Naam (Punjabi Story) : Abdul Ghani Sheikh

ਨਾਮ (ਕਹਾਣੀ) : ਅਬਦੁਲ ਗ਼ਨੀ ਸ਼ੇਖ

ਦੇਰ ਰਾਤ ਦਾ ਸ਼ੋਅ ਮੁੱਕਿਆ ਹੀ ਸੀ। ਹਾੱਲ ਤੋਂ ਬਾਹਰ ਨਿੱਕਲਦਿਆਂ ਹੀ ਉਹ ਮੈਨੂੰ ਟੱਕਰ ਪਿਆ, ਜਦੋਂ ਯਖ਼ ਹਵਾ ਦੇ ਬੁੱਲ੍ਹੇ ਆਲੇ ਦੁਆਲਿਓਂ ਆ ਆ ਸਾਡੇ ਵਿਚ ਵੱਜ ਰਹੇ ਸਨ। ਇੱਕ ਟਾਂਗਾ ਅਖੀਰਲੇ ਚਾਰ ਪੰਜ ਦਰਸ਼ਕ ਬਿਠਾਈ ਕੋਲੋਂ ਦੀ ਲੰਘਿਆ। ਸੜਕ 'ਤੇ ਬੱਸ ਅਸੀਂ ਦੋਏ ਰਹਿ ਗਏ।
"ਤੁਸੀਂ ਕਿੱਥੇ ਜਾਣਾ ਹੈ?" ਉਸ ਮੈਥੋਂ ਪੁੱਛਿਆ।
"ਰਾਮਨਗਰ।"
"ਓਥੇ ਈ ਜਾਣੈਂ ਮੈਂ ਵੀ," ਉਸ ਆਖਿਆ। "ਆਓ ਤੁਰੀਏ!" ਉਸਦੀ ਆਵਾਜ਼ ਵਿਚ ਹੁਕਮ ਵਰਗਾ ਕੁਝ ਸੀ।
ਉਸਦਾ ਚਿਹਰਾ ਉਨ੍ਹਾਂ ਹਨੇਰਿਆਂ ਦੇ ਗਲੇਫ਼ ਵਿਚੋਂ ਮਸਾਂ ਹੀ ਪਤਾ ਲੱਗਦਾ ਪਿਆ ਸੀ, ਉਂਝ ਵੀ ਠੰਡ ਤੋਂ ਕੰਨਾਂ ਦੇ ਬਚਾਅ ਲਈ ਗੁਲੂਬੰਦ ਵਿਚ ਵਲ੍ਹੇਟਿਆ ਹੋਇਆ ਸੀ।
"ਫ਼ਿਲਮ ਤਾਂ ਐਵੇਂ ਬਕਵਾਸ ਹੀ ਸੀ," ਉਸ ਐਲਾਨਿਆ, ਮੇਰੇ ਵੱਲ ਦੇਖੇ ਬਗ਼ੈਰ। "ਕੋਸ਼ਿਸ਼ ਜਿਹੀ ਕੀਤੀ ਗਈ ਹੈ ਹਿੰਦੂ-ਮੁਸਲਮਾਨ ਏਕਤਾ ਦਿਖਾਉਣ ਦੀ। ਪਰ ਇਹ ਮੁਸਲਮਾਨ ਕਦੋਂ ਸਿੱਧੇ ਰਾਹ ਤੁਰੇ ਹਨ?"
ਇਹ ਕਿਹੋ ਜਿਹੇ ਆਦਮੀ ਨਾਲ ਵਾਸਤਾ ਪੈ ਗਿਆ ਹੈ ਮੇਰਾ? ਮੈਂ ਸੋਚ ਵਿਚ ਪੈ ਗਿਆ ਅਤੇ ਇਸ ਨਾਲ ਤੁਰ ਪੈਣ ਦੇ ਆਪਣੇ ਫ਼ੈਸਲੇ 'ਤੇ ਪਛਤਾਅ ਰਿਹਾ ਸੀ।
"ਇਹ ਲੋਕ ਰੋਜ਼ ਕੋਈ ਨਵੀਂ ਚਾਲ ਚੱਲ ਦੇਂਦੇ ਹਨ।" ਉਸਨੂੰ ਜ਼ਬਰਦਸਤ ਖੰਘ ਛਿੜ ਪਈ ਸੀ।
"ਕਿੰਨਾ ਅਜੀਬ ਆਦਮੀ ਹੈ, ਮੈਂ ਆਪਣੇ ਦਿਲ ਵਿਚ ਸੋਚਿਆ। ਇਹ ਮੈਨੂੰ ਜਾਣਦਾ ਵੀ ਨਹੀਂ ਪਰ ਇਸਨੂੰ ਉੱਕਾ ਕੋਈ ਝਿਜਕ ਨਹੀਂ ਏਨੀ ਖੁੱਲ੍ਹ ਕੇ ਆਪਣੀ ਰਾਇ ਦੱਸ ਦੇਣ ਵਿਚ।"
"ਕਿਓਂ, ਜੀ? ਤੁਸੀਂ ਮੇਰੇ ਨਾਲ ਸਹਿਮਤ ਹੋ, ਨਾ?" ਮੇਰੇ ਜੁਆਬ ਦੀ ਉਡੀਕ ਕੀਤੇ ਬਗ਼ੈਰ, ਉਹ ਬੋਲੀ ਗਿਆ, "ਜੇ ਲੋਕਾਂ ਇਸ ਮੁਲਕ ਵਿਚ ਰਹਿਣਾ ਹੈ, ਤਾਂ ਬਿਹਤਰ ਹੈ ਕਿ ਚੰਗੇ ਸ਼ਹਿਰੀਆਂ ਵਾਂਗ ਹੀ ਰਹਿਣ-ਵਰਤਣ।"
ਮੈਂ ਆਪਣੇ ਦਿਲ ਵਿਚ ਧਾਰ ਲਈ ਕਿ ਜੇ ਇਸ ਨੇ ਮੈਨੂੰ ਮੇਰਾ ਨਾਂ ਪੁੱਛਿਆ, ਤਾਂ ਮੈਂ ਝੂਠਾ ਹੀ ਦੇ ਦਿਆਂਗਾ। ਮੈਨੂੰ ਆਪਣਾ ਕੰਮ-ਕਿੱਤਾ ਅਤੇ ਪਤਾ ਵੀ ਹੋਰ ਦੱਸਣਾ ਪਏਗਾ।

ਪਰ ਉਹ ਬੋਲੀ ਗਿਆ। "ਇਹ ਆਪਣੇ ਜਲੂਸ ਹਿੰਦੂ ਇਲਾਕਿਆਂ ਵਿਚੋਂ ਲਿਜਾਣਗੇ ਪਰ ਜੇ ਹਿੰਦੂ ਇਨ੍ਹਾਂ ਦੇ ਇਲਾਕੇ ਵਿਚੋਂ ਕੋਈ ਜਲੂਸ ਲੈ ਜਾਣ, ਤਾਂ ਵਾਹਵਾ ਹੀ ਬਖੇੜਾ ਪਾ ਦੇਣਗੇ, ਜਲੂਸ 'ਤੇ ਪੱਥਰ ਚਲਾਉਣਗੇ, ਤੇਜ਼ਾਬ ਸੁੱਟਣਗੇ, ਅਤੇ ਮੰਦਿਰਾਂ ਅਤੇ ਮਸਜਿਦਾਂ ਬਾਰੇ ਝਗੜੇ ਖੜ੍ਹੇ ਕਰਨਗੇ।"

ਓਹਦੇ ਗੱਲਾਂ ਕਰਦਿਆਂ ਕਰਦਿਆਂ ਹੀ, ਮੈਂ ਦਿਲ ਹੀ ਦਿਲ ਵਿਚ ਆਪਣੇ ਲਈ ਰਾਮਲਾਲ ਨਾਂ ਚੁਣ ਲਿਆ। ਮੈਂ ਇੱਕ ਭੋਲਾ ਜਿਹਾ ਜਾਪਣ ਵਾਲਾ ਕੰਮਕਾਜ ਵੀ ਚੁਣ ਲਿਆ ਅਤੇ ਆਪਣਾ ਰਿਹਾਇਸ਼ੀ ਪਤਾ ਵੀ ਬਦਲ ਲਿਆ। "ਇਹ ਰਾਸ਼ਟਰੀ ਮੁੱਖਧਾਰਾ ਵਿਚ ਹਿੱਸਾ ਨਹੀਂ ਲੈਂਦੇ," ਮੈਂ ਉਸਨੂੰ ਕਹਿੰਦਿਆਂ ਸੁਣਿਆ। "ਗੱਲ ਇਹ ਹੈ, ਕਿ ਇਨ੍ਹਾਂ ਦੀਆਂ ਅੱਖਾਂ ਅਜੇ ਵੀ ਅਰਬ ਅਤੇ ਈਰਾਨ 'ਤੇ ਟਿਕੀਆਂ ਹਨ। ਕਿਸੇ ਫ਼ਿਲਮ ਨੇ ਇਹੋ ਜਿਹਿਆਂ ਵਿਚ ਕੀ ਸੁਧਾਰ ਲਿਆਉਣਾ ਹੋਇਆ? ਤੁਹਾਡਾ ਕੀ ਖਿਆਲ ਹੈ?"

ਮੈਂ ਝੱਟ ਤਾਂ ਕੋਈ ਜੁਆਬ ਨਾ ਦਿੱਤਾ। ਕੁਝ ਸਕਿੰਟਾਂ ਲਈ, ਮੇਰੇ ਦਿਲ ਨੇ ਕਿਹਾ ਕਿ ਮੈਨੂੰ ਕੁਝ ਇਖ਼ਲਾਕੀ ਹਿੰਮਤ ਜੁਟਾਉਣੀ ਚਾਹੀਦੀ ਹੈ ਤੇ ਇਸਨੂੰ ਕਹਿ ਦੇਣਾ ਚਾਹੀਦਾ ਹੈ ਕਿ ਫ਼ਿਲਮ ਬੜੀ ਨੇਕ ਸੀ, ਕਿ ਇਹ ਵੱਖੋ ਵੱਖਰੇ ਭਾਈਚਾਰਿਆਂ ਨੂੰ ਏਕੇ ਦਾ ਸਬਕ ਦਿੰਦੀ ਸੀ। ਪਰ ਅਗਲੇ ਹੀ ਪਲ, ਮੇਰੇ ਦਿਲ ਨੇ ਮੈਨੂੰ ਚੁਪੀਤੀ ਖਬਰ-ਦਾਰੀ ਕੀਤੀ ਕਿ ਕਿਸੇ ਓਭੜ-ਅਣਜਾਣੇ ਨਾਲ ਬਹਿਸ ਠੀਕ ਨਹੀਂ। ਕਣਅੱਖੀਆਂ ਨਾਲ ਮੈਂ ਉਸ ਦਾ ਹਿਸਾਬ ਲਾਉਣ ਦੀ ਕੋਸ਼ਿਸ਼ ਕੀਤੀ। ਉਸ ਦੀ ਛਾਤੀ ਚੌੜੀ ਸੀ ਤੇ ਉਹ ਮੇਰੇ ਨਾਲੋਂ ਉੱਚਾ ਸੀ। ਜ਼ਰੂਰ, ਮੇਰੇ ਨਾਲੋਂ ਤਕੜਾ ਵੀ ਹੋਏਗਾ। ਮੈਂ ਉਸਦੇ ਚਿਹਰੇ ਵੱਲ ਝਾਕਿਆ, ਜੋ ਹਨੇਰੇ ਵਿਚ ਕਾਫ਼ੀ ਲੁਕਿਆ ਸੀ। ਉਸਦੇ ਬੁੱਲ੍ਹਾਂ ਉੱਤੇ ਆਈਆਂ ਦੋ ਲੰਮੀਆਂ ਲੰਮੀਆਂ ਮੁੱਛਾਂ ਸਨ। ਉਸਦੀਆਂ ਅੱਖਾਂ ਇਓਂ ਚਮਕਦੀਆਂ ਸਨ ਜਿਵੇਂ ਕੋਲ਼ੇ ਭਖ ਰਹੇ ਹੋਣ। ਕੀ ਪਤਾ ਉਸਦੀ ਜੇਬ ਵਿਚ ਚਾਕੂ ਹੋਏ। ਕੀ ਪਤਾ ਉਹ ਰਾਤ ਦੇ ਹਨੇਰੇ ਵਿਚ ਇਹ ਮੇਰੀ ਛਾਤੀ ਵਿਚ ਖੋਭ ਦੇਵੇ। ਮੈਨੂੰ ਕਾਂਬਾ ਛਿੜ ਪਿਆ। ਮੇਰੀ ਪਤਨੀ ਅਤੇ ਬੱਚਿਆਂ ਦੇ ਚਿਹਰੇ, ਭੁੱਖੇ ਤੇ ਘਬਰਾਏ ਤੇ ਮੈਨੂੰ ਊਡੀਕਦੇ, ਮੇਰੀਆਂ ਅੱਖਾਂ ਅੱਗੇ ਤੈਰ ਗਏ। ਛੇਤੀ ਘਰ ਪਹੁੰਚਾਂ, ਮੈਂ ਆਪਣੇ ਆਪ ਨੂੰ ਕਿਹਾ। ਪਰ ਝੱਟ ਹੀ "ਬੁਜ਼ਦਿਲ" ਕਹਿੰਦਾ ਇੱਕ ਫੱਟਾ ਕਿਤਿਓਂ ਮੇਰੇ ਅੱਗੇ ਆ ਗਿਆ। ਆਪਣੀ ਜ਼ਮੀਰ ਨੂੰ ਮੈਂ ਹੌਂਸਲਾ ਦਿੱਤਾ ਕਿ ਕਿਸੇ ਝੱਲੇ ਨਾਲ ਬਹਿਸ 'ਚ ਪੈਣਾ ਤਾਂ ਮੂਰਖਤਾ ਹੈ। ਉਹ ਬਿਨਾ ਰੁਕੇ ਬੋਲੀ ਜਾ ਰਿਹਾ ਸੀ ਤੇ ਮੈਂ ਵੀ ਸਹਿਮਤੀ ਵਿਚ ਹੂੰ ਹਾਂ ਕਰੀ ਗਿਆ।

"ਪਰ ਹਿੰਦੂ ਕਿਤੇ ਘੱਟ ਨੇ?" ਉਸ ਹੁਣ ਆਪਣੀ ਸੁਰ ਬਦਲ ਲਈ ਸੀ। "ਉਹ ਵੀ ਪੂਰੇ ਬਦਮਾਸ਼ ਹਨ।"
ਹੈਰਾਨ ਹੋ ਗਿਆ ਮੈਂ, ਤੇ ਨੀਝ ਲਾ ਕੇ ਉਸਦਾ ਚਿਹਰਾ ਵੇਖਿਆ। ਪਰ ਉਸ ਤੋਂ ਕੁਝ ਪਤਾ ਨਹੀਂ ਸੀ ਲੱਗਦਾ ਪਿਆ ਅਤੇ ਉਹ ਨਿਰਭਾਵ ਸੀ। ਪਹਿਲਾਂ ਵਾਂਗ ਹੀ, ਉਹ ਬਿਨ ਮੇਰੇ ਵੱਲ ਤੱਕਿਆਂ ਬੋਲੀ ਗਿਆ।
"ਇਹ ਲੋਕ ਘਟਗਿਣਤੀਆਂ ਨਾਲ ਜੁਰਮ ਕਰਦੇ ਹਨ। ਕੋਈ ਇਨਸਾਨ ਮਰ ਜਾਏ ਤਾਂ ਇਨ੍ਹਾਂ ਲਈ ਕੋਈ ਵੱਡੀ ਗੱਲ ਨਹੀਂ ਪਰ ਜੇ ਕੋਈ ਗਾਂ ਮਰ ਜਾਏ, ਤਾਂ ਧਰਤੀ ਅਸਮਾਨ ਇੱਕ ਕਰ ਦੇਣਗੇ। ਕਈ ਵਾਰ, ਸ਼ਰਾਰਤੀ ਲੋਕ, ਵੱਛਾ ਮਾਰ ਕੇ ਉਸਦੀ ਲੋਥ ਕਿਸੇ ਖੁਹ ਵਿਚ ਸੁੱਟ ਦਿੰਦੇ ਹਨ। ਜਾਂ ਕਿਸੇ ਮੰਦਿਰ 'ਚੋਂ ਕੋਈ ਮੂਰਤੀ ਚੋਰੀ ਕਰ ਇਲਜ਼ਾਮ ਮੁਸਲਮਾਨਾਂ 'ਤੇ ਲਾ ਦਿੰਦੇ ਹਨ। ਤੇ ਚਲੋ ਬਈ, ਬੇਕਸੂਰਾਂ ਦੇ ਖੂ.ਨ ਨਾਲ ਹੱਥ ਰੰਗ ਲੈਣਗੇ।"

ਰਾਹਤ ਦਾ ਸਾਹ ਲੈ ਮੈਂ ਆਪਣਾ ਨਾਂ ਮੁੜ ਆਪਣੇ ਦਿਲ ਵਿਚ ਬਹਾਲ ਕੀਤਾ। ਹੁਣ ਫੇਰ ਮੈਂ ਇੱਕ ਅਖ਼ਬਾਰਨਵੀਸ ਸੀ ਜੋ .....ਰਹਿੰਦਾ ਸੀ। ਮੇਰੀ ਜ਼ਮੀਰ ਨੇ ਮੈਨੂੰ ਲਾਹਣਤਾਂ ਪਾਈਆਂ ਕਿ ਕਿਓਂ ਪਹਿਲਾਂ ਝੂਠ ਬੋਲਣ ਦਾ ਇਰਾਦਾ ਕਰ ਲਿਆ ਸੀ ਪਰ ਉਹ ਤਾਂ ਹੁਣ ਹੋਰ ਹੀ ਕੋਈ ਗੱਲ ਦੀ ਬੁੜਬੁੜ ਕਰ ਰਿਹਾ ਸੀ।

"ਹਿੰਦੂਆਂ ਨੂੰ, ਰਾਸ਼ਟਰੀ ਏਕਤਾ ਦੀ ਸਲਾਹ ਦੇਣ ਤੋ ਪਹਿਲਾਂ ਘੱਟਗਿਣਤੀਆਂ ਨੂੰ ਸਿਖਾਉਣਾ ਚਾਹੀਦਾ ਹੈ ਕਿ ਅਮਨ ਨਾਲ ਕਿਸ ਤਰ੍ਹਾਂ ਰਹੀਦਾ ਹੈ।" ਉਸ ਫੇਰ ਗੱਲ ਦਾ ਰੁਖ਼ ਬਦਲ ਲਿਆ ਸੀ। "ਕਿੰਨਾ ਚਿਰ ਸਰਕਾਰ ਮੁਸਲਮਾਨਾਂ ਦੀਆਂ ਵੋਟਾਂ ਲੈਣ ਲਈ ਆਪਣੀਆਂ ਨੀਤੀਆਂ ਬਦਲਦੀ ਰਹਿ ਸਕਦੀ ਹੈ? ਘੱਟਗਿਣਤੀਆਂ ਦੀ ਮਨ-ਆਈਆਂ ਕਿੰਨਾ ਚਿਰ ਬਰਦਾਸ਼ਤ ਹੁੰਦੀਆਂ ਰਹਿਣਗੀਆਂ?"

ਮੈਂ ਫੇਰ ਫਸ ਗਿਆ ਸੀ। ਮੈਂ ਫੇਰ ਆਪਣਾ ਨਾਂ ਰਾਮਲਾਲ ਰੱਖ ਲਿਆ ਤੇ ਆਪਣਾ ਕੰਮਕਾਰ ਤੇ ਪਤਾ ਫੇਰ ਬਦਲ ਲਏ। ਆਪਣੀ ਮਾਨਸਿਕ ਉਥਲਪੁਥਲ ਨੂੰ ਨੱਪ, ਮੈਂ ਆਪਣੀ ਜ਼ਮੀਰ ਨੂੰ ਕਹਿ ਦਿੱਤਾ ਕਿ ਦੂਜਿਆਂ ਦੀਆਂ ਭਾਵਨਾਵਾਂ ਨੂੰ ਜ਼ਖ਼ਮੀ ਨਹੀਂ ਕਰੀਦਾ। ਆਖਿਰਕਾਰ, ਸੱਜਣਤਾਈ ਵਾਲਾ ਰੱਖ-ਰਖਾਅ ਵੀ ਤਾਂ ਕਿਸੇ ਚੀਜ਼ ਦਾ ਨਾਂ ਹੈ। ਕਿਓਂ ਮੈਂ ਆਪਣਾ ਅਸਲੀ ਨਾਂ ਦੱਸ ਕੇ ਇਸ ਆਦਮੀ ਨੂੰ ਬੇਆਰਾਮ ਕਰਾਂ? ਵਿਚਾਰਾ ਆਪਣੇ ਦਿਲ ਦੀ ਭੜਾਸ ਕੱਢ ਰਿਹਾ ਹੈ। ਮੇਰਾ ਕੀ ਜਾਂਦਾ ਸੀ?

"ਤੁਹਾਨੂੰ ਕਿਸ ਤਰਾਂ ਦੀ ਲੱਗੀ ਫ਼ਿਲਮ?" ਅਚਾਨਕ ਜਦੋਂ ਉਸ ਪੁੱਛਿਆ ਤਾਂ ਮੈਂ ਤਿਆਰ ਨਹੀਂ ਸੀ।
"ਇਹ ਤਾਂ ਨਹੀਂ ਕਹਿ ਸਕਦਾ ਕਿ ਚੰਗੀ ਸੀ ਪਰ ਬੁਰੀ ਵੀ ਨਹੀਂ ਸੀ," ਮੈਂ ਜਾਣ ਬੁੱਝ ਕੇ ਖਬਰਦਾਰੀ ਵਰਤੀ ਸੀ।
"ਸਹੀ ਕਹਿੰਦੇ ਹੋ," ਉਸ ਸਿਰ ਹਿਲਾਅ ਕੇ ਹਾਮੀ ਭਰੀ, ਪਰ ਮੇਰੇ ਵੱਲ ਅਜੇ ਵੀ ਨਾ ਦੇਖਦੇ ਹੋਏ ਨੇ। "ਸੱਚੀ ਗੱਲ ਤਾਂ ਇਹ ਹੈ, ਇਹ ਸਾਡੀ ਸਰਕਾਰ ਵਰਗੀ ਹੀ ਸੀ।" ਹੁਣ ਉਸ ਨੇ ਸਿਆਸਤਦਾਨਾਂ 'ਤੇ ਵਿਚਾਰ ਦੇਣੇ ਸ਼ੁਰੂ ਕਰ ਦਿੱਤੇ ਸਨ। "ਇਹ ਸਿਆਸਤਦਾਨ ਨੇ ਜੋ ਲੋਕਾਂ ਨੂੰ ਉਕਸਾਂਦੇ ਹਨ ਅਤੇ ਉਨ੍ਹਾਂ ਨੂੰ ਇੱਕ ਦੂਜੇ ਨਾਲ ਲੜਾਉਂਦੇ ਹਨ ਤਾਂ ਜੋ ਆਪਣੀਆਂ ਸੀਟਾਂ ਪੱਕੀਆਂ ਰੱਖ ਸਕਣ। ਆਮ ਲੋਕ ਤਾਂ ਆਪਣੀ ਥਾਂ ਚੰਗੇ ਹੀ ਹਨ। ਇਨ੍ਹਾਂ ਖੁਦਗਰਜ਼ ਸਿਆਸਤਦਾਨਾਂ ਦੀਆਂ ਥੋਥੀਆਂ ਗੱਲਾਂ ਦੇ ਅਸਰ ਥੱਲੇ ਹੀ ਇੱਕ ਦੂਜੇ ਦੇ ਗਲ਼ ਵੱਢਦੇ ਹਨ।"

ਫੇਰ ਉਹ ਸਮਾਜਕ ਇਨਸਾਫ਼ ਅਤੇ ਇਨਸਾਨੀ ਮਿੱਤਰਤਾਈ ਦੀ ਗੱਲ ਕਰਨ ਲੱਗਾ। ਮੈਨੂੰ ਆਪਣਾ ਆਪ ਪੂਰਾ ਮੂਰਖ ਜਾਪਿਆ। ਮੇਰੀ ਹੋਂਦ ਸੱਚੇ ਅਤੇ ਝੂਠੇ ਨਾਵਾਂ ਦੇ ਦਰਮਿਆਨ ਘੜੀ ਦੇ ਪੈਂਡੂਲਮ ਵਾਂਗ ਝੂਲ ਰਹੀ ਸੀ, ਮੇਰੇ ਆਪੇ ਨੂੰ ਦੋ ਹਿੱਸਿਆਂ ਵਿਚ ਵੰਡਦੀ। ਦੂਰੋਂ ਰਾਮਨਗਰ ਦਾ ਬੱਸ ਅੱਡਾ ਦਿਸਿਆ ਤਾਂ ਸਾਹ ਆਇਆ।
"ਤੁਸੀਂ ਕੁਝ ਨਹੀਂ ਬੋਲੇ।" ਉਸਦੀ ਆਵਾਜ਼ ਵਿਚ ਨਰਮੀ ਸੀ।
"ਕਿਓਂਕਿ ਤੁਸੀਂ ਗੱਲ ਕਰ ਰਹੇ ਸੀ ਨਾ..." ਮੈਂ ਖੁੱਲ੍ਹਾ ਜਿਹਾ ਛੱਡ ਕੇ ਜੁਆਬ ਦਿੱਤਾ।
"ਰਾਮਨਗਰ ਵਿਚ ਤੁਸੀਂ ਕਿੱਥੇ ਰਹਿੰਦੇ ਹੋ?"
ਮੇਰਾ ਦਿਲ ਜ਼ੋਰ ਜ਼ੋਰ ਦੀ ਧੱਕ ਧੱਕ ਕੀਤਾ ਪਈ ਇਹ ਹੁਣ ਮੈਨੂੰ ਮੇਰਾ ਨਾਂ ਪੁੱਛੇਗਾ ਅਤੇ ਮੇਰਾ ਕੰਮ ਕਾਰ ਅਤੇ ਥਹੁ ਪਤਾ। ਪਰ ਇੱਕ ਵਾਰ ਫੇਰ, ਬਿਨਾ ਮੇਰੇ ਜੁਆਬ ਦੀ ਉਡੀਕ ਕੀਤੇ, ਉਹ ਆਪਣੇ ਦਿਲ ਨੂੰ ਖਾ ਰਹੀਆਂ ਗੱਲਾਂ ਦੱਸੀ ਜਾ ਰਿਹਾ ਸੀ। "ਜੇ ਮੇਰੇ ਵੱਸ ਹੋਏ, ਤਾਂ ਮੈਂ ਇਸ ਸਰਕਾਰ ਨੂੰ ਇਸਦੀ ਜੜ੍ਹੋਂ ਹੀ ਪੁੱਟ ਦਿਆਂ।"
ਪਾਗਲ! ਸਨਕੀ! ਮੈਂ ਮਨੋ ਮਨ ਉਸਨੂੰ ਗਾਲ੍ਹਾਂ ਕੱਢੀਆਂ।
ਜਦੋਂ ਹੀ ਅਸੀਂ ਪੁਰਾਣੀ ਹਵੇਲੀ ਦੇ ਨੇੜੇ ਬੱਸ ਸਟੈਂਡ ਦੇ ਨੇੜੇ ਵਿਛੜਨ ਲੱਗੇ, ਉਸ ਮੇਰਾ ਹੱਥ ਤਕੜਾਈ ਨਾਲ ਥੰਮ੍ਹ ਲਿਆ। "ਤੁਸੀਂ ਤਾਂ ਮੈਨੂੰ ਆਪਣਾ ਨਾਂ ਵੀ ਨਹੀਂ ਦੱਸਿਆ।"
"ਰਾਮ ਮੁਹੰਮਦ," ਅਚਾਨਕ ਫੜੇ ਜਾਣ 'ਤੇ, ਮੈਂ ਅਜਿਹਾ ਥਥਲਾਇਆ ਕਿ ਮੇਰੇ ਅਸਲੀ ਅਤੇ ਖਿਆਲੀ ਨਾਂਵਾਂ ਦਾ ਇੱਕ ਮਿਲਗੋਭਾ ਜਿਹਾ ਮੇਰੇ ਬੁੱਲ੍ਹਾਂ ਵਿਚੋਂ ਭੱਜ ਨਿਕਲਿਆ। "ਤੁਹਾਨੂੰ ਮਿਲ ਕੇ ਖੁਸ਼ੀ ਹੋਈ," ਉਸਨੇ ਹੁੰਗਾਰਾ ਭਰਿਆ, ਇਸ ਤੋਂ ਪਹਿਲਾਂ ਕਿ ਮੈਂ ਆਪਣੇ ਆਖੇ ਨੂੰ ਸੋਧ ਸਕਦਾ।
"ਮੈਂ ਡੀ'ਸੂਜ਼ਾ ਹਾਂ। ਕਾਲਜ ਵਿਚ ਫ਼ਲਸਫ਼ਾ ਅਤੇ ਮਨੋਵਿਗਿਆਨ ਪੜ੍ਹਾਉਂਦਾ ਹਾਂ।
ਸੜਕ 'ਤੇ ਲੱਗੀ ਰੌਸ਼ਨੀ ਦੇ ਚਾਨਣ ਵਿਚ ਮੈਂ ਉਸ ਨੂੰ ਤੱਕਿਆ। ਉਸਦੇ ਬੁੱਲ੍ਹਾਂ 'ਤੇ ਕੋਈ ਡਰਾਉਣੀਆਂ ਮੁੱਛਾਂ ਨਹੀਂ ਸਨ। ਨਾ ਹੀ ਉਸਦੀਆਂ ਅੱਖਾਂ ਕੋਲਿਆਂ ਵਾਂਗ ਮਘਦੀਆਂ ਸਨ।

("ਫ਼ੌਰਸੇਕਿੰਗ ਪੈਰਾਡਾਈਜ਼ " ਵਿਚੋਂ ਅਨੁਵਾਦ: ਪੂਨਮ ਸਿੰਘ;
'ਪ੍ਰੀਤ ਲੜੀ' ਤੋਂ ਧੰਨਵਾਦ ਸਹਿਤ)

  • ਮੁੱਖ ਪੰਨਾ : ਅਬਦੁਲ ਗ਼ਨੀ ਸ਼ੇਖ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ