Punjabi Stories/Kahanian
ਡਾਕਟਰ ਮਹੀਪ ਸਿੰਘ
Doctor Maheep Singh
Punjabi Kavita
  

Maut Jaan Zindagi Dr. Maheep Singh

ਮੌਤ ਜਾਂ ਜ਼ਿੰਦਗੀ! ਡਾ. ਮਹੀਪ ਸਿੰਘ

ਹੋਰ ਮੈਨੂੰ ਕੁਝ ਵੀ ਯਾਦ ਨਹੀਂ, ਸਿਵਾਏ ਇਸ ਤੋਂ ਕਿ ਗੱਡੀ ਸਟੇਸ਼ਨ ਤੋਂ ਚੱਲ ਪਈ ਸੀ। ਮੈਂ ਦਰਵਾਜ਼ੇ ਕੋਲ ਖੜ੍ਹਾ ਸਾਂ। ਬੜੀ ਹੀ ਮਨਮੋਹਕ ਹਵਾ ਚੱਲ ਰਹੀ ਸੀ। ਦੂਰ-ਦੂਰ ਤੱਕ ਹਨੇਰਾ ਛਾਇਆ ਹੋਇਆ ਸੀ ਅਤੇ ਉਸ ਵਿਚ ਦੂਰ ਚਮਕਣ ਵਾਲੇ ਬਿਜਲੀ ਦੇ ਬਲਬ ਹਨੇਰੇ ਜੰਗਲ ਵਿਚ ਜੁਗਨੂੰਆਂ ਦੇ ਚਮਕਣ ਦਾ ਅਨੁਭਵ ਕਰਾ ਰਹੇ ਸਨ। ਹੇਠਾਂ ਚਾਰੇ ਪਾਸੇ ਪਟੜੀਆਂ ਵਿਛੀਆਂ ਸਨ। ਗੱਡੀ ਦੇ ਪਹੀਏ ਉਨ੍ਹਾਂ ’ਤੇ ਦੌੜ ਰਹੇ ਸਨ। ਮਨ ਵਿਚ ਕੋਈ ਵਿਚਾਰ ਨਹੀਂ ਸਨ। ਮੈਨੂੰ ਯਾਦ ਨਹੀਂ ਕਿ ਉਦੋਂ ਮੈਂ ਕੋਈ ਖ਼ਾਸ ਗੱਲ ਸੋਚ ਰਿਹਾ ਸਾਂ- ਸ਼ਾਇਦ ਕੁਝ ਵੀ ਨਹੀਂ ਸੋਚ ਰਿਹਾ ਸਾਂ। ਫੇਰ ਪਤਾ ਨਹੀਂ ਕੀ ਹੋਇਆ? ਮਨ ਵਿਚ ਕੁਝ ਮਸਤੀ ਜਿਹੀ ਭਰਨ ਲੱਗੀ, ਜਿਵੇਂ ਨੀਂਦ ਆ ਰਹੀ ਹੋਵੇ। ਫਿਰ ਝਟਕਾ ਜਿਹਾ ਵੱਜਿਆ। ਦਰਵਾਜ਼ੇ ’ਤੇ ਲੱਗੇ ਲੋਹੇ ਦੇ ਹੈਂਡਲ ਤੋਂ ਮੇਰੇ ਸੱਜੇ ਹੱਥ ਦਾ ਸੰਪਰਕ ਟੁੱਟ ਗਿਆ। ਦਿਲ ਇਕ ਵਾਰ ਭਿਆਨਕ ਡਰ ਨਾਲ ਧੜਕਿਆ… ਅੱਖਾਂ ਬੰਦ ਹੋ ਗਈਆਂ… ਪੈਰ ਕੰਬ ਉੱਠੇ… ਹੋਰ ਮੈਨੂੰ ਕੁਝ ਯਾਦ ਨਹੀਂ।
ਹੁਣ ਮੈਂ ਖ਼ੁਦ ਨੂੰ ਚਾਰੇ ਪਾਸਿਓਂ ਸਕੇ-ਸਬੰਧੀਆਂ ਨਾਲ ਘਿਰਿਆ ਵੇਖਦਾ ਹਾਂ। ਮੈਂ ਪਲੰਘ ’ਤੇ ਲੇਟਿਆ ਹੋਇਆ ਹਾਂ। ਮੇਰਾ ਸਰੀਰ ਛਾਤੀ ਤੱਕ ਸਫ਼ੈਦ ਚਾਦਰ ਨਾਲ ਢਕਿਆ ਹੋਇਆ ਹੈ। ਇਹ ਕੌਣ ਹੈ ਜੋ ਮੇਰੀ ਨਬਜ਼ ਵੇਖ ਰਿਹਾ ਹੈ? …ਹੈਂ, ਇਹ ਡਾਕਟਰ ਹੈ। ਮੈਂ ਹਸਪਤਾਲ ਵਿਚ ਹਾਂ। ਪਰ ਮੈਂ ਹਸਪਤਾਲ ਵਿਚ ਕਿਉਂ ਹਾਂ? ਹੌਲੀ-ਹੌਲੀ ਮੈਨੂੰ ਉਹ ਕਾਲੀ ਰਾਤ ਯਾਦ ਆ ਰਹੀ ਹੈ, ਜਦੋਂ ਮੈਂ ਗੱਡੀ ਦੇ ਦਰਵਾਜ਼ੇ ’ਤੇ ਖੜ੍ਹਾ ਸਾਂ ਅਤੇ ਗੱਡੀ ਖੜਖੜ ਕਰਦੀ ਦੌੜੀ ਜਾ ਰਹੀ ਸੀ। ਫੇਰ ਮੇਰਾ ਹੱਥ ਹਿੱਲਿਆ ਸੀ, ਮੇਰੇ ਪੈਰ ਡਗਮਗਾਏ ਸਨ, ਮੇਰੀਆਂ ਅੱਖਾਂ ਬੰਦ ਜਿਹੀਆਂ ਹੋ ਗਈਆਂ ਸਨ। ਸ਼ਾਇਦ ਮੈਂ ਚਲਦੀ ਗੱਡੀ ’ਚੋਂ ਡਿੱਗ ਪਿਆ ਸਾਂ, ਉਸੇ ਦਾ ਨਤੀਜਾ ਹੈ ਕਿ ਮੈਂ ਹਸਪਤਾਲ ਵਿਚ ਹਾਂ।
ਸੱਜੇ ਪਾਸੇ ਮੇਰੀ ਮੰਮੀ ਸਟੂਲ ’ਤੇ ਬੈਠੀ ਮੇਰੇ ਮੱਥੇ ’ਤੇ ਹੱਥ ਫੇਰ ਰਹੀ ਹੈ। ਉਹਦਾ ਮੂੰਹ ਇਉਂ ਕੁਮਲਾਇਆ ਹੋਇਆ ਹੈ, ਜਿਵੇਂ ਕਈ ਦਿਨਾਂ ਤੋਂ ਸੁੱਤੀ ਨਾ ਹੋਵੇ। ਸਾਹਮਣੇ ਪਿਤਾ ਜੀ ਖੜ੍ਹੇ ਡਾਕਟਰ ਨਾਲ ਹੌਲੀ-ਹੌਲੀ ਕੁਝ ਗੱਲਾਂ ਕਰ ਰਹੇ ਹਨ। ਖੱਬੇ ਪਾਸੇ ਬੈਠਾ ਜਗਦੀਪ ਟਿਕਟਿਕੀ ਲਾ ਕੇ ਮੇਰੇ ਵੱਲ ਵੇਖ ਰਿਹਾ ਹੈ। ਦੋ ਛੋਟੀਆਂ ਭੈਣਾਂ ਸਹਿਮੀਆਂ ਹੋਈਆਂ ਸਾਹਮਣੇ ਖੜ੍ਹੀਆਂ ਹਨ।

ਮੈਂ ਸੋਚਿਆ, ਆਖ਼ਰ ਮੈਨੂੰ ਕੀ ਹੋਇਆ ਹੈ? ਚਲਦੀ ਰੇਲਗੱਡੀ ’ਚੋਂ ਡਿੱਗ ਕੇ ਮੈਂ ਬਚ ਗਿਆ ਹਾਂ। ਪਰਮਾਤਮਾ ਦਾ ਲੱਖ-ਲੱਖ ਸ਼ੁਕਰ ਹੈ! ਫਿਰ ਮਾਂ ਕਿਉਂ ਰੋ ਰਹੀ ਹੈ? ਇਨ੍ਹਾਂ ਸਾਰਿਆਂ ਦੇ ਚਿਹਰੇ ਕਿਉਂ ਮੁਰਝਾਏ ਹੋਏ ਹਨ? ਮੇਰੇ ਸੱਜੇ ਮੋਢੇ ’ਤੇ ਪੱਟੀ ਕਿਉਂ ਬੰਨ੍ਹੀ ਹੋਈ ਹੈ?
ਨਰਸ ਆਈ। ਮੇਰਾ ਥੋੜ੍ਹਾ ਜਿਹਾ ਸਿਰ ਚੁੱਕ ਕੇ ਦਵਾਈ ਪਿਆ ਗਈ। ਪਰ ਇੰਨਾ ਕੁ ਹਿੱਲਣ-ਜੁੱਲਣ ਨਾਲ ਹੀ ਮੇਰਾ ਸਾਰਾ ਜਿਸਮ ਦਰਦ ਨਾਲ ਕਰਾਹ ਉੱਠਿਆ।
ਅਗਲੇ ਦਿਨ ਸਵੇਰੇ ਹੀ ਡਾਕਟਰ ਮੇਰੇ ਸਿਰਹਾਣੇ ਆ ਬੈਠਾ। ਪਿਤਾ ਜੀ ਵੀ ਮੈਨੂੰ ਦੁੱਧ ਪਿਆ ਕੇ ਕੋਲ ਬਹਿ ਗਏ। ਡਾਕਟਰ ਬੋਲਿਆ, ‘‘ਨਰਿੰਦਰ, ਬਹੁਤ ਵੱਡੀ ਦੁਰਘਟਨਾ ਪਿੱਛੋਂ ਤੂੰ ਬਚ ਗਿਆ ਹੈਂ!’’
ਮੈਂ ਕਿਹਾ, ‘‘ਹਾਂ ਡਾਕਟਰ ਸਾਹਿਬ, ਬਚ ਤਾਂ ਗਿਆ ਹਾਂ।’’ ਪਿਤਾ ਜੀ ਨੇ ਪੁੱਛਿਆ, ‘‘ਨਰਿੰਦਰ, ਤੈਨੂੰ ਕੁਝ ਯਾਦ ਹੈ ਕਿ ਤੂੰ ਕਿਵੇਂ ਡਿੱਗ ਪਿਆ!’’ ਮੈਂ ਕਿਹਾ, ‘‘ਪਿਤਾ ਜੀ, ਮੈਨੂੰ ਸਿਰਫ਼ ਇੰਨਾ ਯਾਦ ਹੈ ਕਿ ਗੱਡੀ ਜਦੋਂ ਸਟੇਸ਼ਨ ਤੋਂ ਚੱਲੀ ਸੀ, ਮੈਂ ਦਰਵਾਜ਼ੇ ਕੋਲ ਖੜ੍ਹਾ ਸਾਂ।’’ ਫਿਰ ਡਾਕਟਰ ਸਾਹਿਬ ਬੋਲੇ, ‘‘ਪਰਮਾਤਮਾ ਦੀ ਸ੍ਰਿਸ਼ਟੀ ਵਚਿੱਤਰਤਾਵਾਂ ਅਤੇ ਵਿਲੱਖਣਤਾਵਾਂ ਨਾਲ ਭਰੀ ਹੋਈ ਹੈ। ਸੰਸਾਰ ਵਿਚ ਜੇ ਸਾਰੇ ਆਦਮੀ ਇਕੋ ਜਿਹੇ ਹੋਣ, ਸਾਰੇ ਆਨੰਦ ਨਾਲ ਭਰੇ ਹੋਣ ਤਾਂ ਸ਼ਾਇਦ ਸੰਸਾਰ ਦੀ ਸੁੰਦਰਤਾ ਖ਼ਤਮ ਹੋ ਜਾਵੇ! ਦੁੱਖ ਅਤੇ ਦਰਦ ਦਾ ਹਿੰਮਤ ਨਾਲ ਸਾਹਮਣਾ ਕਰਨਾ ਹੀ ਮਨੁੱਖ ਦਾ ਫ਼ਰਜ਼ ਹੈ, ਕਿਉਂ ਨਰਿੰਦਰ?’’
ਮੈਂ ਸਮਝ ਗਿਆ ਕਿ ਡਾਕਟਰ ਸਾਹਿਬ ਮੈਨੂੰ ਧੀਰਜ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਮੈਂ ਉਨ੍ਹਾਂ ਦੀ ਹਾਂ ਵਿਚ ਹਾਂ ਮਿਲਾਈ।

ਡਾਕਟਰ ਸਾਹਿਬ ਇਕ ਮੈਗਜ਼ੀਨ ਦੇ ਪੰਨੇ ਪਲਟਦੇ ਹੋਏ ਪਿਤਾ ਜੀ ਨੂੰ ਕਹਿ ਰਹੇ ਸਨ, ‘‘ਵਿਗਿਆਨ ਨੇ ਕਿੰਨੀ ਤਰੱਕੀ ਕਰ ਲਈ ਹੈ! ਉਹ ਦਿਨ ਦੂਰ ਨਹੀਂ ਜਦੋਂ ਡਾਕਟਰੀ ਵਿਗਿਆਨ ਸੰਸਾਰ ਵਿਚ ਨਾ ਕੋਈ ਅੰਨ੍ਹਾ ਰਹਿਣ ਦੇਵੇਗਾ, ਨਾ ਲੂਲ੍ਹਾ-ਲੰਗੜਾ।’’ ਫਿਰ ਡਾਕਟਰ ਸਾਹਿਬ ਮੇਰੇ ਵੱਲ ਮੂੰਹ ਕਰਕੇ ਬੋਲੇ, ‘‘ਨਰਿੰਦਰ, ਜਿਵੇਂ ਤੇਰੀ ਦੁਰਘਟਨਾ ਹੋਈ, ਉਹੋ ਜਿਹੀ ਦੁਰਘਟਨਾ ਵਿਚ ਜੇ ਕਿਸੇ ਦੇ ਦੋਵੇਂ ਹੱਥ ਕੱਟੇ ਜਾਂਦੇ ਤਾਂ ਉਹ ਕੀ ਕਰਦਾ? ਧੀਰਜ ਹੀ ਤਾਂ ਕਰਦਾ, ਰੱਬ ਦੀ ਮਰਜ਼ੀ ਸਮਝ ਕੇ ਉਹਨੂੰ ਸਬਰ ਹੀ ਤਾਂ ਕਰਨਾ ਪੈਂਦਾ!’’
ਮੈਂ ਕੰਬ ਉੱਠਿਆ। ਮੈਂ ਆਪਣੇ ਹੱਥਾਂ ਵੱਲ ਵੇਖਿਆ, ਇਹ ਤਾਂ ਠੀਕ-ਠਾਕ ਹਨ। ਫਿਰ ਇਹ ਮੇਰੇ ਨਾਲ ਇਹੋ ਜਿਹੀਆਂ ਗੱਲਾਂ ਕਿਉਂ ਕਰ ਰਹੇ ਹਨ? ਪਿਤਾ ਜੀ ਮੇਰੇ ਨੇੜੇ ਆ ਗਏ ਸਨ। ਉਨ੍ਹਾਂ ਦਾ ਕੰਬਦਾ ਹੋਇਆ ਹੱਥ ਮੇਰੇ ਮੱਥੇ ਨੂੰ ਛੋਹ ਰਿਹਾ ਸੀ। ਡਾਕਟਰ ਸਾਹਿਬ ਮੇਰੇ ਹੋਰ ਨੇੜੇ ਆ ਗਏ। ਮੇਰੇ ਹੱਥ ਨੂੰ ਆਪਣੇ ਹੱਥ ਵਿਚ ਫੜ ਕੇ ਬੋਲੇ, ‘‘ਮੇਰੇ ਬੱਚਿਆ, ਸਬਰ ਤੋਂ ਕੰਮ ਲੈ! ਮੈਂ ਤੈਨੂੰ ਕਿਵੇਂ ਦੱਸਾਂ… ਕਿਵੇਂ ਦੱਸਾਂ ਕਿ… ਇਸ ਦੁਰਘਟਨਾ ਵਿਚ ਤੂੰ ਆਪਣੇ ਦੋਵੇਂ ਪੈਰ ਗੁਆ ਚੁੱਕਾ ਹੈਂ…।’’
ਹੈਂ…? ਮੈਨੂੰ ਲੱਗਿਆ ਕਿ ਮੇਰੇ ਮਨ-ਮਸਤਕ ਵਿਚ ਬੇਹੋਸ਼ੀ ਭਰਦੀ ਜਾ ਰਹੀ ਹੈ। ਇਕ ਪਲ ਵਿਚ ਮੇਰੀ ਸਾਰੀ ਚੇਤਨਾ ਸ਼ਕਤੀ ਮੇਰੇ ਪੈਰਾਂ ਵੱਲ ਦੌੜ ਗਈ। ਮੈਨੂੰ ਲੱਗਿਆ ਕਿ ਮੇਰੀ ਕਮਰ ਤੋਂ ਹੇਠਾਂ ਖਲਾਅ ਹੈ …ਡੂੰਘਾ ਖਲਾਅ ਅਤੇ ਮੈਂ ਉਸ ਵਿਚ ਧਸਦਾ ਜਾ ਰਿਹਾ ਹਾਂ।
ਮੈਂ ਡਾਕਟਰ ਨੂੰ ਚਾਦਰ ਪਰ੍ਹੇ ਕਰਨ ਨੂੰ ਕਿਹਾ। ਵੇਖਿਆ, ਸੱਜੀ ਲੱਤ ਸਫ਼ੈਦ ਪੱਟੀਆਂ ਨਾਲ ਢਕੀ ਹੋਈ ਹੈ… ਅਤੇ ਹੈ ਸਿਰਫ਼ ਪਿੰਜਣੀ ਤੱਕ ਹੀ। ਖੱਬੇ ਪਾਸੇ ਕੁਝ ਹੋਰ ਲੰਬੀ ਹੈ, ਸ਼ਾਇਦ ਇਹ ਗੋਡੇ ਕੋਲੋਂ ਕੱਟੀ ਹੈ। ਮੈਂ ਅਪਾਹਜ ਹੋ ਗਿਆ ਹਾਂ, ਮੇਰੇ ਦੋਵੇਂ ਪੈਰ ਕੱਟੇ ਗਏ ਹਨ।

ਮੈਂ ਸੋਚਦਾ ਰਿਹਾ, ਸੋਚਦਾ ਰਿਹਾ। ਇੰਜਨੀਅਰਿੰਗ ਦਾ ਮੇਰਾ ਆਖ਼ਰੀ ਸਾਲ ਹੈ। ਇਸ ਪਿੱਛੋਂ ਮੈਂ ਇੰਜਨੀਅਰ ਬਣਦਾ। ਪਰ ਹੁਣ ਕੀ ਹੋਵੇਗਾ? ਅਪਾਹਜ ਇੰਜਨੀਅਰ! ਸਭ ਸੁਆਹ ਹੋ ਗਿਆ। ਸਭ ਕੁਝ ਮਿਟਦਾ ਜਾ ਰਿਹਾ ਹੈ। ਜਗਦੀਪ ਨੇ ਦੋ-ਤਿੰਨ ਮੈਗਜ਼ੀਨ ਲਿਆ ਰੱਖੇ ਸਨ। ਮੈਂ ਉਨ੍ਹਾਂ ’ਚੋਂ ਇਕ ਚੁੱਕ ਲਿਆ। ਕੋਈ ਸਪੋਰਟਸ ਦਾ ਮੈਗਜ਼ੀਨ ਸੀ। ਉਸ ਵਿਚ ਬਹੁਤ ਸਾਰੀਆਂ ਤਸਵੀਰਾਂ ਸਨ। ਫੁੱਟਬਾਲ ਮੈਚ ਦੀਆਂ, ਹਾਕੀ ਦੀਆਂ, ਟੈਨਿਸ ਦੀਆਂ, ਦੌੜਾਂ ਦੀਆਂ। ਮੈਂ ਮੈਗਜ਼ੀਨ ਬੰਦ ਕਰਕੇ ਰੱਖ ਦਿੱਤਾ। ਮੈਂ ਉਹਨੂੰ ਹੋਰ ਨਹੀਂ ਵੇਖਿਆ, ਮੈਥੋਂ ਉਹ ਹੋਰ ਵੇਖਿਆ ਹੀ ਨਹੀਂ ਗਿਆ।
ਨਰਸ ਆਈ। ਮੇਰਾ ਸਿਰ ਚੁੱਕ ਕੇ ਮੂੰਹ ਵਿਚ ਦਵਾਈ ਪਾ ਗਈ। ਫਿਰ ਚਲੀ ਗਈ। ਉਹ ਕਿੰਨੀ ਚੁਸਤ ਹੈ ਜਿਵੇਂ ਮਸ਼ੀਨ ਹੋਵੇ! ਟੱਕ-ਟੱਕ ਕਰਕੇ ਤੁਰੀ ਜਾ ਰਹੀ ਹੈ। ਮੈਂ ਉਹਦੇ ਪੈਰਾਂ ਅਤੇ ਚਿੱਟੀਆਂ ਜੁਰਾਬਾਂ ਨਾਲ ਢਕੀਆਂ ਗੋਲ- ਗੋਲ ਪਿੰਜਣੀਆਂ ਨੂੰ ਵਿੰਹਦਾ ਰਿਹਾ, ਉਦੋਂ ਤੱਕ ਵਿੰਹਦਾ ਰਿਹਾ, ਜਦੋਂ ਤੱਕ ਉਹ ਦੂਜੇ ਮਰੀਜ਼ਾਂ ਦੇ ਮੰਜਿਆਂ ਓਹਲੇ ਛੁਪ ਨਾ ਗਈ।
ਡਾਕਟਰ ਮੈਨੂੰ ਟੀਕਾ ਲਾਉਣ ਆਇਆ। ਮੈਂ ਕਿਹਾ, ‘‘ਡਾਕਟਰ ਸਾਹਿਬ, ਕਿਉਂ ਟੀਕਾ ਖ਼ਰਾਬ ਕਰ ਰਹੇ ਹੋ? ਮੈਂ ਨਹੀਂ ਬਚਾਂਗਾ, ਮੈਂ ਬਚਣਾ ਨਹੀਂ ਚਾਹੁੰਦਾ।’’ ਡਾਕਟਰ ਨੇ ਮੇਰੇ ਵੱਲ ਵੇਖਿਆ। ਫਿਰ ਮੇਰੀ ਖੱਬੀ ਬਾਂਹ ਚੁੱਕ ਕੇ ਟੀਕਾ ਲਾ ਦਿੱਤਾ ਅਤੇ ਬੋਲਿਆ, ‘‘ਪਾਗਲ ਨਾ ਬਣ! ਜੀਵਨ ਦੇਣਾ-ਲੈਣਾ ਤਾਂ ਪਰਮਾਤਮਾ ਦੇ ਹੱਥ ਹੈ। ਜ਼ਰਾ ਹਿੰਮਤ ਤੋਂ ਕੰਮ ਲੈ।’’ ਮੈਂ ਮਨ ਹੀ ਮਨ ਮੁਸਕਰਾ ਪਿਆ।
ਸ਼ਾਮੀਂ ਸ਼ੀਲਾ ਮੇਰੇ ਸਿਰਹਾਣੇ ਆ ਬੈਠੀ। ਉਹਦੇ ਵਿਆਹ ਨੂੰ ਦੋ ਮਹੀਨੇ ਰਹਿ ਗਏ ਹਨ। ਉਹ ਬੋਲੀ, ‘‘ਵੀਰੇ, ਡਾਕਟਰ ਕਹਿੰਦਾ ਸੀ ਤੂੰ ਬੜੀਆਂ ਪਾਗਲਾਂ ਵਾਲੀਆਂ ਗੱਲਾਂ ਸੋਚਣ ਲੱਗ ਪਿਐਂ!’’
ਮੈਂ ਕਿਹਾ, ‘‘ਇਸ ਵਿਚ ਪਾਗਲਪਣ ਕੀ ਹੈ ਸ਼ੀਲਾ? ਮੇਰੇ ਜਿਊਂਦੇ ਰਹਿਣ ਦਾ ਹੁਣ ਫ਼ਾਇਦਾ ਵੀ ਕੀ ਹੈ? ਮੈਂ ਅਪਾਹਜ ਹੋ ਗਿਆ ਹਾਂ।’’
ਸ਼ੀਲਾ ਬੋਲੀ, ‘‘ਵੀਰੇ, ਫਿਰ ਅਜਿਹੀ ਗੱਲ ਕੀਤੀ ਤਾਂ ਤੈਥੋਂ ਪਹਿਲਾਂ ਮੈਂ ਜ਼ਹਿਰ ਖਾ ਕੇ ਮਰ ਜਾਵਾਂਗੀ।’’
ਮੈਂ ਕਿਹਾ, ‘‘ਹਟ ਕਮਲੀਏ!’’
ਪਿਤਾ ਜੀ ਮੇਰੇ ਕੋਲ ਆਏ। ਲੱਗਦਾ ਹੈ ਕਿ ਇਨ੍ਹਾਂ ਪੰਦਰਾਂ ਦਿਨਾਂ ਵਿਚ ਹੀ ਉਨ੍ਹਾਂ ਦੀ ਉਮਰ ਵੀਹ ਸਾਲ ਵਧ ਗਈ ਹੈ। ਕਹਿਣ ਲੱਗੇ, ‘‘ਨਰਿੰਦਰ, ਜੋ ਹੋਣਾ ਸੀ, ਉਹ ਤਾਂ ਹੋ ਗਿਆ ਬੇਟੇ! ਤੇਰੀਆਂ ਅਸਲੀ ਲੱਤਾਂ ਤਾਂ ਮੈਂ ਲਿਆ ਨਹੀਂ ਸਕਦਾ। ਪਰ ਜੋ ਕੁਝ ਇਸ ਸੰਸਾਰ ਵਿਚ ਮੌਜੂਦ ਹੈ, ਉਹ ਲਿਆਉਣ ਵਿਚ ਮੈਂ ਕੋਈ ਕਸਰ ਬਾਕੀ ਨਹੀਂ ਰਹਿਣ ਦਿਆਂਗਾ।’’

ਰਾਤ ਦੇ ਦੋ ਵੱਜੇ ਹਨ। ਜਗਦੀਪ ਨੇੜੇ ਕੁਰਸੀ ’ਤੇ ਬੈਠਾ-ਬੈਠਾ ਊਂਘ ਰਿਹਾ ਹੈ। ਇੱਕ-ਅੱਧਾ ਘੰਟਾ ਸੌਣ ਪਿੱਛੋਂ ਮੇਰੀ ਨੀਂਦ ਫਿਰ ਉਖੜ ਗਈ ਹੈ। ਬੜੀ ਬੇਚੈਨੀ ਜਿਹੀ ਹੋ ਰਹੀ ਹੈ। ਮੈਂ ਗੁਟਕਾ ਚੁੱਕਣ ਲਈ ਆਪਣਾ ਖੱਬਾ ਹੱਥ ਮੇਜ਼ ਵੱਲ ਵਧਾਇਆ। ਮੇਰੇ ਹੱਥ ਵਿਚ ਛੁਰੀ ਆ ਗਈ। ਫਲ ਕੱਟਣ ਵਾਲੀ ਛੁਰੀ। ਮੈਂ ਉਹਨੂੰ ਇਕ ਪਾਸੇ ਖਿਸਕਾ ਦਿੱਤਾ… ਅਚਾਨਕ ਇਕ ਖਿਆਲ ਆਇਆ। ਮੈਂ ਛੁਰੀ ਹੱਥ ਵਿਚ ਫੜ ਕੇ ਵਾਰਡ ਵੱਲ ਵੇਖਿਆ। ਉਸ ਪਾਸੇ ਪੂਰੀ ਤਰ੍ਹਾਂ ਸ਼ਾਂਤੀ ਪਸਰੀ ਹੋਈ ਹੈ। ਦੂਰ ਪਰ੍ਹੇ ਇਕ ਮੇਜ਼ ਕੋਲ ਕੁਝ ਨਰਸਾਂ ਬੈਠੀਆਂ ਹੌਲੀ-ਹੌਲੀ ਗੱਲਾਂ ਕਰ ਰਹੀਆਂ ਹਨ। ਕਿਉਂ ਨਾ ਆਪਣੀ ਖੇਡ ਖ਼ਤਮ ਕਰ ਲਵਾਂ! ਮੇਰੇ ਹੱਥ ਕੰਬਣ ਲੱਗੇ। ਇਸ ਤੋਂ ਚੰਗਾ ਮੌਕਾ ਹੋਰ ਕੀ ਹੋਵੇਗਾ? ਮੇਰੀ ਉਤੇਜਨਾ ਵਧਦੀ ਜਾ ਰਹੀ ਹੈ… ਖ਼ੁਦ ਨੂੰ ਖ਼ਤਮ ਕਰ ਦਿਆਂ… ਕਰ ਦਿਆਂ… ਕਰ ਦਿਆਂ…।
‘‘ਵੀਰੇ!’’ ਸ਼ਾਇਦ ਜਗਦੀਪ ਜਾਗ ਪਿਆ ਸੀ। ਮੇਰੇ ਹੱਥੋਂ ਛੁਰੀ ਲੈ ਕੇ ਉਹ ਬੋਲਿਆ, ‘‘ਸੇਬ ਖਾਵੇਂਗਾ!’’ ਮੈਂ ਕਿਹਾ, ‘‘ਹਾਂ।’’
‘‘ਤੂੰ ਮੈਨੂੰ ਜਗਾਇਆ ਕਿਉਂ ਨਹੀਂ?’’ ਕਹਿ ਕੇ ਉਹ ਸੇਬ ਛਿੱਲਣ ਲੱਗ ਪਿਆ।
ਨਰਸ ਆਈ। ਟੈਂਪਰੇਚਰ ਚੈੱਕ ਕੀਤਾ ਅਤੇ ਰਿਕਾਰਡ ਕਰਕੇ ਚਲੀ ਗਈ।
ਸ਼ੀਲਾ ਦਾ ਆਉਣਾ ਮੈਨੂੰ ਬਹੁਤ ਚੁਭਣ ਲੱਗ ਪਿਆ ਹੈ। ਉਹ ਸਾਰਾ-ਸਾਰਾ ਦਿਨ ਮੇਰੇ ਕੋਲ ਬੈਠੀ ਰਹਿੰਦੀ ਹੈ। ਰਾਤ ਨੂੰ ਜਗਦੀਪ ਤੋਂ ਬਿਨਾਂ ਹੋਰ ਕਿਸੇ ਨੂੰ ਹਸਪਤਾਲ ਵਿਚ ਰਹਿਣ ਦੀ ਇਜਾਜ਼ਤ ਨਹੀਂ ਹੈ। ਨਹੀਂ ਤਾਂ ਉਹ ਰਾਤ ਨੂੰ ਵੀ ਨਾ ਟਲੇ।
ਮੈਂ ਉਹਨੂੰ ਕਿਹਾ, ‘‘ਇਹ ਤੂੰ ਆਪਣੀ ਕੀ ਹਾਲਤ ਬਣਾਈ ਹੋਈ ਹੈ? ਇਉਂ ਤਾਂ ਤੂੰ ਕੁਝ ਦਿਨਾਂ ਵਿਚ ਹੀ ਬਿਮਾਰ ਹੋ ਜਾਵੇਂਗੀ।’’
‘‘ਮੈਂ ਮਰਨਾ ਚਾਹੁੰਦੀ ਹਾਂ।’’ ਉਹ ਬੜੀ ਸ਼ਾਂਤੀ ਨਾਲ ਬੋਲੀ।
‘‘ਕਿਉਂ?’’ ਮੈਂ ਹੈਰਾਨੀ ਨਾਲ ਪੁੱਛਿਆ।
‘‘ਕਿਉਂਕਿ ਤੂੰ ਜ਼ਿੰਦਾ ਰਹਿਣ ਦੀ ਗੱਲ ਨਹੀਂ ਸੋਚਦਾ।’’
ਮੈਨੂੰ ਗੁੱਸਾ ਆਇਆ। ਖਿੱਝ ਵੀ ਹੋਈ। ਬੋਲਿਆ, ‘‘ਜ਼ਿੱਦੀ ਤਾਂ ਤੂੰ ਬਚਪਨ ਤੋਂ ਹੀ ਹੈਂ।’’ ਮੈਨੂੰ ਹੋਰ ਖਿਝ ਹੋਈ। ਮੂੰਹ ਤੋਂ ਨਿਕਲਿਆ, ‘‘ਚੰਗਾ, ਜਾਹ, ਮਰ ਪਰ੍ਹਾਂ। ਮੈਨੂੰ ਕੀ?’’
ਉਹ ਪਿਆਰ ਨਾਲ ਬੋਲੀ, ‘‘ਵੀਰੇ, ਆਪਣੇ ਮਨ ’ਚੋਂ ਨਿਰਾਸ਼ਾ ਦੇ ਖ਼ਿਆਲ ਕੱਢ ਦੇ।’’
ਮੈਂ ਕਿਹਾ, ‘‘ਚੰਗਾ-ਚੰਗਾ, ਹੁਣ ਆਵਦੀ ਫਿਲਾਸਫ਼ੀ ਨਾ ਘੋਟ। ਪਤਾ ਹੈ, ਤੂੰ ਕਾਲਜ ਵਿਚ ਫਿਲਾਸਫ਼ੀ ਪੜ੍ਹਦੀ ਹੈਂ।’’ ਸ਼ੀਲਾ ਦੀਆਂ ਗੱਲਾਂ ਮੈਨੂੰ ਰਾਤੀਂ ਦੇਰ ਤੱਕ ਯਾਦ ਆਉਂਦੀਆਂ ਰਹੀਆਂ, ਮਨ ਵਿਚ ਮੋਹ ਦੀ ਭਾਵਨਾ ਵਧਦੀ ਗਈ।
ਡਾਕਟਰ ਨੇ ਮੈਨੂੰ ਦੱਸਿਆ, ਮੇਰੇ ਜ਼ਖ਼ਮ ਭਰ ਰਹੇ ਹਨ। ਕੁਝ ਦਿਨ ਹੋਰ ਹਸਪਤਾਲ ਵਿਚ ਰਹਿਣ ਪਿੱਛੋਂ ਮੈਂ ਨਕਲੀ ਲੱਤਾਂ ਲਵਾਉਣ ਲਈ ਪੂਣੇ ਚਲਾ ਜਾਵਾਂਗਾ। ਉਸ ਨੇ ਮੈਨੂੰ ਇਕ ਤਸਵੀਰ ਵੀ ਵਿਖਾਈ ਕਿ ਕਿਸੇ ਦੇਸ਼ ਵਿਚ ਨਕਲੀ ਲੱਤਾਂ ਲਵਾ ਕੇ ਇਕ ਆਦਮੀ ਹਾਕੀ ਖੇਡ ਰਿਹਾ ਹੈ। ਹੁਣ ਮੌਤ ਦੇ ਪਲ ਮੈਥੋਂ ਦੂਰ-ਦੂਰ ਹੁੰਦੇ ਜਾ ਰਹੇ ਹਨ ਅਤੇ ਜ਼ਿੰਦਗੀ ਦੀਆਂ ਅੱਖਾਂ ਮੇਰੇ ਨੇੜੇ-ਨੇੜੇ ਆਉਂਦੀਆਂ ਜਾ ਰਹੀਆਂ ਹਨ।

(ਹਿੰਦੀ ਕਹਾਣੀ ਦਾ ਪੰਜਾਬੀ ਰੂਪ: ਪ੍ਰੋ. ਨਵ ਸੰਗੀਤ ਸਿੰਘ)

ਪੰਜਾਬੀ ਕਹਾਣੀਆਂ (ਮੁੱਖ ਪੰਨਾ)