Lag Tunu Tunu (Punjabi Story) : Bhag Singh Jiwan Sathi

ਲਗ ਟੁਣੂ ਟੁਣੂ (ਕਹਾਣੀ) : ਭਾਗ ਸਿੰਘ ਜੀਵਨ ਸਾਥੀ

ਭੁਖੇ ਬੱਚਿਆਂ ਨੂੰ ਘੁਗੀ ਚੋਗ ਦੇ ਰਹੀ ਸੀ ਕਿ ਗੁਲਾਬਾ ਸੱਤਾਂ ਅੱਠਾਂ ਆਦਮੀਆਂ ਨਾਲ ਮਾਨਸੁ ਮਾਨਸੂ ਕਰਦਾ ਓਸੇ ਟਾਹਲੀ ਹੇਠ ਆ ਖਲੋਤਾ ਜਿਸ ਉਪਰ ਘੁਗੀ ਦਾ ਆਲ੍ਹਣਾ ਸੀ।
ਮਨੁਖੀ-ਰੌਲੇ ਦੀ ਬੁਛਾੜ ਆਲ੍ਹਣੇ ਵਲ ਉਲਰੀ ਵੇਖ ਘੁਗੀ ਭੈ-ਭੀਤ ਹੋਈ ਸਹਿਮੀ ਬੋਲਣ ਲੱਗੀ, 'ਸਰਦਾਰ ਜੀ, ਮੈਂ ਤਾਂ ਆਪਣੇ ਬੱਚਿਆਂ ਨੂੰ ਚੋਗਾ ਦੇ ਰਹੀ ਆਂ। ਜਿਵੇਂ ਪੰਜਾਂ ਸਾਲਾਂ ਦੀ ਅਗੇ ਦੂਰ ਦੁਰਾਡਿਓਂ ਚੋਗ ਚੁਗ ਇਸ ਆਲ੍ਹਣੇ ਵਿਚ ਦਿਨ ਕਟ ਰਹੀ ਆਂ ਉਸੇ ਤਰ੍ਹਾਂ ਅੱਜ ਚੋਗ ਚੁਗਿਆ ਏ।'
‘ਹਰਾਮਜਾਦੀਏ ਗਸਤਣੇ, ਹੋਰ ਤੇਰਾ ਖਸਮ ਕਿਹੜਾ ਦੋਧੀ ਮੱਕੀ ਚੂੰਢ ਗਿਆ ਏ? ਅਖਾਂ ਨਾਲ ਤਕ ਸਜਰੀਆਂ ਚੁੰਝਾਂ ਨੇ।' ਬਿਸ਼ਨੇ ਨੇ ਸੇਲੇ ਨੂੰ ਆਲ੍ਹਣੇ ਵਲ ਕਰ ਕੇ ਕਿਹਾ।
‘ਵੇਖਦੇ ਕੀ ਹੋ। ਇਸ ਕਤੂਰੀ ਦੀਆਂ ਆਂਦਰਾਂ ਕਢਕੇ ਅਗਲੇ ਜਹੱਨਮ ਅਪੜਾਉ, ਅਸਾਂ ਸਮਝਿਆ ਵਿਚਾਰਾ ਜਨੌਰ ਹੈ। ਸਾਡਾ ਕੀ ਖੜਦਾ ਏ? ਪਰ ਇਹ ਸਿਰ ਖੁਤੀ ਜਾਤਕਾਂ ਦਾ ਬੁਰਾ ਤਕਨ ਲਗ ਪਈ ਏ’ ਚੜ੍ਹਤੇ ਨੇ ਗੰਧਾਲੀ ਨੂੰ ਧਰਤੀ ਵਿਚ ਖੋਭਦਿਆਂ ਕਿਹਾ।

ਅਮਰ ਸਿੰਘ ਵਲ ਝਾਕਦਿਆਂ ਘੁਗੀ ਕਹਿਣ ਲੱਗੀ, 'ਬਾਬਾ ਜੀ ਮੇਰੇ ਵਿਚ ਇਹ ਬਲ ਨਹੀਂ ਕਿ ਆਪ ਦੀ ਮੱਕੀ ਚੂੰਢਾਂ! ਮੈ ਤਾਂ ਝਿੜਕ ਦਿਤਿਆਂ ਮਰ ਜਾਣਾ ਪੰਛੀ ਆਂ। ਤੁਹਾਡੇ ਖਿਆਲਾਂ ਅਨੁਸਾਰ ਮੇਰੇ ਪਾਸੋਂ ਵਿਗਾੜ ਹੋ ਗਿਆ ਏ ਤਾਂ ਆਪਣੀ ਬੱਚੀ ਸਮਝ ਖਿਮਾ ਕਰ ਦੇਵੋ। ਆਖਰ ਜਨੌਰ ਆਂ। ਗਲਤੀ ਹੋ ਈ ਜਾਇਆ ਕਰਦੀ ਏ। ਅਗੇ ਨੂੰ ਰੌਲਾ ਨਹੀਂ ਪਾਵਾਂਗੀ। ਬਚਿਆਂ ਤੋਂ ਰੌਲਾ ਪੈ ਗਿਆ। ਮੈਨੂੰ ਖੁਦ ਆਪ ਰੌਲੇ ਤੋਂ ਸੰਗ ਆਂਦੀ ਏ। ਇਸ ਵੇਲੇ ਇਨੀ ਸ਼ਰਮਸਾਰ ਆਂ ਕਿ ਧਰਤੀ-ਮਾਤਾ ਥਾਂ ਦੇਵੇ ਤਾਂ ਥਲੇ ਨਿਘਰ ਜਾਵਾਂ।

ਸਦਾ ਨੰਦ ਅਗੇ ਹੋ ਕਹਿਣ ਲੱਗਾ, 'ਤੁਸੀਂ ਭੀ ਭੋਲੇ ਹੋ। ਇਸ ਨੂੰ ਲਤੋਂ ਫੜ ਥਾਨੇ ਲੈ ਚਲੋ! ਇਹ ਲਗਦੀ ਕੀ ਏ? ਸਾਡੀ ਖੇਤੀਂ ਸ਼ੋਰ ਮਚਾਣ ਦੀ। ਖੇਤ ਸਾਡਾ, ਟਾਹਲੀ ਸਾਡੀ, ਇਸ ਦਾ ਇਥੇ ਹੈ ਈ ਕੀ? ਇਸ ਨੇ ਸਾਡੀ ਨੀਂਦ ਹਰਾਮ ਕਰ ਛਡੀ ਏ।'

ਹਰੀ ਚੰਦ ਅਤੇ ਮਿਲਖੀ ਰਾਮ ਨੇ ਬਥੇਰਾ ਸਮਝਾਇਆ ਕਿ ਘੁਗੀ ਬੜੀ ਚੰਗੀ ਏ। ਇਸ ਦੀ ਪਹਿਲੀ ਗਲਤੀ ਏ। ਇਹ ਖਿਮਾਂ ਮੰਗਦੀ ਏ। ਖਿਮਾਂ ਮੰਗਣਾ ਉਮਰ ਕੈਦੋਂ ਭਾਰਾ ਡੰਨ ਏ। ਪਰ ਜੇ ਹੁਣ ਅਸੀਂ ਖਿਮਾ ਨਾ ਦਿਤੀ ਤਾਂ ਸਾਡੇ ਜੇਡਾ ਭੀ ਮਾੜਾ ਕੋਈ ਨਹੀਂ। ਖਿਮਾਂ ਦੇਣੀ ਉਚੀ ਆਤਮਾ ਦਾ ਕੰਮ ਏ, ਅਗੋਂ ਜੇ ਇਸ ਗਲਤੀ ਕੀਤੀ ਤਾਂ ਜੋ ਮਰਜ਼ੀ ਕਰਨੀ।
ਪਰ ਕਿਸੇ ਕੰਨ ਨਾ ਕੀਤੇ। ਉਸੇ ਵੇਲੇ ਘੁਗੀ ਨੂੰ ਫੜਕੇ ਥਾਣੇ ਵਲ ਟੁਰ ਪਏ। ਰਾਹ ਵਿਚ ਮੱਝਾਂ ਲਈ ਆ ਰਹੇ ਕੁਝ ਸੁਦਾਗਰ ਮਿਲੇ। ਉਹਨਾਂ ਦੇ ਅਗੇ ਘੁਗੀ ਕਹਿਣ ਲੱਗੀ-

ਸੁਣ ਵੇ ਮਝਾਂ ਵਾਲਿਓ ਲਗ ਟੁਣੂ ਟੁਣੂ
ਟਾਹਲੜ ਮੇਰੇ ਬਚੜੇ ਲਗ ਟੁਣੂ ਟੁਣੂ
ਧੁਪ ਪਈ ਭੁੱਜ ਜਾਣਗੇ,
ਅੰਧੇਰੀ ਆਈ ਡਿਗ ਪੈਣਗੇ,
ਮੀਂਹ ਪਇਆ ਭਿੱਜ ਜਾਣਗੇ,
ਭੁਖ ਲਗੀ ਮਰ ਜਾਣਗੇ,
ਟਾਹਲੜ ਮੇਰੇ ਬਚੜੇ ਲਗ ਟੁਣੂ ਟੁਣੂ

ਘੁਗੀ ਦੀ ਆਤਮਕ-ਪੀੜ ਨਾਲ ਨੁਚੜਦੀ ਕੁਰਲਾਟ ਸੁਣ ਮੱਝਾਂ ਵਾਲੇ ਕੈਹਣ ਲਗੇ, 'ਜਿਹੜੀ ਮੱਝ ਤੁਹਾਨੂੰ ਚੰਗੀ ਲਗਦੀ ਏ ਲੈ ਜਾਓ ਪਰ ਘੁਗੀ ਨੂੰ ਛਡ ਜਾਓ। ਗੁਸਾ ਕਰਨਾ ਬੀਬੀਆਂ ਦਾਹੜੀਆਂ ਨੂੰ ਸੋਭਦਾ ਨਹੀਂ। ਆਪੋ ਅਪਨੇ ਅੰਦਰਾਂ ਵਲ ਝਾਤ ਮਾਰ ਦੇਖੋ। ਅਸੀਂ ਕਿਹੜਾ ਘਟ ਕੀਤੀਆਂ ਨੇ। ਸਾਡੇ ਅਵਗੁਣ ਢਕੇ ਗਏ। ਘਰਾਂ ਅਤੇ ਜ਼ਮੀਨਾਂ ਦੇ ਮਾਲਕ ਹੋਣ ਕਰਕੇ। ਅਸੀਂ ਸ਼ਰਾਬ ਪੀ ਇਕ ਨਹੀਂ ਅਨੇਕਾਂ ਵਾਰੀ ਖਰੂਦ ਮਚਾਇਆ ਏ। ਸਾਡੇ ਭਰਾਵਾਂ ਨੇ ਭੁਲਾ ਦਿਤਾ ਈ ਏ। ਸਾਨੂੰ ਭੀ ਚਾਹੀਦੀ ਏ ਕਿ ਇਸ ਨੂੰ ਖਿਮਾਂ ਕਰ ਦੇਈਏ। ਅਜ ਇਸ ਵਾਸਤੇ ਘੁਗੀ ਨੂੰ ਘਰੋਂ ਬੇ-ਘਰ ਹੋਣਾ ਪਿਆ ਏ ਕਿ ਇਹ ਕਮਜ਼ੋਰ ਏ। ਇਸ ਦਾ ਆਪਣਾ ਘਰ ਨਹੀਂ। ਇਸ ਦਾ ਕੋਈ ਭੈਣ ਭਰਾ ਨਹੀਂ। ਇਹ ਕਲਮ ਕੱਲੀ ਏ। ਕੋਈ ਆਸਮਾਨ ਤਾਂ ਇਸ ਨੇ ਡੇਗ ਹੀ ਨਹੀਂ ਦਿਤਾ? ਕੀ ਪਤਾ ਕਿਸ ਨੇ ਤੁਹਾਡੀ ਮਕੀ ਚੂੰਡੀ ਏ?

ਇਸ ਵਲ ਵੇਖੋ ਤਾਂ ਸਹੀ। ਇਸ ਦੀਆਂ ਹੱਡੀਆਂ ਵੇਖ ਤੁਸੀਂ ਕਹਿ ਸਕਦੇ ਹੋ ਕਿ ਇਸ ਨੇ ਮੱਕੀ ਚੂੰਡੀ ਏ? ਮੱਕੀ ਚੰਡੀ ਹੋਰ ਨੇ। ਉਸ ਸ਼ੈਤਾਨ ਵਲ ਤਾਂ ਕਿਸੇ ਦਾ ਧਿਆਨ ਹੀ ਨਹੀਂ। ਪਰ ਇਸ ਦੀ ਜਾਨ ਦੇ ਸਾਰੇ ਲਾਗੂ ਬਣ ਗਏ। ਤੁਹਾਡੇ ਵਿਚ ਜਦ ਇਹ ਅਗੇ ਪੰਜਾਂ ਸਾਲਾਂ ਦੀ ਕੋਈ ਅੜਿਕਨ ਨਹੀਂ ਕਰ ਸਕੀ ਤਾਂ ਅਜ ਇਹ ਕਿਵੇਂ ਕਰ ਸਕਦੀ ਏ। ਹੋ ਭੀ ਗਈ ਤਾਂ ਖਿਮਾਂ ਕਰੋ! ਇਕ ਮਝ ਨਹੀਂ ਦੋ ਲੈ ਲਵੋ।
ਸਾਡੀ ਪੰਚਾਇਤ ਦਾ ਫੈਸਲਾ ਏ। ਅਸੀਂ ਗੁਲਾਬੇ ਨੂੰ ਕਹਿ ਦਿੱਤਾ ਕਿ ਇਸ ਨੂੰ ਥਾਣੇ ਲੈ ਜਾਏ। ਇਹ ਆਖ ਘੁਗੀ ਨੂੰ ਲਤੋਂ ਘਸੀਟ ਅਗੇ ਟੋਰ ਲਿਆ। ਥੋੜੀ ਦੂਰ ਗਏ ਸਨ ਕਿ ਘੋੜੇ ਲਈ ਜਾਂਦੇ ਸੁਦਾਗਰ ਮਿਲੇ। ਉਹਨਾਂ ਨੂੰ ਵੇਖ ਹਿੰਝੂ ਕੇਰ ਘੁਗੀ ਬੋਲੀ -

ਸੁਣ ਵੇ ਘੋੜਿਆਂ ਵਾਲਿਓ ਲਗ ਟੁਣੂ ਟੁਣੂ
ਟਾਹਲੜ ਮੇਰੇ ਬਚੜੇ ਲਗ ਟੁਣੂ ਟੁਣੂ
ਧੁਪ ਪਈ ਸੜ ਜਾਣਗੇ,
ਅੰਧੇਰੀ ਆਈ ਡਿਗ ਪੈਨਗੇ,
ਮੀਂਹ ਪਇਆਂ ਭਿਜ ਜਾਣਗੇ,
ਭੁਖ ਲਗੀ ਮਰ ਜਾਣਗੇ,
ਟਾਹਲੜ ਮੇਰੇ ਬਚੜੇ ਲਗ ਟੁਣੂ ਟੁਣੂ

ਘੁਗੀ ਦੀਆਂ ਅੱਖਾਂ ਪੂੰਝ ਸੁਦਾਗਰ ਕਹਿਣ ਲਗੇ, ਸਰਦਾਰੋ, ਇਕ ਛਡ ਚਾਰ ਘੋੜੇ ਲੈ ਜਾਓ। ਪਰ ਘੁਗੀ ਨੂੰ ਛਡ ਜਾਓ। ਤੁਸੀਂ ਇਸ ਨੂੰ ਜਾਣਿਆ ਨਹੀਂ। ਪਰਦੇਸ ਵੇਖਿਆ ਹੁੰਦਾ। ਅਜੇਹੇ ਸੰਗੀਤਕਾਰਾਂ ਦੀ ਬੜੀ ਕਦਰ ਹੋਂਦੀ ਵੇਖਦੇ। ਇਕ ਅਧ ਛਲੀ ਨੂੰ ਚੀਕਦੇ ਹੋ। ਯੂਰਪ ਵਿਚ ਅਜੇਹਿਆਂ ਸੰਗੀਤਕਾਰਾਂ ਨੂੰ ਲੋਕ ਅਵਤਾਰਾਂ ਵਾਂਗ ਪੂਜਦੇ ਤੇ ਲੱਖਾਂ ਰੁਪਏ ਭੇਟ ਕਰਦੇ ਹਨ।

ਵੀਰਨੋਂ ਦੋਸ਼ ਤੁਹਾਡਾ ਨਹੀਂ। ਦੋਸ਼ ਅੰਗਰੇਜ਼ੀ ਸਰਕਾਰ ਦਾ ਏ। ਜਿਸ ਨੇ ਤੁਹਾਨੂੰ ਅਨਪੜ੍ਹ ਤੇ ਜਾਹਲ ਰਖਿਆ। ਅਨਪੜ੍ਹ ਅਤੇ ਜਾਹਲ ਮਨੁਖ ਨੂੰ ਗੁਣ ਦੀ ਕਦਰ ਨਹੀਂ ਹੋਂਦੀ। ਅਜੇ ਭੀ ਤੁਹਾਡਾ ਸ਼ੁਕਰੀਆ ਕਰਦਾ ਹਾਂ ਕਿ ਘੁਗੀ ਨੂੰ ਜਾਨੋਂ ਨਹੀਂ ਮਾਰ ਦਿੱਤਾ। ਨਹੀਂ ਜਟਕੀ ਕਟਕੀ ਤੋਂ ਘੁਗੀ ਦੀ ਜਾਨ ਦੀ ਖੈਰ ਕਿਥੇ ਸੀ? ਜ਼ਰੂਰ ਹੀ ਤੁਹਾਡੇ ਵਿਚ ਇਕ ਦੋ ਸਿਆਣੇ ਬੰਦੇ ਹਨ?' 
‘ਸਾਨੂੰ ਘੋੜਿਆਂ ਦੀ ਲੋੜ ਨਹੀਂ ਪਰ ਸਾਡੇ ਗੁਲਾਬੇ ਨੇ ਨਹੀਂ ਮੰਨਣੀ। ਅਸੀਂ ਖਿਮਾਂ ਕਰ ਦਿੱਤਾ ਪਰ ਗੁਲਾਬਾ ਸਾਡੇ ਕਹੇ ਤੋਂ ਬਾਹਰ ਏ। ਉਸ ਦੀ ਟਾਹਲੀ ਉਪਰ ਆਲ੍ਹਣਾ ਏ, ਅਸੀ ਗੁਸੇ ਵਿਚ ਆਏ ਤਤੇ ਕਹਿ ਬੈਠੇ ਸਾਂ। ਪਰ ਹੁਣ ਅਸੀਂ ਘੁਗੀ ਨੂੰ ਦਿਲੋਂ ਖਿਮਾ ਕਰ ਦਿੱਤਾ ਏ।'

'ਪੰਚਾਇਤ ਜੋ ਮਰਜ਼ੀ ਕਹੇ ਮੈਨੂੰ ਮਾਸਾ ਪਰਵਾਹ ਨਹੀਂ। ਮੈਂ ਕੋਈ ਘੁਗੀ ਥੋੜਾ ਹਾਂ, ਪੰਚਾਇਤ ਅਗੇ ਝੁਕ ਜਾਵਾਂਗਾ? ਮੇਰੇ ਪੰਝੀ ਹਜ਼ਾਰ ਬੈਂਕ ਵਿਚ ਕਿਹੜੇ ਵੇਲੇ ਨੂੰ ਰਖੇ ਹੋਏ ਹਨ? ਮੈਂ ਕੁਤੇ ਦਾ ਪੁਤ ਹੋਵਾਂ ਜੇ ਇਸ ਨੂੰ ਠਾਣੇ ਅਪੜਾ ਕੈਦ ਨਾ ਕਰਾਵਾਂ।' ਇਹ ਆਖ ਘੁਗੀ ਨੂੰ ਫੜ ਗੁਲਾਬਾ ਬਾਣੇ ਦੇ ਬੂਹੇ ਵਲ ਤੁਰ ਪਿਆ।
ਅੱਖਾਂ ਵਿਚ ਹੰਝੂਆਂ ਦੀ ਝੜੀ ਲਗਾਉਂਦੀ ਘੁਗੀ ਕਹਿਣ ਲਗੀ:-

ਸੁਣ ਵੇ ਥਾਣੇਦਾਰਾ ਲਗ ਟੁਣੂ ਟੂਣੁ
ਟਾਹਲੜ ਮੇਰੇ ਬਚੜੇ ਲਗ ਟੁਣੂ ਟੁਣੂ
ਧੁਪ ਪਈ ਭੱਜ ਜਾਣਗੇ,
ਅੰਧੇਰੀ ਆਈ ਡਿਗ ਪੈਣਗੇ,
ਮੀਂਹ ਪਇਆਂ ਭਿਜ ਜਾਣਗੇ,
ਭੁਖ ਲਗੀ ਮਰ ਜਾਣਗੇ,
ਟਾਹਲੜ ਮੇਰੇ ਬਚੜੇ ਲਗ ਟਣੂ ਟੁਣੂ

ਘੁਗੀ ਵਲ ਝਾਕਦਾ ਥਾਣੇਦਾਰ ਕਹਿਣ ਲੱਗਾ, 'ਗੁਲਾਬੇ ਘੁਗੀ ਨੂੰ ਛਡ ਦੇਹ। ਵਿਚਾਰੀ ਬਚਿਆਂ ਦੇ ਵਿਯੋਗ ਵਿਚ ਕਿਵੇਂ ਵਿਲਕ ਰਹੀ ਏ। ਜਿਸ ਤਰਾਂ ਅਸੀਂ ਆਪਣੇ ਬਚਿਆਂ ਦੇ ਮੋਹ ਵਿਚ ਗਵਾਚੇ ਆਂ ਓਸੇ ਤਰਾਂ ਇਹ ਹੈ। ਜਾਨ ਸਾਰਿਆਂ ਜੀਵਾਂ ਦੀ ਇਕ ਜੇਹੀ ਹੈ। ਕੋਈ ਕਿਆਮਤ ਨਹੀਂ ਡਿਗ ਪਈ। ਤੁਸੀਂ ਜਟ ਇਕ ਦੂਜੇ ਦੀ ਪੈਲੀ ਛਡਦੇ ਤਕ ਨਹੀਂ। ਯਾਦ ਕਰ ਜਦ ਬੀਜਣ ਸਮੇਂ ਕਹਿੰਦੇ ਹੋ ਕਿ ਹੇ ਪਰਮਾਤਮਾ ਇਸ ਖੇਤੀ ਨੂੰ ਭਾਗ ਲਾਵੀਂ।

ਰਾਹੀ ਪਾਂਧੀ ਦੇ ਭਾਗੀਂ।
ਚਿੜੀ ਜਨੌਰ ਦੇ ਭਾਗੀਂ।
ਗਰੀਬ ਗੁਰਬੇ ਦੇ ਭਾਗੀਂ।

ਹੁਣ ਤੂੰ ਬਚਨ ਕੀਤੇ ਤੋਂ ਖਿਸਕਦਾ ਏਂ। ਕੀ ਹੋ ਗਿਆ ਇਸ ਭੁਖੀ ਮਰਦੀ ਨੇ ਦੋ ਗੁਲ ਚੂੰਢ ਲਏ।’
ਮੈਂ ਤਾਂ ਇਸ ਨੂੰ ਜ਼ਰੂਰ ਕੈਦ ਕਰਵਾਣਾ ਏ। ਨਾ ਇਸ ਨੂੰ ਆਪਣੀ ਟਾਹਲੀ ਤੇ ਹੁਣ ਰਹਿਣ ਦੇਣਾ ਏ।

ਘੁਗੀ ਨੂੰ ਗੁਲਾਬੇ ਦੇ ਹਥੋਂ ਫੜ ਥਾਣੇਦਾਰ ਨੇ ਉਡਾ ਦਿਤਾ ਤੇ ਗੁਲਾਬੇ ਦੇ ਹਥਕੜੀ ਜਕੜ ਜੇਲ੍ਹ ਵਲ ਤਕਦੇ ਨੇ ਕਿਹਾ ਕਿ ਤੁਸੀਂ ਲੋਕ ਜਿਥੇ ਗੁਣ ਵਿਦਿਆ ਨੂੰ ਨਹੀਂ ਜਾਣਦੇ ਉਥੇ ਤੁਹਾਨੂੰ ਕਿਸੇ ਦੇ ਦੁਖ ਦਰਦ ਤੇ ਤਰਸ ਨਹੀਂ ਏ। ਤੁਹਾਨੂੰ ਆਪਣੀ ਜ਼ਿਦ ਦਾ ਖਿਆਲ ਏ। ਹੋਰ ਦੀ ਭਾਵੇਂ ਜਾਨ ਕਿਉਂ ਨਾ ਜਾਵੇ?

  • ਮੁੱਖ ਪੰਨਾ : ਕਹਾਣੀਆਂ, ਭਾਗ ਸਿੰਘ ਜੀਵਨ ਸਾਥੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ