ਤਸ਼ੱਦਦ ।"
ਮੇਰੀਆਂ ਅੱਖਾਂ ਸਾਹਮਣੇ ਥਾਣੇ ਦਾ ਫਲੌਪੀ ਵਾਲਾ ਦਿ੍ਸ਼ ਆ ਗਿਆ...ਪੁੱਠਾ ਟੰਗਿਆ ਹੋਇਆ । ਗਰਮ ਸਲਾਖਾਂ... । ਕਾਮਰੇਡ ਪਹਿਲਾਂ ਕਾਲਜ-ਲੈਕਚਰਾਰ ਸੀ । ਇਨਕਲਾਬੀ ਲਹਿਰ ਸਮੇਂ ਬੁਰਜੂਆਂ ਸਿਸਟਮ ਖ਼ਿਲਾਫ਼ ਲੜਨ ਲਈ ਨੌਕਰੀ ਛੱਡ ਦਿੱਤੀ ਸੀ । ਸਟੇਟ ਦੇ ਤਸ਼ੱਦਦ ਨੇ ਅੰਡਰ-ਗਰਾਊਂਡ ਹੋਣ ਲਈ ਮਜ਼ਬੂਰ ਕਰ ਦਿੱਤਾ ਸੀ ।...ਇਕ ਦਿਨ ਮੈਂ ਘਰੋਂ ਘੜੀ, ਦੋ ਕੈਮਰੇ, ਟੈਲੀਫੋਨ ਦੇ ਚਾਰ ਸੈਟ ਚੁੱਕ ਲਿਆਇਆ ਸੀ । ਜਦੋਂ ਉਸਨੇ ਖ਼ਰਚ ਦੇਣ ਤੋਂ ਨਾਂਹ ਕਰ ਦਿੱਤੀ ਸੀ । ਫਿਰ ਮੈਂ ਆਪਣਾ ਹੱਕ ਖੋਹ ਲਿਆਇਆ ਸੀ । ਉਸ ਸਾਮਾਨ ਵਿਚ ਇਕ ਫਲੌਪੀ ਵੀ ਆ ਗਈ ਸੀ । ਉਸ ਫਲੌਪੀ ਵਿਚ ਕਾਮਰੇਡ ਨੇ ਆਪਣੀ ਡਾਇਰੀ ਲਿਖੀ ਹੋਈ ਸੀ । ਮੈਂ 'ਸਰਕਾਰੀ ਤਸ਼ੱਦਦ' ਦੇ ਟਾਈਟਲ ਹੇਠ ਹਾਅ ਸਾਰਾ ਕੁਝ ਫੀਡ ਕੀਤਾ ਹੋਇਆ ਸੀ ।
ਮੈਂ ਪਾਰਟ-ਵੰਨ ਵੇਲੇ ਕਾਲਜ ਦਾਖ਼ਲਾ ਲੈ ਲਿਆ । ਇਕ ਪੜ੍ਹਾਈ ਔਖੀ ਦੂਜਾ ਕਾਮਰੇਡ ਕੱਬਾ । ਮੇਰੇ ਨਸ਼ੇ ਵਧ ਗਏ ਸਨ । ਆਪਣੇ ਆਪ ਨੂੰ ਸੈੱਟ ਕਰਨ ਲਈ ਹਰ ਤਰ੍ਹਾਂ ਦਾ ਨਸ਼ਾ ਲੈਣ ਲੱਗਾ । ਕਾਮਰੇਡ ਮੇਰੇ ਦੁੱਖਾਂ ਤੇ ਪਰੇਸ਼ਾਨੀਆਂ ਨੂੰ ਸਮਝ ਨਹੀਂ ਰਿਹਾ ਸੀ । ਪਹਿਲੇ ਸਮਿਆਂ ਵਿਚ ਤਾਂ ਉਹ ਇਨ੍ਹਾਂ ਦਾ ਹੱਲ ਇਨਕਲਾਬ ਵਿਚੋਂ ਕੱਢਦਾ ਹੁੰਦਾ ਸੀ । ਹਰ ਸ਼ੈਅ ਨੂੰ ਇਨਕਲਾਬੀ ਰੰਗਤ ਦਿੰਦਾ ਸੀ । ਮੇਰਾ ਨਾਂ ਯੁੱਧਵੀਰ ਸਿੰਘ ਵੀ ਇਸੇ ਕਾਰਨ ਰਖਿਆ ਸੀ । ਮੈਂ ਹੈਰਾਨ ਹਾਂ ਕਿ ਭੈਣ ਦਾ ਨਾਂ ਮਲਕਾ ਕਿਵੇਂ ਰੱਖ ਲਿਆ? ਹੁਣ ਉਹ ਸਮੱਸਿਆਵਾਂ ਨੂੰ ਸਮਝ ਹੀ ਨਹੀਂ ਰਿਹਾ ਸੀ । ਮੈਂ ਔਖੇ ਸੌਖੇ ਨੇ ਪਾਰਟ ਵੰਨ ਕਰ ਲਈ ਸੀ ।
ਕਾਮਰੇਡ ਨੇ ਕਾਲਜ ਆ ਵੜਨਾ । ਮੇਰੇ ਨਸ਼ਿਆਂ ਵਿਰੁੱਧ ਮੁਹਿੰਮ ਵਿੱਢ ਲਈ । ਮੈਂ ਪੰਜਾਹ ਸਮੱਸਿਆਵਾਂ ਵਿਚ ਘਿਰਿਆ ਹੋਇਆ ਸੀ, ਪਰ ਉਹ... । ਮੈਂ ਹੈਰਾਨ ਸੀ ਕਿ ਹਰ ਵਕਤ ਜਮਾਤੀ ਯੁੱਧ ਦੀ ਗੱਲ ਕਰਨ ਵਾਲੇ, ਬੁਰਜੁਆਜੀ ਤੇ ਪ੍ਰੋਲੇਤਾਰੀ ਦੀ ਵੰਡ ਕਰਨ ਵਾਲੇ ਨੂੰ ਕੋਈ ਰਾਹ ਨਹੀਂ ਲੱਭ ਰਿਹਾ ਸੀ । ਪਹਿਲਾਂ ਪਹਿਲ ਕੋਈ ਵੀ ਸਮੱਸਿਆ ਦੱਸਣੀ, ਉਸ ਮੂਹਰਿਉਂ ਕਹਿਣਾ-
''ਬੇਟਾ, ਇਹ ਸਿਸਟਮ ਦੀ ਪੈਦਾਵਾਰ ਹੈ । ਸਮਾਜਵਾਦ ਆਉਣੇ 'ਤੇ ਇਹਦਾ ਆਪਣੇ ਆਪ ਹੱਲ ਹੋ ਜਾਏਗਾ ।" ਉਹ ਕਾਮਰੇਡਾਂ ਵਾਲਾ ਘੜਿਆ-ਘੜਾਇਆ ਜਵਾਬ ਦਿੰਦਾ ।
ਮੈਂ ਬਹੁਤਾ ਯੂਨੀਵਰਸਿਟੀ ਰਹਿੰਦਾ । ਯੂਨੀਵਰਸਿਟੀ ਵਿਚ ਮੇਰਾ ਦਿਲ ਲੱਗ ਗਿਆ ਸੀ । ਚੰਡੀਗੜ੍ਹ ਸ਼ਹਿਰ ਨੇ ਮੈਨੂੰ ਆਪਣਾ ਬਣਾ ਲਿਆ ਸੀ । ਪੈੱਗ ਅੰਦਰ ਜਾਂਦੇ । ਖ਼ੁਸ਼ੀ ਦੀਆਂ ਚਾਂਗਰਾਂ ਵੱਜਦੀਆਂ । ਚਾਰੇ ਪਾਸੇ ਮਸਤੀ ਹੀ ਮਸਤੀ । ਇਕ ਦਿਨ ਡਾਂਸ-ਕਲੱਬ ਵਿਚੋਂ ਨਿਕਲਦੇ ਨੂੰ ਰਣਜੋਧ ਸਿੰਘ ਨੇ ਫੜ ਲਿਆ ਸੀ ।
''ਅਸੀਂ ਇਸ ਕਲਚਰ ਦੇ ਖ਼ਿਲਾਫ਼ ਲੜਦੇ ਰਹੇ ਆਂ ਤੇ ਸਾਡੇ ਧੀਆਂ-ਪੁੱਤ... । ਬੁਰਜੂਆ ਸੁਸਾਇਟੀ ਵਿਚ ਹਰ ਤਰ੍ਹਾਂ ਦੀ ਓਪਨ-ਨੈਸ ਮਿਲਦੀ ਹੈ ਪਰ... ।" ਉਹਦਾ ਭਾਸ਼ਣ ਸ਼ੁਰੂ ਹੋ ਗਿਆ ਸੀ ।
ਮੈਨੂੰ ਪਿੰਡ ਨੂੰ ਨਾਲ ਹੀ ਲੈ ਗਿਆ । ਮਾਮੇ ਕੋਲ ਲੈ ਕੇ ਗਿਆ । ਆੜ੍ਹਤੀਏ ਨੂੰ ਮਿਲਾਇਆ । ਸਭ ਮੈਨੂੰ ਸਮਝਾਉਣ 'ਤੇ ਲੱਗੇ ਹੋਏ ਸਨ । ਜਿਵੇਂ ਮੈਂ ਪਾਗਲ ਹੋਵਾਂ । ਲੜਾਈ ਤਾਂ ਜੇਬ-ਖ਼ਰਚ ਦੀ ਸੀ । ਮੇਰਾ ਖ਼ਰਚ ਘਟਾ ਦਿੱਤਾ ਸੀ । ਮੈਂ ਖੇਤੀ ਵਿਚੋਂ ਹਿੱਸਾ ਮੰਗ ਲਿਆ ।
''ਆ ਜਾ, ਖੇਤੀਂ ਕੰਮ ਕਰ, ਹਿੱਸਾ ਲੈ ਲਈਂ । ਨਾਲੇ ਵਰਕ-ਕਲਚਰ ਦੀ ਆਦਤ ਬਣ ਜੂ ।" ਕੋਰਾ ਜਵਾਬ ਸੁਣ ਕੇ ਮੈਂ ਕਾਲਜ ਨੂੰ ਤੁਰ ਪਿਆ ।
ਪਰ ਮੰਮੀ ਨੇ ਚੋਰੀ ਪੈਸੇ ਫੜਾ ਦਿੱਤੇ ਸਨ । ਕਾਮਰੇਡ ਨੇ ਕੈਨੇਡਾ ਤੋਂ ਵੀ ਖ਼ਰਚ ਬੰਦ ਕਰਵਾ ਦਿੱਤਾ ਸੀ । ਮੈਂ ਬੀ ਏ ਸੈਕੰਡ-ਈਯਰ ਦੇ ਪੇਪਰ ਨਾ ਪਾਏ । ਮੈਨੂੰ ਕਾਮਰੇਡ ਦੀ ਰਾਜਨੀਤੀ ਨਾਲ ਨਫ਼ਰਤ ਹੋ ਗਈ ਸੀ । ਹਿਸਟਰੀ ਤੇ ਪੁਲੀਟੀਕਲ ਸਾਇੰਸ ਵਿਸ਼ੇ ਛੱਡ ਕੇ ਦੁਬਾਰਾ ਪਾਰਟ-ਵੰਨ ਵਿਚ ਦਾਖ਼ਲਾ ਲੈ ਲਿਆ । ਸਬਜੈਕਟ ਬਦਲਣ 'ਤੇ ਕਾਮਰੇਡ ਬੜਾ ਤੜਫ਼ਿਆ ਪਰ ਮੈਂ ਇਕ ਨਾ ਸੁਣੀ । ਮੈਨੂੰ ਆਪਣੇ ਨਾਂ ਤੋਂ ਵੀ ਨਫ਼ਰਤ ਹੋ ਗਈ । ਮੈਂ ਯੁੱਧਵੀਰ ਤੋਂ ਰਿਪਦੁਮਨ ਸਿੰਘ ਸ਼ੇਰਗਿੱਲ ਹੋ ਗਿਆ ।
ਡਾਂਸ-ਕਲੱਬ ਆ ਗਿਆ ਹਾਂ । ਕਲੱਬ ਵੜਦਿਆਂ ਹੀ ਨੱਢੀ ਨਾਲ ਟੇਬਲ- ਡਾਂਸ ਕਰਨ ਲੱਗ ਪਿਆ ਹਾਂ । ਪਹਿਲੀ ਵਾਰ ਮੈਨੂੰ ਇਹ ਡਾਂਸ ਕਬੀਰ ਨੇ ਸਿਖਾਇਆ ਸੀ । ਮੈਂ ਕੁੜੀ ਤੋਂ ਸੰਗੀ ਜਾ ਰਿਹਾ ਸੀ ਤੇ ਉਹ ਮੇਰੇ ਕੱਪੜੇ... ।
''ਏ ਮਿਸਟਰ, ਗਾਂਜਾ ਹੈ?" ਨੱਢੀ ਨਸ਼ੇ ਦੀ ਤੋਟ ਨਾਲ ਨਿਢਾਲ ਹੋਈ ਲੱਗਦੀ ਹੈ । ਮੈਂ ਨਾਂਹ ਕੀਤੀ ਹੈ । ਉਹ ਮੈਨੂੰ ਛੱਡ ਕੇ ਕਿਸੇ ਹੋਰ ਨਾਲ ਚਿੰਬੜ ਜਾਂਦੀ ਹੈ । ਮੈਂ ਦੂਜੀ ਨਾਲ ਪੈੱਗ-ਗੇਮ ਖੇਡਣ ਲੱਗ ਪਿਆ ਹਾਂ । ਮੇਰੀਆਂ ਸੋਚਾਂ ਭਾਵਨਾ ਨਾਲ ਜਾ ਜੁੜੀਆਂ ਨੇ ।
ਮੈਂ ਪ੍ਰੋਫ਼ੈਸਰ ਗੁਪਤਾ ਕੋਲ ਟਿਊਸ਼ਨ ਪੜ੍ਹਨ ਜਾਂਦਾ ਹੁੰਦਾ ਸੀ । ਉਹਦੀ ਕੁੜੀ ਭਾਵਨਾ ਮੇਰੇ ਨੇੜੇ ਹੋ ਗਈ ਸੀ । ਮੈਂ ਉਹਨੂੰ ਪਿੰਡ ਲੈ ਗਿਆ ।
''ਇਹ ਕੌਣ ਐ?" ਸਾਰੇ ਟੱਬਰ ਦੇ ਮੱਥੇ ਦੀਆਂ ਤਿਊੜੀਆਂ ਵਿਚ ਇਹ ਸਵਾਲ ਉੱਭਰ ਆਇਆ ਸੀ ।
''ਇਹ ਕਿਹੋ ਜਿਹਾ ਘਰ ਆ, ਜਿੱਥੇ ਬੰਦਾ ਆਪਣੀ ਗਰਲ-ਫ਼ਰੈਂਡ ਵੀ ਨ੍ਹੀਂ ਲਿਆ ਸਕਦਾ ।"
''ਇਥੋਂ ਦਫਾ ਹੋ ਜਾਹ ।" ਕਾਮਰੇਡ ਦੋਏਂ ਖੁਰ ਚੁੱਕ ਕੇ ਪਿਆ ਸੀ । ਮੰਮੀ ਵੀ ਬੁੜ-ਬੁੜ ਕਰਨ ਲੱਗ ਪਈ ਸੀ ।
''ਤੂੰ ਹੀ ਇਹਨੂੰ ਭੂਏ ਚੜ੍ਹਾਇਆ ।" ਉਹ ਮੰਮੀ ਦੁਆਲੇ ਹੋ ਗਿਆ ਸੀ ।
ਘਰ ਵਿਚ ਮੇਰੀ ਚਿੰਤਾ ਸਿਰਫ਼ ਮੰਮੀ ਨੂੰ ਹੈ । ਅਗਲੀ ਵਾਰ ਪਿੰਡ ਗਿਆ ਤਾਂ ਉਹ ਮੇਰੇ ਵਿਆਹ ਲਈ ਜ਼ੋਰ ਪਾਉਣ ਲੱਗ ਪਈ ।
''ਇਹਨੂੰ ਕਹਿ, ਲੈ ਆਵੇ ਜਿਹੜੀ ਲਿਆਉਣੀ ਆ । ਘਰ ਵਾੜ ਲਵਾਂਗੇ । ਜਾਤ, ਧਰਮ ਤੇ ਸੂਬੇ ਦਾ ਕੋਈ ਰੌਲਾ ਨਹੀਂ ਪਰ ਬੰਦੇ ਦਾ ਪੁੱਤ ਬਣੇ ।" ਕਾਮਰੇਡ ਨੇ ਪਾਰਟੀ ਦਾ ਮੈਨੀਫੈਸਟੋ ਪੇਸ਼ ਕਰਨ ਵਾਂਗ ਗੱਲ ਤੋਰੀ ਸੀ ।
''ਕਰ ਦਿਓ । ਸਿਰਫ਼ ਹਫ਼ਤੇ ਲਈ । ਮੈਂ ਹਫ਼ਤੇ ਬਾਅਦ ਕੁੜੀ ਬਦਲਾਂਗਾ ।" ਏਨਾ ਕਹਿਣ ਦੀ ਦੇਰ ਸੀ, ਰਣਜੋਧ ਸਿੰਘ ਦੀਆਂ ਉਂਗਲਾਂ ਮੇਰੀਆਂ ਗੱਲ੍ਹਾਂ 'ਤੇ ਛਪ ਗਈਆਂ ਸਨ ।
''ਜੇ ਤੇਰੀ ਭੈਣ ਜਾਂ ਮੈਂ ਹਫ਼ਤੇ ਬਾਅਦ ਬੰਦਾ ਬਦਲੀਏ ।" ਮੰਮੀ ਲੋਹੀ ਲਾਖੀ ਹੋਈ ਬੋਲੀ ।
''ਤੁਸੀਂ ਵੀ ਬਦਲੋ, ਆਜ਼ਾਦੀ ਨਾ' ਰਹੋ ।"
ਮੈਂ ਘਰ ਨੂੰ, ਪਰਿਵਾਰ ਨੂੰ ਪਿੰਡ ਨੂੰ ਜਾਂ ਸਮਾਜ ਨੂੰ ਮਾਨਤਾ ਨਹੀਂ ਦਿੰਦਾ, ਐਵੇਂ ਉਮਰ ਭਰ ਇੱਕੋ ਨਾਲ ਬੱਝੇ ਰਹੋ ।
ਘਰੋਂ ਸਿੱਧਾ ਨਾਨਕੀਂ ਜਾ ਵੜਿਆ ਸੀ । ਉਥੇ ਤਿੰਨ ਦਿਨ ਰਿਹਾ । ਜਥੇਦਾਰ ਮਾਮਾ ਸਿਗਰਟ ਨਾ ਪੀਣ ਦੇਵੇ । ਤੀਜੇ ਦਿਨ ਪੈਸੇ ਮੰਗੇ ਤਾਂ ਖ਼ਾਲੀ ਹੱਥ ਤੋਰ ਦਿੱਤਾ । ਪਿੰਡ ਜਾ ਕੇ ਅਲਮਾਰੀ ਦਾ ਜਿੰਦਰਾ ਖੋਲਿ੍ਹਆ । ਨਾ ਪੈਸੇ ਮਿਲੇ, ਨਾ ਗਹਿਣਾ- ਗੱਟਾ । ਘੜੀ, ਦੋ ਕੈਮਰੇ, ਟੈਲੀਫੋਨ ਦੇ ਚਾਰ ਸੈਟ ਚੁੱਕ ਕੇ ਤੁਰ ਪਿਆ ਸੀ । ਮੇਰੀਆਂ ਅੱਖਾਂ ਵਿਚ ਤੈਰਦੇ ਲਾਲ ਡੋਰੇ ਦੇਖ ਕੇ ਉਨ੍ਹਾਂ ਨੇ ਰੋਕਿਆ ਨਹੀਂ ਸੀ ।
''ਮਰ ਗਿਆ ਮੇਰੇ ਵੱਲੋਂ । ਜਾਵੇ ਢੱਠੇ ਖੂਹ ਵਿਚ ।...ਤੂੰ ਲੋਲੋ-ਪੋਪੇ ਕਰ ਲੈ । ਇਹ ਸਾਲਾ ਸ਼ਹਿਰ ਚੌਂਕ 'ਚ ਖੜ੍ਹ ਕੇ ਲੋਕਾਂ ਨੂੰ ਸਲੂਟ ਮਾਰਿਆ ਕਰੂ ਜਾਂ ਲੀਰਾਂ 'ਕੱਠੀਆਂ ਕਰੂ ।" ਮੇਰੇ ਗੇਟ ਟੱਪਦਿਆਂ ਹੀ ਰਣਜੋਧ ਸਿੰਘ ਦੀਆਂ ਗਾਲ੍ਹਾਂ ਉੱਚੀਆਂ ਹੋ ਗਈਆਂ ਸਨ । ਮੰਮੀ ਤੇ ਉਹ ਲੜ ਪਏ ਸਨ ।
''ਭਾਵਨਾ...ਹੈਂਅ ! ਇਹ ਕੀ?" ਨੱਢੀ ਕਿਥੇ ਗਈ? ਕਮਾਲ ਏ! ਉਹ ਕਿਸੇ ਹੋਰ ਨਾਲ ਪੈੱਗ-ਗੇਮ ਖੇਡ ਰਹੀ ਹੈ । ਮੈਂ ਤਾਂ ਅਜੇ ਬੈੱਡ-ਗੇਮ ਖੇਡਣੀ ਸੀ । ਮੈਂ ਬਟੂਏ ਨੂੰ ਹੱਥ ਮਾਰਿਆ ।...ਖ਼ਾਲੀ । ਸਮਝ ਗਿਆ ।"
ਮੈਂ ਲੱਤਾਂ ਘੜੀਸਦਾ ਕਮਰੇ ਵਿਚ ਆ ਗਿਆ ਹਾਂ । ਬੈੱਡ 'ਤੇ ਡਿੱਗ ਪਿਆਂ ਹਾਂ ।
...ਸਵੇਰਾ ਹੋਇਆ ਹੈ । ਮੈਂ 'ਕੈਪ' ਤੇ 'ਚਿਪ' ਲੈਣ ਲਈ ਏ ਪੀ ਸਿੰਘ ਕੋਲ ਜਾਂਦਾ ਹਾਂ ।...ਇਹਦੇ ਕੋਲ ਕੋਈ ਓਪਰਾ ਬੰਦਾ ਬੈਠਾ । ਕਿਤੇ ਦੇਖਿਆ ਲਗਦਾ । ''ਆ ਬਈ ਯੰਗਮੈਨ । ਤੂੰ ਰਣਜੋਧ ਸਿੰਘ ਦਾ ਲੜਕਾ ਏ?" ਓਪਰਾ ਬੰਦਾ ਮੇਰੇ ਨਾਲ ਜਾਣ-ਪਛਾਣ ਕਰਨ ਲੱਗ ਪਿਆ ਹੈ । ਲਗਦਾ ਇਹ ਕਾਮਰੇਡ ਰਛਪਾਲ ਸਿੰਘ ਆ । ਮੈਂ ਛੋਟਾ ਹੁੰਦਾ ਸੀ ਤਾਂ ਇਹਨੂੰ ਇਨਕਲਾਬੀ ਕਵਿਤਾਵਾਂ ਸੁਣਾਉਂਦਾ ਹੁੰਦਾ ਸੀ ।
''ਹਾਂ ਜੀ, ਕਾਮਰੇਡ ਦਾ ।...ਨ੍ਹੀਂ ਜੀ । ਪੱਕਾ ਪਤਾ ਨ੍ਹੀਂ ਜੀ ।" ਮੈਂ ਦੱਸ ਕੇ ਚੁੱਪ ਧਾਰ ਲਈ ਹੈ । ਪੰਜ ਮਿੰਟ ਬਾਅਦ ਏ ਪੀ ਸਿੰਘ ਤੋਂ 'ਕੈਪ' ਤੇ 'ਚਿਪ' ਮੰਗੇ ਨੇ । ''ਮਿਸਟਰ ਰੀਪੂ, ਉਹ ਤਾਂ ਅਜੇ ਮੈਂ ਖੋਜ ਕਰਦਾਂ । ਤੇਰੀ ਮੰਮੀ ਵਾਲੀ ਗੱਪ ਦਾ ਪ੍ਰੋਜੈਕਟ ਏ ।" ਏ ਪੀ ਸਿੰਘ ਮੁਸਕਰਾਇਆ ਹੈ ।
''ਉਹ ਕੀ ਨੇ?" ਕਾਮਰੇਡ ਰਛਪਾਲ ਸਿੰਘ ਨੇ ਸਾਡੇ ਵਿਚਕਾਰ ਟੰਗ ਅੜਾ ਲਈ ਹੈ ।
''ਤੁਹਾਨੂੰ ਸਾਰੇ ਕਾਮਰੇਡਾਂ ਨੂੰ ਇਕੋ ਬਿਮਾਰੀ ਆ । ਦੂਜਿਆਂ ਦੇ ਮਾਮਲੇ ਵਿਚ ਆ ਵੜਦੇ ਨੇ । ਫੇਰ ਆਖਣਗੇ, ਅਸੀਂ ਸਿਸਟਮ ਦੇ ਖ਼ਿਲਾਫ਼ ਲੜਦੇ ਆਂ ।" ਮੈਂ ਆਪਣਾ ਗੁਬਾਰ ਕੱਢਣ ਲੱਗ ਪਿਆ ਹਾਂ ।
''ਓਏ ਮੁੰਡਿਆਂ, ਮੂੰਹ ਸੰਭਾਲ ਕੇ ਬੋਲ । ਸੱਚਾ ਕਮਿਊਨਿਸਟ ਹਮੇਸ਼ਾ ਮਨੁੱਖਤਾ ਦੀ ਆਜ਼ਾਦੀ ਤੇ ਖੁਸ਼ਹਾਲੀ ਲਈ ਲੜਾਈ ਲੜਦਾ ਹੈ ।"
''ਮੈਂ ਚੰਗੀ ਤਰ੍ਹਾਂ ਜਾਣਦਾਂ ਤੁਹਾਡੀ ਲੜਾਈ ਨੂੰ ਤੇ ਘੋਲਾਂ ਨੂੰ । ਮੇਰਾ ਕਾਮਰੇਡ ਪਿਓ ਤੁਹਾਡੇ ਵਿਚੇ ਰਿਹਾ ।"
''ਤੇਰੇ ਪਿਓ ਵਰਗੇ ਵੀ ਕੋਈ ਕਾਮਰੇਡ ਹੁੰਦੇ ਆਂ?" ਕਾਮਰੇਡ ਮੈਨੂੰ ਪੈ ਗਿਆ ਹੈ ।
''ਕਿਉਂ ਕਾਮਰੇਡ ਨ੍ਹੀਂ? ਉਹਨੇ ਤੁਹਾਡੀ ਪਾਰਟੀ ਖ਼ਾਤਰ ਨੌਕਰੀ ਨ੍ਹੀਂ ਛੱਡੀ?" ਮੈਂ ਝੋਲੇ ਵਾਲਾ ਕਾਮਰੇਡ ਘੇਰ ਲਿਆ ਹੈ ।
''ਨੌਕਰੀ ਲਹਿਰ ਲਈ ਨ੍ਹੀਂ ਸੀ ਛੱਡੀ । ਆਪਣੀ ਸਰਦਾਰੀ ਲਈ ਛੱਡੀ ਸੀ । ਲਹਿਰ ਦੀ ਚੜ੍ਹਤ ਵੇਲੇ ਇਲਾਕਿਆਂ ਦੇ ਸਰਦਾਰ ਬਣਨ ਆਏ ਸੀ । ਲਹਿਰ ਨੂੰ ਸੈੱਟ ਬੈਕ ਲੱਗੀ ਤਾਂ ਜਾ ਵੜੇ ਘੁਰਨਿਆਂ ਵਿਚ । ਕਾਮਰੇਡ ਨੇ ਤਾਂ ਪਿਆਰ ਤੇ ਚੰਗੀ ਜ਼ਿੰਦਗੀ ਲਈ ਲੜਨਾ ਹੁੰਦਾ ਆ ਤੇ ਤੇਰਾ ਪਿਓ... ।" ਮੈਂ ਰਣਜੋਧ ਸਿੰਘ ਦੇ ਖ਼ਿਲਾਫ਼ ਸੁਣ ਕੇ ਖ਼ੁਸ਼ ਹੋ ਗਿਆ ਹਾਂ ।
''ਨੌਕਰੀ ਛੱਡ ਬੈਠਾ । ਹੁਣ ਝੋਰਾ ਕਰਦੈ ਤੇ ਆਪਣੀ ਔਲਾਦ ਨੂੰ ਅਫ਼ਸਰ ਬਣਿਆ ਦੇਖਣਾ ਚਾਹੁੰਦਾ । ਬਾਕੀ ਤੇਰੇ ਵੀ ਲੱਛਣ ਠੀਕ ਨ੍ਹੀਂ । ਅੱਜ ਯੂਥ ਜਿਸ ਚਕਾਚੌਂਧ ਵਿਚ ਫਸੀ ਹੋਈ ਹੈ, ਤੂੰ ਵੀ ਉਹਦੀ ਮਾਰ ਹੇਠ ਐਂ ।" ਬੱਸ ਇਹ ਵੀ ਕਾਮਰੇਡਾਂ ਵਾਲੀ ਫ਼ਿਲਾਸਫ਼ੀ ਵਿਚ ਪੈ ਗਿਆ ਹੈ ।
ਹੁਣ ਇਹਨੇ ਯੂਥ ਨੂੰ ਚੂੰਬੜੀਆਂ ਅਲਾਮਤਾਂ ਗਿਣਨੀਆਂ । ਫੇਰ ਉਹਦੇ ਲਈ ਦੋਸ਼ੀ ਅਮਰੀਕੀ ਸਾਮਰਾਜਵਾਦ ਨੂੰ ਕਹਿਣਾ ਪਰ ਮੈਂ ਅਮਰੀਕੀ ਪਾਲਿਸੀਆਂ ਨੂੰ ਠੀਕ ਮੰਨਦਾ । ਅਮਰੀਕੀ ਰਾਸ਼ਟਰਪਤੀ ਨੂੰ ਮਿਲਣ ਜਾਣਾ । ਕਾਮਰੇਡ ਕਿਹੋ ਜਿਹੇ ਲੋਕ ਨੇ । ਹਰੇਕ ਵਿਚ ਨੁਕਸ ਕੱਢ ਦੇਣਗੇ । ਆਪਣੇ ਆਪ ਨੂੰ ਬੜਾ ਸਿਆਣੇ ਸਮਝਦੇ ਨੇ । ਮੇਰੇ ਪਿਓ ਦਾ ਵੀ ਇਹੀ ਹਾਲ ਆ । ਉਹ ਵੀ ਸਾਰੀ ਦੁਨੀਆਂ ਨੂੰ ਨਿੰਦਦਾ ਰਿਹਾ । ਹੁਣ ਮੈਂ ਉਹਦਾ ਜਮਾਤੀ ਦੁਸ਼ਮਣ ਬਣ ਗਿਆ ਹਾਂ ।
ਉਸਨੇ ਦੁਸ਼ਮਣੀ ਆਪ ਹੀ ਪਾਲੀ ਹੈ । ਮੈਂ ਬੜਾ ਸੋਹਣਾ ਰਾਜਧਾਨੀ ਰਹਿ ਕੇ ਪੜ੍ਹ ਰਿਹਾ ਸੀ । ਮੈਨੂੰ ਖ਼ਰਚ ਦੇਣਾ ਬੰਦ ਕਰ ਦਿੱਤਾ । ਮੇਰੀ ਹਾਲਤ ਜ਼ਿਆਦਾ ਵਿਗੜ ਗਈ । ਮਾਂ ਮੈਨੂੰ ਘਰ ਲੈ ਗਈ । ਮੈਂ ਘਰ ਰਹਿਣ ਲੱਗ ਪਿਆ । ਪੜ੍ਹਨ ਤੋਂ ਛੁਟਕਾਰਾ ਮਿਲ ਗਿਆ ਪਰ ਮੇਰੀਆਂ ਇੱਛਾਵਾਂ ਦਬਾ ਦਿੱਤੀਆਂ ਗਈਆਂ । ਮਹੀਨੇ ਦਾ ਖ਼ਰਚ ਬੰਨ੍ਹ ਦਿੱਤਾ । ਉਸ ਖ਼ਰਚ ਨਾਲ ਕੀ ਕਰਦਾ । ਦੋ ਦਿਨ ਵਿਚ ਰੁਪਏ ਉੱਡ ਜਾਂਦੇ । ਫੇਰ ਮੈਨੂੰ ਭੰਗ ਨਾਲ ਬੁੱਤਾ ਸਾਰਨਾ ਪੈਂਦਾ । ਬੁੱਢੜਾ ਜ਼ਮੀਨ ਵੇਚ ਨ੍ਹੀਂ ਰਿਹਾ ਸੀ । ਮੈਂ ਕਿਸੇ ਨਾ ਕਿਸੇ ਢੰਗ ਨਾਲ ਜ਼ਮੀਨ ਦਾ ਮਾਲਕ ਬਣਨਾ ਚਾਹੁੰਦਾ ਸੀ ਤਾਂ ਕਿ ਵੇਚ ਕੇ ਆਪਣੇ ਢੰਗ ਨਾਲ ਜੀਅ ਲਵਾਂ । ਮੇਰਾ ਪਿਓ ਜ਼ਮੀਨ ਨਾਲ ਚੁੰਬੜਿਆਂ ਹੋਇਆ ਸੀ । ਜ਼ਮੀਨ ਨੂੰ ਹਥਿਆਉਣ ਲਈ ਕਈ ਢੰਗ ਤਰੀਕੇ ਸੋਚੇ ਪਰ ਗੱਲ ਨਾ ਬਣੀ । ਰੱਜਤ ਨਾਲ ਗੱਲ ਤੋਰੀ । ਉਹਨੇ ਸਕੀਮ ਦੱਸੀ ।
''ਇਕ ਆਰਸੈਨਿਕ ਨਾਂ ਦਾ ਰਸਾਇਣ ਆ । ਤੂੰ ਘਰ ਰਹਿੰਨਾ । ਉਨ੍ਹਾਂ ਨੂੰ ਚਾਹ ਬਣਾ ਕੇ ਦਿੰਨਾ । ਥੋੜ੍ਹਾ ਜਿਹਾ ਆਰਸੈਨਿਕ ਚਾਹ ਵਿਚ ਪਾ ਦਿਆ ਕਰ । ਸੱਤ-ਅੱਠ ਮਹੀਨੇ ਵਿਚ ਮਰ ਮੁੱਕ ਜਾਣਗੇ । ਕਿਸੇ ਨੂੰ ਕੋਈ ਸ਼ੱਕ ਵੀ ਨਾ ਹਊ । ਜਦੋਂ ਕੰਮ ਤਮਾਮ ਹੋ ਗਿਆ । ਸਾਰੀ ਪ੍ਰੋਪਰਟੀ ਦਾ ਮਾਲਕ ਬਣ ਜਾਏਂਗਾ ।"
ਮੈਂ ਰੱਜਤ ਦੇ ਕਹੇ 'ਤੇ ਫੁੱਲ ਚੜ੍ਹਾ ਦਿੱਤੇ । ਤਿੰਨਾਂ ਜੀਆਂ ਨੂੰ ਇਹ ਜ਼ਹਿਰੀਲਾ ਰਸਾਇਣ ਖਲਾਂਦਾ ਰਿਹਾ । ਪਤਾ ਨ੍ਹੀਂ ਕਾਹਦੇ ਸਰੀਰ ਬਣੇ ਹੋਏ ਆ । ਕੁਝ ਵੀ ਨ੍ਹੀਂ ਹੋਇਆ । ਮੈਂ ਲਗਾਤਾਰ ਇਕ ਸਾਲ ਆਰਸੈਨਿਕ ਖਲਾਂਦਾ ਰਿਹਾ । ਰੋਜ਼ ਖਲਾਣਾ ਤੇ ਮੌਤ ਉਡੀਕਣੀ । ਪਰ ਕਿਥੇ...? ਇਕ ਦਿਨ ਮੈਂ ਅੱਕ ਗਿਆ । ਸ਼ਹਿਰ ਚਲਾ ਗਿਆ । ਗੋਲੀਆਂ ਖਾਧੀਆਂ, ਅਫ਼ੀਮ ਖਾਧੀ, ਸਮੈਕ...ਪਤਾ ਨ੍ਹੀਂ ਕੀ-ਕੀ ਖਾਧਾ ਪੀਤਾ । ਮੈਂ ਆਪੇ ਤੋਂ ਬਾਹਰ ਸੀ । ਘਰ ਆ ਕੇ ਰਣਜੋਧ ਸਿੰਘ ਢਾਹ ਲਿਆ ਸੀ । ਮਾਂ ਉੱਤੇ ਲਿਟ ਗਈ ਸੀ । ਉਸ ਦਿਨ ਉਨ੍ਹਾਂ ਨੂੰ ਖ਼ਤਮ ਕਰਨ ਦਾ ਫ਼ੈਸਲਾ ਲੈ ਲਿਆ ਸੀ । ਅਜਿਹੇ ਦੁਸ਼ਟਾਂ ਨੂੰ ਰੱਖ ਕੇ ਵੀ ਕੀ ਕਰਨਾ? ਐਵੇਂ ਧਰਤੀ 'ਤੇ ਵਾਧੂ ਬੋਝ ਪਾਇਆ ਹੋਇਆ । ਅਖੇ ਜੀ ਅਸੀਂ ਇਹਨੂੰ ਜੰਮਾਇਆ । ਕਿਹੜਾ ਆਲੋਕਾਰੀ ਕੰਮ ਕਰ ਦਿੱਤਾ ।...ਮੈਂ ਕਮਰੇ ਵਿਚ ਕਿਰਪਾਨ ਲੈਣ ਚਲਾ ਗਿਆ । ਕਿਰਪਾਨ ਲੈ ਕੇ ਆਇਆ ਤਾਂ ਦੋਨੋਂ ਜਣੇ ਅੰਦਰ ਵੜ ਗਏ ਸਨ । ਮੈਂ ਦਰਵਾਜ਼ੇ ਭੰਨਣ ਲੱਗ ਪਿਆ ਸੀ । ਮੈਂ ਕਿਸੇ ਵੀ ਹਾਲਤ ਵਿਚ ਉਨ੍ਹਾਂ ਨੂੰ ਛੱਡਣਾ ਨਹੀਂ ਚਾਹੁੰਦਾ ਸੀ । ਮੈਂ ਇਕ ਦਰਵਾਜ਼ਾ ਵੱਢਣ ਵਿਚ ਸਫ਼ਲ ਹੋ ਗਿਆ ਸੀ । ਉਸੇ ਵੇਲੇ ਪੁਲਿਸ ਆ ਗਈ ਸੀ । ਸ਼ਾਇਦ ਉਨ੍ਹਾਂ ਫ਼ੋਨ ਕਰ ਦਿੱਤਾ ਸੀ । ਉਨ੍ਹਾਂ ਦੀ ਸ਼ਹਿ ਨਾਲ ਮੇਰੇ 'ਤੇ ਇਰਾਦਾ ਕਤਲ ਦਾ ਕੇਸ ਪਾ ਦਿੱਤਾ ਸੀ । ਜੱਜ ਵੀ ਮਾਂ ਬਾਪ ਵੱਲੋਂ ਪਾਲਣ ਪੋਸ਼ਣ, ਪੜ੍ਹਾਉਣ ਅਤੇ ਸਹੂਲਤਾਂ ਦੇਣ ਦੀ ਅਖੌਤੀ ਪਰੰਪਰਾ ਦੇ ਵਹਿਣ ਵਿਚ ਵਹਿ ਗਿਆ ਸੀ । ਮੈਂ ਚਾਰ ਸਾਲ ਜੇਲ੍ਹ ਵਿਚ ਸੜਦਾ ਰਿਹਾ । ਮੇਰੀ ਕਿਸੇ ਨੇ ਵੀ ਇਕ ਨਾ ਸੁਣੀ । ਸਗੋਂ ਮੇਰੇ ਐਕਸ਼ਨ ਨਾਲ ਹਾਹਾਕਾਰ ਮੱਚ ਗਈ-
''ਕਲਯੁੱਗ ਆ ਗਿਆ । ਕਿੰਨੇ ਦੁੱਖ ਸਹਿ ਕੇ ਮਾਪੇ ਬੱਚੇ ਜੰਮਣ ਤੇ ਪਾਲਣ । ਮੁਸੀਬਤਾਂ ਸਹਿ ਕੇ ਪੜ੍ਹਾਉਣ । ਮੋਹਰੋਂ ਇਹ ਕੁਸ਼ ਮਿਲਣਾ ਤਾਂ ਮਾਪਿਆਂ ਨੂੰ ਕੀ ਲੋੜ ਏਹੋ ਜਿਹੀ ਗੰਦੀ ਔਲਾਦ ਦੀ ।"
ਮਾਪਿਆਂ ਨੂੰ ਕਿਸੇ ਨਾ ਸਮਝਾਇਆ ਕਿ ਤੁਸੀਂ ਕੁਮਾਪੇ ਕਿਉਂ ਬਣਦੇ ਓ । ਆਪਣੇ ਇਕਲੌਤੇ ਪੁੱਤ ਦੀ ਡਿਮਾਂਡ ਕਿਉਂ ਨ੍ਹੀਂ ਪੂਰੀ ਕਰਦੇ ।
ਮੈਂ ਹੁਣ ਜੇਲ੍ਹ ਵਿੱਚੋਂ ਰਿਹਾਅ ਹੋ ਗਿਆ ਹਾਂ । ਘਰ ਗਿਆ ਤਾਂ ਪਿਉ ਨੇ ਧੱਕੇ ਮਾਰ ਕੇ ਕੱਢ ਦਿੱਤਾ । ਜਾਇਦਾਦ ਤੋਂ ਬੇਦਖਲੀ ਨੋਟਿਸ ਦੇ ਦਿੱਤਾ । ਮੈਂ ਵੀ ਹੁਣ ਉਸਨੂੰ ਬਖਸ਼ਣ ਨਹੀਂ ਲੱਗਾ । 'ਕੈਪ' ਤੇ 'ਚਿਪ' ਦਾ ਕਮਾਲ ਦਿਖਾਉਣਾ ।
ਏ ਪੀ ਸਿੰਘ ਦੀ ਮੱਤ ਨੂੰ ਪਤਾ ਨ੍ਹੀਂ ਕੀ ਹੋ ਗਿਆ । ਸੱਤ ਮਹੀਨੇ ਹੋ ਗਏ ਮੈਨੂੰ ਲਾਰੇ ਲਾਉਂਦੇ ਨੂੰ । ਇਕ 'ਕੈਪ' ਤੇ 'ਚਿਪ' ਨਹੀਂ ਦੇ ਸਕਦਾ । ਇਹ ਬੰਦਾ ਹੋਰ ਕੀ ਕਰੇਗਾ? ਮੇਰੇ ਦੁਸ਼ਮਣ ਮੇਰੇ 'ਤੇ ਹੱਸ ਰਹੇ ਨੇ । ਅਖੇ ਜੀ ਯੂਨੀਵਰਸਿਟੀ 'ਚ ਨੰਗ- ਧੜੰਗਾ ਹੋਈ ਕੁੜੀਆਂ ਮਗਰੇ ਘੁੰਮਦਾ ਫਿਰਦਾ ਰਹਿੰਦਾ ਆ । ਮੈਂ ਕੋਈ ਲੰਗੜਾ- ਲੂਲ੍ਹਾ ਆਂ, ਜਿਹੜਾ ਫਿਰ ਨਹੀਂ ਸਕਦਾ । ਫਟੇ ਕੱਪੜਿਆਂ ਦਾ ਕੀ ਏ, ਮੈਂ ਤਾਂ ਅਲਫ਼ ਨੰਗਾ ਹੋਣਾ ਚਾਹੁੰਨਾਂ । ਸਮੈਕ ਜਾਂ ਡਰੱਗਜ਼ ਲਈ ਮੇਰੇ ਕੋਲ ਪੈਸੇ ਨ੍ਹੀਂ । ਭਲਾ ਮੈਂ ਭੰਗ ਮਲ-ਮਲ ਕਿਉਂ ਨਾ ਪੀਵਾਂ? ਫੇਰ ਭਾਵੇਂ ਹੱਸਾਂ, ਭਾਵੇਂ ਰੋਵਾਂ ਤੇ ਚਾਹੇ ਗਾਲ੍ਹਾਂ ਕੱਢਾਂ? ਨਹਾਉਂਦਾ ਮੈਂ ਜਾਣ ਕੇ ਨ੍ਹੀਂ । ਜਟਾਂ ਬਣਾਉਣ ਦੀ ਖ਼ਾਤਰ ਤਾਂ ਸਿਰ 'ਤੇ ਮੀਢੀਆਂ ਕਰਦਾਂ । ਲੋਕ ਮੈਨੂੰ 1008 ਸੁਆਮੀ ਰੀਪੂ ਜੀ ਕਿਹਾ ਕਰਨਗੇ ।
'ਨਸ਼ੱਈ...ਰੰਡੀਬਾਜ਼' ਹੀਂਅ ਹੀਂਅ... ।
ਮੈਂ ਸੁਆਮੀ ਰੀਪੂ ਜੀ, ਇਕ ਦੁਸ਼ਟ ਰਣਜੋਧ ਸਿੰਘ ਨੂੰ ਸਰਾਪ ਦੇਣ ਲਈ ਜੰਡਪੁਰ ਆਇਆਂ ।...ਮੌਜ ਲੱਗ ਗਈ । ਕੋਈ ਘਰ ਨਹੀਂ ਹੈ । ਚਾਬੀ ਇੱਟ ਥੱਲਿਉਂ ਚੁੱਕ ਕੇ ਜਿੰਦਰੇ ਖੋਲ੍ਹੇ ਨੇ । ਬੈੱਡ-ਰੂਮ ਵਿਚ ਰਣਜੋਧ ਸਿੰਘ ਤੇ ਮਲਕਾ ਦੀ ਫ਼ੋਟੋ ਸੈਲਫ਼ 'ਤੇ ਪਈ ਹੈ । ਚੁੱਕ ਕੇ ਫ਼ਰਸ਼ 'ਤੇ ਮਾਰੀ ਹੈ । ਚਾਦਰਾਂ, ਸਰਾਹਣੇ, ਬਿਸਤਰੇ ਖਿੱਲਰਨ ਲੱਗ ਪਏ ਨੇ । ਸ਼ੈਂਪੂ ਤੇ ਸਾਬਣ ਨਾਲ ਬਾਥਰੂਮ ਲਬੇੜ ਦਿੱਤਾ । ਮੁੱਕਾ ਲਹਿਰਾ ਕੇ ਘਰੋਂ ਨਿਕਲਦਾ ਹਾਂ ।
ਮੈਂ ਖੇਤਾਂ ਵਿਚੋਂ ਦੀ ਹੋ ਲਿਆ ਹਾਂ । ਕਾਮਰੇਡ ਦਾ ਕੀ ਪਤੈ? ਆਪਣੀ ਲਾਲ ਫ਼ੌਜ ਸਮੇਤ ਕਦੋਂ ਆ ਧਮਕੇ?...ਲੈ ਆ ਹੀ ਗਿਆ । ਇਹ ਤੇ ਮੇਰੇ ਖ਼ਿਲਾਫ਼ ਮੁਜ਼ਾਹਰਾ ਕਰਦਾ ਆਉਂਦਾ । ਸਾਰੇ ਸਾਥੀਆਂ ਦੇ ਹੱਥਾਂ ਵਿਚ ਲਾਲ ਝੰਡੇ ਨੇ । ਰਣਜੋਧ ਸਿੰਘ ਮੁਜ਼ਾਹਰੇ ਦੀ ਅਗਵਾਈ ਕਰ ਰਿਹਾ ਹੈ । ਉਹ ਅਮਰੀਕਾ ਖ਼ਿਲਾਫ਼ ਮੁਜ਼ਾਹਰਾ ਕਰ ਰਿਹਾ ਹੈ ਜਾਂ ਮੇਰੇ ਖ਼ਿਲਾਫ਼? ਕਿਤੇ ਇਕੋ ਗੱਲ ਤਾਂ ਨ੍ਹੀਂ? ਉਹਦੇ ਹੱਥ ਵਿਚਲਾ ਝੰਡਾ ਉੱਡ ਗਿਆ ਹੈ । ਤੇੜੋਂ ਨੰਗਾ ਹੋ ਗਿਆ ਹੈ । ਲਾਲ ਕੱਛਾ ਪਾਈ ਖੇਤ ਦੇ ਬੰਨ੍ਹੇ 'ਤੇ ਬਹਿ ਗਿਆ ।
ਹੁਣ ਨ੍ਹੀਂ ਮੈਂ ਉਹਤੋਂ ਡਰਦਾ । ਭਾਵੇਂ ਸਾਰੀ ਪੋਲਿਟ ਬਿਊਰੋ ਆ ਜਾਵੇ । ਮੈਨੂੰ ਮੈਂਟਲ ਹਸਪਤਾਲ ਦਾਖ਼ਲ ਕਰਵਾਉਣ ਨੂੰ ਫਿਰਦੇ ਸੀ । ਇਹ ਆਪ ਸਾਰੇ ਹਸਪਤਾਲ ਦਾਖ਼ਲ ਹੋਣ ਵਾਲੇ ਨੇ । ਮੇਰਾ ਸ਼ਹਿਰ ਆ ਗਿਆ । ਮੈਨੂੰ ਕਿਸੇ ਦੀ ਪਰਵਾਹ ਨਹੀਂ । ਰਣਜੋਧ ਸਿੰਘ ਨੂੰ ਪਾਰ ਬੁਲਾਉਣੈਂ ।
ਏ ਪੀ ਸਿੰਘ ਨੂੰ ਕੰਪਿਊਟਰ-ਸੈਂਟਰ ਵਿਚ ਬੈਠਿਆਂ ਦੇਖ ਕੇ ਖ਼ੁਸ਼ ਹੋ ਗਿਆ ਹਾਂ ।
''ਸਰ, ਮੈਨੂੰ 'ਕੈਪ' ਤੇ 'ਚਿਪ' ਦੇ ਦਿਓ । ਮੈਂ ਰਣਜੋਧ ਸਿੰਘ ਦਾ ਕਤਲ ਕਰਨੈਂ ।"
''ਮਿਸਟਰ ਰੀਪੂ, ਅਜੇ ਉਹ ਆਪਣਾ ਪ੍ਰੋਜੈਕਟ ਸਫ਼ਲ ਨਹੀਂ ਹੋਇਆ ।" ਏ ਪੀ ਸਿੰਘ ਹਮੇਸ਼ਾ ਦੀ ਤਰ੍ਹਾਂ ਮੁਸਕਰਾਇਆ ਤੇ ਕੰਪਿਊਟਰ ਉੱਤੇ ਪ੍ਰੋਗਰਾਮ ਸੈੱਟ ਕਰਨ ਲੱਗ ਪਿਆ ਹੈ ।
''ਸਰ, ਕਦੋਂ ਸਫ਼ਲ ਹੋਵੋਗੇ?" ਮੈਂ ਹੋਣਹਾਕਾ ਹੋਇਆ ਪੁੱਛਦਾ ਹਾਂ ।
''ਜ਼ਰੂਰ ਹੋਵਾਂਗੇ ।" ਏ ਪੀ ਸਿੰਘ ਨੇ ਮੈਨੂੰ ਹੌਂਸਲਾ ਦਿੱਤਾ ਹੈ । ਮੇਰੀਆਂ ਅੱਖਾਂ ਵਿਚ ਝਾਕਿਆ ਹੈ । ਬੈਠਣ ਲਈ ਇਸ਼ਾਰਾ ਕੀਤਾ ਹੈ ।
''ਮਿਸਟਰ ਰੀਪੂ, ਆਹ ਕੰਪਿਊਟਰ ਸੰਭਾਲ ।" ਏ ਪੀ ਸਿੰਘ ਨੇ ਟਰਮੀਨਲ ਅੱਗੇ ਮੈਨੂੰ ਬਿਠਾਇਆ ਹੈ ।
ਮੇਰੀਆਂ ਉਂਗਲਾਂ ਕੀ ਬੋਰਡ 'ਤੇ ਆਪ ਮੁਹਾਰੇ ਚੱਲ ਪਈਆਂ ਹਨ । ਮੇਰੇ ਦੁਸ਼ਮਣ ਦਾ ਚਿਹਰਾ ਸਕਰੀਨ 'ਤੇ ਆਇਆ ਹੈ । ਰੇਅਜ਼ ਅਟੈਕ ਕਰਨ ਲੱਗ ਪਈਆਂ ਹਨ । ਮੈਂ ਹੱਸ-ਹੱਸ ਦੂਹਰਾ ਹੋ ਰਿਹਾਂ । ਰਣਜੋਧ ਸਿੰਘ ਦੇ ਚੀਥੜੇ ਉੱਡ ਰਹੇ ਹਨ ।...ਪੁੱਠਾ ਲਟਕ ਗਿਆ ਹੈ । ਪੁਲਿਸ ਦੀਆਂ ਗਾਲ੍ਹਾਂ... ।
''ਸ਼ੂਟ ਦੈਮ ।" ਮੈਂ ਕੰਪਿਊਟਰ ਨੂੰ ਕਮਾਂਡ ਦਿੰਦਾ ਹਾ । ਸਕਰੀਨ ਸਾਫ਼ ਹੋ ਗਈ ਹੈ ।
''ਰੀਪੂ ਤੇਰਾ ਦੁਸ਼ਮਣ ਮਾਰਿਆ ਗਿਆ ।" ਏ ਪੀ ਸਿੰਘ ਮੇਰੇ ਕੰਨ ਵਿਚ ਬੋਲਿਆ ਹੈ ।
''ਓ ਦੂਆ...ਤ ! ਮੈਂ ਬਦਲਾ ਲੈ ਲਿਆ ।" ਮੈਂ ਖ਼ੁਸ਼ੀ ਵਿਚ ਚਾਂਗਰਾਂ ਮਾਰਦਾ ਬਾਹਰ ਵੱਲ ਨੂੰ ਭੱਜ ਲਿਆ ਹਾਂ ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅਜਮੇਰ ਸਿੱਧੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ