Minni Kahanian : Iliyas Ghuman

ਮਿੰਨ੍ਹੀ ਕਹਾਣੀਆਂ : ਇਲਿਆਸ ਘੁੰਮਣ

ਮੇਰੀ ਗ਼ਲਤੀ ਇਲਿਆਸ ਘੁੰਮਣ

ਟੈਂਪਲ ਰੋਡ ਉਤੇ ਸਫਾਂ ਵਾਲੇ ਚੌਕ ਤੋਂ ਰੀਗਲ ਵੱਲ ਜਾਂਦਾ ਹਾਂ । ਅਜੇ ਥੋੜ੍ਹਾ ਹੀ ਅੱਗੇ ਗਿਆ ਹੋਵਾਂਗਾ ਕਿ ਵੰਨ ਵੇ ਦੇ ਉਲਟ ਲਗਾ ਆਉਂਦਾ ਇਕ ਮੋਟਰਸਾਈਕਲ ਏਨੀ ਜ਼ੋਰ ਦੀ ਮੇਰੀ ਕਾਰ ਨੂੰ ਆ ਵੱਜਾ ਕਿ ਉਹਦੀ ਫਰੰਟ ਲਾਈਟ ਟੁੱਟ ਗਈ । ਮੈਂ ਵੇਖਿਆ ਕਿ ਉਹਦਾ ਸਵਾਰ ਲੰਮੇ ਵਾਲਾਂ ਵਾਲਾ ਇਕ ਲੋਫਰ ਜਿਹਾ ਮੁੰਡਾ ਸੀ । ਮੇਰੀ ਚੁੱਪ ਵੇਖ ਕੇ ਉਹਦੀ ਹਿੰਮਤ ਵੱਧ ਗਈ ਤੇ ਉਹ ਮੋਟਰਸਾਈਕਲ ਨੂੰ ਮੇਰੀ ਕਾਰ ਦੇ ਅੱਗੇ ਈ ਖੜ੍ਹਾ ਕਰਕੇ ਮੇਰੇ ਵੱਲ ਆਇਆ ਤੇ ਬੋਲਿਆ, 'ਤੁਸੀਂ ਅੰਨ੍ਹੇ ਤਾਂ ਨਹੀਂ?'
ਮੈਂ ਫਿਰ ਵੀ ਕੁਝ ਨਾ ਬੋਲਿਆ ਉਹਨੇ ਮੈਨੂੰ ਗਾਲ੍ਹ ਕੱਢੀ । ਪਤਾ ਨਹੀਂ ਉਸ ਦਿਨ ਮੈਨੂੰ ਕੀ ਹੋਇਆ ਸੀ ਕਿ ਉਹਦੀ ਇਸ ਹਰਕਤ ਉਤੇ ਵੀ ਮੈਨੂੰ ਕੋਈ ਗੁੱਸਾ ਨਾ ਆਇਆ । ਉਹਨੇ ਮੇਰੀ ਕਾਰ ਨੂੰ ਦੋ-ਚਾਰ ਠੁੱਢੇ ਮਾਰੇ ਪਰ ਫਿਰ ਵੀ ਉਹਦਾ ਮੱਚ ਠੰਢਾ ਨਾ ਹੋਇਆ ਤੇ ਕਾਰ ਦੇ ਖੁੱਲ੍ਹੇ ਸ਼ੀਸ਼ੇ ਵਿਚੋਂ ਹੱਥ ਵਾੜ ਕੇ ਮੇਰਾ ਗਲਮਾ ਫੜ ਕੇ ਉਹਨੇ ਮੈਨੂੰ ਦੋ-ਚਾਰ ਜ਼ਬਰਦਸਤ ਝੂਟੇ ਦਿੱਤੇ ਪਰ ਮੈਂ ਆਪਣਾ ਗਿਰੇਬਾਨ ਛੁਡਾਉਣ ਲਈ ਵੀ ਆਹਰ ਨਾ ਕੀਤਾ ਪਰ ਪਤਾ ਨਹੀਂ ਕੀ ਹੋਇਆ ਕਿ ਉਹ ਮੈਨੂੰ ਛੱਡ ਕੇ ਸਿੱਧਾ ਖਲੋਤਾ ਤੇ ਬੋਲਿਆ, 'ਮੈਨੂੰ ਮੁਆਫ਼ ਕਰ ਦਿਓ, ਗ਼ਲਤੀ ਮੇਰੀ ਈ ਸੀ ।'

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਇਲਿਆਸ ਘੁੰਮਣ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ