Punjabi Prose/Vartak
ਸੁਰਿੰਦਰ ਸਿੰਘ ਸੁੱਨੜ
Surinder Singh Sunnad
Punjabi Kavita
  

Mere Pandh Painde Surinder Singh Sunnad

ਮੇਰੇ ਪੰਧ ਪੈਂਡੇ ਸੁਰਿੰਦਰ ਸਿੰਘ ਸੁੱਨੜ

ਸਾਡੀ ਜ਼ਮੀਰ

ਆਪਣੀ ਕਹਾਣੀ ਕਹਿਣ ਲੱਗਿਆਂ ਜੇ ਸੱਚੋ ਸੱਚ ਨਾ ਕਹਾਂਗੇ ਤਾਂ ਹੋਰ ਤਾਂ ਸ਼ਾਇਦ ਕੋਈ ਨਾ ਪਕੜੇ ਪਰ ਸਾਡੀ ਜ਼ਮੀਰ ਸਾਨੂੰ ਜ਼ਰੂਰ ਉਲਾਂਭਾ ਦੇਵੇਗੀ। 'ਚੋਰੀ ਕੱਖ ਦੀ ਵੀ ਤੇ ਲੱਖ ਦੀ ਵੀ' ਝੂਠ ਬੋਲ ਕੇ ਕਿਸੇ ਕਚਹਿਰੀ ਵਿਚੋਂ ਤਾਂ ਬਰੀ ਹੋ ਸਕਦੇ ਹਾਂ ਪਰ ਦਿਲ ਦੇ ਦਰਬਾਰ ਵਿਚ ਜਦੋਂ ਜ਼ਮੀਰ ਨੇ ਵਕਾਲਤਨਾਮਾ ਦਰਜ ਕੀਤਾ ਤਾਂ ਫਿਰ ਕਿੱਧਰ ਨੂੰ ਜਾਓਗੇ। ਝੂਠ ਦੀ ਕਿੰਨੀ ਮਿਕਦਾਰ ਹੈ ਇਸ ਦਾ ਰੌਲਾ ਨਹੀਂ। ਜੇ ਅਸੀਂ ਗਲਤ ਹਾਂ ਤਾਂ ਆਪਣੀ ਜ਼ਮੀਰ ਤੋਂ ਤਾਂ ਨਹੀਂ ਬਚ ਸਕਦੇ। ਕਈ ਵਾਰ ਅਸੀਂ ਬੜੇ ਤਜਰਬੇ ਵਰਤ ਕੇ, ਲਿਆਕਤ ਵਰਤ ਕੇ ਆਪਣੀ ਯੋਗਤਾ ਤੇ ਅਧਿਕਾਰ ਵਰਤ ਕੇ, ਆਪਣੀ ਪੁਜੀਸ਼ਨ ਦਾ ਪੂਰਾ ਇਸਤੇਮਾਲ ਕਰਕੇ ਕੁਝ ਪ੍ਰਾਪਤ ਕਰਦੇ ਹਾਂ। ਕੁਝ ਜਿੱਤ ਹਾਸਲ ਕਰਦੇ ਹਾਂ। ਲੇਕਿਨ ਸਾਡੀ ਜ਼ਮੀਰ ਸਾਨੂੰ ਅੰਦਰੋਂ ਅੰਦਰ ਖਾਈ ਜਾਂਦੀ ਹੈ ਕਿ ਇਹ ਮੈਂ ਜੋ ਗਲਤ ਕੀਤਾ, ਇਹ ਕਿਉਂ ਕੀਤਾ। ਅਸੀਂ ਜਿੱਤ ਕੇ ਵੀ ਹਾਰ ਜਾਂਦੇ ਹਾਂ ਤੇ ਕਈ ਵਾਰ ਅਸੀਂ ਹਾਰ ਕੇ ਵੀ ਜਿੱਤ ਜਾਂਦੇ ਹਾਂ। ਸਾਡਾ ਲੜਕਾ ਗਗਨ ਆਮ ਬੱਚਿਆਂ ਤੋਂ ਜ਼ਿਆਦਾ ਸਮਝਦਾਰ ਹੈ। ਦੁਨੀਆਂਦਾਰੀ ਵੀ ਚੰਗੀ ਤਰ੍ਹਾਂ ਨਿਭਾਉਂਦਾ ਹੈ। ਵਿਉਪਾਰ ਵਿਚ ਐਨਾ ਤੇਜ਼ ਦਿਮਾਗ ਕਿ ਵੱਡੇ ਵੱਡੇ ਅਫਸਰ ਉਸ ਦੀ ਪਕੜ ਦੇਖ ਕੇ ਦੰਗ ਰਹਿ ਜਾਂਦੇ। ਉਹ ਕਲਰਕ ਵਰਗੀ ਨੌਕਰੀ ਕਰਨ ਲੱਗ ਪਿਆ ਤੇ ਨਾਲ ਦੀ ਨਾਲ ਪੜ੍ਹਿਆ ਵੀ ਕਰੇ, ਕਾਲਜ ਜਾਵੇ। ਪਰ ਉਸ ਨੇ ਨੌਕਰੀ ਵਿਚ ਐਨੀ ਦਿਲਚਸਪੀ ਦਿਖਾਈ, ਐਨੀ ਮਿਹਨਤ ਕੀਤੀ ਕਿ ਉਸ ਨੂੰ ਮੈਨੇਜਰ ਤੇ ਫਿਰ ਅੱਠ ਜ਼ਿਲ੍ਹਿਆਂ ਦਾ ਏਰੀਆ ਮੈਨੇਜਰ ਬਣਾ ਦਿੱਤਾ ਗਿਆ। ਦੋ ਕੁ ਸਾਲ ਵਿਚ ਐਨੀ ਤਰੱਕੀ ਕੀਤੀ ਕਿ ਸੱਠ ਪੈਂਹਠ ਹਜ਼ਾਰ ਡਾਲਰ ਸਾਲ ਦੀ ਕਮਾਈ ਵੀ ਕਰਨ ਲੱਗ ਪਿਆ। ਉਸ ਨੇ ਆਪਦੇ ਕਾਲਜ ਜਾਣਾ ਬੰਦ ਕਰ ਦਿੱਤਾ। ਮੈਨੂੰ ਦਿਲ ਵਿਚ ਦਰਦ ਬਹੁਤ ਹੋਇਆ। ਮੈਨੂੰ ਪਤਾ ਸੀ ਕਿ ਗਗਨ ਨਾਲ ਬਹਿਸ ਕਰਨੀ ਠੀਕ ਨਹੀਂ। ਇਕ ਦਿਨ ਗਗਨ ਨੂੰ ਬੁਲਾ ਕੇ ਮੈਂ ਕਿਹਾ ਕਿ ਤੂੰ ਪੜ੍ਹਨਾ ਤਾਂ ਭੁਲਾ ਹੀ ਦਿੱਤਾ। ਕਹਿਣ ਲੱਗਾ ਡੈਡ ਲੋਕ ਚੰਗੀ ਨੌਕਰੀ ਤੇ ਪਹੁੰਚਣ ਲਈ, ਪੈਸੇ ਕਮਾਉਣ ਲਈ ਪੜ੍ਹਾਈ ਕਰਦੇ ਹਨ। ਉਹ ਸਭ ਕੁਝ ਮੈਨੂੰ ਮਿਲ ਰਿਹਾ। ਮੈਂ ਸੋਚਿਆ ਡਿਗਰੀ ਤਾਂ ਸ਼ਾਇਦ ਹੁਣ ਗਗਨ ਨਾ ਕਰੇ ਪਰ ਇਹ ਬਿਜਨਸ ਵਧੀਆ ਕਰ ਸਕਦਾ ਹੈ, ਕਿਉਂ ਨਾ ਮੈਂ ਆਪਣੇ ਬਿਜਨਸ ਵਿਚ ਗਗਨ ਦੀ ਸ਼ਕਤੀ ਨੂੰ ਵਰਤਾਂ। ਇਕ ਦਿਨ ਫਿਰ ਪਿਓ ਪੁੱਤਰ ਅਸੀਂ ਬੈਠੇ ਗੱਲਾਂ ਕਰ ਰਹੇ ਸਾਂ ਤਾਂ ਮੈਂ ਗਗਨ ਨੂੰ ਆਪਣਾ ਵਿਉਪਾਰ ਚਲਾਉਣ ਦੀ ਤਜਵੀਜ਼ ਪੇਸ਼ ਕੀਤੀ, ਤੂੰ ਏਰੀਆ ਮੈਨੇਜਰ ਹੈ, ਪਰ ਆਪਣੇ ਬਿਜਨਸ ਵਿਚ ਮਾਲਕ ਤੂੰ ਹੋਵੇਂਗਾ। ਜਿੰਨੇ ਪੈਸੇ ਉਹ ਤੈਨੂੰ ਦਿੰਦੇ ਹਨ ਤੂੰ ਇਸਤੋਂ ਵੱਧ ਲਈ ਜਾਵੀਂ। ਹਰਪ੍ਰੀਤ ਨੂੰ ਵੀ ਇਹ ਸਹੀ ਲੱਗਿਆ, ਗਗਨ ਵੀ ਬੜਾ ਖੁਸ਼ ਤੇ ਦੋਹਾਂ ਮਾਂ ਪੁੱਤਰ ਨੇ ਫੈਸਲਾ ਕਰਕੇ ਗਗਨ ਨੂੰ ਸਾਰੇ ਕਾਰੋਬਾਰ ਦੀ ਜ਼ਿੰਮੇਵਾਰੀ ਸੰਭਾਲ ਦਿੱਤੀ। ਦੇਖਿਆ ਕਿ ਮੇਰੇ ਤੋਂ ਵਧੀਆ ਚਲਾ ਰਿਹਾ ਹੈ, ਮੈਂ ਸਭ ਕੁਝ ਹੱਕੀਂ ਕਰਦਾ ਕਰਾਉਂਦਾ ਸੀ, ਗਗਨ ਕੰਪਿਊਟਰ ਤੋਂ ਕਰਵਾਉਂਦਾ ਹੈ। ਸਭ ਕੁਝ ਠੀਕ ਠਾਕ ਦੇਖ ਕੇ ਮੈਂ ਇਕ ਦਿਨ ਕਿਹਾ ਕਿ ਮੈਂ ਕੁਝ ਗੁਭਗੁਲ੍ਹਾਟ ਲਈ ਫਿਰਦਾ ਹਾਂ। ਮੈਂ ਤਿੰਨ ਚਾਰ ਕਿਤਾਬਾਂ ਛਪਵਾਉਣੀਆਂ ਚਾਹੁੰਦਾ ਹਾਂ ਜੇ ਤੁਸੀਂ ਛੁੱਟੀ ਦਿਓ ਤਾਂ ਮੈਂ ਪੰਜਾਬ ਆਪਣੇ ਘਰ ਵਿਚ ਬੈਠ ਕੇ ਆਪਣਾ ਮਨ ਹੌਲਾ ਕਰ ਲਵਾਂ। ਮੇਰੀ ਬੇਨਤੀ ਪ੍ਰਵਾਨ ਹੋਈ, ਹਰਪ੍ਰੀਤ ਨੇ ਪੰਜਾਬ ਵਿਚ ਮੇਰੇ ਲਈ ਇਕ ਨੌਕਰ ਦਾ, ਜੋ ਰੋਟੀ ਬਣਾ ਸਕਦਾ ਸੀ, ਪ੍ਰਬੰਧ ਕਰ ਦਿੱਤਾ ਤੇ ਮੈਂ ਪੰਜਾਬ ਆ ਗਿਆ।

ਜਦ ਮੈਂ ਪੰਜਾਬ ਆ ਗਿਆ ਤਾਂ ਗਗਨ ਟੈਲੀਫੋਨ ਤੇ ਕਈ ਵਾਰ ਇਸ ਤਰ੍ਹਾਂ ਦਾ ਅਹਿਸਾਸ ਕਰਵਾਏ ਜਿਵੇਂ ਉਹ ਮੇਰੀ ਗੈਰ ਹਾਜ਼ਰੀ ਵਿਚ ਤਕਲੀਫ ਮਹਿਸੂਸ ਕਰ ਰਿਹਾ ਹੈ। ਪਰ ਮੈਨੂੰ ਤਾਂ ਅੱਠ ਜ਼ਿਲ੍ਹਿਆਂ ਦਾ ਏਰੀਆ ਮੈਨੇਜਰ ਗਗਨ ਦਿਖਾਈ ਦਿੰਦਾ ਸੀ। ਖੈਰ ਕੁਝ ਮਹੀਨਿਆਂ ਵਿਚ ਕੰਵਰ ਦੀ ਸ਼ਾਦੀ ਜਲੰਧਰ ਹੋਈ। ਬਹੁਤ ਸਾਰੇ ਸਾਡੇ ਮਿੱਤਰ ਤੇ ਰਿਸ਼ਤੇਦਾਰ ਅਮਰੀਕਾ, ਕੈਨੇਡਾ, ਇੰਗਲੈਂਡ ਤੋਂ ਆਏ। ਸੱਤ ਅੱਠ ਸੌ ਲੋਕਾਂ ਦੇ ਇਕੱਠ ਵਿਚ ਜਦੋਂ ਕੰਵਰ ਦੇ ਵਿਆਹ ਦੀ ਰਿਸੈਪਸ਼ਨ ਤੇ ਗਗਨ ਭਰਾ ਦਾ ਫਰਜ਼ ਨਿਭਾਉਂਦਾ ਹੋਇਆ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਨ ਲੱਗਾ ਤਾਂ ਮੇਰਾ ਤੇ ਆਪਣੀ ਮਾਂ ਹਰਪ੍ਰੀਤ ਦਾ ਧੰਨਵਾਦ ਕਰਨ ਲੱਗਾ, ਰੋ ਹੀ ਪਿਆ। ਧੰਨਵਾਦ ਸਹਿਤ ਸਾਡੇ ਵੱਲ ਇਸ਼ਾਰਾ ਕਰਕੇ ਕਹਿਣ ਲੱਗਾ ਕਿ ਜਿਸ ਤਰ੍ਹਾਂ ਤੁਸੀਂ ਸਾਨੂੰ ਪਾਲਿਆ ਹੈ, ਇਸ ਤਰ੍ਹਾਂ ਬੱਚੇ ਪਾਲਣਾ ਬਹੁਤ ਮੁਸ਼ਕਿਲ ਹੈ। ਗਗਨ ਦੀਆਂ ਗੱਲਾਂ ਸੁਣ ਕੇ ਮੈਨੂੰ ਵੀ ਰੋਣ ਆਇਆ। ਅੰਦਰੋਂ ਅੰਦਰੀ ਮੈਂ ਇਕ ਜਿੱਤ ਮਹਿਸੂਸ ਕਰ ਰਿਹਾ ਸੀ। ਮੇਰੀ ਅੰਦਰਲੀ ਆਵਾਜ਼ ਮੇਰੀ ਜ਼ਮੀਰ ਕਹਿ ਰਹੀ ਸੀ ਕਿ ਸੁਰਿੰਦਰ ਤੂੰ ਹਾਰ ਕੇ ਨਹੀਂ ਆਇਆ ਤੂੰ ਅੱਜ ਵੀ ਜੇਤੂ ਹੈਂ। ਮੈਂ ਆਪਣੇ ਪੁੱਤਰ ਦਾ ਵਿਆਹ ਦੇਖਣ ਤੋਂ ਬਾਅਦ ਫਿਰ ਆਪਣੀਆਂ ਰਚਨਾਵਾਂ ਵਿਚ ਗਵਾਚ ਗਿਆ। ਕਹਿੰਦੇ ਨੇ ਨਾ ਜੋ ਕੰਮ ਤੁਸੀਂ ਕਰ ਰਹੇ ਹੋ, ਇਸ ਤੇ ਹੀ ਸਾਰੀ ਤਵੱਜੋਂ ਦਿਓਗੇ ਤਾਂ ਹੀ ਠੀਕ ਹੈ। ਤਾਂ ਮੈਂ ਕਿਉਂ ਇੱਧਰ ਉਧਰ ਭਟਕਿਆ ਫਿਰਾਂ। ਆਪਣੀਆਂ ਰਚਨਾਵਾਂ ਨੂੰ ਹੀ ਤਰਜੀਹ ਦਿਆਂ ਤਾਂ ਠੀਕ ਰਹੇਗਾ।

ਕਈ ਵਾਰ ਅਸੀਂ ਕਿਆਸ ਕਰ ਲੈਂਦੇ ਹਾਂ। ਅੰਦਾਜ਼ਾ ਲਗਾ ਲੈਂਦੇ ਹਾਂ ਕਿ ਇਸ ਤਰ੍ਹਾਂ ਹੋਣਾ, ਲੇਕਿਨ ਹੁੰਦਾ ਕੁਝ ਹੋਰ ਹੈ। ਮੈਂ ਤਾਂ ਗਗਨ ਨੂੰ ਬੜਾ ਆਪਹੁਦਰਾ ਜਿਹਾ ਸਮਝਦਾ ਸੀ ਪਰ ਕਦੇ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਉਸ ਦੇ ਦਿਲ ਵਿਚ ਸਾਡੇ ਨਾਲ ਐਨਾ ਪਿਆਰ ਤੇ ਸਤਿਕਾਰ ਲੁਕਿਆ ਬੈਠਾ ਹੈ। ਕਈ ਵਾਰ ਅਸੀਂ ਅੰਦਾਜ਼ਾ ਲਗਾ ਲੈਂਦੇ ਹਾਂ ਕਿ ਇਹ ਆਦਮੀ ਸਹੀ ਨਹੀਂ ਜਾਂ ਇਹ ਕੰਮ ਸਹੀ ਨਹੀਂ। ਪਰ ਸਾਡੀ ਉਹ ਸੋਚ ਸਾਡਾ ਉਹ ਅੰਦਾਜ਼ਾ ਸਹੀ ਨਹੀਂ ਹੁੰਦਾ। ਜਿਵੇਂ ਮੈਂ ਸਰਬਜੀਤ ਦੇ ਸਟੋਰ ਛੱਡ ਕੇ ਜਾਣ ਤੋਂ ਬਾਅਦ ਵਿਚ ਪਛਤਾਉਣ ਦੀ ਕਹਾਣੀ ਦੱਸੀ ਹੈ। ਬੱਸ ਅਸੀਂ ਕਈ ਵਾਰ ਆਪਣੇ ਵੱਲੋਂ ਸਹੀ ਸੋਚ ਕੇ ਤੁਰਦੇ ਹਾਂ, ਪਰ ਚਲੇ ਗਲਤ ਪਾਸੇ ਜਾਂਦੇ ਹਾਂ। ਸੋ ਇਕ ਵਾਰ ਨਹੀਂ ਦੋ ਵਾਰ, ਵਾਰ ਵਾਰ ਸੋਚ ਕੇ ਤੁਰਨ ਦਾ ਲਾਭ ਜ਼ਰੂਰ ਹੁੰਦਾ ਹੈ। ਇਹ ਵੀ ਨਹੀਂ ਹੋਣਾ ਚਾਹੀਦਾ ਕਿ ਸੋਚੀ ਜਾਓ, ਅੰਦਾਜ਼ੇ ਲਗਾਈ ਜਾਓ ਪਰ ਕਰੋ ਕੁਝ ਵੀ ਨਾ। ਕਈ ਕਹਿੰਦੇ ਸੁਣੇ ਆਂ ਜੋ ਤਕਦੀਰ ਵਿਚ ਹੋਇਆ ਮਿਲ ਜਾਊ। ਪਰ ਜੇ ਤੁਸੀਂ ਤੁਰੇ ਹੀ ਨਾ ਤਾਂ ਪੈਂਡਾ ਤਕਦੀਰ ਕਿਵੇਂ ਨਿਬੇੜੂ। ਜੇ ਅਸੀਂ ਸੋਚਦੇ ਹਾਂ ਕਿ ਤਕਦੀਰ ਚੰਗੀ ਹੈ ਜਾਂ ਮਾੜੀ ਹੈ ਤਾਂ ਇਹ ਵੀ ਸੋਚਣਾ ਚਾਹੀਦਾ ਹੈ ਕਿ ਸਾਡੀ ਸੋਚ ਵੀ ਤਕਦੀਰ ਬਣਾਉਣ ਵਾਲੇ ਨੇ ਹੀ ਬਣਾਈ ਹੈ। ਕਿਸੇ ਨੇ ਬੜਾ ਵਧੀਆ ਲਿਖਿਆ ਹੈ, ''ਹਸਤ ਰੇਖਾਵਾਂ ਦੀ ਚਿੰਤਾ ਨਾ ਕਰੋ ਹੱਥ ਸਿਰਜਣਹਾਰ ਨੇ ਤਕਦੀਰ ਦੇ।''

ਜਿਹੜਾ ਕੁਝ ਵੀ ਨਹੀਂ ਕਰਦਾ, ਕਿਸੇ ਪਾਸੇ ਵੀ ਨਹੀਂ ਤੁਰਦਾ ਆਖ ਦਿੰਦਾ ਹੈ ਕਿ ਮੇਰੀ ਜ਼ਮੀਰ ਨਹੀਂ ਇਜਾਜ਼ਤ ਦਿੰਦੀ ਕੁਝ ਕਰਨ ਨੂੰ, ਮੈਂ ਤਾਂ ਉਸਨੂੰ ਕਹਾਂਗਾ ਕਿ ਤੇਰੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਕਿ ਤੂੰ ਜ਼ਮੀਰ ਨੂੰ ਇਜਾਜ਼ਤ ਨਹੀਂ ਦਿੰਦਾ। ਦੁਨੀਆਂ ਵਿਚ ਵਿਚਰਨ ਵਾਸਤੇ ਦੁਨੀਆਂ ਦੇ ਨਾਲ ਚੱਲਣਾ ਪਵੇਗਾ। ਜੋ ਕੁਝ ਦੁਨੀਆ ਕਰਦੀ ਹੈ, ਜੋ ਸਦੀਆਂ ਤੋਂ ਸਾਡੀ ਪਿਰਤ ਚਲੀ ਆਵੁਂਦੀ ਹੈ, ਉਸ ਤਰ੍ਹਾਂ ਸਭ ਨੂੰ ਤੁਰਨਾ ਪਵੇਗਾ। ਆਪਣੀ ਸਿਹਤ ਦਾ ਖਿਆਲ ਕਰਨਾ, ਪਰਹੇਜ਼ ਨਾਲ ਖਾਣਾ ਪੀਣਾ, ਸਿੱਖਿਆ ਹਾਸਲ ਕਰਨ ਦਾ ਯਤਨ ਕਰਨਾ, ਆਪਣੇ ਸਰੀਰ ਨੂੰ ਹੰਢਣਸਾਰ ਬਣਾਉਣ ਦਾ ਯਤਨ ਕਰਨਾ, ਪਰਿਵਾਰਕ ਦੁੱਖ ਸੁੱਖ ਵਿਚ ਹਿੱਸਾ ਲੈਣਾ, ਆਪਦੇ ਚੁਗਿਰਦੇ ਨੂੰ ਸਾਫ ਸੁਥਰਾ ਰੱਖਣਾ, ਆਪਣੇ ਆਲੇ ਦੁਆਲੇ ਦੀ ਦੁਨੀਆਂ ਵਿਚ ਆਪਣੀ ਪਹਿਚਾਣ ਬਣਾਉਣਾ, ਵਧੀਆ ਮਿਸਾਲ ਬਣਨ ਦੀ ਕੋਸ਼ਿਸ਼ ਕਰਨਾ, ਇਹ ਸਭ ਕਰਦੇ ਚਲੇ ਆਏ ਹਨ। ਫਿਰ ਅਸੀਂ ਕਿਉਂ ਨਾ ਕਰੀਏ? ਸਾਰੇ ਕਾਰਜ ਕਰੋ, ਜੀਵਨ ਦੇ ਸਾਰੇ ਰੰਗ ਮਾਨਣੇ ਸਾਡਾ ਹੱਕ ਬਣਦਾ ਹੈ, ਹੱਕ ਅਤੇ ਫਰਜ਼ ਬਰਾਬਰ ਚਲਦੇ ਹਨ। ਹੱਕ ਪ੍ਰਾਪਤ ਕਰਨ ਦੀ ਦੌੜ ਵਿਚ ਫਰਜ਼ ਨਹੀਂ ਭੁੱਲਣੇ ਚਾਹੀਦੇ। ਹਰ ਕਾਰਜ ਦੁਨੀਆ ਦਾ ਕਰਕੇ ਵੇਖਣਾ ਬਣਦਾ ਹੈ, ਲੇਕਿਨ ਹਰ ਕਾਰਜ ਦੀ ਕੋਈ ਮਰਿਆਦਾ ਵੀ ਹੁੰਦੀ ਹੈ। ਬੱਸ ਇਸ ਮਰਿਆਦਾ ਦਾ ਜ਼ਮੀਰ ਨਾਲ ਸਿੱਧਾ ਸਬੰਧ ਹੁੰਦਾ ਹੈ। ਦੋਵੇਂ ਸਕੀਆਂ ਭੈਣਾਂ ਹਨ, ਬਲਕਿ ਮੈਂ ਤਾਂ ਕਹੂੰਗਾ ਜੌੜੀਆਂ ਭੈਣਾਂ ਹਨ। ਸਾਡੇ ਕਿਆਸ ਦਾ, ਅੰਦਾਜ਼ੇ ਦਾ ਤੇ ਸਾਡੀ ਜ਼ਮੀਰ ਦਾ ਸਾਡੀ ਬਣਤਰ ਵਿਚ ਬਹੁਤ ਵੱਡਾ ਹੱਥ ਹੁੰਦਾ ਹੈ। ਜੋ ਕਿਆਸ ਸਹੀ ਕਰ ਸਕੇ ਤੇ ਆਪਣੀ ਜ਼ਮੀਰ ਸਾਫ ਰੱਖ ਕੇ ਚੱਲੇ ਤਾਂ ਉਹ ਅੱਵਲ ਕਿਸਮ ਦਾ ਪਾਤਰ ਬਣ ਸਕਦਾ ਹੈ। ਅੰਦਾਜ਼ਾ ਗਲਤ ਹੋ ਜਾਵੇ ਜਾਂ ਜ਼ਮੀਰ ਨੂੰ ਮਾਰ ਕੇ ਚੱਲਣ ਨਾਲ ਸਹੀ ਮੰਜ਼ਿਲ ਪ੍ਰਾਪਤ ਕਰਨੀ ਨਾਮੁਮਕਿਨ ਹੈ। ਦੋਹਾਂ 'ਚੋਂ ਇਕ ਵੀ ਗਲਤ ਹੈ ਤਾਂ ਵੀ ਗਲਤ-ਕਿਆਸ ਗਲਤ ਹੋ ਜਾਵੇ, ਮਨ ਵਿਚ ਮੈਲ ਭਾਵੇਂ ਨਾ ਵੀ ਹੋਵੇ ਤਾਂ ਵੀ ਸਰਬਜੀਤ ਵਾਂਗ ਬੰਦਾ ਨੁਕਸਾਨ ਕਰਵਾ ਲੈਂਦਾ ਹੈ। ਜੇ ਅੰਦਾਜ਼ਾ ਸਹੀ ਹੈ ਰਸਤਾ ਸਹੀ ਹੈ ਪਰ ਮਨ ਵਿਚ ਮੈਲ ਹੈ, ਤਾਂ ਵੀ ਨਤੀਜੇ ਸਹੀ ਨਹੀਂ ਨਿਕਲਦੇ। ਮੇਰੇ ਇਕ ਮਿੱਤਰ ਦੇ ਸਟੋਰ ਤੇ ਇਕ ਪੰਜਾਬੀ ਮੁੰਡਾ ਕੰਮ ਕਰਦਾ ਸੀ। ਬੜਾ ਤੇਜ਼ ਮੁੰਡਾ ਸਾਰਾ ਕੰਮ ਜਾਣਦਾ ਸੀ। ਮਿਹਨਤੀ ਵੀ ਬੜਾ ਸੀ। ਮੇਰੇ ਮਿੱਤਰ ਨੇ ਉਸਨੂੰ ਮੈਨੇਜਰ ਬਣਾ ਦਿੱਤਾ। ਪਹਿਲਾਂ ਤਾਂ ਨਕਦ ਤਨਖਾਹ ਲੈਂਦਾ ਸੀ ਫਿਰ ਜਦ ਉਸਨੂੰ ਚੈਕ ਮਿਲਿਆ ਤਾਂ ਉਸਨੇ ਦੱਸਿਆ ਕਿ ਮੇਰੇ ਕੋਲ ਕਾਨੂੰਨੀ ਤੌਰ ਤੇ ਕੰਮ ਕਰਨ ਦੀ ਇਜਾਜ਼ਤ ਨਹੀਂ। ਫਿਰ ਕਿਵੇਂ ਹੋਵੇ, ਬਹੁਤ ਹੀ ਹਾਜ਼ਰ ਦਿਮਾਗ ਮੁੰਡਾ ਸੀ। ਉਸਨੇ ਇਕ ਰੋਜ਼ ਸਟੋਰ ਤੇ ਆਉਂਦੀ ਕੁੜੀ ਨਾਲ ਅੱਟੀ ਸੱਟੀ ਫਿੱਟ ਕਰ ਲਈ। ਕੁੜੀ ਹੈ ਤਾਂ ਭਾਵੇਂ ਕਾਲਿਆਂ ਦੀ ਸੀ, ਲੇਕਿਨ ਸੋਹਣੀ ਸੁਨੱਖੀ ਬੜੀ ਪੰਜਾਬੀ ਕੁੜੀਆਂ ਵਰਗੀ ਉਚੀ ਲੰਬੀ ਜਵਾਨ। ਉਸ ਕੁੜੀ ਨਾਲ ਵਿਆਹ ਕਰਵਾ ਕੇ ਮੁੰਡਾ ਕਾਨੂੰਨੀ ਤੌਰ ਤੇ ਪੱਕਾ ਹੋ ਗਿਆ। ਦਿਲ ਦੀ ਬੜੀ ਸਾਫ ਕੁੜੀ ਸੀ। ਕੁੜੀ ਨੇ ਹਰ ਕੋਸ਼ਿਸ਼ ਕਰਕੇ ਪੰਜਾਬੀ ਲੱਗਣ ਦੀ ਕੋਸ਼ਿਸ਼ ਕਰਨੀ। ਪੰਜਾਬੀ ਸੂਟ ਪਾਉਣਾ, ਗੁਰਦੁਆਰੇ ਵੀ ਸਿਰ ਢੱਕ ਕੇ ਆਉਣਾ।

ਸਾਰੇ ਗੱਲਾਂ ਕਰਿਆ ਕਰਨ ਕਿ ਲੱਗਦੀ ਹੀ ਨਹੀਂ ਕਿ ਇਹ ਕੁੜੀ ਪੰਜਾਬੀ ਨਹੀਂ। ਪੰਜਾਬੀ ਬੋਲਣੀ ਵੀ ਉਸ ਨੇ ਸਿੱਖ ਲਈ ਭਾਵੇਂ ਬੋਲਦੀ ਸਾਡੇ ਬੱਚਿਆਂ ਵਾਂਗ ਹੀ ਸੀ। ਦੋ ਸਾਲਾਂ ਵਿਚ ਮੁੰਡੇ ਨੂੰ ਉਸ ਕੁੜੀ ਨਾਲ ਵਿਆਹ ਕਰਨ ਕਰਕੇ ਗਰੀਨ ਕਾਰਡ ਮਿਲ ਗਿਆ। ਅਮਰੀਕਾ ਦਾ ਪੱਕਾ ਰਿਹਾਇਸ਼ੀ ਬਣ ਗਿਆ। ਅਚਾਨਕ ਇਕ ਦਿਨ ਉਹ ਕੁੜੀ ਸ਼ਰਾਬੀ ਹੋਈ ਫਿਰੇ, ਕੱਪੜੇ ਵੀ ਚੋਲਿਆਂ ਵਾਂਗ ਅੱਧ ਪਚੱਧੇ ਹੀ ਪਾਏ ਹੋਏ। ਪਤਾ ਲੱਗਾ ਕਿ ਘਰ ਵਾਲੇ ਨੇ ਤਲਾਕ ਦੇ ਦਿੱਤਾ। ਆਪ ਪੱਕਾ ਹੋਣ ਲਈ ਹੀ ਉਸਨੇ ਤਾਂ ਵਿਆਹ ਕਰਵਾਇਆ ਸੀ। ਦਿਲ ਦੀ ਗੱਲ ਕਦੇ ਪਤਨੀ ਨੂੰ ਦੱਸੀ ਹੀ ਨਾ। ਪਤਨੀ ਉਸ ਨੂੰ ਧਰਮ ਪਤੀ ਸਮਝ ਬੈਠੀ ਸੀ। ਸਾਰਿਆਂ ਨੂੰ ਪਤਾ ਲੱਗ ਗਿਆ ਕਿ ਕੁੜੀ ਨਾਲ ਧੋਖਾ ਹੋਇਆ। ਮੁੰਡਾ ਤਾਂ ਬੱਸ ਇਕੋ ਹੀ ਦਲੀਲ ਦੇਵੇ ਕਿ ਮੈਂ ਤਾਂ ਪੱਕਾ ਹੋਣ ਲਈ ਵਿਆਹ ਕਰਵਾਇਆ ਸੀ। ਕਈ ਸਿਆਣਿਆਂ ਨੇ ਸਮਝਾਇਆ ਵੀ, ਮੈਂ ਵੀ ਇਕ ਦਿਨ ਉਸਨੂੰ ਕਿਹਾ ਕਿ ਬੇਟਾ ਇਵੇਂ ਨਹੀਂ ਕਰੀਦਾ, ਤੈਨੂੰ ਪਹਿਲਾਂ ਹੀ ਦੱਸ ਦੇਣਾ ਚਾਹੀਦਾ ਸੀ। ਆਪਣੀ ਜ਼ਮੀਰ ਨੂੰ ਮਾਰ ਕੇ ਦੋ ਸਾਲ ਕਿਵੇਂ ਬਿਤਾਏ ਪਤਾ ਨਹੀਂ। ਦਸ ਕੁ ਦਿਨ ਬਾਅਦ ਇਕ ਦਿਨ ਸਟੋਰ ਤੇ ਇਕੰਲਾ ਦੇਖ ਕੇ ਕਿਸੇ ਨੇ ਉਸ ਮੁੰਡੇ ਨੂੰ ਗੋਲੀ ਮਾਰ ਦਿੱਤੀ। ਰੱਬ ਜਾਣੇ ਕਿਸ ਨੇ ਮਾਰਿਆ ਪਰ ਪੁਲਿਸ ਉਸ ਕੁੜੀ ਦੇ ਭਰਾਵਾਂ 'ਤੇ ਸ਼ੱਕ ਕਰਦੀ ਸੀ।

ਪ੍ਰਮਾਤਮਾ ਨੇ ਤਾਂ ਸਾਨੂੰ ਜਨਮ ਦਿੱਤਾ। ਮਾਤਾ ਪਿਤਾ ਸਾਧਨ ਬਣ ਗਏ। ਮਾਂ ਦੀ ਗੋਦੀ ਵਿਚ ਜਿੰਨੇ ਸੁਖ ਸਨ, ਉਹ ਮਾਂ ਨੇ ਦੇਣ ਦਾ ਯਤਨ ਕੀਤਾ। ਬੋਲੀ ਦੀ ਰਿਸ਼ਤਿਆਂ ਦੀ ਪਹਿਚਾਣ ਵੀ ਮਾਂ ਪਿਓ ਨੇ ਕਰਵਾਉਣ ਦਾ ਯਤਨ ਕੀਤਾ। ਇਹ ਸਭ ਕੁਝ ਕਹਿ ਲਓ ਕਿ ਪ੍ਰਮਾਤਮਾ ਦੀ ਲਿਖੀ ਹੋਈ ਤਕਦੀਰ ਸੀ। ਬੋਲੀ ਦੀ ਭਾਸ਼ਾ ਦੀ ਜਿਸ ਤਰੀਕੇ ਨਾਲ ਅਸੀਂ ਆਪਣੀ ਜ਼ਿੰਦਗੀ ਵਿਚ ਵਰਤੋਂ ਕਰਦੇ ਹਾਂ। ਜਿਸ ਤਰ੍ਹਾਂ ਦੀ ਚੰਗੀ ਮੰਦੀ ਬੋਲੀ ਬੋਲਣ ਦੀ ਮੁਹਾਰਤ ਅਸੀਂ ਕਰਦੇ ਹਾਂ, ਉਹ ਸਾਡੀ ਆਪਣੇ ਹੱਥੀਂ ਲਿਖੀ ਹੋਈ ਫੱਟੀ ਹੁੰਦੀ ਹੈ। ਉਸ ਦਾ ਦੋਸ਼ ਹੋਰ ਕਿਸੇ ਦਾ ਨਹੀਂ ਹੁੰਦਾ। ਸ਼ਬਦ ਤਾਂ ਵਰਦਾਨ ਹੋ ਸਕਦੇ ਹਨ। ਉਹਨਾਂ ਦਾ ਪ੍ਰਯੋਗ ਅਸੀਂ ਕਿਵੇਂ ਕਰਨਾ ਹੈ, ਇਹ ਸਾਡੀ ਮਰਜ਼ੀ ਹੈ। ਮਾਂ ਤਾਂ ਗੋਦ ਵਿਚ ਖਿਡਾਉਂਦੀ ਅੱਕਦੀ ਨਾ ਥੱਕਦੀ ਪਰ ਮਾਂ ਵਿਚਾਰੀ ਦੀ ਗੋਦ ਵਿਚ ਜਦੋਂ ਅਸੀਂ ਫਿੱਟ ਨਹੀਂ ਆਉਂਦੇ, ਜਦੋਂ ਵੱਡੇ ਹੋ ਜਾਂਦੇ ਹਾਂ ਤਾਂ ਆਪਣੀ ਮਰਜ਼ੀ ਦੀਆਂ ਲੋਰੀਆਂ, ਆਪਣੇ ਆਪ ਨੂੰ ਦਿੰਦੇ ਹਾਂ। ਆਪਣੀ ਮਰਜ਼ੀ ਦੇ ਖਿਡੌਣਿਆਂ ਨਾਲ ਖੇਡਣਾ ਚਾਹੁੰਦੇ ਹਾਂ। ਦੁਨੀਆਂ ਵਿਚ ਆਏ ਰੱਬ ਦੀ ਮਰਜ਼ੀ ਨਾਲ ਪਰ ਦੁਨੀਆਂ ਨਾਲ ਰਿਸ਼ਤੇ ਅਸੀਂ ਆਪਣੀ ਮਰਜ਼ੀ ਨਾਲ ਬਣਾਉਂਦੇ ਹਾਂ। ਜੇ ਰੱਬ ਨੇ ਸਾਨੂੰ ਕੋਈ ਅੰਗ ਸਹੀ ਨਹੀਂ ਲਾਇਆ ਤਾਂ ਅਸੀਂ ਕਹਿ ਸਕਦੇ ਹਾਂ ਕਿ ਰੱਬ ਨੇ ਕੀ ਕੀਤਾ? ਪਰ ਜੇ ਸਾਡੇ ਬਣਾਏ ਰਿਸ਼ਤੇ ਲੈ ਕੇ ਬਹਿ ਜਾਣ ਤਾਂ ਰੱਬ ਦਾ ਕੀ ਕਸੂਰ। ਹਾਲਾਤਾਂ ਦਾ ਕੀ ਕਸੂਰ? ਹੋਰ ਕਿਸੇ ਦਾ ਵੀ ਕੀ ਕਸੂਰ? ਮੈਂ ਕਈ ਵਾਰ ਲਿਖਿਆ ਹੈ- ਆਪੇ ਫਾਥੜੀਏ, ਤੈਨੂੰ ਕੌਣ ਛਡਾਏ। ਦੂਰ ਦੀ ਸੋਚ ਕੇ ਸਹੀ ਸਾਫ ਸੁਥਰੀ ਜ਼ਮੀਰ ਨਾਲ ਤੁਰਨ ਵਾਲਿਆਂ ਵਾਸਤੇ ਹੀ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਾਝ ਰਾਗ ਵਿਚ ਲਿਖਦੇ ਹਨ:-

ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ।। (ਅੰਗ 136)
ਕੀਮਤੀ ਚੀਜ਼ਾਂ ਦੀ ਹੀ ਕੀਮਤ ਪੈਂਦੀ ਹੈ। ਜੇ ਜ਼ਮੀਰ ਕੀਮਤੀ ਹੈ ਤਾਂ ਜ਼ਰੂਰ ਮੁੱਲ ਪਾਵੋਗੇ।

ਸਾਡੇ ਫਰਜ਼

ਇਨਸਾਨੀਅਤ ਦਾ ਪਾਤਰ ਚਿਤਰਣ ਕਰਨ ਲੱਗਿਆਂ ਜਦੋਂ ਫਰਜ਼ਾਂ ਦੀ ਗੱਲ ਚੱਲਦੀ ਹੈ ਤਾਂ ਆਮ ਤੌਰ 'ਤੇ ਬਾਕੀ ਸਾਰਿਆਂ ਦਾ ਫਰਜ਼ ਯਾਦ ਕਰਵਾਉਂਦੇ ਰਹਿੰਦੇ ਹਾਂ। ਆਪਣੇ ਫਰਜ਼ ਨਹੀਂ ਯਾਦ ਰੱਖਦੇ। ਅਸਲ ਵਿਚ ਸਾਨੂੰ ਭੁੱਲਦੇ ਨਹੀਂ ਸਾਡੇ ਫਰਜ਼, ਅਸੀਂ ਆਪ ਭੁਲਾਉਣਾ ਚਾਹੁੰਦੇ ਹਾਂ। ਇਨਸਾਨ ਦੀ ਫਿਤਰਤ ਹੀ ਕੁਝ ਐਸੀ ਹੈ। ਨਿੱਕੇ ਹੁੰਦੇ ਅਸੀਂ ਆਪਣੀ ਪੰਜਾਂ ਉਂਗਲਾਂ ਦੀ ਇਕ ਖੇਡ ਖੇਡਿਆ ਕਰਦੇ ਸੀ:-

ਨਿੱਕੀ ਉਂਗਲੀ ਕਹਿੰਦੀ ਖਾਈਏ ਖਾਈਏ।
ਦੂਸਰੀ ਉ ਕਹਿੰਦੀ ਕਿੱਥੋਂ ਖਾਈਏ।
ਤੀਸਰੀ ਉਂਗਲੀ ਕਹਿੰਦੀ ਸਿਰ ਚੜ੍ਹਾਈਏ।
ਚੌਥੀ ਉਂਗਲੀ ਕਹਿੰਦੀ ਲਾਊ ਕੌਣ?
ਤੇ ਫਿਰ ਅੰਗੂਠਾ ਦਿਖਾ ਕੇ ਕਹਿ ਦੇਂਦੇ
ਲੱਥੂ ਤਾਂ ਲੱਥੂ ਨਹੀਂ ਤਾਂ ਆਹ ਜਾਣਦਾ।

ਅਸੀਂ ਆਪਣੇ ਜੀਵਨ ਵਿਚ ਵੀ ਇਹ ਖੇਡ ਖੇਡਦੇ ਹਾਂ। ਸਾਨੂੰ ਪਤਾ ਹੈ ਕਿ ਸਾਡਾ ਫਰਜ਼ ਕੀ ਬਣਦਾ ਹੈ ਪਰ ਅਸੀਂ ਜਾਣਦਿਆਂ ਅਣਜਾਣ ਬਣ ਜਾਂਦੇ ਹਾਂ। ਆਪਣੀ ਕਾਮਯਾਬੀ ਲਈ ਆਪਣਾ ਨਾਮ ਬਣਾਉਣ ਲਈ ਆਪਣੇ ਰਿਸ਼ਤਿਆਂ ਦਾ ਸੁਖ ਪ੍ਰਾਪਤ ਕਰਨ ਲਈ ਅਸੀਂ ਹਮੇਸ਼ਾਂ ਯਤਨ ਕਰਦੇ ਰਹਿੰਦੇ ਹਾਂ ਲੇਕਿਨ ਨਾਮਣਾ ਖੱਟਦਿਆਂ ਕਮਾਈਆਂ ਕਰਦਿਆਂ, ਵਿਓਪਾਰ ਕਰਦਿਆਂ ਆਪਣੇ ਫਰਜ਼ ਵੀ ਯਾਦ ਰੱਖਣੇ ਚਾਹੀਦੇ ਹਨ, ਨਹੀਂ ਤਾਂ ਫਿਰ ਗੱਡੀ ਨਹੀਂ ਚੱਲਦੀ। ਸਾਡਾ ਇਕ ਵਾਰ ਕਿਰਾਏਦਾਰਾਂ ਨਾਲ ਝਗੜਾ ਹੋ ਗਿਆ। ਦੁਕਾਨ ਬਹੁਤ ਵਧੀਆ ਚਲਦੀ ਸੀ, ਕਿਰਾਏਦਾਰ ਕਮਾਈ ਵੀ ਵਧੀਆ ਕਰਦੇ ਹੋਣਗੇ। ਨਵੇਂ ਸਿਰਿਉਂ ਕਿਰਾਏ ਦਾ ਇਕਰਾਰਨਾਮਾ ਦਸ ਸਾਲ ਲਈ ਮੰਗਦੇ ਸੀ। ਖੈਰ ਉਹਨਾਂ ਦਾ ਹੱਕ ਵੀ ਬਣਦਾ ਸੀ ਤੇ ਸਾਡਾ ਦਿਲ ਵੀ ਨਹੀਂ ਸੀ ਕਰਦਾ ਕਿ ਉਹ ਏਨਾ ਵਧੀਆ ਵਿਓਪਾਰ ਗਵਾ ਕੇ ਬਹਿ ਜਾਣ। ਹੋਰ ਵੀ ਕਈ ਸੱਜਣਾਂ ਮਿੱਤਰਾਂ ਨੇ ਉਹਨਾਂ ਦੀ ਸਿਫਾਰਸ਼ ਕੀਤੀ। ਮੈਂ ਸੋਚਿਆ ਕਿਰਾਏ ਤੇ ਤਾਂ ਦੇਣਾ ਹੀ ਹੈ ਕਿਉਂ ਨਾ ਇਹਨਾਂ ਨੂੰ ਹੀ ਦੇ ਦੇਈਏ। ਬੰਦਿਆਂ ਵਿਚ ਬੈਠ ਕੇ ਮੈਂ ਕਿਹਾ ਇਕ ਦਰਖਾਸਤ ਲਿਖ ਕੇ ਭੇਜ ਦਿਓ ਕਿ ਤੁਹਾਡੇ ਕੋਲ ਲੀਜ਼ ਨਹੀਂ ਹੈ ਤੇ ਸਾਨੂੰ ਨਵਾਂ ਇਕਰਾਰਨਾਮਾ ਕਿਰਪਾ ਕਰਕੇ ਦੇ ਦੇਵੋ। ਉਹ ਹੱਕ ਤਾਂ ਸਮਝਦੇ ਸਨ ਪਰ ਫਰਜ਼ ਪੂਰਾ ਕਰਨ ਤੋਂ ਝਕਦੇ ਸਨ। ਉਹਨਾਂ ਨੇ ਨਾ ਕੋਈ ਦਰਖਾਸਤ ਭੇਜੀ ਤੇ ਨਾ ਹੀ ਉਹਨਾਂ ਨੂੰ ਕੋਈ ਇਕਰਾਰਨਾਮਾ ਮਿਲਿਆ।

ਅਸੀਂ ਜਦੋਂ ਕੋਈ ਟੀਚਾ ਮਿੱਥਣੇ ਹਾਂ, ਕੋਈ ਮੰਜ਼ਿਲ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਨਾਲ ਦੀ ਨਾਲ ਸਾਨੂੰ ਉਸ ਮੰਜ਼ਿਲ 'ਤੇ ਪਹੁੰਚਣ ਦੇ ਰਸਤੇ ਤੇ ਸਾਧਨ ਵੀ ਲੱਭਣੇ ਪੈਣਗੇ ਕਿੱਥੇ ਪਹੁੰਚਣਾ ਹੈ। ਜੋ ਸਾਡਾ ਹੱਕ ਹੈ ਤਾਂ ਰਸਤੇ ਵਿਚ ਫਰਜ਼ ਵੀ ਯਾਦ ਰੱਖਣੇ ਪੈਣਗੇ। ਫਰਜ਼ਾਂ ਦੀ ਜਦੋਂ ਵਾਰੀ ਆਉਂਦੀ ਹੈ ਤਾਂ ਅਸੀਂ ਕੰਜੂਸੀ ਕਰਨ ਲੱਗ ਪੈਂਦੇ ਹਾਂ। ਪਰ ਕਈ ਵਾਰ ਉਸ ਦੇ ਨਤੀਜੇ ਸਹੀ ਨਹੀਂ ਨਿਕਲਦੇ-ਡੰਨ ਭਰਨੇ ਪੈ ਜਾਂਦੇ ਹਨ। ਹੋਰ ਕਿਸੇ ਤੇ ਜਿੱਤ ਪ੍ਰਾਪਤ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਆਪ ਤੇ ਜਿੱਤ ਪ੍ਰਾਪਤ ਕਰਨੀ ਹੋਵੇਗੀ, ਤਾਂ ਹੀ ਹੋਰ ਕਿਸੇ ਨੂੰ ਜਿੱਤਿਆ ਜਾ ਸਕਦਾ ਹੈ। ਸਾਰੀਆਂ ਜਿੱਤਾਂ ਤਲਵਾਰ ਨਾਲ ਹੀ ਨਹੀਂ ਜਿੱਤੀਆਂ ਜਾਂਦੀਆਂ। ਕਈ ਵਾਰ ਤੁਹਾਡੇ ਸ਼ਬਦ ਸੁਣ ਕੇ ਹੀ ਲੋਕ ਹਾਰ ਜਾਣਾ ਚਾਹੁੰਦੇ ਹਨ। ਨਜ਼ਰ ਨਾਲ ਨਜ਼ਰ ਮਿਲਾ ਕੇ ਹੀ ਤੁਹਾਨੂੰ ਜਿੱਤਣਾ ਨਹੀਂ ਚਾਹੁੰਦੇ। ਦੂਸਰੀ ਗੱਲ ਜੋ ਬਹੁਤ ਜ਼ਰੂਰੀ ਹੈ, ਉਹ ਇਹ ਹੈ ਕਿ ਕਿਸੇ ਨਾ ਕਿਸੇ ਦੈਵੀ ਸ਼ਕਤੀ ਤੋਂ, ਕਿਸੇ ਨਾ ਕਿਸੇ ਰੱਬ ਤੋਂ ਡਰਨਾ ਚਾਹੀਦਾ ਹੈ। ਜੇ ਕਿਸੇ ਦਾ ਡਰ ਨਾ ਹੋਵੇ, ਕਿਸੇ ਦਾ ਸਤਿਕਾਰ ਨਾ ਹੋਵੇ ਤਾਂ ਅਸੀਂ ਆਪਣੇ ਫਰਜ਼ਾਂ ਨੂੰ ਭੁਲਾਉਣਾ ਚਾਹਾਂਗੇ ਪਰ ਜੇ ਸਾਨੂੰ ਪਤਾ ਹੈ ਕਿ ਸਾਨੂੰ ਕੋਈ ਦੇਖ ਰਿਹਾ ਹੈ ਤਾਂ ਸੁਭਾਵਿਕ ਹੀ ਸਹੀ ਚੱਲਾਂਗੇ। ਸੋ ਪਰਮਾਤਮਾ ਦਾ ਆਸਰਾ ਲੈ ਕੇ ਤੇ ਪ੍ਰਮਾਤਮਾ ਤੇ ਵਿਸ਼ਵਾਸ ਕਰਕੇ ਚੱਲਣਾ ਜ਼ਰੂਰੀ ਹੈ। ਇਮਾਨਦਾਰੀ ਨਾਲ ਆਪਣੇ ਰਸਤੇ ਤਹਿ ਕਰਾਂਗੇ ਤਾਂ ਸੁੱਖ ਮਿਲੇਗਾ। ਬਹੁਤ ਜ਼ਿਆਦਾ ਭੋਲੇ ਵੀ ਨਹੀਂ ਹੋਣਾ ਚਾਹੀਦਾ ਕਿ ਤੁਹਾਨੂੰ ਕੋਈ ਲੁੱਟ ਲੈ ਜਾਵੇ। ਸਿਆਣੇ ਆਖਿਆ ਕਰਦੇ ਸੀ ਕਿ ਐਸੇ ਮਿੱਠੇ ਨਾ ਹੋ ਜਾਇਓ ਕਿ ਕੋਈ ਖਾ ਹੀ ਜਾਵੇ ਤੇ ਏਨੇ ਕੌੜੇ ਵੀ ਨਾ ਹੋਵੋ ਕਿ ਕੋਈ ਥੁੱਕ ਦੇਵੇ। ਜੇ ਕਿਸੇ ਨੇ ਤੁਹਾਡੀ ਕਿਸੇ ਵੇਲੇ ਬਾਂਹ ਫੜੀ ਹੋਵੇ ਤਾਂ ਉਸਨੂੰ ਯਾਦ ਰੱਖਣਾ ਚਾਹੀਦਾ ਹੈ। ਯਾਦ ਨੂੰ ਕਦੇ ਕਦੇ ਤਾਜ਼ਾ ਕਰਨ ਨਾਲ ਬੜਾ ਸਕੂਨ ਮਿਲਦਾ ਹੈ। ਮੈਂ ਜਦੋਂ ਕੈਲੇਫੋਰਨੀਆ ਗਿਆ ਸਾਂ ਤਾਂ ਪਹਿਲੇ ਦਿਨ ਹੀ ਮੇਰੇ ਹੱਥ ਵਿਚ ਤਾਰ ਲੱਗ ਗਈ। ਮੇਰਾ ਹੱਥ ਕਾਫੀ ਕੱਟਿਆ ਗਿਆ। ਕੁਝ ਥਕੇਵਾਂ ਵੀ ਸੀ। ਨਵੀਂ ਜਗ੍ਹਾ ਵੀ ਹਾਲੇ ਮੇਚ ਨਹੀਂ ਸੀ ਆ ਰਹੀ ਤੇ ਮੈਨੂੰ ਬੁਖਾਰ ਹੋ ਗਿਆ। ਕੈਲਗਰੀ ਤੋਂ ਭੂਆ ਜੀ ਨੇ ਕਾਲ ਕਰਕੇ ਅਮਰਜੀਤ ਭੈਣ ਨੂੰ ਮੇਰੀ ਮਦਦ ਲਈ ਭੇਜਿਆ। ਮੈਨੂੰ ਨਾਲ ਲਿਜਾ ਕੇ ਟੈਟਨਸ ਦਾ ਟੀਕਾ ਲਵਾਇਆ। ਆਪਣੇ ਘਰ ਰੱਖਿਆ ਤੇ ਜਦ ਮੈਂ ਠੀਕ ਹੋ ਗਿਆ ਤਾਂ ਨੌਕਰੀ ਲੱਭਣ ਲਈ ਵੀ ਮੇਰੇ ਨਾਲ ਜਾਂਦੇ ਰਹੇ। ਉਸ ਸਮੇਂ ਮੈਨੂੰ ਰੱਬ ਵਰਗਾ ਆਸਰਾ ਲਗਦਾ ਸੀ ਅਮਰਜੀਤ ਭੈਣ ਦਾ। ਦੋ ਹਜ਼ਾਰ ਤਿੰਨ ਵਿਚ ਮੈਂ ਤੇ ਹਰਪ੍ਰੀਤ ਨੇ ਆਪਣੀ ਸ਼ਾਦੀ ਦੀ 25ਵੀਂ ਸਾਲ ਗਿਰਾਹ ਮਨਾਈ। ਬਹੁਤ ਲੋਕ ਇਕੱਠੇ ਹੋਏ। ਬਹੁਤ ਵੱਡਾ ਹਾਲ ਸੀ ਅਰਾਰਤ। ਜਦੋਂ ਲੋਕਾਂ ਨਾਲ ਖਚਾ ਖਚ ਭਰ ਗਿਆ ਤਾਂ ਮੈਨੂੰ ਸਾਰਿਆਂ ਦਾ ਧੰਨਵਾਦ ਕਰਨ ਦਾ ਮੌਕਾ ਮਿਲਿਆ। ਸਾਰੇ ਰਿਸ਼ਤੇਦਾਰਾਂ ਤੇ ਮਿੱਤਰਾਂ ਦਾ ਧੰਨਵਾਦ ਕਰਨ ਤੋਂ ਪਹਿਲਾਂ ਮੈਂ ਅਮਰਜੀਤ ਭੈਣ ਜੀ ਦਾ ਤੇ ਉਨ੍ਹਾਂ ਦੇ ਪਤੀ ਹਰ ਕੀਰਤ ਸਿੰਘ ਰੰਧਾਵਾ ਦਾ ਧੰਨਵਾਦ ਕੀਤਾ ਤੇ ਸਾਰਿਆਂ ਲੋਕਾਂ ਨਾਲ ਜਾਣ ਪਛਾਣ ਕਰਵਾ ਕੇ ਕਿਹਾ ਕਿ ਕੈਲੇਫੋਰਨੀਆ ਵਿਚ ਮੇਰਾ ਸਭ ਤੋਂ ਪਹਿਲਾ ਸਹਾਰਾ ਬਣੇ ਸੀ। ਉਸ ਦੀ ਬਦੌਲਤ ਹੀ ਅੱਜ ਮੈਂ ਐਨੀ ਤਰੱਕੀ ਕਰ ਸਕਿਆ ਹਾਂ। ਮੈਂ ਆਪਣਾ ਫਰਜ਼ ਵੀ ਨਿਭਾਇਆ ਤੇ ਉਸ ਫਰਜ਼ ਨਿਭਾਉਣ ਵਿਚ ਦੋਹਾਂ ਦੀ ਸਿਫਤ ਕਰਨ ਲੱਗਿਆ ਜੋ ਮੈਨੂੰ ਦਿਲ ਵਿਚ ਠੰਡ ਪਈ, ਉਸ ਦੀ ਕੋਈ ਕੀਮਤ ਹੋ ਨਹੀਂ ਸਕਦੀ।

ਜੇ ਕਦੇ ਤੁਹਾਨੂੰ ਕੋਈ ਨਿਆਂ ਕਰਨਾ ਪੈ ਜਾਵੇ ਤਾਂ ਜਿੰਨਾ ਚਿਰ ਸਾਰੀ ਗੱਲ ਸਮਝ ਨਾ ਲੱਗ ਜਾਵੇ, ਉਨਾ ਚਿਰ ਕੋਈ ਫੈਸਲਾ ਨਹੀਂ ਕਰਨਾ ਚਾਹੀਦਾ, ਇਹ ਵੀ ਸਾਡਾ ਫਰਜ਼ ਹੈ। ਜੇ ਆਪਣੇ ਆਪ ਨੂੰ ਪਤਾ ਨਾ ਲੱਗੇ ਤਾਂ ਕਿਸੇ ਕਿਤਾਬ ਦੀ ਜਾਂ ਕਿਸੇ ਸਿਆਣੇ ਦੀ ਸਲਾਹ ਲੈਣੀ ਵੀ ਚੰਗੀ ਹੈ। ਕਿਸੇ ਦੀ ਗੈਰ ਹਾਜ਼ਰੀ ਵਿਚ ਉਸਦਾ ਬੁਰਾ ਤੱਕ ਕੇ ਅਸੀਂ ਆਪਣੇ ਫਰਜ਼ ਨਹੀਂ ਨਿਭਾਉਂਦੇ। ਭਵਿੱਖ ਵਿਚ ਨਿਕਲਣ ਵਾਲੇ ਨਤੀਜਿਆਂ ਦਾ ਅੰਦਾਜ਼ਾ ਰੱਖਣ ਵਾਲੇ ਲੋਕ ਗਲਤੀ ਕਰਨ ਤੋਂ ਹਮੇਸ਼ਾ ਗੁਰੇਜ਼ ਕਰਦੇ ਹਨ। ਟੀਚੇ ਮਿੱਥਣੇ, ਪ੍ਰੋਗਰਾਮ ਬਣਾਉਣੇ ਮੰਜ਼ਿਲਾਂ ਨਿਸ਼ਚਿਤ ਕਰਨੀਆਂ ਤਾਂ ਬਹੁਤ ਹੀ ਜ਼ਰੂਰੀ ਹਨ। ਫਿਰ ਉਹ ਹੀ ਗੱਲ ਕਿ ਹਰ ਕਿਸੇ ਕਰਮ ਦੀ ਹਰ ਕਾਰਜ ਦੀ ਕੋਈ ਨਾ ਕੋਈ ਮਰਿਆਦਾ ਹੁੰਦੀ ਹੈ। ਮਰਿਆਦਾ ਵਿਚ ਰਹਿਣ ਵਾਲੇ ਲੋਕ ਆਪਣੇ ਅਧਿਕਾਰਾਂ ਦਾ ਆਨੰਦ ਮਾਣਦੇ ਮਾਣਦੇ ਆਪਣੇ ਫਰਜ਼ ਨੂੰ ਵੀ ਅੱਖੋਂ ਪਰੋਖੇ ਨਹੀਂ ਕਰਦੇ। ਜੋ ਲੋਕ ਆਮ ਲੋਕਾਂ ਵਰਗਾ ਲੱਗਣ ਦੀ ਕੋਸ਼ਿਸ਼ ਕਰਦੇ ਹਨ, ਉਹ ਵਧੀਆ ਰਹਿੰਦੇ ਹਨ। ਨਜ਼ਰਾਂ ਵਿਚ ਚੜ੍ਹਨਾ ਹਰ ਵਕਤ ਠੀਕ ਨਹੀਂ ਹੁੰਦਾ। ਬਹੁਤ ਅੱਗੇ ਲੰਘਣ ਵਾਲੇ ਜਾਂ ਬਹੁਤ ਪਿੱਛੇ ਰਹਿ ਜਾਣ ਵਾਲਿਆਂ ਦੀ ਚਰਚਾ ਜ਼ਿਆਦਾ ਹੁੰਦੀ ਹੈ। ਜੇ ਆਮ ਲੋਕਾਂ ਨਾਲ ਅਸੀਂ ਹੱਸ ਖੇਡ ਕੇ ਸਮਾਂ ਬਿਤਾਉਂਦੇ ਹਾਂ ਤਾਂ ਸਭ ਨੂੰ ਠੀਕ ਲੱਗਦਾ ਹੈ। ਗਲਤੀ ਦਿਲੋਂ ਲਾ ਕੇ ਨਹੀਂ ਕਰਨੀ ਚਾਹੀਦੀ ਐਪਰ ਗਲਤੀਆਂ ਇਨਸਾਨਾਂ ਤੋਂ ਅਕਸਰ ਹੋ ਜਾਂਦੀਆਂ ਹਨ। ਮੈਂ ਤੇ ਇਹ ਵੀ ਆਖਦਾ ਹੁੰਦਾ ਹਾਂ ਕਿ ਗਲਤੀਆਂ ਕਰਨਾ ਸਾਡਾ ਹੱਕ ਹੈ। ਜੇ ਸਾਡੀ ਕੀਤੀ ਗਲਤੀ ਦੇ ਗਲਤ ਨਤੀਜੇ ਨਿਕਲਦੇ ਦਿਸਣ ਤਾਂ ਉਸ ਗਲਤੀ ਨੂੰ ਸੁਧਾਰਨਾ ਵੀ ਸਾਡਾ ਫਰਜ਼ ਬਣਦਾ ਹੈ। ਸਾਡੇ ਨਾਲ ਦਿਆਂ ਦੀ ਹੋ ਸਕੇ ਤਾਂ ਮਦਦ ਕਰਨੀ ਚਾਹੀਦੀ ਹੈ। ਇਸ ਵਿਚ ਤੁਹਾਡਾ ਵੀ ਫਾਇਦਾ ਹੋਵੇ ਹੋਰ ਕਿਸੇ ਦਾ ਵੀ ਫਾਇਦਾ ਹੋ ਜਾਵੇ ਤਾਂ ਬਹੁਤ ਵਧੀਆ ਹੈ।

ਵਿਓਪਾਰ ਕਰਨ ਦੀ ਇਕ ਵਿਧੀ ਅਸੀਂ ਅਪਣਾਈ। ਮੇਰੇ ਕੋਲ ਸਿਰਫ ਦੋ ਕੁ ਲੱਖ ਡਾਲਰ ਸੀ। 1990 ਵਿਚ ਉਹ ਲਾ ਕੇ ਅਸੀਂ ਇਕ ਵਧੀਆ ਦੁਕਾਨ ਫਿਲਮੋਰ ਸ਼ਹਿਰ ਵਿਚ ਲੈ ਲਈ। ਉਸ ਨੂੰ ਚਲਾਉਣ ਵਾਸਤੇ ਮੇਰੇ ਇੰਡੀਆ ਤੋਂ ਗਏ ਰਿਸ਼ਤੇਦਾਰਾਂ ਨੂੰ ਨਾਲ ਰਲਾ ਲਿਆ। ਦਿਮਾਗ ਮੇਰਾ ਚੱਲਿਆ ਤੇ ਹੱਥੀਂ ਕੰਮ ਉਹ ਬਹੁਤ ਕਰ ਲੈਂਦੇ ਸੀ। ਜਿੰਨੇ ਪੈਸੇ ਮੈਂ ਖਰਚੇ, ਉਹ ਅਸੀਂ ਸਾਂਝੇ ਥਾਂ ਤੋਂ ਬਾਹਰ ਕੱਢ ਲਏ ਤੇ ਸਾਲ ਡੇਢ ਸਾਲ ਵਿਚ ਉਹ ਸਟੋਰ ਪੰਜ ਲੱਖ ਡਾਲਰ ਦਾ ਹੋ ਗਿਆ। ਅਸੀਂ ਕੀ ਖਰਚਿਆ, ਕੁਝ ਵੀ ਨਹੀਂ, ਪੈਸੇ ਜਿੰਨੇ ਲਾਏ ਉਹ ਕਮਾ ਵੀ ਲਏ। ਮੇਰੀਆਂ ਸਕੀਮਾਂ ਤੇ ਤਜਰਬਾ ਅਤੇ ਮੇਰੇ ਰਿਸ਼ਤੇਦਾਰਾਂ ਦੀ ਮਿਹਨਤ ਨਾਲ ਅਸੀਂ ਸਾਲ ਕੁ ਵਿਚ ਹੀ ਤਕੜੇ ਹੋ ਗਏ। ਬੈਠ ਕੇ ਅਸੀਂ ਭਰਾਵਾਂ ਵਾਂਗ ਗੱਲ ਮੁਕਾ ਲਈ ਕਿ ਹੁਣ ਇਹ ਸਟੋਰ ਦੀ ਮਾਲਕੀ ਅੱਧੀ ਤੁਹਾਡੀ ਤੇ ਅੱਧੀ ਸਾਡੀ। ਸਾਰੇ ਬਹੁਤ ਖੁਸ਼। ਉਹ ਜਿੰਨੇ ਜੀਅ ਸਟੋਰ ਤੇ ਕੰਮ ਕਰਦੇ ਸੀ, ਉਹਨਾਂ ਦੀ ਤਨਖਾਹ ਕੱਢ ਕੇ ਬਾਕੀ ਪੈਸੇ ਅਸੀਂ ਅਧੋ ਅੱਧ ਕਰ ਲੈਣੇ। ਅੱਠ ਕੁ ਹਜ਼ਾਰ ਡਾਲਰ ਮਹੀਨੇ ਸਾਡੇ ਹਿੱਸੇ ਆ ਜਾਂਦੇ। ਉਹ ਇਕੱਲੇ ਸਟੋਰ ਲੈ ਨਹੀਂ ਸੀ ਸਕਦੇ, ਮੈਂ ਇਕੱਲਾ ਚਲਾ ਨਹੀਂ ਸੀ ਸਕਦਾ। ਰਲ ਮਿਲ ਕੇ ਇਕ ਦੂਸਰੇ ਦੇ ਸਾਥ ਨਾਲ ਸਾਰੇ ਵਧੀਆ ਰਹਿ ਗਏ। ਸਾਡੇ ਕੋਲ ਪੈਸੇ ਹੋਰ ਹੋ ਗਏ ਤੇ ਨਾਲੇ ਤਜਰਬਾ ਠੀਕ ਰਿਹਾ। ਇਸ ਕਰਕੇ ਅਸੀਂ ਇਕ ਇਕ ਕਰਕੇ ਪੰਜ ਹੋਰ ਸਟੋਜ ਪੰਜ ਵੱਖ ਵੱਖ ਭਾਈ ਵਾਲਾਂ ਨਾਲ ਰਲ ਕੇ ਬਣਾਏ। ਸਾਡੇ ਆਪਣੇ ਖਾਸ ਰਿਸ਼ਤੇਦਾਰ, ਖਾਸ ਮਿੱਤਰ ਸਨ। ਹੁਣ ਖੇਡ ਨੇ ਇਕ ਨਵਾਂ ਮੋੜ ਲਿਆ।

ਜਦੋਂ ਛੇ ਸਟੋਰ ਤੇ ਛੇ ਹੀ ਭਾਈਵਾਲ ਸਾਰੇ ਦੇ ਸਾਰੇ ਅਮੀਰ ਬਣ ਗਏ, ਸਾਰਿਆਂ ਕੋਲ ਪੈਸੇ ਹੋ ਗਏ ਤਾਂ ਸਭ ਨੂੰ ਸਕੀਮਾਂ ਆਉਣ ਲੱਗ ਪਈਆਂ। ਇਹ ਭੁੱਲ ਹੀ ਗਿਆ ਕਿ ਦੋ ਸਾਲ ਪਹਿਲਾਂ ਕੁਝ ਨਹੀਂ ਸੀ ਜਾਣਦੇ ਤੇ ਕੋਲ ਵੀ ਕੁਝ ਨਹੀਂ ਸੀ, ਮਸਾਂ ਦੱਥੇ ਨਾਲ ਦੱਥਾ ਹੀ ਲੱਗਦਾ ਸੀ। ਤਰਕਾਲਾਂ ਨੂੰ ਸਾਰਿਆਂ ਨੇ ਇਕੱਠੇ ਹੋ ਕੇ ਤਾਸ਼ ਖੇਡਣੀ, ਦਾਰੂ ਪੀਣੀ ਤੇ ਮੀਟ ਮੁਰਗਾ ਖੂਬ ਚੱਲਣੇ। ਹੌਲੀ ਹੌਲੀ ਸਾਰੇ ਘੁਸਰ ਮੁਸਰ ਕਰਨ ਲੱਗ ਪਏ ਕਿ ਇਹ ਬੜਾ ਉਸਤਾਦ ਨਿਕਲਿਆ। ਦੇਖੋ ਬਈ ਜਿੰਨੀ ਆਮਦਨ ਆਪਣੀ ਛੇ ਪਰਿਵਾਰਾਂ ਦੀ ਹੈ, ਸੁਰਿੰਦਰ ਇਕੱਲਾ ਉਨੇ ਪੈਸੇ ਕਮਾਈ ਜਾਂਦਾ ਹੈ ਕਿਉਂਕਿ ਛੇ ਸਟੋਰਾਂ ਵਿਚ ਸਾਡਾ ਅੱਧ ਸੀ ਜਿਹੜੇ ਪੈਸਿਆਂ ਨਾਲ ਸਾਡਾ ਅੱਧ ਬਣਿਆ ਸੀ ਸਾਰੇ ਸਟੋਰਾਂ ਵਿਚ, ਉਹ ਪੈਸੇ ਵੀ ਅਸੀਂ ਕੱਢ ਲਏ ਤੇ ਅੱਧ ਦੇ ਮਾਲਕ ਫਿਰ ਵੀ ਰਹੇ। ਪਰ ਉਹ ਇਹ ਭੁੱਲ ਹੀ ਗਏ ਕਿ ਮੈਂ ਤਾਂ ਜੋ ਲਾਇਆ ਸੋ ਕੱਢਿਆ ਪਰ ਉਹਨਾਂ ਵਿਚੋਂ ਕਈ ਤਾਂ ਮੇਰੇ ਨਾਲ ਖਾਲੀ ਹੱਥੀਂ ਹੀ ਰਲੇ ਸੀ। ਜੇ ਸਾਰੇ ਪੰਜ ਪੰਜ ਲੱਖ ਦੇ ਸਟੋਰ ਹੋ ਗਏ ਤਾਂ ਢਾਈ ਢਾਈ ਲੱਖ ਦੇ ਮਾਲਕ ਵੀ ਸਾਰੇ ਬਣ ਗਏ, ਲੇਕਿਨ ਉਹਨਾਂ ਨੂੰ ਆਪਣਾ ਢਾਈ ਲੱਖ ਨਾ ਦਿਸੇ ਮੇਰਾ ਪੰਦਰਾਂ ਲੱਖ ਚੰਗਾ ਨਾ ਲੱਗੇ। ਮੈਂ ਇਕ ਦਿਨ ਸਾਰੇ ਇਕੱਠੇ ਕਰਕੇ ਪੁੱਛਿਆ ਕਿ ਮੇਰੀ ਗਲਤੀ ਤਾਂ ਦੱਸੋ ਫਿਰ ਹੱਸਣ। ਅਸੀਂ ਸੋਚਿਆ ਕਿਤੇ ਰਿਸ਼ਤੇਦਾਰੀ ਵਿਚ ਤੇ ਯਾਰੀ ਦੋਸਤੀ ਵਿਚ ਫਿੱਕ ਨਾ ਪੈ ਜਾਵੇ। ਮੈਂ ਸਾਰਿਆਂ ਨੂੰ ਕਿਹਾ ਕਿ ਮੁੱਲ ਪਾ ਕੇ ਮੇਰਾ ਹਿੱਸਾ ਖਰੀਦ ਲਓ ਤੇ ਵਿਚੋਂ ਹੀ ਕਮਾ ਕੇ ਦੇ ਦਿਓ। ਸਾਰੇ ਪੁੱਠੀਆਂ ਛਾਲਾਂ ਮਾਰਨ ਬੜੇ ਖੁਸ਼ ਕਿ ਜਿੰਨਾ ਮੁਨਾਫਾ ਦਿੰਦੇ ਸੀ ਉਸ ਤੋਂ ਘੱਟ ਵੀ ਕਿਸ਼ਤ ਕਰੀਏ ਤਾਂ ਦੋ ਤਿੰਨ ਸਾਲਾਂ ਵਿਚ ਸਾਰੇ ਸਟੋਰ ਉਨ੍ਹਾਂ ਦੇ ਹੋ ਜਾਣਗੇ। ਲਿਖਤ ਪੜਤ ਮਾੜੀ ਮੋਟੀ ਕਰਕੇ ਸਾਰਿਆਂ ਨੇ ਸਟੋਰ ਸੰਭਾਲ ਲਏ ਤੇ ਅਸੀਂ ਸਾਰਿਆਂ 'ਚੋਂ ਬਾਹਰ। ਸਾਡੇ ਕੋਲ ਉਹੀ ਵਿਚਾਰਾ ਨਿੱਕਾ ਜਿਹਾ ਸਟੋਰ ਰਹਿ ਗਿਆ। ਦੋ ਕੁ ਸਾਲਾਂ ਵਿਚ ਜਦੋਂ ਸਾਰਿਆਂ ਨੇ ਸਾਨੂੰ ਹੌਲੀ ਹੌਲੀ ਕਰਕੇ ਪੈਸੇ ਦੇ ਦਿੱਤੇ ਤਾਂ ਮੈਂ ਸੋਚਿਆ ਹੁਣ ਕੀ ਕਰੀਏ। ਉਸ ਤਰ੍ਹਾਂ ਦੀ ਖੇਡ ਖੇਡਣ ਨੂੰ ਹੋਰ ਦਿਲ ਨਹੀਂ ਸੀ ਕਰਦਾ। ਮੈਂ ਰੀਅਲ ਸਟੇਟ ਦਾ ਲਾਇਸੈਂਸ ਵੀ ਲੈ ਰੱਖਿਆ ਸੀ। ਮੈਨੂੰ ਜਿਵੇਂ ਜਿਵੇਂ ਸੂਤ ਲੱਗਾ, ਮੈਂ ਦੁਕਾਨਾਂ ਦੀ ਜਾਇਦਾਦ ਖਰੀਦਣੀ ਸ਼ੁਰੂ ਕਰ ਦਿੱਤੀ ਤੇ ਅਸੀਂ ਸਾਰੇ ਪੈਸੇ ਧਰਤੀ 'ਚ ਨੱਪ ਦਿੱਤੇ। ਕਹਿਣ ਤੋਂ ਭਾਵ ਦੁਕਾਨਾਂ ਖਰੀਦ ਲਈਆਂ। ਸਾਨੂੰ ਕਿਰਾਏ ਭਾੜੇ ਕਾਫੀ ਆਉਣੇ ਸ਼ੁਰੂ ਹੋ ਗਏ। ਅਚਾਨਕ ਕੀਮਤਾਂ ਇੰਨੀਆਂ ਚੜ੍ਹ ਗਈਆਂ ਕਿ ਕੋਈ ਪੰਜ ਗੁਣਾਂ, ਕੋਈ ਦਸ ਗੁਣਾਂ ਬਹੁਤ ਕੀਮਤਾਂ ਵਧੀਆਂ। ਸਾਡਾ ਪੰਦਰਾਂ ਲੱਖ ਲਾਇਆ ਸੀ, ਉਹ 6-7 ਗੁਣਾਂ ਹੋ ਗਿਆ। ਫਿਰ ਸਾਰੇ ਬੜੇ ਦੁਖੀ ਕਿ ਅਸੀਂ ਤਾਂ ਫਿਰ ਉਥੇ ਦੇ ਉਥੇ ਹੀ ਰਹੇ ਤੇ ਸੁਰਿੰਦਰ ਤਾਂ ਬੜੀ ਜਾਇਦਾਦ ਬਣਾ ਗਿਆ। ਮੈਂ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਫਰਜ਼ ਨਿਭਾਉਣ ਦੀ ਸੋਚਦਾ ਰਿਹਾ ਪਰ ਕਿਸੇ ਨੂੰ ਖੁਸ਼ ਨਾ ਕਰ ਸਕਿਆ। ਇਕ ਨਹੀਂ ਸਾਰੇ ਦੇ ਸਾਰੇ ਜੋ ਕਦੀ ਮੇਰੀ ਉਂਗਲੀ ਲੱਗ ਕੇ ਤੁਰੇ ਸੀ ਤੇ ਅੱਜ ਕਈ ਕਈ ਲੱਖਾਂ ਡਾਲਰਾਂ ਦੇ ਮਾਲਕ ਹਨ, ਮਿਲੀਅਨਰ ਹਨ, ਸਾਰੇ ਹੀ ਜਦ ਮਿਲਦੇ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਮੈਂ ਉਹਨਾਂ ਦਾ ਕੋਈ ਨੁਕਸਾਨ ਕਰ ਦਿੱਤਾ ਹੋਵੇ। ਰਲ ਕੇ ਸਾਰਿਆਂ ਨੇ ਕਮਾਈ ਕੀਤੀ। ਮੈਂ ਕੋਈ ਦੇਵਤਾ ਤੇ ਸੀ ਨਹੀਂ ਕਿ ਆਪਣਾ ਹਿੱਸਾ ਵੀ ਦੇ ਦਿੰਦਾ। ਫਿਰ ਮੇਰੇ ਮੁੰਡੇ ਵੀ ਮੇਰੇ ਗੋਡਾ ਫੇਰ ਸਕਦੇ ਸੀ। ਮੈਂ ਤਾਂ ਇਹ ਹੀ ਸਿੱਖਿਆ ਹੈ ਕਿ ਇਮਾਨਦਾਰੀ ਨਾਲ ਆਪਣੇ ਰਸਤੇ ਤੁਰਦੇ ਹੋਏ ਜੇ ਕਿਸੇ ਦੀ ਬਾਂਹ ਪਕੜ ਸਕਦੇ ਹੋ ਤਾਂ ਜ਼ਰੂਰ ਪਕੜੋ ਪਰ ਆਪਣਾ ਆਪ ਗਵਾ ਕੇ ਨਹੀਂ। ਜੇ ਸਹੀ ਚਲਦਿਆਂ ਵੀ ਕੋਈ ਤੁਹਾਡੇ ਨਾਲ ਖੁਸ਼ ਨਹੀਂ ਹੈ ਤਾਂ ਉਸਦੀ ਚਿੰਤਾ ਕਰਨੀ ਵੀ ਸਹੀ ਨਹੀਂ। ਤੁਸੀਂ ਆਪਣੇ ਫਰਜ਼ ਤੋਂ ਪਿਛਾਂਹ ਨਾ ਹਟੋ, ਕੋਈ ਹੋਰ ਆਪਣਾ ਫਰਜ਼ ਨਿਭਾਏ ਜਾਂ ਨਾ ਨਿਭਾਏ, ਇਹ ਉਸ ਤੇ ਛੱਡ ਦਿਓ ਜਾਂ ਪਰਮਾਤਮਾ ਤੇ।

ਜੇ ਕੁਝ ਕਰਦਿਆਂ ਪੈਸੇ ਤਾਂ ਬੜੇ ਬਣਾਏ ਪਰ ਸਵਾਦ ਨਹੀਂ ਆਇਆ, ਵਾਤਾਵਰਣ ਵਿਚ ਵੀ ਖੁਸ਼ੀ ਨਹੀਂ ਤਾਂ ਇਹੋ ਜਿਹੀ ਕਹਾਣੀ ਨੂੰ ਕੋਈ ਵਧੀਆ ਮੋੜ ਦੇ ਕੇ ਇਸ ਵਿਚੋਂ ਨਿਕਲ ਜਾਣਾ ਹੀ ਬਿਹਤਰ ਹੈ। ਪਰ ਜੇ ਤੁਸੀਂ ਹਰ ਹਾਲਤ ਵਿਚ ਚੰਬੜੇ ਹੀ ਰਹਿੰਦੇ ਹੋ ਤਾਂ ਇਸ ਦਾ ਮਤਲਬ ਤੁਹਾਨੂੰ ਅਮਲ ਹੋ ਗਿਆ। ਅਮਲੀ ਤਾਂ ਬਹੁਤੇ ਗੁਣਾਂ ਵਾਲੇ ਨਹੀਂ ਹੁੰਦੇ, ਅਮਲ ਤਾਂ ਫਿਰ ਰੋਗ ਹੈ। ਫਿਰ ਤਾਂ ਪੈਸੇ ਦਾ ਅਮਲ ਤੁਹਾਨੂੰ ਵੱਸ ਵਿਚ ਕਰ ਲਵੇਗਾ। ਪੈਸਾ ਨੌਕਰ ਹੀ ਰਹੇ ਤਾਂ ਬਿਹਤਰ ਹੈ, ਜੇ ਪੈਸੇ ਦੇ ਤੁਸੀਂ ਨੌਕਰ ਹੋ ਗਏ ਤਾਂ ਫਿਰ ਕੀ ਫਾਇਦਾ। ਕਿਸੇ ਨੂੰ ਕੁਝ ਦੇ ਸਕਣ ਦੀ ਸਮਰੱਥਾ ਹੈ ਤਾਂ ਪਰਮਾਤਮਾ ਦਾ ਸ਼ੁਕਰ ਹੈ ਪਰ ਜੇ ਤੁਸੀਂ ਦੋਹੀਂ ਹੱਥੀਂ ਲੁਟਾਉਣਾ ਸ਼ੁਰੂ ਕਰ ਦਿਓ ਤਾਂ ਤੁਹਾਡੇ ਕੋਲ ਕੀ ਬਚੂ। ਪੈਸੇ ਕਮਾਉਣ ਦਾ ਤੇ ਖਰਚਣ ਦਾ ਵੀ ਇਕ ਵਿਧਾਨ ਹੋਣਾ ਚਾਹੀਦਾ ਹੈ। ਸੋਚ ਸਮਝ ਕੇ ਵਿਧਾਨ ਬਣਾਓ ਤੇ ਫਿਰ ਉਸ ਵਿਧਾਨ ਦੇ ਵਿਚ ਵਿਚ ਰਹਿ ਕੇ ਚੱਲਣ ਨਾਲ ਜੋ ਸਫਰ ਲੰਘਦਾ ਹੈ, ਉਸ ਦੀ ਕੋਈ ਰੀਸ ਨਹੀਂ। ਆਪਣੇ ਵਿਧਾਨ ਸਿਰਫ ਉਹ ਹੀ ਬਣਾਉਂਦੇ ਹਨ, ਜਿਹਨਾਂ ਵਿਚ ਆਪਣੇ ਪੈਰਾਂ ਤੇ ਖੜ੍ਹਨ ਦੀ ਤਾਕਤ ਹੁੰਦੀ ਹੈ, ਸੋਚ ਹੁੰਦੀ ਹੈ ਜੋ ਕਿਸੇ ਤੇ ਨਿਰਭਰ ਨਹੀਂ ਕਰਦੇ ਸਗੋਂ ਲੋਕਾਂ ਨੂੰ ਦੱਸਦੇ ਹਨ
'ਆਪਣ ਹਥੀਂ ਆਪਣਾ ਆਪੇ ਹੀ ਕਾਜੁ ਸਵਾਰੀਐ।'
ਜੇ ਤੁਸੀਂ ਦੂਰ-ਅੰਦੇਸ਼ ਹੋ ਅਤੇ ਦੂਰ-ਅੰਦੇਸ਼ੀ ਦੀ ਕੀਮਤ ਜਾਣਦੇ ਹੋ ਤਾਂ ਤੁਹਾਨੂੰ ਮੰਜ਼ਿਲ ਵੱਲ ਜਾਣ ਦੀ ਸੇਧ ਹੈ। ਜਾਂਚ ਹੈ ਤਰੀਕਾ ਹੈ। ਜਿਸ ਨੂੰ ਜਾਂਚ ਨਹੀਂ ਉਹ ਕਾਰ ਕਿਵੇਂ ਚਲਾਵੇ ਤੇ ਕਿਵੇਂ ਪਹੁੰਚੇ ਕਿਤੇ। ਤਰ ਕੇ ਹੀ ਪਾਰ ਲੰਘਿਆ ਜਾ ਸਕਦਾ ਹੈ। ਰਾਹ ਵਿਚ ਮਾੜਿਆਂ ਨੂੰ ਗੋਤੇ ਨਹੀਂ ਦੇਣੇ ਸਗੋਂ ਜੇ ਕਿਸੇ ਨੂੰ ਫੜ੍ਹ ਕੇ ਪਾਰ ਲੰਘਾ ਸਕਦੇ ਹੋ ਤਾਂ ਜ਼ਰੂਰ ਲੰਘਾਓ ਕੋਈ ਧੰਨਵਾਦ ਕਰੇ ਜਾਂ ਨਾ ਕਰੇ।

ਇਹ ਵੀ ਹੋ ਸਕਦਾ ਕਿ ਕੋਈ ਕਹੇ ਕਿ ਖਿੱਚ ਕੇ ਮੇਰੀ ਬਾਂਹ ਹੀ ਤੋੜ ਦੇਣ ਲੱਗਾ ਸੀ। ਸਾਫ ਨੀਅਤ ਨਾਲ ਤੁਰਦੇ ਜਾਣਾ ਹੀ ਸਾਡੀ ਮੰਜ਼ਿਲ ਵੱਲ ਲੈ ਜਾਵੇਗਾ। ਲੋਕਾਂ ਪ੍ਰਤੀ ਫਰਜ਼ ਪੂਰੇ ਕਰਨ ਤੋਂ ਪਹਿਲਾਂ ਆਪਣੇ ਵਾਸਤੇ ਵੀ ਕੁਝ ਫਰਜ਼ ਹੁੰਦੇ ਹਨ। ਪਹਿਲਾਂ ਆਤਮਾ ਤੇ ਫਿਰ ਪਰਮਾਤਮਾ।

('ਮੇਰੇ ਪੰਧ ਪੈਂਡੇ' ਪੁਸਤਕ ਵਿਚੋਂ)