Murkian (Punjabi Story) : Naurang Singh

ਮੁਰਕੀਆਂ (ਕਹਾਣੀ) : ਨੌਰੰਗ ਸਿੰਘ

"ਹੂੰ ਹੂੰ ਹਾਏ", ਬੀਮਾਰ ਮਾਂ ਅੰਦਰ ਹੁੰਗਾਰਾ ਮਾਰਦੀ ਸੀ । ਕਰੀਮੂ ਤੇ ਰਹੀਮੂ ਦੋਵੇਂ ਖ਼ਰੋਟ ਪਏ ਖੇਡਦੇ ਸਨ ।
"ਤੂੰ ਮੀਰੀ…ਚੱਲ ਸੁੱਟ," ਕਰੀਮੂ ਨੇ ਕਿਹਾ ।
ਰਹੀਮੂ ਨੇ ਪਚਾਮਿਆਂ ਤੋਂ ਖਲੋ ਕੇ ਖ਼ਰੋਟਾਂ ਦੀ ਲੱਪ ਖੁੱਤੀ ਵੱਲ ਵਗਾਹ ਮਾਰੀ । ਕੁਝ ਪੈ ਗਏ ਤੇ ਬਾਕੀ ਦੇ ਬਾਹਰ ਖਿੰਡਰਿਆਂ ਵੱਲ ਦੇਖਦਿਆਂ ਉਸ ਆਪਣੇ ਵੱਡੇ ਭਰਾ ਕਰੀਮੂ ਤੋਂ ਪੁੱਛਿਆ, "ਦੱਸ ਚੋਟ ਕਿਹੜੇ ਤੇ ਲਾਵਾਂ ?"
"ਲਾ ਵਿਚਕਾਰਲੇ ਦੇ ।"
ਰਹੀਮੂ ਨੇ ਸ਼ਿਸਤ ਬੰਨ੍ਹ ਕੇ, ਅੱਗੇ ਨੂੰ ਝੁਕ ਕੇ ਦੱਸੇ ਖ਼ਰੋਟ ਤੇ ਖ਼ਰੋਟ ਵਗਾਹਿਆ । ਪਰ ਨਿਸ਼ਾਨਾ ਉੱਕ ਗਿਆ । "ਹਾਂ…ਹਾਂ…ਉੱਕ ਗਿਆ," ਕਰੀਮੂ ਉੱਚੀ ਸਾਰੀ ਹੱਸ ਉੱਠਿਆ ।
"ਹਾਏ…ਹਾਏ…ਵੇ ਪਾਣੀ ਦਾ ਘੁੱਟ ਮੂੰਹ ਵਿੱਚ ਪਾ ਜਾਓ ਵੇ," ਅੰਦਰੋਂ ਮਾਂ ਟੁੱਟਵੀਂ ਆਵਾਜ਼ ਵਿੱਚ ਬੋਲੀ ।
"ਦੇ ਦਿੰਦੇ ਆਂ ਪਾਣੀ ਵੀ !" ਕਰੀਮੂ ਨੇ ਖ਼ਰੋਟ ਹੂੰਝਦਿਆਂ ਆਖਿਆ ਤੇ ਕਾਹਲੀ ਨਾਲ ਉਹ ਨਿਯਤ ਥਾਂ ਤੇ ਖ਼ਰੋਟ ਖੁੱਤੀ ਵਿੱਚ ਪਾਣ ਜਾ ਖੜੋਤਾ ਤੇ ਅੱਗੇ ਨੂੰ ਬਾਂਹ ਕਰ ਕੇ ਖੁੱਤੀ ਵੱਲ ਸੁੱਟੇ । ਨਾਲੇ ਉਸ ਕਰੀਮੂ ਤੋਂ ਪੁੱਛਿਆ, "ਕਿੰਨੇ ਪਏ ਨੀ ?"
"ਇਕੋ ਪਿਆ ਕੁੱਲ," ਰਹੀਮੂ ਇਸ ਤੇ ਡਾਢਾ ਖੁਸ਼ ਸੀ । ਉਸ ਚੋਟ ਲਾਣ ਲਈ ਇਕ ਖ਼ਰੋਟ ਵੱਲ ਇਸ਼ਾਰਾ ਕੀਤਾ । ਪਤਾ ਨਹੀਂ ਕਰੀਮੂ ਤੋਂ ਚੋਟ ਲੱਗੀ ਕਿ ਨਾ । ਪਰ ਉਹ ਇਹ ਜਾਣ ਕੇ ਕਿ ਉਸ ਦੀ ਚੋਟ ਖ਼ਰੋਟ ਤੇ ਵੱਜ ਗਈ ਏ, ਉਹ ਸਾਰੇ ਖ਼ਰੋਟ ਹੂੰਝਣ ਦਾ ਹੱਕਦਾਰ ਹੈ, ਅੱਗੇ ਵਧਿਆ । ਪਰ ਰਹੀਮੂ ਨੇ ਇਉਂ ਕਰਨ ਤੋਂ ਉਸ ਨੂੰ ਡੱਕਿਆ । ਉਹਦਾ ਖ਼ਿਆਲ ਸੀ ਚੋਟ ਨਹੀਂ ਵੱਜੀ ਤੇ ਐਵੇਂ ਉਹ ਸਾਰੇ ਖ਼ਰੋਟ ਚੁੱਕ ਨਹੀਂ ਸਕਦਾ । ਪਰ ਕਰੀਮੂ ਆਖੀ ਜਾਏ, ਚੋਟ ਲੱਗੀ ਏ । ਰਹੀਮੂ ਆਖੇ, "ਤੂੰ ਰੋਂਦੂ ਏਂ ।" ਵਧਾਣ ਵਧ ਗਿਆ । ਦੋਵੇਂ ਗੁੱਥਮ-ਗੁੱਥਾ ਹੋ ਗਏ । ਕਰੀਮੂ ਵੱਡਾ ਸੀ । ਉਸ ਰਹੀਮੂ ਦੇ ਦੰਦਾਂ ਤੇ ਹੂਰਾ ਕੱਢ ਮਾਰਿਆ ਤੇ ਲਹੂ ਵਗ ਪਿਆ ।
ਬੁੱਢੀ ਮਾਂ ਅੰਦਰੋਂ ਇਕੋ ਸਾਹੇ ""ਹਾਏ ਹਾਏ" ਕਰਦੀ ਪਾਣੀ ਮੰਗਦੀ ਰਹੀ । ਉਹਦੇ ਕੰਨੀਂ ਇਨ੍ਹਾਂ ਦੇ ਵਖੜਾਂਦ ਦੀ ਵਾਜ ਪੈ ਪੈ ਉਹਨੂੰ ਵਧੇਰੇ ਦੁਖੀ ਕਰਦੀ ਸੀ । ਉਹਦੇ ਤਿਹਾਏ ਬੁੱਲ੍ਹਾਂ ਤੇ ਸਿੱਕੜੀਆਂ ਆ ਗਈਆਂ ਸਨ । ਪਰ ਕਿਸੇ ਉਹਦੀ ਨਾ ਸੁਣੀ ।
ਅੱਜ ਹੀ ਨਹੀਂ, ਅੱਗੇ ਵੀ ਅਨੇਕਾਂ ਵਾਰ ਇਹ ਦੋਵੇਂ ਖੇਡਦੇ ਖੇਡਦੇ ਲੜ ਪੈਂਦੇ ਸਨ । ਇਕ ਦੂਜੇ ਦੇ ਝੱਗੇ ਖੋਹ ਖੜਦੇ । ਘਰੂਟਾਂ ਨਾਲ ਮੂੰਹ ਛਿਲ ਜਾਂਦੇ । ਪਰ ਮੁੜ ਗੁੱਸਾ ਢਿੱਲਾ ਹੋਣ ਤੇ ਦੋਵੇਂ ਉਹੋ ਜਿਹੇ ਹੋ ਜਾਂਦੇ ।
ਦੋਹਾਂ ਦੇ ਪਿੰਡੇ ਘੱਟੇ ਨਾਲ ਅਟੇ ਹੋਏ, ਪੈਰ ਨੰਗ ਨਖੜੰਮੇ ਜਿਹੇ, ਉਹ ਪਿੰਡ ਦੀਆਂ ਗਲੀਆਂ ਵਿਚ ਭੌਂਦੇ ਰਹਿੰਦੇ ਹੁੰਦੇ ਸਨ । ਲੋਕੀਂ ਉਨ੍ਹਾਂ ਵੱਲ ਤਕਦੇ, ਪਰ ਕੋਈ ਉਨ੍ਹਾਂ ਨੂੰ ਮੂੰਹ ਨਾ ਲਾਉਂਦਾ । ਹੋਰ ਕੋਈ ਮੁੰਡਾ ਵੀ ਉਨ੍ਹਾਂ ਨਾਲ ਨਾ ਖੇਡਦਾ । ਸਦਾ ਭਾਂਤ-ਭਾਂਤ ਦੀਆਂ ਗੱਲਾਂ ਉਨ੍ਹਾਂ ਬਾਰੇ ਚਲਦੀਆਂ ਹੀ ਰਹਿੰਦੀਆਂ ਸਨ ।
ਸੋਲਾਂ ਤੇ ਚੌਦਾਂ ਵਰ੍ਹਿਆਂ ਦੇ ਕਰੀਮੂ-ਰਹੀਮੂ ਖ਼ਰੋਟਾਂ ਨਾਲ ਖੁੱਤੀ ਖੇਡਦੇ ਲੋਕਾਂ ਨੂੰ ਉੱਕਾ ਨਾ ਭਾਉਂਦੇ । ਇਹ ਖੇਡ ਨਿੱਕੇ ਬੱਚਿਆਂ ਦੀ ਜੋ ਹੋਈ । ਪਰ ਇਹ ਦੋਵੇਂ ਭਰਾ ਘੜੇ ਹੋਏ ਹੀ ਕਿਸੇ ਵੱਖਰੀ ਮਿੱਟੀ ਦੇ ਸਨ ।
ਖ਼ਰੋਟਾਂ ਤੋਂ ਹਟ ਕੌਡੀਆਂ ਨੂੰ ਜੁਟ ਜਾਂਦੇ । ਕਈ ਵਾਰ ਉਥੇ ਵੀ ਜੂਤ-ਪਟਾਂਗ ਹੋ ਕੇ ਰੁੱਸੇ-ਰੁੱਸੇ ਪਿੰਡ ਦੀਆਂ ਹੱਟੀਆਂ ਤੇ ਜਾ ਬਹਿੰਦੇ । ਓਥੇ ਲੋਕਾਂ ਦੀਆਂ ਐਧਰਲੀਆਂ ਉਧਰਲੀਆਂ ਸਲੂਣੀਆਂ ਅਲੂਣੀਆਂ ਵਿਚ ਇਨ੍ਹਾਂ ਦੇ ਕੰਨ ਰਸੇ ਰਹਿੰਦੇ । ਆਥਣ ਨੂੰ ਘਰ ਪਰਤਣ ਵੇਲੇ ਮੁੜ ਦੋਹਾਂ ਦੀ ਗਲਵੱਕੜੀ ਪਈ ਹੁੰਦੀ ਸੀ ।
ਮਾਂ ਬੀਮਾਰ ਪਿਆਂ ਮਹੀਨੇ ਤੋਂ ਉੱਤੇ ਹੋ ਗਿਆ ਸੀ । ਹਕੀਮ ਜਾਂ ਡਾਕਟਰ ਨੂੰ ਸੱਦਣ ਦੀ ਉਸ ਘਰ ਵਿਚ ਪੁੱਜਤ ਹੀ ਕਿਥੇ ਸੀ । ਪਰ ਲਾਗਲੇ ਸ਼ਹਿਰ ਦੇ ਸਰਕਾਰੀ ਹਸਪਤਾਲੋਂ ਮੁਫ਼ਤ ਦਵਾਈਆਂ ਲਿਆਉਣ ਦੀ ਵਿਹਲ ਵੀ ਤੇ ਕਰੀਮ-ਰਹੀਮੂ ਨੂੰ ਨਹੀਂ ਸੀ ਲਭਦੀ ।
ਜਦੋਂ ਉਹ ਖ਼ਰੋਟ ਤੇ ਕੌਡੀਆਂ ਖੇਡ ਹਟਦੇ ਤੇ ਹੱਟਾਂ ਤੇ ਕੋਈ ਗੱਲਾਂ ਕਰਨ ਵਾਲਾ ਬੰਦਾ ਵੀ ਉਨ੍ਹਾਂ ਨੂੰ ਦਿਖਾਈ ਨਾ ਦਿੰਦਾ ਤਾਂ ਉਹ ਆਪਣੀਆਂ ਗੁਲੇਲਾਂ ਤੇ ਗੋਲੀਆਂ ਚੁੱਕ ਕੇ ਬਾਹਰ ਸ਼ਿਕਾਰ ਨੂੰ ਟੁਰ ਵਗਦੇ । ਜੰਡਾਂ, ਫਰਵਾਹਾਂ, ਵਣਾਂ ਥੱਲੇ ਖਲੋ ਕੇ ਉੱਤੇ ਬੈਠੇ ਪੰਛੀਆਂ ਨੂੰ ਲਭਦੇ । ਜੇ ਕੋਈ ਕਬੂਤਰ, ਘੁੱਗੀ, ਤਿਲੀਅਰ ਜਾਂ ਤਿੱਤਰ ਉਨ੍ਹਾਂ ਨੂੰ ਕਿਸੇ ਦਰੱਖਤ ਉੱਤੇ ਦਿਸ ਪੈਂਦਾ ਤਾਂ ਦੋਵੇਂ ਡੰਡ ਪਾ ਦਿੰਦੇ, "ਔਹ ਬੈਠਾ ਏ, ਔਹ ਬੈਠਾ ਏ" ਤੇ ਆਪਣੀਆਂ ਗੁਲੇਲਾਂ ਦੀਆਂ ਤੰਦਾਂ ਖਿਚਦੇ । ਪਰ ਜਨੌਰ ਪਹਿਲਾਂ ਹੀ ਰੌਲਾ ਸੁਣ ਕੇ ਉੱਡ ਚੁੱਕੇ ਹੁੰਦੇ ਸਨ । ਉਨ੍ਹਾਂ ਤੋਂ ਅਜੇ ਤੀਕਰ ਕੋਈ ਪੰਛੀ ਨਹੀਂ ਸੀ ਮੋਇਆ । ਹਾਰ ਕੇ ਉਹ ਕਿਸੇ ਵਗਦੇ ਸੂਏ ਦੇ ਕੰਢੇ ਖਲੋਤੇ ਬ੍ਰਿਛ ਦੀ ਛਾਵੇਂ ਬਹਿ ਜਾਂਦੇ । ਕਦੇ ਬੁੱਕਾਂ ਨਾਲ ਪਾਣੀ ਪੀਂਦੇ ਤੇ ਕਦੇ ਟਾਵੀਆਂ ਟਾਵੀਆਂ ਗੱਲਾਂ ਕਰਦੇ ।
"ਲੋਕੀਂ ਪਤਾ ਨਹੀਂ ਕਿਦਾਂ ਸ਼ਿਕਾਰ ਖੇਡ ਲੈਂਦੇ ਨੇ," ਕਰੀਮੂ ਉਂਗਲਾਂ ਨਾਲ ਗਾਰਾ ਕੁਰੇਦਦਾ ਨਿਵੇਂ ਜਿਹੇ ਆਖਦਾ ।
ਖ਼ਬਰੇ ਉਨ੍ਹਾਂ ਦੀਆਂ ਗੁਲੇਲਾਂ ਤੇ ਗੋਲੀਆਂ ਕਿਦਾਂ ਦੀਆਂ ਹੁੰਦੀਆਂ ਹੋਣਗੀਆਂ ?" ਦੂਜਾ ਉੱਤਰ ਦਿੰਦਾ ।
"ਸਾਥੋਂ ਤੇ ਨਹੀਂ ਮੋਇਆ ਕਦੇ ਕੋਈ ਪੰਛੀ ।"
ਫਿਰ ਇਕ ਨਿਰਾਸ਼ਤਾ ਜਿਹੀ ਉਨ੍ਹਾਂ ਦੇ ਚਿਹਰਿਆਂ ਤੇ ਛਾ ਜਾਂਦੀ । ਉਹ ਕਿੰਨਾਂ ਚਿਰ ਚੁੱਪ-ਚੁਪੀਤੇ ਬੈਠੇ ਘਾਹ ਦੀਆਂ ਤਿੜਾਂ ਉਖੇੜਦੇ ਰਹਿੰਦੇ । ਕਦੇ ਉੱਠ ਕੇ ਲੱਤਾਂ ਸੂਏ ਵਿਚ ਲਮਕਾ ਬਹਿੰਦੇ ਤੇ ਕਦੇ ਗੁਲੇਲਾਂ ਦੀਆਂ ਗੋਲੀਆਂ ਨਾਲ ਹੀ ਖੁੱਤੀ ਦਾ ਝੱਸ ਪੂਰਿਆਂ ਕਰਦੇ । ਕਈ ਵਾਰੀ ਇਉਂ ਹੀ ਬਾਹਰ ਭੌਂਦਿਆਂ-ਭੌਂਦਿਆਂ ਨੂੰ ਦਿਨ ਬਤੀਤ ਹੋ ਜਾਂਦਾ ।
ਆਥਣ ਹੋ ਗਈ ਸੀ । ਵਾਗੀ ਹੇਕਾਂ ਲਾਉਂਦੇ ਘਰਾਂ ਨੂੰ ਪਰਤ ਰਹੇ ਸਨ । ਹਲੋਂ-ਛੁੱਟੇ ਬਲਦਾਂ ਦੀਆਂ ਟੱਲੀਆਂ ਟਣਕਣ ਲੱਗੀਆਂ । ਕਰੀਮੂ ਤੇ ਰਹੀਮੂ ਆਪਣੀਆਂ ਗੁਲੇਲਾਂ ਮੋਢਿਆਂ ਤੇ ਟੰਗੀ ਪਿੰਡ ਨੂੰ ਪਰਤ ਗਏ । ਹੌਲੀ-ਹੌਲੀ ਜਾਂਦੇ ਲੋਕਾਂ ਦੇ ਡੰਗਰਾਂ ਨੂੰ ਤੱਕ ਕੇ ਉਨ੍ਹਾਂ ਨੂੰ ਕੋਈ ਖ਼ਿਆਲ ਜਿਹਾ ਆ ਗਿਆ ਤੇ ਉਹ ਕੁਝ ਬੋਲਦੇ ਜਾਂਦੇ ਸਨ । ਜਦੋਂ ਉਨ੍ਹਾਂ ਦਾ ਪਿਓ ਜੀਉਂਦਾ ਸੀ, ਉਨ੍ਹਾਂ ਦੇ ਘਰ ਦੋ ਝੋਟੀਆਂ ਹੁੰਦੀਆਂ ਸਨ । ਇਕ ਪਹਿਲਣ ਤੇ ਇਕ ਦੂਜੇ ਸੂਏ । ਨਾਲੇ ਇਕ ਵਹਿੜਕੀ ਵੀ ਸੀ । ਉਹ ਉਨ੍ਹਾਂ ਤਿਹਾਂ ਨੂੰ ਚਾਰਦੇ ਹੁੰਦੇ ਸਨ । ਇਉਂ ਹੀ ਹੇਕਾਂ ਲਾਉਂਦੇ ਘਰ ਨੂੰ ਮੁੜਦੇ ਹੁੰਦੇ ਸਨ ਉਦੋਂ ।
"ਫਿਰ ਉਹ ਵਹਿੜੀ ਤੇ ਮੱਝਾਂ ਕਿਥੇ ਗਈਆਂ ?" ਰਹੀਮੂ ਨੇ ਆਪਣੇ ਵੱਡੇ ਭਰਾ ਤੋਂ ਪੁੱਛਿਆ ।
"ਅੱਬਾ ਜੂਏ ਵਿਚ ਹਾਰ ਚੁੱਕਿਆ ਸੀ ਉਨ੍ਹਾਂ ਨੂੰ ਤੇ । ਤੈਨੂੰ ਨਹੀਂ ਪਤਾ ?"
"ਚਲੋ ਠੀਕ ਹੋਇਆ, ਸਾਂਭ-ਸੰਭਾਲੀ ਦਾ ਟੰਟਾ ਗਲੋਂ ਲੱਥਾ", ਰਹੀਮੂ ਨੇ ਖ਼ੁਸ਼ ਹੋ ਕੇ ਕਿਹਾ ।
ਘੁਸਮੁਸਾ ਜਿਹਾ ਹੋ ਗਿਆ ਸੀ ਜਦੋਂ ਉਹ ਇਕ ਖੇਤ ਦੀ ਵੱਟ ਉਤੇ ਆਣ ਖਲੋਤੇ । ਆਕਾਸ਼ ਉੱਤੇ ਜੋ ਤਾਰਾ ਚੜ੍ਹਿਆ ਵੀ ਸੀ ਤਾਂ ਉਹ ਖ਼ੁਰਾਂ ਦੇ ਘੱਟੇ ਨਾਲ ਫ਼ਿਜ਼ਾ ਅੱਟੀ ਹੋਣ ਕਰਕੇ ਵਿਖਾਲੀ ਨਹੀਂ ਸੀ ਦਿੰਦਾ । ਚਿੜੀਆਂ ਬਾਜਰੇ ਦੇ ਸਿੱਟਿਆਂ ਉਤੇ ਅੰਤਿਮ ਠੂੰਗੇ ਭਰ ਕੇ ਉੱਡ ਚੁੱਕੀਆਂ ਸਨ । ਕਰੀਮੂ ਤੇ ਰਹੀਮੂ ਦੇ ਖੱਬੇ ਪਾਸੇ ਇਕ ਮੱਕੀ ਦੀ ਪੈਲੀ ਡਰੇ ਹੋਏ ਬੱਚੇ ਵਾਂਗ ਚੁੱਪ ਖਲੋਤੀ ਸੀ । ਪਹਿਲਵਾਨ ਦੇ ਡੌਲਿਆਂ ਵਰਗੀਆਂ ਛੱਲੀਆਂ ਹਰੇਕ ਟਾਂਡੇ ਨਾਲ ਜੁੜੀਆਂ ਹੋਈਆਂ ਦਿਸਦੀਆਂ ਸਨ ।
"ਪਤਾ ਈ ਕਰੀਮੂ, ਇਹ ਸਾਡੀਆਂ ਪੈਲੀਆਂ ਹੁੰਦੀਆਂ ਸਨ ਕਦੇ ?"
"ਹਾਂ ਪਤਾ ਏ । ਕਈ ਵਾਰ ਲੱਕੜਾਂ ਲੈ ਕੇ ਮੁੜਦੀ ਮਾਂ ਇਥੋਂ ਦੀ ਲੰਘਦੀ ਦਸਿਆ ਕਰਦੀ ਏ । ਮੈਂ ਉਦੋਂ ਨਿੱਕਾ ਜਿਹਾ ਹੁੰਦਾ ਸਾਂ ।"
"ਇਹ ਵੀ ਉਸੇ ਰਾਹ ਅੱਬਾ ਨੇ ਭੇਜੀਆਂ ਜਿਹੜੇ ਰਾਹ ਵਹਿੜਕੀ ਤੇ ਝੋਟੀਆਂ ਗਈਆਂ ਸਨ ।"
ਇਉਂ ਆਖਦਾ-ਆਖਦਾ ਕਰੀਮੂ ਹੱਸ ਪਿਆ । ਨਾਲ ਹੀ ਰਹੀਮੂ ਵੀ । ਦੋਵੇਂ ਹੀ ਖਿੜ-ਖਿੜ ਕਰਦੇ ਦੂਹਰੇ ਹੁੰਦੇ ਜਾਂਦੇ ਸਨ ।
ਉਨ੍ਹਾਂ ਦੀਆਂ ਅੱਖਾਂ ਵਿਚ ਪਾਣੀ ਆ ਗਿਆ, ਜੀਕਰ ਉਹ ਰੋ ਰਹੇ ਹੁੰਦੇ ਨੇ ।
ਇੰਨੇ ਨੂੰ ਹਵਾ ਦਾ ਰੁਮਕਾ ਵਗਿਆ । ਉਹ ਦੋਵੇਂ ਖ਼ਾਮੋਸ਼ ਜਿਹੇ ਹੋ ਕੇ ਮੱਕੀ ਦੇ ਪੱਤਿਆਂ ਦੀ ਖੜਖੜ ਕਿੰਨਾ ਚਿਰ ਸੁਣਦੇ ਰਹੇ ।
"ਅੱਬਾ ਇਥੇ ਹਲ ਵਾਹੁੰਦਾ ਹੁੰਦਾ ਸੀ", ਵੱਡੇ ਨੇ ਹੌਕਾ ਜਿਹਾ ਭਰ ਕੇ ਆਖਿਆ । ਹੁਣ ਨਾ ਸਾਡੇ ਵਾਹੁਣ ਨੂੰ ਭੋਂ ਏ, ਨਾ ਜੋਣ ਨੂੰ ਢੱਗੇ ।"
"ਚੱਲ ਚੰਗਾ ਏ ਏਦਾਂ ਈ । ਕੀ ਲੈਣਾ ਜੇ ਗਲ ਫਾਹੇ ਪਾ ਕੇ", ਰਹੀਮੂ ਨੇ ਬੇਪਰਵਾਹੀ ਨਾਲ ਗੁਲੇਲ ਦੀਆਂ ਤਣੀਆਂ ਖਿਚਦਿਆਂ ਆਖਿਆ । ਫਿਰ ਦੋਵੇਂ ਚੁੱਪ ਹੋ ਗਏ । ਉਨ੍ਹਾਂ ਦੇ ਚਿਹਰੇ ਉਨ੍ਹਾਂ ਦੇ ਅੰਤਰੀਵ ਅਹਿਸਾਸਾਂ ਨੂੰ ਪ੍ਰਗਟ ਪਏ ਕਰਦੇ ਸਨ ।
ਇੰਨੇ ਨੂੰ ਕਰੀਮੂ ਨੇ ਆਖਿਆ, "ਚੱਲ ਰਹੀਮੂ, ਵਗ ਚਲੀਏ, ਕੋਈ ਛੱਲੀਆਂ ਦੇ ਚੋਰ ਜਾਣ ਕੇ ਸਾਨੂੰ ਕੁੱਟ ਹੀ ਨਾ ਕੱਢੇ ।" ਤੇ ਦੋਵੇਂ ਕਾਹਲੀ-ਕਾਹਲੀ ਉਲਾਂਘਾਂ ਭਰਦੇ ਪਿੰਡ ਨੂੰ ਤੁਰ ਪਏ, ਜਿੱਥੇ ਦੀਵੇ ਬਲ ਚੁੱਕੇ ਸਨ ।
ਜਿੱਦਣ ਦੀ ਮਾਂ ਬਿਮਾਰ ਪਈ ਸੀ । ਦੋਵੇਂ ਇਕੋ ਵੇਲੇ ਰੋਟੀ ਖਾਂਦੇ ਸਨ । ਮਾਂ ਲੋਕਾਂ ਦੇ ਘਰੀਂ ਪੀਹਣ-ਦਲਣ ਕਰ ਕੇ ਖਾਣ ਲਈ ਦਾਣੇ ਇਕੱਠੇ ਕਰ ਲੈਂਦੀ ਹੁੰਦੀ ਸੀ । ਉਹ ਦਾਣੇ ਇਨ੍ਹਾਂ ਦੇ ਨਿੱਤ ਦੇ ਡੰਗ ਨਹੀਂ ਸਨ ਟਪਾ ਸਕਦੇ । ਦੋਵੇਂ ਜਣੇ ਚੁੱਲ੍ਹਾ ਤੌਂਦੇ ਤੇ ਕੱਚੀਆਂ-ਧੁਆਖੀਆਂ ਜਿਹੀਆਂ ਰੋਟੀਆਂ ਲੂਣ ਨਾਲ ਖਾ ਕੇ ਸੌਂ ਰਹਿੰਦੇ । ਕਦੇ ਕਦੇ ਫਾਕਿਆਂ ਵਿਚ ਹੀ ਉਨ੍ਹਾਂ ਦੀਆਂ ਰਾਤਾਂ ਗੁਜ਼ਰਦੀਆਂ ਹੁੰਦੀਆਂ ਸਨ ।
ਪਿੰਡ ਦੇ ਲੋਕ ਇਨ੍ਹਾਂ ਨੂੰ ਗੰਵਾਰ ਸਮਝਦੇ ਸਨ । ਉਨ੍ਹਾਂ ਕਈ ਵਾਰ ਇਨ੍ਹਾਂ ਦੋਹਾਂ ਭਰਾਵਾਂ ਨੂੰ ਘਰ ਦੀਆਂ ਚੀਜ਼ਾਂ ਹੱਟਾਂ ਤੇ ਵੇਚਦਿਆਂ ਤੱਕਿਆ ਸੀ । ਕਿਸੇ ਦੀ ਚੋਰੀ ਪਿੰਡ ਵਿਚ ਹੋ ਜਾਂਦੀ, ਛੱਲੀਆਂ ਟੁੱਟਦੀਆਂ ਜਾਂ ਕਪਾਹ ਚੁਗੀ ਜਾਂਦੀ ਤਾਂ ਲੋਕਾਂ ਦਾ ਪਹਿਲਾ ਸ਼ੱਕ ਕਰੀਮੂ-ਰਹੀਮੂ ਤੇ ਜਾਂਦਾ । ਉਨ੍ਹਾਂ ਦੇ ਘਰ ਦੀ ਤਲਾਸ਼ੀ ਹੁੰਦੀ ਪਰ ਕਦੇ ਕੋਈ ਸ਼ੈ ਉਨ੍ਹਾਂ ਦੇ ਘਰੋਂ ਬਰਾਮਦ ਨਹੀਂ ਸੀ ਹੋਈ । ਤਾਂ ਵੀ ਲੋਕਾਂ ਦਾ ਸ਼ੱਕ ਉਨ੍ਹਾਂ ਤੇ ਸਦਾ ਟਿਕਿਆ ਰਿਹਾ ।
ਲੋਕਾਂ ਦੇ ਨਿੱਤ ਦੇ ਉਲਾਂਭਿਆਂ ਤੇ ਤਲਾਸ਼ੀਆਂ ਤੋਂ ਮਾਂ ਛਿੱਥੀ ਪੈ ਗਈ ਹੋਈ ਸੀ । ਕਰੀਮੂ ਤੇ ਰਹੀਮੂ ਵੀ ਇਕਾਂਤ ਵਿਚ ਬਹਿ ਕੇ ਇਨ੍ਹਾਂ ਊਜਾਂ ਨੂੰ ਮਹਿਸੂਸ ਤੇ ਕਰਦੇ, ਪਰ ਕੁਝ ਪਲ ਲਈ । ਮੁੜ ਉਹ ਛੇਤੀ ਹੀ ਕੌਡੀਆਂ-ਖ਼ਰੋਟਾਂ ਨਾਲ ਪੱਲੇ ਭਰ ਕੇ ਬਾਹਰ ਨੂੰ ਟੁਰ ਪੈਂਦੇ ਤੇ ਉਨ੍ਹਾਂ ਨੂੰ ਸਭ ਕੁਝ ਭੁੱਲ ਜਾਂਦਾ ।
ਲੋਕੀਂ ਇਨ੍ਹਾਂ ਨੂੰ ਮੌਕੇ ਉੱਤੇ ਫੜਨ ਲਈ ਪੈਲੀਆਂ ਵਿਚ ਲੁਕ-ਲੁਕ ਬਹਿੰਦੇ । ਪਿੰਡ ਵਾਲਿਆਂ ਦਾ ਖ਼ਿਆਲ ਸੀ ਕਿ ਇਨ੍ਹਾਂ ਨੂੰ ਉਤੋਂ ਫੜ ਕੇ ਜੇਲ੍ਹਖਾਨੇ ਭਿਜਵਾ ਦਿੱਤਾ ਜਾਵੇ । ਇਹੋ ਜਿਹੇ ਵਿਚਾਰ ਸੁਣ ਕੇ ਦੋਵੇਂ ਭਰਾ ਕਦੇ-ਕਦੇ ਗੱਲਾਂ ਵੀ ਕੀਤਾ ਕਰਦੇ, "ਲੋਕੀਂ ਸਾਡੇ ਉੱਤੇ ਬਦੋ-ਬਦੀ ਦਾ ਸ਼ੱਕ ਕਿਉਂ ਕਰੀ ਜਾਂਦੇ ਨੇ ? ਅਸੀਂ ਕਦੇ ਕਿਸੇ ਦੀ ਰੀਣ ਤੱਕ ਵੀ ਨਹੀਂ ਛੁਹੀ ।"
"ਐਵੇਂ ਝੱਲੇ ਨੇ", ਦੂਜਾ ਆਖਦਾ, ਤੇ ਦੋਵੇਂ ਜਣੇ ਉੱਚੀ-ਉੱਚੀ ਹੱਸ ਪੈਂਦੇ ।

ਮਾਂ ਦੀ ਹਾਲਤ ਦਿਨੋਂ-ਦਿਨ ਵਿਗੜਦੀ ਜਾਂਦੀ ਸੀ । ਉਹ ਦੋਵੇਂ ਰਾਤ ਵੇਲੇ ਮਾਂ ਕੋਲ ਆ ਬਹਿੰਦੇ । ਮਾਂ ਦੇ ਮੂੰਹ ਨੂੰ ਤੱਕਦੇ । ਮਾਂ ਬੜੀਆਂ ਸੋਗੀ ਗੱਲਾਂ ਉਨ੍ਹਾਂ ਨੂੰ ਸੁਣਾਂਦੀ । ਬਹੁਤੀਆਂ ਉਨ੍ਹਾਂ ਦੇ ਪਿਉ ਬਾਰੇ । "ਭਾਵੇਂ ਉਹਨੂੰ ਜੂਏ ਦੀ ਆਦਤ ਸੀ, ਪਰ ਉਹ ਬੜਾ ਚੰਗਾ ਮਨੁੱਖ ਸੀ, ਤੁਹਾਡਾ ਅੱਬਾ, ਬੱਚਾ !"
"ਹਾਂ ਮਾਂ, ਬੜਾ ਚੰਗਾ ਸੀ", ਕਰੀਮੂ ਖ਼ੁਸ਼ੀ ਨਾਲ ਬੋਲਿਆ ।
"ਮੈਨੂੰ ਹਲ ਛੱਡ ਕੇ ਕੁੱਛੜ ਚੁੱਕ ਲੈਂਦਾ, ਛੱਲੀਆਂ ਦਿੰਦਾ, ਗੰਨੇ ਵੀ । ਵੇਲੇ-ਵੇਲੇ ਕਿੰਨੀਆਂ ਹੋਰ ਚੀਜ਼ਾਂ । ਸਾਥੋਂ ਮੁਕਦੀਆਂ ਹੀ ਨਾ…ਹੈ ਨਾ ਕਰੀਮੂ !" ਰਹੀਮੂ ਬੋਲਿਆ ।
"ਦਾਣੇ ਹੀ ਦਾਣੇ ਹੁੰਦੇ ਸਨ ਸਾਡੇ ਕੋਠਿਆਂ ਵਿਚ, ਉਦੋਂ", ਕਰੀਮੂ ਮਾਂ ਵੱਲ ਤਕਦਾ ਬੋਲਿਆ, "ਰੱਜ ਰੋਟੀਆਂ ਖਾਂਦੇ ਹੁੰਦੇ ਸਾਂ । ਪਰ ਹੁਣ ਤੇ, ਮਾਂ ਸਾਡੇ ਕੋਠੇ ਖ਼ਾਲੀ ਪਏ ਨੀ ।"
ਇਕ ਪਲ ਲਈ ਕੋਠੇ ਵਿਚ ਹੂਕ ਜਿਹੀ ਛਾ ਗਈ । ਤਿੰਨਾਂ ਨੇ ਦੀਵੇ ਦੀ ਮੱਧਮ ਹੁੰਦੀ ਜੋਤ ਵੱਲ ਤੱਕਿਆ । ਮਾਂ ਦੀਆਂ ਅੱਖਾਂ ਗਿੱਲੀਆਂ ਸਨ । ਉਸ ਗਲੇਡੂ ਭਰ ਕੇ ਮੁੜ ਆਖਿਆ, "ਉਹ ਮੈਨੂੰ ਬੜਾ ਪਿਆਰ ਕਰਦਾ ਸੀ ਤੁਹਾਡਾ ਅੱਬਾ, ਬੱਚਾ । ਵੇਂਹਦੇ ਜੇ ਇਹ ਮੇਰੇ ਕੰਨਾਂ ਦੀਆਂ ਮੁਰਕੀਆਂ ? ਜਦੋਂ ਮੇਰਾ ਵਿਆਹ ਹੋਇਆ ਸੀ, ਉਦੋਂ ਬਣਵਾਈਆਂ ਸਨ, ਤੁਹਾਡੇ ਅੱਬਾ ਨੇ ਇਹ ਸੋਨੇ ਦੀਆਂ ਮੁਰਕੀਆਂ !"
ਕਰੀਮੂ ਤੇ ਰਹੀਮੂ ਦੀਆਂ ਨਜ਼ਰਾਂ ਮਾਂ ਦੀਆਂ ਮੁਰਕੀਆਂ ਤੇ ਜੰਮੀਆਂ ਹੋਈਆਂ ਸਨ । ਮਾਂ ਨੂੰ ਹਟਕੋਰੇ ਜਿਹੇ ਆਉਣ ਲੱਗ ਪਏ । ਉਹ ਮੁੜ ਬੋਲੀ, "ਬੜੇ ਔਖੇ ਵੇਲੇ ਆਏ, ਬੱਚਾ । ਜਦੋਂ ਜੂਏ ਵਿਚ ਉਹ ਸਭ ਕੁਝ ਲਾ ਬੈਠਾ ਸੀ, ਓਦੋਂ ਘਰ ਦਾ ਲਾਂਘਾ ਟਪਾਣ ਲਈ ਮੈਂ ਆਖਿਆ ਸੀ, ਇਹ ਮੁਰਕੀਆਂ ਵੇਚ ਦਿਉ । ਪਰ ਉਸ ਆਖਿਆ ਨਹੀਂ, ਮੈਂ ਸਾਰੀ ਉਮਰ ਹੀ ਤੇਰੇ ਕੰਨਾਂ ਵਿਚ ਇਹ ਲਮਕਦੀਆਂ ਵੇਖਾਂਗਾ ।"
ਮਾਂ ਦੀਆਂ ਝੁਰੜੀਆਂ ਵਿਚ ਹੰਝੂਆਂ ਦੀਆਂ ਤਤੀਰੀਆਂ ਫਸੀਆਂ ਹੋਈਆਂ ਸਨ । ਕਰੀਮੂ ਤੇ ਰਹੀਮੂ ਸੁੰਨ ਹੋਏ ਬੈਠੇ ਰਹੇ । ਮਾਂ ਕੁਝ ਰੁਕ ਕੇ ਬੋਲੀ, "ਮੈਂ ਉਮਰ ਭਰ ਇਹਨਾਂ ਮੁਰਕੀਆਂ ਨੂੰ ਸਾਂਭ ਰਖਦੀ ਆਈ ਹਾਂ, ਪੁੱਤਰ । ਜੇ ਮੈਂ ਮਰ ਗਈ, ਇਹ ਮੇਰੇ ਨਾਲ ਹੀ ਕਬਰ ਵਿਚ ਦਬਾ ਦੇਣੀਆਂ, ਤੁਹਾਡੇ ਅੱਬਾ ਦੀ ਯਾਦ ।" ਉਹਦਾ ਗਲਾ ਰੁਕ ਗਿਆ ਤੇ ਅੱਗੋਂ ਉਹ ਕੁਝ ਨਾ ਕਹਿ ਸਕੀ ।
ਬਿੰਦ ਕੁ ਮਗਰੋਂ ਦੋਵੇਂ ਭਰਾ ਉੱਠ ਕੇ ਬਾਹਰ ਨਿਕਲ ਆਏ । ਆਕਾਸ਼ ਤੇ ਤਾਰੇ ਬਿੱਲੀ ਦੀਆਂ ਅੱਖਾਂ ਵਾਂਗ ਲਟ ਲਟ ਪਏ ਝਾਕਦੇ ਸਨ, ਮਾਨੋਂ ਉਨ੍ਹਾਂ ਨੂੰ ਘੁਰਕ ਰਹੇ ਨੇ । ਦੋਵੇਂ ਨਾਲ ਡੱਠੀਆਂ ਮੰਜੀਆਂ ਤੇ ਪੈ ਕੇ ਗੱਲਾਂ ਜਿਹੀਆਂ ਕਰਨ ਲੱਗ ਪਏ ।
"ਮਾਂ ਐਵੇਂ ਨਿੱਤ ਮਰਨ-ਮਰਨ ਕਰਦੀ ਰਹਿੰਦੀ ਆ", ਕਰੀਮੂ ਬੋਲਿਆ ।
"ਰੱਬ ਕਰੇ, ਮਾਂ ਨਾ ਮਰੇ ਤੇ ਨਾ ਹੀ ਉਹਦੀਆਂ ਮੁਰਕੀਆਂ ਦੱਬੀਆਂ ਜਾਣ", ਰਹੀਮੂ ਨੇ ਆਖਿਆ ।
"ਹਾਂ ਉਹ ਜਿਉਂਦੀ ਹੀ ਰਹੇ ਤੇ ਵੇਖਦੀ ਰਹੇ ਆਪਣੀਆਂ ਮੁਰਕੀਆਂ ਨੂੰ ।"
ਫਿਰ ਦੋਵੇਂ ਚੁੱਪ ਕਰ ਗਏ ।
"ਸੋਨਾ ਵੀ ਕਦੀ ਦੱਬੀਂਦਾ ਏ ਭੋਂ ਵਿਚ ਭਲਾ ?" ਰਹੀਮੂ ਨੇ ਪੁੱਛਿਆ ।
"ਕਾਹਨੂੰ, ਮਾਂ ਤੇ ਸੁਦੈਣ ਆ । ਲੋਕੀਂ ਤੇ ਸੋਨਾ ਸਗੋਂ ਧਰਤੀ 'ਚੋਂ ਕਢਦੇ ਹੁੰਦੇ ਨੇ ।"
"ਕਿੰਨੇ ਕੰਮ ਆਉਂਦਾ ਏ ! ਸੋਨੇ ਦੇ ਪੈਸੇ, ਪੈਸੇ ਦੇ ਦਾਣੇ ਤੇ ਰੋਟੀਆਂ…।"
ਇਉਂ ਗੱਲਾਂ ਕਰਦੇ ਉਹ ਸੌਂ ਗਏ ।
ਕਈ ਦਿਨ ਹੋਰ ਲੰਘ ਗਏ । ਓੜਕ ਰਿੜ੍ਹਕਦੀ ਮਾਂ ਦਾ ਅੰਤ ਹੋ ਗਿਆ । ਦੋਵਾਂ ਭਰਾਵਾਂ ਨੇ ਨੜੋਇਆ ਤਿਆਰ ਕੀਤਾ । ਕੋਈ ਉਨ੍ਹਾਂ ਦੀ ਸਹਾਇਤਾ ਨੂੰ ਨਾ ਪਹੁੰਚਿਆ । ਉਨ੍ਹਾਂ ਆਪੀਂ ਕਬਰ ਪੁੱਟੀ ਤੇ ਅੰਤਮ ਦਰਸ਼ਨਾਂ ਲਈ ਮਾਂ ਦਾ ਮੂੰਹ ਨੰਗਾ ਕੀਤਾ । ਦੋਹਾਂ ਕੰਨਾਂ ਵਿਚ ਦੋ ਸੋਨੇ ਦੀਆਂ ਮੁਰਕੀਆਂ ਉਸੇ ਤਰ੍ਹਾਂ ਲਮਕ ਰਹੀਆਂ ਸਨ – ਉਨ੍ਹਾਂ ਦੇ ਪਿਉ ਦੀ ਯਾਦਗਾਰ ।
ਮਾਂ ਚੰਗੀ ਤਰ੍ਹਾਂ ਦਫ਼ਨਾ ਕੇ ਦੋਵੇਂ ਘਰ ਪਰਤ ਆਏ । ਕੋਈ ਦਿਲਬਰੀ ਲਈ ਉਨ੍ਹਾਂ ਕੋਲ ਨਾ ਬੈਠਾ । ਨਾ ਹੀ ਪਿੰਡ ਵਿਚ ਕਿਸੇ ਨੂੰ ਉਨ੍ਹਾਂ ਦੀ ਮਾਂ ਦਾ ਗ਼ਮ ਸੀ । ਰਾਤੀ ਦੋਵੇਂ ਭੁੱਖੇ-ਭਾਣੇ ਮੰਜਿਆਂ ਤੇ ਚੁੱਪ-ਚਾਪ ਜਿਹੇ ਪੈ ਗਏ । ਕੁਝ ਚਿਰ ਮਗਰੋਂ ਕਰੀਮੂ ਦੇ ਮੂੰਹੋਂ ਨਿਕਲਿਆ, "ਚਲੋ ਜੀ ਤੁਰ ਗਈ ਮਾਂ ਵੀ ਅੱਜ ।"
"ਹੁਣ ਉਹ ਕਿੱਥੇ ਜਾਏਗੀ ਕਰੀਮੂ ?" ਰਹੀਮੂ ਨੇ ਵੀ ਚੁੱਪ ਤੋੜੀ ।
"ਬਹਿਸ਼ਤੀਂ ।"
"ਮੁਰਕੀਆਂ ਵੀ ਨਾਲ ਈ ?"
"ਮੁਰਕੀਆਂ ?" ਕਰੀਮੂ ਕੋਈ ਉੱਤਰ ਨਾ ਦੇ ਸਕਿਆ ।
ਓੜਕ ਦੋਨਾਂ ਨੂੰ ਨੀਂਦਰ ਆ ਗਈ ।
ਧਰੂ ਦੁਆਲੇ ਘੁੰਮਣ ਵਾਲੀ ਸੱਤ-ਰਿਸ਼ੀਆਂ ਦੀ ਖਿੱਤੀ ਕਿਤੇ ਦੀ ਕਿਤੇ ਜਾ ਚੁੱਕੀ ਸੀ । ਕਿੰਨੇ ਹੀ ਤਾਰੇ ਆਕਾਸ਼ੋਂ ਬੁਝ ਚੁੱਕੇ ਸਨ ਜਦ ਰਹੀਮੂ ਕਸਮੇੜ ਜਿਹਾ ਖਾਂਦਾ ਜਾਗਿਆ । ਰਾਤ ਏਡੀ ਡਰੌਣੀ ਸੀ ਜੇਡਾ ਉਨ੍ਹਾਂ ਦੀ ਮੋਈ ਮਾਂ ਦਾ ਚਿਹਰਾ । ਉਸ ਸਹਿਜੇ ਜਿਹੇ ਭਰਾ ਨੂੰ ਜਗਾ ਕੇ ਆਖਿਆ, "ਭੁੱਖ ਲੱਗੀ ਊ ।"
"ਘਰ ਵਿਚ ਤੇ ਕੁਝ ਨਹੀਂ", ਕਰੀਮੂ ਬੋਲਿਆ ।
ਫਿਰ ਕਿੰਨਾ ਚਿਰ ਦੋਵੇਂ ਗੁੰਮ ਜਹੇ ਪਏ ਰਹੇ । ਪਰ ਰਹੀਮੂ ਨੇ ਮੁੜ ਆਖਿਆ, "ਖ਼ਰੋਟ ਭੰਨ ਕੇ ਖਾ ਲਵਾਂ ?"
"ਖੇਡਾਂਗੇ ਕਾਹਦੇ ਨਾਲ ?"
ਮੁੜ ਇਕ ਹੂਕ ਜਿਹੀ ਛਾ ਗਈ, "ਤੇ ਫਿਰ ?"
"ਫਿਰ ?"
ਇਕੋ ਵਾਰ ਇਕੋ ਫੁਰਨਾ ਜੀਕਰ ਦੋਹਾਂ ਨੂੰ ਫੁਰ ਪਿਆ ਹੁੰਦਾ ਏ । ਬਿਨਾਂ ਹੋਰ ਕੁਝ ਬੋਲਿਆਂ ਦੋਵੇਂ ਉੱਠ ਖਲੋਤੇ । ਮਲਕੜੇ ਜਿਹੇ ਇਕ ਨੇ ਕਹੀ ਚੁੱਕੀ ਤੇ ਦੂਜੇ ਨੇ ਕੰਧਾਲਾ । ਤੇ ਸਹਿਜੇ ਸਹਿਜੇ ਦੋਵੇਂ ਬਾਹਰ ਨਿਕਲ ਗਏ ।
ਰਾਤ ਮੌਤ ਜੇਡੀ ਖ਼ਾਮੋਸ਼ ਸੀ । ਸੱਜਰੀ ਦੱਬੀ ਮਾਂ ਦੀ ਕਬਰ ਉਤੇ ਦੋ ਕਾਲੇ ਵਜੂਦ ਅਹਿੱਲ ਖਲੋਤੇ ਸਨ, ਜੀਕਰ ਮ੍ਰਿਤੂ ਦੇ ਪਰਛਾਵੇਂ ਹੁੰਦੇ ਹਨ । ਕਿੰਨਾ ਚਿਰ ਕੋਈ ਆਵਾਜ਼ ਉਥੇ ਪੈਦਾ ਨਾ ਹੋਈ । ਕੁਝ ਚਿਰ ਮਗਰੋਂ ਕੁਝ ਸਾਂ-ਸਾਂ ਹੋਈ ।
"ਕਰੀਮੂ…ਮਾਰ ਵੀ ਟੱਕ", ਸਹਿਜੇ ਹੀ ਰਹੀਮੂ ਦੇ ਮੂੰਹੋਂ ਮਸਾਂ ਨਿਕਲਿਆ ।
"ਤੂੰ ਵੀ ਤੇ…", ਕਰੀਮੂ ਨੇ ਕੰਬਦੀਆਂ ਬਾਹਾਂ ਨਾਲ ਕਹੀ ਆਪਣੇ ਵੱਲ ਝੁਕਾਂਦਿਆਂ ਕਿਹਾ ।
ਉਨ੍ਹਾਂ ਦੀਆਂ ਹਿੱਕਾਂ ਠੱਕ-ਠੱਕ ਵੱਜ ਰਹੀਆਂ ਸਨ । ਕਹੀ ਤੇ ਕੰਧਾਲਾ ਜੀਕਰ ਉਨ੍ਹਾਂ ਤੋਂ ਚੁੱਕੇ ਹੀ ਨਹੀਂ ਸਨ ਜਾਂਦੇ । ਕਬਰ ਪੁੱਟਣ ਲਈ ਹਥਿਆਰਾਂ ਨੂੰ ਉਭਾਰ ਕੇ ਉਹ ਟੱਕ ਮਾਰਨਾ ਚਾਹੁੰਦੇ ਸਨ ਪਰ ਬਾਹਵਾਂ ਜੀਕਰ ਸੱਤਿਆ-ਹੀਣ ਹੋ ਗਈਆਂ ਹੁੰਦੀਆਂ ਹਨ । ਰਾਤ ਦੀ ਖ਼ਾਮੋਸ਼ੀ ਵਿਚੋਂ ਇਕ ਬੇ-ਮਲੂਮ ਜਿਹੀ ਆਵਾਜ਼ ਉਨ੍ਹਾਂ ਦੇ ਕੰਨਾਂ ਵਿਚ ਗੂੰਜ ਉਠੀ, ਜੀਕਰ ਆਕਾਸ਼ ਤੇ ਪਾਤਾਲ ਦੋਵੇਂ ਬੋਲ ਉਠੇ ਹੁੰਦੇ ਹਨ ।
"ਕਬਰ…ਵਿਚ ਮੇਰੇ ਨਾਲ ਦਬਾ ਦੇਣੀਆਂ…ਮੇਰੀਆਂ ਮੁਰਕੀਆਂ…ਤੁਹਾਡੇ ਅੱਬਾ ਦੀ ਯਾਦ, ਬੱਚਾ !"
"ਮਾਂ !" ਰਹੀਮੂ ਦੇ ਮੂੰਹੋਂ ਬੇ-ਤਹਾਸ਼ਾ ਇਉਂ ਨਿਕਲਿਆ ਜੀਕਰ ਉਹ ਰੋ ਪਿਆ ਹੁੰਦਾ ਏ ।
"ਚੱਲ ਰਹੀਮੂ", ਕਰੀਮੂ ਕੇਵਲ ਏਨਾ ਹੀ ਆਖ ਸਕਿਆ ।
ਹਥਿਆਰ ਦੋਹਾਂ ਦੇ ਹੱਥੋਂ ਢਹਿ ਪਏ । ਤਾਰਿਆਂ ਦੀ ਲੋ ਵਿਚ ਉਨ੍ਹਾਂ ਘਰ ਨੂੰ ਮੁੜੇ ਜਾਂਦਿਆਂ ਦੀਆਂ ਅੱਖਾਂ ਵਿਚ ਹੰਝੂ ਚਮਕ ਰਹੇ ਸਨ ।

  • ਮੁੱਖ ਪੰਨਾ : ਕਹਾਣੀਆਂ, ਨੌਰੰਗ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ