Meri Main : Waryam Singh Sandhu

ਮੇਰੀ 'ਮੈਂ' : ਵਰਿਆਮ ਸਿੰਘ ਸੰਧੂ

ਕਾਲਜ ਦੇ ਮੇਨ ਗੇਟ 'ਤੇ ਸਕਿਓਰਟੀ ਅਫ਼ਸਰ 'ਗਿੱਲ' ਨੇ ਰੋਕ ਕੇ ਮੈਨੂੰ ਦੱਸਿਆ, "ਸਰ! ਤੁਹਾਡੇ ਬਾਰੇ ਐਥੇ ਇੱਕ ਥਾਣੇਦਾਰ ਪੁੱਛਦਾ ਫਿਰਦਾ ਸੀ। ਕੁੱਝ ਦੇਰ ਹੋਈ ਅੰਦਰ ਡੀਪਾਰਟਮੈਂਟ ਵੱਲ ਗਿਆ ਹੈ। ਮੈਂ ਆਖਿਆ ਸੀ, 'ਸਾਡੇ ਸਰ ਤਾਂ ਬੜੇ ਨੇਕ ਤੇ ਵਧੀਆ ਬੰਦੇ ਨੇ। ਸਾਰੀ ਦੁਨੀਆਂ ਜਾਣਦੀ ਹੈ ਓਹਨਾਂ ਨੂੰ। ਹਫ਼ਤੇ ਦਸੀਂ ਦਿਨੀਂ ਤਾਂ ਉਹਨਾਂ ਦੀ ਫ਼ੋਟੋ ਅਖ਼ਬਾਰ 'ਚ ਛਪਦੀ ਰਹਿੰਦੀ ਹੈ!"
ਸਕਿਓਰਟੀ ਅਫ਼ਸਰ ਪਿੱਛੋਂ ਮੇਰੇ ਜ਼ਿਲ੍ਹੇ ਦਾ ਹੋਣ ਕਰ ਕੇ ਮੇਰੇ ਨਾਲ ਉਚੇਚਾ ਸਨੇਹ ਕਰਦਾ ਸੀ। ਅੱਗੇ ਵੀ ਇੱਕ ਸੀ ਆਈ ਡੀ ਦਾ ਚਿੱਟ-ਕੱਪੜੀਆ ਹਵਾਲਦਾਰ ਕਾਲਜ ਦੀ 'ਸੂਹ' ਲੈਣ ਲਈ ਗੇਟ 'ਤੇ ਸਕਿਓਰਟੀ ਵਾਲਿਆਂ ਨਾਲ ਬੈਠਾ ਮੈਂ ਕਈ ਵਾਰ ਵੇਖਿਆ ਸੀ। ਉਹ ਵੀ ਮੇਰੇ ਬਾਰੇ 'ਗਿੱਲ' ਕੋਲੋਂ ਪੁੱਛਦਾ ਰਹਿੰਦਾ ਸੀ ਤੇ 'ਗਿੱਲ' ਸਦਾ ਮੇਰੀ ਤਾਰੀਫ਼ ਕਰਦਾ ਰਹਿੰਦਾ ਸੀ। ਇਸ ਬੰਦੇ ਨੂੰ ਮੈਂ ਅਕਸਰ ਦੇਸ਼ ਭਗਤ ਯਾਦਗ਼ਾਰ ਹਾਲ ਵਿਖੇ ਹੋਣ ਵਾਲੇ ਮੇਲਿਆਂ/ਸਮਾਗਮਾਂ 'ਤੇ ਵੀ ਵੇਖਿਆ ਹੋਇਆ ਸੀ।
ਇਕ ਦਿਨ 'ਗਿੱਲ' ਮੈਨੂੰ ਆਵਾਜ਼ ਮਾਰ ਕੇ ਕਹਿੰਦਾ, "ਸਰ! ਆਹ ਭਾਈ ਸਾਹਿਬ ਤੁਹਾਡੇ ਬਾਰੇ ਅਕਸਰ ਪੁੱਛਦੇ ਰਹਿੰਦੇ ਨੇ। ਮੈਂ ਆਖਿਆ, "ਸਰ ਤਾਂ ਬੰਦੇ ਹੀ ਆਪਣੇ ਨੇ। ਮੇਰੇ ਤਾਂ ਭਰਾਵਾਂ ਵਰਗੇ ਨੇ। ਤੁਹਾਡੀ ਉਹਨਾਂ ਨਾਲ ਗੱਲ-ਬਾਤ ਈ ਕਰਾ ਦੇਨਾਂ।"
ਖੜੀਆਂ ਮੁੱਛਾ ਵਾਲਾ ਹਵਾਲਦਾਰ ਬੜੀ ਗਰਮਜੋਸ਼ੀ ਨਾਲ ਹੱਥ ਮਿਲਾ ਕੇ ਮਿਲਿਆ, "ਤੁਹਾਨੂੰ ਕਈ ਵਾਰ ਦੇਸ਼ ਭਗਤ ਹਾਲ ਵਿੱਚ ਬੋਲਦਿਆਂ ਸੁਣਿਐਂ। ਪੜ੍ਹਦੇ ਵੀ ਰਹੀਦਾ। ਗਿੱਲ ਸਾਹਿਬ ਕਹਿੰਦੇ ਸੀ ਕਿ ਤੁਹਾਡਾ ਇਹਨਾਂ ਨਾਲ ਬੜਾ ਪਿਆਰ ਹੈ। ਮੈਂ ਆਖਿਆ, ਮੈਨੂੰ ਵੀ ਮਿਲਾ ਸੰਧੂ ਸਾਹਬ ਨਾਲ।"
ਅੱਜ 'ਗਿੱਲ' ਨੇ ਥਾਣੇਦਾਰ ਬਾਰੇ ਜਾਣਕਾਰੀ ਦਿੱਤੀ ਤਾਂ ਮੈਂ ਮੁਸਕਰਾ ਕੇ ਉਸ ਨਾਲ ਹੱਥ ਮਿਲਾਉਂਦਿਆਂ ਕਿਹਾ, "ਕੋਈ ਨਹੀਂ ਮਿਲ ਲੈਂਦੇ ਆਂ ਥਾਣੇਦਾਰ ਨੂੰ ਵੀ!"
ਮੈਂ ਕਾਲਜ ਦੇ ਦਫ਼ਤਰ ਵੱਲ ਹਾਜ਼ਰੀ ਲਾਉਣ ਤੁਰ ਗਿਆ। ਪੁਲਿਸ ਨਾਲ ਕੋਈ ਪਹਿਲਾ ਵਾਹ ਤਾਂ ਨਹੀਂ ਸੀ ਪਰ ਪਿਡਂੋ ਜਲੰਧਰ ਆ ਵੱਸਣ ਤੋਂ ਬਾਅਦ ਕਦੀ 'ਫੜ-ਫੜਾਈ' ਵਾਲੀ ਗੱਲ ਨਹੀਂ ਸੀ ਹੋਈ। ਪਿੰਡ ਰਹਿੰਦਿਆਂ ਤਾਂ ਕਈ ਵਾਰ ਜੇਲ੍ਹ ਵੀ ਜਾਣਾ ਪਿਆ ਸੀ। ਐਮਰਜੈਂਸੀ ਵਿਚ ਵੀ ਦੋ ਵਾਰ ਗ੍ਰਿਫ਼ਤਾਰ ਹੋਇਆਂ ਸਾਂ। ਇਕ ਵਾਰ 'ਵਰਿਆਮ ਸਿੰਘ ਬਨਾਮ ਭਾਰਤ ਸਰਕਾਰ' ਮੁਕੱਦਮੇ ਅਧੀਨ ਤੇ ਦੂਜੀ ਵਾਰ ਡੀ ਆਈ ਆਰ ਲਾ ਕੇ 'ਸਥਾਪਤੀ ਵਿਰੋਧੀ ਲਿਖਤਾਂ' ਲਿਖਣ ਕਾਰਨ ਝੂਠੇ ਮੁਕੱਦਮਿਆਂ ਦਾ ਸਾਹਮਣਾ ਕਰਦਿਆਂ ਜੇਲ੍ਹ ਜਾਣਾ ਪਿਆ ਸੀ। ਇਸਤੋਂ ਇਲਾਵਾ ਜਦੋਂ ਵੀ ਕੋਈ ਸਰਕਾਰ ਵਿਰੋਧੀ ਅੰਦੋਲਨ ਚੱਲਦਾ ਜਾਂ ਕੋਈ ਹੋਰ ਸਿਆਸੀ ਦੁਰਘਟਨਾ ਵਾਪਰਦੀ ਤਾਂ ਲਾਲ ਪਗੜੀਆਂ ਵਾਲੇ ਦਰਸ਼ਨ ਦਿੰਦੇ/ਕਰਦੇ ਰਹਿੰਦੇ ਸਨ। ਹੁਣ ਵੀ ਸਾਲ-ਛਿਮਾਹੀ ਕੋਈ ਪੁਲਿਸ ਵਾਲਾ ਮਿਲਣ ਆ ਹੀ ਜਾਂਦਾ ਸੀ ਤੇ ਮੇਰੇ ਬਾਰੇ 'ਉੱਤੋਂ ਆਈ ਰੀਪੋਰਟ' ਦੀ ਪੜਤਾਲ ਕਰਦਿਆਂ, ਮੇਰਾ 'ਕਿਸੇ ਅੱਤਵਾਦੀ ਪਾਰਟੀ' ਨਾਲ ਕੋਈ ਸੰਬੰਧ ਨਾ ਹੋਣ ਦਾ ਬਿਆਨ ਲਿਖ ਕੇ ਤੇ ਕਿਸੇ ਜਾਣੂ ਦੀ ਗਵਾਹੀ ਪਵਾ ਕੇ ਚਲਿਆ ਜਾਂਦਾ ਸੀ।
ਹਾਜ਼ਰੀ ਲਾਉਣ ਤੋਂ ਵਿਹਲਾ ਹੋ ਕੇ ਡੀਪਾਰਟਮੈਂਟ ਵੱਲ ਜਾ ਰਿਹਾ ਸਾਂ। ਵੇਖਿਆ; ਵਰਦੀ ਵਿੱਚ ਸੱਜਿਆ ਥਾਣੇਦਾਰ ਲਾਇਬ੍ਰੇਰੀ ਦੇ ਉੱਤੋਂ ਦੀ ਵਾਪਸ ਤੁਰਿਆ ਆ ਰਿਹਾ ਸੀ। ਮੈਂ ਉਸ ਕੋਲ ਆਪ ਹੀ ਜਾ ਕੇ ਫ਼ਤਹਿ ਬੁਲਾਈ ਤੇ ਆਪਣੇ ਬਾਰੇ ਦੱਸਿਆ, "ਜੀ ਮੇਰਾ ਨਾਂ ਹੀ ਵਰਿਆਮ ਸਿੰਘ ਸੰਧੂ ਹੈ। ਸੁਣਿਐਂ ਤੁਸੀਂ ਮੇਰੇ ਬਾਰੇ ਪੁੱਛ-ਗਿੱਛ ਕਰਦੇ ਫਿਰਦੇ ਓ। ਮੈਨੂੰ ਪੁੱਛੋ ਜਿਹੜੀ ਗੱਲ ਪੁੱਛਣੀ ਹੈ।"
ਉਸਨੇ ਮੇਰੇ ਨਾਲ ਢਿੱਲਾ ਜਿਹਾ ਹੱਥ ਮਿਲਾਇਆ। ਅੱਖ ਜਿਹੀ ਚੁਰਾ ਕੇ ਕਹਿਣ ਲੱਗਾ, "ਤੁਹਾਡੇ ਬਾਰੇ ਪੁੱਛਣਾ ਹੋਊ ਤਾਂ ਤੁਹਾਨੂੰ ਕਿਉਂ ਪੁੱਛਾਂਗੇ?"
ਉਸਦਾ ਰੁੱਖਾ ਜਿਹਾ ਜਵਾਬ ਸੀ। ਸਾਫ਼ ਜ਼ਾਹਿਰ ਸੀ ਕਿ ਉਹ ਕਾਲਜ ਦੇ 'ਬੰਦਿਆਂ' ਨੂੰ ਮਿਲ-ਮਿਲਾ ਕੇ ਮੇਰੀਆਂ 'ਗਤੀਵਿਧੀਆਂ' ਦੀ ਸੂਹ ਲੈ ਰਿਹਾ ਸੀ। ਸ਼ਾਇਦ 'ਉੱਪਰੋਂ' ਕਿਸੇ 'ਉਚੇਚੀ ਜਾਣਕਾਰੀ' ਦੀ ਮੰਗ ਕੀਤੀ ਗਈ ਹੋਵੇ! ਪਰ 'ਸੂਹ' ਲੈਣ ਲਈ ਵਰਦੀ ਵਿੱਚ 'ਸੱਜ-ਧੱਜ' ਕੇ ਆਉਣ ਦੀ ਭਲਾ ਕੀ ਲੋੜ ਸੀ! ਕੀ ਇਹ ਮੈਨੂੰ ਡਰਾਉਣ ਦਾ ਕੋਈ ਪੈਂਤੜਾ ਸੀ ਜਾਂ ਬਦਨਾਮ ਕਰਨ ਦਾ? ਪਰ ਨਾ ਹੀ ਕਿਸੇ ਬਦਨਾਮੀ ਦਾ ਤੇ ਨਾ ਕਿਸੇ ਹੋਰ ਗੱਲ ਦਾ ਮੈਨੂੰ ਡਰ ਸੀ।
"ਜਿਵੇਂ ਤੁਹਾਡੀ ਮਰਜ਼ੀ! ਪੁੱਛ ਲੌ ਜਿਹਨੂੰ ਪੁਛਣੈਂ।" ਮੈਂ ਵੀ ਰੁੱਖਾ ਜਿਹਾ ਜਵਾਬ ਦਿੱਤਾ ਤੇ ਅੱਗੇ ਤੁਰ ਗਿਆ।
ਐਮ ਏ ਦੀ ਕਲਾਸ ਲਾ ਕੇ ਵਿਭਾਗ ਦੇ ਦਫ਼ਤਰ ਵਿੱਚ ਆ ਕੇ ਬੈਠਾ ਹੀ ਸਾਂ ਕਿ ਦਫ਼ਤਰ ਵਿਚੋਂ ਆਏ ਸੇਵਾਦਾਰ ਨੇ ਦੱਸਿਆ, "ਜਲੰਧਰ ਦੇ ਕਮਿਸ਼ਨਰ ਵੱਲੋਂ ਤੁਹਾਨੂੰ ਫ਼ੋਨ ਆਇਆ ਸੀ। ਦਸ ਕੁ ਮਿੰਟਾਂ ਤੱਕ ਕਮਿਸ਼ਨਰ ਸਾਹਿਬ ਫੇਰ ਫ਼ੋਨ ਕਰਨਗੇ।"
'ਕੀ ਥਾਣੇਦਾਰ ਦਾ ਆਉਣਾ ਤੇ ਕਮਿਸ਼ਨਰ ਦੇ ਦਫ਼ਤਰ ਵਿਚਲੇ ਫ਼ੋਨ ਦਾ ਕੋਈ ਆਪਸੀ ਸੰਬੰਧ ਸੀ!' ਇਹੋ ਸੋਚਦਾ ਦਫ਼ਤਰ ਗਿਆ ਤਾਂ ਕੁੱਝ ਮਿੰਟਾਂ ਬਾਅਦ ਫ਼ੋਨ ਦੀ ਘੰਟੀ ਵੱਜੀ। ਕਮਿਸ਼ਨਰ ਆਪ ਫ਼ੋਨ ਉੱਤੇ ਸੀ, "ਸੰਧੂ ਸਾਹਿਬ! ਮੈਂ ਕਮਿਸ਼ਨਰ ਜਲੰਧਰ ਸ੍ਰੀਵਾਸਤਵਾ ਬੋਲ ਰਿਹਾਂ। ਏਥੇ ਆਉਣ ਤੋਂ ਪਹਿਲਾਂ ਮੈਂ ਆਪਣੇ ਸੀਨੀਅਰ ਅਫ਼ਸਰ ਮਿੱਤਰ ਨ ਸ ਰਤਨ ਨੂੰ ਪੁੱਛਿਆ ਸੀ ਕਿ ਉਹ ਜਲੰਧਰ ਵਿੱਚ ਰਹਿੰਦੇ ਕੁੱਝ ਲੇਖਕਾਂ/ਕਲਾਕਾਰਾਂ ਦਾ ਪਤਾ ਦੱਸਣ ਤਾਕਿ ਅਸੀਂ ਮਿਲ ਕੇ ਏਥੇ ਸਾਹਿਤਕ ਤੇ ਕਲਾਤਮਕ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰ ਸਕੀਏ। ਉਹਨਾਂ ਮੈਨੂੰ ਤੁਹਾਡਾ ਨਾਂ ਦੱਸਿਆ ਸੀ। ਤੁਸੀਂ ਕਿਸੇ ਦਿਨ ਆਪਣੇ ਦੋ-ਚਾਰ ਸਾਹਿਤਕ ਮਿੱਤਰਾਂ ਨਾਲ ਆਓ। ਆਪਾਂ ਮਿਲ ਬੈਠੀਏ, ਗੱਲਾਂ ਬਾਤਾਂ ਕਰੀਏ।"
ਕੁਝ ਦਿਨਾਂ ਬਾਅਦ ਕਮਿਸ਼ਨਰ ਵੱਲੋਂ ਜਿਮ-ਖ਼ਾਨਾ ਕਲੱਬ ਵਿੱਚ ਦੁਪਹਿਰ ਦੇ ਖਾਣੇ 'ਤੇ ਮਿਲਣ ਦਾ ਸੱਦਾ ਆਇਆ ਤੇ ਉਸ ਵੱਲੋਂ ਕੁੱਝ ਮਿੱਤਰਾਂ ਨੂੰ ਨਾਲ ਲਿਆਉਣ ਲਈ ਆਖਿਆ ਗਿਆ।
ਮੈਂ ਆਪਣੇ ਨਾਲ ਪਿਆਰਾ ਸਿੰਘ ਭੋਗਲ, ਗੁਰਬਖ਼ਸ਼ ਸਿੰਘ ਬੰਨੋਆਣਾ ਤੇ ਜਗਦੀਸ਼ ਸਿੰਘ ਸੰਪਾਦਕ 'ਵਰਿਆਮ' ਨੂੰ ਨਾਲ ਲੈ ਕੇ ਗਿਆ। ਖਾਣੇ ਉੱਤੇ ਜਲੰਧਰ ਦਾ ਡਿਪਟੀ ਕਮਿਸ਼ਨਰ ਵੀ ਹਾਜ਼ਰ ਸੀ। ਅਸੀਂ ਕੁਲ ਛੇ ਜਣੇ ਹੀ ਸਾਂ। ਇੱਕ ਦੂਜੇ ਨਾਲ ਜਾਣ-ਪਛਾਣ ਕੀਤੀ/ਕਰਵਾਈ ਗਈ। ਬੜੇ ਹੀ ਸੁਖਾਵੇਂ ਮਾਹੌਲ ਵਿੱਚ ਜਲੰਧਰ ਦੇ ਸਾਹਿਤਕ ਤੇ ਕਲਾਤਮਕ ਮਾਹੌਲ ਬਾਰੇ ਗੱਲਾਂ-ਬਾਤਾਂ ਹੁੰਦੀਆਂ ਰਹੀਆਂ। ਇਹ ਵੀ ਚਰਚਾ ਹੋਈ ਕਿ ਇਹਨਾਂ ਨੂੰ ਹੋਰ ਚੰਗੀ ਤਰ੍ਹਾਂ ਚਲਾਉਣ ਲਈ 'ਸਰਕਾਰ' ਵੱਲੋਂ ਕੀ ਕੁੱਝ ਕੀਤਾ ਜਾ ਸਕਦਾ ਹੈ!
ਬੜੇ ਦੋਸਤਾਨਾਂ ਮਾਹੌਲ ਵਿੱਚ ਗੱਲਾਂ ਕਰਦਿਆਂ, ਖਾਣੇ ਉਪਰੰਤ ਵਿਛੜਨ ਤੋਂ ਪਹਿਲਾਂ, ਮੈਂ ਹੱਸ ਕੇ ਕਿਹਾ, "ਇਹ ਵੀ ਵਿਡੰਬਨਾਂ ਹੀ ਹੈ ਕਿ ਇੱਕ ਪਾਸੇ ਤੁਸੀਂ ਸਾਨੂੰ ਖਾਣੇ 'ਤੇ ਬੁਲਾ ਕੇ ਏਨਾ ਮਾਣ ਦੇ ਰਹੇ ਓ ਤੇ ਦੂਜੇ ਪਾਸੇ ਅੱਜ ਹੀ ਤੁਹਾਡਾ 'ਥਾਣੇਦਾਰ' ਮੇਰੀਆਂ 'ਗਤੀਵਿਧੀਆਂ' ਦੀ ਜਸੂਸੀ ਕਰ ਰਿਹਾ ਸੀ।"
ਕਮਿਸ਼ਨਰ ਤੇ ਡਿਪਟੀ ਕਮਿਸ਼ਨਰ ਨੇ ਇਸ 'ਤੇ ਹੈਰਾਨੀ ਪਰਗਟ ਕੀਤੀ। ਕੁੱਝ ਤਾਂ ਨ ਸ ਰਤਨ ਕੋਲੋਂ ਤੇ ਕੁੱਝ ਮੇਰੇ ਮਿੱਤਰਾਂ ਦੀ ਅੱਜ ਦੀ ਗੱਲ-ਬਾਤ ਤੋਂ ਉਹ ਮੇਰੀਆਂ 'ਸਾਹਿਤਕ-ਪ੍ਰਾਪਤੀਆਂ' ਬਾਰੇ ਸੁਣ ਚੁੱਕੇ ਸਨ। ਕਮਿਸ਼ਨਰ ਨੇ ਕਿਹਾ, "ਮੈਂ ਤਾਂ ਅੱਜ ਦੇ ਖਾਣੇ 'ਤੇ ਐੱਸ ਐੱਸ ਪੀ ਸਾਹਬ ਨੂੰ ਵੀ ਬੁਲਾਇਆ ਸੀ ਪਰ ਉਹਨਾਂ ਨੂੰ ਕੋਈ ਬਹੁਤ ਹੀ ਜ਼ਰੂਰੀ ਕੰਮ ਪੈ ਜਾਣ ਕਰ ਕੇ ਆ ਨਹੀਂ ਸਕੇ। ਨਹੀਂ ਤਾਂ ਉਹਨਾਂ ਨਾਲ ਹੁਣੇ ਹੀ ਗੱਲ ਹੋ ਜਾਂਦੀ।"
ਉਹ ਇੱਕ ਪਲ ਲਈ ਰੁਕਿਆ ਤਾਂ ਡਿਪਟੀ ਕਮਿਸ਼ਨਰ ਨੇ ਬੜੇ ਉਤਸ਼ਾਹ ਨਾਲ ਕਿਹਾ, "ਸੰਧੂ ਸਾਹਿਬ ਤੁਸੀਂ ਕਿਸੇ ਵੀ ਦਿਨ, ਜਦੋਂ ਜੀ ਕਰੇ ਮੈਨੂੰ ਦਫ਼ਤਰ ਵਿੱਚ ਆ ਕੇ ਮਿਲੋ। ਆਪਾਂ ਐੱਸ ਐੱਸ ਪੀ ਸਾਹਿਬ ਨਾਲ ਗੱਲ ਕਰਕੇ ਇਸ ਮਾਮਲੇ ਨੂੰ ਨਿਪਟਾ ਹੀ ਦਿੰਦੇ ਹਾਂ।"
ਬੜੇ ਖ਼ੁਸ਼ਗਵਾਰ ਮਾਹੌਲ ਵਿੱਚ ਅਸੀਂ ਅਗਲੀ ਮਿਲਣੀ ਦੀ ਆਸ ਨਾਲ ਗਰਮਜੋਸ਼ੀ ਵਿੱਚ ਹੱਥ ਮਿਲਾ ਕੇ ਅਲੱਗ ਹੋਏ।
ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਮੇਰਾ ਕਿਸੇ ਵੀ 'ਅੱਤਵਾਦੀ' ਪਾਰਟੀ ਜਾਂ ਗਰੁੱਪ ਨਾਲ ਕੋਈ ਸੰਬੰਧ ਨਹੀਂ ਸੀ। ਕਿਸੇ ਵੀ ਲਹਿਰ ਨਾਲ ਸੰਬੰਧਤ ਧਿਰ ਵੱਲੋਂ ਕਿਸੇ ਦੂਜੀ ਧਿਰ ਦੇ ਬੰਦੇ ਨੂੰ ਵਿਚਾਰਾਂ ਦੇ ਵਖਰੇਵੇਂ ਕਰਕੇ 'ਕਤਲ' ਕਰ ਦੇਣ ਵਿੱਚ ਤਾਂ ਮੇਰਾ ਉੱਕਾ ਹੀ ਵਿਸ਼ਵਾਸ ਹੀ ਨਹੀਂ ਸੀ। ਮੈਂ ਸਮਝਦਾ ਸਾਂ ਕਿ ਜਿਹੜੇ ਵਿਚਾਰਧਾਰਕ ਪੈਂਤੜੇ 'ਤੇ ਖਲੋ ਕੇ ਕੋਈ ਧਿਰ/ਵਿਅਕਤੀ ਕਿਸੇ ਬੰਦੇ ਨੂੰ ਕਤਲ ਕਰਦੀ/ਕਰਦਾ ਹੈ, ਹੋ ਸਕਦਾ ਹੈ ਕਿ ਅਗਲੇ ਸਾਲਾਂ ਵਿੱਚ ਕਾਤਲ ਧਿਰ/ਵਿਅਕਤੀ ਖ਼ੁਦ ਆਪਣੇ ਉਹਨਾਂ ਵਿਚਾਰਾਂ ਨੂੰ ਹੀ ਗ਼ਲਤ ਸਮਝਣ ਲੱਗ ਜਾਵੇ। ਇਹ ਵੀ ਹੋ ਸਕਦਾ ਹੈ ਕਿ ਜਿਹੜੇ ਪੈਂਤੜੇ 'ਤੇ ਕਾਤਲ ਅੱਜ ਖਲੋਤਾ ਹੈ ਕੱਲ੍ਹ ਨੂੰ ਮਕਤੂਲ ਵੀ ਆਪਣੇ ਤਜਰਬੇ ਤੇ ਹਾਲਾਤ ਤੋਂ ਪ੍ਰਭਾਵਤ ਹੋ ਕੇ ਓਸੇ ਪੈਂਤੜੇ 'ਤੇ ਹੀ ਆਣ ਖਲੋਵੇ! ਪਿਛਲੇ ਸਾਲਾਂ ਵਿੱਚ ਮੈਂ ਇਹ ਵੀ ਵੇਖਿਆ ਸੀ ਕਿ ਜਿਹੜੇ ਸੱਜਣ ਵਿਅਕਤੀਗਤ ਕਤਲਾਂ ਦੀ ਮੁਹਿੰਮ ਦੇ ਵਿਸ਼ਵਾਸੀ ਸਨ, ਉਹਨਾਂ ਵਿਚੋਂ ਹੀ ਕਈ ਆਪਣੀਆਂ ਕਾਰਵਾਈਆਂ ਨੂੰ ਗ਼ਲਤ ਮੰਨਣ ਲੱਗੇ ਸਨ। ਉਹਨਾਂ ਵਿਚੋਂ ਕੁੱਝ ਇੱਕ ਪਿਛਲੇ 'ਸਭ ਕੁੱਝ ਨੂੰ ਰੱਦ' ਕਰਕੇ ਚੰਗੇ ਅਹੁੱਦਿਆਂ ਤੇ ਚੰਗੀਆਂ ਨੌਕਰੀਆਂ 'ਤੇ ਜਾ ਲੱਗੇ ਸਨ ਤੇ ਕੁੱਝ ਇੱਕ ਵਿਦੇਸ਼ਾਂ ਵਿੱਚ ਜਾ ਕੇ ਪਿਛਲਾ 'ਸਭ-ਕੁਝ ਕੌੜੀ ਯਾਦ ਵਾਂਗ ਭੁੱਲ-ਭੁਲਾ ਕੇ' ਮੌਜਾਂ ਕਰਦੇ ਤੇ ਹੋਰਨਾਂ ਨੂੰ 'ਮੱਤਾਂ' ਦੇਣ ਲੱਗੇ ਹੋਏ ਸਨ। ਕੁੱਝ ਇਹੋ ਜਿਹੇ ਵੀ ਸਨ ਜਿਹੜੇ ਕਦੀ 'ਕਮਿਊਨਿਸਟ' ਹੋਣ ਵਿੱਚ ਫ਼ਖ਼ਰ ਸਮਝਦੇ ਸਨ ਪਰ ਅੱਜ ਧਿਰ ਬਦਲ ਕੇ ਖ਼ਾਲਿਸਤਾਨੀ ਬਣ ਗਏ ਸਨ ਪਰ ਦਹਿਸ਼ਤਗ਼ਰਦੀ ਵਿੱਚ ਉਹਨਾਂ ਦਾ ਵਿਸ਼ਵਾਸ ਅਜੇ ਵੀ ਅਡਿੱਗ-ਅਡੋਲ ਸੀ। ਉਹਨਾਂ ਦੇ ਇੱਕ ਸਮੇਂ ਲਏ ਪਰ ਹੁਣ 'ਗ਼ਲਤ' ਸਮਝੇ ਜਾਣ ਵਾਲੇ ਵਿਚਾਰਾਂ ਸਦਕਾ ਜਿਹੜੇ ਬੰਦੇ ਮੌਤ ਦੇ ਮੂੰਹ ਵਿੱਚ ਜਾ ਪਏ ਸਨ, ਉਹ ਤਾਂ ਕਦੀ ਵਾਪਸ ਨਹੀਂ ਸਨ ਮੁੜਨ ਲੱਗੇ!
ਇਹ ਤੇ ਇਹਨਾਂ ਨਾਲ ਮਿਲਦੇ ਜੁਲਦੇ ਕਈ ਕਾਰਨਾਂ ਕਰ ਕੇ ਵਿਅਕਤੀਗਤ ਦਹਿਸ਼ਤਗਰਦੀ ਵਿੱਚ ਮੇਰਾ ਰਤੀ ਭਰ ਵੀ ਵਿਸ਼ਵਾਸ ਨਹੀਂ ਸੀ ਰਹਿ ਗਿਆ। ਪਿਛਲੇ ਕਈ ਸਾਲਾਂ ਤੋਂ ਤਾਂ ਮੇਰੀਆਂ ਗਤੀਵਿਧੀਆਂ ਵੀ ਨਿਰੋਲ ਸਾਹਿਤਕ-ਸਭਿਆਚਾਰਕ ਖ਼ੇਤਰ ਤੱਕ ਸੀਮਤ ਰਹਿ ਗਈਆਂ ਸਨ। ਇਸਦਾ ਮਤਲਬ ਇਹ ਨਹੀਂ ਕਿ ਮੇਰੇ ਕੋਈ ਸਿਆਸੀ ਵਿਚਾਰ ਹੀ ਨਾ ਹੋਣ। ਮੈਂ ਮੌਜੂਦਾ ਸਥਾਪਤ ਤਾਕਤਾਂ ਦੇ ਲੋਕ-ਵਿਰੋਧੀ ਖ਼ਾਸੇ ਦਾ ਕਦਾਚਿਤ ਵੀ ਹਾਮੀ ਨਹੀਂ ਸਾਂ ਪਰ ਮੇਰਾ ਵਿਸ਼ਵਾਸ ਸੀ ਕਿ ਵਿਸ਼ਾਲ ਲੋਕ-ਲਹਿਰ ਉਸਾਰੇ ਜਾਣ ਨਾਲ ਹੀ ਕੋਈ ਸਿਆਸੀ ਮਕਸਦ ਪੂਰਾ ਹੋ ਸਕਦਾ ਹੈ। ਮੇਰੇ ਇਹਨਾਂ ਸਿਆਸੀ ਵਿਚਾਰਾਂ ਦਾ ਪ੍ਰਗਟਾਵਾ ਆਮ ਤੌਰ 'ਤੇ ਦੇਸ਼-ਭਗਤ ਯਾਦਗ਼ਾਰ ਹਾਲ ਵਿੱਚ ਹੋਣ ਵਾਲੇ ਮੇਲਿਆਂ/ਸੈਮੀਨਾਰਾਂ ਵਿੱਚ ਹੁੰਦਾ ਹੀ ਰਹਿੰਦਾ ਸੀ। ਲੋੜ ਪੈਣ 'ਤੇ ਸਿਆਸੀ ਨੌਈਅਤ ਦੇ ਕਿਸੇ ਸਾਹਿਤਕ-ਸਭਿਆਚਾਰਕ ਜਾਂ ਇਤਿਹਾਸਕ ਮਹੱਤਵ ਵਾਲੇ ਮਸਲੇ ਬਾਰੇ ਆਪਣੀ ਰਾਇ ਖੁਲ੍ਹ ਕੇ ਪ੍ਰਗਟਾਉਣ ਵਿੱਚ ਮੈਨੂੰ ਕੋਈ ਹਿਚਕਚਾਹਟ ਨਹੀਂ ਸੀ। ਪਰ ਜ਼ਾਹਿਰਾ ਤੌਰ 'ਤੇ ਮੈਂ ਕਿਸੇ ਵੀ ਸਿਆਸੀ ਪਾਰਟੀ ਨਾਲ ਸੰਬੰਧਤ ਨਹੀਂ ਸਾਂ।
ਪਰ ਮੈਂ ਕਮਿਸ਼ਨਰ ਤੇ ਡਿਪਟੀ ਕਮਿਸ਼ਨਰ ਵੱਲੋਂ ਸੁਹਿਰਦ-ਭਾਵ ਨਾਲ ਕੀਤੀ ਪੇਸ਼ਕਸ਼ ਨੂੰ ਪ੍ਰਵਾਨ ਕਰਨਾ ਉਚਿੱਤ ਨਾ ਸਮਝਿਆ ਤੇ ਉਸ 'ਮਕਸਦ' ਲਈ ਡਿਪਟੀ ਕਮਿਸ਼ਨਰ ਨੂੰ ਮਿਲਣ ਕਦੀ ਨਾ ਗਿਆ। ਇਸ ਵਿੱਚ ਮੈਨੂੰ ਆਪਣੀ ਹੇਠੀ ਲੱਗਦੀ ਸੀ।
ਉਂਜ ਵੀ ਅਜਿਹੀ ਗ਼ਲਤੀ ਮੈਂ ਇੱਕ ਵਾਰ ਕਰ ਚੁੱਕਾ ਸਾਂ ਤੇ ਹੁਣ ਉਸਨੂੰ ਦੁਹਰਾਉਣਾ ਨਹੀਂ ਸਾਂ ਚਾਹੁੰਦਾ।

ਇਹ ਮੇਰੇ ਐੱਮ ਫ਼ਿਲ ਕਰਨ ਦੇ ਦਿਨਾਂ ਦੀ ਵਾਰਤਾ ਹੈ। ਵਾਰ ਵਾਰ ਹੁੰਦੀਆਂ ਰਹੀਆਂ ਗ੍ਰਿਫ਼ਤਾਰੀਆਂ ਦੀ ਪਰੇਸ਼ਾਨੀ ਤੋਂ 'ਬਚਾਉਣ' ਲਈ ਮੇਰੇ ਨਾਲ ਹੀ ਐੱਮ ਫ਼ਿਲ ਕਰ ਰਿਹਾ ਮਿੱਤਰ ਸਾਧੂ ਸਿੰਘ ਮੈਨੂੰ ਆਪਣੇ ਮਿੱਤਰ ਗੁਰਬਚਨ ਜਗਤ ਦੇ ਚੰਡੀਗੜ੍ਹ ਵਿਚਲੇ ਦਫ਼ਤਰ ਵਿੱਚ ਮਿਲਾਉਣ ਲੈ ਗਿਆ, ਜਿਹੜਾ ਉਹਨੀਂ ਦਿਨੀਂ ਸੀ ਆਈ ਡੀ ਵਿਭਾਗ ਵਿੱਚ ਉੱਚੇ ਅਹੁੱਦੇ (ਸ਼ਾਇਦ ਡੀ ਆਈ ਜੀ) 'ਤੇ ਤਾਇਨਾਤ ਸੀ। ਸਾਧੂ ਸਿੰਘ ਨੇ ਮੇਰੀਆਂ ਗ੍ਰਿਫ਼ਤਾਰੀਆਂ ਪਿੱਛੇ ਕਾਰਜਸ਼ੀਲ 'ਵਿਸ਼ੇਸ਼ ਵਿਚਾਰਧਾਰਕ ਪੈਂਤੜੇ ਨੂੰ ਤਿਆਗ ਦਿੱਤੇ ਜਾਣ ਦੇ ਬਾਵਜੂਦ' ਹੁਣ ਬਿਨਾਂ ਕਿਸੇ ਕਸੂਰ ਦੇ ਪੁਲਿਸ ਵੱਲੋਂ ਮੈਨੂੰ ਵਾਰ ਵਾਰ ਗ੍ਰਿਫ਼ਤਾਰ ਕੀਤੇ ਜਾਣ ਦਾ ਜ਼ਿਕਰ ਕੀਤਾ ਤੇ ਇਸਤੋਂ 'ਮੁਕਤ' ਹੋਣ ਲਈ ਰਾਹ ਪੁੱਛਿਆ। ਗੁਰਬਚਨ ਜਗਤ ਨੇ ਮੈਨੂੰ ਨੇੜਲੇ ਕਿਸੇ ਕਮਰੇ ਵਿੱਚ ਇੱਕ ਹੋਰ ਅਫ਼ਸਰ ਨੂੰ ਮਿਲਣ ਭੇਜ ਦਿੱਤਾ। ਉਸ ਅਫ਼ਸਰ ਨੇ ਬੜੀਆਂ ਸ਼ੱਕੀ ਨਜ਼ਰਾਂ ਨਾਲ ਮੈਨੂੰ ਬੜੇ ਅਜੀਬ-ਓ-ਗਰੀਬ ਸਵਾਲ-ਜਵਾਬ ਕੀਤੇ ਤੇ ਲੰਮੀ ਪੁੱਛ-ਗਿੱਛ ਤੋਂ ਬਾਅਦ ਅੱਗੇ ਦੂਜੇ ਕਮਰੇ ਵਿੱਚ ਕਿਸੇ ਹੋਰ ਅਫ਼ਸਰ ਦੇ ਦਫ਼ਤਰ ਵਿੱਚ ਭੇਜ ਦਿੱਤਾ। ਮੈਨੂੰ ਇਸਤਰ੍ਹਾਂ ਖ਼ਰੋਚ-ਖ਼ਰੋਚ ਕੇ ਸਵਾਲ ਪੁੱਛੇ ਜਾ ਰਹੇ ਸਨ ਜਿਵੇਂ ਮੈਂ 'ਨਕਸਲੀ ਲਹਿਰ ਨੂੰ ਚਲਾਉਣ ਵਾਲਾ ਮੁਲਕ ਦਾ ਬਹੁਤ ਵੱਡਾ ਆਗੂ ਹੋਵਾਂ!'
ਉਹਨਾਂ ਅਫ਼ਸਰਾਂ ਨੂੰ ਮਿਲਣ ਤੋਂ ਬਾਅਦ ਜਦੋਂ ਗੁਰਬਚਨ ਜਗਤ ਦੇ ਦਫ਼ਤਰ ਵਾਪਸ ਮੁੜਿਆ ਤਾਂ ਮੈਂ ਬਹੁਤ ਸ਼ਰਮਿੰਦਾ ਤੇ ਗੁਨਾਹਗ਼ਾਰ ਮਹਿਸੂਸ ਕਰ ਰਿਹਾ ਸਾਂ। ਉਸ ਘੜੀ ਨੂੰ ਪਛਤਾ ਰਿਹਾ ਸਾਂ ਜਦੋਂ ਸਾਧੂ ਸਿੰਘ ਦੇ ਆਖੇ ਲੱਗ ਕੇ ਤੁਰ ਪਿਆ ਸਾਂ। ਸਾਧੂ ਸਿੰਘ ਤਾਂ ਕਿਸੇ 'ਅਫ਼ਸਰ' ਨੂੰ ਨਹੀਂ ਸਗੋਂ ਨੇੜਲੇ 'ਦੋਸਤ' ਨੂੰ 'ਮਿਲਾਉਣ' ਤੇ ਉਸ ਦੀ ਸੁਹਿਰਦ ਰਾਇ ਲੈਣ ਆਇਆ ਸੀ ਪਰ ਅਫ਼ਸਰੀ ਦੀਆਂ ਆਪਣੀਆਂ ਵਿਭਾਗੀ 'ਲੋੜਾਂ ਤੇ ਮਜਬੂਰੀਆਂ' ਸਨ। ਇਹਨਾਂ 'ਲੋੜਾਂ' ਵਿਚੋਂ ਹੀ ਗੁਰਬਚਨ ਜਗਤ ਨੇ ਮੈਨੂੰ ਹੋਰਨਾਂ ਅਫ਼ਸਰਾਂ ਨਾਲ ਮੇਰੀ 'ਪੁਣ-ਛਾਣ' ਕੀਤੇ ਜਾਣ ਲਈ ਮਿਲਾਇਆ ਸੀ।
ਦੂਜੇ ਅਫ਼ਸਰਾਂ ਨਾਲ ਫ਼ੋਨ 'ਤੇ ਗੱਲ ਕਰ ਕੇ ਉਸਨੇ ਸਾਰੀ ਹਕੀਕਤ ਸਮਝ ਲਈ ਤੇ ਦੱਸਿਆ ਕਿ 'ਸਰਕਾਰੀ ਕਾਗ਼ਜ਼ਾਂ' ਵਿਚਲੀਆਂ ਮੇਰੀਆਂ 'ਗਤੀਵਿਧੀਆਂ' ਦੇ ਹਵਾਲੇ ਨਾਲ ਮੇਰਾ ਨਾਂ ਸਹਿਜੇ ਕੀਤੇ 'ਖ਼ਾਮੋਸ਼' ਨਹੀਂ ਕੀਤਾ ਜਾ ਸਕਦਾ। ਇਹ ਉਹਨਾਂ ਦੇ ਆਪਣੇ ਅਧਿਕਾਰ-ਖ਼ੇਤਰ ਤੋਂ ਬਾਹਰਲੀ ਗੱਲ ਸੀ। ਇਸ ਨੂੰ 'ਖ਼ਾਮੋਸ਼' ਕਰਨ ਦੀ ਕਾਰਵਾਈ ਸ਼ੁਰੂ ਕਰਨ ਲਈ ਵੀ 'ਮੁੱਖ-ਮੰਤ੍ਰੀ', ਕਿਸੇ ਵਜ਼ੀਰ ਜਾਂ ਮੈਂਬਰ ਪਾਰਲੀਮੈਂਟ ਨੂੰ ਮੇਰੀ 'ਸਫ਼ਾਈ' ਦੇਣੀ ਪਵੇਗੀ।
ਵਾਪਸ ਆਉਂਦਿਆਂ ਸਾਧੂ ਸਿੰਘ ਮੇਰੀ 'ਸਫ਼ਾਈ' ਦੇਣ ਲਈ 'ਰਲ-ਮਿਲ ਕੇ' ਕਿਸੇ 'ਵਜ਼ੀਰ' ਜਾਂ ਮੈਂਬਰ-ਪਾਰਲੀਮੈਂਟ ਦੀ 'ਤਲਾਸ਼' ਕਰਨ ਲੈਣ ਦੀ 'ਕੋਸ਼ਿਸ਼ ਕਰ ਲੈਣ' ਸੰਬੰਧੀ ਗੱਲ-ਬਾਤ ਕਰ ਰਿਹਾ ਸੀ ਅਤੇ ਮੇਰੇ ਤੋਂ ਕਿਤੇ 'ਵੱਡੇ' ਨਾਵਾਂ ਦੇ ਸਰਕਾਰੀ ਰੀਕਾਰਡ ਵਿਚੋਂ 'ਖ਼ਾਮੋਸ਼' ਹੋ ਜਾਣ ਦੇ ਹਵਾਲੇ ਵੀ ਦੇ ਰਿਹਾ ਸੀ। ਪਰ ਮੈਂ ਉਸਤਰ੍ਹਾਂ ਹੀ 'ਸ਼ਰਮਸਾਰ' ਮਹਿਸੂਸ ਕਰ ਰਿਹਾ ਸਾਂ, ਜਿਵੇਂ ਮੇਰੀ ਕਹਾਣੀ 'ਕੁਰਾਹੀਆ' ਦਾ ਖ਼ੁਦਦਾਰ ਹੈੱਡਮਾਸਟਰ ਇਲਾਕੇ ਦੇ ਐੱਮ ਐੱਲ ਏ ਨੂੰ ਮਿਲਣ ਜਾਣ ਦੀ ਗ਼ਲਤੀ ਕਰ ਲੈਣ ਪਿੱਛੋਂ ਬੇਇਜ਼ਤ ਹੋਇਆ ਮਹਿਸੂਸ ਕਰ ਰਿਹਾ ਸੀ ਤੇ ਪਿੱਛੋਂ ਹਾਰਟ-ਅਟੈਕ ਹੋਣ ਨਾਲ ਮਰ ਗਿਆ ਸੀ!
ਮੈਂ ਨਾ 'ਹਾਰਟ-ਅਟੈਕ' ਨਾਲ ਮਰਨਾ ਚਾਹੁੰਦਾ ਸਾਂ ਤੇ ਨਾ ਜ਼ਮੀਰ ਮਾਰ ਕੇ ਮਰਨ ਦੀ ਮੇਰੀ ਕੋਈ ਮਨਸ਼ਾ ਸੀ। ਜੇ ਮੇਰਾ ਨਾਂ ਉਹਨਾਂ ਨੂੰ 'ਖ਼ਾਮੋਸ਼' ਦੀ ਥਾਂ ਉੱਚੀ 'ਬੋਲਦਾ' ਸੁਣਦਾ ਸੀ ਤਾਂ ਸੁਣਦਾ ਰਹੇ! ਮੇਰਾ ਫ਼ੈਸਲਾ ਸੀ ਕਿ ਜੇ ਪਿਛਲੇ ਕਈ ਦਹਾਕਿਆਂ ਤੋਂ ਮੈਂ 'ਮਰਨ ਤੋਂ ਬਚਿਆ ਰਿਹਾ ਸਾਂ' ਤਾਂ ਹੁਣ ਵੀ ਕੋਈ ਆਖ਼ਰ ਨਹੀਂ ਆ ਚੱਲੀ! ਚੱਲਦਾ ਰਹੇ 'ਸਰਕਾਰੀ ਰੀਕਾਰਡ' ਵਿੱਚ ਮੇਰਾ ਨਾਂ ਜਿਵੇਂ ਚੱਲਦਾ ਹੈ, ਕਰਦੀ ਰਹੇ ਸੀ ਆਈ ਡੀ ਤੇ ਪੁਲਿਸ ਪਿੱਛਾ; ਜਿਵੇਂ ਕਰਦੀ ਹੈ!
ਦਿਲਚਸਪ ਗੱਲ ਹੈ ਕਿ ਅਗਲੇ ਸਾਲਾਂ ਵਿੱਚ ਮੇਰੀ ਬਹੁਤ ਸਾਰੇ ਵੱਡੇ ਪੁਲਿਸ ਅਧਿਕਾਰੀਆਂ ਨਾਲ ਜਾਣ-ਪਛਾਣ ਵੀ ਹੋ ਗਈ। ਇਸ ਜਾਣ-ਪਛਾਣ ਦੀ ਸ਼ੁਰੂਆਤ ਪਹਿਲਵਾਨ ਕਰਤਾਰ ਸਿੰਘ ਵੱਲੋਂ ਕਰਵਾਏ ਜਾਣ ਵਾਲੇ ਖੇਡ-ਮੇਲਿਆਂ/ਸਮਾਗ਼ਮਾਂ ਦੌਰਾਨ ਹੋਈ। ਮੈਂ ਇਹਨਾਂ ਸਮਾਗ਼ਮਾਂ ਵਿੱਚ ਮੁੱਖ ਬੁਲਾਰਾ ਹੁੰਦਾ ਸਾਂ। ਕਰਤਾਰ ਦੇ ਪੁਲਿਸ ਵਿੱਚ ਸੀਨੀਅਰ ਅਧਿਕਾਰੀ ਹੋਣ ਕਰਕੇ ਇਹਨਾਂ ਸਮਾਗ਼ਮਾਂ ਵਿੱਚ ਕਦੀ ਡੀ ਜੀ ਪੀ ਤੇ ਕਦੇ ਏ ਡੀ ਜੀ ਪੀ ਮੁੱਖ-ਪ੍ਰਾਹੁਣੇ ਹੁੰਦੇ। ਉਹਨਾਂ ਤੋਂ ਛੋਟੇ ਅਫ਼ਸਰਾਂ ਤਾਂ ਫਿਰ ਹਾਜ਼ਰ ਹੋਣਾ ਹੀ ਹੁੰਦਾ ਸੀ। ਸਿਆਣੇ ਅਫ਼ਸਰ ਮੇਰੇ ਭਾਸ਼ਨਾਂ ਦੀ ਪਰਸੰਸਾ ਕਰਦੇ। ਕਰਤਾਰ ਦੀ ਜੀਵਨੀ ਲਿਖਣ ਦੀ ਪਰਸੰਸਾ ਵਜੋਂ ਤਿੰਨ ਚਾਰ ਵਾਰ ਤਾਂ ਮੈਨੂੰ ਇਹਨਾਂ ਵੱਡੇ ਪੁਲਿਸ ਅਫ਼ਸਰਾਂ ਰਾਹੀਂ ਸਨਮਾਨਿਤ ਵੀ ਕਰਵਾਇਆ ਗਿਆ। ਇਸ ਜੀਵਨੀ ਨੂੰ ਪੁਲਿਸ ਅਫ਼ਸਰਾਂ ਵੱਲੋਂ ਪੜ੍ਹੇ ਜਾਣ ਕਰਕੇ ਵੀ ਕਈ ਅਫ਼ਸਰ ਮੇਰੇ ਕਦਰਦਾਨ ਸਨ। ਉਸ ਸਮੇਂ ਦੇ ਏ ਡੀ ਜੀ ਪੀ 'ਰ ਸ ਗਿੱਲ ਵਲੋਂ' ਮੈਨੂੰ ਦੋ ਕੁ ਵਾਰ ਖੇਡਾਂ ਵਿੱਚ ਵੱਡੀਆਂ ਮੱਲਾਂ ਮਾਰਨ ਵਾਲੇ ਖਿਡਾਰੀਆਂ ਦੇ ਸਨਮਾਨ ਲਈੇ ਹੋਣ ਵਾਲੇ ਸਮਾਗ਼ਮਾਂ ਵਿੱਚ ਉਚੇਚੇ ਤੌਰ 'ਤੇ ਆਪਣੇ ਵਿਚਾਰ ਪੇਸ਼ ਕਰਨ ਲਈ ਵੀ ਬੁਲਾਇਆ ਗਿਆ। ਮੇਰੀਆਂ ਸਾਹਿਤਕ ਪ੍ਰਾਪਤੀਆਂ ਦੇ ਸਨਮੁੱਖ, ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੇ ਗਏ ਮੈਗ਼ਜ਼ੀਨ 'ਪੰਜਾਬ ਪੁਲਿਸ ਦਰਪਣ' ਲਈ ਮੈਨੂੰ ਗੁਰਦਿਆਲ ਸਿੰਘ, ਸੁਰਜੀਤ ਪਾਤਰ, ਅਜਮੇਰ ਔਲਖ ਦੇ ਨਾਲ ਮੈਗ਼ਜ਼ੀਨ ਦਾ 'ਵਿਸ਼ੇਸ਼ ਸਲਾਹਕਾਰ' ਵੀ ਬਣਾਇਆ ਗਿਆ।
ਪੁਲਿਸ ਅਫ਼ਸਰਾਂ ਨਾਲ ਮੇਰੀ ਇਸ ਜਾਣ-ਪਛਾਣ ਦਾ ਤੇ ਮੈਗ਼ਜ਼ੀਨ ਦੇ 'ਵਿਸ਼ੇਸ਼ ਸਲਾਹਕਾਰ' ਬਣਨ ਦਾ ਆਧਾਰ ਵੀ ਮੇਰੀ 'ਲਿਖਣ ਤੇ ਬੋਲਣ ਕਲਾ' ਹੀ ਸੀ ਤੇ ਦੂਜੇ ਪਾਸੇ ਇਸ ਕਲਾ ਨੇ ਹੀ ਦਹਾਕਿਆਂ ਤੋਂ 'ਮੇਰੇ ਪਿੱਛੇ' ਪੁਲਿਸ ਨੂੰ 'ਸੂਹੀਆਂ' ਵਾਂਗ ਲਾਇਆ ਹੋਇਆ ਸੀ।
ਉਹ ਸੂਹੀਏ ਅਜੇ ਵੀ ਮੇਰੀਆਂ 'ਗਤੀਵਿਧੀਆਂ' ਦਾ ਧਿਆਨ ਰੱਖ ਰਹੇ ਹਨ! ਇਸਦਾ ਭਾਵ ਇਹ ਵੀ ਹੈ ਕਿ ਉਪਰਲੀ ਸਤਹ 'ਤੇ ਸਿਵਿਲ ਜਾਂ ਪੁਲਿਸ ਅਫਸਰਾਂ ਨਾਲ ਤੁਹਾਡੀਆਂ ਨਿੱਜੀ ਸਾਂਝਾਂ ਤਾਂ ਹੋ ਸਕਦੀਆਂ ਹਨ ਪਰ 'ਸਟੇਟ' ਧੁਰ ਅੰਦਰਲੀ ਸਤਹ 'ਤੇ ਆਪਣੇ ਨੇਮ ਅਨੁਸਾਰ 'ਆਪਣੇ ਕੰਮ' ਵਿੱਚ ਲੱਗੀ ਤੇ ਰੁੱਝੀ ਰਹਿੰਦੀ ਹੈ। ਸਟੇਟ ਦੇ ਰੋਜ਼-ਮੱਰਾ ਦੇ ਕੰਮ-ਕਾਜ 'ਤੇ 'ਨਿੱਜੀ' ਸਾਂਝਾਂ ਕਿਸੇ ਤਰ੍ਹਾਂ ਵੀ ਅਸਰ-ਅੰਦਾਜ਼ ਨਹੀਂ ਹੁੰਦੀਆਂ; ਜਿੰਨਾਂ ਚਿਰ ਕੋਈ ਇਹਨਾਂ ਸਾਂਝਾਂ ਨੂੰ 'ਨਿੱਜੀ' ਹਿਤਾਂ ਲਈ ਵਰਤਣ ਦਾ ਉਚੇਚਾ ਚਾਰਾ ਨਾ ਕਰੇ! ਅਜਿਹਾ 'ਚਾਰਾ' ਕਰਨਾ ਮੇਰੀ ਜ਼ਮੀਰ ਨੂੰ ਵਾਰਾ ਨਹੀਂ ਸੀ ਖਾਂਦਾ। 'ਚਾਰਾ' ਕੀਤੇ ਜਾਣ ਦੇ ਬਾਵਜੂਦ ਇਹਨਾਂ 'ਸਾਂਝਾਂ' ਦੀ ਆਪਣੀ ਸੀਮਾਂ ਹੁੰਦੀ ਹੈ ਜਿਸਨੂੰ ਪਾਰ ਕਰਨਾ ਏਨਾ ਸੌਖਾ ਜਾਂ ਸੰਭਵ ਨਹੀਂ ਹੁੰਦਾ। ਗੁਰਬਚਨ ਜਗਤ ਵਾਲੀ ਘਟਨਾ ਦੇ ਹਵਾਲੇ ਨਾਲ ਇਸ ਸੀਮਾ ਦਾ ਜ਼ਿਕਰ ਕੀਤਾ ਜਾ ਸਕਦਾ ਹੈ।

ਇੱਕ ਹੋਰ ਗੱਲ; ਜਿਹੜਾ ਮੈਂ ਆਪਣੇ ਸਵੈਮਾਣ ਦਾ ਬੜੇ ਚਿਰ ਦਾ ਰੌਲਾ ਪਾ ਰਿਹਾਂ, ਉਸ ਬਾਰੇ ਵੀ ਕਰਨਾ ਚਾਹੁੰਦਾ ਹਾਂ। ਅਜਿਹਾ ਲੋੜੋਂ ਵੱਧ 'ਸਵੈਮਾਣ' ਮੇਰੇ ਅਵਚੇਤਨ ਵਿੱਚ ਕਿਸੇ ਹੀਣ-ਭਾਵ ਦੀ ਗ੍ਰੰਥੀ ਦਾ ਚਿੰਨ੍ਹ ਵੀ ਹੋ ਸਕਦਾ ਹੈ। ਇਹ ਵੀ ਹੋ ਸਕਦਾ ਹੈ ਕਿ ਮੈਂ ਸਮਾਜ-ਸਭਿਆਚਾਰ ਦੀ ਲੋੜੀਂਦੀ ਸ਼ਿਸ਼ਟਤਾ ਦੀ ਸਮਝ ਤੋਂ ਊਣਾ ਹੋਵਾਂ! ਇਸ ਬਾਰੇ ਵੀ ਗੱਲ ਕਰਨੀ ਬਣਦੀ ਹੈ।
ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿੱਚ ਪੰਜਾਬੀ ਦਾ ਲੈਕਚਰਾਰ ਚੁਣੇ ਜਾਣ ਤੋਂ ਬਾਅਦ ਮੈਂ ਆਪਣੇ ਪਿੰਡ ਗਿਆ। ਇੱਕ-ਦੋ ਦਿਨ ਸਕੂਲ ਤੋਂ ਆਪਣੀ ਛੁੱਟੀ ਮਨਜ਼ੂਰ ਕਰਾਉਂਦਿਆਂ ਲੱਗ ਗਏ। ਇਧਰੋਂ ਵਿਹਲਾ ਹੋ ਕੇ ਮੈਂ ਸਿੱਧਾ ਪੰਜਾਬੀ ਵਿਭਾਗ ਵਿੱਚ ਪੁੱਜਾ। ਮੈਨੂੰ ਖ਼ਾਲਸਾ ਕਾਲਜ ਵਿਚ ਲਿਆਉਣ ਲਈ ਉਚੇਚੀ ਕੋਸ਼ਿ.ਸ ਕਰਨ ਵਾਲੇ ਮੇਰੇ ਮਿੱਤਰ ਨਿਰੰਜਨ ਸਿੰਘ ਢੇਸੀ ਦੇ ਵਿਦੇਸ਼ ਗਏ ਹੋਣ ਕਾਰਨ ਵਿਭਾਗ ਦਾ ਕਾਰਜ-ਭਾਰ ਮੇਰੇ ਪੁਰਾਣੇ ਸ਼ਾਇਰ ਮਿੱਤਰ ਨਰਜੀਤ ਖਹਿਰਾ ਕੋਲ ਸੀ। ਆਪਣੀ ਹਾਜ਼ਰੀ ਰੀਪੋਰਟ ਦਿੱਤੀ। ਵਿਧੀਵਤ ਢੰਗ ਨਾਲ ਮੈਨੂੰ ਸਭ ਤੋਂ ਪਹਿਲਾਂ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਜਾਣਾ ਚਾਹੀਦਾ ਸੀ। ਮੇਰੀ ਚੋਣ ਕਰਨ ਲਈ ਉਸਦਾ ਧੰਨਵਾਦ ਕਰਨਾ ਮੇਰਾ ਇਖ਼ਲਾਕੀ ਫ਼ਰਜ਼ ਵੀ ਸੀ। ਖਹਿਰੇ ਨੇ ਮੈਨੂੰ ਕਿਹਾ ਵੀ, "ਚੱਲੋ ਨਾਲੇ ਰਾਜਾ ਜੀ ਨੂੰ ਮਿਲ ਆਉਂਦੇ ਹਾਂ ਨਾਲੇ ਹਾਜ਼ਰੀ ਰੀਪੋਰਟ ਵੀ ਦਫ਼ਤਰ ਵਿੱਚ ਫੜਾ ਆਵਾਂਗੇ।"
ਪਰ ਮੈਂ ਉਸਨੂੰ ਕਿਹਾ, "ਕੋਈ ਨਹੀਂ ਰਾਜਾ ਜੀ ਨੂੰ ਮਿਲ ਲਵਾਂਗੇ। ਤੁਸੀਂ ਹਾਜ਼ਰੀ ਰੀਪੋਰਟ ਭੇਜ ਛੱਡੋ।"
ਏਥੇ ਤਾਂ ਸਵੈ-ਮਾਣ ਦਾ ਕੋਈ ਸਵਾਲ ਨਹੀਂ ਸੀ। ਸਮਝੋ ਦੁਨਿਆਵੀ ਸਮਝ ਦੀ ਅਸਲੋਂ ਹੀ ਘਾਟ ਸੀ। ਆਪਣਾ ਟਾਈਮ ਟੇਬਲ ਲਿਆ ਤੇ ਜਮਾਤਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਤਿੰਨ ਕੁ ਦਿਨ ਬੀਤੇ ਹੋਣਗੇ। ਕੀ ਵੇਖਦੇ ਹਾਂ ਪ੍ਰਿੰਸੀਪਲ ਰਾਜਾ ਹਰਨਰਿੰਦਰ ਸਿੰਘ ਸਾਡੇ ਵਿਭਾਗ ਵੱਲ ਤੁਰਿਆ ਆ ਰਿਹਾ ਸੀ। ਪੰਜ-ਛੇ ਪ੍ਰੋਫ਼ੈਸਰਾਂ ਦੀ ਫੌਜ ਉਸਦੇ ਆਸੇ ਪਾਸੇ ਸੀ। ਉਹ ਵਿਭਾਗ ਦੇ ਦਫ਼ਤਰ ਅੰਦਰ ਦਾਖ਼ਲ ਹੋਏ। ਅਸੀਂ ਸਵਾਗਤ ਲਈ ਉੱਠ ਬੈਠੇ। ਪ੍ਰਿੰਸੀਪਲ ਨੇ ਕੁਰਸੀ 'ਤੇ ਬਹਿੰਦਿਆਂ ਦੋਵਾਂ ਹੱਥਾਂ ਨਾਲ ਆਪਣੇ ਦਰਸ਼ਨੀ ਦਾਹੜੇ ਨੂੰ ਸਵਾਰਦਿਆਂ ਮੇਰਾ ਹਾਲ-ਚਾਲ ਪੁੱਛਿਆ। ਮੈਂ ਨਿਮਰਤਾ ਨਾਲ ਜਵਾਬ ਦਿੱਤਾ। ਰਾਜਾ ਜੀ ਨੇ ਆਪਣੇ ਵਿਸ਼ੇਸ਼ ਅੰਦਾਜ਼ ਵਿੱਚ ਕਹਾਣੀ ਛੁਹ ਲਈ:
"ਮਿਰਜ਼ਾ ਗ਼ਾਲਿਬ ਨੂੰ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਨੇ ਪੇਸ਼ਕਸ਼ ਕੀਤੀ ਕਿ ਜੇ ਉਹ ਚਾਹੁਣ ਤਾਂ ਉਹਨਾਂ ਨੂੰ ਯੂਨੀਵਰਸਿਟੀ ਵਿੱਚ (ਅਸਲ ਵਿੱਚ ਇਹ ਪੇਸ਼ਕਸ਼ ਕਿਸੇ ਕਾਲਜ ਦੇ ਪ੍ਰਿੰਸੀਪਲ ਵੱਲੋਂ ਹੋਈ ਸੀ-ਲੇਖਕ) ਉਰਦੂ ਵਿਭਾਗ ਦਾ ਮੁਖੀ ਲਾਇਆ ਜਾ ਸਕਦਾ ਹੈ। ਉਹਨਾਂ ਦੇ ਫਾਕੇ ਚੱਲ ਰਹੇ ਸਨ। ਇਹ ਚੰਗੀ ਪੇਸ਼ਕਸ਼ ਸੀ। ਉਹ ਮੰਨ ਗਏ। ਵਿਭਾਗ ਦੇ ਮੁਖੀ ਵਜੋਂ ਗ਼ਾਲਿਬ ਸਾਹਿਬ ਨੂੰ ਜਾਇਨ ਕਰਨ ਦੀ ਤਰੀਕ ਮਿਥ ਲਈ ਗਈ। ਮਿਥੀ ਤਰੀਕ 'ਤੇ ਜਦੋਂ ਮਿਰਜ਼ਾ ਗ਼ਾਲਿਬ ਯੂਨੀਵਰਸਿਟੀ ਦੇ ਗੇਟ 'ਤੇ ਪਹੁੰਚੇ ਤਾਂ ਓਥੇ ਖੜੋਤੇ ਸਕਿਓਰਟੀ ਦੇ ਕਰਮਚਾਰੀਆਂ ਨੂੰ ਪੁੱਛਣ ਲੱਗੇ, "ਵਾਈਸ-ਚਾਂਸਲਰ ਕਿੱਥੇ ਹੈ? ਏਥੇ ਗੇਟ 'ਤੇ ਨਹੀਂ ਆਇਆ?" ਉਹਨਾਂ ਦੱਸਿਆ, "ਜੀ ਉਹ ਤਾਂ ਆਪਣੇ ਦਫ਼ਤਰ ਵਿੱਚ ਹੋਣਗੇ। ਏਥੇ ਉਹਨਾਂ ਨੇ ਕੀ ਲੈਣ ਆਉਣਾ ਸੀ!" ਮਿਰਜ਼ਾ ਸਾਹਿਬ ਏਸ ਗੱਲ ਤੋਂ ਵੱਟ ਖਾ ਗਏ। ਕਹਿੰਦੇ, "ਵਾਈਸ-ਚਾਂਸਲਰ ਨੂੰ ਏਨੀ ਸਮਝ ਵੀ ਨਹੀਂ ਕਿ ਉਸ ਵੱਲੋਂ ਮਿਰਜ਼ਾ ਗ਼ਾਲਿਬ ਨੂੰ ਗੇਟ 'ਤੇ ਆ ਕੇ ਰੀਸੀਵ ਕਰਨਾ ਬਣਦਾ ਹੈ! ਜਿਹੜੇ ਵਾਈਸ-ਚਾਂਸਲਰ ਨੂੰ ਏਨੀ ਅਕਲ ਵੀ ਨਹੀਂ ਮੈਂ ਉਸਦੀ ਯੂਨੀਵਰਸਿਟੀ ਵਿੱਚ ਕੋਈ ਵੀ ਅਹੁੱਦਾ ਲੈਣ ਤੋਂ ਇਨਕਾਰ ਕਰਦਾ ਹਾਂ ਤੇ ਵਾਪਸ ਚੱਲਿਆ ਹਾਂ।" ਏਨੀ ਆਖ ਕੇ ਮਿਰਜ਼ਾ ਸਾਹਿਬ ਜਿਧਰੋਂ ਆਏ ਸਨ ਓਧਰ ਹੀ ਪਰਤ ਗਏ।"
ਸਾਰੇ ਬੜੇ ਧਿਆਨ ਨਾਲ ਪ੍ਰਿੰਸੀਪਲ ਦਾ ਪ੍ਰਵਚਨ ਸੁਣ ਰਹੇ ਸਨ। ਇਸ ਪ੍ਰਸੰਗ ਦੇ ਸੁਣਾਏ ਜਾਣ ਦਾ ਭਾਵ ਸਮਝਣ ਲਈ ਸਭ ਦੀਆਂ ਅੱਖਾਂ ਵਿੱਚ ਜੁਗਿਆਸਾ ਤੇ ਭਰਵੱਟੇ ਉੱਠੇ ਹੋਏ ਸਨ। ਰਾਜਾ ਜੀ ਆਪਣੇ ਮੁੱਛਹਿਰਿਆਂ ਵਿੱਚ ਹੱਸੇ ਤੇ ਤੋੜਾ ਝਾੜਿਆ, "ਮੈਂ ਆਖਿਆ ਵਰਿਆਮ ਸੰਧੂ ਵਰਗਾ ਏਡਾ ਵੱਡਾ ਲੇਖਕ ਸਾਡੇ ਕਾਲਜ ਵਿੱਚ ਆਇਆ ਹੈ। ਕਿਤੇ ਇਸ ਗੱਲੋਂ ਨਰਾਜ਼ ਹੋ ਕੇ ਮਿਰਜ਼ਾ ਸਾਹਿਬ ਵਾਂਗ ਵਾਪਸ ਨਾ ਮੁੜ ਜਾਂਦਾ ਹੋਵੇ ਕਿ ਕਾਲਜ ਦਾ ਪ੍ਰਿੰਸੀਪਲ ਉਸਨੂੰ ਤਿੰਨ ਦਿਨ ਤੋਂ ਮਿਲਣ ਹੀ ਨਹੀਂ ਆਇਆ!"
ਜ਼ੋਰ ਦਾ ਹਾਸਾ ਖਿੜਿਆ। ਹੱਸਿਆ ਤਾਂ ਮੈਂ ਵੀ ਪਰ ਸ਼ਰਮਿੰਦਿਆਂ ਦੇ ਤਾਣ! ਰਾਜਾ ਜੀ ਨੇ ਆਪਣੇ ਤਿੱਖੇ ਸ਼ਾਇਰਾਨਾ ਅੰਦਾਜ਼ ਨਾਲ ਵਿੰਨ੍ਹ ਛੱਡਿਆ ਸੀ। ਮੇਰੀ ਬਨਾਵਟੀ ਹਉਮੈਂ ਦੀ ਫੂਕ ਨਿਕਲ ਗਈ ਸੀ। ਉਸ ਦਿਨ ਮੈਨੂੰ ਲੱਗਾ ਮੇਰੇ ਅੰਦਰ ਹਰ ਵੇਲੇ ਜਿਹੜੀ 'ਮੈਂ! ਮੈਂ! !' ਹੁੰਦੀ ਰਹਿੰਦੀ ਹੈ ਉਹ ਸਦਾ ਠੀਕ ਨਹੀਂ ਹੁੰਦੀ। ਕਦੀ ਕਦੀ 'ਤੂੰ! ਤੂੰ! !' ਆਖਣਾ ਵੀ ਮਾੜਾ ਨਹੀਂ ਹੁੰਦਾ!

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਵਰਿਆਮ ਸਿੰਘ ਸੰਧੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ