Main Nahin Mukki, Main Mukk Gia : Dhanjall Zira

ਮੈਂ ਨਹੀਂ ਮੁੱਕੀ, ਮੈਂ ਮੁੱਕ ਗਿਆ : ਧੰਜਲ ਜ਼ੀਰਾ

ਪੋਹ ਦਾ ਮਹੀਨਾ, ਸਿੱਖਰਾਂ ਦੀ ਠੰਡ, ਨਾਜਰ ਲੋਈ ਲਪੇਟੀ ਖੇਤ ਵੱਲ ਨੂੰ ਤੁਰਿਆ ਜਾਵੇ, ਉੱਧਰੋਂ ਨੰਬਰਦਾਰਾਂ ਦੇ ਜੰਟੇ ਨੇ ਆਉਂਦਾ ਵੇਖ ਅਵਾਜ਼ ਮਾਰੀ।
ਬਾਈ ਨਾਜਰਾ..!! ਕਿੱਧਰ ਨੂੰ ਚੱਲਿਆ ਏਂ?

ਓਹ ਏਨੇ ਪਾਲ਼ੇ ’ਚ ਤਾਂ ਟਿੱਕ ਜਿਆ ਕਰ। ਕੋਈ ਨੌਕਰ-ਚਾਕਰ ਰੱਖਲਾ, ਕਿਓਂ ਮੇਰੀ-ਮੇਰੀ ਕਰਦਾ ਰਹਿਨਾ ਏਂ। ਕੁੱਝ ਨਾਲ ਨਹੀਂ ਜਾਣਾ, ਸੱਭ ਇੱਥੇ ਹੀ ਰਹਿ ਜਾਣਾ ਏ। ਕੀ ਕਰੇਂਗਾ ਏਨਾਂ ਕੁੱਝ ਜੋੜ ਕੇ? ਅਗਾਂਹ ਔਲਾਦ ਦੇ ਕਮਾਉਣ ਜੋਗਾ ਵੀ ਕੁੱਝ ਛੱਡਦੇ ਜਾਂ ਉਹ ਵੇਹਲੇ ਬਹਿ ਕੇ ਹੀ ਖਾਣਗੇ। ਨਾਜਰ ਅੱਗੋਂ ਘੂਰੀ ਵੱਟ ਕੇ ਲੰਘ ਗਿਆ ਕੋਈ ਜਵਾਬ ਨਾ ਦਿੱਤਾ ਅਤੇ ਆਪਣੇ ਖੇਤ ਚਲਾ ਗਿਆ।

ਖੇਤ ਜਾ ਕੇ ਨਾਜਰ ਨੇ ਖੇਤ-ਬੰਨ੍ਹੇ ਦਾ ਕੰਮ ਨਬੇੜਿਆ ਤੇ ਆਥਣ ਵੇਲੇ ਘਰ ਪਹੁੰਚਦਿਆਂ ਨੂੰ ਨਾਜਰ ਦੀ ਘਰਵਾਲੀ ਨਾਜਰ ਨੂੰ ਬੋਲੀ, ‘ਗੋਪੀ ਦੇ ਭਾਪਾ, ਗਵਾਂਢੀਆਂ ਦੇ ਪਾਲੇ ਦੇ ਮੁੰਡੇ ਦਾ ਵਿਆਹ ਆ ਗਿਆ, ਆਪਣੇ ਆਲਾ ਗੋਪੀ ਵੀ ਜਿੱਦ ਫੜੀ ਬੈਠਾ ਆ, ਕਹਿੰਦਾ ਮੈਂ ਐਤਕੀ ਲਾਲ ਰੰਗ ਦਾ ਬਲੈਜਰ ਪਾਉਣਾ। ਉਹਦੇ ਯਾਰ-ਬੇਲੀ ਜੱਗਾ ਤੇ ਸੋਨੂ ਵੀ ਕੋਟ-ਪੈਂਟ ਲੈ ਕੇ ਆਏ ਆ।’

ਨਾਜਰ ਚੌੜਾ ਹੋ ਕੇ ਬੋਲਿਆ, ਕੋਈ ਗੱਲ ਨਹੀਂ ਧੰਨਕੌਰੇ, ਆਪਾਂ ਗੋਪੀ ਨੂੰ ਲਾਲ ਬਲੈਜਰ ਲੈਦਾਂਗੇ। ਤੂੰ ਦੱਸ ਕੀ ਲੈਣਾ, ਕੋਈ ਗਹਿਣਾ-ਗੱਟਾ ਜਾਂ ਸੂਟ? ਆਪਾਂ ਕੰਬਾਇਨਾਂ ਵਾਲੇ ਹੁੰਨੇ ਆ, ਓਹ ਮੇਰੀ ਬਰਾਬਰੀ ਕੌਣ ਕਰ ਸਕਦਾ? ਮੇਰੇ ਜਿੰਨੀ ਜਮੀਨ ਤੇ ਖੇਤੀ ਦੇ ਸੰਦ ਤਾਂ ਸਾਰੇ ਪਿੰਡ ’ਚ ਨਹੀਂ ਹੈਗੇ। ਮੈਂ ’ਕੱਲੇ ਨੇ ਏਨਾਂ ਕੁੱਝ ਬਣਾਇਆ ਹੈ। ਰੱਬ ਦਾ ਵੀ ਆਸਰਾ ਨਹੀਂ ਮੰਗਿਆ। ਮੇਰੇ ਵਰਗਾ ਕੌਣ ਹੈ? ਜਿਹੜਾ ਸਾਰਾ ਕੰਮ ਆਪ ਹੱਥੀਂ ਕਰਦਾ ਹੋਵੇ।

ਇਕ ਦਿਨ ਨਾਜਰ ਜਦੋਂ ਪਿੰਡ ਦੀ ਸੱਥ ਕੋਲੋਂ ਲੰਘਣ ਲੱਗਾ ਤਾਂ ਬੈਂਚ ’ਤੇ ਬੈਠੇ ਕਿਸੇ ਬਜੁਰਗ ਨੇ ਨਾਜਰ ਨੂੰ ਹਾਕ ਮਾਰੀ, ਓ ਨਾਜਰ ਸਿਆਂ, ਕਿਓ ਮੈਂ ਮੈਂ ਕਰਦਾ ਰਹਿਨਾ ਏ, ਦੋ ਘੜੀ ਸਾਡੇ ਕੋਲ ਵੀ ਬਹਿ ਜਿਆ ਕਰ, ਕੀ ਕਰੇਂਗਾ ਏਨਾਂ ਕੁੱਝ ਜੋੜ ਕੇ, ਜਦੋਂ ਤੇਰੇ ’ਤੇ ਭੀੜ ਪਈ, ਕੋਈ ਮੁਸੀਬਤ ਆਈ ਉਦੋਂ ਦੇਖਾਂਗੇ ਤੇਰੇ ਨਾਲ ਕੌਣ ਖੜਦਾ ਏ। ਸਾਨੂੰ ਤਾਂ ਤੂੰ ਕੀ ਸਮਝਣਾ, ਤੂੰ ਤਾਂ ਪੈਸੇ ਦੇ ਹੰਕਾਰ ’ਚ ਉਸ ਰੱਬ ਨੂੰ ਵੀ ਭੁੱਲ੍ਹੀ ਬੈਠਾ ਏ।
ਨਾਜਰ ਨੇ ਉਸ ਬਜੁਰਗ ਨੂੰ ਅੱਗੋਂ ਗੁੱਸੇ ਨਾਲ ਜਵਾਬ ਦਿੱਤਾ,

ਹੁਣ ਬੁੜਿਆ ਤੂੰ ਮੈਨੂੰ ਮੱਤਾਂ ਦੇਵੇਂਗਾ? ਮੈਨੂੰ ਸਮਝਾਉਣ ਦੀ ਲੋੜ ਨਹੀਂ, ਤੂੰ ਆਪਣਾ ਦਿਮਾਗ ਟਿਕਾਣੇ ਰੱਖ, ਸੁਣਿਆ..!

ਏਨੀਂ ਗੱਲ ਕਹਿ ਕੇ ਨਾਜਰ ਉੱਥੋਂ ਚੱਲ ਤੁਰਿਆ ਤੇ ਸਾਰੀ ਸੱਥ ’ਚ ਨਾਜਰ ਦੀ ਥੂਹ-ਥੂਹ ਹੋਣ ਲੱਗੀ, ਬੈਂਚ ’ਤੇ ਬੈਠੇ ਸਾਰੇ ਬਜੁਰਗ ਆਪਸ ‘ਚ ਗੱਲਾਂ ਕਰਨ ਲੱਗੇ, ਕਿ ਬਹੁਤ ਹੰਕਾਰਿਆ ਬੈਠਾ ਏ ਨਾਜਰ, ਕਿਸੇ ਨੂੰ ਸਿੱਧੇ ਮੂੰਹ ਨਹੀਂ ਬੋਲਦਾ, ਇਹਨੂੰ ਪੈਸੇ ਦਾ ਘਮੰਡ ਹੋ ਗਿਆ ਹੈ।

ਸਮਾਂ ਬੀਤਿਆ, ਨਾਜਰ ਇਕਦਮ ਬਿਮਾਰ ਹੋ ਗਿਆ, ਜਿੰਨਾਂ ਪੈਸਾ ਜੋੜਿਆ ਸੀ ਹੌਲੀ-ਹੌਲੀ ਨਾਜਰ ਦੇ ਇਲਾਜ 'ਚ ਖਰਚ ਹੋ ਗਿਆ। ਤੇ ਬਾਅਦ 'ਚ ਹੌਲੀ-ਹੌਲੀ ਖੇਤੀਬਾੜੀ ਦੇ ਸੰਦਾ ਨੂੰ ਵੀ ਵੇਚਣਾ ਪਿਆ। ਪਰ ਨਾਜਰ ਫਿਰ ਵੀ ਨਾ ਠੀਕ ਹੋਇਆ। ਮੰਜੇ 'ਤੇ ਪਏ ਵੀ ਨਾਜਰ ਨੇ ਮੈਂ ਨਹੀਂ ਛੱਡੀ। ਨਾਜਰ ਦਾ ਕੋਈ ਪਤਾ ਲੈਣ ਤੱਕ ਨਹੀਂ ਆਇਆ। ਅਖੀਰ ਨਾਜਰ ਦੀ ਘਰਵਾਲੀ ਨਾਜਰ ਨੂੰ ਬੋਲਣ ਲੱਗੀ, ‘ਵੇ ਸਰਦਾਰਾ, ਜੇ ਤੇਰੇ ’ਚ ਆਹ ‘ਮੈਂ’ ਨਾ ਹੁੰਦੀ ਤਾਂ ਅੱਜ ਕੋਈ ਤੇਰਾ ਪਤਾ ਲੈਣ ਆਉਂਦਾ, ਤੇਰਾ ਕੋਈ ਹਾਲ-ਚਾਲ ਪੁੱਛਣ ਆਉਂਦਾ। ਨਾਲੇ ਆਪਣੀ ਕੋਈ ਮਦਦ ਕਰਦਾ।’ ਹੁਣ ਤਾਂ ਘਰ ਆਟਾ ਲਿਆਉਣ ਨੂੰ ਵੀ ਕੋਈ ਪੈਸਾ ਨਹੀਂ ਰਿਹਾ । ਨਾਜਰ ਥਥਲਾਉਂਦਾ ਹੋਇਆ ਬੋਲਿਆ, ‘ਤੂੰ ਸਹੀ ਕਹਿੰਦੀ ਸੀ ਧੰਨ ਕੌਰੇ, ਸਾਰੀ ਉਮਰ ਮੇਰੀ ‘ਮੈਂ- ਮੈਂ’ ਨਹੀਂ ਮੁੱਕੀ ਤੇ ਅੱਜ ਮੈਂ ਮੁੱਕ ਚੱਲਿਆ। ਏਨੀਂ ਗੱਲ ਕਹਿੰਦੇ ਹੀ ਨਾਜਰ ਮੰਜੇ ’ਤੇ ਡਿੱਗ ਪਿਆ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਧੰਜਲ ਜ਼ੀਰਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ