Minni Kahanian : Jasbir Dhand

ਮਿੰਨੀ ਕਹਾਣੀਆਂ : ਜਸਬੀਰ ਢੰਡ

1. ਇਹ ਕੋਈ ਕਹਾਣੀ ਨਹੀਂ ਹੈ

ਦਰਵਾੜਾ ਖੜਕਿਆ।
ਮੱਥਾ ਤਾਂ ਮੇਰਾ ਉਸੇ ਵੇਲੇ ਹੀ ਠਣਕ ਗਿਆ ਸੀ, ਜਦੋਂ ਪਤਨੀ ਨੇ ਦਰਵਾਜ਼ੇ ਵੱਲ ਵਿੰਹਦਿਆਂ ਮੈਨੂੰ ਹੌਲੀ ਜਿਹੀ ਕਿਹਾ ਸੀ, ‘ਟੋਨੀ ਆਇਆ ਹੈ।’ ਮੈਂ ਸੋਚਿਆ ਕਿ ਸੁਵਖਤੇ ਉਸ ਨੂੰ ਮੇਰੇ ਤਾਈ ਕੀ ਕੰਮ ਹੋ ਸਕਦਾ ਹੈ?
ਉਪਰੋਂ ਸਕੂਲ ਜਾਣ ਵਾਲੀ ਬੱਸ ਨਿਕਲਣ ਦਾ ਡਰ।
ਨੂੰਹ ਨੇ ਨਾਸ਼ਤਾ ਲਾ ਦਿੱਤਾ ਸੀ, ‘ਪਾਪਾ!…।’
ਪੈਂਟ ਦੀ ਬੈਲਟ ਕਸਦਿਆਂ ਮੈਂ ਨੂੰਹ ਨੂੰ ਕਿਹਾ, ‘ਦੋ ਮਿੰਟ ਅਟਕ ਜਾ ਬੇਟੇ!।’
ਅੰਦਰੋਂ ਕੋਲੇ ਵਾਂਗ ਭੁੱਜੇ ਹੋਣ ਦੇ ਬਾਵਜੂਦ ਮੈਂ ਮੁਸਕਰਾ ਕੇ ਟੋਨੀ ਨੂੰ ਅੰਦਰ ਆ ਕੇ ਬੈਠਕ ਵਿੱਚ ਬੈਠਣ ਲਈ ਆਖਿਆ। ਮੇਜ਼ ‘ਤੇ ਪਏ ਅਖਬਾਰਾਂ ਨੂੰ ਐਵੇਂ ਉਲਟ ਪੁਲਟ ਕੇ ਵੇਖਿਆ। ਮੈਂ ਕੁਝ ਨਾ ਬੋਲਿਆ।
ਫਿਰ ਮੇਰਾ ਰੁਖ਼ ਵੇਖ ਕੇ ਉਹ ਛੇਤੀ ਹੀ ਆਪਣੀ ਗੱਲ ‘ਤੇ ਆ ਗਿਆ।
ਜੇਬ ਵਿੱਚੋਂ ਕਿਸੇ ਲੈਬਾਰਟਰੀ ਦਾ ਕਾਰਡ ਜਿਹਾ ਕੱਢ ਕੇ ਵਿਖਾਉਂਦਿਆਂ ਬੋਲਿਆ, ‘ਮਾਸਟਰ ਜੀ! ਮੇਰੀ ਪਤਨੀ ਦਾ ਬਲੱਡ 4.5 ਹੀ ਰਹਿ ਗਿਆ। ਮਹੀਨਾ ਹੋ ਗਿਆ ਬੁਖਾਰ ਚੜ੍ਹਦਿਆਂ। ਪਹਿਲਾਂ ਗੁਲੂਕੋਜ਼ ਲੱਗਦਾ ਸੀ। ਅੱਜ ਡਾਕਟਰ ਕਹਿੰਦਾ ਬਲੱਡ ਚੜ੍ਹੇਗਾ। ਬਲੱਡ ਤਾਂ ਮਿਲ ਜਾਊ, ਪਰ ਡਾਕਟਰ ਆਖਦਾ ਸੀ ਕਿ ਮਹੀਨਾ ਦੋ ਮਹੀਨੇ ਇਸ ਨੂੰ ਦੁੱਧ, ਘਿਓ ਤੇ ਫਲ ਖੁਆਓ। ਮੇਰੀ ਜੇਬ ਵਿੱਚ ਕੁੱਲ ਵੀਹ ਰੁਪਈਏ ਨੇ… ਸਾਰੇ ਪਾਸੇ ਨਿਗ੍ਹਾ ਮਾਰੀ, ਪਰ ਤੁਹਾਡੇ ਬਿਨਾਂ ਕੋਈ ਨਹੀਂ। ਬੱਸ ਅੱਜ ਸੌ ਕੁ ਰੁਪਏ ਦੇ ਦਿਓ… ਸ਼ਾਇਦ ਬਚ ਜਾਏ ਵਿਚਾਰੀ। ਮੈਂ ਪੈਸੇ ਹਫਤੇ ਦਸ ਦਿਨ ‘ਚ ਮੋੜ ਦਿਆਂਗਾ।’
ਕਿੰਨੀ ਦੇਰ ਅਸੀਂ ਦੋਵੇਂ ਚੁੱਪ ਚਾਪ ਬੈਠੇ ਰਹੇ। ਉਹ ਪਲ ਦੋਵਾਂ ਲਈ ਬਹੁਤ ਬੋਝਲ ਸਨ। ਸ਼ਿਕਾਰੀ ਆਪਣਾ ਫੰਦਾ ਲਾ ਕੇ ਸ਼ਿਕਾਰ ਦੇ ਫਸਣ ਦੀ ਉਮੀਦ ਵਿੱਚ ਸੀ ਤੇ ਸ਼ਿਕਾਰ ਆਪਣੇ ਆਪ ਨੂੰ ਫਸਣ ਤੋਂ ਬਚਾਉਣ ਲਈ ਵਿਉਂਤ ਦੇ ਆਹਰ ਵਿੱਚ ਸੋਚੀਂ ਪਿਆ ਹੋਇਆ ਸੀ।
ਮੈਨੂੰ ਕੁਝ ਸੁੱਝ ਨਹੀਂ ਰਿਹਾ ਸੀ।
ਅਖੀਰ ਮੈਂ ਮਨ ਨੂੰ ਕਰੜਾ ਜਿਹਾ ਕਰ ਲਿਆ; ‘ਵੇਖ ਟੋਨੀ! ਪੈਸੇ ਤਾਂ ਤੈਨੂੰ ਦੇ ਦਿਆਂ, ਪਰ ਤੇਰਾ ਕੀ ਪਤਾ, ਤੂੰ ਆਪਣੀ ਪਤਨੀ ਲਈ ਦੁੱਧ ਦੀ ਬੋਤਲ ਲਿਆਏਂਗਾ ਜਾਂ ਆਪਣੇ ਲਈ ਅਧੀਆ!'
‘ਨਾ ਜੀ! ਛੱਡੀ ਨੂੰ ਪੰਦਰਾਂ ਦਿਨ ਹੋ ਗਏ, ਸਹੁੰ ਪਾ ਦਿੱਤੀ ਆਪਾਂ।' ਉਸ ਨੇ ਕੰਨਾਂ ਨੂੰ ਹੱਥ ਲਾਉਂਦਿਆਂ ਕਿਹਾ।
ਉਹ ਸਾਫ ਝੂਠ ਬੋਲ ਰਿਹਾ ਸੀ। ਅਜੇ ਹਫਤਾ ਵੀ ਨਹੀਂ ਹੋਇਆ ਹੋਣਾ, ਜਦੋਂ ਉਹ ਅਤੇ ਉਸ ਦਾ ਮਿੱਤਰ ਮੇਵਾ ਸਿੰਘ, ਠੀਕਰੀਵਾਲੇ ਚੌਕ ਦੇ ਹਾਤੇ ਦੇ ਬਾਹਰ ਡੱਕੇ ਫਿਰਦੇ ਮਿਲੇ ਸਨ। ਮੈਂ ਘੜੀ ਵੱਲ ਵੇਖਿਆ। ਅਜੇ ਨਾਸ਼ਤਾ ਕਰਨਾ ਸੀ। ਹੁਣ ਇਹਦੇ ਨਾਲ ਕਿਹੜਾ ਮੱਥਾ ਮਾਰੇ! ਉਸ ਦੀ ਹਾਲਤ 'ਤੇ ਕਦੇ ਤਰਸ ਆਉਂਦਾ, ਕਦੇ ਕ੍ਰੋਧ।
ਉਹ ਸਿਰੇ ਦਾ ਕਾਰੀਗਰ ਸੀ, ਪਰ ਅੰਤਾਂ ਦੀ ਗਰੀਬੀ, ਆਦਤਾਂ ਵਿਗੜੀਆਂ ਹੋਈਆਂ। ਚਾਰ ਪੈਸੇ ਆ ਜਾਂਦੇ ਤਾਂ ਉਸੇ ਦਿਨ ਉਡਾ ਦੇਣੇ। ਪੀਪੇ ਵਿੱਚ ਆਟਾ ਭਾਵੇਂ ਹੋਵੇ ਨਾ ਹੋਵੇ, ਪਰ ਪੈਂਤੀ ਸਾਲਾਂ ਦੀ ਉਮਰ ਤੱਕ ਉਸ ਦੇ ਚਾਰ, ਪਤਾ ਨਹੀਂ ਪੰਜ ਜੁਆਕ ਹੋ ਗਏ ਸਨ। ਉਸ ਦੀ ਪਤਨੀ ਅਕਸਰ ਬਿਮਾਰ ਹੀ ਰਹਿੰਦੀ ਸੀ।
ਪਹਿਲਾਂ ਵੀ ਝੂਠ ਬੋਲ ਕੇ ਉਹ ਕਈ ਵਾਰ ਪੈਸੇ ਲੈ ਗਿਆ ਸੀ। ਉਸ ਦਾ ਇਕ ਹੋਰ ਸਾਥੀ ਮੈਥੋਂ ਦੋ ਸੌ ਰੁਪਏ ਲੈ ਗਿਆ ਸੀ। ਇਉਂ ਹੀ ਕਹਿ ਕੇ ਕਿ ਦੋ ਚਾਰ ਦਿਨਾਂ ਵਿੱਚ ਮੋੜ ਦੋਵੇਗਾ। ਇਕ ਫੋਟੋਗ੍ਰਾਫਰ ਪੰਜ ਸੌ ਇਹ ਕਹਿ ਕੇ ਲੈ ਗਿਆ ਕਿ ਉਸ ਦੀ ਪਤਨੀ ਦਾ ਸ਼ਾਇਦ ਆਪਰੇਸ਼ਨ ਕਰਨਾ ਪਵੇ। ਇਕ ਹੋਰ ਆਪਣੀ ਭੈਣ ਦੇ ਜਣੇਪੇ ਦਾ ਕਹਿ ਕੇ ਮੇਰੇ ਕੋਲੋਂ ਰੁਪਏ ਲੈ ਗਿਆ ਸੀ। ਪੈਸਿਆਂ ਦੀ ਤਾਂ ਖਾਧੀ ਕੜ੍ਹੀ, ਉਹ ਸਾਰੇ ਮੱਥੇ ਲੱਗਣ ਜਾਂ ਬੋਲਣ ਤੋਂ ਵੀ ਗਏ।
ਮੈਂ ਤੰਗ ਆਇਆ ਹੋਇਆ ਸਾਂ। ਨਾਲੇ ਮੇਰੀ ਕਿਹੜਾ ਟਾਟਾ ਬਿਰਲਾ ਨਾਲ ਪਿੱਠ ਲੱਗਦੀ ਸੀ। ਮੈਂ ਵੀ ਸਾਧਾਰਨ ਮੁਲਾਜ਼ਮ ਹਾਂ। ‘ਨਾ ਭਰਾਵਾਂ! ਗੁੱਸੇ ਹੋ ਜਾਂ ਰਾਜ਼ੀææ ਤੂੰ ਕੋਈ ਹੋਰ ਘਰ ਦੇਖ।' ਮੈਂ ਆਖ ਤਾਂ ਦਿੱਤਾ, ਪਰ ਮੈਨੂੰ ਇੰਜ ਜਾਪਿਆ ਜਿਵੇਂ ਮੈਂ ਕੋਈ ਬਹੁਤ ਵੱਡਾ ਗੁਨਾਹ ਕਰ ਲਿਆ ਹੋਵੇ!
‘ਚਲੋ! ਕੋਈ ਗੱਲ ਨ੍ਹੀਂ…!’ ਇਹ ਕਹਿ ਕੇ ਉਹ ਹੱਥ ਮਿਲਾ ਕੇ ਅਣਮੰਨੇ ਜਿਹੇ ਦਿਲ ਨਾਲ ਗਲੀ ਵਿੱਚ ਪੈਰ ਜਿਹੇ ਘਸੀਟਦਾ ਤੁਰ ਗਿਆ।
ਮੇਰੀ ਬੱਸ ਦਾ ਸਮਾਂ ਹੋ ਗਿਆ ਸੀ। ਨੂੰਹ ਨੇ ਫਿਰ ਕਿਹਾ, ‘ਪਾਪਾ, ਨਾਸ਼ਤਾ!’
‘ਬਸ ਬੇਟੇ! ਟਾਈਮ ਨ੍ਹੀਂ ਹੁਣ! ਆਖ ਕੇ ਮੈਂ ਆਪਣਾ ਬੈਗ ਚੁੱਕਿਆ ਤੇ ਤੇਜ਼ੀ ਨਾਲ ਘਰੋਂ ਬਾਹਰ ਹੋ ਗਿਆ। ਅਸਲ ਵਿੱਚ ਮੇਰੀ ਭੁੱਖ ਵੀ ਮਰ ਗਈ ਸੀ।’
ਵਨ-ਵੇਅ ਟਰੈਫਿਕ ਰੋਡ ਤੋਂ ਬੱਸ ਸਟੈਂਡ ਵੱਲ ਜਾਂਦਿਆਂ ਮੈਨੂੰ ਇਕ ਹੀ ਸੋਚ ਲੱਗੀ ਰਹੀ ‘ਜੇ ਉਸ ਦੀ ਪਤਨੀ ਸੱਚ ਮੁੱਚ ਮਰ ਗਈ!’
ਸਕੂਲ ਵਿੱਚ ਸਾਰਾ ਸਮਾਂ ਇਹ ਗੱਲ ਮੇਰੇ ਦਿਲੋ ਦਿਮਾਗ ‘ਤੇ ਛਾਈ ਰਹੀ। ਅਪਰਾਧ ਭਾਵਨਾ ਨੇ ਜਿਵੇਂ ਨਾਗ ਵਲ ਪਾ ਲਿਆ ਸੀ।
ਛੁੱਟੀ ਹੋਣ ‘ਤੇ ਘਰ ਜਾਣ ਦੀ ਥਾਂ ਮੈਂ ਦੋ ਕਿੱਲੋ ਸੇਬ ਅਤੇ ਇਕ ਦਰਜਨ ਸੰਤਰੇ ਲਏ ਤੇ ਟੋਨੀ ਦੇ ਘਰ ਵਾਲੀ ਗਲੀ ਮੁੜ ਗਿਆ। ‘ਮੈਂ ਇਸ ਵਾਰ ਨਕਦ ਪੈਸੇ ਨਹੀਂ ਦਿਆਂਗਾ’, ਮੈਂ ਮਨ ਹੀ ਮਨ ਫੈਸਲਾ ਕਰ ਲਿਆ ਸੀ।
ਟੋਨੀ ਦੇ ਦਰਵਾਜ਼ੇ ‘ਤੇ ਜਿੰਦਰਾ ਵੱਜਾ ਵੇਖ ਕੇ ਮੈਂ ਨਿਰਾਸ਼ ਹੋ ਗਿਆ। ਗੁਆਂਢ ਵਾਲੇ ਘਰ ਮੂੰਹਰੇ ਮੰਜੀ ‘ਤੇ ਬੈਠੀ ਮਾਈ ਨੂੰ ਮੈਂ ਟੋਨੀ ਤੇ ਉਸ ਦੀ ਪਤਨੀ ਬਾਰੇ ਪੁੱਛਿਆ।
‘ਉਸ ਦੀ ਪਤਨੀ ਨੂੰ ਤਾਂ ਵੀਰਾ, ਦੋ ਮਹੀਨੇ ਹੋ ਗਏ ਪੇਕੇ ਗਈ ਨੂੰ। ਪਹਿਲਾਂ ਗੋਦੀ ਵਾਲੇ ਜੁਆਕ ਤੋਂ ਬਿਨਾਂ ਬਾਕੀਆਂ ਨੂੰ ਛੱਡ ਗਈ ਸੀ। ਫਿਰ ਉਨ੍ਹਾਂ ਨੂੰ ਵੀ ਲੈ ਗਈ। ਮਾਂ ਦੀਆਂ ਆਂਦਰਾਂ ਕਿੱਥੇ ਰਹਿੰਦੀਆਂ ਨੇ ਵੀਰਾ!'
ਮੇਰੇ ਹੱਥ ਵਿੱਚ ਫੜੇ ਸੇਬ ਤੇ ਸੰਤਰੇ ਮਣਾਂ ਮੂੰਹੀਂ ਭਾਰੇ ਹੋ ਗਏ ਸਨ।

2. ਮਾਂ ਵੀ ਬਣੀ ਮਹਿਮਾਨ

ਇੰਜ ਜਾਪਦਾ ਹੈ ਕਿ ਦੁਨੀਆ ਗਰਕ ਹੋਣ ‘ਤੇ ਆ ਗਈ ਹੈ। ਸਾਰੇ ਰਿਸ਼ਤੇ ਨਾਤੇ ਪੈਸੇ ਦੀ ਤਕੜੀ ਵਿੱਚ ਤੁਲ ਗਏ ਹਨ। ਕੀ ਤੁਸੀਂ ਕਦੇ ਅਜਿਹੀ ਮਾਂ ਦੇਖੀ ਹੈ ਜੋ ਆਪਣੇ ਪੁੱਤਰ ਨੂੰ ਦੁੱਧ ਚੁੰਘਾ ਕੇ ਉਸ ਤੋਂ ਦੁੱਧ ਦਾ ਹਿਸਾਬ ਪੁੱਛੇ ਕਿ ਮਹੀਨੇ ਦੇ ਐਨੇ ਕਿਲੋ ਦੇ ਹਿਸਾਬ ਨਾਲ ਐਨੇ ਪੈਸੇ ਤੇਰੇ ਵੱਲ ਬਣਦੇ ਹਨ, ਪਰ ਇਸ ਕਲਯੁੱਗ ਵਿੱਚ ਅਜਿਹੇ ਪੁੱਤ ਜ਼ਰੂਰ ਪੈਦਾ ਹੋ ਗਏ ਹਨ ਜੋ ਮਾਂ ਤੋਂ ਉਸ ਦੇ ਮੂੰਹ ਵਿੱਚ ਪਈਆਂ ਬੁਰਕੀਆਂ ਅਤੇ ਰਹਿਣ ਲਈ ਦਿੱਤੇ ਕਮਰੇ ਦਾ ਕਿਰਾਇਆ ਵਸੂਲ ਕਰਦੇ ਹੋਣ।
ਹੁਣ ਉਹ ਔਰਤ ਇਸ ਦੁਨੀਆ ਵਿੱਚ ਨਹੀਂ ਹੈ। ਉਸ ਨੂੰ ਸਰਕਾਰੀ ਨੌਕਰੀ ਕਾਰਨ ਪੈਨਸ਼ਨ ਮਿਲਦੀ ਸੀ। ਪੁੱਤਰ ਨੇ ਮਾਂ ਦੇ ਤਰਲਿਆਂ ਦੇ ਬਾਵਜੂਦ ਉਸ ਦਾ ਮੰਜਾ ਚੁਬਾਰੇ ਵਿੱਚ ਡਾਹ ਰੱਖਿਆ ਸੀ। ‘‘ਐਵੇਂ ਥੱਲੇ ਸਿਰ ਖਾਈ ਜਾਇਆ ਕਰੇਂਗੀ ਸਾਰਾ ਦਿਨ,” ਮੁੰਡੇ ਦਾ ਤਰਕ ਸੀ। ਗਠੀਏ ਦੀ ਮਰੀਜ਼ ਮਾਂ ਨੂੰ ਦਿਹਾੜੀ ਵਿੱਚ ਦੋ-ਤਿੰਨ ਵਾਰ ਰੋਟੀ ਲਈ ਥੱਲੇ ਪਉੜੀਆਂ ਉਤਰ ਕੇ ਆਉਣਾ ਪੈਂਦਾ। ਰਸੋਈ ਵਿੱਚ ਸਬਜ਼ੀ ਫਰਿੱਜ ਵਿੱਚ ਪਈ ਹੁੰਦੀ। ਆਪੇ ਦੋ ਰੋਟੀਆਂ ਥੱਪਦੀ। ਟੱਬਰ ਵਿੱਚੋਂ ਕੋਈ ਉਸ ਨਾਲ ਗੱਲ ਨਾ ਕਰਦਾ। ਬਹੁਤੀ ਢਿੱਲੀ ਹੁੰਦੀ, ਥੱਲੇ ਉਤਰਨ ਦੀ ਤਾਕਤ ਨਾ ਹੁੰਦੀ ਜਾਂ ਚਿੱਤ ਹੀ ਨਾ ਕਰਦਾ ਕਦੇ ਰੋਟੀ ਨੂੰ ਤਾਂ ਕਿਸੇ ਦੇ ਕੀ ਯਾਦ, ਉਂਜ ਹੀ ਚੁਬਾਰੇ ਵਿੱਚ ਇਕੱਲੀ ਪਈ ਰਹਿੰਦੀ..ਦਿਹਾੜੀ ਵਿੱਚ ਪਤਾ ਨਹੀਂ ਕਿੰਨੀ ਵਾਰ ਰੋਂਦੀ..ਅਗਲਿਆਂ ਪਿਛਲਿਆਂ ਨੂੰ ਯਾਦ ਕਰਦੀ।
ਪੈਨਸ਼ਨ ਦਾ ਵੱਡਾ ਹਿੱਸਾ ਹਰ ਚੜ੍ਹੇ ਮਹੀਨੇ ਰੋਟੀ ਅਤੇ ਕਮਰੇ ਦੇ ਕਿਰਾਏ ਵਜੋਂ ਪੁੱਤਰ/ਨੂੰਹ ਨੂੰ ਦੇਣਾ ਪੈਂਦਾ। ਨੂੰਹ ਅਕਸਰ ਆਖਦੀ, ‘‘ਮਾਤਾ! ਮਹਿੰਗਾਈ ਬਹੁਤ ਵਧ ਗਈ ਹੈ। ਐਨੇ ਪੈਸਿਆਂ ‘ਚ ਹੁਣ ਗੁਜ਼ਾਰਾ ਨਈਓਂ ਹੁੰਦਾ।” ਟੱਬਰ ਨੂੰ ਖੁਸ਼ ਰੱਖਣ ਲਈ ਉਹ ਚੜ੍ਹੇ ਮਹੀਨੇ ਜੀਓ-ਜੀਅ ਨੂੰ ਸੌ-ਦੋ ਸੌ ਵਾਧੂ ਦਿੰਦੀ ਰਹਿੰਦੀ। ਦੁੱਧ ਆਪਣੇ ਪੈਸਿਆਂ ਦਾ ਪੀਂਦੀ। ਕੱਪੜੇ ਕਦੇ ਕੰਮ ਵਾਲੀ ਧੋ ਦਿੰਦੀ, ਕਦੇ ਆਪੇ ਧੋਂਦੀ। ਕੰਮ ਵਾਲੀ ਨੂੰ ਪੈਸੇ ਵੱਖਰੇ ਦੇਣੇ ਪੈਂਦੇ। ਦਵਾਈ ਲਿਆਉਣ ਲਈ ਪੋਤਰੇ ਦੀ ਮਿੰਨਤ ਕਰਦੀ। ਲਿਆ ਤਾਂ ਦਿੰਦਾ, ਪਰ ਪੈਟਰੋਲ ਦੇ ਪੈਸਿਆਂ ਦਾ ਬਹਾਨਾ ਕਰ ਉਹ ਸੌ ਦੇ ਡੂਢ ਸੌ ਮਾਂਜ ਲੈਂਦਾ। ਕਿੰਨਾ ਸਹਿਕਦੀ ਕਿ ਪੁੱਤ ਦੇ ਘਰ ਵਿੱਚ ਉਸ ਨੂੰ ਮੋਹ ਪਿਆਰ ਮਿਲੇ, ਅਪਣੱਤ ਮਿਲੇ। ਕੋਈ ਉਸ ਦੀ ਸਲਾਹ ਲਵੇ। ਚੱਲੋ! ਘੱਟੋ-ਘੱਟ ਤਿ੍ਰਸਕਾਰ ਤਾਂ ਨਾ ਕਰਨ। ਮੰਦੇ ਬਚਨ ਨਾ ਬੋਲਣ। ਉਸ ਦਾ ਕਸੂਰ ਬਸ ਏਨਾ ਸੀ ਕਿ ਉਹ ਰਿਸ਼ਤੇਦਾਰਾਂ ਕੋਲ ਉਸ ਨਾਲ ਹੁੰਦੇ ਦੁਰ ਵਿਹਾਰ ਬਾਰੇ ਉਭਾਸਰ ਪਈ ਸੀ। ਪੌਣੀ ਸਦੀ ਨੇੜੇ ਢੁਕੀ ਪੋਤੇ-ਪੋਤੀਆਂ, ਪੜਪੋਤੇ-ਪੜਪੋਤੀਆਂ ਵਾਲੀ ਦੁਖਿਆਰੀ ਘਰ ਵਿੱਚ ਅਛੂਤ ਵਾਂਗ ਜ਼ਿੰਦਗੀ ਦੇ ਦਿਨ ਗਿਣ ਰਹੀ ਸੀ। ‘‘ਰੱਬਾ! ਲੈ ਜਾ ਹੁਣ ਤਾਂ! ਉਹ ਰਾਤ ਦਿਨੇ ਰੱਬ ਅੱਗੇ ਅਰਜੋਈਆਂ ਕਰਦੀ। ਹੁਣ ਉਸ ਕੋਲ ਪੁੱਤਰ ਨੂੰ ਦੇਣ ਲਈ ਪੈਨਸ਼ਨ ਤੋਂ ਸਿਵਾ ਕੁਝ ਨਹੀਂ ਬਚਿਆ ਸੀ। ਕਦੇ-ਕਦੇ ਉਹ ਸੋਚਦੀ ਕਿ ਜੇ ਉਹ ਆਪਣੇ ਪੁੱਤਰ ਦੇ ਘਰ ਵਿੱਚ ਰਹਿਣ ਦੀ ਥਾਂ ਕਿਸੇ ਸੱਤ-ਬੇਗਾਨੇ ਦੇ ਘਰ ਵਿੱਚ ਇਸ ਤਰ੍ਹਾਂ ਪੈਸੇ ਦੇ ਕੇ ਰਹਿੰਦੀ ਤਾਂ ਸ਼ਾਇਦ ਇਸ ਤਰ੍ਹਾਂ ਦਾ ਅਪਮਾਨ ਨਾ ਝੱਲਣਾ ਪੈਂਦਾ।
ਦਿਨੋ-ਦਿਨ ਉਸ ਦੀ ਹਾਲਤ ਨਿਘਰਦੀ ਚਲੀ ਗਈ। ਉਸ ਸਾਲ ਬਹੁਤ ਜ਼ਿਆਦਾ ਗਰਮੀ ਪਈ। ਤਾਪਮਾਨ 42 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਬਿਜਲੀ ਦੇ ਵੱਡੇ-ਵੱਡੇ ਕੱਟ ਲੱਗਣ ਲੱਗ ਪਏ। ਮਾਂ ਦੇ ਚੁਬਾਰੇ ਵਿੱਚ ਇਨਵਰਟਰ ਦੀ ਤਾਰ ਨਹੀਂ ਜੋੜੀ ਗਈ ਸੀ। ਇਨਵਰਟਰ, ਕੂਲਰ, ਪੱਖੇ ਤੇ ਏ ਸੀ ਥੱਲੇ ਵਾਲਿਆਂ ਵਾਸਤੇ ਹੀ ਸਨ। ਮਾਂ ਦੇ ਚੁਬਾਰੇ ਦਾ ਪੱਖਾ ਬਿਜਲੀ ਦੇ ਕੱਟ ਸਮੇਂ ਨਹੀਂ ਚੱਲਦਾ ਸੀ। ਪਤਾ ਨਹੀਂ ਅੰਤਲੀ ਰਾਤ ਉਹਨੇ ਕਿਵੇਂ ਬਿਤਾਈ ਹੋਵੇਗੀ, ਕਿੰਨੀ ਔਖੀ ਜਾਨ ਨਿਕਲੀ ਹੋਵੇਗੀ..ਉਪਰਲਾ ਹੀ ਜਾਣਦਾ ਹੈ। ਸਵੇਰੇ ਜਦੋਂ ਉਹ ਦਸ ਗਿਆਰਾਂ ਵਜੇ ਤੱਕ ਥੱਲੇ ਨਾ ਉਤਰੀ ਤਾਂ ਟੱਬਰ ਨੂੰ ਕੁਝ ਸ਼ੰਕਾ ਹੋਈ। ਨੂੰਹ ਨੇ ਮੋਬਾਈਲ ਤੋਂ ਪੁੱਛਿਆ.. ਪਰ ਕੋਈ ਹੋਵੇ ਤਾਂ ਜਵਾਬ ਦੇਵੇ! ਦੁਖਿਆਰੀ ਔਰਤ ਦਾ ਭੌਰ ਤਾਂ ਪਤਾ ਨਹੀਂ ਰਾਤ ਦੇ ਕਿਹੜੇ ਪਹਿਰ ਉਡਾਰੀ ਮਾਰ ਗਿਆ ਸੀ।

3. ਛੁਟਕਾਰਾ

ਮਾਂ ਬਿਆਸੀਆਂ ਸਾਲਾਂ ਦੀ ਹੋ ਗਈ ਹੈ। ਕਈ ਵਾਰ ਮੌਤ ਦੇ ਮੂੰਹੋਂ ਹੇ ਕੋ ਬਚੀ ਹੈ। ਹੁਣ ਹਾਲਤ ਖਸਤਾ ਹੀ ਹੈ।
ਦਿੱਲੀ ਵਾਲੇ ਮਾਮੇ ਨੂੰ ਗੁਜ਼ਰਿਆਂ ਕਈ ਸਾਲ ਹੋ ਗਏ ਹਨ। ਮਾਮੀ ਵਿਦਿਆਵਤੀ ਮਾਮੇ ਦੀ ਪੈਨਸ਼ਨ ਨਾਲ ਗੁਜ਼ਾਰਾ ਕਰੀ ਜਾਂਦੀ ਹੈ। ਦੋ ਮੁੰਡੇ ਹਨ, ਪਰ ਦੋਹਾਂ ਦੀ ਆਪਸ ਵਿਚ ਅਣਬਣ ਰਹਿੰਦੀ ਹੈ। ਮਾਮਾ ਜਿਉਂਦੇ ਜੀਅ ਅੱਧਾ-ਅੱਧਾ ਮਕਾਨ ਦੋਹਾਂ ਮੁੰਡਿਆਂ ਦੇ ਨਾਂ ਲਗਵਾ ਗਿਆ ਸੀ। ਛੋਟਾ, ਕਸਟਮ ਅਫਸਰ ਤਾਂ ਉਦੋਂ ਹੀ ਆਪਣੇ ਹਿੱਸੇ ਦਾ ਮਕਾਨ ਕਿਰਾਏ ਉੱਤੇ ਦੇ ਕੇ ਅੱਡ ਪਟੇਲ ਨਗਰ ਰਹਿਣ ਲੱਗ ਪਿਆ ਸੀ।
ਪਿਛਲੇ ਸਾਲ ਮਾਮੀ ਗੁਸਲਖਾਨੇ ਵਿਚ ਤਿਲਕ ਕੇ ਡਿੱਗ ਪਈ ਸੀ ਤੇ ਚੂਲਾ ਟੁੱਟ ਜਾਣ ਕਾਰਨ ਮੰਜੇ ਜੋਗੀ ਰਹਿ ਗਈ ਸੀ। ਛੋਟੇ, ਕਸਟਮ ਅਫਸਰ ਨੇ ਤਾਂ ਇਹ ਆਖਕੇ ਮਾਮੀ ਨੂੰ ਨਾਲ ਰੱਖਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਸਦੇ ਬੱਚੇ ਛੋਟੇ ਹਨ, ਇਨਫੈਕਸ਼ਨ ਦਾ ਡਰ ਹੈ। ਵੱਡੇ ਨੇ ਮਾਮੀ ਨੂੰ ਮਿਲਦੀ ਪੈਨਸ਼ਨ ਵਿੱਚੋਂ ਹਜ਼ਾਰ ਰੁਪਏ ਮਹੀਨੇ ਉੱਤੇ ਮਾਈ ਰੱਖ ਦਿੱਤੀ ਸੀ। ਉਹੀ ਚੌਵੀ ਘੰਟੇ ਮਾਮੀ ਨੂੰ ਸਾਂਭਦੀ। ਆਪ ਉਹਨਾਂ ਨੂੰ ਕੰਮਾਂ-ਧੰਦਿਆਂ ਵਿੱਚੋਂ ਵਿਹਲ ਘੱਟ ਹੀ ਮਿਲਦੀ ਸੀ।
ਮੈਂ ਕੱਲ੍ਹ ਹਨੇਰੇ ਹੋਏ ਬਜ਼ਾਰੋਂ ਆਇਆਂ ਤਾਂ ਮੁੰਡੇ ਨੇ ਕਿਹਾ, “ਡੈਡੀ, ਦਿੱਲੀ ਤੋਂ ਫੋਨ ਆਇਆ ਸੀ। ਤੁਹਾਡੀ ਮਾਮੀ ਵਿਦਿਆਵਤੀ ਸੁਰਗਵਾਸ ਹੋ ਗਈ।”
“ਮਾਤਾ ਨੂੰ ਤਾਂ ਨਹੀਂ ਦੱਸਿਆ?” ਮੈਂ ਮੁੰਡੇ ਨੂੰ ਪੁੱਛਿਆ।
ਮੈਨੂੰ ਡਰ ਸੀ ਕਿ ਮਾਤਾ ਲਈ ਇਹ ਸਦਮਾ ਝੱਲਣਾ ਔਖਾ ਹੋਵੇਗਾ। ਤੀਵੀਆਂ ਭਾਵੇਂ ਬੁੱਢੀਆਂ ਹੋ ਜਾਣ, ਪਰ ਪੇਕਿਆਂ ਵੱਲੋਂ ਭਰਾ-ਭਰਜਾਈਆਂ ਦਾ ਮੋਹ, ਫ਼ਿਕਰ ਕਰਦੀਆਂ ਰਹਿੰਦੀਆਂ ਹਨ। ਐਵੇਂ ਸੁਣ ਕੇ ਵਿਰਲਾਪ ਕਰੇਗੀ।
“ਮਾਤਾ ਨੂੰ ਤਾਂ ਦੱਸ ਦਿੱਤਾ।” ਮੁੰਡੇ ਨੇ ਜਿਵੇਂ ਸਰਸਰੀ ਜਿਹੇ ਕਿਹਾ।
“ਫੇਰ? ਮਾਤਾ ਰੋਈ ਕੁਰਲਾਈ ਨੀਂ?”
“ਨਾਂ…ਹ! ਉਹ ਤਾਂ ਕਹਿੰਦੀ, ‘ਚਲੋ! ਛੁੱਟ ਗਈ ਦੋਜਖ ਤੋਂ’…!”
ਮੇਰੇ ਸਿਰ ਤੋਂ ਜਿਵੇਂ ਬੋਝ ਜਿਹਾ ਉੱਤਰ ਗਿਆ।
ਮਾਂ ਦੇ ਕਮਰੇ ਵਿਚ ਗਿਆ ਤਾਂ ਉਹ ਹਨੇਰੇ ਵਿਚ ਹੀ ਪਈ ਹੋਈ ਸੀ, ਬੇਅਵਾਜ਼। ਲਾਈਟ ਜਗਾਈ ਤਾਂ ਵੇਖਿਆ, ਉਹ ਮੂੰਹ ਸਿਰ ਵਲ੍ਹੇਟੀ ਪਈ ਹੌਲੀ-ਹੌਲੀ ਸੁਬਕ ਰਹੀ ਸੀ। ਸਰ੍ਹਾਣੇ ਦਾ ਇਕ ਪਾਸਾ ਗਿੱਲਾ ਸੀ।

4. ਧਰਵਾਸ ਦਾ ਧੁਰਾ

ਪਤਨੀ ਨੇ ਪਤੀ ਲਈ ਕਈ ਦਿਨ ਵਰਜਿਤ ਕਰਾਰ ਦਿੱਤੇ ਹੋਏ ਸਨ। ਮਸਲਨ ਅੱਜ ਮੰਗਲਵਾਰ ਹੈ– ਮਹਾਵੀਰ ਦਾ ਦਿਨ। ਅੱਜ ਨਹੀਂ ਪੀਣੀ। ਅੱਜ ਵੀਰਵਾਰ ਹੈ– ਲਾਲਾਂ ਵਾਲੇ ਪੀਰ ਦਾ ਦਿਨ। ਅੱਜ ਜਨਮ ਅਸ਼ਟਮੀ ਹੈ, ਅੱਜ ਰਾਮਨੌਮੀ ਹੈ, ਹੁਣ ਸਰਾਧ ਚੱਲ ਰਹੇ ਹਨ, ਹੁਣ ਨਰਾਤੇ ਹਨ, …। ਤੇ ਇਸ ਤਰ੍ਹਾਂ ਵਰਜਿਤ ਦਿਨਾਂ ਦਾ ਇਕ ਲੰਮਾ ਸਿਲਸਿਲਾ। ਪਤੀ ਹੈਰਾਨ ਹੁੰਦਾ, ਦੇਵੀ ਦੇਵਤਿਆਂ ਦੀ ਗਿਣਤੀ ਤੋਂ ਪ੍ਰੇਸ਼ਾਨ ਹੁੰਦਾ।
ਇਕ ਦਿਨ ਪਤਨੀ ਦੀ ਦਵਾਈ ਲੈਣ ਰਾਜਧਾਨੀ ਦੇ ਵੱਡੇ ਹਸਪਤਾਲ ਜਾਣਾ ਸੀ। ਅਸ਼ਟਮੀ ਦਾ ਦਿਨ ਸੀ। ਭਾਵੇਂ ਪਤਨੀ ਬੀਮਾਰ ਸੀ, ਫੇਰ ਵੀ ਉਸਨੇ ਸਾਰੇ ਟੱਬਰ ਦੇ ਸੁੱਤਿਆਂ-ਸੁੱਤਿਆਂ ਹੀਂ ਵੱਡੇ ਤੜਕੇ ਉੱਠ ਕੇ ਕੜਾਹੀ ਦਾ ਸਾਮਾਨ ਤਿਆਰ ਕਰ ਲਿਆ ਸੀ। ਮੱਥਾ ਟੇਕ ਕੇ ਉਹ ਛੇ ਵਜਦੇ ਨੂੰ ਘਰੋਂ ਤੁਰ ਪਏ ਸਨ। ਵਾਟ ਦੂਰ ਦੀ ਸੀ। ਰਾਹ ਵਿਚ ਕਾਰ ਇਕ ਵੱਡੇ ਸ਼ਹਿਰ ਵਿੱਚੋਂ ਲੰਘੀ ਜਿੱਥੇ ਇਕ ਬੜਾ ਪ੍ਰਸਿੱਧ ਮੰਦਰ ਸੀ। ਜਾਮ ਲੱਗਿਆ ਪਿਆ ਸੀ। ਕਾਰ ਜੂੰ ਦੀ ਤੋਰ ਤੁਰਦੀ ਉਸ ਮੰਦਰ ਅੱਗੋਂ ਲੰਘੀ ਤਾਂ ਸ਼ਰਧਾਲੂਆਂ ਦੀਆਂ ਲੰਮੀਆਂ ਕਤਾਰਾਂ ਦੇਖ ਕੇ ਹੈਰਾਨ ਰਹਿ ਗਏ।
“ਇਨ੍ਹਾਂ ਦੇ ਹੱਥਾਂ ਵਿਚ ਕੀ ਹੈ?” ਪਤਨੀ ਨੇ ਹੈਰਾਨੀ ਨਾਲ ਪੁੱਛਿਆ।
“ਸ਼ਰਾਬ ਦੀਆਂ ਬੋਤਲਾਂ ਹਨ…ਹੋਰ ਕੀ!” ਪਤੀ ਨੇ ਵਿਅੰਗ ਪੂਰਵਕ ਕਿਹਾ ਤਾਂ ਪਤਨੀ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ। ਵਿਚ-ਵਿਚ ਲੋਕ ਬੱਕਰੇ ਤੇ ਪਠੋਰੇ ਵੀ ਲਈ ਖੜ੍ਹੇ ਸਨ।
“ਮਾਤਾ ਇਹ ਕੀ? ਮੈਂ ਤਾਂ ਤੇਰੇ ਨਰਾਤਿਆਂ ਦਾ ਨਾਂ ਲੈ ਕੇ ਇਨ੍ਹਾਂ ਨੂੰ ਸ਼ਰਾਬ ਤੋਂ ਵਰਜਦੀ ਰਹੀ। ਇਹ ਕੀ ਗੋਰਖ ਧੰਦਾ ਹੈ। ਪੁਲੀਸ ਵੀ ਨਹੀਂ ਰੋਕਦੀ ਇਨ੍ਹਾਂ ਨੂੰ। ਏਨੀ ਖਲਕਤ ਸ਼ਰੇਆਮ ਏਨੀ ਸ਼ਰਾਬ ਚੁੱਕੀ ਫਿਰਦੀ ਹੈ… ਤੇ ਇਨ੍ਹਾਂ ਬੇਜੁਬਾਨ ਜਾਨਵਰਾਂ ਦਾ ਕੀ ਕਸੂਰ?”
ਹੁਣ ਉਹ ਸ਼ਰਾਬ ਨਹੀਂ ਵੇਖ ਰਹੀ ਸੀ। ਕਾਰ ਦੀ ਸੀਟ ਨਾਲ ਢਾਸਣਾ ਲਾਈ, ਅੱਖਾਂ ਮੂੰਦੀ, ਇਕ ਕਸੀਸ ਜਿਹੀ ਵੱਟੀ ਉਹ ਛਟਪਟਾ ਰਹੀ ਸੀ। ਸਰੀਰਕ ਪੀੜ ਤੋਂ ਵੀ ਵੱਡੀ ਪੀੜ ਨਾਲ।
ਨਿੱਤ ਚਾਹ-ਪਾਣੀ ਪੀਣ ਤੋਂ ਪਹਿਲਾਂ ਪੂਜਾ-ਪਾਠ ਕਰਨ ਵਾਲੀ ਸੁਆਨੀ ਦੇ ਧਰਵਾਸ ਦੀ ਧਰਤੀ ਦਾ ਧੁਰਾ ਹਿੱਲ ਗਿਆ ਸੀ। ਹੰਝੂ ਪਰਲ-ਪਰਲ ਉਹਦੀਆਂ ਅੱਖਾਂ ਵਿੱਚੋਂ ਆਪ-ਮੁਹਾਰੇ ਵਗੀ ਜਾ ਰਹੇ ਸਨ। ਪਤੀ ਨੇ ਉਸ ਦੀ ਹਾਲਤ ਵੇਖੀ ਤਾਂ ਉਸ ਦੇ ਬੁਲ੍ਹਾਂ ਉੱਤੇ ਆਈ ਜੇਤੂ ਮੁਸਕਾਨ ਗਾਇਬ ਹੋ ਗਈ।
“ਤੂੰ ਰੋ ਨਾ! ਇਨ੍ਹਾਂ ਤਿੱਥਾਂ-ਵਾਰਾਂ ਦਾ ਨਾਉਂ ਨਾ ਲਿਆ ਕਰ। ਮੈਂ ਉਂਜ ਹੀ ਛੱਡ ਦਿਆਂਗਾ…।” ਉਸ ਨੇ ਪਤਨੀ ਨੂੰ ਧਰਵਾਸ ਦਿੱਤਾ।
ਕਾਰ ਹੌਲੀ-ਹੌਲੀ ਸ਼ਹਿਰ ਲੰਘ ਆਈ ਸੀ ਅਤੇ ਪੂਰੀ ਸਪੀਡ ਤੇ ਭੱਜਣ ਲੱਗੀ ਸੀ। ਕੁਝ ਦੇਰ ਬਾਦ ਔਰਤ ਆਦਮੀ ਦੇ ਮੋਢੇ ਤੇ ਸਿਰ ਧਰੀ ਘੂਕ ਸੁੱਤੀ ਪਈ ਸੀ।

5. ਮੋਢਾ

ਐਂਬੂਲੈਂਸ ਵਿੱਚੋਂ ਕੱਢ ਕੇ ਪਾਪਾ ਦੀ ਮਿਰਤਕ ਦੇਹ ਸ਼ਮਸ਼ਾਨ ਘਾਟ ਵਿਚਲੇ ਥੜ੍ਹੇ ਉੱਤੇ ਰੱਖ ਦਿੱਤੀ ਗਈ ਹੈ। ਰੋਣ-ਕੁਰਲਾਹਟ ਮੱਚਿਆ ਹੋਇਆ ਹੈ।
ਸਾਨੂੰ ਚਾਰਾਂ ਭੈਣਾ ਅਤੇ ਮੰਮੀ ਨੂੰ ਰਿਸ਼ਤੇਦਾਰ ਔਰਤਾਂ ਚੁੱਪ ਕਰਵਾਉਣ ਦਾ ਯਤਨ ਕਰ ਰਹੀਆਂ ਹਨ। ਸਾਰਿਆਂ ਤੋਂ ਪਹਿਲਾਂ ਮੈਂ, ਜੋ ਸਾਰੀਆਂ ਭੈਣਾਂ ’ਚੋਂ ਛੋਟੀ ਹਾਂ, ਚੁੱਪ ਕਰ ਜਾਂਦੀ ਹਾਂ। ਹੰਝੂ ਪੂੰਝ ਕੇ ਮੰਮੀ ਤੇ ਵੱਡੀਆਂ ਤਿੰਨਾਂ ਨੂੰ ਚੁੱਪ ਕਰਾਉਂਦੀ ਹਾਂ।
ਪਤਾ ਨਹੀਂ ਕਿਉਂ ਮੈਂ ਸ਼ੁਰੂ ਤੋਂ ਹੀ ਟੱਬਰ ਵਿੱਚੋਂ ਵੱਖਰੀ ਹਾਂ। ਸ਼ਾਇਦ ਇਸਲਈ ਕਿ ਜਦੋਂ ਸੁਰਤ ਸੰਭਾਲੀ ਤਾਂ ਇਕ ਦਿਨ ਪਾਪਾ ਦਾਰੂ ਪੀ ਕੇ ਮੰਮੀ ਨੂੰ ਕੁੱਟਣ ਲੱਗ ਪਏ ਸਨ। ਵੱਡੀਆਂ ਤਾਂ ਦੂਰ ਸ਼ਹਿਰਾਂ ਅੰਦਰ ਹੋਸਟਲਾਂ ਵਿਚ ਰਹਿੰਦੀਆਂ ਸਨ ਤੇ ਕਦੇ-ਕਦਾਈਂ ਹੀ ਉਨ੍ਹਾਂ ਦਾ ਗੇੜਾ ਵੱਜਦਾ। ਮੈਂ ਹੀ ਮੰਮੀ ਨੂੰ ਚੁੱਪ ਕਰਾਉਂਦੀ ਸਾਂ।
ਉਸ ਦਿਨ ਪਾਪਾ ਲੜ ਕੇ ਘਰੋਂ ਬਾਹਰ ਚਲੇ ਗਏ ਸਨ ਤਾਂ ਮੰਮੀ ਨੇ ਮੈਨੂੰ ਦੱਸਿਆ ਸੀ ਕਿ ‘ਜਦੋਂ ਤੇਰਾ ਜਨਮ ਹੋਇਆ ਸੀ ਤਾਂ ਤੇਰੇ ਪਾਪਾ ਸਾਲ ਭਰ ਮੇਰੇ ਨਾਲ ਬੋਲੇ ਨਹੀਂ ਸਨ ਤੇ ਤੈਨੂੰ ਉਨ੍ਹਾਂ ਕਦੇ ਗੋਦੀ ਨਹੀਂ ਚੁੱਕਿਆ ਸੀ।’
ਭਲਾ ਮੰਮੀ ਦਾ ਅਤੇ ਮੇਰਾ ਇਸ ਵਿਚ ਕੀ ਦੋਸ਼ ਸੀ?
ਮੇਰੇ ਮਨ ਵਿਚ ਇਕ ਗੰਢ ਜਿਹੀ ਬੱਝ ਗਈ ਸੀ ਉਸ ਦਿਨ ਤੋਂ।
ਮੈਥੋਂ ਚਾਰ ਸਾਲ ਬਾਦ ਜਦੋਂ ਵੀਰੇ ਦਾ ਜਨਮ ਹੋਇਆ ਸੀ ਤਾਂ ਇਸ ਘਰ ਵਿਚ ਕਿਵੇਂ ਜਸ਼ਨ ਮਨਾਏ ਗਏ ਸਨ। ਕਿੰਨੇ ਦਿਨ ਤਕ ਪਾਪਾ ਨੇ ਸ਼ਰਾਬ ਦਾ ਲੰਗਰ ਲਾਈ ਰੱਖਿਆ ਸੀ। ਜਣੇ-ਖਣੇ ਨੂੰ ਫੜ ਕੇ ਮੂਹਰਲੀ ਬੈਠਕ ਵਿਚ ਲਿਆ ਬਿਠਾਉਂਦੇ। ਦਾਰੂ ਦੀ ਪੇਟੀ ਬੈੱਡ ਥੱਲੇ ਪਈ ਰਹਿੰਦੀ। ‘ਰੱਜ ਕੇ ਪੀ ਯਾਰ! ਇਸ ਘਰ ਦਾ ਵਾਰਸ ਪੈਦਾ ਹੋਇਆ ਏ! ਸਾਡੀ ਅਰਥੀ ਨੂੰ ਮੋਢਾ ਦੇਣ ਵਾਲਾ ਆ ਗਿਆ ਏ!’
‘ਚੀਅਰਜ਼!’ ਕਹਿ ਉਹ ਸ਼ਰਾਬ ਨਾਲ ਭਰੇ ਕੱਚ ਦੇ ਗਲਾਸ ਖੜਕਾਉਂਦੇ।
ਪਰ ਰੱਬ ਦੇ ਘਰ ਦਾ ਉਦੋਂ ਕੀ ਪਤਾ ਸੀ। ਲਾਡ-ਪਿਆਰ ਨਾਲ ਪਾਲਿਆ ਪੁੱਤਰ ਨਕਲਾਂ-ਨੁਕਲਾਂ ਮਾਰ ਕੇ ਮਸਾਂ ਦਸਵੀਂ ਵਿੱਚੋਂ ਪਾਸ ਹੋਇਆ। ਕਦੇ ਆਪਣੀ ਕਮਾਈ ਦਾ ਧੇਲਾ ਮਾਪਿਆਂ ਦੀ ਹਥੇਲੀ ਤੇ ਨਾ ਧਰਿਆ। ਨਸ਼ੇ ਵਿਚ ਧੁੱਤ ਲੜਾਈ ਸਹੇੜੀ ਰੱਖਦਾ, ਸਾਰੇ ਟੱਬਰ ਦੀ ਜਾਣ ਮੁੱਠੀ ਵਿਚ ਲਿਆਈ ਰੱਖਦਾ।
ਅਸੀਂ ਸਾਰੀਆਂ ਭੈਣਾਂ ਚੰਗੀ ਪੜ੍ਹਾਈ ਕਰਕੇ, ਚੰਗੀਆਂ ਪੋਸਟਾਂ ਤੇ ਲੱਗ ਗਈਆਂ। ਚੰਗੇ ਸਰਦੇ-ਪੁੱਜਦੇ ਘਰੀਂ ਵਿਆਹੀਆਂ ਗਈਆਂ।
ਤੇ ਅੱਜ ਕਿੱਥੇ ਹੈ ਉਹ ਕੁਲ ਦਾ ਵਾਰਸ? ਬਾਪ ਦੀ ਅਰਥੀ ਨੂੰ ਮੋਢਾ ਦੇਣ ਤੋਂ ਪਹਿਲਾਂ ਹੀ ਚਿੜੀ-ਪੂੰਝਾ ਛੁਡਾ ਕੇ ਤੁਰ ਗਿਆ ਅਗਲੇ ਜਹਾਨ।
ਮੰਮੀ ਦਾ ਵਿਰਲਾਪ ਝੱਲਿਆ ਨਹੀਂ ਜਾਂਦਾ, “ਅੱਜ ਕੌਣ ਤੇਰੀ ਅਰਥੀ ਨੂੰ ਮੋਢਾ ਦੇਵੇ ਵੇ ਮੇਰੇ ਸਿਰ ਦੇ ਸਾਈਆਂ!!…ਕੀਹਦੇ ਆਸਰੇ ਛੱਡ ਕੇ ਤੁਰ ਚੱਲਿਐਂ ਵੇ ਮੈਨੂੰ ਸਹੇੜਨ ਵਾਲਿਆ…!”
ਅਚਾਨਕ ਅਸੀਂ ਚਾਰੇ ਭੈਣਾਂ ਫੈਸਲਾ ਕਰ ਲੈਂਦੀਆਂ ਹਾਂ।
“ਰੋ ਨਾ ਮੰਮੀ! ਅਸੀਂ ਦੇਵਾਂਗੀਆਂ ਮੋਢਾ ਆਪਣੇ ਬਾਬਲ ਦੀ ਅਰਥੀ ਨੂੰ…ਅਸੀਂ ਜਿਉਂਦੀਆਂ ਜਾਗਦੀਆਂ ਬੈਠੀਆਂ ਤੈਨੂੰ ਸਾਂਭਣ ਵਾਲੀਆਂ।”
ਮੰਮੀ ਦੇ ਕੀਰਨੇ ਹੌਲੀ-ਹੌਲੀ ਹਟਕੋਰਿਆਂ ਵਿਚ ਬਦਲ ਜਾਂਦੇ ਹਨ।
ਅਸੀਂ ਚਾਰੇ ਭੈਣਾਂ ਨੇ ਅਰਥੀ ਦੇ ਚਾਰੇ ਪਾਸੇ ਮੱਲ ਲਏ ਹਨ।
ਸਾਰੀ ਮਜਲਸ ਵਿਚ ਬੜੇ ਜ਼ੋਰ ਦੀ ਘੁਸਰ-ਮੁਸਰ ਸ਼ੁਰੂ ਹੋ ਗਈ ਹੈ।

6. ਡਿੱਗਦੇ ਮੀਨਾਰ

ਉਹ, ਮਾਪਿਆਂ ਦਾ ਇਕਲੌਤਾ ਪੁੱਤਰ, ਸ਼ਕਲ ਸੂਰਤ ਪੱਖੋਂ ਭਾਵੇਂ ਸਧਾਰਨ ਸੀ, ਪਰ ਪੜ੍ਹਾਈ ਵਿਚ ਹੁਸ਼ਿਆਰ ਸੀ। ਪਿਓ ਨੇ ਹੱਲਾ-ਸ਼ੇਰੀ ਦਿੱਤੀ, “ਪੁੱਤਰਾ! ਜਿੰਨਾ ਮਰਜ਼ੀ ਪੜ੍ਹ…ਮੈਂ ਔਖਾ ਹੋਵਾਂ, ਚਾਹੇ ਸੌਖਾ। ਖਰਚੇ ਵੰਨੀਓਂ ਨਾ ਫ਼ਿਕਰ ਕਰੀਂ…।”
ਯੂਨੀਵਰਸਿਟੀ ਵਿਚ ਡਬਲ ਐਮ.ਏ ਕਰਨ ਤੋਂ ਬਾਦ ਉਸ ਪੀ.ਐਚ.ਡੀ ਕਰਨ ਦੀ ਤਿਆਰੀ ਕਰ ਲਈ। ਸਾਰੀਆਂ ਮੁੱਢਲੀਆਂ ਸ਼ਰਤਾਂ ਪੂਰੀਆਂ ਕਰ ਚੁੱਕਾ ਸੀ, ਪਰ ਹੁਣ ਗਾਈਡ ਦੀ ਸਮੱਸਿਆ ਆਣ ਖੜੀ ਸੀ। ਜਿਸ ਕਿਸੇ ਕੋਲ ਵੀ ਜਾਂਦਾ, ਉਹੀ ਸਿਰ ਮਾਰ ਦਿੰਦਾ। ਕਿਸੇ ਕੋਲ ਸਮਾਂ ਨਹੀਂ ਸੀ, ਸਭ ਰੁੱਝੇ ਹੋਏ ਸਨ। ਇਕ ਵਿਦਵਾਨ ਦੀ ਵਿਦਵੱਤਾ ਦਾ ਉਹ ਕਾਇਲ ਸੀ। ਉਸਦਾ ਜੀਅ ਕਰਦਾ ਸੀ ਕਿ ਉਹ ਉਸਦਾ ਗਾਈਡ ਬਣੇ। ਅਥਾਹ ਸ਼ਰਧਾ ਸੀ ਉਸ ਵਿਦਵਾਨ ਪ੍ਰਤੀ ਉਸਦੇ ਮਨ ਵਿਚ।
ਆਪਣੇ ਸਾਰੇ ਅਸਰ-ਰਸੂਖ ਵਾਲੇ ਮਿੱਤਰਾਂ ਕੋਲ ਆਪਣੀ ਸਮੱਸਿਆ ਦੱਸੀ ਤਾਂ ਇਕ ਮਿੱਤਰ ਨੇ ਹਾਮੀ ਭਰੀ ਕਿ ਉਹ ਉਸ ਵਿਦਵਾਨ ਨੂੰ ਮਿਲਾ ਦੇਵੇਗਾ।
“ਪਰ ਬੰਦਾ ਰੰਗੀਲੈ…ਖਾਣ-ਪੀਣ ਦਾ ਸ਼ੁਕੀਨ…ਖਰਚਾ ਖੁੱਲ੍ਹਾ ਕਰਨਾ ਪਊ।”
ਮਿੱਤਰ ਨੇ ਪਹਿਲਾਂ ਹੀ ਸਾਵਧਾਨ ਕੀਤਾ ਤਾਂ ਉਸ ਘਰੋਂ ਹੋਰ ਪੈਸੇ ਮੰਗਵਾ ਲਏ।
ਇਕ ਸ਼ਾਮ ਵਧੀਆ ਹੋਟਲ ਵਿਚ ਵਿਦਵਾਨ ਦੀ ਖੂਬ ਸੇਵਾ ਕੀਤੀ। ਖਾਂਦਿਆਂ-ਪੀਂਦਿਆਂ ਉਹ ਬੇਤਕੱਲਫ਼ ਹੁੰਦਾ ਗਿਆ।
ਦੂਸਰੀ ਮੁਲਾਕਾਤ ਵਿਚ ਕਹਿਣ ਲੱਗਾ, “ਤੇਰੀਆਂ ਕੋਈ ਕੁੜੀਆਂ ਵਾਕਫ਼ ਹੋਣਗੀਆਂ, ਉਹਨਾਂ ਨਾਲ ਨਹੀਂ ਮਿਲਾਏਂਗਾ?”
ਤੇ ਉਸ ਆਪਣੀਆਂ ਮਿੱਤਰ ਕੁੜੀਆਂ ਨਾਲ ਵਿਦਵਾਨ ਨੂੰ ਮਿਲਾਇਆ ਤਾਂ ਕੁੜੀਆਂ ਉਸ ਤੋਂ ਆਪਣੇ ਥੀਸਸਾਂ ਬਾਰੇ ਹੀ ਸੁਆਲ ਪੁੱਛਦੀਆਂ ਰਹੀਆਂ।
“ਇੰਜ ਤਾਂ ਕੋਈ ਗੱਲ ਨਹੀਂ ਬਣੀ। ਤੂੰ ਆਪਣੀ ਕਿਸੇ ਖਾਸ ਮਿੱਤਰ ਕੁੜੀ ਨਾਲ ਗੱਲ ਕਰਾ…ਸਿੱਧੀ।” ਦਾਰੂ ਦੀ ਲੋਰ ਵਿਚ ਜਦੋਂ ਵਿਦਵਾਨ ਨੇ ਆਪਣੇ ਇਰਾਦੇ ਸਪੱਸ਼ਟ ਕੀਤੇ ਤਾਂ ਉਹ ਖਿਝ ਗਿਆ।
“ਮੁਆਫ਼ ਕਰਨਾ! ਇਹ ਮੇਰੇ ਵੱਸ ਦੀ ਗੱਲ ਨਹੀਂ ਹੈ…।” ਜਦੋਂ ਉਸਨੇ ਸਾਫ਼ ਇਨਕਾਰ ਕਰ ਦਿੱਤਾ ਤਾਂ ਵਿਦਵਾਨ ਆਪਣੀ ਖੇਡ ਦੇ ਸਾਰੇ ਪੱਤੇ ਨੰਗੇ ਕਰਦਿਆਂ ਬੋਲਿਆ।
“ਤੂੰ ਪੀ.ਐਚ.ਡੀ. ਨਹੀਂ ਕਰ ਸਕਦਾ। ਨਾ ਤਾਂ ਤੂੰ ਕੁੜੀ ਐਂ…ਛੇਕੜ ਮੁੰਡਾ ਈ ਸੁਹਣਾ ਹੁੰਦਾ…।”
“ਮੈਂ ਤੁਹਾਡੇ ਵਰਗੇ ਗਾਈਡ ਕੋਲੋਂ ਪੀ.ਐਚ.ਡੀ ਕਰਨ ਨਾਲੋਂ ਐਵੇਂ ਹੀ ਚੰਗਾ। ਤੁਸੀਂ ਜਾ ਸਕਦੇ ਹੋ…।”
ਉਸਨੇ ਲੜਖੜਾ ਰਹੇ ਵਿਦਵਾਨ ਦੇ ਕਮਰਿਓਂ ਬਾਹਰ ਹੁੰਦਿਆਂ ਹੀ ‘ਠਾਹ’ ਕਰਕੇ ਦਰਵਾਜ਼ਾ ਬੰਦ ਕਰ ਦਿੱਤਾ।
ਤੇ ਸੇਜਲ ਅੱਖਾਂ ਨਾਲ ਉਹ ਵਾਪਸ ਘਰ ਜਾਣ ਲਈ ਕਮਰੇ ਵਿੱਚੋਂ ਆਪਣਾ ਸਮਾਨ ਇਕੱਠਾ ਕਰਨ ਲੱਗ ਪਿਆ।

7. ਰਿਸ਼ਤੇ

ਤਿੰਨ ਭੈਣਾ ਹਨ ਉਹ।
ਪਿਛਲੇ ਦਿਨੀਂ ਵੱਡੀ ਦਾ ਘਰਵਾਲਾ ਅਚਾਨਕ ਸੁਰਗਵਾਸ ਹੋ ਗਿਆ।
ਸਵੇਰੇ ਹਸਪਤਾਲ ਦਾਖਲ ਕਰਵਾਇਆ ਤੇ ਸ਼ਾਮੀਂ ਮੁੱਕ ਵੀ ਗਿਆ। ਉਸੇ ਵੇਲੇ ਸਕੀਰੀਆਂ ਵਿਚ ਟੈਲੀਫੋਨ ਕਰ ਦਿੱਤੇ ਮੁੰਡੇ ਨੇ। ਰਿਸ਼ਤੇਦਾਰ ਮੂੰਹ-ਹਨੇਰੇ ਹੀ ਘਰਾਂ ਤੋਂ ਚੱਲ ਪਏ।
ਦੋਵੇਂ ਭੈਣਾ ਤੇ ਉਹਨਾਂ ਦੇ ਘਰਵਾਲੇ ਦਸ ਵੱਜਣ ਤੋਂ ਪਹਿਲਾਂ ਹੀ ਪਹੁੰਚ ਗਏ ਸਨ।
ਘਰ ਬਹੁਤ ਹੀ ਭੀੜਾ ਸੀ। ਜਿੱਥੇ ਲਾਸ਼ ਪਈ ਸੀ ਉੱਥੇ ਹੀ ਦਸ-ਬਾਰਾਂ ਜਨਾਨੀਆਂ ਬੈਠੀਆਂ ਹੋਈਆਂ ਸਨ। ਤਿੰਨ ਕੁ ਫੁੱਟ ਚੌੜੀ ਗੈਲਰੀ ਵਿਚ ਪੰਜ-ਸੱਤ ਬੰਦੇ ਬੈਠਣ ਜੋਗੀ ਥਾਂ ਸੀ ਮਸਾਂ। ਰਿਸ਼ਤੇਦਾਰ, ਗਲੀ-ਗੁਆਂਢ ਤੇ ਦੋਸਤ-ਮਿੱਤਰ ਆਈ ਜਾਂਦੇ ਤੇ ਬਾਹਰ ਨਿੱਕਲੀ ਜਾਂਦੇ। ਅੰਦਰ ਰੋਣ-ਕੁਰਲਾਣ ਮੱਚਿਆ ਹੋਇਆ ਸੀ।
ਗਲੀ ਵੀ ਭੀੜੀ ਸੀ । ਕੋਈ ਕਿਤੇ ਖੜਾ ਸੀ, ਕੋਈ ਕਿਤੇ ਬੈਠਾ ਸੀ। ਕਈ ਤਾਂ ਦੁਕਾਨਾਂ ਦੇ ਥੜ੍ਹਿਆਂ ਉੱਤੇ ਹੀ ਬੈਠੇ ਸਨ। ਉੱਤੋਂ ਲੋਹੜੇ ਦੀ ਗਰਮੀ ਤੇ ਹੁੰਮਸ।
ਦੋਵੇਂ ਸਾਢੂ ਅੰਦਰ ਗਏ, ਦਸ-ਵੀਹ ਮਿੰਟ ਲਾਸ਼ ਕੋਲ ਬੈਠੇ, ਸਾਲੀ ਕੋਲ ਅਫਸੋਸ ਕੀਤਾ ਤੇ ਫਿਰ ਬਾਹਰ ਆ ਗਏ। ਭੈਣਾਂ ਭੈਣ ਕੋਲ ਬੈਠੀਆਂ ਰਹੀਆਂ।
ਅਜੇ ਦਸ ਵੱਜੇ ਸਨ। ਦਿੱਲੀਓਂ ਭਾਈ ਨੇ ਗੱਡੀ ਤੇ ਆਉਣਾ ਸੀ ਤੇ ਉਹਦੇ ਆਉਣ ਤੇ ਹੀ ਦੋ ਵਜੇ ਸਸਕਾਰ ਹੋਣਾ ਸੀ। ਬਾਹਰ ਚੌੜੀ ਸੜਕ ਤੇ ਆ ਕੇ ਉਹਨਾਂ ਖੁੱਲ੍ਹਾ ਸਾਹ ਲਿਆ।
“ਚੱਲ ਯਾਰ! ਸ਼ੇਵ ਈ ਕਰਾ ਲਈਏ।” ਨਾਈ ਦੀ ਦੁਕਾਨ ਵੇਖਕੇ ਛੋਟੇ ਸਾਢੂ ਨੇ ਕਿਹਾ।
ਇਕ ਸ਼ੇਵ ਕਰਾਉਂਦਾ ਰਿਹਾ, ਦੂਜਾ ਅਖਬਾਰਾਂ ਵੇਖਦਾ ਰਿਹਾ। ਸਵੇਰੇ ਘੋਰ ਹਨੇਰੇ ਤੁਰਨ ਕਾਰਨ ਅਖਬਾਰ ਵੀ ਨਹੀਂ ਵੇਖੇ ਸਨ। ਅੱਧੇ ਘੰਟੇ ਬਾਦ ਉਹ ਫੇਰ ਵਿਹਲੇ ਸਨ।
“ਚੱਲ ਯਾਰ! ਕੁਝ ਪੇਟ-ਪੂਜਾ ਕਰਕੇ ਆਈਏ। ਤੜਕੇ ਦਾ ਚਾਹ ਦਾ ਕੱਪ ਈ ਪੀਤੈ।…”
ਬਜ਼ਾਰਾਂ ਦੀ ਰੌਣਕ ਵੇਖਦੇ ਹੋਏ ਉਹ ਮੇਨ ਬਜ਼ਾਰ ਵਿਚ ਆ ਨਿਕਲੇ। ਧੁੱਪ ਸੂਈਆਂ ਵਾਂਗ ਚੁਭ ਰਹੀ ਸੀ।
“ਬੜੇ ਕਲੋਟੇ ਫਸੇ ਯਾਰ! ਕਿਹੜੇ ਵੇਲੇ ਦੋ ਵੱਜਣਗੇ?” ਛੋਟਾ ਬੋਲਿਆ।
“ਦੋ ਵਜੇ ਦਾ ਵੀ ਕੀ ਪਤੈ? ਗੱਡੀ ਲੇਟ ਵੀ ਹੋ ਸਕਦੀ ਐ।” ਵੱਡੇ ਨੇ ਖਦਸ਼ਾ ਜਾਹਰ ਕੀਤਾ।
ਵੱਗ ਵਿੱਚੋਂ ਆਉਟਲੀ ਵੱਛੀ ਵਾਂਗ ਉਹ ਬੇਗਾਨੇ ਸ਼ਹਿਰ ਵਿਚ ਮਾਰੇ-ਮਾਰੇ ਫਿਰ ਰਹੇ ਸਨ। ਅਚਾਨਕ ਛੋਟਾ ਸਾਢੂ ਵੱਡੇ ਦੇ ਕੰਨ ਕੋਲ ਮੂੰਹ ਕਰਕੇ ਹੌਲੀ ਜਿਹੀ ਬੋਲਿਆ, “ਬੀਅਰ ਨਾ ਪੀਏ ਇਕ-ਇਕ।”
“ਕਮਾਲ ਕਰਦੈਂ ਸਹਿਗਲ ਤੂੰ ਵੀ! ਜੰਨ ਤਾਂ ਨੀ ਆਏ!” ਵੱਡਾ ਗੁੱਸੇ ਵਿਚ ਬੋਲਿਆ।
“ਵੇਖੋ ਸੱਭਰਵਾਲ ਸਾਹਬ! ਜਿਹੜਾ ਕੁਸ਼ ਹੋਣਾ ਸੀ, ਉਹ ਤਾਂ ਹੋ ਗਿਆ। ਹੁਣ ਬੰਦਾ ਤਾਂ ਮੁੜਦਾ ਨੀ…ਆਪਣੇ ਕੁਝ ਖਾਣ ਜਾਂ ਪੀਣ ਨਾਲ ਤਾਂ ਕੋਈ ਫਰਕ ਨੀ ਪੈਣਾ।”
“ਨਹੀਂ ਯਾਰ, ਕੋਈ ਵੇਖੂਗਾ ਤਾਂ ਕੀ ਕਹੂਗਾ।” ਵੱਡਾ ਬੋਲਿਆ।
“ਵੇਖਣ ਨੂੰ ਆਪਣੇ ਕੋਈ ਮਗਰ ਤੁਰਿਆ ਫਰਦੈ? ਐਥੇ ਐਡੇ ਸ਼ਹਿਰ ’ਚ ਆਪਾਂ ਨੂੰ ਕੌਣ ਜਾਣਦੈ?”
“ਨਹੀਂ ਯਾਰ, ਮੈਨੂੰ ਠੀਕ ਨਹੀਂ ਲਗਦਾ।” ਵੱਡੇ ਨੇ ਕਿਹਾ ਤਾਂ ਛੋਟਾ ਚੁੱਪ ਕਰ ਗਿਆ।
ਕੁਝ ਦੇਰ ਉਹ ਚੁੱਪ ਚਾਪ ਤੁਰੇ ਗਏ। ਵਾਪਸ ਘਰੇ ਮੁੜਨ ਦੇ ਖਿਆਲ ਨਾਲ ਦੋਵੇਂ ਅੱਕਲਕਾਣ ਜਿਹੇ ਹੋ ਗਏ। ਵੱਡੇ ਨੇ ਘੜੀ ਵੇਖੀ। ਅਜੇ ਗਿਆਰਾਂ ਵੱਜੇ ਸਨ।
ਅਚਾਨਕ ਸਾਹਮਣੇ ਬੀਅਰ-ਬਾਰ ਦੇ ਵੱਡੇ ਸਾਰੇ ਸਾਈਨ-ਬੋਰਡ ਉੱਤੇ ਗੌਡਫਾਦਰ ਨਾਲ ਝੱਗੋ ਝੱਗ ਭਰੇ ਮੱਗ ਨੂੰ ਹੱਥ ਵਿਚ ਫੜੀ ਵੱਡੀਆਂ ਮੁੱਛਾਂ ਵਾਲੇ ਆਦਮੀ ਦੀ ਤਸਵੀਰ ਵੇਖ ਵੱਡਾ ਬੋਲਿਆ, “ਚੱਲ ਯਾਰ! ਵੇਖੀ ਜਾਊ!”
ਤੇ ਦੋਵੇਂ ਸਾਢੂ ਚੋਰ-ਅੱਖਾਂ ਨਾਲ ਇੱਧਰ-ਉੱਧਰ ਵੇਖਦਿਆਂ ਤੇਜੀ ਨਾਲ ਬਾਰ ਵਿਚ ਵੜ ਗਏ।

8. ਅੰਤਹੀਣ ਸਿਲਸਿਲਾ

ਭਾਵੇਂ ਜੱਚਾ ਅਤੇ ਬੱਚਾ ਤਾਂ ਅਜੇ ਹਸਪਤਾਲ ਵਿਚ ਹੀ ਸਨ ਪਰ ਘਰੇ ਪੋਤਰੇ ਦੀ ਵਧਾਈ ਦੇਣ ਆਈਆਂ ਆਂਢਣਾਂ-ਗੁਆਂਢਣਾਂ ਵਿਚ ਘਿਰੀ ਸ਼ਕੁੰਤਲਾ ਉਨ੍ਹਾਂ ਨੂੰ ਚਾਹ-ਪਾਣੀ ਪਿਆਉਣ ਵਿਚ ਰੁੱਝੀ ਹੋਈ ਸੀ। ਖੁਸ਼ੀ-ਖੁਸ਼ੀ ਵਧਾਈਆਂ ਸਵੀਕਾਰ ਕਰਦੀ ਦਾ ਇਕ ਹੱਥ ਲਗਾਤਾਰ ਹੋ ਰਹੇ ਦਰਦ ਕਾਰਨ ਅਜੇ ਭੀ ਢੂਹੀ ਉੱਤੇ ਧਰਿਆ ਪਿਆ ਸੀ। ਖੁਸ਼ੀ ਦੇ ਇਨ੍ਹਾਂ ਪਲਾਂ ਵਿਚ ਵੀ ਦਰਦ ਦਾ ਪਰਛਾਵਾਂ ਚਿਹਰੇ ਉੱਤੇ ਆਪਣੀ ਝਲਕ ਵਿਖਾ ਰਿਹਾ ਸੀ।
‘‘ਕੁੜੇ ਭੈਣ ਜੀ! ‘ਰਾਮ ਨ੍ਹੀਂ ਆਇਆ ਅਜੇ ਢੂਹੀ ਨੂੰ?’’
ਇਕ ਗੁਆਂਢਣ ਨੇ ਹਮਦਰਦੀ ਜਤਾਉਂਦਿਆਂ ਪੁੱਛਿਆ।
‘‘ਕਿੱਥੇ ਭੈਣੇ ਇਹ ਤਾਂ ਹੱਡਾਂ ਨਾਲ ਹੀ ਜਾਊ ਹੁਣ।’’ ਸ਼ਕੁੰਤਲਾ ਨੇ ਕਸੀਸ ਵੱਟਦਿਆਂ ਕਿਹਾ।
‘‘ਕਦੋਂ ਕੁ ਦਾ ਹੁੰਦੈ ਇਹ ਦਰਦ ਭੈਣ ਜੀ?’’ ਇਕ ਨਵੀਂ ਕਿਰਾਏਦਾਰ ਗੁਆਂਢਣ ਨੇ ਜਦੋਂ ਜਗਿਆਸਾ ਵੱਸ ਪੁੱਛ ਲਿਆ ਤਾਂ ਸ਼ਕੁੰਤਲਾ ਅੰਬੇ ਹੋਏ ਫੋੜੇ ਵਾਂਗ ਫਿੱਸ ਪਈ ਤੇ ਆਪਣਾ ਪੁਰਾਣਾ ਕਿੱਸਾ ਛੇੜ ਕੇ ਬੈਠ ਗਈ: ‘ਕੀ ਦੱਸਾਂ ਭੈਣੇ… ਉਦੋਂ ਵੱਡੀ ਕੁੜੀ ਰਾਣੋ ਹੋਣ ਵਾਲੀ ਸੀ। ਮੈਂ ਪੂਰੇ ਦਿਨਾਂ ’ਤੇ ਸੀ। ਉੱਪਰੋਂ ਮੇਰੀ ਛੋਟੀ ਨਣਦ ਦਾ ਵਿਆਹ ਧਰ ਲਿਆ। ਮੇਲ-ਗੇਲ ਖਾਸਾ ’ਕੱਠਾ ਹੋ ਗਿਆ। ਸੱਸ ਚੰਦਰੀ ਨੇ ਧੀਆਂ-ਜੁਆਈਆਂ ਤੇ ਹੋਰ ਰਿਸ਼ਤੇਦਾਰਾਂ ਨੂੰ ਤਾਂ ਮੰਜੇ ਦੇ ਦਿੱਤੇ ਪੈਣ ਨੂੰ…. ਸਾਨੂੰ ਫਰਸ਼ ’ਤੇ ਦਰੀ ਵਿਛਾ ਦਿੱਤੀ। ਅਘੜ-ਦੁਗੜੀਆਂ ਇੱਟਾਂ ਦੇ ਫਰਸ਼ ’ਤੇ ਪਈ ਦੀ ਪਤਾ ਨ੍ਹੀਂ ਕੋਈ ਨਾੜ-ਨੂੜ ਚੜ੍ਹਗੀ… ਸਾਰੀ ਰਾਤ ਦਰਦ ਨਾਲ ਮੇਲ੍ਹਦੀ ਰਹੀ। ਅਗਲੀ ਸਵੇਰ ਬਰਾਤ ਆਉਣੀ ਸੀ। ਮੇਰਾ ਕਿਸੇ ਨੇ ਉੱਤਾ ਨਾ ਵਾਚਿਆ। ਬਸ! ਉਹ ਦਿਨ ਗਿਆ ਤੇ ਅੱਜ ਦਾ ਦਿਨ ਆਇਆ। ਬਥੇਰੇ ’ਲਾਜ ਕਰਾ ਲੇ… ਇਹ ਦਰਦ ਨ੍ਹੀਂ ਜਾਂਦਾ। ਭਰਾਵਾਂ-ਪਿੱਟੀ ਨੇ ਪਤਾ ਨ੍ਹੀਂ ਕਿਹੜੇ ਜਨਮ ਦਾ ਬਦਲਾ ਲਿਐ ਮੈਥੋਂ! ਮੈਂ ਤਾਂ ਕਹਿਨੀਂ ਆ ਕੀੜੇ……’’
ਸ਼ਕੁੰਤਲਾ ਦੀ ਟੇਪ ਪਤਾ ਨਹੀਂ ਹੋਰ ਕਿੰਨਾ ਚਿਰ ਚੱਲਦੀ ਰਹਿੰਦੀ ਕਿ ਗਲੀ ਵਿਚ ਕਾਰ ਦਾ ਹਾਰਨ ਹੋਇਆ।
‘‘ਆ ਗੇ ਲੱਗਦੇ ਐ…।’’ ਸ਼ਕੁੰਤਲਾ ਕਹਿੰਦੀ ਹੋਈ ਦਰਵਾਜ਼ੇ ਵੱਲ ਨੂੰ ਅਹੁਲੀ।
ਮੁੰਡੇ ਨੇ ਕਾਰ ਵਿੱਚੋਂ ਬਿਸਤਰਾ ਤੇ ਹੋਰ ਨਿੱਕ-ਸੁੱਕ ਚੁੱਕ ਕੇ ਅੰਦਰ ਰੱਖ ਦਿੱਤਾ ਤੇ ਜੱਚਾ ਲਈ ਪਿਛਲੇ ਦਿਨੀਂ ਖਰੀਦੇ ਦੋ ਮੰਜਿਆਂ ਵਿੱਚੋਂ ਇਕ ਨਵਾਂ ਮੰਜਾ ਕਮਰੇ ਵਿਚ ਡਾਹ ਦਿੱਤਾ।
ਮਗਰੇ ਆਉਂਦੀ ਸ਼ਕੁੰਤਲਾ ਕਾਹਲੀ ਨਾਲ ਬੋਲੀ, ‘‘ਨਾ-ਨਾ, ਇਹ ਨਾ ਡਾਹ। ਉਹ ਪਰਲੇ ਕਮਰੇ ’ਚੋਂ ਲਿਆ ਕੱਢ ਕੇ ਨੀਲੀ ਨਮਾਰ ਵਾਲਾ। ਇਹ ਦੋਵੇਂ ਤਾਂ ਆਏ-ਗਏ ਲਈ ਰੱਖੇ ਐ….।’’
‘‘ਕਿਉਂ? ਇਹ ਕਾਸ ਤੋਂ ਨਾ ਡਾਹਵਾਂ? ਆਏ ਗਏ ਕੀ ਬਾਹਲੇ ਚੰਗੇ ਐ? ਟੁੱਟੇ ਮੰਜੇ ’ਤੇ ਪਾ ਕੇ ਨੂੰਹ ਨੂੰ ਵੀ ਆਵਦੇ ਵਰਗੀ ਬਣਾਉਣ ਦੀ ਸਲਾਹ ਹੋਣੀ ਐ? ਮਸਾਂ-ਮਸਾਂ ਸੁੱਖ ਕੇ ਲਏ ਮੁੰਡੇ ਤੋਂ ਮੰਜਾ ਚੰਗਾ ਹੋ ਗਿਆ। ਹੱਦ ਹੋ ਗੀ ਬੀਬੀ ਤੁਹਾਡੀਆਂ ਜਨਾਨੀਆਂ ਦੀ ਵੀ…! !’’
ਮੁੰਡੇ ਨੇ ਨਵਾਂ ਮੰਜਾ ਡਾਹ ਕੇ ਬਿਸਤਰਾ ਵਿਛਾ ਦਿੱਤਾ ਤੇ ਕਾਹਲੀ ਨਾਲ ਬਾਰ ਮੂਹਰੇ ਖੜ੍ਹੀ ਕਾਰ ਵੱਲ ਅਹੁਲਿਆ।
ਸ਼ਕੁੰਤਲਾ ਨੂੰ ਜਾਪਿਆ ਜਿਵੇਂ ਉਸ ਦੀ ਢੂਹੀ ਦਾ ਦਰਦ ਹੋਰ ਵਧ ਗਿਆ ਹੋਵੇ!!

9. ਬਰਕਤਹੀਣ ਸਿੱਕਾ

ਬੱਚਿਆਂ ਨੇ ਉਸ ਦਾ ਨਾਂ ‘ਸ਼ਨੀ ਦੇਵੀ’ ਰੱਖਿਆ ਹੋਇਆ ਹੈ। ਹਰ ਸ਼ਨਿੱਚਰਵਾਰ ਸੱਠ ਕੁ ਸਾਲ ਦੀ ਉਹ ਔਰਤ ਬਠਿੰਡੇ ਤੋਂ ਰੇਲ ਗੱਡੀ ਰਾਹੀਂ ਸਵੇਰੇ ਅੱਠ ਵਜੇ ਸਾਡੇ ਸ਼ਹਿਰ ਦੇ ਸਟੇਸ਼ਨ ’ਤੇ ਆ ਉਤਰਦੀ ਹੈ। ਸਟੇਸ਼ਨ ’ਤੇ ਉਤਰਨ ਸਾਰ ਉਸ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਹਰ ਘਰ ਦੇ ਦਰਵਾਜ਼ੇ ਮੂਹਰੇ ‘ਜੈ ਸ਼ਨੀਦੇਵ’ ਆਖ ਕੇ ਆਪਣੀ ਹਾਜ਼ਰੀ ਲਵਾਉਂਦੀ ਹੈ। ਮੱਥੇ ’ਤੇ ਕਾਲਾ ਟਿੱਕਾ, ਇੱਕ ਹੱਥ ਵਿੱਚ ਵੱਡਾ ਸਾਰਾ ਡੋਲੂ ਸਰ੍ਹੋਂ ਦਾ ਤੇਲ ਪਾਉਣ ਲਈ, ਦੂਜੇ ਮੋਢੇ ’ਤੇ ਮੋਟੇ ਖੱਦਰ ਦੀ ਬਣੀ ਬਗਲੀ ਜਿਹੀ ਆਟਾ ਪਾਉਣ ਲਈ। ਸ਼ਨੀ ਦੇਵਤੇ ਦੇ ਪ੍ਰਕੋਪ ਤੋਂ ਸਾਡੇ ਲੋਕ ਬਹੁਤ ਤ੍ਰਹਿੰਦੇ ਹਨ। ਇਸ ਲਈ ਸ਼ਾਇਦ ਹੀ ਕੋਈ ਘਰ ਉਸ ਨੂੰ ਖਾਲੀ ਮੋੜਦਾ ਹੋਵੇ। ਬਹੁਤੇ ਸਰ੍ਹੋਂ ਦਾ ਤੇਲ ਪਾਉਂਦੇ ਹਨ, ਕਈ ਔਰਤਾਂ ਆਟਾ ਪਾ ਦਿੰਦੀਆਂ ਹਨ ਤੇ ਅੱਜਕੱਲ੍ਹ ਕਈ ਰੁਪਈਆ, ਦੋ ਰੁਪਈਏ (ਜਾਂ ਵੱਧ) ਨਕਦ ਹੀ ਦੇ ਦਿੰਦੇ ਹਨ।
ਸਾਡੇ ਘਰਾਂ ਤੀਕ ਪਹੁੰਚਦਿਆਂ ਉਸ ਨੂੰ ਦੁਪਹਿਰ ਦੇ ਢਾਈ ਤਿੰਨ ਵੱਜ ਜਾਂਦੇ ਹਨ। ਉਹ ਬਹੁਤ ਸਾਲਾਂ ਤੋਂ ਆ ਰਹੀ ਹੈ। ਪਹਿਲਾਂ ਉਹ ਸਿਰਫ਼ ਸ਼ਨਿੱਚਰਵਾਰ ਨੂੰ ਹੀ ਆਉਂਦੀ ਸੀ, ਪਰ ਹੁਣ ਤਾਂ ਹਰ ਦਿਨ ਤਿਉਹਾਰ ’ਤੇ ਆ ਖਲੋਂਦੀ ਹੈ। ਉਸ ਨੂੰ ਕੋਈ ਝਿਜਕ ਨਹੀਂ ਹੈ। ਇੱਕ ਵਾਰ ‘ਜੈ ਸ਼ਨੀ ਦੇਵ’ ਆਖ ਆਪੇ ਹੀ ਬਾਰ ਖੋਲ੍ਹ ਕੇ ਅੰਦਰ ਆ ਵੜਦੀ ਹੈ। ‘‘ਸ਼ਨੀ ਦੇਵੀ ਆ ਗਈ!’’ ਬੱਚੇ ਰੌਲਾ ਪਾਉਣ ਲੱਗ ਜਾਂਦੇ ਹਨ। ‘‘ਰੁਪੱਈਆ ਦੇ ਆ ਔਹ ਡੱਬੇ ’ਚੋਂ ਕੱਢ ਕੇ,’’ ਬੱਚਿਆਂ ਦੀ ਦਾਦੀ ਆਖਦੀ ਹੈ। ਬੱਚੇ ਜਦੋਂ ਰੁਪਿਆ ਦੇਣ ਲੱਗਦੇ ਹਨ ਤਾਂ ਉਸ ਦੇ ਮੱਥੇ ’ਤੇ ਤਿਊੜੀਆਂ ਪੈ ਜਾਂਦੀਆਂ ਹਨ। ‘‘ਬੱਸ ਰੁਪਈਆ ਈ! ਦਿਨ ਤਿਹਾਰ ’ਤੇ ਤਾਂ ਵੱਧ ਦੇ ਦਿਆ ਕਰੋ!’’
ਮੈਨੂੰ ਅੰਦਰ ਪਏ ਨੂੰ ਹੀ ਅਹਿਸਾਸ ਹੁੰਦਾ ਹੈ ਕਿ ਉਹ ਰੁਪਿਆ ਲੈ ਕੇ ਉੱਕਾ ਖ਼ੁਸ਼ ਨਹੀਂ ਹੁੰਦੀ। ਕੋਈ ਅਸੀਸ ਦੇਣ ਦੀ ਥਾਂ ਉਹ ਗਲੀ ਵਿੱਚ ਬੁੜਬੁੜ ਕਰਦੀ ਤੁਰੀ ਜਾਂਦੀ ਹੈ। ਭਾਵੇਂ ਮੇਰਾ ਗ੍ਰਹਿਆਂ ਆਦਿ ਵਿੱਚ ਕੋਈ ਵਿਸ਼ਵਾਸ ਨਹੀਂ ਹੈ, ਪਰ ਫਿਰ ਵੀ ਹਰ ਸ਼ਨਿੱਚਰਵਾਰ ਉਸਦੇ ਆਉਣ ’ਤੇ ਮੈਨੂੰ ਜਾਪਦਾ ਹੈ ਕਿ ਰੁਪਿਆ ਲੈ ਕੇ ਵੀ ਉਹ ਸ਼ਨੀ ਦੇਵਤੇ ਦਾ ਪ੍ਰਕੋਪ ਸਾਡੇ ਸਿਰ ਛੱਡ ਜਾਂਦੀ ਹੈ।

10. ਜਾਨਵਰ

ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਆਏ ਹੁਕਮਾਂ ਅਨੁਸਾਰ ਹਰ ਸਕੂਲ ਵਿੱਚ ਬੋਰਡ ਦੀਆਂ ਕਲਾਸਾਂ ਵਿੱਚੋਂ ਅੱਵਲ ਆਉਣ ਵਾਲੇ ਵਿਦਿਆਰਥੀਆਂ ਲਈ ‘ਆਨਰ ਬੋਰਡ’ ਬਣਾਏ ਜਾਣੇ ਸਨ। ਮੁੱਖ ਅਧਿਆਪਕ ਕਈ ਦਿਨਾਂ ਤੋਂ ਆਖ ਰਿਹਾ ਸੀ ਕਿ ਛੇਕੜ ਕੰਧ ਉੱਤੇ ਹੀ ਕਾਲਾ ਪੇਂਟ ਕਰਕੇ ਇਹ ਬੋਰਡ ਬਣਾ ਲਈਏ।
ਮੈਂ ਬੱਚਿਆਂ ਨੂੰ ਦਫ਼ਤਰ ਦੇ ਮੂਹਰਲੀ ਕੰਧ ਸਾਫ਼ ਕਰਨ ਲਈ ਝਾੜੂ ਦੇ ਕੇ ਮੇਜ਼ ’ਤੇ ਚੜ੍ਹਾ ਦਿੱਤਾ। ਬੱਚਿਆਂ ਨੇ ਕੰਧ ਉੱਤੋਂ ਗਰਦ ਅਤੇ ਜਾਲੇ ਵਗੈਰਾ ਸਾਫ਼ ਕਰ ਦਿੱਤੇ। ਕੰਧ ਉਪਰਲੇ ਰੌਸ਼ਨਦਾਨ ਵਿੱਚ ਕਬੂਤਰੀ ਨੇ ਆਲ੍ਹਣਾ ਪਾਇਆ ਹੋਇਆ ਸੀ। ਬੱਚਿਆਂ ਦੀ ਕੀਤੀ ਸਫ਼ਾਈ ਤੋਂ ਮੇਰੀ ਤਸੱਲੀ ਨਾ ਹੋਈ। ਆਪ ਝਾੜੂ ਲੈ ਕੇ ਮੇਜ਼ ਉਪਰ ਚੜ੍ਹ ਗਿਆ। ਆਲ੍ਹਣੇ ਵਿਚਲੇ ਤੀਲਿਆਂ ਦਾ ਖਿਲਾਰਾ ਜਿਹਾ ਮੈਨੂੰ ਚੰਗਾ ਨਾ ਲੱਗਿਆ।
‘ਇਹ ਮੇਰੇ ਪੇਂਟ ਨੂੰ ਖਰਾਬ ਕਰਨਗੇ।’ ਇਹ ਸੋਚ ਕੇ ਝਾੜੂ ਨਾਲ ਆਲ੍ਹਣਾ ਥੱਲੇ ਡੇਗ ਦਿੱਤਾ। ਆਲ੍ਹਣੇ ਵਿੱਚੋਂ ਦੋ ਆਂਡੇ ਨਿਕਲ ਕੇ ਪੱਕੇ ਫਰਸ਼ ਉਪਰ ਟੁੱਟ ਗਏ। ਮੇਰਾ ਮਨ ਬਹੁਤ ਖਰਾਬ ਹੋਇਆ। ਆਲ੍ਹਣੇ ਵਿੱਚ ਆਂਡੇ ਹੋਣ ਦਾ ਮੈਨੂੰ ਖਿਆਲ ਨਹੀਂ ਆਇਆ ਸੀ। ਬੱਚਿਆਂ ਨੂੰ ਆਖ ਕੇ ਇਹ ਸਾਰਾ ਗੰਦ-ਮੰਦ ਰੂੜੀ ’ਤੇ ਸੁਟਵਾ ਦਿੱਤਾ।
ਕੰਧ ਨੂੰ ਕਾਲਾ ਪੇਂਟ ਕਰਕੇ ਮੈਂ ਥੱਲੇ ਉਤਰ ਆਇਆ। ਕੁਰਸੀ ’ਤੇ ਆ ਕੇ ਬੈਠਿਆ ਹੀ ਸੀ ਕਿ ਵੇਖਿਆ, ਕਬੂਤਰੀ ਰੌਸ਼ਨਦਾਨ ’ਤੇ ਆ ਕੇ ਬੈਠ ਗਈ ਸੀ। ਉਹ ਚਾਰ-ਚੁਫ਼ੇਰੇ ਵੇਖ ਰਹੀ ਸੀ। ਟੇਢੀ ਜਿਹੀ ਗਰਦਨ ਨਾਲ ਉਸ ਦੀ ਬਿਹਬਲ ਤੱਕਣੀ ਵਿਚਲੀ ਵਿਆਕੁਲਤਾ ਵੇਖ ਕੇ ਮੈਂ ਕੰਬ ਉਠਿਆ। ਮੈਂ ਦੁਬਾਰਾ ਉਸ ਕਬੂਤਰੀ ਵੱਲ ਵੇਖਣ ਦਾ ਜੇਰਾ ਨਾ ਕਰ ਸਕਿਆ।
ਉਸ ਮਾਸੂਮ ਲਈ ਇਹ ਤਬਾਹੀ ਹੀਰੋਸ਼ਿਮਾ ਤੇ ਨਾਗਾਸਾਕੀ ’ਤੇ ਹੋਈ ਬੰਬਾਰੀ ਦੀ ਭਿਆਨਕਤਾ ਨਾਲੋਂ ਕਿਹੜਾ ਘੱਟ ਸੀ? ਮੈਂ ਕਲਪਨਾ ਕੀਤੀ, ‘ਭਲਾ ਅੱਜ ਜਦੋਂ ਮੈਂ ਛੁੱਟੀ ਹੋਣ ’ਤੇ ਘਰ ਜਾਵਾਂ, ਘਰ ਅਤੇ ਦੋਵਾਂ ਬੱਚਿਆਂ ਦੀ ਥਾਂ ਘਰ ਦਾ ਮਲਬਾ ਵੀ ਨਾ ਮਿਲੇ? ਉਸ ਵੇਲੇ ਮੇਰੀ ਕੀ ਹਾਲਤ ਹੋਵੇਗੀ?’
ਸਾਰੀ ਛੁੱਟੀ ਹੋਣ ਤਕ ਮੈਂ ਆਪਣੇ ਆਪ ਨੂੰ ਬਹੁਤ ਵੱਡਾ ਗੁਨਾਹਗਾਰ ਸਮਝਦਾ ਰਿਹਾ ਤੇ ਆਪਣੇ ਗੁਨਾਹ ਲਈ ਮਨ ਹੀ ਮਨ ਰੱਬ ਕੋਲੋਂ ਮੁਆਫ਼ੀਆਂ ਮੰਗਦਾ ਰਿਹਾ। ਛੁੱਟੀ ਦੀ ਘੰਟੀ ਕਦੋਂ ਦੀ ਵੱਜ ਗਈ ਸੀ। ਬੱਚੇ ਜਾ ਚੁੱਕੇ ਸਨ। ਮੁੱਖ ਅਧਿਆਪਕ ਦੇ ਆਵਾਜ਼ ਮਾਰਨ ’ਤੇ ਮੈਂ ਦਫ਼ਤਰ ਵਿੱਚੋਂ ਹਾਜ਼ਰੀ ਲਾ ਕੇ ਬਾਹਰ ਨਿਕਲ ਰਿਹਾ ਸਾਂ ਤਾਂ ਵੇਖਿਆ ਕਬੂਤਰੀ ਦੀ ਚੁੰਝ ਵਿੱਚ ਨਵਾਂ ਆਲ੍ਹਣਾ ਬਣਾਉਣ ਲਈ ਇੱਕ ਤੀਲ੍ਹਾ ਸੀ ਤੇ ਉਸ ਦੇ ਮਨ ਵਿੱਚ ਕੀ ਸੀ? ਕੌਣ ਜਾਣੇ।

  • ਮੁੱਖ ਪੰਨਾ : ਕਹਾਣੀਆਂ, ਜਸਬੀਰ ਢੰਡ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ