Kujh Nahin (Punjabi Story) : S. Saki

ਕੁਝ ਨਹੀਂ (ਕਹਾਣੀ) : ਐਸ ਸਾਕੀ

ਅਚਾਨਕ ਡਾਕਟਰ ਮਹੇਸ਼ ਚੰਦਰਾ ਦੀ ਮੌਤ ਹੋ ਗਈ। ਚੰਗਾ ਭਲਾ ਘਰੋਂ ਗਿਆ। ਕੁਰਸੀ ’ਤੇ ਬੈਠਿਆ ਅਤੇ ਹਮੇਸ਼ਾਂ ਲਈ ਜਿਵੇਂ ਉੱਥੇ ਹੀ ਸੌਂ ਗਿਆ। ਕੰਪਾਊਡਰ ਨੇ ਪਹਿਲਾਂ ਤੋਂ ਹੀ ਕਲੀਨਿਕ ਖੋਲ੍ਹ ਕੇ ਸਭ ਕੁਝ ਸੈੱਟ ਕਰ ਰੱਖਿਆ ਸੀ। ਜਦੋਂ ਉਹ ਕਲੀਨਿਕ ’ਚ ਦਾਖਲ ਹੋਇਆ ਤਾਂ ਤਿੰਨ-ਚਾਰ ਮਰੀਜ਼ ਬੈਠੇ ਉਸ ਦਾ ਇੰਤਜ਼ਾਰ ਕਰ ਰਹੇ ਸਨ। ਉਸ ਨੇ ਕੁਰਸੀ ’ਤੇ ਬੈਠਿਆਂ ਇੱਕ ਮਰੀਜ਼ ਦੀ ਨਬਜ਼ ਵੇਖਣ ਲਈ ਵੀਣੀ ਫੜੀ ਅਤੇ…।
ਡਾਕਟਰ ਕਾਂਤਾ ਚੰਦਰਾ ਲਈ ਤਾਂ ਜਿਵੇਂ ਦੁੱਖਾਂ ਦਾ ਹੜ੍ਹ ਹੀ ਆ ਗਿਆ। ਕਿੰਨੀ ਖ਼ੁਸ਼ਹਾਲ ਜ਼ਿੰਦਗੀ ਸੀ ਦੋਵਾਂ ਪਤੀ-ਪਤਨੀ ਦੀ। ਜੇ ਪਤੀ ਐੱਮ.ਬੀ.ਬੀ.ਐੱਸ. ਸੀ ਤਾਂ ਕਾਂਤਾ ਚੰਦਰਾ ਵੀ ਅਨੁਭਵੀ ਲੇਡੀ ਡਾਕਟਰ ਸੀ। ਉਸ ਨੇ ਵੀ ਐੱਮ.ਬੀ.ਬੀ.ਐੱਸ. ਕੀਤੀ ਹੋਈ ਸੀ। ਦੋਵੇਂ ਪਤੀ-ਪਤਨੀ ਮਿਲ ਕੇ ਕਲੀਨਿਕ ਚਲਾਉਂਦੇ ਸਨ। ਪਤਨੀ ਇਸਤਰੀਆਂ ਦਾ ਇਲਾਜ ਕਰਦੀ ਸੀ ਅਤੇ ਪਤੀ ਪੁਰਸ਼ਾਂ ਨੂੰ ਦਵਾਈ ਦਿੰਦਾ ਸੀ। ਮਰੀਜ਼ਾਂ ਵਿੱਚ ਦੋਵਾਂ ਦੀ ਬਹੁਤ ਇੱਜ਼ਤ ਸੀ। ਇਸ ਦਾ ਕਾਰਨ ਉਨ੍ਹਾਂ ਦਾ ਨੇਕ ਸੁਭਾਅ ਅਤੇ ਮਰੀਜ਼ਾਂ ਲਈ ਹਮਦਰਦੀ ਦਾ ਹੋਣਾ ਸੀ। ਪੈ੍ਰੈਕਟਿਸ ਇੰਨੀ ਵਧੀਆ ਸੀ ਕਿ ਕਿਸੇ ਚੀਜ਼ ਦੀ ਕਮੀ ਨਹੀਂ ਸੀ।
ਉਨ੍ਹਾਂ ਦਾ ਇੱਕ ਪੁੱਤਰ ਅਰੁਣ ਸੀ। ਅਜੇ ਛੋਟਾ ਸੀ। ਮਸਾਂ ਤਿੰਨ ਸਾਲਾਂ ਦਾ। ਡਾਕਟਰ ਮਹੇਸ਼ ਚੰਦਰਾ ਤਾਂ ਪਹਿਲਾਂ ਕਲੀਨਿਕ ਚਲਿਆ ਜਾਂਦਾ ਪਰ ਕਾਂਤਾ ਪੁੱਤਰ ਨੂੰ ਤਿਆਰ ਕਰਕੇ ਨੌਕਰਾਣੀ ਨੂੰ ਸੰਭਾਲ ਕਲੀਨਿਕ ਪਹੁੰਚਦੀ। ਅਚਾਨਕ ਹੋਈ ਪਤੀ ਦੀ ਮੌਤ ਨੇ ਕਾਂਤਾ ਚੰਦਰਾ ਨੂੰ ਅੱਧ ਵਿਚਕਾਰੋਂ ਟੁੱਟੇ ਰੁੱਖ ਜਿਹਾ ਕਰ ਦਿੱਤਾ ਸੀ। ਉਸ ਨੂੰ ਸਮਝ ਹੀ ਨਾ ਆਵੇ ਕੀ ਕਰੇ?
‘‘ਕਿਵੇਂ ਵੱਡਾ ਕਰਾਂਗੀ ਮੈਂ ਅਰੁਣ ਨੂੰ? ਇਕੱਲੀ ਕਿਵੇਂ ਕਲੀਨਿਕ ਚਲਾਵਾਂਗੀ? ਕਿਵੇਂ ਮੁਕਾਬਲਾ ਕਰਾਂਗੀ ਇਨ੍ਹਾਂ ਮੁਸ਼ਕਲਾਂ ਦਾ?’’
ਅਜਿਹੇ ਕਿੰਨੇ ਸਾਰੇ ਸਵਾਲ ਜਿਹੜੇ ਉਹ ਆਪਣੇ-ਆਪ ਨੂੰ ਕਰੇ ਪਰ ਉਸ ਨੂੰ ਕੋਈ ਜਵਾਬ ਨਾ ਮਿਲੇ। ਅਜਿਹੇ ਮੌਕੇ ’ਤੇ ਇਨਸਾਨ ਮੁਸ਼ਕਿਲਾਂ ਨਾਲ ਆਪਣੇ-ਆਪ ਹੀ ਸਮਝੌਤਾ ਕਰ ਲੈਂਦਾ ਹੈ। ਉਹ ਇੰਨਾ ਮਜਬੂਰ ਹੋ ਜਾਂਦਾ ਹੈ ਕਿ ਸਭ ਕੁਝ ਜਬਰਨ ਬਰਦਾਸ਼ਤ ਕਰਨ ਲੱਗਦਾ ਹੈ। ਆਪਣੇ-ਆਪ ਨੂੰ ਉਨ੍ਹਾਂ ਪ੍ਰਸਥਿਤੀਆਂ ਦੇ ਅਨੁਕੂਲ ਢਾਲ ਲੈਂਦਾ ਹੈ। ਡਾਕਟਰ ਕਾਂਤਾ ਚੰਦਰਾ ਨੂੰ ਵੀ ਇਸੇ ਤਰ੍ਹਾਂ ਕਰਨਾ ਪਿਆ। ਡਾਕਟਰ ਕਾਂਤਾ ਨੇ ਅਰੁਣ ਨੂੰ ਨਰਸਰੀ ਸਕੂਲ ਪਾ ਦਿੱਤਾ ਅਤੇ ਆਪ ਛੇਤੀ ਤਿਆਰ ਹੋ ਕੇ ਕਲੀਨਿਕ ਜਾਣ ਲੱਗੀ। ਉਸ ਨੇ ਇੱਕ ਨੌਕਰਾਣੀ ਸਿਰਫ਼ ਪੁੱਤ ਦੀ ਦੇਖਭਾਲ ਲਈ ਰੱਖ ਲਈ। ਉਸ ਦਾ ਆਪਣਾ ਹੁਣ ਕੁਝ ਬਾਕੀ ਨਹੀਂ ਰਹਿ ਗਿਆ ਸੀ, ਕੋਈ ਚਾਅ, ਕੋਈ ਖ਼ੁਸ਼ੀ, ਕੁਝ ਵੀ ਨਹੀਂ। ਜਿਵੇਂ ਕਿਸੇ ਨੇ ਉਸ ਦਾ ਸਭ ਕੁਝ ਖੋਹ ਕੇ ਉਸ ਨੂੰ ਖਾਲੀ ਖਾਲੀ ਕਰ ਦਿੱਤਾ ਸੀ। ਉਹ ਦੇ ਜੀਵਨ ਦਾ ਇੱਕੋ ਮਕਸਦ ਬਾਕੀ ਸੀ ਕਿ ਪੁੱਤ ਨੂੰ ਪੜ੍ਹਾ-ਲਿਖਾ ਕੇ ਵੱਡਾ ਡਾਕਟਰ ਬਣਾਇਆ ਜਾਵੇ ਤਾਂ ਜੋ ਉਹ ਆਪਣੇ ਪਿਉ ਦੀ ਥਾਂ ਲੈ ਸਕੇ।
ਕਲੀਨਿਕ ਦੇ ਬਾਹਰ ਇੱਕ ਵੱਡਾ ਸਾਰਾ ਬੋਰਡ ਟੰਗਿਆ ਹੋਇਆ ਸੀ ਜਿਹੜਾ ਡਾਕਟਰ ਮਹੇਸ਼ ਚੰਦਰਾ ਨੇ ਆਪਣੀ ਪਸੰਦ ਦਾ ਬਣਵਾਇਆ ਸੀ। ਬੋਰਡ ਕਾਫ਼ੀ ਲੰਬਾ ਸੀ। ਉਸ ’ਤੇ ਪਤੀ-ਪਤਨੀ ਦੋਵਾਂ ਦੇ ਨਾਂ ਲਿਖੇ ਹੋਏ ਸਨ- ਡਾਕਟਰ ਮਹੇਸ਼ ਚੰਦਰਾ ਐੱਮ.ਬੀ.ਬੀ.ਐੱਸ. ਪੁਰਸ਼ ਰੋਗਾਂ ਦੇ ਮਾਹਰ ਅਤੇ ਡਾਕਟਰ ਕਾਂਤਾ ਚੰਦਰਾ ਐੱਮ.ਬੀ.ਬੀ.ਐੱਸ. ਇਸਤਰੀ ਰੋਗਾਂ ਦੇ ਮਾਹਰ। ਪਤੀ ਦੀ ਮੌਤ ਬਾਅਦ ਡਾਕਟਰ ਕਾਂਤਾ ਚੰਦਰਾ ਦੇ ਮਨ ’ਚ ਆਈ ਕਿ ਉਹ ਪਤੀ ਦਾ ਨਾਂ ਬੋਰਡ ਤੋਂ ਮਿਟਵਾ ਦੇਵੇ ਪਰ ਪਤੀ ਨਾਲ ਜੁੜੇ ਭਾਵੁਕ ਸਬੰਧਾਂ ਕਰਕੇ ਉਹ ਅਜਿਹਾ ਨਾ ਕਰ ਸਕੀ। ਉਹ ਜ਼ੋਰ ਲਾਇਆਂ ਵੀ ਆਪਣੇ ਨਾਂ ਨਾਲੋਂ ਪਤੀ ਦਾ ਨਾਂ ਅੱਡ ਨਾ ਕਰ ਸਕੀ।
ਡਾਕਟਰ ਕਾਂਤਾ ਉਸ ਵੇਲੇ ਮਸਾਂ 30 ਕੁ ਸਾਲਾਂ ਦੀ ਸੀ। ਇੱਕ-ਦੋ ਵਾਰੀ ਉਸ ਦੇ ਮਨ ’ਚ ਆਈ ਵੀ ਕਿਸੇ ਨਾਲ ਰਿਸ਼ਤਾ ਜੋੜ ਲਵੇ। ਪਹਾੜ ਜਿੱਡਾ ਜੀਵਨ ਕੱਟਣਾ ਸੁਖਾਲਾ ਹੋ ਜਾਵੇਗਾ ਪਰ ਉਹ ਇਸ ਤਰ੍ਹਾਂ ਨਾ ਕਰ ਸਕੀ। ਇਸ ਦਾ ਵੱਡਾ ਕਾਰਨ ਉਹਦਾ ਪੁੱਤ ਅਰੁਣ ਚੰਦਰਾ ਸੀ। ਉਹਦੇ ਮਨ ਵਿੱਚ ਆਉਂਦਾ ਕਿ ਕੀ ਪਤਾ ਦੂਜਾ ਆਦਮੀ ਅਰੁਣ ਨੂੰ ਪੁੱਤ ਦਾ ਦਰਜਾ ਨਾ ਹੀ ਦੇਵੇ, ਉਸ ਨਾਲ ਪਿਉ ਵਾਲਾ ਰਿਸ਼ਤਾ ਨਾ ਜੋੜ ਸਕੇ। ਬਸ ਫਿਰ ਕੀ ਆਪਣੀਆਂ ਖ਼ੁਸ਼ੀਆਂ ਦੀ ਕੁਰਬਾਨੀ ਦੇ ਕੇ ਉਹ ਪੁੱਤ ਨੂੰ ਪਾਲਣ ਲੱਗੀ।
ਵਕਤ ਲੰਘਿਆ, ਪੁੱਤ ਪਿਉ ’ਤੇ ਗਿਆ। ਉਸੇ ਤਰ੍ਹਾਂ ਦਾ ਹੁਸ਼ਿਆਰ ਅਤੇ ਪੜ੍ਹਨ ਵਿੱਚ ਬਹੁਤ ਚੰਗਾ। ਡਾਕਟਰ ਕਾਂਤਾ ਚੰਦਰਾ ਦਾ ਵੀ ਹੁਣ ਉਹੀ ਪਹਿਲਾਂ ਵਾਲਾ ਮਕਸਦ ਸੀ, ਪੁੱਤ ਨੂੰ ਡਾਕਟਰ ਬਣਾਉਣਾ। ਜਿਹੜਾ ਵੱਡਾ ਹੋ ਕੇ ਪਿਉ ਵਾਲੀ ਕੁਰਸੀ ਸਾਂਭ ਸਕੇ। ਭਾਵੁਕਤਾ ਕਾਰਨ ਹੀ ਡਾਕਟਰ ਕਾਂਤਾ ਚੰਦਰਾ ਨੇ ਪਤੀ ਦੀ ਮੌਤ ਤੋਂ ਬਾਅਦ ਵੀ ਉਹ ਕੁਰਸੀ ਉਸੇ ਥਾਂ ਪਈ ਰਹਿਣ ਦਿੱਤੀ ਸੀ, ਜਿਸ ’ਤੇ ਅਖੀਰੀ ਵਾਰ ਬੈਠਾ ਡਾਕਟਰ ਮਹੇਸ਼ ਚੰਦਰਾ ਇਸ ਸੰਸਾਰ ਤੋਂ ਟੁਰ ਗਿਆ ਸੀ। ਪੜ੍ਹਾਈ ਵਿੱਚ ਅਰੁਣ ਕਿਸੇ ਜਮਾਤ ਵਿੱਚ ਵੀ ਕਦੇ ਦੂਜੇ ਨੰਬਰ ’ਤੇ ਨਹੀਂ ਆਇਆ। ਸਕੂਲ ਦੀ ਪੜ੍ਹਾਈ ਪੂਰੀ ਕਰਕੇ ਉਸ ਨੇ ਐੱਮ.ਬੀ.ਬੀ.ਐੱਸ. ਵਿੱਚ ਦਾਖਲਾ ਲੈ ਲਿਆ। ਡਾਕਟਰ ਕਾਂਤਾ ਚੰਦਰਾ ਨੇ ਆਪਣੀ ਹੱਥੀਂ ਲਾਏ ਬੂਟੇ ਨੂੰ ਹੌਲੀ-ਹੌਲੀ ਵਧ ਕੇ ਰੁੱਖ ਬਣਦੇ ਵੇਖਿਆ। ਉਸ ਦੇ ਮਨ ’ਚ ਉਸ ’ਤੇ ਫਲ ਲੱਗਣ ਦੀ ਆਸ ਜਾਗ ਪਈ।
ਡਾਕਟਰੀ ਦੀ ਪੜ੍ਹਾਈ ਵਿੱਚ ਵੀ ਅਰੁਣ ਨੇ ਕੋਈ ਕਸਰ ਨਹੀਂ ਛੱਡੀ। ਜਿਵੇਂ ਉਹ ਸਕੂਲ ’ਚ ਹਰ ਜਮਾਤ ਵਿੱਚ ਪਹਿਲੇ ਨੰਬਰ ’ਤੇ ਆਇਆ। ਉਸ ਦੀ ਇੱਛਾ ਸੀ ਕਿ ਉਹ ਡਾਕਟਰੀ ਵਿੱਚ ਵੀ ਨਾਂ ਕਰੇ। ਡਾਕਟਰੀ ਵਿੱਚ ਦਾਖਲਾ ਲੈਣ ’ਤੇ ਪਹਿਲੇ ਦਿਨ ਉਹਦੀ ਮਾਂ ਨੇ ਉਸ ਨੂੰ ਕਿਹਾ ਸੀ, ‘‘ਪੁੱਤ ਤੇਰੇ ਪਾਪਾ ਦੀ ਇਹ ਕੁਰਸੀ ਖਾਲੀ ਪਈ ਹੈ। ਮੈਂ ਇਸ ਨੂੰ ਹੁਣ ਤਕ ਤੇਰੀ ਖਾਤਰ ਸਾਂਭ ਕੇ ਰੱਖਿਆ ਹੋਇਆ ਹੈ ਤਾਂ ਕਿ ਇੱਕ ਦਿਨ ਤੂੰ ਉਨ੍ਹਾਂ ਤੋਂ ਵੀ ਵੱਡਾ ਡਾਕਟਰ ਬਣ ਕੇ ਇਸ ’ਤੇ ਬੈਠ ਸਕੇਂ।’’
ਅਰੁਣ ਚੰਦਰਾ ਨੇ ਵੀ ਮਾਂ ਦੀ ਇੱਛਾ ਪੂਰੀ ਕਰਕੇ ਦਿਖਾਈ ਅਤੇ ਇੱਕ ਦਿਨ ਸਚਮੁੱਚ ਹੀ ਪਿਉ ਨਾਲੋਂ ਵੱਡਾ ਡਾਕਟਰ ਬਣ ਕੇ ਉਸ ’ਤੇ ਬੈਠ ਗਿਆ। ਉਸ ਨੇ ਐੱਮ.ਬੀ.ਬੀ.ਐੱਸ. ਤੋਂ ਬਾਅਦ ਐੱਮ.ਡੀ. ਵੀ ਕਰ ਲਈ। ਫਿਰ ਉਹ ਦਿਨ ਵੀ ਆ ਗਿਆ ਜਦੋਂ ਡਾਕਟਰ ਕਾਂਤਾ ਚੰਦਰਾ ਨੇ ਖ਼ੁਸ਼ੀ ’ਚ ਭਰਿਆਂ ਕਲੀਨਿਕ ਬਾਹਰ ਟੰਗੇ ਬੋਰਡ ’ਤੇ ਆਪਣੇ ਪਤੀ ਦੇ ਨਾਂ ਦੀ ਥਾਂ ਆਪਣੇ ਪੁੱਤ ਦਾ ਨਾਂ ਲਿਖਵਾ ਦਿੱਤਾ। ਹੁਣ ਉਸ ਥਾਂ ਦੋ ਹੀ ਨਾਂ ਸਨ- ਡਾਕਟਰ ਕਾਂਤਾ ਚੰਦਰਾ ਐੱਮ.ਬੀ.ਬੀ.ਐੱਸ. ਇਸਤਰੀ ਰੋਗਾਂ ਦੀ ਮਾਹਰ ਅਤੇ ਦੂਜਾ ਨਾਂ ਉਹ ਦੀਆਂ ਡਿਗਰੀਆਂ ਸਮੇਤ ਡਾਕਟਰ ਅਰੁਣ ਚੰਦਰਾ ਦਾ ਸੀ।
ਹੁਣ ਫਿਰ ਪਹਿਲਾਂ ਵਾਂਗ ਇਸਤਰੀ ਮਰੀਜ਼ਾਂ ਨੂੰ ਡਾਕਟਰ ਕਾਂਤਾ ਚੰਦਰਾ ਵੇਖਣ ਲੱਗੀ ਅਤੇ ਪੁਰਸ਼ ਮਰੀਜ਼ ਡਾਕਟਰ ਅਰੁਣ ਚੰਦਰਾ ਕੋਲ ਜਾਣ ਲੱਗੇ। ਆਪਣੇ ਹੱਥੀਂ ਲਾਏ ਰੁੱਖ ’ਤੇ ਫਲ ਲੱਗੇ ਵੇਖ ਡਾਕਟਰ ਕਾਂਤਾ ਚੰਦਰਾ ਤੋਂ ਖ਼ੁਸ਼ੀ ਸਾਂਭੀ ਨਾ ਜਾਂਦੀ। ਸਵੇਰੇ ਕਲੀਨਿਕ ’ਚ ਦਾਖਲ ਹੁੰਦਿਆਂ ਜਾਂ ਫਿਰ ਮਰੀਜ਼ ਵੇਖ ਕੇ ਕਲੀਨਿਕ ਤੋਂ ਬਾਹਰ ਨਿਕਲਦਿਆਂ ਉਸ ਦੀ ਨਜ਼ਰ ਇੱਕ ਵਾਰੀ ਜ਼ਰੂਰ ਉਸ ਬੋਰਡ ’ਤੇ ਚਲੀ ਜਾਂਦੀ, ਜਿੱਥੇ ਉਸ ਦੇ ਨਾਂ ਨਾਲ ਡਾਕਟਰ ਅਰੁਣ ਚੰਦਰਾ ਐੱਮ.ਡੀ. ਦਾ ਨਾਂ ਲਿਖਿਆ ਹੋਇਆ ਸੀ। ਖ਼ੁਸ਼ੀ ਨਾਲ ਉਸ ਦਾ ਅੰਦਰ ਭਰ ਜਾਂਦਾ। ਕਈ ਵਾਰੀ ਉਸ ਨੂੰ ਇੰਜ ਲੱਗਦਾ ਜਿਵੇਂ ਬੋਰਡ ਵੇਖ ਕੇ ਉਸ ਦਾ ਰੋਣਾ ਨਿਕਲ ਜਾਵੇਗਾ। ਇਹ ਸਾਰਾ ਕੁਝ ਸ਼ਾਇਦ ਉਸ ਕੁਰਬਾਨੀ ਕਰਕੇ ਸੀ, ਜਿਹੜੀ ਉਸ ਨੇ ਪਤੀ ਦੇ ਮੋਇਆਂ ਆਪਣੇ ਪੁੱਤ ਲਈ ਕੀਤੀ ਸੀ। ਜਿੱਥੇ ਪਤੀ ਦੇ ਮਰਨ ਬਾਅਦ ਤਾਂ ਸ਼ਾਇਦ ਉਸ ਲਈ ਆਪਣੀ ਖਾਤਰ ਕੁਝ ਵੀ ਨਹੀਂ ਸੀ ਰਹਿ ਗਿਆ। 30 ਸਾਲਾਂ ਦੀ ਹੁੰਦਿਆਂ ਵੀ ਉਸ ਨੇ ਦੂਜਾ ਵਿਆਹ ਨਹੀਂ ਸੀ ਕਰਵਾਇਆ। ਆਪਣਾ ਸੁੱਖ ਨਹੀਂ ਸੀ ਵੇਖਿਆ। ਆਪਣੇ ਬਾਰੇ ਨਹੀਂ ਸੀ ਸੋਚਿਆ।
ਇਸ ਖ਼ੁਸ਼ੀ ਨੂੰ ਸਾਂਝਾ ਕਰਨ ਲਈ ਡਾਕਟਰ ਕਾਂਤਾ ਚੰਦਰਾ ਨੇ ਇੱਕ ਪਾਰਟੀ ਦਿੱਤੀ। ਪਾਰਟੀ ਵਿੱਚ ਉਹਦੇ ਸਰਕਲ ਦੇ ਡਾਕਟਰ ਤਾਂ ਆਏ ਹੀ ਨਾਲ ਇਲਾਕੇ ਦੇ ਮੰਨੇ-ਪ੍ਰਮੰਨੇ ਬੰਦੇ ਵੀ ਸੱਦੇ ਗਏ। ਪੁੱਤ ਦੀ ਕਾਮਯਾਬੀ ਲਈ ਦਿੱਤੀ ਪਾਰਟੀ ਵਿੱਚ ਇੱਕ ਡਾਕਟਰ ਪਰਿਵਾਰ ਵੀ ਸ਼ਾਮਲ ਹੋਇਆ ਸੀ। ਸੇਠੀ ਸਨ ਉਹ। ਉਨ੍ਹਾਂ ਦੀ ਵੱਡੀ ਧੀ ਕਿਰਨ ਨੇ ਐੱਮ.ਬੀ.ਬੀ.ਐੱਸ. ਕੀਤੀ ਹੋਈ ਸੀ। ਕਿਸੇ ਨਰਸਿੰਗ ਹੋਮ ਵਿੱਚ ਡਾਕਟਰ ਲੱਗੀ ਹੋਈ ਸੀ। ਪਾਰਟੀ ਵਿੱਚ ਡਾਕਟਰ ਕਿਰਨ ਸੇਠੀ ਦੀ ਡਾਕਟਰ ਅਰੁਣ ਚੰਦਰਾ ਨਾਲ ਅਜਿਹੀ ਗੱਲ ਹੋਈ ਕਿ ਥੋੜ੍ਹੇ ਜਿਹੇ ਵਕਤ ’ਚ ਦੋਵਾਂ ਨੇ ਇੱਕ-ਦੂਜੇ ਨੂੰ ਪਸੰਦ ਕਰ ਲਿਆ। ਚਲਦੀ ਪਾਰਟੀ ਵਿੱਚ ਡਾਕਟਰ ਅਰੁਣ ਨੇ ਇੱਕ ਵਾਰੀ ਪਹਿਲਾਂ ਡਾਕਟਰ ਕਿਰਨ ਸੇਠੀ ਅਤੇ ਫੇਰ ਮਾਂ ਵੱਲ ਵੇਖਿਆ। ਭਲਾ ਮਾਂ ਨੂੰ ਇਸ ਵਿੱਚ ਕੀ ਇਤਰਾਜ਼ ਹੋ ਸਕਦਾ ਸੀ। ਪੁੱਤ ਦੀ ਖ਼ੁਸ਼ੀ ਵਿੱਚ ਹੀ ਤਾਂ ਉਸ ਦੀ ਖ਼ੁਸ਼ੀ ਸੀ।
ਬਸ ਫੇਰ ਕੀ? ਕੁਝ ਦਿਨਾਂ ਬਾਅਦ ਹੀ ਮਿਸਟਰ ਸੇਠੀ ਨਾਲ ਗੱਲ ਕਰਕੇ ਉਹਦੀ ਡਾਕਟਰ ਧੀ ਦਾ ਰਿਸ਼ਤਾ ਪੱਕਾ ਕਰ ਲਿਆ ਗਿਆ। ਵਿਆਹ ਤੋਂ ਬਾਅਦ ਡਾਕਟਰ ਕਾਂਤਾ ਚੰਦਰਾ ਨਵੀਂ ਵਿਆਹੀ ਆਈ ਡਾਕਟਰ ਨੂੰਹ ਨੂੰ ਚਾਈਂ-ਚਾਈਂ ਪਹਿਲਾਂ ਆਪਣਾ ਘਰ ਵਿਖਾਉਣ ਲੱਗੀ, ਫਿਰ ਦੋਵਾਂ ਨੂੰ ਕਲੀਨਕ ਲੈ ਗਈ। ਉਸ ਨੇ ਨੰਹ ਨੂੰ ਉਹ ਕੁਰਸੀ ਵੀ ਵਿਖਾਈ ਜਿਸ ’ਤੇ ਕਦੇ ਉਸ ਦਾ ਪਤੀ ਬੈਠ ਮਰੀਜ਼ਾਂ ਨੂੰ ਵੇਖਿਆ ਕਰਦਾ ਸੀ। ਉਸ ਨੇ ਨੂੰਹ ਨੂੰ ਇਹ ਵੀ ਦੱਸਿਆ ਕਿ ਹੁਣ ਏਸ ਕੁਰਸੀ ’ਤੇ ਉਹਦਾ ਪੁੱਤ ਬੈਠਣ ਲੱਗਾ ਹੈ। ਫੇਰ ਉਸ ਨੇ ਨੂੰਹ ਨੂੰ ਆਪਣੇ ਵਾਲੀ ਕੁਰਸੀ ਦਿਖਾਈ ਜਿਸ ’ਤੇ ਬੈਠਦਿਆਂ ਉਸ ਦੀ ਸਾਰੀ ਉਮਰ ਲੰਘ ਗਈ ਸੀ। ਉਸ ਨੇ ਕਲੀਨਿਕ ਤੋਂ ਬਾਹਰ ਕੰਧ ’ਤੇ ਟੰਗਿਆ ਉਹ ਬੋਰਡ ਦਿਖਾਇਆ ਜਿਸ ’ਤੇ ਕਦੇ ਉਸ ਦਾ ਅਤੇ ਉਸ ਦੇ ਪਤੀ ਦਾ ਨਾਂ ਲਿਖਿਆ ਹੁੰਦਾ ਸੀ। ਡਿਗਰੀਆਂ ਲਿਖੀਆਂ ਹੁੰਦੀਆਂ ਸਨ। ਕਿਵੇਂ ਕਿੰਨੇ ਵਰ੍ਹੇ ਭਾਵੁਕਤਾ ’ਚ ਡੁੱਬਿਆਂ ਉਸ ਨੇ ਪਤੀ ਦਾ ਨਾਂ ਉਸ ਬੋਰਡ ’ਤੇ ਰਹਿਣ ਦਿੱਤਾ ਸੀ ਜਦੋਂ ਤੀਕ ਉਸ ਦੇ ਪੁੱਤ ਨੇ ਡਾਕਟਰੀ ਨਾ ਪੜ੍ਹ ਲਈ। ਫੇਰ ਇੱਕ ਦਿਨ ਉਸ ਨੇ ਬੋਰਡ ’ਤੇ ਪਤੀ ਦੀ ਥਾਂ ਪੁੱਤ ਦਾ ਨਾਂ ਲਿਖਵਾ ਕੇ ਉਸ ਦੀਆਂ ਡਿਗਰੀਆਂ ਨਾਲ ਵੀ ਜੋੜ ਦਿੱਤੀਆਂ ਸਨ।
ਉਹ ਤਿੰਨੇ ਜਣੇ ਇਹ ਸਭ ਵੇਖ ਕੇ ਘਰ ਆ ਗਏ। ਅਗਲੇ ਦਿਨ ਸਵੇਰੇ ਹੀ ਡਾਕਟਰ ਕਾਂਤਾ ਚੰਦਰਾ ਇਸ ਸਾਰੇ ਬੋਝ ਤੋਂ ਮੁਕਤ ਹੋ ਕੇ ਇੱਕ-ਦੋ ਹਫ਼ਤੇ ਲਈ ਆਪਣੇ ਗੁਰੂ ਜੀ ਦੇ ਆਸ਼ਰਮ ਚਲੀ ਗਈ ਤਾਂ ਕਿ ਉਸ ਥਾਂ ਜਾ ਕੇ ਸਭ ਕੁਝ ਭੁਲਾ ਅੱਠ-ਦਸ ਦਿਨਾਂ ਲਈ ਸ਼ਾਂਤ ਜੀਵਨ ਬਤੀਤ ਕਰ ਸਕੇ। ਇਤਨੀ ਲੰਮੀ ਅਤੇ ਮੁਸ਼ਕਲਾਂ ਭਰੀ ਜ਼ਿੰਦਗੀ ਤੋਂ ਅੱਡ ਹੋ ਕੇ ਕੁਝ ਦਿਨਾਂ ਲਈ ਆਰਾਮ ਕਰ ਸਕੇ। ਨੂੰਹ ਅਤੇ ਪੁੱਤ ਉਸ ਨੂੰ ਕਾਰ ’ਚ ਬਿਠਾ ਸਟੇਸ਼ਨ ’ਤੇ ਗੱਡੀ ਚੜ੍ਹਾਉਣ ਗਏ।
ਡਾਕਟਰ ਕਾਂਤਾ ਚੰਦਰਾ ਪੰਦਰਾਂ ਦਿਨ ਆਸ਼ਰਮ ਵਿੱਚ ਰਹੀ। ਨੂੰਹ-ਪੁੱਤ ਨੂੰ ਉਹਦੇ ਆਉਣ ਦੇ ਦਿਨ ਅਤੇ ਗੱਡੀ ਦਾ ਪਤਾ ਸੀ। ਗੱਡੀ ਦੇ ਡੱਬੇ ’ਚ ਦਾਖਲ ਹੁੰਦੀ ਨੂੰ ਨੂੰਹ ਅਤੇ ਪੁੱਤ ਨੇ ਇਹ ਵੀ ਕਿਹਾ ਸੀ ਕਿ ਉਹ ਦੋਵੇਂ ਉਸ ਨੂੰ ਠੀਕ ਦਿਨ ਅਤੇ ਠੀਕ ਵਕਤ ’ਤੇ ਲੈਣ ਲਈ ਆਉਣਗੇ। ਜਦੋਂ ਗੱਡੀ ਸਟੇਸ਼ਨ ’ਤੇ ਰੁਕੀ ਡਾਕਟਰ ਕਾਂਤਾ ਚੰਦਰਾ ਨੇ ਵੇਖਿਆ ਕਿ ਉਸ ਨੂੰ ਲੈਣ ਲਈ ਸਿਰਫ਼ ਉਸ ਦਾ ਪੁੱਤ ਹੀ ਆਇਆ ਸੀ।
‘‘ਪੁੱਤ ਅਰੁਣ ਕੀ ਗੱਲ ਬਹੂ ਨਹੀਂ ਆਈ? ਸਭ ਸੁੱਖ ਤਾਂ ਹੈ?’’ ਇਕੱਲੇ ਪੁੱਤ ਨੂੰ ਖੜ੍ਹੇ ਵੇਖ ਡਾਕਟਰ ਕਾਂਤਾ ਨੇ ਪੁੱਛਿਆ।
‘‘ਉਹ ਮਾਂ…।’’
ਡਾਕਟਰ ਅਰੁਣ ਚੰਦਰਾ ਮਾਂ ਦੇ ਇਸ ਸਵਾਲ ਦਾ ਕੋਈ ਠੀਕ ਜਵਾਬ ਨਾ ਦੇ ਸਕਿਆ ਸਗੋਂ ਗੱਲ ਜਿਵੇਂ ਉਸ ਦੇ ਮੂੰਹ ਵਿੱਚ ਹੀ ਅਟਕੀ ਰਹਿ ਗਈ।
ਕਾਰ ਸਟਾਰਟ ਕਰਦੇ ਨੂੰ ਡਾਕਟਰ ਕਾਂਤਾ ਨੇ ਕਿਹਾ, ‘‘ਪੁੱਤ ਚੱਲ ਕਲੀਨਿਕ ਨੂੰ ਨਿਕਲ ਜਾਂਦੇ ਹਾਂ। ਦੋ ਮਰੀਜ਼ਾਂ ਨੂੰ ਜਾਂਦੀ ਹੋਈ ਮੈਂ ਅੱਜ ਦੇ ਦਿਨ ਚੈੱਕ ਕਰਨ ਦਾ ਵਕਤ ਦੇ ਗਈ ਸੀ। ਉਹ ਗਿਆਰਾਂ ਵਜੇ ਆਉਣਗੇ। ਇਸ ਵੇਲੇ ਤਾਂ ਸਾਢੇ ਨੌਂ ਹੀ ਵਜੇ ਨੇ।’’
ਘੜੀ ਵੱਲ ਵੇਖਦਿਆਂ ਡਾਕਟਰ ਕਾਂਤਾ ਚੰਦਰਾ ਨੇ ਕਿਹਾ। ਭਲਾ ਅਰੁਣ ਏਸ ਲਈ ਮਾਂ ਨੂੰ ਨਾਂਹ ਕਿਵੇਂ ਕਰ ਸਕਦਾ ਸੀ? ਮਾਂ ਦੇ ਕਿਹਾਂ ਪੁੱਤ ਨੇ ਕਾਰ ਕਲੀਨਿਕ ਵੱਲ ਮੋੜ ਲਈ। ਉਹ ਦੋਵੇਂ ਛੇਤੀ ਹੀ ਕਲੀਨਿਕ ਪਹੁੰਚ ਗਏ। ਅਰੁਣ ਨੇ ਕਾਰ ਇੱਕ ਪਾਸੇ ਖੜ੍ਹੀ ਕਰ ਦਿੱਤੀ ਅਤੇ ਮਾਂ ਨੂੰ ਨਾਲ ਲੈ ਕੇ ਅੰਦਰ ਦਾਖਲ ਹੋ ਗਿਆ। ਕਲੀਨਿਕ ’ਚ ਦਾਖਲ ਹੁੰਦਿਆਂ ਹੀ ਡਾਕਟਰ ਕਾਂਤਾ ਚੰਦਰਾ ਦੇ ਪੈਰ ਤਾਂ ਜਿਵੇਂ ਜੰਮ ਗਏ। ਉਸ ਨੇ ਵੇਖਿਆ ਕਿ ਮੇਜ਼ ਦੇ ਸਾਹਮਣੇ ਕਰਕੇ ਲੱਗੀ ਉਹਦੇ ਪੁੱਤ ਦੀ ਕੁਰਸੀ ਤਾਂ ਖਾਲੀ ਸੀ ਪਰ ਉਸ ਵਾਲੀ ਕੁਰਸੀ ’ਤੇ ਉਹਦੀ ਨੂੰਹ ਕਿਰਨ ਚੰਦਰਾ ਬੈਠੀ ਇਸਤਰੀ ਮਰੀਜ਼ਾਂ ਨੂੰ ਚੈੱਕ ਕਰ ਰਹੀ ਸੀ।
‘‘ਚੱਲ ਪੁੱਤ ਪਹਿਲਾਂ ਘਰ ਚੱਲ ਕੇ ਮੈਂ ਥੋੜ੍ਹਾ ਆਰਾਮ ਕਰ ਲਵਾਂ। ਫੇਰ ਨਹਾ ਕੇ ਕਲੀਨਿਕ ਆ ਜਾਵਾਂਗੀ।’’
ਪੁੱਤ ਦਾ ਜਵਾਬ ਉਡੀਕੇ ਬਿਨਾਂ ਉਹ ਕਲੀਨਿਕ ਤੋਂ ਬਾਹਰ ਵੱਲ ਨੂੰ ਤੁਰ ਪਈ। ਉਹਦੇ ਵਾਲੀ ਕੁਰਸੀ ’ਤੇ ਬੈਠੀ ਉਹਦੀ ਨੂੰਹ ਨੂੰ ਉਸ ਦੇ ਆਉਣ ਦਾ ਪਤਾ ਹੀ ਨਹੀਂ ਲੱਗਿਆ।
ਕਲੀਨਿਕ ਤੋਂ ਬਾਹਰ ਆ ਕੇ ਉਸ ਨੇ ਸਿਰ ਚੁੱਕ ਬਾਹਰ ਲੱਗੇ ਬੋਰਡ ਵੱਲ ਵੇਖਿਆ ਜਿਸ ਨੂੰ ਉਹ ਕਲੀਨਿਕ ਅੰਦਰ ਜਾਣ ਲੱਗਿਆਂ ਨਹੀਂ ਸੀ ਦੇਖ ਸਕੀ। ਇਸ ਦੇ ਇੱਕ ਪਾਸੇ ਡਾਕਟਰ ਅਰੁਣ ਚੰਦਰਾ ਐੱਮ.ਬੀ.ਬੀ.ਐੱਸ., ਐੱਮ.ਡੀ. ਲਿਖਿਆ ਹੋਇਆ ਸੀ। ਡਾਕਟਰ ਕਾਂਤਾ ਚੰਦਰਾ ਦੀ ਨਜ਼ਰ ਬੋਰਡ ਦੇ ਦੂਜੇ ਪਾਸੇ ਦੇ ਲਿਖੇ ’ਤੇ ਤਾਂ ਜਿਵੇਂ ਗੱਡੀ ਹੀ ਗਈ। ਉਹ ਵਾਰ-ਵਾਰ ਉੱਥੇ ਲਿਖਿਆ ਪੜ੍ਹੀ ਜਾ ਰਹੀ ਸੀ: ‘ਲੇਡੀ ਡਾਕਟਰ ਕਿਰਨ ਚੰਦਰਾ ਐੱਮ.ਬੀ.ਬੀ.ਐੱਸ. ਇਸਤਰੀ ਰੋਗਾਂ ਦੇ ਮਾਹਿਰ।’ ਇਉਂ ਕਰਕੇ ਉਹਦੇ ਪੁੱਤ ਅਰੁਣ ਚੰਦਰਾ ਨੇ ਹੀ ਆਪਣੇ ਨਾਲ ਸਾਰੀ ਉਮਰ ਦੀ ਜੁੜੀ ਮਾਂ ਨੂੰ ਮਨਫ਼ੀ ਕਰਕੇ ਉੱਥੇ ਪਤਨੀ ਦਾ ਨਾਂ ਜੋੜ ਦਿੱਤਾ ਸੀ।
ਇਹ ਸਭ ਵੇਖ ਕਾਂਤਾ ਚੰਦਰਾ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ। ਫੇਰ ਇੱਕ ਬੂੰਦ ਉਹਦੀ ਖੱਬੀ ’ਚੋਂ ਬਾਹਰ ਨਿਕਲ ਅਜੇ ਉਸ ਦੀ ਗੱਲ ’ਤੇ ਵਗਣ ਨੂੰ ਹੋਈ ਹੀ ਸੀ ਕਿ ਡਾਕਟਰ ਕਾਂਤਾ ਚੰਦਰਾ ਨੇ ਫੁਰਤੀ ਨਾਲ ਆਪਣੇ ਸੱਜੇ ਹੱਥ ਦੀ ਵਿਚਕਾਰਲੀ ਉਂਗਲ ਨਾਲ ਉਸ ਨੂੰ ਹੌਲੀ ਦੇਣੇ ਪੂੰਝ ਲਿਆ।
ਇੰਨੇ ਵਿੱਚ ਉਹਦਾ ਪੁੱਤ ਵੀ ਉਸ ਕੋਲ ਆ ਗਿਆ ਸੀ।
‘‘ਕੀ ਹੋਇਆ ਮਾਂ?’’ ਉਸ ਨੇੜੇ ਆ ਕੇ ਡਾਕਟਰ ਅਰੁਣ ਚੰਦਰਾ ਨੇ ਮਾਂ ਨੂੰ ਸਵਾਲ ਕੀਤਾ।
‘‘ਕੁਝ ਨਹੀਂ।’’
ਪੁੱਤ ਦੇ ਪੁੱਛੇ ਸਵਾਲ ਦਾ ਸਿਰਫ਼ ਦੋ ਸ਼ਬਦਾਂ ਨਾਲ ਜਵਾਬ ਦੇ ਕੇ ਹੋਰ ਕੁਝ ਬੋਲੇ ਬਿਨਾਂ ਡਾਕਟਰ ਕਾਂਤਾ ਚੰਦਰਾ ਚੁੱਪ-ਚਾਪ ਕਾਰ ਵਿੱਚ ਬੈਠਣ ਲਈ ਉਧਰ ਨੂੰ ਤੁਰ ਪਈ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਐਸ. ਸਾਕੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ