Munna Koh Lahore (Punjabi Story) : Afzal Ahsan Randhawa

ਮੁੰਨਾ ਕੋਹ ਲਹੌਰ (ਕਹਾਣੀ) : ਅਫ਼ਜ਼ਲ ਅਹਿਸਨ ਰੰਧਾਵਾ

"ਸਾਧ ਪਕੌੜੇ ਵੇਚ ਕੇ ਆਪਣੇ ਆਪ ਵਿੱਚ ਜੰਨਤ ਦੀਆਂ ਮੌਜਾਂ ਮਾਣਦਾ ਤੇ ਚੋਰ ਚੋਰੀ ਕਰਕੇ ਆਪਣੇ ਬਾਲ ਬੱਚੇ ਨਾਲ ਬੁੱਲੇ ਲੁਟਦਾ। ਤੇ ਇੰਝ ਸਾਧ ਆਪਣੇ ਹਾਲ ਵਿਚ ਮਸਤ, ਚੋਰ ਆਪਣੇ ਮਾਲ ਵਿਚ ਮਸਤ ਤੇ ਵੇਲਾ ਆਪਣੀ ਚਾਲ ਵਿਚ ਮਸਤ ਸੀ…।
"ਕਹਾਣੀ ਦਾ ਮੁੱਢ ਈ ਬੇਢੰਗਾ ਏ!" ਦਾਰੀ ਜੁਲਾਹਾ ਬੋਲ ਪਿਆ, ਅਗਾਂਹ ਕਹਾਣੀ ਕੀ ਹੋਣੀ ਏ?"
ਕਹਾਣੀ ਸੁਣਾਉਂਦਾ ਬਾਬਾ ਭੋਜ ਵਿਚੋਂ ਟੋਕੇ ਜਾਣ ਤੇ ਭੁੜਕ ਡੰਡਿਓਂ ਪਾਰ ਹੋਇਆ। ਦਾਰੀ ਨੂੰ ਝਈ ਲੈ ਕੇ ਪਿਆ: "ਅਗਾਂਹ ਤੇ ਤੇਰੀ ਮਾਂ ਨੇ ਜੋ ਹੋਣਾ ਸੋ ਹੋਣਾ ਏਂ, ਪਹਿਲਾਂ ਤੂੰ ਇਹ ਦੱਸ! ਕਹਾਣੀ ਦਾ ਮੁੱਢ ਕਿਵੇਂ ਬੇਢੰਗਾ ਏ?"
ਦਾਰੀ ਨੇ ਬਾਬੇ ਦੀ ਗੱਲ ਦਾ ਬੁਰਾ ਨਾ ਮੰਨਿਆਂ। ਹੱਸ ਕੇ ਕਹਿਣ ਲੱਗਾ, "ਤੂੰ ਤੇ ਆਖਦਾ ਹੁੰਦਾ ਏਂ ਪਈ ਚੋਰਾਂ ਦੇ ਘਰ ਕਦੇ ਦੀਵਾ ਹੀ ਨਹੀਂ ਹੁੰਦਾ। ਹੁਣ ਆਪ ਹੀ ਦਸਦਾ ਏਂ ਪਈ ਚੋਰ ਆਪਣੇ ਬਾਲ ਬੱਚੇ ਨਾਲ ਬੁਲ੍ਹੇ ਲੁਟਦਾ ਹੁੰਦਾ ਸੀ ਤੇ ਨਾਲ ਸਾਧ ਪਕੌੜੇ ਵੇਚਣ ਮਗਰੋਂ ਸਾਧ ਹੀ ਰਿਹਾ?"
ਕੋਲ ਬੈਠਾ ਮਾਸਟਰ ਦਾਰੀ ਦੀ ਇਮਦਾਦ ਨੂੰ ਅੱਪੜਿਆ- "ਬਾਬਾ! ਦਾਰੀ ਦੀ ਗੱਲ ਨੂੰ ਚਿੱਥ ਜਰਾ! ਉਹ ਆਖਦਾ ਏ ਕਿ ਹੱਟੀ ਵਾਲਾ ਤੇ ਚੋਰ ਜੇ ਸੱਕੇ ਭਰਾ ਨਹੀਂ ਤੇ ਤਾਏ ਚਾਚੇ ਦੇ ਪੁੱਤਰ ਭਰਾ ਤੇ ਜ਼ਰੂਰ ਹੁੰਦੇ ਨੇ… ਇਕ ਨੇ ਗਾਹਕ ਨੂੰ ਲੁੱਟਣਾ, ਇਕ ਨੇ ਸਾਕ ਨੂੰ…।"
ਭਾਬੇ ਭੋਜ, ਮਾਸਟਰ ਦੀ ਸੁਣੀ, ਅਣਸੁਣੀ ਕਰਦਿਆਂ ਕਿਹਾ, "ਦੀਵਾ ਨਹੀਂ ਬਲਦਾ ਕਦੇ ਤੇਰੇ ਜਹੇ ਰੱਬ ਦੇ ਮਾਰੇ ਚੋਰ ਦੇ ਘਰ, ਜਿਨ੍ਹੇ ਸਵੇਰੇ ਉਠ ਕੇ ਮਸੀਤੇ ਜਾ ਕੇ ਨਹਾਵਣ ਤੋਂ ਪਹਿਲੋਂ ਮਸੀਤ ਦਾ ਤੇਲ ਚੋਰੀ ਕਰਕੇ ਮਲਣਾ ਹੁੰਦਾ ਏ…।"
ਬਾਬੇ ਦੀ ਗੱਲ ਅਜੇ ਵਿਚ ਈ ਸੀ, ਦਾਰੀ ਹੱਸ ਕੇ ਕਹਿਣ ਲੱਗਾ, "ਰੋਜ਼ ਸਵੇਰੇ ਮੂੰਹ ਹਨੇਰੇ ਖੂਹੀ 'ਚੋਂ ਸੌ ਬੋਕਾ ਕੱਢ ਕੇ ਸਕਾਵੇ ਤੋਂ ਟੂਟੀਆਂ ਭਰਨਾ ਆਂ ਮਸੀਤ ਦੀਆਂ। ਜੇ ਕਦੇ ਕਿਸੇ ਨਮਾਜ਼ੀ ਸਵੇਰੇ ਇਕ ਬੋਕਾ ਵੀ ਕੱਢਿਆ ਹੋਵੇ ਤਾਂ ਮੈਂ ਝੂਠਾ। ਥੇ ਜੇ ਕਦੇ ਮੈਂ ਕੁੱਜੇ 'ਚੋਂ ਤੇਲ ਦਾ ਚੋਆ ਲੈ ਲੈਨਾ ਆਂ ਤੇ ਗੁਨਾਹ ਕੀ ਹੋਇਆ? ਅੱਲ੍ਹਾ ਦੇ ਘਰੋਂ ਨਾ ਲਵਾਂ ਤੇ ਹੋਰ ਕਿੱਥੋਂ ਲਵਾਂ?"
ਦਾਰੀ ਦੀ ਗੱਲ ਦੇ 'ਹੋਰ ਕਿਥੋਂ ਲਵਾਂ' ਵਾਲੇ ਟੋਟੇ ਤੇ ਬਾਬੇ ਦਾ ਹਾਸਾ ਨਿਕਲ ਗਿਆ, ਬੋਲਿਆ, "ਪੁੱਤਰਾ! ਜੇ ਕਦੇ ਤੈਨੂੰ ਸਵੇਰੇ ਉਠ ਕੇ ਤੇਲ ਮਲ ਕੇ ਨਹਾਵਣ ਦੀ ਆਦਤ ਨਾ ਹੋਵੇ ਤੂੰ ਕਦੇ ਮਸੀਤ ਵਲ ਮੂੰਹ ਵੀ ਨਾ ਕਰੇਂ। ਜਾ ਕੇ ਰੋਜ਼ ਤੇਲ ਮਲਨਾ ਏਂ। ਮਗਰੋਂ ਸਰੀਰ ਖੋਲ੍ਹਣ ਲਈ ਦਸ- ਵੀਹ ਬੋਕੇ ਕੱਢ ਕੇ ਸਕਾਵੇ ਭਰ ਕੇ ਨਹਾ ਵੀ ਤਾਂ ਆਪ ਈ ਆਉਨਾ ਏਂ ਨਾ?"
ਤੈਨੂੰ ਕਦੇ ਨਮਾਜ਼ ਪੜ੍ਹਨ ਦੀ ਤੌਫ਼ੀਕ ਨਹੀਂ ਹੋਈ। ਪਰ ਮੇਰੀ ਗੱਲ ਯਾਦ ਰੱਖੀਂ, ਅੱਲ੍ਹਾ ਦੇ ਘਰ ਚੋਰੀ ਕਰਨਾ ਏਂ… ਕੋਹੜਾ ਹੋ ਕੇ ਮਰੇਂਗਾ। ਕੀੜੇ ਖਾਣਗੇ ਏਸ ਸਰੀਰ ਨੂੰ।"
… ਖੌਰੇ ਕੋਹੜੇ ਹੋਣ ਜਾਂ ਸਰੀਰ ਨੂੰ ਕੀੜਿਆਂ ਦੇ ਖਾਣ ਦੇ ਡਰ ਤੋਂ ਦਾਰੀ ਕੰਬ ਗਿਆ। ਸਫ਼ਾਈ ਦੇਂਦਿਆਂ ਕਹਿਣ ਲੱਗਾ, "ਸਹੁੰ ਬੇਬੇ ਦੀ! ਹੁਣ ਤਾਂ ਮੈਂ ਇਹ ਕੰਮ ਕਦੇ ਨਹੀਂ ਕੀਤਾ। ਅਜੇ ਪਿਛਲੀ ਜੁੰਮੇਰਾਤ ਨੂੰ ਤੇ ਮੈਂ ਸਵਾ ਰੁਪਏ ਦਾ ਤੇਲ ਮਸੀਤੇ ਪਾਇਆ ਏ।"
"ਹੁਣ ਤੂੰ ਮਸੀਤੋਂ ਤੇਲ ਚੋਰੀ ਕਰਕੇ ਨਹੀਂ ਮਲਦਾ… ਹੁਣ ਤੇ ਤੂੰ ਬੱਸ ਪੱਠੇ ਵੱਢਨਾਂ ਏਂ ਚੋਰੀ!" ਬਾਬੇ ਭੋਜ ਖੌਰੇ ਦਾਰੀ ਦੀ ਪਹਿਲੀ ਸਫ਼ਾਈ ਮੰਨ ਲਈ ਸੀ।
ਦਾਰੀ ਆਪਣੀ ਵਾਹੀ, "ਲੈ ਭਲਾ ਬਾਬਾ! ਪੱਠੇ ਮੈਂ ਕਿਨੇ ਕੁ ਵੱਢਨਾਂ ਆਂ? ਇਕ ਬਕਰੀ ਜਿੱਡੀ ਗਾਂ ਏ ਤੇ ਇਕ ਬਿੱਲੀ ਜਿੱਡੀ ਵੱਛੀ। ਨਾਲੇ ਪੱਠੇ ਮੈਂ ਕਿਹੜੇ ਰੋਜ਼ ਵੱਢਨਾਂ ਆਂ? ਇਕ ਅੱਧਾ ਡੰਗ ਤੇ ਮੈਂ ਘਾਹ ਖੋਤਰ ਕੇ ਪਾ ਲੈਨਾ ਤੇ ਵਿਚੋਂ ਇਕ ਅੱਧਾ ਡੰਗ ਪੱਠੇ ਵਢ ਲਿਆਉਨਾ, ਉਹ ਵੀ ਉਸ ਸੂਮ ਜੱਟ ਦੇ, ਜਿਹੜਾ ਮੰਗਿਆਂ ਨਹੀਂ ਦੇਂਦਾ। ਸਵੇਰੇ ਜੱਟ ਨੂੰ ਵੀ ਪਤਾ ਹੁੰਦਾ ਏ ਪਈ ਦਾਰੀ ਲੈ ਗਿਆ ਪੱਠੇ ਵੱਢ ਕੇ ਰਾਤੀਂ। ਉਹ ਵੀ ਹੱਸ ਛੱਡਦਾ ਏ ਤੇ ਮੈਂ ਵੀ। ਬਾਬਾ! ਤੂੰ ਹੀ ਦੱਸ ਆਪਣੇ ਦੀਨ ਈਮਾਨ ਨਾਲ, ਜੇ ਦਾਰੀ ਆਪਣੀ ਗਾਂ ਲਈ ਏਸ ਆਪਣੇ ਪਿੰਡ ਵਿਚੋਂ ਪੱਠੇ ਨਾ ਵੱਢੇ ਤੇ ਕਿਥੋਂ ਵੱਢੇ? ਪਿੰਡ ਬਾਹਰੋਂ ਕਿਸੇ ਹੋਰ ਪਿੰਡ ਦੇ ਪੱਠੇ ਵੱਢ ਕੇ ਧੌਣ ਭਨਾ ਲਏ?"
ਬਾਬੇ ਭੋਜ ਦਾ ਫੇਰ ਹਾਸਾ ਡੁੱਲ੍ਹ ਪਿਆ। ਹੱਸਦਿਆਂ ਹੱਸਦਿਆਂ ਬੋਲਿਆ, ''ਓਇ ਬੰਦਿਆ! ਤੈਨੂੰ ਸੌ ਵਾਰੀ ਆਖਿਆ ਏ ਜਦੋਂ ਕਿਤੋਂ ਨਾ ਲੱਭਣ ਤਾਂ ਸਾਡੇ ਵੱਢ ਲਿਆਇਆ ਕਰ। ਪਰ ਰਾਤਾਂ ਨੂੰ ਲੋਕਾਂ ਦੇ ਚੋਰੀ ਨਾ ਵੱਢਿਆ ਕਰ। ਐਵੇਂ ਹਰਾਮ ਮੌਤੇ ਨਾ ਮਾਰਿਆ ਜਾਵੀਂ ਕਿਤੇ। ਓਇ ਚੋਰੀ ਪੱਠੇ ਵੱਢਦਿਆਂ ਮਾਰਿਆ ਜਾਣਾ ਵੀ ਕੋਈ ਕੰਮ ਹੋਇਆ। ਧੇਲਾ ਮੁੱਲ ਨਹੀਂ ਪੈਂਦਾ ਅਜਿਹੇ ਬੰਦੇ ਦਾ।''
"ਮੈਂ ਉਹਦੇ ਪੱਠੇ ਨਹੀਂ ਵੱਢਦਾ ਕਦੇ ਵੀ, ਜਿਸ ਪੱਠਿਆਂ ਦੇ ਰੁੱਗ ਤੋਂ ਮਾਰ ਹੀ ਘੱਤਣਾ ਹੋਵੇ। ਮੈਂ ਤਾਂ ਉਹਦੇ ਵੱਢਦਾ ਆਂ ਜਿਹੜਾ ਜੇ ਉਤੋਂ ਫੜ ਵੀ ਲਵੇ ਤਾਂ ਆਪੇ ਹੀ ਪੱਚੀ ਹੋ ਜਾਵੇ।" ਦਾਰੀ ਚਹਿਕਦਿਆਂ ਗੱਲ ਟੋਰੀ, "ਸੁਣਿਆਂ ਨਹੀਓਂ ਬਾਬਾ! ਇਕ ਜਾਂਗਲੀ ਚੋਰ ਨੇ ਭੈਣ ਦਾ ਝੁੱਗਾ ਜਾ ਭੰਨਿਆਂ ਪਰ, ਸੰਨ ਤੇ ਈ ਫੜਿਆ ਗਿਆ। ਭੈਣ ਤੇ ਭਣੋਈਏ ਭਲਾ ਕੀ ਆਖਣਾ ਸੀ? ਸਗੋਂ ਰੋਟੀ ਪਾਣੀ ਖਵਾ ਕੇ ਘੱਲਿਓ ਨੇ। ਚੋਰ ਪਿਛਾਂਹ ਪਰਤ ਕੇ ਆਪਣੇ ਯਾਰਾਂ ਬੇਲੀਆਂ ਨੂੰ ਗੱਲ ਸੁਣਾਉਣ ਲੱਗਾ ਚੋਰੀ ਦੀ। ਫੜੇ ਜਾਣ ਉਤੇ ਅੱਪੜਿਆ ਤਾਂ ਦੱਸਿਓ, "ਮੈਨੂੰ ਫੜਨ ਵਾਲੇ ਵੀ ਭੈਣ ਤੇ ਭਣੋਈਆ ਆਏ"… ਬੇਲੀਆਂ ਦੇ ਇਹ ਪੁੱਛਣ ਤੇ 'ਭਈ ਫੇਰ ਕੀ ਹੋਇਆ?' ਹੱਸ ਕੇ ਆਖਣ ਲੱਗਾ, "ਹੋਣਾ ਕੀ ਸੀ? ਮੈਨੂੰ ਵੇਖ ਕੇ ਭੈਣ ਤੇ ਭਣੋਈਆ ਢੇਰ ਪੱਚੀ ਹੋਏ।"
ਬਾਬਾ ਤੇ ਮਾਸਟਰ ਹੱਸ ਪਏ। ਬਾਬਾ ਭੋਜ ਪਿਆਰ ਨਾਲ ਦਾਰੀ ਨੂੰ ਕਹਿਣ ਲੱਗਾ, "ਗੱਲਾਂ ਦਾ ਖੱਟਿਆ ਖਾਨਾਂ ਏਂ।"
ਉਸਤਾਦ ਖੰਘਦਾ ਤੇ ਪੈਰ ਘਸੀਟ ਘਸੀਟ ਕੇ ਟੁਰਦਾ ਮੰਡਲੀ ਵਿਚ ਆ ਰਲਿਆ।
"ਆ ਉਸਤਾਦਾ!" ਬਾਬੇ ਭੋਜ ਉਸਤਾਦ ਨੂੰ ਆਪਣੇ ਕੋਲ ਮੰਜੀ ਤੇ ਬਿਠਾ ਕੇ ਪੁਛਿਆ, "ਸੁਣਾ, ਵੱਲ ਏਂ?"
"ਵੱਲ ਹੁਣ ਕੀ ਹੋਣਾ ਏਂ?" ਦਸ ਕਦਮ ਟੁਰਨ ਨਾਲ, ਅਜੇ ਤੀਕ ਬੁੱਢੇ ਉਸਤਾਦ ਨੂੰ ਸਾਹ ਚੜ੍ਹਿਆ ਹੋਇਆ ਸੀ। ਨਿਢਾਲ ਜਿਹੀ 'ਵਾਜ਼ ਵਿਚ ਕਹਿਣ ਲੱਗਾ, "ਜੇ ਲੰਮੇ ਪੈ ਜਾਈਏ ਤਾਂ ਉਠ ਕੇ ਨਹੀਂ ਬੈਠਿਆ ਜਾਂਦਾ। ਜੇ ਜ਼ੋਰ ਲਾ ਲੂ ਕੇ ਉੱਠ ਵੀ ਬਹੀਏ ਤਾਂ ਪੈਰੀਂ ਨਹੀਂ ਖਲੋਤਾ ਜਾਂਦਾ। ਜੇ ਮਰ ਖਪ ਕੇ ਪੈਰੀਂ ਖਲੋ ਵੀ ਜਾਈਏ ਤਾਂ ਟੁਰਿਆ ਨਹੀਂ ਜਾਂਦਾ ਤੇ ਜਾਨ ਤੇ ਖੇਡ ਕੇ ਘਰੋਂ ਤੇਰੀ ਹਵੇਲੀ ਤਕ ਦਸ ਕਰਊਂ ਟੁਰ ਹੀ ਆਈਏ ਤੇ ਫਿਰ ਘੜੀ ਚੰਗੀ ਤੇ ਸਾਹ ਹੀ ਸਵਾਹਰਾ ਨਹੀਂ ਹੁੰਦਾ। ਲਾਹਨਤ ਆਖ ਇਸ ਬੁਢਾਪੇ ਨੂੰ।"
ਉਸਤਾਦ ਦੀ ਗਿਰਿਆਜ਼ਾਰੀ 'ਤੇ ਦਾਰੀ ਢੀਠਾਂ ਵਾਂਗ ਹੱਸ ਕੇ ਕਹਿਣ ਲੱਗਾ, "ਉਸਤਾਦ, ਸਿਆਣੇ ਆਖ ਗਏ ਨੇ 'ਜਵਾਨੀ ਬੜੀ ਚੀਜ਼ ਹੈ… ਬੁਢਾਪਾ ਬੜਾ ਲਾਹਨਤੀ।" ਸਣੇ ਉਸਤਾਦ ਸਾਰੇ ਹੱਸ ਪਏ।
ਭੋਜ ਤੇ ਉਸਤਾਦ ਸੱਤਰ-ਅੱਸੀ ਦੇ ਪੇਟੇ ਵਿਚ ਪੁਰਾਣੇ ਸੰਗੀ ਸਨ… ਦੋਵੇਂ ਹਾਣੀ। ਚਾਰ ਚਾਰ ਜਮਾਤਾਂ ਆਪਣੇ ਪਿੰਡ ਦੇ ਸਕੂਲ 'ਚੋਂ ਪੜ੍ਹਕੇ ਆਪਣੇ ਆਪਣੇ ਕੰਮ ਲੱਗ ਗਏ। ਭੋਜ ਵਾਹੀ-ਜੋਤੀ ਵਿਚ, ਉਸਤਾਦ ਭਾਂਡੇ ਬਣਾਉਣ ਤੇ ਖੋਤਿਆਂ 'ਤੇ ਭਾਰ ਢੋਣ ਵਿਚ… ਭੋਜ ਦੀ ਵਾਹੀ-ਜੋਤੀ ਉਹਦੇ ਪੁੱਤਰ-ਪੋਤਰਿਆਂ ਸਾਂਭ ਲਈ ਤੇ ਉਸਤਾਦ ਦੀ ਥਾਂ ਉਹਦਾ ਭਰਾ ਚੱਕ ਤੇ ਬੈਠ ਕੇ ਸਾਰਾ ਦਿਨ ਭਾਂਡੇ ਬਣਾਉਂਦਾ, ਆਵੀ ਚਾੜ੍ਹ ਕੇ ਪਕਾਉਂਦਾ ਤੇ ਪਿੰਡੋ ਪਿੰਡ ਵੇਚਦਾ ਉਹਦਾ ਭਤੀਜਾ… ਉਸਤਾਦ ਦੀ ਤਾਂ ਨਾ ਰੰਨ ਨਾ ਕੰਨ। ਪਤਾ ਨਹੀਂ ਕਿਉਂ ਸਾਰੀ ਉਮਰ ਉਹਨੂੰ ਕਿਧਰੋਂ ਰੰਨ ਦਾ ਅਜਿਹਾ ਟੋਟਾ ਨਾ ਲੱਭਾ, ਜਿਹਨੂੰ ਘਰ ਵਾਲੀ ਆਖਦੇ ਨੇ। ਤੇ ਪਤਾ ਨਹੀਂ ਉਸਤਾਦ ਨੂੰ ਏਸ ਬਦਨਸੀਬੀ ਪਾਰੋਂ ਹੀ ਸਾਰੇ ਪਿੰਡ ਵਾਲੇ ਕਿਉਂ ਉਸਤਾਦ ਆਖਦੇ! ਇਹਨਾਂ ਦੇ ਬਾਬਿਆਂ ਦੇ ਦੋ ਹੋਰ ਯਾਰ ਸਨ। ਇਕ ਅੱਧਖੜ ਉਮਰ ਦਾ ਸਯਦ ਮਾਸਟਰ ਤੇ ਇਕ ਜਵਾਨ ਉਮਰ ਦਾ ਦਾਰੀ ਜੁਲਾਹਾ। ਉਦਣ ਵੀ ਉਹ ਚਾਰੇ ਈ ਰੋਜ਼ ਵਾਂਙ ਬਾਬੇ ਭੋਜ ਦੀ ਹਵੇਲੀ ਵਿਚ ਬੈਠ ਕੇ ਰਾਤੀਂ ਏਧਰ ਉਧਰ ਦੀਆਂ ਗੱਲਾਂ ਮਾਰ ਰਹੇ ਸਨ।
"ਬਾਬਾ ਅਗਾਂਹ ਟੁਰ ਹੁਣ!" ਦਾਰੀ ਬਾਬੇ ਨੂੰ ਆਖਿਆ।
"ਬੜਾ ਟੁਰੇ ਆਂ ਆਪਣੀ ਉਮਰ ਵਿਚ ਪੁੱਤ!" ਬਾਬੇ ਭੋਜ ਨੇ ਚਮਕ ਕੇ ਕਿਹਾ, ਏਥੋਂ ਤਰੀਕ ਭੁਗਤਣ ਟੁਰਦੇ ਲਹੌਰ ਜਾਂਦੇ… ਪੂਰੇ ਅੱਸੀ ਕੋਹ!… ਪਿੰਡੋਂ ਰੋਟੀ ਪੱਲੇ ਬੰਨ੍ਹ ਕੇ, ਅੱਲ੍ਹਾ ਦਾ ਨਾਂ ਲੈ ਕੇ ਮਾਰਦੇ ਨਾਅਰਾ:
"ਬੱਧੇ ਭਾਰ ਮੁਸਾਫ਼ਰਾਂ ਤੇ ਮੁੰਨਾ ਕੋਹ ਲਹੌਰ!"
"ਤੇ ਪੈਂਡੇ ਠਿਲ੍ਹ, ਤੀਜੇ ਦਿਨ ਮੂੰਹ ਹਨੇਰੇ ਜਾ ਵੜਦੇ ਲਹੌਰ… ਤੇ ਤਰੀਕ ਭੁਗਤ ਕੇ ਸਾ ਦਿਹਾੜੀ ਮੁੜ ਪੈਂਦੇ ਪਿਛਾਂਹ ਤੇ ਛਾਲਾਂ ਮਾਰਦੇ ਦੋ ਦਿਨਾਂ ਵਿਚ ਪਿੰਡ ਆ ਅੱਪੜਦੇ ਤੇ ਅਗਲੇ ਦਿਨ ਉੱਠ ਕੇ ਜੋਤਰਾ ਵੀ ਲਾਉਣ ਜਾਂਦੇ ਹੱਸਦੇ ਖੇਡਦੇ… ਉਏ ਤੂੰ ਸਾਨੂੰ ਟੁਰਨ ਦੇ ਮਿਹਣੇ ਕੀ ਦੇਣੇ ਨੇ, ਜਿਨ੍ਹੇ ਦੋ ਕੋਹ ਜਾਣਾ ਹੋਵੇ ਤੇ ਅੱਧਾ ਦਿਨ 'ਟੇਸ਼ਨ ਤੇ ਬਹਿ ਕੇ ਗੱਡੀ ਉਡੀਕਦਾ ਰਹਿਨਾ ਏਂ!"
"ਗੱਡੀਆਂ ਤਾਂ ਬੰਦੇ ਨਕਾਰੇ ਕਰ ਛੱਡੇ!" ਉਸਤਾਦ ਹੂੰਘਿਆ। "ਹੱਡਾਂ-ਗੋਡਿਆਂ ਤੋਂ ਰਹਿ ਗਏ ਜਵਾਨ! ਚੰਗੇ ਦਿਨ ਸਨ ਜਦੋਂ ਅਜੇ ਗੱਡੀਆਂ ਨਹੀਂ ਸਨ ਬਣੀਆਂ, ਜਵਾਨ ਤਾਂ ਸਾਹ-ਸੱਤਿਆ ਵਾਲੇ ਹੁੰਦੇ ਸਨ।"
ਮਾਸਟਰ ਬਹੁਤਾ ਗਾਲੜੀ ਨਹੀਂ ਸੀ ਪਰ, ਬੋਲਣੋਂ ਰਹਿ ਨਾ ਸਕਿਆ, "ਗਡੀਆਂ ਬੰਦੇ ਦੀ ਜਾਨ ਵੀ ਤਾਂ ਸੁਖੀ ਕਰ ਛੱਡੀ ਏ ਬਾਬਿਓ! ਸਵੇਰੇ ਚੜ੍ਹੋ ਗੱਡੀ ਤੇ ਲਹੌਰੋਂ ਤਰੀਕ ਭੁਗਤ ਕੇ ਸ਼ਾਮ ਨੂੰ ਪਿੰਡ ਵੀ ਪਰਤ ਆਓ। ਜਿਹੜਾ ਪੈਂਡਾ ਤੁਸੀਂ ਛਿਆਂ ਦਿਨਾਂ ਵਿਚ ਕਰਦੇ ਸਓ, ਹੁਣ ਛੇਆਂ ਘੰਟਿਆਂ ਵਿਚ ਨਿਬੜ ਜਾਂਦਾ ਏ। ਨਾ ਪੈਂਦੇ ਨੇ ਪੈਰੀਂ ਛਾਲੇ ਤੇ ਨਾ ਚੜ੍ਹਦੀਆਂ ਨੇ ਖੁੱਚਾਂ… ਅਮਨ ਨਾਲ ਗੱਡੀ ਵਿਚ ਬਹਿ ਕੇ ਭਾਵੇਂ ਸੌਂ ਰਵੋ।"ੋ
ਦਾਰੀ ਸਫਾਈ ਦੇਂਦਿਆਂ ਤਰਲਾ ਵਾਹਿਆ, "ਮੈਂ ਤਾਂ ਆਖਿਆ ਸੀ… ਗੱਲ ਨੂੰ ਅਗਾਂਹ ਟੋਰੋ!"
"ਕਿਹੜੀ ਗੱਲ?" ਬਾਬੇ ਭੋਜ ਬੇ-ਧਿਆਨੀ ਤੇ ਅਰਾਮ ਨਾਲ ਪੁੱਛਿਆ। ਬਹੁਤ ਵਾਰੀ ਇੰਝ ਹੀ ਹੁੰਦਾ ਕਿ ਗੱਲ ਵਿਚੋਂ ਹੋਰ ਟੁਰ ਪੈਂਦੀ, ਵਿਚੋਂ ਹੋਰ ਤੇ ਹੋਰ, ਅਸਲ ਗੱਲ ਕਿਤੇ ਪਿਛਾਂਹ ਦੂਰ ਰਹਿ ਜਾਂਦੀ ਤੇ ਰੌਲੇ ਵਿਚ ਵਿੱਸਰ ਜਾਂਦੀ।
"ਪਕੌੜੇ ਵੇਚਣ ਵਾਲੇ ਤੇ ਸਾਧ ਦੀ ਗੱਲ?" ਮਾਸਟਰ ਬਾਬੇ ਭੋਜ ਨੂੰ ਯਾਦ ਕਰਾਇਆ।
"ਆਹੋ! ਹੱਛਾ!" ਬਾਬਾ ਭੋਜ ਸੋਚਦਾ ਹੋਇਆ ਦਾਰੀ ਵੱਲ ਵੇਖ ਕੇ ਬੋਲਿਆ, "ਹੁਣ ਵਿਚ ਨਾ ਬੋਲੀਂ ਤੇ ਤੈਨੂੰ ਇਕ ਗੱਲ ਸੁਣਾਵਾਂ ਸੱਚੀ!"
ਸੱਚੀ ਗੱਲ ਦੇ ਨਾਂ ਤੇ ਉਸਤਾਦ ਕੰਨ ਚੁੱਕੇ। ਇਕ ਦੋ ਵਾਰ ਆਪਣੀ ਕਤਰਾਵੀਂ ਖਿਚੜੀ ਦਾੜ੍ਹੀ ਵਿਚ ਖੁਰਕ ਕੇ ਕਹਿਣ ਲੱਗਾ, "ਸੱਚ ਵੀ ਕਿੰਝ ਦਾ ਗਹਿਣਾ ਏਂ?" ਜਿਹੜੀ ਗੱਲ ਦੇ ਗਲ ਵਿਚ ਪਾ ਦਿਓ, ਗੱਲ ਫੱਟ ਜਾਂਦੀ ਏ।" ਬਾਬੇ ਭੋਜ ਗੱਲ ਟੋਰੀ। "ਪਕੌੜੇ ਵੇਚਣ ਵਾਲੇ ਦਾ ਰੋਜ਼ ਦਾ ਇਕ ਗਾਹਕ ਅਜਿਹਾ ਵੀ ਸੀ ਜਿਹੜਾ ਰੋਜ਼ ਆ ਕੇ ਪਕੌੜੇ ਖਾਂਦਾ ਤੇ ਡਕਾਰ ਮਾਰ ਕੇ ਮੁੱਛਾਂ ਤੇ ਹੱਥ ਫੇਰਦਾ, ਪੈਸੇ ਦਿਤਿਓਂ ਬਗੈਰ ਚਲਦਾ ਹੁੰਦਾ। ਨਾ ਹੱਟੀ ਵਾਲਾ ਕਦੇ ਪੈਸੇ ਮੰਗਦਾ, ਨਾ ਹੀ ਗਾਹਕ ਕੁਝ ਦੇਂਦਾ। ਹੱਟੀ ਵਾਲਾ ਸੋਚਦਾ ਮੁਫ਼ਤੌੜੇ ਗਾਹਕ ਨੂੰ ਕਦੇ ਤਾਂ ਹਯਾ ਆਊ ਤੇ ਓੜਕ ਇਕ ਨਾ ਇਕ ਦਿਨ ਏਸ ਰੋਜ਼ ਦੇ ਧਰੋਹ ਤੋਂ ਮੁੜ ਜਾਊ। ਪਰ, ਨਾ ਤਾਂ ਮੁਫ਼ਤੌੜੇ ਗਾਹਕ ਨੂੰ ਹਯਾ ਆਈ ਤੇ ਨਾ ਹੀ ਹੱਟੀ ਵਾਲੇ ਉਹਨੂੰ ਕਦੇ ਜਤਾਇਆ। ਪਤਾ ਨਹੀਂ ਮਾੜੇ ਹੋਣ ਪਾਰੋਂ ਯਾ ਭਲੇਮਾਣਸ ਹੋਣ ਕਾਰਨ! ਤੇ ਇਹ ਕੰਮ ਵਰ੍ਹਾ-ਦੋ ਚਲਦਾ ਰਿਹਾ…।"
ਦਾਰੀ ਰਹਿ ਨਾ ਸਕਿਆ, ਆਖਣ ਲੱਗਾ, "ਹੱਟੀ ਵਾਲਾ ਦੇਂਦਾ ਅਰਜ਼ੀ ਪਰਚਾ ਥਾਣੇ ਵਿਚ। ਆਪੇ ਲੈ ਜਾਂਦੇ ਬੰਨ ਕੇ, ਅਜਿਹੇ ਧੱਕਾ ਸ਼ਾਹੀ ਕਰਨ ਵਾਲੇ ਗਾਹਕ ਦੀ ਤੇ ਦਮੜੀ ਦੇ ਨਾਲ ਚਮੜੀ ਵੀ ਲਾਹ ਦੇਂਦੇ ਅਗਲੇ।"
ਟੋਕੇ ਜਾਣ ਤੇ ਬਾਬਾ ਭੋਜ ਦਾਰੀ ਨੂੰ ਟੁੱਟ ਕੇ ਪੈ ਗਿਆ, "ਤੇਰਾ ਪਿਉ ਥਾਣਾ ਉਦੋਂ ਹੁੰਦਾ ਨਹੀਂ ਸੀ ਤੇ ਫ਼ਰਿਆਦ ਕਰਨੀ ਪੈਂਦੀ ਸੀ ਹਾਕਮ ਅੱਗੇ। ਭਲਾ ਪਕੌੜੇ ਵੇਚਣ ਵਾਲੇ ਗਰੀਬ ਦੀ ਰਸਾਈ ਹਾਕਮ ਤੀਕਰ ਹੁੰਦੀ ਹੋਊ?"
"ਹੱਛਾ ਭਲਾ! ਫੇਰ?" ਦਾਰੀ ਬਾਬੇ ਵੱਲ ਵੇਖਿਆ।
"ਫੇਰ ਇਕ ਦਿਹਾੜੇ ਮੁਫ਼ਤੌੜਾ ਗਾਹਕ ਮੁੱਛਾਂ ਨੂੰ ਤਾ ਦੇਂਦਾ ਆਇਆ। ਵੇਖਦਾ ਕੀ ਏ, ਪਕੌੜਿਆਂ ਵਾਲੇ ਦੀ ਹੱਟੀ ਤੇ, ਕੜਾਹੀ ਧੋਤੀ ਮਾਂਜੀ ਮੂਧੀ ਪਈ ਏ ਤੇ ਹੱਟੀ ਵਾਲਾ ਸਿਰ ਫੜ ਕੇ ਬੈਠਾ ਏ।"
"ਕੀ ਹੋਇਆ, ਅੱਜ ਪਕੌੜੇ ਨਹੀਂ ਕੱਢੇ ਭਲਿਆ?" ਉਹਨੇ ਪੁੱਛਿਆ। "ਜੋ ਹੈ ਸੀ ਤੂੰ ਖਾ ਗਿਆ ਏਂ, ਵਰ੍ਹੇ-ਦੋਹੀਂ ਵਿਚ। ਮੇਰੀ ਰਾਸ ਮੁੱਕ ਗਈ ਏ। ਹੁਣ ਕਾਹਦੇ ਨਾਲ ਕੱਢਾਂ ਪਕੌੜੇ?" ਹੱਟੀ ਵਾਲੇ ਰੋਂਦੀ ਆਵਾਜ਼ ਵਿਚ ਕਿਹਾ।
"ਹੱਛਾ!" ਕੁਝ ਦੇਰ ਸੋਚ ਕੇ ਗਾਹਕ ਆਖਿਆ, "ਕੱਲ੍ਹ ਹੱਟੀ ਜ਼ਰੂਰ ਖੋਲ੍ਹੀਂ, ਮੈਂ ਏਸ ਕੁ ਵੇਲੇ ਆਵਾਂਗਾ।"
ਅਗਲੇ ਦਿਨ ਕੀਤੇ ਹੋਏ ਇਕਰਾਰ ਤੇ ਗਾਹਕ ਅੱਪੜਿਆ। ਇਕ ਪੋਟਲੀ ਹੱਟੀ ਵਾਲੇ ਨੂੰ ਫੜਾ ਕੇ ਹੱਥ ਜੋੜ ਕੇ ਕਹਿਣ ਲੱਗਾ, "ਕਦੇ ਪਹਿਲੋਂ ਦੱਸ ਦੇਂਦੋਂ ਤਾਂ ਤੇਰੀ ਭੱਠੀ ਠੰਢੀ ਕਦੀ ਨਾ ਹੁੰਦੀ। ਆਪਣੀ ਹੱਟੀ ਚਲਾ ਭਲਿਆ ਤੇ ਜਦੋਂ ਇਹ ਮੁੱਕ ਜਾਵਣ, ਫੇਰ ਫੂਕ ਮਾਰ ਛੱਡੀਂ ਮੇਰੇ ਕੰਨ ਵਿਚ!" ਤੇ ਹੱਟੀ ਵਾਲੇ ਨੂੰ ਹੈਰਾਨ ਪ੍ਰੇਸ਼ਾਨ ਛੱਡ ਕੇ ਚਲਦਾ ਹੋਇਆ।
ਪੋਟਲੀ ਸੋਨੇ ਦੀਆਂ ਮੋਹਰਾਂ, ਟੂੰਬਾਂ ਤੇ ਹੀਰੇ- ਮੋਤੀਆਂ ਨਾਲ ਭਰੀ ਹੋਈ ਸੀ। ਪਕੌੜਿਆਂ ਵਾਲੇ ਏਨੀ ਦੌਲਤ ਕਦੀ ਖਵਾਬ ਵਿਚ ਵੀ ਨਹੀਂ ਸੀ ਦੇਖੀ।
ਸੱਤ-ਅੱਠ ਦਿਹਾੜੇ ਮਗਰੋਂ ਸ਼ਹਿਰ ਵਿਚ ਇਕ ਨਾਮੀ-ਗਰਾਮੀ ਚੋਰ ਨੂੰ ਸੂਲੀ ਚਾੜ੍ਹਨ ਦੀ ਡੌਨੀ (ਡੌਂਡੀ) ਪਿੱਟੀ ਗਈ। ਉਨ੍ਹੇ ਇਕ ਸਰਦਾਰ ਦਾ ਝੁੱਗਾ ਭੰਨਿਆਂ ਸੀ। ਉਤੋਂ ਚੋਰੀ ਨਹੀਂ ਸੀ ਮੰਨਦਾ… ਤੇ ਮਾਲ ਨਹੀਂ ਸੀ ਦੇਂਦਾ। ਸੂਲੀ ਸ਼ਹਿਰ ਦੇ ਵੱਡੇ ਚੌਂਕ ਵਿਚ ਦਿੱਤੀ ਜਾਣੀ ਸੀ ਤੇ ਸ਼ਹਿਰ ਤਮਾਸ਼ਾ ਵੇਖਣ ਆਇਆ ਹੋਇਆ ਸੀ… ਵਿਚ ਉਹ ਪਕੌੜਿਆਂ ਵਾਲਾ ਵੀ ਸੀ। ਪਕੌੜਿਆਂ ਵਾਲੇ ਸੂਲੀ ਦੇ ਥੜ੍ਹੇ ਤੇ ਕੱਸੀਆਂ ਮੁਸ਼ਕਾਂ ੱਚ ਬੱਧੇ ਖਲੋਤੇ ਆਪਣੇ ਰੋਜ਼ ਦੇ ਗਾਹਕ ਨੂੰ ਸਿਆਣ ਲਿਆ ਤੇ ਪਲ ਭਰ ਵਿਚ ਉਹਨੂੰ ਸਾਰੀ ਗੱਲ ਦਾ ਚਾਨਣ ਹੋ ਗਿਆ। "ਚੋਰੀ ਦਾ ਮਾਲ ਮੋੜਿਆਂ ਖੌਰੇ ਚੋਰ ਦੀ ਜਾਨ ਬਚ ਜਾਏ"… ਹੱਟੀ ਵਾਲੇ ਸੋਚਿਆ ਤੇ ਭੀੜ ਨੂੰ ਚੀਰਦਾ ਸੂਲੀ ਦੇ ਥੜ੍ਹੇ ਵੱਲ ਵਧਿਆ। ਜਰਾ ਨੇੜੇ ਹੋਇਆ ਤਾਂ ਉਸ ਹੱਥ ਚੁੱਕਿਆ ਬੋਲਣ ਲਈ। ਪਰ, ਉਸੇ ਘੜੀ ਚੋਰ ਦੀਆਂ ਤੇ ਉਹਦੀਆਂ ਨਜ਼ਰਾਂ ਮਿਲੀਆਂ। ਚੋਰ ਨੇ ਖੌਰੇ ਉਹਦੀਆਂ ਅੱਖਾਂ ਵਿਚ ਪੜ੍ਹ ਲਿਆ ਸੀ, ਹੱਸਿਆ ਤੇ ਉਚੀ ਵਾਜ ਨਾਲ ਜਿਵੇਂ ਸਾਰੀ ਖ਼ਲਕਤ ਨੂੰ ਸੁਣਾ ਕੇ ਕਹਿਣ ਲੱਗਾ, "ਜੇ ਚੋਰੀ ਦਾ ਮਾਲ ਮੁੜ ਵੀ ਗਿਆ ਤਾਂ ਵੀ ਸੂਲੀ ਤਾਂ ਇਹਨਾਂ ਮੈਨੂੰ ਟੰਗ ਈ ਦੇਣਾ ਏਂ। ਇਸ ਲਈ ਜਿਸ ਭਲੇਮਾਣਸ ਕੋਲ ਮੇਰਾ ਮਾਲ ਹੈ ਉਹ ਆਪਣੇ ਕੋਲ ਹੀ ਰੱਖੇ। ਜੇ ਉਹ ਸਾਰਾ ਨਾ ਵੀ ਰੱਖਣਾ ਚਾਹਵੇ ਤਾਂ ਜਿੰਨਾ ਮੈਂ ਉਹਦਾ ਕਰਜ਼ ਦੇਣਾ ਏ, ਉਹ ਰੱਖ ਕੇ ਬਾਕੀ ਮਾਲ 'ਚੋਂ ਸ਼ਹਿਰ ਵਿਚ ਲੋਕਾਂ ਲਈ ਖੂਹ ਲਵਾ ਦੇਵੇ ਤੇ ਸਰਾਂ ਬਣਵਾ ਦੇਵੇ।"
"ਤੇ ਚੋਰ ਸੂਲੀ ਚੜ੍ਹ ਗਿਆ… " ਗੱਲ ਕਰਦਾ ਬਾਬਾ ਭੋਜ ਖਲੋ ਗਿਆ, ਖੌਰੇ ਸਾਹ ਲੈਣ ਲਈ "ਤੇ ਫੇਰ ਲਵਾ ਦਿੱਤੇ ਖੂਹ ਹੱਟੀ ਵਾਲੇ ਨੇ ਤੇ ਬਣਵਾ ਦਿੱਤੀ ਮੁਸਾਫ਼ਰਾਂ ਲਈ ਸਰਾਂ, ਮੋਇਆਂ ਦੇ ਥੇਹ ਵਿਚ?" ਦਾਰੀ ਹੱਸ ਕੇ ਕਹਿਣ ਲੱਗਾ, "ਖਾ ਗਿਆ ਹੋਣਾ ਏ ਹੱਟੀ ਵਾਲਾ ਸਾਰਾ ਕੁਝ।"
"ਨਹੀਂ ਭਾਈ!" ਬਾਬੇ ਭੋਜ ਕਿਹਾ, "ਓਦੋਂ ਅਜੇ ਲੋਕਾਂ ਵਿਚ ਇਮਾਨ ਦੀ ਰੱਤੀ ਹੈ ਸੀ। ਹੱਟੀ ਵਾਲੇ ਆਪਣੇ ਪੈਸੇ ਰੱਖ ਕੇ ਬਾਕੀ ਸਾਰੀ ਦੌਲਤ ਨਾਲ ਸ਼ਹਿਰ ਵਿਚ ਦਸ ਖੂਹ ਲਵਾ ਦਿੱਤੇ ਤੇ ਇਕ ਸਰਾਂ ਬਣਵਾ ਦਿੱਤੀ ਮੁਸਾਫ਼ਰਾਂ ਲਈ…। ਕਈ ਸਦੀਆਂ ਲਹੌਰ ਸ਼ਹਿਰ ਦੇ ਲੋਕ ਤੇ ਲਹੌਰ ਵਿਚ ਬਾਹਰੋਂ ਆਵਣ ਵਾਲੇ ਮੁਸਾਫ਼ਰ ਉਸ ਚੋਰ ਦੇ ਖੂਹਾਂ ਦਾ ਪਾਣੀ ਪੀਂਦੇ ਰਹੇ ਤੇ ਉਹਨੂੰ ਦੁਆਵਾਂ ਦੇਂਦੇ ਰਹੇ।"
"ਸਦੀਆਂ?" ਮਾਸਟਰ ਹੈਰਾਨ ਹੋ ਕੇ ਪੁੱਛਿਆ।
"ਆਹੋ" ਬਾਬੇ ਭੋਜ ਮਾਸਟਰ ਦੀਆਂ ਅੱਖਾਂ ਵਿਚ ਵੇਖ ਕੇ ਕਿਹਾ, "ਇਹ ਗੱਲ ਕੋਈ ਚਾਰ ਸਦੀਆਂ ਪੁਰਾਣੀ ਏ, ਪਰ ਸੱਚੀ ਏ। ਇਸ ਕਰਕੇ ਅੱਜ ਵੀ ਜਿਉਂਦੀ ਏ।"
"ਸੱਚ ਕਦੇ ਪੁਰਾਣਾ ਨਹੀਂ ਹੁੰਦਾ… ਸੱਚ ਕਦੇ ਬੁੱਢਾ ਨਹੀਂ ਹੁੰਦਾ… ਸੱਚ ਕਦੇ ਨਹੀਂ ਮਰਦਾ।" ਉਸਤਾਦ ਨੇ ਗੋਡਿਆਂ ਤੇ ਹੱਥ ਰੱਖ ਕੇ ਉਠਦਿਆਂ ਹੋਇਆਂ ਦੋ ਟੁੱਕ ਤਰੀਕੇ ਨਾਲ ਗੱਲ ਕੀਤੀ।

  • ਮੁੱਖ ਪੰਨਾ : ਕਹਾਣੀਆਂ, ਅਫ਼ਜ਼ਲ ਅਹਿਸਨ ਰੰਧਾਵਾ
  • ਮੁੱਖ ਪੰਨਾ : ਕਾਵਿ ਰਚਨਾਵਾਂ, ਅਫ਼ਜ਼ਲ ਅਹਿਸਨ ਰੰਧਾਵਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ