Khullhian Akkhan Di Tasveer (Story in Punjabi) : Ram Lal

ਖੁੱਲ੍ਹੀਆਂ ਅੱਖਾਂ ਦੀ ਤਸਵੀਰ (ਕਹਾਣੀ) : ਰਾਮ ਲਾਲ

ਜਦੋਂ ਕੋਈ ਚੀਜ਼ ਟੁੱਟਦੀ ਹੈ ਤਾਂ ਕੁਝ ਨਾ ਕੁਝ ਖੜਾਕ ਵੀ ਹੁੰਦਾ ਹੈ ਪਰ ਜਦੋਂ ਦਿਲ ਟੁੱਟਦਾ ਹੈ ਤਾਂ ਅਜਿਹਾ ਕੁਝ ਵੀ ਨਹੀਂ ਹੁੰਦਾ—ਵੱਧ ਤੋਂ ਵੱਧ ਅੱਖਾਂ ਵਿਚ ਅੱਥਰੂ ਆ ਜਾਂਦੇ ਨੇ ਤੇ ਨੀਲਮ ਪਾਠਕ ਦੀਆਂ ਅੱਖਾਂ ਵਿਚ ਤਾਂ ਅੱਥਰੂ ਵੀ ਨਹੀਂ ਸਨ ਆਏ। ਅੱਖਾਂ ਜ਼ਰਾ ਫ਼ੈਲ ਗਈਆਂ ਸਨ ਤੇ ਉਹ ਚੁੱਪਚਾਪ ਸਭ ਕੁਝ ਵੇਖਦੀ ਰਹੀ ਸੀ। ਕਦੀ-ਕਦੀ ਪੂਰੇ ਮਾਹੌਲ ਦੀ ਚੁੱਪ ਇਕੋ ਚਿਹਰੇ ਉੱਤੇ ਸਿਮਟ ਆਉਂਦੀ ਹੈ ਤੇ ਉਹ ਚਿਹਰਾ ਆਪਣੇ ਮਾਹੌਲ ਦਾ ਸਾਕਾਰ ਰੂਪ ਬਣ ਜਾਂਦਾ ਹੈ—ਸੰਘਣੀ ਚੁੱਪ ਦਾ ਅਕਸ!
ਜਿਸ ਕਾਲੋਨੀ ਵਿਚੋਂ ਉਹ ਆਈ ਸੀ, ਉਸ ਵਿਚ ਰਹਿਣ ਵਾਲੇ ਅਚਾਨਕ ਗੂੰਗੇ ਹੋ ਗਏ ਸਨ। ਕਿਸੇ ਦੇ ਮੂੰਹੋਂ ਉਸਦੇ ਪਤੀ ਦੇ ਹੱਕ ਵਿਚ ਇਕ ਸ਼ਬਦ ਨਹੀਂ ਸੀ ਨਿਕਲਿਆ। ਸਭ ਕੁਝ ਅਚਾਨਕ ਹੀ ਵਾਪਰ ਗਿਆ ਸੀ ਤੇ ਉਹ ਚੁੱਪਚਾਪ ਤਮਾਸ਼ਾ ਵੇਖਦੇ ਰਹੇ ਸਨ। ਉਹਨੇ ਵੀ ਕੁਝ ਕਹਿਣਾ ਠੀਕ ਨਹੀਂ ਸੀ ਸਮਝਿਆ, ਕਿਸੇ ਦੀ ਮਿੰਨਤ ਕਰਨ ਦੀ ਜ਼ਰੂਰਤ ਹੀ ਕੀ ਸੀ? ਬਸ ਉਹਨਾਂ ਚਿਹਰਿਆਂ ਦੀ ਚੁੱਪ ਆਪਣੇ ਚਿਹਰੇ ਉੱਤੇ ਸਮੇਟ ਕੇ ਇਧਰ ਆ ਗਈ ਸੀ। ਉਹ ਕੁਝ ਸੋਚ ਵੀ ਨਹੀਂ ਸੀ ਰਹੀ। ਸੋਚਣ-ਵਿਚਾਰਨ ਦਾ ਸਮਾਂ ਹੀ ਨਹੀਂ ਸੀ ਰਿਹਾ ਤੇ ਨਾ ਹੀ ਉਸ ਅੰਦਰ ਏਨੀ ਤਾਕਤ ਸੀ। ਉਹ ਤਾਂ ਛੇਤੀ ਤੋਂ ਛੇਤੀ ਪੁਰਾਣੀ ਬਸਤੀ ਦੀ ਉਸ ਦੁਕਾਨ ਵਿਚ ਪਹੁੰਚ ਜਾਣਾ ਚਾਹੁੰਦੀ ਸੀ, ਜਿਸ ਦੇ ਬਾਹਰ ਕੋਈ ਸਾਈਨ ਬੋਰਡ ਨਹੀਂ ਸੀ ਲਾਇਆ ਗਿਆ ਪਰ ਸਾਰੇ ਜਾਣਦੇ ਸਨ ਕਿ ਉੱਥੋਂ ਕਰਾਕਰੀ, ਮੇਜ਼-ਕੁਰਸੀਆਂ, ਤੰਬੂ-ਕਨਾਤਾਂ ਆਦਿ ਹਰੇਕ ਚੀਜ਼ ਕਿਰਾਏ ਉੱਤੇ ਮਿਲ ਜਾਂਦੀ ਹੈ। ਉਹਨੇ ਦਿਲ ਹੀ ਦਿਲ ਵਿਚ ਫ਼ੈਸਲਾ ਕਰ ਲਿਆ ਸੀ ਕਿ ਜਿੰਨੀ ਛੇਤੀ ਹੋ ਸਕਿਆ, ਉਹ ਗੌਰਵਮਾਨ ਦੇ ਸਾਹਮਣੇ ਜਾ ਖੜ੍ਹੀ ਹੋਏਗੀ ਤੇ ਉਹ, ਉਸਨੂੰ ਵਿੰਹਦਿਆਂ ਹੀ ਪੂਰਾ ਮਾਮਲਾ ਸਮਝ ਜਾਏਗਾ ਤੇ ਉਹਦੇ ਸਾਰੇ ਕਸ਼ਟ ਪਲਾਂ ਵਿਚ ਕੱਟੇ ਜਾਣਗੇ। ਉਹਨੇ ਆਪਣੀ ਜ਼ਿੰਦਗੀ ਵਿਚ ਉਹੀ ਇਕ ਅਜਿਹਾ ਆਦਮੀ ਵੇਖਿਆ ਸੀ, ਜਿਹੜਾ ਹਰ ਮੁਸਕਿਲ ਨੂੰ ਚੁਟਕੀਆਂ ਵਿਚ ਹੱਲ ਕਰ ਦਿੰਦਾ ਸੀ।
ਜਦੋਂ ਉਹ ਦੁਕਾਨ ਦੇ ਸਾਹਮਣੇ ਰਿਕਸ਼ੇ ਵਿਚੋਂ ਉਤਰੀ, ਉਹਦੇ ਦਿਮਾਗ਼ ਨੂੰ ਇਕ ਝਟਕਾ ਜਿਹਾ ਵੱਜਾ—ਦੁਕਾਨ ਸੁੰਨੀ ਪਈ ਸੀ। ਸੱਚਮੁੱਚ ਉਹ ਬੜੀ ਮੁਸੀਬਤ ਵਿਚ ਸੀ ਤੇ ਗੌਰਵਮਾਨ ਹੈ ਨਹੀਂ ਸੀ। ਦੁਕਾਨ ਵਿਚ ਸਾਮਾਨ ਭਰਿਆ ਪਿਆ ਸੀ, ਛੱਤ ਨਾਲ ਵੀ ਜਿੱਥੇ ਹੋ ਸਕਿਆ ਸੀ, ਡੈਕੋਰੇਸ਼ਨ ਵਾਲੇ ਬੱਲਬਾਂ ਦੀਆਂ ਲੜੀਆਂ ਦੇ ਗੁੱਛੇ ਲਮਕਾਏ ਹੋਏ ਸਨ।
ਨੀਲਮ ਪਾਠਕ ਨੇ ਏਧਰ-ਉਧਰ ਨਜ਼ਰ ਮਾਰੀ। ਹੋ ਸਕਦਾ ਏ ਉਹ ਕਿਸੇ ਦੁਕਾਨਦਾਰ ਕੋਲ ਖੜ੍ਹਾ ਗੱਪਾਂ ਮਾਰ ਰਿਹਾ ਹੋਵੇ ਜਾਂ ਪਾਨ ਲਗਵਾ ਰਿਹਾ ਹੋਵੇ। ਉਹ ਅਕਸਰ ਇੰਜ ਹੀ ਦੁਕਾਨ ਸੁੰਨੀ ਛੱਡ ਕੇ ਤੁਰ ਜਾਂਦਾ ਸੀ। ਬਾਕੀ ਦੁਕਾਨਦਾਰ, ਸੇਲਜ਼ਮੈਨ, ਕੁੱਲੀ-ਮਜ਼ਦੂਰ, ਆਪਣੇ ਆਪਣੇ ਕੰਮਾਂ ਵਿਚ ਰੁੱਝੇ ਹੋਏ ਸਨ। ਉਹ ਨੀਲਮ ਨੂੰ ਪਛਾਣਦੇ ਸਨ। ਪਰ ਅੱਜ ਉਹਨਾਂ ਨੇ ਉਸਨੂੰ ਇੱਥੇ ਵੇਖ ਕੇ ਹੈਰਾਨੀ ਪ੍ਰਗਟ ਕੀਤੀ ਸੀ। ਉਹਨਾਂ ਦਾ ਹੈਰਾਨ ਹੋਣਾ ਵਾਜਬ ਵੀ ਸੀ ਕਿਉਂਕਿ ਹੁਣ ਉਹ ਗੌਰਵਮਾਨ ਦੀ ਪਤਨੀ ਨਹੀਂ ਸੀ। ਨਾਲੇ ਇਸ ਇਲਾਕੇ ਵਿਚ ਉਹ ਪੂਰੇ ਇਕ ਸਾਲ ਪਿੱਛੋਂ ਅਚਾਨਕ ਹੀ ਦਿਸ ਪਈ ਸੀ। ਉਹ ਉਹਨਾਂ ਦੀਆਂ ਤਿੱਖੀਆਂ ਨਜ਼ਰਾਂ ਤੋਂ ਬਚਣ ਲਈ ਕਾਹਲ ਨਾਲ ਦੁਕਾਨ ਅੰਦਰ ਵੜ ਗਈ ਤੇ ਇਕ ਕੁਰਸੀ ਉੱਤੇ ਬੈਠ ਗਈ।
ਸਾਹਮਣੇ ਇਕ ਤਖ਼ਤਪੋਸ਼ ਡੱਠਾ ਹੋਇਆ ਸੀ ਜਿਸ ਉੱਤੇ ਇਕ ਮੈਲੀ ਜਿਹੀ ਦਰੀ ਵਿਛੀ ਹੋਈ ਸੀ ਤੇ ਕੁਝ ਪੁਰਾਣੇ ਰਜਿਸਟਰ ਤੇ ਇਕ ਅਖ਼ਬਾਰ ਰੱਖਿਆ ਹੋਇਆ ਸੀ। ਸਾਹਮਣੀ ਕੰਧ ਉੱਤੇ ਦੇਵੀ ਮਾਂ ਦੀ ਇਕ ਛੋਟੀ ਜਿਹੀ ਤਸਵੀਰ ਲਟਕ ਰਹੀ ਸੀ, ਜਿਸ ਉੱਤੇ ਤਾਜ਼ੇ ਫੁੱਲਾਂ ਦਾ ਹਾਰ ਟੰਗਿਆ ਹੋਇਆ ਸੀ। ਕੰਧ ਵਿਚਲੀ ਇਕ ਮੋਰੀ ਵਿਚ ਇਕ ਬੁਝੀ ਹੋਈ ਅਗਰਬੱਤੀ ਟੁੰਗੀ ਹੋਈ ਸੀ। ਜ਼ਰਾ ਕੁ ਦੂਰ, ਉਸੇ ਕੰਧ ਨਾਲ, ਜਿੱਥੇ ਸੀਲਿੰਗ ਫੈਨ ਦਾ ਜਰ-ਖਾਧਾ ਰੇਗੂਲੇਟਰ ਇਕ ਬੋਰਡ ਨਾਲ ਲਗਭਗ ਝੂਲ ਰਿਹਾ ਸੀ, ਇਕ ਹੋਰ ਤਸਵੀਰ ਬਿਜਲੀ ਦੇ ਇਕ ਪੁਰਾਣੇ ਤਾਰ ਨਾਲ ਬੰਨ੍ਹ ਕੇ ਲਟਕਾਈ ਹੋਈ ਸੀ—ਜਿਸਦੇ ਧੁੰਦਲੇ ਸ਼ੀਸ਼ੇ ਪਿੱਛੇ ਚਾਰ ਮਰਦ ਚਿਹਰੇ ਨਜ਼ਰ ਆ ਰਹੇ ਸਨ। ਸਾਰੇ ਹੀ ਹੱਸ ਰਹੇ ਸਨ। ਉਹਨਾਂ ਵਿਚ ਇਕ ਗੌਰਵਮਾਨ ਵੀ ਸੀ। ਇਹ ਸਭ ਕੁਝ ਇਕ ਸਾਲ ਪਹਿਲਾਂ ਵੀ ਇਵੇਂ ਦਾ ਇਵੇਂ ਹੀ ਸੀ ਤੇ ਸ਼ਾਇਦ ਇਸ ਤੋਂ ਵੀ ਪਹਿਲਾਂ ਜਦੋਂ ਉਹ ਗੌਰਵਮਾਨ ਦੀ ਪਤਨੀ ਨਹੀਂ ਸੀ ਬਣੀ।
ਜਿਸ ਦਿਨ ਵਿਆਹ ਤੋਂ ਬਾਅਦ ਉਹ ਪਹਿਲੀ ਵਾਰੀ ਇਸ ਦੁਕਾਨ ਵਿਚ ਆਈ ਸੀ, ਉਸਨੇ ਆਪਣੇ ਪਤੀ ਨੂੰ ਕਾਫੀ ਕੁਝ ਬਦਲ ਦੇਣ ਦੇ ਮਸ਼ਵਰੇ ਦਿੱਤੇ ਸਨ ਕਿਉਂਕਿ ਉਹ ਚਾਹੁੰਦੀ ਸੀ—ਜਦੋਂ ਕਦੀ ਉਹ ਹਸਪਤਾਲ ਦੀਆਂ ਹੋਰ ਨਰਸਾਂ ਦੇ ਨਾਲ ਇੱਥੇ ਆਏ ਤਾਂ ਹਰ ਚੀਜ਼ ਢੰਗ ਨਾਲ ਪਈ ਦਿਸੇ, ਤਾਂਕਿ ਉਹ ਮਾਣ ਨਾਲ, ਘੜੀ ਦੋ ਘੜੀ ਉਹਨਾਂ ਨੂੰ ਇੱਥੇ ਬਿਠਾਅ ਕੇ ਇਸ ਗੱਲ ਦਾ ਅਹਿਸਾਸ ਕਰਵਾ ਸਕੇ ਕਿ ਉਸਦਾ ਪਤੀ ਇਕ ਸਭਿਅਕ ਆਦਮੀ ਹੈ ਤੇ ਵੱਡੇ-ਵੱਡੇ ਲੋਕਾਂ ਵਿਚ ਉਹਦਾ ਉਠਣਾ-ਬੈਠਣਾ ਹੈ ਤੇ ਕਾਰੋਬਾਰ ਵੀ ਕਾਫੀ ਚੰਗਾ ਹੈ। ਪਰ ਉਹ ਕੁਝ ਵੀ ਤਾਂ ਨਹੀਂ ਸੀ ਬਦਲ ਸਕੀ—ਆਪਣੇ ਪਤੀ ਨੂੰ ਵੀ ਨਹੀਂ।
ਇਕ ਵਾਰ ਜਦੋਂ ਆਪਣੇ ਘਰ ਦੇ ਸਾਹਮਣੇ ਪਈ ਖ਼ਾਲੀ ਜਗ੍ਹਾ ਨੂੰ (ਜਿੱਥੇ ਕੂੜੇ ਤੇ ਮੋਟਰਾਂ ਦੇ ਪੁਰਾਣੇ ਜਰੇ ਹੋਏ ਟੀਨਾਂ ਦੇ ਢੇਰ ਪਏ ਸਨ) ਸਾਫ ਕਰਵਾ ਕੇ ਇਕ ਛੋਟਾ ਜਿਹਾ ਲਾਅਨ ਬਨਵਾਉਣਾ ਚਾਹਿਆ ਸੀ ਤੇ ਹਸਪਤਾਲ ਦੇ ਮਾਲੀ ਤੋਂ ਅਮਰੀਕਨ ਘਾਹ, ਬੋਗਨ ਇਲੀਆ ਤੇ ਜੇਨੇਆ ਦੇ ਬੂਟੇ, ਚੀਨੀ ਤੇ ਇੰਗਲਿਸ਼ ਗ਼ੁਲਾਬਾਂ ਦੀਆਂ ਕਲਮਾਂ ਮੰਗਵਾਈਆਂ ਸਨ ਤਾਂ ਇਕ ਦਿਨ ਅਚਾਨਕ ਗੌਰਵਮਾਨ ਨੇ ਆਪਣਾ ਫ਼ੈਸਲਾ ਸੁਣਾ ਦਿੱਤਾ ਸੀ ਕਿ ਉਹ ਇੱਥੇ ਲੱਕੜੀ ਦੇ ਚਾਰ ਖੋਖੋ ਲਗਵਾਏਗਾ ਤੇ ਕਿਰਾਏ 'ਤੇ ਚੜਾਅ ਦਏਗਾ। ਇਸ ਗਲੀ ਵਿਚ ਦਾਲ, ਸਬਜ਼ੀ, ਡਬਲ-ਰੋਟੀ ਤੇ ਆਂਡਿਆਂ ਦਾ ਧੰਦਾ ਹੋ ਸਕਦਾ ਏ। ਇਸ ਕੰਮ ਵਾਲੇ ਬੰਦੇ ਵੀ ਆਸਾਨੀ ਨਾਲ ਮਿਲ ਸਕਦੇ ਨੇ।...ਤੇ ਫੇਰ ਸੱਚਮੁੱਚ ਉਸਨੇ ਇੰਜ ਹੀ ਕੀਤਾ ਸੀ। ਨੀਲਮ ਆਪਣੇ ਘਰ ਸਾਹਾਮਣੇ ਲਾਅਨ ਬਣਾਉਣ ਵਿਚ ਅਸਫਲ ਹੋਈ ਸੀ।
ਕੁਝ ਲੋਕ ਫੁੱਲਾਂ-ਬੂਟਿਆਂ ਬਾਰੇ ਕਤਈ ਨਹੀਂ ਸੋਚ ਸਕਦੇ ਹਾਲਾਂਕਿ ਉਹ ਵੀ ਕੁਦਰਤ ਦਾ ਇਕ ਓਨਾ ਜ਼ਰੂਰੀ ਹਿੱਸਾ ਹੀ ਹੁੰਦੇ ਨੇ, ਜਿੰਨਾਂ ਕਿ ਇਨਸਾਨ। ਉਹ ਵੀ ਇਨਸਾਨ ਨਾਲ ਗੱਲਾਂ ਕਰ ਸਕਦੇ ਨੇ। ਜੇ ਇਨਸਾਨ ਉਹਨਾਂ ਨੂੰ ਹੱਥੀਂ ਲਾਵੇ, ਵੇਲੇ ਸਿਰ ਗੋਡੀ ਕਰੇ, ਖਾਦ-ਪਾਣੀ ਪਾਵੇ ਤੇ ਪਲ-ਪਲ ਬੇਸਬਰੀ ਨਾਲ ਉਹਨਾਂ ਦੇ ਵੱਡੇ ਹੋਣ ਦਾ ਇੰਤਜ਼ਾਰ ਕਰੇ ਤੇ ਜਦੋਂ ਉਹ ਵੱਡੇ ਹੋ ਕੇ ਲਹਿਰਾਉਣ, ਉਹਨਾਂ ਵੱਲ ਵੇਖ ਕੇ ਮੁਸਕਰਾਵੇ, ਨੀਲਮ ਨੂੰ ਵਿਸ਼ਵਾਸ ਸੀ ਕਿ ਫੁੱਲ ਬੂਟੇ ਵੀ ਇਨਸਾਨ ਦੀ ਮੁਸਕਰਾਹਟ ਦਾ ਜੁਆਬ ਮੁਸਕਰਾ ਕੇ ਦੇਂਦੇ ਨੇ ਤੇ ਉਸਦੀ ਨੇੜਤਾ ਦੇ ਇੱਛੁਕ ਹੁੰਦੇ ਨੇ, ਉਹਦੇ ਘਰ ਆਉਣ ਦਾ ਇੰਤਜ਼ਾਰ ਕਰਦੇ ਨੇ। ਇਹੀ ਗੱਲ ਉਹ ਗੌਰਵਮਾਨ ਦੀ ਹਿੱਕ 'ਤੇ ਸਿਰ ਰੱਖ ਕੇ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਰਹੀ ਸੀ।
ਜਦੋਂ ਕਦੀ ਗੌਰਵਮਾਨ ਉਸ ਦੇ ਚਿਹਰੇ ਨੂੰ ਗ਼ੁਲਾਬ ਦੇ ਫੁੱਲ ਵਰਗਾ ਦਸਦਾ ਜਾਂ ਉਹਨੂੰ ਸ਼ੋਖੀ ਨਾਲ ਲਚਕਦਿਆਂ ਵੇਖ ਕੇ ਕਹਿੰਦਾ, ''ਅੱਜ ਤਾਂ ਬੋਗਨ ਇਲੀਏ ਦੀ ਵੇਲ ਵਾਂਗ ਝੂਮਣ ਡਈ ਏਂ,'' ਤਾਂ ਉਹ ਖਿੜ ਕੇ ਉਸਦੀਆਂ ਬਾਹਾਂ ਵਿਚ ਸਿਮਟ ਜਾਂਦੀ ਤੇ ਕਹਿੰਦੀ, ''ਜੇ ਇਨਸਾਨ ਬਿਲਕੁਲ ਬੇਜ਼ੁਬਾਨ ਹੁੰਦੇ ਤਾਂ ਵੀ ਅਹਿਸਾਸ ਸਾਂਝੇ ਕਰਨ ਦਾ ਕੋਈ ਨਾ ਕੋਈ ਜ਼ਰੀਆ ਜ਼ਰੂਰ ਹੁੰਦਾ।'' ਉਹ ਗੱਲਾਂ ਗੱਲਾਂ ਵਿਚ ਹੀ ਉਸਨੂੰ ਕਿਸੇ ਬਾਗ਼ ਵਿਚ ਲੈ ਜਾਂਦੀ ਤੇ ਆਪਣੇ ਵੱਲੋਂ ਸਮਝਾਉਣ ਦੀ ਪੂਰੀ ਕੋਸ਼ਿਸ਼ ਕਰਦੀ...'ਅੱਜ ਹਵਾ ਰੁਕੀ ਹੋਈ ਹੈ, ਫੁੱਲ ਬੂਟੇ ਵੀ ਖ਼ਾਮੋਸ਼ ਨੇ ਪਰ ਇਕ ਦੂਜੇ ਵੱਲ ਵੇਖ ਰਹੇ ਨੇ। ਹਵਾ ਦਾ ਬੁੱਲ੍ਹਾ ਆਇਆ ਤਾਂ ਇਹ ਗਲਵਕੜੀਆਂ ਪਾਉਣ ਲੱਗ ਪੈਣਗੇ। ਹਵਾ ਇਹਨਾਂ ਦੀ ਰੁਹਾਨੀ ਖ਼ੁਰਾਕ ਹੈ—ਇਹਨਾਂ ਅੰਦਰ ਵੀ ਅਹਿਸਾਸ ਮਚਲਦੇ ਨੇ, ਸਾਡੇ ਵਾਂਗਰ ਜਜ਼ਬਾਤ ਤੇ ਇੱਛਾਵਾਂ ਵੀ ਹੁੰਦੀਆਂ ਨੇ। ਕਦੀ ਕਦੀ ਅਸੀਂ ਬਗ਼ੈਰ ਕਿਸੇ ਇੱਛਾ ਤੋਂ ਇਕ ਦੂਜੇ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਮੁਸਕਰਾ ਪੈਂਦੇ ਹਾਂ...ਕਿਉਂ?'
...ਤੇ ਗੌਰਵਮਾਨ ਉਹਨਾਂ ਨੌਜਵਾਨਾਂ ਵਿਚੋਂ ਇਕ ਸੀ, ਜਿਹੜੇ ਆਪਣੇ ਆਲੇ-ਦੁਆਲੇ ਦੀ ਖ਼ੂਬਸੂਰਤੀ ਦੇ ਪ੍ਰਭਾਵ ਤੋਂ ਬਿਲਕੁਲ ਕੋਰੇ ਰਹਿ ਕੇ ਆਪਣੀ ਔਰਤ ਨੂੰ ਭੋਗਦੇ ਨੇ। ਜਦੋਂ ਪਿਆਰ ਕਰਨ ਲਈ ਅਤਿ ਮਜ਼ਬੂਰ ਹੋ ਜਾਂਦੇ ਨੇ ਤਾਂ ਅਚਾਨਕ ਉਹਨਾਂ ਨੂੰ ਕਈ ਦੁਨਿਆਵੀ ਗੱਲਾਂ ਚੇਤੇ ਆ ਜਾਂਦੀਆਂ ਨੇ, ਜਿਵੇਂ ਔਰਤ ਨੂੰ ਆਪਣੀ ਗੋਦ ਵਿਚ ਲਿਟਾਅ ਕੇ ਉਸ ਵੱਲ ਵੇਖਦੇ ਤੇ ਮੁਸਕਰਾਉਂਦੇ ਰਹਿਣਾ ਕਾਫੀ ਨਹੀਂ ਹੁੰਦਾ...ਜਾਂ...ਜਦੋਂ ਉਸਦੀਆਂ ਅੱਖਾਂ ਵਿਚ ਲਿਸ਼ਕ ਤੇਜ਼ ਹੋ ਜਾਏ, ਗਹਿਰਾਈ ਵਧ ਜਾਏ ਤੇ ਉਸਦੇ ਲੰਮੇ ਰੇਸ਼ਮੀ ਵਾਲ ਅਚਾਨਕ ਖੁੱਲ੍ਹ ਕੇ ਉਸਦੇ ਚਿਹਰੇ ਜਾਂ ਗਰਦਨ ਦੇ ਆਸ-ਪਾਸ ਲਹਿਰਾਉਣ ਲੱਗ ਪੈਣ ਤੇ ਆਦਮੀ ਨੂੰ ਆਪਣਾ ਦਿਲ ਮੁੱਠੀ ਵਿਚ ਫੜੇ ਪਰਿੰਦੇ ਵਾਂਗ ਫੜਫੜਾਉਂਦਾ ਹੋਇਆ ਜਾਪੇ ਤਾਂ ਉਹਨਾਂ ਪਲਾਂ ਦੇ ਹੁਸਨ ਜਾਂ ਮਨੋਦਸ਼ਾ ਨੂੰ ਬਿਆਨ ਕਰਨ ਲਈ ਕੁਝ ਖਾਸ ਗੱਲਾਂ ਕਰਨੀਆਂ ਹੁੰਦੀਆਂ ਨੇ, ਜਿੰਨਾਂ ਨੂੰ ਚੇਤੇ ਰੱਖਣ ਦੀ ਹਦਾਇਤ ਕੀਤੀ ਹੁੰਦੀ ਹੈ...ਪਰ ਠੀਕ ਸਮੇਂ, ਠੀਕ ਉਦਾਹਰਣ ਚੇਤੇ ਨਾ ਆਉਣ ਕਰਕੇ ਅਜਿਹੇ ਆਦਮੀ ਚੁੱਪ ਹੀ ਰਹਿ ਜਾਂਦੇ ਨੇ ਤੇ ਬਿੱਟ-ਬਿੱਟ ਤੱਕਦੇ ਰਹਿੰਦੇ ਨੇ।
ਨੀਲਮ ਨੇ ਉਸਨੂੰ ਹੇਠਲੇ ਦਰਜੇ ਦੀ ਜ਼ਿੰਦਗੀ ਵਿਚੋਂ ਕੱਢ ਕੇ ਅਹਿਸਾਸ ਤੇ ਜਜ਼ਬਾਤ ਦੀ ਦੁਨੀਆਂ ਵਿਚ ਲੈ ਜਾਣਾ ਚਾਹਿਆ ਸੀ ਪਰ ਅਸਫਲ ਰਹੀ ਸੀ। ਉਹ ਆਪਣੇ ਮਰਦ ਦੇ ਦਿਮਾਗ਼ ਉੱਤੇ ਜੰਮੀਆਂ ਰਵਾਇਤੀ ਧੂੜ ਦੀਆਂ ਤੈਹਾਂ ਨੂੰ ਸਾਫ ਕਰ ਦੇਣਾ ਚਾਹੁੰਦੀ ਸੀ ਪਰ ਇਹ ਤਜ਼ਰਬਾ ਏਨਾ ਆਸਾਨ ਸਿੱਧ ਨਹੀਂ ਸੀ ਹੋਇਆ ਜਿੰਨਾਂ ਉਹ ਸਮਝ ਬੈਠੀ ਸੀ। ਔਸਤ ਦਰਜੇ ਦੇ ਦਿਮਾਗ਼ ਦੇ ਆਦਮੀ ਦੀ ਪਤਨੀ ਹੋ ਕੇ ਇਸ ਕਿਸਮ ਦੀਆਂ ਗੱਲਾਂ ਸੋਚਣਾ, ਜਿਹੜੀਆਂ ਇਸ ਦਰਜੇ ਦੀਆਂ ਔਰਤਾਂ ਨੂੰ ਨਹੀਂ ਸੋਚਣੀਆਂ ਚਾਹੀਦੀਆਂ, ਉਸਨੂੰ ਕਾਫੀ ਮਹਿੰਗੀਆਂ ਪਈਆਂ ਸਨ। ਭਾਵੇਂ ਉਹ ਆਪ ਵੀ ਉਸੇ ਵਰਗ ਦੀ ਜੰਮ-ਪਲ ਸੀ, ਜਿਸਦਾ ਗੌਰਵਮਾਨ ਸੀ।...ਤੇ ਉਸਦੇ ਮਾਂ-ਬਾਪ, ਭੈਣ-ਭਰਾ ਵੀ ਉਹੀ ਕੁਝ ਸਨ। ਪਰ—ਉਹ ਆਪ ਆਪਣੇ ਆਪ ਨੂੰ ਉਹਨਾਂ ਸਾਰਿਆਂ ਤੋਂ ਵੱਖ ਸਮਝਦੀ ਸੀ। ਉਸ ਘਰ ਵਿਚ ਵੀ, ਜਿੱਥੇ ਪੂਰੇ ਪੱਚੀ ਸਾਲ ਉਸਦੀ ਪ੍ਰਵਰਿਸ਼ ਹੋਈ ਸੀ, ਜ਼ਿੰਦਗੀ ਨੂੰ ਉਸਨੇ ਸਿਰਫ ਜਿਉਂਦੇ ਰਹਿਣ ਦਾ ਵਲਵਲਾ ਹੀ ਸਮਝਿਆ ਸੀ, ਜਿੱਥੇ ਸਾਹ ਲੈਣ ਉੱਤੇ ਕੋਈ ਪਾਬੰਦੀ ਨਹੀਂ ਹੁੰਦੀ, ਜਿੱਥੇ ਜ਼ਿਆਦਾ ਤੋਂ ਜ਼ਿਆਦਾ ਜਾਨਣ ਲਈ ਦਿਮਾਗ਼ ਹਰ ਵੇਲੇ ਤਿਆਰ ਬਰ ਤਿਆਰ ਰਹਿੰਦਾ ਹੈ—ਆਪਣੀ ਭਰਪੂਰ ਸਾਦਗੀ ਤੇ ਪਵਿੱਤਰਤਾ ਨਾਲ। ਜੇ ਇਹ ਉਸਦੀ ਕਲਪਣਾ ਦੀ ਦੁਨੀਆਂ ਸੀ ਤਾਂ ਇਸਦੀ ਹੋਂਦ ਵਿਚ ਉਸਨੂੰ ਸ਼ੱਕ ਰਹਿਤ ਯਕੀਨ ਵੀ ਸੀ। ਜੇ ਉਹ ਸੁਪਨੇ ਵੇਖਣ ਦੀ ਆਦੀ ਹੋ ਗਈ ਸੀ ਤਾਂ ਉਹਨਾਂ ਦੀ ਹਕੀਕਤ ਤੋਂ ਇਨਕਾਰ ਵੀ ਨਹੀਂ ਸੀ ਕਰਦੀ। ਸੱਚਮੁੱਚ ਘੰਟਿਆਂ ਬੱਧੀ ਅੱਖਾਂ ਬੰਦ ਕਰਕੇ ਬੈਠੀ, ਅਣਗਿਣਤ ਰੰਗਾਂ ਨੂੰ ਆਪਣੇ ਵਿਚ ਘੁਲਦੇ-ਰਲਦੇ ਵੇਖਦੀ ਹੁੰਦੀ ਸੀ ਤੇ ਏਸ ਕਿਰਿਆ ਦੌਰਾਨ ਵੱਜਣ ਵਾਲਾ ਅਲੌਕਿਕ ਸੰਗੀਤ ਵੀ ਸੁਣਦੀ ਹੁੰਦੀ ਸੀ...ਜਿਹੜਾ ਆਮ ਹਾਲਤਾਂ ਵਿਚ ਕੰਨਾਂ ਨੂੰ ਸੁਣਾਈ ਨਹੀਂ ਦਿੰਦਾ। ਉਹਨੇ ਕਲਪਣਾ ਵਿਚ ਹੀ ਆਪਣਾ ਇਕ ਮਹਿਬੂਬ ਵੀ ਘੜ ਲਿਆ ਸੀ—ਉਹ ਕੌਣ ਸੀ? ਜਾਂ ਕਿੱਥੇ ਹੈ? ਇਸ ਗੱਲ ਨਾਲ ਉਸਦਾ ਕੋਈ ਸਰੋਕਾਰ ਨਹੀਂ ਸੀ। ਉਹਨੂੰ ਇਹਨਾਂ ਗੱਲਾਂ ਨਾਲ ਵੀ ਕੋਈ ਫ਼ਰਕ ਨਹੀਂ ਸੀ ਪੈਂਦਾ ਕਿ ਉਹ ਵਿਆਹਿਆ ਹੋਇਆ ਸੀ ਜਾਂ ਕੁਆਰਾ ਜਾਂ ਕਿਸੇ ਵੱਖਰੀ ਤੀਜੀ ਹਾਲਤ ਵਿਚ ਰਹਿ ਰਿਹਾ ਹੈ। ਜੀਕਰ ਉਹ ਆਪ ਜਿਊਂ ਰਹੀ ਸੀ, ਉਵੇਂ ਹੀ ਉਸਦੀ ਵੀ ਕੋਈ ਜ਼ਿੰਦਗੀ ਹੋਏਗੀ...ਏਨੀ ਸਾਦੀ ਤੇ ਪਵਿੱਤਰ। ਉਸਦੀਆਂ ਸੋਚਾਂ ਦਾ ਇਹੀ ਸਿਲਸਿਲਾ ਹਰ ਨਵੇਂ ਦਿਨ ਤੇ ਹਰ ਨਵੀਂ ਰਾਤ ਦੇ ਨਾਲ ਉਹਦੇ ਸਾਹਵੇਂ ਇਕ ਅਣਜਾਣ, ਅਡਿੱਠ ਮੰਜ਼ਿਲ ਲਈ ਰਸਤੇ ਖੋਹਲ ਦਿੰਦਾ ਸੀ। ਇਹਨਾਂ ਵਿਚਾਰਾਂ ਨੇ ਉਸਦੇ ਦਿਲ ਵਿਚੋਂ ਘਰ ਵਾਲਿਆਂ ਦੇ ਪ੍ਰਤੀ ਪਿਆਰ ਵੀ ਘੱਟ ਨਹੀਂ ਸੀ ਹੋਣ ਦਿੱਤਾ। ਉਹ ਅੱਜ ਵੀ ਉਹਨਾਂ ਨੂੰ ਦਿਲੋਂ ਚਾਹੁੰਦੀ ਹੈ। ਆਪਣੀਆਂ ਦੋਹਾਂ ਭੈਣਾ ਨੂੰ ਤਾਂ ਉਹ ਬੜਾ ਹੀ ਪਿਆਰ ਕਰਦੀ ਸੀ। ਉਹ ਭਾਵੇਂ ਉਹਨੂੰ ਵੱਖਰੀ ਦਿਸ਼ਾ ਵੱਲ ਧਕੇਲ ਦੇਂਦੀਆਂ ਸਨ; ਕਿਉਂਕਿ ਦੋਹਾਂ ਨੂੰ ਆਪਣੀ ਆਪਣੀ ਪਸੰਦ ਦੇ ਪਤੀ ਮਿਲ ਗਏ ਸਨ। ਉਹਨਾਂ ਦੀ ਤਲਾਸ਼ ਸਫਲ ਹੋ ਗਈ ਸੀ। ਸ਼ਾਇਦ ਇਸੇ ਕਰਕੇ ਨੀਲਮ ਨੂੰ ਵੀ ਆਪਣੇ ਆਦਮੀ ਦੀ ਤੀਬਰ ਇੱਛਾ ਮਹਿਸੂਸ ਹੋਣ ਲੱਗ ਪੈਂਦੀ ਸੀ...ਤੇ ਜਦੋਂ ਉਹਨਾਂ ਪਲਾਂ ਵਿਚ ਉਹਦਾ ਸੁਪਨਾ ਸਾਕਾਰ ਨਹੀਂ ਸੀ ਹੁੰਦਾ ਤਾਂ ਉਹਨੂੰ ਬੜਾ ਧੱਕਾ ਲੱਗਦਾ ਸੀ।
...ਤੇ ਇਕ ਦਿਨ ਜਦੋਂ ਉਹ ਆਪਣੀ ਡਿਊਟੀ ਮੁਕਾਅ ਕੇ ਹਸਪਤਾਲ 'ਚੋਂ ਬਾਹਰ ਆ ਰਹੀ ਸੀ ਤਾਂ ਅਚਾਨਕ ਗੌਰਵਮਾਨ ਆ ਪਹੁੰਚਿਆ ਸੀ। ਵੀਹ-ਤੀਹ ਬੰਦੇ ਹੋਰ ਉਸਦੇ ਨਾਲ ਸਨ। ਇਕ ਦੇ ਸਿਰ ਵਿਚੋਂ ਲਹੂ ਵਗ ਰਿਹਾ ਸੀ ਤੇ ਇਕ ਹੋਰ ਆਦਮੀ ਨੂੰ ਉਹਨਾਂ ਫੜ੍ਹਿਆ ਹੋਇਆ ਸੀ।
ਗੌਰਵਮਾਨ ਨੇ ਉਸਦਾ ਰਸਤਾ ਰੋਕ ਕੇ ਪੁੱਛਿਆ, ''ਡਾਕਟਰ ਸਾਹਬ ਕਿੱਥੇ ਨੇ? ਇਹਦੇ ਸਿਰ 'ਚ ਟਾਂਕੇ ਲਵਾਉਣੇ ਨੇ ਤੇ ਨਾਲੇ ਪੁਲਸ ਨੂੰ ਇਤਲਾਹ ਕਰਨੀ ਏਂ।'' ਉਸਦਾ ਲਹਿਜ਼ਾ ਏਨਾ ਮਰਦਾਨਾ ਤੇ ਪ੍ਰਭਾਵਸ਼ਾਲੀ ਸੀ ਕਿ ਉਹ ਉਸਦੇ ਮੂੰਹ ਵੱਲ ਤੱਕਦੀ ਰਹਿ ਗਈ ਸੀ।...ਤੇ ਫੇਰ ਸਭ ਕੁਝ ਏਨਾ ਅਚਾਨਕ ਤੇ ਤੁਰਤ-ਫੁਰਤ ਵਾਪਰ ਗਿਆ ਸੀ, ਜਿਹਦੀ ਉਹਤੋਂ ਉਮੀਦ ਨਹੀਂ ਸੀ ਕੀਤੀ ਜਾ ਸਕਦੀ। ਉਹਦਾ ਆਪਣਾ ਵਿਅਕਤੀਤਵ ਬਿਲਕੁਲ ਫਿੱਕਾ ਪੈ ਗਿਆ ਸੀ ਤੇ ਉਹ ਆਪਣੇ ਆਹੰਮ ਨੂੰ ਝੁਕਦਾ ਹੋਇਆ ਦੇਖਦੀ ਰਹਿ ਗਈ ਸੀ। ਉਹਨੇ ਫੌਰਨ ਫ਼ੋਨ ਕਰਕੇ ਡਾਕਟਰ ਨੂੰ ਬੁਲਾਇਆ, ਉਸ ਆਦਮੀ ਦਾ ਜ਼ਖ਼ਮ ਸਾਫ ਕੀਤਾ ਤੇ ਡਾਕਟਰ ਨੇ ਟਾਂਕੇ ਲਾ ਕੇ ਪੱਟੀ ਵਗ਼ੈਰਾ ਕਰਨ ਦਾ ਕੰਮ ਵੀ ਨੀਲਮ ਨੂੰ ਹੀ ਸੌਂਪ ਦਿੱਤਾ ਸੀ। ਇਸ ਸਾਰੇ ਕੰਮ ਦੀ ਨਿਗਰਾਨੀ ਗੌਰਵਮਾਨ ਪੂਰੀ ਚੌਕਸੀ ਨਾਲ ਕਰਦਾ ਰਿਹਾ ਸੀ ਤੇ ਨਾਲ ਦੱਸਦਾ ਰਿਹਾ ਸੀ ਕਿ ਕਿੰਜ ਬਸ ਡਰਾਈਵਰ ਦੀ ਜਲਦਬਾਜੀ ਕਾਰਨ ਏਸ ਆਦਮੀ ਨੂੰ ਸੱਟ ਲੱਗੀ ਸੀ। 'ਮੈਂ ਉਸਨੂੰ ਅੰਦਰ ਕਰਾ ਕੇ ਛੱਡਾਂਗਾ।' ਪਰ ਉਸ ਨੇ ਡਰਾਈਵਰ ਤੋਂ ਕੁਝ ਲੈ ਦੇ ਕੇ ਮਾਮਲਾ ਪੁਲਸ ਤਕ ਨਹੀਂ ਸੀ ਜਾਣ ਦਿੱਤਾ। ਜ਼ਖ਼ਮੀ ਤੇ ਬਸ ਦੀਆਂ ਹੋਰ ਸਵਾਰੀਆਂ ਨੂੰ ਸਮਝਾ-ਬੁਝਾਅ ਕੇ ਤੋਰ ਦਿੱਤਾ ਸੀ। ਨੀਲਮ ਨੂੰ ਉਹ ਆਦਮੀ ਬੜਾ ਹੀ ਪ੍ਰਭਾਵਸ਼ਾਲੀ ਤੇ ਕਾਰੋਬਾਰੀ ਜਿਹਾ ਲੱਗਿਆ ਸੀ। ਉਹ ਉਹਨੂੰ ਉਸੇ ਪਲ ਤੋਂ ਪਿਆਰ ਕਰਨ ਲੱਗ ਪਈ ਸੀ ਤੇ ਆਪਣੇ ਸਾਰੇ ਸੁਪਨੇ ਤੇ ਸੁਪਨਿਆਂ ਦੀ ਟੁੱਟ-ਭੱਜ ਨੂੰ ਲੈ ਕੇ ਉਸਦੀ ਜ਼ਿੰਦਗੀ ਵਿਚ ਦਾਖ਼ਲ ਹੋ ਗਈ ਸੀ।
ਅਚਾਨਕ ਇਕ ਦਿਨ ਸੁਰਿੰਦਰ ਪਾਠਕ ਆਪਣੀ ਕਿੱਡਨੀ ਦਾ ਅਪ੍ਰੇਸ਼ਨ ਕਰਵਾਉਣ ਆ ਗਿਆ। ਕਈ ਦਿਨ ਉਸੇ ਵਾਰਡ ਵਿਚ ਰਿਹਾ ਜਿੱਥੇ ਉਸਦੀ ਡਿਊਟੀ ਹੁੰਦੀ ਸੀ। ਉੱਥੇ ਸੁਰਿੰਦਰ ਪਾਠਕ ਨੇ ਉਹਨੂੰ ਅਖ਼ਬਾਰ ਵਿਚ ਛਪਿਆ ਆਪਣਾ ਵਿਗਿਆਪਨ ਤੇ ਡਾਕ ਰਾਹੀਂ ਆਏ ਲੋੜਵੰਦ ਔਰਤਾਂ ਦੇ ਖ਼ਤ ਵਿਖਾਏ ਸਨ। ਉਹ ਚਾਹੁੰਦਾ ਸੀ ਕਿ ਉਸ ਲਈ ਇਕ ਔਰਤ ਚੁਣਨ ਵਿਚ ਨੀਲਮ ਉਸਦੀ ਮਦਦ ਕਰੇ। ਉਹ ਉਸ ਨਾਲ ਹਰੇਕ ਔਰਤ ਦੇ ਸੁਭਾਅ ਤੇ ਮਾਹੌਲ ਬਾਰੇ ਕਈ ਕਈ ਘੰਟੇ ਬਹਿਸ ਕਰਦਾ ਰਹਿੰਦਾ, ਉਹਨਾਂ ਦੇ ਖ਼ਤਾਂ ਵਿਚੋਂ ਰਹੱਸਮਈ ਗੱਲਾਂ ਲੱਭਦਾ ਰਹਿੰਦਾ। ਕਈਆਂ ਦੀਆਂ ਫੋਟੋਆਂ ਵੀ ਆਈਆਂ ਸਨ, ਪਰ ਉਹ ਦੂਜੀ ਪਤਨੀ ਦੀ ਚੋਣ ਕਰਨ ਵਿਚ ਆਪਣੇ ਆਪ ਨੂੰ ਬੜਾ ਬੇਵੱਸ ਸਮਝਦਾ ਸੀ, ਕਿਉਂਕਿ ਪਹਿਲੀ ਪਤਨੀ ਦਾ ਉਸ ਉੱਤੇ ਖਾਸਾ ਪ੍ਰਭਾਵ ਸੀ। ਅਕਸਰ ਉਸਦੀ ਗੱਲ ਕਰਨ ਵੇਲੇ ਉਹ ਅਤਿ ਜਜ਼ਬਾਤੀ ਹੋ ਜਾਂਦਾ ਹੁੰਦਾ ਸੀ। ਨੀਲਮ ਸੋਚਦੀ ਕਿ ਨਵੀਂਆਂ ਉਮੀਦਵਾਰ ਔਰਤਾਂ ਨੂੰ ਉਸਦੀ ਹੈਸੀਅਤ ਦਾ ਤਾਂ ਪਤਾ ਹੈ ਪਰ ਉਸਦੀ ਮਾਨਸਿਕ ਸਥਿਤੀ ਦਾ ਨਹੀਂ। ਉਸਦੀਆਂ ਮਾਨਸਿਕ ਉਲਝਣਾ ਨੂੰ ਸਮਝਣ ਤੇ ਸਮਝਾਉਣ ਵਾਸਤੇ ਸਬਰ-ਸੰਤੋਖ ਦੀ ਬੜੀ ਲੋੜ ਸੀ। ਨੀਲਮ ਨੇ ਮਹਿਸੂਸ ਕੀਤਾ ਕਿ ਉਹ ਇਕ ਅਜਿਹੇ ਰਸਤੇ ਵਲ ਵਧ ਰਿਹਾ ਹੈ ਜਿੱਥੇ ਜੀਵਨ ਦੇ ਖੇਰੂ-ਖੇਰੂ ਹੋ ਜਾਣ ਦਾ ਖ਼ਤਰਾ ਹੈ। ਕੋਈ ਔਰਤ ਏਨੀ ਸਿੱਧੜ ਜਾਂ ਬੇਗਰਜ਼ ਨਹੀਂ ਹੁੰਦੀ ਕਿ ਆਪਣੀ ਹੋਂਦ ਨੂੰ ਭੁੱਲ ਕੇ ਆਪਣਾ ਸਭ ਕੁਝ ਮਰਦ ਉੱਤੇ ਕੁਰਬਾਨ ਕਰ ਦੇਵੇ—ਖਾਸ ਤੌਰ 'ਤੇ ਅਜਿਹੇ ਮਰਦ ਉੱਤੇ ਜਿਹੜਾ ਹਰ ਵੇਲੇ ਆਪਣੀ ਪਹਿਲੀ ਪਤਨੀ ਦੇ ਗੁਣ ਗਾਉਂਦਾ ਰਹਿੰਦਾ ਹੋਵੇ। ਔਰਤ ਦੀਆਂ ਆਪਣੀ ਵੀ ਕੁਝ ਇੱਛਾਵਾਂ, ਮੰਗਾਂ, ਵਿਸ਼ਵਾਸ ਤੇ ਸੰਸਕਾਰ ਹੁੰਦੇ ਨੇ ਜਿਹਨਾਂ ਤੋਂ ਉਹ ਆਸਾਨੀ ਨਾਲ ਪਿੱਛਾ ਨਹੀਂ ਛੁਡਾ ਸਕਦੀ।
ਇਕ ਦਿਨ ਅਚਾਨਕ ਨੀਲਮ ਨੇ ਵੀ ਆਪਣੀ ਦਰਖ਼ਾਸਤ ਡਾਕ ਰਾਹੀਂ ਉਸਨੂੰ ਭੇਜ ਦਿੱਤੀ ਸੀ। ਜਦੋਂ ਸੁਰਿੰਦਰ ਪਾਠਕ ਉਸਦੀ ਦਰਖ਼ਾਸਤ ਪੜ੍ਹ ਰਿਹਾ ਸੀ, ਉਹ ਜ਼ਰਾ ਦੂਰ ਇਕ ਮਰੀਜ਼ ਦੇ ਟੀਕਾ ਲਾ ਰਹੀ ਸੀ। ਸੁਰਿੰਦਰ ਪਾਠਕ ਨੇ ਗਰਦਨ ਭੂਆਂ ਕੇ ਬੜੀਆਂ ਹਸਰਤ ਭਰੀਆਂ ਨਜ਼ਰਾਂ ਨਾਲ ਉਸ ਵਲ ਤੱਕਿਆ ਸੀ ਤੇ ਜਦੋਂ ਉਹ ਟੀਕਾ ਲਾਉਣ ਵਾਸਤੇ ਉਸਦੇ ਕੋਲ ਆਈ ਸੀ ਤਾਂ ਦੋਵੇਂ ਮੁਸਕੁਰਾ ਪਏ ਸਨ। ਉਸ ਦਿਨ ਦੋਵੇਂ ਕਿੰਨੇ ਖ਼ੁਸ਼ ਸਨ।
ਪਰ ਸੁਰਿੰਦਰ ਪਾਠਕ ਦੀ ਜ਼ਿੰਦਗੀ ਨੀਲਮ ਦੀ ਆਸ ਨਾਲੋਂ ਕੁਝ ਵਧੇਰੇ ਹੀ ਗੁੰਝਲਦਾਰ ਸਿੱਧ ਹੋਈ ਸੀ। ਉਹ ਉਸਦੇ ਅਲੜ੍ਹ ਪਲਾਂ ਵਿਚ ਘੁਲ ਮਿਲ ਜਾਣਾ ਚਾਹੁੰਦੀ ਸੀ ਪਰ ਸੁਰਿੰਦਰ ਆਪ ਹੀ ਇਕ ਰੁਕਾਵਟ ਬਣ ਗਿਆ ਸੀ। ਉਸ ਸਮਝਦਾ ਸੀ ਕਿ ਨੀਲਮ ਉਸਨੂੰ ਉਹਦੀ ਪਹਿਲੀ ਪਤਨੀ ਜਿੰਨਾਂ ਪਿਆਰ ਨਹੀਂ ਦੇ ਸਕਦੀ, ਤੇ ਪਿਆਰ ਦੀ ਉਹਨੂੰ ਸਖ਼ਤ ਜ਼ਰੂਰਤ ਹੈ। ਜਦੋਂ ਉਸਨੇ ਆਪਣੇ ਪਤੀ ਉੱਤੇ ਆਪਣੀ ਮੁਹੱਬਤ ਦੇ ਖਜਾਨੇ ਲੁਟਾਉਣੇ ਚਾਹੇ ਤਾਂ ਉਸਨੂੰ ਇਹ ਭਰਮ ਹੋਣ ਲੱਗ ਪਿਆ ਕਿ ਉਹ ਉਸ ਤੋਂ ਉਹਦੀ ਪਹਿਲੀ ਪਤਨੀ ਦੀਆਂ ਯਾਦਾਂ ਖੋਹ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਜਦੋਂ ਕਦੀ ਨੀਲਮ ਮਾਯੂਸ ਹੋ ਕੇ ਠੰਡਾ ਵਤੀਰਾ ਅਪਣਾਅ ਲੈਂਦੀ ਤਾਂ ਉਹ ਇਹ ਬਹਿਸ ਲੈ ਬਹਿੰਦਾ ਕਿ ਨੌਕਰੀ ਪੇਸ਼ਾ ਔਰਤਾਂ ਆਪਣੀ ਦਿਲਕਸ਼ੀ ਤੇ ਦਿਲਚਸਪੀ ਦਾ ਵਧੇਰੇ ਹਿੱਸਾ ਬਾਹਰ ਹੀ ਲੁਟਾਅ ਆਉਂਦੀਆਂ ਨੇ। ਉਸਨੇ ਪੂਰੇ ਵੀਹ ਦਿਨ ਉਸਨੂੰ ਹਸਪਤਾਲ ਦੇ ਮਰੀਜ਼ਾਂ ਤੇ ਡਾਕਟਰਾਂ ਵਿਚਕਾਰ ਕੰਮ ਕਰਦਿਆਂ ਵੇਖਿਆ ਸੀ। ਨੀਲਮ ਉਸਨੂੰ ਸੰਤੁਸ਼ਟ ਕਰਨ ਵਾਸਤੇ ਆਪਣੀ ਨੌਕਰੀ ਛੱਡ ਦੇਣ ਲਈ ਵੀ ਤਿਆਰ ਹੋ ਗਈ ਸੀ ਪਰ ਉਹ ਇਸ ਗੱਲ ਦੀ ਜ਼ਮਾਨਤ ਵੀ ਚਾਹੁੰਦੀ ਸੀ ਕਿ ਉਹ ਵੀ ਜ਼ਿਆਦਾ ਦੇਰ ਤਕ ਘਰੋਂ ਬਾਹਰ ਨਹੀਂ ਰਿਹਾ ਕਰੇਗਾ। ਪਰ ਪਤੀ ਪਤਨੀ ਵਿਚਕਾਰ ਅਜੇ ਇਹ ਵਾਰਤਾ ਚੱਲ ਹੀ ਰਹੀ ਸੀ ਕਿ ਇਕ ਨਵੀਂ ਘਟਨਾ ਵਾਪਰ ਗਈ।...ਤੇਰ੍ਹਾਂ ਸਾਲ ਦੀ ਇਕ ਨਾਬਾਲਿਗ ਕੁੜੀ ਦੇ ਪਿਓ ਦੀ ਰਿਪੋਰਟ ਉਪਰ ਪੁਲਸ ਸੁਰਿੰਦਰ ਪਾਠਕ ਨੂੰ ਗਿਰਫ਼ਤਾਰ ਕਰਨ ਆ ਗਈ।
ਅਚਾਨਕ ਗੌਰਵਮਾਨ ਆਪਣੀਆਂ ਲੰਮੀਆਂ ਬਾਹਾਂ ਲਮਕਾਉਂਦਾ ਹੋਇਆ ਅੰਦਰ ਆਣ ਵੜਿਆ। ਬਿੰਦ ਦਾ ਬਿੰਦ ਠਿਠਕਿਆ ਤੇ ਫੇਰ ਆਪਣੇ ਸੁਭਾਅ ਅਨੁਸਾਰ ਹੀ ਬੋਲਿਆ, ''ਬੜੀ ਮੁਸੀਬਤ ਏ, ਇਕ ਤਾਂ ਲੋਕਾਂ ਦੇ ਕੰਮ ਕਰਾਓ...ਉੱਤੋਂ ਗੱਲਾਂ ਕਰਾਓ ਕਿ ਕਮਿਸ਼ਨ ਖਾ ਗਿਆ। ਕੱਲ੍ਹ ਸਾਹਮਣੇ ਸੜਕ 'ਤੇ ਇਕ ਕਾਰ ਵਾਲੇ ਨੇ ਇਕ ਗਰੀਬ ਨੂੰ ਹੇਠਾਂ ਦੇ ਦਿੱਤਾ। ਸਬੱਬ ਨਾਲ ਮੈਂ ਸਾਹਮਣਿਓਂ ਆ ਰਿਹਾ ਸਾਂ, ਦੋਵੇਂ ਬਾਹਾਂ ਖਿਲਾਰ ਕੇ ਸਾਹਮਣੇ ਖੜ੍ਹਾ ਹੋ ਗਿਆ, ਵਰਨਾ ਸਾਲਾ ਕਾਰ ਭਜਾਅ ਦੇ ਲੈ ਚੱਲਿਆ ਸੀ।''
ਨੀਲਮ ਨੇ ਵੇਖਿਆ ਗੌਰਵਮਾਨ ਹੁਣ ਵੀ ਉਸਦੇ ਸਾਹਮਣੇ ਬਾਹਾਂ ਖਿਲਾਰੀ ਬੈਠਾ ਹੈ ਤੇ ਉਸ ਦੀਆਂ ਬਾਹਾਂ ਏਨੀਆਂ ਲੰਮੀਆਂ ਨੇ ਕਿ ਜੇ ਉਹ ਅਚਾਨਕ ਘਬਰਾ ਕੇ ਨੱਸ ਜਾਣਾ ਚਾਹੇ ਤਾਂ ਵੀ ਦੁਕਾਨ ਵਿਚੋਂ ਬਾਹਰ ਨਹੀਂ ਨਿਕਲ ਸਕਦੀ। ਉਹ ਆਪਣੀ ਆਦਤ ਅਨੁਸਾਰ ਸਿੱਧਾ ਉਸ ਦੀਆਂ ਅੱਖਾਂ ਵਿਚ ਝਾਕ ਰਿਹਾ ਸੀ।
'ਫੇਰ ਹੋਇਆ ਇਹ ਕਿ ਮੈਂ ਜਖ਼ਮੀ ਨੂੰ ਚੁੱਕ ਕੇ ਉਸੇ ਦੀ ਕਾਰ ਵਿਚ ਲੱਦ ਦਿੱਤਾ ਤੇ ਫੌਰਨ ਹਸਪਤਾਲ ਚੱਲਣ ਦਾ ਹੁਕਮ ਦਿੱਤਾ। ਉਹ ਬਿਨਾਂ ਚੂੰ-ਚਰਾਂ ਕੀਤੇ ਸਿੱਧਾ ਹਸਪਤਾਲ ਵੱਲ ਤੁਰ ਪਿਆ। ਉੱਥੋਂ ਨਿੱਬੜ ਕੇ ਮੈਂ ਉਸਨੂੰ ਥਾਣੇ ਲੈ ਗਿਆ। ਥਾਣੇਦਾਰ ਨੇ ਦੋ ਹਜ਼ਾਰ ਮੰਗ ਲਏ। ਮੈਂ ਕਹਿ-ਕਹਾ ਕੇ ਅਠਾਰਾਂ ਸੌ 'ਚ ਗੱਲ ਮੁਕਾਅ ਦਿੱਤੀ। ਹੁਣ ਸਾਲਾ ਆਖਦਾ ਏ ਮੈਂ ਵਿਚੋਂ ਪੰਜ ਸੌ ਖਾ ਗਿਆਂ...ਪਰ ਜੇ ਮੈਂ ਸਾਰੇ ਹੀ ਨੱਪ ਜਾਂਦਾ ਤੇ ਉਸਨੂੰ ਭਜਾ ਦਿੰਦਾ ਤਾਂ ਮੇਰਾ ਕੀ ਕਰ ਲੈਂਦਾ? ਕਚਹਿਰੀਆਂ ਦੇ ਧੱਕੇ ਖਾਂਦੇ ਦਾ ਹੁਲੀਆ ਵਿਗੜ ਜਾਣਾ ਸੀ, ਸਾਲੇ ਦਾ।''
ਨੀਲਮ ਨੇ ਵੇਖਿਆ, ਉਹ ਦੇਵੀ ਦੀ ਮੂਰਤ ਵੱਲ ਮੂੰਹ ਕਰਕੇ ਬੈਠ ਗਿਆ। ਨਵੀਂ ਅਗਰਬੱਤੀ ਸੁਲਗਾਈ ਤੇ ਅੱਖਾਂ ਬੰਦ ਕਰਕੇ ਕੁਝ ਬੁੜਬੜਾਉਣ ਲੱਗਾ। ਉਸਦੀ ਸਮਝ ਵਿਚ ਨਹੀਂ ਆ ਰਿਹਾ ਸੀ ਕਿ ਗੱਲ ਕਿੱਥੋਂ ਸ਼ੁਰੂ ਕਰੇ। ਗੌਰਵਮਾਨ ਨੇ ਉਸ ਤੋਂ ਇੱਥੇ ਆਉਣ ਦਾ ਸਬੱਬ ਹੀ ਨਹੀਂ ਸੀ ਪੁੱਛਿਆ। ਉਹ ਆਪਣੇ ਪਤੀ ਨੂੰ ਹਵਾਲਾਤ ਵਿਚੋਂ ਛੁਡਾਉਣ ਖਾਤਰ ਆਪਣੇ ਪਰਸ ਵਿਚ ਪੰਜ ਹਜ਼ਾਰ ਰੁਪਏ ਪਾ ਕੇ ਘਰੋਂ ਤੁਰੀ ਸੀ। ਪਰ ਅਚਾਨਕ ਉਸਦੀ ਹਿੰਮਤ ਜਵਾਬ ਦੇ ਗਈ ਸੀ ਕਿ ਗੌਰਵਮਾਨ ਨੂੰ ਆਪਣੀ ਬਿਪਤਾ ਕਿੰਜ ਸੁਣਾਵੇ। ਸੁਣੇਗਾ ਤਾਂ ਉਸਦੇ ਮੂੰਹ 'ਤੇ ਚਪੇੜ ਮਾਰ ਦਏਗਾ। ਉਹ ਉਸਦੇ ਗੁੱਸੇ ਨੂੰ ਜਾਣਦੀ ਸੀ ਤੇ ਆਪਣੇ ਆਪ ਨੂੰ ਏਸੇ ਕਾਬਲ ਸਮਝਦੀ ਸੀ ਕਿ ਉਸਨੂੰ ਵੱਡੀ ਤੋਂ ਵੱਡੀ ਸਜ਼ਾ ਮਿਲਣੀ ਚਾਹੀਦੀ ਹੈ। ਉਸਦੇ ਧੁਰ ਅੰਦਰ ਇਕ ਪੀੜ ਜਿਹੀ ਉਠੀ ਤੇ ਅੱਖਾਂ ਵਿਚ ਅੱਥਰੂ ਆ ਗਏ ਤੇ ਫੇਰ ਉਹ ਡੁਸਕਣ ਲੱਗ ਪਈ।
ਗੌਰਵਮਾਨ ਦੇਵੀ ਮਾਂ ਨੂੰ ਪ੍ਰਣਾਮ ਕਰਕੇ ਉਸ ਵੱਲ ਪਰਤਿਆ ਤੇ ਹੈਰਾਨੀ ਨਾਲ ਉਹਦੇ ਮੂੰਹ ਵੱਲ ਤੱਕਦਾ ਰਿਹਾ ਪਰ ਉਹਨੂੰ ਕੁਝ ਪੁੱਛਣ ਦੀ ਲੋੜ ਨਾ ਪਈ। ਨੀਲਮ ਆਪ ਹੀ ਰੋਂਦੀ-ਰੋਂਦੀ ਕਹਿਣ ਲੱਗੀ, ''ਮੈਂ ਸਿਰਫ ਇਹ ਚਾਹੁੰਦੀ ਹਾਂ ਕਿ ਉਹ ਕਦੀ ਪੁਲਸ ਦੇ ਕਬਜੇ ਵਿਚੋਂ ਬਾਹਰ ਨਾ ਆਏ। ਅੰਦਰੇ ਪਿਆ ਸੜਦਾ ਰਹੇ। ਮੈਂ ਅਜਿਹੇ ਆਦਮੀ ਨਾਲ ਨਿਰਬਾਹ ਨਹੀਂ ਕਰ ਸਕਦੀ।''
ਗੌਰਵਮਾਨ ਕੁਝ ਚਿਰ ਤਾਂ ਚੁੱਪਚਾਪ ਉਸਦੇ ਚਿਹਰੇ ਵੱਲ ਵਿੰਹਦਾ ਰਿਹਾ। ਫੇਰ ਕੁਝ ਸੋਚ ਕੇ ਬੋਲਿਆ, ''ਜੋ ਕੁਝ ਤੂੰ ਸੋਚ ਰਹੀ ਏਂ, ਇਕ ਹੋਰ ਵੱਡੀ ਬੇਵਕੂਫ਼ੀ ਏ। ਤੂੰ ਸਮਝਦੀ ਏਂ ਕਿ ਇੰਜ ਕਰਨ ਨਾਲ ਆਪਣੇ ਦੁੱਖਾਂ ਤੋਂ ਛੁਟਕਾਰਾ ਪਾ ਲਏਂਗੀ—ਪਰ ਨਹੀਂ। ਜੋ ਕੁਝ ਹੋ ਗਿਆ, ਉਸ ਨੂੰ ਭੁੱਲ ਜਾ। ਗ਼ਲਤੀ ਕਿਸ ਤੋਂ ਨਹੀਂ ਹੁੰਦੀ? ਉਸਦੀ ਸਜ਼ਾ ਉਹ ਆਪ ਭੁਗਤੇਗਾ। ਚੱਲ ਉਠ—ਕਿਹੜੇ ਥਾਣੇ ਵਿਚ ਐ ਉਹ?...ਤੇ ਹਾਂ, ਕੁਝ ਰੁਪਏ ਵਗ਼ੈਰਾ ਲਿਆਈ ਏਂ ਕਿ ਮੈਂ ਲੈ ਚੱਲਾਂ? ਸ਼ਾਇਦ ਉਸਦੀ ਜ਼ਮਾਨਤ ਦੇਣ ਦੀ ਲੋੜ ਪਏ। ਚੱਲ ਉਠ-ਮੈਂ ਚੱਲਦਾਂ।''
(ਅਨੁਵਾਦ : ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਰਾਮ ਲਾਲ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ