Lalchi Bhara : Mangolian Lok Kahani

ਲਾਲਚੀ ਭਰਾ : ਮੰਗੋਲੀਆਈ ਲੋਕ ਕਹਾਣੀ

ਮੰਗੋਲੀਆ ਦੇ ਇੱਕ ਨਿੱਕੇ ਜਿਹੇ ਪਿੰਡ ਵਿੱਚ ਇੱਕ ਗ਼ਰੀਬ ਮਜ਼ਦੂਰ ਸੈਮ ਅਤੇ ਉਸ ਦਾ ਪਰਿਵਾਰ ਰਹਿੰਦਾ ਸੀ। ਪਰਿਵਾਰ ਨੂੰ ਪਾਲਣ ਲਈ ਸੈਮ ਅਤੇ ਉਸ ਦੀ ਘਰਵਾਲੀ ਮੌਲੀ ਨੂੰ ਬੜੀ ਸਖ਼ਤ ਮਿਹਨਤ ਕਰਨੀ ਪੈਂਦੀ। ਸੈਮ ਸੁਵੱਖਤੇ ਹੀ ਮਜ਼ਦੂਰੀ ਕਰਨ ਨਿਕਲ ਜਾਂਦਾ ਅਤੇ ਹਨੇਰਾ ਹੋਣ ਤਕ ਹੱਡ-ਭੰਨਵੀਂ ਮਿਹਨਤ ਕਰਦਾ। ਮੌਲੀ ਵੀ ਸਾਰਾ ਦਿਨ ਘਰ ਦੇ ਕੰਮਾਂ ਵਿੱਚ ਲੱਗੀ ਰਹਿੰਦੀ। ਖਾਣਾ ਪਕਾਉਣ ਲਈ ਲੱਕੜੀਆਂ ਇਕੱਠੀਆਂ ਕਰਨੀਆਂ ਅਤੇ ਨਦੀ ਤੋਂ ਪਾਣੀ ਲਿਆਉਣਾ ਉਸ ਦੇ ਜ਼ਿੰਮੇ ਸੀ।
ਸੈਮ ਦੇ ਪੰਜ ਪੁੱਤਰ ਸਨ ਪਰ ਸਾਰੇ ਹੀ ਅੱਵਲ ਦਰਜੇ ਦੇ ਨਖੱਟੂ। ਘਰ ਦੀ ਗ਼ਰੀਬੀ ਨੂੰ ਦੇਖਦੇ ਹੋਏ ਵੀ ਉਹ ਆਪਣੇ ਮਾਪਿਆਂ ਦੇ ਕੰਮ ਵਿੱਚ ਹੱਥ ਨਹੀਂ ਵਟਾਉਂਦੇ ਸਨ। ਮੌਲੀ ਰੱਬ ਤੋਂ ਦਿਨ-ਰਾਤ ਮਿਹਰ ਭਰਿਆ ਹੱਥ ਰੱਖਣ ਦੀ ਦੁਆ ਮੰਗਦੀ। ਉਹ ਰੋਜ਼ ਨਹਾ-ਧੋ ਕੇ ਪਾਠ-ਪੂਜਾ ਕਰਦੀ ਅਤੇ ਕਹਿੰਦੀ, ‘‘ਹੇ ਰੱਬਾ! ਮੈਨੂੰ ਇੱਕ ਅਜਿਹਾ ਪੁੱਤਰ ਦੇ ਜੋ ਸਾਡੀ ਸੇਵਾ ਕਰ ਸਕੇ।’’
ਪਿੰਡ ਦੇ ਕਈ ਜੋਤਸ਼ੀ ਵੀ ਮੌਲੀ ਨੂੰ ਇਹੋ ਆਖਦੇ ਰਹਿੰਦੇ ਕਿ ਉਸ ਦਾ ਛੇਵਾਂ ਪੁੱਤਰ ਬਹੁਤ ਹੀ ਭਾਗਾਂ ਵਾਲਾ ਹੋਵੇਗਾ। ਹੁਣ ਸੈਮ ਤੇ ਮੌਲੀ ਨੂੰ ਪੂਰਾ ਯਕੀਨ ਹੋ ਗਿਆ ਕਿ ਉਨ੍ਹਾਂ ਦਾ ਹੋਣ ਵਾਲਾ ਪੁੱਤਰ ਜ਼ਰੂਰ ਹੋਣਹਾਰ ਹੋਵੇਗਾ। ਕਹਿੰਦੇ ਨੇ ‘ਰੱਬ ਦੇ ਰੰਗ ਨਿਆਰੇ’। ਉਨ੍ਹਾਂ ਦੇ ਘਰ ਬੱਚੇ ਦੀ ਬਜਾਏ ਇੱਕ ਅਜਗਰ ਨੇ ਜਨਮ ਲਿਆ।
ਜਨਮ ਲੈਂਦਿਆਂ ਹੀ ਉਸ ਅਜਗਰ ਨੇ ਕਿਹਾ, ‘‘ਮਾਂ, ਤੂੰ ਮੈਨੂੰ ਆਪਣੇ ਘਰ ਦੇ ਪਿੱਛੇ ਜੰਗਲ ਵਿੱਚ ਛੱਡ ਆ। ਜੇ ਮੈਂ ਇੱਥੇ ਰਿਹਾ ਤਾਂ ਲੋਕ ਮੈਨੂੰ ਮਾਰ ਮੁਕਾਵਣਗੇ।’’ ਮੌਲੀ ਤਾਂ ਪਹਿਲਾਂ ਹੀ ਡਾਹਢੀ ਦੁਖੀ ਸੀ ਕਿ ਉਸ ਦਾ ਬੱਚਾ, ਬੱਚਾ ਨਾ ਹੋ ਕੇ ਇੱਕ ਅਜਗਰ ਹੈ। ਜੰਗਲ ’ਚ ਛੱਡ ਆਉਣ ਦੀ ਗੱਲ ਨੇ ਤਾਂ ਉਸ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਦੁਖੀ ਕਰ ਦਿੱਤਾ। ਆਪਣੀ ਮਾੜੀ ਕਿਸਮਤ ਨੂੰ ਰੋਂਦੀ ਮੌਲੀ ਭਾਰੀ ਮਨ ਨਾਲ ਆਖਰ ਆਪਣੇ ਅਜਗਰ ਪੁੱਤਰ ਨੂੰ ਜੰਗਲ ਛੱਡ ਆਈ।
ਰਾਤ ਨੂੰ ਉਹ ਰੋਂਦੀ-ਰੋਂਦੀ ਸੌਂ ਗਈ। ਸੁਪਨੇ ਵਿੱਚ ਉਸ ਨੂੰ ਆਪਣਾ ਪੁੱਤਰ ਅਜਗਰ ਦਿਖਾਈ ਦਿੱਤਾ। ਉਹ ਉਸ ਦੀ ਗੋਦ ਵਿੱਚ ਪਿਆ ਕਹਿ ਰਿਹਾ ਸੀ, ‘‘ਮਾਂ ਤੂੰ ਮੇਰਾ ਫ਼ਿਕਰ ਨਾ ਕਰ। ਮੈਂ ਸੱਪ ਬਣ ਕੇ ਜਨਮ ਲਿਆ ਉਸ ਦਾ ਇੱਕ ਕਾਰਨ ਸਰਾਪ ਹੈ।’’ ‘‘ਸਰਾਪ? ਕਿਹੋ ਜਿਹਾ ਸਰਾਪ? ਕੀਹਨੇ ਦਿੱਤਾ ਤੈਨੂੰ ਸਰਾਪ?’’ ਮਾਂ ਨੇ ਸਵਾਲਾਂ ਦੀ ਝੜੀ ਲਾ ਦਿੱਤੀ।
ਅਜਗਰ ਕਹਿਣ ਲੱਗਾ, ‘‘ਮਾਂ, ਮੈਂ ਪਿਛਲੇ ਜਨਮ ਵਿੱਚ ਬਹੁਤ ਅਮੀਰ ਆਦਮੀ ਸੀ। ਮੇਰੇ ਕੋਲ ਕਈ ਮਣ ਸੋਨਾ ਸੀ ਪਰ ਮੈਂ ਆਪਣੇ ਧਨ ’ਚੋਂ ਫੁੱਟੀ ਕੌਡੀ ਵੀ ਕਿਸੇ ਨੂੰ ਨਹੀਂ ਦਿੰਦਾ ਸੀ। ਇੱਥੋਂ ਤਕ ਕਿ ਮੇਰੀ ਮਾਂ ਭੁੱਖੀ-ਤਿਹਾਈ ਮਰ ਗਈ ਪਰ ਉਸ ਨੂੰ ਵੀ ਇੱਕ ਧੇਲਾ ਨਹੀਂ ਦਿੱਤਾ। ਮੇਰਾ ਇਹ ਪਾਪ ਇੰਨਾ ਵੱਡਾ ਸੀ ਕਿ ਇਸ ਜਨਮ ਵਿੱਚ ਮੈਨੂੰ ਸੱਪ ਦੇ ਰੂਪ ਵਿੱਚ ਇਨਸਾਨ ਦੇ ਘਰ ਜਨਮ ਲੈਣਾ ਪਿਆ। ਮੈਂ ਆਪਣੇ ਕੀਤੇ ਦੀ ਭੁੱਲ ਬਖ਼ਸ਼ਾਵਾਂਗਾ ਅਤੇ ਤੈਨੂੰ ਹਰ ਰੋਜ਼ ਦੋ ਉਂਗਲ ਸੋਨਾ ਦੇਵਾਂਗਾ।’’ ‘‘ਦੋ ਉਂਗਲ ਸੋਨਾ?’’ ਮਾਂ ਨੇ ਹੈਰਾਨ ਹੋ ਕੇ ਪੁੱਛਿਆ।
‘‘ਹਾਂ, ਰੋਜ਼ ਦੋ ਉਂਗਲ ਸੋਨਾ ਦੇਵਾਂਗਾ। ਕੱਲ੍ਹ ਤੋਂ ਮੈਂ ਰੋਜ਼ ਇੱਕ ਕਟੋਰਾ ਦੁੱਧ ਪੀਣ ਘਰ ਆਵਾਂਗਾ। ਜਦ ਮੈਂ ਦੁੱਧ ਪੀ ਹਟਾਂ, ਤੂੰ ਮੇਰੀ ਪੂਛ ਨਾਲੋਂ ਦੋ ਉਂਗਲਾਂ ਜਿੰਨਾ ਟੁਕੜਾ ਲਾਹ ਲਵੀਂ। ਉਹ ਟੁਕੜਾ ਤੁਰੰਤ ਸੋਨਾ ਬਣ ਜਾਵੇਗਾ,’’ ਅਜਗਰ ਸਮਝਾਉਣ ਲੱਗਾ।
‘‘ਨਹੀਂ… ਨਹੀਂ… ਮੇਰੇ ਬੱਚੇ, ਮੈਂ ਇੰਜ ਨਹੀਂ ਕਰ ਸਕਦੀ। ਤੂੰ ਨਹੀਂ ਜਾਣਦਾ ਕਿ ਇਉਂ ਤੇਰੇ ਨਾਲ-ਨਾਲ ਮੈਨੂੰ ਵੀ ਤਕਲੀਫ਼ ਹੋਵੇਗੀ,’’ ਘਬਰਾਈ ਹੋਈ ਮੌਲੀ ਨੇ ਕਿਹਾ।
‘‘ਨਹੀਂ ਮਾਂ, ਮੈਨੂੰ ਭੋਰਾ ਵੀ ਤਕਲੀਫ਼ ਨਹੀਂ ਹੋਵੇਗੀ।’’ ਅਜਗਰ ਨੇ ਕਿਹਾ।
ਸੁਪਨਾ ਖ਼ਤਮ ਹੋ ਗਿਆ। ਇਕਦਮ ਮੌਲੀ ਦੀ ਅੱਖ ਖੁੱਲ੍ਹ ਗਈ। ਉੱਠ ਕੇ ਉਹ ਇੱਧਰ-ਉਧਰ ਦੇਖਣ ਲੱਗੀ। ਉਸ ਨੂੰ ਜਾਪਿਆ ਜਿਵੇਂ ਉਸ ਦਾ ਅਜਗਰ ਪੁੱਤਰ ਇੱਥੇ ਕਿਤੇ ਘਰ ’ਚ ਹੀ ਹੋਵੇ ਪਰ ਉੱਥੇ ਕੁਝ ਵੀ ਨਹੀਂ ਸੀ। ਫਿਰ ਵੀ ਪਤਾ ਨਹੀਂ ਕਿਉਂ ਮੌਲੀ ਨੂੰ ਸੁਪਨਾ ਸੱਚ ਹੋਣ ਦਾ ਯਕੀਨ ਸੀ। ਅਗਲੇ ਦਿਨ ਉਸ ਨੇ ਕਟੋਰਾ ਦੁੱਧ ਨਾਲ ਭਰ ਕੇ ਕਮਰੇ ਵਿੱਚ ਰੱਖ ਦਿੱਤਾ ਅਤੇ ਅਜਗਰ ਨੂੰ ਉਡੀਕਣ ਲੱਗੀ। ਕੁਝ ਚਿਰ ਪਿੱਛੋਂ ਅਜਗਰ ਆਇਆ ਅਤੇ ਕਟੋਰੇ ’ਚੋਂ ਦੁੱਧ ਪੀਣ ਲੱਗਾ। ਦੁੱਧ ਪੀ ਕੇ ਉਸ ਨੇ ਆਪਣੀ ਮਾਂ ਵੱਲ ਦੇਖਿਆ।
ਮੌਲੀ ਸਮਝ ਗਈ ਕਿ ਉਸ ਦਾ ਪੁੱਤਰ ਪੂਛ ਨਾਲੋਂ ਦੋ ਉਂਗਲ ਟੋਟਾ ਕੱਟਣ ਨੂੰ ਕਹਿ ਰਿਹਾ ਹੈ। ਉਸ ਨੇ ਇੱਕ ਤਿੱਖੀ ਛੁਰੀ ਚੁੱਕ ਲਈ ਪਰ ਪੂਛ ਕੱਟਣ ਲਈ ਉਸ ਦਾ ਹੀਆ ਨਾ ਪਿਆ। ਮਾਂ ਦਾ ਦਿਲ ਜੋ ਹੋਇਆ। ਉਸ ਦੇ ਹੱਥ ਕੰਬਣ ਲੱਗੇ ਕਿ ਕਿਤੇ ਪੁੱਤਰ ਨੂੰ ਦੁਖ ਨਾ ਲੱਗੇ। ਉਸੇ ਵਕਤ ਉਹਨੂੰ ਸੁਪਨੇ ਦੀ ਗੱਲ ਯਾਦ ਆਈ। ਉਸ ਨੇ ਫਟਾਫਟ ਅਜਗਰ ਦੀ ਦੋ ਉਂਗਲਾਂ ਪੂਛ ਕੱਟ ਲਈ। ਟੁਕੜਾ ਪੂਛ ਨਾਲੋਂ ਅੱਡ ਹੁੰਦਿਆ ਹੀ ਸੋਨੇ ਵਿੱਚ ਬਦਲ ਗਿਆ। ਅਜਗਰ ਵਾਪਸ ਜੰਗਲ ਵਿੱਚ ਚਲਾ ਗਿਆ।
ਉਸ ਦਿਨ ਮਗਰੋਂ ਅਜਗਰ ਪੁੱਤਰ ਰੋਜ਼ਾਨਾ ਆਉਂਦਾ, ਦੁੱਧ ਪੀਂਦਾ ਤੇ ਮਾਂ ਮੌਲੀ ਉਸ ਦੀ ਪੂਛ ਨਾਲੋਂ ਦੋ ਉਂਗਲ ਟੁਕੜਾ ਕੱਟ ਲੈਂਦੀ। ਸੈਮ ਦੇ ਪਰਿਵਾਰ ਦੀ ਮਾਲੀ ਹਾਲਤ ਸੁਧਰਨ ਲੱਗ ਪਈ। ਹੁਣ ਸਾਰੇ ਪਰਿਵਾਰ ਨੂੰ ਤਿੰਨ ਡੰਗ ਦੀ ਰੋਟੀ ਅਤੇ ਪਾਉਣ ਨੂੰ ਵਧੀਆ ਕੱਪੜੇ ਨਸੀਬ ਹੋਣ ਲੱਗੇ। ਉਨ੍ਹਾਂ ਦੇ ਪੰਜੇ ਆਲਸੀ ਤੇ ਨਖੱਟੂ ਪੁੱਤਰਾਂ ਨੂੰ ਹੁਣ ਮੌਜ ਲੱਗ ਗਈ। ਉਨ੍ਹਾਂ ਦੀ ਮੌਜ-ਮਸਤੀ ਤੇ ਫ਼ਜ਼ੂਲ ਖ਼ਰਚੀ ਦਿਨ-ਬ-ਦਿਨ ਵਧਦੀ ਗਈ। ਕੁਝ ਦਿਨਾਂ ਬਾਅਦ ਮੁੰਡਿਆਂ ਨੂੰ ਲੱਗਾ ਕਿ ਰੋਜ਼ ਮਿਲਣ ਵਾਲਾ ਦੋ ਉਂਗਲ ਸੋਨਾ ਘੱਟ ਹੈ। ਉਹ ਆਪਣੀ ਮਾਂ ਕੋਲ ਗਏ ਤੇ ਖਰਚਣ ਲਈ ਵਧੇਰੇ ਪੈਸਿਆਂ ਦੀ ਮੰਗ ਕਰਨ ਲੱਗੇ।
‘‘ਸਾਨੂੰ ਜਿਹੜਾ ਦੋ ਉਂਗਲ ਸੋਨਾ ਮਿਲਦਾ ਹੈ ਉਹਦੇ ਵਿੱਚ ਹੀ ਗੁਜ਼ਾਰਾ ਕਰਨਾ ਚਾਹੀਦਾ ਹੈ। ਪੁੱਤਰੋ, ਬਹੁਤਾ ਲਾਲਚ ਠੀਕ ਨਹੀਂ ਹੁੰਦਾ।’’ ਮਾਂ ਨੇ ਆਲਸੀ ਪੁੱਤਰਾਂ ਨੂੰ ਸਮਝਾਉਣ ਲਈ ਆਖਿਆ।
ਪਰ ਉਹ ਜ਼ਿੱਦੀ ਮੁੰਡੇ ਭਲਾ ਕਿੱਥੇ ਸਮਝਣ ਵਾਲੇ ਸਨ। ਉਲਟਾ ਉਹ ਆਪਣੀ ਮਾਂ ਨੂੰ ਸਮਝਾਉਣ ਲੱਗੇ, ‘‘ਜੇਕਰ ਤੂੰ ਸਾਡੇ ਅਜਗਰ ਭਰਾ ਦੀ ਪੂਛ ਨਾਲੋਂ ਦੋ ਉਂਗਲ ਟੁਕੜਾ ਵੱਧ ਕੱਟ ਲਵੇਂਗੀ ਤਾਂ ਉਹ ਬੁਰਾ ਨਹੀਂ ਮਨਾਵੇਗਾ। ਸਾਨੂੰ ਇਸ ਗੱਲ ਦਾ ਪੂਰਾ ਯਕੀਨ ਹੈ। ਆਖਰ ਉਹ ਸਾਡਾ ਭਰਾ ਹੈ ਅਤੇ ਸਾਡੀ ਗ਼ਰੀਬੀ ਤੇ ਦੁੱਖ-ਦਰਦ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਸਗੋਂ ਸਾਡੀ ਮਦਦ ਕਰਕੇ ਉਹਨੂੰ ਖ਼ੁਸ਼ੀ ਹੋਵੇਗੀ।’’ ‘‘ਨਹੀਂ… ਮੈਂ ਇਹ ਨਹੀਂ ਕਰ ਸਕਦੀ। ਮੈਂ ਰਤੀ ਭਰ ਵੀ ਵੱਧ ਪੂਛ ਨਹੀਂ ਕੱਟਾਂਗੀ,’’ ਮਾਂ ਨੇ ਜਵਾਬ ਦਿੱਤਾ।
ਪਰ ਮੌਲੀ ਦੇ ਪੁੱਤਰਾਂ ਨੇ ਉਸ ਦਾ ਖਹਿੜਾ ਨਾ ਛੱਡਿਆ। ਆਖਰ ਤੰਗ ਆ ਕੇ ਉਸ ਨੂੰ ਉਨ੍ਹਾਂ ਦੀ ਜ਼ਿਦ ਮੰਨਣੀ ਹੀ ਪਈ। ਉਹਨੇ ਆਪਣੇ ਮਨ ਨੂੰ ਸਮਝਾਇਆ: ‘ਪੁੱਤਰ ਠੀਕ ਹੀ ਤਾਂ ਕਹਿੰਦੇ ਨੇ। ਭਲਾ ਦੋ ਉਂਗਲਾਂ ਵੱਧ ਪੂਛ ਦਾ ਟੁਕੜਾ ਕੱਟਣ ’ਚ ਕੀ ਹਰਜ਼ ਹੈ। ਮੇਰੇ ਅਜਗਰ ਪੁੱਤਰ ਨੂੰ ਇਤਰਾਜ਼ ਵੀ ਕੀ ਹੋ ਸਕਦਾ ਹੈ? ਉਸ ਦੇ ਭਰਾਵਾਂ ਨੂੰ ਹੀ ਤਾਂ ਇਹ ਸੋਨਾ ਚਾਹੀਦਾ ਹੈ?’
ਅਗਲੇ ਦਿਨ ਜਦ ਅਜਗਰ ਆਇਆ ਤਾਂ ਮਾਂ ਨੇ ਦੁੱਧ ਦਾ ਕਟੋਰਾ ਉਹਦੇ ਸਾਹਮਣੇ ਰੱਖ ਦਿੱਤਾ। ਸਾਰਾ ਦੁੱਧ ਪੀਣ ਮਗਰੋਂ ਉਹ ਮਾਂ ਵੱਲ ਦੇਖਣ ਲੱਗਾ।
ਮੌਲੀ ਦੇ ਦਿਲ ਦੀ ਧੜਕਣ ਤੇਜ਼ ਹੋ ਗਈ। ਉਸ ਦੇ ਹੱਥ ਵਿੱਚ ਚਾਕੂ ਸੀ। ਉਸ ਨੇ ਇੱਕੋ ਝਟਕੇ ’ਚ ਅਜਗਰ ਦੀ ਪੂਛ ਨਾਲੋਂ ਚਾਰ ਉਂਗਲ ਟੁਕੜਾ ਕੱਟ ਲਿਆ। ਪਰ ਇਹ ਕੀ? ਅੱਜ ਪੂਛ ਦਾ ਟੁਕੜਾ ਸੋਨਾ ਨਾ ਬਣਿਆ ਸਗੋਂ ਅਜਗਰ ਦੀ ਪੂਛ ’ਚੋਂ ਖ਼ੂਨ ਵਗਣ ਲੱਗ ਪਿਆ। ਕੁਝ ਹੀ ਪਲਾਂ ਵਿੱਚ ਉਹ ਤੜਪ-ਤੜਪ ਕੇ ਮਰ ਗਿਆ। ਮੌਲੀ ਦੇਖਦੀ ਹੀ ਰਹਿ ਗਈ। ਉਸ ਦੇ ਦੁੱਖ ਦੀ ਕੋਈ ਥਾਹ ਨਹੀਂ ਸੀ।
ਆਪਣੀ ਮਾਂ ਨੂੰ ਰੋਂਦਿਆਂ ਦੇਖ ਉਹ ਪੰਜੇ ਨਖੱਟੂ ਮੁੰਡੇ ਵੀ ਆ ਗਏ। ਕੋਲ ਹੀ ਮਰਿਆ ਹੋਇਆ ਅਜਗਰ ਪਿਆ ਸੀ। ਉਨ੍ਹਾਂ ’ਚੋਂ ਇੱਕ ਨੇ ਪੂਛ ਨਾਲੋਂ ਕੱਟਿਆ ਹੋਇਆ ਟੁਕੜਾ ਚੁੱਕ ਕੇ ਦੇਖਿਆ ਜੋ ਸੋਨੇ ਦਾ ਨਾ ਹੋ ਕੇ ਮਾਸ ਦਾ ਟੋਟਾ ਸੀ।
ਉਹ ਪੰਜੇ ਭਰਾ ਆਪਣੇ ਸਿਰ ਫੜ ਕੇ ਰੋਣ ਲੱਗੇ। ਉਨ੍ਹਾਂ ਦੇ ਹੱਥ ਸੋਨਾ ਵੀ ਨਾ ਲੱਗਾ ਅਤੇ ਅਜਗਰ ਵੀ ਮਰ ਗਿਆ। ਉਨ੍ਹਾਂ ਦੇ ਲਾਲਚ ਨੇ ਸੈਮ ਅਤੇ ਮੌਲੀ ਨੂੰ ਇੱਕ ਵਾਰ ਫਿਰ ਗ਼ਰੀਬੀ ’ਚ ਧੱਕ ਦਿੱਤਾ।
(ਨਿਰਮਲ ਪ੍ਰੇਮੀ)

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ