Munda Bhagan Wala (Story in Punjabi) : Ramon del Valle Inclan
ਮੁੰਡਾ ਭਾਗਾਂ ਵਾਲਾ (ਕਹਾਣੀ) : ਰੈਮਨ ਡੈਲ ਵੈਲੇ ਇੰਕਲਾਨ
ਪਿੰਡ ਦੀ ਸਭ ਤੋਂ ਬੁੱਢੀ ਤੀਵੀਂ ਆਪਣੇ ਪੋਤਰੇ ਦਾ ਹੱਥ ਫੜ ਕੇ ਹਰੇ-ਹਰੇ ਵਲੇਵੇਂਦਾਰ ਰਾਹ ’ਤੇ ਹੌਲੀ-ਹੌਲੀ ਤੁਰੀ ਜਾਂਦੀ ਹੈ। ਰਾਹ ਇਹ ਪ੍ਰਭਾਤ ਦੇ ਧੁੰਦਲੇ-ਧੁੰਦਲੇ ਹਨੇਰੇ ਵਿੱਚ ਸੁੰਞਾ-ਸੁੰਞਾ ਲੱਗਦਾ ਹੈ। ਬੁੱਢੀ ਦੀ ਕਮਰ ਝੁਕੀ ਹੈ। ਉਹਨੂੰ ਇੱਕ-ਇੱਕ ਕਦਮ ਪੁੱਟਣ ਵੇਲੇ ਡੂੰਘਾ-ਡੂੰਘਾ ਸਾਹ ਖਿੱਚਣਾ ਪੈਂਦਾ ਹੈ। ਬੱਚੇ ਨੂੰ ਉਹ ਕੁਝ ਮੱਤ ਦਿੰਦੀ ਜਾਂਦੀ ਹੈ ਤੇ ਬੱਚਾ ਨਿੰਮ੍ਹਾ-ਨਿੰਮ੍ਹਾ ਡੁਸਕੀ ਜਾਂਦਾ ਹੈ।
‘‘ਹੁਣ ਤੂੰ ਕਮਾਈ ਕਰਨ ਲੱਗ ਜਾਣਾ ਏਂ। ਇਸ ਲਈ ਤੈਨੂੰ ਦੂਜਿਆਂ ਦਾ ਆਦਰ ਕਰਨਾ ਚਾਹੀਦਾ ਏ। ਪ੍ਰਭੂ ਦਾ ਇਹੋ ਨੇਮ ਏ।’’
‘‘ਹਾਂ, ਦਾਦੀ।’’
‘‘ਤੈਨੂੰ ਆਪਣੇ ਹਿਤੈਸ਼ੀਆਂ ਤੇ ਚੱਲ ਵੱਸੀਆਂ ਰੂਹਾਂ ਲਈ ਰੱਬ ਅੱਗੇ ਅਰਦਾਸ ਕਰਨੀ ਚਾਹੀਦੀ ਏ।’’
‘‘ਹਾਂ।’’
‘‘ਜੇ ਤੇਰੇ ਕੋਲ ਕੁਝ ਪੈਸਾ-ਟਕਾ ਬਚ ਜਾਵੇ ਤਾਂ ਛਤਰੀ ਖ਼ਰੀਦ ਲਵੀਂ। ਇੱਥੇ ਮੀਂਹ ਪੈਂਦਾ ਰਹਿੰਦਾ ਏ।’’
‘‘ਚੰਗਾ।’’
‘‘ਰਾਹ ’ਤੇ ਚੱਲਣ ਵੇਲੇ ਆਪਣੀਆਂ ਲੱਕੜ ਦੀਆਂ ਜੁੱਤੀਆਂ ਉਤਾਰ ਲਿਆ ਕਰੀਂ।’’
‘‘ਠੀਕ ਏ।’’
ਦਾਦੀ ਤੇ ਪੋਤਰਾ ਹੌਲੀ-ਹੌਲੀ ਚਲੀ ਜਾਂਦੇ ਸਨ। ਸੁੰਞੀ-ਸੁੰਞੀ ਸੜਕ ਵੇਖ ਕੇ ਬੱਚੇ ਦਾ ਮੂੰਹ ਹੋਰ-ਹੋਰ ਝਵੀਂ ਜਾਂਦਾ ਸੀ। ਉਹਨੂੰ ਵੇਖ ਕੇ ਇਉਂ ਲੱਗਦਾ ਸੀ ਜਿਵੇਂ ਉਹ ਆਪਣੇ ਜੀਵਨ ਦੇ ਮੁੱਢ ਵਿੱਚ ਹੀ ਉਦਾਸੀ ਤੇ ਗ਼ਰੀਬੀ ਦੀ ਸਾਕਾਰ ਮੂਰਤ ਹੋਵੇ। ਬੁੱਢੀ ਦੀਆਂ ਜੁੱਤੀਆਂ ਸੜਕ ’ਤੇ ਪਏ ਕੰਕਰਾਂ ਨਾਲ ਟਕਰਾਉਂਦੀਆਂ ਕਿੜਕਿੜ ਕਰਦੀਆਂ। ਇਹ ਕਿੜਕਿੜ ਸੁਣ ਕੇ ਉਹ ਆਪਣੇ ਸਿਰ ’ਤੇ ਕੀਤੀ ਹੋਈ ਸ਼ਾਲ ਦੇ ਅੰਦਰ ਕੰਬ-ਕੰਬ ਜਾਂਦੀ। ਲੜਕਾ ਠੰਢੀ ਹਵਾ ਕਰਕੇ ਠੁਠਰਦਾ ਸਿਸਕਣ ਲੱਗ ਜਾਂਦਾ। ਉਹਦੇ ਲੀੜੇ ਲੀਰੋ-ਲੀਰ ਹੋਏ ਸਨ। ਧੁੱਪ ਨਾਲ ਮੂੰਹ ਉਹਦਾ ਕਾਲਾ ਹੋਈ ਜਾਂਦਾ ਤੇ ਉਹਦੇ ਮੂੰਹ ’ਤੇ ਝੁਰੜੀਆਂ ਆ ਜਾਂਦੀਆਂ। ਪੁਰਾਣੇ ਵੇਲਿਆਂ ਦੇ ਗੁਲਾਮਾਂ ਵਾਂਗ ਉਹਦੇ ਮੱਥੇ ਦੇ ਵਾਲ ਕੱਟੇ ਹੋਏ ਸਨ।
ਪ੍ਰਭਾਤ ਦੇ ਹਨੇਰੇ ਵਿੱਚ ਆਕਾਸ਼ ਵਿੱਚ ਅਜੇ ਵੀ ਚੰਨ ਤਾਰੇ ਟਿਮਟਿਮਾ ਰਹੇ ਸਨ। ਪਿੰਡੋਂ ਨੱਸਦੀ ਹੋਈ ਇੱਕ ਲੂੰਬੜੀ ਉਨ੍ਹਾਂ ਦੇ ਕੋਲੋਂ ਲੰਘ ਗਈ। ਦੂਰੋਂ ਕੁੱਤਿਆਂ ਦੇ ਭੌਂਕਣ ਦੀ ਤੇ ਕਾਂਵਾਂ ਦੀਆਂ ਕਾਂ-ਕਾਂ ਦੀਆਂ ਆਵਾਜ਼ਾਂ ਸੁਣਦੀਆਂ ਸਨ। ਸਹਿਜੇ-ਸਹਿਜੇ ਸੂਰਜ, ਪਹਾੜੀਆਂ ਦੇ ਉੱਪਰੋਂ ਤੈਰਦਾ ਹੋਇਆ ਨਿਕਲ ਆਇਆ। ਘਾਹ ’ਤੇ ਤਰੇਲ ਚਮਕ ਪਈ। ਆਲ੍ਹਣੇ ਵਿੱਚੋਂ ਪਹਿਲੀ ਵਾਰ ਨਿਕਲੀ ਚਿੜੀ ਰੁੱਖ ਦੇ ਆਲੇ-ਦੁਆਲੇ ਡਰੀ-ਡਰੀ ਉੱਡੀ ਜਾਂਦੀ ਸੀ। ਝਰਨੇ ਹੱਸਦੇ ਜਾਪਦੇ, ਰੁੱਖਾਂ ਦੀਆਂ ਡਾਹਣਾਂ ਘੁਰਮੁਰ ਕਰਦੀਆਂ ਤੇ ਦੁਖੀ-ਦੁਖੀ ਤੇ ਉਦਾਸ ਜਿਹੀ ਲੱਗਦੀ ਸੜਕ ਖਿੜ ਪਈ ਸੀ।
ਤੀਵੀਆਂ ਜਲ-ਸ੍ਰੋਤ ਤੋਂ ਮੁੜਦੀਆਂ ਗਾਉਂਦੀਆਂ ਆਉਂਦੀਆਂ ਸਨ। ਧੌਲੇ ਵਾਲਾਂ ਵਾਲਾ ਇੱਕ ਪੇਂਡੂ ਆਪਣੇ ਬਲਦਾਂ ਨੂੰ ਅੱਗੇ-ਅੱਗੇ ਹੱਕਣ ਦੇ ਆਹਰ ਵਿੱਚ ਲੱਗਾ ਸੀ ਜੋ ਸੜਕ ਦੇ ਕੰਢੇ ਉੱਗਿਆ ਘਾਹ ਚੁਗਣ ਲਈ ਠਹਿਰ ਜਾਂਦੇ। ਉਹਦੀ ਆਵਾਜ਼ ਕਿੰਨਾ ਹੀ ਚਿਰ ਦੂਰੋਂ ਕੰਨਾਂ ਵਿੱਚ ਪੈਂਦੀ ਰਹੀ।
‘‘ਤੁਸੀਂ ਮੇਲੇ ਜਾ ਰਹੇ ਹੋ?’’
‘‘ਇਸ ਮੁੰਡੇ ਦੀ ਨੌਕਰੀ ਲਈ ਸੈਨਅਮੇਡਿਓ ਜਾ ਰਹੀ ਹਾਂ।’’
‘‘ਇਹਦੀ ਉਮਰ ਕਿੰਨੀ ਏ?’’
‘‘ਖਾਣ-ਕਮਾਉਣ ਲਈ ਕਾਫ਼ੀ ਏ। ਪਿਛਲੇ ਜੁਲਾਈ ਨੂੰ ਨੌਂ ਵਰ੍ਹਿਆਂ ਦਾ ਹੋ ਗਿਆ ਸੀ।’’
ਦਾਦੀ ਤੇ ਪੋਤਾ ਦੋਵੇਂ ਤੁਰੀ ਜਾਂਦੇ ਸਨ। ਸੂਰਜ ਦੀ ਰੌਸ਼ਨੀ ਵਿੱਚ ਪਿੰਡ ਦੇ ਲੋਕ ਉਨ੍ਹਾਂ ਕੋਲੋਂ ਲੰਘੀ ਜਾਂਦੇ। ਘੋੜਿਆਂ ਦਾ ਇੱਕ ਵਪਾਰੀ ਘੋੜੇ ਦੀਆਂ ਟਾਪਾਂ ਵਿੱਚ ਖ਼ੁਸ਼ੀ-ਖੁਸ਼ੀ ਚੱਲੀ ਜਾਂਦਾ। ਬੁੱਢੀਆਂ ਤੀਵੀਆਂ ਚੂਚੇ ਤੇ ਰਾਈ ਆਦਿ ਲੈ ਕੇ ਮੇਲੇ ਨੂੰ ਜਾਂਦੀਆਂ। ਰੁੱਖਾਂ ਵਿੱਚੋਂ ਲੰਘਦਾ ਇੱਕ ਦਿਹਾਤੀ ਚੱਟਾਨਾਂ ਵਿੱਚ ਉਛਲੀ-ਕੁੱਦੀ ਜਾਂਦੀਆਂ ਬੱਕਰੀਆਂ ਨੂੰ ਤਾੜੀ ਜਾਂਦਾ ਸੀ। ਪਿੰਡ ਦੇ ਪਾਦਰੀ ਲਈ ਰਾਹ ਬਣਾਉਂਦੀ ਬੁੱਢੀ ਦਾਦੀ ਮੁੰਡੇ ਨੂੰ ਲੈ ਕੇ ਸੜਕ ਦੇ ਇੱਕ ਕਿਨਾਰੇ ਖਲੋ ਗਈ। ਪਾਦਰੀ ਪਿੰਡ ਦੇ ਇੱਕ ਉਤਸਵ ਵਿੱਚ ਬੋਲਣ ਲਈ ਜਾ ਰਿਹਾ ਸੀ।
‘‘ਨਮਸਕਾਰ।’’
ਪਾਦਰੀ ਨੇ ਆਪਣੇ ਘੋੜੇ ਦੀ ਵਾਗ ਖਿੱਚੀ ਤੇ ਪੁੱਛਿਆ, ‘‘ਮੇਲੇ ਚੱਲੇ ਹੋ?’’
‘‘ਭਲਾ, ਸਾਡੇ ਜਿਹੇ ਗ਼ਰੀਬ ਲੋਕ ਮੇਲੇ ਜਾ ਕੇ ਕੀ ਕਰਨਗੇ। ਅਸੀਂ ਤਾਂ ਸੈਨਅਮੇਡਿਉ ਚੱਲੇ ਹਾਂ। ਇਸ ਮੁੰਡੇ ਨੂੰ ਕਿਸੇ ਕੰਮ ਲਾਉਣਾ ਏ।’’
‘‘ਇਹ ਮੁੰਡਾ ਆਪਣਾ ਧਰਮ ਜਾਣਦਾ ਏ ਨਾ?’’
‘‘ਹਾਂ, ਜਾਣਦਾ ਏ। ਗ਼ਰੀਬੀ ਕਿਸੇ ਨੂੰ ਈਸਾਈ ਹੋਣ ਤੋਂ ਨਹੀਂ ਰੋਕਦੀ।’’
ਤੇ ਫਿਰ ਦੋਵੇਂ ਜਣੇ ਹੌਲੀ-ਹੌਲੀ ਤੁਰ ਪਏ। ਦੂਰ ਸੈਨਅਮੇਡਿਉ ਦੇ ਗਿਰਜਾਘਰ ਦੇ ਚੌਹੀਂ ਪਾਸੇ ਉੱਗੇ ਸਰੂ ਦੇ ਰੁੱਖ ਝਲਕਣ ਲੱਗ ਪਏ ਸਨ। ਜਾਪਦਾ, ਉਨ੍ਹਾਂ ਦੀਆਂ ਚੋਟੀਆਂ ’ਤੇ ਸੁਨਹਿਰੀ ਧੁੱਪ ਮੱਲ੍ਹਮ ਲਾ ਰਹੀ ਹੋਵੇ। ਪਿੰਡ ਦੇ ਹਰ ਇੱਕ ਘਰ ਦਾ ਦਰਵਾਜ਼ਾ ਖੁੱਲ੍ਹਾ ਹੈ ਤੇ ਉਨ੍ਹਾਂ ਦੀਆਂ ਚਿਮਨੀਆਂ ਵਿੱਚੋਂ ਧੂੰਆਂ ਉੱਠਦਾ ਆਕਾਸ਼ ਵਿੱਚ ਇਉਂ ਲੀਨ ਹੋ ਜਾਂਦਾ ਹੈ ਜਿਵੇਂ ਇਕਾਂਤ ਦਾ ਸਵਾਗਤ ਹੋ ਰਿਹਾ ਹੋਵੇ। ਦਾਦੀ ਤੇ ਪੋਤਾ ਬਰਸਾਤੀ ਵਿੱਚ ਜਾ ਵੜੇ। ਦਰਵਾਜ਼ੇ ’ਤੇ ਬੈਠਾ ਇੱਕ ਅੰਨ੍ਹਾ ਆਦਮੀ ਖੈਰ ਮੰਗ ਰਿਹਾ ਸੀ। ਅੱਖਾਂ ਉਹ ਦੀਆਂ ਆਕਾਸ਼ ਵੱਲ ਲੱਗੀਆਂ ਸਨ।
‘‘ਸੰਤ ਲੂਸੀ ਤੁਹਾਡੀ ਦੇਹ ਦੀ ਅਰੋਗਤਾ ਤੇ ਅੱਖਾਂ ਦੀ ਜੋਤ ਬਣਾਈ ਰੱਖੇ ਤੇ ਤੁਹਾਡੀ ਰੋਜ਼ੀ-ਰੋਟੀ ਬਣੀ ਰਹੇ। ਭਗਵਾਨ ਤੁਹਾਨੂੰ ਖਾਣ-ਪੀਣ ਤੇ ਦਾਨ ਦੱਛਣਾ ਦੇਣ ਲਈ ਦਿੰਦਾ ਰਹੇ। ਤੁਹਾਡੀ ਸਿਹਤ ਤੇ ਭਾਗ ਤੁਹਾਡੇ ਬਣੇ ਰਹਿਣ। ਭਗਵਾਨ ਦੇ ਬੰਦੇ ਬਿਨਾਂ ਕੁਝ ਦਿੱਤਿਆਂ ਨਹੀਂ ਜਾਂਦੇ…।’’
ਅੰਨ੍ਹੇ ਆਦਮੀ ਨੇ ਆਪਣੇ ਖਾਲੀ ਹੱਥ ਸੜਕ ਵੱਲ ਫੈਲਾਏ ਹੋਏ ਸਨ। ਆਪਣੇ ਪੋਤਰੇ ਨਾਲ ਉਹਦੇ ਕੋਲ ਆ ਕੇ ਦਾਦੀ ਨੇ ਕਿਹਾ, ‘‘ਭਾਈ, ਅਸੀਂ ਗ਼ਰੀਬ ਬੰਦੇ ਹਾਂ। ਅਸਾਂ ਸੁਣਿਆ ਸੀ, ਤੁਹਾਨੂੰ ਇੱਕ ਨੌਕਰ ਦੀ ਲੋੜ ਏ।’’
‘‘ਹਾਂ, ਹੈ। ਮੇਰੇ ਪਿਛਲੇ ਨੌਕਰ ਦਾ ਇੱਕ ਸਫ਼ਰ ’ਚ ਸਿਰ ਫੁੱਟ ਗਿਆ ਸੀ। ਹੁਣ ਉਹ ਉੱਕਾ ਕੰਮ ਦਾ ਨਹੀਂ ਰਿਹਾ…।’’
‘‘ਮੈਂ ਆਪਣੇ ਪੋਤਰੇ ਨੂੰ ਨਾਲ ਲਿਆਂਦਾ ਏ।’’
‘‘ਬੜਾ ਚੰਗਾ ਕੀਤਾ।’’
ਅੰਨ੍ਹੇ ਭਿਖਾਰੀ ਨੇ ਆਪਣਾ ਹੱਥ ਇਉਂ ਅੱਗੇ ਕੀਤਾ ਜਿਵੇਂ ਹਵਾ ਫੜਨ ਦੀ ਕੋਸ਼ਿਸ਼ ਕਰ ਰਿਹਾ ਹੋਵੇ।
‘‘ਬੇਟਾ, ਮੇਰੇ ਕੋਲ ਆਓ।’’
ਦਾਦੀ ਨੇ ਖਿੱਝ ਕੇ ਉਹਨੂੰ ਅੱਗੇ ਕੀਤਾ। ਮੁੰਡਾ ਮੇਮਣੇ ਵਾਂਗ ਕੰਬ ਰਿਹਾ ਸੀ। ਅੰਨ੍ਹੇ ਨੇ ਆਪਣਾ ਪੀਲਾ-ਪੀਲਾ ਹੱਥ ਮੁੰਡੇ ਦੇ ਸਿਰ ’ਤੇ ਰੱਖਿਆ ਤੇ ਸਿਰ ਤੋਂ ਹੇਠਾਂ ਤੀਕ ਹੱਥ ਫੇਰੀ ਗਿਆ।
‘‘ਸਾਮਾਨ ਚੁੱਕ ਕੇ ਪਹਾੜ ’ਤੇ ਚੜ੍ਹਨ ਨਾਲ ਤੂੰ ਥੱਕਦਾ ਤਾਂ ਨਹੀਂ?’’
‘‘ਨਹੀਂ, ਮੈਨੂੰ ਇਹਦਾ ਅਭਿਆਸ ਏ।’’
‘‘ਪਿੰਡ ਦੇ ਰਾਹ ਤੂੰ ਸਿਆਣਦਾ ਏਂ?’’
‘‘ਜਿਹੜਾ ਰਾਹ ਨਹੀਂ ਜਾਣਦਾ, ਪੁੱਛ ਲਵਾਂਗਾ।’’
‘‘ਚੱਲਦੇ ਚੱਲਦੇ ਜਦ ਮੈਂ ਇੱਕ ਗੀਤ ਗਾ ਲਵਾਂਗਾ ਤਾਂ ਦੂਜਾ ਗੀਤ ਤੈਨੂੰ ਗਾਣਾ ਪਵੇਗਾ। ਕਰ ਲਵੇਂਗਾ?’’
‘‘ਅਭਿਆਸ ਨਾਲ ਕਰ ਲਵਾਂਗਾ।’’
‘‘ਕਿਸੇ ਅੰਨ੍ਹੇ ਦਾ ਨੌਕਰ ਹੋਣਾ ਬਹੁਤੇ ਲੋਕ ਪਸੰਦ ਨਹੀਂ ਕਰਦੇ।’’
‘‘ਹਾਂ।’’ ‘‘ਚੰਗਾ, ਜੇ ਆ ਗਏ ਹੋ ਤਾਂ ਚੱਲੋ, ਪਾਜੀਸੇਲਾ ਚੱਲਦੇ ਹਾਂ। ਉੱਥੋਂ ਦੇ ਲੋਕ ਦਿਆਲੂ ਨੇ। ਇੱਥੇ ਤਾਂ ਫੁੱਟੀ ਕੌਡੀ ਨਹੀਂ ਮਿਲਦੀ।’’
ਅੰਨ੍ਹਾ ਆਦਮੀ ਉੱਠਿਆ ਤੇ ਮੁੰਡੇ ਦੇ ਮੋਢੇ ’ਤੇ ਹੱਥ ਰੱਖ ਕੇ ਤੁਰ ਪਿਆ। ਮੁੰਡਾ ਸਾਹਵੇਂ ਵਿਛੀ ਲੰਮੀ ਸੜਕ ਵੇਖ ਕੇ ਉਦਾਸ ਹੋ ਗਿਆ। ਦੂਰ ਇੱਕ ਮਜ਼ਦੂਰ ਝੁਕੇ-ਝੁਕੇ ਘਾਹ ਕੱਟ ਰਿਹਾ ਸੀ। ਅੰਨ੍ਹਾ ਆਦਮੀ ਮੁੰਡੇ ਨਾਲ ਅੱਗੇ ਵਧ ਗਿਆ ਤੇ ਬੁੱਢੀ ਆਪਣੀਆਂ ਅੱਖਾਂ ਪੂੰਝਦੀ ਸੋਚ ਰਹੀ ਸੀ: ‘ਮੁੰਡਾ ਕਿੰਨਾ ਭਾਗਾਂ ਵਾਲਾ ਏ। ਅਜੇ ਨੌਂ ਸਾਲਾਂ ਦਾ ਹੋਇਆ ਏ ਤੇ ਆਪਣੇ ਜੋਗਾ ਹੋ ਗਿਆ ਏ… ਹੇ ਪ੍ਰਭੂ, ਇਹ ਸਾਰੀ ਤੇਰੀ ਕਿਰਪਾ ਏ।’’
(ਪੰਜਾਬੀ ਰੂਪ: ਇੰਦੇ)