Muhabat Da Mull (Bangla Story in Punjabi) : Rabindranath Tagore

ਮੁਹਬਤ ਦਾ ਮੁਲ (ਬੰਗਾਲੀ ਕਹਾਣੀ) : ਰਾਬਿੰਦਰਨਾਥ ਟੈਗੋਰ

ਮਨੋਹਰ ਅਤੇ ਰਮੇਸ਼ ਚਾਚੇ ਤਾਏ ਦੇ ਪੁਤਰ ਭਰਾ ਸਨ, ਸਾਕ ਦੂਰ ਦਾ ਸੀ ਪਰ ਵਡੇ ਪੀੜੀਆਂ ਤੋਂ ਕਠੇ ਰਹਿੰਦੇ ਆਏ ਸੀ, ਦੋਨਾਂ ਘਰਾਂ ਵਿਚ ਸਿਰਫ ਇਕ ਫੁਲਵਾੜੀ ਦਾ ਫਾਸਲਾ ਸੀ ਇਹੋ ਕਾਰਨ ਸੀ ਕਿ ਦੋਨਾਂ ਘਰਾਂ ਵਿਚ ਪਿਆਰ ਸੀ ਅਤੇ ਖਾਸ ਕਰ ਦੋਨਾਂ ਦਾ ਬਹੁਤ ਮੇਲ ਜੋਲ ਸੀ ਦੋਨੇਂ ਜਨੇ ਇਕ ਦੂਸਰੇ ਤੋਂ ਜਾਣ ਦੇਂਦੇ ਸਨ।
ਮਨੋਹਰ ਰਮੇਸ਼ ਕੋਲੋਂ ਸਤ ਅਠ ਵਰ੍ਹੇ ਵਡਾ ਸੀ ਜਦੋਂ ਰਮੇਸ਼ ਬਿਲਕੁਲ ਛੋਟਾ ਸੀ ਅਤੇ ਤੁਰ ਫਿਰ ਵੀ ਨਹੀਂ ਸੀ ਸਕਦਾ, ਮਨੋਹਰ ਨੇ ਉਸਨੂੰ ਕੁਛੜ ਚੁਕ ਕੇ ਸਵੇਰੇ ਅਤੇ ਸ਼ਾਮ ਨੂੰ ਪਿੰਡ ਦੇ ਖੇਤਾਂ ਅਤੇ ਇਸ ਫੁਲਵਾੜੀ ਦੀ ਸੈਰ ਕਰਾਈ ਸੀ।
ਬੇ-ਪਰਵਾਹ ਬਚਿਆਂ ਨੂੰ ਪਰਚਾਉਣ ਵਾਸਤੇ ਵਡਿਆਂ ਨੂੰ ਜਿਨੀ ਹੁਸ਼ਿਆਰੀ ਅਤੇ ਚਲਾਕੀ ਦੀ ਜ਼ਰੂਰਤ ਹੈ ਮਨੋਹਰ ਨੇ ਕਿਸੇ ਗਲੋਂ ਵੀ ਘਟ ਨਹੀਂ ਸੀ ਕੀਤੀ, ਕਿਉਂਕਿ ਉਨ੍ਹਾਂ ਵਿਚ ਪਿਆਰ ਦੀ ਇਕ ਸੋਨੇ ਦੀ ਜੰਜੀਰ ਸੀ, ਮਨੋਹਰ ਬਹੁਤਾ ਪੜ੍ਹਿਆ ਹੋਇਆ ਨਹੀਂ ਸੀ, ਉਸਨੂੰ ਫੁਲ ਫਲ ਲਾਉਣ ਦਾ ਬਹੁਤ ਚਾ ਸੀ, ਅਤੇ ਇਸ ਕੰਮ ਵਿਚ ਰਮੇਸ਼ ਉਸਦਾ ਸਾਥੀ ਸੀ, ਮਨੋਹਰ ਵੀ ਛੋਟੇ ਭਰਾ ਨੂੰ ਬਹੁਤ ਕੀਮਤੀ ਬੂਟੇ ਦੀ ਤਰ੍ਹਾਂ ਦਿਲ ਵਿਚ ਰੱਖ ਕੇ ਪਿਆਰ ਦੇ ਪਾਣੀ ਨਾਲ ਪਾਲ ਰਿਹਾ ਸੀ, ਅਤੇ ਹੁਣ ਉਸਨੂੰ ਫਲ ਲੱਗਦਾ ਵੇਖ ਕੇ ਦਿਲ ਵਿਚ ਬਹੁਤ ਖੁਸ਼ ਹੁੰਦਾ ਅਤੇ ਕਦੀ ਕਦੀ ਤਾਂ ਉਹ ਇੰਨੀ ਖੁਸ਼ੀ ਨਾਲ ਨੱਚਣ ਵੀ ਲਗ ਪੈਂਦਾ।
ਇਹ ਕੁਦਰਤੀ ਨਿਯਮ ਹੈ, ਕਿ ਜਦੋਂ ਅਸੀਂ ਕਿਸੇ ਵਾਸਤੇ ਆਪਣਾ ਸਭ ਕੁਝ ਕੁਰਬਾਨ ਕਰ ਦੇਂਦੇ ਹਾਂ ਤਾਂ ਇਕ ਬੇ-ਹਦ ਅਤੇ ਅਨ-ਹੋਣੀ ਖੁਸ਼ੀ ਦਿਲ ਵਿਚ ਵਸ ਜਾਂਦੀ ਹੈ। ਜਦੋਂ ਪਿਆਰ ਖਤਮ ਹੋ ਜਾਂਦਾ ਹੈ, ਤਾਂ ਪਿਛੋਂ ਯਾਂ ਤਾਂ ਥੋੜੇ ਜਹੇ ਨਫੇ ਵਿਚ ਹੀ ਜੀਵਨ ਖਤਮ ਕਰਨਾ ਪੈਂਦਾ ਹੈ, ਯਾਂ ਸਭ ਕੁਝ ਗੁਆ ਕੇ ਗਰੀਬੀ ਵਿਚ ਰੁਲਨਾ ਪੈਂਦਾ ਹੈ, ਫੇਰ ਉਹ ਜੀਵਨ ਰਸਤੇ ਵਿਚ ਪਏ ਹੋਏ ਇਕ ਬੇ-ਸੁਧ ਤੀਲੇ ਤੋਂ ਜ਼ਿਆਦਾ ਕੀਮਤ ਨਹੀਂ ਰਖੀਦਾ। ਬੇ-ਫਾਇਦਾ।
ਭਾਵੇਂ ਰਮੇਸ਼ ਮਨੋਹਰ ਤੋਂ ਛੋਟਾ ਸੀ ਪਰ ਜਦੋਂ ਉਹ ਕੁਝ ਵਡਾ ਹੋਇਆ, ਦੋਨਾਂ ਵਿਚ ਡੂੰਘੀ ਮਿਤਰਤਾ ਹੋ ਗਈ, ਵਜਾ ਇਹ ਕਿ ਰਮੇਸ਼ ਪੜ੍ਹਿਆ ਹੋਇਆ ਸੀ, ਅਤੇ ਕੁਦਰਤੀ ਤੌਰ ਤੇ ਉਸ ਵਿਚ ਪਿਆਰ ਦਾ ਅਸਰ ਸੀ, ਉਹ ਕਿਤਾਬਾਂ ਪੜ੍ਹਨ ਦਾ ਸ਼ੌਕੀਨ ਸੀ, ਜਿਹੜੀ ਕਿਤਾਬ ਮਿਲਦੀ ਉਸਨੂੰ ਪੜ੍ਹ ਲੈਂਦਾ,ਉਸਨੇ ਬਹੁਤ ਸਾਰੀਆਂ ਬਿਨਾ ਜਰੂਰਤ ਤੋਂ ਵੀ ਕਿਤਾਬਾਂ ਪੜ੍ਹੀਆਂ ਬਿਨ ਜਰੂਰਤ ਕਹਿਣਾ ਤਾਂ ਮੁਨਾਸਿਬ ਨਹੀਂ ਕਿਉਂਕਿ ਉਸਨੂੰ ਉਨ੍ਹਾਂ ਵਿਚ ਬਹੁਤ ਫਾਇਦਾ ਹੋਇਆ, ਅਤੇ ਆਮ ਦੁਨੀਆਂ ਦੀ ਸਾਰੀ ਵਾਕਫੀ ਹੋ ਗਈ।
ਜਦੋਂ ਕਦੀ ਰਮੇਸ਼ ਦੁਨੀਆਂ ਦੀ ਕੋਈ ਗਲ ਕਰਦਾ ਤਾਂ ਮਨੋਹਰ ਬੜੀ ਗੌਰ ਨਾਲ ਉਸਦੀ ਗਲ ਸੁਣਦਾ ਅਤੇ ਉਸਨੂੰ ਸੋਚਦਾ। ਉਸ ਕੋਲੋਂ ਹਰ ਇਕ ਛੋਟੀ ਵੱਡੀ ਗਲ ਵਿਚ ਸਲਾਹ ਲੈਂਦਾ ਉਸਦੇ ਦਿਲ ਵਿਚ ਕਦੀ ਇਹ ਖਿਆਲ ਵੀ ਨਹੀਂ ਆਇਆ ਕਿ ਰਮੇਸ਼ ਬੱਚਾ ਹੈ ਇਸਨੂੰ ਕੀ ਸਮਝ ਹੈ, ਜਿਸ ਤਰ੍ਹਾਂ ਪਿਆਰ ਦੇ ਪਾਣੀ ਨਾਲ ਪਾਲਿਆ ਹੋਵੇ, ਵੱਡਾ ਕੀਤਾ ਹੋਵੇ, ਜੇ ਮੌਕਾ ਪਾ ਕੇ ਵਿਦਿਆ, ਅਕਲ ਪ੍ਰਾਪਤ ਕਰ ਕੇ ਪੂਰਾ ਪੂਰਾ ਆਦਮੀ ਬਣੇ, ਤਾਂ ਉਸ ਤੋਂ ਜ਼ਿਆਦਾ ਪਿਆਰੀ ਚੀਜ਼ ਦੁਨੀਆਂ ਵਿਚ ਹੋਰ ਕੀ ਹੋਵੇਗੀ, ਪਿਆਰ, ਪ੍ਰਮਾਤਮਾ ਦਾ ਦੂਸਰਾ ਨਾਮ ਹੈ।
ਰਮੇਸ਼ ਵੀ ਫੁਲਵਾੜੀ ਦਾ ਸ਼ੁਕੀਨ ਸੀ ਪਰ ਦੋਨਾਂ ਦੇ ਨਿਯਮ ਵਖੋ ਵਖ ਸਨ, ਮਨੋਹਰ ਦਾ ਦਿਲੀ ਸ਼ੌਕ ਸੀ, ਅਤੇ ਰਮੇਸ਼ ਦਾ ਦਿਮਾਗੀ, ਜ਼ਮੀਨ, ਦਰਖਤ, ਬੂਟੇ,ਬਿਲਕੁਲ ਸੇਵਾ ਦੀ ਚਾਹ ਹੀ ਨਹੀਂ ਕਰਦੇ, ਪਰ ਸੇਵਾ ਕਰਾ ਕੇ ਛੋਟੇ ਬਾਲਾਂ ਦੀ ਤਰ੍ਹਾਂ ਵੱਧ ਕੇ ਫੈਲਦੇ ਹਨ, ਉਨਾਂ ਨੂੰ ਕੋਸ਼ਸ਼ ਨਾਲ ਪਾਲਨਾ, ਵਡੇ ਕਰਨਾ ਮਨੋਹਰ ਦੀ ਕੁਦਰਤੀ ਚਾਲ ਸੀ, ਪਰ ਰਮੇਸ਼ ਉਨਾਂ ਨੂੰ ਸਾਇੰਸ ਦੀ ਨਜ਼ਰ ਨਾਲ ਵੇਖਦਾ ਸੀ ਬੀ ਬੀਜਿਆ ਜਾਂਦਾ ਹੈ, ਇਕ ਡੰਡੀ ਬਣਦੀ ਹੈ ਤੇ ਪਤੇ ਨਿਕਲਦੇ ਹਨ, ਕਲੀਆਂ ਲਗਦੀਆਂ ਨੇ ਫੁਲ ਖਿੜਦੇ ਹਨ ਇਹ ਸਭ ਗੱਲਾਂ ਵੇਖ ਕੇ ਰਮੇਸ਼ ਨੂੰ ਸੁਆਦ ਆਉਂਦਾ, ਉਹ ਕੁਦਰਤ ਦੀ ਇਸ ਸੋਹਣੀ ਕਾਰੀਗਰੀ ਨੂੰ ਦੇਖਕੇ ਹਸ ਪੈਂਦਾ, ਅੰਦਰੂਨੀ ਅੱਖ ਵਾਲਾ ਕੁਦਰਤ ਦਾ ਹਰ ਰਾਜ ਬੜੀ ਗੌਰ ਨਾਲ ਦੇਖਦਾ ਹੈ।
ਬੀ ਬੀਜਨਾ, ਪਿਉਂਦ ਲਾਨੀ ਖਾਦ ਪਾਨਾ ਟਾਹਣੀਆਂ ਬਨਣਾ ਆਦਿਕ ਇਨ੍ਹਾਂ ਗੱਲਾਂ ਦੀ ਬਾਬਤ ਰਮੇਸ਼ ਨੂੰ ਕਈ ਗੱਲਾਂ ਸੁਜਦੀਆਂ ਸਨ, ਮਨੋਹਰ ਉਸਦੀ ਹਰ ਗਲ ਖੁਸ਼ੀ ਨਾਲ ਮੰਨ ਲੈਂਦਾ ਸੀ, ਦੋਨੇਂ ਰਲ ਕੇ ਇਸ ਫੁਲਵਾੜੀ ਨੂੰ ਸਜਾਉਣ ਅਤੇ ਵਧਾਉਣ ਵਿਚ ਮਸਤ ਸਨ ਇਹ ਉਨ੍ਹਾਂ ਦਾ ਦਿਲੀ ਸ਼ੌਕ ਸੀ। ਦੁਨੀਆਂ ਦਾ ਸਾਰਾ ਧਨ ਅਤੇ ਸਾਰੀਆਂ ਖੁਸ਼ੀਆਂ ਇਕ ਪਾਸੇ ਅਤੇ ਦਿਲੀ ਸ਼ੌਕ ਦੂਸਰੇ ਪਾਸੇ।
ਬੂਹੇ ਦੇ ਕੋਲ ਫੁਲਵਾੜੀ ਦੇ ਇਕ ਕੋਨੇ ਵਿਚ ਪੱਕਾ ਚਬੂਤਰਾ ਸੀ, ਸ਼ਾਮ ਵੇਲੇ ਮਨੋਹਰ ਆਪਣਾ ਫਰਸ਼ੀ ਹੁੱਕਾ ਲੈ ਕੇ ਇਸ ਉਤੇ ਆ ਬੈਠਦਾ। ਤਮਾਕੂ ਪੀਂਦਾ ਅਤੇ ਉਦਾਸ ਦਿਲ ਨਾਲ ਏਧਰ ਉਧਰ ਦੇਖਦਾ, ਹੁਕੇ ਦੇ ਧੂਏਂਂ ਦੀ ਤਰ੍ਹਾਂ ਉਸਦਾ ਵਕਤ ਵੀ ਹੌਲੀ ਹੌਲੀ ਉਡਦੇ ਹੋਏ ਖਿਆਲ ਵਿਚ ਖਤਮ ਹੋ ਜਾਂਦਾ ਸੀ ਛੁਟੀ ਦੇ ਪਿਛੋਂ ਰਮੇਸ਼ ਸਕੂਲੋਂ ਆਉਂਦਾ, ਤਾਂ ਮਨੋਹਰ ਦਾ ਮੂੰਹ ਵੇਖ ਕੇ ਪਤਾ ਲਗਦਾ ਕਿ ਹੁਣ ਤਕ ਸਿਰਫ ਮੇਰੀ ਹੀ ਉਡੀਕ ਸੀ, ਉਸ ਦੇ ਪਿਛੋਂ ਦੋਨੇਂ ਮਿਤ੍ਰ ਫੁਲਵਾੜੀ ਦੀ ਸੜਕਤੇ ਤੁਰਦੇ ਫਿਰਦੇ ਹੋਏ ਗੱਲਾਂ ਕਰਦੇ, ਅਤੇ ਜਦੋਂ ਸ਼ਾਮ ਦਾ ਹਨੇਰਾ ਖਿਲਰਨ ਲੱਗਦਾ, ਤਾਂ ਬੈਂਚ ਤੇ ਆ ਬੈਠਦੇ ਜਾਂਦੇ, ਕਦੀ ਦਿਲ ਨੂੰ ਖਿਚਣ ਵਾਲੀ ਠੰਡੀ ਹਵਾ ਦੇ ਬੁਲ੍ਹਿਆਂ ਨਾਲ ਦਰਖਤਾਂ ਦੇ ਪਤੇ ਹਿਲਦੇ ਸਨ, ਅਤੇ ਕਦੀ ਹਵਾ ਰੁਕਨ ਕਰਕੇ ਚੁਪ ਹੋ ਜਾਂਦੇ, ਨੀਲੇ ਅਸਮਾਨ ਤੇ ਤਾਰੇ ਚਮਕ ਦੇ ਸਨ, ਅਤੇ ਚੰਦ ਉਨਾਂ ਦੀ ਸਭਾ ਵਿਚ ਨੂਰੀ ਰਥ ਤੇ ਅਸਵਾਰ ਹੋ ਕੇ ਚਕਰ ਲਗਾਉਂਦਾ ਸੀ, ਇਸ ਕੁਦਰਤੀ ਰੰਗ ਨੂੰ ਵੇਖ ਕੇ ਦੋਨਾਂ ਦੇ ਦਿਲਾਂ ਵਿਚ ਖੁਸ਼ੀ ਦੇ ਸਮੁੰਦਰ ਵਾਂਗ ਠਾਠਾਂ ਮਾਰਨ ਲਗ ਪੈਂਦਾ।
ਰਮੇਸ਼ ਗੱਲਾਂ ਕਰਦਾ ਮਨੋਹਰ ਚੁਪ ਚਾਪ ਸੁਣਦਾ, ਜਿਸ ਗੱਲ ਨੂੰ ਉਹ ਬਿਲਕੁਲ ਨਾ ਸਮਝ ਸਕਦਾ, ਓਹਨੂੰ ਉਹ ਵੀ ਚੰਗੀ ਲਗਦੀ ਜੇ ਇਹੋ ਜਹੀਆਂ ਗਲਾਂ ਕਿਸੇ ਹੋਰ ਦੇ ਮੂੰਹੋਂ ਸੁਣਦਾ ਤਾਂ ਉਸਨੂੰ ਪਾਗਲ ਸਮਝਦਾ ਇਸ ਤਰਾਂ ਦਾ ਅਸਾਗਰ ਸਾਥੀ ਲੈਕੇ ਰਮੇਸ਼ ਦੇ ਬੋਲਣ ਦੀ ਤਾਕਤ, ਅਤੇ ਖਿਆਲ ਦੀ ਤਾਕਤ ਦਿਨ-ਬ-ਦਿਨ ਵਧਦੀ ਜਾ ਰਹੀ ਸੀ, ਕੁਝ ਪੜੀਆਂ ਹੋਈਆਂ ਕੁਝ ਸੋਚੀਆਂ ਹੋਈਆਂ ਖਿਆਲ ਵਿਚ ਆਈਆਂ ਹੋਈਆਂ ਗਲਾਂ ਕਰਦਾ ਸੀ, ਆਪਣੇ ਤਜਰਬੇ ਨੂੰ ਛੁਪਾ ਰਖਦਾ ਸੀ, ਉਹ ਕੁਝ ਠੀਕ ਅਤੇ ਕੁਝ ਗਲਤ ਗਲਾਂ ਵੀ ਕਰਦਾ ਸੀ ਪਰ ਮਨੋਹਰ ਦਿਲ ਲਗਾ ਕੇ ਸੁਨਦਾ, ਅਤੇ ਕਦੀ ਕਦੀ ਕੋਈ ਸੁਆਲ ਵੀ ਕਰ ਲੈਂਦਾ, ਪਰ ਉਸ ਦੇ ਸ਼ਕ ਨੂੰ ਦੂਰ ਕਰਨ ਲਈ ਜੋ ਕੁਝ ਰਮੇਸ਼ ਦੇ ਖਿਆਲ ਵਿਚ ਆਉਂਂਦਾ ਮਨੋਹਰ ਵਾਸਤੇ ਉਹ ਹੀ ਠੀਕ ਹੁੰਦਾ ਦੂਸਰੇ ਦਿਨ ਮਨੋਹਰ ਓਸੇ ਚਬੂਤਰੇ ਤੇ ਬੈਠ ਕੇ ਉਨ੍ਹਾਂ ਗੱਲਾਂ ਨੂੰ ਆਪਣੇ ਦਿਮਾਗ ਨਾਲ ਦੁਹਰਾਂਦਾ ਅਤੇ ਸੋਚਦਾ।
ਉਨ੍ਹਾਂ ਦਿਨਾਂ ਵਿਚ ਇਹ ਬਹੁਤ ਹੈਰਾਨੀ ਵਾਲੀ ਗਲ ਹੋਈ, ਮਨੋਹਰ ਦੇ ਬਾਗ ਅਤੇ ਰਮੇਸ਼ ਦੇ ਮਕਾਨ ਦੇ ਵਿਚਕਾਰ ਇਕ ਬਰਸਾਤੀ ਨਾਲਾ ਸੀ ਉਸਦੀ ਜ਼ਮੀਨ ਵਿਚ ਸੁੱਕਾ ਹੋਯਾ ਅੰਬ ਦਾ ਬੂਟਾ ਸੀ, ਇਕ ਦਿਨ ਮਨੋਹਰ ਦਾ ਨੌਕਰ ਇਸ ਦੀ ਲਕੜੀ ਕੱਟਣ ਲਗਾ ਤਾਂ ਰਮੇਸ਼ ਦੇ ਨੌਕਰ ਨੇ ਉਸ ਨੂੰ ਮਨਾਂ ਕੀਤਾ,ਦੋਨੇ ਨੌਕਰ ਸਨ ਅਕਲ ਤੋਂ ਖਾਲੀ, ਦੁਨੀਆਂ ਦੇ ਦੀ ਉਂਚ ਨੀਂਚ ਤੋਂ ਬੇ-ਖਬਰ, ਬਿਲਕੁਲ ਬੇ-ਅੱਕਲ, ਗਾਲੀ ਗਲੋਚ ਤੱਕ ਗੱਲ ਚਲੀ ਗਈ ਦੋਨਾਂ ਨੇ ਜਿਥੋਂ ਤੱਕ ਹੋ ਸਕਿਆ ਖੁਲ੍ਹੇ ਦਿਲ ਨਾਲ ਕੰਮ ਲਿਆ, ਕਿ ਜੇ ਉਨ੍ਹਾਂ ਗਾਲ੍ਹਾਂ ਦਾ ਕੋਈ ਵਜੂਦ ਹੁੰਦਾ ਤਾਂ ਜ਼ਰੂਰ ਓਹ ਨਾਲਾ ਭਰ ਜਾਂਦਾ।
ਇਹ ਗਲ ਇਥੋਂ ਤੱਕ ਵਸੀ ਕਿ ਮਨੋਹਰ ਦੇ ਪਿਤਾ ਦੇਵੀ ਦਾਸ ਅਤੇ ਰਮੇਸ਼ ਦੇ ਪਿਤਾ ਦੀਨਾ ਨਾਥ ਵਿਚ ਮੁਕਦਮਾ ਸ਼ੁਰੂ ਹੋਗਿਆ ਇਸ ਨਾਲੇ ਉਤੇ ਕਿਸ ਦਾ ਹੱਕ ਹੈ?
ਨੇੜੇ ਤੇੜੇ ਦੇ ਸ਼ਹਿਰਾਂ ਵਿਚ ਜਿਨੇਂ ਵਡੇ ਵਕੀਲ, ਬਰਿਸਟਰ ਸਨ, ਉਹ ਕਿਸੇ ਨਾ ਕਿਸੇ ਪਾਸਿਓਂ ਖੜੇ ਹੋਕੇ ਲੰਬੇ ਚੌੜੇ ਲੈਕਚਰਾਂ ਨਾਲ ਆਪਣੇ ੨ ਮੁਦੱਈ ਦੀ ਸਫਾਈ ਪੇਸ਼ ਕਰਨ ਲਗੇ ਦੋਨਾਂ ਪਾਸਿਓਂ ਜਿਨਾਂ ਰੁਪਿਯਾ ਖ਼ਰਚ ਹੋਇਆ ਉਨ੍ਹਾਂ ਪਾਣੀ ਸੌਣ ਭਾਦ੍ਰੋਂ ਦੇ ਮਹੀਨੇ ਵਿਚ ਉਸ ਨਾਲੇ ਵਿਚ ਨਹੀਂ ਸੀ ਆਇਆ। ਇਹ ਸੀ ਝਗੜੇ ਦਾ ਫਲ।
ਓੜਕ ਫੈਸਲਾ ਦੇਵੀ ਦਾਸ ਦੇ ਹੱਕ ਵਿਚ ਹੋਇਆ ਕਿ ਨਾਲਾ ਉਨ੍ਹਾਂ ਦਾ ਹੈ, ਅਤੇ ਉਸ ਅੰਬ ਦੇ ਦਰਖਤ ਦੇ ਵੀ ਉਹੋ ਹੀ ਮਾਲਕ ਹਨ ਜਿਸਦੀ ਲਕੜੀ ਉਨ੍ਹਾਂ ਦਾ ਨੌਕਰ ਲੈਣ ਆਇਆ ਸੀ, ਅਤੇ ਜਿਸਦੇ ਮੁਕਦਮੇ ਤੇ ਹਜ਼ਾਰਾਂ ਰੁਪਿਆ ਖਰਚ ਹੋਏ ਸਨ, ਦੀਨਾ ਨਾਥ ਨੇ ਅਪੀਲ ਕੀਤੀ, ਪਰ ਪਹਿਲੇ ਫੈਸਲੇ ਵਿਚ ਅਦਲਾ ਬਦਲੀ ਨਾ ਹੋ ਸਕੀ, ਜਦੋਂ ਤਕ ਮੁਕਦਮਾ ਚਲਦਾ ਰਿਹਾ ਓਦੋਂ ਤਕ ਦੋਨਾਂ ਦੀ ਮਿਤ੍ਰਤਾ ਵਿਚ ਕੁਝ ਫਰਕ ਨਾ ਪਿਆ, ਇਥੋਂ ਤਕ ਇਸ ਝਗੜੇ ਦਾ ਅਸਰ ਸਾਡੇ ਦਿਲ ਤੇ ਨਾ ਹੋਵੇ, ਇਸ ਖਿਆਲ ਨਾਲ ਮਨੋਹਰ ਹੋਰ ਵੀ ਰਮੇਸ਼ ਨੂੰ ਆਪਣੇ ਨੇੜੇ ਲਿਆਉਣ ਦੀ ਕੋਸ਼ਸ਼ ਕਰਨ ਲੱਗਾ ਤੇ ਰਮੇਸ਼ ਨੇ ਵੀ ਕੋਈ ਫਰਕ ਮਹਿਸੂਸ ਨਾ ਹੋਣ ਦਿਤਾ ਦੋਨੇਂ ਪਿਆਰ ਦੇ ਪੁਤਲੇ ਸਨ ਉਨ੍ਹਾਂ ਨੂੰ ਜਿਸ ਤਰ੍ਹਾਂ ਏਨੀ ਵੱਡੀ ਗੱਲ ਦਾ ਪਤਾ ਨਹੀਂ ਸੀ, ਉਹੋ ਹੀ ਚਬੂਤਰਾ ਸੀ, ਉਹੋ ਹੀ ਰਮੇਸ਼, ਮਨੋਹਰ, ਫੁਲਵਾੜੀ ਅਤੇ ਉਹੋ ਗੱਲਾਂ।
ਜਿਸ ਦਿਨ ਕਚਹਿਰੀ ਵਾਲਿਆਂ ਨੇ ਦੇਵੀ ਦਾਸ ਦੇ ਹਕ ਵਿਚ ਫੈਸਲ ਕਰ ਦਿਤਾ, ਉਸ ਦਿਨ ਉਨ੍ਹਾਂ ਦੇ ਘਰ ਵਿਚ ਤੇ ਖਾਸ ਤੌਰ ਤੇ ਜਨਾਨੀਆਂ ਵਿਚ ਬਹੁਤ ਧੂਮ ਧਾਮ ਹੋਈ, ਪਰ ਮਨੋਹਰ ਨੂੰ ਇਹ ਸਭ ਕੁਝ ਚੰਗਾ ਨਹੀਂ ਸੀ ਲੱਗਦਾ ਉਹ ਰਾਤ ਉਸਨੇ ਤੜਫ ਕੇ ਕੱਟੀ ਉਸਦੇ ਦੂਸਰੇ ਦਿਨ, ਤੀਸਰੇ ਪਹਿਰ, ਚਾਰ ਵਜੇ ਮਨੋਹਰ ਉਸੇ ਚਬੂਤਰੇ ਤੇ ਜਾ ਬੈਠਾ, ਉਸਦਾ ਮੂੰਹ ਮੁਰਝਾਇਆ ਹੋਇਆ ਸੀ, ਜਿਸ ਤਰ੍ਹਾਂ ਉਸਨੇ ਕੋਈ ਭੈੜਾ ਜੁਰਮ ਕੀਤਾ ਹੈ ਯਾਂ ਕਿਸੇ ਬੜੇ ਭਾਰੇ ਮੁਕਦਮੇ ਵਿਚ ਹਾਰ ਗਿਆ।
ਸਾਰਾ ਦਿਨ ਬੀਤ ਗਿਆ, ਪਰ ਰਮੇਸ਼ ਨਾ ਆਇਆ ਮਨੋਹਰ ਨੇ ਇਕ ਹਾਉਕਾ ਭਰ ਕੇ ਰਮੇਸ਼ ਦੇ ਮਕਾਨ ਵਲ ਵੇਖਿਆ, ਕਮਰੇ ਦੇ ਬੂਹੇ ਖੁਲ੍ਹੇ ਸਨ, ਕਿੱਲੀ ਤੇ ਰਮੇਸ਼ ਦੇ ਸਕੂਲ ਦੇ ਕਪੜੇ ਪਏ ਸਨ, ਉਸੇ ਤਰ੍ਹਾਂ ਤੇ ਹੋਰ ਕਈ ਚੀਜ਼ਾਂ ਨੂੰ ਵੇਖ ਕੇ ਮਨੋਹਰ ਨੂੰ ਪਤਾ ਲੱਗਾ ਕਿ ਰਮੇਸ਼ ਘਰ ਈ ਹੈ ਹੁੱਕਾ ਰੱਖ ਕੇ ਮਨੋਹਰ ਫਿਰਨ ਲੱਗਾ, ਉਸਨੇ ਹਜ਼ਾਰ ਵਾਰੀ ਕਮਰੇ ਵਲ ਵੇਖਿਆ, ਪਰ ਰਮੇਸ਼ ਬਾਗ ਵਿਚ ਨਾ ਆਇਆ, ਪਤਾ ਨਹੀਂ ਕਿਉਂ?

ਸ਼ਾਮ ਨੂੰ ਰੌਸ਼ਨੀ ਦੇ ਪਿਛੋਂ, ਮਨੋਹਰ ਰਮੇਸ਼ ਦੇ ਘਰ ਵਲ ਗਿਆ, ਦੀਨਾ ਨਾਥ ਮੰਜੀ ਤੇ ਬੈਠ ਕੇ ਠੰਡੀ ਹਵਾ ਨਾਲ ਆਪਣੇ ਦਿਲ ਦੀ ਸੜਨ ਨੂੰ ਸ਼ਾਂਤ ਕਰ ਰਿਹਾ ਸੀ, ਪੈਰਾਂ ਦੀ ਅਵਾਜ਼ ਸੁਣ ਕੇ ਤ੍ਰਭਕ ਉਠਿਆ, ਅਵਾਜ਼ ਦਿਤੀ ।
ਕੌਣ ਹੈ ?

ਮਨੋਹਰ ਉਤੇ ਘੜਿਆਂ ਬਧੀ ਪਾਣੀ ਫਿਰ ਗਿਆ ਪੈਰ ਉਥੇ ਹੀ ਜਮ ਗਏ, ਉਸਨੂੰ ਇੰਝ ਮਹਿਸੂਸ ਹੋਇਆ, ਕਿ ਜਿਸ ਤਰਾਂ ਓਹ ਚੋਰੀ ਕਰਨ ਆਯਾ ਸੀ, ਤੇ ਹੁਣ ਫੜਿਆ ਗਿਆ ਹੈ, ਉਹ ਸੜਦੀ ਪੈਰੀਂ ਜਾਣਾ ਚਾਹੁੰਦਾ ਸੀ, ਕਿ ਫਿਰ ਅਵਾਜ਼ ਆਈ।
"ਕੌਣ ਹੈ ?"
"ਮੈਂ ਹਾਂ ।"
ਉਸਦੀ ਅਵਾਜ਼ ਕੰਬ ਰਹੀ ਸੀ, ਗਲਾ ਭਰ ਆਯਾ ਸੀ ਤੇ ਗਲਾਂ ਰੁਕ ਰੁਕ ਕੇ ਕਹਿ ਰਿਹਾ ਸੀ।

"ਕਿਸ ਨੂੰ ਲਭਨ ਆਇਆ ਹੈਂ ? ਘਰ ਕੋਈ ਨਹੀਂ" ਮਨੋਹਰ ਫੇਰ ਬਾਗ ਵਿਚ ਆਕੇ ਚੁਪ ਚਾਪ ਬੈਠ ਗਿਆ, ਉਸਨੂੰ ਇਸ ਤਰਾਂ ਜਾਪਨ ਲਗਾ, ਕਿ ਅੱਜ ਕੋਈ ਵਡਮੁਲੀ ਚੀਜ਼ ਗੁਆਚ ਗਈ ਹੈ ਇਕ ਇਕ ਕਰਕੇ ਰਮੇਸ਼ ਦੇ ਮਕਾਨ ਦੇ ਸਾਰੇ ਬੂਹੇ ਬੰਦ ਹੋ ਗਏ, ਛੇਕਾਂ ਵਿਚੋਂ ਜੇਹੜਾ ਚਾਨਣ ਦਿਸਦਾ ਸੀ, ਓਹ ਵੀ ਹੌਲੀ ੨ ਬਸ ਹੋ ਗਿਆ, ਹਨੇਰੇ ਵਿਚ ਮਨੋਹਰ ਨੂੰ ਮਹਿਸੂਸ ਹੋਇਆ ਕਿ ਰਮੇਸ਼ ਦੇ ਘਰ ਦੇ ਸਾਰੇ ਬੂਹੇ ਸਿਰਫ ਮੇਰੇ ਵਾਸਤੇ ਹੀ ਬੰਦ ਹੋਏ ਹਨ, ਅਤੇ ਇਸ ਹਨੇਰੇ ਵਿਚ ਸਿਰਫ ਮੈਂ ਹੀ ਕਲਾ ਖੜਾ ਹਾਂ, ਦੁਨੀਆਂ ਵਿਚ ਨਾ ਕੋਈ ਮੇਰਾ ਸਾਥੀ ਹੈ, ਨਾਂ ਮਦਤਗਾਰ ।

ਦੂਜੇ ਦਿਨ ਉਸੇ ਤਰ੍ਹਾਂ ਮਨੋਹਰ ਫੇਰ ਆਕੇ ਚਬੂਤਰੇ ਤੇ ਬੈਠਾ, ਸੋਚਿਆ ਸੀ, ਕਿ ਸ਼ਾਇਦ ਅੱਜ ਰਮੇਸ਼ ਆਏਗਾ, ਉਸਦੇ ਦਿਮਾਗ ਵਿਚ ਇਹ ਗੁਮਾਨ ਵੀ ਨਹੀਂ, ਜੋ ਰੋਜ਼ ਆਉਂਦਾ ਰਿਹਾ, ਓਹ ਅਜ ਨਹੀਂ ਆ ਸਕਦਾ, ਉਸਨੂੰ ਕੀ ਪਤਾ ਸੀ ਕਿ ਪਿਆਰ ਦੀ ਜੰਜ਼ੀਰ ਅੱਜ ਤੋਂ ਨਿਰਬਲ ਹੋ ਗਈ, ਓਸ ਪਾਸਿਓਂ ਤਾਂ ਓਹ ਇਨਾਂ ਲਾ-ਪਰਵਾਹ ਸੀ, ਕਿ ਉਸ ਨੂੰ ਪਤਾ ਵੀ ਨਾ ਲਗਾ, ਕਿ ਉਸਦੇ ਜੀਵਨ ਦਾ ਸਾਰਾ ਅਰਾਮ ਕਿਸੇ ਦੁਖ ਦੇ ਡੂੰਘੇ ਟੋਏ ਵਿਚ ਜਾ ਰਹੇ ਹਨ । ਅਜ ਇਕ ਦਮ ਹੀ ਉਸਦੇ ਸੁਫਨਿਆਂ ਦਾ ਅੰਤ ਹੋ ਗਿਆ, ਉਸਨੂੰ ਭੁਲ ਕੇ ਵੀ ਇਹ ਖਿਆਲ ਨਾ ਆਇਆ ਕਿ ਇਹ ਹੋ ਸਕਦਾ ਹੈ ? ਪਰ ਅਜ ਝਟ ਪਟ ਖੁਲ੍ਹੇ ਤੌਰ ਦੇ ਉਸਦੇ ਸਾਹਮਣੇ ਸੀ, ਪਰ ਹੁਣ ਤਕ ਇਸ ਗਲ ਤੇ ਭਰੋਸਾ ਨਹੀਂ ਸੀ ਆਉਂਦਾ ਕਿ ਪਿਆਰ ਦੇ ਦਰਿਯਾ ਦਾ ਪੁਲ ਬਿਲਕੁਲ ਟੁੱਟ ਗਿਆ ਹੈ।

ਓਹ ਰੋਜ਼ ਉਸੇ ਤਰਾਂ ਸ਼ਾਮ ਨੂੰ ਚਬੂਤਰੇ ਤੇ ਆ ਬੈਠਦਾ, ਕਿ ਸ਼ਾਇਦ ਅਜ ਹੀ ਰਮੇਸ਼ ਆ ਜਾਵੇ, ਪਰ ਇਹ ਨਾ ਹੋਣਾ ਸੀ, ਅਤੇ ਨਾ ਹੋਇਆ ਜੋ ਹਮੇਸ਼ਾ ਆਉਂਦਾ ਸੀ ਓਹ ਭੁਲਕੇ ਵੀ ਇਧਰ ਨਾ ਮੁੜਿਆ, ਮਨੋਹਰ ਨੇ ਸੋਚਿਆ, ਐਤਵਾਰ ਪਹਿਲੇ ਤਰੀਕੇ ਦੇ ਨਾਲ ਸਵੇਰੇ ਹੀ ਰਮੇਸ਼ ਆਇਗਾ, ਪਰ ਨਾਲ ਹੀ ਇਕ ਤਰਾਂ ਦਾ ਡਰ ਸੀ, ਜੋ ਦਿਲ ਦੇ ਇਸ ਖਿਆਲ ਨੂੰ ਵੱਧਣ ਨਹੀਂ ਦਿੰਦਾ ਤੇ ਨਾ ਹੀ ਇਹ ਖਿਆਲ ਬਿਲਕੁਲ ਜਾਂਦਾ ਸੀ।

ਸਵੇਰਾ ਹੋਇਆ, ਦਿਨ ਚੜ੍ਹਿਯਾ, ਸੂਰਜ ਨਿਕਲ ਆਯਾ, ਪਰ ਰਮੇਸ਼ ਨਾ ਆਇਯਾ, ਮਨੋਹਰ ਨੇ ਸੋਚਿਯਾ, ਰੋਟੀ ਖਾ ਕੇ ਆਏਗਾ, ਪਰ ਉਹ ਵੇਲਾ ਵੀ ਲੰਘ ਗਿਯਾ ਫੇਰ ਸੋਚਿਯਾ, ਖਾ ਕੇ ਸੌਂ ਗਿਯਾ ਹੋਵੇਗਾ, ਜਾਗ ਕੇ ਆਏਗਾ, ਇਹ ਪਤਾ ਨਹੀਂ ਕਿ ਨੀਂਦ ਕਦੋਂ ਖੁਲ੍ਹੀ ਪਰ ਸਾਰਾ ਦਿਨ ਬੀਤ ਗਿਯਾ, ਰਮੇਸ਼ ਨਾ ਆਇਯਾ, ਮਨੋਹਰ ਦੀਯਾ ਅੱਖਾਂ ਰਮੇਸ਼ ਦੇ ਬੂਹੇ ਤੇ ਸਨ ਤੇ ਖਿਯਾਲ ਉਸਦੇ ਕਮਰੇ ਵਿਚ ।

ਸ਼ਾਮ ਹੋ ਗਈ, ਰਾਤ ਪੈ ਗਈ, ਤਾਰੇ ਅਸਮਾਨ ਤੇ ਨਿਕਲ ਆਏ, ਚੰਦ ਨੇ ਬਦਲਾਂ ਝੂੰਡਲਾ ਬਦਲ ਦਿਤਾ, ਰਮੇਸ਼ ਦੇ ਘਰ ਦਾ ਦਰਵਾਜ਼ਾ ਬੰਦ ਹੋਇਯਾ ਕਮਰੇ ਦਾ ਚਾਨਣ ਖਤਮ ਹੋ ਗਿਯਾ, ਪਰ ਰਮੇਸ਼ ਨਾ ਆਇਯਾ; ਬਿਲਕੁਲ ਨਾ ਆਇਯਾ। ਇਸੇ ਤਰਾਂ ਸੋਮਵਾਰ ਤੋਂ ਐਤਵਾਰ ਤੱਕ ਦੁਸਰੇ ਹਫਤੇ ਦੇ ਸਾਰੇ ਦਿਨ ਵੀ ਖਤਮ ਹੋ ਗਏ, ਆਸ ਨੂੰ ਵਧਾਉਣ ਵਾਸਤੇ ਹੁਣ ਇਕ ਦਿਣ ਵੀ ਨਾ ਰਿਹਾ, ਤਦ ਇਹ ਅਨਬਨ ਹੋਣ ਕਰਕੇ ਮਨੋਹਰ ਨੂੰ ਜੇਹੜਾ ਦੁਖ ਹੋਇਯਾ ਉਸ ਨੂੰ ਯਾਦ ਕਰਕੇ ਇਕ ਠੰਡਾ ਹਾਉਕਾ ਭਰਕੇ ਉਸ ਨੇ ਰਮੇਸ਼ ਦੇ ਘਰ ਵਲ ਦੇਖਿਆ ਤੇ ਕਿਹਾ।

"ਪ੍ਰਮਾਤਮਾਂ-ਕੀ ਦੌਲਤ ਇਸੇ ਦਾ ਨਾਂ ਹੈ ?"
ਇਕ ਪਾਸੇ ਰਮੇਸ਼ ਦਾ ਘਰ ਸੀ, ਦੂਸਰੇ ਪਾਸੇ ਪਿਯਾਰ ਦਾ ਲਹਿਰਾਂ ਮਾਰ ਰਿਹਾ ਗਹਿਰਾ ਸਮੁੰਦ੍ਰ ਤੇ ਦੋਨਾਂ ਦੇ ਵਿਚਕਾਰ ਉਸ ਰੇਤਲੀ ਜ਼ਮੀਨ ਉਤੇ ਸੁੱਕਾ ਹੋਇਯਾ ਅੰਬ ਦਾ ਦਰਖਤ ।
ਇਹ ਹੈ ਦੁਨੀਯਾ, ਦੁਨੀਯਾ ਦੀ ਦੌਲਤ ਪਿਯਾਰ ਅਤੇ ਨਫ਼ਰਤ ।

(ਅਨੁਵਾਦਕ: ਸ਼ਾਂਤੀ ਨਾਰਾਇਣ ਕੁੰਜਾਹੀ)

  • ਮੁੱਖ ਪੰਨਾ : ਰਵਿੰਦਰਨਾਥ ਟੈਗੋਰ, ਬੰਗਾਲੀ ਕਹਾਣੀਆਂ ਤੇ ਨਾਵਲ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ