Money Plant (Story in Punjabi) : Jamil Ahmad Pal

ਮਨੀ ਪਲਾਂਟ (ਕਹਾਣੀ) : ਜਮੀਲ ਅਹਿਮਦ ਪਾਲ

ਦੋ ਚਾਰ ਬੂਟੇ ਅਜਿਹੇ ਹੁੰਦੇ ਨੇ ਜੋ ਪਾਣੀ ਵਿੱਚ ਵੀ ਜੜ੍ਹਾਂ ਤੇ ਪੱਤਰ ਕੱਢ ਲੈਂਦੇ ਨੇ। ਇੱਕ ਤਾਂ ਕਿਰਮਚੀ... ਅਸਲ ਨਾਂ ਦਾ ਮੈਨੂੰ ਪਤਾ ਨਹੀਂ, ਸਗੋਂ ਵਧੇਰੇ ਮਾਲੀ ਵੀ ਉਹਨੂੰ ਕਿਰਮਚੀ ਕਹਿ ਕੇ ਈ ਸੱਦਦੇ ਨੇ। ਉਹੀ ਜਾਮੁਣੂ ਜਿਹੇ ਲਮੂਤਰੇ ਪੱਤਰਾਂ ਵਾਲਾ ਗੰਦਲਦਾਰ ਬੂਟਾ। ਇਹਦੀ ਟਾਹਣੀ ਨੂੰ ਪਾਣੀ ਦੀ ਬੋਤਲ ਵਿੱਚ ਲਾ ਦਿਓ, ਦੋ-ਚਹੁੰ ਦਿਨਾਂ ਨੂੰ ਪੁਰਾਣੇ ਝਾੜ ਕੇ ਨਵੇਂ ਪੱਤਰ ਕੱਢ ਲੈਂਦਾ ਏ ਪਰ ਪਾਣੀ ਵਿੱਚ ਜੜ੍ਹਾਂ ਨਹੀਂ ਕੱਢਦਾ ਤੇ ਛੇਤੀ ਹੀ ਗਲ਼ ਜਾਂਦਾ ਏ।
ਦੂਜਾ ਉਰੂਮ ਏ, ਪਾਣੀ ਦੀ ਬੋਤਲ ਵਿੱਚ ਲਾ ਦਿਓ, ਜੜ੍ਹਾਂ ਕੱਢ ਲਵੇਗਾ ਤੇ ਫੇਰ ਵਰ੍ਹਿਆਂ ਬੱਧੀ ਲੱਗਾ ਰਹੇਗਾ। ਬੈਠਕ ਵਿੱਚ ਸਜਾ ਲਵੋ। ਤੁਹਾਡੇ ਮਿੱਤਰ ਤੁਹਾਡੇ ਸ਼ੌਕ ਦੀ ਦਾਦ ਦੇਂਦੇ ਰਹਿਣਗੇ। ਮਨੀ ਪਲਾਂਟ ਦਾ ਵੀ ਇਹੀ ਹਾਲ ਏ। ਪਾਨ ਵਰਗੇ ਅਤੇ ਪੀਲੀਆਂ ਲਕੀਰਾਂ ਵਾਲੇ ਇਸ ਬੂਟੇ ਨਾਲ ਮੇਰੀ ਪੁਰਾਣੀ ਯਾਰੀ ਏ। ਬੰਗਾਲ ਦੇ ਜ਼ਮਾਨੇ ਦੀ। ਸਾਡੇ ਮਕਾਨ ਮਾਲਕ ਦੇ ਸਾਲੇ ਨੇ, ਜੋ ਪੇਇੰਗ ਗੈਸਟ ਦੇ ਤੌਰ 'ਤੇ ਉਹਨਾਂ ਦੇ ਨਾਲ ਈ ਰਹਿ ਰਿਹਾ ਸੀ ਤੇ ਬੰਗਾਲੀ ਪੜ੍ਹਾਉਣ ਵਿੱਚ ਮੇਰਾ ਉਸਤਾਦ ਵੀ ਸੀ, ਉਹਨੇਂ ਮੈਨੂੰ ਦੋ ਚੀਜਾਂ ਨਾਲ ਪਿਆਰ ਕਰਨਾ ਸਿਖਾਇਆ ਸੀ।ਇੱਕ ਸ਼ਾਵਰ ਦੇ ਰਸਗੁੱਲੇ ਤੇ ਦੂਜਾ ਮਨੀ ਪਲਾਂਟ।
ਸ਼ਾਵਰ ਢਾਕਾ ਲਾਗੇ ਇੱਕ ਥਾਂ ਦਾ ਨਾਂ ਏ, ਜਿੱਥੋਂ ਦੇ ਰਸਗੁੱਲੇ ਬੜੇ ਮਸ਼ਹੂਰ ਸਨ। ਹੁਣ ਵੀ ਹੋਵਣਗੇ ਪਰ ਮੇਰੇ ਲਈ ਨਹੀਂ ਤੇ ਜੇ ਕਦੀ ਤੁਹਾਨੂੰ ਖਾਣ ਦਾ ਇਤਫ਼ਾਕ ਹੋਵੇ ਤਾਂ ਤੁਸੀਂ ਆਖੋਗੇ ਕਿ ਸੱਚੇ ਈ ਮਸ਼ਹੂਰ ਸਨ।
ਜਿੱਥੇ ਤੱਕ ਮਨੀ ਪਲਾਂਟ ਦਾ ਤਾਅਲੁੱਕ ਏ, ਸਾਡੇ ਮਾਲਕ ਮਕਾਨ ਦੇ ਘਰ ਵਿੱਚ ਥਾਂ-ਥਾਂ ਬੋਤਲਾਂ ਵਿੱਚ ਮਨੀ ਪਲਾਂਟ ਵੀ ਲੱਗਾ ਹੋਇਆ ਸੀ। ਕਿਧਰੇ ਨਿੱਕੇ ਤੇ ਕਿਧਰੇ ਚੌੜੋ ਪੱਤਰਾਂ ਵਾਲਾ। ਮੇਰੇ ਉਸਤਾਦ ਨੇ ਮੈਨੂੰ ਦੱਸਿਆ ਸੀ ਕਿ ਮਨੀ ਪਲਾਂਟ ਦਾ ਮਤਲਬ ਦੌਲਤ ਵਾਲਾ ਬੂਟਾ ਹੁੰਦਾ ਏ। ਜਦੋਂ ਤੁਸੀਂ ਆਪਣੇ ਘਰ ਵਿੱਚ ਮਨੀ ਪਲਾਂਟ ਦਾ ਬੂਟਾ ਲਾਂਦੇ, ਉੱਥੇ ਜੇ ਉਹ ਵਧ ਕੇ ਜਵਾਨ ਹੋ ਜਾਵੇ ਤਾਂ ਤੁਹਾਡੇ ਘਰ ਦੀ ਕੁੱਲ ਆਮਦਨ ਵਧ ਕੇ ਡੇਢ ਗੁਣਾ ਹੋ ਜਾਂਦੀ ਏ। ਉਂਜ ਉਹਨਾਂ ਦੇ ਆਪਣੇ ਘਰ ਵਿੱਚ ਦੌਲਤ ਦੀ ਕੋਈ ਰੇਲ ਪੇਲ ਨਹੀਂ ਸੀ। ਆਮ ਬੰਗਾਲੀਆਂ ਵਾਂਗੂੰ ਉਹੀ ਤਿੰਨ ਵੇਲੇ ਭਾਤ (ਉਬਲੇ ਚਾਵਲ) ਤੇ ਨਾਲ ਮਸਰਾਂ ਦੀ ਪਾਣੀ ਵਾਂਗ ਪਤਲੀ ਹਲਦੀ ਰੰਗੀ ਦਾਲ਼ ਕਾਂਦੇ। ਨਾਲ ਉਂਗਲ ਉਂਗਲ ਜਿੱਡੀਆਂ ਮਿਰਚਾਂ ਦੀ ਛੋੜ੍ਹੀ ਜਿਹੀ ਭੁਰਜੀ। ਜਾਂ ਕਦੀ ਸ਼ੋਰੇ ਵਾਲੀ ਮੱਛੀ-ਗੋਭੀ ਤੇ ਕਦੀ ਸਾਗ। ਕਦੀ ਮਾਚਸ ਦੀਆਂ ਤੀਲੀਆਂ ਵਾਂਗ ਕੱਟੇ ਹੋਏ ਆਲੂਆਂ ਦੀ ਭੁਰਜੀ। ਬਸ ਇਹੀ ਉਹਨਾਂ ਦੀ ਖੁਰਾਕ ਸੀ। ਨਾਸ਼ਤੇ ਵਿੱਚ ਉਹ ਚਾਹ ਵਿੱਚ ਫਲੀਆਂ ਪਾ ਕੇ ਖਾਂਦੇ। ਸਰਕਾਰ ਵੱਲੋਂ ਮਿਲੇ ਮਕਾਨ ਦਾ ਅੱਧਾ ਹਿੱਸਾ ਉਹਨਾਂ ਨੇ ਸਾਨੂੰ ਕਿਰਾਏ 'ਤੇ ਦਿੱਤਾ ਹੋਇਆ ਸੀ। ਸ਼ਾਇਦ ਅਜੇ ਉਹਨਾਂ ਦੇ ਮਨੀ ਪਲਾਂਟ ਜਵਾਨ ਨਹੀਂ ਸਨ ਹੋਏ ਤੇ ਆਮਦਨ ਨਹੀਂ ਸੀ ਆਉਣ ਲੱਗੀ।
ਆਮਦਨ ਜਾਂ ਕਮਾਈ ਤੇ ਉਦੋਂ ਮੇਰਾ ਮਸਲਾ ਈ ਨਹੀਂ ਸੀ ਪਰ ਮਨੀ ਪਲਾਂਟ ਮੈਨੂੰ ਚੰਗਾ ਲੱਗਣ ਲੱਗ ਪਿਆ। ਮੈਂ ਵੀ ਇੱਕ ਬੋਤਲ ਧੋ ਕੇ ਸਾਫ਼ ਕੀਤੀ, ਉਹਦੇ ਵਿੱਚ ਪਾਣੀ ਪਾਇਆ ਤੇ ਫੇਰ ਮਨੀ-ਪਲਾਂਟ ਦੀ ਇੱਕ ਟਾਹਣੀ ਲਿਆ ਕੇ ਬੋਤਲ ਵਿੱਚ ਲਾ ਦਿੱਤੀ...
ਉਹ ਦਿਨ ਤੇ ਅੱਜ ਦਾ ਦਿਨ, ਦਰਜਨਾਂ ਮਕਾਨ ਬਦਲੇ (ਕਿਰਾਏਦਾਰ ਜੋ ਹੋਏ) ਪਰ ਮਨੀ-ਪਲਾਂਟ ਕਿਸੇ ਨਾ ਕਿਸੇ ਤਰ੍ਹਾਂ ਮੇਰੇ ਘਰ ਵਿੱਚ ਜ਼ਰੂਰ ਲੱਗਾ ਰਿਹਾ। ਫ਼ਿਊਜ਼ ਬਲਬ ਨੂੰ ਖਾਲੀ ਕਰਕੇ, ਬੋਤਲ ਵਿੱਚ, ਗ਼ਮਲੇ ਵਿੱਚ ਜਾਂ ਜ਼ਮੀਨ ਵਿੱਚ, ਜਿੱਥੇ ਵੀ ਗੁੰਜਾਇਸ਼ ਨਿਕਲੀ, ਘਰ ਇੱਕ ਕਮਰੇ ਦਾ ਹੋਵੇ ਜਾਂ ਚਾਰ ਕਮਰਿਆਂ ਦਾ, ਮਨੀ ਪਲਾਂਟ ਜ਼ਰੂਰ ਲਾਇਆ ਤੇ ਇੱਕ ਗੱਲ ਦੱਸਾਂ, ਮੇਰੇ ਹੱਥ ਦਾ ਲਾਇਆ ਮਨੀ ਪਲਾਂਟ ਦਾ ਬੂਟਾ ਫੱਲਦਾ-ਫੁੱਲਦਾ ਵੀ ਖ਼ੂਬ ਏ।
ਇੰਜ ਮਨੀ ਪਲਾਂਟ ਦੇ ਦੌਲਤ ਨਾਲ ਤਾਅਲੁੱਕ ਦੀ ਗੱਲ ਢੂਠੀ ਸਾਬਤ ਹੋ ਗਈ ਏ। ਅੱਜ ਮੇਰੇ ਘਰ ਮਨੀ ਪਲਾਂਟ ਬਹੁਤ ਏ ਪਰ ਦੌਲਤ ਦਾ ਨਾਂ ਨਿਸ਼ਾਨ ਕੋਈ ਨਹੀਂ। ਭਲਾ ਇੱਕ ਕਾਲਜ ਉਸਤਾਦ ਕੋਲ ਕੀ ਦੌਲਤ ਹੋ ਸਕਦੀ ਏ? ਸ਼ਾਇਦ ਸਰਕਾਰ ਦਾ ਖਿਆਲ ਵੀ ਇਹ ਏ ਕਿ ਉਸਤਾਦਾਂ ਲੋਕਾਂ ਕੋਲ ਇਲਮ ਦੀ ਜਿਹੜੀ ਦੌਲਤ ਹੁੰਦੀ ਏ, ਉਨੀ ਇਹਨਾਂ ਲਈ ਕਾਫ਼ੀ ਏ। ਸਾਲ ਦੇ ਸਾਲ ਜਦੋਂ ਆਮਦਨ ਦੇ ਗੋਸ਼ਵਾਰੇ ਭਰਨੇ ਹੁੰਦੇ ਨੇ ਤਾਂ ਜਾਇਦਾਦ, ਕਾਰ, ਕੋਠੀ ਵਗ਼ੈਰਾ ਦੇ ਖਾਨਿਆਂ ਵਿੱਚ ਮੈਨੂੰ ਨਿਲ (ਂਲਿ) ਦਾ ਲਫ਼ਜ਼ ਭਰਦਿਆਂ ਖ਼ਿਆਲ ਆਉਂਦਾ ਏ ਕਿ ਏਥੇ ਕੋਈ ਇੰਜ ਦਾ ਖਾਨਾ ਵੀ ਹੋਣਾ ਚਾਹੀਦਾ ਸੀ, ਜਿਹਦੇ ਵਿੱਚ ਮੈਂ ਲਿਖ ਸਕਦਾ ਕਿ ਮੇਰੇ ਸਿਰ ਉੱਤੇ ਏੰਨਾ ਕਰਜ਼ ਵੀ ਏ...
ਗੱਲ ਕੁਰਾਹੇ ਪੈ ਚੱਲੀ ਸੀ। ਮਨੀ ਪਲਾਂਟ ਬਾਰੇ ਇੱਕ ਗੱਲ ਇਹ ਵੀ ਮਸ਼ਹੂਰ ਏ ਕਿ ਜੇ ਇਹਦੀ ਟਾਹਣੀ ਚੋਰੀ ਕਰਕੇ ਲਾਈ ਜਾਵੇ ਚਾਂ ਬਹੁਤੀ ਵਧਦੀ ਏ, ਫੇਰ ਦੌਲਤ ਲਿਆਉਂਦੀ ਏ। ਇੱਕ ਮਿੰਟ ਠਹਿਰੋ...ਹਾਂ, ਇਹੀ ਗੱਲ ਹੋਵੇਗੀ। ਮੈਂ ਕਦੀ ਮਨੀ ਪਲਾਂਟ ਦੀ ਟਾਹਣੀ ਚੋਰੀ ਕਰਕੇ ਨਹੀਂ ਲਾਈ, ਸ਼ਾਇਦ ਦੌਲਤ ਨਾ ਆਉਣ ਦਾ ਕਾਰਨ ਵੀ ਏਹੋ ਹੋਵੇ। ਦੌਲਤ ਵੀ ਅਜੀਬ ਚੀਜ਼ ਏ, ‘‘ਚੋਰੀ'' ਵਾਲੇ ਤਰੀਕੇ ਵਰਤੇ ਬਗ਼ੈਰ ਹੱਥ ਨਹੀਂ ਆਉਂਦੀ, ਭਾਵੇਂ ਉਹ ਮਨੀ ਪਲਾਂਟ ਦੀ ਟਾਹਣੀ ਦੀ ਚੋਰੀ ਕਿਉਂ ਨਾ ਹੋਵੇ।
ਮੈਨੂੰ ਇੱਕ ਹੋਰ ਖ਼ਬਤ ਵੀ ਏ। ਮੈਂ ਮਨੀ ਪਲਾਂਟ ਨੂੰ ਬੋਤਲ ਵਿੱਚ ਲਾਉਂਦਾ ਤੇ ਆਂ ਪਰ ਜਦੋਂ ਉਹ ਜੜ੍ਹਾਂ ਕੱਢਣ ਲੱਗਦਾ ਏ ਤਾਂ ਉਹਨੂੰ ਜ਼ਮੀਨ ਵਿੱਚ ਲਾ ਦੇਂਦਾ ਆਂ। ਮੇਰੀ ਬੀਵੀ ਅਕਸਰ ਕਹਿੰਦੀ ਹੁੰਦੀ ਏ, ‘‘ਤੁਹਾਨੂੰ ਜ਼ਮੀਨ ਵਿੱਚ ਮਨੀ ਪਲਾਂਟ ਲਾਉਣ ਦਾ ਕੀ ਖ਼ਬਤ ਏ।' ਚੰਗਾ ਭਲਾ ਬੋਤਲ ਵਿੱਚ ਲੱਗਾ ਸੋਹਣਾ ਲੱਗਦਾ ਏ ਪਰ ਜ਼ਰਾ ਵੀ ਜੜ੍ਹਾਂ ਕੱਢਦਾ ਏ ਤਾਂ ਤੁਸੀਂ ਉਹਨੂੰ ਪਾਣੀ ਵਿੱਚੋਂ ਕੱਢ ਕੇ ਜ਼ਮੀਨ ਵਿੱਚ ਲਾ ਦਿੰਦੇ ਓ।''
ਦੱਸੋ! ਏਸ ਗੱਲ ਦਾ ਕੀ ਜਵਾਬ ਦਿਆਂ? ਜੇ ਆਖਾਂ ਕਿ ਬੂਟੇ ਵੀ ਜਾਨਦਾਰ ਹੁੰਦੇ ਨੇ, ਉਹਨਾਂ ਨੂੰ ਵੀ ਹਵਾ, ਪਾਣੀ ਤੇ ਮਿੱਟੀ ਦੀ ਲੋੜ ਹੁੰਦੀ ਏ ਤਾਂ ਉਹ ਇਹੋ ਆਖੇਗੀ ਕਿ ਤੁਸੀਂ ਆਪਣਾ ਫ਼ਲਸਫ਼ਾ ਕੋਲ ਰੱਖੋ, ਜੇ ਏਨੀ ਹੀ ਹਮਦਰਦੀ ਸੀ ਤਾਂ ਨਰਸਰੀ ਵਿੱਚ ਈ ਲੱਗਾ ਰਹਿਣ ਦੇਣਾ ਸੀ। ਘਰ ਅਸੀਂ ਇਹਨੂੰ ਖ਼ੂਬਸੂਰਤੀ ਵਾਸਤੇ ਲਿਆਉਂਦੇ ਆਂ ਤੇ ਜੋ ਖ਼ੂਬਸੂਰਤੀ ਲਈ ਸਾਨੂੰ ਮਨੀ ਪਲਾਂਟ ਨਾਲ ਮਨ-ਮਰਜ਼ੀ ਕਰਨ ਦਾ ਸਲੂਕ ਕਰਨ ਦਾ ਹੱਕ ਏ। ਪਰਾਇਆ ਤੇ ਡਾਢੇ ਦਾ ਸੱਤੀ ਵੀਹੀਂ ਸੌ ਵਾਲੀ ਗੱਲ ਨਹੀਂ? ਮਨੀ ਪਲਾਂਟ ਦਾ ਸੁਹੱਪਣ ਉਹਦੇ ਲਈ ਮੁਸ਼ਕਲ ਦਾ ਕਾਰਨ ਕਿਉਂ ਏ?
ਮੇਰੇ ਕਾਲਜ ਵਿੱਚ ਵੀ ਵੱਡੇ ਪੱਤਰਾਂ ਵਾਲਾ ਮਨੀ ਪਲਾਂਟ ਮੌਜੂਦ ਏ। ਮਾਲੀ ਸੁਚੱਜੇ ਨਹੀਂ, ਉਹਨਾਂ ਨੇ ਵੱਡੇ-ਵੱਡੇ ਹਾਥੀ ਦੇ ਕੰਨ ਜਿੱਡੇ ਪੱਤਰਾਂ ਵਾਲੇ ਮਨੀ ਪਲਾਂਟ ਰੁੱਖਾਂ ਉੱਤੇ ਚਾੜ੍ਹੇ ਹੋਏ ਨੇ, ਜੋ ਅਜੀਬ ਬਹਾਰ ਪੈਦਾ ਕਰਦੇ ਨੇ। ਅੱਜ ਕੱਲ ਖ਼ਜ਼ਾ ਦੇ ਮੌਸਮ ਵਿੱਚ ਤਾਂ ਦੋ ਈ ਚੀਜਾਂ ਨਾਲ ਬਗ਼ੀਚੇ ਦੀ ਰੌਣਕ ਏ। ਇੱਕ ਗੁਲਦਾਊਦੀ ਤੇ ਦੂਜਾ ਮਨੀ ਪਲਾਂਟ ਦੇ ਛੇਡ ਵਾਲੇ ਪੱਤਰ। ਤੇ ਜਦੋਂ ਮੈਂ ਆਖਰੀ ਪੀਰੀਅਡ ਪੜ੍ਹਾ ਕੇ, ਸਾਰਾ ਦਿਮਾਗ਼ ਖ਼ਰਚ ਕਰਕੇ ਹੱਫ਼ਿਆ ਹੋਇਆ ਨਿਕਲਦਾ ਆਂ ਤਾਂ ਇਹਨਾਂ ਦੋ ਚੀਜਾਂ ਦੀ ਦੀਦ ਈ ਮੇਰੇ ਦਿਮਾਗ਼ ਨੂੰ ਸਕੂਨ ਦੇਂਦੀ ਏ...
ਮੈਂ ਕਾਲਜ ਵਿੱਚੋਂ, ਨੌਵਾਂ ਪੀਰੀਅਡ ਪੜ੍ਹਾ ਕੇ ਨਿਕਲਿਆ। ਆਖਰੀ ਪੀਰੀਅਡ ਹੋਵਣ ਪਾਰੋਂ ਹਰ ਪਾਸੇ ਬੇਰੌਣਕੀ ਸੀ। ਸੂਰਜ ਦੀ ਮਰੀਅਲ ਤੇ ਕਮਜ਼ੋਰ ਧੁੱਪ ਵਿੱਚ ਇੱਕਾ-ਦੁੱਕਾ ਪੜ੍ਹਿਆਰ ਕਿਤਾਬਾਂ ਦਾ ਭਾਰ ਚਾਈ ਥੱਕੇ-ਥੱਕੇ ਜਾ ਰਹੇ ਸਨ। ਦੁਪਹਿਰ ਦੇ ਢਾਈ ਵਜੇ ਤੀਕ ਉਹੀ ਪੜ੍ਹਿਆਰ ਕਾਲਜ ਵਿੱਚ ਟਿਕਦਾ ਏ ਜਿਹੜਾ ਮਿਹਨਤ ਕਰਨ ਵਾਲਾ ਹੁੰਦਾ ਏ। ਘਰ ਜਾਵਣ ਦੀ ਕਾਹਲ ਦੇ ਬਾਵਜੂਦ ਇਸ ਸਮੇਂ ਬੰਦੇ ਨੂੰ ਭੁੱਖ ਤੇ ਥਕੇਵਾਂ ਤੇਜ਼ ਨਹੀਂ ਟੁਰਨ ਦੇਂਦੇ। ਮੈਂ ਬੱਸ ਸਟਾਪ ਨੂੰ ਜਾ ਰਿਹਾ ਸਾਂ। ਪਿੱਛੋਂ ਸਲਾਮ ਦੀ ਆਵਾਜ਼ ਆਈ ਤਾਂ ਜਵਾਬ ਦੇਂਦਿਆਂ ਮੈਂ ਮੁੜ ਕੇ ਵੇਖਿਆ ਉਹੀ ਸੀ ਜੋ ਚੰਦ ਦਿਨ ਪਹਿਲਾਂ ਉਰਦੂ ਐਡਵਾਂਸ ਦਾ ਮਜ਼ਮੂਨ ਛੱਡ ਕੇ ਮੇਰੇ ਕੋਲ ਪੰਜਾਬੀ ਵਿੱਚ ਆਇਆ ਸੀ। ਕਲਾਸ ਗਿਣਤੀ ਬਹੁਤੀ ਹੋਵਣ ਦੇ ਬਾਵਜੂਦ ਮੈਂ ਕਦੀ ਪੰਜਾਬੀ ਪੜ੍ਹਾਉਣ ਤੋਂ ਨਾਂਹ ਨਹੀਂ ਕੀਤੀ, ਇਸ ਲਈ ਇਹਦਾ ਨਾਂ ਵੀ ਰਜਿਸਟਰ ਉੱਤੇ ਚਾੜ੍ਹ ਲਿਆ ਸੀ। ਤਬਾਕ ਵਰਗਾ ਮੂੰਹ, ਗਲ੍ਹਾਂ ਦੀਆਂ ਹੱਡੀਆਂ ਉੱਭਰੀਆਂ ਹੋਈਆਂ, ਸਿਰ ਦੇ ਵਾਲਾਂ ਦੀ ਫ਼ੌਜੀ ਕੱਟ ਪਾਰੋਂ ਉਹਦੇ ਕੰਨ ਵੱਡੇ ਲੱਗਦੇ ਸਨ। ਸੁੱਕੇ ਜਿਸਮ ਪਾਰੋਂ ਲੰਮਾ ਕੱਦ ਹੋਰ ਵੀ ਲੰਮਾ ਲੱਗਦਾ। ਉਹਦੇ ਬੇਡੋਲ ਜੁੱਸੇ ਉੱਤੇ ਆ ਕੇ ਕਾਲਜ ਦਾ ਯੂਨੀਫਾਰਮ ਵੀ ਬੇਡੋਲ ਹੋ ਗਿਆ ਸੀ। ਚਿਹਰੇ ਦੀ ਬੇਰੌਣਕੀ ਭੁੱਖ ਪਾਰੋਂ ਹੋਰ ਵੀ ਵਧ ਗਈ ਜਾਪਦੀ ਸੀ। ਉਹ ਮੇਰੇ ਨਾਲ-ਨਾਲ ਟੁਰਨ ਲੱਗ ਪਿਆ। ਕੁਝ ਦੇਰ ਅਸੀਂ ਚੁੱਪ ਟੁਰਦੇ ਗਏ।
‘‘ਸਰ! %ਪੰਜਾਬੀ ਮੇਂ ਕਿਤਨੇ ਨੰਬਰ ਆ ਜਾਤੇ ਹੈਂ?'' ਆਪਣੇ ਮਤਲਬ ਦੀ ਗੱਲ ਕਰਕੇ ਉਹਨੇ ਗੱਲਬਾਤ ਸ਼ੁਰੂ ਕੀਤੀ। ਮੈਨੂੰ ਪਹਿਲਾਂ ਦਾ ਅੰਦਾਜ਼ਾ ਸੀ ਕਿ ਉਹ ਵੀ ਵਧੇਰੇ ਦੂਜੇ ਪੜ੍ਹਿਆਰਾਂ ਵਾਂਗ ਨੰਬਰ ਲੈਣ ਲਈ ਪੰਜਾਬੀ ਵਾਲੇ ਪਾਸੇ ਆਇਆ ਏ।
‘‘ਬਰਖ਼ੁਰਦਾਰ ਤੁਸੀਂ ਜਿੰਨੀ ਮਿਹਨਤ ਕਰੋਗੇ, ਓਨੇ ਈ ਨੰਬਰ ਆਉਣਗੇ'' ਮੇਰਾ ਜਵਾਬ ਉਹੀ ਸੀ ਜੋ ਅਜਿਹੇ ਮੌਕੇ ਦਿੱਤਾ ਜਾਂਦਾ ਏ।
‘‘ਸਰ ਫਿਰ ਭੀ?'' ਉਹਨੇ ਅਸਰਾਰ ਕੀਤਾ। ਸ਼ਾਇਦ ਉਹਦਾ ਖ਼ਿਆਲ ਸੀ ਕਿ ਮੈਂ ਨੰਬਰ ਬਹੁਤੇ ਲੈਣ ਦਾ ਕੋਈ ਹੋਰ ਤਰੀਕਾ ਵੀ ਉਸਨੂੰ ਦਸਾਂਗਾ।
‘‘ਬਈ ਨੰਬਰਾਂ ਦਾ ਤਾਅਲੁੱਕ ਮਿਹਨਤ ਨਾਲ ਹੁੰਦਾ ਏ। ਜੇ ਤੁਸੀਂ ਰੱਜ ਕੇ ਮਿਹਨਤ ਕਰੋਗੇ ਤਾਂ ਦੋ ਸੌ ਵਿੱਚੋਂ ਡੇਢ ਸੌ ਤੱਕ ਆ ਜਾਣਗੇ।'' ਇਹ ਗੱਲ ਕਰਦਿਆਂ ਮੈਨੂੰ ਖ਼ਿਆਲ ਆਇਆ ਕਿ ਖ਼ੌਰੇ ਉਹਨੇ ਲਫ਼ਜ਼ ਰੱਜ ਕੇ ਦਾ ਮਤਲਬ ਸਮਝਿਆ ਵੀ ਏ ਜਣ ਨਹੀਂ। ਇਹਨਾਂ ਦੇ ਪੰਜਾਬੀ ਮਾਪਿਆਂ ਨੇ ਇਹਨਾਂ ਨਾਲ ਉਰਦੂ ਬੋਲ ਕੇ ਤੇ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਾ ਕੇ ਇਹਨਾਂ ਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਿਆ। ਅਗੋਂ ਉਹ ਚੁੱਪ ਰਿਹਾ।
ਗੱਲ ਨੂੰ ਅੱਗੇ ਟੋਰਨ ਲਈ ਮੈਂ ਪੁੱਛਿਆ,। ‘‘ਤੁਸੀਂ ਮਜ਼ਮੂਨ ਤਬਦੀਲ ਕਰਕੇ ਸ਼ਾਇਦ ਇਸ ਲਈ ਪੰਜਾਬੀ ਵਿੱਚ ਆਏ ਓ ਕਿ ਤੁਹਾਡੇ ਨੰਬਰ ਬਹੁਤੇ ਆ ਸਕਣ।
ਉਹ ਕੁਝ ਹਿਚਕਚਾਇਆ। ‘‘ਸਰ ਅਸਲ ਮੇਂ ਉਰਦੂ ਅਡਵਾਂਸ ਬਹੁਤ ਮੁਸ਼ਕਲ ਹੈ। ਟੈਸਟ ਮੇਂ ਮੇਰੇ ਸਿਰਫ਼ ਪਾਸ ਮਾਰਕ੍ਰਸ ਆਏ ਤੋਂ ਮੇਰੀ ਅੰਮੀ ਬਹੁਤ ਨਾਰਾਜ਼ ਹੁਈਂ। ਵੋ ਹਾਈ ਬਲੱਡ ਪ੍ਰੈਸ਼ਰ ਔਰ ਸ਼ੂਗਰ ਕੀ ਮਰੀਜ਼ ਹੈਂ ਔਰ ਸੋਚਤੀ ਰਹਿਤੀ ਹੈਂ। ਤੋ ਫਿਰ ਮੈਨੇਂ ਸੋਚਾ ਕਿ ਉਰਦੂ ਅਡਵਾਂਸ ਮੇਂ ਤੋ ਹਮੇਸ਼ਾ ਨੰਬਰ ਕਮ ਆਏਂਗੇ ਔਰ ਮੇਰੀ ਅੰਮੀ ਹਮੇਸ਼ਾਂ ਪਰੇਸ਼ਾਨ ਰਹੇਗੀ। ਇਸ ਲੀਏ ਮੈਂ ਉਰਦੂ ਅਡਵਾਂਸ ਛੋੜ ਕਰ ਪੰਜਾਬੀ ਮੇਂ ਆ ਗਿਆ।''
‘‘ਪੰਜਾਬੀ ਤੁਹਾਨੂੰ ਕੈਸੀ ਲੱਗੀ?''
‘‘ਸਰ ਅੱਛੀ ਹੈ। ਉਰਦੂ ਅਡਵਾਂਸ ਸੇ ਤੋ ਆਸਾਨ ਹੈ। ਸਰ ਅਸਲ ਮੇਂ ਹਮਾਰੇ ਘਰ ਮੇਂ ਉਰਦੂ ਬੋਲੀ ਜਾਤੀ ਹੈ ਲੇਕਿਨ ਘਰ ਸੇ ਬਾਹਰ ਕਭੀ-ਕਭੀ ਪੰਜਾਬੀ ਬੋਲ ਲੇਤੇ ਥੇ। ਇਸ ਲੀਏ ਮੁਝੇ ਥੋੜ੍ਹੀ-ਥੋੜ੍ਹੀ ਪੰਜਾਬੀ ਆਤੀ ਹੈ।''
ਤੁਸੀਂ ਕੋਸ਼ਿਸ਼ ਕਰਿਆ ਕਰੋ ਨਾ, ਜ਼ਿਆਦਾ ਬੋਲਣ ਦੀ। ਜੇ ਤੁਸੀਂ ਪੰਜਾਬੀ ਵਿੱਚ ਚੰਗੇ ਨੰਬਰ ਲੈਣੇ ਨੇ ਤਾਂ ਪੰਜਾਬੀ ਚੰਗੀ ਤਰ੍ਹਾਂ ਬੋਲਣੀ ਤੇ ਲਿਖਣੀ ਪੜ੍ਹਨੀ ਆਉਣੀ ਚਾਹੀਦੀ ਏ।''
‘‘ਯੈਸ ਸਰ!''
‘‘ਤੇ ਫੇਰ ਮੇਰੇ ਨਾਲ ਕੋਈ ਪੰਜਾਬੀ ਦਾ ਫ਼ਿਕਰਾ ਬੋਲੋ!'' ਮੈਂ ਫ਼ਰਮਾਇਸ਼ ਕਰ ਦਿੱਤੀ।
ਉਹਨੂੰ ਝਾਕਾ ਆ ਗਿਆ।
‘‘ਸਰ ਗੱਲ ਏ ਹੈ ਕਿ ਮੈਨੂੰ ਪਰੈਕਟਿਸ ਨਹੀਂ ਏ।''
‘‘ਬਈ ਕੋਈ ਕੰਮ ਕਰੋਗੇ ਤਾਂ ਉਹਦੀ ਪਰੈਕਟਿਸ ਹੋਵੇਗੀ। ਕਲਾਸ ਵਿੱਚ, ਕਮ ਅਜ ਕਮ ਪੰਜਾਬੀ ਦੇ ਪੀਰੀਅਡ ਵਿੱਚ ਪੰਜਾਬੀ ਬੋਲਿਆ ਕਰੋ, ਆਪੇ ਆ ਜਾਵੇਗੀ। ਫੇਰ ਨੰਬਰ ਵੀ ਚੰਗੇ ਆਉਣਗੇ।''
‘‘ਯੈਸ ਸਰ''
‘‘ਤੁਸੀਂ ਮੈਟਰਿਕ ਕਿੱਥੋਂ ਕੀਤੀ ਸੀ?''
ਜਵਾਬ ਵਿੱਚ ਉਹਨੇ ਇੱਕ ਮਸ਼ਹੂਰ ਅੰਗਰੇਜ਼ੀ -ਮੀਡੀਅਮ ਸਕੂਲ ਦਾ ਨਾਂ ਲੈ ਦਿੱਤਾ। ਅੰਗਰੇਜ਼ੀ ਮੀਡੀਅਮ ਸਕੂਲ ਵਿੱਚ ਪੜ੍ਹ ਕੇ ਉਹ ਉਰਦੂ ਮੀਡੀਅਮ ਕਾਲਜ ਵਿੱਚ ਆਇਆ ਸੀ ਤੇ ਹੁਣ ਪੰਜਾਬੀ ਰਾਹੀਂ ਬਹੁਤੇ ਨੰਬਰ ਲੈ ਕੇ ਮਾਂ ਨੂੰ ਖੁਸ਼ ਕਰਨਾ ਚਾਹੁੰਦਾ ਸੀ।
ਬੱਸ ਸਟਾਪ ਵਾਲਾ ਚੌਂਕ ਆ ਚੁੱਕਿਆ ਸੀ, ਮੈਂ ਇੱਥੋਂ ਸਟੇਸ਼ਨ ਜਾਵਣ ਵਾਲੀ ਟਰੇਨ ਫੜਨੀ ਸੀ। ‘‘ਸਰ ਥੈਂਕ ਯੂ ਵੈਰੀ ਮਚ, ਆਪ ਨੇ ਮੁਝੇ ਕੰਪਨੀ ਦੀ। ਸੀ ਯੂ...'' ਇਹ ਆਖ ਕੇ ਉਹ ਖੱਬੇ ਪਾਸੇ ਵੱਲ ਮੁੜਨ ਲੱਗਾ।
‘‘ਨਹੀਂ ਬਈ ਇੰਜ ਨਹੀਂ...'' ਮੈਂ ਨਾਂਹ ਵਿੱਚ ਸਿਰ ਹਿਲਾਇਆ, ਉਹ ਖਲੋ ਗਿਆ ਤੇ ਸਵਾਲੀਆ ਨਜ਼ਰਾਂ ਨਾਲ ਮੇਰੇ ਵੱਲ ਵੇਖਣ ਲੱਗ ਪਿਆ।
‘‘ਮੌਨੂੰ ਤੁਸੀਂ ਇੰਝ ਆਖੋਗੇ। ਸਰ ਤੁਹਾਡੀ ਮਿਹਰਬਾਨੀ ਕਿ ਤੁਸੀਂ ਮੇਰਾ ਸਾਥ ਦਿੱਤਾ, ਫੇਰ ਮਿਲਾਂਗੇ।'' ਮੈਂ ਮੁਸਕਰਾ ਕੇ ਆਖਿਆ।
ਉਹ ਵੀ ਮੁਸਕਰਾਇਆ, ‘‘ਸਰ ਤੁਹਾਡੀ ਮਿਹਰਬਾਨੀ ਕਿ ਤੁਸੀਂ ਮੇਰਾ ਸਾਥ ਦਿੱਤਾ, ਫੇਰ ਮਿਲਾਂਗੇ।'' ਉਹ ਮੁਸਕਰਾਉਣ ਦੇ ਨਾਲ ਸ਼ਰਮਾ ਵੀ ਗਿਆ।''
‘‘ਸ਼ਰਮਾਣ ਦੀ ਜ਼ਰੂਰਤ ਨਹੀਂ, ਪੰਜਾਬੀ ਬੋਲਿਆ ਕਰੋ।''
‘‘ਜੀ ਸਰ''
ਖੌਰੇ ਮੌਨੂੰ ਉਸ ਵੇਲੇ ਮਨੀ ਪਲਾਂਟ ਦਾ ਖਿਆਲ ਕਿਉਂ ਆ ਗਿਆ। ਬੇਜੜ੍ਹ ਮਨੀ ਪਲਾਂਟ ਪਾਣੀ ਵਾਲੀ ਬੋਤਲ ਵਿੱਚ ਲੱਗਾ ਜਿਹਨੂੰ ਪੱਟਣਾ ਚਾਹੋ ਤਾਂ ਜ਼ਰਾ ਵੀ ਮਜ਼ਾਹਮਤ ਨਾ ਕਰੇ। ਬੇਸ਼ਕ ਬੋਤਲ 'ਚੋਂ ਖਿੱਚ ਕੇ ਪਰ੍ਹਾਂ ਵਗਾਹ ਮਾਰੋ। ਜੇ ਇਹਦੀਆਂ ਜੜ੍ਹਾਂ ਜ਼ਮੀਨ ਵਿੱਚ ਹੋਵਣ ਤਾਂ ਮਜ਼ਾਹਮਤ ਕਰੇ ਵੀ। ਵੇਖਣ ਨੂੰ ਚੰਗਾ ਪਰ ਅਸਲੇ ਤੋਂ ਖਾਲੀ। ਬੀਵੀ ਅਕਸਰ ਕਹਿੰਦੀ ਹੁੰਦੀ ਏ, ‘‘ਤੁਹਾਨੂੰ ਜ਼ਮੀਨ ਵਿੱਚ ਮਨੀ ਪਲਾਂਟ ਲਾਣ ਦਾ ਕੀ ਖ਼ਬਤ ਏ। ਚੰਗਾ ਭਲਾ ਬੋਤਲ ਵਿੱਚ ਲੱਗਾ ਸੋਹਣਾ ਲੱਗਦਾ ਏ। ਪਰ ਜ਼ਰਾ ਵੀ ਜੜ੍ਹਾਂ ਕੱਢਦਾ ਏ ਤਾਂ ਤੁਸੀਂ ਉਹਨੂੰ ਪਾਣੀ ਵਿੱਚੋਂ ਕੱਢ ਕੇ ਜ਼ਮੀਨ ਵਿੱਚ ਲਾ ਦਿੰਦੇ ਓ'' ਹੁਣ ਆਖੇਗੀ ਤਾਂ ਉਹਨੂੰ ਦਸਾਂਗਾ ਕਿ ਭਾਵੇਂ ਕਿੰਨਾ ਸੋਹਣਾ ਪਿਆ ਲੱਗੇ, ਮਨੀ ਪਲਾਂਟ ਦੇ ਬੂਟੇ ਦਾ ਅਸਲ ਕੰਮ ਮਿੱਟੀ ਵਿੱਚ ਜੜ੍ਹਾਂ ਫੜ ਕੇ ਵੱਧਣਾ-ਫੁਲਣਾ ਏ ਨਾਲੇ ਸੁਹੱਪਣ ਦਾ ਬੋਤਲ ਨਾਲ ਕੀ ਤਾਅਲੁੱਕ? ਬੂਟਾ ਸਦਾ ਸੁਹਣਾ ਹੁੰਦਾ ਏ।
ਘਰ ਅੱਗੇ ਮੈਂ ਬੋਤਲ ਵਿੱਚ ਮਨੀ ਪਲਾਂਟ ਨੂੰ ਵੇਖਿਆ, ਜਿਹੜਾ ਹਿੱਸਾ ਪਾਣੀ ਵਿੱਚ ਡੁੱਬਿਆ ਸੀ ਉਹਦੇ ਜੋੜਾਂ ਉੱਤੇ ਜੜ੍ਹਾਂ ਦੀਆਂ ਜ਼ਰਾ-ਜ਼ਰਾ ਖੂੰਟੀਆਂ ਨਿਕਲਣ ਲੱਗ ਪਈਆਂ ਸਨ। ਇੱਕ ਦੋ ਦਿਨਾਂ ਨੂੰ ਇਹ ਖੂੰਟੀਆਂ ਜੜ੍ਹਾਂ ਬਣ ਜਾਵਣਗੀਆਂ, ਮੈਂ ਸੋਚਿਆ, ਬਸ ਜ਼ਰਾ ਜੜ੍ਹਾਂ ਕੱਢ ਲਵੇ ਫੇਰ ਮੈਂ ਇਹਨੂੰ ਮਿੱਟੀ ਵਿੱਚ ਲਾ ਦਿਆਂਗਾ।
(ਲਿਪੀਆਂਤਰ: ਡਾ. ਸਤਪਾਲ ਕੌਰ)

  • ਮੁੱਖ ਪੰਨਾ : ਜਮੀਲ ਅਹਿਮਦ ਪਾਲ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ