ਮੌਤ ਦੀ ਉਡੀਕ ਵਿੱਚ (ਕਹਾਣੀ) : ਬਲੀਜੀਤ

ਕੱਲ੍ਹ ਐਤਵਾਰ ਨੂੰ ਹਫ਼ਤਾ ਹੋ ਜਾਣਾ ਮਾਂ ਨੂੰ ਗੁੰਮ ਸੁੰਮ ਪਿਆਂ... ਦੁਕਾਨ ਦੀ ਉੱਪਰਲੀ ਪਹਿਲੀ ਮੰਜ਼ਲ ਉੱਤੇ । ਆਖ਼ਰੀ ਸਾਹਾਂ 'ਤੇ ਪਹੁੰਚੀ ਬਿਰਧ ਮਾਂ ਡੇਢ ਮਹੀਨਾ ਪਹਿਲਾਂ ਮਸਾਂ ਉੱਪਰ ਚੜ੍ਹਾਈ ਸੀ । ਹੋਮਿਓਪੈਥੀ ਦੇ ਡਾਕਟਰ ਸਿੰਗਲਾ ਜੀ ਦਾ ਧਿਆਨ ਕਦੇ ਜੋਤਸ਼ੀਆਂ ਵੱਲ ਜਾਂਦਾ, ਕਦੇ ਵੱਡੇ ਹਸਪਤਾਲਾਂ ਵੱਲ... ਪਰ ਸਭ ਤੋਂ ਵੱਡੀ ਪ੍ਰੇਸ਼ਾਨੀ ਉਸ ਨੂੰ ਇਹ ਸੀ ਕਿ ਜੇ ਮਾਂ ਦੁਕਾਨ ਦੀ ਪਹਿਲੀ ਮੰਜ਼ਲ ਉੱਤੇ ਸੁਆਸ ਛੱਡ ਗਈ ਤਾਂ ਉਹ ਮਾਂ ਨੂੰ ਐਨੀਆਂ ਤੰਗ ਪੌੜੀਆਂ ਰਾਹੀਂ ਹੇਠਾਂ ਧਰਤੀ 'ਤੇ ਕਿਵੇਂ ਉਤਾਰੇਗਾ । ਐਡੀ ਭਾਰੀ ਲੋਥ ਜੇ ਔਖੇ ਸੌਖੇ ਪੌੜੀਆਂ ਉਤਰ ਵੀ ਗਈ ਤਾਂ ਉਹ ਉਸ ਨੂੰ ਸ਼ਰੇਆਮ ਬਜ਼ਾਰ ਵਿੱਚ ਸੜਕ ਉੱਤੇ ਕਿੱਥੇ ਰੱਖੇਗਾ । ਬਰਾਦਰੀ ਵਿੱਚ ਉਸ ਦੀ ਕੀ ਇੱਜ਼ਤ ਰਹਿ ਜਾਏਗੀ...ਅਜੇ ਉਸਨੇ ਆਪਣੇ ਮੁੰਡਾ ਕੁੜੀ ਵਿਆਹੁਣੇ ਨੇ... ਮਾਂ ਦੀ ਅਜਿਹੀ ਅੰਤਿਮ ਵਿਦਾਇਗੀ ਦਾ ਮੰਜ਼ਰ ਸਿੰਗਲੇ ਦੇ ਹੋਸ਼ ਉੜਾ ਰਿਹਾ ਸੀ । ਉਸ ਕੋਲ ਆਪਣਾ ਮਕਾਨ ਵੀ ਨਹੀਂ ਸੀ ਜਿੱਥੋਂ ਉਹ ਲੋਕਾਂ ਦਾ ਇਕੱਠ ਕਰਕੇ ਮਜਲ ਵਿੱਚ ਆਪਣੀ ਮਾਂ ਨੂੰ ... ਮਾਂ ਵਾਂਗ ਲੈ ਕੇ ਤੁਰਦਾ । ਉਸ ਨੇ ਬਿਰਧ ਮਾਤਾ ਨੂੰ ਸਮਝਾਉਂਦਿਆਂ ਕਿਹਾ ਸੀ:

"ਮਾਂ ਜੇ ਤੈਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾ ਦਈਏ ਤਾਂ... ਉੱਥੇ ਸਭ ਸਹੂਲਤਾਂ ਹੈਗੀਆਂ ਨੇ... ਮੈਨੂੰ ਜਾਣਦੇ ਨੇ ਕਈ ਡਾਕਟਰ... ਸੀਨੀਅਰ ਫ਼ਿਜੀਸ਼ੀਅਨ ਸੁਖਵੀਰ..."

ਪਰ ਮਾਂ ਨੇ ਟੋਕ ਦਿੱਤਾ, "ਬੇਟਾ, ਉੱਥੇ ਕਿਤੇ ਤੇਰੇ ਤੋਂ ਵੀ ਵੱਡੇ ਡਾਕਟਰ ਨੇ । ਸਾਰੀ ਉਮਰ ਮੈਂ ਤਾਂ ਤੇਰੇ ਪਿਤਾ ਜੀ... ਯਾ ਤੇਰੇ ਹੱਥ ਦੀ ਦੁਆਈ ਖਾਧੀ ਐ । ਮੈਂ ਨੀਂ ਹਸਪਤਾਲ 'ਚ ਮਰਨਾ । ਹੇ ਭਗਵਨ... ਦੇਹ ਮੁਕਤੀ ਹੁਣ ਤਾਂ ।"

ਡਾਕਟਰ ਤੇ ਉਸਦੀ ਘਰਵਾਲੀ ਜੋਤਸ਼ੀਆਂ ਦੇ ਵੀ ਗੇੜੇ ਮਾਰਦੇ... ਮਾਂ ਦੀ ਮੁਕਤੀ ਦਾ ਉਪਾਅ ਪੁੱਛਦੇ । ਸਾਰੇ ਜੋਤਸ਼ੀ ਮਾਂ ਦੇ ਵਜ਼ਨ ਦੇ ਬਰਾਬਰ ਵੱਖਰੇ ਵੱਖਰੇ ਅਨਾਜ ਦਾਨ ਕਰਨ ਨੂੰ ਕਹੀ ਜਾਂਦੇ... ਤੇ... ਜਦੋਂ ਤਿੰਨ ਵਾਰ ਤੁਲਾਦਾਨ ਕਰਨ ਦੇ ਬਾਵਜੂਦ ਵੀ ਬਿਰਧ ਮਾਤਾ ਦੀ ਦੇਹ ਦਾ ਢੇਰ ਮੰਜੇ 'ਤੇ ਪਿਆ ਅੱਖਾਂ ਝਪਕੀ ਗਿਆ ਤਾਂ ਉਸਨੇ ਦਿਲ ਕਰੜਾ ਕਰਕੇ ਕਈ ਦਿਨਾਂ ਦੀ ਮੂੰਹ ਵਿੱਚ ਦੱਬੀ ਗੱਲ ਕਹਿ ਦਿੱਤੀ: ''ਮਾਂ ਹੁਣ ਤੂੰ ...'' ਡਾਕਟਰ ਨੇ ਅੱਖਾਂ ਵਿਚਲੇ ਗਿੱਲੇ ਹੰਝੂ ਡੇਲਿਆਂ ਦੇ ਪਿੱਛਲੇ ਹਿੱਸੇ 'ਚ ਲੁਕੋ ਕੇ ਸਿਰ ਨੀਵਾਂ ਕਰ ਲਿਆ... ਹੋਰ ਕੀ ਕਰ ਸਕਦਾ ਸੀ ਉਹ... ਮਾਂ ਦੀ ਕਾਇਆ ਦਾ ਹੇਠਲਾ ਹਿੱਸਾ ਠੰਢਾ... ਮਰ ਚੁੱਕਾ ਸੀ ।

ਹੇਠਾਂ ਡਿਸਪੈਂਸਰੀ ਵਿੱਚ ਮਰੀਜ਼ਾਂ ਨੂੰ ਹੋਮਿਓਪੈਥੀ ਦੀਆਂ ਪੁੜੀਆਂ, ਸ਼ੀਸ਼ੀਆਂ ਦਿੰਦਾ ਸਿੰਗਲਾ ਉੱਤੋਂ ਮਾਂ ਦਾ ਕੋਈ ਸੁਨੇਹਾ ਉਡੀਕੀ ਜਾਂਦਾ ... ਪਰ...

***

ਸ਼ਹਿਰ ਦੀ ਪੁਰਾਣੀ ਦਾਣਾ ਮੰਡੀ ਵਿੱਚ ਸਦਰ ਥਾਣੇ ਦੇ ਮੂਹਰਿਓਂ ਲੰਘਕੇ ਮੇਨ ਬਜ਼ਾਰ ਸ਼ੁਰੂ ਹੁੰਦੇ ਹੀ ਸਿੰਗਲਾ ਜੀ ਦੀ ਹੋਮਿਓਪੈਥੀ ਦੀ ਬਹੁਤ ਹੀ ਤੰਗ ਜਹੀ, ਪਿੱਛੇ ਨੂੰ ਖਾਸੀ ਲੰਬੀ, ਪੀਪਣੀ ਜਹੀ ਦੁਕਾਨ ਸੀ । ਦੁਕਾਨ ਦੇ ਸ੍ਹਾਮਣੇ ਪੰਦਰਾਂ ਕੁ ਫੁੱਟ ਦੀ ਦੂਰੀ ਉੱਤੇ ਸੌ ਸਾਲ ਤੋਂ ਵੀ ਵੱਧ ਪੁਰਾਣੇ ਵੱਡੇ ਬਰੋਟੇ ਨੇ ਬਜ਼ਾਰ ਦੇ ਇਸ ਹਿੱਸੇ ਨੂੰ ਕਾਲੇ ਹਨੇਰੇ ਨਾਲ ਭਰ ਦਿੱਤਾ ਸੀ । ਤਾਂ ਵੀ ਦੁਕਾਨ ਵਿੱਚ ਪੁਰਾਣਾ ਮਿਊਂਸਪਲ ਕਮੇਟੀ ਦਾ ਸੰਨ ਉਂਨੀ ਸੌ ਵੀਹ ਦਾ ਬਿਜਲੀ ਦਾ ਮੀਟਰ ਲੱਗਿਆ ਹੋਇਆ ਸੀ... ਪਤਾ ਨਹੀਂ ਮੀਟਰ ਕਿਹੜੇ ਮੁਲਖ, ਕਿਹੜੀ ਕੰਪਨੀ ਦਾ ਵਿਦੇਸ਼ਾਂ ਵਿੱਚ ਬਣਿਆ ਫਬਿਆ ਅੰਗਰੇਜ਼ਾਂ ਨੇ ਕਿੰਨਾ ਮਹਿੰਗਾ ਖਰੀਦ ਕੇ ਲਿਆਂਦਾ ਜਿਹੜਾ ਹੁਣ ਤੱਕ ਵੀ ਚੱਲੀ ਜਾ ਰਿਹਾ ਸੀ, ਦੁਆਈਆਂ ਨੂੰ ਰੌਸ਼ਨ ਕਰੀ ਜਾ ਰਿਹਾ ਸੀ... ਜਿਸ ਉੱਤੇ ਮਿਉਂਸਿਪਲ ਕਮੇਟੀ ਦਾ ਨਾਂਓ ਛਪਿਆ ਸੀ...ਅੰਗਰੇਜ਼ੀ ਵਿੱਚ । ਇਸ ਸ਼ਹਿਰ ਨੂੰ ਉਹਨਾਂ ਸਮਿਆਂ ਵਿੱਚ ਤਿੰਨ ਘੰਟੇ ਸ਼ਾਮ ਨੂੰ ਛੇ ਤੋਂ ਨੌਂ ਵਜੇ ਤੱਕ ਡੀਜਲ ਦੇ ਇੰਜਣ ਉੱਤੇ ਜਨਰੇਟਰ ਚਲਾ ਕੇ ਬਿਜਲੀ ਦੀ ਸਪਲਾਈ ਦਿੱਤੀ ਜਾਂਦੀ ਸੀ । ਦੁਕਾਨ ਤੋਂ ਇਕ ਫ਼ਰਲਾਂਗ ਦੀ ਦੂਰੀ 'ਤੇ ਪਿਛਲੇ ਪਾਸੇ ਗਲੀ ਵਿੱਚ ਪੁਰਾਣਾ ਜ਼ੱਦੀ ਮਕਾਨ ਸੀ । ਦੁਕਾਨ ਤੇ ਮਕਾਨ ਵਿੱਚ ਤਾਰਾਂ ਜੋੜ ਕੇ ਸਾਂਝਾ ਟੈਲੀਫ਼ੂਨ ਰੱਖਿਆ ਹੋਇਆ ਸੀ ।

ਛੋਟੀ ਜਹੀ... ਪਰ ਉੱਚੀ ਦੁਕਾਨ ਦੀਆਂ ਤਿੰਨ ਮੰਜ਼ਲਾਂ ਸਨ । ਪਹਿਲੀ ਮੰਜ਼ਲ ਦੇ ਵਾਧਰੇ ਉੱਤੋਂ ਬਜ਼ਾਰ ਵਿੱਚ ਨੂੰ ਬੋਰਡ ਲਟਕਦਾ ਦਿਸਦਾ ਜਿਸ ਉੱਤੇ ਪਿਛਲੇ ਸਮਿਆਂ ਦਾ ਮੋਟੇ ਅੱਖਰਾਂ 'ਚ ਲਿਖਿਆ ਹੋਇਆ ਸੀ:

'ਸਿੰਗਲਾ ਹੋਮਿਓ ਹਾਲ'

ਦੁਕਾਨ ਦੇ ਸਾਹਮਣੇ ਕੰਕਰੀਟ ਦੀ ਖੁੱਲੀ ਸੜਕ ਸਦਰ ਥਾਣੇ ਨੂੰ ਜਾਂਦੀ ਸੀ, ਜਿਸ ਦੇ ਖੱਬੇ ਪਾਸੇ ਮਹਾਤਮਾ ਗਾਂਧੀ ਦਾ ਬੁੱਤ...ਚਿੱਟਾ ਸੰਗਮਰਮਰੀ ਚਿਹਰਾ ਮੁਸਕਰਾ ਰਿਹਾ ਹੁੰਦਾ । ਬਜ਼ਾਰ 'ਚੋਂ ਤਿੰਨ ਪੌਡੇ ਚੜ੍ਹਕੇ ਮੇਜ਼ ਦੇ ਪਿੱਛੇ ਕੁਰਸੀ ਉੱਤੇ ਸਥਾਪਤ ਹੋਇਆ ਪੱਕੇ ਰੰਗ ਦਾ ਡਾਕਟਰ ਸਿੰਗਲਾ ਦਿਸਦਾ । ਪਿੱਠ ਪਿੱਛੇ ਪਲਾਈਵੁੱਡ ਦੀ ਪਾਰਟੀਸ਼ਨ ਵਿਚਲੇ ਛੋਟੇ ਜਹੇ ਦਰਵਾਜੇ ਉੱਤੇ 'ਡਾਕਟਰ ਇਜ ਇਨ ਬੀ ਸੀਟਡ' ਤਖ਼ਤੀ ਟੰਗੀ ਤੇ... ਦਰਵਾਜ਼ੇ ਵਿੱਚ ਨੇਮ ਪਲੇਟ ਠੋਕੀ ਹੋਈ:

ਡਾਕਟਰ ਨਰੇਸ਼ ਕੁਮਾਰ ਸਿੰਗਲਾ

ਬੀ ਐੱਚ ਐੱਮ ਐੱਸ, ਕਲਕੱਤਾ

ਇਹ ਪੁਰਾਣੀ... ਅੰਗਰੇਜ਼ਾਂ ਦੇ ਜਮਾਨੇ ਦੀ ਦੁਕਾਨ... ਜੀਹਨੂੰ ਦੇਖਕੇ ਮਹਾਤਮਾ ਗਾਂਧੀ ਦਾ ਬੁੱਤ ਮੁਸਕਰਾ ਰਿਹਾ ਸੀ... ਉਂਨੀਵੀਂ ਸਦੀ ਦੇ ਅਖ਼ੀਰਲੇ ਦਹਾਕੇ ਤੋਂ ਸਿੰਗਲੇ ਦੇ ਦਾਦੇ ਨੇ ਚਲਾਈ ਸੀ... ਸਿੰਗਲੇ ਦਾ ਬਾਪ ਵੀ ਹੋਮਿਓਪੈਥੀ ਦਾ ਡਾਕਟਰ ਸੀ । ਨਰੇਸ਼ ਸਿੰਗਲਾ ਕਾਫ਼ੀ ਸਿਆਣਾ ਕੁਆਲੀਫਾਈਡ ਡਾਕਟਰ ਸੀ । ਉਸਨੇ ਹੋਮਿਓਪੈਥੀ ਦੀ ਡਿਗਰੀ ਕਲਕੱਤੇ ਤੋਂ ਪੜ੍ਹਾਈ ਕਰ ਕੇ ਲਈ ਸੀ । ਡਿਗਰੀ ਲੈ ਕੇ ਸਿੰਗਲਾ ਜੀ ਖ਼ਾਨਦਾਨੀ ਦੁਕਾਨ 'ਤੇ ਬਹਿਕੇ ਆਪਣੇ ਬਾਪ ਨੂੰ ਮਰੀਜ਼ਾਂ ਦੀ ਮਰਜ਼ਾਂ ਸਮਝਦੇ, ਖੁਰਾਕਾਂ ਦਿੰਦੇ ਦੇਖਦਾ । ਬਾਪ ਦੀਆਂ ਬੋਲੀਆਂ ਦੁਆਈਆਂ ਸੁਣਕੇ ਪਾਰਟੀਸ਼ਨ ਦੇ ਪਿੱਛੇ ਖੜੇ ਹੋ ਕੇ ਪੁੜੀਆਂ, ਸ਼ੀਸ਼ੀਆਂ ਤਿਆਰ ਕਰਦਾ । ਨਾਲ ਦੀ ਨਾਲ ਆਪ ਵੀ ਮਰੀਜ਼ਾਂ ਨੂੰ ਮਿੱਠੀਆਂ ਪੁੜੀਆਂ ਬਣਾਕੇ ਦੇਣ ਲੱਗਿਆ । ਉਸ ਕੋਲ ਸ਼ਹਿਰ ਵਿੱਚ ਹੋਮਿਓਪੈਥੀ ਦੀਆਂ ਦੁਆਈਆਂ ਦਾ ਸਭ ਤੋਂ ਵੱਡਾ ਭੰਡਾਰ ਸੀ । ਉਸ ਕੋਲ ਕੇਵਲ...ਤੇ ਕੇਵਲ ਹੋਮਿਓਪੈਥੀ ਦੀਆਂ ਦੁਆਈਆਂ ਹੀ ਹੁੰਦੀਆਂ... ਐਲੋਪੈਥੀ ਦੀ ਕੇਵਲ ਡੈਟੌਲ ਹੁੰਦੀ । ਹੋਰ ਡਾਕਟਰਾਂ ਵਾਂਗ ਉਹ ਹੋਮਿਓਪੈਥੀ ਦਾ ਬੋਰਡ ਲਗਾ ਕੇ ਅੰਗਰੇਜ਼ੀ ਦੁਆਈਆਂ ਨਹੀਂ ਸੀ ਵਰਤਦਾ । ਛੋਟੇ ਮੋਟੇ ਕਸਬਿਆਂ ਵਿੱਚ ਫਜਿਕਸ, ਕਮਿਸਟਰੀ ਦੇ ਰੀਟਾਇਰ ਹੋਏ ਪ੍ਰੋਫ਼ੈਸਰ ਜਾਂ ਹੋਰ 'ਡਾਕਟਰ' ਕਹਾਉਣ ਵਾਲੇ ਹੋਮਿਓਪੈਥੀ ਦੀ ਸ਼ੌਕੀਆ ਪ੍ਰੈਕਟਿਸ ਕਰਨ ਵਾਲੇ ਉਸ ਤੋਂ ਹਰ ਸ਼ਨੀਵਾਰ ਨੂੰ ਦੁਆਈਆਂ, ਟਿੰਕਚਰ... ਹੋਰ ਸਮਾਨ ਖਰੀਦ ਕੇ ਘਰੇ ਆਪਣੇ ਮਰੀਜ਼ਾਂ ਉੱਤੇ ਹੱਥ ਅਜਮਾਈ ਕਰਦੇ । ਸ਼ਨੀਵਾਰ ਨੂੰ

ਅਜਿਹੇ ਦਵਾਫਰੋਸ਼ਾਂ ਨਾਲ ਦੁਕਾਨ ਉੱਤੇ ਗਹਿਮਾ ਗਹਿਮੀ ਪਈ ਹੁੰਦੀ । ਉਹ ਮਰੀਜ਼ਾਂ ਨੂੰ ਹੋਰ ਡਾਕਟਰਾਂ ਦੀਆਂ ਪਰਚੀਆਂ ਉੱਤੇ ਲਿਖੀਆਂ ਦੁਆਈਆਂ ਕਿਸੇ ਕੈਮਿਸਟ ਵਾਂਗ ਵੇਚੀ ਜਾਂਦਾ...

***

ਸਿੰਗਲੇ ਦਾ ਬਾਪ ਹਰ ਸਾਲ ਹਿਮਾਚਲ ਦੀਆਂ ਪਹਾੜੀਆਂ ਵਿੱਚ ਛੁਪੇ ਪਿੰਡਾਂ ਵਿੱਚ ਜੂਨ ਦਾ ਪੂਰਾ ਮਹੀਨਾ ਘੁੰਮਦਾ... ਮੰਦਰਾਂ ਵਿੱਚ ਕੈਂਪ ਲਗਾ ਕੇ ਮਰੀਜ਼ਾਂ ਦਾ ਮੁਫ਼ਤ ਇਲਾਜ ਕਰਦਾ... ਹੋਮਿਓਪੈਥੀ ਇਲਾਜ ਵਿਧੀ ਦਾ ਰੱਜ ਕੇ ਪ੍ਰਚਾਰ ਕਰਦਾ । ਹੋਮਿਓਪੈਥੀ ਦੀਆਂ ਚਿੱਟੀਆਂ ਮਿੱਠੀਆਂ ਗੋਲੀਆਂ ਵੰਡਦਾ... ਤਾਂ ਪਿੱਛੋਂ ਨਰੇਸ਼ ਹੀ ਮਰੀਜ਼ ਦੇਖਦਾ । ਪੁਰਾਣੀ ਦੁਕਾਨ ਬਾਪ ਦੇ ਨਾਂ... ਅਸਰ ਰਸੂਖ਼ ਕਰਕੇ ਚੰਗੀ ਚੱਲੀ ਜਾਂਦੀ । ਘਰ ਦਾ ਦਾਰੋਮਦਾਰ ਚੱਲੀ ਜਾਂਦਾ । ਵੱਡੀਆਂ ਦੋਵੇਂ ਭੈਣਾਂ ਚੋਖਾ ਨਾਮਾ ਖਰਚ ਕੇ ਚੰਗੇ ਖਾਂਦੇਂ ਪੀਂਦੇ ਘਰਾਂ 'ਚ ਵਿਆਹ ਦਿੱਤੀਆਂ । ਸਿੰਗਲਾ ਜੀ ਦਾ ਵਿਆਹ ਵੀ ਹੋ ਗਿਆ । ਛੋਟੇ ਭਾਈ ਤਿਲਕ ਰਾਜ ਨੇ ਬੀ.ਏ. ਪਾਸ ਕਰਕੇ ਲਾਇਬਰੇਰੀਅਨ ਦਾ ਕੋਰਸ ਤਾਂ ਕੀਤਾ ਸੀ ਪਰ ਅਜੇ ਕੋਈ ਪੱਕੀ ਸਰਕਾਰੀ ਨੌਕਰੀ ਨਹੀਂ ਸੀ ਮਿਲੀ । ਬਾਪ ਇੱਕ ਵਾਰ ਕੁੱਲੂ ਦੀਆਂ ਵਾਦੀਆਂ ਤੋਂ ਮੁੜਿਆ... ਤਾਂ ਮੰਜਾ ਫੜ ਲਿਆ । ਮੰਜਾ ਨੀਂ ਛੁੱਟਿਆ । ਸਰਕਾਰੀ ਹਸਪਤਾਲ 'ਚ ਦਾਖ਼ਲ ਕਰਾ ਦਿੱਤਾ । ਬਰੇਨ ਟਿਊਮਰ ਸੀ । ਸਿਰ ਦਾ ਓਪਰੇਸ਼ਨ ਹੋਣ ਤੋਂ ਪਹਿਲਾਂ ਸਭ ਦੇ ਸਾਹਮਣੇ ਤਹਿਸੀਲ 'ਚੋਂ ਵਸੀਕਾ ਨਵੀਸ ਬੁਲਾਕੇ ਆਪਣੀ ਵਸੀਅਤ ਹਿੰਦੀ 'ਚ ਲਿਖਵਾ ਦਿੱਤੀ । ਓਪਰੇਸ਼ਨ ਤੋਂ ਬਾਅਦ ਬਾਪ ਨੂੰ ਦੋ ਕੁ ਦਿਨ ਹੀ ਹਸਪਤਾਲ ਦਾ ਮੰਜਾ ਮਿਲਿਆ । ਫੇਰ ਡਾਕਟਰਾਂ ਨੇ, ਜਿਵੇਂ ਮਰੀਜ਼ ਨੂੰ ਆਖ਼ਰੀ ਨਾਂਹ ਕਰਨੀ ਹੁੰਦੀ, ਕਹਿ ਦਿੱਤਾ:

''ਘਰ ਲਿਜਾ ਕੇ ਅਰਾਮ ਨਾਲ ਸੇਵਾ ਕਰੋ ।'' ... ਜਿਸ ਦਾ ਮਤਲਬ ਦੋ ਚਾਰ ਹਫ਼ਤਿਆਂ ਵਿੱਚ ਖੇਲ ਖਤਮ ਹੋਣਾ ਹੁੰਦਾ ।

ਕਿਸੇ ਨੂੰ ਵਸੀਅਤ ਦੇ ਸ਼ਬਦਾਂ, ਅਰਥਾਂ 'ਤੇ ਕੋਈ ਇਤਰਾਜ਼ ਨਹੀਂ ਸੀ:

'... ਜਿੰਦਗੀ ਕਾ ਕਿਆ ਭਰੋਸਾ... ਪਤਾ ਨਹੀਂ ਕਬ ਦਮ ਨਿਕਲ ਜਾਏ... ਅਚੱਲ ਜਾਇਦਾਦ ਮੇਂ ਮੇਰੇ ਨਾਮ ਊਂਚੇ ਮੁਹੱਲੇ ਮੇਂ ਜੱਦੀ ਮਕਾਨ ਨੰਬਰ 1688/ ਸੀ ਵਾਰਡ ਨੰਬਰ 11 ਮੇਂ ਸਥਿਤ ਹੈ । ਔਰ ਪੁਰਾਨੀ ਦਾਨਾ ਮੰਡੀ ਕੇ ਪਾਸ ਦੁਕਾਨ ਨੰਬਰ 105/ ਐਮ ਸੀ ਹੋਮਿਓਪੈਥੀ ਕੀ ਦੁਕਾਨ ਹੈ । ਪੂਰੇ ਹੋਸ਼ੋ-ਹਵਾਸ ਮੇਂ ਵਸੀਅਤ ਲਿਖ ਰਹਾ ਹੂੰ... ਕਿ ਮੇਰੀ ਦੋ ਬੜੀ ਬੇਟੀਆਂ ਹੈਾ, ਉਂਨ ਸੇ ਛੋਟੇ ਦੋ ਬੇਟੇ ਹੈਾ... ਬੇਟੀਓਂ ਕੀ ਸ਼ਾਦੀਆਂ ਕਰ ਦੀ ਹੈਾ । ਉਨ ਕੋ ਦਾਜ ਮੇਂ ਉਨ ਕੇ ਹਿੱਸੇ ਕਾ ਪੈਸਾ ਨਗਦ ਦੇ ਦਿਆ ਥਾ । ਅਬ ਉਂਨ ਕਾ ਮੇਰੀ ਕਿਸੇ ਕਿਸਮ ਕੀ ਚੱਲ ਯਾ ਅਚੱਲ ਜਾਇਦਾਦ ਸੇ ਕੋਈ ਲੇਨਾ ਦੇਨਾ ਨਾ ਹੋਗਾ... ਦੁਕਾਨ ਅਪਨੀ ਰੂਹ ਸੇ ਬੜੇ ਸ਼ਾਦੀ ਸ਼ੁਦਾ ਬੇਟੇ ਡਾਕਟਰ ਨਰੇਸ਼ ਕੁਮਾਰ ਕੇ ਨਾਮ ਕਰ ਰਹਾ ਹੂੰ... ਮਕਾਨ ਛੋਟੇ ਬੇਟੇ ਤਿਲਕ ਰਾਜ ਕੇ ਨਾਮ... ਬਾਕੀ ਜੋ ਚੱਲ ਜਾਇਦਾਦ ਸੋਨਾ ਚਾਂਦੀ ਜੋ ਮੇਰੀ ਸੁਪਤਨੀ ਕੁਸਮਵਤੀ ਜੋ ਅਭੀ ਜਿੰਦਾ ਹੈ ਕੇ ਪਾਸ ਹੈ ਉਸੀ ਕੇ ਪਾਸ ਰਹੇਗਾ । ਬੈਂਕੋਂ ਸਮੇਤ ਐੱਫ ਡੀ ਵਾ ਡਾਕਖ਼ਾਨਾ ਕੇ ਖਾਤੋਂ ਕਾ ਵਾਰਿਸ ਉਕਤ ਨਰੇਸ਼ ਕੁਮਾਰ ਹੀ ਹੋਗਾ । ਨਰੇਸ਼ ਕੁਮਾਰ ਮੇਰੇ ਛੋਟੇ ਬੇਟੇ ਤਿਲਕ ਰਾਜ ਕੀ ਸ਼ਾਦੀ ਕਰਨੇ ਕਾ ਜੁੰਮੇਦਾਰ ਹੋਗਾ... ਔਰ ਅਪਨੀ ਮਾਤਾ ਕੀ ਆਖ਼ਰੀ ਦਮ ਤਕ ਮਿਜ਼ਾਜਪੁਰਸੀ ਵਾ ਸੇਵਾ ਕਰਨੇ ਕਾ ਜੁੰਮੇਦਾਰ ਹੋਗਾ... ਵਸੀਅਤ ਲਿਖ ਦੀ ਹੈ । ਪੜ ਸੁਨ ਕਰ ਸਹੀ ਵਾ ਦਰੁਸਤ ਪਾਈ ... ਤਾਂ ਕੇ ਸਨਦ ਰਹੇ... ਸਹੀ...ਪਰਮਾ ਨੰਦ ਸਿੰਗਲਾ'

***

ਪਿਤਾ ਜੀ ਦੀ ਕਿਰਿਆ ਤੋਂ ਬਾਅਦ ਮੇਨ ਬਜ਼ਾਰ 'ਚ ਡਾਕਟਰੀ ਦੀ ਪੁਰਾਣੀ ਚੱਲਦੀ ਦੁਕਾਨ ਭਾਵੇਂ ਸਿੰਗਲਾ ਜੀ ਨੂੰ ਮਿਲ ਗਈ ਸੀ... ਪਹਿਲਾਂ ਵੀ ਉਸ ਕੋਲ ਹੀ ਸੀ... ਡਾਕਟਰ ਸਿੰਗਲਾ ਨੇ ਆਪਣੇ ਸਵਰਗੀ ਪਿਤਾ ਜੀ ਦੀ ਫ਼ੋਟੋ ਵੱਡੀ ਕਰਾਕੇ, ਨਕਲੀ ਪਲਾਸਟਿਕ ਦੇ ਫੁੱਲਾਂ ਦੇ ਹਾਰ ਪਾ ਕੇ ਦੁਕਾਨ ਦੀ ਵਿਹਲੀ ਕੰਧ 'ਤੇ ਟੰਗ ਦਿੱਤੀ ਸੀ... ਤਾਂ ਵੀ ਦਸ ਦਸ ਦਿਨ ਉਹ ਵਿਹਲਾ ਬੈਠਾ ਰਹਿੰਦਾ । ਕੋਈ ਮਰੀਜ਼ ਦੁਕਾਨ 'ਤੇ ਨਾ ਚੜ੍ਹਦਾ । ਸ਼ਾਮ ਨੂੰ ਖ਼ਾਲੀ ਹੱਥ ਘਰ ਨੂੰ ਮੁੜਣਾ ਪੈਂਦਾ । ਹੁਣ ਉਸਨੂੰ ਆਪਣਾ ਸਿਰ ਆਪ ਗੁੰਦਣਾ ਪੈਣਾ ਸੀ । 'ਕੱਲਾ ਕਮਾਉਣ ਵਾਲਾ । ਬਾਕੀ ਸਭ ਖਾਣ ਵਾਲੇ । ਕੰਜੂਸ ਐਨਾ ਕਿ ਬਾਪ ਦੇ ਵਿਰਾਸਤ 'ਚ ਮਿਲੇ ਨਕਦ ਪੈਸਿਆਂ ਨੂੰ ਗੱਠ ਮਾਰ ਦਿੱਤੀ ।

'ਓਹ ਦਿਨ ਨੀਂ ਰਹੇ ਤਾਂ ਇਹ ਵੀ ਨੀਂ ਰਹਿਣੇ ।' ਉਹ ਸੋਚਦਾ ।

ਜਦੋਂ ਸਰਕਾਰ ਦੀਆਂ ਅਸਿਸਟੈਂਟ ਲਾਇਬਰੇਰੀਅਨ ਦੀਆਂ ਪੋਸਟਾਂ ਨਿਕਲੀਆਂ ਤਾਂ... ਸਿੰਗਲੇ ਨੇ ਰਿਸਕ ਲੈਣ ਦਾ ਮਨ ਬਣਾ ਲਿਆ । ਕਿਸੇ ਨੂੰ ਦੱਸੇ ਵਗੈਰ ਬਾਪ ਦੇ ਪੈਸਿਆਂ ਦੀ ਗੱਠ ਖੋਲਕੇ ਤਿਲਕ ਰਾਜ ਦੀ ਨੌਕਰੀ ਲਈ ਉੱਚ ਅਧਿਕਾਰੀ ਨੂੰ ਸੁਹਣੀ ਰਿਸ਼ਵਤ ਦੇ ਦਿੱਤੀ । ਰਿਸ਼ਵਤ ਦੇ ਕੇ ਕਈ ਰਾਤਾਂ ਪਾਸੇ ਵੱਟਦਿਆਂ... ਮੌਤ ਵਰਗੀਆਂ ਜੀਵੀਆਂ । ਕੋਈ ਸਬੂਤ ਨਹੀਂ ਦਿੱਤੇ ਪੈਸਿਆਂ ਦਾ । ਪਰ ਚੋਰਾਂ ਦਾ ਵੀ ਕੋਈ ਦੀਨ ਈਮਾਨ ਹੁੰਦਾ । ਤਿਲਕੇ ਨੂੰ ਨੌਕਰੀ ਮਿਲ ਗਈ । ਪੋਸਟਿੰਗ ਲਈ ਖਾਲੀ ਥਾਂ ਉਸਨੂੰ ਘਰ ਤੋਂ ਦੂਰ ਰਾਜਿਸਥਾਨ ਦੇ ਬਾਰਡਰ 'ਤੇ ਮਿਲੀ । ਸਰਕਾਰੀ ਨੌਕਰੀ ਸੀ । ਜਾਣਾ ਹੀ ਪਿਆ । ਰਹਿਣ ਲਈ ਸਰਕਾਰੀ ਕੁਆਟਰ ਵੀ ਉਸੇ ਅਧਿਕਾਰੀ ਨੇ ਕਹਿ ਕੁਹਾ ਕੇ ਅਲਾਟ ਕਰਵਾ ਦਿੱਤਾ । ਪਿੱਛੇ ਡਾਕਟਰ ਸਿੰਗਲਾ, ਜੱਦੀ ਘਰ ਵਿੱਚ ਮਾਂ... ਬੀਵੀ ਬੱਚਿਆਂ (ਵੱਡੀ ਲੜਕੀ, ਛੋਟਾ ਮੁੰਡਾ) ਨਾਲ ਰਹਿੰਦਾ ਕਲੀਨਿਕ ਚਲਾਉਂਦਾ ਰਿਹਾ... ਮਕਾਨ, ਦੁਕਾਨ ਵਿੱਚ ਡਾਕਟਰ ਦੇ ਨਾਂ 'ਤੇ ਲੱਗਿਆ ਇੱਕੋ ਟੈਲੀਫ਼ੂਨ ਦੋਵੇਂ ਪਾਸੇ ਬਰਾਬਰ ਵੱਜਦਾ ਰਿਹਾ ।

***

ਸਿੰਗਲਾ ਜੀ ਵਰਗਿਆਂ ਦੇ ਘਰਾਂ ਦੇ ਖਿੜਕੀਆਂ ਦਰਵਾਜ਼ਿਆਂ ਥਾਣੀਂ ਕੋਈ ਚੀਜ਼ ਬਾਹਰ ਨਹੀਂ ਆਉਂਦੀ । ਜਿਹੜੀ ਵੀ ਗੱਲ ਇਹਨਾਂ ਘਰਾਂ ਵਿੱਚੋਂ ਬਾਹਰ ਨਿਕਲਦੀ ਐ ਉਹ ਅੰਦਰ ਛਿੱਲ ਤਰਾਸ਼ ਕੇ, 'ਡੀਲ' ਹੋ ਕੇ ਜਦੋਂ ਦੱਸਣ ਜੋਗੀ ਬਣ ਜਾਂਦੀ ਐ ਤਾਂ ਬਾਹਰ ਨਿਕਲਦੀ ਐ । ਉਹਨਾਂ ਦੇ ਵਿਆਹਾਂ ਵਿੱਚ ਵੀ ਬਕਾਇਦਾ ਠੋਕ ਵਜਾ ਕੇ ਡੀਲ ਹੁੰਦੀ ਐ । ਤਿਲਕ ਰਾਜ ਸਰਕਾਰੀ ਨੌਕਰ ਸੀ ਜਿਸ ਦਾ ਮਰਨ ਤੱਕ ਰਿਜ਼ਕ ਰੋਟੀ ਸਰਕਾਰੀ ਖਜ਼ਾਨੇ ਵਿੱਚੋਂ ਆਉਣੀ ਸੀ । ਸਿੰਗਲਾ ਜੀ ਨੇ ਤਿਲਕੇ ਦੀ ਸ਼ਾਦੀ ਦੀ ਗੱਲ ਰੂੰ ਦੇ ਵੱਡੇ ਵਪਾਰੀਆਂ ਦੇ ਟੱਬਰ ਵਿੱਚ ਠੋਕ ਵਜਾ ਕੇ ਚਲਾਈ । ਪਹਿਲਾਂ ਕੁੜੀ ਵਾਲਿਆਂ ਆਪਣੀ ਤੇ ਮੁੰਡੇ ਵਾਲਿਆਂ ਦੀ ਹੈਸੀਅਤ ਜੋਖ ਪਰਖ ਕੇ ਦੇਖੀ । ਕੁੜੀ ਦੇ ਬਾਪ ਨੇ ਸਿੰਗਲਾ ਜੀ ਨੂੰ ਪੁੱਛਿਆ ਸੀ:

"ਤੁਸੀਂ ਬੁਰਾ ਤਾਂ ਨੀਂ ਮੰਨੋਗੇ ਜੇ ਮੈਂ ਤੁਹਾਡੀ ਕੋਠੀ ਦੀ ਰਜਿਸਟਰੀ ਦੇਖ ਲਵਾਂ ।"

"ਕਿਉਂ ਨਹੀਂ ਜੀ । ਸਭ ਕੁਸ਼ ਦੇਖੋ ।" ਸਿੰਗਲਾ ਅੱਜ ਮਰ ਚੁੱਕੇ ਪਿਤਾ ਜੀ ਦੀ ਥਾਂ ਬੈਠਾ ਸੀ । ਉਸਨੇ ਕੁੜੀ ਵਾਲਿਆਂ ਨੂੰ ਉਹ ਫਰਦ ਜਮਾਂਬੰਦੀ ਦੀ ਕਾਪੀ ਦਿਖਾ ਦਿੱਤੀ ਜਿਸ ਵਿੱਚ ਮਕਾਨ ਤਿਲਕ ਰਾਜ ਦੇ ਨਾਂਓ, ਤੇ ਦੁਕਾਨ ਡਾਕਟਰ ਦੇ ਨਾਂਓ ਇੰਤਕਾਲ ਰਾਜ਼ੀ ਹੋਇਆ ਦਰਜ ਸੀ । ਕੁੜੀ ਵਾਲਿਆਂ ਰਿਟਾਇਰ ਹੋਏ ਕਾਨੂੰਨਗੋ ਤੋਂ ਫਰਦ ਪੜਵਾ ਕੇ ਤਸੱਲੀ ਕੀਤੀ ...ਫੇਰ ਕੁੜੀ ਦੇ ਬਾਪ ਨੇ ਵਿਆਹ ਉੱਤੇ ਖਰਚ ਕੀਤੀ ਜਾਣ ਵਾਲੀ ਕੁੱਲ ਰਕਮ ਸਭ ਨੂੰ ਗਾ ਕੇ ਸੁਣਾ ਦਿੱਤੀ । ਏਨੇ ਪੈਸਿਆਂ ਨਾਲ ਮੁੰਡੇ ਵਾਲੇ ਜੋ ਮਰਜ਼ੀ ਖਾ... ਖਰੀਦ ਲੈਣ । ਸਿੰਗਲਾ ਜੀ ਦੇ ਸਾਰੇ ਟੱਬਰ ਨੇ ਠਾਕਾ ਕਰਨ ਤੋਂ ਪਹਿਲਾਂ ਕੁੜੀ ਦੇ ਮਾਤਾ ਪਿਤਾ ਨਾਲ ਇਕੱਠੇ ਜਾ ਕੇ ਥੋੜ੍ਹੀ ਜਹੀ ਖਰੀਦੋ ਫਰੋਖ਼ਤ ਕੀਤੀ... ਬਾਕੀ ਪੈਸੇ ਕੁੜੀ ਵਾਲਿਆਂ ਤਿਲਕੇ ਨੂੰ ਨਗਦ ਦੇ ਦਿੱਤੇ... ਸਭ ਸ਼ਗਨ ਵਿਧੀਪੂਰਵਕ ਮੁਕੰਮਲ ਹੋ ਗਏ । ਨਵੀਂ ਵਿਆਹੀ ਜੋੜੀ ਆਪਣੇ ਸਰਕਾਰੀ ਘਰ ਵੱਲ ਨੂੰ ਕੂਚ ਕਰ ਗਈ । ਪਿੱਛੇ ਮਕਾਨ ਦੁਕਾਨ ਦੋਹਾਂ ਵਿੱਚ ਡਾਕਟਰ ਸਿੰਗਲੇ ਦੇ ਨਾਂ ਵਾਲਾ ਟੈਲੀਫ਼ੂਨ ਲਗਾਤਾਰ ਕਈ ਸਾਲ ਵੱਜਦਾ ਰਿਹਾ... ਉਦੋਂ ਤੱਕ ਵਜਦਾ ਰਿਹਾ ਜਦੋਂ ਤੱਕ ਤਿਲਕਾ ਪ੍ਰਮੋਟ ਹੋ ਕੇ ਆਪਣੇ ਹੀ ਜ਼ਿਲ੍ਹੇ ਦੀ ਲਾਇਬਰੇਰੀ ਵਿੱਚ ਲਾਇਬਰੇਰੀਅਨ ਨਾ ਆ ਲੱਗਿਆ । ਦੋ ਜੌੜੇ ਮੁੰਡਿਆਂ ਸਮੇਤ!!

***

ਸਮਾਂ ਪਾ ਕੇ ਆਹ ਦਿਨ ਵੀ ਆ ਗਏ... ਕਿ ਹੋਮਿਊਪੈਥੀ ਦੀ ਤੰਗ ਜਿਹੀ ਦੁਕਾਨ ਦੀ ਪਹਿਲੀ ਮੰਜ਼ਲ ਜਿਹੜੀ ਉਹ ਡਾਕਟਰੀ ਦੇ ਵਿਹਲੇ ਟਾਈਮ 'ਚ ਸਿਗਰਟ ਪੀਣ ਲਈ ਵਰਤਦਾ ਹੁੰਦਾ ਸੀ... ਉੱਥੇ ਹੀ ਮਾੜੀ ਨਗੂਣੀ ਜਹੀ ਥਾਂ ਵਿੱਚ ਉਹਨੂੰ ਆਪਣਾ ਸਾਰਾ ਟੱਬਰ ਤੂਸਣਾ ਪੈ ਗਿਆ ਸੀ । ਤਿੰਨ ਮੰਜ਼ਲੀ ਦੁਕਾਨ ਦੀਆਂ ਉਪਰਲੀਆਂ ਦੋਵੇਂ ਮੰਜ਼ਲਾਂ ਉੱਤੇ ਜਾਣ ਲਈ ਲੱਕੜੀ ਦੀ ਬਰੀਕ ਜਹੀ ਪੌੜੀ ਕੰਧਾਂ ਨਾਲ ਚਿਪਕਾਈ ਹੋਈ ਸੀ । ਪਹਿਲੀ ਮੰਜ਼ਲ ਉੱਤੇ ਵਰਤੋਂ ਦੀ ਹਾਲਤ ਵਿੱਚ ਛੋਟਾ ਜਿਹਾ ਬਾਥਰੂਮ ਹੀ ਸੀ । ਛੋਟੀ ਜਹੀ ਬੱਚਿਆਂ ਦੇ ਵਰਤਣ ਵਾਲੀ ਟੁਆਏਲੈੱਟ ਦੀ ਬੈਠਵੀਂ ਸੀਟ । ਇਸ ਫਲੋਰ ਵਿੱਚ ਹਾਜਤ ਕਰਨ ਵਾਲੇ ਸਮਾਨ ਤੋਂ ਵਗੈਰ ਹੋਰ ਕੁਝ ਨਹੀਂ ਸੀ । ਕਬਾੜ ਵੀ ਮੈਡੀਕਲ ਲਾਇਨ ਨਾਲ ਸੰਬੰਧਿਤ ਆਪਣੀ ਕਿਸਮ ਦਾ ਬੇ ਪਛਾਣ ਸੀ । ਕੂੜਾ ਕਬਾੜ ਜਿਸ ਨੂੰ ਹੋਰ ਕੀ ਨਾਂਓ ਦਿੱਤਾ ਜਾ ਸਕਦਾ ਸੀ । ਇਹ ਕੋਈ ਰਹਿਣ... ਰਾਤਾਂ ਕੱਟਣ ਵਾਲੀ ਥਾਂ ਨਹੀਂ ਸੀ ।

... ਤੇ 'ਸਿੰਗਲਾ ਹੋਮਿਓ ਹਾਲ' ਬੋਰਡ ਉੱਤੇ ਲਿਖੇ ਅੱਖਰ ਹੁਣ ਫਿੱਕੇ ਪੈ ਚੁੱਕੇ ਸਨ । ਅੱਖਰਾਂ ਹੇਠਲੀ ਜਮੀਨ ਦਾ ਰੰਗ ਬਦਰੰਗ, ਬੇਪਛਾਣ ਹੋ ਚੁੱਕਾ ਸੀ । ਬਰੋਟੇ ਦੀਆਂ ਟਾਹਣੀਆਂ ਨੇ ਸਿੰਗਲਾ ਹੋਮਿਓ ਹਾਲ ਦਾ ਮੂੰਹ ਹੋਰ ਵੀ ਹਨੇਰੇ ਵਿੱਚ ਲੁਕੋ ਦਿੱਤਾ ਸੀ ।

***

ਤਿਲਕੇ ਦਾ ਟੱਬਰ ਜਦੋਂ ਆਪਣਾ ਸਾਰਾ ਘਰੇਲੂ ਸਮਾਨ ਲੈ ਕੇ ਸਿੰਗਲੇ ਦੇ 'ਘਰ' ਵਿੱਚ ਵੜਿਆ ਤਾਂ ਸਭ ਦਾ ਮੱਥਾ ਠਣਕ ਗਿਆ । ਰਸੋਈ ਇੱਕੋ ਸੀ । ਇਹ 'ਮਕਾਨ' ਹੁਣ ਤੱਕ 'ਘਰ' ਤਾਂ ਸਿੰਗਲੇ ਦਾ ਹੀ ਸੀ ਪਰ ਉਸਨੇ ਕਦੇ ਇੱਕ ਰੁਪੱਈਆ ਨਹੀਂ ਸੀ ਲਾਇਆ ਇਸ ਮਕਾਨ ਉੱਤੇ । ਮਕਾਨ ਦਾ ਮਾਲਕ ਜੁ ਤਿਲਕਾ ਸੀ । ਤਿਲਕਾ ਇਸੇ ਘਰ, ਮਕਾਨ ਵਿੱਚ ਬਾਪ ਤੇ ਵੱਡੇ ਭਾਈ ਦੀ ਰਹਿਨੁਮਾਈ ਹੇਠ ਬੱਚਿਆਂ ਵਾਂਗ... ਮੁੰਡੂ ਖੁੰਡੂ ਚੌਵੀ ਵਰ੍ਹੇ ਰਿਹਾ ਸੀ । ਹੁਣ ਉਸ ਕੋਲ ਆਪਣਾ ਵੱਖਰਾ 'ਘਰ', ਤੇ ਘਰੇਲੂ ਸਮਾਨ... ਬੀਵੀ ਤੇ ਦੋ ਬੱਚੇ ਵੀ ਸਨ । ਘਰ ਵਿੱਚ ਰਹਿਣ ਵਾਲੇ ਹੁਣ ਪੰਜ ਤੋਂ ਨੌਂ ਹੋ ਗਏ । ਮਿਲਣ ਗਿਲਣ ਵਾਲੇ ਵੱਖਰੇ । ਤਿਲਕੇ ਦੀ ਘਰਵਾਲੀ ਨੇ ਪੰਦਰਾਂ ਦਿਨਾਂ ਬਾਅਦ ਦੋਵੇਂ ਬੱਚਿਆਂ ਨਾਲ ਰਲ ਕੇ ਘਰ ਵਿੱਚ ਖਰੂਦ ਪਾਉਣ ਸ਼ੁਰੂ ਕਰ ਦਿੱਤਾ ਕਿ ਉਸ ਦੇ ਘਰਵਾਲੇ ਦੀ ਕੋਠੀ ਖਾਲੀ ਕਰੋ । ਦੋ ਮਹੀਨੇ ਵੱਧੋ-ਘੱਟੀ... ਦੋਵੇਂ ਟੱਬਰਾਂ ਦੀ ਬੋਲਚਾਲ ਵੀ ਬੰਦ ਹੋ ਗਈ । ਜਦੋਂ ਤਿਲਕੇ ਦਾ ਟੱਬਰ ਥਾਣੇ ਜਾ ਪੁੱਜਾ ਤਾਂ ਮਾਂ ਨੇ ਮੰਜਾ ਮੱਲ ਲਿਆ । ਮਾਂ ਕੀ ਕਰੇ । ਘਰ ਦੀ ਬੰਦ ਮੁੱਠੀ ਖੁੱਲ ਗਈ । ਜਦੋਂ ਛੋਟੀ ਨੂੰਹ ਨੇ ਛੱਤਾਂ 'ਤੇ ਚੜ੍ਹੇ ਸਾਰੇ ਮੁਹੱਲੇ ਦੇ ਸਾਹਮਣੇ ਚੀਕ ਮਾਰੀ;

"ਨਾ ਅਸੀਂ ਕਿਸੇ ਦੀ ਦੁਕਾਨ 'ਤੇ ਜਾਈਏ, ਨਾ ਕੋਈ ਸਾਡੇ ਘਰ ਵੜੇ ।"

ਤਾਂ ਕੁਸਮਵਤੀ ਰੋਂਦੀ ਹੋਈ ਭਗਵਾਨ ਤੋਂ ਮੌਤ ਮੰਗਣ ਲੱਗੀ:

"ਚੱਕ ਲੈ ਹੁਣ ਤਾਂ... ਮੈਂ ਕਿਆ ਆਹ ਦਿਨ ਦੇਖਣ ਨੂੰ ਜੀਊਂਦੀ ਬੈਠੀ?... ਆਪ ਤੁਰ ਗਿਆ ਮੈਨੂੰ 'ਕੱਲੀ ਨੂੰ ਫਸਾ ਕੇ..." ਘਰ ਵਿੱਚ ਬੇਇਤਫ਼ਾਕੀ ਮਾਤਾ ਦੇ ਦਿਨ ਗਿਣਨ ਲੱਗ ਪਈ ਸੀ ।

ਥਾਣੇ ਵਿੱਚ ਭਰਾ ਤੇ ਉਸਦੇ ਬੱਚੇ ਸਿੰਗਲਾ ਜੀ ਕੋਲ ਆ ਕੇ ਰੋਣ ਲੱਗ ਪਏ । ਉਸਨੂੰ ਪਿੱਛੇ ਹਟਣਾ ਪੈ ਗਿਆ । ਵੱਡਾ ਥਾਣੇਦਾਰ ਜੋ ਉਹਨਾਂ ਦੀ ਬਰਾਦਰੀ ਵਿੱਚੋਂ ਹੀ ਸੀ... ਜੋ ਅਮੂਮਨ ਸਮਾਗਮਾਂ ਵਿੱਚ ਉਹਨਾਂ ਨੂੰ ਮਿਲਦਾ ਗਿਲਦਾ ਰਹਿੰਦਾ ਸੀ, ਨੇ ਘਰ ਜਾ ਕੇ ਮਾਂ ਨੂੰ ਇੱਕੋ ਸੁਆਲ ਪੁੱਛਿਆ:

"ਮਾਤਾ ਜੀ... ਹੁਣ ਤੁਸੀਂ ਡਾਕਟਰ ਨਾਲ ਰਹਿਣਾ ਯਾ ਤਿਲਕ ਰਾਜ ਨਾਲ?"

"ਡਾਕਟਰ ਨਾਲ ।" ਥਾਣੇਦਾਰ ਨੂੰ ਪਹਿਲਾਂ ਹੀ ਪਤਾ ਸੀ ਕਿ ਮਾਂ ਆਪਣੇ ਵੱਡੇ ਮੁੰਡੇ ਦੇ ਹੱਥਾਂ ਵਿੱਚ ਮਰਨਾ ਲੋਚਦੀ ਹੈ । ਹੁਣ ਸਭ ਨੂੰ ਸਭ ਕੁਝ ਸਾਫ਼ ਸਪਸ਼ਟ ਸੀ । ਮਾਤਾ, ਪੋਤਾ ਪੋਤੀ... ਡਾਕਟਰ ਤੇ ਉਸਦੀ ਤੀਵੀਂ ਨੇ ਦੁਕਾਨ ਦੀ ਪਹਿਲੀ ਮੰਜ਼ਲ ਵਿੱਚ ਸ਼ਰਨ ਲਿੱਤੀ । ਕਬਾੜ ਚੁੱਕਾ ਦਿੱਤਾ । ਸਿੰਗਲਾ ਜੀ ਨੇ ਟਾਇਮ ਪਾਸ ਕਰਨ ਲਈ ਕੇਵਲ ਖਾਣਾ ਬਣਾਉਣ, ਨਹਾਉਣ ਧੋਣ ਦਾ ਜਰੂਰੀ ਸਮਾਨ ਹੀ ਘਰੋਂ ਚੁੱਕਿਆ । ਰੱਖਣ ਲਈ ਜਗ੍ਹਾ ਹੀ ਕਿੱਥੇ ਸੀ? ਤੀਸਰੀ ਮੰਜ਼ਲ ਵਿੱਚ ਵੀ ਕੁਝ ਸਮਾਨ ਤੁੰਨ ਦਿੱਤਾ... ਪਰ ਸਿੰਗਲਾ ਜੀ ਆਪ ਹੇਠਾਂ ਡਿਸਪੈਂਸਰੀ ਵਿੱਚ ਫੋਲਡਿੰਗ ਬੈੱਡ 'ਤੇ ਸੌਂਦਾ ।

ਪਰ ...ਪਰ ਉਹਦਾ ਧਿਆਨ ਚੌਵੀ ਘੰਟੇ ਉੱਪਰ ਮਰਨ ਕਿਨਾਰੇ ਪਈ ਮਾਂ ਵਿੱਚ ਲੱਗਾ ਰਹਿੰਦਾ । ਉਹ ਇੱਕ ਕਾਬਿਲ ਡਾਕਟਰ ਸੀ । ਜੇ ਡਾਕਟਰ ਨਾ ਹੁੰਦਾ ਤਾਂ ਸ਼ਾਇਦ ਦੁੱਖ ਘੱਟ ਹੁੰਦਾ । ਮਾਂ ਦੇ ਵਜੂਦ ਦਾ ਲੱਕ ਤੋਂ ਹੇਠਲਾ ਹਿੱਸਾ ਖਤਮ ਹੋ ਚੁੱਕਾ ਸੀ । ਡਿਸਪੈਂਸਰੀ ਦੀਆਂ ਤਿੰਨੋਂ ਮੰਜ਼ਲਾਂ ਵਿੱਚ ਇੱਕ ਭਾਰੀ... ਮੁਰਦੇ ਦੀ ਹਮਕ ਨੱਕ ਦੇ ਨੇੜੇ ਨੂੰ ਆਉਂਦੀ ਡਰਾਉਂਦੀ... ਤੇ ਜਦੋਂ ਤਿੰਨ ਵਾਰ ਤੁਲਾਦਾਨ ਕਰਨ ਦੇ ਬਾਵਜੂਦ ਵੀ ਮਾਂ ਅੱਖਾਂ ਝਪਕੀ ਗਈ ਤਾਂ ਸਿੰਗਲਾ ਜੀ ਨੇ ਹੱਥ ਬੰਨ੍ਹ ਕੇ ਮਾਂ ਦੇ ਕੰਨ ਵਿੱਚ ਕਿਹਾ;

"ਮਾਂ... ਹੁਣ ਤੂੰ... ਜਿਹੜਾ ਵੀ ਕੋਈ ਤੇਰਾ ਰੱਬ, ਪ੍ਰਮਾਤਮਾ... ਭਗਵਾਨ ਹੈਗਾ... ਉਸਨੂੰ ਬੇਨਤੀ ਅਰਦਾਸ ਬੰਦਨਾ ਕਰ... ਤੈਨੂੰ ਮੁਕਤੀ ਦੇ ਦਵੇ ।" ਮਾਂ ਦੀ ਰੱਬ ਨੂੰ ਇਹੋ ਬਿਨਤੀ ਸੀ ਕਿ ਉਹ ਆਪਣੀ ਮਰਜ਼ੀ ਨਾਲ ਆਪਣੇ ਬੱਚਿਆਂ ਨੂੰ ਅਲਵਿਦਾ ਨਹੀਂ ਕਹੇਗੀ । ਜਿਉਂ ਹੀ ਭਗਵਾਨ ਨੇ ਉਸ ਦੀ ਸੁਣੀ, ਉਸਨੇ ਅੱਖਾਂ ਮੀਚ ਲਈਆਂ ।

ਤੇ... ਰਾਤ ਨੂੰ ਸਿੰਗਲਾ ਜੀ ਦੀ ਗੱਲ ਮੰਨਕੇ... ਮਾਤਾ ਕੁਸਮਵਤੀ ਨੇ ਸੁਆਸ ਤਿਆਗ ਦਿੱਤੇ । ਡਾਕਟਰ ਅਤੇ ਉਸਦੀ ਪਤਨੀ ਨੇ ਤੜਕੇ ਚਾਰ ਵਜੇ ਜਿਵੇਂ ਕਿਵੇਂ ਮਾਂ ਦੀ ਲਾਸ਼ ਪਿੱਠ ਉੱਤੇ ਲੱਦ ਕੇ ਬਾਜ਼ਾਰ ਵਿੱਚ ਉਤਾਰ ਲਈ । ਡਾਕਟਰ ਨੇ ਮਾਂ ਦੋਵੇਂ ਬਾਹਾਂ ਤੋਂ ਪਿੱਠ ਉੱਤੇ ਚੁੱਕ ਕੇ ਫੜੀ ਰੱਖੀ... ਤੇ ਉਸ ਦੀ ਘਰਵਾਲੀ ਨੇ ਪਿੱਛੇ ਲੱਤਾਂ ਚੁੱਕੀ ਰੱਖੀਆਂ... ਤੇ ਦੋਵੇਂ ਪੈਰ ਪੈਰ ਤੁਰਦੇ ਹੇਠਾਂ ਸੜਕ 'ਤੇ ਉਤਰ ਆਏ । ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਤਾਂ ਕਿ ਕੋਈ ਦੇਖ ਨਾ ਲਵੇ ਪਹਿਲੀ ਮੰਜ਼ਲ 'ਚੋਂ ਪਾਣੀ ਦਾ ਪਾਇਪ ਖਿੜਕੀ ਵਿੱਚੀਂ ਹੇਠਾਂ ਉਤਾਰ ਲਿਆਂਦਾ । ਦੋਵਾਂ ਨੇ ਮਾਂ ਨੂੰ ਜਿਵੇਂ ਕਿਵੇਂ ਸੜਕ ਉੱਤੇ ਲਿਟਾ ਕੇ ਫਟਾਫਟ ਦਹੀਂ ਮਲ ਕੇ ਨਲ੍ਹਾ ਦਿੱਤਾ । ਮਾਂ ਦੇ ਕੱਪੜੇ... ਕੱਫ਼ਣ ਪਾ ਕੇ ਡਾਕਟਰ ਰੇਹੜੀ ਲੱਭਣ ਤੁਰ ਗਿਆ... ਤੁਰਿਆ ਜਾਂਦਾ ਉਹ ਆਪਣੀ ਘਰਵਾਲੀ ਦੇ ਹੌਸਲੇ ਦੀ ਮਨੋਂ ਦਾਦ ਦੇ ਰਿਹਾ ਸੀ ਜੋ ਆਪਣੀ ਸੱਸ ਦੀ ਸੇਵਾ ਵਿੱਚ ਦਹੀਂ ਮਲ ਕੇ ਨਲ੍ਹਾਉਣ ਤੱਕ ਉਸਦੇ ਨਾਲ ਬਰਾਬਰ ਖੜ੍ਹੀ ਰਹੀ ਸੀ । ਜਦੋਂ ਰੇਹੜੀ ਤੁਰੀ ਤਾਂ ਪੰਜ ਸੱਤ ਨਜ਼ਦੀਕੀਆਂ ਨੂੰ ਫੋਨ ਕਰ ਦਿੱਤਾ । ਛੋਟੇ ਭਰਾ ਨੂੰ ਫੋਨ 'ਤੇ ਸੁਨੇਹਾ ਲਾ ਦਿੱਤਾ ਕਿ ਸਾਰੇ ਸਿੱਧਾ ਸਮਸ਼ਾਨ ਘਾਟ ਵਿੱਚ ਹੀ ਪਹੁੰਚ ਜਾਣ... ਤੇ ਐਂਜ ਪੰਦਰਾਂ ਕੁ ਬੰਦਿਆਂ ਨੇ ਮਾਂ ਦਾ ਦਾਹ ਸੰਸਕਾਰ ਕਰ ਦਿੱਤਾ ।

***

'ਸਿੰਗਲਾ ਹੋਮਿਓ ਹਾਲ' ਵਾਲੀ ਖ਼ਾਨਦਾਨੀ ਦੁਕਾਨ ਵੀ ਸਿੰਗਲੇ ਦੇ ਨਾਂਓ ਤੋਂ ਉਤਰ ਗਈ...ਉਹ ਆਪਣੇ ਜਿਉਂਦੇ ਜੀਅ ਸਾਢੇ ਸੱਤ ਲੱਖ ਦੀ ਵੇਚ ਗਿਆ । ਨਵੀਂ ਦੁਕਾਨ ਮੇਨ ਬਜ਼ਾਰ ਤੋਂ ਪਰੇ੍ਹ ਸਸਤੀ ਲੈ ਲਈ । ਇੱਕ ਰਿਹਾਇਸ਼ੀ ਪਲਾਟ ਖਰੀਦ ਲਿਆ । ਉਹ ਆਪ ਵੀ ਕਦੋਂ ਦਾ ਇਸ ਫ਼ਾਨੀ ਜਹਾਨ ਤੋਂ ਰੁਖ਼ਸਤ ਹੋ ਚੁੱਕਾ... ਜਦੋਂ ਕੋਈ ਡਾਕਟਰ ਮਰਦਾ ਤਾਂ ਲੋਕਾਂ... ਮਰੀਜ਼ਾਂ ਨੂੰ ਬੜੀ ਹੈਰਾਨੀ ਹੁੰਦੀ ਕਿ ਡਾਕਟਰ ਤਾਂ ਸਰੀਰ ਦਾ ਸਭ ਕੁਝ ਜਾਣਦੇ...ਬਦਲਦੇ ਮੌਸਮ, ਗਰਮੀ ਸਰਦੀ...ਕੀ ਖਾਣਾ... ਕੀ ਨਹੀਂ ਖਾਣਾ... ਸਰੀਰ ਦੇ ਸਾਰੇ ਅੰਗਾਂ ਦੀਆਂ ਸਾਰੀਆਂ ਬਿਮਾਰੀਆਂ ਬਾਰੇ ਜਾਣਦੇ...ਤਾਂ ਵੀ ਉਹ ਮਰੀ ਜਾਂਦੇ... ਪਰ ਐਨੀ ਛੇਤੀ ਨਹੀਂ ਮਰਿਆ ਡਾਕਟਰ ਸਿੰਗਲਾ...ਉਹ ਆਪਣੀ ਕੁੜੀ ਰੂੰ ਦੇ ਹੋਰ ਵੀ ਵੱਡੇ ਵਪਾਰੀਆਂ ਨੂੰ ਵਿਆਹ ਸਕਿਆ... ਫੇਰ ਉਹ ਦੋਹਤੇ... ਦੋਹਤੀਆਂ ਵਾਲਾ ਹੋਇਆ... ਫੇਰ ਉਸ ਦੀ ਕੁੜੀ ਵਿਧਵਾ ਹੋਈ... ਫੇਰ ਉਹ ਬੱਸ ਉੱਤੇ ਚੜ੍ਹਦਾ ਡਿੱਗ ਕੇ ਮੌਕੇ 'ਤੇ ਹੀ ਪਰਾਣ ਤਿਆਗ ਗਿਆ । ਉਸਨੂੰ ਪਤਾ ਹੋਵੇਗਾ ਕਿ ਆਪਣੇ ਟਾਇਮ ਸਿਰ ਢੰਗ ਨਾਲ ਬੰਦੇ ਨੂੰ ਇਸ ਦੁਨੀਆ ਤੋਂ ਰੁਖ਼ਸਤ ਹੋ ਜਾਣਾ ਚਾਹੀਦਾ... ਐਵੇਂ ਨਾ ਕਿਤੇ ਜੋਤਸ਼ੀ ਉਸ ਦੀ ਮੌਤ ਦੇ ਮੁਤੱਲਕ ਵੀ ਤੁਲਾਦਾਨ ਦੇ ਉਪਾਏ ਦੱਸਣ ਲੱਗ ਪੈਣ... ਬੱਚੇ ਇਹ ਦਾਨ ਕਰੀ ਵੀ ਜਾਣ... ਪਰ ਹੋਵੇ ਕੁੱਝ ਵੀ ਨਾ ।

  • ਮੁੱਖ ਪੰਨਾ : ਕਹਾਣੀਆਂ, ਬਲੀਜੀਤ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •