Malbe Da Malik (Story in Punjabi) : Mohan Rakesh

ਮਲਬੇ ਦਾ ਮਾਲਕ (ਕਹਾਣੀ) : ਮੋਹਨ ਰਾਕੇਸ਼

ਪੂਰੇ ਸਾਢ਼ੇ ਸੱਤ ਵਰ੍ਹਿਆਂ ਬਾਅਦ ਉਹ ਅੰਮ੍ਰਿਤਸਰ ਆਏ ਸਨ । ਹਾਕੀ ਦਾ ਮੈਚ ਦੇਖਣਾ ਤਾਂ ਐਵੇਂ ਬਹਾਨਾ ਹੀ ਸੀ । ਉਨ੍ਹਾਂ ਨੂੰ ਜ਼ਿਆਦਾ ਚਾਅ ਤਾਂ ਉਨ੍ਹਾਂ ਘਰਾਂ ਅਤੇ ਬਾਜ਼ਾਰਾਂ ਨੂੰ ਮੁੜ ਦੇਖਣ ਦਾ ਸੀ ਜਿਹੜੇ ਸਾਢ਼ੇ ਸੱਤ ਵਰ੍ਹੇ ਪਹਿਲਾਂ ਉਨ੍ਹਾਂ ਲਈ ਬੇਗਾਨੇ ਹੋ ਗਏ ਸਨ । ਹਰ ਸੜਕ ਤੇ ਮੁਸਲਮਾਨਾਂ ਦੀ ਕੋਈ ਨਾ ਕੋਈ ਟੋਲੀ ਘੁੰਮਦੀ ਫਿਰਦੀ ਨਜ਼ਰ ਆ ਰਹੀ ਸੀ । ਉਨ੍ਹਾਂ ਦੀਆਂ ਨਜ਼ਰਾਂ ਹਰ ਚੀਜ਼ ਨੂੰ ਬੜੀ ਉਤਸਕਤਾ ਨਾਲ ਨਿਹਾਰ ਰਹੀਆਂ ਸਨ, ਜਿਵੇਂ ਇਹ ਸ਼ਹਿਰ ਕੋਈ ਆਮ ਸ਼ਹਿਰ ਨਾ ਹੋ ਕੇ ਖਾਸ ਸ਼ਹਿਰ ਹੋਵੇ ।
ਭੀੜੇ ਬਾਜ਼ਾਰਾਂ ਵਿਚੋਂ ਲੰਘਦਿਆਂ ਉਹ ਇਕ ਦੂਜੇ ਨਾਲ ਪੁਰਾਣੇ ਦਿਨਾਂ ਨੂੰ ਯਾਦ ਕਰ ਰਹੇ ਸਨ,"ਦੇਖ ਫਤ੍ਹੇ ਦੀਨਾ, ਮਿਸ਼ਰੀ ਬਾਜ਼ਾਰ ਵਿਚ ਹੁਣ ਮਿਸ਼ਰੀ ਦੀਆਂ ਦੁਕਾਨਾਂ ਕਿੰਨੀਆਂ ਥੋੜ੍ਹੀਆਂ ਰਹਿ ਗਈਆਂ ਨੇ …ਉਸ ਨੁੱਕਰ ਵਿੱਚ ਸੁੱਖੀ ਭਠਿਆਰਨ ਦੀ ਭੱਠੀ ਹੁੰਦੀ ਸੀ ਜਿੱਥੇ ਉਹ ਪਾਨਾਂ ਵਾਲਾ ਬੈਠਾ ਏ ….ਇਧਰ ਲੂਣ ਮੰਡੀ ਦੇਖ ਲਓ, ਖਾਨ ਸਾਹਿਬ ! ਉਥੋਂ ਦੀ ਇਕ – ਇਕ ਲਾਲੀ ਏਨੀ ਨਮਕੀਨ ਹੁੰਦੀ ਸੀ ਕਿ…।"
ਬੜੇ ਦਿਨਾਂ ਬਾਅਦ ਬਾਜ਼ਾਰਾਂ ਵਿਚ ਤੁਰਲੇਦਾਰ ਪੱਗਾਂ ਅਤੇ ਲਾਲ ਤੁਰਕੀ ਟੋਪੀਆਂ ਨਜ਼ਰ ਆ ਰਹੀਆਂ ਸਨ । ਲਾਹੋਰ ਤੋਂ ਆਏ ਮੁਸਲਮਾਨਾਂ ਵਿਚੋਂ ਵੱਡੀ ਗਿਣਤੀ ਉਨ੍ਹਾਂ ਲੋਕਾਂ ਦੀ ਸੀ, ਜਿਨ੍ਹਾਂ ਨੂੰ ਵੰਡ ਕਾਰਨ ਮਜਬੂਰ ਹੋ ਕੇ ਅੰਮ੍ਰਿਤਸਰ ਛੱਡਣਾ ਪਿਆ । ਸਾਢੇ ਸੱਤ ਵਰ੍ਹਿਆਂ ਵਿਚ ਆਈਆਂ ਤਬਦੀਲੀਆਂ ਦੇਖ ਕੇ ਕਿਤੇ ਕਿਤੇ ਤਾਂ ਉਨ੍ਹਾਂ ਦੀਆਂ ਅੱਖਾਂ ਵਿਚ ਹੈਰਾਨੀ ਝਲਕਦੀ, ਤੇ ਕਿਤੇ ਉਨ੍ਹਾਂ ਨੂੰ ਵਿਗੋਚਾ ਵੀ ਹੁੰਦਾ,"ਵਾਹ ਕਟੜਾ ਜੈਮਲ ਸਿੰਘ ਏਨਾ ਚੌੜਾ ਕਿਵੇਂ ਹੋ ਗਿਆ ?"ਇਸ ਪਾਸੇ ਸਾਰੇ ਘਰ ਸੜ ਗਏ ?"ਏਥੇ ਹਕੀਮ ਆਸਿਫ਼ ਅਲੀ ਦੀ ਦੁਕਾਨ ਹੁੰਦੀ ਸੀ ਨਾ । ਉਹ ਹੁਣ ਕਿਸੇ ਮੋਚੀ ਦੇ ਕਬਜ਼ੇ ਵਿਚ ਸੀ ।"
ਤੇ ਕਿਤੇ – ਕਿਤੇ ਅਜਿਹੇ ਬੋਲ ਵੀ ਸੁਣਾਈ ਦਿੰਦੇ,"ਵਲੀ, ਇਹ ਮਸਜਿਦ ਜਿਓਂ ਦੀ ਤਿਓਂ ਖੜ੍ਹੀ ਹੈ । ਇਨ੍ਹਾਂ ਇੱਥੇ ਗੁਰਦੁਆਰਾ ਨਹੀਂ ਬਣਾਇਆ ?"
ਜਿਹੜੇ ਰਸਤਿਓਂ ਪਾਕਿਸਤਾਨੀਆਂ ਦੀਆਂ ਟੋਲੀਆਂ ਲੰਘਦੀਆਂ, ਸ਼ਹਿਰ ਦੇ ਲੋਕ ਬੜੀ ਹੈਰਾਨੀ ਨਾਲ ਉਨ੍ਹਾਂ ਨੂੰ ਦੇਖਦੇ । ਕੁਝ ਲੋਕ ਅਜੇ ਵੀ ਮੁਸਲਮਾਨਾਂ ਨੂੰ ਆਉਂਦਿਆਂ ਦੇਖ ਕੇ ਸ਼ੱਕ ਜਿਹੇ ਨਾਲ ਪਾਸੇ ਹੋ ਜਾਂਦੇ ; ਕੁਝ ਅੱਗੇ ਹੋ ਕੇ ਉਨ੍ਹਾਂ ਨੂੰ ਜੱਫੀਆਂ ਪਾ ਕੇ ਖੈਰ ਸੁੱਖ ਪੁੱਛਦੇ । ਆਮ ਤੌਰ 'ਤੇ ਮਿਲਣ ਵਾਲਿਆਂ ਨੂੰ ਉਹ ਅਜਿਹੇ ਸੁਆਲ ਪੁੱਛਦੇ ਕਿ ਅੱਜ ਕੱਲ੍ਹ ਲਾਹੌਰ ਦਾ ਕਿ ਹਾਲ ਏ ? ਅਨਾਰਕਲੀ ਵਿੱਚ ਹੁਣ ਵੀ ਪਹਿਲਾਂ ਵਾਲੀ ਰੌਣਕ ਹੁੰਦੀ ਏ ? ਸੁਣਿਐ ਸ਼ਾਹਆਲਮੀ ਗੇਟ ਵਾਲਾ ਬਾਜ਼ਾਰ ਬਿਲ੍ਕੁਨ ਨਵਾਂ ਬਣ ਗਿਆ ਏ ? ਕ੍ਰਿਸ਼ਨ ਨਗਰ ਤਾਂ ਕੋਈ ਖਾਸ ਨਹੀਂ ਬਦਲਿਆ, ਉਥੋਂ ਦਾ ਰਿਸ਼ਵਤਪੁਰਾ ਕੀ ਰਿਸ਼ਵਤ ਦੇ ਪੈਸੇ ਨਾਲ ਬਣਿਆ ਏ ? ਕਹਿੰਦੇ ਨੇ ਪਾਕਿਸਤਾਨ ‘ਚ ਹੁਣ ਬੁਰਕਾ ਬਿਲਕੁਲ ਉਡ ਗਿਆ ਏ ? ਇਹ ਸਹੀ ਹੈ ਭਲਾ ? ਇਨ੍ਹਾਂ ਸੁਆਲਾਂ ਵਿਚੋਂ ਏਨਾ ਆਪਣਾਪਣ ਝਲਕਦਾ ਸੀ ਕਿ ਜਾਪਦਾ ਸੀ ਲਾਹੌਰ ਕੋਈ ਸ਼ਹਿਰ ਨਾ ਹੋ ਕੇ ਹਜ਼ਾਰਾਂ ਲੋਕਾਂ ਦਾ ਸਕਾ – ਸੰਬੰਧੀ ਹੋਵੇ ਜਿਸ ਬਾਰੇ ਜਾਨਣ ਲਈ ਸਾਰੇ ਉਤਸਕ ਨਜ਼ਰ ਆ ਆ ਰਹੇ ਸਨ । ਲਾਹੌਰ ਤੋਂ ਆਏ ਲੋਕ ਉਸ ਦਿਨ ਸ਼ਹਿਰ ਦੇ ਮਹਿਮਾਨ ਸਨ ਜਿਨ੍ਹਾਂ ਨੂੰ ਮਿਲ ਕੇ ਅਤੇ ਗੱਲਾਂ ਕਰ ਕੇ ਲੋਕਾਂ ਨੂੰ ਆਪਮੁਹਾਰੀ ਖੁਸ਼ੀ ਹੋ ਰਹੀ ਸੀ ।
ਅੰਮ੍ਰਿਤਸਰ ਦਾ ਬਾਂਸਾ ਵਾਲਾ ਬਾਜ਼ਾਰ ਅਣਗੋਲਿਆ ਜਿਹਾ ਬਾਜ਼ਾਰ ਹੈ ਜਿੱਥੇ ਵੰਡ ਤੋਂ ਪਹਿਲਾਂ ਜ਼ਿਆਦਾਤਰ ਗਰੀਬ ਮੁਸਲਮਾਨ ਵਸਦੇ ਸਨ । ਉਥੇ ਬਾਂਸਾ ਅਤੇ ਸ਼ਤੀਰੀਆਂ ਦੀਆਂ ਦੁਕਾਨਾਂ ਹੁੰਦੀਆਂ ਸਨ । ਇਹ ਸਾਰੀਆਂ ਇੱਕ ਇੱਕ ਕਰ ਕੇ ਸੜ ਗਈਆਂ ਸਨ । ਬਾਜ਼ਾਰ ਬਾਂਸਾ ਦੀ ਅੱਗ ਅੰਮ੍ਰਿਤਸਰ ਦੀ ਸਭ ਤੋਂ ਭਿਆਨਕ ਅੱਗ ਸੀ ਜਿਸ ਨਾਲ ਇਕ ਵਾਰ ਤਾਂ ਸਾਰਾ ਸ਼ਹਿਰ ਸੜਨ ਦਾ ਖਤਰਾ ਹੋ ਗਿਆ ਸੀ । ਬਾਜ਼ਾਰ ਬਾਂਸਾ ਦੇ ਆਲੇ – ਦੁਆਲੇ ਦੇ ਕਈ ਮੁਹੱਲੇ ਉਸ ਅੱਗ ਦੀ ਲਪੇਟ ਵਿੱਚ ਆ ਗਏ ਸਨ । ਖੈਰ ! ਕਿਸੇ ਤਰ੍ਹਾਂ ਅੱਗ ਕਾਬੂ ਵਿੱਚ ਤਾਂ ਆ ਗਈ ਪਰ ਉਸ ਵਿੱਚ ਮੁਸਲਮਾਨਾਂ ਦੇ ਇੱਕ – ਇੱਕ ਘਰ ਨਾਲ ਹਿੰਦੂਆਂ ਦੇ ਵੀ ਚਾਰ -ਚਾਰ – ਛੇ – ਛੇ ਘਰ ਸੜ ਕੇ ਸੁਆਹ ਹੋ ਗਏ । ਹੁਣ ਸਾਢ਼ੇ ਸੱਤ ਵਰ੍ਹਿਆਂ ਵਿੱਚ ਉਨ੍ਹਾਂ ਵਿਚੋਂ ਕਈ ਥਾਵਾਂ 'ਤੇ ਨਵੀਆਂ ਇਮਾਰਤਾਂ ਬਣ ਗਈਆਂ ਸਨ ਪਰ ਥਾਂ – ਥਾਂ ਮਲਬੇ ਦੇ ਢੇਰ ਅਜੇ ਵੀ ਨਜ਼ਰ ਆ ਰਹੇ ਸਨ । ਨਵੀਆਂ ਇਮਾਰਤਾਂ ਵਿੱਚ ਕਿਤੇ ਕਿਤੇ ਲੱਗੇ ਮਲਬੇ ਦੇ ਢੇਰ ਬੜੇ ਅਜੀਬ ਜਿਹੇ ਦ੍ਰਿਸ਼ ਪੇਸ਼ ਕਰ ਰਹੇ ਸਨ ।
ਬਾਜ਼ਾਰ ਬਾਂਸਾ ਵਿੱਚ ਉਸ ਦਿਨ ਵੀ ਬੜੀ ਚਹਿਲ – ਪਹਿਲ ਸੀ । ਉਸ ਬਾਜ਼ਾਰ ਦੇ ਜ਼ਿਆਦਾਤਰ ਬਾਸ਼ਿੰਦੇ ਤਾਂ ਆਪਣੇ ਘਰਾਂ ਨਾਲ ਹੀ ਸ਼ਹੀਦ ਹੋ ਗਏ ਸਨ, ਉਨ੍ਹਾਂ ਵਿੱਚ ਸ਼ਾਇਦ ਹੀ ਪਰਤਣ ਦੀ ਹਿੰਮਤ ਰਹਿ ਗਈ ਸੀ । ਸਿਰਫ ਇਕ ਦੁਬਲਾ ਪਤਲਾ ਬੁੱਢਾ ਮੁਸਲਮਾਨ ਹੀ ਉਸ ਉਜੜੇ ਬਾਜ਼ਾਰ ਵਿੱਚ ਆਇਆ ਅਤੇ ਉਥੋਂ ਦੀਆਂ ਨਵੀਆਂ ਅਤੇ ਸੜੀਆਂ ਇਮਾਰਤਾਂ ਨੂੰ ਦੇਖ ਕੇ ਜਿਵੇਂ ਕਿਸੇ ਭੁੱਲ – ਭੁੱਲਈਆਂ ਵਿੱਚ ਫਸ ਗਿਆ ਹੋਵੇ । ਖੱਬੇ ਪਾਸੇ ਮੁੜਦੀ ਗਲੀ ਕੋਲ ਪਹੁੰਚ ਕੇ ਉਹਦੇ ਪੈਰ ਅੰਦਰ ਵੱਲ ਮੁੜਨ ਲੱਗੇ ਪਰ ਫਿਰ ਉਹ ਘਬਰਾ ਕੇ ਬਾਹਰ ਹੀ ਖੜ੍ਹਾ ਰਿਹਾ ਜਿਵੇਂ ਉਹਨੂੰ ਯਕੀਨ ਨਾ ਆਇਆ ਹੋਵੇ ਕਿ ਇਹ ਉਹੋ ਗਲੀ ਹੈ ਜਾਂ ਕੋਈ ਹੋਰ ਜਿਸ ਵਿੱਚ ਉਹ ਜਾਣਾ ਚਾਹੁੰਦਾ ਹੈ । ਗਲੀ ਵਿੱਚ ਇਕ ਪਾਸੇ ਕੁਝ ਬੱਚੇ ਕੀੜੀ – ਕਾਢਾ ਖੇਡ ਰਹੇ ਸਨ, ਤੇ ਪਰ੍ਹਾਂ ਖੜ੍ਹੀਆਂ ਦੋ ਔਰਤਾਂ ਉਚੀ – ਉਚੀ ਆਵਾਜ਼ ਵਿੱਚ ਲੜਦੀਆਂ ਇਕ – ਦੂਜੀ ਨੂੰ ਗਾਲ੍ਹਾਂ ਕੱਢ ਰਹੀਆਂ ਸਨ ।
"ਸਭ ਕੁਝ ਬਦਲ ਗਿਆ ਪਰ ਬੋਲੀਆਂ ਨਹੀਂ ਬਦਲੀਆਂ ।"ਬੁੱਢੇ ਮੁਸਲਮਾਨ ਨੇ ਹੌਲੀ ਜਿਹੀ ਆਪਣੇ ਆਪ ਨੂੰ ਕਿਹਾ ਅਤੇ ਸੋਟੀ ਦੇ ਸਹਾਰੇ ਖੜ੍ਹਾ ਰਿਹਾ । ਉਹਦੇ ਗੋਡੇ ਪਜਾਮੇ ਵਿਚੋਂ ਬਾਹਰ ਨਿਕਲੇ ਹੋਏ ਸਨ, ਤੇ ਗੋਡਿਆਂ ਤੋਂ ਥੋੜ੍ਹੀ ਉਪਰ ਪਾਈ ਸ਼ੇਰਵਾਨੀ 'ਤੇ ਦੋ – ਤਿੰਨ ਟਾਕੀਆਂ ਲੱਗੀਆਂ ਨਜ਼ਰ ਆ ਰਹੀਆਂ ਸਨ । ਗਲੀ ਵਿਚੋਂ ਇੱਕ ਬੱਚਾ ਰੋਂਦਾ ਹੋਇਆ ਬਾਹਰ ਆਇਆ । ਉਹਨੇ ਉਸ ਨੂੰ ਪੁਚਕਾਰਦੇ ਹੋਏ ਕਿਹਾ,"ਏਧਰ ਆ ਬੇਟਾ, ਆ ਜਾ ਤੇਨੂੰ ਚੀਜ਼ੀ ਦਿਆਂਗਾ । ਉਹ ਆਪਣੀ ਜੇਬ ਵਿੱਚ ਹੱਥ ਮਾਰ ਕੇ ਕੋਈ ਚੀਜ਼ ਲੱਭਣ ਲੱਗਾ । ਬੱਚਾ ਇਕ ਪਲ ਲਈ ਚੁੱਪ ਹੋ ਗਿਆ ਪਰ ਫਿਰ ਬੁਲ੍ਹ ਮਰੋੜ ਕੇ ਰੋਣ ਲੱਗਾ । ਏਨੇ ਨੂੰ ਸੋਲਾਂ ਸਤਾਰਾਂ ਵਰ੍ਹਿਆਂ ਦੀ ਕੁੜੀ ਗਲੀ ਵਿਚੋਂ ਦੌੜਦੀ ਹੋਈ ਆਈ, ਤੇ ਬੱਚੇ ਨੂੰ ਬਾਂਹ ਤੋਂ ਫੜ ਘੜੀਸਦੀ ਹੋਈ ਗਲੀ ਅੰਦਰ ਲੈ ਗਈ । ਬੱਚਾ ਰੋਂਦਾ ਹੋਇਆ ਆਪਣੀ ਬਾਂਹ ਛੁਡਾਉਣ ਦੀ ਜ਼ਿੱਦ ਕਰ ਰਿਹਾ ਸੀ । ਕੁੜੀ ਨੇ ਉਹਨੂੰ ਗੋਦੀ ਚੁੱਕ ਕੇ ਆਪਣੇ ਨਾਲ ਲਾ ਲਿਆ, ਤੇ ਉਹਦਾ ਮੂੰਹ ਚੁੰਮਦੀ ਹੋਈ ਕਹਿਣ ਲੱਗੀ,"ਚੁੱਪ ਕਰ ਜਾ ਮੇਰਾ ਵੀਰ । ਰੋਏਂਗਾ ਤਾਂ ਤੈਨੂੰ ਉਹ ਮੁਸਲਮਾਨ ਫੜ ਕੇ ਲੈ ਜਾਏਗਾ । ਚੁੱਪ ਕਰ ਜਾ, ਮੈਂ ਵਾਰੀ ਜਾਵਾਂ ਵੀਰਾ !"
ਬੁੱਢੇ ਮੁਸਲਮਾਨ ਨੇ ਬੱਚੇ ਨੂੰ ਦੇਣ ਲਈ ਜਿਹੜਾ ਪੈਸਾ ਕੱਢਿਆ ਸੀ, ਉਹ ਵਾਪਿਸ ਜੇਬ ਵਿੱਚ ਪਾ ਲਿਆ । ਸਿਰ ਤੋਂ ਟੋਪੀ ਲਾਹ ਕੇ ਸਿਰ ਖੁਰਕਿਆ ਤੇ ਟੋਪੀ ਕੱਛੇ ਮਾਰ ਲਈ । ਉਹਦਾ ਗਲਾ ਸੁੱਕ ਗਿਆ ਅਤੇ ਗੋਡੇ ਕੰਬਣ ਲੱਗ ਪਏ । ਉਹਨੇ ਗਲੀ ਦੇ ਬਾਹਰ ਦੀ ਬੰਦ ਦੁਕਾਨ ਦੇ ਬੂਹੇ ਦਾ ਸਹਾਰਾ ਲੈ ਲਿਆ ਤੇ ਸਿਰ ਤੇ ਟੋਪੀ ਪਾ ਲਈ । ਗਲੀ ਦੇ ਸਾਹਮਣੇ ਜਿੱਥੇ ਵੱਡੀਆਂ ਵੱਡੀਆਂ ਸ਼ਤੀਰੀਆਂ ਪਈਆਂ ਹੁੰਦੀਆਂ ਸਨ, ਉਥੇ ਹੁਣ ਤਿਮੰਜ਼ਿਲਾ ਮਕਾਨ ਉਸਰ ਗਿਆ ਸੀ । ਸਾਹਮਣੇ ਬਿਜਲੀ ਦੀ ਤਾਰ ‘ਤੇ ਦੋ ਮੋਟੀਆਂ ਮੋਟੀਆਂ ਇੱਲਾਂ ਚੁੱਪਚਾਪ ਬੈਠੀਆਂ ਹੋਈਆਂ ਸਨ । ਬਿਜਲੀ ਦੇ ਖੰਭੇ ਕੋਲ ਥੋੜ੍ਹੀ ਜਿਹੀ ਧੁੱਪ ਸੀ । ਉਹ ਕੁਝ ਪਲ ਧੁੱਪ ਵਿੱਚ ਉਡਦੇ ਮਹੀਨ ਜ਼ੱਰਿਆਂ ਨੂੰ ਦੇਖਦਾ ਰਿਹਾ । ਫਿਰ ਉਹਦੇ ਮੂੰਹੋਂ ਨਿਕਲਿਆ,"ਹੇ ਰੱਬਾ !"
ਇਕ ਨੌਜਵਾਨ ਚਾਬੀਆਂ ਦਾ ਗੁੱਛਾ ਘੁਮਾਉਂਦਾ ਹੋਇਆ ਗਲੀ ਵੱਲ ਆਇਆ ਤੇ ਬੁੱਢੇ ਨੂੰ ਉਥੇ ਖੜ੍ਹੇ ਦੇਖ ਕੇ ਪੁੱਛਿਆ,"ਕੀ ਗੱਲ ਮੀਆਂ ਜੀ ਇੱਥੇ ਕਿਵੇਂ ਖੜ੍ਹੇ ਓ ?"
ਬੁੱਢੇ ਮੁਸਲਮਾਨ ਦੀ ਛਾਤੀ ਤੇ ਬਾਹਾਂ ਵਿਚ ਹਲਕੀ ਜਿਹੀ ਕੰਬਣੀ ਹੋਈ ਤੇ ਉਹਨੇ ਬੁੱਲ੍ਹਾਂ 'ਤੇ ਜੀਭ ਫੇਰਦੇ ਹੋਏ ਨੌਜਵਾਨ ਨੂੰ ਧਿਆਨ ਨਾਲ ਦੇਖਦਿਆਂ ਪੁੱਛਿਆ,"ਬੇਟੇ ਤੂੰ ਮਨੋਹਰੀ ਏਂ ?"
ਨੌਜਵਾਨ ਚਾਬੀਆਂ ਦਾ ਗੁੱਛਾ ਹਿਲਾਉਣਾ ਬੰਦ ਕਰ ਕੇ ਉਨ੍ਹਾਂ ਨੂੰ ਮੁੱਠ ਵਿਚ ਘੁੱਟ ਲਿਆ, ਤੇ ਫਿਰ ਹੈਰਾਨ ਹੁੰਦਿਆ ਪੁੱਛਿਆ,"ਤੁਸੀਂ ਮੇਰਾ ਨਾਂ ਕਿਵੇਂ ਜਾਣਦੇ ਹੋ ?"
"ਸਾਢੇ ਸੱਤ ਵਰ੍ਹੇ ਪਹਿਲਾਂ ਬੇਟੇ ਤੂੰ ਏਨਾ ਨਿੱਕਾ ਜਿਹਾ ਸੀ ।"ਕਹਿ ਕੇ ਬੁੱਢੇ ਨੇ ਮੁਸਕਰਾਉਣ ਦੀ ਕੋਸ਼ਿਸ਼ ਕੀਤੀ ।
"ਤੁਸੀਂ ਅੱਜ ਪਾਕਿਸਤਾਨ ਤੋਂ ਆਏ ਹੋ ?"ਮਨੋਹਰੀ ਨੇ ਪੁੱਛਿਆ ।
"ਹਾਂ, ਪਰ ਪਹਿਲਾਂ ਅਸੀਂ ਇਸੇ ਗਲੀ ਵਿਚ ਰਹਿੰਦੇ ਸਾਂ ।"ਬੁੱਢੇ ਨੇ ਕਿਹਾ,"ਮੇਰਾ ਬੇਟਾ ਚਿਰਾਗਦੀਨ ਤੁਹਾਡਾ ਦਰਜੀ ਹੁੰਦਾ ਸੀ । ਵੰਡ ਤੋਂ ਛੇ ਮਹੀਨੇ ਪਹਿਲਾਂ ਅਸੀਂ ਇਥੇ ਆਪਣਾ ਨਵਾਂ ਘਰ ਬਣਾਇਆ ਸੀ ।"
"ਉਹ ਗਨੀ ਮੀਆਂ !"ਮਨੋਹਰੀ ਨੇ ਪਛਾਣਦਿਆਂ ਕਿਹਾ ।
"ਹਾਂ ਬੇਟੇ, ਮੈਂ ਤੁਹਾਡਾ ਗਨੀ ਮੀਆਂ ਹਾਂ । ਚਿਰਾਗ ਅਤੇ ਉਹਦੇ ਬੀਵੀ ਬੱਚੇ ਤਾਂ ਹੁਣ ਮਿਲ ਨਹੀਂ ਸਕਦੇ ਪਰ ਮੈਂ ਸੋਚਿਆ ਕਿ ਇੱਕ ਵਾਰ ਆਪਣਾ ਘਰ ਹੀ ਦੇਖ ਲਵਾਂ …..।"ਉਹਨੇ ਸਿਰ ਤੋਂ ਟੋਪੀ ਲਾਹ ਕੇ ਸਿਰ ਤੇ ਹੱਥ ਫੇਰਦਿਆਂ ਅੱਖਾਂ ਵਿਚ ਡਲ੍ਹਕ ਆਏ ਹੰਝੂਆਂ ਨੂੰ ਰੋਕ ਲਿਆ ।
"ਤੁਸੀਂ ਤਾਂ ਸ਼ਾਇਦ ਬਹੁਤ ਪਹਿਲਾਂ ਹੀ ਇਥੋਂ ਚਲੇ ਗਏ ਸਓ ।"ਮਨੋਹਰੀ ਨੇ ਆਪਣੇ ਬੋਲਾਂ ਵਿਚ ਸੰਵੇਦਨਾ ਭਰਦਿਆਂ ਕਿਹਾ ।
"ਹਾਂ, ਬੇਟੇ, ਮੇਰੀ ਬਦਕਿਸਮਤੀ ਸੀ ਕਿ ਇੱਕਲਾ ਹੀ ਪਹਿਲਾਂ ਨਿਕਲ ਗਿਆ । ਇੱਥੇ ਰਹਿੰਦਾ ਤਾਂ ਉਨ੍ਹਾਂ ਦੇ ਨਾਲ ਮੈਂ ਵੀ …. ।"ਬੋਲਦੇ – ਬੋਲਦੇ ਉਹਨੂੰ ਅਹਿਸਾਸ ਹੋਇਆ ਕਿ ਉਹਨੂੰ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ । ਉਹਨੇ ਅਗਲੀ ਗੱਲ ਮੂੰਹ ਵਿਚ ਹੀ ਰੋਕ ਲਈ ਪਰ ਅੱਖਾਂ ਵਿਚ ਡਲ੍ਹਕ ਆਏ ਅੱਥਰੂਆਂ ਨੂੰ ਵਗਣ ਦਿੱਤਾ ।
"ਛੱਡੋ ਗਨੀ ਮੀਆਂ, ਹੁਣ ਪੁਰਾਣੀਆਂ ਗੱਲਾਂ ਨੂੰ ਫਰੋਲਣ ਦਾ ਕਿ ਫਾਇਦਾ,"ਮਨੋਹਰੀ ਨੇ ਗਨੀ ਦੀ ਬਾਂਹ ਫੜਦਿਆਂ ਕਿਹਾ,"ਆਓ ਤੁਹਾਨੂੰ ਤੁਹਾਡਾ ਘਰ ਦਿਖਾ ਦਿਆਂ ।"
ਗਲੀ ਵਿਚ ਇਹ ਗੱਲ ਇੰਜ ਫੈਲੀ ਕਿ ਬਾਹਰ ਇਕ ਮੁਸਲਮਾਨ ਖੜ੍ਹਾ ਹੈ ਜੋ ਰਾਮਦਾਸੀ ਦੇ ਮੁੰਡੇ ਨੂੰ ਚੁੱਕ ਕੇ ਲੈ ਚਲਿਆ ਸੀ …ਉਹਦੀ ਭੈਣ ਉਹਨੂੰ ਘਸੀਟ ਲਿਆਈ । ਨਹੀਂ ਤਾਂ ਮੁਸਲਮਾਨ ਉਹਨੂੰ ਚੁੱਕ ਕੇ ਲੈ ਗਿਆ ਹੁੰਦਾ । ਇਹ ਖਬਰ ਸੁਣਦਿਆਂ ਹੀ ਜਿਹੜੀਆਂ ਜਨਾਨੀਆਂ ਗਲੀ ਵਿਚ ਪੀੜ੍ਹੀਆਂ ਡਾਹ ਕੇ ਬੈਠੀਆਂ ਸਨ, ਆਪਣੀਆਂ – ਆਪਣੀਆਂ ਪੀੜ੍ਹੀਆਂ ਪੀੜ੍ਹੀਆਂ ਚੁੱਕ ਕੇ ਘਰਾਂ ਅੰਦਰ ਵੜ੍ਹ ਗਈਆਂ । ਗਲੀ ਵਿੱਚ ਖੇਡਦੇ ਬੱਚਿਆਂ ਨੂੰ ਵੀ ਉਨ੍ਹਾਂ ਨੇ ਆਵਾਜ਼ਾਂ ਮਾਰ – ਮਾਰ ਕੇ ਘਰਾਂ ਅੰਦਰ ਵਾੜ ਲਿਆ । ਮਨੋਹਰੀ ਜਦੋਂ ਗਨੀ ਨੂੰ ਲੈ ਕੇ ਗਲੀ ਵਿੱਚ ਆਇਆ ਤਾਂ ਗਲੀ ਵਿੱਚ ਸਿਰਫ ਇੱਕ ਰੇਹੜੀ ਵਾਲਾ ਹੀ ਨਜ਼ਰ ਆ ਰਿਹਾ ਸੀ ਜਾਂ ਪਿੱਪਲ ਵਾਲੇ ਖੂਹ ਕੋਲ ਰੱਖਾ ਭਲਵਾਨ ਪਸਰ ਕੇ ਸੁੱਤਾ ਨਜ਼ਰ ਆ ਰਿਹਾ ਸੀ । ਘਰਾਂ ਦੀਆਂ ਬਾਰੀਆਂ ਅਤੇ ਬੂਹਿਆਂ ਪਿੱਛੋਂ ਕਈ ਚਿਹਰੇ ਬਾਹਰ ਵੱਲ ਝਾਕ ਰਹੇ ਸਨ । ਗਨੀ ਨੂੰ ਗਲੀ ਵਿੱਚ ਆਉਂਦਿਆਂ ਦੇਖ ਕੇ ਉਨ੍ਹਾਂ ਵਿੱਚ ਵਿਚਾਰਗੋਈਆਂ ਸ਼ੁਰੂ ਹੋ ਗਈਆਂ । ਸਾਰੀ ਦਾੜ੍ਹੀ ਚਿੱਟੀ ਹੋ ਜਾਣ ਦੇ ਬਾਵਜ਼ੂਦ ਲੋਕਾਂ ਨੇ ਚਿਰਾਗਦੀਨ ਦੇ ਪਿਓ ਅਬਦੁਲ ਗਨੀ ਨੂੰ ਪਛਾਣ ਲਿਆ ਸੀ ।
"ਇੱਥੇ ਤੁਹਾਡਾ ਘਰ ਹੁੰਦਾ ਸੀ ।"ਮਨੋਹਰੀ ਨੇ ਦੂਰੋਂ ਹੀ ਮਲਬੇ ਦੇ ਇਕ ਢੇਰ ਵੱਲ ਇਸ਼ਾਰਾ ਕਰਦਿਆਂ ਕਿਹਾ । ਗਨੀ ਇਕ ਪਲ ਪਲ ਲਈ ਤਾਂ ਠਿਠਕ ਕੇ ਪਾਟੀਆਂ ਨਜ਼ਰਾਂ ਨਾਲ ਉਧਰ ਦੇਖਦਾ ਰਿਹਾ । ਚਿਰਾਗ ਅਤੇ ਉਹਦੇ ਬੀਵੀ ਬੱਚਿਆਂ ਦੀ ਮੌਤ ਨੂੰ ਉਹ ਕਾਫੀ ਅਰਸਾ ਪਹਿਲਾਂ ਸਵੀਕਾਰ ਚੁੱਕਾ ਸੀ ਪਰ ਆਪਣੇ ਘਰ ਨੂੰ ਇਸ ਰੂਪ ਵਿੱਚ ਦੇਖ ਕੇ ਉਹਨੂੰ ਝੁਣਝੁਣੀ ਜਿਹੀ ਆਈ । ਇਹਦੇ ਲਈ ਤਾਂ ਉਹ ਤਿਆਰ ਨਹੀਂ ਸੀ ! ਉਹਦਾ ਗਲਾ ਪਹਿਲਾਂ ਨਾਲੋਂ ਵੀ ਜ਼ਿਆਦਾ ਸੁੱਕ ਗਿਆ ਅਤੇ ਗੋਡੇ ਵੀ ਜ਼ਿਆਦਾ ਕੰਬਣ ਲੱਗੇ ।
"ਇਹ ਮਲਬਾ ?"ਉਹਨੇ ਬੇਵਿਸ਼ਵਾਸ਼ੀ ਨਾਲ ਪੁੱਛਿਆ ।
ਮਨੋਹਰੀ ਨੇ ਉਹਦੇ ਚਿਹਰੇ ਦਾ ਬਦਲਿਆ ਹੋਇਆ ਰੰਗ ਦੇਖਿਆ । ਉਹਨੇ ਉਹਦੇ ਬਾਂਹ ਨੂੰ ਸਹਾਰਾ ਦਿੰਦੇ ਹੋਏ ਸਹਿਜ ਭਾਵ ਵਿੱਚ ਉਤਰ ਦਿੱਤਾ,"ਤੁਹਾਡਾ ਘਰ ਉਨ੍ਹਾਂ ਦਿਨਾਂ ਵਿੱਚ ਹੀ ਸੜ ਗਿਆ ਸੀ ।"
ਗਨੀ ਸੋਟੀ ਦੇ ਸਹਾਰੇ ਕਿਸੇ ਤਰ੍ਹਾਂ ਮਲਬੇ ਤੱਕ ਪਹੁੰਚਿਆ । ਮਲਬੇ ਵਿੱਚ ਹੁਣ ਮਿੱਟੀ ਹੀ ਮਿੱਟੀ ਸੀ ਜਿਸ ਵਿੱਚ ਏਧਰ – ਉਧਰ ਸੜੀਆਂ ਹੋਈਆਂ ਇੱਟਾਂ ਫਸੀਆਂ ਹੋਈਆਂ ਸਨ । ਲੋਹੇ ਅਤੇ ਲੱਕੜ ਦਾ ਸਮਾਨ ਪਤਾ ਨਹੀਂ ਕਦੋਂ ਕੌਣ ਕੱਢ ਲੈ ਗਿਆ ਸੀ । ਸੜੇ ਹੋਏ ਬੂਹੇ ਦੀ ਚੁਗਾਠ ਪਤਾ ਨਹੀਂ ਕਿਵੇਂ ਬਚੀ ਰਹਿ ਗਈ ਸੀ । ਪਿੱਛੇ ਵੱਲ ਸੜੀਆਂ ਹੋਈਆਂ ਦੋ ਅਲਮਾਰੀਆਂ ਵੀ ਨਜ਼ਰ ਆ ਰਹੀਆਂ ਸਨ । ਜਿਨ੍ਹਾਂ ਦੀ ਕਾਲਖ 'ਤੇ ਹਲਕੀ – ਹਲਕੀ ਚਿਟਿਆਈ ਉਭਰ ਆਈ ਸੀ । ਮਲਬੇ ਦੇ ਨੇੜਿਓਂ ਦੇਖ ਕੇ ਗਨੀ ਨੇ ਕਿਹਾ,"ਇਹ ਰਹਿ ਗਿਆ ਹੈ ਸਿਰਫ ਇਹ ?"ਉਹਦੇ ਗੋਡੇ ਜੁਆਬ ਦੇ ਗਏ ਸਨ ਤੇ ਉਹ ਸੜੀ ਹੋਈ ਚੁਗਾਠ ਨੂੰ ਫੜ ਕੇ ਉਥੇ ਹੀ ਬਹਿ ਗਿਆ । ਇਕ ਪਲ ਲਈ ਉਹਦਾ ਸਿਰ ਚੁਗਾਠ ਨਾਲ ਜਾ ਲੱਗਿਆ, ਤੇ ਉਹਦੇ ਮੂੰਹੋਂ ਹੌਲੀ – ਹੌਲੀ ਵਿਲਕਣ ਦੀਆਂ ਆਵਾਜ਼ਾਂ ਆਉਣ ਲੱਗੀਆਂ,"ਹਾਏ ਓਏ ! ਚਿਰਾਗਦੀਨਾਂ !"
ਸੜੇ ਹੋਏ ਬੂਹੇ ਦੀ ਚੁਗਾਠ ਸਾਢੇ ਸੱਤ ਵਰ੍ਹੇ ਮਲਬੇ ਵਿਚੋਂ ਸਿਰ ਕਢੀ ਖੜ੍ਹੀ ਤਾਂ ਰਹੀ ਪਰ ਉਹਦੀ ਲੱਕੜ ਪੂਰੀ ਤਰ੍ਹਾਂ ਭੁਰਦੀ ਜਾ ਰਹੀ ਸੀ । ਗਨੀ ਦੇ ਸਿਰ ਦੀ ਛੋਹ ਨਾਲ ਉਹਦੇ ਕਈ ਰੇਸ਼ੇ ਭੁਰ ਕੇ ਖਿਲਰ ਗਏ । ਕੁਝ ਰੇਸ਼ੇ ਗਨੀ ਦੀ ਟੋਪੀ ਅਤੇ ਵਾਲਾਂ 'ਤੇ ਆ ਡਿੱਗੇ । ਲੱਕੜ ਦੇ ਰੇਸ਼ਿਆਂ ਨਾਲ ਇਕ ਗੰਡੋਆ ਹੇਠਾਂ ਆ ਡਿੱਗਿਆ ਜੋ ਗਨੀ ਦੇ ਪੈਰਾਂ ਤੋਂ ਸੱਤ ਅੱਠ ਇੰਚ ਦੂਰ ਨਾਲੀ ਦੇ ਨਾਲ ਲੱਗੀਆਂ ਇੱਟਾਂ 'ਤੇ ਰੀਂਗਣ ਲੱਗਾ । ਕਦੇ ਥੋੜ੍ਹਾ ਥੋੜ੍ਹਾ ਸਿਰ ਚੁੱਕਦਾ ਪਰ ਇਕ ਦੋ ਵਾਰ ਸਿਰ ਪਟਕ ਕੇ ਫਿਰ ਨਿਰਾਸ਼ ਹੋ ਕੇ ਦੂਜੇ ਪਾਸੇ ਮੁੜ ਜਾਂਦਾ ।
ਬਾਰੀਆਂ ਵਿਚੋਂ ਝਾਕਦੇ ਚਿਹਰਿਆਂ ਦੀ ਗਿਣਤੀ ਪਹਿਲਾਂ ਨਾਲੋਂ ਕਿਤੇ ਵਧ ਗਈ ਸੀ । ਉਨ੍ਹਾਂ ਵਿਚ ਵਿਚਾਰਗੋਈਆਂ ਹੋ ਰਹੀਆਂ ਸਨ ਕੀ ਅੱਜ ਜ਼ਰੂਰ ਕੁਝ ਨਾ ਕੁਝ ਹੋਏਗਾ …. ਚਿਰਾਗਦੀਨ ਦਾ ਬਾਪ ਗਨੀ ਆ ਗਿਆ ਹੈ । ਇਸ ਲਈ ਸਾਢੇ ਸੱਤ ਵਰ੍ਹੇ ਪਹਿਲਾਂ ਵਾਪਰੀ ਘਟਨਾ ਅੱਜ ਫਿਰ ਖੁਲ੍ਹੇਗੀ । ਲੋਕਾਂ ਨੂੰ ਲੱਗ ਰਿਹਾ ਸੀ ਜਿਵੇਂ ਇਹ ਮਲਬਾ ਹੀ ਗਨੀ ਨੂੰ ਸਾਰੀ ਕਹਾਣੀ ਸੁਨਾ ਦਏਗਾ ਕਿ ਸ਼ਾਮ ਨੂੰ ਚਿਰਾਗ ਉਪਰ ਵਾਲੇ ਕਮਰੇ ਵਿਚ ਬੈਠਾ ਖਾਣਾ ਖਾ ਰਿਹਾ ਸੀ, ਜਦੋਂ ਰੱਖੇ ਭਲਵਾਨ ਨੇ ਉਸ ਨੂੰ ਹੇਠਾਂ ਸੱਦਿਆ ਕਿ ਉਹ ਇਕ ਮਿੰਟ ਆ ਕੇ ਗੱਲ ਸੁਣ ਲਵੇ…. ਭਲਵਾਨ ਉਨ੍ਹਾਂ ਦਿਨਾਂ ਵਿਚ ਗਲੀ ਦਾ ਬਾਦਸ਼ਾਹ ਹੁੰਦਾ ਸੀ । ਹਿੰਦੁਆਂ ਤੇ ਉਹਦਾ ਕਾਫ਼ੀ ਦਬਦਬਾ ਸੀ । ਚਿਰਾਗ ਤਾਂ ਖੈਰ ਹੈ ਈ ਮੁਸਲਮਾਨ ਸੀ । ਚਿਰਾਗ ਹੱਥ ਵਿਚਲੀ ਗਰਾਹੀ ਵਿਚੇ ਛੱਡ ਕੇ ਹੇਠਾਂ ਆ ਗਿਆ । ਉਹਦੀ ਬੀਵੀ ਜ਼ੁਬੈਦਾ ਅਤੇ ਦੋਵੇਂ ਕੁੜੀਆਂ ਕਿਸ਼ਵਰ ਅਤੇ ਸੁਲਤਾਨਾ, ਬਾਰੀਆਂ ਵਿਚੋਂ ਹੇਠਾਂ ਦੇਖ ਰਹੀਆਂ ਸਨ । ਚਿਰਾਗ ਨੇ ਡਿਉੜੀ ਵਿਚੋਂ ਬਾਹਰ ਕਦਮ ਰੱਖਿਆ ਹੀ ਸੀ ਕਿ ਭਲਵਾਨ ਨੇ ਉਹਨੂੰ ਕਾਲਰ ਸਮੇਤ ਗਲਿਓਂ ਫੜ ਕੇ ਖਿੱਚਿਆ, ਤੇ ਗਲੀ ਵਿਚ ਸੁੱਟ ਕੇ ਉਹਦੀ ਛਾਤੀ ਤੇ ਚੜ੍ਹ ਗਿਆ । ਚਿਰਾਗ ਉਹਦੇ ਛੁਰੇ ਵਾਲੇ ਹੱਥ ਨੂੰ ਫੜੀ ਚੀਕ ਰਿਹਾ ਸੀ,"ਨਾ ਰੱਖੇ ਭਲਵਾਨ, ਮੈਨੂੰ ਨਾ ਮਾਰ । ਹਾਏ ਓਏ ਮੇਨੂੰ ਬਚਾਓ …ਹੈ ਕੋਈ, ਜ਼ੁਬੈਦਾ ਮੇਨੂੰ ਬਚਾ ਲੈ ।"ਉਪਰੋਂ ਜ਼ੁਬੈਦਾ ਚੀਕਦੀ ਹੋਈ ਹੇਠਾਂ ਡਿਉੜੀ ਵੱਲ ਭੱਜੀ । ਰੱਖੇ ਦੇ ਇਕ ਸ਼ਾਗਿਰਦ ਨੇ ਚਿਰਾਗ ਦੀਆਂ ਜੱਦੋ ਜਹਿਦ ਕਰਦੀਆਂ ਬਾਹਾਂ ਨੂੰ ਕੱਸ ਲਿਆ, ਤੇ ਰੱਖਾ ਉਹਦੇ ਪੱਟਾਂ ਅਤੇ ਗੋਡਿਆਂ ਨੂੰ ਦਬਾਉਂਦਿਆਂ ਹੋਇਆ ਬੋਲਿਆ,"ਚੀਕਦਾ ਕਿਓਂ ਏਂ…… ਤੇਨੂੰ ਪਾਕਿਸਤਾਨ ਦੇ ਰਿਹਾਂ, ਲੈ !"ਤੇ ਜ਼ੁਬੈਦਾ ਦੇ ਹੇਠਾਂ ਪਹੁੰਚਣ ਤੋਂ ਪਹਿਲਾਂ ਹੀ ਉਹਨੇ ਚਿਰਾਗ ਨੂੰ ਪਾਕਿਸਤਾਨ ਦੇ ਦਿੱਤਾ ।
ਆਲੇ – ਦੁਆਲੇ ਦੀਆਂ ਬਾਰੀਆਂ ਬੰਦ ਹੋ ਗਈਆਂ । ਜਿਹੜੇ ਲੋਕ ਇਸ ਵਾਕੇ ਦੇ ਚਸ਼ਮਦੀਦ ਗਵਾਹ ਸਨ, ਉਨ੍ਹਾਂ ਨੇ ਦਰਵਾਜ਼ੇ ਬੰਦ ਕਰਕੇ ਇਸ ਘਟਨਾ ਦੀ ਜ਼ਿੰਮੇਵਾਰੀ ਤੋਂ ਆਪਣੇ ਆਪ ਨੂੰ ਮੁਕਤ ਕਰ ਲਿਆ । ਬੰਦ ਬੂਹਿਆਂ ਵਿਚੋਂ ਵੀ ਉਨ੍ਹਾਂ ਨੂੰ ਕਈ ਚਿਰ ਤੱਕ ਜ਼ੁਬੈਦਾ, ਕਿਸ਼ਵਰ ਅਤੇ ਸੁਲਤਾਨਾ ਦੀਆਂ ਚੀਕਾਂ ਸੁਣਦੀਆਂ ਰਹੀਆਂ ।
"ਇਦਾਂ ਈ ਹੋਇਆ ।"ਰੱਖੇ ਨੂੰ ਖੁਦ ਜਾਪਿਆ ਕਿ ਜਿਵੇਂ ਉਹਦੀ ਆਵਾਜ਼ ਸੁਭਾਵਿਕ ਨਾ ਹੋਵੇ । ਉਹਦੇ ਬੁੱਲ੍ਹ ਗਾੜ੍ਹੀ ਲਾਰ ਨਾਲ ਚਿਪਕ ਗਏ ਸਨ । ਉਹਦੀਆਂ ਮੁੱਛਾਂ ਦੇ ਹੇਠੋਂ ਮੁੜ੍ਹਕਾ ਉਹਦੇ ਬੁੱਲ੍ਹਾਂ ਵੱਲ ਆ ਰਿਹਾ ਸੀ । ਉਹਦੇ ਮੱਥੇ 'ਤੇ ਕਿਸੇ ਚੀਜ਼ ਦਾ ਦਬਾਅ ਪੈ ਰਿਹਾ ਸੀ ਤੇ ਉਹਦੀ ਰੀੜ੍ਹ ਦੀ ਹੱਡੀ ਕੋਈ ਢੋਅ ਭਾਲ ਰਹੀ ਸੀ ।
'ਪਾਕਿਸਤਾਨ ਦਾ ਹੁਣ ਕੀ ਹਾਲ ਏ ?"ਉਹਨੇ ਉਸੇ ਸੁਰ ਵਿਚ ਪੁੱਛਿਆ । ਉਹਦੇ ਗਲੇ ਦੀਆਂ ਨਾੜਾਂ ਆਕੜ ਗਈਆਂ ਸਨ । ਉਹਨੇ ਪਰਨੇ ਨਾਲ ਕੱਛਾਂ ਵਿਚੋਂ ਪਸੀਨਾ ਪੂੰਝਿਆ ਤੇ ਗਲੇ ਵਿਚੋਂ ਥੁੱਕ ਖਿੱਚ ਕੇ ਗਲੀ ਵਿਚ ਥੁੱਕ ਦਿੱਤਾ ।
"ਮੈਂ ਕੀ ਦੱਸਾਂ ਰੱਖੇ ?"ਗਨੀ ਦੋਵਾਂ ਹੱਥਾਂ ਨਾਲ ਸੋਟੀ 'ਤੇ ਭਾਰ ਪਾ ਕੇ ਝੁਕਦਾ ਹੋਇਆ ਕਹਿਣ ਲੱਗਾ,"ਮੇਰਾ ਹਾਲ ਪੁੱਛੇ ਤਾਂ ….ਤਾਂ ਖੁਦਾ ਹੀ ਜਾਣਦਾ ਹੈ । ਮੇਰਾ ਚਿਰਾਗ ਨਾਲ ਹੁੰਦਾ ਤਾਂ ਗੱਲ ਹੀ ਹੋਰ ਹੁੰਦੀ ….ਰੱਖੇ ਮੈਂ ਉਹਨੂੰ ਬੜਾ ਸਮਝਾਇਆ ਕਿ ਮੇਰੇ ਨਾਲ ਚੱਲ ਪਰ ਉਹ ਅੜਿਆ ਰਿਹਾ ਕਿ ਨਵਾਂ ਘਰ ਛੱਡ ਕੇ ਨਹੀਂ ਜਾਵਾਂਗਾ । ਇਹ ਆਪਣੀ ਗਲੀ ਹੈ । ਇੱਥੇ ਕੋਈ ਖਤਰਾ ਨਹੀਂ, ਪਰ ਭੋਲੇ ਕਬੂਤਰ ਨੇ ਇਹ ਨਹੀਂ ਸੋਚਿਆ ਕਿ ਗਲੀ ਵਿਚ ਖਤਰਾ ਨਾ ਸਹੀ, ਬਾਹਰ ਤੋਂ ਤਾਂ ਖਤਰਾ ਆ ਸਕਦਾ ਏ । ਘਰ ਨੂੰ ਬਚਾਉਣ ਲਈ ਚਾਰਾਂ ਨੇ ਜਾਨ ਗਵਾ ਲਈ । ਰੱਖੇ, ਉਹਨੂੰ ਤੇਰੇ 'ਤੇ ਬੜਾ ਭਰੋਸਾ ਸੀ । ਕਹਿੰਦਾ ਹੁੰਦਾ ਸੀ ਕਿ ਰੱਖੇ ਦੇ ਹੁੰਦਿਆਂ ਕੋਈ ਮੇਰਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ, ਪਰ ਜਦੋਂ ਮੌਤ ਆਈ ਤਾਂ ਰੱਖੇ ਦੇ ਰੋਕਿਆਂ ਵੀ ਨਾ ਰੁਕੀ ।"
ਰੱਖੇ ਨੇ ਸਿੱਧਾ ਹੋਣ ਦੀ ਕੋਸ਼ਿਸ਼ ਕੀਤੀ …. ਉਹਦੀ ਰੀੜ੍ਹ ਦੀ ਹੱਡੀ ਵਿਚ ਪੀੜ ਜੁ ਹੋ ਰਹੀ ਸੀ । ਉਹਨੂੰ ਆਪਣੀ ਕਮਰ ਅਤੇ ਕੁਲ੍ਹਿੱਆਂ ਵਿਚ ਬੜਾ ਦਬਾਅ ਮਹਿਸੂਸ ਹੋ ਰਿਹਾ ਸੀ । ਢਿੱਡ 'ਚ ਅੰਤੜੀਆਂ ਕੋਲ ਜਿਵੇਂ ਕੋਈ ਚੀਜ਼ ਉਹਦੇ ਸਾਹ ਨੂੰ ਰੋਕ ਰਹੀ ਸੀ । ਉਹਦਾ ਸਾਰਾ ਜਿਸਮ ਮੁੜ੍ਹਕੇ ਨਾਲ ਭਿੱਜ ਗਿਆ ਸੀ ਤੇ ਉਹਦੇ ਪੈਰਾਂ ਦੇ ਤਲੂਆਂ ਵਿਚ ਝਨ- ਝਨਾਹਟ ਹੋ ਰਹੀ ਸੀ । ਕਦੇ – ਕਦੇ ਫੁਲਝੜੀਆਂ ਜਿਹੀਆਂ ਉਪਰੋਂ ਹੇਠਾਂ ਆਉਂਦੀਆਂ, ਤੇ ਉਹਦੀਆਂ ਅੱਖਾਂ ਸਾਹਮਣਿਉਂ ਤੈਰਦੀਆਂ ਨਿਕਲ ਜਾਂਦੀਆਂ । ਉਹਨੂੰ ਆਪਣੀ ਜੀਭ ਅਤੇ ਬੁੱਲ੍ਹਾਂ ਵਿਚਕਾਰ ਫਾਸਲਾ ਕੁਝ ਵਧੇਰੇ ਹੀ ਜਾਪ ਰਿਹਾ ਸੀ । ਉਹਨੇ ਪਰਨੇ ਨਾਲ ਬੁੱਲ੍ਹਾਂ ਦੇ ਕੋਨੇ ਪੂੰਝੇ । ਫਿਰ ਉਹਦੇ ਮੂੰਹੋਂ ਨਿਕਲਿਆ,"ਹੇ ਪ੍ਰਭੂ ਸੱਚਿਆ, ਤੂੰ ਹੀ ਤੂੰ ਏਂ, ਤੂੰ ਹੀ ਤੂੰ, ਤੂੰ ਹੀ ਤੂੰ ….!"
ਗਨੀ ਨੂੰ ਜਾਪਿਆ ਕਿ ਭਲਵਾਨ ਦੇ ਬੁੱਲ੍ਹ ਸੁੱਕ ਗਏ ਨੇ ਅਤੇ ਉਹਦੀਆਂ ਅੱਖਾਂ ਦੇ ਆਲੇ – ਦੁਆਲੇ ਘੇਰੇ ਹੋਰ ਗੂੜ੍ਹੇ ਹੋ ਗਏ ਹਨ । ਉਹਨੇ ਉਹਦੇ ਮੋਢੇ 'ਤੇ ਹੱਥ ਰੱਖਦਿਆਂ ਕਿਹਾ,"ਜੀਅ ਭੈੜਾ ਨਾ ਕਰ ਰੱਖਿਆ । ਜੋ ਹੋਣਾ ਸੀ, ਸੋ ਹੋ ਗਿਆ । ਉਹ ਹੁਣ ਵਾਪਸ ਤਾਂ ਆ ਨਹੀਂ ਸਕਦਾ । ਖੁਦਾ ਨੇਕ ਦੀ ਨੇਕੀ ਕਾਇਮ ਰੱਖੇ ਤੇ ਬਦ ਦੀ ਬਦੀ ਮੁਆਫ ਕਰ ਦੇਵੇ । ਮੇਰੇ ਲਈ ਚਿਰਾਗ ਨਹੀਂ ਤਾਂ ਨਾ ਸਹੀ, ਤੁਸੀਂ ਤੇ ਹੋ ਨਾ । ਮੇਨੂੰ ਇੱਥੇ ਆ ਕੇ ਇਹ ਤੱਸਲੀ ਤਾਂ ਹੋ ਗਈ ਕਿ ਉਨ੍ਹਾਂ ਸਮਿਆਂ ਦੀ ਕੋਈ ਯਾਦਗਾਰ ਤਾਂ ਹੈ । ਮੈਂ ਤੇਨੂੰ ਦੇਖ ਲਿਆ ਤਾਂ ਸਮਝੋ ਚਿਰਾਗ ਨੂੰ ਦੇਖ ਲਿਆ । ਅੱਲ੍ਹਾ ਤੁਹਾਨੂੰ ਤੰਦਰੁਸਤ ਰੱਖੇ । ਜਿਓੰਦੇ ਰਹੋ, ਖੁਸ਼ੀਆਂ ਮਾਣੋ !"ਤੇ ਗਨੀ ਸੋਟੀ 'ਤੇ ਭਾਰ ਪਾਉਂਦਾ ਉਠ ਖਲੋਤਾ । ਤੁਰਦਿਆਂ ਉਹਨੇ ਫਿਰ ਕਿਹਾ,"ਚੰਗਾ ਰੱਖੇ ਭਲਵਾਨ, ਮੇਨੂੰ ਯਾਦ ਰੱਖੀਂ ।"
ਰੱਖੇ ਦੇ ਗਲੇ 'ਚੋਂ ਮੱਧਮ ਜਿਹੀ 'ਹਾਂ 'ਨਿਕਲੀ, ਪਰਨਾ ਹੱਥ ਵਿਚ ਫੜੀ ਉਹਦੇ ਦੋਵੇਂ ਹੱਥ ਜੁੜ ਗਏ । ਗਨੀ ਗਲੀ ਦੇ ਆਲੇ ਦੁਆਲੇ ਨੂੰ ਹਸਰਤ ਭਰੀਆਂ ਨਜ਼ਰਾਂ ਨਾਲ ਦੇਖਦਾ ਹੋਇਆ ਹੌਲੀ ਹੌਲੀ ਗਲੀ ਵਿਚੋਂ ਬਾਹਰ ਚਲਾ ਗਿਆ ।
ਉਪਰ ਬਾਰੀਆਂ ਵਿਚ ਥੋੜ੍ਹੀ ਦੇਰ ਤਕ ਵਿਚਾਰਗੋਈਆਂ ਚੱਲਦੀਆਂ ਰਹੀਆਂ ਕਿ ਮਨੋਹਰੀ ਨੇ ਗਲੀ ਵਿਚੋਂ ਬਾਹਰ ਨਿਕਲ ਕੇ ਜ਼ਰੂਰ ਗਨੀ ਸਭ ਕੁਝ ਦੱਸ ਦਿੱਤਾ ਹੋਵੇਗਾ …. ਗਨੀ ਦੇ ਸਾਹਮਣੇ ਰੱਖੇ ਦਾ ਤਾਲੂ ਕਿਵੇਂ ਸੁੱਕ ਗਿਆ ਸੀ ! ਰੱਖਾ ਹੁਣ ਕਿਹੜੇ ਮੂੰਹ ਨਾਲ ਲੋਕਾਂ ਨੂੰ ਮਲਬੇ ਕੋਲ ਗਾਂ ਬੰਨ੍ਹਣ ਤੋਂ ਰੋਕੇਗਾ ? ਵਿਚਾਰੀ ਜ਼ੁਬੈਦਾ ! ਵਿਚਾਰੀ ਕਿੰਨੀ ਚੰਗੀ ਸੀ ! ਕਦੇ ਕਿਸੇ ਨੂੰ ਮੰਦਾ ਨਹੀਂ ਸੀ ਬੋਲਦੀ ….ਰੱਖਾ ਮਰ ਜਾਣਾ …ਨਾ ਕਿਸੇ ਘਰ ਦਾ, ਨਾ ਘਾਟ ਦਾ । ਇਹਨੂੰ ਕਿਹੜਾ ਕਿਸੇ ਦੀ ਮਾਂ – ਭੈਣ ਦਾ ਲਿਹਾਜ ਏ ?"
ਥੋੜ੍ਹੀ ਦੇਰ ਬਾਅਦ ਜ਼ਨਾਨੀਆਂ ਘਰਾਂ ਵਿਚੋਂ ਨਿਕਲ ਕੇ ਗਲੀ ਵਿਚ ਆ ਗਈਆਂ । ਬੱਚੇ ਗਲੀ ਵਿਚੋਂ ਗੁੱਲੀ – ਡੰਡਾ ਖੇਡਣ ਲੱਗ ਪਏ ਤੇ ਬਾਰਾਂ ਤੇਰ੍ਹਾਂ ਵਰ੍ਹਿਆਂ ਦੀਆਂ ਦੋ ਕੁੜੀਆਂ ਗੁੱਥਮ ਗੁੱਥਾ ਹੋਣ ਲੱਗ ਪਈਆਂ ।
ਰੱਖਾ ਦੇਰ ਸ਼ਾਮ ਤੱਕ ਖੂਹ 'ਤੇ ਬੈਠਾ ਖੰਘਾਰਦਾ ਤੇ ਚਿਲਮ ਫੂਕਦਾ ਰਿਹਾ । ਕਈਆਂ ਨੇ ਉਥੋਂ ਲੰਘਦਿਆਂ, ਉਹਨੂੰ ਪੁੱਛਿਆ,"ਰੱਖੇ ਸ਼ਾਹ, ਸੁਣਿਐ ਅੱਜ ਗਨੀ ਪਾਕਿਸਤਾਨੋਂ ਆਇਆ ਸੀ …. ।"
"ਆਇਆ ਸੀ ….। 'ਰੱਖੇ ਦਾ ਹਰ ਵਾਰ ਇਕੋ ਜੁਆਬ ਹੁੰਦਾ ।
"ਫਿਰ ….?"
"ਫਿਰ ਕੁਝ ਨਹੀਂ ਚਲਾ ਗਿਆ ।"
ਰਾਤ ਹੋਣ 'ਤੇ ਭਲਵਾਨ ਰੋਜ਼ ਵਾਂਗ ਗਲੀ ਦੇ ਬਾਹਰ ਸੱਜੇ ਹੱਥ ਵਾਲੀ ਦੁਕਾਨ ਦੇ ਥੜ੍ਹੇ ‘ਤੇ ਆ ਬੈਠਾ । ਰੋਜ਼ ਹੀ ਉਹ ਰਾਹ ਜਾਂਦੇ ਜਾਣ – ਪਛਾਣ ਵਾਲਿਆਂ ਨੂੰ ਆਵਾਜ਼ਾਂ ਮਾਰ – ਮਾਰ ਕੇ ਬੁਲਾ ਲੈਂਦਾ ਤੇ ਉਨ੍ਹਾਂ ਨੂੰ ਸੱਟੇ ਦੇ ਗੁਰ ਅਤੇ ਸਿਹਤ ਦੇ ਨੁਸਖੇ ਦਸੱਦਾ ਹੁੰਦਾ ਸੀ ਪਰ ਉਸ ਦਿਨ ਉਹ ਲੱਛੇ ਨੂੰ ਆਪਣੀ ਵੈਸ਼ਨੋ ਦੇਵੀ ਦੀ ਯਾਤਰਾ ਦਾ ਹਾਲ ਸੁਣਾਉਂਦਾ ਰਿਹਾ ਜਿਹੜੀ ਉਸ ਨੇ ਪੰਦਰਾ ਸਾਲ ਪਹਿਲਾਂ ਕੀਤੀ ਸੀ । ਲੱਛੇ ਨੂੰ ਭੇਜ ਕੇ ਉਹ ਗਲੀ ਵਿਚ ਆਇਆ ਤਾਂ ਮਲਬੇ ਕੋਲ ਲੋਕੂ ਪੰਡਿਤ ਦੀ ਮੱਝ ਖੜ੍ਹੀ ਦੇਖ ਕੇ ਉਹ ਉਹ ਰੋਜ਼ ਦੀ ਆਦਤ ਵਾਂਗ ਉਹਨੂੰ ਧੱਕੇ ਦੇ ਕੇ ਪਰ੍ਹੇ ਕਰਨ ਲੱਗਾ :"ਤੱਤ ……ਤਤ ……ਤੱਤ …..ਤੱਤ …ਹੱਤ"
ਮੱਝ ਨੂੰ ਪਰ੍ਹੇ ਕਰਕੇ ਆਰਾਮ ਕਰਨ ਲਈ ਉਹ ਮਲਬੇ ਦੀ ਚੁਗਾਠ ਕੋਲ ਆ ਕੇ ਬਹਿ ਗਿਆ । ਗਲੀ ਉਸ ਸਮੇਂ ਬਿਲਕੁਲ ਸੁੰਨਸਾਨ ਸੀ । ਕਮੇਟੀ ਦੀ ਕੋਈ ਬੱਤੀ ਨਾ ਹੋਣ ਕਰਕੇ ਉਥੇ ਸ਼ਾਮ ਪੈਂਦਿਆਂ ਹੀ ਹਨੇਰਾ ਹੋ ਜਾਂਦਾ ਸੀ । ਮਲਬੇ ਦੇ ਹੇਠਾਂ ਨਾਲੀ ਦਾ ਪਾਣੀ ਹਲਕੀ ਜਿਹੀ ਆਵਾਜ਼ ਕਰਦਾ ਵਗ ਰਿਹਾ ਸੀ । ਰਾਤ ਦੀ ਖਾਮੋਸ਼ੀ ਨਾਲ ਮਿਲੀਆਂ ਹੋਈਆਂ ਕਈ ਤਰ੍ਹਾਂ ਦੀਆਂ ਹੌਲੀਆਂ ਹੌਲੀਆਂ ਆਵਾਜ਼ਾਂ ਮਲਬੇ ਦੀ ਮਿੱਟੀ ਵਿਚੋਂ ਨਿਕਲ ਰਹੀਆਂ ਸਨ । …ਚਿਓਂ …ਚਿਓਂ …ਚਿਓਂ ….ਚਿਓਂ ….ਚਿਕ….ਚਿਕ ….ਚਿਕ …ਚਿਰਰ….. ਚਿਰਰ….ਰੀ…. ਰੀ ….ਚਿਰਰ । ਕੋਈ ਭੁੱਲਿਆ ਭਟਕਿਆ ਕਾਂ ਪਤਾ ਨਹੀਂ ਕਿਥੋਂ ਉਡ ਕੇ ਚੁਗਾਠ 'ਤੇ ਆ ਬੈਠਾ । ਉਹਨੇ ਲੱਕੜ ਦੇ ਰੇਸ਼ੇ ਏਧਰ ਉਧਰ ਖਿਲਾਰ ਦਿੱਤੇ । ਕਾਂ ਦੇ ਉਥੇ ਬੈਠਦਿਆਂ ਹੀ ਮਲਬੇ ਦੇ ਇਕ ਕੋਨੇ ਵਿਚ ਲੇਟਿਆ ਕੁੱਤਾ ਗੁੱਰਾਉਂਦਾ ਹੋਇਆ ਉਠਿਆ ਅਤੇ ਭੌਕਣ ਲੱਗਾ । ਬਊ…..ਬਊ …. ਬਊ …ਬਊ …। ਕਾਂ ਸਹਿਮਿਆ ਹੋਇਆ ਕੁਝ ਦੇਰ ਚੁਗਾਠ 'ਤੇ ਬੈਠਾ ਰਿਹਾ । ਫਿਰ ਖੰਭ ਫੜਫੜਾਉਂਦਾ ਖੂਹ ਵਾਲੇ ਪਿੱਪਲ ਤੇ ਜਾ ਬੈਠਾ । ਕਾਂ ਦੇ ਉੱਡ ਜਾਣ 'ਤੇ ਕੁੱਤਾ ਕੁਝ ਹੋਰ ਹੇਠਾਂ ਆਇਆ ਅਤੇ ਭਲਵਾਨ ਵੱਲ ਮੂੰਹ ਕਰ ਕੇ ਭੌਂਕਣ ਲੱਗਾ । ਭਲਵਾਨ ਉਹਨੂੰ ਹਟਾਉਣ ਲਈ ਉਚੀ ਆਵਾਜ਼ ਵਿਚ ਹਟ ….ਹਟ … ਹਟ … ਦੁਰ …ਦੁਰ …ਕਰਨ ਲੱਗਾ ।
ਪਰ ਕੁੱਤਾ ਹੋਰ ਨੇੜੇ ਆ ਕੇ ਹੋਰ ਤਿੱਖਾ ਭੌਂਕਣ ਲੱਗਾ ….ਬਊ …ਬਊ … ਬਊ ……
"ਹੱਟ ….ਹੱਟ, ….ਦੁਰ …ਰ.ਰ….ਰ …ਦੁਰ ….ਹਰ ।"
ਬਊ …..ਬਊ ….ਬਊ … ।
ਭਲਵਾਨ ਨੇ ਵੱਟਾ ਚੁੱਕ ਕੇ ਮਾਰਿਆ । ਕੁੱਤਾ ਥੋੜ੍ਹਾ ਜਿਹਾ ਪਿੱਛੇ ਹੱਟ ਗਿਆ ਪਰ ਭੌਂਕਣੋਂ ਨਾ ਹਟਿਆ । ਭਲਵਾਨ ਮੂੰਹ ਹੀ ਮੂੰਹ ਵਿਚ ਕੁੱਤੇ ਨੂੰ ਮਾਂ ਦੀ ਗਾਲ ਕੱਢ ਕੇ ਉਥੋਂ ਉਠ ਖੜ੍ਹਾ ਹੋਇਆ ਤੇ ਹੌਲੀ ਹੌਲੀ ਤੁਰਦਾ ਖੂਹ ਦੀ ਸਿਲ 'ਤੇ ਲੇਟਿਆ । ਭਲਵਾਨ ਦੇ ਉਥੋਂ ਜਾਂਦਿਆਂ ਹੀ ਕੁੱਤਾ ਗਲੀ ਵਿਚ ਆ ਗਿਆ ਤੇ ਖੂਹ ਵੱਲ ਮੂੰਹ ਕਰ ਕੇ ਭੌਂਕਣ ਲੱਗਾ । ਕਾਫੀ ਦੇਰ ਭੌਂਕਣ ਤੋਂ ਬਾਅਦ ਜਦੋਂ ਗਲੀ ਵਿਚ ਉਹਨੂੰ ਕੋਈ ਜਨਾ ਵੀ ਤੁਰਦਾ ਫਿਰਦਾ ਨਜ਼ਰ ਨਾ ਆਇਆ ਤਾਂ ਉਹ ਇਕ ਵਾਰ ਫਿਰ ਕੰਨ ਝਾੜ੍ਹ ਕੇ ਮਲਬੇ 'ਤੇ ਜਾ ਚੜ੍ਹਿਆ ਅਤੇ ਕੋਨੇ ਵਿਚ ਬਹਿ ਕੇ ਭੌਂਕਣ ਲੱਗਾ ।

  • ਮੁੱਖ ਪੰਨਾ : ਪੰਜਾਬੀ ਕਹਾਣੀਆਂ