Naagan Tera Bans Vadhe ! : Rajasthani Lok Kahani
ਨਾਗਣ ਤੇਰਾ ਬੰਸ ਵਧੇ ! : ਰਾਜਸਥਾਨੀ ਲੋਕ ਕਥਾ
ਇਸ ਮਾਤਲੋਕ ਵਿੱਚ ਅਮੀਰਾਂ ਦੀ ਇੱਜ਼ਤ ਦੌਲਤ ਸਦਕਾ। ਰਾਉ, ਉਮਰਾਉ ਦਾ ਤਖ਼ਤ, ਗੱਦੀ ਕਰਕੇ ਮਾਨ ਸਨਮਾਨ। ਬਾਂਕੇ ਸੂਰਮੇ ਰਣ ਦੇ ਜ਼ੋਰ ਤੇ ਮਾਨਯੋਗ। ਡਾਕੂ ਹਿੰਮਤ ਅਤੇ ਬਾਹੂਬਲ ਕਰਕੇ ਚਰਚਿਤ। ਕਵੀਆਂ ਕਲਾਕਾਰਾਂ ਦੀ ਆਉ ਭਗਤ ਉਨ੍ਹਾਂ ਦੇ ਹੁਨਰ ਮੁਤਾਬਕ ਪਰ ਵੀਲੀਆ ਖਵਾਸ ਆਪਣੀ ਅਕਲ ਦੇ ਚਾਨਣ ਕਰਕੇ ਜਗਤ ਪ੍ਰਸਿੱਧ। ਰੋਮ ਰੋਮ ਵਿੱਚੋਂ ਪਸੀਨੇ ਵਾਂਗ ਅਕਲ ਚੋ ਰਹੀ। ਚੌੜਾ ਮੱਥਾ। ਤਿੱਖਾ ਨੱਕ। ਸੁਡੌਲ ਬਾਹਾਂ। ਕਾਲੀਆਂ ਸਿਆਹ ਕੁੰਢੀਆਂ ਮੁੱਛਾਂ। ਕੁੰਡਲਦਾਰ ਕੇਸ। ਚਿੱਟੇ ਸੁਹਣੇ ਦੰਦ ਜਿਵੇਂ ਮੋਤੀ ਖਰਾਦ ਉੱਪਰ ਤਰਾਸ਼ੇ ਹੋਣ। ਸਹਿਜ ਸੁਹਾਵਣੇ ਬੋਲ। ਹੋਠਾਂ ਵਿੱਚੋਂ ਸ਼ਬਦ ਕਾਹਨੂੰ ਫੁੱਲ ਕਿਰਦੇ। ਜੋ ਗੱਲ ਪੁੱਛੋ, ਜਵਾਬ ਹਾਜ਼ਰ। ਮੌਕੇ ਬੇਮੌਕੇ ਹਰੇਕ ਉਸਨੂੰ ਖਿੱਚੀ ਫਿਰਦਾ। ਬਰਾਤ ਵਾਸਤੇ ਪੇਸ਼ਗੀ ਨਿਉਂਦੇ। ਸੰਗ ਸਾਥ ਵਾਸਤੇ ਸਭ ਦੇ ਨਿਹੋਰੇ, ਸੱਦੇ। ਸਭ ਦਾ ਮਿੱਤਰ। ਗੂੜ੍ਹੀਆਂ ਪ੍ਰੀਤਾਂ। ਬੋਲ ਕੁਬੋਲ ਦਾ ਨਾਮੋ ਨਿਸ਼ਾਨ ਨਹੀਂ। ਲੰਗੋਟ ਦਾ ਪੱਕਾ, ਸਦਾਚਾਰੀ, ਇਤਬਾਰੀ। ਜਿਵੇਂ ਕਿਸੇ ਕਿੱਸੇ ਕਹਾਣੀ ਦਾ ਨਾਇਕ ਸਾਹਮਣੇ ਤੁਰਦਾ ਫਿਰਦਾ ਦਿੱਸ ਪਵੇ।
ਖਾਣਾ ਖਾ ਕੇ ਇੱਕ ਸ਼ਾਮ ਚਾਰਪਾਈ ਤੇ ਟੇਢਾ ਹੋਇਆ ਹੁੱਕਾ ਗੁੜਗੁੜਾ ਰਿਹਾ ਸੀ। ਘਰ ਵਾਲੀ ਪੈਂਦ ਵੱਲ ਖਲੋਤੀ। ਬੋਲੀ- ਇੱਕੀ ਰਾਤਾਂ ਪਿੱਛੋਂ ਕੱਲ੍ਹ ਤਾਂ ਅਜੇ ਆਏ ਹੋ, ਆਉਣ ਸਾਰ ਮਿਨਤਾਰੇ ਚੌਧਰੀ ਦੇ ਬੇਟੇ ਦੇ ਬਰਾਤ ਚੜ੍ਹਨ ਵਾਸਤੇ ਹਾਂ ਕਰ ਦਿੱਤੀ। ਤੁਹਾਡੇ ਨਾਲੋਂ ਵਧ ਸਮਾਂ ਤਾਂ ਆਪਣੇ ਘਰ ਵਿੱਚ ਪ੍ਰਾਹੁਣੇ ਟਿਕ ਜਾਂਦੇ ਨੇ। ਰਾਤ ਦਿਨ ਤਿੰਨ ਬੱਚੇ ਜੀਸਾ ਜੀਸਾ(ਪਿਤਾ ਜੀ, ਪਿਤਾ ਜੀ) ਕਰਦੇ ਰਹਿੰਦੇ ਨੇ ਪਰ ਤੁਹਾਨੂੰ ਕੀ ਪਰਵਾਹ! ਲਿਹਾਜ ਲਹੂਜ ਦੀ ਵੀ ਹੱਦ ਹੁੰਦੀ ਹੈ। ਹਰੇਕ ਨੂੰ ਹਾਂ ਕਰ ਦਿੰਦੇ ਹੋ!
ਵਲੀਆ ਖਵਾਸ ਬਿਟਰ ਬਿਟਰ ਘਰ ਵਾਲੀ ਵਲ ਦੇਖਦਾ ਮੁਸਕਾਂਦਾ ਰਿਹਾ। ਬੋਲਿਆ- ਪਗਲੀ, ਮੈਂ ਤਾਂ ਮੌਤ ਨੂੰ ਵੀ ਇਨਕਾਰ ਨਹੀਂ ਕਰੂੰਗਾ, ਉਸਦਾ ਨਿਉਂਦਾ ਇਸੇ ਤਰ੍ਹਾਂ ਹੱਸ ਕੇ ਮਨਜ਼ੂਰ ਕਰੂੰਗਾ। ਨਾਂਹ ਨਾ ਕਰਨ ਦੀ ਸੌਂਹ ਆਸਾਨੀ ਨਾਲ ਨਹੀਂ ਨਿਭਦੀ।
ਮਾਲਕ ਦੀ ਗੱਲ ਫੜਕੇ ਤੁਰਤ ਬੋਲੀ- ਘਰਵਾਲੀ ਅਰ ਬੱਚਿਆਂ ਵਾਸਤੇ ਨਾਂਹ ਤੋਂ ਬਿਨਾਂ ਹੋਰ ਕੁਛ ਹੈ ਈ ਨਹੀਂ, ਸੌਂਹ ਨਿਭਾਣ ਦਾ ਮਾਣ ਕਰਦੇ ਹੋ!
ਹੱਥ ਫੜ ਕੇ ਘਰਵਾਲੀ ਆਪਣੇ ਕੋਠ ਬਿਠਾਈ। ਹੁੱਕੇ ਦੀ ਨਲਕੀ ਪਰ੍ਹੇ ਕਰਕੇ ਕਹਿਣ ਲੱਗਾ- ਅਕਲ ਦੀ ਨਾਨੀ ਤੈਨੂੰ ਤੇ ਬੱਚਿਆਂ ਨੂੰ ਮੈਂ ਆਪਣੇ ਤੋਂ ਅਲੱਗ ਨਹੀਂ ਮੰਨਦਾ। ਅਸੀਂ ਇੱਕ ਜਾਨ ਹਾਂ। ਦੇਹ ਦੇ ਠੀਕਰੇ ਠੀਕਰੀਆਂ, ਕੀ ਦੂਰ ਕੀ ਨੇੜੇ! ਕਮਲੀ ਦਿਖਾਵਾ ਤਾਂ ਦੂਜਿਆਂ ਵਾਸਤੇ ਹੋਇਆ ਕਰਦੈ। ਦੱਸ ਆਪਣਿਆਂ ਅੱਗੇ ਦਿਖਾਵਾ ਕਿਉਂ ਕਰਾਂ, ਕਿਵੇਂ ਕਰਾਂ? ਕਲੇਜਾ ਚੀਰ ਕੇ ਦਿਖਾਏ ਬਿਨਾਂ ਤੈਨੂੰ ਮੇਰੇ ਮਨ ਦਾ ਪਤਾ ਕਿਵੇਂ ਲੱਗੇ?
-ਮੈਨੂੰ ਸਭ ਪਤੈ। ਤੁਹਾਡੇ ਦਿਲ ਦੀ ਕੋਈ ਗੱਲ ਮੈਥੋਂ ਛਿਪੀ ਨਹੀਂ। ਪਰ ਤੁਹਾਨੂੰ ਮੇਰੇ ਮਨ ਦਾ ਥੋੜ੍ਹਾ ਕੁ ਵੀ ਪਤਾ ਹੋਵੇ ਦੱਸੋ, ਦੂਰ ਰਹਿਣ ਵੇਲੇ ਮੈਂ ਤੁਹਾਨੂੰ ਯਾਦ ਆਇਆ ਕਰਦੀ ਹਾਂ?
ਬੁੱਲ੍ਹਾਂ ਉੱਪਰ ਆਈ ਮੁਸਕਾਨ ਜ਼ੋਰ ਲਾ ਕੇ ਰੋਕਣੀ ਪਈ। ਬੋਲਿਆ- ਨਹੀਂ।
ਇੱਕੋ ਸ਼ਬਦ ਸੁਣਕੇ ਬੀਵੀ ਚੌਂਕ ਪਈ। ਦੁੱਖ ਅਤੇ ਹੈਰਾਨੀ ਦੇ ਸੁਰ ਵਿੱਚ ਪੁੱਛਿਆ- ਨਹੀਂ?
ਇਸ ਤੋਂ ਅੱਗੇ ਵੀਲੀਆ ਤੋਂ ਨਾਟਕ ਨਾ ਕੀਤਾ ਗਿਆ, ਕਿਹਾ- ਜਦ ਮੈਂ ਤੈਨੂੰ ਦੂਰ ਮੰਨਦਾ ਈ ਨੀਂ ਫਿਰ ਯਾਦ ਕਿਸਦੀ ਆਏਗੀ, ਕਿਉਂ ਆਏਗੀ?
ਪਤੀ ਦਾ ਜਵਾਬ ਸੁਣ ਕੇ ਬੀਵੀ ਮੁਸਕਾਨ ਨਾ ਰੋਕ ਸਕੀ। ਫੁੱਲ ਵਾਂਗ ਖਿੜ ਕੇ ਬੋਲੀ- ਗੱਲਾਂ ਵਿੱਚ ਤਾਂ ਤੁਹਾਨੂੰ ਰੱਬ ਵੀ ਨਹੀਂ ਜਿੱਤ ਸਕਦਾ! ਹਾਂ ਘਰ ਵਿੱਚ ਮਾਲਕ ਦੇ ਹੁੰਦਿਆਂ ਹੀ ਚਾਨਣ ਹੋਇਆ ਕਰਦੈ। ਆਸਮਾਨ ਵਿੱਚ ਸੂਰਜ ਨਾ ਚੜ੍ਹੇ ਤਾਂ ਚਾਨਣ ਕਿਵੇਂ ਹੋਵੇ? ਗੱਲਾਂ, ਸੂਰਜ ਦੀ ਕਮੀ ਪੂਰੀ ਨਹੀਂ ਕਰ ਸਕਦੀਆਂ!
ਉਸਨੇ ਬੀਵੀ ਨੂੰ ਥਾਪੀ ਦਿੱਤੀ- ਇਹ ਗੱਲ ਤੂੰ ਸਹੀ ਕੀਤੀ। ਇੱਕ ਵਾਰ ਤਾਂ ਵਿਧਾਤਾ ਵੀ ਸਾਹਮਣੇ ਆ ਜਾਏ, ਉਸਦੀ ਦਾਲ ਨਾ ਗਲਣ ਦਿਆਂ। ਦੁਨੀਆ ਮੇਰੀਆਂ ਗੱਲਾਂ ਸੁਣ ਕੇ ਦੰਗ ਰਹਿ ਜਾਂਦੀ ਹੈ। ਸਿਫ਼ਤਾਂ ਸੁਣ ਸੁਣ ਮੇਰੇ ਤਾਂ ਕੰਨ ਪੱਕ ਗਏ। ਬੇਸ਼ੱਕ ਪ੍ਰਸੰਸਾ ਚੰਗੀ ਨਹੀਂ ਲਗਦੀ ਪਰ ਜੀਵਨ ਦਾ ਥੋੜ੍ਹਾ ਬਹੁਤ ਮਰਮ ਹੁਣ ਪਤਾ ਲੱਗਣ ਲੱਗਾ ਹੈ। ਗੱਲਾਂ ਤਾਂ ਕੇਵਲ ਜੀਭ ਦਾ ਸ਼ਿੰਗਾਰ ਨੇ। ਹੋਠਾਂ ਦਾ ਗਹਿਣਾ। ਥੁੱਕ ਰਿੜਕੀ ਜਾਣਾ। ਅਨੰਤ ਦਾ ਭੇਦ ਕੌਣ ਜਾਣੇ? ਅਗਮ, ਅਗੋਚਰ। ਮਨ ਅਤੇ ਬੋਲਾਂ ਵਿੱਚ ਰਿਸ਼ਤਾ ਨਹੀਂ। ਅੰਤਮ ਸੱਚ ਤਾਂ ਮੌਨ ਵਿੱਚ ਲਭਦੈ। ਪਰ ਵਸਦੇ ਰਸਦੇ ਲੋਕ ਇੱਕ ਦੂਜੇ ਨਾਲ ਬੰਨ੍ਹੇ ਹੋਏ ਨੇ, ਬਿਨ ਬੋਲੇ ਸਰਦਾ ਨਹੀਂ। ਨਾਲੇ ਬੋਲਣ ਚੱਲਣ ਦੀ ਪੁਰਾਣੀ ਆਦਤ ਛੁਟਦੀ ਥੋੜ੍ਹੀ ਹੈ। ਹੁੱਕਾ ਛੱਡਿਆ ਜਾਂਦਾ ਹੋਵੇ, ਇਹ ਝਖ ਬਖ ਛੁਟੇ। ਮਰਨ ਪਿੱਛੋਂ ਕਿਸੇ ਨੇ ਕੁਝ ਪੁੱਛ ਲਿਆ, ਮੈਨੂੰ ਲੱਗਦੈ ਮੈਨੂੰ ਬੋਲਣਾ ਪੈ ਜਾਣੈ। ਹੁਣ ਮੈਨੂੰ ਪ੍ਰਸ਼ੰਸਾ ਦੀ ਲੋੜ ਕੋਈ ਨਹੀਂ। ਪਰ ਤੂੰ ਦੱਸ ਜੇ ਲੋਕਾਂ ਨੂੰ ਕਹਾਂ ਗੱਲ ਨਾ ਕਰੋ, ਹਟ ਜਾਣਗੇ? ਕਿਤੇ ਕਿਸੇ ਕਿਸਮ ਦੀ ਅਟਕ ਲੱਗੀ, ਠਾਹ ਮੇਰੇ ਕੋਲ। ਮੇਰੇ ਮੂੰਹ ਵੱਲ ਦੇਖਦੇ ਰਹਿੰਦੇ ਨੇ। ਅਜਿਹੇ ਵੇਲੇ ਟਾਲਮਟੋਲ ਤੂੰ ਹੀ ਦੱਸ, ਠੀਕ ਹੈ? ਇੱਕ ਦਿਨ ਸਭ ਨੇ ਜਾਣਾ ਹੈ। ਬਹੁਤੀ ਗਈ ਥੋੜ੍ਹੀ ਬਾਕੀ। ਨਾਂਹ ਕਰਕੇ ਕਿਸੇ ਦਾ ਜੀ ਕਿਉਂ ਦੁਖਾਵਾਂ?
-ਜੀ ਦੁਖਾਣ ਵਾਸਤੇ ਤਾਂ ਅਸੀਂ ਬਹੁਤ ਹਾਂ। ਦੂਜਿਆਂ ਦੀ ਤਾਂ ਵਾਰੀ ਓ ਨੀ ਆਉਣੀ। ਇਸ ਗੱਲ ਦਾ ਤਾਂ ਫਿਕਰ ਹੀ ਨਾ ਕਰੋ।
-ਸਹੀ ਹੈ, ਤੇਰੇ ਹੁੰਦੇ ਮੈਨੂੰ ਕਿਸੇ ਗੱਲ ਦਾ ਫ਼ਿਕਰ ਨਹੀਂ।
ਅੱਗੇ ਕੀ ਗੱਲ ਹੋਈ, ਜੇ ਲਿਖਾਂ ਤਾਂ ਗੱਲ ਦਾ ਮਹਾਤਮ ਘਟਦਾ ਹੈ। ਹਨੇਰੇ ਦਾ ਪਰਦਾ ਹਟਾ ਕੇ ਅੰਦਰ ਝਾਕਣ ਨਾਲ ਅੱਖਾਂ ਦੀ ਜੋਤ ਮੱਧਮ ਪੈ ਜਾਂਦੀ ਹੈ।
ਸਰਘੀ ਵੇਲੇ ਪਿੰਡ ਦੇ ਚੌਧਰੀ ਦੇ ਪੁੱਤਰ ਦੀ ਬਰਾਤ ਚੜ੍ਹਨ ਵਾਸਤੇ ਵੀਲੀਆ ਤੁਰਨ ਲੱਗਿਆ ਤਾਂ ਬੀਵੀ ਬਾਹਰ ਤੱਕ ਛੱਡਣ ਆਈ। ਮਿੱਠੀ ਮਿੱਠੀ ਠੰਢੀ ਹਵਾ। ਹਨੇਰੇ ਦਾ ਏਨਾ ਸੁਹਾਵਣਾ ਸਰੂਪ ਕਦੇ ਨੀ ਦੇਖਿਆ। ਹਨੇਰੇ ਨਾਲ ਛੁਹ ਕੇ ਦੋਵਾਂ ਦਾ ਮਨ ਚਾਨਣੀ ਨਾਲ ਖਿੜ ਗਿਆ। ਤਾਰੇ ਹੋਰ ਚਮਕਣ ਲੱਗੇ। ਬਾਹਰਲੇ ਦਰਵਾਜ਼ੇ ਕੋਲ ਖਲੋਤੀ ਲੱਛਮੀ ਨੂੰ ਵੀਲੀਆ ਨੇ ਮੁੜ ਮੁੜ ਤਿੰਨ ਚਾਰ ਵਾਰ ਦੇਖਿਆ। ਦੂਰ ਹਨੇਰੇ ਵਿੱਚ ਵੀ ਉਸਨੂੰ ਬੀਵੀ ਦਾ ਮੁਖੜਾ ਚੰਦ ਵਾਂਗ ਚਮਕਦਾ ਲੱਗਿਆ।
ਚੌਧਰੀ ਦੇ ਵਿਹੜੇ ਬਾਹਰ ਬਰਾਤੀ ਵੀਲੀਏ ਨੂੰ ਉਡੀਕ ਰਹੇ ਸਨ, ਸਮੇਂ ਸਿਰ ਆ ਗਿਆ। ਰਾਮ ਰਾਮ ਕਰਦੇ ਚੌਧਰੀ ਨੇ ਕਿਹਾ- ਤੇਰੀ ਉਮਰ ਬੜੀ ਲੰਬੀ ਹੈ ਵੀਲੀਆ। ਤੇਰਾ ਖ਼ਿਆਲ ਆਇਆ, ਤੂੰ ਹੁੱਕੇ ਸਣੇ ਹਾਜਰ। ਇੱਥੇ ਈ ਕਿਤੇ ਲੁਕਿਆ ਹੋਇਆ ਸੀ?
ਵੀਲੀਏ ਦੇ ਇੱਕ ਹੱਥ ਹੁੱਕਾ ਦੂਜੇ ਹੱਥ ਤਾਰਾਂ ਤਾਲ ਮੜ੍ਹੀ ਹੋਈ ਲਾਠੀ। ਮੋਢੇ ਉੱਪਰ ਪਰਨਾ। ਇੱਕੀ ਗੱਡੇ ਤਿਆਰ ਖੜ੍ਹੇ ਸਨ। ਵੀਲੀਏ ਦੇ ਪੁੱਜਣ ਸਾਰ ਸਭ ਆਪੋ ਆਪਣੀ ਥਾਂ ਡਟ ਗਏ। ਰੱਸੇ ਹਿਲਾਏ ਤਾਂ ਬਲਦਾਂ ਨੇ ਸਿਰ ਹਿਲਾਏ, ਪੂਛਾਂ ਸਿੱਧੀਆਂ ਕੀਤੀਆਂ ਤੇ ਤੁਰ ਪਏ। ਘੁੰਗਰਾਲਾਂ ਸਦਕਾ ਹਵਾ ਦੀ ਲਹਿਰ ਲਹਿਰ ਝੂਮੀ।
ਚਲੋ ਚਾਲ, ਚਲੋ ਚਾਲ, ਬਲਦ ਮੰਜ਼ਲ ਦਰ ਮੰਜ਼ਲ ਅੱਗੇ ਵਧ ਰਹੇ ਸਨ। ਬਾਰਾਂ ਜਮਾ ਬਾਰਾਂ ਯਾਨੀ ਕਿ ਚੌਬੀਸ ਕੋਸ ਬਾਅਦ ਕਿਸੇ ਪਿੰਡ ਦੇ ਤਲਾਬ ਕਿਨਾਰੇ ਬਰਾਤ ਰੁਕੀ। ਬਲਦਾਂ ਨੂੰ ਪਾਣੀ ਪਿਲਾਇਆ, ਫੇਰ ਛਾਂ ਵਿੱਚ ਬੰਨ੍ਹ ਦਿੱਤੇ ਕਿ ਆਰਾਮ ਕਰਨ। ਚੌਧਰੀ ਨੇ ਕਿਹਾ- ਰੋਟੀ ਖਾ ਕੇ ਅੱਗੇ ਤੁਰਾਂਗੇ ਭਾਈ। ਮੈਂ ਆਟਾ, ਘਿਉ, ਦਾਲ, ਮਸਾਲੇ, ਲੈ ਕੇ ਹੁਣੇ ਆਇਆ।
ਵੱਡਾ ਪਿੰਡ ਸੀ। ਸੀਧਾ ਪੱਤਾ ਲੈਣ ਵਾਸਤੇ ਨਾਈ ਅਤੇ ਖੇਸ ਲੈ ਕੇ ਚੌਧਰੀ ਪਿੰਡ ਵੱਲ ਤੁਰ ਪਿਆ। ਦੁਕਾਨ ਤੋਂ ਇੱਕ ਇੱਕ ਕਰਕੇ ਰਸਦਾਂ ਤੁਲਵਾ ਰਿਹਾ ਸੀ ਕਿ ਚੌਧਰੀ ਦੀਆਂ ਨਜ਼ਰਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ! ਬਾਣੀਏਂ ਦਾ ਮੁੰਡਾ, ਬੇਹੱਦ ਸੁਹਣਾ, ਗਲ ਨਾਲ ਲਿਪਟੀ ਨਾਗਣ। ਕਾਲੀ ਸਿਆਹ। ਦੋ ਹੱਥ ਲੰਮੀ। ਨਾ ਮੁੰਡੇ ਨੂੰ ਡਰ ਨਾ ਹੋਰਾਂ ਨੂੰ। ਪਿਆਸ ਲਗਦੀ, ਸੋਨੇ ਦੇ ਕਟੋਰੇ ਵਿੱਚੋਂ ਕੇਸਰ ਮਿਲਿਆ ਦੁੱਧ ਪਿਲਾਉਂਦਾ। ਗੁਲਾਬ, ਚੰਪਾ, ਕਿਉੜੇ ਦੇ ਫੁੱਲ ਸਜਾਂਦਾ।
ਚੌਧਰੀ ਨੇ ਸੋਚਿਆ, ਅੱਜ ਵੀਲੀਏ ਦੀ ਬੰਦ ਮੁਠੀ ਦੇਖਾਂਗੇ ਖੁੱਲ੍ਹੇਗੀ ਕਿ ਨਹੀਂ। ਸੌਦੇ ਦੀ ਗਠੜੀ ਬੰਨ੍ਹ ਕੇ ਤੇਜ਼ ਕਦਮੀ ਪਰਤਿਆ। ਡੇਰੇ ਕੋਲ ਆ ਕੇ ਰਾਸ਼ਣ ਨਾਈ ਦੇ ਸਪੁਰਦ ਕਰਕੇ ਸਿੱਧਾ ਵੀਲੀਏ ਕੋਲ ਆ ਬੈਠਿਆ। ਅਨੋਖੀ ਗੱਲ ਸੁਣਕੇ ਚੈਨ ਕਿੱਥੇ? ਤੁਰਤ ਬੋਲਿਆ- ਵੀਲੀਆ ਅੱਜ ਹੋਏਗੀ ਤੇਰੀ ਪਰਖ। ਇਸ ਗੱਲ ਦਾ ਮਾਇਨਾ ਨਾ ਦੱਸਿਆ ਤਾਂ ਲੱਡੂ ਜਲੇਬੀਆਂ ਵਾਪਸ ਧਰਵਾਲੂੰਗਾ। ਜੇ ਦੱਸ ਦਿੱਤਾ, ਖਰੇ ਸੋਨੇ ਪੰਜ ਤੋਲੇ ਦਾ ਕੈਂਠਾ ਘੜਵਾ ਦਿਊਂਗਾ।
ਫਿਰ ਉਸਨੇ ਵੀਲੀਏ ਨੂੰ ਬਾਣੀਏ ਪੁੱਤਰ ਦੇ ਗਲ ਵਿੱਚ ਲਿਪਟੀ ਨਾਗਣ ਦੀ ਗੱਲ ਸੁਣਾਈ। ਵੀਲੀਏ ਨੇ ਕੋਈ ਜਵਾਬ ਨਹੀਂ ਦਿੱਤਾ ਚੌਧਰੀ ਹੱਸਿਆ- ਹੁੱਕੇ ਦੇ ਧੂੰਏਂ ਵਿੱਚ ਉਲਝਣ ਨਾਲ ਖਹਿੜਾ ਨਹੀਂ ਛੁਟਣਾ। ਅੱਜ ਤਾਂ ਹੱਥ ਕੰਨ ਖ਼ਾਲੀ ਕਰਵਾਕੇ ਰਹੂੰਗਾ।
ਵੀਲੀਆ ਹੱਸ ਪਿਆ- ਚੌਧਰੀ ਲੱਡੂ ਜਲੇਬੀਆਂ ਨਹੀਂ ਖੁਆਣੀਆਂ ਨਾ ਸਹੀ ਪਰ ਗੱਲ ਬੜੀ ਜਬਰਦਸਤ ਹੈ। ਸਾਰੇ ਬਰਾਤੀ ਸੁਣਨ ਤਾਂ ਬਹੁਤਾ ਆਨੰਦ ਆਏ। ਇਹ ਕੋਈ ਉਬਾਸੀ ਨਹੀਂ ਕਿ ਬੰਦਾ ਇਕੱਲਾ ਜ਼ਾਇਕਾ ਲੈ ਲਵੇ!
ਸਾਰੇ ਬਰਾਤੀ ਇਕੱਠੇ ਹੋ ਗਏ, ਵੀਲੀਆ ਗੱਲ ਦਾ ਮਾਇਨਾ ਸਮਝਾਉਣ ਲੱਗਾ। ਨਾਗਣ ਨੂੰ ਸੋਨੇ ਦੇ ਕਟੋਰੇ ਵਿੱਚ ਦੁੱਧ ਪਿਲਾਉਣ ਵਾਲਾ ਛੋਕਰਾ ਇਸੇ ਪਿੰਡ ਦੇ ਸੇਠ ਕਰੋੜੀ ਮੱਲ ਦਾ ਇਕਲੌਤਾ ਬੇਟਾ ਹੈ। ਹੁਣ ਤਾਂ ਸੇਠ ਸੇਠਾਣੀ ਦੀ ਉਮਰ ਸੱਠ ਪਾਰ ਕਰ ਗਈ ਪਰ ਜੰਮਣ ਸਾਰ ਤਾਂ ਸੱਠ ਸਾਲ ਦੇ ਨਹੀਂ ਸਨ। ਗੋਡਣੀਏਂ ਰੁੜ੍ਹਦੇ ਪੈਰੀਂ ਖੜ੍ਹੇ ਹੋਏ, ਫਿਰ ਬਚਪਨ। ਬਚਪਨ ਬੀਤਿਆ ਜਵਾਨੀ ਚੜ੍ਹੀ, ਵਿਆਹ ਹੋਇਆ। ਲਾੜਾ ਪੰਦਰਾਂ ਸਾਲ ਦਾ ਲਾੜੀ ਗਿਆਰਾਂ ਦੀ। ਤਿੰਨ ਸਾਲ ਬਾਅਦ ਮੁਕਲਾਵਾ ਲਿਆ। ਇੱਕ ਸਾਲ ਬੀਤਿਆ, ਦੋ ਸਾਲ ਬੀਤੇ, ਪੂਰੇ ਪੱਚੀ ਸਾਲ ਬੀਤ ਗਏ ਪਰ ਸੇਠਾਣੀ ਦੀ ਕੁੱਖ ਹਰੀ ਨਾ ਹੋਈ। ਸੇਠ ਦੇ ਸਿਰ ਅਤੇ ਦਾਹੜੀ ਉੱਪਰ ਸਫ਼ੈਦ ਵਾਲ ਦਿਸਣ ਲਗੇ ਪਰ ਸੰਤਾਨ ਦੀ ਆਸ ਪੂਰੀ ਨਾ ਹੋਈ। ਹਵੇਲੀ ਵਿੱਚ ਮਾਇਆ ਦਾ ਤਾਂ ਕੋਈ ਹਿਸਾਬ ਹੀ ਨਹੀਂ ਸੀ। ਰਾਜੇ ਦੇ ਖ਼ਜ਼ਾਨੇ ਵਿੱਚ ਕਦੇ ਕਮੀ ਆ ਜਾਂਦੀ ਤਾਂ ਸੇਠ ਇੱਜ਼ਤ ਰੱਖਦਾ। ਮਹਾਰਾਜਾ ਆਪਣੇ ਬਰਾਬਰ ਸਿੰਘਾਸਨ ਤੇ ਬਿਠਾਉਂਦਾ। ਅਣਗਿਣਤ ਮਾਇਆ, ਮਹਿਲ ਵਿੱਚ ਰੁਤਬਾ ਪਰ ਨਿਰਸੰਤਾਨ ਦੀ ਚਿਕ ਚਿਕ ਕੰਨੀ ਪੈਂਦੀ ਤਾਂ ਕਾਲਜੇ ਉੱਪਰ ਆਰੀ ਚਲਦੀ। ਜਨਾਨੀ ਹੋਣ ਦੇ ਬਾਵਜੂਦ ਸੇਠਾਣੀ ਨੇ ਹੌਸਲਾ ਰੱਖਿਆ ਪਰ ਸੇਠ ਦਾ ਦੁਖ ਘਟਦਾ ਨਹੀਂ ਸੀ। ਅੰਦਰੇ ਅੰਦਰ ਸੁਲਗਦਾ ਰਹਿੰਦਾ। ਹਰਦਮ ਉਸਨੂੰ ਉਦਾਸ ਦੇਖ ਕੇ ਸੇਠਾਣੀ ਝੂਰਦੀ। ਸਮਝਾਉਂਦੀ ਕਿ ਚਿੰਤਾ ਕਰਨ ਨਾਲ ਕੀ ਮਿਲੇਗਾ? ਕਿਉਂ ਖ਼ੂਨ ਫੂਕਦੇ ਹੋ? ਮਰਨ ਪਿੱਛੋਂ ਨਾ ਬੇਟੇ ਨਾਲ ਜਾਂਦੇ ਹਨ ਨਾ ਬਹੂਆਂ ਤੇ ਨਾ ਪੋਤੇ!
ਸੇਠ ਹਉਕਾ ਲੈਂਦਾ, ਆਖਦਾ- ਮੇਰਾ ਦਰਦ ਮੈਂ ਹੀ ਜਾਣਦਾਂ, ਤੈਨੂੰ ਇਸ ਦੀ ਖ਼ਬਰ ਨਹੀਂ। ਰਾਜ ਸਿੰਘਾਸਨ ਬਰਾਬਰ ਬੈਠਣ ਵਾਲੇ ਸੇਠ ਦੀ ਸਵੇਰ ਸਾਰ ਲੋਕ ਸ਼ਕਲ ਤੱਕ ਨਹੀਂ ਦੇਖਣੀ ਚਾਹੁੰਦੇ। ਪਰ੍ਹੇ ਮੂੰਹ ਕਰਕੇ ਥੁੱਕ ਦਿੰਦੇ ਨੇ ਤਾਂ ਜੀਅ ਕਰਦੈ ਖੂਹ ਟੋਭੇ ਵਿੱਚ ਛਾਲ ਮਾਰ ਦਿਆਂ। ਸਾਡੇ ਪਿੱਛੋਂ ਵੰਸ਼ ਦਾ ਨਾਮ ਮੁਕ ਜਾਏਗਾ। ਕੀ ਕਰਨਾ ਏਨੀ ਕਮਾਈ ਦਾ ਜਦ ਇਸਦਾ ਰਖਵਾਲਾ ਕੋਈ ਨਹੀਂ। ਜਿੱਥੇ ਰੋਟੀ ਨਹੀਂ ਮਿਲਦੀ ਉੱਥੇ ਮੁੰਡਿਆਂ ਦੀਆਂ ਕਤਾਰਾਂ ਲੱਗੀਆਂ ਖੜੀਆਂ ਨੇ, ਉੱਥੇ ਨੀ ਰੱਬ ਮੁੱਠੀ ਮੀਚਦਾ। ਵਣਜ ਵਪਾਰ ਕਰੀ ਤਾਂ ਜਾਨਾ, ਚੰਗਾ ਕੁਝ ਨੀ ਲਗਦਾ।
ਲੋਕਾਂ ਦੇ ਦੱਸੇ ਦਸਾਏ ਸੇਠ ਨੇ ਬਥੇਰੇ ਟੂਣੇ ਟਾਮਣ ਕੀਤੇ, ਪੂੰਜੀ ਨੂੰ ਬੜੀ ਧੂਪ ਦਿੱਤੀ ਪਰ ਇੱਛਾ ਪੂਰੀ ਨਾ ਹੋਈ। ਹੀਰੇ ਮੋਤੀਆਂ ਦੇ ਚਾਨਣ ਸਦਕਾ ਸੇਠਾਣੀ ਦੀ ਕੁੱਖ ਦਾ ਨ੍ਹੇਰਾ ਦੂਰ ਨਾ ਹੋਣਾ ਸੀ ਨਾ ਹੋਇਆ।
ਇੱਕ ਦਿਨ ਤਾਂ ਪਾਣੀ ਸਿਰ ਉੱਪਰੋਂ ਦੀ ਲੰਘ ਗਿਆ। ਅਖਾਤੀਜ ਦੀ ਸੁੱਖ ਤਾਰਨ ਇੱਕ ਜੱਟ ਖੇਤ ਵੱਲ ਜਾ ਰਿਹਾ ਸੀ ਕਿ ਸਾਹਮਣਿਓਂ ਸੇਠ ਆਉਂਦਾ ਦੇਖਿਆ। ਜੱਟ ਉਥੀ ਰੁਕ ਗਿਆ, ਅੱਗੇ ਪੈਰ ਈ ਨੀ ਪੁੱਟਿਆ, ਤਿੰਨ ਵਾਰ ਜ਼ਮੀਨ ਤੇ ਥੁੱਕਿਆ, ਤੁਰੰਤ ਵਾਪਸ ਮੁੜ ਗਿਆ। ਨਾ ਸੇਠ ਦਾ ਲਿਹਾਜ਼ ਨਾ ਉਸਦੀ ਅਣਗਿਣਤ ਮਾਇਆ ਦਾ। ਸੇਠ ਜਿੱਥੇ ਸੀ ਉੱਥੀ ਪੈਰ ਜਮ ਗਏ, ਅੱਖਾਂ ਅੱਗੇ ਨ੍ਹੇਰਾ ਛਾ ਗਿਆ। ਸਿਰ ਫੜਕੇ ਉਥੀ ਬੈਠ ਗਿਆ। ਲਾਹਣਤ ਹੈ ਇਹੋ ਜਿਹੇ ਜੀਉਣ ਦੇ! ਇਹੀ ਦਿਨ ਦੇਖਣਾ ਬਾਕੀ ਸੀ? ਮਰਨ ਪਿੱਛੋਂ ਮੇਰੀ ਦੌਲਤ ਦੀ ਇਹੋ ਹਾਲਤ ਹੋਏਗੀ! ਚਕਰਚੂੰਢੇ ਵਾਂਗ ਧਰਤੀ ਠਣਨ ਠਣਨ ਘੁੰਮਣ ਲੱਗੀ। ਗਸ਼ ਖਾ ਕੇ ਸੇਠ ਜ਼ਮੀਨ ‘ਤੇ ਡਿੱਗ ਪਿਆ।
ਸਵੇਰੇ ਆਵਾਜਾਈ ਚਾਲੂ ਹੋਈ ਤਾਂ ਮਾਇਆ ਪਤੀ ਸੇਠ ਰੇਤ ਮਿੱਟੀ ਵਿੱਚ ਡਿੱਗਾ ਮਿਲਿਆ। ਪੱਖਾ ਝੱਲਿਆ, ਅੱਖਾਂ ਤੇ ਠੰਢੇ ਪਾਣੀ ਦੇ ਛਿੱਟੇ ਮਾਰੇ। ਅੱਧ ਪਚੱਧੀਆਂ ਅੱਖਾਂ ਖੁੱਲ੍ਹੀਆਂ। ਹਵੇਲੀ ਲੈ ਆਏ। ਪੱਖੀ ਝਲਦੀ ਝਲਦੀ ਸੇਠਾਣੀ ਨੂੰ ਰੁਕ ਰੁਕ ਕੇ ਹੋਈ ਬੀਤੀ ਗੱਲ ਸੁਣਾਈ। ਅੱਖਰ ਅੱਖਰ ਸੇਠਾਣੀ ਦੇ ਕਾਲਜੇ ਉੱਪਰ ਅੰਗਿਆਰ ਵਾਂਗ ਲੱਗਾ। ਤੱਤੇ ਤੱਤੇ ਹੰਝੂ ਵਗਣ ਲੱਗੇ। ਸੇਠਾਣੀ ਦਾ ਵੀ ਸਬਰ ਡੋਲ ਗਿਆ। ਮਾਲਕ ਦਾ ਦੁੱਖ ਕਿਵੇਂ ਸਹੇ? ਕੁੱਖ ਨਾਲ ਤਾਂ ਦਗਾ ਨਹੀਂ ਹੋ ਸਕਦਾ, ਪਤੀ ਨੂੰ ਭਰਮਾਉਣ ਲਈ ਤਾਂ ਕੋਈ ਛਲ ਕਰਨਾ ਪਵੇਗਾ। ਕਿਸੇ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਆਪੇ ਇੱਕ ਜੁਗਤ ਬਣਾਈ।
ਕੁਝ ਦੇਰ ਬਾਅਦ ਸੇਠ ਦਾ ਸਿਰ ਘੁਟਦਿਆਂ ਉਸਨੇ ਕਿਹਾ- ਦਿਲ ਛੋਟਾ ਨਾ ਕਰੋ। ਮੈਂ ਇੱਕ ਮੰਤਰ ਸਿੱਧ ਕਰੂੰਗੀ। ਨੌਵੇਂ ਮਹੀਨੇ ਇਸ ਹਵੇਲੀ ਵਿੱਚ ਥਾਲੀ ਨਾ ਵੱਜੀ ਤਾਂ ਮੇਰੀ ਕਿਸੇ ਗੱਲ ਤੇ ਭਰੋਸਾ ਨਾ ਕਰਿਉ। ਜੇ ਤੁਸੀਂ ਫ਼ਿਕਰ ਵਿੱਚ ਖ਼ੂਨ ਸਾੜਿਆ ਤਾਂ ਮੰਤਰ ਨਹੀਂ ਸਿਧੇਗਾ। ਵਾਅਦਾ ਕਰੋ ਹੁਣ ਉਦਾਸ ਨਹੀਂ ਹੋਵੋਗੇ।
ਮੁਸਕਾਨ ਦੀ ਕੋਸ਼ਿਸ਼ ਕਰਦਿਆਂ ਸੇਠ ਨੇ ਕਿਹਾ- ਤੇਰੀ ਗੱਲ ਸੱਚ ਹੋ ਜਾਏ ਤਾਂ ਮੈਂ ਹਰ ਵਕਤ ਮੁਸਕਾਂਦਾ ਰਹਾਂ।
ਸੇਠਾਣੀ ਨੇ ਕਿਹਾ- ਤੁਹਾਡੇ ਹੋਠਾਂ ਦੀ ਮੁਸਕਾਨ ਨਾਲ ਮੇਰੀ ਕੁੱਖ ਵਿੱਚ ਚਾਨਣ ਹੋਏਗਾ।
ਇਸ ਭਰੋਸੇ ਤੋਂ ਬਾਅਦ ਸੇਠ ਮੁਸਕਾਣ ਲੱਗਾ, ਹੱਸਣ ਵਾਲੀ ਗੱਲ ਨਾ ਵੀ ਹੁੰਦੀ, ਹੱਸ ਪੈਂਦਾ। ਇੱਕ ਭਰੋਸੇਯੋਗ ਨੈਣ ਨੂੰ ਸੇਠਾਣੀ ਨੇ ਦਿਲ ਦਾ ਭੇਦ ਦੱਸ ਦਿੱਤਾ। ਸਾਰੀ ਗੱਲ ਦੱਸ ਕੇ ਇੱਕ ਸੌ ਇੱਕ ਮੁਹਰਾਂ ਦੀ ਥੈਲੀ ਦਿੰਦਿਆਂ ਕਹਿਣ ਲੱਗੀ। ਆਪਣੇ ਦੋਵਾਂ ਤੋਂ ਇਲਾਵਾ ਇਸ ਗੱਲ ਦਾ ਕਿਸੇ ਨੂੰ ਪਤਾ ਨਾ ਲੱਗੇ।
ਨੈਣ ਚੰਗੀ ਸੀ। ਮੁਹਰਾਂ ਦੀ ਥੈਲੀ ਵਾਪਸ ਕਰਦਿਆਂ ਬੋਲੀ- ਇਹ ਮੇਰਾ ਘਰ ਹੈ। ਜ਼ਰੂਰਤ ਪਈ ਤਾਂ ਮੰਗ ਲਾਂਗੀ। ਤੁਹਾਡੇ ਪਾਸ ਇਹ ਮੁਹਰਾਂ ਮੇਰੀ ਅਮਾਨਤ। ਹੁਣ ਤਾਂ ਜਦੋਂ ਗੱਲ ਸੱਚ ਹੋਈ, ਉਦੋਂ ਮੁਹਰਾਂ ਲਵਾਂਗੀ। ਮਾਂ ਦਾ ਜੀਅ ਸੱਚਾ ਹੋਵੇ ਤਾਂ ਕੁੱਖ ਤੋਂ ਬਾਹਰ ਵੀ ਬੱਚੇ ਦਾ ਜਨਮ ਹੋ ਸਕਦਾ ਹੈ, ਕੁੱਖੋਂ ਜਾਏ ਤੋਂ ਵੀ ਵਧੀਆ!
ਨੈਣ ਦੀ ਠੋਡੀ ਛੂਹ ਕੇ ਸੇਠਾਣੀ ਨੇ ਕਿਹਾ- ਤੇਰੇ ਮੂੰਹ ਵਿੱਚ ਘਿਉ ਸ਼ੱਕਰ! ਏਸ ਸਤ ਦੀ ਪਰਖ ਕਰਨ ਵਾਸਤੇ ਮੈਂ ਨਵੀਂ ਕੁੱਖ ਸਿਰਜਾਂਗੀ। ਇਹ ਸਤ ਵਿਧਾਤਾ ਦੀ ਕੁੱਖ ਦੇ ਭਰੋਸੇ ਨਹੀਂ। ਇਸ ਦੀ ਤਾਂ ਕੁੱਖ ਹੀ ਹੋਰ ਹੈ। ਮੈਂ ਨਵੀਂ ਕੁੱਖ ਦੀ ਖੋਜ ਕਰਾਂਗੀ।
ਸੇਠ ਦੀ ਮੁਸਕਾਨ ਨਿਰੰਤਰ ਜਾਰੀ। ਹਫ਼ਤੇ ਕੁ ਬਾਅਦ ਨੈਣ ਭੱਜੀ ਭੱਜੀ ਸੇਠ ਕੋਲ ਆਈ- ਵਧਾਈ ਮੂੰਹ ਮੰਗੀ ਲਉਂਗੀ, ਕਿਰਸ ਨਾ ਕਰਿਓ। ਸੇਠਾਣੀ ਦੀ ਕੁੱਖ ਹਰੀ ਹੋਈ! ਨੌਂ ਮਹੀਨਿਆਂ ਬਾਅਦ ਹਵੇਲੀ ਵਿੱਚ ਬੱਚੇ ਦੀ ਆਵਾਜ਼ ਸੁਣਿਓਂ।
ਏਨੀ ਖ਼ੁਸ਼ੀ, ਸੇਠ ਤੋਂ ਬੋਲਿਆ ਨਹੀਂ ਗਿਆ, ਲਗਾਤਾਰ ਮੂੰਹ ਚੁੱਕੀ ਨੈਣ ਵੱਲ ਦੇਖਦਾ ਰਿਹਾ।ਨੈਣ ਨੇ ਬੱਚਾ ਜਿਵੇਂ ਗੋਦੀ ਚੁੱਕ ਰੱਖਿਆ ਹੋਵੇ। ਥਿੜਕਦੀ ਆਵਾਜ਼ ਵਿੱਚ ਕਿਹਾ- ਨੌ ਤੋਲਿਆਂ ਦਾ ਹਾਰ ਵੀ ਤੇਰੇ ਵਾਸਤੇ ਘੱਟ ਹੈ।
ਨੈਣ ਹੱਸੀ- ਸਾਡੇ ਗ਼ਰੀਬਾਂ ਦੇ ਜਦੋਂ ਆਸ ਲਗਦੀ ਹੈ ਤਾਂ ਪਾਂਡੂ ਮਿੱਟੀ, ਤਲੋਏ, ਭੁੱਜੀ ਜਵਾਰ ਨਾਲ ਸਬਰ ਕਰ ਲੈਂਨੀਆਂ ਪਰ ਸੇਠਾਣੀ ਸੇਠਾਣੀ ਹੈ। ਪਿਉਂਦੀ ਬੇਰ ਮੰਗਾਇਓ, ਛੁਹਾਰੇ, ਦਾਖਾਂ ਮੰਗਵਾਉ, ਕੜਾਹ, ਮਾਲ੍ਹਪੂੜੇ, ਨੀਂਬੂ ਦਾ ਆਚਾਰ, ਅੰਬ ਦਾ ਆਚਾਰ, ਇਮਲੀ, ਸਾਰਾ ਕੁਝ ਤਾਂ ਤੁਹਾਡੇ ਘਰ ਪਹਿਲੋਂ ਹੀ ਪਿਐ। ਤੁਹਾਨੂੰ ਕਾਹਦੀ ਚਿੰਤਾ?
ਸੇਠ ਨਿਮਰਤਾ ਨਾਲ ਬੋਲਿਆ- ਨਹੀਂ, ਨਹੀਂ ਇਮਲੀ ਉਮਲੀ ਨੀਂ। ਇਹ ਤਾਂ ਨੁਕਸਾਨ ਕਰ ਸਕਦੀ ਐ। ਪਛਤਾਵਾ ਹੋ ਜੂ।
ਨੈਣ ਘੁੰਡ ਵਿੱਚ ਮੁਸਕਾਈ- ਮਰਦਾਂ ਨੂੰ ਇਨਾਂ ਗੱਲਾਂ ਦਾ ਕੀ ਪਤਾ? ਜਣੇਪਾ ਬੜਾ ਖ਼ਤਰਨਾਕ ਹੋਇਆ ਕਰਦੈ। ਧਨ ਦੌਲਤ ਦੇ ਖੂਹ ਇੱਥੇ ਕੰਮ ਨੀ ਆਉਂਦੇ। ਖੱਟੀ ਲੱਸੀ ਵਿੱਚ ਮਿਰਚਾਂ ਘੋਲ ਕੇ ਵੀ ਪੀਣੀਆਂ ਪੈਂਦੀਆਂ ਨੇ। ਕਦੇ ਕਦੇ ਪਿਸਤੇ ਬਦਾਮਾਂ ਨਾਲੋਂ ਕੱਚੀ ਅੰਬੀ ਵੱਧ ਸੁਆਦ ਲਗਦੀ ਹੈ।
-ਫਿਰ ਮੈਨੂੰ ਦੱਸਣ ਦੀ ਕੀ ਲੋੜ? ਜੋ ਠੀਕ ਲੱਗੇ ਸੋ ਕਰੋ। ਜਿਹੜੀ ਚੀਜ਼ ਦਾ ਨਾਮ ਲਏਂਗੀ ਢੇਰ ਲਾ ਦਿਉਂਗਾ।
ਨੈਣ ਚਲੀ ਗਈ। ਸੇਠ ਨੂੰ ਸਬਰ ਕਿੱਥੇ? ਧਮ ਧਮ ਪੌੜੀਆਂ ਚੜ੍ਹਦਾ ਸੇਠਾਣੀ ਕੋਲ ਗਿਆ। ਅੱਖਾਂ ਵਿੱਚ ਖ਼ੁਸ਼ੀ ਦਾ ਅੰਤ ਨਹੀਂ, ਕਿਹਾ- ਮੇਰੇ ਆਨੰਦ ਨੂੰ ਤਾਂ ਭਗਵਾਨ ਵੀ ਨਹੀਂ ਜਾਣਦਾ। ਕੋਈ ਸਾਰੀ ਦੌਲਤ ਮੰਗ ਲੈਂਦਾ ਮੈਂ ਨਾਂਹ ਨਾ ਕਰਦਾ। ਅੱਜ ਪਤਾ ਲੱਗਾ ਦੁਨੀਆ ਵਿੱਚ ਧਨ ਸਾਰਾ ਕੁਝ ਨਹੀਂ। ਵਧਾਈ ਵਾਸਤੇ ਸੋਨੇ ਦੇ ਹਾਰ ਘੜਾ ਕੇ ਰੱਖੂੰਗਾ।
ਫਿਰ ਕੁਝ ਰੁਕ ਕੇ ਬੋਲਿਆ- ਹੋਰ ਕੀ ਕਹਿਣਾ! ਤੇਰੀ ਸਾਵਧਾਨੀ ਹੀ ਕੰਮ ਆਏਗੀ। ਕਿਸੇ ਹੋਰ ਦੀਆਂ ਨਸੀਹਤਾਂ ਹਦਾਇਤਾਂ ਕੰਮ ਨੀ ਆਉਣੀਆਂ। ਇਨ੍ਹਾਂ ਗਵਾਰਾਂ ਦੀਆਂ ਗੱਲਾਂ ਵਿੱਚ ਆ ਕੇ ਕੋਈ ਐਸੀ ਵੈਸੀ ਚੀਜ਼ ਨਾ ਖਾ ਲਵੀਂ। ਇਨ੍ਹਾਂ ਦੇ ਤਾਂ ਪੱਥਰ ਵੀ ਪਚ ਜਾਂਦੈ, ਸਾਡੀ ਗੱਲ ਹੋਰ ਐ। ਖੱਟੀ ਲੱਸੀ ਵਿੱਚ ਮਿਰਚਾਂ ਪਾ ਕੇ ਪੀਣ ਨਾਲ ਬੱਚੇ ਨੂੰ ਅੱਗ ਨਾ ਲੱਗ ਜਾਏਗੀ? ਦਿਲ ਕਰੜਾ ਕਰਕੇ ਰੱਖੀਂ। ਤੂੰ ਮੇਰੇ ਤੋਂ ਗੱਲ ਕਿਉਂ ਛਿਪਾਈ? ਸਾਰਿਆਂ ਤੋਂ ਪਹਿਲਾਂ ਤੈਨੂੰ ਹੀ ਵਧਾਈ ਦੇਣੀ ਸੀ।
ਕੀ ਜਵਾਬ ਦਿੰਦੀ? ਚੁੱਪ ਖੜ੍ਹੀ ਰਹੀ। ਸੇਠ ਦੇ ਬੋਲਾਂ ਨੂੰ ਅੱਜ ਖੰਭ ਲੱਗ ਗਏ। ਪੁੱਛਿਆ- ਚੰਗੀ ਤਰ੍ਹਾਂ ਪਤਾ ਤਾਂ ਕਰ ਲਿਆ ਨਾ? ਕਿਤੇ ਐਵੇਂ ਤਾਂ ਨੀ ਗੱਲ?
-ਕਿਉਂ ਫ਼ਜ਼ੂਲ ਦੀਆਂ ਗੱਲਾਂ ਨਾਲ ਸਿਰ ਖਪਾਈ ਕਰਦੇ ਹੋ? ਕਿਸੇ ਹੋਰ ਕੋਲ ਇਹੋ ਜਿਹੀ ਕਮਲੀ ਗੱਲ ਨਾ ਕਰਨੀ। ਤੁਹਾਡਾ ਕੀ, ਹੱਸਣਗੇ ਤਾਂ ਲੋਕ ਮੇਰੇ ਉੱਪਰ?
-ਇਸ ਵਿੱਚ ਹੱਸਣ ਦੀ ਕੀ ਗੱਲ? ਦੁਨੀਆ ਜੁਆਕ ਜੰਮ ਜੰਮ ਥਕ ਗਈ ਅਸੀਂ ਤਾਂ ਹੱਸੇ ਨੀ ਕਿਸੇ ਤੇ।
ਉਸ ਦਿਨ ਤੋਂ ਸੇਠ ਨੇ ਬਾਕੀ ਸਭ ਹਿਸਾਬ ਕਿਤਾਬ ਛੱਡ ਦਿੱਤੇ, ਵਹੀ ਉੱਪਰ ਤਰੀਕ ਮਹੀਨਾ ਲਿਖ ਕੇ ਸਮੇਂ ਦਾ ਹਿਸਾਬ ਰੱਖਣ ਲੱਗਾ। ਇੱਕ ਘੜੀ ਬੀਤੀ, ਦੋ ਘੜੀਆਂ ਬੀਤੀਆਂ। ਸ਼ਾਮ ਪਈ। ਅੱਧੀ ਰਾਤ ਹੋਈ। ਸਵੇਰਾ ਹੋਇਆ, ਸੋਨੇ ਦਾ ਸੂਰਜ ਚੜ੍ਹਿਆ। ਪੱਠਾ ਕਿਵੇਂ ਹੌਲ਼ੀ ਹੌਲ਼ੀ ਚੜ੍ਹਦਾ ਹੈ। ਕੀੜੀ ਦੀ ਚਾਲ ਆਸਮਾਨ ਵੱਲ ਵਧਦਾ ਹੈ। ਕਿਤੇ ਚਿਪਕ ਤਾਂ ਨੀ ਗਿਆ? ਸਰਕਦਾ ਈ ਨੀਂ। ਕਿੰਨੀ ਦੇਰ ਬਾਅਦ ਸ਼ਾਮ ਹੋਈ। ਇਹ ਕਾਲੀ ਕਲੂਟੀ ਰਾਤ ਢਲੇਗੀ ਕਿ ਨਹੀਂ? ਕਿਤੇ ਦੋ ਪਖਵਾੜੇ ਤੱਕ ਸੂਰਜ ਚੜ੍ਹੇ ਈ ਨਾ! ਰਿਸ਼ਵਤ ਲੈ ਕੇ ਕੋਈ ਦਿਨ ਛੋਟੇ ਕਰ ਦੇਵੇ, ਸਾਰੀ ਮਾਇਆ ਦੇ ਦਏ। ਭਗਵਾਨ ਰੁੱਸ ਤਾਂ ਨਹੀਂ ਗਿਆ? ਇੱਕ ਇੱਕ ਦਿਨ ਸਾਲ ਸਾਲ ਜਿੱਡਾ! ਰਾਮ ਜਾਣੇ ਨੌ ਮਹੀਨੇ ਕਦ ਪੂਰੇ ਹੋਣਗੇ! ਗ਼ਰੀਬਾਂ ਦੇ ਵੀ ਨੌ ਮਹੀਨੇ, ਅਮੀਰਾਂ ਦੇ ਵੀ ਨੌ ਮਹੀਨੇ! ਇਹ ਕੀ ਨਿਆਂ ਹੋਇਆ? ਭਗਵਾਨ ਦਾ ਵੀ ਦਿਮਾਗ਼ ਕੰਮ ਨਹੀਂ ਕਰਦਾ। ਮੂਰਖ। ਜਾਹਲ।
ਨਿੱਤ ਨਵੀਂ ਸਵੇਰ ਸੇਠਾਣੀ ਦੇ ਪੇਟ ਵੱਲ ਦੇਖਦਾ। ਪੇਟ ਤਾਂ ਜਿੱਥੇ ਸੀ ਉੱਥੇ ਹੀ ਹੈ, ਫਰਕ ਤਾਂ ਪਿਆ ਨਹੀਂ। ਗ਼ਰੀਬਣੀਆਂ, ਅਭਾਗਣੀਆਂ ਦੇ ਪੇਟ ਢੋਲ ਵਾਂਗ ਫੁੱਲੇ ਈ ਰਹਿੰਦੇ ਨੇ!
ਜੁੱਗਾਂ ਪਿੱਛੋਂ ਸੱਤ ਮਹੀਨੇ ਪੂਰੇ ਹੋਏ। ਸੇਠ ਨੂੰ ਇਉਂ ਲੱਗਾ ਜਿਵੇਂ ਮਾੜਾ ਮੋਟਾ ਪੇਟ ਉਭਰਿਆ ਹੋਵੇ ਪਰ ਹੁਣ ਬਾਕੀ ਦੋ ਮਹੀਨੇ ਕਿਵੇਂ ਕੱਢਾਂਗੇ? ਹੁਣ ਤੱਕ ਤਾਂ ਕੁਦਰਤ ਤੋਂ ਕੋਈ ਭੁੱਲ ਨਹੀਂ ਹੋਈ, ਅੱਗੇ ਦੀ ਜ਼ਿੰਮੇਵਾਰੀ ਕੌਣ ਲਵੇ? ਸੇਠਾਣੀ ਨੂੰ ਘੜੀ ਘੜੀ ਪੁੱਛਦਾ- ਜ਼ਿਆਦਾ ਤਕਲੀਫ਼ ਤਾਂ ਨਹੀਂ? ਥੋੜ੍ਹੇ ਕੁ ਦਿਨ ਹੋਰ ਜੀ ਕਰੜਾ ਰਖ, ਥੋੜ੍ਹੇ ਕੁ ਦਿਨ।
ਸਾਰੇ ਦੇਸ ਵਿੱਚ ਰੌਲਾ ਪੈ ਗਿਆ ਕਿ ਸੇਠਾਣੀ ਦਾ ਪੈਰ ਭਾਰੀ ਹੈ। ਨੌਵਾਂ ਮਹੀਨਾ ਲੱਗਣ ਵਾਲਾ ਹੈ। ਲੱਖਾਂ ਰੁਪਏ ਵਾਰੇ ਜਾਣਗੇ। ਗੁੜ ਦਾ ਪਹਾੜ ਵੰਡਿਆ ਜਾਏਗਾ। ਸਾਰੇ ਬਜ਼ਾਰ ਵਿੱਚੋਂ ਪਤਾ ਨਹੀਂ ਇੰਨੇ ਪਤਾਸੇ ਮਖਾਣੇ ਮਿਲ ਜਾਣਗੇ ਕਿ ਨਹੀਂ? ਪਰ ਸੇਠਾਂ ਕੋਲ ਕਾਹਦੀ ਕਮੀ! ਪਰਦੇਸਾਂ ਵੱਲ ਗੱਡਿਆਂ ਦੀਆਂ ਕਤਾਰਾਂ ਤੋਰ ਦੇਣਗੇ। ਬੱਚੇ ਬੁੱਢੇ ਕੰਮੀ ਕਾਰੀਂ ਲੋਕ ਸ਼ੁਭ ਦਿਨ ਦਾ ਹਿਸਾਬ ਲਾਉਣ ਲੱਗੇ।
ਸੇਠ ਨੂੰ ਵਧਾਈ ਦੇਣ ਦੀ ਉਡੀਕ ਤੀਬਰਤਾ ਨਾਲ ਕਰਨ ਲੱਗੇ। ਅਜੇ ਰਾਤ ਬੀਤੀ ਨਾ ਹੁੰਦੀ, ਸੇਠ ਦੇ ਦਰਵਾਜਿਉਂ ਕਨਸੋਆਂ ਲੈਂਦੇ ਫਿਰਦੇ। ਉੱਚੇ ਥੜ੍ਹੇ ਤੇ ਖਲੋਕੇ ਸੇਠ ਸਭ ਨੂੰ ਦਰਸ਼ਨ ਦਿੰਦਾ। ਸੇਠ ਦਾ ਚਿਹਰਾ ਦੇਖ ਕੇ ਸੂਰਜ ਵੱਲ ਮੂੰਹ ਕਰਦੇ। ਸ਼ਾਮ ਦੀਵਾ ਬੱਤੀ ਵੇਲੇ ਫਿਰ ਉਹੀ ਮੇਲਾ। ਦਰਸ਼ਨ ਦੇਣ ਵਿੱਚ ਸੇਠ ਇੰਨਾ ਉਲਝ ਜਾਂਦਾ ਕਿ ਖਾਣਾ ਖਾਣਾ ਭੁੱਲ ਜਾਂਦਾ। ਅਖ਼ਾਤੀਜ ਵਾਲੀ ਗੱਲ ਅਜੇ ਤੱਕ ਉਸਦੇ ਕਾਲਜੇ ਵਿੱਚ ਰੜਕ ਰਹੀ ਸੀ।
ਨੌਵੇਂ ਮਹੀਨੇ ਸੇਠਾਣੀ ਕਨਾਤਾਂ ਤਾਣ ਕੇ ਲੇਟ ਗਈ। ਬਾਹਮਣਾਂ, ਪੰਡਿਤਾਂ ਨੇ ਖ਼ੁਦ ਸੇਠ ਨੂੰ ਕਹਿ ਦਿੱਤਾ- ਸੇਠਾਣੀ ਕੋਲ ਨਹੀਂ ਜਾਣਾ। ਸੇਠ ਨੇ ਇਹ ਗੱਲ ਬੜੀ ਔਖੀ ਮੰਨੀ। ਕਨਾਤ ਦੇ ਬਾਹਰੋਂ ਸੁੱਖ ਸਾਂਦ ਪੁੱਛ ਲੈਂਦਾ। ਬਾਹਮਣਾਂ ਨੇ ਦੱਸਿਆ ਕਿ ਕੱਲ੍ਹ ਨੌਵਾਂ ਮਹੀਨਾ ਉਤਰਨ ਵਾਲਾ ਹੈ। ਸੇਠ ਉਸ ਦਰਵਾਜ਼ੇ ਵੱਲ ਦੀ ਵੀ ਲੰਘੇ ਤਾਂ ਬੱਚੇ ਨੂੰ ਖ਼ਤਰੈ। ਜੱਚਾ ਦੇ ਕਰਾਹੁਣ ਅਤੇ ਬੱਚੇ ਦੇ ਰੋਣ ਦੀ ਆਵਾਜ਼ ਸੇਠ ਦੇ ਕੰਨੀਂ ਪੈਣ ਨਾਲ ਬਦਸ਼ਗਨ ਹੋਵੇਗਾ। ਸੇਠਾਣੀ ਨੇ ਮਿੰਨਤ ਤਰਲੇ ਕਰਨ ਵਾਸਤੇ ਨੈਣ ਭੇਜੀ ਤਾਂ ਸੇਠ ਮੰਨ ਗਿਆ।
ਚਾਨਣੀ ਚੌਦੇਂ ਨੂੰ ਦੋ ਘੜੀ ਰਾਤ ਰਹਿੰਦੀ ਟਣ ਟਣ ਥਾਲੀ ਵੱਜੀ। ਹਵੇਲੀ ਦੇ ਨੌਕਰ ਇਸੇ ਆਵਾਜ਼ ਨੂੰ ਉਡੀਕ ਰਹੇ ਸਨ। ਥਾਲੀਆਂ ਤੇ ਟੱਲੀਆਂ ਦੀ ਖੜਕਾਰ ਦੀਆਂ ਗੂੰਜਾਂ ਪੈ ਗਈਆਂ। ਹਵਾ ਜਿਵੇਂ ਉੱਪਰ ਉੱਠ ਗਈ। ਆਸਮਾਨ ਆਪਣੇ ਨੌ ਲੱਖ ਤਾਰਿਆਂ ਸਣੇ ਹੇਠ ਵੱਲ ਕਾਫ਼ੀ ਸਰਕ ਆਇਆ। ਢੇਰਾਂ ਦੇ ਢੇਰ ਪੈਸੇ ਨਿਛਾਵਰ ਹੋਏ। ਰੁਪਈਏ, ਛੁਹਾਰੇ, ਪਤਾਸੇ, ਮਿਸਰੀ ਮੇਵੇ, ਸੱਤ ਦਿਨ ਤੱਕ ਸੋਟ, ਉਹੀ ਧੂਮਧਾਮ। ਸੇਠ ਦੀ ਮਾਇਆ ਦਾ ਕਿੱਥੇ ਅੰਤ?
ਆਉਣ ਵਾਲੇ ਦਿਨਾਂ ਵਿੱਚ ਕੀ ਕੀ ਰਸਮਾ ਹੋਣ, ਪੰਡਤ ਗ੍ਰੰਥਾਂ ਦੇ ਵਰਕੇ ਫਰੋਲਣ ਲੱਗੇ। ਦਰਵਾਜ਼ੇ ਉੱਪਰ ਪਹਿਲਾਂ ਤਾਂ ਨਿੰਮ ਦੀਆਂ ਟਾਹਣੀਆਂ ਦੀ ਲੜੀ ਟੰਗਣ ਵੇਲੇ ਸੌਣ ਵਿਚਾਰੇ ਗਏ। ਸਾਰੇ ਜੋਤਸ਼ੀਆਂ ਨੇ ਇੱਕੋ ਗੱਲ ਤੇ ਸਹਿਮਤੀ ਦਿੱਤੀ ਕਿ ਬੱਚੇ ਦੇ ਨਛੱਤਰ ਬੜੇ ਤੇਜ ਨੇ। ਸੂਰਜ ਵਾਂਗ ਚਮਕੇਗਾ। ਪਰ ਬਾਰਾਂ ਸਾਲ ਤੱਕ ਕਿਸੇ ਨੇ ਉਸਦੀ ਸ਼ਕਲ ਦੇਖ ਲਈ ਤਾਂ ਬੱਚੇ ਤੇ ਭਾਰ ਪਏਗਾ। ਖ਼ਤਰਾ ਹੈ। ਇਹ ਖ਼ਤਰਾ ਕੌਣ ਮੁੱਲ ਲਵੇ? ਨੌ ਮਹੀਨੇ ਬੀਤੇ, ਬਾਰਾਂ ਸਾਲ ਵੀ ਬੀਤ ਜਾਣਗੇ। ਨਪੁੱਤੇ ਦਾ ਕਲੰਕ ਤਾਂ ਮਿਟਿਆ, ਹੁਣ ਸੁੱਖ ਹੀ ਸੁੱਖ। ਚੁਟਕੀਆਂ ਵਿੱਚ ਸਮਾਂ ਬੀਤ ਜਾਏਗਾ।
ਸੁਆਦਲੇ ਪਕਵਾਨ, ਢੇਰਾਂ ਦੇ ਢੇਰ। ਵੇਸਣ ਦੇ ਲੱਡੂ, ਬਦਾਮਾ ਦੇ ਲੱਡੂ, ਸੂਤ ਦੇ ਲੱਡੂ, ਬੂੰਦੀ ਦੇ ਲੱਡੂ। ਸੇਠਾਣੀ ਦੇ ਨਾਲ ਨਾਲ ਹੋਰ ਹਜ਼ਾਰਾਂ ਜੱਚਾਂ ਵਾਸਤੇ ਅੰਨ ਜਲ ਦੇ ਭੰਡਾਰ ਖੋਲ੍ਹ ਦਿੱਤੇ। ਖੀਰ ਪੂਰੀਆਂ ਦੀਆਂ ਟੋਕਰੀਆਂ ਹਵੇਲੀਆਂ ਵਿੱਚੋਂ ਬਾਹਰ ਜਾਂਦੀਆਂ ਹੀ ਦਿਸਦੀਆਂ ਰਹਿੰਦੀਆਂ। ਅਮੀਰ ਦੇ ਘਰ ਬੱਚਾ ਹੋਵੇ ਫਿਰ ਠਾਠ ਕਿਉਂ ਨਾ ਹੋਣ? ਗ਼ਰੀਬ ਜੱਚਾਵਾਂ ਨੂੰ ਲੱਸੀ ਤੱਕ ਨਸੀਬ ਨੀ ਹੁੰਦੀ। ਗ਼ਰੀਬ ਔਰਤਾਂ ਬੱਚੇ ਜੰਮਦੀਆਂ ਪਤਾ ਨੀ ਕਿਉਂ ਨੇ? ਉਹ ਤਾਂ ਬਾਂਝ ਚੰਗੀਆਂ। ਗ਼ਰੀਬਾਂ ਨੂੰ ਤਾਂ ਵਿਆਹ ਵੀ ਨਹੀਂ ਕਰਵਾਣਾ ਚਾਹੀਦਾ। ਸੇਠ ਨੂੰ ਹੁਣ ਪਤਾ ਲੱਗਾ ਨਵੇਂ ਜੀਵ ਦੇ ਜਨਮ ਦਾ ਕੀ ਮਹਾਤਮ ਹੋਇਆ ਕਰਦੈ।
ਇਧਰ ਪੂਰੇ ਦੇਸ਼ ਵਿੱਚ ਖ਼ੁਸ਼ੀਆਂ ਦੀ ਧੁੰਮ ਮਚੀ ਪਈ ਸੀ ਉਧਰ ਕਨਾਤਾਂ ਵਿੱਚ ਘਿਰੀ ਜੱਚਾ ਰਾਣੀ ਅਜਬ ਉਲਝਣ ਵਿੱਚ ਫਸੀ ਹੋਈ। ਅਖਾਤੀਜ ਦੇ ਤਿਉਹਾਰ ਵਾਲੇ ਦਿਨ ਨਿਪੁੱਤੇ ਵਾਲਾ ਜਿਹੜਾ ਅਪਸ਼ਗਨ ਹੋਇਆ, ਜਦੋਂ ਜੱਟ ਥੁੱਕ ਕੇ ਵਾਪਸ ਮੁੜ ਗਿਆ, ਸੇਠ ਦੀ ਹੋਸ਼ ਗੁੰਮ ਹੋ ਗਈ ਸੀ। ਨਿਢਾਲ ਹੋ ਕੇ ਉੱਥੀ ਜ਼ਮੀਨ ਤੇ ਬੈਠ ਗਿਆ ਸੀ, ਫਿਰ ਬੇਹੋਸ਼ ਹੋ ਕੇ ਡਿੱਗ ਪਿਆ। ਕਰੋੜਾਂ ਦੀ ਮਾਇਆ ਤਹਿ-ਖਾਨਿਆਂ ਅੰਦਰ ਸਜੀ ਸਜਾਈ ਤੇ ਸੇਠ ਰਸਤੇ ਵਿਚਕਾਰ ਵਿੰਗਾ ਟੇਢਾ ਡਿਗਿਆ ਪਿਆ, ਦੰਦਣ ਪਈ ਹੋਈ, ਫਟੀਆਂ ਅੱਖਾਂ, ਮੂੰਹ ਤੇ ਭਿਣਭਿਣਾਉਂਦੀਆਂ ਮੱਖੀਆਂ ਕਰੋੜਪਤੀ ਦਾ ਦਮਖਮ ਦੇਖ ਰਹੀਆਂ ਸਨ! ਆਵਾਜਾਈ ਹੋਈ ਤਾਂ ਕਿਤੇ ਲੋਕਾਂ ਦੀ ਨਜ਼ਰ ਉੱਧਰ ਗਈ ਤੇ ਚੁੱਕ ਕੇ ਲਿਆਏ। ਕੀ ਹਾਲਤ? ਧਰੀ ਧਰਾਈ ਰਹਿ ਗਈ ਮਾਇਆ। ਬੇਅੰਤ ਮਾਇਆ ਦੀ ਸ਼ਾਨੋ ਸ਼ੌਕਤ ਕਿਸੇ ਕੰਮ ਨਾ ਆਈ। ਭਰੇ ਗਲੇ ਨਾਲ ਸੇਠ ਨੇ ਜਦੋਂ ਸੇਠਾਣੀ ਨੂੰ ਇਹ ਗੱਲ ਸੁਣਾਈ ਤਾਂ ਸੇਠਾਣੀ ਜ਼ਾਰ ਜ਼ਾਰ ਰੋਈ। ਦੁੱਖ ਵੱਡਾ, ਅੱਖਾਂ ਨਿੱਕੀਆਂ, ਵਿਚਾਰੀਆਂ ਕਿੰਨੀ ਕੁ ਦੇਰ ਰੋ ਸਕਦੀਆਂ? ਸੇਠਾਣੀ ਉਸੇ ਘੜੀ ਸੋਚਣ ਲੱਗ ਪਈ ਸੀ, ਸੇਠ ਦਾ ਦੁੱਖ ਕਿਵੇਂ ਦੂਰ ਹੋਏ। ਜਾਂ ਤਾਂ ਉਸਦੀ ਕੁਖ ਫਲੇ ਜਾਂ ਫਿਰ ਸੇਠ ਨੂੰ ਛਲੇ! ਉਸਨੂੰ ਭਰਮਾ ਕੇ ਰੱਖੋ। ਸੇਠ ਨੂੰ ਬਚਾਉਣ ਲਈ ਛਲ ਤੋਂ ਵੱਡਾ ਤੇ ਪਵਿੱਤਰ ਹੋਰ ਕੁਝ ਨਹੀਂ ਸੀ। ਪਰ ਇਹ ਛਲ ਕਿੱਥੇ ਤੱਕ ਜਾ ਕੇ ਰੁਕੇਗਾ, ਕਿਸੇ ਨੂੰ ਪਤਾ ਨਹੀਂ। ਅਜੇ ਹੋਇਆ ਹੀ ਕੀ ਹੈ? ਇਸ ਛਲ ਨੂੰ ਕਿਵੇਂ ਪੁਚਕਾਰੇ! ਕਿਵੇਂ ਸਹਿਲਾਏ! ਕਦ ਤੱਕ ਵਰਗਲਾਏ? ਮਾਲਕ ਨੂੰ ਬਹਿਲਾਣ ਵਾਸਤੇ ਜਿਹੜਾ ਝੂਠ ਘੜਿਆ ਇੱਕ ਦਿਨ ਸਾਮ੍ਹਣੇ ਆਏਗਾ ਹੀ ਆਏਗਾ। ਉਦੋਂ ਸੇਠ ਦੀ ਹਾਲਤ ਕੀ ਹੋਵੇਗੀ? ਇਸ ਦੁੱਖ ਸਾਹਮਣੇ ਮੌਤ ਦਾ ਦੁੱਖ ਤਾਂ ਕੋਈ ਦੁੱਖ ਹੈ ਹੀ ਨਹੀਂ। ਪਰ ਸੇਠਾਣੀ ਕੀ ਕਰਦੀ ਹੋਰ? ਮਰਜ਼ੀ ਨਾਲ ਮੌਤ ਕਿਹੜਾ ਆਉਂਦੀ ਹੈ। ਇਹ ਜੀਣਾ ਕੀ ਜੀਣਾ। ਛਲ ਤੋਂ ਬਿਨਾਂ ਜਿਉਣ ਵਾਸਤੇ ਹੋਰ ਕੀ ਕਰਦੀ ਫਿਰ? ਪਰ ਜੋ ਕਰ ਲਿਆ ਉਸਦਾ ਨਤੀਜਾ ਕੀ ਨਿਕਲੇਗਾ, ਕੌਣ ਜਾਣੇ? ਸੇਠ ਦੇ ਸੁੱਖ ਖਾਤਰ ਸੱਚੇ ਮਨ ਨਾਲ ਇਹ ਜਾਲ ਬੁਣਿਆ। ਇਸ ਜਾਲ ਤੋਂ ਬਿਨਾਂ ਚਾਰਾ ਨਹੀਂ ਰਿਹਾ ਸੀ ਨਾ ਹੋਰ ਕੋਈ। ਇਸ ਜਾਲ ਸਦਕਾ ਲੱਖਾਂ ਸੁਖ ਮਿਲੇ। ਮਾਂ ਹੋਣ ਨਾਲੋਂ ਮਾਂ ਦੀ ਕਲਪਨਾ ਜਿੰਨਾ ਆਨੰਦ ਹੋਰ ਕਿਸੇ ਚੀਜ਼ ਵਿੱਚ ਨਹੀਂ। ਮੌਸ ਦੀ ਕਾਲੀ ਸਿਆਹ ਰਾਤ ਵਿੱਚ ਇਹ ਆਸ ਕਿ ਸੂਰਜ ਚੜ੍ਹੇਗਾ, ਪਲ ਵਿੱਚ ਹਨੇਰਾ ਛਟੇਗਾ, ਇਸ ਆਸ ਵਿੱਚ ਜਿੰਨਾ ਸੁੱਖ ਹੈ ਉਹ ਸੂਰਜ ਦੇ ਬਲਦੇ ਹੋਏ ਗੋਲੇ ਵਿੱਚ ਕਿੱਥੇ?
ਵਿਆਹੇ ਵਰੇ ਬੇਟੇ ਦਾ ਮਾਤਮ ਮਾਪੇ ਛਾਤੀ ਮੱਥਾ ਪਿੱਟ ਕੇ ਸਹਿ ਲੈਂਦੇ ਹਨ। ਆਪਣੇ ਹੱਥੀਂ ਆਪਣੇ ਹੰਝੂ ਪੂੰਝ ਲੈਂਦੇ ਹਨ। ਆਪਣੀ ਦੇਹ ਦੇ ਅੰਸ਼ ਨੂੰ ਚਿਤਾ ਹਵਾਲੇ ਕਰਕੇ ਆਪਣੇ ਪੈਰਾਂ ਉਪਰ ਤੁਰ ਕੇ ਘਰ ਪੁੱਜ ਜਾਂਦੇ ਹਨ, ਫੇਰ ਰੋਣ ਪਿੱਟਣ ਕਿਉਂ ਕਰਨਾ? ਸਭ ਸਵਾਰਥ ਦੀ ਲੀਲਾ। ਬਾਰਾਂ ਦਿਨਾਂ ਬਾਅਦ ਦੁੱਖ ਆਪੇ ਮੁਰਝਾਣ ਲਗਦਾ ਹੈ। ਖਾਣਾ ਪੀਣਾ, ਹਸਣਾ ਮੁਸਕਾਣਾ, ਕਮਾਣਾ ਖਾਣਾ, ਸੌਣਾ ਜਾਗਣਾ। ਫੇਰ ਉਹੀ ਚਰਖਾ, ਉਹੀ ਗੋਰਖਧੰਦਾ। ਪਰ ਝੂਠ ਮੂਠ ਦੇ ਭਰਮ ਦਾ ਇਹ ਬੱਚਾ ਮਰ ਗਿਆ ਤਾਂ ਮਾਪਿਆਂ ਦਾ ਦੁਖ ਕਦੇ ਨਾ ਮੁਕੇਗਾ। ਮਾਂ ਪਿਉ ਮਰ ਜਾਣਗੇ, ਹੰਝੂ ਨਾ ਰੁਕਣਗੇ। ਇਹ ਬੱਚਾ ਮਰ ਗਿਆ ਤਾਂ ਮਾਪਿਆਂ ਦੀ ਚਿਤਾ ਦੇ ਅੰਗਿਆਰੇ ਬੁਝਣਗੇ ਨਹੀਂ ਫਿਰ ਕਦੀ। ਗੰਗਾ ਦੀ ਗੋਦੀ ਵਿੱਚ ਵੀ ਉਨ੍ਹਾਂ ਦੀਆਂ ਅਸਥੀਆਂ ਤਪਦੀਆਂ ਰਹਿਣਗੀਆਂ! ਜੁਗਾਂ ਜੁਗਾਤਰਾਂ ਤੱਕ ਸ਼ਮਸ਼ਾਨ ਘਾਟ ਉਪਰ ਉਨ੍ਹਾਂ ਦੀ ਰਾਖ ਸੁਲਗਦੀ ਰਹੇਗੀ।
ਹੁਣ ਤਾਂ ਲਗਦੀ ਵਾਹ ਇਹ ਭਰਮ ਨਿਭਾਉਣਾ ਪਏਗਾ ਹੀ ਪਏਗਾ। ਪਰ ਹੁਣ ਇਹ ਭਰਮ, ਭਰਮ ਕਿੱਥੇ ਰਿਹਾ? ਇਹ ਤਾਂ ਜਿਉਣ ਦਾ ਸੱਚਾ ਮਾਰਗ ਬਣ ਗਿਆ। ਭਰਮ ਹੁੰਦਾ ਤਾਂ ਬਿਨ ਕੁੱਖ ਫਲੇ ਸੇਠਾਣੀ ਦੀ ਛਾਤੀ ਵਿੱਚ ਦੁੱਧ ਕਿੰਝ ਉਤਰ ਆਉਂਦਾ? ਸੇਠ ਆਪਣੇ ਸੱਚ ਵਿੱਚ ਮਗਨ, ਸੇਠਾਣੀ ਆਪਣੇ ਭਰਮ ਵਿੱਚ ਮਗਨ। ਸੂਰਜ ਚੜ੍ਹਨ ਅਤੇ ਛਿਪਣ ਵਿੱਚ ਮਗਨ। ਬਸਨਪਤੀ ਆਪਣੀ ਹਰਿਆਲੀ ਵਿੱਚ ਮਗਨ। ਚੰਦ ਆਪਣੀ ਚਾਨਣੀ ਵਿੱਚ, ਆਪਣੇ ਘਟਣ ਵਧਣ ਵਿੱਚ ਮਗਨ। ਦੁਨੀਆਦਾਰ ਲੋਕ ਆਪਣੇ ਪ੍ਰਪੰਚਾਂ ਵਿੱਚ ਮਗਨ!
ਇਹੋ ਜਿਹੇ ਮਾਇਆਪਤੀ ਸੇਠ ਨੂੰ ਕੌਣ ਨਹੀਂ ਚਾਹੇਗਾ? ਬੇਟੇ ਦਾ ਵਿਆਹ ਹੋਣਾ ਹੈ, ਕੌਣ ਧੀ ਨਹੀਂ ਦੇਣੀ ਚਾਹੇਗਾ? ਚਾਰੇ ਦਿਸ਼ਾਵਾਂ ਚੋਂ ਰਿਸ਼ਤੇ ਆਉਣ ਲੱਗੇ। ਕਮਲਾ ਸੇਠ, ਜਿਹੜਾ ਆਉਂਦਾ ਉਸੇ ਨੂੰ ਹਾਂ ਕਰ ਦਿੰਦਾ। ਸੇਠਾਣੀ ਨੇ ਨੈਣ ਤੋਂ ਅਖਵਾਇਆ, ਇਹ ਕੀ ਪਾਗਲਪਣ ਕਰ ਰਹੇ ਹੋ? ਇਕਲੌਤਾ ਬੇਟਾ, ਸੇਠ ਕਿਸੇ ਨੂੰ ਇਨਕਾਰ ਨਹੀਂ ਕਰਦਾ। ਬਾਰਾਂ ਸਾਲਾਂ ਦੇ ਕਰੜੇ ਨਛੱਤਰ ਤਾਂ ਟਾਲਣੇ ਪੈਣੇ ਈ ਨੇ। ਗੱਲ ਸੁਣ ਕੇ ਸੇਠ ਸਮਝ ਗਿਆ।
ਅੱਧੀ ਰਾਤ ਬਾਅਦ ਸੇਠਾਣੀ ਅਕਸਰ ਛੱਤ ਤੇ ਟਹਿਲਦੀ। ਚੰਦ ਨੂੰ ਦੇਖਦੀ, ਲਗਦਾ- ਇਹੀ ਤਾਂ ਹੈ ਮੇਰਾ ਬੇਟਾ! ਚਾਨਣੀ ਬਰਸਾ ਰਿਹਾ! ਝਰੋਖੇ ਵਿੱਚੋਂ ਦੀ ਸੂਰਜ ਚੜ੍ਹਦਾ ਦੇਖਦੀ, ਸੋਚਦੀ ਮੇਰੇ ਬੇਟੇ ਸਦਕਾ ਹੀ ਤਾਂ ਦੁਨੀਆ ਵਿੱਚ ਰੌਸ਼ਨੀ ਹੈ। ਉਸ ਦਾ ਮੁਕਾਬਲਾ ਕੌਣ ਕਰ ਸਕਦਾ ਹੈ ਭਲਾ?
ਇਉਂ ਕਰਦੇ ਕਰਾਂਦੇ ਚੁਟਕੀਆਂ ਨਾਲ ਬਾਰਾਂ ਸਾਲ ਤਿਲਕ ਗਏ। ਫੇਰ ਸ਼ੁਰੂ ਹੋ ਗਈਆਂ ਖ਼ਬਰਾਂ ਸ਼ਗਨ, ਮੰਗਣੇ ਦੀਆਂ। ਸੇਠਾਣੀ ਨੂੰ ਇੱਕ ਹੋਰ ਬਹਾਨਾ ਲੱਭ ਗਿਆ। ਨੈਣ ਤੋਂ ਅਖਵਾ ਦਿੱਤਾ ਕਿ ਜਿਸ ਘਰ ਵਿੱਚ ਇੱਕ ਧੀ ਹੋਵੇ ਤੇ ਵਿਆਹ ਪਿੱਛੋਂ ਉਹ ਪਤੀ ਦਾ ਚਾਰ ਸਾਲ ਮੂੰਹ ਨਾ ਦੇਖੇ, ਚੰਦ ਸੂਰਜ ਨੂੰ ਹੀ ਪਤੀ ਮੰਨੇ, ਉਸ ਨਾਲ ਰਿਸ਼ਤਾ ਹੋ ਸਕੇਗਾ।
ਸਮਝਦਾਰ ਨੂੰ ਸਮਝਦਾਰ, ਪਾਗ਼ਲ ਨੂੰ ਪਾਗ਼ਲ ਮਿਲ ਹੀ ਜਾਂਦਾ ਹੈ। ਆਖ਼ਰ ਇੱਕ ਦਿਵਾਲੀਏ ਬਾਣੀਏਂ ਘਰ ਇਹੋ ਜਿਹੀ ਕੁੜੀ ਮਿਲ ਗਈ। ਦਹੇਜ ਮੰਨ ਲਉ ਇਸ ਕੁੜੀ ਨੂੰ ਭਾਵੇਂ ਤਾਂ ਵੀ ਧੰਨ ਧੰਨ, ਦੁਲਹਨ ਮੰਨ ਲਉ ਤਾਂ ਵੀ ਧੰਨ ਧੰਨ। ਹਥੇਲੀ ਤੇ ਸੂਰਜ ਰੱਖ ਕੇ ਲੱਭਣ ਤੁਰ ਪਵੋ ਉਸ ਵਰਗੀ ਰੂਪਵੰਤੀ, ਗੁਣਵੰਤੀ ਕੁੜੀ ਨਹੀਂ ਮਿਲੇਗੀ, ਮਿਲ ਜਾਏ ਤਾਂ ਸੇਠ ਵਿਚੋਲੇ ਦਾ ਗੁਲਾਮ ਹੋ ਜਾਵੇਗਾ। ਦਾਜ ਦਹੇਜ ਦੇਣ ਵਾਸਤੇ ਜੇ ਨਹੀਂ ਪੈਸੇ, ਨਾ ਸਹੀ, ਫੇਰ ਕੀ ਕਰੀਏ? ਕੁੜੀ ਸੁਲੱਖਣੀ ਹੋਵੇ ਬਸ।
ਬਾਰਾਂ ਬਰਸ ਘੜੀ ਪਲਕ ਵਿੱਚ ਵਿੱਚ ਬੀਤ ਗਏ, ਚਾਰ ਸਾਲ ਹੋਰ ਕਿੰਨੇ ਕੁ ਦੂਰ? ਵਾਜਿਆਂ ਗਾਜਿਆਂ ਢੋਲ ਢਮੱਕਿਆਂ ਨਾਲ ਬਰਾਤ ਚੜ੍ਹੀ। ਰੱਥ, ਰੇਹੜੇ, ਗੱਡੇ, ਤਾਂਗੇ, ਊਠ ਘੋੜੇ ਹਾਥੀ। ਬਲਦਾਂ ਉੱਪਰ ਰੰਗ ਬਰੰਗੇ ਝੁੱਲ। ਗਲਾਂ ਵਿੱਚ ਘੁੰਗਰਾਲਾਂ। ਸੋਨੇ ਦਾ ਰਥ ਸਦਰ ਦਰਵਾਜ਼ੇ ਲਾਗੇ ਰੁਕਿਆ। ਹੁਣ ਤੱਕ ਸੇਠਾਣੀ ਨੇ ਚਿੜੀ ਦੇ ਜਾਏ ਤੱਕ ਨੂੰ ਵੀ ਦੁਲ੍ਹੇ ਦਾ ਚਿਹਰਾ ਤਾਂ ਦਰਕਿਨਾਰ, ਪਰਛਾਵਾਂ ਵੀ ਨਹੀਂ ਦਿਖਾਇਆ ਸੀ। ਨੈਣ ਨਾਲ ਮਿਲਕੇ ਸੇਠਾਣੀ ਨੇ ਆਟੇ ਦਾ ਆਦਮਕੱਦ ਪੁਤਲਾ ਬਣਾ ਕੇ ਸੁਕਾਇਆ। ਰੇਸ਼ਮੀ ਜਾਮਾ ਪਹਿਨਾਇਆ। ਨਾਰੰਗੀ ਪੱਗ। ਰੰਗਦਾਰ ਜੁੱਤੀ। ਨੌ ਲੱਖਾ ਹਾਰ। ਕੰਨਾਂ ਵਿੱਚ ਮੋਤੀ ਜੜੀਆਂ ਮੁੰਦਰਾਂ। ਅਨਮੋਲ ਨਗ ਜੜਿਤ ਅੰਗੂਠੀਆਂ। ਹੱਥਾਂ ਵਿੱਚ ਸੋਨੇ ਦੇ ਮੋਟੇ ਕੜੇ।
ਬੰਨੇ ਦੇ ਇਸ ਪੁਤਲੇ ਨੂੰ ਲੈ ਕੇ ਸੇਠਾਣੀ ਰਥ ਵਿੱਚ ਬੈਠੀ। ਨਾਲ ਲੈਣ ਬਿਠਾਈ। ਬਰਾਤ ਰਵਾਨਾ ਹੋਈ ਤਾਂ ਏਨੇ ਸਾਜ਼ ਵੱਜੇ, ਇਨੀ ਧੂੜ ਉੱਡੀ ਜਿਵੇਂ ਧਰਤੀ ਫਟ ਗਈ ਹੋਵੇ, ਜ਼ਮੀਨ ਅੰਦਰੋਂ ਬੱਦਲ ਨਿਕਲ ਨਿਕਲ ਉੱਡਣ ਲੱਗੇ ਹੋਣ!
ਪਲੋਥੀ ਮਾਰੀ ਸੇਠਾਣੀ ਰੱਥ ਵਿੱਚ ਬੈਠੀ ਸੀ। ਮਖਮਲ ਵਿੱਚ ਮੜ੍ਹੀ ਪਾਲਕੀ ਅੰਦਰ ਧੁੱਪ ਦਾ ਕਤਰਾ ਵੀ ਨਹੀਂ ਜਾ ਸਕਦਾ ਸੀ। ਗੋਦ ਵਿੱਚ ਆਟੇ ਦਾ ਪੁਤਲਾ ਲਾੜਾ। ਬਰਾਤ ਕਦਮ ਕਦਮ ਅੱਗੇ ਵਧਦੀ ਗਈ। ਸੇਠਾਣੀ ਨੂੰ ਅਗਲੇ ਪਲ ਦੀ ਸੋਝੀ ਨਹੀਂ ਸੀ। ਵਰਤਮਾਨ ਪਲ ਵਿੱਚ ਉਸਦੇ ਤਿੰਨੋਂ ਕਾਲ ਸਮਾਏ ਹੋਏ, ਆਪਣੇ ਭਰਮ ਵਿੱਚ ਉਲਝੀ ਹੋਈ। ਛਾਤੀਆਂ ਵਿੱਚ ਦੁੱਧ ਉਤਰਿਆ ਹੋਇਆ। ਸਾਰੀ ਚੋਲੀ ਦੁੱਧ ਵਿੱਚ ਭਿੱਜ ਗਈ। ਪਰ ਉਸਦਾ ਇਸ ਪਾਸੇ ਕੋਈ ਧਿਆਨ ਨਹੀਂ।
ਬਰਾਤ ਇੱਕ ਤਲਾਬ ਕਿਨਾਰੇ ਰੁਕੀ। ਨੇੜੇ ਹੀ ਵਿਸ਼ਾਲ ਬੋਹੜ ਦਾ ਦਰਖਤ। ਠੰਢਾ ਮਿੱਠਾ ਨਿਰਮਲ ਪਾਣੀ। ਸੰਘਣੀ ਛਾਂ। ਦਾਤਣ ਕੁਰਲੀ, ਨਹਾਣ ਧੋਣ, ਰਸੋਈ ਬਣਾਉਣ ਵਾਸਤੇ ਇਸ ਤੋਂ ਵਧੀਆ ਥਾਂ ਕਿਤੇ ਨਾ ਮਿਲੇ। ਰੁਕਦੇ ਹਾਂ, ਇੱਥੇ ਖਾਣਾ ਖਾ ਕੇ ਅੱਗੇ ਚੱਲਾਂਗੇ। ਪਸ਼ੂ ਆਰਾਮ ਕਰਕੇ ਚਾਰਾ ਖਾ ਕੇ ਅਗਲਾ ਪੰਧ ਫਟਾਫਟ ਮੁਕਾਣਗੇ।
ਦੂਲੇ ਦੇ ਸੁਨਹਿਰੀ ਰਥ ਨੂੰ ਛੱਡ ਕੇ, ਬਾਕੀ ਸਭ ਆਪੋ ਆਪਣੇ ਵਾਹਨਾਂ ਤੋਂ ਹੇਠ ਉਤਰ ਆਏ। ਆਪੋ ਆਪਣੇ ਨਿਤਨੇਮ ਵਿੱਚ ਲੱਗ ਗਏ। ਸੇਠ ਦੇ ਦੂਰੋਂ ਆਵਾਜ਼ ਦਿੱਤੀ। ਨੈਣ ਹੇਠ ਉਤਰੀ। ਸੇਠਾਣੀ ਆਪਣੇ ਭਰਮ ਦੀ ਸਮਾਧੀ ਵਿੱਚ ਡੁੱਬੀ ਬੈਠੀ ਰਹੀ। ਬਾਹਰਲੀ ਦੁਨੀਆ ਦੀ ਸੁੱਧ ਨਾ ਬੁੱਧ। ਚਿੱਤ ਨਾ ਚੇਤਾ।
ਉਸ ਤਲਾਬ ਕਿਨਾਰੇ ਨਾਗ ਨਾਗਣੀ ਦਾ ਜੋੜਾ ਵਸਦਾ ਸੀ। ਰੌਲਾ ਰੱਪਾ ਸੁਣ ਕੇ ਦੋਵੇਂ ਵਰਮੀ ਵਿੱਚੋਂ ਬਾਹਰ ਨਿਕਲੇ। ਇਹੋ ਜਿਹਾ ਨਜ਼ਾਰਾ ਕਦੀ ਦੇਖਿਆ ਹੀ ਨਹੀਂ! ਕਿਰਨਾਂ ਦੀ ਛੂਹ ਨਾਲ ਕਰੂੰਬਲਾਂ ਛਣ ਛਣ ਚਮਕ ਰਹੀਆਂ ਸਨ। ਤਾਲਾਬ ਤੋਂ ਰਤਾ ਪਰ੍ਹੇ ਹਟ ਕੇ ਰਥ ਖਲੋਤਾ ਸੀ। ਨਾਗਣ ਕਹਿਣ ਲੱਗੀ- ਬਰਾਤ ਹੋਵੇ ਤਾਂ ਇਹੋ ਜਿਹੀ। ਇਹੋ ਜਿਹੀ ਬਰਾਤ ਦਾ ਦੁਲ੍ਹਾ ਰਾਮ ਜਾਣੇ ਕਿਹੋ ਜਿਹਾ ਹੋਵੇਗਾ! ਦੇਖੇ ਬਿਨ ਮੇਰਾ ਤਾਂ ਦਿਲ ਨਹੀਂ ਥੰਮਦਾ।
ਨਾਗ ਨੇ ਕਿਹਾ- ਇਹੀ ਤੇਰੀ ਬੁਰੀ ਆਦਤ ਹੈ। ਕੁਝ ਵੀ ਹੋਵੇ, ਦੇਖਣ ਵਾਸਤੇ ਮਚਲ ਜਾਨੀ ਐਂ। ਆਦਮੀ ਅਤੇ ਸੱਪ ਦਾ ਰਿਸ਼ਤਾ ਪਤਾ ਹੋਣ ਦੇ ਬਾਵਜੂਦ ਅਨਜਾਣ ਬਣ ਰਹੀ ਐਂ। ਪੱਥਰ ਮਾਰ ਮਾਰ ਭੜਥਾ ਬਣਾ ਦੇਣਗੇ! ਤੂੰ ਜਾਨ ਤੋਂ ਜਾਏਂਗੀ, ਮੇਰਾ ਘਰ ਉਜੜ ਜਾਊਗਾ। ਕਿਉਂ ਪਾਗਲਪਣ ਕਰਦੀ ਹੈਂ? ਦੂਰੋਂ ਬਰਾਤ ਦੇਖ ਲਈ ਸ਼ੁਕਰ ਕਰ। ਸਿਰ ਖੁਰਕਦੀ ਨਾਗਣ ਕਹਿਣ ਲੱਗੀ- ਇੱਕ ਵਾਰ ਦੂਲੇ ਦਾ ਮੂੰਹ ਦੇਖੇ ਬਿਨ ਚੈਨ ਨਹੀਂ ਮਿਲੇਗਾ।
-ਠੀਕ ਹੈ ਫੇਰ। ਤੂੰ ਜਾਣੇ ਤੇਰਾ ਕੰਮ ਜਾਣੇ। ਸਮਝਦੀ ਤਾਂ ਤੂੰ ਹੈ ਈ ਨੀ। ਸਾਵਧਾਨੀ ਨਾਲ ਜਾਈਂ। ਮੈਂ ਇੱਥੋਂ ਤੈਨੂੰ ਦੇਖਦਾ ਰਹਾਂਗਾ। ਵਰਮੀ ਵਿੱਚ ਇਕੱਠੇ ਚਲਾਂਗੇ। ਨਾਗਣ ਇੱਕ ਪਲ ਵੀ ਨਾ ਰੁਕੀ। ਸਰਕਦੀ ਸਰਕਦੀ ਦੂਲੇ ਦੇ ਰੱਥ ਵਿੱਚ ਚੜ੍ਹ ਗਈ। ਮਾਂ ਦੀ ਮਮਤਾ ਹੋਵੇ ਤਾਂ ਇਹੋ ਜਿਹੀ! ਜੁਆਨ ਬੇਟੇ ਨੂੰ ਗੋਦ ਵਿੱਚ ਬੈਠਾਇਆ ਹੋਇਆ! ਪਰ ਦੂਲੇ ਦੀਆਂ ਅੱਖਾਂ ਪਥਰਾਈਆਂ ਹੋਈਆਂ ਕਿਉਂ ਨੇ? ਮਾਂ ਇਉਂ ਸਮਾਧੀ ਵਿੱਚ ਕਿਉਂ ਬੈਠੀ ਹੈ? ਨਿਗ੍ਹਾ ਗੱਡ ਕੇ ਧਿਆਨ ਨਾਲ ਵੇਖਿਆ। ਉਹੋ, ਇਹ ਤਾਂ ਆਟੇ ਦਾ ਪੁਤਲਾ ਹੈ! ਇਹ ਕੇਹਾ ਕੌਤਕ? ਘੋੜੀ ਤੇ ਕਿਵੇਂ ਚੜ੍ਹੇਗਾ? ਵਿਆਹ ਕਿਵੇਂ ਕਰੇਗਾ? ਵਿਚਾਰੀ ਦੁਲਹਨ ਬਦਕਿਸਮਤ!
ਨਾਗਣ ਦਾ ਦਿਲ ਪੰਘਰ ਗਿਆ, ਅੱਖਾਂ ਭਰ ਆਈਆਂ। ਦੰਦਾਂ ਵਿੱਚ ਜ਼ਹਿਰ ਦੀ ਥਾਂ ਸ਼ਰਬਤ ਭਰ ਗਿਆ। ਧੋਖਾ ਕਰਨ ਦੀ ਕੀ ਲੋੜ ਪੈ ਗਈ ਇਨ੍ਹਾਂ ਨੂੰ? ਨਾਗ ਕੋਲ ਆ ਕੇ ਭਰੇ ਗਲੇ ਨਾਲ ਬੋਲੀ- ਬਰਾਤ ਜਿੰਨੀ ਸ਼ਾਨਦਾਰ, ਦੂਲਾ ਉਨਾ ਹੀ ਬੇਕਾਰ। ਉਸ ਵਿੱਚ ਤਾਂ ਜਾਨ ਤੱਕ ਨਹੀਂ। ਆਟੇ ਨਾਲ ਲੋਥ ਘੜੀ ਹੋਈ। ਮੇਰੀ ਤਾਂ ਅਕਲ ਜਵਾਬ ਦੇ ਗਈ। ਨਾਗ ਨੇ ਕਿਹਾ- ਦੁਨੀਆ ਵਿੱਚ ਹਰ ਚੜ੍ਹਦੇ ਦਿਨ ਅਜੂਬੇ ਹੁੰਦੇ ਨੇ। ਤੂੰ ਕਿਸ ਕਿਸ ਦੀ ਚਿੰਤਾ ਕਰੇਂਗੀ! ਬਰਾਤੀ ਜਾਣਨ, ਉਨ੍ਹਾਂ ਦਾ ਕੰਮ ਜਾਣੇ। ਕੁਦਰਤ ਦੀ ਲੀਲਾ ਦਾ ਕੋਈ ਪਾਰਵਾਰ ਹੋਵੇ ਤਾਂ ਖਟਪਟੀਏ ਆਦਮੀ ਦੀ ਲੀਲਾ ਦਾ ਕੋਈ ਕਿਨਾਰਾ ਹੋਵੇ!
-ਪਰ ਮੈਨੂੰ ਚਿੰਤਾ ਦੁਲਹਨ ਦੀ ਹੋ ਰਹੀ ਹੈ। ਕੀ ਕੀ ਆਸਾਂ ਲਾ ਰੱਖੀਆਂ ਹੋਣਗੀਆਂ ਤੇ ਕੀ ਬਿਜਲੀ ਗਿਰੇਗੀ। ਤੁਸੀਂ ਅਪਰੰਪਾਰ ਬਲੀ ਹੋ ਨਾਗਰਾਜ! ਕੋਈ ਰਸਤਾ ਲੱਭੋ। ਮੇਰੇ ਜਿੰਨਾ ਦਰਦ ਤੁਹਾਡੇ ਦਿਲ ਵਿੱਚ ਹੋਵੇ ਤਾਂ ਹੱਲ ਕੱਢਣਾ ਤੁਹਾਡੇ ਖੱਬੇ ਹੱਥ ਦਾ ਖੇਲ੍ਹ ਹੈ। ਮੇਰਾ ਕਿਹਾ ਅੱਗੇ ਕਦੀ ਨਹੀਂ ਮੋੜਿਆ। ਇਹ ਇੱਛਾ ਵੀ ਪੂਰੀ ਕਰੋ। ਫੇਰ ਕਦੇ ਹਠ ਨਹੀਂ ਕਰਦੀ। ਇਸ ਲੋਥ ਵਿੱਚ ਕਿਸੇ ਤਰ੍ਹਾਂ ਪ੍ਰਾਣ ਪਾਉ। ਨਹੀਂ ਤਾਂ ਜਿੰਨਾ ਚਿਰ ਜਿਉਂਦੀ ਰਹੀ ਦਿਲ ਦੀ ਜਲਨ ਬੁਝੇਗੀ ਨਹੀਂ ਕਦੀ।
ਠੰਢਾ ਫੁੰਕਾਰਾ ਮਾਰ ਕੇ ਨਾਗ ਬੋਲਿਆ- ਤੇਰੀ ਜ਼ਿੱਦ ਦਾ ਇਲਾਜ ਕਿਵੇਂ ਕਰਾਂ। ਜਦੋਂ ਚਾਹੇਂ ਹਠ ਕਰ ਲੈਨੀ ਐ। ਮੰਨੇ ਬਿਨਾਂ ਚੈਨ ਨਹੀਂ ਤੇ ਮੰਨੀ ਜਾਵਾਂ ਤਾਂ ਕਿੰਨੀਆਂ ਕੁ ਮੰਨੀ ਜਾਵਾਂ, ਕਿੱਥੋਂ ਤੱਕ ਮੰਨੀ ਜਾਵਾਂ? ਕੋਈ ਓੜਕ ਤਾਂ ਹੋਵੇ ਕਿਤੇ! ਕੁਝ ਦੇਰ ਸੋਚਦਾ ਰਿਹਾ, ਫਿਰ ਬੋਲਿਆ- ਕੇਵਲ ਇੱਕ ਉਪਾ ਹੈ। ਆਪਣੇ ਪ੍ਰਾਣ ਇਸ ਵਿੱਚ ਪਾ ਦਿਆਂ ਤਾਂ ਇਹ ਪੁਤਲਾ ਜਿਉਂਦਾ ਹੋ ਸਕਦੈ। ਚੰਗੀ ਤਰ੍ਹਾਂ ਸੋਚਲੈ। ਫਿਰ ਰਿਹਾੜ ਨਾ ਕਰੀਂ ਬਾਅਦ ਵਿੱਚ। ਇਹੋ ਜਿਹਾ ਸੁਹਣਾ ਦੁਲਾ ਬਣੂੰਗਾ ਕਿ ਕਿਸੇ ਨੇ ਨਾ ਦੇਖਿਆ ਨਾ ਸੁਣਿਆ। ਦੁਲਹਨ ਵੀ ਯਾਦ ਰੱਖੇਗੀ ਕੋਈ ਅਨੂਪਮ ਵਰ ਮਿਲਿਆ!
ਨਾਗਣ ਦੇ ਦਿਲ ਦੀ ਕਲੀ ਕਲੀ ਖਿੜ ਗਈ। ਅੱਗਾ ਪਿੱਛਾ ਸੋਚੇ ਬਿਨ ਬੋਲੀ- ਫਿਰ ਉਡੀਕ ਕਿਸ ਦੀ ਕਰ ਰਹੇ ਹੋ? ਇਸ ਪਿੱਛੋਂ ਕਦੀ ਹਠ ਕੀਤਾ ਤਾਂ ਉਲਾਂਭਾ ਦੇਇਉ।
-ਠੀਕ ਹੈ, ਜੋ ਤੇਰੀ ਮਰਜ਼ੀ। ਮੈਨੂੰ ਦੋਸ਼ ਨਾ ਦੇਈਂ ਪਿੱਛੋਂ। ਠੰਢੇ ਦਿਲ ਦਿਮਾਗ਼ ਨਾਲ ਇੱਕ ਵਾਰ ਫਿਰ ਸੋਚ ਲੈ।
-ਬਾਰ ਬਾਰ ਕੀ ਸੋਚਣਾ? ਸੋਚਣਾ ਸੀ ਸੋ ਸੋਚ ਲਿਆ!
ਹੁਣ ਨਾਗ ਦੇ ਸੋਚਣ ਵਾਸਤੇ ਕੁਝ ਬਚਿਆ ਹੀ ਨਹੀਂ। ਸਰਕਦਾ ਹੋਇਆ ਸੋਨੇ ਦੇ ਰਥ ਵੱਲ ਚਲ ਪਿਆ। ਸਾਰਿਆਂ ਤੋਂ ਅੱਖ ਬਚਾ ਕੇ ਰਥ ਵਿਚ ਚੜ੍ਹ ਗਿਆ। ਨਾਗਣ ਨੇ ਜੋ ਦੱਸਿਆ, ਸਾਖਿਆਤ ਉਹੀ ਪੁਤਲਾ ਮਾਂ ਦੀ ਗੋਦ ਵਿੱਚ! ਫੇਰ ਜੋ ਹੋਣਾ ਸੀ ਉਹੀ ਹੋਇਆ। ਨਾਗ ਲੋਪ ਹੋ ਗਿਆ, ਉਸਦੀ ਜਾਨ ਪੁਤਲੇ ਅੰਦਰ ਦਾਖਲ ਹੋ ਗਈ। ਮੂੰਹੋਂ ਪਹਿਲਾ ਬੋਲ ਨਿਕਲਿਆ- ਮਾਂ… ਮਾਂ…! ਮਾਂ ਦੀ ਸਮਾਧੀ ਖੁੱਲ੍ਹੀ। ਸੁਫ਼ਨਾ ਸਮਝਿਆ, ਅੱਖਾਂ ਖੋਲ੍ਹੀਆਂ, ਬੇਟੇ ਦੇ ਮੁਖੜੇ ਦੁਆਲੇ ਆਭਾ ਫੈਲੀ ਹੋਈ! ਗਲ ਵਿੱਚ ਦੋਵੇਂ ਬਾਹਾਂ ਪਾ ਕੇ ਫਿਰ ਕਿਹਾ- ਮਾਂ…! ਮਾਂ…!
ਵਿਧਾਤਾ ਕੋਲ ਵੀ ਅਜਿਹਾ ਕੋਈ ਗਜ ਨਹੀਂ ਜਿਹੜਾ ਮਾਂ ਦੇ ਆਨੰਦ ਨੂੰ ਮਿਣ ਸਕੇ…! ਸੇਠਾਣੀ ਦੇ ਹਜ਼ਾਰੋਂ ਹਜ਼ਾਰ ਜਨਮ ਧੰਨ ਹੋ ਗਏ। ਦਿਲ ਵਿੱਚ ਫੁੱਲ ਨਹੀਂ, ਬਾਗ਼ ਖਿੜੇ। ਉਸਦੇ ਭਰਮ ਦਾ ਬੇਟਾ ਆਖ਼ਰ ਬੋਲ ਹੀ ਪਿਆ! ਮਾਂ ਪੁੱਤ ਇਕੱਠੇ ਰਥ ਚੋਂ ਹੇਠ ਉਤਰੇ। ਸੇਠ ਉਧਰ ਹੀ ਅੱਖਾਂ ਗੱਡੀ ਖਲੋਤਾ ਸੀ। ਭਰੋਸਾ ਨਾ ਹੋਇਆ। ਅੱਖਾਂ ਮਲ਼ ਕੇ ਫੇਰ ਦੇਖੇ। ਭੱਜ ਕੇ ਨੇੜੇ ਆਇਆ। ਇਸ ਤੋਂ ਪਹਿਲਾਂ ਕਿ ਗਲ ਲਾਉਂਦਾ, ਬੇਟੇ ਨੇ ਚਰਨ ਛੂਹੇ। ਡੰਡਾਉਤ ਕੀਤੀ। ਪਿਤਾ ਦੇ ਚਰਨਾਂ ਨਾਲ ਸੱਤ ਵਾਰ ਮੱਥਾ ਛੁਹਾਇਆ। ਪਤੀ ਪਤਨੀ ਇੱਕ ਦੂਜੇ ਵੱਲ ਦੇਖਣ ਲੱਗੇ। ਜਿਵੇਂ ਦੋਵਾਂ ਦੀਆਂ ਜੋਤਾਂ ਇੱਕ ਦੂਜੀ ਨਾਲ ਬਦਲ ਗਈਆਂ ਹੋਣ! ਖ਼ਾਮੋਸ਼ੀ ਜਦੋਂ ਬੋਲਾਂ ਦਾ ਕੰਮ ਸਾਰਨ ਲੱਗੇ ਤਾਂ ਬੋਲ ਤਾਲੂ ਨਾਲ ਚਿਪਕ ਜਾਂਦੇ ਹਨ। ਗਲ ਵਿੱਚੋਂ ਇੱਕ ਅੱਖਰ ਨਹੀਂ ਨਿਕਲਦਾ।
ਦੂਲੇ ਨੂੰ ਦੇਖਕੇ ਨਾਗਣ ਖ਼ੁਸ਼ ਹੋ ਗਈ। ਸ਼ਰਬਤ ਭਰੀਆਂ ਅੱਖਾਂ ਨਾਲ ਉਸ ਵੱਲ ਦੇਖਦੀ ਰਹੀ। ਬਰਾਤੀਆਂ ਦੀ ਨਾ ਅਕਲ ਕੰਮ ਕਰ ਰਹੀ ਸੀ ਨਾ ਅੱਖਾਂ। ਇਹੋ ਜਿਹਾ ਰੂਪ ਦੇਖਣ ਵਾਸਤੇ ਪੁਤਲੀਆਂ ਬਹੁਤ ਛੋਟੀਆਂ ਹਨ। ਸੂਰਜ ਵਰਗੀਆਂ ਸੋਲਾਂ ਅੱਖਾਂ ਚਾਹੀਦੀਆਂ ਹਨ!
ਫੇਰ ਤਾਂ ਬਰਾਤ ਇੱਕ ਪਲ ਨਾ ਰੁਕੀ। ਤਲਾਬ ਦੇ ਕਿਨਾਰੇ ਫਣ ਚੁੱਕੀ ਨਾਗਣ ਬਿਟਰ ਬਿਟਰ ਜਾਂਦੀ ਬਰਾਤ ਨੂੰ ਦੇਖਦੀ ਰਹੀ। ਅੱਜ ਤੋਂ ਪਹਿਲਾਂ ਨਾਗ ਨਾਗਣ ਦਾ ਕਦੇ ਵਿਛੋੜਾ ਨਹੀਂ ਹੋਇਆ ਸੀ। ਅੱਜ ਹੋਇਆ ਤਾਂ ਕਿੰਨੇ ਪਵਿੱਤਰ ਕੰਮ ਵਾਸਤੇ ਹੋਇਆ! ਨਾਗਣ ਬਿਲਕੁਲ ਉਦਾਸ ਨਾ ਹੋਈ। ਤਿੰਨ ਦਿਨ ਬਾਅਦ ਪਰਤ ਆਏਗੀ ਬਰਾਤ। ਦੋ ਤਿੰਨ ਦਿਨ ਦੀ ਕੀ ਗੱਲ ਹੈ? ਪਰ ਅੱਜ ਤਲਾਬ ਉਸਨੂੰ ਸੁੰਨਾ ਅਤੇ ਬਦਰੰਗ ਲੱਗਿਆ।
ਉਧਰ ਕੁੜਮਾ ਦੇ ਘਰ ਬਰਾਤ ਪਹੁੰਚਦੇ ਹੀ ਖ਼ੁਸ਼ੀਆਂ ਦਾ ਖੜਦੁੰਮ ਮੱਚ ਗਿਆ। ਜਿਹੋ ਜਿਹੀ ਲਾੜੀ ਤਿਹੋ ਜਿਹਾ ਲਾੜਾ। ਦੋਵਾਂ ਦਾ ਰੂਪ ਇੱਕ ਦੂਜੇ ਤੋਂ ਵੱਧ ਚੜ੍ਹ ਕੇ। ਫੇਰਿਆਂ ਦੀ ਰਾਤ ਉਨ੍ਹਾਂ ਦੇ ਚਿਹਰਿਆਂ ਅੱਗੇ ਦੀਵਿਆਂ ਦੀ ਲੋਅ ਮੱਧਮ ਪੈ ਗਈ। ਦੁਲਹਨ ਦੇ ਹੋਠਾਂ ਦੇ ਅੰਮ੍ਰਿਤ ਵਲ ਦੇਖਦਿਆਂ ਦੁਲਾ ਸੋਚਣ ਲੱਗਾ- ਨਾਗਣ ਹਠ ਨਾ ਕਰਦੀ, ਇਹ ਸੁੱਖ ਕਿੱਥੋਂ ਨਸੀਬ ਹੁੰਦਾ? ਔਰਤ ਦੇ ਸਰੀਰ ਦੀ ਤਾਂ ਗੱਲ ਹੀ ਹੋਰ ਹੈ। ਯਾਦ ਹੁੰਦੇ ਸੁੰਦੇ ਕੁਝ ਯਾਦ ਨਹੀਂ ਰਹਿੰਦਾ। ਚੇਤਨਾ ਨਹੀਂ ਹੁੰਦੀ, ਆਨੰਦ ਹੁੰਦਾ ਹੈ। ਆਦਮੀ ਦੇ ਇਸ ਸੁੱਖ ਦਾ ਰੱਬ ਨੂੰ ਵੀ ਪਤਾ ਨਹੀਂ। ਜੇ ਪਤਾ ਲੱਗ ਜਾਵੇ ਈਰਖਾ ਕਰੇ!
ਪੰਜਵੇਂ ਦਿਨ ਬਰਾਤ ਵਾਪਸ ਰਵਾਨਾ ਹੋਈ। ਸੋਨੇ ਦੇ ਰਥ ਵਿੱਚ ਮੁੜਦੇ ਵੇਲੇ ਮਾਂ ਦੀ ਥਾਂ ਸੁਹਾਗਣ ਬੈਠੀ। ਸੁਖ ਸੁਖ ਵਿੱਚ ਕਿੰਨਾ ਫਰਕ। ਮਾਂ ਦੀ ਗੋਦ ਦਾ ਸੁਖ ਵੱਖਰਾ, ਦੁਲਹਨ ਨਾਲ ਲੱਗ ਕੇ ਬੈਠਣ ਦਾ ਸੁਖ ਵੱਖਰਾ। ਦੋਵਾਂ ਵਿੱਚ ਕੋਈ ਸਾਂਝ ਨਹੀਂ। ਇਸ ਆਨੰਦ ਵਿੱਚ ਲਾੜੇ ਨੂੰ ਨਾਗਣ ਦਾ ਖ਼ਿਆਲ ਆਇਆ। ਹੁਣ ਉਹ ਆਪਣੇ ਕੋਲ ਰੱਖਣ ਦੀ ਜ਼ਿੱਦ ਕਰੇਗੀ! ਮੰਨੇਗੀ ਹੀ ਨਹੀਂ। ਤਲਾਬ ਤੋਂ ਪਰ੍ਹੇ ਪਰੇਰੇ ਦੀ ਲੰਘ ਜਾਨੇ ਆਂ। ਪਰ ਇਸ ਤਰ੍ਹਾਂ ਵੀ ਕਿੰਨੀ ਕੁ ਦੇਰ ਚੱਲੇਗਾ? ਸ਼ਾਇਦ ਸਮਝਾਉਣ ਨਾਲ ਸਮਝ ਜਾਏ? ਸੇਠ ਸੇਠਾਣੀ ਵੀ ਤਲਾਬ ਕਿਨਾਰੇ ਪੜਾਉ ਕਰਨਾ ਚਾਹੁੰਦੇ ਸਨ। ਤਲਾਬ ਨੂੰ ਮੱਥਾ ਟੇਕਣਗੇ ਚੜ੍ਹਾਵਾ ਚਾੜ੍ਹਨਗੇ। ਇੱਥੇ ਹੀ ਤਾਂ ਉਨ੍ਹਾਂ ਦਾ ਜੀਵਨ ਧੰਨ ਹੋਇਆ ਸੀ।
ਖ਼ੁਸ਼ੀਆਂ ਨਾਲ ਛਲਕਦੇ ਸਾਰੇ ਜਣੇ ਤਲਾਬ ਕਿਨਾਰੇ ਪੁੱਜ ਗਏ। ਕਿਨਾਰੇ ਬੈਠੀ ਉਡੀਕਵਾਨ ਨਾਗਣ ਵਰਮੀ ਅੰਦਰ ਚਲੀ ਗਈ। ਵਿਛੋੜੇ ਦੇ ਦਿਨ ਕਸ਼ਟ ਵਿੱਚ ਲੰਘੇ ਸਨ। ਇੱਕ ਇੱਕ ਪਲ ਪਹਾੜ ਹੋ ਗਿਆ ਸੀ। ਜਿੰਨਾ ਭਲਾ ਲਾੜੀ ਦਾ ਕਰ ਸਕੀ ਕਰ ਦਿੱਤਾ, ਬਹੁਤ ਹੈ। ਆਪਣਾ ਘਰ ਜਲਾ ਕੇ ਦੂਜੇ ਦੇ ਘਰ ਕਿੰਨੀ ਕੁ ਦੇਰ ਚਾਨਣ ਕਰੀਏ?
ਲਾੜੇ ਨੂੰ ਨਾਗਣ ਦੇ ਸੁਭਾਅ ਦਾ ਪੂਰਾ ਪਤਾ ਸੀ। ਭਲੀ ਹੈ, ਨੇਕ ਅਤੇ ਸਮਝਦਾਰ ਹੈ। ਪਰ ਪਤੀਵਰਤਾ ਵੀ ਹੱਦ ਦਰਜੇ ਦੀ। ਪੰਜ ਦਿਨਾਂ ਦੀ ਭੁੱਖੀ ਪਿਆਸੀ ਰਸਤਾ ਦੇਖ ਰਹੀ ਹੋਣੀ। ਪਤੀ ਦਾ ਵਿਛੋੜਾ ਝੱਲ ਨਹੀਂ ਹੁੰਦਾ। ਨੇਮ ਧਰਮ ਦਾ ਇਹ ਦਿਖਾਵਾ ਵੀ ਕਿਸ ਕੰਮ ਦਾ? ਵਡਭਾਗਣ ਮੰਨੇਗੀ ਕਿ ਨਹੀਂ? ਹੈ ਤਾਂ ਸਿਧੀ ਸਾਦੀ। ਚਾਹੇ ਸ਼ੀਸ਼ੀ ਵਿੱਚ ਉਤਾਰ ਲਉ। ਭੋਲੀ ਨਾ ਹੁੰਦੀ ਮੈਨੂੰ ਤੋਰਦੀ ਕਿਉਂ? ਗਹਿਰੀ ਸੋਚ ਵਿੱਚ ਡੁੱਬਾ ਲਾੜਾ ਰਥੋਂ ਹੇਠ ਉਤਰਿਆ ਤੇ ਵਰਮੀ ਵੱਲ ਗਿਆ। ਦੇਖਣ ਸਾਰ ਨਾਗਣ ਫੁਟ ਫੁਟ ਰੋਣ ਲੱਗੀ। ਹਿਚਕੀ ਬੱਝ ਗਈ, ਕਹਿੰਦੀ- ਮੇਰਾ ਖ਼ਿਆਲ ਹੁੰਦਾ, ਦੋ ਦਿਨ ਤੋਂ ਵਧੀਕ ਨਾ ਰੁਕਦੇ।
ਲਾੜੇ ਨੇ ਕਿਹਾ- ਕਮਲੀਏ ਬਰਾਤ ਕਦੋਂ ਵਾਪਸ ਤੋਰਨੀ ਹੈ ਇਹ ਕੋਈ ਮੇਰੇ ਵਸ ਦੀ ਗੱਲ ਸੀ? ਗੜਬੜ ਸਾਰੀ ਤੂੰ ਕੀਤੀ, ਦੋਸ਼ ਮੇਰੇ ਸਿਰ। ਮੈਂ ਤਾਂ ਬਥੇਰਾ ਟਾਲਿਆ, ਤੂੰ ਜ਼ਿੱਦ ਕਰਨੋ ਹਟੇਂ ਫੇਰ ਈ ਐ। ਤੇਰੇ ਹਠ ਅੱਗੇ ਮੇਰੀ ਇੱਕ ਨਾ ਚੱਲੀ। ਮੈਨੂੰ ਤਾਂ ਖ਼ੁਦ ਤੇਰਾ ਵਿਛੋੜਾ ਬੇਚੈਨ ਕਰਦਾ ਰਿਹਾ। ਘੜੀ ਘੜੀ ਤੇਰੀ ਸੂਰਤ ਅੱਖਾਂ ਅੱਗੇ ਆ ਜਾਂਦੀ।
ਭੋਲੀ ਨਾਗਣ ਦਾ ਸਾਰਾ ਗੁੱਸਾ ਜਾਂਦਾ ਰਿਹਾ- ਸੱਚੀਂ ਮੈਂ ਯਾਦ ਆਉਂਦੀ ਰਹੀ? ਮੇਰੇ ਧੰਨਭਾਗ! ਹੁਣ ਆਪਣੀ ਅਸਲੀ ਸੂਰਤ ਵਿੱਚ ਆ ਜਾਉ। ਤੁਹਾਡੇ ਦਰਸ਼ਨ ਕਰਾਂ ਤਾਂ ਚੈਨ ਮਿਲੇ, ਦਿਲ ਟਿਕੇ।
ਲਾੜਾ ਬੋਲਿਆ- ਪੰਜ ਦਿਨ ਮਨੁੱਖ ਦੀ ਘਟੀਆ ਜੂਨ ਵਿੱਚ ਕੀ ਬਿਤਾਏ ਮੈਂ ਤਾਂ ਅੱਕ ਗਿਆ। ਤੇਰੀ ਯਾਦ ਆਉਂਦੀ ਰਹੀ। ਪਰ ਹੁਣ ਇਹ ਤਾਂ ਸੋਚ, ਮੈਂ ਫਿਰ ਤੋਂ ਨਾਗ ਰੂਪ ਵਿੱਚ ਆ ਗਿਆ, ਲਾੜੀ ਇੱਥੇ ਹੀ ਸਤੀ ਹੋ ਜਾਊ। ਤੂੰ ਕਿੰਨਾ ਬੁਰਾ ਫਸਾਇਆ ਮੈਨੂੰ। ਉਸ ਦਿਨ ਇਨੀ ਦਇਆ ਕੀਤੀ, ਹੁਣ ਥੋੜ੍ਹੇ ਦਿਨ ਹੋਰ ਸਬਰ ਕਰ। ਤੇਰੇ ਬਿਨ ਮੇਰੇ ਉੱਪਰ ਕੀ ਬੀਤ ਰਹੀ ਹੈ, ਤੈਨੂੰ ਕੀ ਪਤਾ! ਪਰ ਲਾਚਾਰ ਹਾਂ। ਤਿੰਨ ਕੁ ਮਹੀਨੇ ਉਡੀਕ, ਮੈਂ ਕਿਸੇ ਤਰ੍ਹਾਂ ਦਾਉ ਲਾ ਕੇ ਭੱਜ ਆਊਂਗਾ। ਹੁਣ ਮੈਨੂੰ ਹਟਾਈਂ ਨਾ। ਮੈਂ ਤਾਂ ਪਹਿਲੋਂ ਈ ਦੁਖੀ ਹਾਂ।
-ਇੱਕ ਵਾਰ ਭੁੱਲ ਕਰ ਬੈਠੀ ਸੋ ਕਰ ਬੈਠੀ, ਹੁਣ ਬਾਰ ਬਾਰ ਭੁੱਲ ਕਰਾਂ, ਇਨੀ ਭੋਲੀ ਨਹੀਂ ਮੈਂ। ਨਾਗਣ ਦੇ ਭੋਲੇਪਣ ਵਿੱਚ ਕੋਈ ਕਮੀ ਨਹੀਂ ਸੀ। ਪਤੀ ਉੱਪਰ ਅੱਖਾਂ ਬੰਦ ਕਰਕੇ ਭਰੋਸਾ ਕਰਦੀ। ਐਤਕਾਂ ਫੇਰ ਭਰੋਸਾ ਕਰ ਲਿਆ। ਬੜੀ ਮੁਸ਼ਕਲ ਨਾਲ ਵਰਮੀ ਅੰਦਰ ਇਕੱਲੀ ਗਈ। ਲਾੜਾ ਸੋਨੇ ਦੇ ਰਥ ਵਿੱਚ ਸਵਾਰ ਹੋ ਕੇ ਲਾੜੀ ਦੀ ਸੂਰਤ ਦੇਖਦਾ ਦੇਖਦਾ ਚੱਲ ਪਿਆ।
ਬਰਾਤ ਪੁੱਜਣ ਸਾਰ ਸੇਠ ਦੀ ਹਵੇਲੀ ਵਿੱਚੋਂ ਸੁਗਾਤਾਂ ਦੀਆਂ ਵਾਛੜਾਂ ਆਉਣੀਆਂ ਸ਼ੁਰੂ ਹੋ ਗਈਆਂ। ਲਾੜੀ ਪਰਤੱਖ ਲੱਛਮੀ। ਨੌਕਰ ਚਾਕਰ ਬਥੇਰੇ ਪਰ ਸੱਸ ਸਹੁਰੇ ਦੀ ਸੇਵਾ ਆਪ ਕਰਦੀ। ਖਾਣਾ ਖੁਆਉਂਦੀ, ਸੱਸ ਦੇ ਪੈਰ ਘੁਟਦੀ। ਹਾਲੀਆਂ ਪਾਲੀਆਂ ਨੌਕਰਾਂ ਚਾਕਰਾਂ ਦਾ ਧਿਆਨ ਰੱਖਦੀ। ਕਿਸੇ ਨਾਲ ਭੇਦ ਭਾਵ ਨਹੀਂ। ਹੱਸ ਹੱਸ ਗੱਲ ਕਰਦੀ। ਨੈਣ ਦਾ ਆਦਰ ਵੀ ਸੱਸ ਵਾਂਗ ਕਰਦੀ। ਬਿਨ ਪੁੱਛੇ ਪਾਣੀ ਨਾ ਪੀਂਦੀ। ਬੇਟਾ ਪੂਰਾ ਆਗਿਆਕਾਰ। ਗੁਣਾ ਦੀ ਖਾਣ। ਅਕਲ ਦਾ ਸਾਗਰ। ਭਾਗਾਂ ਦਾ ਬਲੀ। ਦਇਆ ਮਇਆ ਦਾ ਪੁਤਲਾ। ਵਪਾਰ ਵਿੱਚ ਵਾਧਾ ਹੋਇਆ। ਦੇਖਦੇ ਦੇਖਦੇ ਵਪਾਰ ਦੇ ਲੇਖੇ ਦੇ ਗੁਰ ਸਿਖ ਗਿਆ।
ਵਣਜ ਵਪਾਰ ਅਤੇ ਰੰਗ ਮਹਿਲ ਦੀ ਮੌਜ ਮਸਤੀ ਵਿੱਚ ਨਾਗਣ ਤਾਂ ਯਾਦ ਹੀ ਨਹੀਂ ਆਈ। ਪਲਕ ਝਪਕਦਿਆਂ ਤਿੰਨ ਮਹੀਨੇ ਬੀਤ ਗਏ। ਨਾਗਣ ਨੇ ਔਸੀਆਂ ਪਾ ਪਾ ਕੇ ਦਿਨ ਕੱਟੇ। ਸੁੱਕ ਕੇ ਤਿਣਕਾ ਹੋ ਗਈ। ਕੰਜ ਦੀ ਲਿਸ਼ਕ ਫਿੱਕੀ ਪੈ ਗਈ। ਆਖ਼ਰ ਉਡੀਕ ਉਡੀਕ ਕੇ ਪਤੀ ਦੀ ਖੋਜ ਵਿੱਚ ਨਿਕਲ ਪਈ। ਤੀਜੇ ਦਿਨ, ਅੱਧੀ ਰਾਤ ਪਤੀ ਦੀ ਹਵੇਲੀ ਪਹੁੰਚੀ। ਚਾਰੇ ਕੋਨਿਆਂ ਵਿੱਚ ਪੀਲੀਆਂ ਜੋਤਾਂ ਜਗ ਰਹੀਆਂ। ਪਤੀ ਪਤਨੀ ਰੰਗਰਲੀਆਂ ਵਿੱਚ ਮਗਨ। ਨਾਗਣ ਆਪੇ ਤੋਂ ਬਾਹਰ ਹੋ ਗਈ। ਗੁੱਸੇ ਵਿੱਚ ਲਾੜੀ ਨੂੰ ਡੰਗਣਾ ਚਾਹਿਆ। ਅਗਲੇ ਹੀ ਪਲ ਦਿਲ ਵਿੱਚ ਫਿਰ ਤਰਸ ਆ ਗਿਆ, ਇਸ ਵਿਚਾਰੀ ਦਾ ਕੀ ਕਸੂਰ? ਆਪਣੇ ਮਾਲਕ ਨੇ ਹੀ ਭੁਲਾ ਦਿੱਤੀ, ਬੇਗਾਨਿਆਂ ਨੂੰ ਕੀ ਦੋਸ਼? ਇਸ ਜੋਗ ਸਮਾਧੀ ਵੇਲੇ ਇਨ੍ਹਾਂ ਦੇ ਆਨੰਦ ਵਿੱਚ ਵਿਘਨ ਪਾਉਣਾ ਵੀ ਸਹੀ ਨਹੀਂ। ਕੀ ਕਰਾਂ ਹੁਣ? ਕੰਧ ਵਿਚਲੇ ਆਲੇ ਵਿੱਚ ਕੁੰਡਲੀ ਮਾਰ ਕੇ ਬੈਠ ਗਈ। ਦੋਵਾਂ ਦੀ ਲੀਲਾ ਦੇਖਦੀ ਰਹੀ। ਇੱਕ ਵਾਰ ਦਿਲ ਵਿੱਚ ਖ਼ਿਆਲ ਆਇਆ ਵੀ ਕਿ ਜੋੜੇ ਨੂੰ ਨਾ ਹੀ ਛੇੜਾਂ, ਵਾਪਸ ਵਰਮੀ ਵਿੱਚ ਚਲੀ ਜਾਵਾਂ। ਪਰ ਅਜਿਹਾ ਕਰਨਾ ਕਿਹੜਾ ਸੌਖਾ ਕੰਮ ਹੈ? ਆਲੇ ਵਿੱਚੋਂ ਹਿੱਲ ਹੀ ਨਾ ਸਕੀ।
ਆਖ਼ਰ ਪਤੀ ਪਤਨੀ ਨੀਂਦ ਦੀ ਗੋਦ ਵਿੱਚ ਸਮਾ ਗਏ। ਸਰਕਦੀ ਹੋਈ ਨਾਗਣ ਪਲੰਘ ਤੇ ਚੜ੍ਹੀ, ਪੂਛ ਥਪਥਪਾ ਕੇ ਲਾੜੇ ਨੂੰ ਜਗਾਇਆ। ਨਾਗਣ ਨੂੰ ਦੇਖਣ ਸਾਰ ਸਭ ਯਾਦ ਆ ਗਿਆ। ਅੱਖਾਂ ਵਿੱਚ ਅੱਖਾਂ ਪਾ ਕੇ ਨਾਗਣ ਨੇ ਪੁੱਛਿਆ- ਪਛਾਣਿਆਂ ਮੈਨੂੰ? ਤੂੰ ਏਨਾ ਨਿਰਮੋਹੀ, ਕੀ ਪਤਾ ਸੀ? ਕਦੀ ਸੋਚਿਆ ਨਹੀਂ ਮੇਰਾ ਕੀ ਹਾਲ ਹੋਵੇਗਾ? ਠੀਕ ਹੈ, ਇਨ੍ਹਾਂ ਰੰਗਰਲੀਆਂ ਵਿੱਚ ਮੈਂ ਕਿੱਥੇ!
ਆਦਮੀ ਦੇ ਜਾਮੇ ਵਿੱਚ ਆ ਕੇ ਨਾਗ ਕਾਫ਼ੀ ਚਲਾਕ ਹੋ ਗਿਆ ਸੀ। ਬੋਲਿਆ- ਹੁਕਮ ਕਰ, ਹੁਣੇ, ਇਸੇ ਵਕਤ ਤੇਰੇ ਨਾਲ ਤੁਰ ਪੈਨਾ। ਇਹ ਤਾਂ ਘੋੜੇ ਵੇਚ ਕੇ ਸੌਂ ਰਹੀ ਹੈ। ਪਰ ਤੜਕੇ ਹਵੇਲੀ ਵਿੱਚ ਜੋ ਕੁਹਰਾਮ ਮੱਚੇਗਾ ਉਹ ਆਪਣੀਆਂ ਅੱਖਾਂ ਨਾਲ ਆਪ ਦੇਖੀਂ, ਕੰਨਾਂ ਨਾਲ ਆਪ ਸੁਣੀ। ਤਿੰਨ ਮਹੀਨਿਆਂ ਦੇ ਸੁਹਾਗ ਨਾਲੋਂ ਤਾਂ ਚੰਗਾ ਹੁੰਦਾ ਵਿਚਾਰੀ ਦਾ ਵਿਆਹ ਈ ਨਾ ਹੁੰਦਾ! ਦਇਆ ਦਾ ਖ਼ੂਬ ਨਾਟਕ ਖੇਡਿਆ ਤੂੰ ਵੀ। ਮੈਂ ਇਨੀ ਵਾਰ ਨਾਂਹ ਕੀਤੀ, ਵਰਜੀ, ਤੂੰ ਕਿਤੇ ਮੰਨਣ ਵਾਲੀ ਸੀ? ਉਸ ਦਿਨ ਦੇ ਕੌਲ ਵਚਨ ਯਾਦ ਨੇ ਤੈਨੂੰ? ਮੇਰਾ ਕੀ ਐ? ਤੂੰ ਜੋ ਮਰਜੀ ਹੈ ਸੋ ਕਰ। ਜੋ ਕਹੇਂਗੀ ਸੋ ਮੈਂ ਕਰੂੰਗਾ।
-ਕਿਉਂ ਝੂਠ ਬੋਲਦੇ ਹੋ? ਮੇਰੀਆਂ ਅੱਖਾਂ ਤੁਹਾਡੇ ਕਾਲਜੇ ਵਿੱਚ ਗੱਡੀਆਂ ਹੋਈਆਂ ਨੇ। ਇਸ ਹਵੇਲੀ ਨੂੰ ਛੱਡਣ ਦਾ ਤਾਂ ਤੁਹਾਨੂੰ ਸੁਫ਼ਨਾ ਵੀ ਬੁਰਾ ਲੱਗੇਗਾ। ਵਾਪਸ ਜਾਣ ਵਾਸਤੇ ਹੁਣ ਫ਼ਜ਼ੂਲ ਗੱਲਾਂ ਨਾ ਈ ਕਰੋ। ਜੇ ਮੈਂ ਹਾਂ ਕਰ ਦਿੱਤੀ ਫਿਰ ਸੱਜੇ ਖੱਬੇ ਝਾਕਣ ਲੱਗ ਜਾਉਂਗੇ! ਮੈਨੂੰ ਜਾਨੋ ਮਾਰ ਦੇਣ ਦੀ ਤੁਹਾਡੇ ਵਿੱਚ ਤਾਕਤ ਨਹੀਂ, ਹੁੰਦੀ ਤਾਂ ਇਹ ਕੰਮ ਵੀ ਨਿਬੇੜਿਆ ਹੁੰਦਾ! ਪਰ ਭੁੱਲ ਮੇਰੀ, ਸੋ ਵਿਗੜੀ ਸਵਾਰਾਂਗੀ ਖ਼ੁਦ। ਤੁਹਾਨੂੰ ਦੋਸ਼ ਨਹੀਂ ਦਿੰਦੀ। ਇੱਕ ਗੱਲ ਪੁੱਛਦੀ ਹਾਂ- ਸੱਚ ਦੱਸੋ ਇਹ ਹਵੇਲੀ ਛੱਡ ਕੇ ਮੇਰੇ ਨਾਲ ਜਾਣ ਲਈ ਤਿਆਰ ਹੋ?
ਐਤਕਾਂ ਝੂਠ ਨਹੀਂ ਬੋਲ ਸਕਿਆ। ਨੀਵੀਂ ਪਾ ਕੇ ਕਹਿਣ ਲੱਗਾ- ਤੂੰ ਸਹੀ ਕਹਿੰਦੀ ਹੈਂ। ਇੱਥੇ ਮੇਰਾ ਦਿਲ ਲੱਗ ਗਿਆ। ਹੁਣ ਹਵੇਲੀ ਛੱਡੀ ਨਹੀਂ ਜਾਂਦੀ! ਨਾਗਣ ਦੀਆਂ ਅੱਖਾਂ ਛਲਕ ਆਈਆਂ। ਭਿੱਜੀ ਆਵਾਜ਼ ਵਿੱਚ ਬੋਲੀ- ਇਹ ਸੁਣਕੇ ਮੈਨੂੰ ਭੋਰਾ ਦੁੱਖ ਨਹੀਂ ਹੋਇਆ। ਮੇਰੇ ਕਰਕੇ ਦੁਲਹਨ ਨੂੰ ਸੁਖ ਮਿਲਿਆ, ਹੁਣ ਖੋਹਣਾ ਕਿਸ ਵਾਸਤੇ? ਮੇਰਾ ਵਸ ਚੱਲੇ ਹਮੇਸ਼ਾਂ ਤੁਹਾਨੂੰ ਸੁਖੀ ਰੱਖਾਂ। ਇਸ ਰੰਗਮਹਿਲ ਵਿੱਚ ਆ ਕੇ ਮੈਨੂੰ ਨਵਾਂ ਗਿਆਨ ਮਿਲਿਆ। ਤਿੰਨ ਦਿਨਾਂ ਦੀ ਮੁਹਲਤ ਮੰਗਦੀ ਹਾਂ। ਚੁੱਪ ਚਾਪ ਦੇਖਦੇ ਜਾਇਓ।
ਸਾਰੀ ਗੱਲ ਦਾ ਦਾਰੋਮਦਾਰ ਆਟੇ ਦੇ ਪੁਤਲੇ ਉੱਪਰ ਹੈ। ਮਾਂ ਨੂੰ ਪੁੱਛਣ ਬਗ਼ੈਰ ਸੱਚ ਦਾ ਪਤਾ ਨਹੀਂ ਲੱਗੇਗਾ। ਸਰਕਦੀ ਸਰਕਦੀ ਨਾਗਣ ਸੇਠਾਣੀ ਦੇ ਕਮਰੇ ਵਿੱਚ ਗਈ। ਸੇਠਾਣੀ ਨੈਣ ਨਾਲ ਗੱਲਾਂ ਕਰ ਰਹੀ ਸੀ। ਨਾਗਣ ਦੇਖ ਕੇ ਚੀਕਾਂ ਮਾਰਨ ਲੱਗੀ ਹੀ ਸੀ ਕਿ ਨਾਗਣ ਨੇ ਕਿਹਾ- ਡਰ ਨਾ ਮਾਂ। ਤੁਹਾਨੂੰ ਕੋਈ ਨੁਕਸਾਨ ਨਹੀਂ ਪੁਚਾਵਾਂਗੀ। ਕੇਵਲ ਇੱਕ ਗੱਲ ਪੁੱਛਣੀ ਹੈ। ਤੁਸੀਂ ਕਦੇ ਸੋਚਿਆ ਕਿ ਆਟੇ ਦੇ ਪੁਤਲੇ ਵਿੱਚ ਉਸ ਦਿਨ ਅਚਾਨਕ ਜਾਨ ਕਿਵੇਂ ਪੈ ਗਈ?
ਗੱਲ ਸੁਣਨ ਸਾਰ ਸੇਠਾਣੀ ਨੂੰ ਨਾਗਣ ਤੇ ਇਤਬਾਰ ਆ ਗਿਆ, ਬੋਲੀ- ਅਸੀਂ ਦੋਵੇਂ ਜਣੀਆਂ ਬੈਠੀਆਂ ਹੁਣ ਇਹੋ ਤਾਂ ਗੱਲਾਂ ਕਰ ਰਹੀਆਂ ਸਾਂ। ਬੜਾ ਮੱਥਾ ਮਾਰਿਆ ਮਗਜ ਖਪਾਈ ਕੀਤੀ, ਕੁਝ ਸਿੱਟਾ ਨਾ ਨਿਕਲਿਆ।
-ਮੈਂ ਅੱਜ ਇਹੋ ਗੱਲ ਦੱਸਣ ਵਾਸਤੇ ਆਈ ਆਂ।
ਸਾਰੀ ਗੱਲ ਸੁਣਕੇ ਮਾਂ ਦਾ ਹਿਰਦਾ ਸ਼ਰਬਤ ਨਾਲ ਭਰ ਗਿਆ। ਨਾਗਣ ਨੂੰ ਛਾਤੀ ਨਾਲ ਲਾ ਕੇ ਬਹੁਤ ਰੋਈ। ਦੁੱਖ ਦੇ ਰਲਵੇਂ ਮਿਲਵੇਂ ਹੰਝੂ। ਇਸ ਸਮੇਂ ਦਿਲ ਦੀ ਗੱਲ ਕਰਨ ਲਈ ਹੰਝੂਆਂ ਤੋਂ ਇਲਾਵਾ ਹੋਰ ਕੁਝ ਨਹੀਂ ਹੋਇਆ ਕਰਦਾ।
ਸੇਠਾਣੀ ਨੇ ਫਿਰ ਨਿਪੁੱਤੇ ਦੇ ਮਿਹਣੇ ਤੋਂ ਸ਼ੁਰੂ ਕਰਕੇ ਤਲਾਬ ਤੱਕ ਦੀ ਇੱਕ ਇੱਕ ਘਟਨਾ ਸੁਣਾਈ। ਨਾਗਣ ਸੁਣਦੀ ਰਹੀ, ਰੋਂਦੀ ਰਹੀ। ਹੰਝੂਆਂ ਦੇ ਅੰਮ੍ਰਿਤ ਸਦਕਾ ਦੁਨੀਆ ਬਚੀ ਹੋਈ ਹੈ, ਨਹੀਂ ਤਾਂ ਪਰਲੋਂ ਕਦ ਦੀ ਆ ਗਈ ਹੁੰਦੀ ਹੁਣ ਤੱਕ।
ਫੇਰ ਸੇਠਾਣੀ ਨੇ ਨਾ ਸੇਠ ਤੋਂ ਕੋਈ ਗੱਲ ਛੁਪਾਈ ਨਾ ਬਹੂ ਤੋਂ। ਸੁਣਨ ਸਾਰ ਦੋਵੇਂ ਹੱਕੇ ਬੱਕੇ! ਨਾ ਖ਼ੁਸ਼ੀ ਦਾ ਠਿਕਾਣਾ ਨਾ ਹੈਰਾਨੀ ਦਾ ਪਾਰਾਵਾਰ! ਸੇਠਾਣੀ ਦੀ ਗੋਦ ਵਿੱਚ ਬੈਠੀ ਨਾਗਣ ਨੇ ਫਣ ਚੁੱਕ ਕੇ ਦੁਲਹਨ ਵੱਲ ਦੇਖਦਿਆਂ ਕਿਹਾ- ਉਸ ਦਿਨ ਸੰਧੂਰ ਨਾਲ ਚੀਰਨੀ ਭਰੀ ਸੀ, ਅੱਜ ਮੋਤੀਆਂ ਨਾਲ ਭਰੂੰਗੀ।
ਸੇਠਾਣੀ ਨੇ ਨਾਗਣ ਦੇ ਸਿਰ ਤੇ ਹੱਥ ਫੇਰਿਆ, ਕਿਹਾ- ਤੂੰ ਮੇਰੇ ਘਰ ਦੀ ਖ਼ਾਸ ਲੱਛਮੀ ਹੈਂ। ਇੱਥੋਂ ਕਿਤੇ ਹੋਰ ਜਾਣ ਦੀ ਗੱਲ ਕੀਤੀ ਫਿਰ ਮੇਰਾ ਅੰਨ ਜਲ ਤਿਆਗਣਾ ਸਮਝਿਉ।
ਘਰ ਵਾਲਿਆਂ ਨੇ ਨਾਗਣ ਨੂੰ ਵੱਡੀ ਬਹੂ ਵਾਂਗ ਵਧਾਇਆ, ਖ਼ੂਬ ਜਸ਼ਨ ਹੋਏ। ਖ਼ੁਸ਼ੀਆਂ ਵਿੱਚ ਦਾਨ ਵੰਡਣ ਦੀ ਛੋਟ ਦੁਬਾਰਾ ਹੋਈ। ਉਸ ਦਿਨ ਤੋਂ ਬਾਅਦ ਨਾਗਣ ਨੂੰ ਹਵੇਲੀ ਵਿੱਚ ਵੱਡੀ ਬਹੂ ਹੋਣ ਦਾ ਹੱਕ ਅਤੇ ਆਦਰਮਾਣ ਮਿਲਿਆ। ਦਿਨ ਵਿੱਚ ਪਤੀ ਦੇ ਗਲ ਨਾਲ ਲਿਪਟੀ ਰਹਿੰਦੀ। ਰਾਤ ਨੂੰ ਪਤਨੀ ਬਣ ਜਾਂਦੀ। ਦੋਵਾਂ ਬਹੂਆਂ ਵਿੱਚ ਪੂਰਾ ਪਿਆਰ। ਆਪਣੇ ਨਾਲੋਂ ਦੂਜੀ ਦੇ ਦੁਖ ਸੁਖ ਦਾ ਖ਼ਿਆਲ ਰੱਖਦੀਆਂ। ਚੰਦ ਵਰਗੀਆਂ ਵਹੁਟੀਆਂ ਦੇ ਦੋ ਦੋ ਬੱਚੇ ਹਨ।
ਜਿਸ ਨਾਗਣ ਦੇ ਦੰਦਾਂ ਵਿੱਚ ਬਿਖ ਦੀ ਥਾਂ ਅੰਮ੍ਰਿਤ ਝਰੇ, ਉਸ ਤੋਂ ਕੌਣ ਡਰੇ? ਬੱਚੇ ਉਸ ਨਾਲ ਖੇਡਦੇ। ਬਹੂਆਂ ਉਸ ਦੀ ਪੂਜਾ ਕਰਦੀਆਂ ਨੇ, ਧੂਪਬੱਤੀ ਕਰਦੀਆਂ ਨੇ। ਸੰਧੂਰ ਦਾ ਤਿਲਕ ਲਾਉਂਦੀਆਂ ਨੇ। ਫਿਰ ਸੋਨੇ ਦੇ ਕਟੋਰੇ ਵਿੱਚ ਦੁੱਧ ਕੇਸਰ ਪਿਲਾਉਣ ਵਾਲੀ ਕਿਹੜੀ ਅਨੋਖੀ ਗੱਲ ਹੋਈ? ਇਹ ਨਾਗਣ ਤਾਂ ਏਨੀ ਸੁਲੱਖਣੀ ਹੈ ਕਿ ਮੁਰਦੇ ਨੂੰ ਡੰਗ ਮਾਰ ਦਏ ਤਾਂ ਜਾਨ ਪੈ ਜਾਏ! ਇਸ ਤਰ੍ਹਾਂ ਦਾ ਬੰਸ ਵਧੇਗਾ ਤਾਂ ਮਨੁੱਖ ਸੁਖ ਸ਼ਾਂਤੀ ਦਾ ਮਾਲਕ ਹੋ ਸਕੇਗਾ।
ਹੁੱਕਾ ਗੁੜਗੁੜਾਉਂਦੇ ਹੋਏ ਵੀਲੀਆ ਖਵਾਸ ਪਿੰਡ ਦੇ ਚੌਧਰੀ ਵੱਲ ਦੇਖ ਕੇ ਕਹਿਣ ਲੱਗਾ- ਖਾਣਪੀਣ ਦੀਆਂ ਰਸਦਾਂ, ਸੀਧਾ ਪੱਤਾ ਖ਼ਰੀਦਣ ਗਿਆਂ ਜਿਹੜੀ ਤੂੰ ਅਨਹੋਣੀ ਗੱਲ ਦੇਖੀ ਤੇ ਹੈਰਾਨ ਹੋ ਗਿਆ, ਉਸਦਾ ਇਹ ਭੇਦ ਹੈ। ਆਪੋ ਆਪਣੀ ਸਮਝ ਅਨੁਸਾਰ ਇਸ ਕਥਾ ਵਿੱਚੋਂ ਅਰਥ ਪ੍ਰਗਟ ਹੋਣਗੇ, ਅਰਥਾਂ ਦਾ ਸਾਰ ਮਿਲੇਗਾ। ਸਾਰੀ ਕਥਾ ਦੌਰਾਨ ਕਿਸੇ ਨੇ ਹੁੰਗਾਰਾ ਨਹੀਂ ਭਰਿਆ, ਹੁੰਗਾਰਾ ਭਰਨਾ ਭੁੱਲ ਹੀ ਗਏ, ਖ਼ਾਮੋਸ਼ ਸੁਣਦੇ ਰਹੇ। ਇਹੋ ਵੱਡੀ ਗੱਲ ਹੈ। ਇਸੇ ਤੋਂ ਕਥਾ ਦੇ ਮਹਾਤਮ ਦਾ ਪਤਾ ਲਗਦਾ ਹੈ। ਕਹਾਣੀ ਵਿਚਕਾਰ ਕੋਈ ਮੌਕਾ ਆਉਂਦਾ ਹੈ ਜਦੋਂ ਹੁੰਗਾਰੇ ਦੀ ਲੋੜ ਨਹੀਂ ਰਹਿੰਦੀ, ਹੁੰਗਾਰਾ ਸੁਹਣਾ ਲੱਗਣੋ ਹਟ ਜਾਂਦਾ ਹੈ। ਇਸ ਵਿੱਚ ਸ਼ੱਕ ਨਹੀਂ ਕਿ ਹੁੰਗਾਰਾ ਕਥਾ ਦਾ ਸ਼ਿੰਗਾਰ ਹੈ ਪਰ ਕਿਤੇ ਕਿਤੇ ਲੋੜ ਨਹੀਂ ਵੀ ਰਹਿੰਦੀ। ਲੋਕਾਂ ਦਾ ਦਿਲ ਕਾਹਨੂੰ ਦੁਖਾਣਾ, ਜਿਨ੍ਹਾਂ ਨੂੰ ਲੋੜ ਹੈ, ਹੁੰਗਾਰਾ ਲੈਂਦੇ ਨੇ, ਲੋਕ ਦਿੰਦੇ ਨੇ। ਇਹ ਕਥਨ ਅਨਮੋਲ ਹਨ। ਤੁਹਾਨੂੰ ਸਾਫ਼ ਦਿਸ ਤਾਂ ਰਹੇ ਨੇ ਸੋਨੇ ਦੇ ਇਹ ਫੁੱਲ! ਕੋਈ ਨਵੀਂ ਕਥਾ ਸੁਣਾ ਕੇ ਵੀਲੀਆ ਖਵਾਸ ਉਹੀ ਪੁਰਾਣਾ ਮਨੁੱਖ ਨਹੀਂ ਰਹਿੰਦਾ। ਬਦਲ ਜਾਂਦਾ ਹੈ। ਤੁਸੀਂ ਕੇਵਲ ਮੇਰਾ ਚਿਹਰਾ ਪਛਾਣਦੇ ਹੋ, ਮੇਰਾ ਅੰਤਹਕਰਣ ਨਹੀਂ ਪਛਾਣਦੇ। ਹੁਣ ਜੀ ਭਰ ਕੇ ਖਾਣਾ ਖਾਉ। ਡਕਾਰ ਮਾਰੋ, ਕੁਰਲੀ ਕਰੋ। ਇਨ੍ਹਾਂ ਗੂੜ੍ਹ ਗੱਲਾਂ ਦਾ ਮਰਮ ਜਾਣਨਾ ਹਰੇਕ ਦੇ ਵਸ ਦੀ ਗੱਲ ਨਹੀਂ। ਜਿਸ ਪਿੰਡ ਨਹੀਂ ਜਾਣਾ, ਉਸਦਾ ਰਸਤਾ ਕੀ ਪੁੱਛਣਾ…!
(ਮੂਲ ਲੇਖਕ: ਵਿਜੇਦਾਨ ਦੇਥਾ)
(ਅਨੁਵਾਦਕ: ਹਰਪਾਲ ਸਿੰਘ ਪੰਨੂ)