Kunda (Punjabi Story) : Prem Gorkhi

ਕੁੰਡਾ (ਕਹਾਣੀ) : ਪ੍ਰੇਮ ਗੋਰਖੀ

ਸੀਤ ਹਵਾ ਦਾ ਬੁੱਲਾ ਫਿਰ ਅੱਖਾਂ ਠਾਰ ਗਿਆ। ਅੱਗ ਵੀ ਕਦੋਂ ਦੀ ਸੌਂ ਚੁੱਕੀ ਸੀ। ਕਿੰਨਾ ਵੱਡਾ ਮੱਚ ਸੀ ਜਿਹੜਾ ਹੁਣ ਸੁਆਹ ਦੇ ਚਾਰ ਬੁੱਕ ਬਣ ਕੇ ਰਹਿ ਗਿਆ ਸੀ। ਜੁਗਲ ਵੀ ਹੁਣ ਇਵੇਂ ਹੀ ਢੇਰੀ ਬਣਿਆ ਪਿਆ ਹੋਵੇਗਾ। ਉਹਦੀ ਤਾਂ ਚਿਖਾ ਹੀ ਸੱਤ ਫੁੱਟ ਉੱਚੀ ਚਿਣੀ ਗਈ ਸੀ। ਬਾਲਣ ਹੀ ਬਹੁਤ ਹੋ ਗਿਆ ਸੀ, ਇੱਕ ਟਰਾਲੀ ਜ਼ਿਮੀਂਦਾਰਾਂ ਦੇ ਘਰਾਂ ਵੱਲੋਂ ਆ ਗਈ ਤੇ ਗੱਡਾ ਭਰ ਕੇ ਵਿਹੜੇ ਵੱਲੋਂ ਜਰਨੈਲ ਹੁਣੀਂ ਲੈ ਆਏ। ਕਿੱਦਾਂ ਸਾਰੇ ਪਿੰਡ ਨੇ ਦੌੜ-ਭੱਜ ਕੀਤੀ ਜਿਵੇਂ ਕਿਤੇ ਉਨ੍ਹਾਂ ਦਾ ਸਕਾ-ਸੋਧਰਾ ਮਰ ਗਿਆ ਹੋਵੇ। ਤੇ ਹੁਣ ਸਾਡੇ ਕੋਲ ਕੋਈ ਵੀ ਨਹੀਂ,ਸਾਰੇ ਮੈਨੂੰ ਤੇ ਭੂਆ ਨੂੰ ’ਕੱਲਿਆਂ ਛੱਡ ਕੇ ਚਲੇ ਗਏ। ਜਿਉਂ ਹੀ ਹਨੇਰਾ ਲੱਥਿਆ ਇੱਕ-ਇੱਕ ਕਰਕੇ ਉਠਦੇ ਗਏ। ਕੋਈ ਕਹਿੰਦਾ ਡੰਗਰ ਅੰਦਰ ਬੰਨ੍ਹਣੇ ਨੇ, ਕੋਈ ਕਹਿੰਦਾ ਕੁਤਰਾ ਕਰਨੈ। ਸਭ ਨੂੰ ਜਾਨ-ਪਿਆਰੀ ਹੈ। ਸਾਡੀ ਖਾਤਰ ਕਿਹੜਾ ਕੋਈ ਗੋਲੀਆਂ ਖਾਵੇ?
ਹੁੱਕਾ ਧਰਨ ਲਈ ਮੈਂ ਚਿਮਟੇ ਨਾਲ ਸੁਆਹ ਫਰੋਲੀ। ਇੱਕ ਵੀ ਕੋਲਾ ਨਹੀਂ ਸੀ, ਭੁੱਬਲ ਜ਼ਰੂਰ ਤੱਤੀ ਸੀ। ਗੁੱਸੇ ਨਾਲ ਮੈਂ ਚਿਮਟਾ ਵਗਾਹ ਕੇ ਕਿੱਕਰ ਵੱਲ ਸੁੱਟਿਆ ਤਾਂ ਕਿਚਰ ਕਿਚਰ ਕਰਦੀ ਕੋਚਰੀ ਉੱਡੀ। ਮੈਂ ਤ੍ਰਹਿ ਕੇ ਸੁੰਨੇ ਪਏ ਵਿਹੜੇ ’ਚ ਝਾਤੀ ਮਾਰੀ। ਕੰਧਾਂ ਨਾਲ ਸਹਿਮ ਕੇ ਖੜ੍ਹੇ ਹਨੇਰੇ ਤੋਂ ਭੈਅ ਆਇਆ। ਹੁਣ ਤਾਂ ਇੰਨੇ ਕੁ ਹਨੇਰੇ ਤੋਂ ਹੀ ਮਨ ਡਰ ਜਾਂਦਾ ਹੈ, ਨਹੀਂ ਤਾਂ ਕਿੱਥੇ ਧੀਰੋਵਾਲ ਤੇ ਕਿੱਥੇ ਚੱਕ ਮਿਸ਼ਰੀ ਖਾਨ। ਅਨੇਕਾਂ ਵਾਰੀ ਧੀਰੋਵਾਲ ਤੋਂ ਅੱਧੀ-ਅੱਧੀ ਰਾਤ ਨੂੰ ਪਿੰਡ ਪਰਤਣਾ, ਕੱਚੇ ਰਾਹ, ਸਿੱਧਾ ਨਹਿਰ ਟੱਪ ਕੇ ਵਗ ਆਉਣਾ, ਬਿਨਾਂ ਕਿਸੇ ਡਰ ਡੁੱਕਰ ਦੇ, ਪਰ ਹੁਣ ਤਾਂ ਅਗਲੇ ਘਰ ਈ ਆ ਧਮਕਦੇ ਨੇ ਜਿਵੇਂ ਕਹਿ ਰਹੇ ਹੋਣ,‘‘ਅਸੀਂ ਸੇਵਾ ਕਰਨ ਲਈ ਘਰ ਈ ਆ ਗਏ ਆਂ। ਬਾਹਰ ਜਾਣ ਦੀ ਖੇਚਲ ਨਾ ਕਰੋ।’’ ਜਿੱਦਾਂ ਅੱਜ ਜੁਗਲ ਨਾਲ ਹੋਈ ਹੈ। ਅਗਲੇ ਆਏ ਤੇ ਉਸ ਨੂੰ ਗੋਲੀਆਂ ਨਾਲ ਭੁੰਨ ਕੇ ਔਹ ਗਏ।
‘‘ਰੱਖਿਆ.. ਵੇ ਰੱਖਾ ਰਾਮਾ! ਉੱਠ ਕੇ ਆ ਜਾ ਅੰਦਰ… ਕਾਕਾ ਨੇਰ੍ਹਾ ਹੋ ਗਿਆ ਹੁਣ ਤਾਂ…’’ ਭੂਆ ਨੇ ਤੀਜੀ ਵਾਰ ਆਵਾਜ਼ ਮਾਰੀ ਹੈ। ਭੂਆ ਬਹੁਤ ਡਰੀ ਹੋਈ ਹੈ। ਉਹ ਵਾਰ-ਵਾਰ ਕਹਿ ਰਹੀ ਹੈ ਕਿ ਮੈਂ ਅੰਦਰ ਆ ਕੇ ਬੈਠਾਂ। ਜਦੋਂ ਧੂੰਏਂ ਦੁਆਲੇ ਬੈਠੇ ਸਾਰੇ ਜਣੇ ਉੱਠ ਕੇ ਚਲੇ ਗਏ ਤਾਂ ਗੁੱਸੇ ਵਿੱਚ ਜਾਂ ਦੁਆਲੇ ਪਸਰੀ ਇਕੱਲ ਕੋਲੋਂ ਸਹਿਮ ਕੇ ਉਹ ਕੰਬਣ ਲੱਗ ਪਈ ਸੀ। ‘‘ਹੇ ਹਾ ਵੇ, ਉੱਜੜ ਜਾਣ ਇਹ ਸਾਰੇ ਪਿੰਡ ਵਾਲੇ… ਮੱਖੀਆਂ ਵਾਂਗ ਉੱਡ ਗਏ ਸਾਰੇ… ਪਤਾ ਨੀ ਕੇਹੀ’ ਵਾ ਵਗ ਗਈ ਆ, ਅਗਲੇ ਜਣੇ ਦਾ ਮਾੜਾ ਮੋਟਾ ਵੀ ਦੁੱਖ ਦਰਦ ਨੀ ਰਿਹਾ… ਨਹੀਂ ਉਹ ਵੀ ਤਾਂ ਵੇਲੇ ਈ ਸੀ, ਲੈ ਸਾਡਾ ਭਾਈਆ ਗੁਜ਼ਰ ਗਿਆ, ਤਕਾਲਾਂ ਦਾ ਵੇਲਾ ਸੀ… ਅੱਧਾ ਪਿੰਡ ਐਥੇ ਵਿਹੜੇ ’ਚ ਰਾਤ ਭਰ ਬੈਠਾ ਰਿਹਾ… ਇੱਕ ਚਲਾ ਜਾਵੇ, ਦੋ ਆ ਜਾਣ… ਲੈ ਤੂੰ ਆਪਣੇ ਬੀਮਾਰ ਹੋਣ ਦੀ ਗੱਲ ਈ ਕਰ ਲੈ…ਕਿੱਦਾਂ ਚੱਕੀ ਆਲਾ ਨੈਬ ਅੱਧੀ ਰਾਤ ਨੂੰ ਲੈ ਕੇ ਤੁਰ ਪਿਆ ਸੀ… ਕਿਉਂ ਰੱਖਿਆ ਯਾਦ ਐ ਨਾ?’’
‘‘ਭੂਆ ਟੈਮ-ਟੈਮ ਦੀ ਗੱਲ ਹੁੰਦੀ ਆ… ਉਦੋਂ ਹੁੰਦੇ ਸੀ ਲੋਕ ਵਿਹਲੇ… ਹੁਣ ਤਾਂ ਮਰਨ ਜੋਗੀ ਵੀ ਵਿਹਲ ਹੈ ਨੀ… ਸਾਰਾ ਦਿਨ ਸਾਡੇ ਖਾਤਰ ਈ ਤਾਂ ਦਿਨ ਖੋਟਾ ਕਰਕੇ ਬੈਠੇ ਰਹੇ ਆ… ਉਨ੍ਹਾਂ ਕੰਮ-ਧੰਦੇ ਵੀ ਤਾਂ ਕਰਨੇ ਹੋਏ…,’’ ਮੈਂ ਭੂਆ ਦਾ ਮਨ ਠੰਡਾ ਕਰਨਾ ਚਾਹਿਆ ਸੀ ਪਰ ਭੂਆ ਚੁੱਪ ਨਹੀਂ ਸੀ ਕੀਤੀ ਤੇ ਬੀਤੇ ਨੂੰ ਯਾਦ ਕਰ ਕਰ ਝੂਰਦੀ ਹੋਈ ਉੱਠ ਕੇ ਅੰਦਰ ਜਾ ਬੈਠੀ ਸੀ।
‘‘ਵੇ ਰੱਖਿਆ ਤੂੰ ਸੁਣਦਾ ਕਿਉਂ ਨੀ.. ਹੈਥੇ ਬੈਠਾ ਹੁੱਕਾ ਚੁੰਘੀ ਜਾਨਾਂ… ਮੈਂ ਕਹਿੰਦੀ ਆਂ ਉੱਠ ਕੇ ਆ ਜਾ.. ਤੁਸੀਂ ਤਾਂ ਆਪ ਮੌਤ ਨੂੰ ’ਵਾਜਾਂ ਮਾਰਦੇ ਆਂ…ਮੈਂ ਕਹੀ ਜਾਂਦੀ ਆਂ ਅੰਦਰ ਆ ਜਾ, ਅੰਦਰ ਆ ਜਾ… ਉੱਥੇ ਬੈਠਾ ਈ ਗੁੜ-ਗੁੜ ਕਰੀ ਜਾਂਦਾ… ਉਠ ਤਾਂ,’’ ਭੂਆ ਬੈਠਕ ਦੇ ਦਰਾਂ ’ਚ ਆ ਕੇ ਹਰਖ ਨਾਲ ਬੋਲੀ ਤਾਂ ਮੈਂ ਹੁੱਕਾ ਚੁੱਕ ਕੇ ਖੜ੍ਹ ਗਿਆ। ਇਹ ਭੂਆ ਜੇ ਕਿਤੇ ਪਹਿਲਾਂ ਆਈ ਹੁੰਦੀ ਤਾਂ ਇਹਨੇ ਜੁਗਲ ਨੂੰ ਮਰਨ ਨਹੀਂ ਸੀ ਦੇਣਾ। ਇਹਨੇ ਉਹਨੂੰ ਬੂਹਾ ਖੋਲ੍ਹਣ ਲਈ ਜਾਣ ਨਹੀਂ ਸੀ ਦੇਣਾ। ਰੋਕਿਆ ਤਾਂ ਮੈਂ ਵੀ ਬਥੇਰਾ। ਮੈਂ ਕਿਹਾ,‘‘ਜਿਹੜਾ ਵੀ ਹੈ ਖੜਕਾਈ ਜਾਣ ਦੇ ਬੂਹਾ, ਤੂੰ ਉਠੀਂ ਨਾ।’’ ਪਰ ਉਹ ਮੰਨਿਆ ਨਹੀਂ। ਜੁਆਨੀ ਦੇ ਜੋਸ਼ ’ਚ ਮੈਨੂੰ ਕਹਿਣ ਲੱਗਾ,‘‘ਭਾ ਇਹ ਪੰਡਤ ਮਿਲਖੀ ਰਾਮ ਦਾ ਘਰ ਐ… ਦੁੱਖ-ਸੁੱਖ ਵੇਲੇ ਜੇ ਕਿਸੇ ਨੇ ਇਸ ਬੂਹੇ ’ਤੇ ਅੱਧੀ ਰਾਤੀਂ ਵੀ ਹਾਕ ਮਾਰੀ ਤਾਂ ਅਗਲਾ ਮੁੜ ਕੇ ਨੀ ਗਿਆ।’’… ਬਸ ਜੀ ਰੋਕਦਿਆਂ ਰੋਕਦਿਆਂ ਫੜਾਕ ਜਾ ਕੇ ਬੂਹਾ ਖੋਲ੍ਹ ਤਾਂ…ਮੈਂ ਹਾਲੇ ਕਿਹਾ ਵੀ ਕਿਹਾ, ‘‘ਵਾਜ਼ ਮਾਰ ਕੇ ਪਹਿਲਾਂ ਪੁੱਛੀਂ ਭਾਈ ਕੌਣ ਐਂ… ਕੋਈ ਸੌਦਾ ਪੱਤਾ ਲੈਣਾ ਹੋਊ ਤਾਂ ਦਿਨ ਚੜ੍ਹੇ ਆਵੇ..’’ ਪਰ ਕਿੱਥੇ… ਅਗਲਿਆਂ ਸਿੰਨ੍ਹ ਕੇ ਗੋਲ਼ੀਆਂ ਮਾਰੀਆਂ ਤਾਂ ਫੇਰ ਪਿੱਛੇ ਨੂੰ ਦੌੜਿਆ…ਐਥੇ ਆ ਕੇ ਚੌਫਾਲ ਡਿੱਗ ਪਿਆ ਐਥੇ, ਜਿੱਥੇ ਮੈਂ ਖੜ੍ਹਾ ਹਾਂ।
… ਜਿਉਂ ਹੀ ਪਿੰਡ ਪਿੰਡ ਗੋਲੀਆਂ ਨਾਲ ਬੰਦੇ ਮਾਰੇ ਜਾਣ ਲੱਗੇ ਤੇ ਨਾਲ ਹੀ ਚਿੱਠੀਆਂ ਆਉਣ ਲੱਗੀਆਂ ਤਾਂ ਸਾਰਾ ਟੱਬਰ ਮਾਸੜ ਬਾਲ ਮੁਕੰਦ ਕੋਲ ਦਿੱਲੀ ਜਾਣ ਲਈ ਤਿਆਰ ਹੋ ਗਿਆ। ਮੈਂ ਅੜਿਆ ਰਿਹਾ ਤੇ ਉਹ ਮੈਨੂੰ ‘ਕੱਲੇ ਨੂੰ ਛੱਡ ਕੇ ਚਲੇ ਗਏ। ਮੇਰਾ ਜਾਣ ਨੂੰ ਮਨ ਈ ਨਹੀਂ ਮੰਨਿਆ। ਜੁਗਲ ਵੀ ਤਾਂ ਬਾਅਦ ਵਿੱਚ ਈ ਆਇਆ, ਉਹਦੀ ਹੋਣੀ ਘੇਰ ਲਿਆਈ। ਉਹਦੀ ਲਾਸ਼ ਦੇਖੀ ਤਾਂ ਮੈਨੂੰ ਪੂਰੇ ਪਰਿਵਾਰ ਦਾ ਖਿਆਲ ਆਇਆ ਪਰ ਦਿੱਲੀਉਂ ਆਉਣਾ ਕਿਹੜਾ ਸੌਖਾ ਸੀ। ਸਵੇਰ ਦਾ ਤੁਰਿਆ ਬੰਦਾ ਤਕਾਲਾਂ ਤੱਕ ਮਸੀਂ ਅਪੜਦਾ। ਫਿਰ ਕੌਣ ਤਾਰਾਂ ਖੜਕਾਉਂਦਾ ਫਿਰਦਾ। ਭੂਆ ਸ਼ਹਿਰ ਬੈਠੀ ਸੀ, ਇਹਨੂੰ ਲਿਆਉਣ ਲਈ ਮੈਂ ਬੰਦਾ ਭੇਜ ਦਿੱਤਾ। ਇਹ ਵੀ ‘ਕੱਲੀ ਹੀ ਆਈ ਤੇ ਆਉਂਦੀ ਮੇਰੇ ਗਲ ਲੱਗ ਕੇ ਕੀਰਨੇ ਪਾਉਣ ਲੱਗ ਪਈ। ਚੁੱਪ ਕਰਾਇਆ ਤਾਂ ਦੱਸਣ ਲੱਗੀ, ‘‘ਤੇਰਾ ਫੁੱਫੜ ਤਾਂ ਬੀਮਾਰ ਪਿਆ, ਬਿਹਾਰੀ ਲਾਲ ਲੁੱਦੇਹਾਣੇ ਨੂੰ ਮਾਲ ਲੈਣ ਗਿਆ ਸੀ, ਬਹੂ ਉਂਜ ਆਉਣ ਦੇ ਲੈਕ ਨਹੀਂ ਸੀ…’’
ਮੈਂ ਕੁਝ ਨਹੀਂ ਸੀ ਬੋਲਿਆ, ਮੈਨੂੰ ਪਤਾ ਸੀ ਪਈ ਭੈਅ ਚਾਰੇ ਪਾਸੇ ਫੈਲਿਆ ਹੋਇਐ। ਵਿਚਾਰੀ ਭੂਆ ਸੱਚੀ ਸੀ।
ਮੈਂ ਹੁੱਕਾ ਚੁੱਕੀ ਅੰਦਰ ਆ ਗਿਆ। ਭੂਆ ਨੇ ਦੋਨੋਂ ਮੰਜਿਆਂ ’ਚੋਂ ਇੱਕ ’ਤੇ ਰਜਾਈ ਰੱਖੀ ਹੋਈ ਸੀ। ਉਹ ਤਖ਼ਤਾ ਫੜਕੇ ਖੜ੍ਹੀ ਮੇਰੇ ਵੱਲ ਘੂਰ-ਘੂਰ ਦੇਖ ਰਹੀ ਸੀ।
‘‘ਜੇ ਤੂੰ ਮੇਰੀ ਗੱਲ ਮੰਨੇ ਤਾਂ ਇੱਕ ਕੰਮ ਕਰ… ਬਸ ਅੱਜ ਦੀ ਰਾਤ ਕਿਤੇ ਹੋਰ ਜਾ ਕੱਟ, ਮੈਂ ਏਥੇ ਪੈ ਜਾਂਦੀ ਆਂ…। ਕਾਕਾ ਹੁਣ ਏਸ ਪਿੰਡ ’ਚ ਰਹਿਣ ਦਾ ਧਰਮ ਨੀ ਰਿਹਾ… ਏਥੋਂ ਦੀ ਮਿੱਟੀ ਤੁਹਾਡੇ ਲਹੂ ਦੀ ਤਿਹਾਈ ਹੋ ਗਈ ਆ… ਦਿਨ ਚੜ੍ਹਦੇ ਨੂੰ ਇੱਥੋਂ ਤੁਰ ਚੱਲ…’’ ਬੋਲਦੀ ਹੋਈ ਉਹ ਮੰਜੇ ’ਤੇ ਬਹਿ ਕੇ ਮੇਰੇ ਵੱਲ ਨੀਝ ਲਾ ਕੇ ਦੇਖਣ ਲੱਗੀ।
‘‘ਭੂਆ… ਇੱਕ ਗੱਲ ਆ ਤੂੰ ਈ ਦੱਸ ਕਿੱਥੇ ਵਗ ਜਾਵਾਂ?… ਦਿੱਲੀ ਦੱਖਣ ਘੁੰਮ ਕੇ ਆ ਈ ਗਿਆ ਸੀ ਜੁਗਲ,… ਹੁਣ ਸਾਰਾ ਟੱਬਰ ਉੱਥੇ ਦਿੱਲੀ ਜਾ ਕੇ ਤੰਬੂ ਲਾਈ ਬੈਠਾ… ਕੀ ਹੱਜ ਐ… ਮੈਂ ਵੀ ਦੇਖ ਕੇ ਆਇਆ ਈ ਸੀ… ਸੌ ਸੌ ਰੁਪਈਏ ਖਾਤਰ ਜਲੂਸ ਕੱਢਦੇ ਫਿਰਦੇ ਸੀ… ਮੰਗ ਖਾਣਿਆਂ ਵਾਂਗ… ਕਾਹਦਾ ਜੀਣਾ ਉਹ… ਫੇਰ ਦੂਜੀ ਗੱਲ, ਉੱਥੋਂ ਦੇ ਲੋਕ ਐਂ ਦੇਖਦੇ ਆ ਜਿੱਦਾਂ ਅਸੀਂ ਕਿਸੇ ਬਾਹਰਲੇ ਦੇਸੋਂ ਕਬਜ਼ਾ ਕਰਨ ਆਏ ਹੋਈਏ… ਫੇਰ ਕੋਈ ਕੰਮ ਨਾ ਕਾਰ, ਉਹਦੇ ਨਾਲੋਂ ਏਥੇ ਆਪਣਾ ਕੰਮ ਧੰਦਾ ਤਾਂ ਹੈ… ਦੁਕਾਨ ’ਚੋਂ ਕਮਾ ਕੇ ਹਫ਼ਤੇ ਦੇ ਹਫ਼ਤੇ ਚਾਰ ਪੰਜ ਸੌ ਭੇਜਦਾਂ… ਹੁਣ ਦੁਕਾਨ ਨੂੰ ਜਿੰਦਾ ਮਾਰ ਕੇ ਬਹਿ ਰਹੀਏ ਤਾਂ ਖਾਣਾ ਕਿੱਥੋਂ ਆ?’’ ਬੋਲਦਾ ਹੋਇਆ ਮੈਂ ਹੁੱਕੇ ਨੂੰ ਇੱਕ ਪਾਸੇ ਰੱਖਦਾ ਹਾਂ।
‘‘ਬੱਚਿਆ ਇਹ ਸਾਰਾ ਕੁਝ ਤਾਂ ਜਾਨ ਨਾਲ ਈ ਐ.. ਹੁਣ ਕੀ ਲੈ ਗਿਆ ਜੁਗਲ, ਪਈ ਆ ਦੁਕਾਨ, ਕੌਣ ਖੋਹਲੂ?’’ ਭੂਆ ਬਹੁਤ ਉਦਾਸ ’ਵਾਜ਼ ’ਚ ਕਹਿੰਦੀ ਹੋਈ ਮੇਰੇ ਕੋਲ ਆ ਬੈਠਦੀ ਹੈ। ‘‘ਚਲੋ ਉਹ ਜਾਣੇ… ਮਹੀਨਾ ਖੰਡ ਬਾਹਰ ਰਹਿ ਕੇ ਆ ਜਾਈਂ… ਸ਼ੈਂਤ ਭਗਵਾਨ ਮਿਹਰ ਕਰ ਦੇਵੇ…’’
‘‘ਬਈ ਡਰ ਤਾਂ ਮੈਨੂੰ ਵੀ ਲਗਦਾ, ਪਰ ਹੁਣ ਕਰੀਏ ਕੀ, ਭੋਰਾ ਪੁੱਟ ਕੇ ਤਾਂ ਲੁਕਣੋਂ ਰਹੇ… ਨਾਲੇ ਪਿੰਡ ਤਾਂ ਪੂਰਾ ਜਾਨ ਦਿੰਦਾ… ਤੂੰ ਦੇਖ ਈ ਲਿਆ ਸਵੇਰ ਦਾ… ਕਿੰਨਾ ਮੋਹ ਕਰਦੇ ਆ ਗਲੀ-ਗੁਆਂਢ ਵਾਲੇ…’’
‘‘ਲੈ ਮੋਹ ਲੈ ਕੇ ਆਇਆ… ਇਹ ਕਾਹਦਾ ਮੋਹ ਆ.. ਜਦ ਪਤਾ ਪਈ ਸਾਡੇ ਨਾਲ ਆਹ ਕੁਛ ਹੋ ਗਿਆ ਤਾਂ ਉਹ ਕਹਿ ਨ੍ਹੀਂ ਸਕਦੇ ਸੀ ਪਈ ਰੱਖਾ ਰਾਮ ਸਾਡੇ ਘਰ ਆ ਪਵੋ… ਸਰਪੰਚ ਕਹਿ ਸਕਦਾ ਸੀ… ਆਹ ਪੱਕੇ ਆਲਿਆਂ ਦਾ ਸ਼ੰਕਰ ਈ ਕਹਿ ਦਿੰਦਾ, ਨਾਲੇ ਬੰਦੂਕ ਰੱਖੀ ਆ ਉਨ੍ਹਾਂ ਕੋਲ ਤਾਂ… ਸਾਡੇ ਭਾਈਏ ਨਾਲ ਇੰਨਾ ਲੈਣ-ਦੇਣ ਸੀ ਇਨ੍ਹਾਂ ਦਾ।… ਇਹ ਮੋਹ-ਮਾਹ ਸਭ ਉੱਤੋਂ ਉੱਤੋਂ ਈ ਆ ਐਵੇਂ ਦਿਖਾਵਾ…’’
ਭੂਆ ਦੀਆਂ ਗੱਲਾਂ ਠੀਕ ਹਨ। ਪੰਦਰਾਂ ਕੁ ਦਿਨ ਪਹਿਲਾਂ ਦੀ ਗੱਲ ਲੈ ਲਓ। ਪਿੰਡੋਂ ਬਾਹਰ ਪੱਕੀ ਸੜਕ ’ਤੇ ਰਹਿੰਦੇ ਮਨਸਾ ਰਾਮ ਹੁਰਾਂ ਨੂੰ ਸਰਪੰਚ ਰੋਜ਼ ਈ ਕਿਹਾ ਕਰੇ ਕਿ ਡਰਨ ਦੀ ਲੋੜ ਨਈਂ, ਕਿਸੇ ਤਰ੍ਹਾਂ ਦੀ ਲੋੜ ਹੋਵੇ ਅਸੀਂ ਹੈਗੇ ਆਂ। ਜਿਸ ਦਿਨ ਉਨ੍ਹਾਂ ਨੂੰ ਧਮਕੀ ਵਾਲੀ ਚਿੱਠੀ ਆਈ ਤਾਂ ਉਹ ਸਾਰਾ ਟੱਬਰ ਰਾਤ ਨੂੰ ਸਰਪੰਚ ਦੇ ਘਰ ਨੂੰ ਚੱਲ ਪਿਆ। ਸਰਪੰਚ ਵੀ ਘਰ ਸੀ ਤੇ ਉਹਦੇ ਮੁੰਡੇ ਵੀ ਪਰ ਸਰਪੰਚਣੀ ਨੇ ਦਰਾਂ ਦਾ ਕੁੰਡਾ ਈ ਨਹੀਂ ਖੋਲ੍ਹਿਆ। ਕਹਿਣ ਲੱਗੀ ਕਿ ਘਰ ਹੈਨੀ ਕੋਈ ਵੀ। ਮਨਸਾ ਰਾਮ ਨੇ ਝੀਥਾਂ ’ਚੋਂ ਅੰਦਰ ਸਾਰਾ ਕੁਝ ਦੇਖ ਲਿਆ ਸੀ। ਉਹ ਸਰਪੰਚਣੀ ਨੂੰ ਕਹਿਣ ਲੱਗਾ,‘‘ਚਾਚੀ ਇਹ ਕੁੰਡਾ ਦਰਾਂ ਨੂੰ ਈ ਲੱਗਾ ਰਹਿਣ ਦੇਈਂ, ਇਹ ਮਨ ਨੂੰ ਨਹੀਂ ਲੱਗਣਾ ਚਾਹੀਦਾ…’’ ਮੈਂ ਇਹ ਗੱਲ ਮਨ ਵਿੱਚ ਹੀ ਆਪਣੇ ਆਪ ਨਾਲ ਕਰਦਾ ਹੋਇਆ ਭੂਆ ਵੱਲ ਵੇਖਦਾ ਹੋਇਆ ਉਹਦੀਆਂ ਕਹੀਆਂ ਗੱਲਾਂ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹਾਂ।
‘‘ਸਭ ਆਪਣੀ ਆਪਣੀ ਜਾਨ ਲਕੋਂਦੇ ਫਿਰਦੇ ਆ… ਜਿੰਨਾ ਕੁ ਹੋ ਸਕਦਾ, ਆਂਢ-ਗੁਆਂਢ ਕਰਦਾ ਈ ਆ…’’ ਮੇਰੇ ਮੂੰਹੋਂ ਬਹੁਤਾ ਕੁਝ ਨਹੀਂ ਆਖਿਆ ਜਾਂਦਾ। ਹੁਣ ਮੈਂ ਕਿਹੜੀ ਕਿਹੜੀ ਗੱਲ ਭੂਆ ਨੂੰ ਦੱਸਾਂ? ਲੋਕਾਂ ਦੀ ਕਿਤੇ ਇੱਕ ਪਰਤ ਆ, ਇਹ ਤਾਂ ਸਮੁੰਦਰ ਵਾਂਗ ਡੂੰਘੇ ਆ, ਕੋਈ ਥਾਹ ਨਹੀਂ ਇਨ੍ਹਾਂ ਦੀ। ਹੁਣ ਸਵੇਰ ਦੀ ਗੱਲ ਈ ਲਓ, ਜਦੋਂ ਅਗਲੇ ਜੁਗਲ ਨੂੰ ਮਾਰ ਕੇ ਸੁੱਟ ਗਏ ਤਾਂ ਥੋੜ੍ਹੇ ਚਿਰ ਮਗਰੋਂ ਮੈਂ ਬਾਹਰ ਨਿਕਲਿਆ। ਆਲੇ-ਦੁਆਲੇ ਚੁੱਪ ਚਾਂ ਸੀ, ਨਹੀਂ ਗੋਲੀ ਚੱਲੀ ਹੋਵੇ ਤਾਂ ਕਿਤੇ ਖਬਰ ਨੀ ਹੁੰਦੀ? ਜਦੋਂ ਮੈਂ ਬੀਹੀ ਵਿੱਚ ਕੂਕਾਂ ਮਾਰੀਆਂ ਤਾਂ ਕਿਤੇ ਬਾਹਰ ਨਿਕਲੇ… ਉਹ ਵੀ ਅੱਖਾਂ ਮਲਦੇ ਹੋਏ, ਜਿੱਦਾਂ ਕਿਤੇ ਅੱਧੀ ਰਾਤ ਹੁੰਦੀ ਆ…’’
‘‘ਮੈਂ ਘੜੀ ਕੁ ਪਹਿਲਾਂ ਅਜੇ ਬਾਹਰੋਂ ਹੋ ਕੇ ਮੁੜਿਆਂ, ਮੈਂ ਤਾਂ ’ਵਾਜ਼ ਨੀ ਸੁਣੀ… ਕਿਸੇ ਦੀ ਬਿੜਕ ਵੀ ਨੀ ਆਈ… ਆਹ ਤਾਂ ਹੱਦ ਈ ਹੋ ਗਈ..’’ ਸਾਡੇ ਘਰ ਤੋਂ ਦਸ ਕੁ ਕਦਮ ਪਰ੍ਹੇ ਰਹਿੰਦਾ ਭਜਨ ਸਿੰਘ ਬੀਹੀ ’ਚ ਆ ਕੇ ਬੋਲਿਆ ਸੀ।
‘‘ਬਈ, ਉਨ੍ਹਾਂ ਕੋਲ ਹਥਿਆਰ ਈ ਐਹੇ ਜੇ ਆ ਕਿ ’ਵਾਜ਼ ਈ ਨੀ ਨਿਕਲਦੀ’’ ਇੱਕ ਹੋਰ ਨੇ ਕਿਹਾ।
ਮੈਂ ਸਰਪੰਚ ਦੀ ਗੱਲ ਦੱਸਦਾਂ। ਛੋਟਾ ਮੁੰਡਾ ਥਾਣੇ ਨੂੰ ਸਕੂਟਰ ਦੇ ਕੇ ਤੋਰ ਦਿੱਤਾ ਤੇ ਸਰਪੰਚ ਮੈਨੂੰ ਇੱਕ ਪਾਸੇ ਲੈ ਗਿਆ, ਕਹਿੰਦਾ, ‘‘ਰੱਖਾ ਰਾਮ ਕਿਸੇ ਬੰਦੇ ਨੂੰ ਪਛਾਣਿਆ? ਜਿਹੜਾ ਵੀ ਸੀ ਓਸ ’ਤੇ ਉਂਗਲੀ ਰੱਖ…ਤੈਨੂੰ ਖੁੱਲ੍ਹੀ ਛੁੱਟੀ ਆ, ਪਤਾ ਲੱਗਾ ਕਿ ਬੰਦੇ ਪਿੰਡ ’ਚੋਂ ਸੀ…’’
‘‘ਨਈਂ ਚਾਚਾ ਜੀ, ਮੈਂ ਤਾਂ ਡਰਦਾ ਸਗੋਂ ਦੁਕਾਨ ’ਚ ਬੋਰੀਆਂ ਹੇਠ ਜਾ ਲੁਕਿਆ, ਮੈਂ ਨੀ ਕੋਈ ਬੰਦਾ ਦੇਖਿਆ, ਐਵੇਂ ਝੂਠ ਆਖਾਂ…’’
‘‘ਨਾ ਫੇਰ ਵੀ ਸੋਚ ਲੈ…ਉਹ ਕੰਨ ਵੱਢਿਆਂ ਦਾ ਮੁੰਡਾ ਤਾਂ ਨਹੀਂ ਸੀ… ਐਤਕੀਂ ਟੂਰਨਾਮੈਂਟ ’ਤੇ ਜੁਗਲ ਨਾਲ ਫਸ ਵੀ ਤਾਂ ਪਿਆ ਸੀ…ਬੜੀਆਂ ਧਮਕੀਆਂ ਦਿੰਦਾ ਸੀ…ਤੈਨੂੰ ਭੁੱਲ ਗਈ ਉਹ ਗੱਲ…?’’ ਸਰਪੰਚ ਹੌਲੀ ਹੌਲੀ ਕਹਿ ਰਿਹਾ ਸੀ ਤਾਂ ਮੈਂ ਤ੍ਰਬਕ ਕੇ ਉਹਦੇ ਵੱਲ ਦੇਖਿਆ।
‘‘ਪਰ ਚਾਚਾ ਜੀ, ਤੁਹਾਡੀ ਲੜਕੀ ਨਾਲ ਕੰਨ ਵੱਢਿਆਂ ਦੇ ਮੁੰਡੇ ਦੀ ਗੱਲ ਤਾਂ ਓਸ ਤੋਂ ਕਿਤੇ ਵੱਡੀ ਸੀ…’’ ਰੋਕਦਿਆਂ ਰੋਕਦਿਆਂ ਵੀ ਮੇਰੇ ਕੋਲੋਂ ਆਖਿਆ ਗਿਆ ਸੀ।
ਇਹ ਗੱਲ ਤਾਂ ਠੀਕ ਸੀ ਕਿ ਚਲੋ ਮਹੀਨਾ ਪਹਿਲਾਂ ਪਿੰਡ ’ਚ ਟੂਰਨਾਮੈਂਟ ਵੇਲੇ ਕਬੱਡੀ ਦਾ ਮੈਚ ਖੇਡਦਿਆਂ ਜੁਗਲ ਨਾਲ ਕੰਨ ਵੱਢਿਆਂ ਦੇ ਮੁੰਡੇ ਦੀ ਤੂੰ-ਤੂੰ, ਮੈਂ-ਮੈਂ ਹੋ ਗਈ ਸੀ। ਉਹ ਕਿਹੜੀ ਕੋਈ ਐਡੀ ਗੱਲ ਸੀ! ਨਾਲੇ ਜੁਗਲ ਕਿਹੜਾ ਘੱਟ ਸੀ। ਸਾਹ ਪਾਉਣ ਗਿਆ ਤਾਂ ਜਾਂਦੇ ਨੇ ਮੁੰਡੇ ਦੇ ਐਸੀ ਧੌਲ ਮਾਰੀ ਕਿ ਮੁੰਡਾ ਚਾਰ ਕਲਾਬਾਜ਼ੀਆਂ ਖਾ ਕੇ ਡਿੱਗਿਆ, ਦੂਜੀ ਵਾਰੀ ਗਿਆ ਤਾਂ ਇੱਕ ਹੋਰ ਦੀ ਚੱਪਣੀ ਕੱਢ ਆਇਆ। ਕਿਤੇ ਉਹਦੇ ਵਿੱਚ ਜ਼ੋਰ ਸੀ…ਬਾਊਂਡਰੀ ਲਾਈਨ ਤੋਂ ਕੈਂਚੀ ਮਾਰੀ ਮੁੰਡੇ ਨੂੰ ਹੰਧਿਆਂ ਤਕ ਘਸੀਟ ਕੇ ਲੈ ਆਇਆ। ਦੇਖਣ ਵਾਲੇ ਤਾਂ ਅਸ਼ ਅਸ਼ ਕਰ ਉੱਠੇ ਤੇ ਕਈਆਂ ਨੇ ਨੋਟ ਜਾ ਵਾਰੇ। ਇਸ ਸਾੜੇ ’ਚ ਕੰਨ ਵੱਢਿਆਂ ਦਾ ਮੁੰਡਾ ਝਗੜ ਪਿਆ। ਘਰ ਆਏ ਜੁਗਲ ਨੂੰ ਮੈਂ ਸਮਝਾਇਆ ਕਿ ਜ਼ਿਮੀਂਦਾਰਾਂ ਦੇ ਮੁੰਡਿਆਂ ਨਾਲ ਆਹਢੇ ਨਾ ਲਿਆ ਕਰੇ ਤਾਂ ਅੱਗੋਂ ਮੈਨੂੰ ਕਹਿੰਦਾ,‘‘ਭਾ, ਇਹ ਤਾਂ ਸੜਦੇ ਆ ਪਈ ਪੰਡਤਾਂ ਦੇ ਮੁੰਡੇ ’ਚ ਐਨਾ ਜ਼ੋਰ ਕਿੱਥੋਂ ਆ ਗਿਆ।…ਬਈ ਦੱਸੋ ਇਹ ਜ਼ੋਰ ਤੁਹਾਡਾ ਬੈਅ ਕਰਾਇਆ ਜਿਹੜਾ ਕਿਸੇ ਹੋਰ ’ਚ ਨੀ ਜਾ ਸਕਦਾ, ਇਹ ਤਾਂ ਰੱਬੀ ਦਾਤ ਆ…’’
ਜੁਗਲ ਨਹੀਂ ਸੀ ਪ੍ਰਵਾਹ ਕਰਦਾ। ਪੱਕੀ ਸੜਕ ’ਤੇ ਕੱਪੜੇ ਦੀ ਦੁਕਾਨ ਕਰਦਾ ਸੀ। ਮੈਂ ਕਹਿਣਾ ਜੁਗਲਾ ਦਿਨ ਭੈੜੇ ਆ…ਸੂਰਜ ਛਿਪਦੇ ਨਾਲ ਦੁਕਾਨ ਵੱਡੀ ਕਰਕੇ ਆ ਜਾਇਆ ਕਰ…ਅੱਗੋਂ ਬੋਲਿਆ ਕਰੇ,‘‘ਭਾ, ਮਰਨਾ ਤਾਂ ਇੱਕੋ ਦਿਨ ਆ…ਫੇ’ ਕੀ ਪ੍ਰਵਾਹ- ਕੰਮ ਤਾਂ ਰੂਹ ਨਾਲ ਕਰੋ…ਮੌਤ ਤੋਂ ਡਰਦੇ ਐਵੇਂ ਸਾਹ ਸੁਕਾਈ ਰੱਖੋ…ਆਪਾਂ ਤਾਂ ਏਹੀ ਸੋਚ ਕੇ ਆ ਗਏ…’’ ਉਹਨੇ ਭੈਅ ਨਹੀਂ ਖਾਧਾ ਤੇ ਮਰਜ਼ੀ ਨਾਲ ਦੁਕਾਨ ਬੰਦ ਕਰਕੇ ਆਉਂਦਾ। ਪਿੰਡ ਵਾਲੇ ਉਹਦੇ ਨਾਲ ਮੋਹ ਵੀ ਬਥੇਰਾ ਕਰਦੇ ਸੀ। ਜਦੋਂ ਟੂਰਨਾਮੈਂਟ ਆਉਣਾ, ਲੋਕਾਂ ਨੇ ਮਹੀਨਾ ਭਰ ਪਹਿਲਾਂ ਹੀ ਕਹਿਣਾ ਸ਼ੁਰੂ ਦੇਣਾ,‘‘ਬਈ ਜੁਗਲ ਕੁਮਾਰ ਤੇਲ-ਤੂਲ ਮਲ ਲੈ, ਆਪਾਂ ਤਾਂ ਤੇਰੀ ਕੌਡੀ ਦੇਖਣੀ ਆ।’’ ਇਹੋ ਜਿਹੀਆਂ ਤਾਂ ਉਹਦੀਆਂ ਗੱਲਾਂ ਸਨ ਤੇ ਸਰਪੰਚ ਕਹਿੰਦਾ ਧਮਕੀ ਦਿੱਤੀ ਸੀ ਉਹਨੂੰ। ਯਾਰੋ, ਉਹ ਕੋਈ ਇੱਦਾਂ ਦੀਆਂ ਧਮਕੀਆਂ ਕੋਲੋਂ ਡਰਦਾ ਸੀ…ਤੇ ਨਾਲੇ ਕੋਈ ਇਸ ਤਰ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਬਦਲੇ ਜਾਨ ਲੈਣ ਦੀ ਕਿੱਦਾਂ ਸੋਚ ਲਏਗਾ।
ਜਦੋਂ ਪੁਲੀਸ ਆਈ ਤਾਂ ਥਾਣੇਦਾਰ ਮੁੜ-ਮੁੜ ਇਹੀ ਆਖੀ ਜਾਵੇ,‘‘ਪੰਡਤ ਜੀ ਤੁਸੀਂ ਸੱਚ ਆਖੋ ਚਾਹੇ ਨਾ, ਬੰਦੇ ਤੁਸੀਂ ਪਛਾਣੇ ਆਂ, ਤੁਸੀਂ ਪੁਲਸ ਦਾ ਸਾਥ ਦਿਓ ਤੇ ਡਰੋ ਨਾ।’’ ਪਰ ਮੈਂ ਸਾਫ ਨਾਂਹ ਕਰੀ ਗਿਆ। ਅਖੀਰ ਮੈਨੂੰ ਕੋਲ ਬਿਠਾ ਕੇ ਕਹਿੰਦਾ,‘‘ਦੇਖੋ, ਤੁਸੀਂ ਹਿੰਦੂ ਭਰਾ ਓਂ, ਤੁਹਾਡੀ ਮਦਦ ਤਾਂ ਮੈਂ ਸੱਤ ਵਲ ਪਾ ਕੇ ਵੀ ਕਰਨੀ ਆਪਣਾ ਧਰਮ ਸਮਝਦਾਂ…ਇੱਥੇ ਪਿੰਡ ’ਚ ਰਹਿਣਾ ਹੈ ਤਾਂ ਗਾਰਦ ਲੁਆ ਲਓ…ਲਿਆਓ ਹਜ਼ਾਰ ਰੁਪਈਆ ਤੇ ਘੋੜੇ ਵੇਚ ਕੇ ਸੌਂਇਆ ਕਰੋ…ਸਿਪਾਹੀ ਥਰੀ ਨਟ ਥਰੀ ਦੀ ਬੰਦੂਕ ਲੈ ਕੇ ਬੂਹੇ ’ਤੇ ਬੈਠੂ…ਕਿਉਂ ਕੀ ਕਹਿੰਦੇ?’’ ਕਹਿ ਕੇ ਉਹਨੇ ਮੇਰਾ ਮੋਢਾ ਥਾਪੜਿਆ। ਉਹ ਵੀ ਸਰਪੰਚ ਦਾ ਸਿਖਾਇਆ ਬੋਲ ਰਿਹਾ ਸੀ।
ਮੈਂ ਹੁਣ ਉਹਨੂੰ ਕੀ ਦੱਸਦਾ? ਉਹਦੇ ਹੀ ਭਰਾ ਨੇ ਸੀ.ਆਰ.ਪੀ. ਵਾਲੇ। ਪੰਜਵੇਂ-ਚੌਥੇ ਦਿਨ ਜੀਪ ਲੈ ਕੇ ਆ ਜਾਂਦੇ ਆ। ਕਈ ਵਾਰੀ ਚਾਹ-ਪਾਣੀ ਲਈ ਪੈਸੇ ਲੈ ਕੇ ਗਏ ਨੇ। ਸਾਡੇ ਕੋਲੋਂ ਤਾਂ ਏਸ ਬਹਾਨੇ ਖਾਂਦੇ ਆ ਕਿ ਤੁਹਾਡੀ ਰਾਖੀ ਕਰਦੇ ਆਂ ਤੇ ਪਿੰਡ ’ਚੋਂ ਦੂਜੇ ਢੰਗ ਨਾਲ ਖਾਂਦੇ ਆ…ਰੋਜ਼ ਦੋ-ਤਿੰਨ ਮੁੰਡੇ ਫੜ ਕੇ ਲੈ ਜਾਂਦੇ ਨੇ ਤੇ ਪੈਸੇ ਲੈ ਕੇ ਛੱਡ ਦਿੰਦੇ ਨੇ। ਲੋਕਾਂ ਦਾ ਤਾਂ ਉਂਜ ਲਹੂ ਸੁੱਕਿਆ ਪਿਐ ਤੇ ਇਹ ਆਪਣੀਆਂ ਜੇਬਾਂ ਭਰਨ ’ਤੇ ਹੋਏ ਨੇ।- ਪਿੰਡ ਹੁੰਦਿਆਂ ਤਾਂ ਥਾਣੇਦਾਰ ਦੀ ਕੋਈ ਚੱਲੀ ਨਾ ਪਰ ਸ਼ਹਿਰ ਹਸਪਤਾਲ ਜਾ ਕੇ ਖਰਾਬ ਕੀਤਾ। ਡਾਕਟਰ ਨੂੰ ਕਾਗਜ਼ ਪੱਤਰ ਹੀ ਨਾ ਦੇਵੇ। ਮੈਂ ਕਈ ਗੇੜੇ ਮਾਰੇ, ਅਖੀਰ ਪੂਰਨ ਫੌਜੀ ਨੇ ਗੱਲ ਕੀਤੀ ਤਾਂ ਕਹਿੰਦਾ,‘‘ਮੈਨੂੰ ਤਾਂ ਇਉਂ ਲੱਗਦਾ ਜਿਵੇਂ ਨਿੱਜੀ ਦੁਸ਼ਮਣੀ ਦਾ ਮਾਮਲਾ ਹੋਵੇ…ਰੱਖਾ ਰਾਮ ਦਾ ਕਿਹੜਾ ਉਹ ਸਕਾ ਭਰਾ ਸੀ…ਕੋਈ ਵੀ ਲਾਲਚ ਹੋ ਸਕਦੈ!’’- ਉਹ ਗੱਲ ਵਿਗਾੜਨ ’ਤੇ ਤੁਲਿਆ ਹੋਇਆ ਸੀ ਪਰ ਪੂਰਨ ਫੌਜੀ ਨੇ ਉਹਦੀਆਂ ਅੱਖਾਂ ਵਿਚਲਾ ਰੰਗ ਦੇਖ ਕੇ ਜੇਬ ’ਚੋਂ ਨੋਟ ਕੱਢੇ ਤੇ ਉਹਦੀ ਜੇਬ ਵਿੱਚ ਪਾ ਦਿੱਤੇ। ਇਸ ਮਗਰੋਂ ਸਾਰਾ ਕੰਮ ਘੜੀਆਂ ਪਲਾਂ ਵਿੱਚ ਹੀ ਹੋ ਗਿਆ।
ਪੂਰਨ ਫੌਜੀ ਨੇ ਕਿਤੇ ਥੋੜ੍ਹੀ ਭੱਜ-ਨੱਠ ਕੀਤੀ! ਪਹਿਲਾਂ ਸਵੇਰੇ ਝੱਟ ਆਪਣਾ ਫੋਰ-ਵੀਲ੍ਹਰ ਲੈ ਕੇ ਗਿਆ। ਜਰਨੈਲ ਸਕੂਟਰੀ ਚੁੱਕੀ ਫਿਰਦਾ ਰਿਹਾ ਤੇ ਮੈਨੂੰ ਕਹਿਣ ਲੱਗਿਆ,‘‘ਭਾਈ ਸੁੱਖਾ ਸਿਆਂ ਤੂੰ ਚੁੱਪ ਕਰਕੇ ਘਾਹ ’ਤੇ ਧੁੱਪੇ ਬੈਠ, ਅਸੀਂ ਹੈਗੇ ਆਂ ਜੁਗਲ ਦੀ ਲੋਥ ਕੋਲ।’’
ਜਰਨੈਲ ਹਮੇਸ਼ਾ ਮੈਨੂੰ ‘‘ਸੁੱਖਾ ਸਿੰਘ’’ ਕਹਿ ਕੇ ਬੁਲਾਉਂਦਾ ਹੈ। ਅਸੀਂ ’ਕੱਠਿਆਂ ਨੇ ਸਕੂਲ ਪੜ੍ਹਦਿਆਂ ਤੇ ਟੋਭੇ ’ਤੇ ਨਹਾਉਂਦਿਆਂ ਬਚਪਨ ਬਿਤਾਇਆ। ਖਿੱਚ-ਧੂਹ ਕੇ ਨੌਂ ਪਾਸ ਕੀਤੀਆਂ ਤਾਂ ’ਕੱਠਿਆਂ ਨੇ ਹੀ। ਨੌਵੀਂ ਪੜ੍ਹਦਿਆਂ ਹੀ ਤਾਂ ਮੇਰਾ ਨਾਂ ਸੁੱਖਾ ਸਿੰਘ ਤੇ ਜਰਨੈਲ ਦਾ ਮੁੱਖਾ ਸਿੰਘ ਕਰਕੇ ਪੱਕਾ ਸੀ, ਜਦੋਂ ਦਾ ਅਸੀਂ ਡਰਾਮਾ ਖੇਡਿਆ ਸੀ ‘ਦੋ ਭਰਾ’। ਓਸ ਡਰਾਮੇ ਦੀ ਕਹਾਣੀ ਤਾਂ ਹੁਣ ਤਾਈਂ ਵੀ ਇੰਨ ਬਿੰਨ ਯਾਦ ਐ। ਉਦੋਂ ਦੇਸ਼ ਦੋ ਟੁਕੜਿਆਂ ਵਿੱਚ ਨਵਾਂ ਨਵਾਂ ਵੰਡਿਆ ਗਿਆ ਸੀ। ਵਿਛੜੇ ਲੋਕਾਂ ਦਾ ਬੜਾ ਵਿਗੋਚਾ ਸੀ। ਸਾਡੇ ਪੰਜਾਬੀ ਵਾਲੇ ਮਾਸਟਰ ਨੇ ਵਿਗੋਚੇ ’ਚੋਂ ਪੈਦਾ ਹੋਏ ਦਰਦ ਨਾਲ ਭਰਿਆ ਡਰਾਮਾ ਲਿਖ ਕੇ ਖਿਡਾਇਆ। ਡਰਾਮੇ ਵਿੱਚ ਇੱਕ ਮੁਸਲਮਾਨ ਟੱਬਰ ਪਿੰਡ ’ਚ ਲੁਕਿਆ ਬੈਠਾ ਹੈ। ਬਾਹਰ ਦੰਗੇ-ਫਸਾਦ ਹੋ ਰਹੇ ਨੇ,ਪਿੰਡ ਦੇ ਕਈ ਜਣੇ ਕਹਿੰਦੇ ਨੇ ਕਿ ਇਨ੍ਹਾਂ ਨੂੰ ਵੱਢ-ਟੁੱਕ ਕੇ ਨਹਿਰ ਵਿੱਚ ਰੋੜ੍ਹ ਦਿਓ ਪਰ ਕਿਰਪਾਨਾਂ ਧੂਹੀ ਖੜ੍ਹੇ ਦੋ ਭਰਾ ਸੁੱਖਾ ਸਿੰਘ ਤੇ ਮੁੱਖਾ ਸਿੰਘ ਮੁਸਲਮਾਨ ਟੱਬਰ ਦੀ ਰੱਖਿਆ ਕਰਦੇ ਹਨ। ਮੁੱਖਾ ਸਿੰਘ ਰੱਖਿਆ ਕਰਦਾ ਜ਼ਖ਼ਮੀ ਹੋ ਜਾਂਦਾ ਹੈ ਪਰ ਸੁੱਖਾ ਸਿੰਘ ਟੱਬਰ ਨੂੰ ਬਚਾ ਕੇ ਇੱਕ ਕੈਂਪ ਤਕ ਪਹੁੰਚਾਉਂਦਾ ਹੈ। ਮੁੱਖਾ ਸਿੰਘ ਜਰਨੈਲ ਬਣਿਆ ਸੀ ਤੇ ਸੁੱਖਾ ਸਿੰਘ ਮੈਂ। ਕਈ ਮਹੀਨੇ ਸਕੂਲ ਵਿੱਚ ਮੁੰਡੇ ਸਾਨੂੰ ਛੇੜਦੇ ਰਹੇ ਸਨ ‘ਮੁੱਖਾ ਸੁੱਖਾ ਸਕੇ ਭਰਾ, ਰਾਤ ਨੂੰ ਖਾਂਦੇ ਪੂੜੀਆਂ ਕੜਾਹ’।
‘ਦੋ ਭਰਾ’ ਡਰਾਮੇ ਤੋਂ ਬਾਅਦ ਅਸੀਂ ਹਮੇਸ਼ਾ ’ਕੱਠੇ ਬਹਿੰਦੇ ਉਠਦੇ। ਬਾਪੂ ਨੂੰ ਪਤਾ ਲੱਗਿਆ ਤਾਂ ਛਿੱਤਰ ਲਾਹ ਕੇ ਮੇਰੇ ਦੁਆਲੇ ਹੋ ਗਿਆ‘‘ ਤੈਂ ਤਾਂ ਜਨਮ ਗਾਲ੍ਹ ’ਤਾ, ਕੁਜਾਤ ਨਾਲ ਘੁੰਮਦਾ ਫਿਰਦਾਂ, ਤੇਰਾ ਸੱਤਿਆਨਾਸ…’’
‘‘ਮੈਂ ਤਾਂ ਉਹਦੇ ਨਾਲ ਈ ਰਹੂੰ…ਉਨ੍ਹਾਂ ਦੇ ਘਰ ਈ ਰੋਟੀ ਖਾਊਂ, ਰੋਕੋ ਤੁਸੀਂ…ਮੈਂ ਪੜ੍ਹਨਾ ਈ ਨਈਂ…’’ ਤੇ ਮੈਂ ਜ਼ਿੱਦ ਵਿੱਚ ਹੀ ਸਕੂਲ ਜਾਣਾ ਛੱਡ ਦਿੱਤਾ ਸੀ। ਮੇਰੀ ਰੀਸੇ ਹੀ ਜਰਨੈਲ ਵੀ ਸਕੂਲੋਂ ਹਟ ਗਿਆ। ਸਾਡੀ ਦੋਸਤੀ ਕੋਈ ਤੋੜ ਨਾ ਸਕਿਆ। ਜਰਨੈਲ ਲਈ ਮੈਂ ਸੁੱਖਾ ਸਿੰਘ ਹੀ ਰਿਹਾ।
‘ਸੁੱਖਾ ਸਿੰਘ!’…ਯਾਦ ਕਰਕੇ ਮੈਂ ਹਉਕਾ ਭਰਦਾ ਹਾਂ। ਇਉਂ ਲੱਗਦਾ ਹੈ ਜਿਵੇਂ ਹੁਣ ਸੁੱਖਾ ਸਿੰਘ ਵੀ ਜ਼ਖ਼ਮੀ ਹੋ ਕੇ ਡਿੱਗ ਪਿਆ ਹੋਵੇ। ਮੇਰੇ ਅੰਦਰੋਂ ਹੂਕ ਜਿਹੀ ਉਠਦੀ ਹੈ ਕਿ ਉਹ ਮੁੱਖਾ ਸਿੰਘ ਬਣ ਕੇ ਖੜ੍ਹਾ ਹੈ ਪਰ ਮਨ ਬੁੱਸਿਆ ਪਿਆ ਸੀ, ਅੰਦਰੋਂ ਬੁਝ ਜਿਹਾ ਗਿਆ ਹੈ। ਆਪਣੀ ਰੱਖਿਆ ਤਾਂ ਹਮੇਸ਼ਾ ਅੰਦਰਲੇ ਵਿਸ਼ਵਾਸ ਦੇ ਸਹਾਰੇ ਕੀਤੀ ਜਾਂਦੀ ਹੈ ਤੇ ਵਿਸ਼ਵਾਸ ਹਮੇਸ਼ਾ ਹੁੰਗਾਰੇ ਨਾਲ ਹੁੰਦਾ ਹੈ। ਹੁਣ ਏਥੇ ਤਾਂ ਹਾਲਤ ਹੀ ਹੋਰ ਹੈ, ਨਾ ਤਾਂ ਦੁਸ਼ਮਣ ਦਾ ਚਿਹਰਾ ਈ ਸਾਹਮਣੇ ਹੈ ਤੇ ਨਾ ਕਿਸੇ ਹੁੰਗਾਰੇ ਦਾ ਸਾਥ ਹੈ। ਇਸੇ ਕਰਕੇ ਲੱਗਦਾ ਹੈ ਕੁੰਡਾ ਦਰਾਂ ਨੂੰ ਲੱਗਣ ਤੋਂ ਬਾਅਦ ਹੁਣ ਕਿਤੇ ਅਗਾਂਹ ਵੱਲ ਵਧ ਰਿਹਾ ਹੈ।
ਬਾਹਰ ਬੀਹੀ ਵਾਲਾ ਦਰ ਹੌਲੀ ਹੌਲੀ ਖੜਕਿਆ। ਮੈਂ ਤੇ ਭੂਆ ਇਕਦਮ ਤ੍ਰਬਕੇ। ਭੂਆ ਅੱਖਾਂ ਅੱਡੀ ਮੇਰੇ ਵੱਲ ਦੇਖਦੀ ਉਠ ਕੇ ਖੜ੍ਹੀ ਹੋ ਗਈ।
‘‘ਮੈਂ ਤੈਨੂੰ ਕਹਿੰਦੀ ਸੀ ਨਾ, ਪਈ ਉਠ ਜਾ, ਉਠ ਜਾ…ਹੁਣ ਦੱਸ, ਬੱਤੀ ਬੰਦ ਕਰ ਦਿਆਂ?’’ ਉਹ ਘਬਰਾਈ ਹੋਈ ਬਾਹਰ ਹਨੇਰੇ ਵਿੱਚ ਦੇਖੀ ਜਾਂਦੀ ਹੈ।
ਮੈਂ ਵੀ ਘਬਰਾ ਕੇ ਬਾਹਰ ਵੱਲ ਦੇਖਦਾ ਹਾਂ। ਉਠਦਾ ਹੋਇਆ ਮੂੰਹ ਵਿੱਚ ਹੀ ਕਹਿੰਦਾ ਹਾਂ,‘‘ਕੌਣ ਹੋਊ?’’
‘‘ਤੂੰ ਛੇਤੀ ਦੇਣ ਉਧਰ ਦੁਕਾਨ ਵਿੱਚ ਬੋਰੀਆਂ ’ਚ ਜਾ ਲੁਕ… ਜਾਂ ਡਰੰਮ ਵਿੱਚ ਵੜ ਜਾ…’’ ਭੂਆ ਹੜਬੜਾ ਕੇ ਕਹਿੰਦੀ ਹੈ। ‘‘ਦੇਖ ਤੈਨੂੰ ’ਵਾਜ਼ ਮਾਰੀ ਆ, ਉਹ ਤਾਂ ਬੂਹਾ ਭੰਨੀ ਜਾਂਦੇ ਆ…’’
ਮੈਂ ਦਰਾਂ ਪਿੱਛੇ ਖੜ੍ਹਾ ਕੰਨ ਬਾਹਰ ਵੱਲ ਲਾਉਂਦਾ ਹਾਂ। ਭੂਆ ਬਾਹਰ ਨਿਕਲ ਗਈ ਹੈ। ‘‘ਹਰੇ ਰਾਮ…ਹਰੇ ਰਾਮ…ਮਿਹਰ ਕਰ ਬੰਸੀ ਵਾਲੇ…ਮਿਹਰ ਕਰ…’’ ਰੁਕ ਰੁਕ ਬੋਲਦੀ ਹੋਈ ਉਹ ਤੁਰਦੀ ਜਾਂਦੀ ਹੈ।
‘‘ਕੌਣ ਐਂ ਭਾਈ ਐਸ ਵੇਲੇ?’’ ਭੂਆ ਪੁੱਛਦੀ ਹੈ।
‘‘ਬੂਹਾ ਤਾਂ ਖੋਲੋ੍ਹ…ਸੌਂ ਵੀ ਗਏ ਤੁਸੀਂ?’’ ਮੱਧਮ ਜਿਹੀ ’ਵਾਜ਼ ਸੁਣਦੀ ਹੈ।
ਕੁੰਡਾ ਖੜਕਣ ਦੀ ’ਵਾਜ਼ ਆਉਂਦੀ ਹੈ। ਮੈਂ ਦੌੜ ਕੇ ਦੁਕਾਨ ਵੱਲ ਖੁੱਲ੍ਹਦੇ ਬੂਹੇ ਵਿੱਚ ਦੀ ਅੰਦਰ ਬੋਰੀਆਂ ਵਿੱਚ ਜਾ ਲੁਕਦਾ ਹਾਂ। ਕੋਈ ਆ ਰਿਹਾ ਹੈ, ਭੂਆ ਬੋਲ ਰਹੀ ਹੈ, ‘‘ਉਹ ਤਾਂ…ਉਹ ਤਾਂ ਹੈਨੀ ਅੰਦਰ ਭਰਾਵਾ, ਮੈਂ ’ਕੱਲੀ ਆਂ ਘਰ ਵਿੱਚ…’’
‘‘ਲੈ ਦੱਸ ਤਾਂ ਭਲਾ, ਤੈਨੂੰ ’ਕੱਲੀ ਨੂੰ ਛੱਡ ਕੇ ਆਪ ਕਿੱਥੇ ਚਲਾ ਗਿਆ? ਚੰਗਾ ਸੁੱਖਾ ਸਿੰਘ ਆ ਬਈ…ਲਿਆ ਰਜਾਈ ਦੇ, ਮੈਂ ਤਾਂ ਏਥੇ ਪੈਣ ਆਇਆਂ ਤੁਹਾਡੇ ਕੋਲ…ਐਹੋ ਜੇ ਟੈਮ ’ਚ ’ਕੱਲਿਆਂ ਕਿਤੇ ਵਕਤ ਟਪਦਾ, ਹੁਣ ਤਾਂ ਸਿਰ ਜੋੜ ਕੇ ਰੱਖਣ ਦਾ ਵੇਲੈ ਭੂਆ…ਤੇ ਸਾਡਾ ਸੁੱਖਾ ਸਿੰਘ…’’ ਜਰਨੈਲ ਦੀ ਆਵਾਜ਼ ਪਛਾਣ ਕੇ ਮੇਰੇ ਹੱਥ ਕੰਬਣ ਲੱਗਦੇ ਹਨ। ‘‘ਜਰਨੈਲ ਸਿਆਂ…’’ ਲੰਮਾ ਸਾਹ ਭਰਦਾ ਹੋਇਆ ਮੈਂ ਬੈਠਕ ਵਿੱਚ ਆਉਂਦਾ ਆਖਦਾ ਹਾਂ, ‘‘ਜਿੰਨਾ ਚਿਰ ਮੁੱਖਾ ਸਿੰਹੁ ਜਿਊਂਦਾ ਐ ਸੁੱਖਾ ਸਿੰਹੁ ਕਾਇਮ ਆਂ…ਆਹ ਦੇਖ…’’ ਮੈਂ ਆਪਣਾ ਕੰਬਦਾ ਹੋਇਆ ਹੱਥ ਜਰਨੈਲ ਦੇ ਮੋਢੇ ’ਤੇ ਰੱਖਦਾ ਹਾਂ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਪ੍ਰੇਮ ਗੋਰਖੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ