Muftkhora (Punjabi Story) : Ashok Vasishth

ਮੁਫਤਖੋਰਾ (ਕਹਾਣੀ) : ਅਸ਼ੋਕ ਵਾਸਿਸ਼ਠ

“ਖਯਾਲੋਂ ਮੇਂ...!”
“ਓਹ ਸੁਮੇਸ਼ ਤੂੰ...ਵ੍ਹਟ ਏ ਪਲੈਯਰ!” ਸੁਰਭੀ ਦੇ ਮੂੰਹੋਂ ਨਿਕਲਿਆ।
“ਯਸ, ਕੋਈ ਸ਼ੱਕ?”
“ਬਿਲਕੁਲ ਨਹੀਂ!”
“ਚੱਲੀਏ ਫੇਰ?”
“ਜਰੂਰ, ਜੋ ਹੁਕਮ ਮੇਰੇ ਆਕਾ।” ਸੁਮੇਸ਼ ਨੇ ਸ਼ਾਇਰਾਂ ਵਾਲੇ ਅੰਦਾਜ਼ ਵਿਚ ਕਿਹਾ।
“ਪਰ ਜਾਣਾ ਕਿੱਥੇ ਹੈ?” ਸੁਰਭੀ ਨੇ ਤਿਰਛੀ ਨਜ਼ਰ ਨਾਲ ਦੇਖਦਿਆਂ ਸਵਾਲ ਕੀਤਾ।
“ਜਿੱਧਰ ਹਜੂਰ ਦਾ ਹੁਕਮ ਹੋਵੇ!”
“ਪਰ ਮੈਂ ਤਾਂ ਘਰ ਜਾ ਰਹੀ ਆਂ!” ਸੁਰਭੀ ਨੇ ਦਸਿਆ।
“ਘਰ ਜਰੂਰ ਜਾਓ...ਪਰ ਥੋੜ੍ਹਾ ਰੁਕ ਕੇ।”
“ਰੁਕ ਨਹੀਂ ਸਕਦੀ। ਮੈਂ ਜਾਣਾ ਹੀ ਹੈ।” ਸੁਰਭੀ ਨੇ ਦ੍ਰਿੜ੍ਹਤਾ ਨਾਲ ਕਿਹਾ।
“ਕੋਈ ਖਾਸ ਗੱਲ?”
“ਭੁੱਖ ਨੇ ਜਾਨ ਕੱਢੀ ਪਈ ਐ, ਇਹੋ ਖਾਸ ਗੱਲ ਹੈ। ਕੋਈ ਇਤਰਾਜ?”
“ਠੀਕ ਕਿਹਾ। ਭੁੱਖ ਤਾਂ ਮੈਨੂੰ ਵੀ ਲੱਗੀ ਆ।”
ਸੁਰਭੀ ਨੇ ਕਹਿਣਾ ਚਾਹਿਆ, ‘ਫੇਰ ਤੁਸੀਂ ਵੀ ਚੱਲੋ’ ਪਰ ਉਹ ਕਹਿ ਨਾ ਸਕੀ। ਨਵੀਂ ਨਵੀਂ ਦੋਸਤੀ ਤੇ ਇਕ ਤਰ੍ਹਾਂ ਨਾਲ ਅਣਜਾਣ ਲੜਕੇ ਨੂੰ ਘਰ ਲਿਜਾਣਾ, ਘਰ ਦਿਆਂ ਦੇ ਪ੍ਰਸ਼ਨਾਂ ਦੀ ਬੁਛਾੜ ਸਹਿਣੀ ਤੇ ਹੋਰ ਕਈ ਤਰ੍ਹਾਂ ਦੇ ਕਿੰਤੂ-ਪ੍ਰੰਤੂਆਂ ਨਾਲ ਸਿੱਝਣਾ, ਸੌਖਾ ਕੰਮ ਨਹੀਂ ਸੀ। ਉਸ ਨੇ ਘੇਸ ਵੱਟ ਲਈ।
“ਠੀਕ ਹੈ, ਫਿਰ ਮਿਲਦੇ ਹਾਂ।” ਇਕ ਆਟੋ ਵਾਲਾ ਉਥੇ ਰੁਕਿਆ ਤਾਂ ਸੁਮੇਸ਼ ਦੇ ਜਵਾਬ ਦੀ ਉਡੀਕ ਕੀਤੇ ਬਿਨਾ ਉਸ ਚਾਲੇ ਪਾ ਲਏ। ਥੋੜੀ ਦੂਰ ਜਾਣ ‘ਤੇ ਆਟੋ ਘਰੜ ਘਰੜ ਕਰਕੇ ਰੁਕ ਗਿਆ। ਹਿਚਕੋਲੇ ਖਾਂਦੀ ਸੁਰਭੀ ਹੜਬੜਾ ਜਿਹੀ ਗਈ, “ਕੀ ਹੋਇਆ?”
“ਇੰਜਣ ਵਿਚ ਖਰਾਬੀ ਆ ਗਈ ਐ। ਤੁਸੀਂ ਫਿਕਰ ਨਾ ਕਰੋ।” ਏਨਾ ਆਖ ਆਟੋ ਡਰਾਈਵਰ ਇੰਜਣ ਦੇਖਣ ਲੱਗਾ।
“ਕੋਈ ਗੱਲ ਨਹੀਂ ਜੀ, ਇੰਜ ਹੋ ਜਾਂਦਾ ਏ,” ਇਹ ਸੁਮੇਸ਼ ਦੀ ਆਵਾਜ਼ ਸੀ। ਉਹ ਦੂਜੇ ਆਟੋ ਵਿਚ ਸਵਾਰ ਹੋ ਘਰ ਜਾ ਰਿਹਾ ਸੀ।
“ਓ ਸੁਮੇਸ਼ ਤੂੰ ਮੇਰਾ ਪਿੱਛਾ ਨਹੀਂ ਛਡਿਆ।” ਸੁਰਭੀ ਨੇ ਨਖਰੇ ਜਿਹੇ ਨਾਲ ਕਿਹਾ।
“ਏਦਾਂ ਤਾਂ ਨਾ ਕਹੋ ਮੈਡਮ ਜੀ। ਤੁਸੀਂ ਅੱਗੇ ਅੱਗੇ ਜਾ ਰਹੇ ਸੀ। ਜੇ ਤੁਹਾਡਾ ਆਟੋ ਖਰਾਬ ਹੋ ਗਿਆ ਤਾਂ ਇਹਦੇ ਵਿਚ ਮੇਰਾ ਕੀ ਕਸੂਰ! ਤੁਹਾਨੂੰ ਇਸ ਤਰ੍ਹਾਂ ਹੈਰਾਨ-ਪ੍ਰੇਸ਼ਾਨ ਦੇਖ ਕੇ ਮੈਂ ਰੁਕ ਗਿਆ।”
“ਬਹੁਤੀਆਂ ਗੱਲਾਂ ਨਾ ਮਾਰ, ਜੇ ਕਹੇਂ ਤਾਂ ਮੈਂ ਤੇਰੇ ਆਟੋ ਵਿਚ ਬੈਠ ਜਾਵਾਂ?”
“ਨੇਕੀ ਔਰ ਪੂਛ ਪੂਛ...ਬੰਦਾ ਤੁਹਾਡੈ ਤੇ ਆਟੋ ਵੀ ਤੁਹਾਡਾ। ਦੇਰ ਨਾ ਕਰੋ...ਧੁੱਪ ਲੱਗ ਜਾਏਗੀ। ਫਿਰ ਕਹਿੰਦੇ ਫਿਰੋਗੇ, ਧੁੱਪ ਵਿਚ ਖੜੀ ਕਰਕੇ ਰੰਗ ਕਾਲਾ ਕਰ ਦਿੱਤਾ। ਨਾ ਬਈ ਨਾ, ਅਸੀਂ ਇਹ ਨਹੀਂ ਸੁਣਨਾ। ਤੁਸੀਂ ਝਟ ਪਟ ਆ ਕੇ ਬਹਿ ਜਾਓ।” ਉਸ ਜੇਬ੍ਹ ਵਿਚੋਂ ਦਸ ਦਾ ਨੋਟ ਕੱਢ ਸੁਰਭੀ ਦੇ ਆਟੋ ਡਰਾਈਵਰ ਨੂੰ ਕੋਲ ਸੱਦਿਆ, “ਲੈ ਬਈ ਜਵਾਨਾ, ਤੂੰ ਆਰਾਮ ਨਾਲ ਆਪਣੀ ਗੱਡੀ ਠੀਕ ਕਰਾ, ਕੋਈ ਜਲਦੀ ਨਹੀਂ।”
“ਗੱਲ ਚੰਗੀ ਬਣਾ ਲੈਂਦੇ ਹੋ, ਅਖੇ ਰੰਗ ਨਾ ਕਾਲਾ ਹੋ ਜਾਵੇ, ਏਨੀ ਸੋਹਲ ਵੀ ਨਹੀਂ ਕਿ ਮਾੜੀ ਮੋਟੀ ਧੁੱਪ ਨਾ ਸਹਿ ਸਕਾਂ।” ਸੁਮੇਸ਼ ਦੇ ਕੂਹਣੀ ਮਾਰਦਿਆਂ ਸੁਰਭੀ ਨੇ ਹੌਲੀ ਜਿਹੇ ਕਿਹਾ।
“ਓ ਨਹੀਂ ਜੀ, ਤੁਸੀਂ ਤਾਂ ਫੌਲਾਦ ਜਿਹੇ ਮਜਬੂਤ ਹੋ। ਪਰ ਕੀ ਹੈ ਨਾ ਮੈਡਮ ਜੀ, ਏਨੀ ਸਿਖਰ ਦੁਪਹਿਰੇ ਬਾਹਰ ਖੜ੍ਹੇ ਰਹਿਣ ਨਾਲ ਥੋੜ੍ਹਾ ਬਹੁਤ ਅਸਰ ਤਾਂ ਹੋ ਈ ਜਾਂਦੈ, ਇਸੇ ਲਈ ਕਹਿ ਰਿਹਾ ਸਾਂ।”
“ਬਸ, ਬਸ। ਬਹੁਤ ਹੋ ਗਿਆ, ਕੋਈ ਹੋਰ ਗੱਲ ਕਰ।”
“ਕੀ ਗੱਲ ਕਰਾਂ ਮੈਡਮ ਜੀ, ਤੁਹਾਡਾ ਘਰ ਆਉਣ ਵਾਲਾ, ਤੁਸੀਂ ਫੜਕ ਕਰਕੇ ਉਤਰ ਜਾਣਾ, ਤੇ ਮੈਂ ਵਿਚਾਰਾ... ਕੁਝ ਨਾ ਪੁੱਛੋ ਜੀ!”
“ਮੈਂ ਵਿਚਾਰਾ ਇਥੇ ਇਨ੍ਹਾਂ ਸੜਕਾਂ ਦੀ ਧੂੜ ਫੱਕ ਰਿਹਾ ਹੋਵਾਂਗਾ, ਗਲੀ-ਗਲੀ ਭਟਕਾਂਗਾ, ਕਿਧਰੇ ਢੋਈ ਨਹੀਂ ਮਿਲੇਗੀ। ਅਫਸੋਸ! ਕਿੰਨੀ ਮਾੜੀ ਹਾਲਤ ਐ ਏਸ ਮਹਾਪੁਰਖ ਦੀ, ਚਲ ਕੋਈ ਨਹੀਂ, ਇੰਜ ਵੀ ਹੋ ਜਾਂਦਾ ਏ। ਬੱਚੂ ਜਿੰਨੇ ਮਰਜੀ ਖੇਖਣ ਕਰ ਲੈ, ਅੱਜ ਤੈਨੂੰ ਘਰ ਨਹੀਂ ਲੈ ਕੇ ਜਾਣਾ, ਨਹੀਂ ਲੈ ਕੇ ਜਾਣਾ!” ਸੁਰਭੀ ਨੇ ਸਾਂਗ ਲਾਉਣ ਦੇ ਅੰਦਾਜ਼ ਵਿਚ ਕਿਹਾ ਤਾਂ ਮੋਹਰੇ ਬੈਠੇ ਆਟੋ ਡਰਾਈਵਰ ਦਾ ਵੀ ਹਾਸਾ ਨਿਕਲ ਗਿਆ। ਘਰ ਨੇੜੇ ਆਉਣ ‘ਤੇ ਸੁਰਭੀ ਨੇ ਆਟੋ ਰਿਕਸ਼ਾ ਵਾਲੇ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਫੁਰਤੀ ਨਾਲ ਹੇਠਾਂ ਉਤਰ, ‘ਬਾਏ ਮਾਈ ਡੀਅਰ...ਆਜ ਕੀ ਮੁਲਾਕਾਤ ਬਸ ਇਤਨੀ’ ਕਹਿੰਦੀ ਉਹ ਘਰ ਅੰਦਰ ਚਲੀ ਗਈ।

“ਹਾਏ, ਉਪਮਾ!”
“ਓ ਹਾਏ! ਕੀ ਗੱਲ ਇਕੱਲੀ? ਸੁਰਭੀ ਕਿੱਥੇ ਹੈ?”
“ਉਸ਼ਮਾ, ਤੂੰ ਚੰਗੀ ਤਰ੍ਹਾਂ ਜਾਣਦੀ ਏਂ, ਉਹ ਅੱਜ ਕਲ੍ਹ ਆਪਣੀ ਦੁਨੀਆਂ ਵਿਚ ਮਸਤ ਹੈ।”
“ਜਿੰਨੀ ਮਰਜੀ ਮਸਤ ਹੋਵੇ, ਪੁਰਾਣੀਆਂ ਸਹੇਲੀਆਂ ਦਾ ਖਿਆਲ ਤਾਂ ਰੱਖਣਾ ਈ ਚਾਹੀਦੈ।”
“ਉਹ ਤਾਂ ਠੀਕ ਐ, ਪਰ ਇਸ ਦਿਲ ਦਾ ਕੋਈ ਕੀ ਕਰੇ।” ਛਾਤੀ ‘ਤੇ ਹੱਥ ਰੱਖਦਿਆਂ ਉਪਮਾ ਨੇ ਅੱਖ ਮਾਰੀ, ਤੇ ਦੋਵੇਂ ਹੱਸ ਪਈਆਂ।
“ਅਰੇ ਵਾਹ, ਅੱਜ ਤਾਂ ਇਥੇ ਹਾਸੇ ਦੀ ਛਹਿਬਰ ਲੱਗੀ ਹੋਈ ਐ, ਰੱਬ ਖੈਰ ਕਰੇ।” ਸੁਰਭੀ ਦੇ ਬੋਲਾਂ ਨੇ ਉਨ੍ਹਾਂ ਦੇ ਹਾਸਿਆਂ ‘ਤੇ ਬਰੇਕ ਲਾ ਛੱਡੀ। ਦੋਵੇਂ ਉਹਦਾ ਮੂੰਹ ਦੇਖਣ ਲੱਗੀਆਂ। ਉਨ੍ਹਾਂ ਦੇ ਚਿਹਰੇ ‘ਤੇ ਛਾਈ ਹੈਰਾਨੀ ਸਾਫ ਦਿਖਾਈ ਦੇ ਰਹੀ ਸੀ।
“ਤੂੰ ਕਿਥੋਂ ਟਪਕ ਪਈ ਏਂ?” ਉਪਮਾ ਤੋਂ ਪੁੱਛਣੋਂ ਰਿਹਾ ਨਾ ਗਿਆ।
“ਬਸ ਇਥੋਂ ਈ। ਮੈਂ ਸੋਚਿਆ, ਮੇਰੀਆਂ ਚੁਗਲੀਆਂ ਹੋ ਰਹੀਆਂ ਹੋਣੀਆਂ, ਕਿਉਂ ਨਾ ਅੱਜ ਦੋਹਾਂ ਨੂੰ ਰੰਗੇ ਹੱਥੀਂ ਫੜ੍ਹ ਲਵਾਂ,” ਏਨਾ ਕਹਿ ਸੁਰਭੀ ਜੋਰ ਜੋਰ ਨਾਲ ਹੱਸਣ ਲੱਗ ਪਈ। ਦੋਹਾਂ ਨੂੰ ਚੁਪ ਦੇਖ ‘ਹੁਣ ਹਾਸੇ ਵਿਚ ਮੇਰਾ ਸਾਥ ਤਾਂ ਦੇਵੋ’ ਉਸ਼ਮਾ ਨੂੰ ਚੂੰਡੀ ਵੱਢਦਿਆਂ ਸੁਰਭੀ ਹੋਰ ਵੀ ਜੋਰ ਨਾਲ ਹੱਸਣ ਲੱਗੀ।
“ਊਈ ਮੈਂ ਮਰ ਗਈ” ਚੂੰਡੀ ਦਾ ਦਰਦ ਨਾ ਸਹਾਰਦਿਆਂ ਉਸ਼ਮਾ ਚੀਕੀ ਤੇ ਉਹਦੇ ਵੱਲ ਦੇਖ ਉਪਮਾ ਦਾ ਵੀ ਹਾਸਾ ਨਿਕਲ ਗਿਆ।
“ਹੁਣ ਦੱਸ, ਇਸ ਦਿਲ ਦਾ ਕੋਈ ਕੀ ਕਰੇ?” ਸੁਰਭੀ ਨੇ ਵਿਅੰਗ ਬਾਣ ਛੱਡਿਆ।
“ਕਰਨਾ ਕੀ ਐ, ਗਲ ਨਾਲ ਲਾ ਉਸ ਨੂੰ।” ਉਸ਼ਮਾ ਨੇ ਜਵਾਬੀ ਬਾਣ ਛੱਡਿਆ।
“ਜੇ ਕਹਾਂ, ਮੈਂ ਹਿੱਕ ਨਾਲ ਲਾ ਲਿਆ, ਤੈਨੂੰ ਕੋਈ ਇਤਰਾਜ ਤਾਂ ਨਹੀਂ?” ਤਿਰਛੀ ਨਜ਼ਰ ਨਾਲ ਦੇਖਦਿਆਂ ਸੁਰਭੀ ਹੱਸੀ।
“ਕੋਈ ਇਤਰਾਜ ਨਹੀਂ ਮਾਈ ਬਾਪ, ਪਰ ਤੁਹਾਡੇ ਪ੍ਰੀਤ ਰੰਗ ਵਿਚ ਕਿਧਰੇ ਸਾਡੇ ਚਿਹਰੇ ਧੁੰਧਲੇ ਨਾ ਪੈ ਜਾਣ। ਬਸ ਇਹੋ ਚਿੰਤਾ ਸਾਂਝੀ ਕਰਦੀਆਂ ਤੈਨੂੰ ਯਾਦ ‘ਤੇ ਯਾਦ ਕਰਦੀਆਂ ਸਾਂ ਕਿ ਤੂੰ ਇਸ ਤਰ੍ਹਾਂ ਅਚਾਨਕ ਆ ਟਪਕੀ।” ਉਪਮਾ ਨੇ ਗੱਲ ਸਾਫ ਕੀਤੀ।
“ਉਹ ਤਾਂ ਮੈਨੂੰ ਪਤੈ, ਆਪਣੀਆਂ ਪੱਕੀਆਂ ਨੂੰ ਮਨੋ ਵਿਸਾਰਨਾ ਤਾਂ ਦੂਰ, ਇਕ ਛਿਣ ਲਈ ਵੀ ਭੁਲਾ ਨਹੀਂ ਸਕਦੀ।” ਸੁਰਭੀ ਨੂੰ ਜਜ਼ਬਾਤ ਦੇ ਵਹਿਣ ਵਿਚ ਵਹਿੰਦੀ ਦੇਖ ਉਪਮਾ ਬੋਲ ਪਈ, “ਨਾ ਬਈ ਨਾ, ਏਦਾਂ ਨਹੀਂ...ਹਰਗਿਜ ਨਹੀਂ। ਪਿਆਰ ਮਾਣਨ ਦੀ ਚੀਜ ਐ, ਇਕ ਦੂਜੇ ਦੀ ਖੁਸ਼ੀ-ਗਮੀ ਸਾਂਝੀ ਕਰਨ ਦਾ ਪਵਿੱਤਰ ਵਸੀਲਾ। ਭਾਗਾਂ ਵਾਲੀ ਏਂ ਤੂੰ, ਤੈਨੂੰ ਤੇਰਾ ਪਿਆਰ ਮੁਬਾਰਕ। ਅਸੀਂ ਤਾਂ ਬਸ ਹੱਸ ਖੇਡ ਰਹੀਆਂ ਸਾਂ ਤੇ ਉਹ ਵੀ ਤੇਰੇ ਬਹਾਨੇ।” ਉਸ਼ਮਾ ਨੇ ਉਹਨੂੰ ਕਲਾਵੇ ਵਿਚ ਲੈਂਦਿਆਂ ਕਿਹਾ।
“ਤੁਸੀਂ ਹੱਸ ਖੇਡ ਲੈਂਦੀਆਂ ਹੋ ਤੇ ਉਹ ਵੀ ਮੇਰੇ ਬਹਾਨੇ, ਮੇਰੇ ਲਈ ਏਸ ਤੋਂ ਚੰਗੀ ਗੱਲ ਹੋਰ ਕਿਹੜੀ ਹੋ ਸਕਦੀ ਹੈ। ਚਲੋ, ਕੰਟੀਨ ਵਿਚ ਰਤੀ ਬਹਿ ਕੇ ਚਾਹ ਪੀਂਦੇ ਹਾਂ।”
ਤਿੰਨੇ ਸਹੇਲੀਆਂ ਕੰਟੀਨ ਵੱਲ ਚਲੀਆਂ ਗਈਆਂ। ਇਕ ਮੇਜ ਦੁਆਲੇ ਜੁੜ ਕੇ ਬਹਿੰਦਿਆਂ ਉਪਮਾ ਨੇ ਮੋਹ ਭਿੱਜੀਆਂ ਨਜ਼ਰਾਂ ਨਾਲ ਸੁਰਭੀ ਨੂੰ ਦੇਖ ਕੇ ਪੁੱਛਿਆ, “ਮੇਰੀ ਪਿਆਰੀ ਬਹਿਨਾ, ਜ਼ਰਾ ਆਪਣੇ ਇਸ਼ਕ ਦੀ ਦਾਸਤਾਨ ਤਾਂ ਸੁਣਾ, ਇਹ ਕਦੋਂ ਤੇ ਕਿੱਥੇ ਸ਼ੁਰੂ ਹੋਇਆ ਤਾਂ ਜੋ ਅਸੀਂ ਵੀ ਇਸ ਤੋਂ ਕੁਝ ਸਬਕ ਸਿੱਖ ਕੇ ਲੋੜ ਪੈਣ ‘ਤੇ ਇਸ ਰਸਤੇ ਚੱਲ ਸਕੀਏ!”
“ਰਸਤੇ ਸਾਰਿਆਂ ਦੇ ਆਪੋ ਆਪਣੇ ਹੁੰਦੇ ਨੇ। ਤੂੰ ਚੱਲਣ ਵਾਲੀ ਬਣ ਰਸਤਾ ਆਪੇ ਬਣ ਜਾਊ।” ਸੁਰਭੀ ਨੇ ਹੱਸਦਿਆਂ ਉਹਦੀ ਗੱਲ੍ਹ ‘ਤੇ ਚੂੰਢੀ ਵੱਢੀ।
“ਹਾਏ ਮੈਂ ਮਰ ਗਈ। ਜਦ ਦਾ ਇਹਦੇ ਸਿਰ ‘ਤੇ ਇਸ਼ਕ ਦਾ ਭੂਤ ਸਵਾਰ ਹੋਇਆ, ਇਹ ਗੱਲ ਗੱਲ ‘ਤੇ ਚੂੰਢੀਆਂ ਵੱਢਣ ਲਗ ਪਈ ਐ। ਮੇਰੀ ਸੱਜੀ ਗੱਲ੍ਹ ਸੁੱਜੀ ਪਈ ਐ।” ਉਪਮਾ ਨੇ ਰੋਸੇ ਨਾਲ ਕਿਹਾ।
“ਚਲ ਕੋਈ ਨਾ। ਗੱਲ੍ਹ ਘਰ ਜਾ ਕੇ ਸੇਕ ਲਈਂ। ਹਾਲ ਦੀ ਘੜੀ ਇਹਦੀ ਪ੍ਰੇਮ ਕਹਾਣੀ ਸੁਣ ਲੈ।” ਉਸ਼ਮਾ ਨੇ ਉਹਨੂੰ ਤਸੱਲੀ ਦਿੱਤੀ।
“ਲਓ, ਸੁਣ ਲਵੋ, ਮੇਰੇ ਇਸ਼ਕ ਦੀ ਦਾਸਤਾਨ! ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦ ਮੈਂ ਕਾਲਜ ਵਿਚ ਪੜ੍ਹਦੀ ਸਾਂ। ਬਰਸਾਤਾਂ ਦੇ ਦਿਨ ਸਨ। ਮੈਂ ਕਾਲਜ ਵਿਚੋਂ ਨਿਕਲੀ ਹੀ ਸੀ ਕਿ ਮੀਂਹ ਪੈਣਾ ਸ਼ੁਰੂ ਹੋ ਗਿਆ। ਸੜਕ ਸੁੰਨ ਸਾਨ ਸੀ, ਕੋਈ ਆਟੋ ਜਾਂ ਕਾਰ ਨਾ ਦਿਸੀ। ਸੋਚ ਵਿਚ ਪਈ ਸਾਂ ਕਿ ਘਰ ਕਿਵੇਂ ਅਪੜਾਂਗੀ ਕਿਉਂਕਿ ਮੇਰੇ ਨਾਲ ਦੀਆਂ ਸਹੇਲੀਆਂ ਤੇ ਦੋਸਤ ਵੀ ਜਾ ਚੁੱਕੇ ਸਨ। ਇਸੇ ਸਮੇਂ ਇਕ ਕਾਰ ਆਪਣੇ ਵੱਲ ਆਉਂਦੀ ਦੇਖੀ ਤਾਂ ਮੇਰੀ ਜਾਨ ਵਿਚ ਜਾਨ ਆਈ। ਸੋਚਿਆ, ਕੋਈ ਭਲਾ ਬੰਦਾ ਹੋਵੇਗਾ ਤਾਂ ਜਰੂਰ ਇਸ ਹਾਲਤ ਵਿਚ ਮੇਰੀ ਮਦਦ ਕਰੇਗਾ। ਕਾਰ ਮੇਰੇ ਸਾਹਮਣੇ ਆ ਕੇ ਰੁਕੀ। ‘ਤੁਸੀਂ ਇਥੇ ਕਿਉਂ ਖੜ੍ਹੇ ਹੋ? ਬੈਠੋ, ਤੁਸੀਂ ਜਿਥੇ ਜਾਣੈ, ਮੈਂ ਛੱਡ ਦੇਵਾਂਗਾ।’ ਮੈਂ ਝਟ ਪਟ ਕਾਰ ਵਿਚ ਬਹਿ ਗਈ। ਬਾਅਦ ਵਿਚ ਪਤਾ ਲੱਗਾ ਕਿ ਕਾਰ ਵਾਲਾ ਨੌਜਵਾਨ ਮੈਨੂੰ, ਮੇਰੇ ਪਾਪਾ ਤੇ ਮੇਰੇ ਪਰਿਵਾਰ ਦੇ ਦੂਜੇ ਮੈਂਬਰਾਂ ਨੂੰ ਜਾਣਦਾ ਸੀ। ਉਹ ਸਾਡੇ ਨੇੜਲੇ ਘਰਾਂ ਵਿਚ ਰਹਿਣ ਵਾਲੇ ਇਕ ਰਈਸ ਦਾ ਇਕਲੌਤਾ ਬੇਟਾ ਸੀ।
ਸਾਡੀ ਦੋਸਤੀ ਹੋਈ। ਦੋਸਤੀ ਵੱਧਦੀ ਚਲੀ ਗਈ। ਅਸੀਂ ਇਕ ਦੂਜੇ ਨੂੰ ਚਾਹੁਣ ਲੱਗੇ। ਸਾਡੀਆਂ ਮੁਲਾਕਾਤਾਂ ਆਨੇ-ਬਹਾਨੇ ਹੋਣ ਲੱਗੀਆਂ। ਉਹ ਮੈਨੂੰ ਹਰ ਤਰ੍ਹਾਂ ਇੰਪ੍ਰੈਸ ਕਰਦਾ ਗਿਆ ਤੇ ਮੈਂ ਇੰਪ੍ਰੈਸ ਹੁੰਦੀ ਗਈ। ਇਕ ਦਿਨ ਕਹਿਣ ਲੱਗਾ, ‘ਸੁਰਭੀ, ਤੇਰੇ ਵਿਚ ਟੇਲੈਂਟ ਹੈ। ਤੂੰ ਮਾਡਲਿੰਗ ਜਾਂ ਟੀ.ਵੀ. ਸੀਰੀਅਲਾਂ ਲਈ ਟਰਾਈ ਕਿਉਂ ਨਹੀਂ ਕਰਦੀ?’
‘ਕੌਣ ਮੈਨੂੰ ਨੇੜੇ ਢੁਕਣ ਦੇਵੇਗਾ? ਇਹ ਕੰਮ ਮੈਥੋਂ ਨਹੀਂ ਹੋਣਾ।’ ਮੈਂ ਸਾਫ ਨਾਂਹ ਕਰ ਦਿੱਤੀ। ਉਂਜ ਇਹੋ ਜਿਹਾ ਕੁਝ ਬਣਨ ਦੀ ਮੇਰੀ ਚਾਹ ਵੀ ਨਹੀਂ ਸੀ। ਪਰ ਉਹ ਮੇਰੇ ਪਿਛੇ ਪਿਆ ਰਿਹਾ। ਉਹ ਮੈਨੂੰ ਇਕ ਦਿਨ ਸਾਡੇ ਮੁਹੱਲੇ ਦੇ ਬਹੁਤ ਸਨਮਾਨਤ ਬਜੁਰਗ ਦੇ ਘਰ ਲੈ ਗਿਆ। ਉਨ੍ਹਾਂ ਮੈਨੂੰ ਬਹੁਤ ਪਿਆਰ ਕੀਤਾ ਤੇ ਨੌਜਵਾਨ ਦੇ ਆਖੇ ਲੱਗ ਆਪਣਾ ਤੇ ਆਪਣੇ ਪਰਿਵਾਰ ਦਾ ਭਵਿੱਖ ਸਵਾਰਨ ਦੀ ਪ੍ਰੇਰਣਾ ਦਿੱਤੀ।
ਇਹੋ ਜਿਹੀਆਂ ਗੱਲਾਂ ਉਹ ਮੇਰੇ ਹੋਰ ਨੇੜੇ ਆਉਣ ਲਈ ਕਰਦਾ ਸੀ। ਨਾ ਉਹਦਾ ਕੋਈ ਵਾਕਫ ਸੀ ਤੇ ਨਾ ਉਹਨੂੰ ਮਾਡਲਿੰਗ ਬਾਰੇ ਕੋਈ ਜਾਣਕਾਰੀ ਸੀ। ਹੋਰ ਤਾਂ ਹੋਰ, ਉਸ ਜਿਹੜੇ ਬਜੁਰਗ ਨਾਲ ਮੈਨੂੰ ਮਿਲਾਇਆ ਸੀ, ਉਹ ਕੇਵਲ ਤੇ ਕੇਵਲ ਉਹਦਾ ਸ਼ੁਭ ਚਿੰਤਕ ਸੀ। ਉਸ ਸੱਚੇ ਦਿਲੋਂ ਮੈਨੂੰ ਅਸ਼ੀਰਵਾਦ ਦਿੱਤੀ ਸੀ। ਉਨ੍ਹਾਂ ਦਾ ਕੋਈ ਸਵਾਰਥ ਨਹੀਂ ਸੀ। ਇਸ ਗੱਲ ਨੇ ਮੈਨੂੰ ਉਹਦੇ ਹੋਰ ਨੇੜੇ ਲੈ ਆਂਦਾ।”
ਸੁਰਭੀ ਦੀ ਪ੍ਰੇਮ ਕਹਾਣੀ ਸੁਣਦਿਆਂ ਚੋਖਾ ਸਮਾਂ ਹੋ ਗਿਆ ਸੀ। ਤਿੰਨੇ ਸਹੇਲੀਆਂ ਇਕ ਦੂਜੀ ਤੋਂ ਵਿਦਾਇਗੀ ਲੈ ਕੇ ਘਰੀਂ ਤੁਰ ਗਈਆਂ।

“ਤੇਰੇ ਨਾਲ ਇਕ ਗੱਲ ਕਰਨੀ ਹੈ। ਕਈ ਦਿਨਾਂ ਤੋਂ ਸੋਚਦੀ ਪਈ ਸੀ ਕਿ ਕਰਾਂ ਜਾਂ ਨਾ! ਪਰ ਹੁਣ ਰਿਹਾ ਵੀ ਨਹੀਂ ਜਾਂਦਾ।” ਉਪਮਾ ਨੇ ਕੁਝ ਸੰਕੋਚ ਨਾਲ ਗੱਲ ਸ਼ੁਰੂ ਕੀਤੀ।
“ਕਰ ਨਾ!” ਉਸ਼ਮਾ ਨੇ ਕਿਹਾ।
“ਪਤਾ ਨਹੀਂ ਤੈਨੂੰ ਚੰਗਾ ਲੱਗੇ ਜਾਂ ਨਾ।”
“ਫੇਰ ਉਹੋ ਗੱਲ! ਤੂੰ ਨਿਸ਼ੰਗ ਹੋ ਕੇ ਦਸ, ਕੀ ਕਹਿਣਾ ਚਾਹੁੰਦੀ ਏਂ?”
“ਉਹੀ ਸੁਰਭੀ ਤੇ ਸੁਮੇਸ਼ ਵਾਲੀ ਗੱਲ ਐ। ਪਹਿਲਾਂ ਤਾਂ ਇਹ ਦੋਵੇਂ ਦੋਸਤ ਸਨ। ਰਾਹ ਵਿਚ ਟਾਕਰਾ ਹੋ ਜਾਣ ‘ਤੇ ਇਕ ਦੂਜੇ ਨੂੰ ਮਿਲਦੇ ਤੇ ਕੁਝ ਦੇਰ ਖਲੋ ਕੇ ਜਾਂ ਕਿਧਰੇ ਬਹਿ ਕੇ ਗੱਲ ਕਰਦੇ ਸਨ ਪਰ ਹੁਣ...।” ਉਸ਼ਮਾ ਨੇ ਦਿਲ ਦੀ ਗੱਲ ਕਹੀ।
“ਪਰ ਹੁਣ? ਕੁਝ ਹੋ ਤਾਂ ਨਹੀਂ ਗਿਆ?” ਉਪਮਾ ਨੇ ਚਿੰਤਤ ਹੁੰਦਿਆਂ ਪੁਛਿਆ।
“ਹੁਣ ਗੱਲ ਬਹੁਤ ਅੱਗੇ ਲੰਘ ਗਈ ਐ। ਰਾਹ ਵਿਚ ਹੀ ਨਹੀਂ ਮਿਲਦੇ ਸਗੋਂ ਪਾਰਕਾਂ, ਰੈਸਟੋਰੈਂਟਾਂ ਤੇ ਸਿਨਮਾ ਘਰਾਂ ਵਿਚ ਵੀ ਉਨ੍ਹਾਂ ਦਾ ਜੋੜ ਮੇਲਾ ਆਮ ਹੁੰਦਾ ਰਹਿੰਦਾ ਏ।” ਉਸ਼ਮਾ ਨੇ ਗੱਲ ਖੋਲ੍ਹੀ।
“ਬਸ ਇਹੀ ਗੱਲ ਸੀ?”
“ਇਸ ਸਮੇਂ ਤਾਂ ਇਹੀ ਗੱਲ ਹੈ। ਕਲ੍ਹ ਦਾ ਪਤਾ ਨਹੀਂ। ਦੋਵੇਂ ਕਿਹੋ ਜਿਹੀ ਕੜ੍ਹੀ ਘੋਲਦੇ ਹਨ!” ਉਸ਼ਮਾ ਨੇ ਸਹਿਜ ਹੁੰਦਿਆਂ ਕਿਹਾ।
“ਪਹਿਲੀ ਗੱਲ ਤਾਂ ਇਹ, ਮੈਂ ਇਸ ਬਾਰੇ ਚਿਰੋਕਣਾ ਜਾਣਦੀ ਆਂ। ਉਨ੍ਹਾਂ ਨੂੰ ਤਾਲ ਕਟੋਰਾ ਗਾਰਡਨ ਵਿਚ ਬੈਠਿਆਂ ਵੀ ਦੇਖਿਆ ਹੈ ਤੇ ਰੈਸਟੋਰੈਂਟ ਵਿਚ ਚਾਹ ਪੀਂਦਿਆਂ ਵੀ। ਇਹ ਕਿਹੜਾ ਜੱਗੋਂ ਬਾਹਰੀ ਗੱਲ ਐ। ਸਾਰੇ ਜੋੜੇ ਘੁੰਮਦੇ ਹਨ ਤੇ ਜੇ ਇਹ ਘੁੰਮ ਲੈਣ ਤਾਂ ਆਖਰ ਕੀ ਆ ਗਈ।” ਉਪਮਾ ਨੇ ਥੋੜ੍ਹਾ ਉਚੇ ਸੁਰ ਵਿਚ ਕਿਹਾ।
“ਮੇਰੀ ਗੱਲ ਖਤਮ ਨਹੀਂ ਹੋਈ। ਉਹ ਬਹੁਤ ਅੱਗੇ ਵੱਧ ਚੁੱਕੇ ਹਨ। ਸੁਮੇਸ਼ ਦੂਜੇ-ਤੀਜੇ ਦਿਨ ਸੁਰਭੀ ਦੇ ਘਰ ਜਾਂਦਾ ਹੈ। ਦੋਵੇਂ ਘੰਟਿਆਂ ਬੱਧੀ ਇਕੱਠੇ ਰਹਿੰਦੇ ਹਨ।” ਉਸ਼ਮਾ ਨੇ ਗੱਲ ਅੱਗੇ ਤੋਰੀ।
“ਸੁਰਭੀ ਦੇ ਪਿਤਾ ਬੀਮਾਰ ਰਹਿੰਦੇ ਹਨ। ਸੁਮੇਸ਼ ਐਕੂਪ੍ਰੈਸ਼ਰ ਦਾ ਕੰਮ ਜਾਣਦਾ। ਉਨ੍ਹਾਂ ਦੀ ਸੇਵਾ ਕਰਨ ਹਿਤ ਉਥੇ ਜਾਂਦਾ ਈ ਰਹਿੰਦਾ। ਘਰ ਵਿਚ ਮੁੰਡਾ ਨਹੀਂ। ਹੋਰ ਵੀ ਕਈ ਛੋਟੇ-ਵੱਡੇ ਕੰਮ ਹੁੰਦੇ ਹਨ। ਇਕ ਗੱਲ ਹੋਰ, ਸੁਰਭੀ ਦੇ ਪਿਤਾ ਕਿਸੇ ਸਮੇਂ ਸਾਡੇ ਕਾਲਜ ਦੇ ਪ੍ਰੋਫੈਸਰ ਹੁੰਦੇ ਸਨ। ਸੁਮੇਸ਼ ਉਨ੍ਹਾਂ ਦਾ ਵਿਦਿਆਰਥੀ ਹੈ। ਕਾਲਜ ਦੇ ਦਿਨਾਂ ਤੋਂ ਹੀ ਪ੍ਰੋਫੈਸਰ ਸਾਹਿਬ ਦਾ ਭਗਤ ਰਿਹੈ। ਇਸ ਲਈ ਵੀ ਉਸ ਦਾ ਉਨ੍ਹਾਂ ਦੇ ਘਰ ਆਉਣਾ-ਜਾਣਾ ਬਣਿਆ ਰਹਿੰਦਾ।” ਉਪਮਾ ਨੇ ਵਿਸਥਾਰ ਵਿਚ ਦਸਿਆ।
“ਪਰ ਜਵਾਨ ਮੁੰਡੇ-ਕੁੜੀ ਦਾ ਇਸ ਤਰ੍ਹਾਂ...।” ਉਸ਼ਮਾ ਬੁੜਬੁੜਾਈ।
“ਉਹ ਹੁਣ ਜਵਾਨ ਨਹੀਂ ਰਹੇ। ਸੁਰਭੀ ਨੇ ਵਿਆਹ ਨਹੀਂ ਕਰਾਇਆ। ਇਕ ਅੱਧ ਵਾਰ ਮੈਂ ਪੁਛਿਆ ਵੀ ਤਾਂ ਉਸ ਕਿਹਾ ਕਿ ਮਨ ਨਹੀਂ ਮੰਨਦਾ। ਖੈਰ, ਇਹ ਉਸ ਦਾ ਆਪਣਾ ਮਸਲਾ। ਸੁਮੇਸ਼ ਘਰੋਂ ਰੱਜਿਆ-ਪੁੱਜਿਆ ਹੈ, ਉਹਨੂੰ ਕਿਹੜਾ ਕੁੜੀਆਂ ਦਾ ਘਾਟਾ। ਉਹ ਹਾਂ ਕਰੇ ਸਹੀ। ਤੇ ਨਾਲੇ ਬੱਲੀਏ ਇਹ ਤਾਂ ਦਿਲ ਮਿਲੇ ਦੇ ਸੌਦੇ ਹੁੰਦੇ ਨੇ।” ਉਪਮਾ ਨੇ ਗੱਲ ਖਤਮ ਕਰਨ ਦੀ ਨੀਤ ਨਾਲ ਕਿਹਾ।
“ਇਹ ਉਮਰ ਕੰਮ ਕਰਨ ਦੀ ਹੁੰਦੀ ਏ। ਸੁਰਭੀ ਕੋਲ ਪਿਉ ਦੀ ਜਾਇਦਾਦ ਹੈ, ਪੱਲੇ ਪੈਸਾ ਵੀ ਹੈ, ਉਹ ਕੁਝ ਨਾ ਕਰੇ ਤਾਂ ਵੀ ਕੱਟ ਲਵੇਗੀ।”
“ਭੁੱਖਾ ਨੰਗਾ ਤਾਂ ਉਹ ਵੀ ਨਹੀਂ।”
“ਉਨ੍ਹਾਂ ਦੇ ਘਰ ਬੈਠਾ ਰਹਿੰਦਾ, ਰੋਟੀ ਟੁਕ ਉਹ ਦੇ ਛੱਡਦੇ ਨੇ, ਇਸ ਤਰ੍ਹਾਂ ਮੁਫਤਖੋਰੇ ਬਣ ਕੇ ਵੀ ਜ਼ਿੰਦਗੀ ਨਿਕਲਦੀ ਹੈ?” ਉਸ਼ਮਾ ਨੇ ਤਲਖ ਹੁੰਦਿਆਂ ਕਿਹਾ।
“ਕੌਣ ਦਾਤਾ ਤੇ ਕੌਣ ਮੁਫਤਖੋਰਾ-ਕਹਿਣਾ ਮੁਸ਼ਕਲ ਹੈ। ਅਸੀਂ ਜੋ ਕੁਝ ਉਪਰਲੀ ਨਜ਼ਰ ਨਾਲ ਦੇਖਦੇ ਹਾਂ, ਜਰੂਰੀ ਨਹੀਂ ਉਹ ਸੱਚ ਹੋਵੇ। ਤੇਰੀ ਨਜ਼ਰ ਵਿਚ ਉਹ ਭਾਵੇਂ ਮੁਫਤਖੋਰਾ ਹੀ ਸਹੀ, ਪਰ ਕਿਸੇ ਚੀਜ ਦਾ ਮੁਥਾਜ ਨਹੀਂ ਉਹ। ਪੰਜਾਹ ਕੰਮ ਸੰਵਾਰਦਾ ਹੈ, ਉਨ੍ਹਾਂ ਦੇ। ਪ੍ਰੋਫੈਸਰ ਸਾਹਿਬ ਦੀ ਹਰ ਨਿੱਕੀ-ਵੱਡੀ ਲੋੜ ਦਾ ਖਿਆਲ ਰੱਖਦਾ ਹੈ। ਏਨਾ ਖਿਆਲ ਤਾਂ ਸਕੇ ਪੁੱਤਰ ਵੀ ਨਹੀਂ ਰਖਦੇ।” ਉਪਮਾ ਨੇ ਵੀ ਉਸੇ ਤਲਖੀ ਵਿਚ ਜਵਾਬ ਦਿੱਤਾ।
“ਤੂੰ ਜੋ ਮਰਜੀ ਕਹਿ, ਪਰ ਮੇਰੀਆਂ ਨਜ਼ਰਾਂ ਵਿਚ ਉਹ ਮੁਫਤਖੋਰਾ ਹੈ, ਮੁਫਤਖੋਰਾ!”
“ਇਹ ਤੇਰੀ ਵਧੀਕੀ ਹੈ, ਨਿਰਾ ਧੱਕਾ। ਮੈਂ ਨਹੀਂ ਮੰਨਦੀ।” ਸੁਮੇਸ਼ ਤੇ ਸੁਰਭੀ ਨੂੰ ਲੈ ਕੇ ਦੋਹਾਂ ਸਹੇਲੀਆਂ ਵਿਚ ਚਲ ਰਹੀ ਬਹਿਸ ਖਤਮ ਹੋਣ ਦਾ ਨਾਂ ਨਹੀਂ ਸੀ ਲੈ ਰਹੀ। ਪਰ ਸਮੇਂ ਦੀ ਆਪਣੀ ਹੱਦ ਹੁੰਦੀ ਹੈ। ਬਹੁਤੀ ਦੇਰ ਹੋ ਜਾਣ ‘ਤੇ ਦੋਹਾਂ ਚਲਦੀ ਬਹਿਸ ਵਿਚੇ ਛੱਡ ਦਿੱਤੀ ਤੇ ਉਥੋਂ ਤੁਰ ਗਈਆਂ।

ਘਰ ਵਿਚ ਖੁਸ਼ੀਆਂ ਹੀ ਖੁਸ਼ੀਆਂ ਸਨ, ਚਾਰੇ ਪਾਸੇ ਖੇੜਾ ਪੱਸਰਿਆ ਹੋਇਆ ਸੀ। ਸੁਰਭੀ ਦਾ ਜਨਮ ਦਿਨ ਸੀ। ਸਭ ਨਾਲ ਮਿਲ ਬੈਠਣ ਦਾ ਬਹਾਨਾ। ਇਕ ਨਿੱਕੀ ਜਿਹੀ ਸ਼ਾਨਦਾਰ ਪਾਰਟੀ ਕੀਤੀ ਗਈ। ਪਾਰਟੀ ਵਧੀਆ ਹੋਣੀ ਹੀ ਸਹੀ, ਸਾਰਾ ਪ੍ਰਬੰਧ ਸੁਮੇਸ਼ ਨੇ ਜੋ ਕੀਤਾ ਸੀ। ਉਪਮਾ, ਉਸ਼ਮਾ ਤੇ ਦੂਜੀਆਂ ਸਹੇਲੀਆਂ ਹੁਮ ਹੁਮਾ ਕੇ ਪੁੱਜੀਆਂ। ਉਥੋਂ ਦੀ ਠਾਠ ਤੇ ਸ਼ਾਨ ਦੇਖ ਦੰਗ ਰਹਿ ਗਈਆਂ। ਉਹ ਖੁਲ੍ਹ ਕੇ ਹੱਸੀਆਂ, ਖੁਲ੍ਹ ਕੇ ਬੋਲੀਆਂ, ਉਨ੍ਹਾਂ ਗੱਲ ਗੱਲ ‘ਤੇ ਠਹਾਕੇ ਲਾਏ। ਮਾਹੌਲ ਵਿਚ ਰੰਗੀਨੀ ਸੀ। ਉਸ਼ਮਾ ਦੇ ਦਿਲ ਵਿਚ ਸੁਮੇਸ਼ ਪ੍ਰਤੀ ਜਿਹੜੀ ਕੁੜਿੱਤਣ ਸੀ, ਉਹ ਪਤਾ ਨਹੀਂ ਕਦ ਨਿੱਘੇ ਪਿਆਰ ਵਿਚ ਬਦਲ ਗਈ। ਸੁਮੇਸ਼ ਨੂੰ ਦੇਖਦਿਆਂ ਈ ਉਹ ਧਾ ਕੇ ਮਿਲੀ। ਉਸ ਦੀ ਸੋਚਣੀ, ਉਸ ਦੀ ਤੱਕਣੀ ਬਦਲ ਗਈ। ਕਲ੍ਹ ਤਕ ਮੁਫਤਖੋਰਾ ਲੱਗਣ ਵਾਲਾ ਬੰਦਾ ਅੱਜ ਉਸ ਨੂੰ ਕਿਸੇ ਬਾਦਸ਼ਾਹ ਤੋਂ ਘੱਟ ਨਹੀਂ ਦਿਸ ਰਿਹਾ ਸੀ। ਇਸ ਬਦਲਾਅ ਦਾ ਸਬੱਬ? ਬਸ ਜੀ, ਦਿਲਾਂ ਦੀਆਂ ਗੱਲਾਂ ਨੇ। ਇਥੇ ਤਰਕ ਸ਼ਾਸਤਰ ਦਾ ਕੀ ਕੰਮ। ਸੁਰਭੀ ਦਾ ਵਾਰ ਵਾਰ ਸੁਮੇਸ਼ ਨੂੰ ਚਿੰਬੜਨਾ, ਉਨ੍ਹਾਂ ਦਾ ਇਕ ਦੂਜੇ ਨੂੰ ਘੁੱਟਣਾ, ਕਿਸੇ ਨੂੰ ਚੁੱਭ ਨਹੀਂ ਰਿਹਾ ਸੀ। ਸਗੋਂ ਕਈਆਂ ਦੇ ਮਨਾਂ ਅੰਦਰ ਇਹ ਵਿਚਾਰ ਵਾਰ ਵਾਰ ਆ ਰਿਹਾ ਸੀ, ਕਾਸ਼! ਸਾਡਾ ਵੀ ਕੋਈ ਮਿੱਤਰ ਹੁੰਦਾ।
ਸਭ ਨੇ ਰੱਜ ਕੇ ਅਨੰਦ ਮਾਣਿਆ। ਸਮਾਂ ਬਹੁਤਾ ਹੋਇਆ ਤਾਂ ਇਕ ਇਕ ਕਰਕੇ ਵਿਦਾ ਲੈਣ ਲੱਗੇ। ਉਸ਼ਮਾ ਕੁਝ ਥੱਕ ਜਿਹੀ ਗਈ। ਉਸ ਨੂੰ ਥੋੜ੍ਹੀ ਰੈਸਟ ਦੀ ਲੋੜ ਸੀ। ਪਾਰਟੀ ਚਲ ਰਹੀ ਸੀ। ਉਹ ਆਪਣੀ ਥਾਂ ਤੋਂ ਉਠੀ। ਕਿਸੇ ਨੂੰ ਦੱਸੇ-ਪੁਛੇ ਬਿਨਾ ਉਪਰ ਸੁਰਭੀ ਦੇ ਕਮਰੇ ਵਿਚ ਚਲੀ ਗਈ। ਛੇਤੀ ਹੀ ਗੂੜ੍ਹੀ ਨੀਂਦ ਨੇ ਉਸ ਨੂੰ ਆਪਣੇ ਗਲਬੇ ਵਿਚ ਲੈ ਲਿਆ। ਜਦ ਅੱਖ ਖੁਲ੍ਹੀ ਤਾਂ ਸ਼ਾਮਾਂ ਪੈ ਚੁਕੀਆਂ ਸਨ। ਪ੍ਰਾਹੁਣੇ ਜਾ ਚੁੱਕੇ ਸਨ। ਪਾਪਾ ਆਪਣੇ ਸੌਣ ਕਮਰੇ ਵਿਚ ਚਲੇ ਗਏ ਸਨ। ਉਹ ਹੇਠਾਂ ਉਤਰੀ। ਡਰਾਇੰਗ ਰੂਮ ਦੇ ਗੱਦੇ ‘ਤੇ ਢੇਰੀ ਹੋਏ ਸੁਰਭੀ ਤੇ ਸੁਮੇਸ਼ ਰੁਮਾਨੀ ਸੰਸਾਰ ਵਿਚ ਬੁਰੀ ਤਰ੍ਹਾਂ ਖੁਭੇ ਹੋਏ ਸਨ। ਉਹ ਅੱਗੇ ਵਧਦੀ ਵੀ ਤਾਂ ਕਿਵੇਂ ਵਧਦੀ। ਉਹ ਹੋਰ ਕੁਝ ਨਾ ਦੇਖ ਸਕੀ। ਉਸ ਆਪਣੀਆਂ ਅੱਖਾਂ ਬੰਦ ਕਰ ਲਈਆਂ ਤੇ ਉਥੇ ਈ ਪੌੜੀਆਂ ਵਿਚ ਬਹਿ ਗਈ। ਕੁਝ ਸਮਾਂ ਬੀਤਣ ਮਗਰੋਂ ਜਦ ਉਸ ਦੀਆਂ ਅੱਖਾਂ ਖੁਲ੍ਹੀਆਂ ਤਾਂ ਸੁਮੇਸ਼ ਵਾਸ਼ਰੂਮ ਵਿਚੋਂ ਬਾਹਰ ਨਿਕਲ ਰਿਹਾ ਸੀ। ਪਰ ਸੁਰਭੀ, ਉਸੇ ਤਰ੍ਹਾਂ ਲੇਟੀ ਹੋਈ ਸੀ। ਮਸਤ, ਅਲ ਮਸਤ, ਦੁਨੀਆਂ ਤੋਂ ਬੇਖਬਰ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅਸ਼ੋਕ ਵਾਸਿਸ਼ਠ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ