Langra Baghiaar : Rajasthani Lok Kahani

ਲੰਗੜਾ ਬਘਿਆੜ : ਰਾਜਸਥਾਨੀ ਲੋਕ ਕਥਾ

ਇੱਕ ਸੀ ਹਿਰਨੀ। ਹਿਰਨੀ ਦੇ ਨਿੱਕੇ ਨਿੱਕੇ ਚਾਰ ਬੱਚੇ ਸਨ। ਸਰੀਰ ਭਾਰੀ ਹੋਣ ਕਰਕੇ ਚਰਦੀ ਚਰਦੀ ਥੱਕ ਜਾਂਦੀ, ਰਸਤੇ ਵਿੱਚ ਸੌਂ ਜਾਂਦੀ। ਇੱਕ ਦਿਨ ਕਿਸਾਨ ਘਾਹ ਫੂਸ ਦਾ ਗੱਡਾ ਭਰਕੇ ਲਈ ਆ ਰਿਹਾ ਸੀ ਕਿ ਰਸਤੇ ਵਿੱਚ ਲੇਟੀ ਹਿਰਨੀ ਨੂੰ ਬੋਲਿਆ- ਹਿਰਨੀ ਹਿਰਨੀ ਪਰ੍ਹੇ ਹਟ ਜਾ, ਮੇਰੇ ਬਲਦ ਮਾਰ ਖੰਡਾਹੇ ਨੇ। ਜੇ ਤੇਰੇ ਸਿੰਗ ਮਾਰਿਆ ਮੈਨੂੰ ਪਾਪ ਲੱਗੇਗਾ। ਹਿਰਨੀ ਲੇਟੀ ਲੇਟੀ ਬੋਲੀ- ਗੱਡੇ ਵਾਲੇ ਗੱਡੇ ਵਾਲੇ ਭਰਾ, ਮੇਰੇ ਨਿੱਕੇ ਨਿੱਕੇ ਬੱਚੇ ਨੇ। ਜੇ ਠੰਢ ਲੱਗ ਗਈ ਮਰ ਜਾਣਗੇ, ਸੁੰਨੀ ਥਾਂ ਵਿੱਚ ਜੰਗਲੀ ਜਾਨਵਰ ਖਾ ਜਾਣਗੇ। ਆਹ ਘਾਹ ਫੂਸ ਦਾ ਇਹ ਗੱਡਾ ਇੱਥੇ ਸਿਟ ਜਾਹ, ਮੈਂ ਝੌਂਪੜੀ ਬਣਾ ਲਵਾਂਗੀ। ਤੇਰੀ ਹਿਰਨੀ ਭੈਣ ਤੈਨੂੰ ਅਸੀਸਾਂ ਦਿਉਗੀ, ਤੇਰਾ ਬੰਸ ਵਧੇ, ਤੇਰੀ ਖੇਤੀਬਾੜੀ ਵਧੇ ਫੁੱਲੇ।

ਹਿਰਨੀ, ਉਹ ਵੀ ਵਿਚਾਰੀ ਠੰਢ ਵਿਚ ਕੰਬਦੀ, ਬਚਿਆਂ ਲਈ ਵਾਸਤਾ ਪਾਉਂਦੀ...। ਗ਼ਰੀਬ ਜਾਨਵਰ ਦੀ ਮਿੰਨਤ ਸੁਣਕੇ ਕਿਸਾਨ ਨੂੰ ਤਰਸ ਆ ਗਿਆ। ਜਿੱਥੇ ਹਿਰਨੀ ਨੇ ਕਿਹਾ, ਕਿਸਾਨ ਨੇ ਉੱਥੀ ਗੱਡਾ ਢੇਰੀ ਕਰ ਦਿੱਤਾ। ਹਿਰਨੀ ਨੇ ਘਾਹ ਦੀ ਝੌਂਪੜੀ ਬਣਾਈ, ਥੱਕ ਕੇ ਝੌਂਪੜੀ ਸਾਹਮਣੇ ਖਲੋਤੇ ਕੇਸਰ ਦੇ ਰੁੱਖ ਹੇਠ ਆਰਾਮ ਕਰਨ ਲੇਟ ਗਈ। ਬੂਹੇ ਬਾਰੀਆਂ ਨਾਲ ਲੱਦਿਆ ਹੋਇਆ ਮਿਸਤਰੀ ਦਾ ਗੱਡਾ ਆਇਆ। ਰਸਤੇ ਵਿਚਕਾਰ ਹਿਰਨੀ ਸੁੱਤੀ ਦੇਖ ਕੇ ਗੱਡਾ ਰੋਕਿਆ, ਬੋਲਿਆ- ਹਿਰਨੀ ਹਿਰਨੀ ਪਰ੍ਹੇ ਹਟ ਜਾਹ। ਮੇਰੇ ਬਲਦ ਮਾਰ ਖੰਡਾਹੇ ਨੇ। ਸਿੰਗ ਮਾਰ ਦਿੱਤਾ ਤਾਂ ਮੈਨੂੰ ਪਾਪ ਲੱਗੂਗਾ।

ਹਿਰਨੀ ਲੇਟੀ ਲੇਟੀ ਬੋਲੀ- ਗੱਡੇ ਵਾਲੇ ਵੀਰ, ਗੱਡੇ ਵਾਲੇ ਵੀਰ, ਮੇਰੇ ਬੱਚੇ ਠੰਢ ਵਿਚ ਕੰਬੀ ਜਾਂਦੇ ਨੇ। ਇੱਕ ਚੁਗਾਠ, ਇੱਕ ਦਰਵਾਜ਼ਿਆਂ ਦੀ ਜੋੜੀ ਮੈਨੂੰ ਦੇ ਜਾਹ। ਹਿਰਨੀ ਭੈਣ ਤੈਨੂੰ ਅਸੀਸ ਦੇਊਗੀ ਤੇਰਾ ਬੰਸ ਵਧੇ, ਤੇਰਾ ਕਾਰੋਬਾਰ ਵਧੇ।

ਵਿਚਾਰੀ ਹਿਰਨੀ! ਉਹ ਵੀ ਨਿੱਕੇ ਨਿੱਕੇ ਬੱਚਿਆਂ ਦੀ ਮਾਂ। ਮਿਸਤਰੀ ਦੇ ਦਿਲ ਵਿੱਚ ਤਰਸ ਆਉਣਾ ਈ ਸੀ। ਉਸਨੇ ਚੁਗਾਠ ਤੇ ਪੱਲੇ ਝੌਂਪੜੀ ਅੱਗੇ ਉਤਾਰ ਦਿੱਤੇ। ਦਰਵਾਜ਼ੇ ਫਿੱਟ ਕਰਕੇ ਅਗਲੇ ਦਿਨ ਹਿਰਨੀ ਫੇਰ ਰਸਤੇ ਵਿੱਚ ਲੇਟ ਗਈ। ਗੁੜ ਅਤੇ ਚਾਵਲਾਂ ਨਾਲ ਭਰਿਆ ਗੱਡਾ ਆ ਗਿਆ। ਰਸਤੇ ਵਿੱਚ ਹਿਰਨੀ ਪਈ ਦੇਖੀ। ਉੱਚੀ ਆਵਾਜ਼ ਵਿੱਚ ਕਿਹਾ- ਹਿਰਨੀਏਂ, ਹਿਰਨੀਏਂ ਪਰ੍ਹੇ ਹਟ ਜਾਹ। ਮੇਰੇ ਬਲਦ ਮਾਰ ਖੰਡਾਹੇ ਨੇ, ਸਿੰਗ ਮਾਰ ਦਿੱਤਾ ਤਾਂ ਮੈਨੂੰ ਪਾਪ ਲੱਗੂ।

ਲੇਟੀ ਲੇਟੀ ਹਿਰਨੀ ਬੋਲੀ- ਗੱਡੇ ਵਾਲੇ ਭਾਈ ਮੈਂ ਨਿੱਕੇ ਨਿੱਕੇ ਬਚਿਆਂ ਦੀ ਮਾਂ ਹਾਂ। ਘਾਹ ਵਾਲਾ ਘਾਹ ਦੇ ਗਿਆ, ਦਰਵਾਜ਼ਿਆਂ ਵਾਲਾ ਦਰਵਾਜ਼ੇ। ਕੰਧਾਂ ਲਿੱਪਣ ਵਾਸਤੇ ਮੈਨੂੰ ਗੁੜ ਤੇ ਚਾਵਲ ਚਾਹੀਦੇ ਨੇ, ਇੱਕ ਗੱਡਾ ਮੇਰੇ ਵਾਸਤੇ ਦਾਨ ਕਰ ਦੇਹ। ਤੇਰੀ ਹਿਰਨੀ ਭੈਣ ਤੇਰੇ ਗੁਣ ਗਾਊਗੀ, ਅਸੀਸ ਦੇਊਗੀ ਕਿ ਤੇਰਾ ਬੰਸ ਵਧੇ, ਕਾਰੋਬਾਰ ਚੱਲੇ।

ਹਿਰਨੀ, ਉਹ ਵੀ ਠੰਢ ਵਿਚ ਕੰਬਦੀ! ਗ਼ਰੀਬ ਜਾਨਵਰ ਉੱਪਰ ਗੱਡੇ ਵਾਲੇ ਨੂੰ ਤਰਸ ਆ ਗਿਆ। ਉਸਨੇ ਝੌਂਪੜੀ ਸਾਹਮਣੇ ਇੱਕ ਢੇਰ ਗੁੜ ਦਾ ਦੂਜਾ ਚੌਲਾਂ ਦਾ ਲਾ ਦਿੱਤਾ। ਹਿਰਨੀ ਨੇ ਗੁੜ ਨਾਲ ਝੌਂਪੜੀ ਲਿੱਪ ਦਿੱਤੀ ਤੇ ਚੌਲਾਂ ਨਾਲ ਚਿਤਰ ਦਿੱਤੀ। ਹਿਰਨੀ ਫੇਰ ਝੌਂਪੜੀ ਸਾਹਮਣੇ ਰਸਤੇ ਉੱਪਰ ਲੇਟ ਗਈ। ਐਤਕਾਂ ਸੇਠ ਗੱਡਾ ਲਈ ਆ ਰਿਹਾ ਸੀ ਜਿਸ ਵਿੱਚ ਆਟਾ, ਖੰਡ, ਘਿਉ, ਗੂੰਦ, ਜਵੈਣ, ਸੁੰਢ ਵਗੈਰਾ ਸਮਾਨ ਭਰਿਆ ਹੋਇਆ। ਰਸਤੇ ਵਿੱਚ ਹਿਰਨੀ ਲੇਟੀ ਦੇਖੀ ਤਾਂ ਪੁਚਕਾਰ ਕੇ ਬਲਦ ਰੋਕ ਲਏ। ਕਿਹਾ- ਹਿਰਨੀ ਹਿਰਨੀ ਦੂਰ ਹੋਜਾ, ਹਿਰਨੀ ਹਿਰਨੀ ਪਰ੍ਹੇ ਹਟ ਜਾ, ਮੇਰੇ ਬਲਦ ਗ਼ੁਸੈਲੇ ਨੇ। ਸਿੰਗ ਮਾਰ ਦਿੱਤੇ ਤਾਂ ਮਰ ਜਾਏਂਗੀ, ਮੈਨੂੰ ਪਾਪ ਲੱਗੂਗਾ। ਲੇਟੀ ਲੇਟੀ ਹਿਰਨੀ ਬੋਲੀ- ਗੱਡੀਵਾਨ ਗੱਡੀਵਾਨ, ਮੈਂ ਨਿੱਕੇ ਨਿਕੇ ਬੱਚਿਆਂ ਦੀ ਮਾਂ ਹਾਂ, ਮੇਰੇ ਬੱਚੇ ਠੰਢ ਨਾਲ ਕੰਬਦੇ ਨੇ। ਘਾਹ ਵਾਲਾ ਘਾਹ ਦੇ ਗਿਆ, ਝੌਂਪੜੀ ਬਣਾ ਲਈ। ਦਰਵਾਜ਼ਿਆਂ ਵਾਲਾ ਦਰਵਾਜ਼ਾ ਦੇ ਗਿਆ, ਮੈਂ ਦਰਵਾਜ਼ੇ ਜੜ ਦਿੱਤੇ। ਫੇਰ ਗੁੜ ਚੌਲਾਂ ਵਾਲਾ ਆਇਆ, ਗੁੜ ਚੌਲ ਦੇ ਗਿਆ, ਮੈਂ ਝੌਂਪੜੀ ਲਿੱਪ ਲਈ। ਮੈਨੂੰ ਪੰਜੀਰੀ ਵਾਸਤੇ ਵੀ ਤਾਂ ਸਮਾਨ ਚਾਹੀਦੈ। ਤੇਰੀ ਹਿਰਨੀ ਭੈਣ ਤੇ ਤੇਰੇ ਭਾਣਜੇ ਤੇਰੇ ਗੁਣ ਗਾਇਆ ਕਰਨਗੇ। ਤੇਰਾ ਬੰਸ ਵਧੇਗਾ, ਬਰਕਤਾਂ ਹੋਣਗੀਆਂ।

ਹਿਰਨੀ! ਉਹ ਵੀ ਨਿੱਕੇ ਬਚਿਆਂ ਦੀ ਮਾਂ! ਸੇਠ ਨੂੰ ਤਰਸ ਆਉਣਾ ਹੀ ਸੀ। ਉਸ ਨੇ ਸਾਰਾ ਮਾਲ ਪੱਤਾ ਝੌਂਪੜੀ ਸਾਹਮਣੇ ਢੇਰੀ ਕਰ ਦਿੱਤਾ। ਹਿਰਨੀ ਨੇ ਬੇਅੰਤ ਅਸੀਸਾਂ ਦਿੱਤੀਆਂ। ਪੰਜੀਰੀ ਦਾ ਸਾਮਾਨ ਅੰਦਰ ਧਰ ਲਿਆ। ਚਾਰ ਬਹੁਤ ਸੁਹਣੇ ਬੱਚੇ ਸਨ। ਸਮੇਂ ਸਿਰ ਪੰਜੀਰੀ ਖਾਂਦੀ, ਸਮੇਂ ਸਿਰ ਬੱਚਿਆਂ ਨੂੰ ਦੁੱਧ ਚੁੰਘਾਉਂਦੀ। ਨਹਾ ਧੋਕੇ, ਸੂਰਜ ਨੂੰ ਮੱਥਾ ਟੇਕ ਕੇ ਉਹ ਬਾਹਰ ਨਿਕਲੀ। ਜੰਗਲ ਵਿੱਚ ਘਾਹ ਚਰਨ ਵੀ ਤਾਂ ਜਾਣਾ ਹੁੰਦੈ। ਜਾਂਦੀ ਹੋਈ ਬੱਚਿਆਂ ਨੂੰ ਪੂਰੇ ਚੌਕਸ ਕਰਕੇ ਜਾਂਦੀ ਕਿ ਦਰਵਾਜ਼ਾ ਅੰਦਰਲੀ ਅਰਲੀ ਲਾ ਕੇ ਬੰਦ ਕਰਨੈ। ਘਾਹ ਚਰ ਕੇ, ਰੱਜ ਪੁੱਜ ਕੇ ਸ਼ਾਮ ਨੂੰ ਵਾਪਸ ਆਉਂਦੀ। ਝੌਂਪੜੀ ਦੇ ਬਾਹਰ ਖੜ੍ਹੀ ਹੋ ਕੇ ਆਵਾਜ਼ ਮਾਰਦੀ:

ਗੁੜ ਲਿੱਪੀ ਚੌਲਾਂ ਚਿੱਤੀ,
ਖੋਲ੍ਹੋ ਵੇ ਬੱਚਿਉ ਝੌਂਪੜੀ॥
ਗੁੜ ਲਿਪੀ ਚੌਲਾਂ ਚਿੱਤੀ,
ਖੋਲ੍ਹੋ ਵੇ ਬੱਚਿਉ ਝੌਂਪੜੀ।

ਇਹ ਬੋਲ ਸੁਣਨਸਾਰ ਬੱਚੇ ਅੰਦਰ ਲੱਗੀ ਹੋਈ ਅਰਲੀ ਪਰ੍ਹੇ ਹਟਾ ਕੇ ਦਰਵਾਜ਼ਾ ਖੋਲ੍ਹ ਦਿੰਦੇ। ਅੰਦਰ ਆਉਂਦੀ, ਚਾਰੇ ਬੱਚੇ ਮਾਂ ਨੂੰ ਘੇਰ ਲੈਂਦੇ, ਲਿਪਟ ਲਿਪਟ ਜਾਂਦੇ। ਬੇਅੰਤ ਖ਼ੁਸ਼ ਹੋ ਕੇ ਮਾਂ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਂਦੀ।

ਉਸ ਜੰਗਲ ਵਿੱਚ ਇੱਕ ਲੰਗੜਾ ਬਘਿਆੜ ਰਹਿੰਦਾ ਸੀ। ਉਸਦਾ ਜੀਅ ਕਰਦਾ ਰਹਿੰਦਾ ਨਿੱਕੇ-ਨਿੱਕੇ ਬੱਚਿਆਂ ਦਾ ਨਰਮ ਨਰਮ ਮਾਸ ਖਾਵਾਂ। ਹਿਰਨੀ ਦੇ ਚਾਰੇ ਬੱਚਿਆਂ ਉੱਪਰ ਉਸਦੀ ਅੱਖ ਸੀ। ਇੱਕ ਦਿਨ ਝੌਂਪੜੀ ਸਾਹਮਣੇ ਖਲੋ ਕੇ ਉਸਨੇ ਦਰਵਾਜ਼ਾ ਖਟਖਟਾਇਆ। ਬੱਚਿਆਂ ਨੇ ਪੁੱਛਿਆ- ਕੌਣ ਹੈ? ਲੰਗੜੇ ਬਘਿਆੜ ਨੇ ਜਵਾਬ ਕੋਈ ਨਾ ਦਿੱਤਾ, ਫੇਰ ਦਰਵਾਜ਼ਾ ਖੜਕਾਇਆ। ਬੱਚੇ ਜਾਣ ਗਏ ਕਿ ਮਾਂ ਨਹੀਂ ਹੈ। ਹਿਰਨੀ ਸਮਝਾ ਕੇ ਗਈ ਸੀ ਕਿ ਜਦੋਂ ਮੈਂ ਇਹ ਗੀਤ ਗਾਵਾਂ ਫੇਰ ਦਰਵਾਜ਼ਾ ਖੋਲ੍ਹਿਓ:

ਗੁੜ ਲਿਪੀ ਚੌਲਾਂ ਚਿੱਤੀ,
ਖੋਲ੍ਹੋ ਵੇ ਬੱਚਿਉ ਝੌਂਪੜੀ॥

ਲੰਗੜੇ ਬਘਿਆੜ ਨੇ ਬਥੇਰੀ ਸਿਰ ਖਪਾਈ ਕੀਤੀ ਪਰ ਬੱਚਿਆਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਲੰਗੜਾ ਸੋਚੀ ਜਾਵੇ- ਹੁਣ ਕਰਾਂ ਤਾਂ ਕੀ ਕਰਾਂ? ਉਸਦਾ ਕੋਈ ਵਸ ਨਾ ਚੱਲਿਆ। ਸ਼ਾਮ ਨੂੰ ਉਦਾਸ ਹੋ ਕੇ ਝੌਂਪੜੀ ਦੇ ਪਿੱਛੇ ਉੱਚੇ ਲੰਮੇ ਘਾਹ ਵਿੱਚ ਛੁਪ ਕੇ ਬੈਠ ਗਿਆ। ਜਦੋਂ ਹਿਰਨੀ ਆਈ, ਬੱਚਿਆਂ ਨੂੰ ਆਵਾਜ਼ ਮਾਰੀ, ਉਸਨੇ ਉਹ ਸਾਰੇ ਸ਼ਬਦ ਤੇ ਆਵਾਜ਼ ਦਾ ਸੁਰ ਲਹਿਜਾ ਸਿੱਖ ਲਿਆ, ਯਾਦ ਕਰ ਲਿਆ। ਦੂਜੇ ਦਿਨ ਜਦੋਂ ਹਿਰਨੀ ਜੰਗਲ ਵਿੱਚ ਚਲੀ ਗਈ, ਹਿਰਨੀ ਦੀ ਆਵਾਜ਼ ਵਿੱਚ ਬਘਿਆੜ ਬੋਲਿਆ-

ਗੁੜ ਲਿਪੀ ਚੌਲਾਂ ਚਿੱਤੀ,
ਖੋਲ੍ਹੋ ਵੇ ਬੱਚਿਉ ਝੌਂਪੜੀ॥

ਹਿਰਨੀ ਦੇ ਬੱਚੇ ਖ਼ੁਸ਼ ਹੋ ਕੇ ਦਰਵਾਜ਼ਾ ਖੋਲ੍ਹਣ ਲੱਗੇ ਹੀ ਸਨ ਕਿ ਕੇਸਰ ਦਾ ਬੂਟਾ ਬੋਲਿਆ- ਖ਼ਬਰਦਾਰ! ਦਰਵਾਜ਼ਾ ਨਾ ਖੋਲ੍ਹ ਦੇਇਓ ਕਿਤੇ, ਇਹ ਤਾਂ ਲੰਗੜਾ ਬਘਿਆੜ ਹੈ, ਖਾ ਜਾਊਗਾ ਤੁਹਾਨੂੰ। ਦਰਵਾਜ਼ਾ ਤਾਂ ਨਹੀਂ ਖੁੱਲ੍ਹਿਆ ਸੋ ਨਹੀਂ ਖੁੱਲ੍ਹਿਆ ਪਰ ਲੰਗੜੇ ਬਘਿਆੜ ਨੂੰ ਏਨਾ ਗ਼ੁੱਸਾ ਆਇਆ ਕਿ ਪੰਜਿਆਂ ਨਾਲ ਉਸਨੇ ਕੇਸਰ ਦਾ ਬੂਟਾ ਸਣੇ ਜੜਾਂ ਉਖਾੜ ਦਿੱਤਾ। ਅਗਲੇ ਦਿਨ ਫਿਰ ਆਇਆ, ਗਾਉਣ ਲੱਗਾ:

ਗੁੜ ਲਿਪੀ ਚੌਲਾਂ ਚਿੱਤੀ,
ਖੋਲ੍ਹੋ ਵੇ ਬੱਚਿਉ ਝੌਂਪੜੀ॥

ਜ਼ਮੀਨ ਤੇ ਡਿਗਿਆ ਪਿਆ ਕੇਸਰ ਦਾ ਬੂਟਾ ਫਿਰ ਬੋਲਿਆ- ਦਰਵਾਜ਼ਾ ਨਾ ਖੋਲ੍ਹਿਓ! ਇਹ ਲੰਗੜਾ ਬਘਿਆੜ ਹੈ, ਤੁਹਾਨੂੰ ਖਾ ਜਾਏਗਾ। ਬੱਚੇ ਸਾਵਧਾਨ ਹੋ ਗਏ। ਦਰਵਾਜ਼ਾ ਨਾ ਖੋਲ੍ਹਿਆ। ਬੱਚੇ ਤਾਂ ਹੱਥ ਨਹੀਂ ਆਏ ਪਰ ਬਘਿਆੜ ਨੂੰ ਏਨਾ ਗ਼ੁੱਸਾ ਚੜ੍ਹਿਆ ਕਿ ਕੇਸਰ ਦੇ ਬੂਟੇ ਨੂੰ ਅੱਗ ਵਿੱਚ ਜਲਾ ਦਿੱਤਾ, ਉਸ ਦੀ ਰਾਖ ਪਾਣੀ ਵਿੱਚ ਘੋਲ ਕੇ ਪੀ ਗਿਆ ਕਿ ਕਿਤੇ ਰਾਖ ਨਾ ਰੌਲਾ ਪਾ ਦੇਵੇ। ਅਗਲੇ ਦਿਨ ਫਿਰ ਗੌਣ ਲੱਗਾ:

ਗੁੜ ਲਿਪੀ ਚੌਲਾਂ ਚਿੱਤੀ,
ਖੋਲ੍ਹੋ ਵੇ ਬੱਚਿਉ ਝੌਂਪੜੀ॥

ਬੱਚਿਆਂ ਨੇ ਸੋਚਿਆ- ਲੰਗੜਾ ਬਘਿਆੜ ਹੁੰਦਾ, ਕੇਸਰ ਦਾ ਬੂਟਾ ਸਾਨੂੰ ਸਾਵਧਾਨ ਕਰ ਦਿੰਦਾ। ਪੱਕੀ ਗੱਲ, ਇਹ ਮਾਂ ਹੀ ਹੈ। ਖ਼ੁਸ਼ੀ ਖ਼ੁਸ਼ੀ ਦਰਵਾਜ਼ਾ ਖੋਲ੍ਹ ਦਿੱਤਾ। ਖੋਲ੍ਹਣ ਸਾਰ ਦੇਖਿਆ- ਉਹੋ, ਇਹ ਤਾਂ ਲੰਗੜਾ ਬਘਿਆੜ ਹੈ! ਪਰ ਹੁਣ ਕੀ ਹੋ ਸਕਦਾ ਸੀ? ਲੰਗੜਾ ਚਾਰੇ ਬੱਚਿਆਂ ਨੂੰ ਖਾ ਗਿਆ। ਨਰਮ ਨਰਮ ਬੱਚੇ ਉਸਨੂੰ ਮੱਖਣ ਵਰਗੇ ਸੁਆਦ ਲੱਗੇ।

ਘਾਹ ਚਰਕੇ ਰੱਜ ਪੁੱਜ ਕੇ ਹਿਰਨੀ ਵਾਪਸ ਆਈ, ਦੇਖਿਆ ਦਰਵਾਜ਼ਾ ਖੁੱਲ੍ਹਾ ਪਿਆ ਹੈ। ਝੌਂਪੜੀ ਬਾਹਰ ਬਘਿਆੜ ਦੀਆਂ ਪੈੜਾਂ ਦੇ ਨਿਸ਼ਾਨ! ਕੇਸਰ ਦਾ ਬੂਟਾ ਕਿਤੇ ਨਹੀਂ! ਸਿਰ ਚਕਰਾ ਗਿਆ। ਝੌਂਪੜੀ ਦੇ ਅੰਦਰ ਗਈ। ਇੱਕ ਵੀ ਬੱਚਾ ਨਹੀਂ ਦਿਸਿਆ! ਚੀਕਾਂ ਮਾਰ ਕੇ ਰੋਈ। ਜਿੱਧਰ ਕਿੱਧਰ ਬਘਿਆੜ ਦੀਆਂ ਪੈੜਾਂ ਗਈਆਂ, ਉਧਰ ਉਧਰ ਦੌੜਨ ਲੱਗੀ। ਰੋਂਦੀ ਜਾਂਦੀ, ਭੱਜੀ ਜਾਂਦੀ।

ਰੋਂਦੀ ਰੋਂਦੀ ਨੂੰ ਤਲਾਬ ਦਾ ਕਿਨਾਰਾ ਆ ਗਿਆ। ਕੀ ਦੇਖਿਆ, ਲੰਗੜਾ ਬਘਿਆੜ, ਲੰਗ ਮਾਰਦਾ ਮਾਰਦਾ, ਡਕਾਰਾਂ ਲੈਂਦਾ ਲੈਂਦਾ ਮੌਜ ਨਾਲ ਪਾਣੀ ਪੀਣ ਤਲਾਬ ਵਿੱਚ ਹੇਠਾਂ ਉਤਰ ਰਿਹਾ ਹੈ। ਚੁੰਨੀ ਨਾਲ ਅੱਖਾਂ ਪੂੰਝਦੀ ਪੂੰਝਦੀ ਹਿਰਨੀ ਕਹਿੰਦੀ- ਓ ਲੰਗੜੇ ਚੰਡਾਲ, ਮੇਰੇ ਬੱਚੇ ਵਾਪਸ ਮੈਨੂੰ ਦੇਹ! ਲੰਗੜੇ ਨੇ ਕਿਹਾ- ਮੈਨੂੰ ਕੀ ਪਤਾ ਤੇਰੇ ਬੱਚਿਆਂ ਦਾ? ਮੈਂ ਉਨ੍ਹਾਂ ਦਾ ਚੌਂਕੀਦਾਰ ਹਾਂ? ਇਹ ਕਹਿਕੇ ਉਸਨੇ ਮੌਜ ਨਾਲ ਆਪਣੇ ਪੇਟ ਉੱਪਰ ਹੱਥ ਫੇਰਿਆ ਤੇ ਡਕਾਰ ਮਾਰੀ। ਹਿਰਨੀ ਚੀਕ ਮਾਰ ਕੇ ਫਿਰ ਰੋ ਪਈ। ਰੋਂਦੀ ਰੋਂਦੀ ਕਹਿੰਦੀ- ਤੇਰਾ ਕੱਖ ਨਾ ਰਹੇ ਪਾਪੀ, ਮੇਰੇ ਬੱਚੇ ਖਾਧੇ।

ਪਰ ਲੰਗੜੇ ਨੂੰ ਹਿਰਨੀ ਦੀ ਕੀ ਪਰਵਾਹ? ਪਾਣੀ ਪੀਣ ਲਈ ਮੂੰਹ ਹੇਠਾਂ ਕੀਤਾ ਹੀ ਸੀ ਕਿ ਹਿਰਨੀ ਨੇ ਸਰਾਪ ਦਿੱਤਾ- ਜਿਸਨੇ ਮੇਰੇ ਬੱਚੇ ਖਾਧੇ ਉਸਦੀਆਂ ਅੱਖਾਂ ਫੁੱਟ ਜਾਣ। ਲਉ ਜੀ, ਇਸ ਬੋਲ ਨਾਲ ਬਘਿਆੜ ਅੰਨ੍ਹਾ ਹੋ ਗਿਆ। ਦਹਾੜ ਮਾਰ ਕੇ ਪਿੱਛੇ ਮੁੜਕੇ ਹਿਰਨੀ ਤੇ ਹੱਲਾ ਕਰਨਾ ਚਾਹਿਆ। ਹਿਰਨੀ ਨੇ ਕਿਹਾ- ਜਿਸਨੇ ਮੇਰੇ ਬੱਚੇ ਖਾਧੇ ਉਸਦੀਆਂ ਲੱਤਾਂ ਟੁੱਟਣ!

ਇੱਕ ਤਾਂ ਪਹਿਲਾਂ ਹੀ ਟੁੱਟੀ ਹੋਈ ਸੀ, ਬਘਿਆੜ ਦੀਆਂ ਬਾਕੀ ਤਿੰਨ ਲੱਤਾਂ ਵੀ ਟੁੱਟ ਗਈਆਂ। ਕਿਨਾਰੇ ਤੇ ਡਿੱਗ ਪਿਆ। ਹਿਰਨੀ ਨੇ ਫਿਰ ਕਿਹਾ- ਜਿਸਨੇ ਮੇਰੇ ਬੱਚੇ ਖਾਧੇ, ਉਸਦਾ ਪੇਟ ਫੁੱਟ ਜਾਵੇ! ਬਘਿਆੜ ਦਾ ਪੇਟ ਪਟਾਕ ਕਰਕੇ ਫੁੱਟ ਗਿਆ। ਚਾਰੇ ਬੱਚੇ ਛਾਲਾਂ ਮਾਰਦੇ ਬਾਹਰ ਨਿਕਲ ਆਏ। ਕੇਸਰ ਦਾ ਬੂਟਾ ਵੀ ਨਿਕਲ ਆਇਆ। ਕੇਸਰ ਦਾ ਬੂਟਾ ਫਿਰ ਜੜ੍ਹੋਂ ਹਰਾ ਹੋ ਗਿਆ। ਭੱਜ ਕੇ ਹਿਰਨੀ ਬੱਚਿਆਂ ਕੋਲ ਗਈ। ਤਲਾਬ ਵਿੱਚ ਇਸ਼ਨਾਨ ਕਰਾਇਆ, ਦੁੱਧ ਚੁੰਘਾਇਆ। ਬੱਚੇ ਭੁੱਖੇ ਸਨ, ਰੱਜ ਕੇ ਦੁੱਧ ਚੁੰਘਿਆ। ਬਾਕੀ ਬਚਿਆ ਦੁੱਧ ਕੇਸਰ ਦੀਆਂ ਜੜ੍ਹਾਂ ਵਿੱਚ ਚੋ ਦਿੱਤਾ। ਕੇਸਰ ਦੇ ਫੁੱਲ ਖਿੜ ਗਏ। ਫਿਰ ਹਿਰਨੀ ਬੱਚਿਆਂ ਨੂੰ ਕੇਸਰ ਦੇ ਫੁੱਲ ਘੋਲ ਕੇ ਦੁਧ ਪਿਆਉਂਦੀ। ਸਾਰੇ ਜਣੇ ਮੌਜਾਂ ਨਾਲ ਰਹਿਣ ਲੱਗੇ। ਕਿੰਨੇ ਦਿਨ ਲੰਗੜਾ ਬਘਿਆੜ ਤਲਾਬ ਕਿਨਾਰੇ ਮਰਿਆ ਪਿਆ ਰਿਹਾ। ਕਾਂ, ਇਲਾਂ, ਗਿਰਝਾਂ, ਕੁੱਤੇ ਆ ਗਏ। ਉਸਦੀ ਬੋਟੀ ਬੋਟੀ ਚੂੰਡ ਲਈ। ਹੁਣ ਤੱਕ ਹੱਡੀਆਂ ਤਲਾਬ ਕਿਨਾਰੇ ਖਿੱਲਰੀਆਂ ਪਈਆਂ ਦਿਸ ਜਾਂਦੀਆਂ ਹਨ, ਜਿਸ ਨੇ ਦੇਖਣੀਆਂ ਹੋਣ ਦੇਖ ਲਵੇ।

(ਮੂਲ ਲੇਖਕ: ਵਿਜੇਦਾਨ ਦੇਥਾ)
(ਅਨੁਵਾਦਕ: ਹਰਪਾਲ ਸਿੰਘ ਪੰਨੂ)

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •