Ki Ih Supna Si (French Story in Punjabi) : Guy De Maupassant

ਕੀ ਇਹ ਸੁਪਨਾ ਸੀ (ਫਰਾਂਸੀਸੀ ਕਹਾਣੀ) : ਗਾਇ ਦਿ ਮੋਪਾਸਾਂ

ਮੈਂ ਉਸਨੂੰ ਦੀਵਾਨਾਵਾਰ ਚਾਹਿਆ ਸੀ । ਕੋਈ ਕਿਸੇ ਨੂੰ ਕਿਉਂ ਚਾਹੁੰਦਾ ਹੈ ? ਕਿਉਂ ਚਾਹੁੰਦਾ ਹੈ ਕੋਈ ਕਿਸੇ ਨੂੰ ? ਕਿੰਨਾ ਅਜੀਬ ਹੁੰਦਾ ਹੈ, ਸਿਰਫ਼ ਇੱਕ ਹੀ ਨੂੰ ਵੇਖਣਾ, ਪਲ – ਪਲ ਉਸੇ ਦੇ ਬਾਰੇ ਸੋਚਣਾ, ਦਿਲ ਵਿੱਚ ਬਸ ਇੱਕ ਹੀ ਖ਼ਵਾਹਿਸ਼, ਬੁੱਲਾਂ ਪੇ ਬਸ ਇੱਕ ਹੀ ਨਾਮ – ਇੱਕ ਹੀ ਨਾਮ, ਜੋ ਚੜ੍ਹਿਆ ਆਉਂਦਾ ਹੈ, ਝਰਨੇ ਦੇ ਪਾਣੀ – ਵਰਗਾ, ਆਤਮਾ ਦੀਆਂ ਗਹਿਰਾਈਆਂ ਤੋਂ ਬੁੱਲਾਂ ਤੱਕ, ਇੱਕ ਹੀ ਨਾਮ ਜੋ ਤੁਸੀ ਦੋਹਰਾਂਉਂਦੇ ਹੋ ਵਾਰ – ਵਾਰ, ਇੱਕ ਨਾਮ ਜੋ ਤੁਸੀ ਲਗਾਤਾਰ ਬੜਬੜਾਉਂਦੇ ਹੋ ਕਿਤੇ ਵੀ ਅਰਦਾਸ ਦੀ ਤਰ੍ਹਾਂ ।
ਆਪਣੀ ਕਹਾਣੀ ਮੈਂ ਤੁਹਾਨੂੰ ਸੁਨਾਣ ਜਾ ਰਿਹਾ ਹਾਂ ਕਿਉਂ ਕਿ ਪ੍ਰੇਮ ਦੀ ਬਸ ਇੱਕ ਹੀ ਹੁੰਦੀ ਹੈ ਕਹਾਣੀ, ਜੋ ਹਮੇਸ਼ਾ ਇੱਕ ਹੀ ਤਰ੍ਹਾਂ ਦੀ ਹੁੰਦੀ ਹੈ । ਮੈਂ ਉਸਨੂੰ ਮਿਲਿਆ ; ਮੈਂ ਉਸਨੂੰ ਚਾਹਿਆ ; ਬਸ ! ਅਤੇ ਪੂਰਾ ਇੱਕ ਸਾਲ ਮੈਂ ਉਸਦੀ ਨਜ਼ਾਕਤ ਉਸਦੀਆਂ ਪ੍ਰੇਮ – ਛੋਹਾਂ, ਉਸਦੀਆਂ ਬਾਹਾਂ ਵਿੱਚ, ਉਸਦੀਆਂ ਪੁਸ਼ਾਕਾਂ ਵਿੱਚ, ਉਸਦੇ ਸ਼ਬਦਾਂ ਤੇ ਜਿੰਦਾ ਰਿਹਾ ਹਾਂ, ਉਸ ਤੋਂ ਮਿਲਣ ਵਾਲੀ ਹਰ ਚੀਜ਼ ਵਿੱਚ ਇੰਨੀ ਚੰਗੀ ਤਰ੍ਹਾਂ ਢਕਿਆ – ਲਿਪਟਿਆ, ਬੰਨਿਆ ਹੋਇਆ ਕਿ ਮੈਨੂੰ ਰਾਤ ਦਿਨ – ਦੀ ਪਰਵਾਹ ਹੀ ਨਹੀਂ ਕਿ ਮੈਂ ਜਿੰਦਾ ਹਾਂ, ਜਾਂ ਮਰ ਗਿਆ ਹਾਂ ।
ਅਤੇ ਫਿਰ ਉਹ ਮਰ ਗਈ, ਕਿਵੇਂ ? ਮੈਂ ਨਹੀਂ ਜਾਣਦਾ ; ਹੁਣ ਮੈਨੂੰ ਕੁੱਝ ਵੀ ਯਾਦ ਨਹੀਂ ਹੈ । ਲੇਕਿਨ ਇੱਕ ਸ਼ਾਮ ਨੂੰ ਭਿੱਜ ਕੇ ਪਰਤੀ ਸੀ, ਮੀਂਹ ਤੇਜ਼ ਸੀ । ਅਗਲੇ ਦਿਨ ਉਸਨੂੰ ਖੰਘ ਹੋਈ, ਲੱਗਭੱਗ ਇੱਕ ਹਫ਼ਤਾ ਉਹ ਖੰਘਦੀ ਰਹੀ ਅਤੇ ਉਸਨੇ ਬਿਸਤਰਾ ਫੜ ਲਿਆ । ਫਿਰ ਕੀ ਹੋਇਆ, ਮੈਨੂੰ ਕੁੱਝ ਯਾਦ ਨਹੀਂ ਹੈ, ਡਾਕਟਰ ਆਏ, ਦਵਾਈਆਂ ਲਿਖੀਆਂ ਅਤੇ ਚਲੇ ਗਏ । ਦਵਾਈਆਂ ਲਿਆਦੀਆਂ ਗਈਆਂ, ਕੁੱਝ ਔਰਤਾਂ ਦੁਆਰਾ ਉਸਨੂੰ ਪਿਲਾਈਆਂ ਗਈਆਂ । ਉਸਦੇ ਹੱਥ ਗਰਮ ਸਨ । ਉਸਦਾ ਮੱਥਾ ਤਪਿਆ ਹੋਇਆ ਸੀ, ਅੱਖਾਂ ਚਮਕੀਲੀਆਂ ਅਤੇ ਉਦਾਸ ਸਨ । ਮੈਂ ਉਸ ਨਾਲ ਗੱਲ ਕੀਤੀ, ਉਸਨੇ ਜਵਾਬ ਦਿੱਤਾ, ਲੇਕਿਨ ਮੈਂ ਭੁੱਲ ਗਿਆ ਹਾਂ ਕਿ ਉਸਨੇ ਕਿਹਾ ਕੀ ਸੀ । ਮੈਨੂੰ ਤਾਂ ਬਸ ਉਸਦਾ ਉਹ ਹਲਕਾ – ਜਿਹਾ ਕਮਜ਼ੋਰ – ਜਿਹਾ ਠੰਡਾ ਸਾਹ ਲੈਣਾ ਯਾਦ ਹੈ । ਬਸ ਉਸਨੇ ਕਿਹਾ ‘ਆਹ !’ ਅਤੇ ਮੈਂ ਸਭ ਸਮਝ ਗਿਆ ।
ਇਸਦੇ ਇਲਾਵਾ ਮੈਂ ਕੁੱਝ ਨਹੀਂ ਜਾਣਦਾ, ਕੁੱਝ ਵੀ ਨਹੀਂ । ਮੈਂ ਇੱਕ ਪਾਦਰੀ ਨੂੰ ਮਿਲਿਆ, ਉਸਨੇ ਕਿਹਾ, ‘ਤੁਹਾਡੀ ਪ੍ਰੇਮਿਕਾ ? ’ ਮੈਨੂੰ ਲਗਾ ਪਾਦਰੀ ਉਸਦੀ ਬੇਇੱਜ਼ਤੀ ਕਰ ਰਿਹਾ ਸੀ, ਉਹ ਮਰ ਚੁੱਕੀ ਸੀ, ਅਤੇ ਉਸਦੇ ਬਾਰੇ ਅਜਿਹਾ ਕਹਿਣ ਦਾ ਅਧਿਕਾਰ ਕਿਸੇ ਨੂੰ ਨਹੀਂ ਰਹਿ ਗਿਆ ਸੀ । ਮੈਂ ਉਸ ਪਾਦਰੀ ਨੂੰ ਕੱਢ ਦਿੱਤਾ ।ਫਿਰ ਇੱਕ ਹੋਰ ਆਇਆ ਦਿਆਲੂ ਅਤੇ ਕੋਮਲ ਹਿਰਦੇ ਵਾਲਾ ਸੀ । ਜਦੋਂ ਉਸ ਪਾਦਰੀ ਨੇ ਮੇਰੇ ਨਾਲ ਉਸਦੇ ਬਾਰੇ ਗੱਲ ਕੀਤੀ ਤਾਂ ਮੈਂ ਅੱਥਰੂ ਬਹਾਏ । ਲੋਕਾਂ ਨੇ ਉਸਨੂੰ ਦਫ਼ਨਾਉਣ ਦੇ ਬਾਰੇ ਵਿੱਚ ਮੈਨੂੰ ਪੁੱਛਿਆ । ਉਨ੍ਹਾਂ ਨੇ ਕੀ ਕਿਹਾ, ਮੈਨੂੰ ਕੁੱਝ ਵੀ ਯਾਦ ਨਹੀਂ । ਮੈਨੂੰ ਤਾਂ ਬਸ ਉਹ ਤਾਬੂਤ ਯਾਦ ਹੈ । ਹਥੌੜੇ ਦਾ ਉਹ ਨਾਦ ਯਾਦ ਹੈ ਜਦੋਂ ਉਨ੍ਹਾਂ ਨੇ ਉਸਨੂੰ ਤਾਬੂਤ ਵਿੱਚ ਬੰਦ ਕਰਕੇ ਤਾਬੂਤ ਤੇ ਕਿਲ ਠੋਕੇ ਸਨ । ਹਾਇਓ ! ਰੱਬਾ !
ਉਸਨੂੰ ਦਫ਼ਨ ਕਰ ਦਿੱਤਾ ਗਿਆ । ਦਫ਼ਨਾ ਦਿੱਤਾ ਗਿਆ ਉਸਨੂੰ ! ਉਸ ਖੱਡੇ ਵਿੱਚ ! ਕੁੱਝ ਲੋਕ ਆਏ, ਕੁੱਝ ਮਿੱਤਰ ਔਰਤਾਂ, ਮੈਂ ਉਨ੍ਹਾਂ ਤੋਂ ਬਚਣ ਲਈ ਭੱਜਿਆ, ਭੱਜਿਆ ਅਤੇ ਗਲੀਆਂ ਵਿੱਚ ਪੈਦਲ ਚੱਲਿਆ, ਘਰ ਗਿਆ ਅਤੇ ਅਗਲੇ ਦਿਨ ਸਫ਼ਰ ਤੇ ਨਿਕਲ ਗਿਆ ।
ਅਜੇ ਕੱਲ ਹੀ ਮੈਂ ਪੈਰਿਸ ਪਰਤਿਆ ਹਾਂ । ਅਤੇ ਜਦੋਂ ਮੈਂ ਆਪਣਾ ਕਮਰਾ – ਸਾਡਾ ਕਮਰਾ, ਸਾਡਾ ਬਿਸਤਰਾ, ਸਾਡਾ ਫ਼ਰਨੀਚਰ ਅਤੇ ਮੌਤ ਦੇ ਬਾਅਦ ਜੋ ਕੁੱਝ ਵੀ ਬਾਕੀ ਰਹਿ ਜਾਂਦਾ ਹੈ – ਫਿਰ ਵੇਖਿਆ ਤਾਂ ਦੁੱਖ ਦੇ ਇੱਕ ਜ਼ੋਰਦਾਰ ਝਟਕੇ ਨੇ ਮੈਨੂੰ ਇਵੇਂ ਜਕੜ ਲਿਆ ਕਿ ਮੈਂ ਖਿੜਕੀ ਦੇ ਰਸਤੇ ਖ਼ੁਦ ਨੂੰ ਗਲੀ ਵਿੱਚ ਸੁੱਟ ਦੇਣਾ ਚਾਹਿਆ । ਮੈਂ ਇਹਨਾਂ ਚੀਜ਼ਾਂ ਵਿੱਚ, ਉਸਨੂੰ ਆਪਣੇ ਅੰਦਰ ਰੱਖਣ ਅਤੇ ਸ਼ਰਣ ਦੇਣ ਵਾਲੀਆਂ ਦੀਵਾਰਾਂ ਵਿੱਚ, ਜਿਨ੍ਹਾਂ ਦੀਆਂ ਅਤਿਅੰਤ ਸੂਖਮ ਦਰਾਰਾਂ ਵਿੱਚ ਉਸਦੀ ਤਵਚਾ ਅਤੇ ਸਾਹਾਂ ਦੇ ਅਣਗਿਣਤ ਪਰਮਾਣੂ ਮੌਜੂਦ ਸਨ, ਹੋਰ ਜਿਆਦਾ ਨਹੀਂ ਰੁਕ ਸਕਿਆ । ਇਸ ਸਭ ਤੋਂ ਬਚਣ ਲਈ ਮੈਂ ਆਪਣਾ ਹੈਟ ਚੁੱਕਿਆ ਅਤੇ ਜਾਂਦੇ – ਜਾਂਦੇ ਹਾਲ ਵਿੱਚ ਲੱਗੇ ਉਸ ਆਦਮਕਦ ਸ਼ੀਸ਼ੇ ਦੇ ਕ਼ਰੀਬ ਤੋਂ ਗੁਜ਼ਰਿਆ ਜੋ ਉਸਨੇ ਉੱਥੇ ਇਸਲਈ ਲਗਵਾਇਆ ਸੀ ਕਿ ਬਾਹਰ ਜਾਣ ਤੋਂ ਪਹਿਲਾਂ ਉਸ ਵਿੱਚ ਆਪਣਾ ਆਪ ਸਿਰ ਤੋਂ ਪੈਰਾਂ ਤੱਕ ਨਿਹਾਰ ਸਕੇ, ਵੇਖ ਸਕੇ ਕਿ ਉਸਦੇ ਸਿੰਗਾਰ ਚੰਗੇ ਲੱਗ ਰਹੇ ਹਨ ਜਾਂ ਨਹੀਂ ।
ਮੈਂ ਠਿਠਕ ਕੇ ਰੁਕ ਗਿਆ ਉਸ ਦਰਪਣ ਦੇ ਸਾਹਮਣੇ ਜਿਸ ਵਿੱਚ ਉਹ ਪਤਾ ਨਹੀਂ ਕਿੰਨੀ ਵਾਰ ਪ੍ਰਤੀਬਿੰਬਿਤ ਹੋਈ ਸੀ – ਇੰਨੀ ਵਾਰ – ਇੰਨੀ ਵਾਰ ਕਿ ਸ਼ਾਇਦ ਉਸ ਦਰਪਣ ਨੇ ਉਸਦੇ ਪ੍ਰਤੀਬਿੰਬ ਨੂੰ ਹੀ ਸੁਰੱਖਿਅਤ ਕਰ ਲਿਆ ਹੋਵੇ । ਮੈਂ ਉੱਥੇ ਖੜਾ ਸੀ, ਕੰਬਦਾ ਹੋਇਆ, ਅੱਖਾਂ ਗੱਡੀਂ, ਉਸ ਦਰਪਣ ਤੇ – ਉਸ ਸਪਾਟ, ਡੂੰਘੇ, ਖ਼ਾਲੀ ਦਰਪਣ ਤੇ ਜੋ ਉਸਨੂੰ ਸਿਰੋਪਾ ਖ਼ੁਦ ਵਿੱਚ ਕ਼ੈਦ ਕਰ ਲੈਂਦਾ ਸੀ ਉਸ ਤੇ ਮੇਰੇ ਵਾਂਗ ਅਤੇ ਮੇਰੀਆਂ ਦੀਵਾਨੀਆਂ ਨਿਗਾਹਾਂ ਵਾਂਗ ਕਾਬਿਜ਼ ਹੋ ਜਾਂਦਾ ਸੀ । ਮੈਨੂੰ ਲੱਗਿਆ ਮੈਂ ਉਸ ਦਰਪਣ ਨੂੰ ਲੋਚਣ ਲਗਾ ਹਾਂ । ਮੈਂ ਦਰਪਣ ਨੂੰ ਛੂਇਆ, ਉਹ ਠੰਡਾ ਸੀ । ਆਹ ! ਯਾਦਾਂ ! ਦੁਖੀ ਦਰਪਣ ; ਜਲਦਾ ਹੋਇਆ ਦਰਪਣ ; ਭਿਆਨਕ ਦਰਪਣ ; ਪੁਰਸ਼ਾਂ ਨੂੰ ਤੜਪਾਉਂਦਾ ਹੋਇਆ ਦਰਪਣ ! ਭਾਗਸ਼ਾਲੀ ਹੁੰਦੇ ਹਨ ਉਹ ਜਿਨ੍ਹਾਂ ਦਾ ਹਿਰਦਾ ਆਪਣੇ ਅੰਦਰ ਸਮਾਈਆਂ ਵਸਤਾਂ ਨੂੰ ਭੁਲਾ ਦਿੰਦਾ ਹੈ, ਭੁੱਲ ਜਾਂਦਾ ਹੈ ਗੁਜ਼ਰੇ ਹੋਏ ਪਲਾਂ ਨੂੰ ! ਕਿੰਨਾ ਦੁਖੀ ਹਾਂ ਮੈਂ !
ਮੈਂ ਬਾਹਰ ਚਲਾ ਗਿਆ, ਬੇਖ਼ਬਰ, ਨਾ ਚਾਹੁੰਦੇ ਹੋਏ ਵੀ, ਕਬਰਿਸਤਾਨ ਵੱਲ । ਮੈਨੂੰ ਉਸਦੀ ਸਾਦਾ –ਜਿਹੀ ਕਬਰ ਮਿਲ ਗਈ ਜਿਸ ਤੇ ਸਫੇਦ ਸੰਗਮਰਮਰ ਦਾ ਕਰਾਸ ਬਣਿਆ ਹੋਇਆ ਸੀ, ਜਿਸ ਪਰ ਇਹ ਕੁੱਝ ਸ਼ਬਦ ਖੁਦੇ ਹੋਏ ਸਨ –
‘ ਉਸਨੇ ਕਿਸੇ ਨੂੰ ਚਾਹਿਆ ਕਿਸੇ ਨੇ ਉਸਨੂੰ ਚਾਹਿਆ, ਅਤੇ ਸਵਰਗ ਸਿਧਾਰ ਗਈ ।’
ਉਹ ਉੱਥੇ ਹੈ, ਕਬਰ ਵਿੱਚ, ਸੜੀ ਹੋਈ ! ਕਿੰਨਾ ਭਿਆਨਕ ਹੈ ਇਹ ਸਭ । ਮੈਂ ਬੁਸਕਦਾ ਰਿਹਾ, ਆਪਣਾ ਮੱਥਾ ਜ਼ਮੀਨ ਪਰ ਟਿਕਾ ਕੇ, ਬਹੁਤ ਦੇਰ, ਬਹੁਤ ਦੇਰ ਉਥੇ ਹੀ ਰਿਹਾ । ਮੈਂ ਵੇਖਿਆ ਹਨੇਰਾ ਹੋ ਰਿਹਾ ਸੀ ਅਤੇ ਇੱਕ ਅਜੀਬ – ਜਿਹੀ ਪਾਗਲ ਖ਼ਵਾਹਿਸ਼, ਇੱਕ ਹਤਾਸ਼ ਪ੍ਰੇਮੀ ਦੀ ਚਾਹਤ ਨੇ ਮੈਨੂੰ ਜਕੜ ਲਿਆ । ਮੈਂ ਸਾਰੀ ਰਾਤ ਉਸਦੀ ਕਬਰ ਤੇ ਰੋ ਕੇ ਬਿਤਾ ਦੇਣਾ ਚਾਹੁੰਦਾ ਸੀ । ਲੇਕਿਨ ਉੱਥੇ ਵੇਖੇ ਜਾਣ ਤੇ ਮੈਨੂੰ ਉੱਥੋਂ ਖਦੇੜ ਦਿੱਤਾ ਜਾਂਦਾ ਤਾਂ ਫਿਰ ਮੈਂ ਕੀ ਕਰਦਾ ? ਮੈਂ ਉਠਿਆ ਅਤੇ ਮੁਰਦਿਆਂ ਦੇ ਸ਼ਹਿਰ ਵਿੱਚ ਘੁੰਮਣ ਲਗਾ । ਮੈਂ ਚੱਲਦਾ ਰਿਹਾ, ਚੱਲਦਾ ਰਿਹਾ । ਕਿੰਨਾ ਛੋਟਾ ਹੁੰਦਾ ਹੈ ਇਹ ਸ਼ਹਿਰ, ਉਸ ਸ਼ਹਿਰ ਜਿਸ ਵਿੱਚ ਅਸੀਂ ਜ਼ਿੰਦਾ ਲੋਕ ਰਹਿੰਦੇ ਹਾਂ, ਦੀ ਤੁਲਨਾ ਵਿੱਚ । ਫਿਰ ਵੀ ਮੁਰਦੇ ਜ਼ਿੰਦਾ ਲੋਕਾਂ ਤੋਂ ਕਿੰਨੇ ਜਿਆਦਾ ਹੁੰਦੇ ਹਨ ! ਅਸੀਂ ਉੱਚੇ ਘਰ ਚਾਹੁੰਦੇ ਹਾਂ, ਚੌੜੀਆਂ ਗਲੀਆਂ ਅਤੇ ਜ਼ਮੀਨ ਚਾਰ ਪੀੜੀਆਂ ਲਈ ਜੋ ਇੱਕੋ ਹੀ ਸਮੇਂ ਦਿਨ ਦੀ ਰੋਸ਼ਨੀ ਵੇਖਦੀਆਂ ਹਨ, ਝਰਨੋਂ ਤੋਂ ਪਾਣੀ, ਅੰਗੂਰਾਂ ਦੀਆਂ ਬੇਲਾਂ ਤੋਂ ਸ਼ਰਾਬ ਪੀਂਦੀਆਂ ਹਨ ਅਤੇ ਪੱਧਰ ਜ਼ਮੀਨਾਂ ( ਦੀ ਉਪਜ ) ਤੋਂ ਢਿੱਡ ਭਰਦੀਆਂ ਹਨ । ਅਤੇ ਲਾਸ਼ਾਂ ਦੀ ਕੁਲ ਪੀੜੀਆਂ ਦੇ ਲਈ, ਮਨੁੱਖਤਾ ਦੀਆਂ ਸਾਡੇ ਤੱਕ ਉੱਤਰਨ ਵਾਲੀਆਂ ਸੀੜੀਆਂ ਲਈ ਕੁੱਝ ਵੀ ਨਹੀਂ ਹੈ । ਜ਼ਮੀਨ ਉਨ੍ਹਾਂ ਨੂੰ ਵਾਪਸ ਲੈ ਲੈਂਦੀ ਹੈ ਗੁੰਮਨਾਮੀ ਉਨ੍ਹਾਂ ਨੂੰ ਖਪਾ ਜਾਂਦੀ ਹੈ ।ਅਲਵਿਦਾ!
ਕਬਰਿਸਤਾਨ ਦੇ ਇੱਕ ਸਿਰੇ ਤੇ, ਅਚਾਨਕ ਮੈਂ ਵੇਖਿਆ ਕਿ ਮੈਂ ਉਸਦੇ ਸਭ ਤੋਂ ਪੁਰਾਣੇ ਹਿੱਸੇ ਵਿੱਚ ਹਾਂ, ਜਿੱਥੇ ਬਹੁਤ ਪਹਿਲਾਂ ਮਰ ਚੁੱਕੇ ਲੋਕ ਧੂੜ ਵਿੱਚ ਮਿਲ ਗਏ ਹਨ, ਜਿੱਥੇ ਕਰਾਸ ਵੀ ਸੜ – ਗਲ ਚੁੱਕੇ ਹਨ, ਜਿੱਥੇ ਸ਼ਾਇਦ ਕੱਲ, ਨਵੇਂ ਆਉਣ ਵਾਲੇ ਲੋਕਾਂ ਨੂੰ ਦਫਨਾਇਆ ਜਾਵੇਗਾ । ਕਬਰਿਸਤਾਨ ਦਾ ਇਹ ਭਾਗ ਮਨੁੱਖੀ ਮਾਸ ਦੀ ਸੜ੍ਹਾਂਦ ਤੇ ਪਲੇ ਹੋਏ ਅਵਾਰਾ ਗੁਲਾਬਾਂ,ਮਜਬੂਤ ਤੇ ਸੰਘਣੇ ਸਰੂ ਦੇ ਰੁੱਖਾਂ ਨਾਲ ਭਰਪੂਰ ਇੱਕ ਉਦਾਸ ਸੁੰਦਰ ਬਾਗ ਹੈ ।
ਮੈਂ ਇਕੱਲਾ ਸੀ, ਬਿਲਕੁੱਲ ਇਕੱਲਾ । ਮੈਂ ਇੱਕ ਹਰੇ ਦਰਖਤ ਦੇ ਪਿੱਛੇ ਦੁਬਕ ਕੇ, ਹਨੇਰੀ, ਉਦਾਸ ਝਾੜੀ ਵਿੱਚ ਲੁਕ ਕੇ ਮੈਂ ਉਡੀਕ ਕਰਦਾ ਰਿਹਾ ਤਣੇ ਨਾਲ ਚਿਪਕਿਆ ਹੋਇਆ ਜਿਵੇਂ ਤੂਫ਼ਾਨ ਗ੍ਰਸਤ ਜਹਾਜ਼ ਦਾ ਸਵਾਰ ਤਖ਼ਤੇ ਨਾਲ ਚਿਪਕ ਕੇ ਉਡੀਕ ਕਰਦਾ ਹੈ ।
ਹਨੇਰਾ ਗਹਿਰਾਉਂਦੇ ਹੀ ਮੈਂ ਆਪਣੀ ਓਟ ਤੋਂ ਬਾਹਰ ਆਕੇ ਮੁਰਦਿਆਂ ਨਾਲ ਅਟੀ ਜ਼ਮੀਨ ਤੇ ਹੌਲੀ-ਹੌਲੀ – ਹੌਲੀ-ਹੌਲੀ, ਸਹਿਜੇ – ਸਹਿਜੇ ਬਿਨਾਂ ਕੋਈ ਆਹਟ ਕੀਤੇ ਉਸਦੀ ਕਬਰ ਦੀ ਤਲਾਸ਼ ਵਿੱਚ ਚੱਲ ਪਿਆ । ਮੈਂ ਕਾਫ਼ੀ ਦੇਰ ਏਧਰ – ਉੱਧਰ ਭਟਕਿਆ ਲੇਕਿਨ ਫਿਰ ਵੀ ਉਸਨੂੰ ਢੂੰਢ ਨਾ ਸਕਿਆ । ਮੈਂ ਬਾਹਾਂ ਪਸਾਰੀਂ ਆਪਣੇ ਹੱਥ – ਪੈਰ,ਗੋਡੇ, ਆਪਣਾ ਸੀਨਾ, ਇੱਥੇ ਤੱਕ ਕਿ ਆਪਣਾ ਸਿਰ ਵੀ ਕਬਰਾਂ ਨਾਲ ਟਕਰਾਉਂਦੇ ਹੋਏ, ਚੱਲਦਾ ਰਿਹਾ ਲੇਕਿਨ ਉਸਨੂੰ ਢੂੰਢ ਨਹੀਂ ਸਕਿਆ । ਅੰਨ੍ਹੇ ਦੀ ਤਰ੍ਹਾਂ ਰਸਤਾ ਟਟੋਲਦਾ ਮੈਂ ਹਨੇਰੇ ਵਿੱਚ, ਪੱਥਰਾਂ ਨੂੰ ਲੋਹੇ ਦੇ ਜੰਗਲਿਆਂ ਨੂੰ, ਧਾਤਾਂ ਦੀਆਂ ਮਾਲਾਵਾਂ, ਮੁਰਝਾਏ ਹੋਏ ਫੁੱਲਾਂ ਦੇ ਹਾਰਾਂ ਨੂੰ ਮਹਿਸੂਸ ਕਰ ਪਾ ਰਿਹਾ ਸੀ । ਉਂਗਲੀਆਂ ਨੂੰ ਅੱਖਰਾਂ ਤੇ ਫੇਰ ਕੇ ਮੈਂ ਨਾਮ ਪੜ੍ਹੇ !
ਕੀ ਰਾਤ ਸੀ ! ਕੇਹੀ ਰਾਤ ਸੀ ! ਚੰਨ ਕਿਤੇ ਸੀ ਹੀ ਨਹੀਂ । ਕੈਸੀ ਰਾਤ ਸੀ ! ਮੈਂ ਬਹੁਤ ਡਰ ਗਿਆ ਸੀ ਕਬਰਾਂ ਦੀਆਂ ਦੋ ਕਤਾਰਾਂ ਵਿੱਚਲੇ ਤੰਗ ਰਸਤਿਆਂ ਵਿੱਚ ਮੈਂ ਬਹੁਤ ਜ਼ਿਆਦਾ ਡਰ ਗਿਆ ਸੀ । ਮੇਰੇ ਸੱਜੇ ਖੱਬੇ, ਅੱਗੇ – ਪਿੱਛੇ, ਆਸ –ਪਾਸ, ਹਰ ਜਗ੍ਹਾ ਕਬਰਾਂ ਹੀ ਕਬਰਾਂ ਸਨ ! ਮੈਂ ਇੱਕ ਕਬਰ ਤੇ ਬੈਠ ਗਿਆ ।ਚਲਣ ਦੀ ਤਾਕ਼ਤ ਮੇਰੇ ਵਿੱਚ ਨਹੀਂ ਬਚੀ ਸੀ । ਮੇਰੇ ਗੋਡੇ ਬਹੁਤ ਖੀਣ ਹੋ ਚੁੱਕੇ ਸਨ, ਮੈਂ ਆਪਣੀਆਂ ਧੜਕਣਾਂ ਸੁਣ ਪਾ ਰਿਹਾ ਸੀ । ਮੈਂ ਕੁੱਝ ਹੋਰ ਵੀ ਸੁਣਿਆ, ਕੀ ? ਇੱਕ ਅਜੀਬ – ਜਿਹਾ ਰੌਲਾ ਸੀ ਇਹ । ਕੀ ਇਹ ਰੌਲਾ ਮੇਰੇ ਦਿਮਾਗ ਵਿੱਚ ਮੱਚਿਆ ਸੀ, ਅਭੇਦ ਰਾਤ ਵਿੱਚ ਮੱਚਿਆ ਸੀ, ਜਾਂ ਫਿਰ ਮੇਰੇ ਪੈਰਾਂ ਥੱਲੇ ਦੀਆਂ ਲਾਸ਼ਾਂ – ਬੀਜੇ ਖੇਤ ਦੇ ਅੰਦਰ ਮੱਚਿਆ ਸੀ ?
ਮੈਂ ਆਪਣੇ ਚਾਰੇ ਤਰਫ਼ ਵੇਖਿਆ । ਮੈਨੂੰ ਯਾਦ ਨਹੀਂ ਮੈਂ ਉੱਥੇ ਕਦੋਂ ਤੱਕ ਰੁਕਿਆ, ਮੈਨੂੰ ਲਕਵਾ ਮਾਰ ਗਿਆ ਸੀ, ਡਰ ਨੇ ਮੈਨੂੰ ਬਰਫ਼ ਬਣਾ ਦਿੱਤਾ ਸੀ, ਮੈਂ ਚੀਖਣ ਵਾਲਾ ਸੀ,ਮੈਂ ਮਰਨ ਹੀ ਵਾਲਾ ਸੀ ।
ਅਚਾਨਕ, ਸੰਗਮਰਮਰ ਦੀ ਉਹ ਪੱਟੀ ਜਿਸ ਤੇ ਮੈਂ ਬੈਠਾ ਸੀ, ਮੈਨੂੰ ਲੱਗਿਆ ਹਿੱਲ ਰਹੀ ਸੀ । ਹਾਂ, ਇਹ ਹਿੱਲ ਰਹੀ ਸੀ, ਜਿਵੇਂ ਇਸਨੂੰ ਕੋਈ ਉਠਾ ਰਿਹਾ ਹੋਵੇ । ਇੱਕ ਹੀ ਛਲਾਂਗ ਦੇ ਨਾਲ ਮੈਂ ਪਾਸ ਵਾਲੀ ਕਬਰ ਤੇ ਕੁੱਦ ਗਿਆ । ਅਤੇ ਮੈਂ ਵੇਖਿਆ, ਹਾਂ, ਮੈਂ ਸਾਫ਼ ਵੇਖਿਆ, ਉੱਤੇ ਉਠਦੇ ਹੋਏ ਉਸ ਸੰਗਮਰਮਰ ਦੇ ਟੁਕੜੇ ਨੂੰ ਜਿਸਨੂੰ ਮੈਂ ਹੁਣੇ – ਹੁਣੇ ਛੱਡਿਆ ਸੀ । ਫਿਰ ਮੁਰਦਾ, ਇੱਕ ਨੰਗਾ ਪਿੰਜਰ ਆਪਣੀ ਦੋਹਰੀ ਕਮਰ ਨਾਲ ਪੱਥਰ ਨੂੰ ਧੱਕਦੇ ਹੋਏ ਬਾਹਰ ਨਿਕਲਿਆ, ਘਣੇ ਹਨੇਰੇ ਦੇ ਬਾਵਜੂਦ ਮੈਂ ਕਰਾਸ ਪਰ ਲਿਖਿਆ ਹੋਇਆ ਪੜ੍ਹ ਪਾ ਰਿਹਾ ਸੀ :
‘ਇੱਥੇ ਪਏ ਹਨ ਜੇਕਵੀਜ਼ ਓਲੀਵਾਂ, ਜੋ ਇੱਕਵੰਜਾ ਸਾਲ ਦੀ ਉਮਰ ਵਿੱਚ ਭਗਵਾਨ ਨੂੰ ਪਿਆਰੇ ਹੋਏ । ਉਹ ਆਪਣੇ ਪਰਵਾਰ ਨਾਲ ਪ੍ਰੇਮ ਕਰਦੇ ਸਨ, ਦਿਆਲੂ ਸਨ, ਸਨਮਾਨਿਤ ਸਨ ਅਤੇ ਪ੍ਰਭੁਕ੍ਰਿਪਾ ਨਾਲ ਸਵਰਗ ਸਿਧਾਰੇ ।’
ਉਸ ਮੁਰਦੇ ਨੇ ਵੀ ਆਪਣੀ ਕਬਰ ਤੇ ਲਿਖੇ ਹੋਏ ਨੂੰ ਪੜ੍ਹਿਆ ; ਫਿਰ ਉਸਨੇ ਰਸਤੇ ਤੋਂ ਇੱਕ ਤਿੱਖਾ ਪੱਥਰ ਚੁੱਕਿਆ ਅਤੇ ਵੱਡੀ ਸਾਵਧਾਨੀ ਨਾਲ ਅੱਖਰਾਂ ਨੂੰ ਖੁਰਚਣ ਲਗਾ । ਉਸਨੇ ਹੌਲੀ – ਹੌਲੀ ਉਨ੍ਹਾਂ ਨੂੰ ਮਿਟਾ ਦਿੱਤਾ ਅਤੇ ਆਪਣੀਆਂ ਅੱਖਾਂ ਦੇ ਝਰੋਖਿਆਂ ਵਿੱਚੋਂ ਉਨ੍ਹਾਂ ਸਭ ਥਾਵਾਂ ਨੂੰ ਵੇਖਿਆ ਜਿੱਥੇ ਉਹ ਅੱਖਰ ਉੱਕਰੇ ਗਏ ਸਨ, ਉਸਨੇ ਹੱਡੀ ਦੀ ਨੋਕ ਨਾਲ ਜੋ ਕਦੇ ਉਸਦੀ ਵੱਡੀ ਉਂਗਲ ਹੁੰਦੀ ਹੋਵੇਗੀ, ਬਲਦੇ ਹੋਏ ਅੱਖਰਾਂ ਵਿੱਚ, ਜਿਵੇਂ ਕਿ ਮੁੰਡੇ ਦੀਵਾਰਾਂ ਤੇ ਮਾਚਸ ਦੀ ਨੋਕ ਨਾਲ ਪੰਕਤੀਆਂ ਉਕੇਰ ਦਿੰਦੇ ਹਨ, ਲਿਖਿਆ :
ਇੱਥੇ ਪਿਆ ਹੈ ਜੇਕਵੀਜ਼ ਓਲੀਵਾਂ, ਜੋ ਇੱਕਵੰਜਾ ਸਾਲ ਦੀ ਉਮਰ ਵਿੱਚ ਮਰ ਗਿਆ । ਉਸਦੀ ਪੱਥਰਦਿਲੀ ਉਸਦੇ ਪਿਤਾ ਦੀ ਸ਼ੀਘਰ ਮੌਤ ਦਾ ਕਾਰਨ ਬਣੀ, ਕਿਉਂਕਿ ਉਹ ਆਪਣੇ ਪਿਤਾ ਦੀ ਕੁਲ ਜਾਇਦਾਦ ਦਾ ਉਤਰਾਧਿਕਾਰ ਚਾਹੁੰਦਾ ਸੀ ; ਉਸਨੇ ਆਪਣੀ ਪਤਨੀ ਨੂੰ ਤਸੀਹੇ ਦਿੱਤੇ ; ਬੱਚਿਆਂ ਨੂੰ ਯਾਤਨਾਵਾਂ ਦਿੱਤੀਆਂ ; ਗੁਆਂਢੀਆਂ ਨਾਲ ਧੋਖੇ ਕੀਤੇ ; ਜਿਸਨੂੰ ਵੀ ਲੁੱਟ ਸਕਦਾ ਸੀ, ਲੁੱਟਿਆ ਅਤੇ ਫਿਰ ਇਹ ਘਿਨੌਣਾ ਵਿਅਕਤੀ ਮਰ ਗਿਆ ।
ਲਿਖ ਚੁਕਣ ਦੇ ਬਾਅਦ ਉਹ ਬੇਹਰਕਤ ਖੜਾ ਆਪਣੀ ਇਸ ਹਰਕਤ ਨੂੰ ਨਿਹਾਰਦਾ ਰਿਹਾ । ਮੈਂ ਨਜ਼ਰਾਂ ਘੁਮਾ ਕੇ ਵੇਖਿਆ ਕਿ ਸਭ ਕਬਰਾਂ ਖੁੱਲੀਆਂ ਹੋਈਆਂ ਸਨ, ਸਭ ਮੁਰਦੇ ਆਪਣੀਆਂ – ਆਪਣੀਆਂ ਕਬਰਾਂ ਵਿੱਚੋਂ ਨਿਕਲ ਆਏ ਸਨ ਅਤੇ ਉਨ੍ਹਾਂ ਨੇ ਆਪਣੀਆਂ – ਆਪਣੀਆਂ ਕਬਰਾਂ ਤੋਂ ਆਪਣੇ ਰਿਸ਼ਤੇਦਾਰਾਂ ਦੁਆਰਾ ਖੁਦਵਾਏ ਗਏ ਝੂਠ ਮਿਟਾ ਦਿੱਤੇ ਸਨ ਅਤੇ ਉਨ੍ਹਾਂ ਤੇ ਸੱਚ ਉੱਕਰ ਦਿੱਤਾ ਸੀ । ਅਤੇ ਮੈਂ ਵੇਖਿਆ ਕਿ ਆਪਣੇ ਜਿਉਂਦੇ – ਜੀ ਉਹ ਸਭ ਆਪਣੇ ਗੁਆਂਢੀਆਂ ਦੇ ਉਤਪੀੜਕ, ਦੁਰਭਾਵਪੂਰਣ, ਬੇਈਮਾਨ, ਪਾਖੰਡੀ, ਝੂਠੇ, ਕਪਟੀ, ਨਿੰਦਕ ਅਤੇ ਈਰਖਾਲੂ ਰਹੇ ਸਨ । ਮੈਂ ਪੜ੍ਹਿਆ ਕਿ ਉਨ੍ਹਾਂ ਨੇ ਚੋਰੀਆਂ ਕੀਤੀਆਂ ਸਨ, ਧੋਖੇ ਦਿੱਤੇ ਸਨ ; ਹਰ ਘਿਰਣਤ ਕੰਮ ਕੀਤਾ ਸੀ, ਇਹ ਚੰਗੇ ਪਿਤਾ, ਇਹ ਵਫ਼ਾਦਰ ਪਤਨੀਆਂ ; ਇਹ ਸਮਰਪਤ ਸਪੁੱਤਰ ; ਇਹ ਕੁਆਰੀਆਂ ਬੇਟੀਆਂ ਇਹ ਸਨਮਾਨਿਤ ਵਿਆਪਾਰੀ ਔਰਤਾਂ ਅਤੇ ਮਰਦ ਸਨ ਜਿਹਨਾਂ ਨੂੰ ਉਨ੍ਹਾਂ ਦੇ ਸੰਬੰਧੀਆਂ ਨੇ ਅਨਿੰਦਨੀ ਲਿਖਵਾਇਆ ਸੀ । ਉਹ ਸਭ ਦੇ ਸਭ ਇੱਕ ਹੀ ਸਮੇਂ ਆਪਣੇ ਅੰਤਮ ਘਰ ਦੀ ਦਹਲੀਜ਼ ਤੇ ਸੱਚ ਲਿਖ ਰਹੇ ਸਨ, ਭਿਆਨਕ ਅਤੇ ਪਵਿਤਰ ਸੱਚ, ਜਿਸ ਤੋਂ ਹਰ ਵਿਅਕਤੀ ਅਣਭਿੱਜ ਸੀ ਜਾਂ ਘੱਟੋ ਘੱਟ ਆਪਣੇ ਜਿਉਂਦੇ ਜੀ ਅਣਭਿੱਜ ਹੋਣ ਦਾ ਢੋਂਗ ਕਰਦਾ ਸੀ ।
ਮੈਨੂੰ ਵਿਚਾਰ ਆਇਆ ਕਿ ਉਸਨੇ ਵੀ ਆਪਣੇ ਸਮਾਧੀ ਤੇ ਕੁੱਝ ਨਾ ਕੁੱਝ ਜ਼ਰੂਰ ਲਿਖਿਆ ਹੋਵੇਗਾ ਅਤੇ ਹੁਣ ਮੈਂ ਬੇਖ਼ੌਫ਼ ਹੋ ਅਧਖੁਲੇ ਤਾਬੂਤਾਂ, ਲਾਸ਼ਾਂ ਅਤੇ ਕੰਕਾਲਾਂ ਵਿੱਚੋਂ ਹੁੰਦਾ ਹੋਇਆ ਉਸਦੇ ਕੋਲ ਗਿਆ ਇਸ ਵਿਸ਼ਵਾਸ ਦੇ ਨਾਲ ਕਿ ਉਹ ਮੈਨੂੰ ਤੁਰੰਤ ਪਹਿਚਾਣ ਲਵੇਗੀ ।ਮੈਂ ਤਾਂ ਉਸਨੂੰ ਇੱਕਦਮ ਪਹਿਚਾਣ ਲਿਆ, ਕਫ਼ਨ ਵਿੱਚ ਲਿਪਟੇ ਹੋਏ ਉਸਦੇ ਚਿਹਰੇ ਨੂੰ ਵੇਖੇ ਬਿਨਾਂ, ਅਤੇ ਸੰਗਮਰਮਰ ਦੇ ਕਰਾਸ ਤੇ, ਜਿੱਥੇ ਕੁੱਝ ਸਮਾਂ ਪਹਿਲਾਂ ਮੈਂ ਪੜ੍ਹਿਆ ਸੀ :
‘ਉਸਨੇ ਕਿਸੇ ਨੂੰ ਚਾਹਿਆ, ਕਿਸੇ ਨੇ ਉਸ ਨੂੰ ਚਾਹਿਆ, ਅਤੇ ਸਵਰਗ ਸਿਧਾਰ ਗਈ ।’
ਦੇ ਸਥਾਨ ਤੇ ਮੈਂ ਉੱਕਰਿਆ ਹੋਇਆ ਪੜ੍ਹਿਆ :
‘ਇੱਕ ਦਿਨ ਆਪਣੇ ਪ੍ਰੇਮੀ ਨੂੰ ਧੋਖਾ ਦੇਣ ਲਈ ਉਹ ਮੀਂਹ ਵਿੱਚ ਬਾਹਰ ਗਈ, ਉਸਨੂੰ ਸਰਦੀ ਲੱਗ ਗਈ ਅਤੇ ਉਹ ਮਰ ਗਈ ।’
ਅਜਿਹਾ ਲੱਗਦਾ ਹੈ ਕਿ ਸਵੇਰ ਹੁੰਦੇ ਹੀ ਲੋਕਾਂ ਨੇ ਮੈਨੂੰ ਉਸਦੀ ਕਬਰ ਤੇ ਬੇਹੋਸ਼ ਪਾਇਆ ਹੋਵੇਗਾ ।
(ਅਨੁਵਾਦਕ: ਸਤਦੀਪ)

  • ਮੁੱਖ ਪੰਨਾ : ਗਾਇ ਦਿ ਮੋਪਾਸਾਂ ਦੀਆਂ ਫਰਾਂਸੀਸੀ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ