Murad (Punjabi Story) : Maqsood Saqib

ਮੁਰਾਦ (ਕਹਾਣੀ) : ਮਕ਼ਸੂਦ ਸਾਕ਼ਿਬ

ਦੋ ਕੌਲਿਆਂ ਦਾ ਬਰਾਂਡਾ ਪਿੱਛੇ ਕੋਠੜੀ, ਅੱਗੇ ਬਣਿਆ ਇੱਕ ਨਿੱਕਾ ਜਿਹਾ ਬੂਹਾ ਦੋ ਭਿੱਤੀਆ, ਸਰਦਲ ਉੱਚੀ ਮੁਹਾਠ ਨੀਵੀਂ ਜਿਸ ਕਿਸੇ ਵੀ ਲੰਘਣਾ ਸਿਰ ਨੀਵਾਂ ਕਰ ਕੇ ਪਹਿਲਾਂ ਇੱਕ ਪੈਰ ਟਪਾਣਾ ਤੇ ਫੇਰ ਦੂਜਾ; ਇਹ ਵੀ ਇੱਕ ਕੋਠੜੀ, ਪਹਿਲੀ ਜਿੱਡੀ ਈ। ਸੱਜੇ ਖੱਬੇ ਦੋ ਮੰਜੀਆਂ ਵਿਛੀਆਂ ਹੋਈਆਂ, ਸੋਹਣੀਆਂ ਖੇਸਾਂ ਚਾਦਰਾਂ ਵਾਲੀਆਂ। ਖੱਬੀ ਮੰਜੀ ਦੇ ਸਰ੍ਹਾਣੇ ਇੱਕ ਪੇਟੀ, ਮੰਜੀ ਦੇ ਸੇਰੂ ਤੋਂ ਕੁਝ ਵੱਡੀ, ਅਤੇ ਟੀਨ ਦੇ ਦੋ ਬਕਸੇ। ਸਭ ਉੱਤੇ ਲੈਸ ਲੱਗੇ ਕੱਪੜੇ ਪਏ ਹੋਏ। ਟਰੰਕਾਂ ਤੋਂ ਪਿੱਛੇ ਕੁਝ ਉੱਤੇ ਕਰਕੇ ਇੱਕ ਛੋਟੇ ਜਿਹੇ ਫ਼ਰੇਮ ਵਿਚ ਕੋਈ ਫਿੱਕੀ ਪੈ ਗਈ ਹੋਈ ਚਿੱਟੀ ਕਾਲ਼ੀ ਮੂਰਤ ਵਿਖਾਲੀ ਦਿੰਦੀ ਤੇ ਉਹਦੇ ਨਾਲ਼ ਕਿੱਲ ਉੱਤੇ ਇੱਕ ਰੋਜ਼ਰੀ (ਈਸਾਈਆਂ ਦੀ ਨਾਂ ਜਪਣ ਦੀ ਮਾਲਾ) ਟੰਗੀ ਹੋਈ, ਜਿਹਦੇ ਨਾਲ਼ ਸਲੀਬ ਸੀ ਅਤੇ ਸਲੀਬ ਉੱਤੇ ਟੰਗਿਆ ਇੱਕ ਬੰਦਾ ਜਿਹਦੇ ਸਿਰ ਉੱਤੇ ਕੰਡਿਆਂ ਦੀਆਂ ਤਾਰਾਂ, ਲੱਕ ਮੋਟਾ ਸਾਰਾ, ਕੋਈ ਕੱਪੜਾ ਲੰਗੋਟ ਜਿੰਨੀ ਥਾਂ ਉੱਤੇ। ਉਹਦੇ ਪੈਰ ਇੱਕ ਦੂਜੇ ਉੱਤੇ ਇੱਕ ਮੋਟੇ ਸਾਰੇ ਕਿੱਲ ਨਾਲ਼ ਠੁੱਕੇ ਹੋਏ ਸਨ। ਇੰਝ ਈ ਉਹਦੀਆਂ ਦੋਵੇਂ ਬਾਂਹਵਾਂ ਸਲੀਬ ਦੇ ਚੌੜੇ ਦਾਅ ਵਾਲੇ ਲੋਹੇ ਉੱਤੇ ਬੰਨ੍ਹੀਆਂ ਹੋਈਆਂ ਸਨ ਤੇ ਹੱਥਾਂ ਦੀਆਂ ਤਲੀਆਂ ਵਿਚ ਵੀ ਮੇਖਾਂ ਠੁੱਕੀਆਂ ਹੋਈਆਂ ਸਨ। ਇਹ ਸਾਰੀ ਮੂਰਤ ਥੱਲੜੀ ਧਾਤ ਵਿਚੋਂ ਬੜੀ ਕਲਾ ਨਾਲ਼ ਉਭਾਰੀ ਹੋਈ ਸੀ ਅਤੇ ਚਿਹਰੇ ਮੁਹਰੇ ਤੋਂ ਲੈ ਕੇ ਵਜੂਦ ਤੀਕ ਇੱਕ-ਇੱਕ ਅੰਗ ਸੀ ਜਿਵੇਂ ਅਸਲੀ ਹੋਵੇ। ਅੱਖਾਂ ਵਿਚ ਡੇਲੇ ਤੀਕਰ ਦਿੱਸਦੇ ਸਨ- ਭਾਵੇਂ ਉਨ੍ਹਾਂ ਵਿਚ ਚਾਨਣ ਤਾਂ ਨਹੀਂ ਸੀ ਪਰ ਫੇਰ ਵੀ ਉਹ ਵੇਖਦੇ ਨਜ਼ਰੀਂ ਆਉਂਦੇ ਸਨ। ਦੂਰ ਬਹੁਤ ਦੂਰ ਖ਼ਬਰੇ ਬੀਤੇ ਵਿਚ ਕਿ ਅਜੋਕ ਵਿਚ ਕਿ ਭਲਕ ਵਿਚ....ਜਾਂ ਸਮਝ ਲਓ ਤਿੰਨਾਂ ਜੁੱਗਾਂ ਵਿਚ ਈ...

ਏਸ ਕੋਠੜੀ ਦਾ ਬੂਹਾ ਪੂਰੇ ਬੂਹੇ ਜਿੱਡਾ ਈ ਸੀ ਅਤੇ ਇੱਕ ਛੋਟੀ ਜਿਹੀ ਵਿਹਰੜੀ ਨੂੰ ਹਰ ਵੇਲੇ ਖੁੱਲ੍ਹਿਆ ਈ ਰਹਿੰਦਾ ਸੀ। ਵਿਹਰੜੀ ਫੱਟਿਆਂ ਨਾਲ਼ ਛੱਤੀ ਹੋਈ ਸੀ। ਸਾਹਮਣੇ ਅੰਗੀਠੀ ਸੀ। ਥੱਲੇ ਦੋ ਕਿ ਤਿੰਨ ਚੁੱਲ੍ਹੇ ਬਣੇ ਹੋਏ ਸਨ। ਤਿੰਨਾਂ ਵਿਚ ਹਰ ਵੇਲੇ ਅੱਗ ਬਲਦੀ ਰਹਿੰਦੀ ਸੀ ਅਤੇ ਕੋਈ ਦੇਗਚੀਆਂ ਉੱਤੇ ਚੜ੍ਹੀਆਂ ਰਹਿੰਦੀਆਂ ਸਨ। ਇੱਕ ਦੇਗਚੀ, ਉੱਤੇ, ਦੁੱਧ ਦੀ ਹੁੰਦੀ ਸੀ, ਥੱਲੇ ਮੱਠੀ-ਮੱਠੀ ਅੱਗ ਹੁੰਦੀ; ਦੂਜੀ ਦੇਗਚੀ ਚਾਹ ਦੀ ਹੁੰਦੀ ਸੀ.... ਅੱਗੇ ਪੀੜ੍ਹੀਆਂ ਚੌਂਕੀਆਂ ਪਈਆਂ ਰਹਿੰਦੀਆਂ। ਖੱਬੇ ਹੱਥ, ਗਲੀ ਵਿਚ ਖੁੱਲ੍ਹਦਾ ਬੂਹਾ ਸੀ ਜਿਹਨੂੰ ਕੁੰਡੀ ਚੜ੍ਹੀ ਰਹਿੰਦੀ....ਦਿਨ ਵਿਚ ਇਹ ਕੁੰਡੀ ਦੋ ਕੁ ਵਾਰੀ ਖੁੱਲ੍ਹਦੀ ਵੀ ਸੀ ਲਾਜ਼ਮੀ....ਇੱਕ ਵਾਰੀ ਉਦੋਂ ਜਦੋਂ ਜਮਾਦਾਰਨੀ ਨੇ ਆਉਣਾ ਕੋਠਾ ਲਾਹੁਣ ਲਈ- ਤੇ ਦੂਜੀ ਵਾਰੀ ਜਦੋਂ ਮਾਲੀ-ਸਾਹਣ ਨੇ ਆ ਕੇ ਬੂਹੇ ਨਾਲ਼ ਸਿਰ ਖੁਰਕ ਕੇ ਆਪਣੇ ਆਉਣ ਦੀ ਖ਼ਬਰ ਕਰਨੀ ਤੇ ਫੇਰ ਫੁਕੜੇ ਮਾਰਦਿਆਂ ਗਲੀ ਵਿਚ ਈ ਬਹਿ ਜਾਣਾ। ਗਲੀ ਪਹਿਲਾਂ ਈ ਬੜੀ ਸੌੜੀ ਸੀ। ਮਾਲੀ-ਸਾਹਣ ਦੇ ਬਹਿ ਜਾਣ ਨਾਲ਼ ਉੱਕਾ ਈ ਆਉਣ ਜਾਣ ਦਾ ਰਾਹ ਨਾ ਬਚਣਾ....

ਪੈਦਲ ਵਾਲਿਆਂ ਨੇ ਸਾਹਮਣੀ ਕੰਧ ਨਾਲ਼ ਵਗਦੀ ਵਾਹਣੀ (ਨਾਲੀ) ਦੇ ਕੰਢਿਆਂ ਉੱਤੇ ਪੈਰ ਧਰਦਿਆਂ ਅਡੋਲ ਲੰਘ ਜਾਣਾ, ਬਹੁਤ ਔਖਾ ਹੋਣਾ ਤਾਂ ਨਾਲ਼ ਕੰਧ ਨੂੰ ਹੱਥ ਪਾ ਲੈਣਾ....ਸਾਈਕਲਾਂ ਵਾਲਿਆਂ ਨੂੰ ਮੁਸੀਬਤ ਬਣਦੀ -ਸਾਈਕਲ ਚੁੱਕ ਕੇ ਵਾਹਣੀ ਦੇ ਪਤਲੇ ਕੰਢੇ ਉੱਤੇ ਪੈਰ ਧਰ ਕੇ ਲੰਘਣਾ ਪੈਂਦਾ....ਸਾਹਣ ਸਾਰਾ ਦਿਨ ਸ਼ਹਿਰ ਵਿਚ ਖੁੱਲ੍ਹਾ ਫਿਰਦਾ ਸੀ। ਭਾਵੇਂ ਆਖਦਾ ਤੇ ਕਿਸੇ ਨੂੰ ਵੀ ਕੁਝ ਨਹੀਂ ਸੀ ਪਰ ਉਹਦੇ ਡੀਲ-ਡੌਲ, ਸਿੰਙਾਂ ਦਾ ਗੁੰਮਟ ਅਤੇ ਸਿਰ-ਮੂੰਹ ਨੂੰ ਵੇਖ ਕੇ ਤਰਾਹ ਜ਼ਰੂਰ ਨਿਕਲ਼ ਜਾਂਦਾ ਸੀ। ਕਦੀਂ-ਕਦੀਂ ਕਿਸੇ ਛੇੜਨਾ-ਸ਼ਸ਼ਕਾਰਨਾ ਤਾਂ ਇਹਨੇ ਤਾਅ ਵਿਚ ਆ ਕੇ ਸਿਰ ਨੀਵਾਂ ਕਰ ਕੇ ਖੌਰੂ ਵੀ ਮਾਰਨ ਲੱਗ ਪੈਣਾ ਅਗਲੇ ਖੁਰਾਂ ਨਾਲ਼। ਪਿੱਛੇ ਵੀ ਪੈ ਜਾਣਾ....।

ਸਾਹਣ ਨੇ ਬੂਹੇ ਦੇ ਤਾਕਾਂ ਨਾਲ਼ ਸਿਰ ਘਸਰਾਅ ਕੇ, ਮੂੰਹ ਬੂਹੇ ਦੀ ਪੌੜੀ ਉੱਤੇ ਧਰ ਕੇ ਅੱਖਾਂ ਮੀਟ ਲੈਣੀਆਂ ਤੇ ਉਗਾਲ਼ੀ ਹੌਲੀ ਕਰ ਦੇਣੀ.... ਉਸ ਵੇਲੇ ਬੂਹੇ ਦੀ ਅੰਦਰੋਂ ਕੁੰਡੀ ਖੁੱਲ੍ਹਦੀ। ਉਹ ਉਂਂਝੇ ਪੌੜੀ ਉੱਤੇ ਮੂੰਹ ਧਰੀ ਰੱਖਦਾ...."ਆ ਗਿਆ ਏ ਭੋਲ਼ਾ ਨਾਥ ਮੇਰਾ".... ਪਿਆਰ ਤੇ ਲਾਡ ਨਾਲ਼ ਭਰੀ ਸੁਹਣੀ ਨਰਮ 'ਵਾਜ ਉੱਭਰਨੀ।
'ਭੋਲੇ ਨਾਥ' ਨੇ ਅੱਖਾਂ ਖੋਲ੍ਹਣੀਆਂ, ਮਾੜਾ ਜਿਹਾ ਕੰਨ ਹਿਲਾਣੇ....ਤੇ 'ਵਾਜ ਵਾਲੀ ਲਾਹਮੇ ਤੱਕਣਾ....ਇਹ ਅੰਮਾਂ ਮੁਰਾਦਾਂ ਸੀ। ਕੈਂਹ ਦੀ ਸੋਨੇ ਦੀਆਂ ਡਲ੍ਹਕਾਂ ਮਾਰਦੀ ਵੱਡੀ ਸਾਰੀ ਥਾਲੀ ਉਹਦੇ ਹੱਥ ਵਿਚ, ਜਿਹਦੇ ਵਿਚ ਉਹਨੇ ਛਾਣ ਦੀਆਂ ਗੁੱਲੀਆਂ ਪਕਾਅ ਕੇ ਧਰੀਆਂ ਹੁੰਦੀਆਂ ਸਨ, ਕਿਧਰੇ ਸਵੇਰ ਵੇਲੇ ਦੀਆਂ।
ਅੰਮਾਂ ਮੁਰਾਦਾਂ ਦਹਿਲੀਜ਼ 'ਤੇ ਬਹਿ ਜਾਣਾ ਪੌੜੀ ਉੱਤੇ ਪੈਰ ਕਰ ਕੇ। ਭੋਲੇ ਨਾਥ ਨੇ ਬੂਥੀ ਚੁੱਕਣੀ ਤੇ ਅੰਮਾਂ ਦੀ ਝੋਲ਼ੀ ਵਿਚ ਧਰ ਦੇਣੀ, ਸਗਵੀਂ, ਜਿਵੇਂ ਪੁੱਤ ਮਾਵਾਂ ਦੀ ਝੋਲ਼ੀ ਵਿਚ ਸਿਰ ਰੱਖ ਦੇਂਦੇ ਨੇ।
ਅੰਮਾਂ ਨੇ ਇੱਕ ਹੱਥ ਉਹਦੇ ਮੂੰਹ ਤੇ ਫੇਰਨਾ....ਨਾਲ਼ ਕੱਪੜਾ ਲਿਆਂਦਾ ਹੁੰਦਾ, ਉਹਦੇ ਨਾਲ਼ ਮੋਟੀਆਂ-ਮੋਟੀਆਂ ਕਾਲੀਆਂ ਅੱਖਾਂ ਵਿਚੋਂ ਵਗਦਾ ਪਾਣੀ ਪੂੰਝਣਾ ਤੇ ਫੇਰ ਉਹਨੂੰ ਗੁੱਲੀਆਂ ਚਾਰਨੀਆਂ ਇੱਕ-ਇੱਕ ਕਰ ਕੇ....ਭੋਲੇ ਨਾਥ ਨੇ ਪਹਿਲਾਂ ਜੀਭ ਕੱਢ ਕੇ ਅੰਮਾਂ ਮੁਰਾਦਾਂ ਦਾ ਹੱਥ ਚੱਟਣਾ....ਸਗੋਂ ਚੱਟੀ ਜਾਣਾ ਗੁੱਲੀ ਨੂੰ ਫੜਨ ਦੀ ਥਾਂ। ਅੰਮਾਂ ਮੁਰਾਦਾਂ ਉਹਦੇ ਨਾਲ਼ ਗੱਲਾਂ ਕਰਨੀਆਂ,"ਭੋਲੇ ਨਾਥਾ, ਰੋਟੀ ਵੀ ਤੇ ਖਾ ਮੇਰਾ ਪੁੱਤਰ। ਭੁੱਖ ਨਹੀਂ ਲੱਗੀ ਹੋਈ ਮੇਰੇ ਹੀਰੇ ਨੂੰ...." ਨਾਲ਼ ਅੰਮਾਂ ਦੂਜੇ ਹੱਥ ਨਾਲ਼ ਉਹਦੀ ਬੂਥੀ ਨੂੰ ਪਲੋਸਦੀ। ਭੋਲੇ ਨਾਥ ਨੇ ਜਿਵੇਂ ਖ਼ੁਸ਼ ਹੋ ਕੇ ਅੰਮਾਂ ਦੇ ਹੱਥ ਨਾਲ਼ ਪੋੱਲੀ ਜਿਹੀ ਧੁੱਸ ਦੇਣੀ ਫੇਰ ਢਿੱਲਾ ਪੈ ਜਾਣਾ.... "ਲੈ ਖਾ ਮੇਰਾ ਪੁੱਤਰ....ਵੇਖ ਕੇ ਦੱਸ ਮੈਨੂੰ ਸਵਾਦੀ ਵੀ ਏ ਕਿ ਨਹੀਂ। ਨਾ ਹੋਈ ਤੇ ਮੈਂ ਤੈਨੂੰ ਹੋਰ ਬਣਾਅ ਦਿਆਂਗੀ। ਹੁਣੇ ਈ।" ਤੇ ਭੋਲੇ ਨਾਥ ਨੇ ਅੰਮਾਂ ਮੁਰਾਦਾਂ ਦੇ ਹੱਥੋਂ ਛਾਣ ਬੂਰੇ ਦੀ ਗੁੱਲੀ ਲੈ ਲੈਣੀ ਤੇ ਮਾੜੀ-ਮਾੜੀ ਚਿੱਥਣ ਲੱਗ ਪੈਣੀ।

ਉਸ ਵੇਲੇ ਅੰਮਾਂ ਮੁਰਾਦਾਂ ਦਾ ਮੂੰਹ ਵੇਖਣ ਵਾਲਾ ਹੁੰਦਾ। ਉਹਦੇ ਮੁਖੜੇ ਦੀ ਨਰਮੈਸ਼ ਵਿਚ ਕਈ ਦੀਵੇ ਜਗਨ ਲੱਗ ਪੈਂਦੇ, ਅੱਖਾਂ ਵਿਚ ਇੱਕ ਬੇਨਾਵੇਂ ਪਿਆਰ ਦੀਆਂ ਛੱਲਾਂ ਉੱਠਣ ਲੱਗ ਪੈਂਦੀਆਂ। ਉਹਦੀ ਚਾਦਰ ਸਿਰ ਤੋਂ ਢਲਕ ਜਾਂਦੀ ਤੇ ਚਾਂਦੀ ਦੀਆਂ ਲਿਟਾਂ ਵਿਖਾਲੀ ਦੇਣ ਲੱਗ ਪੈਂਦੀਆਂ। ਉਸ ਵੇਲੇ ਅੰਮਾਂ ਮੁਰਾਦਾਂ ਦੇ ਨੱਕ ਦਾ ਕੋਕਾ ਸੂਰਜ ਵਾਂਗ ਡਲ੍ਹਕਾਂ ਮਾਰਦਾ.... ਬਾਂਹਵਾਂ ਵਿਚ ਅੰਮਾਂ ਮੁਰਾਦਾਂ ਦੀਆਂ ਵਿਚ ਇੱਕੋ ਇੱਕ ਚੂੜੀ ਸੀ ਚਾਂਦੀ ਦੀ....ਉਹ ਏਡੀਆਂ ਸੋਹਣੀਆਂ ਹੋ ਜਾਣੀਆਂ ਕਿ ਰਹੇ ਰੱਬ ਦਾ ਨਾਂ। ਸੋਹਣ ਉਨ੍ਹਾਂ ਦਾ ਤੇ ਕੋਈ ਭੋਲੇ ਨਾਥ ਜਿਹਾ ਬਾਲ ਈ ਵੇਖ ਸਕਦਾ ਸੀ....

ਭੋਲੇ ਨਾਥ ਗਊਸ਼ਾਲਾ ਦਾ ਵੱਛਾ ਸੀ, ਸੱਜਰ ਜੰਮਿਆ ਕੁਝ ਈ ਦਿਨਾਂ ਦਾ। ਸੰਤਾਲ਼ੀ ਚੜ੍ਹਿਆ ਹੋਇਆ ਸੀ। ਸ਼ਹਿਰ ਵਿਚ ਹਰ ਪਾਸੇ ਮਾੜੀ ਭਾਖਿਆ ਦੇ ਝੱਖੜ ਪਏ ਝੁੱਲਦੇ ਸਨ....ਯਰਕਨਵੇਂ ਲੱਗੀ ਪਈ ਸੀ। ਹਰ ਕੋਈ ਓਪਰਾ-ਓਪਰਾ ਹੋ ਕੇ ਕਿਸੇ ਹੋਰ ਅਪਨੈਤ ਦੇ ਲੜ ਲੱਗਣ ਦਾ ਜਤਨ ਪਿਆ ਕਰਦਾ ਸੀ। ਪਰ ਉਹ ਅਪਨੈਤ ਜਿਵੇਂ ਕਿਸੇ ਨੂੰ ਵੀ ਆਪਣੇ ਵਿਚ ਰਸਾਂਦੀ ਨਹੀਂ ਸੀ ਪਈ। ਇਹਦੇ ਲਈ ਲੋਕਾਂ ਨੂੰ ਕੋਈ ਹੋਰੀਂ ਰੰਗ ਦੀਆਂ ਗੱਲਾਂ ਦਾ ਸਹਾਰਾ ਲੈਣਾ ਪੈਂਦਾ ਸੀ। ਮੋਟੀਆਂ-ਮੋਟੀਆਂ ਗੱਲਾਂ ਜਿਹੜੀਆਂ ਅਰਾਮ ਨਾਲ਼ ਮੂੰਹੋਂ ਨਹੀਂ ਸਨ ਨਿਕਲਦੀਆਂ। ਰਗਾਂ ਫੁਲਾਅ ਕੇ ਮੁੱਠਾਂ ਮੀਟ ਕੇ ਬਾਂਹਵਾਂ ਉੱਚੀਆਂ ਕਰ ਕੇ ਬੋਲਣੀਆਂ ਪੈਂਦੀਆਂ ਸਨ। ਜਾਂ ਅਸਲੋਂ ਕੰਨਾਂ ਨਾਲ਼ ਮੂੰਹ ਜੁੜ ਜਾਂਦੇ ਸਨ ਕੋਈ ਭੇਤ-ਭਰੀਆਂ ਕਰਨ ਨੂੰ। ਸ਼ਹਿਰ ਵਿਚ ਮਿਲਟਰੀ ਆ ਗਈ ਹੋਈ ਸੀ, ਬਲੋਚੀ, ਆਖਦੇ ਸਨ। ਡੋਗਰਾ ਨਹੀਂ ਸੀ। ਸੁਣਿਆ ਏ ਵੱਡੇ-ਵੱਡੇ ਮੁਸਲਮਾਨਾਂ ਨੂੰ ਅਫ਼ਸਰਾਂ ਨੇ ਸੱਦਿਆ। ਸ਼ਹਿਰ ਵਿਚ ਸੁਮ ਸੁਮਾਟ ਫਿਰ ਗਈ। ਹੋਰ ਤੇ ਹੋਰ ਕਿਧਰੋਂ ਪੱਖੂ-ਪਖੇਰੂ ਵੀ ਚੁਰਕਦੇ ਨਾ ਕੰਨੀਂ ਪੈਂਦੇ ਤੇ ਫੇਰ ਸ਼ਹਿਰ ਵਿਚ ਪਹਿਲੀ ਗੋਲੀ ਚੱਲੀ....ਲਛਮਣ ਰਾਮ ਹੁੰਦਾ ਸੀ ਹੱਟੀ ਵਾਲਾ....ਉਹ ਗੱਦੀ 'ਤੇ ਬੈਠਾ-ਬੈਠਾ ਮੂੰਹਦੜੇ ਮੂੰਹ ਜਾ ਪਿਆ। ਕੰਡ ਉਹਦੀ ਵਿਚ ਮਘੋਰ ਪੈ ਗਿਆ ਹੋਇਆ ਸੀ। ਤੇ ਸ਼ਹਿਰ ਵਿਚ ਅੱਗਾਂ ਲੱਗਣ ਲੱਗ ਪਈਆਂ। ਟੋਲਿਆਂ ਦੇ ਟੋਲੇ ਘਰਾਂ ਵਿਚ ਵੜ-ਵੜ ਕੇ ਵੱਢ-ਟੁੱਕ ਕਰਨ ਤੇ ਝੁੱਗੇ ਲੁੱਟਣ ਲੱਗ ਪਏ। ਸਭ ਇੱਕ ਦੂਜੇ ਦੇ ਜਾਣੂ ਸਨ। ਸਾਂਝ ਕੋਈ ਵਰ੍ਹਿਆਂ ਦੀ ਨਹੀਂ ਸਗੋਂ ਉਮਰਾਂ ਦੀ, ਕਈ-ਕਈ ਪੀੜ੍ਹੀਆਂ ਤੋਂ। ਖ਼ਬਰੇ ਏਸ ਗੱਲ ਤੋਂ ਈ ਟੋਲਿਆਂ ਨੇ ਮੂੰਹਵਾਂ ਉੱਤੇ ਠਾਠੇ ਮਾਰ ਲਏ ਬਈ ਕਿਧਰੇ ਵੇਖੇ ਨਾ ਜਾਣ, ਪਛਾਣੇ ਨਾ ਜਾਣ- ਇਹੋ ਜਿਹੇ ਵੀ ਬੇਅੰਤ ਸਨ ਜਿਹਨਾਂ ਏਸ ਖੇਚਲ ਦੀ ਵੀ ਲੋੜ ਨਾ ਜਾਣੀ। ਬੱਚੇ-ਬੁੱਢੇ ਜ਼ਨਾਨੀਆਂ ਬੰਦੇ ਛੁਰੀਆਂ, ਕੁਹਾੜੀਆਂ, ਛਵੀਆਂ, ਤਲਵਾਰਾਂ, ਟਕਵਿਆਂ ਅਤੇ ਗੋਲੀਆਂ ਦੀ ਧਾਰ ਉੱਤੇ....ਅਵਾਂਹ ਦੇ ਅਹੂ ਲੱਥ ਗਏ। ਜਵਾਨ ਕੁੜੀਆਂ ਨੂੰਹਾਂ ਨਨਾਣਾਂ ਚੁੱਕੀਆਂ ਗਈਆਂ....ਸ਼ਹਿਰ ਉੱਤੇ ਧੂੰਅ ਦੇ ਬੱਦਲ ਫਿਰ ਗਏ। ਅੱਗ ਦੀਆਂ ਲੰਬਾਂ ਦਾ ਪਹਿਰਾ ਹੋ ਗਿਆ....ਚੀਕ ਪੁਕਾਰ ਨਾਲ਼ ਕੰਨ ਪਾਟਣ ਲੱਗ ਪਏ ਅਤੇ ਅਸਮਾਨ ਇੱਲਾਂ-ਕਾਂਵਾਂ ਤੇ ਗਿਰਝਾਂ ਮੱਲ ਲਿਆ। ਥੱਲੇ ਕੁੱਤਿਆਂ ਦੇ ਵੱਗ ਫਿਰਨ ਲੱਗ ਪਏ।

ਉਦੋਂ ਈ ਭੋਲ਼ਾ ਨਾਥ ਲੱਭਾ ਅੰਮਾਂ ਮੁਰਾਦਾਂ ਨੂੰ ਗਊਸ਼ਾਲੇ ਤੋਂ ਬਚ ਕੇ ਸੁੱਕੀ ਰਜਬਾਹ ਦੀ ਬਹਿ ਗਈ ਹੋਈ ਪੁਲੀ ਥੱਲੇ ਫਸਿਆ। ਅੰਮਾਂ ਨਿੱਕੇ-ਨਿੱਕੇ ਵੈਣ ਪਾਂਦੀ ਕੀਰਨੇ ਕੱਢਦੀ ਉਸ ਉਜਾੜ ਪਾਸਿਓਂ ਲੰਘੀ ਤਾਂ ਇਹਦਾ ਧਿਆਨ ਪੈ ਗਿਆ। ਕੰਨੀਂ ਇਹਦਿਆਂ ਵਿਚ ਭੋਲੇ ਨਾਥ ਦੀ ਨਿੱਕੀ-ਨਿੱਕੀ ਵਾਜ ਪਈ ਜਿਵੇਂ ਰੋਂਦਾ ਪਿਆ ਹੋਵੇ। ਅੰਮਾਂ ਮੁਰਾਦਾਂ ਰੇਤ ਵਿਚ ਵੜ ਗਈ ਤੇ ਬੜੇ ਜਤਨਾਂ ਨਾਲ਼ ਭੋਲੇ ਨਾਥ ਨੂੰ ਕੱਢ ਲਿਉਸ, ਚਿੱਕੜੋ ਚਿੱਕੜ ਹੋਏ ਨੂੰ। ਪੁਲੀ ਥੱਲੇ ਖ਼ਬਰੇ ਕਦੋਂ ਦਾ ਪਾਣੀ ਖਲ਼ਾ ਸੀ। ਮੁਰਾਦਾਂ ਵਾਹਵਾ ਤਗੜੀ ਸੀ। ਗਾਬੇ ਦੇ ਗਲ਼ ਚਾਦਰ ਪਾ ਕੇ ਧਰੂ ਖੜਨ ਤੇ ਉਹਦਾ ਦਿਲ ਨਾ ਕੀਤਾ। ਉਹਨੇ ਧੌਣ 'ਤੇ ਪਿਛਲੇ ਪਾਸੇ ਬਾਂਹਵਾਂ ਧਰ ਕੇ ਉਹਨੂੰ ਚੁੱਕ ਲਿਆ ਤੇ ਘਰ ਲੈ ਆਈ। ਨੁਹਾਇਆ ਧੁਆਇਆ। ਖੁਰੇ ਵਿਚ। ਲੋਟੀ ਵਿਚ ਕੋਸਾ-ਕੋਸਾ ਦੁੱਧ ਪਾ ਕੇ ਨਿੱਪਲ ਨਾਲ਼ ਚੁੰਘਾਇਆ ਤੇ ਭੋਲ਼ਾ ਨਾਥ ਬਚ ਗਿਆ। ਮੁਰਾਦਾਂ ਉਹਦੇ ਗਲ਼ ਵਿਚ ਨੀਲੇ ਮਣਕਿਆਂ ਦੀ ਗਾਨੀ ਪਾ ਛੱਡੀ। ਰੱਸੀ ਉੱਕਾ ਨਾ ਪਾਈ ਤੇ ਨਾ ਕਿਧਰੇ ਬੰਨ੍ਹਿਆ। ਉਹ ਸਾਰਾ ਦਿਨ ਅੰਮਾਂ ਦੇ ਨਾਲ਼-ਨਾਲ਼ ਈ ਰਹਿੰਦਾ। ਇੱਕ ਮਾਣੋ, ਇੱਕ ਤੋਤਾ, ਇੱਕ ਨਿੱਕਾ ਜਿਹਾ ਗੁੱਲਰ, ਕੁਕੜੀ ਕੁੱਕੜ ਤੇ ਉਨ੍ਹਾਂ ਦੇ ਚੂਚੇ ਪਹਿਲਾਂ ਈ ਓਥੇ ਸਨ। ਸਭ ਨਾਲ਼ ਮੁਰਾਦਾਂ ਦੀਆਂ ਗੱਲਾਂ ਹੁੰਦੀਆਂ ਸਨ। ਹੋਰ ਤੇ ਹੋਰ ਬਾਹਰ ਬਰਾਂਡੇ ਵਿਚ ਬੱਕਰੀ ਵੀ ਸੀ ਦੋ ਮੇਮਣਿਆਂ ਵਾਲੀ। ਅੰਮਾਂ ਉਨ੍ਹਾਂ ਮੇਮਣਿਆਂ ਨੂੰ ਵੀ ਚੁੱਕ ਲਿਆਂਦੀ ਸੀ ਅੰਦਰ ਤੇ ਝੋਲ਼ੀ 'ਚ ਬਹਾਅ ਕੇ ਬੋਤਲ ਨਾਲ਼ ਦੁੱਧ ਪਿਆਂਦੀ ਸੀ। ਸਾਰੇ ਬੱਚੇ ਅੰਮਾਂ ਦੇ ਆਖੇ ਲਗਦੇ ਸਨ। ਉਹਦੀ ਬੋਲੀ ਸਮਝਦੇ ਸਨ। ਤੋਤਾ ਤੇ ਫ਼ਿਰ ਅੱਗੋਂ "ਅੱਛਾ ਅੰਮਾਂ ਅੱਛਾ ਅੰਮਾਂ" ਵੀ ਆਖਦਾ ਹੁੰਦਾ ਸੀ। ਸਭ ਨਾਲ਼ ਮੁਰਾਦਾਂ ਦੇ ਲਾਡ ਵੇਖਣ ਵਾਲੇ ਹੁੰਦੇ ਸਨ। ਸਭ ਦੇ ਖਾਣ ਪੀਣ ਦਾ ਖ਼ਿਆਲ ਰੱਖਿਆ ਜਾਂਦਾ ਸੀ। ਤੋਤੇ ਨੂੰ ਚੂਰੀ ਤੇ ਫਲ ਮਿਲਦੇ ਸਨ। ਮਾਣੋ ਤੇ ਗੁੱਲਰ ਨੂੰ ਉੱਬਲੇ ਹੋਏ ਛਿੱਛੜੇ ਤੇ ਦੁੱਧ ਨਾਲ਼ ਕਦੀ-ਕਦੀ ਅੱਧਭੁੱਜਿਆ ਕੀਮਾ ਵੀ, ਬੱਕਰੀ ਨੂੰ ਤੂੜੀ ਵੰਡਾ, ਕੁਕੜੀ ਨੂੰ ਚੀਣਾ ਤੇ ਨਾਲ਼ ਗੁੱਝੇ ਆਟੇ ਦੀਆਂ ਪੂਣੀਆਂ। ਭੋਲੇ ਨਾਥ ਨੂੰ ਕਿਸੇ-ਕਿਸੇ ਵੇਲੇ ਉਤੇ ਕੋਠੇ 'ਤੇ ਵੀ ਛੱਡ ਦਿੱਤਾ ਜਾਂਦਾ ਸੀ, ਸਾਰੇ ਪਾਸੇ ਢਲਾਣਾਂ ਅੱਗੇ ਫੱਟੇ ਧਰ ਕੇ।

ਅੰਮਾਂ ਦੇ ਬੰਦੇ ਦਾ ਨਾਂ ਮਿਸਤਰੀ ਸੀ। ਸ਼ਹਿਰ ਸਬਜ਼ੀ ਦਾ ਕੰਮ ਕਰਦਾ ਸੀ। ਛੋਟੇ ਗੋਸ਼ਤ ਦੀ ਮਾਰਕੀਟ ਦੇ ਬਾਹਰ ਉਹਦੀ ਵੱਡੀ ਸਾਰੀ ਦੁਕਾਨ ਸੀ। ਹਰ ਕਿਸਮ ਦੀ ਸਬਜ਼ੀ ਤਾਜ਼ਾ ਬ-ਤਾਜ਼ਾ ਉਹਦੇ ਤੋਂ ਮਿਲਦੀ ਸੀ। ਉਹਨੇ ਮਲਮਲ ਦੀ ਮਾਇਆ ਲੱਗੀ ਪੱਗ ਬੱਧੀ ਹੋਣੀ....ਵਿਚੋਂ ਤਾਰੇ ਜਿਹੇ ਝਿਲਮਦੇ ਨਜ਼ਰੀਂ ਪੈਂਦੇ। ਵੱਡੀਆਂ-ਵੱਡੀਆਂ ਚਿੱਟੀਆਂ ਮੁੱਛਾਂ, ਮੋਟੀਆਂ ਅੱਖਾਂ, ਉੱਚਾ ਤ੍ਰਿਖਾ ਨੱਕ, ਦਾੜ੍ਹੀ ਤੋਂ ਫ਼ਾਰਗ਼। ਦੋਵਾਂ ਭਰਵਿੱਟਆਂ ਦੇ ਵਿਚਾਲੇ ਇੱਕ ਹਰੀ ਜਿਹੀ ਬਾਰੀਕ ਬਿੰਦੀ ਵੀ ਖੁਣੀ ਹੁੰਦੀ ਸੀ। ਮਿਸਤਰੀ ਦੀ ਪੱਗ ਸੱਜੀ ਹੁੰਦੀ ਸੀ ਪਰ ਉਹਦੇ ਮੂੰਹ ਮੁਹਾਂਦਰੇ ਤੋਂ ਸਰਦਾਰ ਹੋਵਣ ਦਾ ਝਾਉਲਾ ਪੈਂਦਾ ਸੀ। ਉਹਦੇ ਸੱਜੇ ਹੱਥ ਦੀ ਕੰਡ ਉਤੇ ਏਕ ਓਂਕਾਰ ਵੀ ਖੁਣਿਆ ਹੋਇਆ ਸੀ ਤੇ ਖੱਬੀ ਬਾਂਹ ਉੱਤੇ ਇੱਕ ਮੋਰ....ਮਿਸਤਰੀ ਨੂੰ ਫ਼ਾਰਸੀ ਉਰਦੂ ਨਹੀਂ ਸੀ ਲਿਖਣੀ ਆਉਂਦੀ। ਉਹ ਵਹੀ-ਖਾਤੇ ਵਿਚ ਜੋ ਵੀ ਲਿਖਦਾ ਗੁਰਮੁਖੀ ਅੱਖਰਾਂ ਵਿਚ ਹੁੰਦਾ। ਕਹਿੰਦੇ ਨੇ ਸਿੱਖੋਂ ਮੁਸਲਮਾਨ ਹੋਇਆ ਸੀ। ਖ਼ਬਰੇ ਇੰਝ ਈ ਹੋਵੇ ਅੰਮਾਂ ਮੁਰਾਦਾਂ ਦੀ ਹਰ ਗੱਲ ਤੇ ਲਬੈਕ ਕਹਿੰਦਾ ਸੀ। ਉਹ ਸਾਰੇ ਜਨਾਵਰ ਉਹਨੂੰ ਵੀ ਇੰਝ ਈ ਪਿਆਰੇ ਸਨ ਜਿਵੇਂ ਮੁਰਾਦਾਂ ਨੂੰ ਸਨ। ਸਾਰੇ ਉਹਦੇ ਨਾਲ਼ ਵੀ ਹਿੱਲੇ ਹੋਏ ਸਨ। ਮਿਸਤਰੀ ਨੇ ਸ਼ਾਮ ਨੂੰ ਦੁਕਾਨ ਬੰਦ ਕਰ ਕੇ ਆਉਣਾ, ਕੱਪੜੇ ਬਦਲਣੇ ਤੇ ਬੱਚਿਆਂ ਨਾਲ਼ ਗੱਲਾਂ ਕਰਨ ਬਹਿ ਜਾਣਾ। ਭੋਲੇ ਨਾਥ ਦੀ ਉਹਦੇ ਨਾਲ਼ ਬੜੀ ਗੇਝ ਸੀ।

ਇੱਕ ਦਿਨ ਮੁਰਾਦਾਂ ਨੇ ਮਿਸਤਰੀ ਨੂੰ ਦੱਸਿਆ, "ਮਿਸਤਰੀ, ਅੱਜ ਦੀ ਦੱਸਾਂ ਤੈਨੂੰ ਮੈਂ?" "ਹਾਂ ਮੁਰਾਦਾਂ।" "ਗੰਜਾ ਬੁੱਚੜ ਆ ਵੜਿਆ ਅੱਜ਼..."। "ਫੇਰ....?" ਮਿਸਤਰੀ ਨੇ ਚਿੰਤਾ-ਵੰਦ ਹੁੰਦਿਆਂ ਪੁੱਛਿਆ...."ਮੂੰਹ ਚੁੱਕ ਕੇ ਸਿੱਧਾ ਲੰਘ ਆਇਆ ਬਰਾਂਡੇ ਵਿਚ- 'ਭੈਣ ਮੁਰਾਦਾਂ....ਇਕ ਗੱਲ ਆਖਾਂ? ਜਿੰਨੇ ਪੈਸੇ ਆਖੇਂ ਮੈਂ ਦੇਨਾਂ'.... ਮਿਸਤਰੀ, ਮੈਨੂੰ ਤੇ ਅੱਗ ਲੱਗ ਗਈ ਉਹਦੀ ਸੁਣ ਕੇ! ਮੈਂ ਆਖਿਆ, 'ਗੰਜਿਆ ਭਲੀ ਨਿਯਤ ਚਾਹਨਾ ਏਂ ਨਾ ਤੇ ਹੁਣੇ ਇਥੋਂ, ਏਸੇ ਵੇਲੇ, ਤੀਰ ਹੋ ਜਾ, ਨਹੀਂ ਤੇ ਇਹ ਪਾਵਾ ਵੇਖਣਾ ਏਂ ਪਿਆ ਹੋਇਆ, ਮੈਂ ਮਾਰ ਕੇ ਨਾ ਤੇਰਾ ਮਗਦਊ ਫ਼ੇਹ ਦੇਣਾ ਏ....ਤਿੱਤਰ ਹੋ ਜਾ ਇਥੋਂ। ਲਾਹਨਤੀਆ! ਆਪਣੀ ਉਲਾਦ ਵੀ ਕੋਈ ਵੇਚਦਾ ਏ?' ਮਿਸਤਰੀ, ਮੈਂ ਖਲੋਅ ਗਈ ਪਾਵਾ ਫੜ ਕੇ। ਨੱਸ ਗਿਆ ਉਸੇ ਵੇਲੇ। ਨਹੀਂ ਤੇ ਅੱਜ ਮੈਂ ਇਹਦਾ ਮਗਦਊ ਪਾੜ ਕੇ ਰੱਖ ਦੇਣਾ ਸੀ।"
"ਚੰਗਾ ਕੀਤਾ ਈ ਮੁਰਾਦਾਂ। ਦਿੱਸ ਲਵੇ ਮੈਨੂੰ ਦੱਸਾਂਗਾ ਸੂ, ਬਦ ਦੇ ਪੁੱਤਰ ਨੂੰ। ਪਰ ਭੋਲੇ ਨਾਥ ਨੂੰ ਤੇ ਅਸੀਂ ਕਦੀ ਬਾਹਰ ਨਹੀਂ ਕੱਢਿਆ। ਇਹਨੂੰ ਜ਼ਾਲਮ ਨੂੰ ਕਿਥੋਂ ਪਤਾ ਲੱਗ ਗਿਆ....ਇਹ ਜਿਹੜੀਆਂ ਤੇਰੇ ਕੋਲ਼ ਸਵੇਰ ਤੋਂ ਲਾਮ ਡੋਰੀ ਬਣਾਅ ਕੇ ਨਹੀਂ ਆਉਣ ਲੱਗ ਪੈਂਦੀਆਂ, ਇਨ੍ਹਾਂ ਵਿਚੋਂ ਈ ਕਿਸੇ ਨੇ ਚੁਗ਼ਲੀ ਮਾਰੀ ਊ.... ਮੁਰਾਦਾਂ, ਥੋੜ੍ਹਾ ਧਿਆਨ ਰੱਖਿਆ ਕਰ ਇਨ੍ਹਾਂ ਦਾ....ਸਾਡੇ ਬੱਚਿਆਂ ਨੂੰ ਨਜ਼ਰ ਵੀ ਤੇ ਲਾ ਜਾਂਦੀਆਂ ਨੇ ਕਈ ਕਈ ਵਾਰੀ।"
"ਮਿਸਤਰੀ, ਉਹਦਾ ਤੇ ਮੈਂ ਦਾਰੂ ਕਰ ਈ ਲੈਨੀ ਆਂ। ਜਿਹਦੇ ਤੇ ਵੀ ਥੋੜ੍ਹਾ ਜਿਹਾ ਸ਼ੱਕ ਪਵੇ ਮੈਂ ਉਹਦੇ ਪੈਰਾਂ ਦੀ ਮਿੱਟੀ ਲਿਅ੍ਹਾ ਕੇ ਚੁੱਲ੍ਹੇ ਵਿਚ ਪਾ ਦੇਨੀ ਆਂ....ਹੈਣ ਇੱਕ ਦੋ ਵਿਚ ਫੱਫੇ ਕੁੱਟਣਾਂ। ਬਾਲ ਆਉਂਦੇ ਨੇ ਨਾ.... ਮੈਂ ਕਹਿਨੀ ਆਂ ਪੱਟੋ ਵੇ ਇਨ੍ਹਾਂ ਦੀਆਂ ਮੰਮੀਆਂ ਤੇ ਫੇਰ ਲੁਕਦੀਆਂ ਫਿਰਦੀਆਂ ਨੇ।
"ਮਿਸਤਰੀ, ਤੈਨੂੰ ਪਤਾ ਈ ਏ ਮੁਹੱਲੇ ਦੇ ਬਾਲਾਂ ਨੂੰ ਕੁਝ ਹੋਇਆ ਰਹਿੰਦਾ ਏ। ਖੰਘ ਤਾਪ, ਪਾਲ਼ਾ ਲੱਗ ਗਿਆ, ਸੀਨਾ ਫੜਿਆ ਗਿਆ, ਢਿੱਡ ਖ਼ਰਾਬ ਹੋ ਗਿਆ। ਸਭ ਅਲਾਮਤਾਂ ਲਈ ਮੈਂ ਦਵਾਵਾਂ ਕੁੱਟ-ਕੱਟ ਕੇ ਸ਼ੀਸ਼ੀਆਂ, ਡੱਬੀਆਂ ਭਰੀਆਂ ਹੋਈਆਂ ਨੇ। ਚੂੰਢੀ ਚੂੰਢੀ ਦੇਣ ਨਾਲ਼ ਬੱਚੇ ਤਗੜੇ ਹੋਣ ਲੱਗ ਪੈਂਦੇ ਨੇ। ਏਸ ਲਈ ਇਨ੍ਹਾਂ ਸਾਰਿਆਂ ਦਾ ਆਉਣਾ ਤੇ ਬੰਦ ਨਹੀਂ ਨਾ ਕੀਤਾ ਜਾ ਸਕਦਾ....ਹੈਂ ਮਿਸਤਰੀ।"
"ਹਾਂ ਮੁਰਾਦਾਂ ਇਹ ਤਾਂ ਹੈ।"
ਮਿਸਤਰੀ ਕਦੀ ਵੀ ਤੇ ਮੁਰਾਦਾਂ ਦਾ ਨਾਬਰ ਨਹੀਂ ਸੀ ਹੁੰਦਾ। ਜਿਵੇਂ ਉਸ ਆਖਣਾ ਮਿਸਤਰੀ ਨੇ ਆਮੀਨ ਕੀਤੀ ਜਾਣਾ....
ਇੱਕ ਰਾਤ ਦੋਵੇਂ ਜੀਅ ਸਿਰ ਜੋੜ ਕੇ ਬੈਠੇ ਸਨ ਉਧਰੋਂ ਭਾਅ ਰਹਿਮਤ ਵੀ ਆ ਗਿਆ। ਮੁਰਾਦਾਂ ਦੇ ਭਰਾਵਾਂ ਦਾ ਸ਼ਹਿਰ ਵਿਚ ਘਾਟਾ ਨਹੀਂ ਸੀ, ਕਈ ਨਾਮੀ ਗਰਾਮੀ ਤੇ ਸੌਖੇ ਬੰਦੇ ਉਹਨੂੰ ਭੈਣ ਆਖਦੇ ਸਨ ਤੇ ਭੈਣਾਂ ਤੋਂ ਵਧ ਕੇ ਉਹਦੀ ਦੀਦ ਕਰਦੇ ਸਨ। ਪਰ ਭਾਈ ਰਹਿਮਤ ਨਾਲ਼ ਤੇ ਮੁਰਾਦਾਂ ਦਾ ਭੈਣ-ਭਰਾ ਸਕਿਆਂ ਤੋਂ ਵੀ ਵਧ ਕੇ ਪਿਆਰ ਸੀ। ਜਿਵੇਂ ਇਕੋ ਮਾਂ ਦੇ ਢਿੱਡੋਂ ਜੰਮੇ ਹੋਏ ਹੋਣ।
ਰਹਿਮਤ ਦੀ ਬੀਵੀ ਨੂੰ ਮੁਰਾਦਾਂ ਹਮੇਸ਼ਾ ਭਾਬੀ ਆਖਦੀ ਸੀ ਤੇ ਉਹਦੇ ਬੱਚੇ ਵੀ ਜਿਵੇਂ ਮੁਰਾਦਾਂ ਦੇ ਆਪਣੇ ਈ ਬੱਚੇ ਹੋਣ- ਸਭ ਦੇ ਨਾਂ ਉਹਨੇ ਆਪਣੀ ਮਰਜ਼ੀ ਦੇ ਰੱਖੇ ਹੋਏ ਸਨ। ਦੋਹਾਂ ਕੁੜੀਆਂ ਦੇ ਵੱਖਰੇ ਤੇ ਤਿੰਨਾਂ ਮੁੰਡਿਆਂ ਦੇ ਵੱਖਰੇ। ਸਾਰਿਆਂ ਦਾ ਕੱਲੇ-ਕੱਲੇ ਦਾ ਹਾਲ ਪੁੱਛਣਾ ਉਹਦਾ ਰੋਜ਼ ਦਾ ਕੰਮ ਸੀ। ਭਾਈ ਰਹਿਮਤ ਨੇ ਵੀ ਤੇ ਉਹਦੇ ਵੱਲ ਰੋਜ਼ ਰਾਤ ਨੂੰ ਗੇੜਾ ਮਾਰਨਾ ਹੁੰਦਾ ਸੀ।
ਮੁਰਾਦਾਂ ਭਾਈ ਰਹਿਮਤ ਨੂੰ ਚੁੱਲ੍ਹੇ ਦੇ ਕੋਲ਼ ਆਪਣੇ ਸਾਹਮਣੇ ਈ ਪੀੜ੍ਹੀ ਤੇ ਬਿਠਾਅ ਲੈਂਦੀ। ਨਾਲ਼ ਈ ਚਾਹ ਦਾ ਪਿਆਲਾ ਮਲ਼ਾਈ ਪਾ ਕੇ ਅੱਗੇ ਰੱਖ ਦਿੰਦੀ। "ਮਿਸਤਰੀ, ਚਾਹ ਲਿਆਨੀ ਆਂ ਪਈ"....ਉਹਨੇ ਵਾਜ ਦੇਣੀ। ਮਿਸਤਰੀ ਆਖਣਾ, "ਭਾਅ ਨੂੰ ਤੇ ਪਿਆ ਲੈ ਪਹਿਲਾਂ।" "ਮਿਸਤਰੀ, ਭਾਅ ਪੀਂਦਾ ਪਿਆ ਏ।"
"ਚੰਗਾ ਫੇਰ ਮੈਨੂੰ ਵੀ ਦੇ ਦੇ....ਭਾਅ ਨੂੰ ਪਿਸਤੇ ਬਦਾਮ ਚੋਖੇ ਪਾ ਦੇਣੇ ਸਨ।"
ਭਾਅ ਨੇ ਮਿਸਤਰੀ ਨੂੰ ਆਖਣਾ,
"ਮਿਸਤਰੀ ਸਾਰੇ ਮੈਨੂੰ ਈ ਤੇ ਪਾ ਦਿੱਤੇ ਸੂ।"
"ਭੈਣ ਜੁ ਹੋਈ ਤੇਰੀ"....ਮਿਸਤਰੀ ਨੇ ਹੱਸ ਕੇ ਕਹਿਣਾ....
ਉਸ ਸ਼ਾਮ ਮੁਰਾਦਾਂ ਤੇ ਮਿਸਤਰੀ ਦੋਵਾਂ ਨੇ ਰਲ਼ ਕੇ ਭਾਈ ਰਹਿਮਤ ਨਾਲ਼ ਭੋਲੇ ਨਾਥ ਦੀ ਗੱਲ ਕੀਤੀ। ਘਰ ਵਿਚ ਹੁਣ ਉਹਨੂੰ ਰੱਖਿਆ ਨਹੀਂ ਸੀ ਜਾ ਸਕਦਾ, ਵੱਡਾ ਹੋ ਗਿਆ ਸੀ, ਭਰ ਵਹਿੜਕਾ....ਗੰਜੇ ਕਸਾਈ ਦੇ ਆਉਣ ਦਾ ਵੀ ਸੁਣਾਇਆ ਉਹਨੇ ਭਾਅ ਰਹਿਮਤ ਨੂੰ। ਉਹਨੂੰ ਵੀ ਸੁਣ ਕੇ ਬੜੀ ਤਪ ਚੜ੍ਹੀ, "ਮਿਲ ਲਵੇ ਕਿਧਰੇ ਬੁੱਚੜ ਮੈਨੂੰ, ਜੁੱਤੀਆਂ ਮਾਰਾਂਗਾ ਸੂ, ਭਾਅ ਤਪਦਾ ਹੋਇਆ ਬੋਲ ਪਿਆ।
"ਮੈਂ ਮਿਸਤਰੀ ਨਾਲ਼ ਸਲਾਹ ਕੀਤੀ ਏ ਬਈ ਇਹਨੂੰ ਸਰਕਾਰੀ ਨੰਬਰ ਲਵਾਅ ਕੇ ਸਲੋਤਰਖ਼ਾਨੇ ਦੇ ਦਈਏ। ਤਾਂ ਈ ਇਹ ਬਚਿਆ ਰਹਿ ਸਕੇਗਾ।" ਅੰਮਾਂ ਦੀਆਂ ਅੱਖਾਂ ਵਿਚ ਅੱਥਰੂ ਆ ਗਏ, ਉਹਨੇ ਚਾਦਰ ਨਾਲ਼ ਮੂੰਹ ਕੱਜ ਲਿਆ। ਮਿਸਤਰੀ ਦਾ ਵੀ ਦਿਲ ਭਰ ਆਇਆ ਸੀ। ਭਾਅ ਦੇ ਮੂੰਹ ਨੂੰ ਜੰਦਰਾ ਵੱਜ ਗਿਆ। ਪੋਹ ਦੀ ਰਾਤ ਸੀ ਚੁੱਲ੍ਹੇ ਵਿਚ ਬਲਦਾ ਚੋਅ ਠੰਡਾ ਪਿਆ ਹੁੰਦਾ ਸੀ ਤੇ ਚਿੱਟੀ ਸੁਆਹ ਉਹਦਾ ਮੂੰਹ ਕੱਜਦੀ ਪਈ ਸੀ। ਹੋਰ ਅੰਗਿਆਰੇ ਵੀ ਵਿਸਮਦੇ ਪਏ ਸਨ ਸਿੱਕਰੀ ਵਰਗੀ ਸੁਆਹ ਵਿਚ।
ਭੋਲੇ ਨਾਥ ਛੱਤ 'ਤੇ ਸੀ। ਉਹਦੀ ਕੁੜ੍ਹ ਬਣ ਗਈ ਹੋਈ ਸੀ ਤੇ ਅੰਮਾਂ ਮੁਰਾਦਾਂ ਨੇ ਬੋਰੀਆਂ ਖੋਲ੍ਹ ਕੇ ਉਨ੍ਹਾਂ ਦੀ ਝੁੱਲ ਬਣਾਅ ਦਿੱਤੀ ਹੋਈ ਸੀ ਉਹਦੇ ਉਤੇ ਪਾਣ ਲਈ। ਏਸ ਵੇਲੇ ਉਹ ਪਰਾਲ਼ੀ ਚੁਗਦਾ ਹੌਲੀ-ਹੌਲੀ ਉਗਾਲ਼ੀ ਪਿਆ ਕਰਦਾ ਸੀ।
ਵਾਹਵਾ ਚਿਰ ਮਗਰੋਂ ਚੁੱਪ ਤਰੁਟੀ, ਭਾਅ ਰਹਿਮਤ ਈ ਬੋਲਿਆ....ਮੁਰਾਦਾਂ ਮੈਂ ਕੱਲ੍ਹ ਕਰਨਾਂ ਉਨ੍ਹਾਂ ਨਾਲ਼ ਗੱਲ ਤੇ ਫੇਰ ਦੱਸਾਂਗਾ। ਤੂੰ ਹੌਸਲਾ ਰੱਖ ਅਸੀਂ ਭੋਲੇ ਨਾਥ ਨੂੰ ਕੁਝ ਨਹੀਂ ਹੋਣ ਦਿਆਂਗੇ....ਇਹ ਜਿਊਂਦਾ ਰਹੇਗਾ.... ਕੋਈ ਇਹਦੇ ਵੱਲ ਮੈਲ਼ੀ ਅੱਖ ਵੀ ਨਹੀਂ ਤਕ ਸਕੇਗਾ। ਰੱਬ ਕੀਤਾ ਤੇ ਇਹੋ ਜਿਹਾ ਬੰਨ੍ਹ ਸੁਭ ਕਰਾਂਗੇ।"
ਭਾਅ ਪੀੜੀ ਤੋਂ ਉੱਠਿਆ, ਲੋਈ ਦੀ ਘੁੱਟ ਕੇ ਬੁੱਕਲ ਮਾਰੀ ਤੇ ਅੰਮਾਂ ਮੁਰਾਦਾਂ ਨੂੰ ਬਰਾਂਡੇ ਵੱਲ ਦਾ ਬੂਹਾ ਮਾਰ ਲੈਣ ਦਾ ਆਖ ਕੇ ਟੁਰ ਗਿਆ। ਉਸ ਰਾਤ ਨਾ ਅੰਮਾਂ ਮੁਰਾਦਾਂ ਨੂੰ ਨੀਂਦਰ ਆਵੇ ਤੇ ਨਾ ਈ ਮਿਸਤਰੀ ਨੂੰ। ਘੜੀ-ਮੁੜੀ ਦੋਵੇਂ ਜੀਅ ਜਾਗ-ਜਾਗ ਪੈਣ....ਵਾਰੀ-ਵਾਰੀ ਇੱਕ ਦੂਜੇ ਨੂੰ ਦੱਸੇ ਬਿਨਾਂ ਭੋਲੇ ਨਾਥ ਨੂੰ ਪੌੜੀਆਂ ਚੜ੍ਹ ਕੇ ਝਾਤੀ ਵੀ ਮਾਰ ਆਉਣ। ਉਹਨੂੰ ਆਪਣੇ ਹੱਥ ਵੀ ਚਟਾਅ ਆਉਣ। ਢੇਰ ਔਖੀ ਈ ਸੀ ਰਾਤ ਲੰਘਾਉਣੀ। ਹਾਲਾਂ ਫ਼ੈਸਲਾ ਕੋਈ ਵੀ ਨਹੀਂ ਸੀ ਹੋ ਸਕਿਆ ਪਰ ਇਹ ਤਾਂ ਪੱਕੀ ਹੋ ਗਈ ਸੀ ਭੋਲੇ ਨਾਥ ਨੂੰ ਹੋਰ ਰੱਖਣਾ ਔਖਾ ਹੋ ਗਿਆ ਸੀ।
ਦੂਜੇ ਦਿਨ ਦੁਪਹਿਰ ਕੁ ਵੇਲੇ ਨਾਲ਼ ਭਾਅ ਰਹਿਮਤ ਦੀ ਵਹੁਟੀ ਤੇ ਸੱਸ ਆ ਗਈਆਂ। ਦੋਵੇਂ ਵਾਰੀ-ਵਾਰੀ ਮੁਰਾਦਾਂ ਨੂੰ ਜੱਫੀ ਪਾ ਕੇ ਘੁੱਟ ਕੇ ਮਿਲੀਆਂ।
ਅੰਮਾਂ ਉਨ੍ਹਾਂ ਲਈ ਚਾਹ ਤੇ ਬਾਕਰ ਖ਼ਾਣੀਆਂ ਬਣਾਅ ਲਿਆਈ। ਉਨ੍ਹਾਂ ਬਥੇਰੀ ਨਾਂਹ ਨੁੱਕਰ ਤੋਂ ਕੰਮ ਲਿਆ ਪਰ ਕਿੱਥੇ। ਅੰਮਾਂ ਮੁਰਾਦਾਂ ਨੇ ਪਹਿਲਾਂ ਉਨ੍ਹਾਂ ਨੂੰ ਖਵਾਅ ਲਿਆ ਤੇ ਫੇਰ ਅੱਗੇ ਕੋਈ ਗੱਲ ਕਰਨ ਨੂੰ ਮੰਨੀ....

"ਭਾਬੀ ਤੇ ਬੇਬੇ ਜੀ, ਭੋਲੇ ਨਾਥ ਹੁਣ ਖ਼ੈਰ ਨਾਲ਼ ਵੱਡਾ ਸਾਰਾ ਹੋ ਗਿਆ ਏ। ਪੁੱਤਰਾਂ ਤੋਂ ਵੱਧ ਕਰ ਕੇ ਪਾਲਿਆ ਏ ਮੈਂ....ਪਾਲਣ ਵਾਲੀ ਜ਼ਾਤ ਤੇ ਰੱਬ ਦੀ ਏ। ਮੈਂ ਕੌਣ ਹੋਨੀ ਆਂ। 47 ਦੀ ਕੋਹਵਾ ਕੋਹੀ ਤੋਂ ਬਚ ਗਿਆ। ਓਥੇ ਇੱਕ ਨੀਵੀਂ ਭੀੜੀ ਪੁਲੀ ਸੀ ਝਰੋਖੇ ਆਲੇ ਖੂਹ ਦੇ ਬੱਨੇ। ਕਦੀ ਰਜਬਾਹ ਲੰਘਦੀ ਸੀ ਓਥੋਂ....ਗਉੂਸ਼ਾਲਾ ਵੀ ਤੇ ਓਥੇ ਈ ਹੁੰਦੀ ਸੀ। ਵੱਢ-ਟੁੱਕ ਵਿਚੋਂ ਖ਼ਬਰੇ ਕਿਵੇਂ ਪੁਲੀ ਥੱਲੇ ਜਾ ਫਸਿਆ....ਮੈਂ ਲੰਘੀ। ਮੈਨੂੰ ਦਿੱਸ ਪਿਆ....ਮੈਂ ਲੈ ਆਈ। ਮੇਰਾ, ਸੱਚੀ ਦੱਸਾਂ, ਤੇ ਦਿਲ ਕਰਦਾ ਸੀ ਇਹਨੂੰ ਆਪਣਾ ਦੁੱਧ ਚੁੰਘਾਣ ਦਾ ਵੀ। ਮੈਂ ਚੁੰਘਾਇਆ ਵੀ.... ਮੈਨੂੰ ਲੱਗਾ ਜਿਵੇਂ, ਭਾਬੀ, ਬਿੱਲੂ ਮੇਰੀ ਕੁੱਖੋਂ ਮੁੜ ਜੰਮ ਪਿਆ ਏ। ਮੇਰਾ ਖ਼ਿਆਲ ਸੀ ਏਸ ਉਮਰੇ ਮੈਨੂੰ ਦੁੱਧ ਕਿਥੋਂ, ਪਰ ਰੱਬ ਦੀ ਕੁਦਰਤ, ਲਹਿ ਪਿਆ....ਮੈਂ, ਭੋਲੇ ਨਾਥ ਨੂੰ, ਵਿਚ-ਵਿਚ ਮੌਕਾ ਮਿਲਦਾ ਤੇ, ਚੁੰਘਾਅ ਲੈਂਦੀ ਸਾਂ। ਮਿਸਤਰੀ ਨੂੰ ਵੀ ਮੈਂ ਦੱਸਿਆ ਇੱਕ ਦਿਨ....ਉਹ ਬੜਾ ਹੱਸਿਆ ਪਹਿਲਾਂ, ਫੇਰ ਬੜਾ ਰਾਜ਼ੀ ਹੋਇਆ। ਕਹਿਣ ਲੱਗਾ, "ਮੁਰਾਦਾਂ ਇਹ ਤੇ ਰੱਬ ਨੇ ਸਾਨੂੰ ਔਲਾਦ ਦੇ ਦਿੱਤੀ ਏ ਏਸ ਉਮਰੇ।"

ਉਹ ਵੀ ਚੁੱਕ ਲੈਂਦਾ ਭੋਲੇ ਨਾਥ ਨੂੰ।
ਗਿਰੀਆਂ ਮੇਵਿਆਂ ਤੇ ਬਦਾਮਾਂ ਵਾਲਾ ਗੁੜ ਲੈ ਕੇ ਆਉਂਦਾ ਰੋਜ਼ ਤੇ ਝੋਲ਼ੀ ਵਿਚ ਉਹਦਾ ਮੂੰਹ ਕਰ ਕੇ ਉਹਨੂੰ ਨਾਲੇ ਹੱਥ ਚੱਟਾਂਦਾ ਤੇ ਨਾਲੇ ਗੁੜ ਚਾਰਦਾ। ਤੁਸਾਂ ਵੇਖਿਆ ਈ ਹੋਇਆ ਏ। ਉਦੋਂ ਕਿਵੇਂ ਛੜੱਪੇ ਮਾਰਦਾ ਸੀ ਗਾਬਾ। ਸੋਹਣਾ ਚਿੱਟਾ ਰੰਗ। ਕਾਲੀਆਂ ਸ਼ਾਹ ਅੱਖਾਂ, ਸੋਹਣੇ ਕੰਨ, ਚੌੜਾ ਮੱਥਾ, ਲੰਮਾ ਮੂੰਹ। ਪੂਛਲ ਉੱਤੋਂ ਚਿੱਟੀ ਤੇ ਥੱਲਿਓਂ ਕਾਲ਼ੀ। ਪਤਲੀਆਂ ਟੰਗਾਂ। ਬਕ ਈ ਲਗਦਾ ਸੀ।"
ਭਾਅ ਰਹਿਮਤ ਦੀ ਘਰ ਦੀ ਤੇ ਸੱਸ, ਦੋਵੇਂ ਜਣੀਆਂ ਬੜੇ ਧਿਆਨ ਨਾਲ਼ ਮੁਰਾਦਾਂ ਬੋਲਦੀ ਨੂੰ ਸੁਣਦੀਆਂ ਪਈਆਂ ਸਨ। ਰੰਗ ਉਂਝ ਉਨ੍ਹਾਂ ਦੇ ਵੀ ਫਿੱਕੇ ਪਏ ਹੋਏ ਸਨ... ਮੁਰਾਦਾਂ ਲਈ ਚੁੱਪ ਰਹਿਣਾ ਜਿਵੇਂ ਔਖਾ ਹੋ ਗਿਆ ਹੋਇਆ ਸੀ। ਉਹ ਅਚਨਚੇਤ ਪੀੜ੍ਹੀ ਤੋਂ ਉੱਠ ਕੇ ਮੰਜੀ ਤੇ ਚੜ੍ਹ ਗਈ। ਪੇਟੀ ਉੱਤੇ ਪੈਰ ਧਰ ਕੇ ਉਹਨੇ ਸਾਹਮਣੀ ਕੰਧ ਤੋਂ ਸਲੀਬ ਤੇ ਨਾਲ ਦੀ ਕਿੱਲ ਤੋਂ ਫ਼ਰੇਮ ਲਾਹ ਲਿਆ। ਸਾਫ਼ ਕੱਪੜੇ ਨਾਲ਼ ਝਾੜ ਕੇ ਉਹਨੇ ਉਨ੍ਹਾਂ ਮਾਵਾਂ ਧੀਆਂ ਨੂੰ ਦੋਵੇਂ ਸ਼ੈਵਾਂ ਫੜਾਅ ਦਿੱਤੀਆਂ, "ਭਾਬੀ, ਇਹ ਫ਼ੋਟੋ ਈ ਸਿਸਟਰ ਗਰੇਸ ਦੀ।" ਭਾਬੀ ਚੁੱਪ ਕਰ ਕੇ ਵੇਖਦੀ ਰਹੀ, ਵਿਚੋਂ ਫ਼ੋਟੋ ਦੀ ਥਾਂ ਤੇ ਖ਼ਾਕੀ ਕਾਗ਼ਜ਼ ਈ ਪਿਆ ਝਾਕਦਾ ਸੀ। ਫ਼ੋਟੋ ਤੇ ਖ਼ਬਰੇ ਉਹਦੇ ਵਿਚੋਂ ਕਦੋਂ ਦੀ ਉੱਡ-ਪੁੱਡ ਗਈ ਹੋਈ ਸੀ।
"ਇਹ ਰੋਜ਼ਰੀ ਤੇ ਸਲੀਬ ਮੈਨੂੰ ਏਸ ਨੇ ਈ ਦਿੱਤੀ ਸੀ।..

"ਇਹ ਮਿੰਟਗੁੰਮਰੀ ਦੀ ਗੱਲ ਏ। ਓਥੇ ਮੈਂ ਗਿਲਜੇ ਘਰ 'ਚ ਨੌਕਰ ਹੋ ਗਈ ਸਾਂ ਨਾ ....ਜਦੋਂ ਬਿੱਲੂ ਨੂੰ ਓਥੇ ਲੈ ਗਏ ਸਨ ਜੇਲ੍ਹ 'ਚ। ਅਜੇ ਹੌਲੀ ਉਮਰ ਦਾ ਈ ਸੀ, ਦਾੜ੍ਹੀ-ਮੁੱਛ ਨਹੀਂ ਸਾ ਸੂ ਆਈ ਹੋਈ। ਅੰਗਰੇਜ਼ੀ ਝੰਡਾ ਪਾੜਨ ਦੇ ਜੁਰਮ ਵਿਚ ਫੜ ਲਿਆ ਹੋਇਆ ਸਨ ਨੇ। ਮਾਰ-ਮਾਰ ਕੇ ਉਹਦੇ ਤੂੰਬੇ ਉਡਾਅ ਛਡਿਓ ਨੇ ਬਈ ਦੱਸ ਜਲੂਸ ਵਿਚੋਂ ਕਿਹੜਾ ਕਿਹੜਾ ਤੇਰੇ ਨਾਲ਼ ਸੀ ਝੰਡਾ ਲਾਹੁਣ ਤੇ ਪਾੜਨ ਵਿਚ। ਉਹ ਕਿਸੇ ਦਾ ਨਾਂ ਲੈਂਦਾ ਈ ਨਹੀਂ ਸੀ। ਮੈਨੂੰ ਵੀ ਲੈ ਕੇ ਗਏ, ਅਖੇ ਇਹਨੂੰ ਸਮਝਾਅ। ਨਾਂ ਦੱਸ ਦੇਵੇ। ਭਾਬੀ, ਉਹਦਾ ਹਾਲ ਈ ਕੋਈ ਨਹੀਂ ਸੀ। ਦੱਸ ਨਹੀਂ ਸਕਦੀ ਕੀ-ਕੀ ਉਹਦੇ ਨਾਲ਼ ਕਰਦੇ ਰਹੇ ਸਨ ਪੁਲਿਸ ਵਾਲੇ। ਰੋ ਪਿੱਟ ਲਿਆ ਮੈਂ ਉਹਨੂੰ....ਚਲਾਨ ਕਰ ਕੇ ਕਚਹਿਰੀ ਚਾੜ੍ਹ ਦਿੱਤੋ ਨੇ ਤੇ ਸੱਤ ਸਾਲ ਕੈਦ ਸਖ਼ਤ ਸਜ਼ਾ ਹੋ ਗਿਆ। ਪਹਿਲਾਂ ਲਾਹੌਰ ਜੇਲ੍ਹ ਵਿਚ ਰੱਖਿਓ ਨੇ ਫੇਰ ਮਿੰਟਗੁੰਮਰੀ ਜੇਲ੍ਹ ਵਿਚ ਘੱਲ ਦਿੱਤੋ ਨੇ। ਪਿਓ ਤੇ ਉਹਦਾ ਛੱਡ-ਛੁਡਾਅ ਗਿਆ ਹੋਇਆ ਸੀ। ਮੈਂ ਈ ਪਿੱਛੇ ਧੱਕੇ ਖਾਂਦੀ ਫਿਰਦੀ ਸਾਂ। ਮੁਲਾਕਾਤ ਲਈ ਗੱਡੀ 'ਤੇ ਬਹਿ ਗਈ। ਮਸਾਂ ਟਿਕਟ ਦੇ ਪੈਸੇ ਕੋਲ਼.... ਸਟੇਸ਼ਨ 'ਤੇ ਉਤਰੀ। ਮੁਲਾਕਾਤ ਤੇ ਹੁੰਦੀ ਈ ਪੈਸਿਆਂ ਨਾਲ਼ ਏ, ਫੇਰ ਬਿੱਲੂ ਨੂੰ ਕੋਈ ਸ਼ੈਅ ਵੀ ਤਾਂ ਹੋਵੇ ਖਾਣ ਪੀਣ ਜੋਗੀ। ਓਥੇ ਸਟੇਸ਼ਨ 'ਤੇ ਈ ਨਾ ਇੱਕ ਪਾਸੇ ਮਾਲ ਗੱਡੀ ਤੋਂ ਲੂਣ ਪਿਆ ਲਹਿੰਦਾ ਹੋਵੇ। ਮਜ਼ਦੂਰ ਲੱਗੇ ਹੋਣ ਗੱਡਾਂ ਰੇੜ੍ਹੀਆਂ ਤੇ ਟਰੱਕਾਂ ਵਿਚ ਲੂਣ ਲੱਦਣ। ਭੈਣਾਂ! ਮੈਂ ਵੀ ਓਥੇ ਜਾ ਖਲੋਤੀ ਮਜ਼ਦੂਰੀ ਕਰਨ ਲਈ। ਬੰਦੇ ਇੱਕ ਪੁੱਛਿਆ। ਮੈਂ ਦੱਸਿਆ- ਮਜ਼ਦੂਰੀ ਕਰਨੀ ਏ। ਉਹਨੇ ਕਿਹਾ, ਸਿਰ ਤੇ ਚੁੱਕ ਲੈਂਗੀ? ਮੈਂ ਕਿਹਾ, ਕਿਉਂ ਨਹੀਂ? ਉਹਨੇ ਬੰਦੇ ਲਵਾਅ ਕੇ ਮੇਰੇ ਸਿਰ 'ਤੇ ਲੂਣ ਧਰ ਦਿੱਤਾ। ਮੇਰਾ ਧਿਆਨ ਬਿੱਲੂ ਵੱਲ ਸੀ, ਮੈਂ ਚੁੱਕ ਲਿਆ ਤੇ ਟੁਰ ਪਈ। ਉਹ ਬੰਦਾ ਸਾਈਕਲ ਉਤੇ ਮੇਰੇ ਨਾਲ਼ ਅੱਗੇ-ਅੱਗੇ ਹੋ ਪਿਆ। ਚਾਰ ਰੁਪਏ ਮਜ਼ਦੂਰੀ ਕੀਤੀ ਉਸ। ਉਸ ਜ਼ਮਾਨੇ ਚਾਰ ਕਿਹੜੇ ਥੋੜ੍ਹੇ ਸਨ.... ਲੈ ਭਾਬੀ ਤੇ ਬੇਬੇ ਵੱਡੀ, ਮੈਂ ਲੂਣ ਚੁੱਕੀ ਜਿਉਂ ਟੁਰੀ ਜਿਉਂ ਟੁਰੀ ਕਿ ਪੰਧ ਈ ਨਾ ਮੁੱਕੇ। ਬਿੱਲੂ ਦਾ ਖ਼ਿਆਲ ਆਵੇ ਤਾਂ ਮੈਨੂੰ ਪੰਧ ਦਾ ਚੇਤਾ ਈ ਨਾ ਰਵ੍ਹੇ। ਓੜਕ ਇੱਕ ਥਾਂ ਉਸ ਬੰਦੇ ਸਾਈਕਲ ਖਲਾਰ੍ਹਿਆ। ਕੋਈ ਗੋਦਾਮ ਸੀ, ਉਹਦੇ ਬੂਹੇ ਅੱਗੇ। ਮੈਨੂੰ ਕਹਿਣ ਲੱਗਾ, ਲੈ ਬੀਬੀ ਇੱਥੇ ਲਾਹ ਦੇ ਲੂਣ....ਮੇਰੇ ਤੋਂ ਕਿੱਥੇ ਲਹਿੰਦਾ ਸੀ। ਤਾਂ ਵੀ ਮੈਂ ਲਾਹੁਣਾ ਚਾਹਿਆ ਉਹ, ਤੇ ਭਾਬੀ ਮੇਰੇ ਸਿਰ ਤੋਂ ਆਪ ਈ ਭੋਇੰ 'ਤੇ ਜਾ ਪਿਆ ਮੈਥੋਂ ਸਾਂਭਣ ਈ ਨਾ ਹੋਇਆ....ਉਹ ਜੋ ਡਿੱਗਾ ਭੋਇੰ ਉੱਤੇ ਟੁੱਟ ਕੇ ਖਿੱਲਰ ਗਿਆ....ਵੱਡੇ-ਵੱਡੇ ਡਲਿਆਂ ਦੀ ਸ਼ਕਲ ਵਿਚ। ਲੋਕ ਇਕੱਠੇ ਹੋ ਗਏ....ਮੈਂ ਆਪ ਬੇਹਾਲ ਹੋ ਕੇ ਭੋਇੰ 'ਤੇ ਜਾ ਪਈ....ਲੱਗੇ ਜਿਵੇਂ ਮੇਰੀਆਂ ਅੱਖਾਂ ਅੱਗੇ ਦੁਨੀਆ ਘੁੰਮਣ ਘੇਰੀ ਪਈ ਖਾਂਦੀ ਏ। ਲੋਕੀ ਗੱਲਾਂ ਕਰਨ ਲੱਗ ਪਏ। ਕੁਝ ਤਾਂ ਗਲ਼ ਪੈ ਗਏ ਉਸ ਬੰਦੇ ਦੇ ਜਿਹਨੇ ਮੈਨੂੰ ਲੂਣ ਚੁਕਵਾਇਆ ਸੀ। "ਓਏ ਤੇਰੇ ਤੋਂ ਰੇੜ੍ਹੀ ਨਹੀਂ ਸੀ ਕਰਾਈ ਜਾਂਦੀ। ਏਡਾ ਭਾਰ ਏਸ ਬੀਬੀ ਵਿਚਾਰੀ ਨੂੰ ਚੁਕਾਅ ਦਿੱਤੋ ਈ, ਇਹਦੀ ਧੌਣ ਟੁੱਟ ਜਾਂਦੀ ਜਾਂ ਲੱਕ ਦੀ ਸੰਗਲੀ ਨੂੰ ਕੁਝ ਹੋ ਜਾਂਦਾ....ਮੈਂ ਭੋਇੰ 'ਤੇ ਬੈਠੀ ਇੱਕ ਪਾਸੇ ਢਿਲਕ ਗਈ। ਲੋਕ ਮੇਰੇ ਆਸੇ ਪਾਸੇ ਆ ਗਏ....ਪਾਣੀ ਪਿਆਣ ਲੱਗ ਪਏ। ਮੇਰੀਆਂ ਅੱਖਾਂ ਅੱਗੇ ਨ੍ਹੇਰਾ ਆ ਗਿਆ ਤੇ ਮੈਂ ਚੱਕਰ ਖਾਂਦੀ ਬੇਸੁਰਤ ਹੋ ਗਈ।

"ਉਹ ਲੋਕ ਮੈਨੂੰ ਹਸਪਤਾਲ ਲੈ ਗਏ। ਓਥੇ ਭੈਣ, ਇੱਕ ਨਰਸ ਨੇ ਮੇਰੀ ਬੜੀ ਟਹਿਲ ਕੀਤੀ। ਈਸਾਇਨ ਸੀ ਉਹ। ਇੱਕ ਦੋ ਦਿਨਾਂ ਮਗਰੋਂ ਮੈਂ ਕੁਝ ਸੰਭਲ ਗਈ। ਉਹ ਮੈਨੂੰ ਓਥੋਂ ਗਿਲਜੇ ਲੈ ਆਈ। ਏਸ ਮਿਸ ਗਰੇਸ ਕੋਲ਼। ਉਹਨੇ ਮੈਨੂੰ ਹਾਂਡੀ ਰੋਟੀ ਲਈ ਰੱਖ ਲਿਆ।"
"ਤੇ ਬਿੱਲੂ ਦਾ ਕੀ ਬਣਿਆ?"....ਬੇਬੇ ਵੱਡੀ ਪੁੱਛਣ ਲੱਗੀ, "ਮੁਰਾਦਾਂ, ਮਿਲੀ ਤੂੰ ਉਹਨੂੰ?"
"ਬੇਬੇ ਵੱਡੀ ਕੋਈ ਨਾ ਮਿਲ ਸਕੀ....ਜਦੋਂ ਢੋਅ ਲੱਗਾ ਜਾਣ ਦਾ ਤੇ ਉਨ੍ਹਾਂ ਅੱਗੋਂ ਲਾਵਾਰਿਸਾਂ ਦੇ ਗੁਸਤਾਨ ਦਾ ਪਤਾ ਦੱਸ ਦਿੱਤਾ....ਸਾਲ ਦੋ ਸਾਲ ਵਿਚ ਉਹ ਦਿੱਕ ਦਾ ਰੋਗੀ ਹੋ ਕੇ ਮਰ ਗਿਆ ਸੀ ਤੇ ਉਨ੍ਹਾਂ ਆਪ ਅੱਗਾ-ਪਿੱਛਾ ਲੱਭਣ ਦਾ ਵਖ਼ਤ ਕੀਤੇ ਬਿਨਾਂ ਦੱਬ ਛੱਡਿਆ ਸੀ। ਮੁਲਾਕਾਤ ਜੂ ਕੋਈ ਨਹੀਂ ਸੀ ਜਾਂਦੀ ਉਹਦੀ...."
ਮੁਰਾਦਾਂ ਬੜੇ ਠਰ੍ਹੰਮੇ ਨਾਲ਼ ਬੋਲੀ ਜਾਂਦੀ ਸੀ....ਉਹਦੀਆਂ ਅੱਖਾਂ ਵਿਚ ਅੱਥਰ ਵੀ ਨਾ ਆਈ। ਜਿਵੇਂ ਦੱਸਦੀ ਪਈ ਹੋਵੇ- ਜੋ ਹੋਣਾ ਸੀ ਹੋ ਗਿਆ।
"ਮੈਂ ਫੇਰ ਮਿੰਟਗੁੰਮਰੀ ਰਹਿ ਕੇ ਕੀ ਕਰਨਾ ਸੀ। ਨੌਕਰੀ ਛੱਡ ਕੇ ਟੁਰ ਪਈ ਲਾਹੌਰ ਨੂੰ। ਮਿਸ ਗਰੇਸ ਤੋਂ ਮੈਂ ਉਹਦੀ ਫ਼ੋਟੋ ਮੰਗੀ ਤੇ ਉਹਨੇ ਫ਼ੋਟੋ ਦਿੱਤੀ ਤੇ ਨਾਲ਼ ਇਹ ਸਲੀਬ। ਫ਼ੋਟੋ ਨੂੰ ਸ਼ੀਸ਼ਾ ਮੈਂ ਆਪ ਲਵਾਅ ਲਿਆ...."
ਭਾਅ ਰਹਿਮਤ ਆ ਗਿਆ ਸੀ। ਸਲੋਤਰੀ ਨੇ ਉਹਦੀ ਬੜੀ ਦੀਦ ਕੀਤੀ। ਸ਼ਹਿਰਦਾਰੀ ਸੀ ਪੁਰਾਣੀ, ਜਾਣੂ ਸੀ। ਉਹਨੇ ਇੱਕ ਕੁੱਕੜ (ਕ੍ਰੇਨ) ਤੇ ਟਰੱਕ ਦਾ ਪ੍ਰਬੰਧ ਕਰ ਦਿੱਤਾ ਸੀ, ਬੰਦੇ ਦੇ ਦਿੱਤੇ ਸਨ। ਨਾਲ਼ ਬੜੀ ਤਸੱਲੀ ਵੀ ਕਰਾਈ ਸੀ। "ਵੈੜ੍ਹੇ ਨੂੰ ਅਸੀਂ ਸਾਂਭ ਲਾਂ'ਗੇ। ਕੁਝ ਨਹੀਂ ਹੋਏਗਾ ਉਹਨੂੰ। ਖ਼ੁਰਾਕ ਵੀ ਦਿੱਤੀ ਰੱਖਾਂਗੇ। ਨੰਬਰ ਲਾ ਕੇ ਖੁੱਲ੍ਹਾ ਛੱਡ ਦਿਆਂਗੇ।"
ਬਾਹਰ ਮੇਲਾ ਲੱਗ ਗਿਆ ਮੁਰਾਦਾਂ ਦੇ ਬਰਾਂਡੇ ਅੱਗੇ। ਵੱਡਾ ਕੁੱਕੜ (ਕਰੇਨ) ਖਲੋਤਾ ਹੋਇਆ ਸੀ ਬੜੇ ਭਾਰੇ ਕੁੰਡੇ ਵਾਲਾ। ਡਰਾਈਵਰ ਨੇ ਕੁੱਕੜ ਦੀ ਧੌਣ ਚੁੱਕ ਕੇ ਮੁਰਾਦਾਂ ਦੀ ਛੱਤ ਉੱਤੇ ਅੱਪੜਾਅ ਦਿੱਤੀ।
ਦੋ ਬੰਦੇ ਗਲੀ ਥਾਣੀਓਂ ਅੰਦਰ ਵਿਹੜੇ 'ਚ ਲੰਘ ਆਏ। ਮਿਸਤਰੀ ਵੀ ਆ ਗਿਆ ਸੀ। ਰਹਿਮਤ ਦੇ ਨਾਲ਼ ਈ। ਬੰਦਿਆਂ ਦੇ ਨਾਲ਼ ਈ ਮੁਰਾਦਾਂ, ਮਿਸਤਰੀ ਤੇ ਰਹਿਮਤ ਵੀ ਛੱਤ ਤੇ ਚਲੇ ਗਏ। ਭੋਲੇ ਨਾਥ ਬੈਠਾ ਹੋਇਆ ਉਗਾਲ਼ੀ ਪਿਆ ਕਰਦਾ ਸੀ। ਮੁਰਾਦਾਂ ਨੇ ਉਹਦੀ ਕੰਡ ਤੇ ਥਾਪੀ ਦਿੱਤੀ, ਮੂੰਹ ਤੇ ਮੱਥਾ ਪਲੋਸਿਆ। ਦੋਵਾਂ ਹੱਥਾਂ ਵਿਚ ਮੂੰਹ ਫੜ ਕੇ ਨੱਕ ਤੋਂ ਚੁੰਮਿਆ ....ਮਿਸਤਰੀ ਤੇ ਰਹਿਮਤ ਨੇ ਵੀ ਥਾਪੀਆਂ ਦਿੱਤੀਆਂ।
ਬੰਦੇ ਬੜਾ ਈ ਚੌੜ੍ਹਾ ਸਾਰਾ ਪਟਾ ਲਿਆਏ ਹੋਏ ਸਨ ਨਾਲ਼। ਉਨ੍ਹਾਂ ਭੋਲੇ ਨਾਥ ਦੇ ਲੱਕ ਦੁਆਲੇ ਪਾ ਕੇ ਉਹਨੂੰ ਬੱਨ੍ਹ ਦਿੱਤਾ ਅਤੇ ਉਹਦੇ ਉੱਤੇ ਵੀ ਵੱਡਾ ਸਾਰਾ ਕੁੰਡਾ ਲੱਗਾ ਹੋਇਆ ਸੀ। ਪੂਰੀ ਤਸੱਲੀ ਕਰ ਕੇ ਉਨ੍ਹਾਂ ਨੇ ਉਹ ਕੁੰਡਾ ਕੁੱਕੜ ਦੇ ਕੁੰਡੇ ਵਿਚ ਪਾ ਦਿੱਤਾ ਤੇ ਡਰਾਈਵਰ ਨੂੰ ਵਾਜ ਦਿੱਤੀ।

ਕੁੱਕੜ ਨੇ ਧੋਣ ਉਤਾਂਹ ਕਰਨੀ ਛੋਹ ਦਿੱਤੀ ਭੋਲੇ ਨਾਥ ਛੱਤ ਤੋਂ ਉੱਚਾ ਹੋ ਗਿਆ। ਮਾੜਾ ਜਿਹਾ ਰੰਭਿਆ....ਪਰ ਚੋਖਾ ਹਿੱਲਿਆ-ਜੁੱਲਿਆ ਨਾ....ਕੁੱਕੜ ਉਹਨੂੰ ਬਨੇਰਿਆਂ ਤੋਂ ਉੱਤੇ ਲੈ ਗਿਆ ਸੀ ਤੇ ਓਥੋਂ ਬਾਹਰ ਭੋਲੇ ਨਾਥ ਹੁਣ ਹਵਾ ਵਿਚ ਸੀ। ਮੁਰਾਦਾਂ ਤੇ ਮਿਸਤਰੀ ਦੇ ਤੇ ਸਾਹ ਸੁੱਕੇ ਪਏ ਸਨ। ਭਾ ਰਹਿਮਤ ਵੀ ਚਿੰਤਾ 'ਚ ਸੀ ਬਈ ਕਿਧਰੇ ਏਸ ਲੱਕ ਦੁਆਲੇ ਵਲ੍ਹੇਟੇ ਪੱਟੇ ਨੂੰ ਨਾ ਕੁਝ ਹੋ ਜਾਏ। ਦੁਆਵਾਂ ਪਏ ਮੰਗਦੇ ਸਨ। ਕੁੱਕੜ ਹੁਣ ਸੜਕ ਤੇ ਧੌਣ ਨਿਵਾਂਦਾ ਸੀ ਪਿਆ। ਇਹ ਸਾਰੇ ਵੀ ਬਾਹਰ ਚਲੇ ਗਏ। ਖੁੱਲਾ ਟਰੱਕ ਸੀ। ਕੁੱਕੜ ਨੇ ਅਡੋਲ ਈ ਭੋਲੇ ਨਾਥ ਨੂੰ ਉਹਦੇ ਵਿਚ ਰੱਖ ਦਿੱਤਾ। ਮੁਰਾਦਾਂ ਛਾਣ ਬੂਰੇ ਦੀਆਂ ਰੋਟੀਆਂ ਚਾਰਨ ਲੱਗ ਪਈ ਉਹਨੂੰ....ਨਾਲੇ ਪਿਆਰ ਕਰੇ। ਮਿਸਤਰੀ ਤੇ ਰਹਿਮਤ ਵੀ। ਟਰੱਕ ਟੁਰ ਪਿਆ। ਮਿਸਤਰੀ ਤੇ ਰਹਿਮਤ ਉਹਦੇ ਨਾਲ਼ ਈ ਗਏ। ਮੁਰਾਦਾਂ ਦੂਰ ਤੀਕ ਟਰੱਕ ਨੂੰ ਜਾਂਦਿਆਂ ਵੇਖਦੀ ਰਹੀ। ਦਿਸਣੋਂ ਉਹਲੇ ਹੋਇਆ ਤੇ ਅੱਖਾਂ ਤੇ ਨੱਕ ਪੂੰਝਦੀ ਅੰਦਰ ਆ ਗਈ। ਆਸੇ-ਪਾਸੇ ਤੋਂ ਕਈਂ ਜ਼ਨਾਨੀਆਂ ਤੇ ਬਾਲ ਵੀ ਅੰਦਰ ਆ ਗਏ। ਸਿਆਣੀਆਂ ਉਮਰਾਂ ਵਾਲੀਆਂ ਵੀ ਬਾਹਰ ਖਲੋਤੀਆਂ ਨੇ ਮੁਰਾਦਾਂ ਨੂੰ ਬੜੀਆਂ ਦੁਆਵਾਂ ਦਿੱਤੀਆਂ। ਸਭ ਨੂੰ ਟੋਰ-ਟਾਰ ਕੇ ਮੁਰਾਦਾਂ ਫੇਰ ਭਾਬੀ ਤੇ ਵੱਡੀ ਬੇਬੇ ਕੋਲ਼ ਬਹਿ ਗਈ ਪੀੜ੍ਹੀ ਤੇ। ਪਰ ਲਗਦਾ ਸੀ ਉਹਦਾ ਦਿਲ ਨਹੀਂ ਸੀ ਟਿਕਦਾ ਪਿਆ। ਅੱਖਾਂ ਘੜੀ ਮੁੜੀ ਉੱਛਲ-ਉੱਛਲ ਆਉਣ। ਓੜਕ ਉਹਦੇ ਮੂੰਹੋਂ ਚੀਕ ਨਿਕਲ਼ ਗਈ ਤੇ ਉਹ ਢਾਵਾਂ ਮਾਰਦੀ ਰੋਵਣ ਲੱਗ ਪਈ। ਭਾਬੀ ਤੇ ਵੱਡੀ ਬੇਬੇ ਨੇ ਉਹਨੂੰ ਜੱਫੀਆਂ ਪਾ ਲਈਆਂ। ਅੰਮਾਂ ਮੁਰਾਦਾਂ ਵਿਲਕਦੀ ਪਈ ਸੀ....

"ਬਿੱਲੂ ਮੈਨੂੰ ਚੇਤੇ ਆਉਂਦਾ ਰਹਿੰਦਾ ਸੀ ਮੈਂ ਇਕੱਲਿਆਂ ਤੇ ਸੁਬਕੀਆਂ ਵਿਚ ਰੋ ਲੈਣਾ। ਭਾ ਤੇ ਮਿਸਤਰੀ ਨੂੰ ਵੀ ਪਤਾ ਸੀ। ਭੋਲ਼ਾ ਨਾਥ ਆਇਆ ਤੇ ਫੇਰ ਮੈਂ ਕਦੀ ਨਹੀਂ ਰੋਈ। ਅੱਜ ਉਹਨੂੰ ਵੀ ਵਿਦਿਆਂ ਕਰਨਾ ਪੈ ਗਿਆ ਏ।" ਭਾਬੀ ਬੋਲੀ, "ਭੈਣ ਉਹ ਇਥੇ ਆ ਜਾਏ ਕਰੇਗਾ ਤੈਨੂੰ ਮਿਲਣ। ਤੇਰੇ ਭਰਾ ਹੋਰੀਂ ਦੱਸਦੇ ਸਨ ਪਏ ਉਹਨੂੰ ਘਰ ਦਾ ਰਾਹ ਵਿਖਾ ਦਿਆਂ ਗੇ ਨਾ ਤੇ ਉਹਨੇ ਮੁਰਾਦਾਂ ਨੂੰ ਮਿਲੇ ਬਿਨਾ ਕਿਵੇਂ ਰਹਿਣਾ ਕਰਨਾਏ...."
ਅੰਮਾਂ ਮੁਰਾਦਾਂ ਨੱਕ ਪੂੰਝਦੀ ਬੋਲੀ, "ਭੋਲ਼ਾ ਨਾਥ ਮੇਰਾ ਪੁਤਰ...." ਫੇਰ ਉਹਨੇ ਮਿਸ ਗਰੇਸ ਦੀ ਦਿੱਤੀ ਸਲੀਬ ਫੜ੍ਹ ਲਈ ਤੇ ਕਹਿਣ ਲੱਗੀ, "ਮਿਸ ਗਰੇਸ ਕਹਿੰਦੀ ਸੀ, ਇਹਨੂੰ ਵੇਖ ਲਿਆ ਕਰੇਂਗੀ ਨਾ ਤੇ ਤੈਨੂੰ ਆਪਣੀ ਪੀੜ ਭੁੱਲ ਜਾਇਆ ਕਰੇਗੀ। ਯਸੂ ਨੇ ਸਭ ਦੀ ਪੀੜ ਆਪ ਸਹਿ ਲਈ ਏ।"
"ਸੱਚੀ ਦੱਸਾਂ ਇਹਨੂੰ ਵੇਖਨੀ ਆਂ ਤਾਂ ਇਹਦੀ ਪੀੜ ਵੀ ਮੇਰੀ ਪੀੜ ਵਿਚ ਆ ਰਲ਼ਦੀ ਏ। ਪੀੜ ਦਾ ਇੱਕ ਹੜ੍ਹ ਵਗਣ ਲਗਦਾ ਏ। ਜਾਪਦਾ ਏ ਸਾਰੇ ਜੱਗ ਵੱਲੋਂ ਮੈਂ ਸੂਖੇ (ਸਲੀਬ) ਚੜ੍ਹੀ ਹੋਈ ਆਂ....

  • ਮੁੱਖ ਪੰਨਾ : ਕਹਾਣੀਆਂ, ਮਕਸੂਦ ਸਾਕਿਬ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ