Kulwant Kaur Jiundi Hai : Waryam Singh Sandhu

ਕੁਲਵੰਤ ਕੌਰ ਜਿਊਂਦੀ ਹੈ : ਵਰਿਆਮ ਸਿੰਘ ਸੰਧੂ

ਮੈਂ ਵੈਨਕੂਵਰ ਤੋਂ ਸਾਂਨਫਰਾਂਸਿਸਕੋ ਜਾ ਰਿਹਾ ਸਾਂ। ਵੈਨਕੂਵਰ ਤੋਂ ਪਹਿਲਾਂ ਮੈਂ ਸਿਆਟਲ ਤੱਕ ਜਾਣਾ ਸੀ ਅਤੇ ਓਥੋਂ ਸਾਂਨਫਰਾਂਸਿਸਕੋ ਲਈ ਹੋਰ ਜਹਾਜ਼ ਬਦਲਣਾ ਸੀ। ਹਵਾਈ ਅੱਡੇ ਦੀ ਸਾਰੀ ਪ੍ਰਕਿਰਿਆ ਪਾਰ ਕਰਨ ਉਪਰੰਤ ਮੈਂ ਗੇਟ ਨੰਬਰ ਈ-6 ਦੇ ਸਾਹਮਣੇ ਪਹੁੰਚ ਕੇ ਕੁਰਸੀ ਉੱਤੇ ਬੈਠਾ ਆਪਣੀ ਫਲਾਈਟ ਦੀ ਉਡੀਕ ਵਿੱਚ ਸਾਂ। ਹੌਲੀ-ਹੌਲੀ ਇੱਕਾ-ਦੁੱਕਾ ਮੁਸਾਫ਼ਿਰ ਆਉਂਦੇ ਗਏ ਅਤੇ ਕੁਰਸੀਆਂ ਉੱਪਰ ਬੈਠਦੇ ਗਏ। ਸ਼ਾਮ ਸਾਢੇ ਕੁ ਅੱਠ ਦਾ ਵਕਤ ਹੋਵੇਗਾ ਜਦੋਂ ਦਰਮਿਆਨੇ ਕੱਦ ਦਾ 22-24 ਸਾਲ ਦਾ ਛੀਂਟਕਾ ਜਿਹਾ ਨੌਜਵਾਨ ਮੇਰੇ ਨੇੜੇ ਆ ਕੇ ਬੈਠ ਗਿਆ। ਆਪਣਾ ਬੈਗ਼ ਮੋਢੇ ਤੋਂ ਉਤਾਰਦਿਆਂ ਉਸ ਨੇ ਮੇਰੇ ਕੋਲੋਂ ਅੰਗਰੇਜ਼ੀ ਵਿੱਚ ਪੁੱਛਿਆ, "ਨੌਂ ਵਜੇ ਫਲਾਈਟ ਹੈ ਪਰ ਅਜੇ ਤੱਕ ਏਥੇ ਏਅਰਲਾਈਨ ਦਾ ਕੋਈ ਆਦਮੀ ਕਿਓਂ ਨਹੀਂ ਆਇਆ?" ਮੈਂ ਭਲਾ ਕੀ ਦੱਸਦਾ! ਮੁਸਕਰਾ ਕੇ ਸਿਰ ਹਿਲਾ ਛੱਡਿਆ।
ਉਸ ਨੇ ਦੁਬਾਰਾ ਪੁੱਛਿਆ। "ਤੁਸੀਂ ਵੀ ਇਸੇ ਫਲਾਈਟ ਤੇ ਜਾ ਰਹੇ ਹੋ?"
ਮੇਰੀ ਉਸ ਨਾਲ ਗੱਲਬਾਤ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਸੀ। ਮੈਂ 'ਹਾਂ' ਵਿੱਚ ਸਿਰ ਹਿਲਾ ਕੇ ਚੁੱਪ ਕਰ ਗਿਆ।
"ਰਹਿੰਦੇ ਕਿੱਥੇ ਓ ਸਰਦਾਰ ਜੀ?", ਐਤਕੀਂ ਉਸ ਨੇ ਬੜੀ ਠੇਠ ਅਤੇ ਮਿੱਠੀ ਪੰਜਾਬੀ ਵਿੱਚ ਪੁੱਛਿਆ ਤਾਂ ਮੇਰੇ ਆਪੇ ਦੇ ਜਿਵੇਂ ਬੰਦ ਮੁਸਾਮ ਖੁੱਲ ਗਏ। ਇਹ ਤਾਂ ਕੋਈ ਆਪਣਾ ਹੀ ਪੰਜਾਬੀ ਭਰਾ ਸੀ। ਮੈਂ ਖੁਸ਼ੀ ਭਰੀ ਹੈਰਾਨੀ ਨਾਲ ਉਹਦੇ ਵੱਲ ਝਾਕਣ ਲੱਗਾ।
ਮੈਂ ਉਸਨੂੰ ਆਪਣੇ ਬਾਰੇ ਦੱਸਣ ਲੱਗਾ।
'ਜਲੰਧਰ' ਦਾ ਨਾਮ ਸੁਣ ਕੇ ਉਸਦੀਆਂ ਅੱਖਾਂ ਵਿੱਚ ਲਿਸ਼ਕ ਆਈ। ਉਸ ਨੇ ਦੁਹਰਾ ਕੇ ਪੁੱਛਿਆ, "ਅੱਛਾ! ਜਲੰਧਰ ਰਹਿੰਦੇ ਓ ਤੁਸੀਂ?"
ਸਾਡੇ ਦੋਹਾਂ ਵਿਚਕਾਰ ਪਿਆ ਆਪਣਾ ਬੈਗ਼ ਉਸ ਨੇ ਚੁੱਕ ਕੇ ਦੂਜੇ ਪਾਸੇ ਰੱਖ ਲਿਆ ਅਤੇ ਮੇਰੇ ਹੋਰ ਨੇੜੇ ਹੋ ਗਿਆ।
"ਮੈਂ ਪਾਕਿਸਤਾਨ ਤੋਂ ਆਂ। ਸਾਡੇ ਵਡੇਰੇ ਵੀ ਪਿੱਛੋਂ ਜਲੰਧਰ ਦੇ ਨੇ। ਓਥੇ ਸਾਡਾ ਲੁਹਾਰੇ ਦਾ ਕੰਮ ਹੁੰਦਾ ਸੀ। ਮੇਰਾ ਦਾਦਾ ਉਹ ਬਣਾਉਂਦਾ ਹੁੰਦਾ ਸੀ ਜਿਸ ਨਾਲ ਅਸੀਂ ਫ਼ਸਲ ਕੱਟਦੇ ਆਂ……" ਉਸ ਨੇ ਫ਼ਸਲ ਕੱਟਣ ਵਾਂਗ ਹੱਥ ਹਿਲਾਉਂਦਿਆਂ ਕਿਹਾ, "ਉਹ …ਹਾਂ……ਦਾਤਰੀਆਂ ਅਤੇ ਖੁਰਪੇ ਵੀ।"
ਉਹਨੂੰ ਵਡੇਰਿਆਂ ਦੇ ਕਿੱਤੇ ਦਾ ਮਾਣ ਸੀ।
"ਤੁਹਾਡਾ ਇਸਮ ਸ਼ਰੀਫ?" ਮੈਂ ਪੁੱਛਿਆ ਤਾਂ ਉਹਦੀਆਂ ਖ਼ੁਸ਼ੀ ਵਿੱਚ ਵਾਛਾਂ ਖਿੜ ਗਈਆਂ।
"ਤੁਸੀਂ ਉਰਦੂ ਜਾਣਦੇ ਓ?"
"ਥੋੜ੍ਹਾ ਥੋੜ੍ਹਾ……ਸਾਡੀ ਬੜੀ ਅਮੀਰ ਜ਼ਬਾਨ ਹੈ ਉਰਦੂ।"
ਉਸ ਦਾ ਨਾਂ ਰਾਸ਼ਿਦ ਸੀ ਅਤੇ ਉਹ ਪਿਛਲੇ ਚਾਰ ਸਾਲਾਂ ਤੋਂ ਫਲੋਰਿਡਾ ਵਿੱਚ, ਪੜ੍ਹਾਈ ਕਰ ਰਿਹਾ ਸੀ। ਮਾਪੇ ਉਸ ਦੇ ਪਾਕਿਸਤਾਨ ਵਿੱਚ ਹੀ ਸਨ।
ਮੈਂ ਪੁੱਛਿਆ, "ਅੱਜ ਕੱਲ੍ਹ ਤੁਸੀਂ ਕਿੱਥੇ ਰਹਿੰਦੇ ਓ?"
ਇੱਕ ਸਾਂਝ ਜੁੜ ਜਾਣ ਦੇ ਬਾਵਜੂਦ ਉਸ ਨੂੰ ਅੰਦਰੋਂ ਲੱਗਦਾ ਸੀ ਕਿ ਮੈਂ ਪਾਕਿਸਤਾਨ, ਇੱਕ ਅਜਨਬੀ ਦੇਸ਼ ਬਾਰੇ ਕੀ ਜਾਣਦਾ ਹੋ ਸਕਦਾ ਹਾਂ! ਇਸ ਲਈ ਉਹ ਥੋੜ੍ਹਾ ਵਿਸਥਾਰ ਨਾਲ ਸਮਝਾਉਣ ਲੱਗਾ।
"ਸਾਡੇ ਓਧਰਲੇ ਪੰਜਾਬ ਵਿੱਚ ਇੱਕ ਜ਼ਿਲ੍ਹਾ ਹੈ ਸਿਆਲਕੋਟ।"
"ਹਾਂ……ਹਾਂ ਡਾ: ਇਕਬਾਲ ਵਾਲਾ ਸਿਆਲਕੋਟ।"
ਮੈਂ ਗੁਰਬਖ਼ਸ਼ ਸਿੰਘ ਪ੍ਰੀਤਲੜੀ ਵਾਲਾ ਸਿਆਲਕੋਟ ਵੀ ਕਹਿਣਾ ਚਾਹੁੰਦਾ ਸਾਂ ਪਰ ਉਸ ਨੂੰ ਕੀ ਪਤਾ ਹੋਣਾ ਸੀ!
"ਤੁਸੀਂ ਡਾਕਟਰ ਇਕਬਾਲ ਨੂੰ ਵੀ ਜਾਣਦੇ ਓ?"
"ਕਿਓਂ ਨਹੀਂ, ਉਹ ਇਸ ਬਰੇ-ਸਗੀਰ ਦਾ ਅਜ਼ੀਮ ਸ਼ਾਇਰ ਹੋਇਆ ਹੈ। ਸਾਡਾ ਆਪਣਾ ਸ਼ਾਇਰ-ਏ-ਮਸ਼ਰਿਕ, ਪੂਰਬ ਦਾ ਸ਼ਾਇਰ।"
ਉਹ ਖੁਸ਼ੀ 'ਚ ਚਹਿਕਿਆ, "ਹਾਂ…ਹਾਂ ਓਸੇ ਸਿਆਲਕੋਟ ਜ਼ਿਲ੍ਹੇ ਦਾ ਇੱਕ ਨਿੱਕਾ ਜਿਹਾ ਸ਼ਹਿਰ ਹੈ ਗੁਜਰਾਤ।"
"ਇਹ ਹੋਰ ਹੋਣੈ। ਉਂਜ ਇੱਕ ਤਾਂ ਆਪਣੀ ਸੋਹਣੀ ਵਾਲਾ ਗੁਜਰਾਤ ਵੀ ਹੈ ਪਰ ਉਹ ਤਾਂ ਝਨਾਂ ਦੇ ਕੰਢੇ 'ਤੇ ਹੈ।" ਮੈਂ ਹੱਸਿਆ।
"ਕਮਾਲ ਹੈ ਸਰਦਾਰ ਜੀ।" ਉਸ ਨੇ ਮੇਰਾ ਹੱਥ ਘੁੱਟ ਲਿਆ। ਉਸਨੂੰ ਮੇਰਾ ਗੁਜਰਾਤ ਦੀ ਸੋਹਣੀ ਬਾਰੇ ਜਾਨਣਾ ਵੀ ਚੰਗਾ ਲੱਗਾ। ਅਪਣੱਤ ਵਾਲੀ ਸਾਂਝੀ ਜਾਣਕਾਰੀ ਦੀ ਜੁੜੀ ਤੰਦ ਨੇ ਅਹਿਸਾਸ ਕਰਵਾਇਆ ਜਿਵੇਂ ਅਸੀਂ ਇੱਕੋ ਖਾਨਦਾਨ ਦੇ ਵਿਛੜੇ ਚਿਰਾਗ ਉਮਰਾਂ ਬਾਅਦ ਮਿਲ ਪਏ ਹੋਈਏ।
ਜਹਾਜ਼ ਵਿੱਚ ਸਵਾਰ ਹੋਣ ਲਈ ਆਵਾਜ਼ ਪਈ। ਨਿੱਕਾ ਜਿਹਾ ਜਹਾਜ਼ ਸੀ। ਸਾਡੀਆਂ ਮਿੰਨੀ ਬੱਸਾਂ ਜਿੱਡਾ। ਮੈਂ ਗਿਣੀਆਂ। ਸਾਰੀਆਂ ਬਾਈ ਸਵਾਰੀਆਂ ਸਨ। ਏਅਰ ਹੋਸਟੈੱਸ ਨੇ ਕਿਹਾ, "ਸੀਟ ਨੰਬਰ ਦਾ ਫ਼ਿਕਰ ਨਾ ਕਰੋ। ਜਿੱਥੇ ਦਿਲ ਕਰਦਾ ਹੈ ਬੈਠ ਜਾਵੋ।"
ਰਾਸ਼ਿਦ ਇਸ ਜਹਾਜ਼ ਤੇ ਸਿਆਟਲ ਤੱਕ ਜਾ ਰਿਹਾ ਸੀ। ਮਸਾਂ ਅੱਧੇ ਘੰਟੇ ਦਾ ਸਫ਼ਰ। ਅਸੀਂ ਇਸ ਥੋੜ੍ਹੇ ਸਮੇਂ ਨੂੰ ਲੇਖੇ ਲਾਉਣਾ ਚਾਹੁੰਦੇ ਸਾਂ। ਨੇੜੇ-ਨੇੜੇ ਬੈਠ ਗਏ।
ਮੈਂ ਉਸ ਨੁੰ ਦੱਸਿਆ ਕਿ ਮੈਂ ਪੰਜਾਬੀ ਦਾ ਲੇਖਕ ਵੀ ਹਾਂ ਅਤੇ ਪੰਜਾਬੀ ਦਾ ਅਧਿਆਪਕ ਵੀ। ਇਹ ਵੀ ਦੱਸਿਆ ਕਿ ਅਸੀਂ ਇੱਧਰਲੇ ਪੰਜਾਬ ਵਿੱਚ ਬਾਬਾ ਫ਼ਰੀਦ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ ਅਤੇ ਵਾਰਿਸ ਨੂੰ ਵੀ ਪੜ੍ਹਾਉਂਦੇ ਹਾਂ।
ਇੱਕ ਇੱਕ ਗੱਲ ਉਸ ਲਈ ਰਹੱਸ ਵਾਂਗ ਖ਼ੁੱਲ੍ਹ ਰਹੀ ਸੀ। ਉਸਦੇ ਮੂੰਹੋਂ ਅਚਨਚੇਤ ਨਿਕਲਿਆ, "ਸਰਦਾਰ ਜੀ! ਇੱਕ ਹਿਸਾਬ ਨਾਲ ਆਪਣਾ ਤਲ੍ਹਾ-ਮੂਲ਼ ਤਾਂ ਇੱਕ ਹੀ ਹੋਇਆ ਫ਼ਿਰ?"
ਮੈਂ ਕੁੱਝ ਪਾਕਿਸਤਾਨੀ ਲੇਖਕਾਂ ਦੇ ਨਾਂ ਗਿਣਾਉਣੇ ਸ਼ੁਰੂ ਕਰ ਦਿੱਤੇ। ਅਹਿਮਦ ਨਦੀਮ ਕਾਸਮੀ, ਫਖ਼ਰ ਜ਼ਮਾਂ, ਅਸ਼ਫ਼ਾਕ ਅਹਿਮਦ, ਇਲਿਆਸ ਘੁੰਮਣ। ਉਸ ਨੁੰ ਜਾਪਿਆ ਜਿਵੇਂ ਸਾਡਾ ਰਿਸ਼ਤਾ ਪਰਤ-ਦਰ-ਪਰਤ ਖੁੱਲ੍ਹਦਾ ਅਤੇ ਨਿੱਖਰਦਾ ਆ ਰਿਹਾ ਹੈ।
"ਮੇਰੇ ਇੱਕ ਅੰਕਲ ਵੀ ਲਿਖਦੇ ਹਨ ਪੰਜਾਬੀ 'ਚ, ਸ਼ਰੀਫ਼ ਕੁੰਜਾਹੀ।"
"ਮੈਂ ਸੁਣਿਆ ਵੀ ਹੋਇਆ ਹੈ ਅਤੇ ਪੜ੍ਹਿਆ ਵੀ।"
ਉਸ ਨੇ ਚਾਅ ਨਾਲ ਇੱਕ ਹੋਰ ਰਿਸ਼ਤੇ ਦੇ ਅੰਕਲ ਦਾ ਨਾਮ ਲਿਆ।
"ਅਨਵਰ ਮਸਊਦ, ਤਨਜ਼ੀਆ ਲਿਖਣ ਵਾਲਾ।"
ਮੈਂ ਉਸ ਨੁੰ ਲਾਹੌਰ ਟੀ: ਵੀ: ਤੋਂ ਸੁਣਿਆ ਹੋਇਆ ਸੀ। ਜਦੋਂ ਮੈਂ ਉਸਨੂੰ ਅਨਵਰ ਮਸਊਦ ਦੀ ਉਸ ਨਜ਼ਮ ਬਾਰੇ ਦੱਸਿਆ ਜਿਸ ਵਿੱਚ ਇੱਕ ਚੌਧਰੀ ਆਪਣੇ ਨੌਕਰ ਨੂੰ ਸਬਜ਼ੀ ਚਾੜ੍ਹਣ ਲਈ ਆਖਦਾ ਹੈ ਅਤੇ ਨੌਕਰ ਚੌਧਰੀ ਦੀ ਇੱਛਾ ਮੁਤਾਬਿਕ ਕਦੀ ਭਿੰਡੀ ਅਤੇ ਕਦੀ ਬੈਂਗਣ ਦੀ ਤਾਰੀਫ਼ ਕਰਦਾ ਹੈ ਅਤੇ ਚੌਧਰੀ ਦੀ ਰਾਏ ਬਦਲੀ ਜਾਣ ਕੇ ਉਹਨਾਂ ਹੀ ਸਬਜ਼ੀਆਂ ਦੇ ਵਿਰੁੱਧ ਬੋਲਦਾ ਹੈ।"
"ਤੁਸੀਂ ਤਾਂ ਪੋਤੜਿਆਂ ਦੇ ਜਾਣੂ ਲੱਗਦੇ ਹੋ?"
ਉਹ ਮੇਰੇ ਹੱਥ ਤੇ ਹੱਥ ਮਾਰ ਕੇ ਹੱਸਿਆ। ਫ਼ਿਰ ਬੜੀ ਗੰਭੀਰ ਮੁਦਰਾ 'ਚ ਬੋਲਿਆ।
"ਸਾਡੀ ਦਾਦੀ ਦੀ ਇੱਕ ਸਹੇਲੀ ਹੁੰਦੀ ਸੀ, ਜਲੰਧਰ ਵਿੱਚ, ਕੁਲਵੰਤ ਕੌਰ। ਜਦੋਂ ਬੈਠੇਗੀ, ਉਹਦੀਆਂ ਗੱਲਾਂ ਛੁਹ ਲਵੇਗੀ। ਅਸੀਂ ਕਹਿੰਦੇ ਹਾਂ, "ਅੰਮਾ! ਬੜੀ ਵਾਰ ਸੁਣੀ ਹੈ ਇਹ ਕਹਾਣੀ, ਪਰ ਉਸ ਲਈ ਸਦਾ ਨਵੀਂ ਹੁੰਦੀ ਹੈ। ਸਾਨੂੰ ਪਤਾ ਹੁੰਦਾ ਹੈ। ਉਸ ਨੇ ਅੱਗੋਂ ਕੀ ਬੋਲਣਾ ਹੈ, ਕਿਹੜੀ ਤਰਤੀਬ ਵਿੱਚ ਬੋਲਣਾ ਹੈ। ਉਹ ਆਖੇਗੀ, "ਕੁਲਵੰਤ ਤੇ ਮੈਂ……ਬੱਚੇ ਉਹਦੇ ਮੂੰਹੋਂ ਬੋਲ ਖੋਹ ਲੈਣਗੇ, "ਧਰਮ ਦੀਆਂ ਭੈਣਾਂ ਸਾਂ।" ਉਹ ਫ਼ਿਰ ਆਖੇਗੀ, "ਸਾਡੀ ਇੱਕ ਦੂਜੇ ਦੀ……" ਅਸੀਂ ਆਖਾਂਗੇ, "ਜਾਨ ਵਿੱਚ ਜਾਨ ਸੀ" ਦਾਦੀ ਦੀਆਂ ਅੱਖ ਚਮਕ ਉੱਠਣਗੀਆਂ, "ਹਾਂ! ਜਾਨ ਵਿੱਚ ਜਾਨ ਸੀ, ਸਾਹ ਵਿੱਚ ਸਾਹ ਸਨ, ਜਦੋਂ ਮੇਰਾ ਨਿਕਾਹ ਹੋਇਆ, ……ਤੇ ਫ਼ਿਰ ਅੰਮਾਂ ਚੱਲ ਸੋ ਚੱਲ।"
ਗੱਲਾਂ ਕਰਦਾ-ਕਰਦਾ ਰਾਸ਼ਿਦ ਇੱਕ ਪਲ ਲਈ ਰੁਕਿਆ ਅਤੇ ਮੈਨੂੰ ਪੁੱਛਣ ਲੱਗਿਆ ਜਿਵੇਂ ਮੈਂ ਜਾਣੀ-ਜਾਣ ਹੋਵਾਂ।
"ਭਲਾ ਕੁਲਵੰਤ ਕੌਰ ਜਿਊਂਦੀ ਹੋਵੇਗੀ?"
ਮੈਂ ਕਿਹਾ, "ਹਾਂ ਜਿਊਂਦੀ ਹੈ।"
ਇਸ ਤੋਂ ਪਹਿਲਾਂ ਕਿ ਉਹ ਹੋਰ ਜ਼ਿਆਦਾ ਹੈਰਾਨ ਹੋਵੇ ਮੈਂ ਆਖਿਆ, "ਕੁਲਵੰਤ ਕੌਰ ਉਹ ਮੁਹੱਬਤ ਹੈ ਜੋ ਦੋਹਾਂ ਮੁਲਕਾਂ ਦੇ ਆਮ ਲੋਕਾਂ ਦੇ ਮਨਾਂ ਵਿੱਚ ਹੇਠਾਂ ਕਰਕੇ ਇੱਕ ਦੂਜੇ ਲਈ ਮਹਿਕਦੀ ਪਈ ਹੈ ਭਾਵੇਂ ਉਸ ਦੇ ਉੱਤੇ ਬਾਰੂਦ ਦੀ ਬੋਅ ਦੀ ਲੰਮੀ ਤਹਿ ਵਿਛੀ ਪਈ ਹੈ।"
ਸਿਆਟਲ ਆਇਆ ਤਾਂ ਮੇਰੇ ਤੋਂ ਵਿਛੜਨ ਲੱਗਾ ਲੰਮਾ ਸਾਹ ਲੈ ਕੇ ਰਾਸ਼ਿਦ ਬੋਲਿਆ, "ਅੱਛਾ ਸੰਧੂ ਸਾਹਿਬ।"
ਮੈਂ ਉਸ ਦਾ ਹੱਥ ਮੋਹ ਨਾਲ ਘੁੱਟਿਆ।
"ਅੱਛਾ! ਰਾਸ਼ਿਦ ਮੀਆਂ।"
ਜਹਾਜ਼ ਬਦਲ ਕੇ ਜਦੋਂ ਮੈਂ ਸਾਨਫਰਾਂਸਿਸਕੋ ਲਈ ਰਵਾਨਾ ਹੋਇਆ ਤਾਂ ਰਾਸ਼ਿਦ ਮੇਰੇ ਅੰਗ ਸੰਗ ਵਿਚਰ ਰਿਹਾ ਲੱਗਾ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਵਰਿਆਮ ਸਿੰਘ ਸੰਧੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ