Man Di Sundarta : Swedish Lok Kahani
ਮਨ ਦੀ ਸੁੰਦਰਤਾ : ਸਵੀਡਨ ਦੀ ਲੋਕ ਕਹਾਣੀ
ਸਵੀਡਨ ਦੇ ਟੋਪਾਜ ਪ੍ਰਾਂਤ ਵਿੱਚ ਇੱਕ ਲੜਕੀ ਆਪਣੇ ਮਾਪਿਆਂ ਨਾਲ ਰਹਿੰਦੀ ਸੀ। ਉਸ ਦਾ ਨਾਂ ਲੂਸੀ ਸੀ। ਆਪਣੇ ਮਾਤਾ-ਪਿਤਾ ਦੀ ਲਾਡਲੀ ਲੂਸੀ ਬੜੀ ਦਿਆਲੂ ਅਤੇ ਮਿਲਣਸਾਰ ਸੀ। ਉਸ ਨੂੰ ਇੱਕ ਹੀ ਦੁੱਖ ਸੀ ਕਿ ਉਹ ਸੁੰਦਰ ਨਹੀਂ ਸੀ।
ਇੱਕ ਦਿਨ ਦੀ ਗੱਲ ਹੈ ਕਿ ਲੂਸੀ ਬਾਜ਼ਾਰ ਜਾ ਰਹੀ ਸੀ। ਰਾਹ ਵਿੱਚ ਉਸ ਨੇ ਇੱਕ ਬੁੱਢੀ ਨੂੰ ਦੇਖਿਆ। ਉਹ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਤੇਜ਼ ਗੱਡੀਆਂ ਆਉਣ-ਜਾਣ ਕਾਰਨ ਉਹ ਸਫ਼ਲ ਨਹੀਂ ਹੋ ਰਹੀ ਸੀ। ਲੂਸੀ ਨੂੰ ਉਸ ’ਤੇ ਤਰਸ ਆ ਗਿਆ। ਉਸ ਨੇ ਬੁੱਢੀ ਦਾ ਹੱਥ ਫੜ ਕੇ ਸੜਕ ਪਾਰ ਕਰਵਾ ਦਿੱਤੀ। ਬੁੱਢੀ ਨੇ ਉਸ ਨੂੰ ਅਸੀਸਾਂ ਦਿੰਦੇ ਹੋਏ ਕਿਹਾ, ‘‘ਬੇਟੀ ਤੂੰ ਸੱਚਮੁੱਚ ਬਹੁਤ ਚੰਗੇ ਦਿਲ ਦੀ ਏਂ। ਮੈਂ ਚਾਹੁੰਦੀ ਹਾਂ ਕਿ ਤੇਰੀ ਸੂਰਤ ਵੀ ਤੇਰੇ ਮਨ ਜਿਹੀ ਹੀ ਹੋ ਜਾਏ…।’’
ਫਿਰ ਬੁੱਢੀ ਨੇ ਆਪਣੇ ਥੈਲੇ ’ਚੋਂ ਇੱਕ ਖੰਭ ਕੱਢਿਆ ਅਤੇ ਲੂਸੀ ਨੂੰ ਦਿੰਦਿਆਂ ਕਿਹਾ, ‘‘ਲੈ, ਜਦ ਤਕ ਇਸ ਨੂੰ ਆਪਣੇ ਕੋਲ ਰੱਖੇਂਗੀ, ਤੂੰ ਬੇਹੱਦ ਸੁੰਦਰ ਦਿਸੇਂਗੀ…।’’
ਸੱਚਮੁੱਚ, ਖੰਭ ਹੱਥ ਵਿੱਚ ਫੜਦਿਆਂ ਹੀ ਲੂਸੀ ਸੁੰਦਰ ਹੋ ਗਈ। ਉਹ ਬੁੱਢੀ ਪਤਾ ਨਹੀਂ ਕਿੱਥੇ ਗਾਇਬ ਹੋ ਗਈ। ਲੂਸੀ ਖ਼ੁਸ਼ੀ-ਖ਼ੁਸ਼ੀ ਆਪਣੇ ਘਰ ਵਾਪਸ ਆ ਗਈ। ਘਰ ਆ ਕੇ ਉਸ ਨੇ ਆਪਣੇ ਮਾਤਾ-ਪਿਤਾ ਨੂੰ ਸਾਰਾ ਕਿੱਸਾ ਆਖ ਸੁਣਾਇਆ। ਉਸ ਦੇ ਪਿਤਾ ਕਹਿਣ ਲੱਗੇ, ‘‘ਹੁਣ ਅਸੀਂ ਆਪਣੀ ਲਾਡਲੀ ਧੀ ਦੀ ਸ਼ਾਦੀ ਕਰਾਂਗੇ…।’’
ਲੂਸੀ ਦੇ ਪਿਤਾ ਨੇ ਉਸੇ ਦਿਨ ਤੋਂ ਉਸ ਲਈ ਢੁੱਕਵਾਂ ਵਰ ਲੱਭਣਾ ਸ਼ੁਰੂ ਕਰ ਦਿੱਤਾ। ਕਈ ਲੜਕੇ ਦੇਖੇ ਪਰ ਉਨ੍ਹਾਂ ’ਚੋਂ ਇੱਕ ਵੀ ਅਜਿਹਾ ਨਹੀਂ ਮਿਲਿਆ ਜੋ ਲੂਸੀ ਲਈ ਢੁੱਕਵਾਂ ਹੋਵੇ। ਆਖਰ ਇੱਕ ਬੇਹੱਦ ਸੁੰਦਰ ਲੜਕਾ ਉਨ੍ਹਾਂ ਨੂੰ ਲੂਸੀ ਲਈ ਪਸੰਦ ਆ ਗਿਆ। ਲੂਸੀ ਨੇ ਵੀ ਉਸ ਲੜਕੇ ਨੂੰ ਦੇਖਿਆ। ਉਸ ਨੇ ਟੋਪੀ ਪਹਿਨੀ ਹੋਈ ਸੀ। ਉਹ ਸੱਚਮੁੱਚ ਬੜਾ ਸੁੰਦਰ ਲੱਗ ਰਿਹਾ ਸੀ।
ਮਾਤਾ-ਪਿਤਾ ਦੀ ਹਾਜ਼ਰੀ ਵਿੱਚ ਉਸ ਲੜਕੇ ਨੇ ਲੂਸੀ ਨੂੰ ਮੰਗਣੀ ਦੀ ਅੰਗੂਠੀ ਪਹਿਨਾ ਦਿੱਤੀ। ਕੁਝ ਦਿਨਾਂ ਬਾਅਦ ਸ਼ਾਦੀ ਹੋਣੀ ਸੀ। ਲੂਸੀ ਖ਼ੁਸ਼ ਤਾਂ ਬਹੁਤ ਹੋਈ ਪਰ ਉਸ ਦੇ ਮਨ ਵਿੱਚ ਕੁਝ ਖਟਕ ਰਿਹਾ ਸੀ। ਇੱਕ ਦਿਨ ਉਸ ਦਾ ਮੰਗੇਤਰ ਲੜਕਾ ਮਿਲਣ ਆਇਆ ਤਾਂ ਲੂਸੀ ਨੇ ਕਿਹਾ, ‘‘ਸੁਣੋ ਮੈਂ ਤੁਹਾਨੂੰ ਕੁਝ ਕਹਿਣਾ ਚਾਹੁੰਦੀ ਹਾਂ…।’’
‘‘ਹਾਂ ਕਹੋ ਨਾ…’’ ਲੜਕੇ ਨੇ ਲਾਪ੍ਰਵਾਹੀ ਨਾਲ ਕਿਹਾ।
ਲੂਸੀ ਬੋਲੀ, ‘‘ਦੇਖੋ… ਮੈਂ ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਹੇਰਾ-ਫੇਰੀ ਨਹੀਂ ਕਰਨਾ ਚਾਹੁੰਦੀ। ਮੈਂ ਜਿਹੋ ਜਿਹੀ ਤੁਹਾਨੂੰ ਦਿਸ ਰਹੀ ਹਾਂ, ਉਹੋ ਜਿਹੀ ਮੈਂ ਨਹੀਂ ਹਾਂ। ਮੈਂ ਸੱਚਮੁੱਚ ਐਨੀ ਸੁੰਦਰ ਨਹੀਂ ਹਾਂ…।’’ ਫਿਰ ਉਸ ਨੇ ਬੁੱਢੀ ਅਤੇ ਖੰਭ ਵਾਲੀ ਗੱਲ ਉਸ ਨੂੰ ਸਹੀ-ਸਹੀ ਦੱਸ ਦਿੱਤੀ।
ਲੂਸੀ ਕਹਿਣ ਲੱਗੀ, ‘‘ਇਹ ਖੰਭ ਕਦੀ ਨਾ ਕਦੀ ਤਾਂ ਟੁੱਟੇਗਾ ਜਾਂ ਗੁਆਚੇਗਾ ਜ਼ਰੂਰ… ਤਦ ਮੈਂ ਉਹੋ ਜਿਹੀ ਹੀ ਹੋ ਜਾਵਾਂਗੀ, ਜਿਹੋ ਜਿਹੀ ਪਹਿਲਾਂ ਸੀ।’’
ਲੜਕਾ ਹੈਰਾਨੀ ਨਾਲ ਲੂਸੀ ਨੂੰ ਤੱਕਣ ਲੱਗਾ। ਫਿਰ ਬੋਲਿਆ, ‘‘ਮੈਂ ਵੀ ਤੁਹਾਨੂੰ ਕਿਸੇ ਧੋਖੇ ਵਿੱਚ ਨਹੀਂ ਰੱਖਣਾ ਚਾਹੁੰਦਾ। ਸੱਚ ਤਾਂ ਇਹ ਹੈ ਕਿ ਮੈਂ ਵੀ ਜਿਹੋ ਜਿਹਾ ਸੁੰਦਰ ਦਿਸਦਾ ਹਾਂ, ਉਹੋ ਜਿਹਾ ਨਹੀਂ ਹਾਂ। ਜਿਵੇਂ ਤੁਸੀਂ ਖੰਭ ਕਾਰਨ ਖ਼ੂਬਸੂਰਤ ਹੋ, ਉਵੇਂ ਹੀ ਮੈਂ ਇਸ ਟੋਪੀ ਕਾਰਨ ਸੁੰਦਰ ਹਾਂ। ਮੈਨੂੰ ਵੀ ਉਸੇ ਬੁੱਢੀ ਨੇ ਉਸ ਦੀ ਮਦਦ ਕਰਨ ’ਤੇ ਇਹ ਟੋਪੀ ਦਿੱਤੀ ਸੀ। ਉਹ ਮੇਰੇ ਦਿਆਲੂ ਸੁਭਾਅ ਕਾਰਨ ਖ਼ੁਸ਼ ਹੋ ਗਈ ਸੀ। ਹੁਣ ਅਸੀਂ ਦੋਵੇਂ ਇੱਕੋ ਜਿਹੇ ਹੀ ਹਾਂ। ਖੰਭ ਅਤੇ ਟੋਪੀ ਹੈ ਤਾਂ ਅਸੀਂ ਸੁੰਦਰ ਲੱਗਾਂਗੇ, ਨਹੀਂ ਤਾਂ ਵਾਪਸ ਪਹਿਲਾਂ ਦੀ ਤਰ੍ਹਾਂ ਬਦਸੂਰਤ ਹੋ ਜਾਵਾਂਗੇ। ਉਂਜ ਵੀ ਅਸਲੀ ਸੁੰਦਰਤਾ ਤਾਂ ਮਨ ਦੀ ਹੁੰਦੀ ਹੈ। ਮੈਂ ਤਾਂ ਤੇਰੇ ਨਾਲ ਹੀ ਸ਼ਾਦੀ ਕਰਾਂਗਾ।’’
ਲੂਸੀ ਕਹਿਣ ਲੱਗੀ, ‘‘ਅਸੀਂ ਦੋਵਾਂ ਨੇ ਹੀ ਨਕਲੀ ਸੁੰਦਰਤਾ ਦਾ ਕਵਚ ਪਾ ਰੱਖਿਆ ਹੈ। ਕਿਉਂ ਨਾ ਅਸੀਂ ਇਸ ਕਵਚ ਨੂੰ ਸਦਾ ਲਈ ਲਾਹ ਸੁੱਟੀਏ?’’ ਲੜਕੇ ਨੇ ਕਿਹਾ, ‘‘ਮੈਨੂੰ ਮਨਜ਼ੂਰ ਹੈ। ਅੱਜ ਨਹੀਂ ਤਾਂ ਕੱਲ੍ਹ ਖੰਭ ਅਤੇ ਟੋਪੀ ਜਾਂ ਤਾਂ ਗੁਆਚ ਸਕਦੇ ਹਨ ਜਾਂ ਪਾਟ ਸਕਦੇ ਹਨ… ਚਲੋ ਅੱਜ ਹੀ ਇਨ੍ਹਾਂ ਦੋਵਾਂ ਨੂੰ ਹੁਣੇ ਹੀ ਨਦੀ ਵਿੱਚ ਸੁੱਟ ਆਈਏ।’’
ਦੋਵੇਂ ਉਸੇ ਸਮੇਂ ਨਦੀ ਕੰਢੇ ਗਏ ਅਤੇ ਖੰਭ ਤੇ ਟੋਪੀ ਨੂੰ ਨਦੀ ਵਿੱਚ ਸੁੱਟ ਆਏ। ਦੋਵਾਂ ਦੇ ਮਾਤਾ-ਪਿਤਾ ਅਤੇ ਪਿੰਡ ਦੇ ਲੋਕ ਉਨ੍ਹਾਂ ਨੂੰ ਦੇਖ ਕੇ ਹੈਰਾਨੀ ਪ੍ਰਗਟ ਕਰਨ ਲੱਗੇ। ਤਦ ਦੋਵਾਂ ਨੇ ਸਾਰੀ ਗੱਲ ਵਿਸਥਾਰ ਨਾਲ ਦੱਸ ਦਿੱਤੀ। ਸਾਰਿਆਂ ਨੇ ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤੀ ਜਤਾਈ ਅਤੇ ਬੇਹੱਦ ਸ਼ਲਾਘਾ ਕੀਤੀ। ਦੋਵਾਂ ਦਾ ਵਿਆਹ ਬੜਾ ਗੱਜ-ਵੱਜ ਕੇ ਹੋਇਆ ਅਤੇ ਉਹ ਸੁਖੀ ਜੀਵਨ ਬਤੀਤ ਕਰਨ ਲੱਗੇ।
-(ਨਿਰਮਲ ਪ੍ਰੇਮੀ)