Mudhli Kahani : Alif Laila

ਮੁੱਢਲੀ ਕਹਾਣੀ : ਅਲਿਫ਼ ਲੈਲਾ

ਅਰਬ ਦੇਸ ਵਿਚ ਇਕ ਬਾਦਸ਼ਾਹ ਸੀ ਸ਼ਹਿਰਯਾਰ। ਸ਼ਹਰਯਾਰ ਨੇ ਆਪਣੀ ਮਲਕਾ ਨੂੰ ਜਦੋਂ ਆਪਣੇ ਹੀ ਇੱਕ ਗ਼ੁਲਾਮ ਨਾਲ ਪਿਆਰ- ਮੁਹੱਬਤ ਦੀਆਂ ਗੱਲਾਂ ਕਰਦਿਆਂ ਤੱਕਿਆ ਤਾਂ ਉਸ ਨੇ ਗੁੱਸੇ ਵਿੱਚ ਆ ਕੇ ਦੋਵਾਂ ਦਾ ਕਤਲ ਕਰਵਾ ਦਿੱਤਾ। ਆਪਣੀ ਪਤਨੀ ਵੱਲੋਂ ਕੀਤੀ ਗਈ ਬੇਵਫ਼ਾਈ ਕਾਰਨ ਸਮੁੱਚੀ ਔਰਤ ਜਾਤੀ ਉਹਦੀ ਅੱਖ ਦਾ ਰੋੜ ਬਣ ਗਈ। ਔਰਤਾਂ ਤੋਂ ਬਦਲਾ ਲੈਣ ਦੀ ਨੀਤ ਨਾਲ ਉਹ ਹਰ ਰੋਜ਼ ਵਿਆਹ ਰਚਾਉਂਦਾ। ਉਸ ਨੇ ਇਹ ਸ਼ਰਤ ਰੱਖੀ ਹੋਈ ਸੀ ਕਿ ਉਹ ਉਸ ਇਸਤਰੀ ਨੂੰ ਆਪਣੀ ਮਲਕਾ ਬਣਾ ਲਵੇਗਾ ਜਿਹੜੀ ਉਸ ਨੂੰ ਹਰ ਰਾਤ ਨੂੰ ਇੱਕ ਨਵੀਂ ਕਹਾਣੀ ਸੁਣਾਇਆ ਕਰੇਗੀ ਪਰ ਜਦੋਂ ਉਸ ਦੀਆਂ ਕਹਾਣੀਆਂ ਖ਼ਤਮ ਹੋ ਗਈਆਂ, ਉਹ ਉਸ ਨੂੰ ਕਤਲ ਕਰ ਦੇਵੇਗਾ। ਇਉਂ ਜਿਹੜੀ ਵੀ ਔਰਤ ਅਜਿਹਾ ਕਰਨ ਲਈ ਅੱਗੇ ਆਉਂਦੀ, ਕੁਝ ਇੱਕ ਕਹਾਣੀਆਂ ਸੁਣਾ ਕੇ ਹਾਰ ਜਾਂਦੀ। ਅਗਲੇ ਦਿਨ ਬਾਦਸ਼ਾਹ ਉਸ ਔਰਤ ਨੂੰ ਕਤਲ ਕਰ ਦਿੰਦਾ। ਬਾਦਸ਼ਾਹ ਨਾਲ ਹੁਣ ਕੋਈ ਆਪਣੀ ਲੜਕੀ ਵਿਆਹੁਣ ਨੂੰ ਤਿਆਰ ਨਹੀਂ ਸੀ !

ਆਖ਼ਰ ਬਾਦਸ਼ਾਹ ਨੇ ਆਪਣੇ ਵੱਡੇ ਵਜ਼ੀਰ ਨੂੰ ਕੋਈ ਚੰਗਾ ਸਾਕ ਲੱਭਣ ਲਈ ਕਿਹਾ ! ਵਜ਼ੀਰ ਹੈਰਾਨ ਸੀ ਕਿ ਉਹ ਚੰਗਾ ਸਾਕ ਕਿਥੋਂ ਲੱਭੇ ।

ਉਸ ਦੀ ਲੜਕੀ ਸ਼ਹਿਰਜ਼ਾਦੀ ਨੇ ਆਪਣੇ ਪਿਤਾ ਤੋਂ ਉਹਦੀ ਪਰੇਸ਼ਾਨੀ ਦਾ ਕਾਰਨ ਪੁੱਛਿਆ, ਜਿਸ ਤੇ ਵਜ਼ੀਰ ਨੇ ਉਹਨੂੰ ਸਾਰੀ ਗੱਲ ਦਿੱਤੀ । ਸ਼ਹਿਰਜ਼ਾਦੀ ਨੇ ਉੱਤਰ ਦਿੱਤਾ, "ਤੁਸੀਂ ਫ਼ਿਕਰ ਨ ਕਰੋ । ਮੇਰਾ ਬਾਦਸ਼ਾਹ ਨਾਲ ਵਿਆਹ ਕਰ ਦਿਓ । ਬਾਕੀ ਸਭ ਕੁਝ ਮੈਂ ਆਪੇ ਸਾਂਭ ਲਵਾਂਗੀ ।"

ਸ਼ਹਿਰਜ਼ਾਦੀ ਦਾ ਵਿਆਹ ਹੋ ਗਿਆ। ਉਹਨੇ ਪਹਿਲੀ ਰਾਤ ਹੀ ਬਾਦਸ਼ਾਹ ਨੂੰ ਇਕ ਬੜੀ ਦਿਲਚਸਪ ਕਹਾਣੀ ਸੁਣਾਈ ਅਤੇ ਨਾਲ ਹੀ ਇੱਕ ਹੋਰ ਸੁਆਦਲੀ ਕਹਾਣੀ ਸ਼ੁਰੂ ਕਰ ਦਿੱਤੀ ਬਾਦਸ਼ਾਹ ਨੇ ਅਗਲੀ ਕਹਾਣੀ ਸੁਣਨ ਲਈ ਉਸਦੀ ਜਾਨ ਅਗਲੇ ਦਿਨ ਲਈ ਬਖ਼ਸ਼ ਦਿੱਤੀ । ਇਸ ਤਰ੍ਹਾਂ ਇਹ ਸਿਲਸਿਲਾ ਚਲਦਾ ਰਿਹਾ, ਸ਼ਹਿਰਜ਼ਾਦੀ ਕਹਾਣੀ ਪੂਰੀ ਕਰਕੇ ਨਾਲ ਹੀ ਦੂਸਰੀ ਕਹਾਣੀ ਸ਼ੁਰੂ ਕਰ ਦਿੰਦੀ ਅਤੇ ਬਾਦਸ਼ਾਹ ਅਗਲੇ ਦਿਨ ਲਈ ਉਸਦੀ ਜਾਨ ਬਖ਼ਸ਼ ਦਿੰਦਾ ।

ਸ਼ਹਿਰਜ਼ਾਦੀ ਨੇ ਉਹਨੂੰ ਇਕ ਹਜ਼ਾਰ ਇਕ ਕਹਾਣੀਆਂ ਸੁਣਾਈਆਂ ਅਤੇ ਇਸੇ ਤਰ੍ਹਾਂ ਤਿੰਨ ਸਾਲ ਲੰਘ ਗਏ । ਕਹਾਣੀਆਂ ਸੁਣ ਕੇ ਬਾਦਸ਼ਾਹ ਸ਼ਹਿਰਜ਼ਾਦੀ ਦੀ ਅਕਲ ਅਤੇ ਚਤੁਰਾਈ ਨਾਲ ਮੋਹਿਆ ਗਿਆ ਅਤੇ ਉਹਨੂੰ ਸਦਾ ਲਈ ਆਪਣੀ ਰਾਣੀ ਬਣਾ ਲਿਆ ।

ਇਹਨਾਂ ਇਕ ਹਜ਼ਾਰ ਇਕ ਕਹਾਣੀਆਂ ਦੇ ਸੰਗਰਹਿ ਨੂੰ ‘ਅਲਫ਼ ਲੈਲਾ', ਭਾਵ 'ਕਾਲੀ ਰਾਤ', ਕਹਿੰਦੇ ਹਨ ! ਇਹ ਦੁਨੀਆਂ ਭਰ ਵਿਚ ਪ੍ਰਸਿਧ ਹਨ ।

  • ਮੁੱਖ ਪੰਨਾ : ਅਲਿਫ਼ ਲੈਲਾ, ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ