Mera Ujria Guandhi (Punjabi Story) : Santokh Singh Dhir

ਮੇਰਾ ਉਜੜਿਆ ਗੁਆਂਢੀ (ਕਹਾਣੀ) : ਸੰਤੋਖ ਸਿੰਘ ਧੀਰ

ਜਰਨੈਲੀ ਸੜਕ ਉਤੇ, ਚਾਰ ਮੀਲਾਂ ਵਿਚਕਾਰ, ਮਜ਼ਹਬ ਦੇ ਮਾਰਿਆਂ ਦਾ ਕਾਫ਼ਲਾ, ਨਵੇਂ ਵਤਨ ਨੂੰ ਜਾ ਰਿਹਾ ਸੀ।
ਮੈਂ ਕਿਤੋਂ ਬਾਹਰੋਂ, ਆਪਣੇ ਪਿੰਡ ਵੱਲ ਨੂੰ ਆ ਰਿਹਾ ਸੀ। ਮੇਰੀ ਮੰਜ਼ਲ ਤੋਂ ਕੋਈ ਦੋ ਕੁ ਮੀਲ ਉਰੇ ਕਾਫ਼ਲੇ ਦੇ ਅੱਧ ਵਿਚਾਲੇ ਸਾਡੀ ਲਾਰੀ ਦਾ ਕੁਝ ਵਿਗੜ ਗਿਆ। ਸਵਾਰੀਆਂ ਲਹਿ ਕੇ ਨਿਵਾਣ ਵਿਚ ਖਿੰਡ ਗਈਆਂ ਤੇ ਡਰਾਈਵਰ ਇੰਜਣ ਦਾ ਘੁੰਡ ਚੁੱਕ ਕੇ ਨੁਕਸ ਟੋਹਣ ਲੱਗਿਆ।
ਸੜਕ ਦੀ ਖੱਬੀ ਕੰਨੀ ਉਤੇ, ਸੁਸਤ ਚਾਲ ਵਿਚ, ਗੱਡੇ ਚੀਕ ਰਹੇ ਸਨ। ਜਿਵੇਂ ਬੋਦੇ ਪ੍ਹਈਏ ਧੁਰਾਂ ਉਤੇ ਮਜ਼ਬੂਰ ਘੁੰਮਦੇ ਹੋਣ। ਭੁੱਖੇ, ਹੌਂਕਦੇ ਬਲਦਾਂ ਦੀਆਂ ਲਿਫੀਆਂ ਧੌਣਾਂ ਉਤੇ ਟੱਬਰ-ਟੱਬਰ ਦਾ ਭਾਰ ਸੀ। ਬਲਦ ਬੀਮਾਰਾਂ ਵਾਂਗ ਤੁਰਦੇ ਸਨ। ਜਿਵੇਂ ਉਹਨਾਂ ਦੇ ਮੁਹਾਰਚੀਆਂ ਦੇ ਦਿਲ ਉਹਨਾਂ ਦੀ ਤੋਰ ਨਾਲ ਸਹਿਮਤ ਨਾ ਹੋਣ। ਇਕ ਰੁੱਖੀ ਧੂੜ ਬਲਦਾਂ ਦੀਆਂ ਪੈੜਾਂ ਵਿਚੋਂ ਉਡ ਕੇ ਹਵਾ ਦੀਆਂ ਲਹਿਰਾਂ ਨੂੰ ਚੰਬੜਦੀ ਚੁਫੇਰੇ ਫੈਲ ਰਹੀ ਸੀ।
ਬਲਦਾਂ ਦੇ ਗਲ ਘੰਗਰੂ ਨਹੀਂ ਸਨ, ਕਿਸੇ-ਕਿਸੇ ਗੱਡੇ ਉਤੇ ਕੋਈ ਬਲੂਰ ਵਿਲਕਦਾ ਸੀ।
ਗੱਡਿਆਂ ਉਤੋਂ ਲੋਥਾਂ ਵਰਗੇ ਭੁੱਖੇ ਪਿੰਜਰ ਬਿਟ ਬਿਟ ਝਾਕਦੇ ਸਨ। ਬੱਸ, ਉਹ ਚੁੱਪ-ਚਾਪ ਝਾਕੀ ਜਾਂਦੇ ਸਨ। ਉਹਨਾਂ ਦੇ ਪੀਲੇ ਚਿਹਰੇ ਧੂੜ ਨਾਲ ਖ਼ਾਕੀ ਬਣ ਗਏ। ਸੜੀ, ਤ੍ਰੈਹਕੀ ਜ਼ਿੰਦਗੀ ਉਤੇ ਮੱਖੀਆਂ ਭਿਣਕਦੀਆਂ, ਤੇ ਇਕ ਬਦਬੂ ਹਵਾ ਦੇ ਖੁਸ਼ਕ ਫ਼ਰਾਟਿਆਂ ਨਾਲ ਖ਼ਲਾਅ ਨੂੰ ਹੁਟ ਰਹੀ ਸੀ। ਮੈਂ ਚਾਹਿਆ ਉਜੜੇ ਜਾਂਦਿਆਂ ਨੂੰ, ਜਾਂਦੀ ਵਾਰ ਦਾ, ਨੇੜੇ ਹੋ ਕੇ ਦੇਖ ਲਵਾਂ।
ਦੋ ਉਲਾਂਘਾ, ਮੈਨੂੰ ਸੜਕ ਦੀ ਚਿੱਬ-ਖੜਿੱਬੀ ਸੱਜੀ ਕੰਨੀ ਉਤੇ ਲੈ ਗਈਆਂ, ਇਕਾ ਇਕ ਮੂਹਰਿਉਂ ਗੱਡੇ ਖੜੋਣੇ ਸ਼ੁਰੂ ਹੋ ਗਏ। ਸ਼ਾਇਦ ਕਾਫ਼ਲਾ ਰੋਕਿਆ ਗਿਆ ਸੀ।
ਮੈਂ ਸੁਰਮਈ ਸੜਕ ਉਤੇ ਹੋ ਗਿਆ, ਤੇ ਬਿੰਦ ਦੀ ਬਿੰਦ, ਇਕ ਇਕ ਗੱਡੇ ਨੂੰ ਤੱਕਦਾ, ਲੰਮੀ ਕਤਾਰ ਦੇ ਨਾਲੋ ਨਾਲ, ਹੌਲੀ ਹੌਲੀ ਤੁਰਨ ਲੱਗਿਆ।
ਕਿਸੇ ਕਿਸੇ ਗੱਡੇ ਉਤੋਂ ਜਦ ਕੋਈ ਉਦਾਸ ਅੱਖਾਂ ਕਿਤੇ ਮੇਰੇ ਵੱਲ ਝਮਕ ਪੈਂਦੀਆਂ, ਤਾਂ ਉਹ ਝੱਟ ਮੈਨੂੰ ਦੇਖਣੋਂ ਟਲ ਜਾਂਦੀਆਂ। ਹਰ ਗਾਡੀਆ ਮੇਰੀ ਸ਼ਕਲ ਤੋਂ ਇਕ ਵਾਰ ਦੜ ਜਾਂਦਾ-ਜਿਵੇਂ ਉਹਨਾਂ ਨੂੰ ਮੇਰੀਆਂ ਅੱਖਾਂ ਵਿਚ ਬਰਛੇ ਚਮਕਦੇ ਦਿਸਦੇ ਹੋਣ- ਮੈਂ ਸੁਰਮਈ ਸੜਕ ਤੋਂ ਹਟ ਕੇ ਮੁੜ ਕੱਚੀ ਪਟੜੀ ਉਤੇ ਹੋ ਗਿਆ।
ਕੋਈ ਤਿੰਨ ਗੱਡਿਆਂ ਪਿਛੋਂ ਅਚਾਨਕ ਇਕ ਗਾਡੀਏ ਨੇ ਮੇਰੇ ਵੱਲ ਤੱਕਿਆ। ਉਹਦੀਆਂ ਨਜ਼ਰਾਂ ਟਲਦੀਆਂ-ਟਲਦੀਆਂ ਮੁੜ ਕਰਾਰ ਫੜ ਗਈਆਂ। ਉਸ ਫੇਰ ਤੱਕਿਆ ਤੇ ਪਲ ਦੀ ਪਲ ਉਹਦੇ ਚਿਹਰੇ ਉਤੇ ਭਾਗ ਜਿਹਾ ਫਿਰ ਆਇਆ। ਉਹਦੀਆਂ ਅੱਖਾਂ ਵਿਚ ਲਿਸ਼ਕ ਆਈ, ਜਿਹੜੀ ਕਿ ਕਾਫ਼ਲੇ ਵਿਚ ਬਿਲਕੁਲ ਅਣਹੋਣੀ ਹੋ ਸਕਦੀ ਸੀ।
ਗਾਡੀ ਨੇ ਠੋਡ ਉਤੇ ਪੱਬ ਧਰਿਆ ਤੇ ਇਕ ਛਲਾਂਗ ਨਾਲ ਗੱਡਿਓਂ ਲਹਿ ਕੇ ਮੇਰੇ ਵੱਲ ਨੂੰ ਵਧਿਆ-ਜਿਵੇਂ ਉਹਦੀ ਛਾਤੀ ਵਿਚ ਕੋਈ ਗੋਲਾ ਫਟ ਗਿਆ ਹੋਵੇ-ਉਹਦੀਆਂ ਅੱਖਾਂ ਉਤੇ ਮਾਸ ਕੰਬਿਆ ਤੇ ਉਹਦੀ ਭੱਬ ਨਿਕਲ ਗਈ।
''ਓ ਹੋ.. ਦੁਲਿਆ! ਬੜਾ ਮਾੜਾ ਹੋ ਗਿਐਂ ਯਾਰ! ਡੱਕੇ ਵਰਗਾ। ਪਛਾਣਿਆ ਵੀ ਨਹੀਂ ਗਿਆ।'' ਮੈਂ ਉਹਨੂੰ ਦੇਖ ਕੇ ਆਖਿਆ।
ਦੁੱਲ੍ਹੇ ਦੀ ਭੁੱਬ ਨੇ ਗੱਡੇ ਉਤੇ ਨਿੱਸਲ ਪਈ ਲਟਕਦੀ, ਬੇਸੁਰਤ ਜ਼ੈਨਬ ਦੇ ਕਾਲਜੇ ਉਤੇ ਧੱਕ ਮਾਰਿਆ। ਪਿਓ ਦਾ ਰੋਣ ਸੁਣ ਕੇ ਧੀਆਂ ਕਬਰਾਂ ਵਿਚੋਂ ਜਾਗ ਪੈਂਦੀਆਂ ਹਨ।
''ਬਾਈ...... ਤੂੰ....... ਉਰੇ ....... ਆ.....ਜਾ.......!'' ਜ਼ੈਨਬ ਨੇ ਮਰੀ ਹੋਈ ਆਵਾਜ਼ ਵਿਚ ਆਖਿਆ। ਉਹਦੀਆਂ ਆਂਦਰਾਂ ਨੂੰ ਜਿਵੇਂ ਸੁੰਨ ਚੜ੍ਹਦਾ ਸੀ। ਉਸ ਨੇ ਮੈਨੂੰ ਪਛਾਣਿਆ ਨਹੀਂ ਸੀ, ਤੇ ਗੱਡੇ ਤੋਂ ਦੂਰ ਹੁੰਦੇ ਪਿਓ ਨੂੰ ਮੌਤ ਦੀਆਂ ਦਾੜ੍ਹਾਂ ਵਿਚ ਜਾਂਦਾ ਸਮਝਦੀ ਸੀ।
''ਦੁਲ੍ਹਿਆ! ਬਸ ਵੀਰ, ਹੁਣ ਆਪਾਂ ਕੋਈ ਗੱਲ ਕਰੀਏ।'' ਮੈਂ ਦੁੱਲ੍ਹੇ ਨੂੰ ਵਿਰਾਉਣ ਲਈ ਮੋਢਿਓਂ ਫੜ ਕੇ ਜ਼ਰਾ ਜਿੰਨਾ ਝੂਣਿਆ। ਉਹਦੀ ਵੀਣੀ ਹੰਝੂਆਂ ਨਾਲ ਤਰ ਹੋ ਗਈ ਸੀ। ਉਹਨੇ ਟੁੱਟਵੇਂ ਹੌਕੇ ਲੈਂਦਿਆਂ, ਝੱਗੇ ਦੇ ਮੈਲੇ ਪੱਲੇ ਨਾਲ ਨੱਕ ਤੇ ਅੱਖਾਂ ਪੂੰਝੀਆਂ। ਰੋ ਕੇ ਹੰਭੀਆਂ, ਲਾਲ ਪੀਂਜੂ ਅੱਖਾਂ ਨਾਲ ਮੇਰੇ ਵਲ ਹੌਲਾ ਜਿਹਾ ਹੋ ਕੇ ਤੱਕਿਆ ਤੇ ਇਕ ਨਿਮ੍ਹੇ ਹੁਲਾਸ ਵਿਚ, ਹੌਲੀ ਜੇਹੀ ਧੌਣ ਫੇਰ ਕੇ, ਆਪਣੀ ਧੀ ਨੂੰ ਆਖਿਆ :
''ਪੁਤ, ਜ਼ੈਨਬੇ, ਗੁਰਬਚਨ ਸਿਉਂ ਖੜਾ ਏ-ਆਪਣਾ ਪੜੌਸੀ- ਮਿਲ ਲੈ.....'' ਉਹਦੀਆਂ ਢਿੱਲੀਆਂ ਬਾਂਹਵਾਂ ਨੇ ਢਾਕਾਂ ਉਤੇ ਆਸਰਾ ਲੈ ਕੇ ਕੂਹਣੀਆਂ ਕੱਢ ਲਈਆਂ ਤੇ ਉਹਦੇ ਲੱਕ ਉਤੇ ਟੁੰਗੇ, ਅਧੀਆ ਤੰਬੇ ਦੀ ਇਕ ਝੋਲ ਖੱਚਾਂ ਉਤੇ ਫੁਲ੍ਹਕਦੀ ਸੀ।
ਮੇਰਾ ਨਾਓਂ ਸੁਣ ਕੇ ਜ਼ੈਨਬ ਦੇ ਵੈਣ ਫੁਟ ਪਏ। ਉਹ ਦੀਆਂ ਵੱਖੀਆਂ ਵਿਚ ਸਾਹ ਖਿੱਚਣ ਜੋਗਾ ਵੀ ਸਤ ਨਹੀਂ ਸੀ, ਪਰ ਰੋਣ ਲਈ ਜਿਵੇਂ ਉਹਦੇ ਵਿਚ ਉਚੇਚਾ ਜ਼ੋਰ ਆ ਗਿਆ ਹੋਵੇ। ਉਹਦੇ ਕੀਰਨਿਆਂ ਨੇ ਬਲਦਾਂ ਦੀਆਂ ਅੱਖਾਂ ਵਿਚੋਂ ਘਰਾਲਾਂ ਵਗਾ ਘੱਤੀਆਂ।
ਦੁੱਲ੍ਹਾ ਸਾਡੇ ਪਿੰਡ ਦਾ ਕਹਿੰਦਾ-ਕਹੌਂਦਾ ਰਾਠ ਗੁੱਜਰ ਸੀ। ਵੀਹ-ਵੀਹ ਕੋਹਾਂ ਤੱਕ ਉਹਦੀ ਧਾਂਕ ਸੀ। ਸਾਰੇ ਪਿੰਡ ਦਾ ਚੌਣਾ ਉਹੀ ਚਾਰਦਾ ਹੁੰਦਾ ਸੀ, ਤੇ ਨਾਲੇ ਉਹ ਬੱਕਰੀਆਂ ਦਾ ਆਪਣਾ ਇੱਜੜ ਵੱਖ ਪਾਲਦਾ ਸੀ। ਉਹਦੀ ਸਪੁਰਦਗੀ ਵਿਚ ਕਦੇ ਇਹ ਨਹੀਂ ਸੀ ਹੋਇਆ ਸਾਡੇ ਪਿੰਡ ਦਾ ਕੋਈ ਡੰਗਰ-ਖੇਤ ਵਿਚ ਵੜ ਜਾਣ ਤੋਂ-ਕਿਸੇ ਦੂਜੇ ਪਿੰਡ ਨੇ ਫਾਟਕ ਦੇ ਲਿਆ ਹੋਵੇ।
ਇਕੋ ਵੀਹੀ ਵਿਚ ਘਰ ਹੋਣ ਕਰਕੇ ਸਾਡਾ ਤਾਂ ਉਹ ਖਾਸ ਕਰ ਗੁਆਂਢੀ ਸੀ। ਵਡਾਰੂਆਂ ਤੋਂ ਲੈ ਕੇ ਉਹਨਾਂ ਨਾਲ ਸਾਡਾ ਵਾਹ ਚੱਲਿਆ ਆਇਆ ਸੀ।
ਸਾਡੇ ਪਿਛੋਕੜ, ਪਸ਼ੂਆਂ ਦੇ ਵਾੜੇ ਨਾਲ ਹੀ, ਉਹਦੀਆਂ ਬੱਕਰੀਆਂ ਦਾ ਵਾੜਾ ਸੀ। ਮੇਰਾ ਪਿਉ ਦੱਸਦਾ ਹੁੰਦਾ ਹੈ ਕਿ ਦੁਲ੍ਹੇ ਦੇ ਤਾਏ ਸੁਲੇਮਾਨ ਨੇ ਉਹਨੂੰ ਇਕ ਵਾਰ ਭਰੋਸਾ ਦਿੱਤਾ ਸੀ :
''ਸਾਉਣ ਸਿਆਂ, ਤੇਰਾ-ਸਾਡਾ ਮਾਲ ਕੋਈ ਦੋ ਤਾਂ ਨ੍ਹੀ, ਤੂੰ ਸੌਂ ਰਿਹਾ ਕਰ ਘਰੇ, ਬੇ-ਫਿਕਰ ਹੋ ਕੇ, ਅਸੀਂ ਕੋਈ ਥੱਕਦੇ ਨ੍ਹੀ ਤੇਰੇ ਡੰਗਰ ਸਾਂਭਦੇ।'' ਉਦੋਂ ਤੋਂ ਹੀ ਅਸੀਂ ਕਦੇ ਆਪਣੇ ਲਵੇਰਿਆਂ ਪਾਸ ਮੰਜਾ ਨਹੀਂ ਸੀ ਡਾਹਿਆ।
ਜ਼ੈਨਬ, ਮੇਰੀਆਂ ਭੈਣਾਂ ਦੀ ਗੂਹੜੀ ਸਹੇਲੀ ਸੀ। ਉਹਨਾਂ ਜਦੋਂ ਰਲ ਕੇ ਤ੍ਰਿੰਝਣੀਂ ਬੈਠਣਾ ਤਾਂ ਪਹਿਰ ਦੇ ਤੜਕੇ ਤੀਕ ਛੋਪ ਪਾਉਂਦੇ ਰਹਿਣਾ। ਇਕੱਠੀਆਂ ਤੀਆਂ ਗਾਉਣੀਆਂ, ਪੀਘਾਂ ਝੂਟਣੀਆਂ। ਇਹਨਾਂ ਦੀ ਸੂਆ ਬਹੱਤਰੀ ਇਕ ਹੁੰਦੀ ਸੀ। ਰਲ ਕੇ ਉਹ ਬੜੇ ਸੁਹਣੇ ਫੁਲਹਿਰੇ-ਬੋਈਏ-ਗੁੰਦਦੀਆਂ ਸਨ। ਸਾਡੀਆਂ ਡੱਬ-ਖੜੱਬੀਆਂ ਦਰੀਆਂ ਉਹਨਾਂ ਦੀਆਂ ਸਾਂਝੀਆਂ ਰੀਝਾਂ ਦੀਆਂ ਰੰਗਲੀਆਂ ਮੂਰਤਾਂ ਸਨ। ਜ਼ੈਨਬ ਦਾ ਦਾਜ ਮੇਰੀਆਂ ਭੈਣਾਂ ਨੇ ਰਲ ਕੇ ਤਿਆਰ ਕਰਵਾਇਆ ਸੀ, ਤੇ ਹੁਣ ਜ਼ੈਨਬ ਮੇਰੀਆਂ ਭੈਣਾਂ ਦਾ ਦਾਜ ਨਾਲ ਲੱਗ ਕੇ ਬਣਵਾ ਰਹੀ ਸੀ।
ਜ਼ੈਨਬ, ਬਿਲਕੁਲ ਮੈਨੂੰ ਆਪਣੀ ਸਕੀ ਭੈਣ ਜਾਪਦੀ ਸੀ। ਉਹਨੇ 'ਬੀਰ' ਤੋਂ ਬਿਨਾਂ ਮੈਨੂੰ ਕਦੇ ਮੂੰਹ ਨਹੀਂ ਸੀ ਖੋਲ੍ਹਿਆ। ਜੇ ਕਦੇ ਉਹ ਮੇਰੀ ਕਿਸੇ ਭੈਣ ਨਾਲ ਝਾਟਮ-ਝੀਟੀ ਹੋ ਪੈਂਦੀ ਤਾਂ ਮੈਥੋਂ ਨਿਰਣਾ ਨਹੀਂ ਸੀ ਹੋ ਸਕਦਾ ਕਿਸ ਦਾ ਕਸੂਰ ਕੱਢਾਂ-ਕਿਸ ਨੂੰ ਘੂਰਾਂ।
ਜਦ ਉਹ ਡੋਲੀ ਪੈਣ ਲੱਗੀ ਸੀ, ਉਹਨਾਂ ਦੀਆਂ ਮੇਲਣਾਂ ਨਾਲ ਮੇਰੀਆਂ ਭੈਣਾਂ ਨੇ ਵੀ ਰੋ-ਰੋ ਕੇ ਹੋਰੇ ਲਾਏ ਸਨ। ਭਾਵੇਂ ਉਹਨਾਂ ਦੀਆਂ ਛੀਟਾਂ-ਪਹਿਰੀਆਂ ਤੇ ਚਾਂਦੀ-ਮੜ੍ਹੀਆਂ ਮੇਲਣਾਂ ਵਿਚ ਮੇਰੀਆਂ ਸਾਦੀਆਂ ਭੈਣਾਂ ਓਪਰੀਆਂ ਲੱਗਦੀਆਂ ਸਨ, ਪਰ ਮੈਂ ਰੂਹਾਂ ਵਿਚੋਂ ਫੁੱਟੇ ਦਰਦੀਲੇ ਹੇਰਿਆਂ ਵਿਚੋਂ ਆਪਣੀਆਂ ਭੈਣਾਂ ਦਾ ਬੋਲ ਪਛਾਣ ਨਹੀਂ ਸੀ ਸਕਿਆ।
ਉਹਦੇ ਵੀਰ ਅਤੇ ਪਿਉ ਨੇ ਆਪਣੀਆਂ ਨਿਮਾਣੀਆਂ ਪੱਗਾਂ ਦੇ, ਕੰਨਾਂ ਉਤੋਂ ਲਮਕਦੇ, ਗਰੀਬ ਲੜਾਂ ਨਾਲ ਅੱਖੀਆਂ ਪੂੰਝੀਆਂ ਸਨ। ਉਹ ਭਾਵੇਂ ਰਾਠ ਸਨ, ਪਰ ਧੀਆਂ ਨੂੰ ਤੋਰਨ ਵੇਲੇ ਬੜੇ ਬੜੇ ਖੱਬੀ-ਖਾਨ ਵੀ ਤਾਂ ਮੁੱਚ ਕੇ ਗਰੀਬ ਹੋ ਜਾਂਦੇ ਹਨ। ਜ਼ੈਨਬ, ਆਪਣੇ ਮਾਮੇ ਦੇ ਕਲਾਵੇ ਵਿਚ, ਉਹਦੇ ਗਲ ਨੂੰ ਚੰਬੜੀ, ਇਕ ਅਜੀਬ, ਕੰਬਦੀ ਲੈਅ ਵਿਚ, ''ਊਂ... ਊਂ...'' ਕਰ ਕੇ ਰੋ ਰਹੀ ਸੀ। ਇਸ ਲੈਅ ਨਾਲ ਜੀਵਨ ਵਿਚ ਤੀਵੀਂ ਸ਼ਾਇਦ ਇਕੋ ਵਾਰ ਰੋਂਦੀ ਹੋਵੇ। ਉਹ ਦੇ ਰੋਣ ਦੀ ਥਰਕਦੀ ਲੈਅ ਵਿਚ ਮੇਰਾ ਦਿਲ ਘੁਲਦਾ ਜਾ ਰਿਹਾ ਸੀ; ਜਿਵੇਂ ਮੇਲ੍ਹਦੀਆਂ ਲਹਿਰਾਂ ਦੇ ਛੂਹਣ ਨਾਲ ਦਰਿਆ ਦੇ ਕੰਢੇ ਖੁਰ ਜਾਂਦੇ ਹਨ। ਦੋ ਹੰਝੂ ਮੇਰੀਆਂ ਵੀ ਝਿੰਮਣੀਆਂ ਵਿਚੋਂ ਨੁੱਚੜ ਕੇ ਗੋਲ-ਕਣੀਆਂ ਬਣ ਗਏ ਸਨ।
ਉਹੀ ਜ਼ੈਨਬ ਮੈਨੂੰ ਓਪਰਾ ਕਰ ਰਹੀ ਸੀ, ਜਿਵੇਂ ਉਹਦੇ ਦਿਲ ਵਿਚੋਂ ਵਿਸਾਹ ਉਡ ਗਿਆ ਹੋਵੇ। ਉਹਦੇ ਅੰਦਰ ਕੋਈ ਪਾਲਾ ਜਾਪਦਾ ਸੀ :
''ਵੀਰ! ਵੀਰ! ਕਰਦੀਆਂ ਕਿਹੜਾ ਵੱਢੀਆਂ ਨਹੀਂ ਗਈਆਂ.......।''
ਹਿੱਕ ਮੇਰੀ ਵਿਚਕਾਰ ਵੀ ਛੁਰੀਆਂ ਚਲ ਰਹੀਆਂ ਸਨ.... ''ਭੈਣ ਨੂੰ ਅੱਜ ਵੀਰ ਦਾ ਭਰੋਸਾ ਨਹੀਂ ਰਿਹਾ।' ... ਉਸੇ ਜ਼ੈਨਬ ਦਾ ਅੰਦਰ ਅੱਜ ਮੇਰੇ ਪਰਛਾਵੇਂ ਤੋਂ ਕੰਬਦਾ ਸੀ, ਜਿਹੜੀ ਵਿਆਹੁਲੀ ਮੁੜ ਕੇ ਆਈ ਮੈਨੂੰ ਇਸ ਤਰ੍ਹਾਂ ਗਲਵਕੜੀ ਪਾ ਕੇ ਚੰਬੜੀ ਸੀ, ਜਿਵੇਂ ਆਪਣੇ ਵੀਰ ਜ਼ਮਾਲੇ ਨੂੰ।
''ਚੰਗਾ, ਗੁਰਬਚਨ ਸਿਆਂ! ਤੂੰ ਮਿਲ ਗਿਆਂ-ਅਖ਼ੀਰੀ ਮੇਲੇ....!'' ਦੁੱਲ੍ਹੇ ਨੇ ਸੰਘ ਵਿਚ ਰੁਕੇ ਗੁਬਾਰ ਦਾ ਘੁੱਟ ਭਰਿਆ। ਮਸੀਂ ਰਾਹ ਲੱਭ ਕੇ ਤਿੰਘੜਦੇ ਹੋਏ, ਉਹਦੇ ਅੰਦਰੋਂ ਬੋਲ ਆਇਆ।
''ਸਮੇਂ ਦਾ ਗੇੜ ਐ! ਦੁੱਲ੍ਹਿਆ! ਕੋਈ ਵਾ ਈ ਚੰਦਰੀ ਵਗ ਗਈ। ਚੰਗੇ ਭਲੇ ਆਦਮੀ ਪਸ਼ੂ ਬਣ ਗਏ।''
''ਅੱਲ੍ਹਾ ਜਾਣਦੈ ਬਚਨ ਸਿਆਂ! ਅਸੀਂ ਤਾਂ ਕਿਸੇ ਦਾ ਕੁਛ ਨਹੀਂ ਸੀ ਵਿਗਾੜਿਆ-ਬੇਦੋਸ਼ਿਆਂ ਨੇ।''
ਦੁੱਲ੍ਹੇ ਦੀਆਂ ਖੂੰਜਿਆਂ ਕੋਲੋਂ ਹੇਠਾਂ ਨੂੰ ਲਮਕੀਆਂ ਹੋਈਆਂ ਢਿੱਲੀਆਂ ਬਰੀਕ ਮੁੱਛਾਂ ਕੰਬ ਗਈਆਂ ਤੇ ਉਹਦੀ ਦਾੜ੍ਹੀ ਦੇ ਵਾਲ ਬੁਰਸ਼ ਵਾਂਗ ਆਕੜੇ ਖੜੇ ਸਨ, ਜਿਨ੍ਹਾਂ ਵਿਚੋਂ ਅੱਟੀ ਹੋਈ ਧੂੜ ਦੀ ਘਸਮੈਲ ਝਾਕਦੀ ਸੀ। ''ਸੱਚ! ਨੂਰਾਂ, ਜੀਨਾਂ, ਕੈਮੀ, ਤੇ ਉਹ ਛੋਟੀ ਮੁੰਨੀ ਫ਼ਾਂਤਾਂ ਨਹੀਂ ਦਿਸੇ।''
''ਸਭ ਨੂੰ ਆਪੋ ਆਪਣੀ ਪੈ ਗਈ। ਭਾਜੜ ਵਿਚ ਨਿਆਣਿਆਂ ਨੂੰ ਕੀਹਨੇਂ ਸਾਂਭਿਐ। ਪੀਰੂ ਡੂਮ ਦੇ ਪੁੱਤ ਨਜ਼ੀਰ ਨੇ ਦੱਸਿਐ ਕਿ ਉਹ ਗੋਰੇ ਦੀਆਂ ਚਰਾਂਦਾਂ ਵਿਚ ਥੇਹ ਕੋਲ ਪਾੜੇ ਗਏ, ਜਿਥੋਂ ਉਹ ਲਾਲ ਡੀਕਰੀਆਂ ਚੁਗ ਕੇ ਟੋਭੇ ਵਿਚ ਕੁਤਰੀ ਚਲਾਉਂਦੇ ਹੁੰਦੇ ਸੀ।'' ਦੁਲੇ ਦੀਆਂ ਆਂਦਰਾਂ ਨੇ ਜਿਵੇਂ ਕੋਈ ਚੁੱਪ ਰੋਣ ਝੋਅ ਦਿੱਤਾ ਹੋਵੇ। ਉਹਦੇ ਮਿਚੇ-ਮਿਚਾਏ ਬੁੱਲ੍ਹ ਅਤੇ ਠੋਡੀ ਉਤੇ ਗਮ ਕੰਬ ਗਿਆ, ''ਮੈਂ ਜੈਨਬ ਤੇ ਔਹ ਗ਼ਾਮ ਦਾ ਛੋਟਾ ਜਾਤਕ ਹਸਨਾ ਚਾਰ ਦਿਨ, ਚਾਰ ਰਾਤਾਂ ਇੱਖ ਵਿਚ ਲੁਕੇ ਰਹੇ, ਤੇ ਇਕ ਰਾਤ ਜਦ ਅੰਬਰਾਂ ਉਤੋਂ ਧਰਤੀ ਉਤੇ ਹਨੇਰ ਕਿਰ ਗਿਆ, ਦਾਅ ਲਾ ਕੇ ਰੌਜ਼ੀ ਜਾ ਲੁਕੇ, ਤਾਂ ਜਾਨ ਬਚੀ।''
'ਖੈਰ, ਚੰਗਾ ਦੁੱਲਿਆ, ਤੇਰੀ ਜਾਨ ਬਚ ਗਈ। ਸਭ ਕੁਛ ਮੁੜ ਕੇ ਸਿੰਵਰ ਜੂ।''
''ਅੱਛਾ, ਸ਼ੁਕਰ ਐ ਉਸ ਮਾਲਕ ਦਾ...'' ਦੁੱਲ੍ਹੇ ਨੇ ਅਸਮਾਨ ਵੱਲ ਨੂੰ ਅਦਬ ਦੀ ਸੈਨਤ ਕਰਕੇ ਆਖਿਆ। ਦੂਰ ਉਚੀ ਸਾਰੇ ਕਾਵਾਂ ਦੀ ਡਾਰ ਉਡਦੀ ਸਾਡੇ ਪਿੰਡ ਵੱਲ ਨੂੰ ਜਾ ਰਹੀ ਸੀ। ਦੁੱਲ੍ਹੇ ਦੀਆਂ ਅੱਖਾਂ ਵਿਚ ਰੀਸ ਦਾ ਲਾਲਚ ਆਇਆ-''ਜੇ ਮੈਂ ਕਿਵੇਂ ਕਾਂ ਬਣ ਜਾਵਾਂ.... ਜਾਂਦੀ ਵਾਰੀ ਆਪਣੇ ਪਿੰਡ ਦੇ ਬਨੇਰਿਆਂ ਤੋਂ ਰੱਜ ਕੇ ਉਡ ਆਵਾਂ....। ਮੇਰੀ ਜਾਨ ਨੂੰ ਕੋਈਂ ਧੋਖਾ ਨਹੀਂ ਹੋਵੇਗਾ। ਮੇਰਾ ਕਿਹੜਾ ਕੋਈ ਮਜ਼੍ਹਬ ਹੋਣਾ ਏਂ...!''
ਡਾਰ ਦੂਰ ਲੰਘ ਗਈ, ਜਿਉਂ ਕਾਵਾਂ ਦਾ ਮੱਛਰ ਬਣ ਗਿਆ ਹੋਵੇ। ਦੁੱਲ੍ਹੇ ਨੇ ਡਾਰ ਦੀ ਦੂਰੀ ਜਿੰਨਾ ਲੰਮਾਂ ਹੌਂਕਾ ਸੂਤਿਆ।
''ਪੁੱਤ, ਜ਼ੈਨਬੇ! ਕਰ ਲੈ ਕੋਈ ਗੱਲ ਤੂੰ ਵੀ-ਬੀਰ ਖੜੈ।'' ਦੁੱਲ੍ਹੇ ਨੇ ਕੁੜੀ ਉਤੇ ਤਰਸ-ਲਾਡ ਨਾਲ ਝਾਕਦਿਆਂ ਕਿਹਾ।
ਜ਼ੈਨਬ ਦੇ ਕੀਰਨੇ ਹੁਣ ਟੁੱਟਵੇਂ ਡੁਸਕਾਰੇ ਬਣ ਗਏ। ਉਹਨੇ ਰੋ-ਰੋ ਕੇ ਲਹੂਰ ਕਰ ਲਏ ਸਨ। ਉਹਦੀਆਂ ਫਾਵੇ ਹੋਈਆਂ ਚੁੰਨ੍ਹੀਆਂ ਅੱਖਾਂ ਪਾਣੀ ਵਿਚ ਡੁੱਬੀਆਂ ਸੂਹੀਆਂ ਮੱਛੀਆਂ ਵਾਂਗ ਲਗਦੀਆਂ।
ਉਹਨੇ ਘਿੱਗੀ ਖੋਲ੍ਹੀ :
''ਬੀਰ ਤੂੰ ਸਾਨੂੰ ਅਜੇ ਵੀ ਰੱਖ ਲੈ... ਅਸੀਂ ਤੇਰੇ ਧਰਮ 'ਚ ਆ ਜਾਨੇ ਆਂ...''
''ਭੈਣ, ਮੇਰਾ ਧਰਮ ਅੱਜ ਕੋਈ ਨ੍ਹੀਂ। ਜੇ ਮੇਰਾ ਧਰਮ ਹੁੰਦਾ ਤਾਂ ਮੇਰੇ ਸਾਹਮਣੇ ਤੁਸੀਂ ਉਜੜਦੇ ਨਾ।''
''ਬੀਰ..... ਚੰਗਾ।'' ਜ਼ੈਨਬੇ ਨੇ ਪਲ ਦੀ ਮੇਰੇ ਵੱਲ ਅੱਖਾਂ ਪਾੜ ਕੇ ਤੱਕਿਆ, ਜਿਵੇਂ ਉਹ ਹਨ੍ਹੇਰੇ ਵਿਚੋਂ ਕੋਈ ਔਟਲੀ ਕਿਰਨ ਤਲਾਸ਼ਦੀ ਹੋਵੇ। ਪਰ ਝੱਟ ਹੀ ਉਹਦੀਆਂ ਅੱਧ ਬੁਝੀਆਂ ਅੱਖਾਂ ਉਤੇ ਧੂੜ-ਧੌਲੀਆਂ ਭਿੱਫਣਾਂ ਲਹਿ ਗਈਆਂ। ਉਹਦੇ ਦਿਲ ਤੇ ਇਕ ਚੀਘ ਪੈ ਗਈ। ਉਹਨੇ ਮਹਿਸੂਸ ਕੀਤਾ : ''ਭੈਣ ਨੂੰ ਘਰ ਵੱਲ ਔਦਿਆਂ ਦੇਖ ਕੇ ਨਮੋਹੇ ਵੀਰ ਨੇ ਦਰ ਭੇੜ ਲਈ।''
''ਚੰਗਾ ਬਚਨ ਸਿਆਂ, ਪਿੰਡ ਦੇ ਦਰਵਾਜ਼ੇ ਨੂੰ ਮੇਰਾ ਸਲਾਮ ਕਹੀਂ। ਤੇ ਮੀਂਹ ਕਣੀ ਵਿਚ ਸਾਡੇ ਕੋਠੇ ਦੀ ਸੋਗ੍ਹਮੀ ਰੱਖੀਂ। ਕੋਈ ਵਿਰਲ ਚੋਆ ਨਾ ਖੁੱਲ੍ਹ ਜਾਵੇ। ਮੇਰੇ ਪੜਦਾਦੇ ਦੇ ਵਖਤਾਂ ਤੋਂ ਉਹਦੀ ਛੱਤ ਸਾਨੂੰ ਓਟ ਕਰਦੀ ਆਈ ਐ। ਸੁੰਨੇ ਘਰਾਂ ਦੇ ਲਿਉੜ ਲਹਿ-ਲਹਿ ਕੇ ਖੋਲੇ ਬਣ ਜਾਂਦੇ ਨੇ।''
''ਤੇਰੇ ਕੋਠੇ ਦੀ....।'' ਮੇਰੇ ਮੂੰਹੋਂ ਸੱਚ ਫੁੱਟਣ ਲੱਗਾ ਸੀ ਕਿ ''ਤੇਰੇ ਕੋਠੇ ਦੀ ਛੱਤ ਨੇ, ਦੁੱਲ੍ਹਿਆ ਤੈਨੂੰ ਬੰਨਾਂ ਨਹੀਂ ਟੱਪਣ ਦਿੱਤਾ। ਤੇਰੇ ਜਾਂਦਿਆਂ ਉਹਦੇ ਵਿਚ ਭੰਬੂਕੇ ਬਲ ਉਠੇ। ਨੀਲੀਆਂ ਜੀਭਾਂ ਵਾਲੀਆਂ ਅੱਗ ਦੀਆਂ ਲਾਟਾਂ ਸੱਪਣੀਆਂ ਵਾਂਗ ਸ਼ੂਕ-ਸ਼ੂਕ ਉਡਦੀਆਂ ਸਨ : ਜਿਨ੍ਹਾਂ ਦੀ ਲਪੇਟ ਵਿਚ ਤੇਰੇ ਬੰਦੇ ਕੋਠੇ ਦੀਆਂ ਕੁੱਬੀਆਂ ਕੜੀਆਂ ਤਿੜ-ਤਿੜ ਕਰ ਕੇ ਮੁਕ ਗਈਆਂ ਤੇ ਬੋੜੇ ਕੋਠੇ ਦੀਆਂ ਧੁਆਂਖੀਆਂ ਤੇ ਬੇ-ਵਾਰਿਸ ਕੰਧਾਂ ਉਤੇ ਜ਼ਹਿਰੀ ਲਾਟਾਂ ਦੇ ਡੰਗਾਂ ਨੇ ਕਾਲੇ ਚਟਾਕ ਪਾ ਦਿੱਤੇ... '' ਪਰ, ਸੱਚ ਕਈ ਵਾਰ ਸੇਲੇ ਵਾਂਗ ਵੱਜਦਾ ਹੈ, ਤੇ ਏਨਾਂ ਦੁੱਖ ਦਿੰਦਾ ਹੈ ਕਿ ਅਸੀਂ ਉਸ ਬਾਰੇ ਨਿਸ਼ਚਿਤ ਹੁੰਦੇ ਵੀ ਸਗੋਂ ਉਸ ਨੂੰ ਝੂਠ ਸੁਣ ਕੇ ਰੂਹ ਦੀ ਖੁਸ਼ੀ ਲੈਂਦੇ ਹਾਂ।''
ਦੁੱਖ ਦੇ ਦਿਲ ਉਤੇ ਇਕ ਹੋਰ ਸੇਲਾ ਕਿਉਂ ਗੱਡਾਂ? ਮੈਂ ਉਸ ਨੂੰ ਸੱਚ ਦੱਸਦੇ-ਦੱਸਦੇ ਰੁਕ ਗਿਆ ਤੇ ਮਲਵੀਂ ਜੀਭ ਨਾਲ ਆਖ ਦਿੱਤਾ।
''ਤੂੰ ਬੇਫਿਕਰ ਰਹੁ ਦੁੱਲ੍ਹਿਆ! ਤੇਰੇ ਘਰ ਦੀ ਮੈਂ ਬਿੜਕ ਰੱਖਾਂਗਾ।''
ਅਸੀਂ ਸੜਕ ਦੀ ਕੱਚੀ ਪਟੜੀ ਉਤੋਂ ਲਹਿ ਕੇ ਨਿਵਾਣ ਵਿਚ ਹੋ ਗਏ। ਰਾਖੇ ਫੌਜੀਆਂ ਦੀ ਇਕ ਮਿੱਡੀ ਲਾਰੀ, ਅੱਧੀ ਕੱਚੀ ਤੇ ਅੱਧੀ ਪੱਕੀ ਸੜਕ ਉਤੇ ਬੁੜ੍ਹਕਦੀ ਆ ਰਹੀ। ਘੂੰ-ਘੂੰ ਕਰਦੀ ਬੁੜ੍ਹਕਦੀ ਲਾਰੀ ਸਾਡੇ ਕੋਲੋਂ ਗੁਜਰ ਗਈ। ਧੂੜ ਦਾ ਇਕ ਭਰਿਆ ਬੱਦਲ ਧਰਤੀ ਉਤੇ ਉਡ ਕੇ ਪੁਲਾੜ ਵਿਚ ਖਿੰਡਣ ਲੱਗਿਆ। ਦੂਰ ਤੀਕ ਇਸ ਮੇਲ੍ਹਦੇ ਬੱਦਲ ਤੋਂ, ਸੰਗੀਨਾਂ ਦੀਆਂ ਤਿੱਖੀਆਂ ਜੀਭਾਂ ਲਿਸ਼ਕਦੀਆਂ ਜਾ ਰਹੀਆਂ ਸਨ।
ਬੱਦਲ ਹੰਭ ਕੇ ਪਤਲਾ ਪੈ ਗਿਆ। ਧੂੜ ਦੀ ਖੁਸ਼ਕ ਧੌਲਕ ਕਾਫ਼ਲੇ ਉਤੇ ਕਿਰ-ਕਿਰ ਜੰਮਦੀ ਗਈ।
''ਚੰਗਾ, ਗੁਰਬਚਨ! ਅੱਲਾ ਨੇ ਚਾਹਿਆ ਤਾਂ ਕਿਤੇ ਫੇਰ ਮਿਲਾਂਗੇ ਜਿਊਂਦੇ ਨਹੀਂ ਤਾਂ...।'' ''ਜ਼ਰੂਰ ਮਿਲਾਂਗੇ ਦੁੱਲ੍ਹਿਆ, ਤੂੰ ਓਦਰ ਨਾ, ਮਿਲੇ ਬਿਨਾਂ ਆਪਣਾ ਕੰਮ ਨਹੀਂ ਚੱਲਣਾ-ਅਖੀਰ ਸਾਨੂੰ ਇਕ ਹੋਣਾ ਪਏਗਾ।''
''ਪਰ ਮੈਨੂੰ ਤਾਂ ਆਸ ਨਹੀਂ।''
''ਤੂੰ ਤਾਂ ਕਮਲਾ ਏਂ! ਨੌਹਾਂ ਨਾਲੋਂ ਕਦੇ ਮਾਸ ਨਹੀਂ ਟੁੱਟਦਾ। ਇਹ ਤਾਂ ਸਾਰੇ ਅੰਗਰੇਜ਼ ਨੇ ਪਾਟਕ ਪਾਏ ਨੇ। ਸਾਨੂੰ ਚੁੱਕ ਚਮ੍ਹਲਾ ਕੇ ਭੂਤਨੇ ਬਣਾ ਦਿੱਤਾ ਐ। ਭਾਈ ਨੇ ਭਾਈ ਦਾ ਢਿੱਡ ਪਾੜ ਕੇ ਲੀਰਾਂ ਕਰ ਦਿੱਤੀਆਂ।
''ਤੁਰੋ ਓਏ, ਸੁਲਿਓ! ਸਹੂਰੀ ਦੇ ਕਿਵੇਂ ਝੱਟ ਡੱਡੂਆਂ ਵਾਂਗ ਤਿੜਕ ਜਾਂਦੇ ਨੇ।'' ਕਾਫ਼ਲੇ ਦੇ ਨਾਲੋ ਨਾਲ ਪੈਦਲ ਗਸ਼ਤ ਕਰਦੇ ਫ਼ੌਜੀਆਂ ਨੇ ਜਿਨ੍ਹਾਂ ਦੇ ਮੋਢਿਆਂ 'ਤੇ ਚਿੱਟੀਆਂ ਜੀਭਾਂ ਵਾਲੀਆਂ ਬੰਦੂਕਾਂ ਸਨ, ਉਹਨਾਂ ਘਾਹ ਖੁਰਚਦਿਆਂ ਨੂੰ, ਬੂਟਾਂ ਨਾਲ ਠੋਰ ਠੋਰ ਆਖਿਆ ਜਿਹੜੇ ਕਾਫ਼ਲਾ ਖਲੋਂਦਿਆਂ ਬਲਦਾਂ ਦੇ ਢਿੱਡ ਭਰਨ ਲਈ ਬਿੰਦ ਝੱਟ ਦਾ ਲਾਹਾ ਤੱਕ ਕੇ, ਧਰਤੀ 'ਤੋਂ ਉਫਣੀਆਂ ਧਲੀਆਂ ਉਧੇੜਨ ਲੱਗ ਜਾਂਦੇ ਸਨ।
ਮੂਹਰਿਓਂ ਕਾਫ਼ਲਾਂ ਸਰਕਨ ਲੱਗਿਆ। ਬਲਦਾਂ ਨੇ ਤਿਲਕਵੀਂ ਸਲੇਟੀ ਸੜਕ ਉਤੇ ਖੁਰ ਅੜਾ ਕੇ ਆਪਣੀਆਂ ਧੌਣਾਂ ਉਤੇ ਟੱਬਰ-ਟੱਬਰ ਦਾ ਭਾਰ ਖਿੱਚਿਆ। ਕਿੱਲ੍ਹਦੇ ਬਲਦਾਂ ਦੀਆਂ ਅੱਖਾਂ, ਜਿਵੇਂ ਚੌੜੀਆਂ ਹੋ ਕੇ ਪਾਟਣ ਲੱਗੀਆਂ ਹੋਣ, ਤੇ ਗੱਡਿਆਂ ਦੇ ਪਹੀਏ ਧਰਤੀ ਵਿਚ ਧਸੇ ਹੋਏ ਹੋਣ। ਬੇ-ਦਿਲ ਗਾਡੀਆਂ ਨੇ ਬਲਦਾਂ ਦੀਆਂ ਪੂਛਾਂ ਨੂੰ ਮਰੋੜੇ ਤੇ ਉਹਨਾਂ ਦੇ ਪੱਟਾਂ ਦੇ ਵਿਚਕਾਰ ਆਪਣੀਆਂ ਪਰੈਣਾਂ ਦੇ ਤਿੱਖੇ ਡੰਗ ਚੋਭੇ। ਬੋਦੇ ਪ੍ਹਈਏ ਧੁਰਾਂ ਉਤੇ ਮਜ਼ਬੂਰ ਫਿਰਨ ਲੱਗੇ। ਗੱਡਿਆਂ ਦੀ ਪਸਲੀ-ਪਸਲੀ ਜੜਕਣ ਲੱਗੀ ਤੇ ਇਕ ਤਿੱਖੀ ਚੀਕ ਪ੍ਹਈਆਂ ਵਿਚੋਂ ਨਿਕਲ ਕੇ ਸਾਰੀਆਂ ਚੀਕਾਂ ਨਾਲ ਰਲਦੀ, ਕਾਫ਼ਲੇ ਦੀ ਸਮੁੱਚੀ ਚੀਕ ਬਣਨ ਲੱਗੀ।
ਦੁੱਲ੍ਹਾ ਠੋਡ ਉਤੇ ਪੱਬ ਧਰ ਕੇ ਇਕ ਬਲੂਕੀ ਨਾਲ ਗੱਡੇ ਦੀ ਗਿੱਚੀ ਉਤੇ ਜਾ ਬੈਠਾ। ਬਲਦਾਂ ਦੀਆਂ ਚਿੱਟੀਆਂ ਪੂਛਾਂ ਦੇ ਉਸ ਕੁੰਡਲ ਬਣਾ ਦਿੱਤੇ, ਜਿਨ੍ਹਾਂ 'ਤੇ ਇਕ-ਇਕ ਥੱਕੀ ਹੋਈ ਕਾਲੀ ਚੌਰੀ ਮੇਲ੍ਹਦੀ ਸੀ। ਉਸ ਨੇ ਆਪਣੀਆਂ ਲਮਕਦੀਆਂ ਟੰਗਾਂ ਦੇ ਅੰਗੂਠੇ ਬਲਦਾਂ ਦਿਆਂ ਪੱਟਾਂ ਵਿਚਕਾਰ ਛੋਹੇ ਤੇ ਉਹਦੇ ਗੱਡੇ ਦੇ ਪ੍ਹਈਆਂ ਵਿਚੋਂ ਇਕ ਹਿੱਕ ਵਿੰਨ੍ਹਵੀਂ ਚੀਕ ਨਿਕਲ ਕੇ, ਮਹਾਨ ਚੀਕ ਨਾਲ ਸੁਰ ਹੋ ਗਈ।
ਮੇਰੀ ਜੇਬ ਵਿਚ ਤਿੰਨ ਰੁਪਏ ਸੱਤ ਆਨੇ ਸਨ। ਸਵਾ ਰੁਪਿਆ ਮੈਂ ਕਿਰਾਇਆ ਦੇਣਾ ਸੀ। ਮੈਂ ਤੁਰਦੇ ਤੁਰਦਿਆਂ ਦੋ ਰੁਪਏ ਦਾ ਨੋਟ ਜੈਨਬ ਦੀ ਤਲੀ ਦੇ ਵਿਚ ਦੇ ਕੇ ਉਹਦੀਆਂ ਡੱਕਿਆਂ ਵਰਗੀਆਂ ਪਤਲੀਆਂ ਤੇ ਸੁਕੀਆਂ ਉਂਗਲਾਂ ਮੀਚਣ ਲੱਗਿਆ।
''ਬੀਰ, ਤੂੰ ਰਹਿਣ ਦੇ-ਖੇਚਲ ਨਾ ਕਰ.....।''
''ਫੜ ਲੈ, ਫੜ ਲੈ ਮੇਰੀ ਭੈਣ ਖੇਚਲ ਕਾਹਦੀ ਐ, ਮੈਂ ਤੇਰਾ ਵੀਰ ਨ੍ਹੀਂ....?'' ਮੇਰਾ ਦਿਲ ਉਖੜ ਕੇ ਸੰਘ ਵਿਚਕਾਰ ਅੱੜ ਗਿਆ। ਮੈਥੋਂ ਖੁੱਲ੍ਹ ਕੇ ਬੋਲ ਨਾ ਹੋਇਆ। ਮੇਰੀਆਂ ਅੱਖਾਂ ਵਿਚ ਕੁਝ ਇਸ ਤਰ੍ਹਾਂ ਸੀ, ਜਿਵੇਂ ਮੈਂ ਧੁੰਦਲੇ ਸ਼ੀਸ਼ਿਆਂ ਵਿਚੋਂ ਤੱਕਦਾ ਹਾਂ।
''ਚੰਗਾ..... ਬੀਰ, ਮਿੰਦੋ ਤੇ ਪ੍ਰੀਤੋ ਨੂੰ ਮੇਰਾ ਸਲਾਮ ਆਖੀਂ।'' ਜੈਨਬ ਨੇ ਮੇਰੀਆਂ ਭੈਣਾਂ ਵੱਲ ਸੁਨੇਹਾ ਦਿੱਤਾ। ..... ਤੇ ਨਾਲੇ ਉਹਨਾਂ ਵਿਹੜਿਆਂ ਨੂੰ, ਜਿੱਥੇ ਨੂੰ ਮੇਰੀਆਂ ਆਂਦਰਾਂ ਭੱਜ-ਭੱਜ ਜਾਂਦੀਆਂ ਨੇ। ਸਾਡੇ ਪਿਛੋਕੜਲੇ ਵਿਹੜੇ ਵਿਚਲੇ ਅੰਬ ਦੇ ਟੂਸੇ ਦੀਆਂ ਜੜ੍ਹਾਂ ਵਿਚ ਕਿਤੇ-ਕਿਤੇ ਪਾਣੀ ਪੁਆ ਦਿਆਂ ਕਰੀਂ। ਉਹਦੀ ਚੱਕਲੀ ਮੈਂ ਬੜੇ ਮਲ੍ਹਾਰਾਂ ਨਾਲ ਆਪ ਲਾਈ ਸੀ, ਉਹਦੇ ਲਿਚ-ਲਿਚ ਕਰਦੇ ਵੈਂਗਣੀ ਪੱਤੇ ਕਿਤੇ ਸੁੱਕ ਕੇ ਭੁਰ ਨਾ ਜਾਣ...।'' ਜ਼ੈਨਬ ਕਹਿੰਦੀ ਗਈ, ਜਿਵੇਂ ਰੋਗੀ ਲੰਮਿਆਂ ਸਾਹਾਂ ਉਤੇ ਆ ਕੇ ਅਵਾ-ਤਵਾ ਬੁੜ-ਬੁੜਾਦਾਂ ਹੈ।
ਸਮੀ-ਸੰਝ ਦਾ ਥੱਕਿਆ ਸੂਰਜ, ਪੱਛਮ ਦੀ ਗੁੱਠ ਉਤੇ ਕੋਡਾ ਹੋ ਗਿਆ ਤੇ ਇਕ-ਇਕ ਕਰ ਕੇ ਗੱਡਿਆਂ ਦੀ ਲੰਮੀ ਜ਼ੰਜੀਰ ਮੇਰੇ ਕੋਲੋਂ ਸਰਕਦੀ, ਮੁੱਕ ਗਈ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਸੰਤੋਖ ਸਿੰਘ ਧੀਰ
  • ਮੁੱਖ ਪੰਨਾ : ਕਾਵਿ ਰਚਨਾਵਾਂ, ਸੰਤੋਖ ਸਿੰਘ ਧੀਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ