Meri Piari Janam Bhoom : Nanak Singh

ਮੇਰੀ ਪਿਆਰੀ ਜਨਮ ਭੂਮ : ਨਾਨਕ ਸਿੰਘ

ਪੱਛਮੀ ਪੰਜਾਬ ਦੇ ਜ਼ਿਲਾ ਜਿਹਲਮ ਵਿਚ ਇਕ ਗੁੰਮਨਾਮ ਜਿਹਾ ਪਿੰਡ 'ਚਕ ਹਮੀਦ ਜਾਲਪਾਂ' ਕਰ ਕੇ ਸਦੀਦਾ ਹੈ, ਤੇ ਇਸੇ ਪਿੰਡ ਮੇਰਾ ਜਨਮ ਹੋਇਆ ਸੀ।

ਮੇਰੀ ਯਾਦਦਾਸ਼ਤ ਕੁਝ ਜ਼ਿਆਦਾ ਕਮਜ਼ੋਰ ਹੈ-ਸ਼ਾਇਦ ਇਸ ਕਰ ਕੇ ਕਿ ਇਸ ਦਾ ਬਹੁਤਾ ਹਿੱਸਾ ਨਾਵਲ ਨਵੀਸੀ ਨੇ ਮਲ ਲਿਆ ਹੈ, ਜਿਸ ਕਰ ਕੇ ਨਿਕੇ ਹੁੰਦਿਆਂ ਦੀਆਂ ਬਹੁਤੀਆਂ ਗੱਲਾਂ ਮੈਨੂੰ ਯਾਦ ਨਹੀਂ ਰਹੀਆਂ, ਪਰ ਜੋ ਕੁਝ ਯਾਦ ਦੀ ਤਖ਼ਤੀ ਉਤੇ ਬਾਕੀ ਹੈ, ਉਹ ਐਸਾ ਹੈ, ਜਿਸ ਨੂੰ ਮੈਂ ਮਰਦੇ ਦਮ ਤੀਕ ਭੁਲ ਨਹੀਂ ਸਕਦਾ। ਮੇਰੀਆ ਮਿਠੀਆਂ ਤੇ ਪਿਆਰੀਆਂ ਯਾਦਾਂ ਵਿਚ ਸਭ ਤੋਂ ਪਹਿਲਾ ਤੇ ਸਭ ਤੋਂ ਆਖ਼ਰੀ ਨੰਬਰ ਮੇਰੀ ਜਨਮ ਭੂਮ ਦਾ ਹੈ। ਇਸੇ ਲਈ ਆਪਣੀ ਜੀਵਨੀ ਦੇ ਹਾਲਾਤ ਲਿਖਣ ਲਗਿਆਂ ਇਹ ਚੀਜ਼ ਮੈਂ ਸਭ ਤੋਂ ਛੇਕੜ ਵਿਚੋਂ ਬਿਆਨ ਕਰਨ ਲਈ ਰਖੀ ਹੋਈ ਸੀ।

ਜ਼ਿਲਾ ਜਿਹਲਮ ਦੀਆਂ ਬਾਕੀ ਤਹਿਸੀਲਾਂ ਤਾਂ 'ਪੋਠੋਹਾਰ ਦੇ ਵਿਚ ਗਿਣੀਆਂ ਜਾਂਦੀਆਂ ਹਨ, ਪਰ ਸਾਡੀ ਤਹਿਸੀਲ 'ਪਿੰਡ ਦਾਦਨ ਖਾਨ' ਨੂੰ 'ਥਲ' ਦਾ ਇਲਾਕਾ ਕਿਹਾ ਜਾਂਦਾ ਹੈ, ਜਿਸ ਲਈ ਇਸ ਤਹਿਸੀਲ ਦੇ ਰਹਿਣ ਵਾਲੇ ਅਸੀਂ 'ਪੋਠੋਹਾਰੀ' ਦੇ ਥਾਂ 'ਬਲੋਚੀ' ਸੱਦੀਦੇ ਹਾਂ।
'ਖੀਊੜਾ' ਨਾਮੇਂ ਲੂਣ ਦਾ ਪਹਾੜ ਇਸੇ ਇਲਾਕੇ ਵਿਚ ਹੈ। ਲੂਣ ਨੂੰ ਰਬੀ ਨਿਹਮਤਾਂ ਵਿਚੋਂ ਸਭ ਤੋਂ ਵਡਮੁਲੀ ਨਿਹਮਤ ਮੰਨਿਆ ਗਿਆ ਹੈ, ਪਰ ਸਾਡੇ ਇਲਾਕੇ ਲਈ ਇਹੋ ਨਿਹਮਤ ਉਜਾੜੇ ਦਾ ਕਾਰਨ ਸਮਝੀ ਜਾਂਦੀ ਸੀ, ਕਿਉਂਕਿ ਇਸ ਦੇ ਸ਼ੋਰ। (ਨਮਕੀਨੀ) ਦੇ ਅਸਰਾਂ ਨਾਲ ਲਾਗੇ ਚਾਗੇ ਵੀਹ ਵੀਹ-ਤੀਹ, ਤੀਹ ਮੀਲਾਂ ਤਕੇ ਜ਼ਮੀਨ ਬਾਂਝ ਹੋ ਚੁਕੀ ਸੀ।

ਮੇਰੇ ਪਿੰਡ 'ਚਕ ਹਮੀਦ' ਦਾ ਇਕ ਪਾਸਾ ਤਾਂ ਪਹਾੜ ਵਲ ਲਗਦਾ ਹੈ, ਤੇ ਦੂਜਾ ਦਰਿਆ ਜਿਹਲਮ ਦੇ ਕੰਢੇ ਨਾਲ। ਗੋਇਆ ਇਸ ਦੇ ਸਜੇ ਪਾਸੇ 'ਸਹਿਰਾ' ਹੈ, ਤੇ ਖਬੇ ਪਾਸੇ 'ਨਖ਼ਲਿਸਤਾਨ'।

ਲਾਗਲੇ ਪਹਾੜ ਦਾ ਨਾਉ 'ਡਿਡੋਟ' ਹੈ, ਜਿਹੜਾ ਖੀਊੜੇ ਦੀ ਹੀ ਇਕ ਸ਼ਾਖ਼ ਹੈ, ਪਰ ਇਸ ਦੇ ਪੇਟ ਵਿਚੋਂ ਲੂਣ ਦੇ ਥਾਂ ਪੱਥਰ ਦਾ ਕੋਲਾ ਨਿਕਲਦਾ ਹੈ। ਬੜਾ ਖ਼ੁਸ਼ਕ ਤੇ ਡਰਾਉਣਾ ਜਿਹਾ ਪਹਾੜ ਹੈ। ਇਹ ਨਰਕ ਤੇ ਸ੍ਵਰਗ ਦੇ ਦਹਾਂ ਕੰਢਿਆਂ ਵਿਚਾਲੇ ਘਿਰਿਆ ਹੋਇਆ ਇਹ ਇਕ ਛੋਟਾ ਜਿਹਾ ਖਤਰੰਮਾ ਪਿੰਡ ਸੀ ( ਸੀ ਇਸ ਲਈ ਕਿ ਪੰਜਾਬ ਦੀ ਵੰਡ ਤੋਂ ਬਾਦ ਇਹ ਸਾਡੇ ਭਾਣੇ ਖ਼ਤਮ ਹੋ ਚੁਕਾ ਹੈ) ਪਹਾੜ ਵਾਲੇ ਪਾਸੇ ਦੀਆਂ ਜ਼ਮੀਨਾਂ ਵਿਚ ਤਾਂ ਦੂਰ ਤਕ ਕੱਲਰ ਹੀ ਕੱਲਰ ਭਖ਼ਦਾ ਦਿਖ਼ਾਈ ਦੇਂਦਾ ਸੀ, ਤੇ ਦਰਿਆ ਵਾਲਾ ਪਾਸਾ ਹਰੇ ਭਰੇ ਖੇਤਾਂ ਤੇ ਬਾਗਾਂ ਨਾਲ ਭਰਪੂਰ। ਪਰ ਮੇਰੇ ਲਈ, ਸਚੀ, ਗਲ ਪੁਛੋ ਤਾਂ ਨਖ਼ਲਿਸਤਾਨ ਨਾਲੋਂ ਸ਼ਹਿਰਾ ਦਾ ਟੁਕੜਾ ਵਧੀਕ ਮਨ ਭਾਉਣਾ ਸੀ ਕਿਉਂਕਿ ਉਸ ਕੱਲਰ ਵਿਚ ਮੇਰੀ ਦਿਲਚਸਪੀ ਦਾ ਸਭ ਤੋਂ ਕੀਮਤੀ ਸਾਮਾਨ ਸੀ, ਜਿਹੜਾ ਮੈਨੂੰ ਨਿੱਕੇ ਹੁੰਦਿਆਂ ਤੋਂ ਹੀ ਬੜਾ ਚੰਗਾ ਲਗਦਾ ਸੀ। ਤੇ ਇਹ ਸੀ ਉਸ ਵਿਚ ਕੁਝ ਪੁਰਾਣੇ ਥੇਹਾਂ ਦੀ ਮੌਜੂਦਗੀ, ਜਿਨ੍ਹਾਂ ਬਾਬਤ ਇਹ ਰਵਾਇਤ ਮਸ਼ਹੂਰ ਸੀ ਕਿ ਕਦੀ ਇਹ ਸਾਰਾ ਇਲਾਕਾ ਘੁੱਗ ਵਸੋਂ ਦੀ ਸ਼ਕਲ ਵਿਚ ਹੁੰਦਾ ਸੀ, ਪਰ ਕਿਉਂ ਜਿਉਂ ਖੀਊੜੇ ਦਾ ਲੂਣੀ ਅਸਰ ਜ਼ਮੀਨਾਂ ਵਿਚ ਧਸਦਾ ਗਿਆ, ਜ਼ਮੀਨਾਂ ਬੇਕਾਰ ਹੁੰਦੀਆਂ ਗਈਆਂ, ਪਾਣੀ ਕਲਰਾ ਹੁੰਦਾ ਗਿਆ,ਤੇ ਵਜੋਂ ਉਜੜਦੀ ਗਈ।
ਆਮ ਪਿੰਡਾਂ ਵਾਂਗ ਇਹਨਾਂ ਥੇਹਾਂ ਦੇ ਨਾਮ ਅਜੇ ਤੀਕ ਲੋਕਾਂ ਦੇ ਮੂੰਹ ਚੜੇ ਹੋਏ ਸਨ -'ਰੱਤਾ ਪਿੰਡ', 'ਦੀਵਾਨ ਪੁਰ', 'ਚੱਕ ਸੂਸਾ', 'ਕੌੜਾ ਖੂਹ' ਆਦ।
ਇਹ ਸਾਰੇ ਹੀ ਥੇਹ ਮੈਨੂੰ ਚੰਗੇ ਲਗਦੇ ਸਨ, ਪਰ ਇਨ੍ਹਾਂ ਸਾਰਿਆਂ ਵਿਚੋਂ ਬਹੁਤਾ ਚੰਗਾ ਲਗਦਾ ਸੀ 'ਰੱਤਾ ਪਿੰਡ' ਦਾ ਥੇਹ। ਕੇਵਲ ਇਸ ਕਰ ਕੇ ਨਹੀਂ ਕਿ ਬਾਕੀ ਸਾਰੇ ਥੇਹਾਂ ਨਾਲੋਂ ਇਹ ਫੈਲਾਉ ਤੇ ਉਚਾਈ ਦੇ ਲਿਹਾਜ਼ ਨਾਲ ਵਡਾ ਸੀ, ਬਲਕਿ ਇਸ ਕਰ ਕੇ ਕਿ ਇਕ ਤਾਂ ਇਹ ਸਭ ਤੋਂ ਨੇੜੇ ਸੀ - ਚੁਕੇ ਹਮੀਦ ਤੋਂ ਕੋਈ ਅੱਧ ਮੀਲ ਦੀ ਵਾਟ ਤੇ, ਤੇ ਦੂਜਾ ਇਸ ਕਰ ਕੇ ਕਿ ਉਜੜਨ ਵਾਲੇ ਪਿੰਡਾਂ ਵਿਚ ਸ਼ਾਇਦ ਇਸ ਦਾ ਨੰਬਰ ਸਭ ਤੋਂ ਆਖ਼ਰੀ ਸੀ। ਇਹ ਉਸ ਥੇਹ ਤੋਂ ਲਭੀਆਂ ਹੋਈਆਂ ਚੀਜ਼ਾਂ ਦਸਦੀਆਂ ਸਨ।

ਮੈਂ ਭਾਵੇਂ ਬਹੁਤ ਛੋਟੀ ਉਮਰੇ ਆਪਣਾ ਪਿੰਡ ਛੱਡ ਦਿਤਾ ਸੀ, ਪਰ ਉਸ ਤੋਂ ਬਾਦ ਵੀ ਜਦ ਕਦੇ ਮੈਨੂੰ ਪਿੰਡ ਰਹਿਣ ਦਾ ਮੌਕਾ ਮਿਲਿਆ, ਕੋਈ ਦਿਨ ਐਸਾ ਨਹੀਂ ਸੀ ਹੁੰਦਾ, ਜਦ ਮੈਂ ਰੱਤੇ ਪਿੰਡ ਦੇ ਥੇਹ ਉਤੇ ਦੋ ਚਾਰ ਘੰਟੇ ਬੈਠ ਕੇ ਨਾ ਆਇਆ ਹੋਵਾਂ। ਬਾਜੇ ਬਾਜੇ ਦਿਨ ਤਾਂ ਮੈਂ ਸਾਰੀ ਸਾਰੀ ਦਿਹਾੜ ਉਥੇ ਹੀ ਗੁਜ਼ਾਰ ਦੇਂਦਾ ਸਾਂ। ਮੇਰੀ ਦਿਲਚਸਪੀ ਵਾਲੀ ਚੀਜ਼ ਜੇ ਕੋਈ ਪੁਛੇ ਕਿ ਉਥੇ ਕਿਹੜੀ ਸੀ, ਤਾਂ ਮੈਂ ਇਸ ਤੋਂ ਵਧ ਕੁਝ ਨਹੀਂ ਦੱਸ ਸਕਦਾ ਕਿ - ਪੁਰਾਣੀਆਂ ਠੀਕਰੀਆਂ, ਹਡੀਆਂ, ਤੇ ਕਦੀ ਕਦਾਈਂ ਤਾਂਬੇ ਦਾ ਘਸਿਆ ਕੋਈ ਸਿੱਕਾ ਵੀ। ਜਿੰਨਾ ਚਿਰ ਮੈਂ ਥੇਹ ਉਤੇ ਰਹਿੰਦਾ, ਉਸ ਦਾ ਕੋਈ ਨਾ ਕੋਈ ਥਾਂ ਪੁਟਦਾ ਰਹਿੰਦਾ ਸਾਂ, ਤੇ ਨਾਲ ਨਾਲ ਇਕ ਵਸਦੇ ਰਸਦੇ ਪਿੰਡ ਦੇ ਅਣ-ਵੇਖੇ ਅਣ-ਜਾਣੇ ਮਨੁੱਖ ਤੀਵੀਆਂ ਮੇਰੀਆਂ ਅੱਖਾਂ ਅਗੇ ਫਿਰੀ ਜਾਂਦੇ ਸਨ।

ਇਕ ਦਿਨ ਥੇਹ ਤੇ ਫਿਰਦਿਆਂ ਮੈਨੂੰ ਤਿੰਨਾਂ ਥੇਵਿਆਂ ਵਾਲੀ ਇਕ ਚਾਂਦੀ ਦੀ ਮੁੰਦਰੀ ਲੱਭੀ, ਜਿਸ ਵਿਚ ਥੇਵ ਤਾਂ ਨਹੀਂ, ਪਰ ਉਹਨਾਂ ਦੇ ਥਾਂ ਮੌਜੂਦ ਸਨ। ਇਹ ਮੁੰਦਰੀ ਮੈਂ ਬਰਾਬਰ ਕਈ ਵਰ੍ਹੇ ਸਾਂਭੀ ਰਖੀ, ਤੇ ਜਦੋਂ ਵੀ ਮੈਂ ਉਸ ਨੂੰ ਵੇਖਦਾ ਸਾਂ, ਕਲਪਨਾ ਹੀ ਕਲਪਨਾ ਨਾਲ ਉਸ ਨੂੰ ਪਹਿਨਣ ਵਾਲੀ ਕਿਸੇ ਮੁਟਿਆਰ ਦੀਆਂ ਵੰਨ-ਸੁਵੰਨੀਆਂ ਤਸਵੀਰਾਂ ਮੇਰੇ ਹਿਰਦੇ ਦੀ ਸਕਰੀਨ ਤੇ ਆਉਣ ਲਗ ਪੈਂਦੀਆਂ ਸਨ।

ਭਾਵੇਂ ਸ਼ੋਰ ਦੀ ਮਾਰ ਨਾਲ ਹੀ ਉਹ ਆਬਾਦੀ ਉਜੜੀ ਸੀ, ਪਰ ਇਸ ਤੋਂ ਛੁਟ ਕੁਝ, ਹੋਰ ਵੀ ਲੋਕਾਂ ਦੇ ਮੂੰਹ ਚੜ੍ਹੀਆਂ ਕਹਾਣੀਆਂ ਇਸ ਨਾਲ ਸੰਬੰਧਤ ਸਨ, ਜਿਹਾ ਕਿ -"ਇਕ ਵਾਰੀ ਇੰਨੀ ਪਲੇਗ ਪਈ ਕਿ 'ਰੱਤੇ ਪਿੰਡ' ਵਿਚ ਮਨੁੱਖਾਂ ਦਾ ਨਾਮ ਨਿਸ਼ਾਨ ਮਿਟ ਗਿਆ.......... ਦਰਿਆ ਜਿਹਲਮ ਇਕ ਵਾਰੀ ਇਤਨੇ ਜ਼ੋਰ ਦਾ ਚੜ੍ਹਿਆ ਕਿ ਸਾਰੇ ਪਿੰਡ ਨੂੰ ਰੋੜ੍ਹ ਲੈ ਗਿਆ...... ਇਕ ਕੋਈ ਫ਼ਕੀਰ ਇਥੋਂ ਲੰਘਆ, ਜਿਸ ਦੀ ਬਗਲੀ ਵਿਚ ਇਕ ਸੋਹਣੀ ਨੇ ਰੋਟੀ ਦੇ ਥਾਂ ਜੁੱਤੀ ਦਾ ਛਿੱਤਰ ਸੁਟ ਦਿਤਾ, ਤੇ ਉਸ ਫ਼ਕੀਰ ਦੀ ਬਦ-ਦੁਆ ਕਰਕੇ ਰੱਤਾ ਪਿੰਡ ਉੱਜੜ ਗਿਆ......." ਆਦ।

ਰੱਤੇ ਪਿੰਡ ਤੋਂ ਦੂਜੇ ਦਰਜੇ ਤੇ ਜਿਹੜੀ ਚੀਜ਼ ਮੈਨੂੰ ਪਿਆਰੀ ਸੀ, ਇਹ ਸੀ ਇਕ ਸਾਂਵਲੇ ਜਿਹੇ ਰੰਗ ਦੀ ਅਰਾਇਣ, ਜਿਸ ਨੂੰ 'ਭੋਲੀ' ਕਰਕੇ ਸਦਿਆ ਜਾਂਦਾ ਸੀ - ਅਸਲ ਨਾਉਂ ਉਸ ਦਾ 'ਰਸੂਲ ਬੀਬੀ' ਸੀ। ਇਹਨਾਂ ਅਰਾਈਆਂ ਦਾ ਤੇ ਸਾਡਾ ਘਰ ਨਾਲੇ ਨਾਲ ਸਨ।
ਭੋਲੀ ਦੀ ਸੰਤਾਨ ਕੋਈ ਨਹੀਂ ਸੀ, ਤੇ ਮੇਰੀ ਮਾਂ ਨਾਲ ਉਸਦਾ ਬਹੁਤ ਗੁੜ੍ਹਾ ਸਹੇਲ ਸੀ। ਮਾਂ ਮੈਨੂੰ ਦਸਦੀ ਹੁੰਦੀ ਸੀ -"ਹੰਸ! ਭੋਲੀ ਵੀ ਤੇਰੀ ਮਾਂ ਏ, ਇਸ ਤੇਨੂੰ ਦੁਧ ਚੁੰਘਾਇਆ ਸੀ।"

ਬੇਬੇ ਨੇ ਹੋਰ ਦਸਿਆ - "ਅਸਾਂ ਦੁਹਾਂ ਨੂੰ ਇਕੱਠਾ ਹੀ ਚਲੀਹਾ (ਪ੍ਰਸੂਤ ਸਮਾਂ) ਆਇਆ ਸੀ। ਭੋਲੀ ਨੂੰ ਕੁੜੀ ਜੰਮੀ ਸੀ, ਜਿਹੜੀ ਜੰਮਣ ਤੋਂ ਤੀਜੇ ਦਿਨ ਹੀ ਮਰ ਗਈ। ਇਧਰ ਮੈਨੂੰ ਦੁਧ ਨਹੀਂ ਸੀ ਉਤਰਦਾ, ਤੇ ਉਧਰ ਵਿਚਾਰੀ ਭੋਲੀ ਦਾ ਇਹ ਹਾਲ ਸੀ ਕਿ ਉਸ ਦੀਆਂ ਛਾਤੀਆਂ ਦੁਧ ਦੇ ਜ਼ੋਰ ਕਰਕੇ, ਪਾਟਣ ਆਈਆਂ ਹੋਈਆਂ ਸਨ। ਭਾਵੇਂ ਗੁਆਂਢਣਾਂ ਨੇ ਬਟੇਰਾ ਮਨ੍ਹਾ ਕੀਤਾ ਕਿ ਮੋਏ ਹੋਏ ਬੱਚੇ ਦੀ ਮਾਂ ਦਾ ਦੁੱਧ ਚੰਗਾ ਨਹੀਂ ਹੁੰਦਾ; ਪਰ ਮੈਂ ਕੀ ਕਰਦੀ। ਮੈਂ ਸੋਚਿਆ, ਚਲੋ ਜੋ ਹੋਵੇਗਾ, ਵੇਖਿਆ ਜਾਏਗਾ, ਵਿਚਾਰਾ ਭੁਖ ਨਾਲ ਵਿਲਕੇ ਵਿਲਕ ਕੇ ਤੇ ਨਾ ਮਰੇ। ਸੋ ਮੈਂ ਤੈਨੂੰ ਭੋਲੀ ਦੀ ਗੋਦ ਵਿਚ ਪਾ ਦਿਤਾ, ਜਿਸ ਦਾ ਤੂੰ ਕਈ ਮਹੀਨੇ ਦੁੱਧ ਚੁੰਘਿਆ।"
ਸ਼ਾਇਦ ਇਸੇ ਕਰਕੇ ਭੋਲੀ ਮੈਨੂੰ ਇੰਨਾ ਪਿਆਰ ਕਰਦੀ ਸੀ। ਮੇਰੀ ਮਾਂ ਦੱਸਦੀ ਹੁੰਦੀ ਸੀ-ਜਿੰਨਾ ਤੇਰਾ ਗੂੰਹ ਮੂਤਰ ਭੋਲੀ ਨੇ ਹੂੰਝਿਆ ਹੈ, ਕਦੀ ਮੈਨੂੰ ਹੂੰਝਣਾ ਪੈਂਦਾ ਤਾਂ ਮੈਂ ਤੈਨੂੰ ਚੁਕਕੇ ਰੂੜੀ ਤੇ ਸੂਟ ਆਉਂਦੀ।

ਮੈਨੂੰ ਯਾਦ ਹੈ, ਜਦੋਂ ਮੈਂ ਭਾਈਏ (ਪਿਤਾ) ਨਾਲ ਪਹਿਲੀ ਵਾਰੀ ਪਿਸ਼ਾਵਰ ਟੁਰਨ ਲਗਾ ਸਾਂ ਤਾਂ ਬੇਬੇ ਨੇ ਤੇ ਹਿੱਕ ਨਾਲ ਲਾ ਕੇ ਕੇਵਲ ਮੈਨੂੰ ਚੁੰਮਿਆ ਹੀ ਸੀ, ਪਰ ਭੋਲੀ ਦੀਆਂ ਅੱਖਾਂ ਵਿਚ ਅਥਰੂ ਵੀ ਤੱਕੇ ਸਨ।
ਤੇ ਜਦ ਉਸ ਤੋਂ ਤਿੰਨ ਵਰ੍ਹੇ ਬਾਦ ਮੈਂ ਮੁੜ ਪਿੰਡ ਪਹੁੰਚਿਆ, ਤਾਂ ਭੋਲੀ ਨੂੰ ਮੈਂ ਸੰਗਲਾਂ ਨਾਲ ਬੱਝੀ ਹੋਈ ਵੇਖਿਆ। ਉਹ ਪਾਗਲ ਹੋ ਗਈ ਸੀ; ਜਿਸ ਦਾ ਸਬੱਬ ਪਤਾ ਲੱਗਾ ਕਿ 'ਹਸਣ' (ਉਸ ਦੇ ਪਤੀ) ਨੇ ਹੋਰ ਵਿਆਹ ਕਰਾ ਲਿਆ ਸੀ।
ਭੋਲੀ ਨੇ ਫਿਰ ਵੀ ਮੈਨੂੰ ਪਛਾਣ ਲਿਆ, ਮੈਨੂੰ ਮੇਰਾ ਨਾਂ ਲੈ ਲੈ ਉਸ ਨੇ ਆਵਾਜ਼ਾਂ ਦਿਤੀਆਂ, ਮੈਨੂੰ ਗੋਦੀ ਵਿਚ ਲੈਣ ਖ਼ਾਤਰ ਉਸ ਨੇ ਸੰਗਲਾਂ ਨਾਲ ਘੋਲ ਵੀ ਕੀਤਾ, ਪਰ ਬੇ ਅਰਥ। ਮੇਰਾ ਇਕ ਵਾਰੀ ਤਾਂ ਦਿਲ ਚਾਹਿਆ ਕਿ ਉਸਨੂੰ ਜਾ ਲਿਪਟਾਂ, ਪਰ ਉਸ ਦੀਆਂ ਅੱਖਾਂ ਵਲ ਤਕ ਕੇ ਡਰ ਆਉਂਦਾ ਸੀ ਕਿ ਮਤੇ ਮੈਨੂੰ ਘੁਟ ਕੇ ਹੀ ਨਾ ਮਾਰ ਸੁਟੇ।
ਮੈਂ ਮਹੀਨਾ ਕੁ ਪਿੰਡ ਰਹਿ ਕੇ ਫੇਰ ਪਸ਼ਾਵਰ ਚਲਾ ਗਿਆ, ਤੇ ਉਸ ਤੋਂ ਵਰ੍ਹਾ ਦੋ ਵਰ੍ਹੇ ਬਾਦ ਜਦ ਫੇਰ ਪਿੰਡ ਗਿਆ ਤਾਂ ਭੋਲੀ ਮਰ ਚੁਕੀ ਸੀ।
ਹੁਣ ਵੀ ਜਦ ਕਦੀ ਮੈਨੂੰ ਉਸ ਦੀ ਯਾਦ ਆਉਂਦੀ ਹੈ - ਉਸ ਦੀਆਂ ਅੱਖਾਂ ਵਿਚ ਮਾਮਤਾ ਦੀ ਚਮਕ ਵੇਖਦਾ ਹਾਂ ਤਾਂ ਮੈਂ ਨਿਖੇੜਾ ਨਹੀਂ ਕਰ ਸਕਦਾ ਕਿ 'ਲਛਮੀ' ਤੇ 'ਭੋਲੀ' ਵਿਚ ਕੀ ਫਰਕ ਸੀ। ਮੈਨੂੰ ਮਾਲੀ ਗੀਰੀ ਦਾ ਮੁੱਢ ਤੋਂ ਹੀ ਬੜਾ ਸ਼ੌਕ ਹੈ। ਕਿਸੇ ਸ਼ੁਗਲ ਨਾਲ ਜੇ ਮੈਨੂੰ ਸਭ ਤੋਂ ਬਹੁਤਾ ਪਿਆਰ ਹੈ ਤਾਂ ਮਾਲੀਗੀਰੀ ਨਾਲ। ਫੁੱਲ ਬੂਟੇ ਤੇ ਸਬਜ਼ੀਆਂ ਗੋਡਣ ਸਿੰਜਣ ਵਿਚ ਮੈਨੂੰ ਜਿੰਨੀ ਖ਼ੁਸ਼ੀ ਮਿਲਦੀ ਹੈ, ਓਨੀ ਦੁਨੀਆਂ ਦੀ ਹੋਰ ਕਿਸੇ ਚੀਜ਼ ਵਿਚੋਂ ਨਹੀਂ।
ਕਦੀ ਕਦੀ ਸੋਚਦਾ ਹਾਂ - ਕਦਾਚਿਤ ਇਸ ਦਾ ਇਹੋ ਕਾਰਨ ਹੋਵੇ ਕਿ ਮੇਰੀਆਂ ਨਾੜਾਂ ਵਿਚ ਇਕ ਅਰਾਇਣ ਦੇ ਦੁਧ ਦਾ ਅਸਰ ਹੈ।

ਪਿੰਡ ਮੈਨੂੰ ਬੜਾ ਪਿਆਰਾ ਸੀ, ਪਰ ਇਉਂ ਸਮਝੋ ਕਿ ਉਮਰ ਭਰ ਮੈਂ ਆਪਣੇ ਪਿੰਡ ਨੂੰ ਤਰਸਦਾ ਹੀ ਰਿਹਾ - ਮੈਨੂੰ ਕਦੀ ਵੀ ਰੱਜ ਕੇ ਉਸ ਨੂੰ ਮਾਣਨ ਦਾ ਮੌਕਾ ਨਾ ਮਿਲ ਸਕਿਆ। ਪਿਸ਼ਾਵਰ ਵਿਚ ਰਹਿੰਦਿਆਂ ਅਕਸਰ ਮੈਂ ਰਾਤ ਸੁਪਨਿਆਂ ਵਿਚ ਵੀ ਆਪਣੇ ਆਪ ਨੂੰ ਪਿੰਡ ਦੀਆਂ ਗਲੀਆਂ ਵਿਚ ਹੀ ਵੇਖਦਾ ਹੁੰਦਾ ਸਾਂ। ਤੇ ਜਦ ਕਦੀ ਮੈਂ ਆਪਣੀ ਮਾਂ ਪਾਸ ਪਿੰਡ ਜਾਣ ਦੀ ਖ਼ਾਹਿਸ਼ ਪ੍ਰਗਟ ਕਰਦਾ, ਉਹ ਅਗੋਂ ਵਿਯੰਗ ਨਾਲ ਕਹਿੰਦੀ - "ਵੇਖਾਂ! ਬੜਾ ਜਿਵੇਂ ਦਿੱਲੀ ਦਾ ਕੂਚਾ ਰਹਿ ਗਿਆ ਏ - ਕੱਲਰ ਤੇ ਕੌੜੇ ਪਾਣੀ ਤੋਂ ਬਿਨਾਂ ਉਥ ਹੈ ਈ ਕੀ ਏ?" ਆਪਣੀ ਪਤਨੀ ਤੇ ਬਚਿਆਂ ਦੀ ਮਹਿਫ਼ਲ ਵਿਚ ਬੈਠ ਕੇ ਵੀ ਜਦ ਕਦੀ ਉਨ੍ਹਾਂ ਯਾਦਾਂ ਨੂੰ ਦੁਹਰਾਂਦਾ ਹੋਇਆ ਦਿਲ ਦੀ ਤਮੰਨਾ ਪ੍ਰਗਟ ਕਰਦਾ ਹਾਂ ਤਾਂ ਸਾਰੇ ਹੀ ਮੇਰੀ ਇਸ ਝੱਲੀ ਜਿਹੀ ਰੀਝ ਉੱਤੇ ਹੱਸ ਛਡਦੇ ਹਨ।
ਪਰ ਮੇਰੇ ਦਿਲ ਨੂੰ ਕੋਈ ਪੁਛ ਕੇ ਵੇਖੇ। ਬਚਪਨ ਗਿਆ, ਜਵਾਨੀ ਆਈ, ਤੇ ਹੁਣ ਪੈਰੋ ਪੈਰ ਬਢੇਪੇ ਵਲ ਜਾ ਰਿਹਾ ਹਾਂ। ਕੁੰਆਰਾ ਜਾ, ਫਿਰ 'ਪਤੀ' ਬਣਿਆ, ਉਸ ਤੋਂ ਬਾਦ ਕਈਆਂ ਮੌਤ ਸੰਤਾਨਾਂ ਦਾ 'ਪਿਤਾ', ਤੇ ਇਸ ਵੇਲੇ ਇਕ ਪੋਤਰੇ ਦਾ 'ਬਾਬਾ' ਵੀ ਬਣ ਚੁਕਾ ਹਾਂ: ਪਰ ਅਜ ਵੀ ਉਸ ਕੱਲਰ ਤੇ ਕੌੜੇ ਪਾਣੀ ਵਾਲੀ ਧਰਤੀ ਲਈ ਦਿਲ ਸਹਿਕ ਰਿਹਾ ਹੈ। ਕਹਿੰਦਾ ਹਾਂ, ਕੋਈ ਮੇਰਾ ਸਭ ਕੁਝ ਲੈ ਲਵੇ, ਪਰ ਇਕ ਵਾਰੀ ਫੇਰ ਉਹਨਾਂ ਗਲੀਆਂ ਵਿਚ ਗੁਲੀ ਡੰਡਾ ਖੇਡਣ ਦਾ ਸਮਾਂ - ਉਸ ਅਰਾਇਣ 'ਭੋਲੀ' ਦੀ - ਛਾਤੀ ਚੁੰਘਣ ਦਾ ਸਮਾਂ ਮੈਨੂੰ ਮੋੜ ਕੇ ਲਿਆ ਦੇਵੇ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਾਨਕ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ