Khushbuan Di Rutte (Punjabi Story) : Dalip Kaur Tiwana
ਖ਼ੁਸ਼ਬੂਆਂ ਦੀ ਰੁੱਤੇ... (ਕਹਾਣੀ) : ਦਲੀਪ ਕੌਰ ਟਿਵਾਣਾ
ਖ਼ੁਸ਼ਬੂਆਂ ਦੀ ਰੁੱਤੇ......
ਖ਼ੁਸ਼ਬੂਆਂ ਦੀ ਰੁੱਤੇ ਉਹਦੇ ਕੰਡਾ ਚੁਭ ਗਿਆ ਸੀ ਤੇ ਫਿਜ਼ਾ ਵਿੱਚ ਪੀੜ ਘੁਲ ਗਈ ਸੀ ।
ਜਦੋਂ ਵੀ ਮੁੜ ਖ਼ੁਸ਼ਬੂਆਂ ਦੀ ਰੁੱਤ ਆਈ, ਕੰਡੇ ਦੀ ਚੋਭ ਜਿਵੇਂ ਜਾਗ ਪੈਂਦੀ ਤੇ ਪੀੜਾਂ ਉਹਦੇ ਦੁਆਲੇ ਇਕੱਠੀਆਂ ਹੋ ਜਾਂਦੀਆਂ ।
ਰੁੱਤ ਲੰਘ ਜਾਂਦੀ। ਪੀੜਾਂ ਉਂਘਲਾਉਣ ਲੱਗ ਜਾਂਦੀਆਂ । ਉਹਦੇ ਕਦਮ ਸੰਭਲ ਜਾਂਦੇ । ਪਰ.........
ਕਈ ਸਾਲ ਹੋਏ, ਸੂਰਜ ਨੇ ਉਹਨੂੰ ਆਖਿਆ ਸੀ......
'ਤੂੰ ਜਿਵੇਂ ਇੱਕ ਨਦੀ ਏਂ.........
ਤੂੰ ਜਿਵੇਂ ਇੱਕ ਕੋਇਲ ਏਂ .......
ਤੂੰ ਜਿਵੇਂ ਇੱਕ ਸੁਪਨਾ ਏਂ..........'
ਉਹਦੀਆਂ ਅੱਖਾਂ ਵਿੱਚ ਚਮਕ ਆ ਗਈ। ਉਨ੍ਹਾਂ ਚਮਕਦੀਆਂ ਅੱਖਾਂ ਦੀ ਜਦੋਂ ਵੀ ਕਿਸੇ ਤਾਰੀਫ ਕੀਤੀ, ਉਹ ਬਲ ਕੇ ਕੋਲੇ ਹੋ ਗਿਆ । ਆਪਣੀਆਂ ਇਹਨਾਂ ਚਮਕਦੀਆਂ ਅੱਖਾਂ ਦਾ ਉਹ ਕੀ ਕਰੇ, ਚੰਪਾ ਨੂੰ ਸਮਝ ਨਹੀਂ ਸੀ ਆ ਰਹੀ।
'ਕੀ ਗੱਲ ਏ ਲੋਕੀਂ ਬੜੀਆਂ ਤਾਰੀਫਾਂ ਕਰਦੇ ਰਹਿੰਦੇ ਹਨ ?' ਇਕ ਦਿਨ ਸੂਰਜ ਨੇ ਚੰਪਾ ਨੂੰ ਜਿਵੇਂ ਮਿਹਣਾ ਮਾਰਿਆ।
ਚੰਪਾ ਦਾ ਮਨ ਕੀਤਾ ਉਹਦੀ ਅੰਦਰਲੀ ਨਦੀ ਸੁੱਕ ਜਾਵੇ, ਕੋਇਲ ਮਰ ਜਾਵੇ, ਸੁਪਨੇ ਉਡ ਜਾਣ, ਪਰ ਸੂਰਜ ਉਹਦੇ ਕੋਲ ਰਹੇ ।
ਸੂਰਜ ਜਦੋਂ ਵੀ ਉਹਨੂੰ ਮਿਲਦਾ ਦੋ ਕੁ ਪਲ ਤਾਂ ਖੁਸ਼ ਰਹਿੰਦਾ, ਫਿਰ ਜਿਵੇਂ ਉਹਦੇ ਦੇਖਦਿਆਂ ਦੇਖਦਿਆਂ ਚੰਪਾ, ਉੱਚੀ ਹੋਣ ਲੱਗ ਜਾਂਦੀ । ਪਹਿਲੇ ਉਹਦੇ ਜਿੱਡੀ । ਫਿਰ ਉਸ ਤੋਂ ਉੱਚੀ । ਫਿਰ ਕੋਠੇ ਜਿੱਡੀ । ਫਿਰ ਆਸਮਾਨ ਜਿੱਡੀ । ਉਹਨੂੰ ਆਪਣਾ ਆਪ ਬੌਣਾ ਲਗਦਾ ਤੇ ਉਹ ਉਸ ਨੂੰ ਹਰਖ ਹਰਖ ਕੇ ਪੈਂਦਾ। ਉਹਦੇ ਵਾਲ ਖਿਲਾਰ ਦਿੰਦਾ। ਉਹਦੀ ਸਾੜ੍ਹੀ ਨਾਲ ਸਿਆਹੀ ਵਾਲੇ ਹੱਥ ਪੂੰਝ ਦਿੰਦਾ । ਉਹਦੇ ਕਮਰੇ ਦੀਆਂ ਚੀਜ਼ਾਂ ਉਥਲ ਪੁਥਲ ਕਰ ਦਿੰਦਾ। ਫਿਰ ਵੀ ਉਹਨੂੰ ਜਿਵੇਂ ਚੈਨ ਨਾ ਆਉਂਦੀ । ਉਹ ਉਹਦੇ ਨਾਲ ਲੜ ਪੈਂਦਾ। ਫਿਰ ਰੋ ਪੈਂਦਾ । ਫਿਰ ਮੁਆਫ਼ੀ ਮੰਗ ਲੈਂਦਾ ।
ਚੰਪਾ ਹੈਰਾਨ ਹੋ ਹੋ ਸੋਚਦੀ, ਮੈਂ ਕੀ ਕਰਾਂ ?
ਫਿਰ ਉਹਦੀ ਮੁਲਾਕਾਤ ਪਵਨ ਨਾਲ ਹੋਈ । ਉਹ ਉਹਦੇ ਕੰਮਾਂ, ਉਹਦੇ ਬੋਲਾਂ, ਉਹਦੇ ਸਲੀਕੇ ਦਾ ਕਾਇਲ ਸੀ। ਪਰ ਉਹਨੂੰ ਸਮਝ ਨਹੀਂ ਸੀ ਆਉਂਦੀ, ਕਿ ਕਿਉਂ ਅਜਿਹੀ ਕੁੜੀ ਦੇ ਮੱਥੇ ਤੇ ਵੀ ਕਦੇ ਕਦੇ ਚਿੰਤਾ ਦੀਆਂ ਰੇਖਾਵਾਂ ਖਿਚੀਆਂ ਜਾਂਦੀਆਂ ਨੇ । ਕਿਹੜਾ ਦੁਖ ਏਡਾ ਜ਼ਾਲਮ ਹੋ ਸਕਦਾ ਹੈ, ਜੋ ਇਹਨੂੰ ਛੂਹ ਕੇ ਲੰਘੇ ।
'ਤੂੰ ਕੁੜੀ ਨਾਂ ਹੋ ਕੇ ਜਿਵੇਂ ਇੱਕ ਝੀਲ ਹੋਵੇਂ', ਆਖ ਕੇ ਪਵਨ ਨੇ ਜਿਵੇਂ ਚੰਪਾ ਦੀ ਤਾਰੀਫ ਕੀਤੀ । ਸੂਰਜ ਨੇ ਤਿੱਖੀ ਨਜ਼ਰ ਨਾਲ ਚੰਪਾ ਵਲ ਤੱਕਿਆ। ਉਹਨੇ ਇੱਕ ਗੁਨਾਹਗਾਰ ਵਾਂਙ ਨਜ਼ਰਾਂ ਝੁਕਾ ਲਈਆਂ।
'ਹੁਣ ਤਾਂ ਝੀਲ ਫੇਰ ਪਿਆਸ ਬੁਝਾਇਆ ਕਰੇਗੀ, ਪਿਆਸਿਆਂ ਦੀ' ਸੂਰਜ ਜਿਵੇਂ ਤਪ ਕੇ ਬੋਲਿਆ।
ਚੰਪਾ ਨੇ ਪਵਨ ਵਲੋਂ ਜਿਵੇਂ ਬੂਹਾ ਢੋ ਲਿਆ, ਪਰ ਸੂਰਜ ਕਿੰਨੀ ਵਾਰੀ ਉਹਦਾ ਨਾਂ ਲੈ ਕੇ ਚੰਪਾ ਨੂੰ ਛੇੜਦਾ।
ਫਿਰ ਕਿਤੇ ਇਕ ਦਿਨ ਚੰਦਰ ਨੇ ਉਹਨੂੰ ਆਖਿਆ, “ਕਿਹੜੀ ਇਤਰ ਵਰਤਦੀ ਏਂ ?'
'ਕੋਈ ਵੀ ਨਹੀਂ'
'ਫਿਰ ਇਹ ਖੁਸ਼ਬੋ ਤੇਰੇ ਵਿਚੋਂ ਹੀ ਆਉਂਦੀ ਹੋਣੀ ਏਂ', ਆਖ ਉਹ ਹੱਸ ਪਿਆ।
ਸੂਰਜ ਦਾ ਦਿਲ ਕੀਤਾ ਚੰਦਰ ਦਾ ਮੂੰਹ ਦਾਗ਼ ਦੇਵੇ।
ਚੰਪਾ ਨੂੰ ਸਮਝ ਨਹੀਂ ਸੀ ਆ ਰਹੀ ਉਹ ਆਪਣੇ ਆਪ ਦੇ ਕੀ ਮਾਰ ਲਵੇ ।
ਹੁਣ ਜਿੱਥੇ ਕਿਤੇ ਵੀ ਚੰਦਰ ਉਹਨੂੰ ਟੱਕਰਦਾ, ਉਹ ਉਹਦੇ ਵੱਲ ਕਦੇ ਨਾ ਤੱਕਦੀ । ਪਰ ਸੂਰਜ ਕਹਿੰਦਾ ਸੀ, ‘ਤੈਨੂੰ ਚੰਦਰ ਖ਼ਬਰੇ ਕਿਉਂ ਏਨਾ ਚੰਗਾ ਲਗਦਾ ਏ ।'
ਫਿਰ ਸੂਰਜ ਸ਼ੀਲਾ ਦੇ ਨੇੜੇ ਨੇੜੇ ਜਾਣ ਲੱਗ ਪਿਆ ।
'ਤੂੰ ਮੇਰੇ ਨਾਲ ਇਹ ਜ਼ੁਲਮ ਨਹੀਂ ਕਰ ਸਕਦਾ ਚੰਪਾ ਨੇ ਜਿਵੇਂ ਵਾਸਤਾ ਪਾਇਆ।
'ਜੇ ਲੋਕੀਂ ਤੇਰੀਆਂ ਤਾਰੀਫਾਂ ਕਰ ਸਕਦੇ ਹਨ, ਮੈਂ ਨਹੀਂ ਕਿਸੇ ਦੀ ਕਰ ਸਕਦਾ ?' ਸੂਰਜ ਬੋਲਿਆ।
ਚੰਪਾ ਦੇ ਅੰਦਰੋਂ ਕਿੰਨਾ ਕੁਝ ਟੁੱਟ ਭੱਜ ਗਿਆ ।
ਫਿਰ ਉਸ ਦਸਿਆ ਕਿ ਉਹ ਸ਼ੀਲ ਵਰਤੀ ਕੁੜੀ ਨਾਲ ਵਿਆਹ ਕਰਵਾਣਾ ਚਾਹੇਗਾ ।
ਸ਼ੀਲ ਵਰਗੀ ਨਾਲ .....ਸ਼ੀਲ ਜੋ ਉਸ ਤੋਂ ਘੱਟ ਸੁਹਣੀ ਸੀ। ਜੋ ਉਸ ਤੋਂ ਘਟ ਸਿਆਣੀ ਸੀ ।........ਤੇ ਉਹਦੇ ਮਨ ਵਿਚ ਬਣੀ ਸੂਰਜ ਦੀ ਤਸਵੀਰ ਦਾ ਜਿਵੇਂ ਕਦ ਘਟ ਗਿਆ। ਫਿਰ ਉਹਨੂੰ ਲੱਗਿਆ ਜਿਵੇਂ ਉਹਦੀ ਗੱਲ ਸੁਨਣ ਲਈ ਹੁਣ ਸੂਰਜ ਨੂੰ ਪੌੜੀ ਲਾ ਕੇ ਉਪਰ ਚੜ੍ਹਨਾ ਪਿਆ ਕਰੇਗਾ। ਫਿਰ ਉਹਨੂੰ ਲਗਿਆ ਸੂਰਜ ਦਾ ਕੱਦ ਘਟਦਾ ਘਟਦਾ ਏਡਾ ਛੋਟਾ ਹੋ ਗਿਆ ਸੀ ਕਿ ਹੁਣ ਜੋ ਵੀ ਚਾਹੁੰਦਾ ਉਂਗਲ ਲਾ ਕੇ, ਜੇਬ ਵਿਚ ਪਾ ਕੇ, ਜਿਧਰ ਮਰਜ਼ੀ ਲੈ ਜਾਂਦਾ । ਉਹ ਰੋਣਹਾਕੀ ਹੋ ਗਈ।
'ਤੂੰ ਮੇਰੇ ਨਾਲ ਕਿਉਂ ਬੇਇਨਸਾਫ਼ੀ ਕਰਦਾ ਏਂ ?' ਉਹਨੇ ਸੂਰਜ ਨੂੰ ਆਖਿਆ ।
‘ਤੇਰੇ ਨਾਲ ਇਨਸਾਫ ਕਰਨ ਵਾਲੇ ਹੋਰ ਬਥੇਰੇ ਨੇ ......'
'ਕਿਸੇ ਵੀ ਕੁੜੀ ਨੂੰ ਬਥੇਰੇ ਨਹੀਂ ਕੋਈ ਇੱਕ ਚਾਹੀਦਾ ਹੁੰਦਾ ਏ.......'
‘ਤੇਰਾ ਉਹ ਇੱਕ ਖ਼ਬਰੇ ਕੌਣ ਖੁਸ਼ਕਿਸਮਤ ਹੋਵੇਗਾ।'
‘ਤੂੰ ਵੀ ਤੇ ਹੋ ਸਕਦਾ ਏਂ ?'
'ਨਹੀਂ ਮੇਰੇ ਵਿਚ ਹੈ ਹੀ ਭਲਾ ਕੀ, ਮੈਂ ਸਾਧਾਰਨ ਬੰਦਾ ਹਾਂ ।'
‘ਇਹ ਸਜ਼ਾ ਕਿਉਂ ?'
'ਠੀਕ ਕਹਿੰਦਾ ਹਾਂ ਮੈਂ ਤੇਰੇ ਯੋਗ ਨਹੀਂ।' ......ਤੇ ਸੂਰਜ ਚਲਿਆ ਗਿਆ ।
ਚੰਪਾ ਨੂੰ ਲਗਿਆ ਕੋਈ ਵੀ ਉਹਦੇ ਯੋਗ ਨਹੀਂ । ਖ਼ਬਰੇ ਉਹ ਕਿਸੇ ਦੇ ਵੀ ਯੋਗ ਨਹੀਂ ਤੇ ਉਹਦੇ ਕਦਮ ਡਗਮਗਾਣ ਲਗ ਪਏ ।
ਲੋਕਾਂ ਦੀ ਕਿੰਨੀ ਵੱਡੀ ਭੀੜ ਉਹਦਾ ਤਮਾਸ਼ਾ ਵੇਖ ਰਹੀ ਸੀ। ਇਸ ਭੀੜ ਵਿੱਚ ਸੂਰਜ ਵੀ ਖਲੋਤਾ ਜੀ । ਪਵਨ ਵੀ । ਚੰਦਰ ਵੀ ।
ਸੂਰਜ ਨੇ ਸ਼ੀਲ ਨਾਲ ਵਿਆਹ ਕਰਵਾ ਲਿਆ ਸੀ। ਪਵਨ ਚੰਦਰ ਨੂੰ ਦਸ ਰਿਹਾ ਸੀ -ਕਿ ਕਿਡੀ ਮੂਰਖ ਹੈ ਚੰਪਾ, ਜੋ ਸੂਰਜ ਵਰਗੇ ਬੰਦੇ ਪਿਛੇ ਕਰਦੀ ਹੈ ।
ਚੰਪਾ ਜ਼ਿੰਦਗੀ ਦੇ ਕੰਢੇ ਤੇ ਖਲੋਤੀ ਜਿਵੇਂ ਆਪਣੇ ਆਪ ਨੂੰ ਗਾਲ੍ਹਾਂ ਕੱਢ ਰਹੀ ਸੀ ਕਿ "ਨਦੀਏ ਨਦੀਏ ਸੁੱਕ ਜਾ । ਕੋਇਲੇ ਕੋਇਲੇ ਮਰ ਜਾ। ਸੁਪਨਿਓਂ ਸੁਪਨਿਓ ਉੱਡ ਜਾਵੋ ।"
ਫਿਰ ਜਿਵੇਂ ਉਹ ਸੌਂ ਗਈ । ਨਰਸ ਭਰਤੀ ਹੋ ਕੇ ਉਹਨੇ ਫੱਟੜਾਂ ਫੌਜੀਆਂ ਦੇ ਜ਼ਖ਼ਮ ਧੋ ਦਿਆਂ, ਪੱਟੀਆਂ ਕਰਦਿਆਂ, ਦਵਾਈਆਂ ਪਿਲਾਦਿਆਂ ਉਨ੍ਹਾਂ ਦੇ ਘਰਾਂ ਨੂੰ ਖ਼ਤ ਲਿਖਦਿਆਂ, ਫ਼ਰੰਟ ਤੋਂ ਆਉਂਦੀਆਂ ਖ਼ਬਰਾਂ ਨਾਲ ਖੁਸ਼, ਉਦਾਸ ਹੁੰਦਿਆਂ ਦੇ ਵਰ੍ਹੇ ਲੰਘਾ ਦਿੱਤੇ ।
ਲੜਾਈ ਮੁੱਕੀ । ਕੰਮ ਘਟਿਆ। ਛੁੱਟੀਆਂ ਮਿਲੀਆਂ । ਚੰਪਾ ਦੀਆਂ ਅੱਖਾਂ ਵਿੱਚ ਕਦੇ ਕਦੇ ਸਿੱਲ੍ਹ ਆ ਜਾਂਦੀ।
ਇੱਕ ਦਿਨ ਫਿਰ ਕਿਸੇ ਨੇ ਉਸਦੀ ਤਾਰੀਫ਼ ਕੀਤੀ। ਉਹ ਤ੍ਰਭਕ ਪਈ। ਖ਼ੁਸ਼ਬੂਆਂ ਦੀ ਰੁੱਤੇ ਉਹਦੇ ਕੰਡਾ ਚੁਭ ਗਿਆ ਸੀ ਤੇ ਪੀੜ ਫ਼ਿਜ਼ਾ ਵਿਚ ਘੁਲ ਗਈ ਸੀ ।
ਹੁਣ ਜਦੋਂ ਵੀ ਖ਼ੁਸ਼ਬੂਆਂ ਦੀ ਰੁੱਤ ਆਉਂਦੀ, ਕੰਡੇ ਦੀ ਚੋਭ ਜਿਵੇਂ ਜਾਗ ਪੈਂਦੀ ਤੇ ਪੀੜਾਂ ਉਹਦੇ ਦੁਆਲੇ ਇਕੱਠੀਆਂ ਹੋ ਜਾਂਦੀਆਂ।
ਇਹ ਵੀ ਖ਼ੁਸ਼ਬੂਆਂ ਦੀ ਰੁੱਤ ਸੀ । ਕਿਸੇ ਨੇ ਉਹਨੂੰ ਹਾਕ ਮਾਰੀ ਸੀ ਤੇ ਉਹਨੂੰ ਸਮਝ ਨਹੀਂ ਸੀ ਆ ਰਹੀ, ਕਿ ਇਨ੍ਹਾਂ ਪੀੜਾਂ ਦਾ ਉਹ ਕੀ ਕਰੇ, ਜੋ ਇਸ ਰੁੱਤੇ ਉਹਦੇ ਦੁਆਲੇ ਆ ਇਕੱਠੀਆਂ ਹੁੰਦੀਆਂ ਸਨ ।