Ki Guru Nanak Dev Ji Parhe Hoe San ? (Punjabi Essay) : Principal Teja Singh

ਕੀ ਗੁਰੂ ਨਾਨਕ ਦੇਵ ਜੀ ਪੜ੍ਹੇ ਹੋਏ ਸਨ? (ਲੇਖ) : ਪ੍ਰਿੰਸੀਪਲ ਤੇਜਾ ਸਿੰਘ

ਕਈਆਂ ਲੋਕਾਂ ਦਾ ਜਤਨ ਹੁੰਦਾ ਹੈ ਕਿ ਆਪਣੇ ਵੱਡਿਆਂ ਦੀ ਵਡਿਆਈ ਦਾ ਅਸਰ ਵਧਾਉਣ ਲਈ ਉਨ੍ਹਾਂ ਨੂੰ ਅਨਪੜ੍ਹ ਸਾਬਤ ਕਰਨ, ਤਾਂ ਜੋ ਲੋਕੀਂ ਇਹ ਵੇਖ ਕੇ ਹੈਰਾਨ ਹੋ ਜਾਣ ਕਿ ਇਤਨੀ ਉੱਚੀ ਸਿਖਿਆ ਦੇਣ ਵਾਲਾ ਜਾਂ ਇੰਨੀ ਪ੍ਰਭੁਤਾ ਦਾ ਮਾਲਕ ਆਪ ਕਿਸੇ ਤੋਂ ਕੁਝ ਨਹੀਂ ਪੜ੍ਹਿਆ। ਇਸੇ ਲਈ ਹਜ਼ਰਤ ਮੁਹੰਮਦ, ਸ਼ਹਿਨਸ਼ਾਹ ਅਕਬਰ ਅਤੇ ਸਤਿਗੁਰ ਨਾਨਕ ਦੇਵ ਬਾਬਤ ਦਸਦੇ ਹਨ ਕਿ ਉਨ੍ਹਾਂ ਨੇ ਵਿਦਿਆ ਕਿਸੇ ਤੋਂ ਪ੍ਰਾਪਤ ਨਹੀਂ ਕੀਤੀ, ਅਰਥਾਤ ਲਿਖਣਾ ਪੜ੍ਹਨਾ ਨਹੀਂ ਸਿਖਿਆ, ਜੋ ਕੁਝ ਪਾਇਆ, ਅਤੇ ਜੋ ਕੁਝ ਕਢਿਆ ਆਪਣੇ ਅੰਦਰੋਂ ਹੀ ਕਢਿਆ।

ਮੁਗਲਾਂ ਦੇ ਸਮੇਂ ਤੋਂ ਲੈ ਕੇ ਤਾਲੀਮ ਦਾ ਸਿਲਸਿਲਾ ਅਜੇਹਾ ਬਾਕਾਇਦਾ ਚਲਾ ਆਇਆ ਹੈ ਕਿ ਆਮ ਲੋਕਾਂ ਨੂੰ ਹੋਰ ਕੋਈ ਤਰੀਕਾ ਤਾਲੀਮ ਦਾ ਸੁਝਦਾ ਨਹੀਂ। ਜੇ ਕੋਈ ਆਦਮੀ ਕਿਸੇ ਮਕਤਬ, ਮਦਰਸੇ ਜਾਂ ਸਕੂਲ ਕਾਲਜ ਵਿਚ ਬਹਿ ਕੇ ਲਗਾਤਾਰ ਨਾ ਪੜ੍ਹੇ ਉਸ ਨੂੰ ਪੜ੍ਹਿਆ ਹੋਇਆ ਨਹੀਂ ਗਿਣਦੇ। ਪਰ ਜੇ ਵਾਕਿਆਤ ਨੂੰ ਵੇਖਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਮੌਜੂਦਾ ਜ਼ਮਾਨੇ ਵਿਚ ਵੀ ਕਈ ਵੱਡੇ ਵੱਡੇ ਵਿਦਵਾਨ ਤੇ ਕਵੀ ਆਪਣੇ ਆਪ ਪੜ੍ਹੇ ਹਨ ਅਤੇ ਕਿਸੇ ਬਾਕਾਇਦਾ ਸਕੂਲ ਵਿਚ ਨਹੀਂ ਗਏ। ਰਾਬਰਟ ਬਰੋਨਿੰਗ ਅੰਗਰੇਜ਼ੀ ਦਾ ਭਾਰੀ ਕਵੀ ਹੋਇਆ ਹੈ, ਜਿਸ ਦੀ ਵਿਦਵਤਾ ਦਾ ਟਾਕਰਾ ਅਜ ਕਲ ਦਾ ਕੋਈ ਹੋਰ ਕਵੀ ਨਹੀਂ ਕਰ ਸਕਦਾ, ਪਰ ਉਹ ਕਿਸੇ ਸਕੂਲ ਜਾਂ ਕਾਲਜ ਵਿਚ ਨਹੀਂ ਸੀ ਪੜ੍ਹਿਆ। ਹਿੰਦ ਦਾ ਮਹਾਂ ਕਵੀ ਟੈਗੋਰ, ਜਿਸ ਦੀ ਵਿਦਵਤਾ ਦਾ ਸਿੱਕਾ ਪੱਛਮੀ ਲੋਕਾਂ ਨੇ ਭੀ ਮੰਨਿਆ ਹੈ, ਕਿਸੇ ਬਾਕਾਇਦਾ ਸਕੂਲ ਜਾਂ ਕਾਲਜ ਦਾ ਪੜ੍ਹਿਆ ਹੋਇਆ ਨਹੀਂ ਸੀ।

ਇਕ ਹੋਰ ਗੱਲ ਭੀ ਹੈ। ਆਮ ਤੌਰ ਤੇ ਲੋਕ ਲਿਖਣ ਪੜ੍ਹਨ ਨੂੰ ਵਿਦਿਆ ਕਹਿੰਦੇ ਹਨ। ਅਸਲ ਵਿਚ ਲਿਖ਼ਣਾ ਪੜ੍ਹਨਾ ਇਕ ਵਸੀਲਾ ਹੈ ਵਿਦਿਆ ਸਿਖਣ ਦਾ। ਇਲਮ ਦੇ ਖਜ਼ਾਨੇ ਲਿਖਤ ਵਿਚ ਹਨ, ਇਸ ਲਈ ਸਧਾਰਨ ਤੌਰ ਤੇ ਇਉਂ ਹੀ ਹੁੰਦਾ ਹੈ ਕਿ ਜਿਹੜਾ ਆਦਮੀ ਇਲਮ ਦੇ ਖਜ਼ਾਨੇ ਤਕ ਪਹੁੰਚਣਾ ਚਾਹੁੰਦਾ ਹੈ, ਉਸ ਨੂੰ ਲਿਖਤ ਪੜ੍ਹਤ ਦੀ ਕੁੰਜੀ ਵਰਤਣੀ ਪੈਂਦੀ ਹੈ, ਪਰ ਇਹ ਜ਼ਰੂਰੀ ਨਹੀਂ ਕਿ ਆਦਮੀ ਇਸੇ ਕੁੰਜੀ ਨੂੰ ਵਰਤੇ। ਸਮਰੱਥ ਲੋਕਾਂ ਵਾਸਤੇ ਹੋਰ ਵੀ ਸਾਧਨ ਹੋ ਸਕਦਾ ਹੈ। ਅਕਬਰ ਲਿਖਣ ਪੜ੍ਹਨ ਵਲੋਂ ਤਾਂ ਕੋਰਾ ਸੀ, ਪਰ ਫ਼ਾਰਸੀ, ਤੁਰਕੀ ਆਦਿ ਸਾਹਿੱਤ ਦਾ ਸਵਾਦ ਉਤਨਾ ਹੀ ਚਖਦਾ ਸੀ ਜਿਤਨਾ ਕਿ ਕੋਈ ਪੜ੍ਹਿਆ ਲਿਖਿਆ ਚਖ ਸਕਦਾ ਹੈ। ਉਹ ਵੱਡੇ ਵੱਡੇ ਵਿਦਵਾਨਾਂ ਦੀ ਸੰਗਤ ਕਰਦਾ ਸੀ, ਉਨ੍ਹਾਂ ਕੋਲੋਂ ਹਾਫ਼ਜ਼ ਆਦਿ ਕਵੀਆਂ ਦੀ ਕਵਿਤਾ ਸੁਣਦਾ ਸੀ। ਉਸ ਦੇ ਦਰਬਾਰ ਵਿਚ ਹਿੰਦੂ, ਮੁਸਲਮਾਨ, ਈਸਾਈ ਆਗੂਆਂ ਦੀ ਇਲਮੀ ਤੇ ਮਜ਼੍ਹਬੀ ਚਰਚਾ ਹੁੰਦੀ ਰਹਿੰਦੀ ਸੀ ਅਤੇ ਉਹ ਉਸ ਵਿਚ ਸਾਲਸ ਹੋ ਕੇ ਚੋਖਾ ਹਿੱਸਾ ਲੈਂਦਾ ਸੀ। ਕੌਣ ਕਹਿ ਸਕਦਾ ਹੈ ਕਿ ਉਹ ਅਨਪੜ੍ਹ ਸੀ। ਕਿਸੇ ਨੇ ਵਿਦਿਆ ਅੱਖਾਂ ਦੇ ਰਾਹੋਂ ਪ੍ਰਾਪਤ ਕੀਤੀ, ਕਿਸੇ ਨੇ ਕੰਨਾਂ ਦ੍ਵਾਰਾ ਪ੍ਰਾਪਤ ਕੀਤੀ, ਫ਼ਰਕ ਕੀ ਹੋਇਆ? ਵਿਦਿਆ ਤਾਂ ਅੰਦਰ ਚਲੀ ਗਈ। ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੂੰ ਅਨਪੜ੍ਹ ਕਹਿਣਾ ਭੁੱਲ ਹੈ। ਭਾਵੇਂ ਉਸ ਨੂੰ ਅੱਖਰੀ ਇਲਮ ਨਹੀਂ ਸੀ ਆਉਂਦਾ ਫਿਰ ਭੀ ਉਹ ਫ਼ਾਰਸੀ, ਪੰਜਾਬੀ ਆਦਿ ਜ਼ਬਾਨਾਂ ਜਾਣਦਾ ਸੀ ਅਤੇ ਕਵੀਆਂ ਦੀਆਂ ਕਵਿਤਾਵਾਂ ਸੁਣਦਾ, ਇਨਾਮ ਦੇਂਦਾ ਤੇ ਆਪਣੇ ਦਫ਼ਤਰ ਵਾਲਿਆਂ ਕੋਲੋਂ ਫ਼ਾਰਸੀ ਚਿੱਠੀ ਪੱਤਰ ਦੇ ਮਸੌਦੇ ਸੁਣਦਾ ਅਤੇ ਆਪ ਲਿਖਵਾਉਂਦਾ ਸੀ। ਉਸ ਨੂੰ ਅਨਪੜ੍ਹ ਕੌਣ ਆਖ ਸਕਦਾ ਹੈ?

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਲਮੀ ਲਿਆਕਤ ਬਾਬਤ ਭੀ ਇਉਂ ਹੀ ਵਿਚਾਰ ਕਰਨੀ ਪਵੇਗੀ।

ਸਿਖ ਲਿਖਾਰੀਆਂ ਦਾ ਵਿਚਾਰ ਹੈ ਕਿ ਜੇਕਰ ਗੁਰੂ ਜੀ ਦਾ ਪਾਂਧੇ ਕੋਲੋਂ ਪੜ੍ਹਨਾ ਲਿਖਣਾ ਮੰਨੀਏ ਤਾਂ ਗੁਰੂ ਜੀ ਦੀ ਵਡਿਆਈ ਵਿਚ ਘਾਟਾ ਪੈਂਦਾ ਹੈ, ਇਸ ਲਈ ਉਹ ਲਿਖਦੇ ਹਨ ਕਿ ਗੋਪਾਲ ਪੰਡਿਤ ਪਾਸ ਪੜ੍ਹਨੇ ਤਾਂ ਪਾਏ ਗਏ ਸਨ ਪਰ ਉਨ੍ਹਾਂ ਉਸ ਪਾਸੋਂ ਸਿਖਿਆ ਕੁਝ ਨਹੀਂ। ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੇ ਅਸੀਂ ਛੀਵੇਂ ਅਤੇ ਦਸਵੇਂ ਪਾਤਸ਼ਾਹ ਬਾਬਤ ਮੰਨ ਲੈਂਦੇ ਹਾਂ ਕਿ ਉਨ੍ਹਾਂ ਨੇ ਮਨੁੱਖਾਂ ਪਾਸੋਂ ਸੰਸਾਰੀ ਵਿਦਿਆ ਲਈ ਤਾਂ ਸ੍ਰੀ ਗੁਰੂ ਨਾਨਕ ਦੇਵ ਬਾਬਤ ਭੀ ਮੰਨਦਿਆਂ ਗੁਰੂ ਜੀ ਦੀ ਕੋਈ ਹਿਰਤੀ ਨਹੀਂ ਹੁੰਦੀ, ਕਿ ਉਨ੍ਹਾਂ ਨੇ ਪਾਂਧੇ ਪਾਸੋਂ ਅੱਖਰ ਲਿਖਣ ਤੇ ਹਿਸਾਬ ਕਿਤਾਬ ਰਖਣਾ ਸਿਖਿਆ। ਗੱਲ ਇਹ ਹੈ ਕਿ ਗੁਰੂ ਜੀ ਰੱਬੀ ਜੋਤ ਸਨ ਪਰ ਉਨ੍ਹਾਂ ਮਨੁੱਖੀ ਜਾਮਾ ਭੀ ਧਾਰਨ ਕੀਤਾ ਹੋਇਆ ਸੀ। ਮਨੁੱਖੀ ਰੂਪ ਧਾਰਨ ਕਰਨ ਲੱਗਿਆਂ ਮਨੁੱਖੀ ਜੀਵਨ ਦੀਆਂ ਸਧਾਰਣ ਹਾਲਤਾਂ ਭੀ ਅੱਖਤਿਆਰ ਕੀਤੀਆਂ ਸਨ, ਅਰਥਾਤ ਮਨੁੱਖੀ ਬੋਲੀ ਉਨ੍ਹਾਂ ਵਰਤੀ ਜੋ ਲੋਕ ਵਰਤਦੇ ਸਨ, ਸਰੀਰਕ ਚੋਲੇ ਦੀ ਭਜਣ ਬਣਨ ਵਾਲੀ ਹਾਲਤ, ਲਿਖਣ ਪੜ੍ਹਨ ਦੀ ਅੱਖਰੀ ਸਿਖਿਆ ਉਹੀ ਵਰਤੀ ਜੋ ਹੋਰ ਵਰਤਦੇ ਸਨ। ਹਾਂ ਉਨ੍ਹਾਂ ਨੇ ਆਤਮਕ ਸਿਖਿਆ ਵਾਹਿਗੁਰੂ ਤੋਂ ਬਿਨਾਂ ਕਿਸੇ ਹੋਰ ਕੋਲੋਂ ਨਹੀਂ ਸਿਖੀ। ਇਸੇ ਵਿਚ ਉਨ੍ਹਾਂ ਦੀ ਵਡਿਆਈ ਹੈ। ਹਿੰਦੂ ਸਜਣ (ਡਾਕਟਰ ਗੋਕਲ ਚੰਦ ਨਾਰੰਗ ਆਦਿ) ਚਾਹੁੰਦੇ ਹਨ ਕਿ ਗੁਰੂ ਜੀ ਦੇ ਖ਼ਿਆਲ ਵੇਦਾਂ ਸ਼ਾਸਤ੍ਰਾਂ ਬਾਬਤ ਪ੍ਰਮਾਣੀਕ ਨਾ ਮੰਨੇ ਜਾਣ, ਇਸ ਲਈ ਉਹ ਲਿਖਦੇ ਹਨ ਕਿ ਗੁਰੂ ਜੀ ਦੀ ਇਲਮੀ ਲਿਆਕਤ ਬਹੁਤ ਨਹੀਂ ਸੀ, ਇਸ ਲਈ ਉਨ੍ਹਾਂ ਨੇ ਵੇਦਾਂ ਸ਼ਾਸਤ੍ਰਾਂ ਨੂੰ ਪੜ੍ਹ ਕੇ ਕੋਈ ਸਿੱਟੇ ਨਹੀਂ ਕੱਢੇ, ਕੇਵਲ ਸੁਣੀ ਸੁਣਾਈ ਗੱਲ ਦੇ ਅਧਾਰ ਤੇ ਜਾਂ ਹਿੰਦੂਆਂ ਦੀ ਆਮ ਵਰਤਣ ਤੋਂ ਜਾਂਚ ਕੇ ਨੁਕਤਾਚੀਨੀ ਕਰ ਦਿੱਤੀ।

ਇਨ੍ਹਾਂ ਸਜਣਾਂ ਦੀ ਇਸ ਦਲੀਲ ਤੇ ਹਾਸਾ ਆਉਂਦਾ ਹੈ। ਕਦੀ ਤਾਂ ਜਦੋਂ ਸਤਿਗੁਰੂ ਜੀ ਨੂੰ ਸੰਸਕ੍ਰਿਤ ਦੀਆਂ ਪੁਸਤਕਾਂ ਦਾ ਆਸਰਾ ਲੈਂਦਾ ਹੋਇਆ ਸਾਬਤ ਕਰਨਾ ਚਾਹੁੰਦੇ ਹਨ ਕਿ ਵੇਖੋ "ਤਿਸ ਦੇ ਚਾਨਣਿ ਸਭ ਮਹਿ ਚਾਨਣੁ ਹੋਇ" ਵਾਲੀ ਤੁਕ ਮੁੰਡਕ ਉਪਨਿਸ਼ਦ (੨੨:੧੦) ਦਾ ਉਲਥਾ ਹੈ, ਅਤੇ "ਭੈ ਵਿਚਿ ਪਵਣੁ ਵਹੈ ‘ਸਦ ਵਾਓ" ਵਾਲੀਆਂ ਤੁਕਾਂ ਤੈਤ੍ਰੰਯ ਉਪਨਿਸ਼ਦ ਵਿਚੋਂ ਲਈਆਂ ਹਨ। ਪਰ ਜਦੋਂ ਗੁਰੂ ਜੀ ਨੂੰ ਇਹ ਆਖਦਾ ਦੇਖਦੇ ਹਨ ਕਿ "ਬ੍ਰਹਮਾ ਮੂਲੁ ਵੇਦ ਅਭਿਆਸਾ, ਤਿਤੇ ਉਪਜ ਦੇਵ ਮੋਹ ਪਿਆਸਾ, ਤ੍ਰੈਗੁਣ ਭਰਮੈ ਨਾਹੀ ਨਿਜ ਘਰਿ ਵਾਸਾ" ਤਾਂ ਕਹਿ ਉਠਦੇ ਹਨ ਕਿ ਗੁਰੂ ਜੀ ਨੇ ਵੇਦ ਪੜ੍ਹ ਕੇ ਨਹੀਂ ਦੇਖੋ, ਐਵੇਂ ਸੁਣੀ ਸੁਣਾਈ ਗੱਲ ਕਰ ਛੱਡੀ।

ਫ਼ਾਰਸੀ ਕਿਤਾਬਾਂ ਵਾਲਿਆਂ ਨੇ ਗੁਰੂ ਜੀ ਦੀ ਵਿਦਵਤਾ ਨੂੰ ਮੰਨਿਆ ਹੈ। ਤਾਰੀਖ਼ ਪੰਜਾਬ, ਕ੍ਰਿਤ ਗੁਲਾਮ ਮੁਹਿਉੱਦੀਨ ਬੂਟੇ ਸ਼ਾਹ, ਨੇ ਗੁਰੂ ਜੀ ਦਾ ਹਿੰਦੀ ਤੇ ਫਾਰਸੀ ਇਲਮ ਤੋਂ ਵਾਕਫ਼ ਹੋਣਾ ਮੰਨਿਆ ਹੈ। ‘ਚਹਾਰ ਗੁਲਸ਼ਨ’ ਵਿਚ ਆਉਂਦਾ ਹੈ ਕਿ

"ਬਿਆਨੇ ਕਮਾਲਾਤਸ਼ ਅਜ਼ ਤਕਰੀਰ ਓ ਤਹਿਰੀਰ ਮੁਸਤਗਨੀ।"
(ਉਸ ਦੇ ਕਮਾਲਾਂ ਦਾ ਬਿਆਨ ਬੋਲਣ ਤੇ ਲਿਖਣ ਤੋਂ ਬਾਹਰ ਹੈ)।

ਮੁਨਸ਼ੀ ਸੋਹਣ ਲਾਲ ਦੀ ਲਿਖੀ ਹੋਈ ਕਿਤਾਬ ‘ਉਮਦਤੁਤ ਤਵਾਰੀਖ਼' ਵਿਚ ਲਿਖਿਆ ਹੈ ਕਿ

"ਅਜ਼ ਇਸ਼ਾਰਾਤ ਦਾ ਕਨਾਯਾਤ ਇਲਮੇ ਫ਼ਾਰਸੀ ਨੇਕੋ ਮਤਲਾ।"

ਉਸ ਦੇ ਇਸ਼ਾਰਿਆਂ ਅਤੇ ਹਵਾਲਿਆਂ ਤੋਂ ਪਤਾ ਲਗਦਾ ਹੈ ਕਿ ਉਸ ਨੂੰ ਫ਼ਾਰਸੀ ਦਾ ਇਲਮ ਚੰਗੀ ਤਰ੍ਹਾਂ ਆਉਂਦਾ ਸੀ।
ਮੌਲਵੀ ਗੁਲਾਮ ਅਲੀ (ਫ਼ਰੁੱਖਸੀਅਰ ਦਾ ਮੁਨਸ਼ੀ) ਲਿਖਦਾ ਹੈ, ਕਿ "ਗੁਰੂ ਜੀ ਪਾਸ ਇਲਮ ਤੇ ਹੁਨਰ ਜਿਤਨਾ ਨਬੀਆਂ ਪਾਸ ਹੁੰਦਾ ਹੈ, ਪੂਰਾ-ਪੂਰਾ ਸੀ, ਉਹਨਾਂ ਤੋਂ ਵੱਧ ਕਿਸੇ ਹੋਰ ਨੂੰ ਪ੍ਰਾਪਤ ਨਹੀਂ ਹੋਇਆ ਹੈ।"
"ਸੀਅਰੁਲ ਮੁਤਾਖ਼ਰੀਨ" ਵਾਲਾ ਲਿਖਦਾ ਹੈ ਕਿ ਗੁਰੂ ਸਾਹਿਬ ਦੇ ਗੁਆਂਢ ਵਿਚ ਮੋਲਵੀ ਸੱਯਦ ਹਸਨ ਸਾਹਿਬ ਬੜੇ ਆਲਮ ਫਾਜ਼ਲ ਰਹਿੰਦੇ ਸਨ, ਅਤੇ ਗੁਰੂ ਜੀ ਨੂੰ ਬਹੁਤ ਪਿਆਰ ਕਰਦੇ ਸਨ। ਉਨ੍ਹਾਂ ਪਾਸੋਂ ਗੁਰੂ ਜੀ ਨੇ ਫ਼ਾਰਸੀ ਸਿੱਖੀ।
ਮੈਕਾਲਿਫ਼ ਸਾਹਿਬ ਵੀ ਮੰਨਦਾ ਹੈ ਕਿ ਗੁਰੂ ਜੀ ਨੇ ਫ਼ਾਰਸੀ ਪੜ੍ਹੀ। ਯੋਗ ਸਾਹਿਬ "ਇਨਸਾਈਕਲੋਪੀਡੀਆ ਆਫ਼ ਐਥਿਕਸ" ਵਿਚ ਲਿਖਦੇ ਹਨ ਕਿ ਗੁਰੂ ਸਾਹਿਬ ਨੇ ਨੌਂ ਵਰੇ ਦੀ ਉਮਰ ਵਿਚ ਫਾਰਸੀ ਪੜ੍ਹੀ। ਵਲਾਇਤ ਵਾਲੀ ਜਨਮ-ਸਾਖੀ ਵਿਚ ਭੀ ਆਉਂਦਾ ਹੈ ਕਿ ਗੁਰੂ ਜੀ ਨੇ ਤੋਰਕੀ ਪੜ੍ਹੀ, ਜਿਸ ਤੋਂ ਭਾਵ ਫ਼ਾਰਸੀ ਹੀ ਹੈ। ਕਨਿੰਘਮ ਆਪਣੀ "ਹਿਸਟਰੀ ਆਫ਼ ਦੀ ਸਿਖਸ" ਵਿਚ ਲਿਖਦਾ ਹੈ ਕਿ "ਸਾਡੇ ਪਾਸ ਇਹ ਯਕੀਨ ਕਰਨ ਲਈ ਕਾਫ਼ੀ ਦਲੀਲਾਂ ਮੌਜੂਦ ਹਨ ਕਿ ਗੁਰੂ ਨਾਨਕ ਸਾਹਿਬ ਨੇ ਹਿੰਦੂਆਂ ਤੇ ਮੁਸਲਮਾਨਾਂ ਦੇ ਧਰਮਾਂ ਦੀ ਵਾਕਫ਼ੀ ਕਰ ਲਈ ਸੀ ਅਤੇ ਉਨ੍ਹਾਂ ਨੂੰ ਕੁਰਾਨ ਤੇ ਹਿੰਦੂ ਸ਼ਾਸਤਰਾਂ ਦੀ ਭੀ ਆਮ ਵਾਕਫ਼ੀ ਸੀ।"
"ਪੰਥ ਪ੍ਰਕਾਸ਼’’ ਵਾਲਾ ਲਿਖਦਾ ਹੈ ਕਿ ਗੁਰੂ ਜੀ ਨੇ ਸੱਤ ਵਰ੍ਹੇ ਦੀ ਉਮਰ ਵਿਚ ਹਿੰਦੀ ਵਿਚ ਹਿਸਾਬ ਕਿਤਾਬ ਲਿਖਣਾ ਸ਼ੁਰੂ ਕੀਤਾ ਅਤੇ ਨੌਂ ਵਰ੍ਹੇ ਦੀ ਉਮਰ ਵਿਚ ਸੰਸਕ੍ਰਿਤ ਪੜ੍ਹਨੀ ਅਰੰਭੀ।
ਉਨੀ ਦਿਨੀਂ ਪੰਜਾਬ ਵਿਚ ਜੋ ਵਿਦਿਆ ਦਾ ਪ੍ਰਬੰਧ ਸੀ, ਉਹ ਗੁਰੂ ਜੀ ਨੇ ਚੰਗੀ ਤਰ੍ਹਾਂ ਵਰਤਿਆ। ਪਿੰਡਾਂ ਵਿਚ ਹਿੰਦੀ ਟਾਕਰੇ ਪੜ੍ਹਾਣ ਲਈ ਪਾਂਧੇ ਹੁੰਦੇ ਸਨ ਅਤੇ ਫ਼ਾਰਸੀ ਪੜਾਣ ਲਈ ਮੌਲਵੀ। ਇਨ੍ਹਾਂ ਤੋਂ ਵਧ ਕੇ ਜੋ ਕੋਈ ਦੀਨੀ ਇਲਮ ਪੜ੍ਹਨਾ ਚਾਹੇ ਤਾਂ ਲਾਹੌਰ, ਕਸੂਰ, ਪਾਕਪਟਨ ਆਦਿ ਥਾਵਾਂ ਤੇ ਪੀਰਾਂ ਫ਼ਕੀਰਾਂ ਦੇ ਵੱਡੇ-ਵੱਡੇ ਅੱਡੇ ਹੁੰਦੇ ਸਨ ਜਿਨ੍ਹਾਂ ਵਿਚ ਮੁਸਲਮਾਨੀ ਇਲਮ ਉੱਚ ਦਰਜੇ ਦਾ ਪੜ੍ਹਾਇਆ ਜਾਂਦਾ ਸੀ। ਜੇ ਹਿੰਦੂ ਧਰਮ ਦੀ ਉੱਚੀ ਤਾਲੀਮ ਲੈਣੀ ਹੋਵੇ ਤਾਂ ਕਾਸ਼ੀ ਜਾਣਾ ਪੈਂਦਾ ਸੀ। ਗੁਰੂ ਜੀ ਨੇ ਆਪਣੇ ਪਿੰਡ ਦੇ ਪਾਂਧੇ ਪਾਸੋ' ਹਿੰਦੀ ਅੱਖਰ ਤੇ ਟਾਕਰਿਆਂ ਵਿਚ ਹਿਸਾਬ ਕਿਤਾਬ ਸਿਖਿਆ। ਵਿਚਾਰੇ ਪਾਂਧੇ ਪਾਸ ਜਿਹੜਾ ਉਂਝ ਥੋੜਾ ਜਿਹਾ ਤੋਸ਼ਾ ਸੀ, ਉਹ ਗੁਰੂ ਜੀ ਥੋੜ੍ਹੇ ਜਿਹੇ ਦਿਨਾਂ ਵਿਚ ਹੀ ਮੁਕਾ ਬੈਠੇ ਅਤੇ ਅੱਗੋਂ ਉਸ ਨੂੰ ਪੜ੍ਹਾਣਾ ਆਵੇ ਨਾ, ਇਸ ਲਈ ਗੁਰੂ ਜੀ ਉਸ ਤੋਂ ਉਠ ਕੇ ਫ਼ਾਰਸੀ ਵਾਲੇ ਪਾਸ ਗਏ ਅਤੇ ਉਸ ਪਾਸੋਂ ਫ਼ਾਰਸੀ ਲਿਖਣੀ ਪੜ੍ਹਨੀ ਸਿਖੀ ਅਤੇ ਮੁਸਲਮਾਨੀ ਮਤਿ ਦੀਆਂ ਕਿਤਾਬਾਂ ਦਾ ਮੁਤਾਲਿਆ ਕੀਤਾ। ਕੁਝ ਚਿਰ ਮਗਰੋਂ ਸੰਸਕ੍ਰਿਤ ਪੜ੍ਹਨੀ ਭੀ ਸਿਖੀ। ਮੈਕਾਲਿਫ਼ ਲਿਖਦਾ ਹੈ ਕਿ ਪਿੰਡ ਤੋਂ ਬਾਹਰ ਜੰਗਲ ਹੀ ਜੰਗਲ ਸੀ, ਜਿਸ ਵਿਚ ਕਈ ਪੜ੍ਹੇ ਹੋਏ ਸੰਤ ਮਹਾਤਮਾ ਰਹਿੰਦੇ ਸਨ। ਉਨ੍ਹਾਂ ਦੇ ਪਾਸ ਅਕਸਰ ਗੁਰੂ ਜੀ ਆਂਦੇ ਜਾਂਦੇ ਸਨ। ਹਿੰਦੂ ਮਤ ਦੇ ਗ੍ਰੰਥਾਂ ਦਾ ਮੁਤਾਲਿਆ ਇਹਨੀਂ ਦਿਨੀਂ ਕੀਤਾ ਹੋਣਾ ਹੈ। ਇਹ ਮੁਤਾਲੇ ਦਾ ਕੰਮ ਬਹੁਤਾ ਸਾਰਾ ਗੁਰੂ ਜੀ ਨੇ ਆਪ ਕੀਤਾ।

ਜਦ ਸੁਲਤਾਨਪੁਰ ਦੇ ਨਵਾਬ ਪਾਸ ਭਾਈਏ ਜੈਰਾਮ ਹੋਰਾਂ ਨੇ ਗੁਰੂ ਜੀ ਲਈ ਨੌਕਰੀ ਦੀ ਸਿਫਾਰਸ਼ ਕੀਤੀ ਤਾਂ ਨਾਲ ਇਹ ਕਿਹਾ ਸੀ ਕਿ ਨਾਨਕ ਚੰਗਾ ਪੜ੍ਹਿਆ ਲਿਖਿਆ ਆਦਮੀ ਹੈ ਅਤੇ ਕੰਮ ਭੀ ਉਹ ਸੌਂਪਿਆ ਗਿਆ, ਜਿਸ ਵਿਚ ਲਿਖਤ ਪੜਤ ਅਤੇ ਲੇਖਾ ਕਰਨ ਦੀ ਲੋੜ ਪੈਂਦੀ ਸੀ। ਇਸ ਤੋਂ ਸਾਬਤ ਹੋਇਆ ਕਿ ਗੁਰੂ ਜੀ ਪੜ੍ਹੇ ਲਿਖੇ ਸਨ।

ਜਦ ਸੁਲਤਾਨਪੁਰ ਛੱਡ ਕੇ ਗੁਰੂ ਜੀ ਨੇ ਦੇਸ਼ ਦਾ ਰਟਨ ਕਰਨਾ ਅਰੰਭਿਆ, ਤਾਂ ਗੁਰੂ ਜੀ ਖ਼ਾਸ ਕਰਕੇ ਉਨ੍ਹਾਂ ਥਾਵਾਂ ਤੇ ਗਏ, ਜਿਥੇ ਹਿੰਦੂਆਂ ਤੇ ਮੁਸਲਮਾਨਾਂ ਦੇ ਚੋਟੀ ਦੇ ਵਿਦਵਾਨਾਂ ਦੇ ਅੱਡੇ ਸਨ। ਉਨ੍ਹਾਂ ਨਾਲ ਚਰਚਾ ਕਰਨ ਲਈ ਉਨ੍ਹਾਂ ਦੀਆਂ ਪੁਸਤਕਾਂ ਤੇ ਧਾਰਮਕ ਅਸੂਲਾਂ ਦੀ ਡੂੰਘੀ ਵਾਕਫੀ ਦੀ ਲੋੜ ਸੀ। ਡਾਕਟਰ ਗੋਕਲ ਚੰਦ ਜੀ ਨਾਰੰਗ ਮੰਨਦੇ ਹਨ ਕਿ

"The Nawab of Sultanpur, the Qazis of Mecca, the Pandits of Hardwara, and the Pandits of Kurukshetra every one bowed before his manly courage and fearless logic of facts." (Transformation of Sikhism, P. 10)

(ਨਵਾਬ ਸੁਲਤਾਨਪੁਰ, ਮੱਕੇ ਦੇ ਕਾਜ਼ੀ, ਹਰਦਵਾਰ ਦੇ ਪੰਡਤ ਅਤੇ ਕੁਰਖੇਤਰ ਦੇ ਪਾਂਡੇ ਸਭ ਲੋਕ ਗੁਰੂ ਜੀ ਦੀ ਦਲੇਰੀ ਅਤੇ ਵਾਕਿਆਤ ਦੇ ਨਿਰਭੈ ਗਿਆਨ ਤੇ ਦਲੀਲ ਵੇਖ ਕੇ ਉਨ੍ਹਾਂ ਅੱਗੇ ਸਿਰ ਨਿਵਾਉਂਦੇ ਸਨ।)

ਪੰਡਤਾਂ ਤੇ ਮੌਲਵਆਂ ਉਤੇ ਦਿਗ-ਬਿਜੈ ਤਦ ਹੀ ਕਰ ਸਕਦੇ ਸਨ ਜੇਕਰ ਉਹ ਆਪ ਉਨ੍ਹਾਂ ਪਾਸੋਂ ਵਧੇਰੇ ਵਿਦਵਾਨ ਹੋਣ ਅਤੇ ਨਿਰੀਆਂ ਸੁਣੀਆਂ ਸੁਣਾਈਆਂ ਗੱਲਾਂ ਦਾ ਆਸਰਾ ਲੈਣ ਦੀ ਥਾਂ ਖੋਜ ਭਰੀਆਂ ਗੱਲਾਂ ਕਰ ਸੱਕਣ।

ਗੁਰੂ ਜੀ ਦੀ ਆਪਣੀ ਬਾਣੀ ਦੀ ਰਚਨਾ ਤੇ ਖਿਆਲਾਂ ਉਤੇ ਵਿਚਾਰ ਕਰਕੇ ਵੇਖੀਏ ਤਾਂ ਭੀ ਮੰਨਣਾ ਪਏਗਾ ਕਿ ਗੁਰੂ ਜੀ ਦੀ ਵਿਦਵਤਾ ਬਹੁ ਉੱਚ ਅਤੇ ਬਾਕਾਇਦਾ ਸੀ। ਇਕ ਜਪੁਜੀ ਤੇ ਆਸਾ ਦੀ ਵਾਰ ਦੀਆਂ ਪਉੜੀਆਂ ਦੀ ਸਿਲਸਿਲੇਵਾਰ ਰਚਨਾ ਅਤੇ ਉਨ੍ਹਾਂ ਵਿਚ ਦੇ ਖ਼ਿਆਲ ਦੀ ਲੜੀ ਨੂੰ ਹੀ ਲੈ ਕੇ ਦੇਖੋ, ਤਾਂ ਗੁਰੂ ਜੀ ਦੀ ਵਿਦਵਤਾ ਦਾ ਸਿੱਕਾ ਮੰਨਣਾ ਪਏਗਾ। "ਮਨਿ ਜੀਤੈ ਜਗੁ ਜੀਤੁ" "ਸਚੁ ਪੁਰਾਣਾ ਹੋਵੇ ਨਾਹੀਂ", "ਸਤੁ ਸੁਹਾਣੁ ਸਦਾ ਮਨਿ ਚਾਉ", "ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆਂ ਤਤੁ", ਆਦਿ ਤੁਕਾਂ ਦੀ ਬਨਾਵਟ ਤੇ ਖ਼ਿਆਲ ਹੀ ਦੱਸਦੇ ਹਨ ਕਿ ਕਿਸੇ ਆਲਮ ਤੇ ਸਾਹਿੱਤ ਦੇ ਜਾਣੂ ਦੇ ਲਿਖੇ ਹੋਏ ਹਨ।

"ਨਾਨਕ ਮੇਰ ਸਰੀਰ ਕਾ, ਇਕ ਰਥੁ ਇਕੁ ਰਥਵਾਹੁ! ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ" (ਆਸਾ ਦੀ ਵਾਰ)। ਇਨ੍ਹਾਂ ਤੁਕਾਂ ਵਿਚ ਜੋ ਰਥ ਦਾ ਜ਼ਿਕਰ ਆਇਆ ਹੈ, ਉਸ ਨੂੰ ਪੁਰਾਣੀਆਂ ਪੁਸਤਕਾਂ ਦੇ ਪੜ੍ਹੇ ਹੋਏ ਗਿਆਨੀ ਹੀ ਸਮਝ ਸਕਦੇ ਹਨ। ਮਸਲਨ, "ਮਲਿੰਦਾ ਪਨਹਾ" ਵਿਚ ਤੇ "ਕਾਠੋਪਨਿਸ਼ਦ" ਵਿਚ ਸਰੀਰ ਨੂੰ ਰਥ ਨਾਲ ਤਸ਼ਬੀਹ ਦਿੱਤੀ ਹੈ। ਰਥ ਤੇ ਰਥਵਾਨ ਦਾ ਜੁਗ ਜੁਗ ਅਨੁਸਾਰ ਵਟਾਣ ਵਾਲਾ ਖ਼ਿਆਲ ਭੀ ਵਿਦਵਾਨ ਲੋਕ ਹੀ ਸਮਝਾ ਸਕਦੇ ਹਨ।

ਇਹੋ ਜਿਹੇ ਸੈਂਕੜੇ ਸ਼ਬਦ ਹਨ, ਜਿਨ੍ਹਾਂ ਤੋਂ ਮਾਲੂਮ ਹੁੰਦਾ ਹੈ ਕਿ ਗੁਰੂ ਜੀ ਨੂੰ ਹਿੰਦੂ ਮੱਤ ਦੀਆਂ ਪੁਸਤਕਾਂ ਦੀ ਪੂਰੀ-ਪੂਰੀ ਵਾਕਫ਼ੀ ਸੀ।

"ਸਿਧ ਗੋਸਟਿ" ਆਦਿ ਬਾਣੀਆਂ, ਜੋ ਜੋਗੀਆਂ ਪ੍ਰਤੀ ਉਚਾਰਣ ਹੋਈਆਂ, ਇਤਨੇ ਗੂੜ੍ਹ ਭਾਵਾਂ ਵਾਲੀਆਂ ਹਨ ਅਤੇ ਉਨ੍ਹਾਂ ਵਿਚ ਕਿਤਾਬੀ ਖਿਆਲਾਂ ਵੱਲ ਇਤਨੇ ਇਸ਼ਾਰੇ ਹਨ ਕਿ ਵਿਦਵਾਨ ਪੁਰਸ਼ ਤੋਂ ਬਿਨਾਂ ਉਨ੍ਹਾਂ ਨੂੰ ਕੋਈ ਸਮਝ ਨਹੀਂ ਸਕਦਾ।

ਇਸੇ ਤਰ੍ਹਾਂ ਗੁਰੂ ਜੀ ਦੀ ਬਾਣੀ ਵਿਚ ਮੁਸਲਮਾਨਾਂ ਦੀਆਂ ਪੁਸਤਕਾਂ ਵਿਚ ਦਿੱਤੀਆਂ ਗੱਲਾਂ ਅਤੇ ਉਹਨਾਂ ਦੇ ਧਾਰਮਿਕ ਅਸੂਲਾਂ ਵੱਲ ਇਸ਼ਾਰੇ ਹਨ ਜਿਨ੍ਹਾਂ ਨੂੰ ਵਿਚਾਰ ਕੇ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਜੀ ਨੂੰ ਉਨ੍ਹਾਂ ਦੇ ਘਰ ਦੀ ਭੀ ਪੂਰੀ-ਪੂਰੀ ਵਾਕਫੀ ਸੀ।
ਕਈ ਸਜਣਾਂ ਨੇ ਆਸਾ ਤੇ ਤਿਲੰਗ ਰਾਗ ਵਾਲੇ ਫਾਰਸੀ-ਨੁਮਾ ਸ਼ਬਦਾਂ ਨੂੰ ਲੈ ਕੇ ਉਟੰਕਨ ਕੀਤੀ ਹੈ ਕਿ ਗੁਰੂ ਜੀ ਦੀ ਫਾਰਸੀ ਕੂਣ-ਕਸਰ ਵਾਲੀ ਸੀ।

‘ਬਦਬਖ਼ਤ ਹਮ ਚੁ ਬਖ਼ੀ ਲਗਾਫ਼ਲ ਬੇ ਨਜ਼ਰ ਬੇਬਾਕ।
ਨਾਨਕ ਬੁਗੋਯਦ ਜਨ ਤੁਰਾ ਤੇਰੇ ਚਾਕਰਾ ਪੈ ਖ਼ਾਕ।"
ਕਹਿਦੇ ਹਨ ਕਿ ਇਹ ਫਾਰਸੀ ਠੀਕ ਨਹੀਂ। ਹਾਂ ਜੇ ਇਸ ਨੂੰ ਫ਼ਾਰਸੀ ਕਰਕੇ ਲਈਏ ਤਾਂ ਤੇ ਮੁਹਾਵਰਾ ਰਲਾ ਮਿਲਾ ਹੋਣ ਕਰਕੇ ਠੀਕ ਨਹੀਂ। ਪਰ ਅਸਲ ਵਿਚ ਇਹ ਸ਼ਬਦ ਫ਼ਾਰਸੀ ਵਿਚ ਨਹੀਂ। ਇਹ ਤਾਂ ਉਸ ਮਿਲਵੀਂ ਜਿਹੀ ਬੋਲੀ ਵਿਚ ਹਨ ਜੋ ਗੁਰੂ ਜੀ ਦੇ ਵੇਲੇ ਹਿੰਦੁਸਤਾਨੀ ਮੁਸਲਮਾਨਾਂ ਦੀ ਪ੍ਰਚਲਤ ਬੋਲੀ (ਵਰਨੈਕੁਲਰ) ਬਣ ਰਹੀ ਸੀ। ਉਰਦੂ ਅਜੇ ਬਣਿਆ ਨਹੀਂ ਸੀ। ਇਸ ਲਈ ਫਾਰਸੀ ਜਾਨਣ ਵਾਲੇ ਮੁਸਲਮਾਨ ਲੋਕ ਕੁਝ ਹਿੰਦੀ ਦੇ ਲਫ਼ਜ ਰਲਾ ਕੇ ਇਕ ਖਿਚੜੀ ਜਿਹੀ ਬਣਾ ਲੈਂਦੇ ਸਨ ਜਿਸ ਨੂੰ ‘ਰੇਖ਼ਤਾ' ਕਹਿੰਦੇ ਸਨ। ਇਹੋ ਬੋਲੀ ਹੁੰਦੇ-ਹੁੰਦੇ ਜਹਾਂਗੀਰ, ਸ਼ਾਹ ਜਹਾਨ ਦੇ ਵੇਲੇ ਉਰਦੂ ਦਾ ਬਣੀ। ਇਸ ਰਲ-ਗਡ ਜੇਹੀ ਬੋਲੀ ਦੇ ਨਮੂਨੇ ਕਵੀ ਚਾਂਦ ਦੇ "ਪ੍ਰਿਥੀ ਰਾਜ ਰਾਸੋ" ਵਿਚ ਤੇ ਉਸ ਵੇਲੇ ਦੀਆਂ ਹੋਰਨਾਂ ਪੁਸਤਕਾਂ ਵਿਚ ਭੀ ਮਿਲਦੇ ਹਨ। ਸੋ ਇਨ੍ਹਾਂ ਸ਼ਬਦਾਂ ਨੂੰ ਗੁਰੂ ਸਾਹਿਬ ਦੀ ਫ਼ਾਰਸੀ ਦਾ ਨਮੂਨਾ ਨਹੀਂ ਸਮਝਣਾ ਚਾਹੀਦਾ, ਸਗੋਂ ਉਸ ਵਕਤ ਬਣ ਰਹੀ ਇਕ ਨਵੀਂ ਬੋਲੀ ਦਾ ਨਮੂਨਾ ਸਮਝਣਾ ਚਾਹੀਦਾ ਹੈ। ਗੁਰੂ ਜੀ ਨੇ ਜਿਥੇ ਹਿੰਦੂਆਂ ਮੁਸਲਮਾਨਾਂ ਦੇ ਰਾਗਾਂ ਨੂੰ ਮਿਲਾਇਆ ਹੈ (ਮਸਲਨ ਤਿਲੰਗ ਤੇ ਆਸਾ), ਉਥੇ ਉਨ੍ਹਾਂ ਦੋਹਾਂ ਕੌਮਾਂ ਦੀਆਂ ਬੋਲੀਆਂ ਨੂੰ ਭੀ ਮਿਲਾ ਕੇ ਵਰਤਿਆ ਹੈ।

ਗੁਰਮੁਖੀ ਵਰਣਮਾਲਾ ਭੀ ਗੁਰੂ ਨਾਨਕ ਜੀ ਨੇ ਬਣਾਈ, ਭਾਵੇਂ ਇਸ ਦੀ ਬਾਹਲੀ ਵਰਤੋਂ ਗੁਰਬਾਣੀ ਲਿਖਣ ਵਿਚ ਗੁਰੂ ਅੰਗਦ ਜੀ ਨੇ ਕੀਤੀ! ਦੇਖੋ ਪੱਟੀ ਆਸਾ। ਇਸ ਵਿਚ ਗੁਰਮੁਖੀ ਦੇ ੩੫ ਅੱਖਰ ਲਏ ਹਨ ਅਤੇ ਇਸ ਵਿਚ ਗੁਰਮੁਖੀ ਦਾ ਖਾਸ ਅੱਖਰ 'ੜ’ ਭੀ ਆਉਂਦਾ ਹੈ, ਇਸ ਤੋਂ ਮਲੂਮ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਗੁਰਮੁਖੀ ਪੈਂਤੀ ਦਾ ਪਤਾ ਸੀ।

  • ਮੁੱਖ ਪੰਨਾ : ਪ੍ਰਿੰਸੀਪਲ ਤੇਜਾ ਸਿੰਘ : ਪੰਜਾਬੀ ਲੇਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ