Kismet Di Bhaal : Lok Kahani

ਕਿਸਮਤ ਦੀ ਭਾਲ : ਲੋਕ ਕਹਾਣੀ

ਕਿਸੇ ਪਿੰਡ ਵਿੱਚ ਇੱਕ ਲੜਕਾ ਰਹਿੰਦਾ ਸੀ। ਅਮੀਰ ਬਣਨ ਦੀ ਲਾਲਸਾ ਹਰ ਵੇਲੇ ਉਸ ਦੇ ਮਨ ਵਿੱਚ ਉਸਲਵੱਟੇ ਲੈਂਦੀ ਰਹਿੰਦੀ ਸੀ। ਆਪਣੀ ਇਸੇ ਲਾਲਸਾ ਨੂੰ ਪੂਰੀ ਕਰਨ ਲਈ ਉਹ ਇੱਕ ਸ਼ਹਿਰ ਵਿੱਚ ਜਾ ਕੇ ਨੌਕਰੀ ਕਰਨ ਲੱਗ ਪਿਆ ਪਰ ਉਹ ਆਪਣੀ ਕਮਾਈ ਤੋਂ ਸੰਤੁਸ਼ਟ ਨਹੀਂ ਸੀ। ਉਹ ਕੁਝ ਅਜਿਹਾ ਕਰਨਾ ਲੋਚਦਾ ਸੀ, ਜਿਸ ਨਾਲ ਉਸ ਦੀ ਕਿਸਮਤ ਯਕਦਮ ਬਦਲ ਜਾਵੇ। ਉਹ ਥੋੜ੍ਹਾ ਆਲਸੀ ਇਨਸਾਨ ਸੀ। ਜਦੋਂ ਦੇਖੋ ਉਹ ਵੱਡੇ-ਵੱਡੇ ਸੁਪਨੇ ਦੇਖਦਾ ਰਹਿੰਦਾ ਸੀ।
ਇੱਕ ਦਿਨ ਉਹ ਇੱਕ ਸਾਧੂ ਕੋਲ ਗਿਆ। ਉਸ ਨੇ ਸਾਧੂ ਨੂੰ ਆਪਣੀ ਪੂਰੀ ਕਹਾਣੀ ਸੁਣਾਈ ਅਤੇ ਪੁੱਛਿਆ, ‘‘ਸਾਧੂ ਮਹਾਰਾਜ, ਕ੍ਰਿਪਾ ਕਰਕੇ ਮੈਨੂੰ ਇਹ ਦੱਸੋ ਕਿ ਆਖਰ ਮੇਰੀ ਕਿਸਮਤ ਕਿੱਥੇ ਹੈ?’’
ਸਾਧੂ ਉਸ ਨੌਜਵਾਨ ਦੀ ਗੱਲ ਸਮਝ ਗਿਆ ਕਿ ਉਹ ਬੜਾ ਆਲਸੀ ਹੈ ਅਤੇ ਬਿਨਾਂ ਕੋਈ ਕੰਮ ਕੀਤੇ ਅਮੀਰ ਬਣਨਾ ਚਾਹੁੰਦਾ ਹੈ। ਥੋੜ੍ਹੀ ਦੇਰ ਨੌਜਵਾਨ ਨੂੰ ਦੇਖਣ ਤੋਂ ਬਾਅਦ ਸਾਧੂ ਨੇ ਕਿਹਾ, ‘‘ਪੁੱਤਰ, ਤੇਰੀ ਕਿਸਮਤ ਇੱਥੇ ਕਿਤੇ ਨਹੀਂ ਹੈ। ਉਹ ਤਾਂ ਸਮੁੰਦਰ ਦੇ ਪਰਲੇ ਪਾਸੇ ਹੈ। ਆਪਣੀ ਕਿਸਮਤ ਨੂੰ ਲੱਭਣ ਲਈ ਤੈਨੂੰ ਸਮੁੰਦਰ ਦੇ ਦੂਜੇ ਪਾਸੇ ਜਾਣਾ ਪਵੇਗਾ।’’
ਉਹ ਤੁਰੰਤ ਆਪਣੀ ਕਿਸਮਤ ਨੂੰ ਹਾਸਲ ਕਰਨ ਲਈ ਕਾਹਲਾ ਪੈ ਗਿਆ ਅਤੇ ਸਮੁੰਦਰ ਦੇ ਦੂਜੇ ਪਾਸੇ ਜਾਣ ਲਈ ਸਫ਼ਰ ’ਤੇ ਨਿਕਲ ਤੁਰਿਆ। ਤੁਰਦਿਆਂ-ਤੁਰਦਿਆਂ ਉਸ ਨੇ ਕਈ ਪਹਾੜ ਲੰਘੇ, ਕਈ ਨਦੀਆਂ ਪਾਰ ਕੀਤੀਆਂ। ਅੰਤ ਉਹ ਇੱਕ ਸੁਰਮਈ ਮੈਦਾਨ ਵਿੱਚ ਜਾ ਪੁੱਜਾ, ਜਿੱਥੇ ਇੱਕ ਪਾਸੇ ਝਰਨਾ ਵਗ ਰਿਹਾ ਸੀ। ਉਸ ਨੇ ਝਰਨੇ ਤੋਂ ਪਾਣੀ ਪੀਤਾ ਅਤੇ ਹਰੇ ਘਾਹ ’ਤੇ ਲੰਮਾ ਪੈ ਗਿਆ।
ਘਾਹ ’ਤੇ ਪੈਂਦਿਆਂ ਸਾਰ ਉਹ ਨੀਂਦ ਦੀ ਬੁੱਕਲ ਵਿੱਚ ਚਲਾ ਗਿਆ। ਕਾਫ਼ੀ ਚਿਰ ਸੌਣ ਤੋਂ ਬਾਅਦ ਜਦੋਂ ਉਸ ਦੀ ਜਾਗ ਖੁੱਲ੍ਹੀ ਤਾਂ ਉਸ ਦੀ ਨਜ਼ਰ ਮੈਦਾਨ ਵਿੱਚ ਇੱਕ ਸੁੰਦਰ ਲੜਕੀ ’ਤੇ ਪਈ। ਲੜਕੀ ਨੇ ਉਸ ਨੂੰ ਪੁੱਛਿਆ, ‘‘ਤੁਸੀਂ ਕਿੱਥੇ ਜਾ ਰਹੇ ਹੋ?’’ ਨੌਜਵਾਨ ਨੇ ਜਵਾਬ ਦਿੱਤਾ, ‘‘ਮੈਂ ਤਾਂ ਆਪਣੀ ਕਿਸਮਤ ਦੀ ਭਾਲ ਵਿੱਚ ਨਿਕਲਿਆ ਹਾਂ।’’ ਇਸ ’ਤੇ ਲੜਕੀ ਬੋਲੀ, ‘‘ਮੈਨੂੰ ਵੀ ਆਪਣੀ ਕਿਸਮਤ ਦੀ ਉਡੀਕ ਹੈ। ਮੇਰਾ ਵਿਆਹ ਨਹੀਂ ਹੋ ਰਿਹਾ। ਜੇ ਤੁਹਾਨੂੰ ਮੇਰੀ ਕਿਸਮਤ ਮਿਲੇ ਤਾਂ ਉਸ ਨੂੰ ਪੁੱਛਣਾ ਕਿ ਮੇਰਾ ਵਿਆਹ ਕਦੋਂ ਹੋਵੇਗਾ?’’
‘‘ਅੱਛਾ, ਮੈਂ ਜ਼ਰੂਰ ਪੁੱਛਾਂਗਾ ਅਤੇ ਵਾਪਸੀ ’ਤੇ ਦੱਸ ਦੇਵਾਂਗਾ ਪਰ ਤੂੰ ਮੈਨੂੰ ਕਿੱਥੇ ਮਿਲੇਂਗੀ?’’ ਨੌਜਵਾਨ ਨੇ ਪੁੱਛਿਆ। ‘‘ਮੈਂ ਤੈਨੂੰ ਇੱਥੇ ਹੀ ਮਿਲਾਂਗੀ।’’ ਲੜਕੀ ਨੇ ਕਿਹਾ।
ਉਹ ਉੱਥੋਂ ਅਗਾਂਹ ਤੁਰ ਪਿਆ। ਕੁਝ ਹੀ ਦੂਰ ਜਾਣ ’ਤੇ ਉਸ ਨੂੰ ਇੱਕ ਸੋਹਣਾ ਸੁਨੱਖਾ ਘੋੜਾ ਦਿਖਾਈ ਦਿੱਤਾ। ਘੋੜੇ ਨੂੰ ਦੇਖ ਕੇ ਉਸ ਨੇ ਮਨ ਹੀ ਮਨ ਸੋਚਿਆ, ‘‘ਕਾਸ਼! ਮੇਰੇ ਕੋਲ ਵੀ ਇਹੋ ਜਿਹਾ ਘੋੜਾ ਹੁੰਦਾ, ਤਾਂ ਅੱਖ ਝਮੱਕੇ ’ਚ ਹੀ ਮੈਂ ਸਮੁੰਦਰ ਦੇ ਕੰਢੇ ਪਹੁੰਚ ਜਾਂਦਾ।’’ ਅਜੇ ਉਹ ਇਹ ਗੱਲ ਸੋਚ ਹੀ ਰਿਹਾ ਸੀ ਕਿ ਘੋੜਾ ਉਹਦੇ ਨੇੜੇ ਆ ਕੇ ਪੁੱਛਣ ਲੱਗਿਆ, ‘‘ਐ ਨੌਜਵਾਨ, ਤੂੰ ਕੌਣ ਹੈਂ ਅਤੇ ਕਿੱਥੇ ਜਾ ਰਿਹਾ ਹੈਂ? ਨੌਜਵਾਨ ਨੇ ਜਵਾਬ ਦਿੱਤਾ, ‘‘ਮੈਂ ਕਿਸਮਤ ਦਾ ਮਾਰਿਆ ਹੋਇਆ ਹਾਂ ਅਤੇ ਆਪਣੀ ਕਿਸਮਤ ਦੀ ਭਾਲ ਵਿੱਚ ਨਿਕਲਿਆ ਹਾਂ।’’
ਇਹ ਸੁਣ ਕੇ ਘੋੜਾ ਕਹਿਣ ਲੱਗਿਆ, ‘‘ਭਰਾਵਾ, ਮੈਂ ਵੀ ਤਾਂ ਕਿਸਮਤ ਦਾ ਮਾਰਿਆ ਹਾਂ। ਮੈਨੂੰ ਕੋਈ ਸਵਾਰ ਨਹੀਂ ਮਿਲਦਾ। ਤੂੰ ਮੇਰੀ ਕਿਸਮਤ ਦਾ ਪਤਾ ਕਰੀਂ। ਜੇ ਉਹ ਤੈਨੂੰ ਮਿਲ ਗਈ ਤਾਂ ਉਸ ਨੂੰ ਪੁੱਛੀਂ ਕਿ ਮੈਨੂੰ ਸਵਾਰ ਕਦੋਂ ਮਿਲੇਗਾ?’’
ਘੋੜੇ ਦੀ ਗੱਲਬਾਤ ਤੋਂ ਬਾਅਦ ਉਹ ਫਿਰ ਅੱਗੇ ਹੋ ਤੁਰਿਆ। ਅੱਗੇ ਜਾ ਕੇ ਉਸ ਨੂੰ ਇੱਕ ਰੁੱਖ ਮਿਲਿਆ। ਦੇਖਣ ਵਿੱਚ ਰੁੱਖ ਸੀ ਤਾਂ ਬਹੁਤ ਵੱਡਾ ਪਰ ਅੱਧਾ ਸੁੱਕਿਆ ਹੋਇਆ ਸੀ। ਉਹ ਥੋੜ੍ਹਾ ਚਿਰ ਆਰਾਮ ਕਰਨ ਲਈ ਰੁੱਖ ਹੇਠਾਂ ਬੈਠ ਗਿਆ। ਅਜੇ ਉਹ ਬੈਠਾ ਹੀ ਸੀ ਕਿ ਰੁੱਖ ਉਸ ਤੋਂ ਪੁੱਛਣ ਲੱਗਿਆ, ‘‘ਐਂ ਮੁਸਾਫ਼ਿਰ ਤੂੰ ਕਿੱਥੇ ਜਾ ਰਿਹਾ ਹੈਂ? ਬਹੁਤ ਥੱਕਿਆ ਹੋਇਆ ਲੱਗ ਰਿਹਾ ਹੈਂ?’’ ਨੌਜਵਾਨ ਨੇ ਜਵਾਬ ਦਿੱਤਾ, ‘‘ਹਾਂ ਭਰਾ, ਬਹੁਤ ਦੂਰ ਤੋਂ ਆਇਆ ਹਾਂ ਅਤੇ ਸਮੁੰਦਰ ਪਾਰ ਤੋਂ ਆਪਣੀ ਕਿਸਮਤ ਲਿਆਉਣ ਜਾ ਰਿਹਾ ਹਾਂ।’’
‘‘ਅੱਛਾ ਕਿਸਮਤ ਨੂੰ ਲਿਆਉਣ ਜਾ ਰਿਹਾ ਏਂ। ਬੜੀ ਚੰਗੀ ਗੱਲ ਹੈ ਭਰਾ। ਮੈਂ ਤਾਂ ਤੁਰ ਨਹੀਂ ਸਕਦਾ, ਨਹੀਂ ਤਾਂ ਮੈਂ ਵੀ ਤੇਰੇ ਨਾਲ ਤੁਰ ਪੈਂਦਾ। ਤੂੰ ਦੇਖ ਰਿਹਾ ਹੈਂ ਕਿ ਮੇਰਾ ਇੱਕ ਪਾਸਾ ਬਿਲਕੁਲ ਸੁੱਕ ਗਿਆ ਹੈ। ਤੂੰ ਮੇਰੀ ਕਿਸਮਤ ਬਾਰੇ ਪਤਾ ਕਰੀਂ ਕਿ ਮੁੜ ਕਦੋਂ ਹਰਿਆ-ਭਰਿਆ ਹੋਵਾਂਗਾ?’’
ਤੁਰਦਿਆਂ-ਤੁਰਦਿਆਂ ਆਖਰ ਉਹ ਸਮੁੰਦਰ ਕੰਢੇ ਪੁੱਜ ਗਿਆ। ਉੱਥੇ ਇੱਕ ਮਗਰਮੱਛ ਪੇਟ ਦਰਦ ਨਾਲ ਕਰਾਹ ਰਿਹਾ ਸੀ। ਜਦੋਂ ਉਸ ਨੇ ਮਗਰਮੱਛ ਨੂੰ ਸਮੁੰਦਰ ਪਾਰ ਜਾਣ ਦਾ ਕਾਰਨ ਦੱਸਿਆ ਤਾਂ ਉਹ ਬੜਾ ਖ਼ੁਸ਼ ਹੋਇਆ। ਉਸ ਨੇ ਕਿਹਾ, ‘‘ਭਰਾ ਮੇਰੀ ਵੀ ਕਿਸਮਤ ਦਾ ਪਤਾ ਕਰਨਾ। ਰੋਜ਼ ਪੇਟ ਵਿੱਚ ਦਰਦ ਰਹਿੰਦਾ ਹੈ। ਨਾ ਕੁਝ ਖਾਧਾ ਜਾਂਦਾ ਹੈ ਨਾ ਪੀਤਾ।’’
ਨੌਜਵਾਨ ਬੋਲਿਆ, ‘‘ਤੂੰ ਮੈਨੂੰ ਆਪਣੀ ਪਿੱਠ ’ਤੇ ਬਿਠਾ ਕੇ ਸਮੁੰਦਰ ਪਾਰ ਕਰਾ ਦੇ। ਮੈਂ ਜ਼ਰੂਰ ਪਤਾ ਕਰੂੰਗਾ।’’
ਉਹ ਮਗਰਮੱਛ ’ਤੇ ਸਵਾਰ ਹੋ ਕੇ ਸਮੁੰਦਰ ਪਾਰ ਜਾ ਲੱਗਿਆ। ਸਮੁੰਦਰ ਪਾਰ ਕਾਫ਼ੀ ਭਟਕਣ ਤੋਂ ਬਾਅਦ ਆਖਰ ਉਸ ਨੂੰ ਇੱਕ ਸਾਧੂ ਮਿਲਿਆ। ਉਸ ਨੇ ਸਾਧੂ ਨੂੰ ਆਪਣੀ ਸਾਰੀ ਕਹਾਣੀ ਦੱਸੀ ਅਤੇ ਆਪਣੀ ਕਿਸਮਤ ਦਾ ਪਤਾ ਪੁੱਛਿਆ।
ਸਾਧੂ ਨੇ ਕਿਹਾ, ‘‘ਬੇਟਾ, ਤੇਰੀ ਕਿਸਮਤ ਤੇਰੇ ਕੋਲ ਹੀ ਤਾਂ ਹੈ। ਤੂੰ ਐਨਾ ਲੰਮਾ ਸਫ਼ਰ ਕੀਤਾ ਹੈ। ਐਨੀ ਮਿਹਨਤ ਕੀਤੀ ਹੈ। ਤੈਨੂੰ ਤਾਂ ਸਾਰਾ ਕੁਝ ਮਿਲਿਆ ਹੈ।’’
ਨੌਜਵਾਨ ਕਹਿਣ ਲੱਗਿਆ, ‘‘ਮਹਾਰਾਜ, ਮੈਂ ਕੁਝ ਸਮਝਿਆ ਨਹੀਂ। ਮੰਨ ਲਿਆ ਕਿ ਮੇਰੀ ਕਿਸਮਤ ਮੇਰੇ ਕੋਲ ਹੈ ਪਰ ਜੋ ਲੋਕ ਮੈਨੂੰ ਰਾਹ ਵਿੱਚ ਮਿਲੇ ਸਨ ਉਨ੍ਹਾਂ ਦੀ ਕਿਸਮਤ ਕਿੱਥੇ ਹੈ। ਉਹ ਸੁੰਦਰੀ, ਉਹ ਘੋੜਾ, ਉਹ ਰੁੱਖ ਅਤੇ ਉਹ ਮਗਰਮੱਛ…।’’
‘‘ਧਿਆਨ ਨਾਲ ਸੁਣ ਬੇਟਾ, ਮਗਰਮੱਛ ਨੇ ਰਾਣੀ ਦਾ ਨੌਲੱਖਾ ਹਾਰ ਨਿਗਲ ਲਿਆ ਹੈ। ਇਸੇ ਕਾਰਨ ਉਸ ਦੇ ਪੇਟ ਵਿੱਚ ਦਰਦ ਰਹਿੰਦਾ ਹੈ। ਤੂੰ ਉਹਨੂੰ ਉਲਟੀ ਕਰਨ ਵਾਸਤੇ ਕਹੀਂ। ਹਾਰ ਪੇਟ ’ਚੋਂ ਨਿਕਲ ਜਾਣ ’ਤੇ ਉਹ ਠੀਕ ਹੋ ਜਾਵੇਗਾ। ਰੁੱਖ ਦੇ ਚਹੁੰ ਕੋਨਿਆਂ ਵਿੱਚ ਧਨ ਦੱਬਿਆ ਹੈ, ਇਸੇ ਕਾਰਨ ਉਹ ਸੁੱਕ ਰਿਹਾ ਹੈ। ਘੋੜਾ, ਗੱਭਰੂ ਸਵਾਰ ਦੇ ਬਿਨਾਂ ਅਧੂਰਾ ਹੈ ਅਤੇ ਸੁੰਦਰੀ, ਗੱਭਰੂ ਵਰ ਦੇ ਬਿਨਾਂ।’’ ਸਾਧੂ ਨੇ ਕਿਹਾ।
ਇਹ ਸਾਰਾ ਕੁਝ ਸੁਣ ਕੇ ਨੌਜਵਾਨ, ਸਾਧੂ ਨੂੰ ਪ੍ਰਣਾਮ ਕਰਕੇ ਵਾਪਸ ਮੁੜ ਪਿਆ। ਮਗਰਮੱਛ ਦੀ ਪਿੱਠ ’ਤੇ ਬੈਠ ਕੇ ਸਮੁੰਦਰ ਦੇ ਕੰਢੇ ਪੁੱਜ ਕੇ ਉਸ ਨੇ ਉਵੇਂ ਹੀ ਕੀਤਾ ਜਿਵੇਂ ਸਾਧੂ ਨੇ ਕਿਹਾ ਸੀ। ਉਸ ਨੇ ਸਭ ਤੋਂ ਪਹਿਲਾਂ ਮਗਰਮੱਛ ਤੋਂ ਉਲਟੀ ਕਰਵਾਈ। ਇਸ ਨਾਲ ਨੌਲੱਖਾ ਹਾਰ ਬਾਹਰ ਨਿਕਲ ਆਇਆ। ਮਗਰਮੱਛ ਦੇ ਪੇਟ ਦਾ ਦਰਦ ਠੀਕ ਹੋ ਗਿਆ। ਨੌਜਵਾਨ ਨੇ ਹਾਰ ਆਪਣੇ ਕੋਲ ਰੱਖ ਲਿਆ।
ਰੁੱਖ ਦੇ ਕੋਲ ਪੁੱਜ ਕੇ ਉਸ ਨੇ ਉਸ ਦੀਆਂ ਜੜ੍ਹਾਂ ਵਿੱਚ ਦੱਬਿਆ ਧਨ ਬਾਹਰ ਕੱਢ ਲਿਆ। ਰੁੱਖ ਫਿਰ ਹਰਾ-ਭਰਾ ਹੋਣ ਲੱਗਿਆ ਅਤੇ ਉਹ ਸਾਰਾ ਧਨ ਲੈ ਕੇ ਅਗਾਂਹ ਤੁਰ ਪਿਆ।
ਅੱਗੇ ਸਵਾਰ ਦੀ ਉਡੀਕ ਵਿੱਚ ਘੋੜਾ ਇਧਰ-ਇਧਰ ਭਟਕ ਰਿਹਾ ਸੀ। ਉਹ ਘੋੜੇ ’ਤੇ ਸਵਾਰ ਹੋ ਗਿਆ ਅਤੇ ਘੋੜੇ ਨੂੰ ਗੱਭਰੂ ਸਵਾਰ ਮਿਲ ਗਿਆ। ਮੈਦਾਨ ਵਿੱਚ ਪਹੁੰਚਣ ’ਤੇ ਉਸ ਨੇ ਸੁੰਦਰੀ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ। ਸੁੰਦਰੀ ਨੇ ਹੱਸਦਿਆਂ ਕਬੂਲ ਕਰ ਲਿਆ। ਨੌਜਵਾਨ ਸੁੰਦਰੀ ਨੂੰ ਲੈ ਕੇ ਘੋੜੇ ’ਤੇ ਸਵਾਰ ਹੋ ਕੇ ਧਨ-ਦੌਲਤ ਸਮੇਤ ਵਾਪਸ ਆਪਣੇ ਘਰ ਪਹੁੰਚ ਗਿਆ।
(ਨਿਰਮਲ ਪ੍ਰੇਮੀ)

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ