Lekhak (Punjabi Story) : Rashpinder Sroye

ਲੇਖਕ (ਕਹਾਣੀ) : ਰਸ਼ਪਿੰਦਰ ਸਰੋਏ

ਮੈਂ ਆ ਖੜਿਆਂ ਹਾਂ ਜਾਪ। ਤੇਰੀ ਉਸ ਠੰਡੀ ਰੇਤ ਤੇ ਜਿੱਥੇ ਤੇਰੇ ਲਿਖੇ ਸ਼ਬਦ ਧਰਤੀ ਵਿੱਚ ਸਮਾ ਜਾਂਦੇ ਨੇ। ਜਿੱਥੇ ਸ਼ਾਂਤ ਸਮੁੰਦਰ ਦੀਆਂ ਲਹਿਰਾਂ ਸਾਗਰ ਦੇ ਉਸ ਪਾਰੋਂ ਆ ਕੇ ਮੇਰੇ ਪੈਰਾਂ ਦੀਆਂ ਉੰਗਲੀਆਂ ਚੁੰਮਦੀਆਂ ਨੇਂ।
ਅੱਜ ਮੈਂ ਪਹਿਲੀ ਵਾਰ ਅਸਲੀ ਜਿੰਦਗੀ ਦਾ ਇੱਕ ਦਿਨ ਡੁੱਬਦਾ ਵੇਖਦਾਂ।
ਕਾਲੇ ਪਰਿੰਦੇ ਆਪਣੇ ਗਰਾਂ ਨੂੰ ਜਾਂਦੇ ਮੈਨੂੰ ਸੰਕੇਤ ਕਰ ਰਹੇ ਨੇਂ।

ਇਸ ਪੂਰੇ ਖੁੱਲੇ-ਡੁੱਲੇ ਸ਼ਹਿਰ ਵਿੱਚ ਅਸਮਾਨ ਦੀ ਹਿੱਕ ਨੂੰ ਛੂੰਹਦੀਆਂ ਬਿਲਡਿੰਗਾਂ ਤੇ ਜਵਾਨੀ ਦੀਆਂ ਰੰਗ - ਰੰਗੀਨੀਆਂ ਆਪਣਾ ਤਿਲਸਮ ਤਰੌਂਕਦੀਆਂ ਨੇਂ । ਅਲੌਕਿਕ ਕੁਦਰਤ ਇੱਥੇ ਜਦੋਂ ਦਿਲ ਕਰਦਾ ਵਰਖਾ ਕਰਦੀ ਏ ਕਦੇ ਬਰਫ ਦੀਆਂ ਪੱਤੀਆਂ ਗਿਰਾਂਉਦੀ ਏ ਤੇ ਕਦੇ ਗਰਮੀ ਵਰਾਂਉਦੀ ਏ। ਇੱਥੇ ਉਹਨਾਂ ਲੋਕਾਂ ਦੀ ਕੋਈ ਅਹਿਮੀਅਤ ਨਹੀਂ ਜਿੰਨਾਂ ਕੋਲ ਵਿਹਲੇ ਸਮੇਂ ਦਾ ਖ਼ਜਾਨਾ ਅਮੁੱਕ ਹੈ। ਹਰ ਕੋਈ ਆਪਣੇ-ਆਪਣੇ ਕੰਮ ਵਿੱਚ ਇਸ ਤਰ੍ਹਾਂ ਮਸ਼ਰੂਫ ਰਹਿੰਦਾ ਹੈ। ਜਿਵੇਂ ਭੌਣ ਉੱਤੇ ਕੀੜੇ ਆਪਣੀ ਤਿਲ-ਚੌਲੀ ਸਮੇਟਣ ਤੇ ਲੱਗੇ ਹੁੰਦੇ ਨੇਂ।

ਸ਼ਹਿਰ ਦੇ ਵਿੱਚੋ ਵਿੱਚ ਜਾਂਦੀ ਰੋਡ ਜਿੱਥੇ ਲੋਕਾਂ ਦੀ ਗਹਿਮਾ ਗਹਿਮੀ ਹਰ ਪਲ ਮੌਜੂਦ ਰਹਿੰਦੀ। ਕਈ ਬੁੱਢੇ ਮੰਗਤੇ ਇੱਥੇ ਅਠਖੇਲੀਆਂ ਕਰਦੇ। ਰੋਡ ਤੇ ਇੱਕ ਕਲੋਥਿੰਗ ਸਟੋਰ ਜਿਸਦੇ ਥੱਲੇ ਇੱਕ ਅੰਡਰਗਰਾਂਊਡ ਲਾਈਬ੍ਰੇਰੀ ਮੌਜੂਦ ਹੈ। ਮੈਂ ਆਪਣੇ ਲੇਖਕ ਮਿੱਤਰਾਂਂ ਨਾਲ ਮੈਂ ਇੱਥੇ ਆਂਉਦਾ ਤੇ ਲਿਖ ਲਿਖ ਵਰਕੇ ਭਰਦਾ। ਕਲੋਥਿੰਗ ਸਟੋਰ ਦੇ ਸਾਹਮਣੇ ਹੀ ਪਾਰਕ ਵਿੱਚ ਇੱਕ ਬੇਰੁਜਗਾਰ ਨੌਜਵਾਨ ਗਿਟਾਰ ਵਜਾ ਕੇ ਆਪਣਾ ਘਰ ਚਲਾਉਂਦਾ । ਕਈ ਵਾਰ ਉਸ ਕੋਲ ਭੀੜ ਆ ਜੁੜਦੀ ਜਿਸ ਨਾਲ ਉਹ ਚੰਗੀ ਦਿਹਾੜੀ ਕਮਾ ਲੈਂਦਾ। ਪਰ ਉਹਦੀ ਗਿਟਾਰ ਦੀਆਂ ਧੁੰਨਾਂ ਮੇਰੇ ਕੰਨਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਵਾਹਨਾਂ ਦੇ ਸ਼ੋਰ ਵਿੱਚ ਦਮ ਤੋੜ ਦਿੰਦੀਆਂ। ਮੈਂ ਜਦੋਂ ਵੀ ਉਹਦੇ ਵੱਲ ਵੇਖਦਾ ਉਹ ਹਮੇਸ਼ਾ ਗਿਟਾਰ ਵਜਾਉਣ ਵਿੱਚ ਮਸਤ ਰਹਿੰਦਾ। ਤਕਰੀਬਨ ਮੇਰਾ ਅੱਧਾ ਦਿਨ ਇਸ ਲਾਈਬ੍ਰੇਰੀ ਵਿੱਚ ਪੜਦੇ ਲਿਖਦੇ ਗੁਜਰਦਾ। ਹੋਰ ਅਨੇਕਾਂ ਲੇਖਕ ਇੱਥੇ ਆਂਉਦੇ। ਜੋ ਮੇਰੇ ਵਾਂਗ ਲੇਖਕਾਂ ਦੀ ਦੌੜ ਵਿੱਚ ਲੱਗੇ ਹੋਏ ਸਨ। ਨਵੇਂ ਫਿਕਰੇ , ਨਵੀਆਂ ਲਿਖਤਾਂ ਕਿਸੇ ਨਾਂ ਕਿਸੇ ਕੋਲੋਂ ਉੱਡਦੀਆਂ- 2 ਮਿਲ ਜਾਂਦੀਆਂ, ਜਿੰਨਾਂ ਵਿੱਚ ਉਹਨਾਂ ਦੀ ਹੀ ਵਡਿਆਈ ਘੁਲੀ ਹੁੰਦੀ। ਮੈਂ ਅੱਕ ਚੁੱਕਿਆ ਸੀ ਏ ਸਭ ਤੋਂ । ਅੱਜ ਮੇਰਾ ਨਾਵਲ ਪੂਰਾ ਹੋਗਿਆ ਸੋ ਇਹ ਮੈਂ ਸਰ ਸੁਦਰਸ਼ਨ ਜੀ ਨੂੰ ਦੇਣਾ ਸੀ। ਜੋ ਬਹੁਤ ਹੀ ਮਸ਼ਹੂਰ ਪਬਲਿਸ਼ਰ ਦੇ ਮੈਨੇਜਰ ਸਨ। ਉਹ ਹਮੇਸ਼ਾ ਚੰਗੀਆਂ ਕਿਤਾਬਾਂ ਹੀ ਛਾਪਦੇ ਤੇ ਜਿੰਨਾਂ ਦੇ ਲੇਖਕਾਂ ਨੂੰ ਥਾਂ ਥਾਂ ਤੇ ਸਨਮਾਨਿਤ ਵੀ ਕੀਤਾ ਜਾਂਦਾ। ਲਾਈਬ੍ਰੇਰੀ 'ਚ ਉਹੀ ਕਿਤਾਬਾਂ ਭਰਿਆ ਵਾਤਾਵਰਨ। ਕੁਝ ਤਬਦੀਲੀ ਸੀ ਤਾਂ ਇੱਕ! ਮੇਰੀ ਰੋਜ ਵਾਲੀ ਜਗ੍ਹਾ , ਜਿੱਥੇ ਮੈਂ ਬੈਠਦਾ ਹੁੰਦਾ ਸੀ ਉੱਥੇ ਇੱਕ ਨਿੱਕੀ ਕੁੜੀ ਬੈਠੀ ਸੀ। ਉਹਨੇ ਗੁਲਾਬੀ ਰੰਗ ਦੀ ਫਰਾਕ ਪਹਿਨੀ ਸੀ। ਉਹ ਤਕਰੀਬਨ 8-9 ਸਾਲ ਦੀ ਹੋਣੀ। ਉਹਦੀਆਂ ਅੱਖਾਂ ਤੇ ਕਾਲੀ ਐਨਕ ਲੱਗੀ ਸੀ। ਉਸਦੇ ਲਾਗੇ ਪਈ ਨਿੱਕੀ ਜੀ ਛੜੀ ਨੇ ਪਹਿਲਾਂ ਹੀ ਉਸ ਨਾਲ ਮੇਰੀ ਪਛਾਣ ਕਰਵਾ ਦਿੱਤੀ। ਉਸਦੇ ਕੋਲ ਹੀ ਬੈਠੇ ਲਾਈਬ੍ਰੇਰੀਅਨ ਅੰਕਲ, ਜਿੰਨ੍ਹਾਂ ਨੂੰ ਸਾਰੇ ਪਿਆਰ ਨਾਲ ਮਾਸਟਰ ਜੀ ਆਖਦੇ ਉਹ ਕੁਝ ਲਿਖ ਰਹੇ ਸੀ। ਉਹ ਬਾਂਹਾ ਖਲਾਰ ਕੇ ਬੋਲਦੀ । ਮੈਂ ਥੋੜਾ ਨਜ਼ਦੀਕ ਗਿਆ ਤਾਂ ਮਾਸਟਰ ਜੀ ਨੇ ਦੱਸਿਆ ਉਹ ਨਿੱਕੀ ਬੱਚੀ ਉਨ੍ਹਾਂ ਤੋਂ ਆਪ ਬੋਲ ਕੇ ਕੁਝ ਲਿਖਵਾ ਰਹੀ ਸੀ। ਖੈਰ ਉਸਨੂੰ ਆਈ ਨੂੰ ਕਾਫੀ ਸਮਾਂ ਹੋ ਗਿਆ ਸੋ ਉਨ੍ਹਾਂ ਨੇ ਮੈਂਨੂੰ ਉਸਦੇ ਘਰ ਛੱਡ ਆਉਣ ਲਈ ਕਿਹਾ ਜੋ ਉਨ੍ਹਾਂ ਦੀ ਬਸਤੀ ਵਿੱਚ ਸਮੁੰਦਰ ਕਿਨਾਰੇ ਕੋਲ ਸੀ।

"ਓ ਅੰਕਲ ! ਇਹ ਕੀ ਨਵਾਂ ਪੰਗਾ ਸਹੇੜ ਤਾ ? ਮੈੱ ਆਪਣੇ ਮਨ ਹੀ ਮਨ ਆਖਿਆ।"
ਸੜਕ ਦੇ ਇੱਕ ਪਾਸੜ ਅਸੀਂ ਦੋਂਵੇ ਤੁਰਦੇ ਗਏ।

ਸਾਡੇ ਦੋਂਵੇ ਵਿਚਕਾਰ ਫੈਲੀ ਚੁੱਪ ਨੂੰ ਤੋੜਨ ਲਈ ਆਖਿਰ ਮੈਂ ਉਸ ਬੱਚੀ ਨੂੰ ਉਸ ਬਾਰੇ ਪੁੱਛਿਆ! ਉਸਨੇ ਆਪਣਾ ਨਾਂ ਜਾਪ ਦੱਸਿਆ ਉਹ ਉਸ ਗਿਟਾਰ ਵਾਲੇ ਲੜਕੇ ਦੀ ਨਿੱਕੀ ਭੈਣ ਸੀ। ਉਹਨਾਂ ਦਾ ਘਰ ਮਾਸਟਰ ਜੀ ਦੀ ਬਸਤੀ ਵਿੱਚ ਹੀ ਸੀ। ਪਿਛਲੇ ਹਫਤੇ ਉਸਦੀ ਮਾਂ ਕੈਂਸਰ ਦੀ ਬਿਮਾਰੀ ਨਾਲ ਬਿਸਤਰੇ ਵਿੱਚ ਹੀ ਦਮ ਤੋੜ ਗਈ। ਉਸ ਤੋਂ ਬਾਅਦ ਅੰਟੀ ਸ਼ਿੰਦਰ (ਮਾਸਟਰ ਜੀ ਦੀ ਪਤਨੀ) ਉਹਦਾ ਧਿਆਨ ਰੱਖਦੀ। ਅੱਜ ਅੰਟੀ ਵੀ ਕੋਈ ਕੰਮ ਗਏ ਹੋਏ ਸੀ ਇਸ ਕਰਕੇ ਮਾਸਟਰ ਜੀ ਉਸਨੂੰ ਆਪਣੇ ਨਾਲ ਲੈ ਆਏ ਸੀ। ਮੈਂਨੂੰ ਉਸਦੀ ਨਾਜੁਕ ਹਾਲਤ ਤੇ ਤਰਸ ਆਇਆ। ਕੁਝ ਹੀ ਪਲ ਜੋ ਬੋਲ ਮੇਰੇ ਮਨ ਚ ਆਏ ਸੀ ਮੈਂ ਉਹਨਾਂ ਤੋਂ ਸ਼ਰਮਿੰਦਾ ਹੋਇਆ ।

ਮੇਰਾ ਹੱਥ ਜਾਪ ਨੇ ਘੁੱਟ ਕੇ ਫੜਿਆ ਹੋਇਆ ਸੀ। ਜਿਹਦਾ ਵਿਸ਼ਵਾਸ਼ ਸਿਰਫ ਮੇਰੇ ਇਸ ਹੱਥ ਨਾਲ ਹੀ ਵੱਝ ਚੁੱਕਾ ਸੀ। ਪਿਛੋਂ ਜਦੋਂ ਕੋਈ ਵਾਹਨ ਕੋਲੋਂ ਦੀ ਹਾਰਨ ਵਜਾ ਕੇ ਇੱਕ ਦਮ ਲੰਘਦਾ ਤਾਂ ਉਸਦੀ ਘੁਟਣ ਦਾ ਦਬਾਅ ਵੱਧ ਜਾਂਦਾ ਤੇ ਉਸਨੇ ਡਰਦਿਆਂ ਮੇਰੇ ਲੱਕ ਦੁਆਲੇ ਆਪਣੀ ਨਿੱਕੀ ਜਿਹੀ ਬਾਂਹ ਵਲ ਲਈ । ਮੈਂ ਆਪਣਾ ਹੱਥ ਉਸਦੇ ਮੋਢੇ ਤੇ ਰੱਖ ਲਿਆ ਜਿਸ ਨਾਲ ਉਸਨੂੰ ਤੁਰਨ ਦੇ ਵਿੱਚ ਥੋੜੀ ਬੇਪਰਵਾਹੀ ਮਿਲ ਜਾਵੇ। ਤੁਰਦੇ ਤੁਰਦੇ ਅਸੀ ਸਮੁੰਦਰ ਦੇ ਕਿਨਾਰੇ ਤੇ ਆ ਪਹੁੰਚੇ । ਕਿਨਾਰੇ ਤੋਂ ਥੋੜੀ ਹੀ ਦੂਰ ਮਾਸਟਰ ਜੀ ਦੀ ਬਸਤੀ ਸੀ ਜਿੱਥੇ ਮਛੇਰੇਆਂ ਦੇ ਨਿੱਕੇ ਨਿੱਕੇ ਘਰ ਦਿਸਦੇ ਪਏ ਸੀ।

ਆਖਿਰ ਮੈਂ ਚੁੱਪ ਤੋੜੀ
"ਜਾਪ ! ਤੂੰ ਲੇਖਿਕ ਬਣਨਾ ਚਹੁੰਨੀ ਆਂ ?"
'ਹਾਂ !
ਬਹੁਤ ਸੁੰਦਰ। ਤੂੰ ਮਾਸਟਰ ਜੀ ਤੋਂ ਕੀ ਲਿਖਵਾ ਰਹੀ ਸੀ?
ਮੈਂ ? ਗੀਤ!
ਗੀਤ?
ਹਾਂ ।
ਤੈਨੂੰ ਯਾਦ ਆ? ਤਾਂ ਮੈਨੂੰ ਵੀ ਸੁਣਾ ਦੇ।
ਹਾਂ
"ਅਸਮਾਨ ! ਪਿਆਰੇ ਅਸਮਾਨ ! ਉਸ ਨੇ ਦੋਵੇਂ ਹੱਥ ਫੈਲਾ ਕੇ ਗਾਉਣਾ ਸ਼ੁਰੂ ਕੀਤਾ। ਉਹਦੀ ਆਵਾਜ਼ ਗੀਤ ਦੇ ਹਰ ਸ਼ਬਦ ਨਾਲ ਇਨਸਾਫ ਕਰਦੀ ਜਾਪਦੀ।
"ਅਸਮਾਨ ! ਪਿਆਰੇ ਅਸਮਾਨ !
ਤੂੰ ਰੋ ਤੂੰ ਰੋ
ਤੇਰੇ ਬੱਦਲਾਂ ਦੀਆਂ ਅੱਖਾਂ ਚੋ
ਮੋਤੀ ਜਾਵਣ ਚੋ।
ਤੂ ਰੋ। ਤੂ ਰੋ।
ਤਾਂ ਜੋ ਮੇਰੇ ਅੱਥਰੂਆਂ ਦੀ
ਨਾਂ ਹੋਵੇ ਕਿਸੇਨੂੰ ਕਨਸੋਅ।
ਅਸਮਾਨ ਓ ਪਿਆਰੇ ਅਸਮਾਨ।

ਜਾਪ ਦਾ ਇਹ ਗੀਤ ਲਹਿਰਾਂ ਦੇ ਸ਼ੋਰ ਨਾਲ ਮੇਲ ਖਾਂਦਾ ਮੇਰੇ ਦਿਲ ਵਿੱਚ ਲਹਿ ਗਿਆ। ਮੇਰੀ ਹੈਰਾਨਗੀ ਦੀ ਕੋਈ ਸੀਮਾ ਨਹੀ ਸੀ। ਮੈਨੂੰ ਮਹਿਸੂਸ ਹੋਇਆ ਜਾਪ ਦਾ ਏ ਗੀਤ ਇੱਕ ਤੜਾਕੇਦਾਰ ਚਪੇੜ ਸੀ ਉਹਨਾਂ ਲੇਖਕਾਂ ਦੀਆਂ ਲਿਖਤਾਂ ਤੇ ਜੋ ਚੰਦ ਸਮੇਂ ਵਿੱਚ ਹੀ ਲੇਖਕ ਬਣਨਾ ਚਹੁੰਦੇ ਨੇ। ਜੋ ਲਿਖ ਦਿੰਦੇ ਨੇਂ ਝੂਠ ਤੇ ਸੁੱਕੇ ਘਾਹ ਵਰਗੇ ਖੱਖਰ ਪੱਖਰ ਸ਼ਬਦ ਤੇ ਲਿਖਤ ਵਿੱਚ ਡੱਕ ਦਿੰਦੇ ਨੇਂ ਨਿਰਾ ਝੂਠਾ। ਉਹ! ਜੋ ਚਾਂਦੀ ਦੀਆਂ ਛਿੱਲੜਾਂ ਤੇ ਸ਼ੌਹਰਤ ਦੇ ਨਸ਼ੇ ਚ ਕੁਝ ਵੀ ਲਿਖਣ ਨੂੰ ਤਿਆਰ ਹੋ ਜਾਂਦੇ ਨੇਂ ਆਪਣਾ ਜ਼ਮੀਰ ਮਾਰ ਕੇ। ਆਪਣੀ ਭਾਵਨਾ ਮਾਰ ਕੇ।
"ਜਦੋਂ ਮੀੰਹ ਵਰਦਾ ਏ ਤਾਂ ਮੈਂ ਇਹ ਗੀਤ ਗੁਣਗੁਣਾਂਉਦੀ ਹਾਂ। ਮੇਰਾ ਮੀਂਹ ਨੂੰ ਵੇਖਣ ਦਾ ਬੜਾ ਦਿਲ ਕਰਦਾ।" ਜਾਪ ਦੇ ਬੋਲ ਨੇ ਮੈਨੂੰ ਹਲੂਣਿਆ।
ਅੱਛਾ?
ਉਸਨੇਂ ਬੜ੍ਹੀ ਮਾਸੂਮਿਅਤ ਨਾਲ ਕਹਿਣਾ ਸ਼ੁਰੂ ਕੀਤਾ
"ਮੇਰੀ ਮਾਂ ਮੈਨੂੰ ਰੋਜ ਰਾਤ ਕਹਾਣੀਆਂ ਸੁਣਾਂਉਦੀ। ਚੰਨ ਦੀਆਂ ਤਾਰਿਆਂ ਦੀਆਂ। ਉਹ ਗੀਤ ਸੁਣਾਂਉਦੀ । ਸਮੁੰਦਰਾਂ ਦੇ। ਮਛੇਰਿਆਂ ਦੇ। ਕਾਮਿਆਂ ਦੇ । ਮੇਰੇ ਪਾਪਾ ਵੀ ਮੈਨੂੰ ਆਜਾਦੀ ਦੇ ਗੀਤ ਸਣਾਂਉਦੇ। ਪਰ ਮੰਮੀ ਦੱਸਦੇ ਨੇਂ ਉਦੋਂ ਮੈਂ ਸਿਰਫ ਨੌਂ ਮਹੀਨਿਆਂ ਦੀ ਹੀ ਸੀ।"
ਉਸਦੀਆਂ ਗੱਲਾਂ ਵਿੱਚ ਚੰਚਲਤਾ ਡਲਕਾਂ ਮਾਰ ਰਹੀ ਸੀ। ਜੋ ਦਿਲ ਨੂੰ ਇੱਕ ਸਕੂਨ ਜਿਹਾ ਦਿੰਦੀ ਜਾਪਦੀ।
"ਤੇਰੇ ਪਾਪਾ?

ਮੇਰੀ ਮੰਮੀ ਕਹਿੰਦੇ ਆ ਦੇਸ਼ ਦੀ ਵੰਡ ਦੌਰਾਨ ਇੱਕ ਜੰਗੀ ਹਮਲੇ ਚ ਉਹ ਸ਼ਹੀਦ ਹੋ ਗਏ। ਮੰਮੀ ਕਹਿੰਦੇ ਸੀ ਮੈਨੂੰ ਉਹਨਾਂ ਨੂੰ ਯਾਦ ਕਰਕੇ ਰੋਣਾ ਨਹੀਂ ਚਾਹੀਦਾ। ਕਿਉਕਿ ਹੋ ਸਕਦਾ ਉਸ ਜੰਗ 'ਚ ਮੇਰੇ ਪਾਪਾ ਜਿਹੇ ਹੋਰ ਕਿੰਨੇ ਪਾਪਾ ਸ਼ਹੀਦ ਹੋਏ ਹੋਣਗੇ। ਮੰਮੀ ਕਹਿੰਦੇ ਸੀ ਨਫਰਤ ਹਮੇਸ਼ਾ ਜੰਗ ਕਰਦੀ ਆ। ਤੇ ਜੰਗ ਹਮੇਸ਼ਾ ਵੱਖ ਕਰਦੀ ਆ। ਇਹ ਸਾਥੋਂ ਕੁਝ ਨਾਂ ਕੁਝ ਖੋਹ ਕੇ ਲੈ ਜਾਂਦੀ ਆ। ਜਦ ਕਿ ਪਿਆਰ ਹਮੇਸ਼ਾ ਜੋੜਦਾ। ਪਿਆਰ ਵਿੱਚ ਹੀ ਇਨਸਾਨੀਅਤ ਦੀ ਪਵਿੱਤਰਾ ਮੌਜੂਦ ਹੁੰਦੀ ਆ।

ਮੈਂ ਲਗਾਤਾਰ ਟਕਟਕੀ ਉਸ ਵੱਲ ਵੇਖਦਾ ਰਿਹਾ। ਸੋਚਦਾ ਰਿਹਾ ਉਸ ਦੀ ਮਾਂ ਬਾਰੇ ਕਿੰਨੀ ਖੂਬਸੂਰਤ ਔਰਤ ਸੀ ਉਹ ਖੂਬਸੂਰਤ ਵਿਚਾਰਾਂ ਵਾਲੀ। ਮੈਂ ਉਸ ਨਾਲ ਹੋਰ ਗੱਲਾਂ ਕਰਨਾ ਚਹੁੰਦਾ ਸੀ। ਮੈਂ ਜਾਪ ਦਾ ਧਿਆਨ ਉਹਦੇ ਇੱਕਲੇਪਣ ਤੋਂ ਧਿਆਨ ਹਟਾਉਣਾ ਚਾਹਿਆ।
ਜਾਪ? ਤੈਨੂੰ ਪਰਮਾਤਮਾ ਨਾਲ ਨਰਾਜ਼ਗੀ ਤਾਂ ਨਹੀ? ਕਿ ਉਹਨੇ ਤੈਨੂੰ ਦੇਖਣ ਸ਼ਕਤੀ ਨਹੀਂ ਦਿੱਤੀ?

"ਨਹੀਂ! ਬਿਲਕੁਲ ਨਹੀਂ। ਮੇਰੀ ਮੰਮੀ ਕਹਿੰਦੇ ਸੀ ਭਾਂਵੇ ਪਰਮਾਤਮਾ ਨੇ ਮੈਂਨੂੰ ਦੇਖਣ ਦੀ ਸ਼ਕਤੀ ਨਹੀਂ ਦਿੱਤੀ। ਪਰ ਮੈਨੂੰ ਮਹਿਸੂਸ ਕਰਨ ਸ਼ਕਤੀ ਤਾਂ ਦਿੱਤੀ ਹੈ ਨਾਂ। ਮਹਿਕਾਂ ਨੂੰ ਸੁੰਘਣ ਲਈ ਤੇ ਤਾਜੀ ਹਵਾ ਲੈਣ ਲਈ ਸੁੰਦਰ ਨੱਕ ਦਿੱਤਾ। ਤੁਰਨ ਫਿਰਨ, ਟਹਿਲਣ ਲਈ ਲੱਤਾਂ ਦਿੱਤੀਆਂ। ਸੋਹਣੇ ਪੈਰ ਦਿੱਤੇ। ਚੰਗਾ ਬੋਲਣ ਲਈ ਆਵਾਜ ਦਿੱਤੀ। ਪਰਮਾਤਮਾ ਸਦਾ ਸਭ ਨੂੰ ਸੋਚ ਵਿਚਾਰ ਕੇ ਹੀ ਦਿੰਦਾ ਹੈ । ਸਾਨੂੰ ਹਮੇਸ਼ਾ ਉਸ ਦਾ ਧੰਨਵਾਦੀ ਹੋਣਾ ਚਾਹੀਦਾ ਹੈ। ਹੋ ਸਕਦਾ ਜੋ ਮੇਰਾ ਕੋਲ ਮੌਜੂਦ ਹੈ ਉਹ ਕਿਸੇ ਹੋਰ ਕੋਲ ਨਾਂ ਹੋਵੇ। ਜੇਕਰ ਸਾਨੂੰ ਉਹ ਕੁਝ ਨਹੀਂ ਵੀ ਦਿੰਦਾ ਤਾਂ ਸ਼ਾਇਦ ਅਜੇ ਅਸੀਂ ਉਸ ਦੇ ਹਾਣ ਦੇ ਨਹੀਂ ਹੋਏ। ਜਦੋਂ ਪਰਮਾਤਮਾ ਮੈਂਨੂੰ ਦੇਖਣ ਦੀ ਸ਼ਕਤੀ ਦੇ ਦੇਵੇਗਾ ਤਾਂ ਮੈਂ ਵਰਦੇ ਮੀਂਹ ਚ ਅਸਮਾਨ ਵੱਲ ਆਪਣਾ ਮੂੰਹ ਕਰ ਕੇ ਉਹਨਾਂ ਬੂੰਦਾਂ ਨੂੰ ਵੇਖਾਂਗੀ ਕੇ ਉਹ ਕਿੱਥੋਂ ਆਂਉਦੀਆਂ ਨੇ। ਉਹਨਾਂ ਨੂੰ ਆਪਣੇ ਹੱਥਾਂ ਚ ਫੜ ਲਵਾਂਗੀ। ਸਮੁੰਦਰ ਵਿੱਚ ਡਿੱਗਦੀਆਂ ਬੂੰਦਾਂ ਦਾ ਉਹ ਨਜਾਰਾ ਦੇਖਾਂਗੀ। ਜਿਹਨੂੰ ਮੰਮੀ ਕਹਿੰਦੇ ਸੀ ਜਦੋਂ ਮੀਂਹ ਵਰਦਾ ਤਾਂ ਸਮੁੰਦਰ ਵਿੱਚ ਭੰਬੀਰੀਆਂ ਨੱਚਦੀਆਂ ਨੇਂ। ਮੈਂ ਵੇਖਾਂਗੀ ਕੇ ਕਿਵੇਂ ਇੱਕ ਬੂੰਦ 'ਚ ਸਮਾਇਆ ਸਮੁੰਦਰ ਧਰਤੀ ਉੱਪਰ ਆ ਵਿਸ਼ਦਾ ਏ। "
"ਜਰੂਰ । ਐਦਾਂ ਜਰੂਰ ਹੋਊ ਮੇਰੀ ਲੇਖਿਕਾ। ਨਾਲੇ ਫਿਰ ਤੂੰ ਲਿਖਿਆ ਵੀ ਕਰਨਾ।
''ਮੈਂ ਹੁਣ ਵੀ ਲਿਖਦੀ ਆਂ।
ਕਿਵੇਂ ?

"ਮੈਨੂੰ ਲਿਖਣ ਲਈ ਇੱਕ ਵੱਡਾ ਵਰਕਾ ਚਾਹੀਦਾ । ਇਹ ਸਮੁੰਦਰ ਦੀ ਗਿੱਲੀ ਠੰਡੀ ਰੇਤ ਵਰਗਾ। ਇਹ ਰੇਤ ਜਿੱਥੇ ਇਕ ਪਗਡੰਡੀ ਵਰਗੀ ਮੈਂ ਲੰਮੀ ਸਤਰ ਲਿਖਦੀ ਜਾਂਵਾਂ। ਇਹ ਠੰਡੀ ਰੇਤ ਹੀ ਮੇਰੀ ਸਲੇਟ ਏ । ਮੈਂ ਤੁਹਾਡੇ ਵਾਂਗੂੰ ਕਾਗਜ਼ ਦੇ ਘੇਰੇ ਚ ਲਿਖਣ ਤੋਂ ਅਸਮੱਰਥ ਹਾਂ । ਸੋ ਮੈਂ ਵਿਹਲੇ ਸਮੇਂ ਇੱਥੇ ਆ ਕੇ ਗਿੱਲੀ ਰੇਤ ਤੇ ਲਿਖਦੀ ਆਂ। ਗਿੱਲੀ ਰੇਤ ਤੇ ਲਿਖਣਾ ਮੈਨੂੰ ਮੰਮੀ ਨੇ ਸਖਾਇਆ। ਇਸ ਤੇ ਲਿਖੇ ਅੱਖਰਾਂ ਨੂੰ ਛੂਹ ਕੇ ਮੈਂ ਉਹਨਾਂ ਦੀ ਸੁੰਦਰਤਾ ਦੇਖਦੀ ਆਂ। "

ਤੁਰਦੇ ਤੁਰਦੇ ਅਸੀਂ ਬਸਤੀ 'ਚ ਪਹੁੰਚ ਗਏ। ਅੰਟੀ ਸ਼ਿੰਦਰ ਜਾਪ ਨੂੰ ਵੇਖ ਕੇ ਸਾਡੇ ਵੱਲ ਵਧੀ। ਉਸ ਦਾ ਨਿੱਕਾ ਜਿਹਾ ਹੱਥ ਮੇਰੀਆਂ ਵੱਡੀਆਂ ਉਗਲਾਂ ਨੂੰ ਨਿੱਘ ਦੇ ਰਿਹਾ ਸੀ। ਮੈਂ ਜਾਪ ਦਾ ਹੱਥ ਅੰਟੀ ਦੇ ਹੱਥ ਵਿੱਚ ਦੇ ਦਿੱਤਾ। ਤੇ ਉਸ ਵੱਲ ਝੁੱਕ ਕੇ ਮੈਂ ਉਸ ਦੀ ਗੱਲ ਨੂੰ ਚੁੰਮਿਆ। ਉਸਨੇ ਮੁਸਕੁਰਾ ਕੇ ਨਿੱਕੀਆਂ ਬਾਂਹਾਂ ਨਾਲ ਮੈਨੂੰ ਗਲਵੱਕੜੀ ਪਾ ਲਈ ।

ਉਸ ਮਲੂਕ ਜਿੰਦੜੀ ਦੀਆਂ ਕੋਮਲ ਗੱਲਾਂ ਨਾਲ ਮੇਰਾ ਦਿਲ ਖਿੜ ਉੱਠਿਆ। ਮੈਂ ਵਾਪਿਸ ਮੁੜਦਾ ਉਹਨੂੰ ਜਾਂਦੀ ਨੂੰ ਵੇਖਦਾ ਰਿਹਾ। ਉਹਦੇ ਤਾਂਬੇ ਰੰਗੇ ਵਾਲ ਲਹਿਰਾਂ ਵੱਲੋਂ ਆਂਉਦੀ ਹਵਾ ਨਾਲ ਮੇਲਦੇ। ਤੇ ਉਹਦੀ ਪਤਲੀ ਨਿੱਕੀ ਜਿਹੀ ਨੱਕ ਜਿਸ ਉੱਤੇ ਵੱਡੀ ਕਾਲੀ ਐਨਕ ਟਿਕੀ ਸੀ ਨੇ ਮੈਨੂੰ ਚੁੰਮਣ ਲਈ ਮਜਬੂਰ ਕਰ ਦਿੱਤਾ ।
ਉਹ ਵਾਪਿਸ ਮੁੜੀ "ਬਾਏ ਬਾਏ ਮੇਰੇ ਲੇਖਕ ਦੋਸਤ ਮੈਨੂੰ ਇੱਥੇ ਤੱਕ ਛੱਡਣ ਲਈ ਸ਼ੁਕਰੀਆ।"
"ਤੇਰਾ ਸਵਾਗਤ । ਮੇਰੇ ਦਿਲ ਵਿੱਚ ਮੇਰੀ ਪਿਆਰੀ ਜਾਪ।
ਮੈਂ ਵਾਪਿਸ ਆਇਆ ਮਾਸਟਰ ਜੀ ਦੀ ਉਸ ਲਾਈਬ੍ਰੇਰੀ ਵਿੱਚ ਜਿੱਥੇ ਉਹੀ ਪੜਾਕੂ ਵਾਤਾਵਰਨ ਤੇ ਲੇਖਕਾਂ ਦੀਆਂ ਬੇਤੁੱਕੀਆਂ ਲਿਖਤਾਂ ਦੀ ਸੜਾਂਦ ਸੀ।

ਮੈਂ ਨੰਗੀ ਕਲਮ ਤੇ ਆਪਣੇ ਭਰੇ ਵਰਕੇ ਚੁੱਕੇ । ਜਿੰਨਾਂ ਚ ਸ਼ੌਹਰਤ ਖੱਟਣ ਦੀ ਬੋਅ ਆਂਉਦੀ ਸੀ। ਮੈਂ ਤੁਰਦਾ ਹਾਂ ਉਸ ਰੋਡ ਤੇ ਜਿੱਥੇ ਉਸ ਨਾਲ ਤੁਰਦਾ ਗਿਆ ਸੀ ਉਸਦੇ ਘਰ ਤੱਕ।
ਗਿਟਾਰ ਦੀਆਂ ਧੁੰਨਾਂ ਮੇਰੇ ਕੰਨਾਂ ਚੋ ਮੇਲਦੀਆਂ ਮੇਰੇ ਦਿਲ ਤੱਕ ਜਾਂਦੀਆਂ । ਅੱਜ ਇਹਨਾਂ ਨੇ ਆਪਣਾ ਦਮ ਨਹੀਂ ਤੋੜਿਆ ਤੇ ਮੇਰੀ ਚਾਲ ਹਵਾ ਦੇ ਮੇਚ ਦੀ ਹੋ ਗਈ। ਮੈਂ ਮਹਿਸੂਸ ਕਰਦਾਂ ਹਾਂ ਪੌਣਾਂ ਦੀ ਸ਼ੂਕਣ। ਇੱਕ ਪਿਆਰ ਦੀ ਲਰਜ ਜੋ ਮੇਰੇ ਦਿਲ ਚੋਂ ਨਿਕਲਦੀ ਮੇਰੇ ਬੁੱਲਾਂ ਦੁਆਲੇ ਫੈਲ ਗਈ ਜਿਸ ਨਾਲ ਖੁਸ਼ੀ ਦਾ ਜਵਾਰਭਾਟਾ ਉੱਠਿਆ। ਮੇਰੇ ਲਈ ਇੱਕ ਪਲ ਦਾ ਸਮਾਂ ਜਿਵੇਂ ਰੁਕ ਗਿਆ ਸਮੇਂ ਤੋਂ ਪਹਿਲਾਂ ਮੈਂ ਤੁਰਦਾ ਜਾ ਰਿਹਾਂ। ਤੁਰੇ ਜਾਂਦਿਆਂ ਮੇਰੀ ਕਲਮ ਮੈਂ ਇਕ ਮੰਗਤੇ ਨੂੰ ਫੜਾ ਦਿੱਤੀ । ਹੱਥ 'ਚ ਫੜੇ ਵਰਕੇ ਮੈਂ ਅਸਮਾਨ ਵੱਲ ਵਗਾਹ ਮਾਰੇ ਇਹ ਜਾਣ ਕੇ ਕਿ ਲਿਖਣ ਲਈ ਸਿਰਫ ਕਲਮ , ਕਾਗਜਾਂ ਤੇ ਸ਼ਿਫਾਰਿਸ਼ਾਂ ਦੀ ਲੋੜ ਨਹੀਂ ਪੈਂਦੀ। ਲੋੜ ਪੈਂਦੀ ਆ ਇੱਕ ਦਿਲ ਦੀ, ਕਾਇਨਾਤ 'ਚ ਪਸਰੀ ਚੁੱਪ ਦੀ, ਇੱਕ ਸਮਾਜਿਕ ਵੇਦਨਾ ਦੀ । ਜਿਸ ਦਾ ਖੇਤਰਫਲ ਸਮੁੰਦਰ ਵਾਂਗ ਬੇਅੰਤ ਹੋਵੇ। ਲੋੜ ਪੈਂਦੀ ਆ ਉਸ ਤੀਜੀ ਅੱਖ ਦੀ ਜਿਸਦੀ ਦਿ੍ਸ਼ਟੀ ਦਾ ਘੇਰਾ ਵਿਸ਼ਾਲ ਤੇ ਹੋਵੇ। ਜੋ ਸਿਰਫ ਜਾਪ ਕੋਲ ਸੀ।
ਮੈਂ ਆ ਖੜਿਆਂ ਹਾਂ ਜਾਪ। ਤੇਰੀ ਉਸ ਠੰਡੀ ਰੇਤ ਤੇ ਜਿੱਥੇ ਤੇਰੇ ਲਿਖੇ ਸ਼ਬਦ ਧਰਤੀ ਵਿੱਚ ਸਮਾ ਜਾਂਦੇ ਨੇ।
ਜਿੱਥੇ ਸ਼ਾਂਤ ਸਮੁੰਦਰ ਦੀਆਂ ਲਹਿਰਾਂ ਸਾਗਰ ਦੇ ਉਸ ਪਾਰੋਂ ਆ ਕੇ ਮੇਰੇ ਪੈਰਾਂ ਦੀਆਂ ਉੰਗਲੀਆਂ ਚੁੰਮਦੀਆਂ ਨੇਂ।
ਅੱਜ ਮੈਂ ਪਹਿਲੀ ਵਾਰ ਅਸਲੀ ਜਿੰਦਗੀ ਦਾ ਇੱਕ ਦਿਨ ਡੁੱਬਦਾ ਵੇਖਦਾਂ।
ਕਾਲੇ ਪਰਿੰਦੇ ਆਪਣੇ ਗਰਾਂ ਨੂੰ ਜਾਂਦੇ ਮੈਨੂੰ ਸੰਕੇਤ ਕਰ ਰਹੇ ਨੇਂ। ਕੱਲ ਇੱਕ ਨਵਾਂ ਦਿਨ ਆਵੇਗਾ। ਜੋ ਸਾਨੂੰ ਸਿਖਾਵੇਗਾ ਨਵਾਂ ਕੁਝ।

  • ਮੁੱਖ ਪੰਨਾ : ਕਹਾਣੀਆਂ, ਰਸ਼ਪਿੰਦਰ ਸਰੋਏ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ