Nani Da Piar (Punjabi Story) : Ashok Vasishth

ਨਾਨੀ ਦਾ ਪਿਆਰ (ਕਹਾਣੀ) : ਅਸ਼ੋਕ ਵਾਸਿਸ਼ਠ

“ਠਕ-ਠਕ-ਠਕ ਘੋੜੇ ਦੀਆਂ ਟਾਪਾਂ ਦੀ ਗੂੰਜ ਨੇ ਮਨ ਮੋਹ ਲਿਆ ਬਾਈ। ਲੰਮੇ ਸਮੇਂ ਮਗਰੋਂ ਇਹ ਗੂੰਜ ਸੁਣਨ ਨੂੰ ਮਿਲੀ ਏ। ਆਹਾ ਹਾ ਹਾ ਮਜਾ ਆ ਗਿਆ ਬਾਈ ਅੱਜ ਤਾਂ।” ਰੋਹਿਤ ਆਪ ਮੁਹਾਰੇ ਬੋਲ ਪਿਆ।
“ਕਿਉਂ ਤੁਹਾਡੇ ਨਹੀਂ ਘੋੜੇ ਦੌੜਦੇ ਸੜਕਾਂ ਤੇ?” ਨਾਲ ਬੈਠੀ ਸਵਾਰੀ ਨੇ ਹੈਰਾਨ ਹੁੰਦਿਆਂ ਪੁੱਛਿਆ।
“ਕਾਹਨੂੰ, ਬਚਪਨ ਵਿਚ ਸੁਣਦੇ ਹੁੰਦੇ ਸਾਂ ਟਾਂਗਾ ਸੁਆਰੀ ਦੇ ਕਿੱਸੇ ਵੱਡੇ ਬਜੁਰਗਾਂ ਪਾਸੋਂ। ਟਾਂਗੇ ਦੀ ਗੱਲ ਛੱਡੋ, ਹੁਣ ਤਾ ਘੋੜੇ ਵੀ ਦੇਖਣ ਨੂੰ ਨਹੀਂ ਮਿਲਦੇ, ਛੱਬੀ ਜਨਵਰੀ ਦੀ ਪਰੇਡ ਸਮੇਂ ਹਰ ਸਾਲ ਜਰੂਰ ਦੇਖ ਲਈਦੇ ਨੇ।”
“ਇਸ ਦਾ ਮਤਲਬ ਆ ਉਥੇ ਦੀਆਂ ਸੜਕਾਂ ਘੋੜਿਆਂ ਤੋਂ ਸੱਖਣੀਆਂ ਹੋ ਗਈਆਂ ਨੇ। ਅਸੀਂ ਤਾਂ ਇਨ੍ਹਾਂ ਬਿਨਾ ਰਹਿ ਹੀ ਨਹੀਂ ਸਕਦੇ।” ਪਹਿਲੀ ਸੀਟ ‘ਤੇ ਬੈਠੀ ਤੀਜੀ ਸਵਾਰੀ ਨੇ ਥੋੜ੍ਹਾ ਹੈਰਾਨ ਹੁੰਦਿਆਂ ਪੁੱਛਿਆ।
“ਅਜ਼ਾਦੀ ਦੇ ਬਾਅਦ ਕੁਝ ਦਹਾਕੇ ਸੜਕਾਂ ‘ਤੇ ਟਾਂਗੇ ਖੂਬ ਦੌੜਦੇ ਰਹੇ ਪਰ ਸਾਡੇ ਦੇਖਦਿਆਂ ਹੀ ਦੇਖਦਿਆਂ ਇਹ ਅਲੋਪ ਹੋ ਗਏ। ਜੇ ਟਾਂਗੇ ਨਹੀਂ ਤਾਂ ਘੋੜਿਆਂ ਦਾ ਕੀ ਕੰਮ, ਸਾਡੀ ਅੱਜ ਦੀ ਪੀੜ੍ਹੀ ਨੇ ਤਾਂ ਸੜਕਾਂ ਤੇ ਟਾਂਗੇ ਦੌੜਦੇ ਦੇਖੇ ਹੀ ਨਹੀਂ। ਇਕ ਦਿਨ ਕਿਸੇ ਪੁਰਾਣੀ ਫਿਲਮ ਵਿਚ ਆਮਿਰ ਖਾਨ ਨੂੰ ਰਵੀਨਾ ਟੰਡਨ ਨਾਲ ਟਾਂਗੇ ਦੀ ਸੁਆਰੀ ਕਰਦਿਆਂ ਤੇ ਰੋਮਾਂਟਿਕ ਗਾਣਾ ਗਾਉਂਦਿਆਂ ਦੇਖ ਮੇਰੇ ਮੁੰਡੇ ਨੇ ਪੁੱਛਿਆ ਸੀ, “ਪਾਪਾ, ਇਹ ਕਿਹੋ ਜਿਹੀ ਸਵਾਰੀ ਹੁੰਦੀ ਏ?” ਜਦ ਮੈਂ ਦਸਿਆ ਪਈ ਪੁਰਾਣੇ ਜਮਾਨੇ ਵਿਚ ਜਦੋਂ ਟੈਕਸੀਆਂ, ਕਾਰਾਂ ਜਾਂ ਦੂਜੀਆਂ ਗੱਡੀਆਂ ਸੜਕਾਂ ‘ਤੇ ਬਹੁਤੀਆਂ ਨਹੀਂ ਦੌੜਦੀਆਂ ਸਨ ਤਾਂ ਟਾਂਗੇ ਚਲਦੇ ਹੁੰਦੇ ਸਨ। ਕੀ ਅਮੀਰ ਤੇ ਕੀ ਗਰੀਬ, ਸਾਰੇ ਚਾਂਈਂ ਚਾਂਈਂ ਇਸ ਦੀ ਸਵਾਰੀ ਦਾ ਅਨੰਦ ਮਾਣਦੇ ਸਨ ਤਾਂ ਉਸ ਨੂੰ ਅਜੀਬ ਲੱਗਾ ਸੀ।”
“ਬਾਈ ਜੀ, ਤੁਸੀਂ ਕਿੱਥੇ ਰਹਿੰਦੇ ਓ?” ਪਿਛਲੀ ਸੀਟ ‘ਤੇ ਬੈਠੀ ਅੱਧਖੜ ਉਮਰ ਦੀ ਸਵਾਰੀ ਨੇ ਪੱਛਿਆ।
“ਜਲੰਧਰ।”
“ਤੁਸੀਂ ਉਥੇ ਦੇ ਜੰਮ ਪਲ ਹੋ!”
“ਏਦਾਂ ਹੀ ਸਮਝ ਲਓ, ਵੰਡ ਹੋਣ ਤੋਂ ਦੋ ਸਾਲ ਮਗਰੋਂ ਮੇਰਾ ਜਨਮ ਹੋਇਆ ਸੀ। ਮੇਰੇ ਦਾਦਾ ਜੀ ਇਥੇ ਲਾਹੌਰ ਵਿਚ ਰਹਿੰਦੇ ਸਨ।”
“ਲੈ ਬਾਈ, ਮੇਰਾ ਮਾਮਲਾ ਵੀ ਕੁਝ ਇਹੋ ਜਿਹਾ ਏ।”
“ਉਹ ਕਿੱਦਾਂ?” ਰੋਹਿਤ ਨੇ ਤੀਜੀ ਸਵਾਰੀ ਦੀ ਗੱਲ ਵਿਚ ਦਿਲਚਸਪੀ ਲੈਂਦਿਆਂ ਪੁਛਿਆ।
“ਉਹ ਇਸ ਤਰ੍ਹਾਂ, ਮੇਰਾ ਜਨਮ ਜਲੰਧਰ ਵਿਚ ਹੋਇਆ, ਮੈਂ ਵੀ ਉਸ ਸਮੇਂ ਦੋ ਵਰ੍ਹਿਆਂ ਦਾ ਸਾਂ ਜਦ ਪਾਕਿਸਤਾਨ ਬਣਿਆ। ਚੰਗਾ ਭਲਾ ਕਾਰੋਬਾਰ ਸੀ ਸਾਡਾ, ਅਲੀ ਮੁਹੱਲੇ ਵਿਚ ਇਕ ਵੱਡੀ ਸਾਰੀ ਹਵੇਲੀ ਸੀ ਮੇਰੇ ਦਾਦਾ ਹਜੂਰ ਦੀ,” ਕਹਿੰਦਿਆਂ ਉਹਦੀ ਜ਼ਬਾਨ ਲੜਖੜਾ ਗਈ।
“ਫੇਰ ਤਾਂ ਬਈ ਤੂੰ ਸਾਡਾ ਗਰਾਈਂ ਐਂ, ਉਥੇ ਕੀ ਕਰਦੇ ਸਨ ਤੁਹਾਡੇ ਦਾਦਾ ਜੀ।”
“ਥਾਣੇਦਾਰ ਸਨ, ਤਿੰਨ ਨੰਬਰ ਚੌਕੀ ਦੇ ਇੰਚਾਰਜ, ਬੜਾ ਰੋਹਬ ਸੀ ਮੇਰੇ ਦਾਦਾ ਹਜੂਰ ਦਾ।”
“ਅੰਗਰੇਜਾਂ ਦੇ ਸਮੇਂ ਤਾਂ ਦਰੋਗਾ ਈ ਮਾਣ ਨਹੀਂ ਸੀ ਹੁੰਦਾ, ਫੇਰ ਉਹ ਤਾਂ ਥਾਣੇਦਾਰ ਸਨ।” ਰੋਹਿਤ ਨੇ ਇਕ ਤਰ੍ਹਾਂ ਨਾਲ ਉਸ ਨੂੰ ਥਾਪਣਾ ਦਿੱਤੀ।
“ਭਾਈ ਮੇਰੇ, ਤੂੰ ਸਾਡਾ ਮਹਿਮਾਨ ਏਂ। ਕਿਸੇ ਤਰ੍ਹਾਂ ਦੀ ਦਿੱਕਤ ਆਵੇ ਤਾਂ ਭਰਾਵਾਂ ਨੂੰ ਯਾਦ ਕਰੀਂ।” ਇਸ ਵਾਰ ਉਨ੍ਹਾਂ ਵਿਚਕਾਰ ਬੈਠੀ ਸਵਾਰੀ ਰੋਹਿਤ ਨੂੰ ਮੁਖਾਤਿਬ ਹੋਈ। ਉਹ ਉਸ ਦਾ ਹਮਉਮਰ ਜਾਪਦਾ ਸੀ।
“ਕਲ੍ਹ ਆਜਮ ਮਾਰਕੀਟ ਗਿਆ ਸਾਂ, ਕੁਝ ਕਪੜੇ ਖਰੀਦਣੇ ਸਨ, ਪਰ ਬਜਾਰ ਦੀਆਂ ਭੁੱਲ ਭੁਲਈਆਂ ਵਿਚ ਗੁਆਚ ਜਿਹਾ ਗਿਆ। ਭਲਾ ਹੋਵੇ, ਇਕ ਵੱਡੀ ਦੁਕਾਨ ਦੇ ਮਾਲਕ ਦਾ। ਉਹ ਵੀ ਤੁਹਾਡੇ ਵਾਂਗ ਜਲੰਧਰ ਦਾ ਸੀ। ਜਦ ਇਹ ਪਤਾ ਲੱਗਾ ਕਿ ਮੈਂ ਜਲੰਧਰ ਦਾ ਹਾਂ ਤਾਂ ਉਹ ਆਪਣੀ ਸੀਟ ਤੋਂ ਉਛਲ ਪਿਆ। ਘੁੱਟ ਕੇ ਗੱਲਵਕੜੀ ਪਾ ਲਈ ਮੇਰੇ ਵੀਰ ਨੇ। ਮੈਨੂੰ ਕੁਰਸੀ ‘ਤੇ ਬਹਾਇਆ, ਚਾਹ-ਪਾਣੀ ਪਿਲਾਉਣ ਮਗਰੋਂ ਪੁੱਛਣ ਲੱਗਾ, “ਕੰਮ ਦੀ ਗੱਲ ਤਾਂ ਬਾਅਦ ਵਿਚ ਕਰਾਂਗੇ, ਮੇਰੇ ਦੋਸਤ, ਪਹਿਲਾਂ ਇਹ ਦੱਸ ਸਵੇਰ ਦਾ ਤੈਂ ਕੁਝ ਖਾਧਾ-ਪੀਤਾ ਵੀ ਏ?” ਸੱਚੀ ਗੱਲ ਤਾਂ ਇਹ ਵੇ ਸਵੇਰੇ ਦੀ ਨੱਠ-ਭੱਜ ਵਿਚ ਖਾਣਾ ਖਾਣ ਦੀ ਵਿਹਲ ਈ ਨਹੀਂ ਸੀ ਮਿਲੀ ਪਰ ਉਸ ਨੂੰ ਕਹਿਣ ਦਾ ਹੌਸਲਾ ਨਹੀਂ ਪਿਆ। ਮੇਰੇ ਹਾਵ-ਭਾਵ ਦੇਖ ਉਹ ਸਮਝ ਗਿਆ ਕਿ ਇਹਨੇ ਸਵੇਰ ਦਾ ਕੁਝ ਖਾਧਾ ਨਹੀਂ, ਪਰ ਕਹਿਣੋ ਸੰਗ ਰਿਹਾ ਏ। “ਭਰਾਵਾਂ ਕੋਲ ਆ ਕੇ ਸੰਗੀਦਾ ਨਹੀਂ ਹੁੰਦਾ, ਮੈਂ ਜਾਣ ਲਿਐ, ਤੈਂ ਕੁਝ ਨਹੀਂ ਖਾਧਾ, ਸਫਰ ਵਿਚ ਹੋ ਜਾਂਦਾ ਏ, ਚਲ ਅੰਦਰ, ਉਥੇ ਪਹਿਲਾਂ ਪੇਟ ਪੂਜਾ ਕਰੀਏ, ਫੇਰ ਦੇਖਾਂਗੇ ਦੁਨੀਆਦਾਰੀ ਦੀਆਂ ਗੱਲਾਂ।”
ਉਹ ਮੇਰੀ ਬਾਂਹ ਫੜ੍ਹ ਆਪਣੀ ਗੱਦੀ ਦੇ ਪਿੱਛੇ ਬਣੇ ਇਕ ਨਿੱਕੇ ਜਿਹੇ ਕਮਰੇ ਵਿਚ ਲੈ ਗਿਆ। ਕਹਿਣ ਲੱਗਾ, “ਇਹ ਸਾਡਾ ਦਸਤਰਖਾਨ ਏ।” ਕਮਰੇ ਵਿਚ ਇਕ ਮੇਜ ਦੁਆਲੇ ਚਾਰ ਕੁਰਸੀਆਂ ਡੱਠਿਆਂ ਸਨ ਅਤੇ ਦੂਜੇ ਸਿਰੇ ‘ਤੇ ਇਕ ਚਾਰਪਾਈ ਪਈ ਸੀ ਜਿਸ ‘ਤੇ ਸੋਹਣੀ ਜਿਹੀ ਦਰੀ ਤੇ ਚਾਦਰ ਵਿਛੀ ਸੀ।
“ਮੇਰਾ ਛੋਟਾ ਭਾਈ ਕੀ ਖਾਏਗਾ, ਉਹੋ ਹਾਜਰ ਹੋ ਜਾਵੇਗਾ।”
“ਕੁਝ ਖਾਸ ਨਹੀਂ, ਜੋ ਵੀ ਬੇਬੇ ਨੇ ਆਪਣੇ ਹੱਥਾਂ ਨਾਲ ਬਣਾ ਕੇ ਭੇਜਿਆ ਏ, ਉਹੀ ਖਾਵਾਂਗਾ, ਮੈਂ ਜਵਾਬ ਦਿੱਤਾ।”
“ਬਈ ਤੇਰੀ ਇਹ ਖਾਹਸ਼ ਤਾਂ ਮੈਂ ਪੂਰੀ ਨਹੀਂ ਕਰ ਸਕਦਾ ਕਿਉਂਕਿ ਬੇਬੇ ਉਪਰ ਅੱਲਾ ਮੀਆਂ ਕੋਲ ਜਾ ਚੁੱਕੀ ਏ।”
“ਓਹ, ਮਾਫ ਕਰੀਂ ਵੀਰ ਮੈਂ ਨਹੀਂ ਜਾਣਦਾ ਸੀ।”
“ਕਮਲਾ ਨਾ ਹੋਵੇ ਤਾਂ, ਤੂੰ ਕੋਈ ਨਜੂਮੀ ਏਂ ਜਿਹੜਾ ਤੈਨੂੰ ਬੇਬੇ ਦਾ ਪਤਾ ਹੁੰਦਾ। ਚਲ ਕੋਈ ਨਾ, ਤੇਰੀ ਭਾਬੀ ਦੇ ਹੱਥਾਂ ਦਾ ਬਣਿਆ ਪਕਵਾਨ ਹਾਜਰ ਹੈ। ਓ ਮੁੰਡਿਆ, ਜਾ ਦੌੜ ਕੇ ਕੋਈ ਮਠਾਈ ਲੈ ਆ, ਨਾਲੇ ਦੋ ਗਲਾਸ ਲੱਸੀ ਵੀ ਮੰਗਵਾ ਲਈਂ। ਜੇ ਦਹੀਂ ਨਹੀਂ ਤਾਂ ਉਹ ਵੀ ਲੈ ਆਵੀਂ। ਮੇਰਾ ਨਿੱਕਾ ਵੀਰ ਜਲੰਧਰੋਂ ਆਇਐ, ਇਸ ਲਈ ਮਿਠਾਈ ਵੀ ਜਲੰਧਰ ਸਵੀਟ ਸ਼ਾਪ ਤੋਂ ਲਿਆਈਂ।”
ਖਾਣਾ ਖਾ ਕੇ ਵਿਹਲੇ ਹੋਏ ਤਾਂ ਕੋਲ ਡੱਠੇ ਮੰਜੇ ਵੱਲ ਸੈਨਤ ਕਰਦਿਆਂ ਉਸ ਕਿਹਾ, “ਤੂੰ ਹੁਣ ਥੋੜਾ ਆਰਾਮ ਕਰ ਲੈ। ਜਿਹੜਾ ਸਮਾਨ ਲੈਣਾ ਈ, ਉਸ ਦੀ ਲਿਸਟ ਦੇ, ਮੈਂ ਪੈਕ ਕਰਾ ਰਖਾਂਗਾ।”
ਮੰਜੇ ‘ਤੇ ਲੇਟਦਿਆਂ ਹੀ ਮੈਂ ਗੂੜ੍ਹੀ ਨੀਂਦੇ ਸੌਂ ਗਿਆ। ਸ਼ਾਮਾਂ ਪਈਆਂ ਤਾਂ ਮਸਾਂ ਉਠਿਆ, ਮੁੰਡਾ ਚਾਹ ਲੈ ਆਇਆ, ਪੂਰਾ ਸੈਟ ਸੀ, ਨਾਲ ਕੁਝ ਮਿਠਾਈ-ਨਮਕੀਨ।
“ਹੁਣ ਬਹੁਤਾ ਦੇਖ ਨਾ, ਟੁੱਟ ਕੇ ਪੈ ਜਾ।”
ਉਹ ਮੇਰੇ ਸਰ੍ਹਾਣੇ ਆ ਖਲੋਤਾ, ਭਾਵੇਂ ਖਾਣਾ ਖਾਧਿਆਂ ਦੋ-ਤਿੰਨ ਘੰਟੇ ਹੋ ਚੁੱਕੇ ਸਨ, ਪਰ ਅਜੇ ਵੀ ਭੁੱਖ ਨਹੀਂ ਲੱਗੀ ਸੀ, ਜਦ ਉਹ ਵੀ ਮੇਰੇ ਸਾਹਮਣੇ ਬੈਠ ਚਾਹ ਪੀਣ ਲੱਗਾ ਤਾਂ ਬਹੁਤੀ ਨਾਂਹ-ਨੁੱਕਰ ਨਹੀਂ ਕਰ ਸਕਿਆ।
“ਸੱਚੀ ਗੱਲ ਤਾਂ ਇਹ ਵੇ ਕਿ ਤੇਰੀ ਸ਼ਕਲ, ਗੱਲ ਕਰਨ ਦਾ ਅੰਦਾਜ ਇੰਨ-ਬਿੰਨ ਮੇਰੇ ਮਰਹੂਮ ਛੋਟੇ ਭਰਾ ਅਹਿਮਦੇ ਨਾਲ ਮਿਲਦਾ-ਜੁਲਦਾ ਏ, ਤੂੰ ਇਹ ਨਾ ਸੋਚੀਂ ਕਿ ਇਕ ਅਨਜਾਣ ਆਦਮੀ ਤੇ ਉਹ ਵੀ ਪਰਦੇਸ ਵਿਚ ਤੇਰੇ ‘ਤੇ ਐਵੇਂ ਲੱਟੂ ਹੋ ਗਿਐ! ਮੈਂ ਆਪਣੇ ਭਰਾ ਨਾਲ ਬਹੁਤ ਪਿਆਰ ਕਰਦਾ ਸਾਂ, ਤੈਨੂੰ ਦੇਖ ਪੁਰਾਣਾ ਪਿਆਰ ਮੁੜ ਜਾਗ ਪਿਐ,” ਕਹਿੰਦਿਆਂ ਉਸ ਦੀਆਂ ਅੱਖਾਂ ਵਿਚ ਅਥਰੂ ਆ ਗਏ।
“ਤੁਸੀਂ ਦੁਖੀ ਕਿਉਂ ਹੁੰਦੇ ਓ, ਮੈਂ ਵੀ ਤਾਂ ਤੁਹਾਡੇ ਨਿੱਕੇ ਵੀਰ ਜਿਹਾ ਹਾਂ, ਅਹਿਮਦੇ ਤੇ ਮੇਰੇ ਵਿਚ ਕੀ ਫ਼ਰਕ ਏ? ਮੇਰਾ ਕੋਈ ਵੱਡਾ ਵੀਰ ਨਹੀਂ, ਰੱਬ ਨੇ ਅੱਜ ਇਹ ਕਮੀ ਵੀ ਪੂਰੀ ਕਰ ਦਿੱਤੀ।” ਇਹ ਕਹਿੰਦਿਆਂ ਮੇਰਾ ਗੱਚ ਭਰ ਆਇਆ। ਇਸ ਤੋਂ ਅੱਗੇ ਕੁਝ ਬੋਲ ਨਹੀਂ ਸਕਿਆ। ਵਿਸ਼ਾ ਬਦਲਣ ਲਈ ਗੱਲੇ ‘ਤੇ ਬੈਠੇ ਸੱਜਣ ਨੂੰ ਮੈਂ ਕਿਹਾ, “ਭਾਈ ਸਾਹਿਬ ਬਿਲ ਦੇ ਦੇਣਾ।” ਮੇਰੇ ਏਨਾ ਕਹਿਣ ਦੀ ਦੇਰ ਸੀ ਕਿ ਉਹ ਜੋਰ ਦੀ ਦਹਾੜਿਆ, ਜਾਣੋਂ ਅਸਮਾਨੀ ਬਿਜਲੀ ਕੜਕੀ ਹੋਵੇ। ਉਹਦੇ ਭਖਦੇ ਚਿਹਰੇ ਵੱਲ ਤੱਕ ਮੈਂ ਸਿਰ ਤੋਂ ਪੈਰਾਂ ਤੀਕ ਕੰਬ ਗਿਆ ਸਾਂ।
“ਖਿੱਚ ਕੇ ਚੰਡ ਮਾਰਾਂਗਾ, ਤੇਰੇ ਮੂੰਹ ‘ਤੇ, ਤੇਰੀ ਹਿੰਮਤ ਕਿੱਦਾਂ ਪਈ ਇਹੋ ਜਿਹੀ ਘਟੀਆ ਗੱਲ ਕਰਨ ਦੀ। ਇਕ ਪਾਸੇ ਮੈਨੂੰ ਆਪਣਾ ਵੱਡਾ ਭਰਾ ਕਹਿੰਦੈਂ, ਤੇ ਦੂਜੇ ਪਾਸੇ ਬਗਾਨਾ ਬਣ ਰਿਹੈਂ। ਅਹਿਮਦ ਹੁੰਦਾ ਤਾਂ ਗੱਲ "ਚ ਗੂਠਾ ਦੇ ਕੇ ਸਾਰਾ ਸਾਮਾਨ ਹੁਣ ਤਕ ਲੈ ਵੀ ਗਿਆ ਹੁੰਦਾ ਤੇ ਏਧਰ ਤੂੰ...” ਇਸ ਤੋਂ ਅੱਗੇ ਉਹ ਕੁਝ ਬੋਲ ਨਹੀਂ ਸਕਿਆ। ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ। ਮੇਰਾ ਸਿਰ ਝੁਕ ਗਿਆ ਉਹਦੇ ਅੱਗੇ, ਉਸ ਦੇ ਪੈਰਾਂ ਨੂੰ ਹੱਥ ਲਾਇਆ ਤੇ ਗਲੇ ਲੱਗਿਆ, ਵੱਡੇ ਭਰਾ ਦਾ ਨਿੱਘ ਮਿਲਿਆ ਤਾਂ ਆਪਣੇ ‘ਤੇ ਕਾਬੂ ਨਾ ਰੱਖ ਸਕਿਆ, ਮੇਰਾ ਰੋਣ ਨਿਕਲ ਆਇਆ।
“ਚੁਪ ਕਰ ਮੇਰਾ ਵੀਰ, ਆਹ ਨਿੱਕ-ਸੁੱਕ ਤੇਰੇ ਵੱਡੇ ਭਾਈ ਦਾ ਪਿਆਰ ਏ, ਰੱਖ ਲੈ ਇਹਨੂੰ। ਮੁਸ਼ਤਾਕ ਗੱਡੀ ਲਿਆ, ਛੱਡ ਆ ਮੇਰੇ ਵੀਰ ਨੂੰ ਤੇ ਤੂੰ ਜਰਾ ਜਿਨੀ ਵੀ ਤਕਲੀਫ ਹੋਵੇ ਤਾਂ ਸੰਗੀ ਨਾ...ਫਟਾ ਫਟ ਆ ਜਾਵੀਂ ਮੇਰੇ ਕੋਲ। ਚੰਗਾ ਹੁਣ ਜਾਹ ਤੂੰ ਰੱਬ ਤੈਨੂੰ ਸੁਖੀ ਰੱਖੇ।”
ਰੋਹਿਤ ਦੀਆਂ ਅੱਖਾਂ "ਚ ਅਥਰੂ ਦੇਖ, ਇਸ ਵਾਰ ਟਾਂਗੇ ਵਾਲੇ ਨੇ ਕਿਹਾ, “ਭਾਈ ਜਾਨ, ਇਹੋ ਅਸਲ ਐ। ਕੀ ਹੋਇਆ ਸਾਡੇ ਮੁਲਕ ਵੰਡੇ ਗਏ ਨੇ ਪਰ ਸਾਡੇ ਅੰਦਰ ਧੜਕਦੇ ਦਿਲ ਇਕ ਨੇ। ਇਨ੍ਹਾਂ ਨੂੰ ਕੋਈ ਵੱਖ ਨਹੀਂ ਕਰ ਸਕਦਾ, ਸਿਆਸਤਦਾਨ ਭਾਵੇਂ ਲੱਖ ਯਤਨ ਕਰ ਲੈਣ।”
“ਤੁਹਾਡੇ ਬਾਬਾ ਜੀ ਨੇ ਇਥੇ ਆਪਣਾ ਮਕਾਨ ਵੀ ਬਣਾਇਆ ਹੋਣੈਂ।” ਪਿਛਲੀ ਸੀਟ ‘ਤੇ ਬੈਠੀ ਸਵਾਰੀ ਨੇ ਪੁੱਛਿਆ।
“ਹਾਂ ਬਣਾਇਆ ਸੀ, ਇਸਲਾਮੀਆ ਕਾਲਜ ਨੇੜੇ ਪੈਂਦੇ ਮੁਹੱਲਾ ਪ੍ਰੇਮ ਗਲੀ ਵਿਚ।”
“ਉਹ ਤਾਂ ਇਥੋਂ ਨੇੜੇ ਹੀ ਹੈ, ਦਿਲ ਮੁਹੰਮਦ ਰੋਡ ‘ਤੇ।”
“ਤੁਸਾਂ ਠੀਕ ਫਰਮਾਇਆ...ਸਾਡਾ ਘਰ ਦਿਲ ਮੁਹੰਮਦ ਰੋਡ ‘ਤੇ ਪੈਂਦੀ ਸੜਕ ਪੋਖਰ ਸਟਰੀਟ ਵਿਚ ਹੈ।”
“ਹੁਣੇ ਅਸਾਂ ਦਿੱਲੀ ਗੇਟ ਅੱਪੜ ਜਾਣਾ, ਉਸ ਦੇ ਸਾਹਮਣੇ ਲੰਡਾ ਬਾਜਾਰ ਐ ਉਥੋਂ ਟਾਂਗਾ ਮਿਲ ਜਾਂਦਾ।”
“ਉਥੋਂ ਹੀ ਟਾਂਗਾ ਫੜ ਕੇ ਕੁਝ ਮਿੰਟਾਂ ਵਿਚ ਪੁਜ ਗਿਆ ਸਾਂ। ਦਿਲ ਕਰਦੈ ਵਾਪਸ ਪਰਤਣ ਤੋਂ ਪਹਿਲਾਂ ਇਕ ਵਾਰ ਫੇਰ ਹੋ ਆਵਾਂ, ਮੁੜ ਪਤਾ ਨਹੀਂ ਕਦ ਆਉਣਾ ਹੋਵੇ! ਆ ਵੀ ਸਕਾਂਗਾ ਜਾਂ ਨਹੀਂ, ਕਹਿ ਨਹੀਂ ਸਕਦਾ ਨਿਤ ਨਵਾਂ ਪੰਗਾ ਪੈ ਜਾਂਦੈ।” ਰੋਹਿਤ ਨੇ ਥੋੜਾ ਤਲਖ਼ ਆਵਾਜ ਵਿਚ ਕਿਹਾ।
“ਇਹੋ ਤਾਂ ਮਾੜੀ ਗੱਲ ਆ। ਦੋਹਾਂ ਮੁਲਕਾਂ ਦੇ ਲੋਕ ਅਮਨ ਚੈਨ ਨਾਲ ਰਹਿਣਾ ਚਾਹੁੰਦੇ ਨੇ ਪਰ...” ਨਾਲ ਬੈਠੀ ਸਵਾਰੀ ਬੋਲ ਪਈ।
“ਭਾਈ ਜਾਨ, ਤੁਸੀਂ ਛੱਡੋ ਇਨ੍ਹਾਂ ਗੱਲਾਂ ਨੂੰ, ਸਾਡੀ ਪੱਧਰ ਤੋਂ ਬਹੁਤ ਉਚੀਆਂ ਨੇ। ਆਪਣੇ ਜੱਦੀ ਘਰ ਜਾਣ ਨੂੰ ਜਦ ਵੀ ਮਨ ਕਰੇ ਤਾਂ ਇਸ ਭਰਾ ਨੂੰ ਯਾਦ ਕਰਨਾ, ਮੈਂ ਖੁਦ ਡੇਰਾ ਸਾਹਿਬ ਆ ਕੇ ਤੁਹਾਨੂੰ ਲੈ ਚਲਾਂਗਾ। ਕਿਤੇ ਭਟਕਣ ਦੀ ਲੋੜ ਨਹੀਂ।” ਟਾਂਗੇ ਵਾਲੇ ਨੇ ਜੋਸ਼ ਵਿਚ ਆ ਕੇ ਕਿਹਾ।
“ਪਿਛਲੀ ਵਾਰ ਵੀ ਇਕ ਟਾਂਗੇ ਵਾਲਾ ਬੜੇ ਪਿਆਰ ਨਾਲ ਉਥੇ ਲੈ ਗਿਆ ਸੀ, ਉਸ ਘਰ ਲੱਭਣ ਵਿਚ ਮੇਰੀ ਮਦਦ ਕੀਤੀ, ਕਿਰਾਏ ਦੇ ਪੈਸੇ ਵੀ ਨਾ ਲਵੇ, ਬੜੀ ਮੁਸ਼ਕਲ ਨਾਲ ਦਿੱਤੇ ਸਨ।”
“ਤੁਸੀਂ ਮਹਿਮਾਨ ਓ ਏਨਾ ਫਰਜ ਤਾਂ ਸਾਡਾ ਬਣਦਾ ਈ ਏ।” ਟਾਂਗੇ ਵਾਲੇ ਨੇ ਖੁਸ਼ ਹੁੰਦਿਆਂ ਕਿਹਾ।
“ਉਹ ਵੀ ਤੇਰੇ ਜਿਹਾ ਸੀ ਬਿਲਕੁਲ ਤੇਰੇ ਜਿਹਾ।” ਰੋਹਿਤ ਨੇ ਮੋਹ ਭਿੰਨੀ ਨਜ਼ਰ ਨਾਲ ਉਸ ਨੂੰ ਨਿਹਾਰਿਆ।
“ਆਪਣੇ ਘਰ ਜਾ ਕੇ ਕਿਹੋ ਜਿਹਾ ਲੱਗਾ?” ਨਾਲ ਬੈਠੀ ਸਵਾਰੀ ਨੇ ਉਤਸੁਕਤਾ ਨਾਲ ਪੁਛਿਆ।
“ਲੱਗਣਾ ਤਾਂ ਚੰਗਾ ਈ ਸੀ ਪਰ ਉਥੇ ਇਕ ਅਲੋਕਾਰੀ ਗੱਲ ਹੋ ਗਈ। ਘੱਟੋ-ਘੱਟ ਮੇਰੇ ਲਈ ਤਾਂ ਅਲੋਕਾਰੀ ਸੀ ਤੁਹਾਡੇ ਲਈ ਭਾਵੇਂ ਆਮ ਹੋਵੇ।” ਉਹ ਦੱਸਣ ਲੱਗਾ।
“ਕਿਧਰੇ ਉਥੇ ਵੀ ਤਾਂ ਆਜ਼ਮ ਮਾਰਕੀਟ ਵਾਲੇ ਭਾਈ ਸਾਹਿਬ ਤਾਂ ਨਹੀਂ ਸੀ ਮਿਲ ਗਏ?” ਦੂਜੀ ਸਵਾਰੀ ਨੇ ਹਸਦਿਆਂ ਕਿਹਾ।
“ਉਹ ਤਾਂ ਨਹੀਂ ਮਿਲੇ, ਪਰ ਜਿਹੜੇ ਭਾਈ ਸਾਹਿਬ ਮਿਲੇ ਉਹ ਵੀ ਘੱਟ ਨਹੀਂ ਸਨ,” ਰੋਹਿਤ ਨੇ ਦਸਿਆ।
“ਉਹ ਕਿੱਦਾਂ?” ਪਿਛਲੀ ਸੀਟ ਦੀ ਸਵਾਰੀ ਨੇ ਪੁੱਛਿਆ।
“ਹੋਇਆ ਇਹ, ਵੰਡ ਤੋਂ ਪਹਿਲਾਂ ਸਾਡੇ ਗੁਆਂਢ ਵਿਚ ਇਕ ਦੋਧੀ ਰਹਿੰਦਾ ਸੀ, ਇਮਾਮ ਬਖਸ਼। ਉਹ ਹੁਣ ਵੀ ਦੁੱਧ ਦਾ ਕਾਰੋਬਾਰ ਕਰਦੇ ਨੇ। ਮੇਰੀ ਭੂਆ ਨੇ ਜਲੰਧਰ ਤੋਂ ਤੁਰਨ ਸਮੇਂ ਓਹਦਾ ਅਡਰੈਸ ਮੈਨੂੰ ਦਿੰਦਿਆਂ ਸਾਰੀ ਜਾਣਕਾਰੀ ਦੇ ਦਿੱਤੀ ਸੀ। ਇਹ ਵੀ ਦੱਸਿਆ ਸੀ ਪਈ ਓਹਦਾ ਇਕ ਪੁਤ ਮੰਨਾ ਏ, ਉਹ ਤੇਰੇ ਬਯਾਸੀ ਚਾਚੇ ਦਾ ਲੰਗੋਟੀਆ ਸੀ, ਖੂਬ ਯਾਰੀ-ਦੋਸਤੀ ਸੀ ਉਨ੍ਹਾਂ ਦੋਹਾਂ ਦੀ। ਜੇ ਉਹ ਮਿਲ ਗਿਆ ਤਾਂ ਤੈਨੂੰ ਕੋਈ ਤਕਲੀਫ ਨਹੀਂ ਹੋਣ ਦਿੰਦਾ ਉਹ ਸਾਂਭ ਲਏਗਾ ਤੈਨੂੰ।”
“ਲੈ, ਮੈਂ ਕਿਹੜਾ ਨਿਆਣਾਂ ਜਿਹੜਾ ਉਹ ਸਾਂਭ ਲਏਗਾ ਮੈਨੂੰ।” ਭੂਆ ਦੀ ਗੱਲ ਤੋਂ ਚਿੜ੍ਹ ਕੇ ਮੈਂ ਕਿਹਾ ਸੀ।
“ਵੱਡਿਆਂ ਲਈ ਬੱਚੇ ਨਿਆਣੇ ਹੀ ਰਹਿੰਦੇ ਨੇ ਭਾਵੇਂ ਬੁੱਢੇ ਕਿਉਂ ਨਾ ਹੋ ਜਾਣ।” ਗੱਲ ਤਾਂ ਭੂਆ ਦੀ ਠੀਕ ਸੀ, ਇਸ ਲਈ ਚੁਪਚਾਪ ਹਾਮੀ ਭਰ ਦਿੱਤੀ।
“ਫੇਰ ਕੀ ਹੋਇਆ? ਤੁਸੀਂ ਗਏ ਸੀ ਮੰਨੇ ਦੇ ਘਰ?” ਨਾਲ ਦੀ ਸਵਾਰੀ ਨੇ ਪੁੱਛਿਆ।
“ਜਰੂਰ ਗਿਆ ਸਾਂ ਦਿਲ ਮੁਹੰਮਦ ਰੋਡ ‘ਤੇ ਥੋੜ੍ਹਾ ਹਟ ਕੇ ਉਹਦੀ ਡੇਅਰੀ ਸੀ। ਲੱਭਣ ਵਿਚ ਕੋਈ ਦਿੱਕਤ ਨਹੀਂ ਆਈ। ਉਹ ਅੰਦਰ ਬੈਠਾ ਸੀ। ਉਸ ਪਾਸ ਗਿਆ ਜਾਣ-ਪਛਾਣ ਕਰਾਉਣ ਦੀ ਗਰਜ ਨਾਲ ਆਪਣੇ ਚਾਚੇ ਦਾ ਨਾਂ ਲੈਂਦਿਆਂ ਕਿਹਾ, "ਮੈਂ ਪੰਡਿਤ ਵੇਦ ਵੇਆਸ ਦਾ ਭਤੀਜਾ ਹਾਂ ਭਾਰਤ ਤੋਂ ਆਇਆਂ।" ਮੈਨੂੰ ਇਕ ਨਜ਼ਰ ਦੇਖ ਉਹ ਮੰਜੇ ਤੋਂ ਉਛਲ ਪਿਆ, ਘੁੱਟ ਕੇ ਸੀਨੇ ਨਾਲ ਲਾਇਆ ਤੇ ਕਹਿਣ ਲੱਗਾ, "ਕੁਝ ਕਹਿਣ ਦੀ ਲੋੜ ਨਹੀਂ ਬੱਚੇ, ਤੂੰ ਮੇਰਾ ਭਤੀਜੈਂ, ਦੂਜਾ ਬਯਾਸੀ।" ਉਹ ਕਿੰਨੀ ਦੇਰ ਮੇਰੇ ‘ਤੇ ਆਪਣਾ ਪਿਆਰ ਲੁਟਾਂਦਾ ਰਿਹਾ। "ਆ ਇਥੇ ਬਹਿ ਜਾ ਚੰਗੀ ਤਰ੍ਹਾਂ," ਮੇਰੇ ਵੱਲ ਕੁਰਸੀ ਸਰਕਾਂਦਿਆਂ ਉਸ ਲਾਡ ਨਾਲ ਕਿਹਾ ਸੀ। "ਹੁਣ ਦੱਸ ਤੇਰੀ ਕੀ ਸੇਵਾ ਕਰਾਂ?" ਮੈਂ ਕਹਿਣਾ ਚਾਹਿਆ ਕਿ ਹੁਣੇ ਨਾਸ਼ਤਾ ਕਰਕੇ ਆਇਆਂ ਪਰ ਉਸ ਮੌਕਾ ਈ ਨਹੀਂ ਦਿੱਤਾ। ਫਟਾ ਫਟ ਵੱਡਾ ਗਿਲਾਸ ਗਰਮ ਦੁੱਧ ਦਾ ਮੰਗਾਇਆ ਤੇ ਮੇਰੇ ਸਾਹਮਣੇ ਪਏ ਸਟੂਲ ‘ਤੇ ਰਖਦਿਆਂ ਹੁਕਮ ਦੇਣ ਵਾਲੇ ਲਹਿਜੇ ਵਿਚ ਕਿਹਾ, "ਪਹਿਲਾਂ ਏਹਨੂੰ ਖਤਮ ਕਰ, ਫੇਰ ਕੋਈ ਹੋਰ ਗੱਲ ਕਰੀਂ।" ਦੁੱਧ ਪੀਣ ਲੱਗਾ ਤਾਂ ਕਹਿਣ ਲੱਗਾ, "ਤੇਰਾ ਬਾਬਾ ਮੇਰਾ ਚਾਚਾ ਸੀ, ਬਹੁਤ ਪਿਆਰ ਕਰਦਾ ਸੀ, ਭਲਾ ਰਿਸ਼ਤੇ ਵੀ ਕਦੇ ਟੁੱਟਦੇ ਨੇ, ਏਨ੍ਹਾਂ ਗਲੀਆਂ "ਚ ਮੈਂ ਤੇ ਬਯਾਸੀ ਖੇਡਦੇ ਵੱਡੇ ਹੋਏ ਸਾਂ, ਕੋਈ ਫਰਕ ਨਹੀਂ ਸੀ, ਚੰਗੇ ਭਲੇ ਮਿਲ-ਜੁਲ ਕੇ ਰਹਿੰਦੇ ਸਾਂ, ਪਤਾ ਨਹੀਂ ਕਿਹੜੀ ਵ੍ਹਾ ਵੱਗੀ, ਅਸੀਂ ਵੱਖ ਹੋ ਗਏ।" ਕਹਿੰਦਿਆਂ ਮੇਰਾ ਚਾਚਾ ਭਾਵਕ ਹੋ ਗਿਆ ਸੀ।”
“ਪਰ ਅਲੋਕਾਰੀ ਗੱਲ ਕੀ ਹੋਈ?” ਟਾਂਗੇ ਦੀ ਪਿਛਲੀ ਸੀਟ ‘ਤੇ ਬੈਠੇ ਬਜੁਰਗ ਨੇ ਕਾਹਲੇ ਪੈਂਦਿਆਂ ਪੁਛਿਆ।
“ਉਹ ਵੀ ਦਸਦਾਂ ਥੋੜਾ ਸਬਰ ਕਰੋ,” ਰੋਹਿਤ ਨੇ ਕਿਹਾ।
“ਸਬਰ ਨਹੀਂ ਹੁੰਦਾ ਸਾਥੋਂ ਦਿੱਲੀ ਗੇਟ ਆਉਣ ਵਾਲਾ ਏ ਉਥੇ ਉਤਰਨਾਂ।” ਬਜੁਰਗ ਨੇ ਆਪਣੀ ਗੱਲ ‘ਤੇ ਜੋਰ ਦਿੰਦਿਆਂ ਕਿਹਾ।
“ਕਿਉਂ ਘਾਬਰਦੇ ਓ ਮਾਲਕੋ, ਕਹੋ ਤਾਂ ਥੋੜੀ ਦੇਰ ਇਥੇ ਈ ਖਲੋ ਜਾਨੇ ਆਂ,” ਟਾਂਗੇ ਵਾਲੇ ਨੇ ਬਜੁਰਗ ਨੂੰ ਤਸੱਲੀ ਦਿੰਦਿਆਂ ਕਿਹਾ। “ਹਾਂ ਸੱਚ, ਤੁਸੀਂ ਫਿਲੌਰ ਵੀ ਗਏ ਓ ਕਦੇ?” ਉਸ ਨੇ ਰੋਹਿਤ ਨੂੰ ਪੁੱਛਿਆ।
“ਕਦੇ? ਉਧਰ ਤਾਂ ਅਕਸਰ ਜਾਂਦੇ ਈ ਰਹੀਦੈ, ਉਥੋਂ ਪੰਜ-ਛੇ ਕਿਲੋਮੀਟਰ ਦੀ ਦੂਰੀ ‘ਤੇ ਮੇਰਾ ਨਾਨਕਾ ਪਿੰਡ ਲਾਂਦੜਾ ਐ। ਬਚਪਨ ਦੇ ਅਨੇਕਾਂ ਹਸੀਨ ਪਲ ਗੁਜਾਰੇ ਨੇ ਏਸ ਇਲਾਕੇ ‘ਚ।”
“ਪਰ ਉਹ ਅੱਲੋਕਾਰੀ ਗੱਲ ਕਿਹੜੀ ਸੀ?” ਬਜੁਰਗ ਨੇ ਗੱਲ ਦਾ ਟਰੈਕ ਬਦਲਣ ‘ਤੇ ਕਾਹਲੇ ਪੈਂਦਿਆਂ ਕਿਹਾ।
“ਜਰੂਰ, ਇਹ ਗੱਲ ਵੀ ਸੁਣ ਲਵੋ। ਮੈਂ ਦੁੱਧ ਦਾ ਗਿਲਾਸ ਖਤਮ ਕੀਤਾ ਤਾਂ ਮੰਨੇ ਚਾਚੇ ਨੇ ਪੁੱਛਿਆ, ਆਪਣਾ ਘਰ ਦੇਖਣਾ? ਦੇਖਣਾ ਤਾਂ ਹੈ। ਚੰਗਾ ਚੱਲ ਫੇਰ। ਉਹ ਮੈਨੂੰ ਨਾਲ ਲੈ ਤੁਰਿਆ। ਸੜਕ ਦੇ ਨਾਲ ਲਗਦੀ ਇਕ ਬਹੁਤ ਖੁਲ੍ਹੀ ਸੜਕ ਨੁਮਾ ਗਲੀ ਦੇ ਸਿਰੇ ਵਾਲੇ ਮਕਾਨ ਦੀ ਕੰਧ ‘ਤੇ ਉਸ ਦਾ ਨਾਂ ਦੇਵ ਨਾਗਰੀ ਅੱਖਰਾਂ ਵਿਚ ਲਿਖਿਆ ਸੀ, "ਪੋਖਰ ਸਟਰੀਟ।" ਉਸ ਦੇ ਤੀਜੇ ਘਰ ਅੱਗੇ ਖਲੋਦਿਆਂ ਮੰਨੇ ਨੇ ਮੇਰੀ ਵੱਲ ਦੇਖਦਿਆਂ ਕਿਹਾ, "ਇਹੋ ਈ ਏ, ਤੁਹਾਡਾ ਘਰ ਇਕ ਛੋਟਾ ਘਰ ਹੋਰ ਏ ਇਸ ਦੀ ਪਿਛਲੀ ਗਲੀ ਵਿਚ।" ਘਰ ਤਾਂ ਚੰਗਾ ਵੱਡਾ ਏ, ਮੇਰੇ ਮੂੰਹ ‘ਚੋਂ ਨਿਕਲਿਆ। "ਹੁਣ ਇਸ ਦੇ ਆਸੇ-ਪਾਸੇ ਹੋਰ ਵੀ ਵੱਡੇ ਮਕਾਨ ਬਣ ਗਏ ਨੇ ਪਰ ਜਿਸ ਸਮੇਂ ਚਾਚੇ ਨੇ ਇਹ ਮਕਾਨ ਬਣਾਇਆ ਸੀ ਉਸ ਸਮੇਂ ਸੱਤੀਂ-ਵੀਹੀਂ ਇਹੋ ਜਿਹਾ ਸੋਹਣਾ ਘਰ ਦੇਖਣ ਨੂੰ ਨਹੀਂ ਮਿਲਦਾ ਸੀ, ਬਾਦਸ਼ਾਹ ਸੀ ਮੇਰਾ ਚਾਚਾ।" ਮੰਨੇ ਚਾਚੇ ਨੇ ਭਾਵੁਕ ਹੁੰਦਿਆਂ ਪੁਰਾਣੀ ਯਾਦ ਤਾਜਾ ਕੀਤੀ।
“ਅੱਗੋਂ ਕੀ ਹੋਇਆ?” ਬਜੁਰਗ ਨੇ ਮੁੜ ਪੁਛਿਆ।
“ਥੋੜਾ ਸਬਰ ਵੀ ਤਾਂ ਕਰੋ ਬਜੁਰਗੋ ਇਕੋ ਸਾਹੇ ਤਾਂ ਨਾ ਵਗੋ।” ਟਾਂਗੇ ਵਾਲੇ ਨੇ ਬਜੁਰਗ ਦੀ ਗੱਲ ਤੋਂ ਚਿੜ੍ਹਦਿਆਂ ਕਿਹਾ।
“ਚਲ ਠੀਕ ਐ, ਹੁਣ ਨਹੀਂ ਮੈਂ ਬੋਲਦਾ ਦਸ ਬਈ ਜਵਾਨਾ।” ਬਜੁਰਗ ਨੇ ਰੋਹਿਤ ਨੂੰ ਥਾਪਣਾ ਦਿੰਦਿਆਂ ਕਿਹਾ।
“ਮੰਨੇ ਚਾਚੇ ਨੇ ਕਾਲ ਬੈਲ ਵਜਾਈ, ਚੰਗੇ ਭਰਵੇਂ ਤੇ ਗਠੀਲੇ ਸ਼ਰੀਰ ਦੇ ਮਾਲਕ, ਪਹਿਲਵਾਨ ਜਿਹੇ, ਅੱਧਖੜ ਉਮਰ ਦੇ, ਪਰ ਬੇਹਦ ਰੋਹਬਦਾਰ ਹਸਤੀ ਦੇ ਮਾਲਕ ਘਰ ਦੇ ਮਰਦ ਨੇ ਦਰਵਾਜਾ ਖੋਲ੍ਹਿਆ, ਉਸ ਅੱਗੇ ਵੱਧ ਚਾਚੇ ਦੇ ਗੋਡੀਂ ਹੱਥ ਲਾਇਆ, ਆਓ ਜੀ, ਅੱਜ ਰਸਤਾ ਕਿਵੇਂ ਭੁੱਲ ਗਏ?
ਆਪਣੇ ਘਰ ਦਾ ਵੀ ਕੋਈ ਰਸਤਾ ਭੁੱਲਦਾ।
ਆ ਕਾਕਾ, ਤੂੰ ਵੀ ਅੰਦਰ ਲੰਘ ਆ।
ਜੇ ਤੁਸੀਂ ਰਸਤਾ ਨਹੀਂ ਭੁੱਲੇ ਸਓ ਤਾਂ ਏਨੇ ਦਿਨ ਦਿਖਾਈ ਕਿਉਂ ਨਹੀਂ ਦਿੱਤੇ?
ਰੋਜਮਰ੍ਹਾ ਦੇ ਕੰਮ ਈ ਪਿੱਛਾ ਨਹੀਂ ਛੱਡਦੇ ਬਸ ਆ ਹੀ ਨਹੀਂ ਸਕਿਆ। ਇਹ ਮੇਰਾ ਭਤੀਜਾ ਐ ਜਲੰਧਰੋਂ ਆਇਐ ਵੰਡ ਤੋਂ ਪਹਿਲਾਂ ਏਦ੍ਹੇ ਬਜੁਰਗ ਏਥੇ ਈ ਰਹਿੰਦੇ ਸਨ...ਏਸੇ ਘਰ ਵਿਚ ਇਹ ਏਹਦੇ ਬਾਬੇ ਦਾ ਘਰ ਐ।” ਮਨ੍ਹੇ ਚਾਚੇ ਨੇ ਇਨ੍ਹਾਂ ਸ਼ਬਦਾਂ ਵਿਚ ਮੇਰੀ ਜਾਣ-ਪਛਾਣ ਕਰਾਈ।
"ਪੰਡਿਤ ਕਰਮ ਚੰਦ ਦਾ ਪੋਤਾ ਤਾਂ ਨਹੀਂ ਇਹ?"
"ਪਰਵੇਜ ਤੂੰ ਕਿਵੇਂ ਜਾਣਦਾਂ ਉਨ੍ਹਾਂ ਨੂੰ?"
"ਸੁਣ ਲਓ, ਸਾਡੇ ਚਾਚੇ ਦੀ ਗੱਲ! ਅਖੇ ਸਾਰੀ ਰਾਤ ਕਥਾ ਸੁਣਦੀ ਰਹੀ ਸਵੇਰੇ ਉਠ ਕੇ ਪੁਛਿਆ ਸੀਤਾ ਰਾਮ ਦੀ ਮਾਂ ਲਗਦੀ ਸੀ ਜਾਂ ਪਤਨੀ। ਸਾਰੀ ਉਮਰ ਮੈਨੂੰ ਉਨ੍ਹਾਂ ਦੀਆਂ ਗੱਲਾਂ ਦਸਦੇ ਰਹੇ ਤੇ ਅੱਜ ਪੁੱਛਣ ਡਹੇ ਨੇ, ਪਰਵੇਜ ਤੂੰ ਕਿਵੇਂ ਜਾਣਦਾ ਏਂ ਇਨ੍ਹਾਂ ਦੀ ਗੱਲ ਛੱਡੋ, ਆਂਢ-ਗੁਆਂਢ ਦੇ ਪੁਰਾਣੇ ਵਸਨੀਕਾਂ ਨੇ ਵੀ ਬਹੁਤ ਕਿੱਸੇ ਸੁਣਾਏ ਨੇ ਪੰਡਿਤ ਕਰਮ ਚੰਦ ਦੇ।" ਮੈਨੂੰ ਸੈਨਤ ਮਾਰਦਿਆਂ ਉਸ ਕਿਹਾ।
ਪਰਵੇਜ ਨੇ ਮੇਰੀ ਵੱਲ ਤੱਕਿਆ, ਉਹ ਕੁਝ ਸੋਚਣ ਲੱਗਾ, ਫਿਰ ਅਚਾਨਕ ਪਤਾ ਨਹੀਂ ਕੀ ਹੋਇਆ। ਉਹ ਆਪਣੀ ਜੋਰਦਾਰ ਆਵਾਜ਼ ਵਿਚ ਕੜਕਿਆ, "ਉਠ ਇਥੋਂ, ਪਾਜੀ ਕਿਸੇ ਥਾਂ ਦਾ। ਤੇਰੀ ਹਿੰਮਤ ਕਿੱਦਾਂ ਪਈ ਏਸ ਘਰ ਵਿਚ ਏਦਾਂ ਆਉਣ ਦੀ?"
ਜੀ ਮੈਂ ਕੁਝ ਸਮਝਿਆ ਨਹੀਂ। ਉਸ ਦੇ ਵਤੀਰੇ ਵਿਚ ਅਚਾਨਕ ਆਈ ਤਬਦੀਲੀ ਦੇਖ ਮੇਰੇ ਮੂੰਹੋਂ ਨਿਕਲਿਆ।
"ਤੈਨੂੰ ਕੁਝ ਸਮਝਣ ਦੀ ਲੋੜ ਨਹੀਂ, ਤੂੰ ਉਠ ਇਥੋਂ ਇਸ ਤੋਂ ਪਹਿਲਾਂ ਕਿ ਮੈਂ ਕੁਝ ਕਰ ਬੈਠਾਂ," ਪਰਵੇਜ ਨੇ ਫੈਸਲਾਕੁੰਨ ਆਵਾਜ ਵਿਚ ਮੈਨੂੰ ਹਦਾਇਤ ਦਿੱਤੀ।”
“ਕੀ ਇਹੋ ਅਲੋਕਾਰੀ ਗੱਲ ਸੀ?” ਨਾਲ ਦੀ ਸਵਾਰੀ ਨੇ ਪੁਛਿਆ।
“ਤੈਂ ਵਿਚ ਜਰੂਰ ਬੋਲਣਾ ਹੁੰਦਾ, ਚੰਗੀ ਭਲੀ ਗੱਲ ਚਲ ਰਹੀ ਸੀ, ਪਿਕਚਰ ਵਾਂਗੂੰ।” ਉਸ ਦੇ ਨਾਲ ਸਟ ਕੇ ਬੈਠੀ ਸਵਾਰੀ ਨੇ ਰੋਹ ਨਾਲ ਕਿਹਾ।
“ਚਲ ਕੋਈ ਨਾ ਤੂੰ ਸੁਣਾ ਕਾਕਾ, ਇਹ ਪੂਰਾ ਕਿੱਸਾ ਇੰਨ-ਬਿੰਨ ਜਿੱਦਾਂ ਹੋਇਐ,” ਬਜੁਰਗਾਂ ਨੇ ਇਕ ਵਾਰ ਫਿਰ ਰੋਹਿਤ ਦੀ ਪਿੱਠ ਥਾਪੜਦਿਆਂ ਇਸਰਾਰ ਕੀਤਾ।
ਸੁਣੋ ਅਗਲੀ ਗੱਲ, “ਪਰਵੇਜ ਦੀ ਕੜਕ ਆਵਾਜ ਸੁਣ ਰਸੋਈ ਵਿਚ ਕੰਮ ਕਰ ਰਹੀ ਉਸ ਦੀ ਬੇਗਮ ਝਟ ਦੇਣੀ ਬਾਹਰ ਨਿਕਲੀ, ਕਿਉਂ ਅਵਾ-ਤਵਾ ਬੋਲੀ ਜਾ ਰਹੇ ਓ, ਆਪਣੇ ਚਾਚੇ ਦਾ ਤਾਂ ਕੁਝ ਲਿਹਾਜ ਕਰੋ।
"ਪਰੇ ਹਟ ਤੂੰ ਮੇਰੇ ਸਿਰ ‘ਤੇ ਖੂਨ ਸਵਾਰ ਏ।"
"ਮੇਰੇ ਸਿਰ ‘ਤੇ ਖੂਨ ਸਵਾਰ ਏ," ਉਸ ਦੀ ਨਕਲ ਲਾਉਂਦਿਆਂ ਬੇਗਮ ਬੋਲੀ, "ਤੇ ਅਜ ਅਸੀਂ ਘਰ ਆਏ ਮਹਿਮਾਨ ਦਾ ਕਤਲ ਕਰ ਦੇਣਾ, ਪਿਓ ਦੇ ਬਹਾਦਰ ਪੁੱਤ ਜੋ ਹੋਏ ਅਸੀਂ।"
ਬੇਗਮ ਦੀ ਗੱਲ ਦਾ ਉਸ ‘ਤੇ ਕੋਈ ਅਸਰ ਨਾ ਹੋਇਆ, ਉਹ ਉਸ ਨੂੰ ਧੱਕਾ ਦੇ ਕੇ ਮੇਰੇ ਵੱਲ ਵਧਿਆ। ਡਰ ਦੇ ਮਾਰੇ ਮੇਰਾ ਬੁਰਾ ਹਾਲ ਹੋ ਗਿਆ ਸੀ, ਹੈਰਾਨ ਸਾਂ ਕਿ ਕੁਝ ਪਲ ਪਹਿਲਾਂ ਆਪਣੇ ਭਤੀਜੇ ਵੱਜੋਂ ਮੇਰੀ ਜਾਣ ਪਛਾਣ ਕਰਾਉਣ ਵਾਲਾ ਮੰਨਾ ਚਾਚਾ ਖਾਮੋਸ਼ ਕਿਉਂ ਬੈਠਾ ਸੀ। ਪਰਵੇਜ ਏਨਾ ਕੁਝ ਕਹਿ ਗਿਆ, ਮੈਨੂੰ ਮਾਰਨ ਲਈ ਅੱਗੇ ਵਧਿਆ, ਇਥੋਂ ਤਕ ਕਿ ਉਹਦੀ ਬੇਗਮ ਨੇ ਵੀ ਰਸੋਈ ਵਿਚਲਾ ਆਪਣਾ ਕੰਮ ਵਿਚੇ ਛੱਡ ਕਮਰੇ ਵਿਚ ਆ ਕੇ ਉਹਨੂੰ ਨੱਥ ਪਾਉਣ ਦਾ ਯਤਨ ਕੀਤਾ ਪਰ ਚਾਚਾ ਤਾਂ ਵੀ ਖਾਮੋਸ਼ ਬੈਠਾ ਰਿਹਾ।
ਪਰਵੇਜ ਮੇਰੇ ਮੋਹਰੇ ਆ ਖਲੋਤਾ ਮੈਂ ਸਹਿਮੀਆਂ ਨਜ਼ਰਾਂ ਨਾਲ ਉਸ ਨੂੰ ਤੱਕਿਆ। ਉਸ ਦੋਵੇਂ ਬਾਹਾਂ ਉਪਰ ਚੁੱਕੀਆਂ। ਜਾਪਿਆ ਕਿ ਉਹ ਹੁਣੇ ਮੇਰਾ ਗਲਾ ਦਬੋਚ ਦੇਵੇਗਾ। ਮੈਂ ਇਕ ਵਾਰ ਪਿਛੇ ਦਰਵਾਜੇ ਵੱਲ ਦੇਖਿਆ, ਉਹ ਭੇੜਿਆ ਹੋਇਆ ਸੀ, ਮਨ ਹੀ ਮਨ ਵਿਚ ਕਿਹਾ, ਇਥੇ ਤਾਂ ਮੈਨੂੰ ਜਿਬ੍ਹਾ ਕਰਨ ਦਾ ਪੂਰਾ ਇੰਤਜਾਮ ਪਹਿਲਾਂ ਹੀ ਕੀਤਾ ਜਾ ਚੁੱਕਾ। ਚਾਚਾ ਘਰੋਂ ਦੁੱਧ ਪਿਆ ਕੇ ਲਿਆਇਐ, ਬਲੀ ਤੋਂ ਪਹਿਲਾਂ ਬਕਰੇ ਦੀ ਪੂਜਾ ਜੋ ਕਰਨੀ ਸੀ। ਮੇਰੀਆਂ ਅੱਖਾਂ ਕਦ ਮੀਟੀਆਂ ਗਈਆਂ, ਮੈਨੂੰ ਪਤਾ ਵੀ ਨਾ ਲੱਗਾ।”
“ਕੀ ਉਸ ਸੱਚੀਂ-ਮੁਚੀਂ ਹੱਥ ਚੁੱਕ ਲਿਆ ਸੀ? ਜੇ ਹਾਂ ਤਾਂ ਇਸ ਤੋਂ ਵੱਡੀ ਮੰਦਭਾਗੀ ਤੇ ਘਟੀਆ ਗੱਲ ਹੋਰ ਹੋ ਨਹੀਂ ਸਕਦੀ। ਮੈਨੂੰ ਤਾਂ ਸ਼ਰਮ ਆ ਰਹੀ ਏ।” ਬਜੁਰਗ ਵਿਚੋਂ ਬੋਲ ਪਿਆ।
“ਤੂੰ ਭਾਈਆ ਪਹਿਲਾਂ ਪੂਰੀ ਗੱਲ ਤਾਂ ਸੁਣ ਲੈ, ਅਖੇ ਮੈਨੂੰ ਤਾਂ ਸ਼ਰਮ ਆ ਰਹੀ ਐ,” ਟਾਂਗੇ ਵਾਲੇ ਨੇ ਚਿੜ੍ਹਦਿਆਂ ਕਿਹਾ।
“ਮੈਨੂੰ ਵੀ ਇਹੋ ਲੱਗਾ ਸੀ ਪਰ ਕਾਹਨੂੰ ਉਹ ਮੇਰੇ ਨੇੜੇ ਆਇਆ, ਮੈਨੂੰ ਘੁੱਟ ਕੇ ਕਲਾਵੇ ਵਿਚ ਲੈ ਲਿਆ ਤੇ ਕਹਿਣ ਲੱਗਾ, "ਇਹ ਕੀ ਬਹਾਦਰ ਬਾਬੇ ਦਾ ਪੋਤਾ ਮੇਮਣਾ ਬਣਿਆ ਖਲੋਤਾ ਮੇਰੇ ਅੱਗੇ" ਉਸ ਮੇਰੀਆਂ ਗੱਲ੍ਹਾਂ ਪਲੋਸੀਆਂ ਤੇ ਮੁੜ ਕਹਿਣ ਲੱਗਾ, "ਕਮਲਾ ਨਾ ਹੋਵੇ ਤਾਂ ਏਦਾਂ ਵੀ ਬਗਾਨਿਆਂ ਵਾਂਗ ਆਈਦੈ ਕਦੇ ਆਪਣੇ ਘਰ! ਇਹ ਤੇਰੇ ਬਾਬੇ ਦੀ ਨਿਸ਼ਾਨੀ ਏ ਤੂੰ ਕਦੇ ਵੀ ਆ ਸਕਦਾਂ ਇਥੇ, ਕਿਸੇ ਨੂੰ ਪੁੱਛਣ-ਦੱਸਣ ਦੀ ਕੋਈ ਲੋੜ ਨਹੀਂ।"
"ਕਮਲੀਆਂ ਗੱਲਾਂ ਤਾਂ ਤੁਸੀਂ ਪਏ ਕਰਦੇ ਓ, ਇਹ ਸਿੱਧਾ ਕੀਕਣ ਆਉਂਦਾ ਏਹਨੂੰ ਏਥੋਂ ਦਾ ਕੀ ਪਤਾ ਸੀ।" ਬੇਗਮ ਨੇ ਉਸ ਨੂੰ ਟੋਕਿਆ।
"ਗੱਲ ਤਾਂ ਤੇਰੀ ਠੀਕ ਆ, ਇਸ ਤਰ੍ਹਾਂ ਤਾਂ ਮੈਂ ਸੋਚਿਆ ਹੀ ਨਹੀਂ ਸੀ। ਚਲ ਕੋਈ ਨਾ, ਹੁਣ ਏਹਦੀ ਖਾਤਰਦਾਰੀ ਦਾ ਇੰਤਜਾਮ ਕਰ। ਇਸ ਘਰ ਦਾ ਮਾਲਕ ਐ ਇਹ, ਐਵੇਂ ਨਾ ਸਮਝੀਂ," ਪਰਵੇਜ ਨੇ ਬੇਗਮ ਦੀ ਗੱਲ ਨਾਲ ਹਾਮੀ ਭਰਦਿਆਂ ਕਿਹਾ। ਉਹ ਸਾਰੇ ਜੋਰ ਜੋਰ ਦੀ ਹੱਸਣ ਲੱਗੇ।
ਮੰਨੇ ਚਾਚੇ ਨੇ ਦਸਿਆ, "ਪਰਵੇਜ ਬੜਾ ਵਡਾ ਕਲਾਕਾਰ ਐ, ਨਾਟਕ ਖੇਡਦਾ ਰਹਿੰਦੈ, ਸਭਿਆਚਾਰਕ ਪ੍ਰੋਗਰਾਮਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਂਦੈ, ਤੈਨੂੰ ਦੇਖ ਮੂਡ ਵਿਚ ਆ ਗਿਆ।" ਹੁਣ ਪਤਾ ਲੱਗਾ ਮੰਨਾ ਚਾਚਾ ਚੁਪ ਕਿਉਂ ਬੈਠਾ ਸੀ, ਉਹ ਤਾਂ ਮਜੇ ਲੈ ਰਿਹਾ ਸੀ, ਪਰਵੇਜ ਦੀ ਐਕਟਿੰਗ ਦੇ।
"ਤੂੰ ਕੁਝ ਨਾ ਪੁਛ, ਡਰਾਮਾ ਤਾਂ ਏਨ੍ਹਾਂ ਦੀ ਜਿੰਦਗੀ ਐ।" ਪਰਵੇਜ ਦੀ ਬੇਗਮ ਨੇ ਦਸਿਆ।
ਪਰਵੇਜ ਨੇ ਇਕ ਵਾਰ ਫੇਰ ਮੈਨੂੰ ਘੁੱਟ ਲਿਆ। ਸੋਫੇ ‘ਤੇ ਬਹਿਣ ਸਮੇਂ ਵੀ ਮੈਨੂੰ ਆਪਣੇ ਨਾਲ ਚੰਬੇੜੀ ਰਖਿਆ। "ਤੈਨੂੰ ਪਤੈ, ਅੱਜ ਮੈਂ ਕੀਹਦਾ ਰੋਲ ਕੀਤਾ?"
"ਏਹਨੂੰ ਕੀ ਪਤਾ ਹੋਣੈ, ਇਹ ਤਾਂ ਵੰਡ ਤੋਂ ਮਗਰੋਂ ਹੋਇਐ," ਮੰਨੇ ਚਾਚੇ ਨੇ ਉਹਨੂੰ ਟੋਕਦਿਆਂ ਕਿਹਾ।
"ਇਹ ਤੇਰੇ ਬਾਬੇ ਦਾ ਰੋਲ ਸੀ, ਚਾਚੇ ਅਤੇ ਮੁਹੱਲੇ ਦੇ ਪੁਰਾਣੇ ਲੋਕਾਂ ਤੋਂ ਸੁਣ ਮੈਂ ਉਹਦੇ ਕਿਰਦਾਰ ਵਿਚ ਆਪਣੇ ਆਪ ਨੂੰ ਢਾਲ ਲਿਐ। ਜਦ ਬਹੁਤਾ ਖੁਸ਼ ਹੁੰਨਾਂ ਤਾਂ ਇਸ ਕਿਰਦਾਰ ਵਿਚ ਆ ਜਾਨਾਂ। ਏਸ ਕਿਰਦਾਰ ਨੇ ਮੇਰੀ ਸ਼ੋਹਰਤ ਬਹੁਤ ਵਧਾ ਦਿੱਤੀ ਏ। ਹੁਣ ਤਾਂ ਲੋਕ ਮੈਨੂੰ ਪਰਵੇਜ ਦੀ ਥਾਂ ਪੰਡਿਤ ਕਰਮ ਚੰਦ ਹੀ ਕਹਿਣ ਲੱਗ ਪਏ ਨੇ। ਉਹਦਾ ਪੋਤਾ, ਉਹਦਾ ਆਪਣਾ ਖੂਨ ਚਲ ਕੇ ਅਜ ਆਪਣੇ ਦੌਲਤਖਾਨੇ ਵਿਚ ਆਇਆ ਏ, ਕੋਈ ਨਜ਼ਰਾਨਾ ਤਾਂ ਪੇਸ਼ ਕਰਨਾ ਹੀ ਸੀ।"
"ਉਹ ਬਹੁਤ ਦਿਲਦਾਰ ਸੀ, ਯਾਰਾਂ ਦਾ ਯਾਰ, ਇਹੋ ਜਿਹਾ ਬੰਦਾ ਲੱਭਣਾ ਕਿਤੇ?" ਮੰਨੇ ਚਾਚੇ ਨੇ ਕਿਹਾ।
ਪਰਵੇਜ ਦੀ ਸ਼ਰਧਾ ਦੇਖ ਮੇਰੀਆਂ ਅੱਖਾਂ ‘ਚੋਂ ਅਥਰੂ ਕਿਰਨ ਲੱਗੇ, "ਕਮਲਾ ਨਾ ਹੋਵੇ ਤਾਂ, ਐਵੇਂ ਨਹੀਂ ਰੋਈਦਾ, ਕੀ ਹੋਇਆ ਜੇ ਵੰਡ-ਵੰਡਈਆ ਹੋ ਗਿਆ ਮਨੁੱਖੀ ਰਿਸ਼ਤੇ ਤਾਂ ਨਹੀਂ ਬਦਲਦੇ! ਅੱਜ ਵੀ ਅਸੀਂ ਇਕ ਆਂ।"
ਪਰਵੇਜ ਨੇ ਮੈਨੂੰ ਉਪਰ ਤੋਂ ਥੱਲੇ ਤਕ ਸਾਰਾ ਘਰ ਦਿਖਾਇਆ। "ਇਹ ਤੇਰੇ ਬਾਬੇ ਦੀ ਬੈਠਕ ਸੀ, ਉਹ ਇਥੇ ਹੀ ਬੈਠਦੇ ਸਨ, ਰਾਜਿਆਂ ਵਾਂਗ, ਗਲੀ-ਮੁਹੱਲੇ ਵਿਚ ਪੂਰਾ ਰੋਹਬ ਸੀ ਉਸ ਦਾ, ਪਰਵੇਜ ਨੇ ਉਸ ਦਾ ਟ੍ਰੇਲਰ ਦਿਖਾ ਈ ਦਿੱਤਾ ਏ" ਮੰਨੇ ਚਾਚੇ ਦੀ ਕਮੈਂਟਰੀ ਵੀ ਨਾਲ-ਨਾਲ ਚਲਦੀ ਰਹੀ।”
“ਇਹੋ ਜਿਹੇ ਪਲ ਬੜੇ ਯਾਦਗਾਰੀ ਹੁੰਦੇ ਨੇ?” ਬਜੁਰਗ ਨੇ ਟਿੱਪਣੀ ਕੀਤੀ।
“ਤੁਸੀਂ ਠੀਕ ਕਿਹੈ ਇਹ ਘਟਨਾ ਕਦੇ ਭੁੱਲ ਨਹੀਂ ਸਕਾਂਗਾ ਮੈਂ।” ਰੋਹਿਤ ਨੇ ਉਸ ਦੀ ਗੱਲ ਦੀ ਹਾਮੀ ਭਰਦਿਆਂ ਕਿਹਾ।
“ਖਾਤਰਦਾਰੀ ਹੋਈ ਫੇਰ?” ਬਜੁਰਗ ਨੇ ਪੁੱਛਿਆ।
“ਇਹ ਹੁਣ ਬਹੁਤ ਵੱਡੀ ਗੱਲ ਨਹੀਂ ਰਹੀ। ਮਹਿਮਾਨ ਨਿਵਾਜੀ ਤਾਂ ਸਾਡੇ ਪੰਜਾਬੀਆਂ ਦੇ ਰਗ-ਰਗ ਵਿਚ ਐ, ਉਨ੍ਹਾਂ ਨੂੰ ਤਾਂ ਬਹਾਨਾ ਚਾਹੀਦੈ ਆਪਾ ਲੁਟਾਉਣ ਲਈ।” ਟਾਂਗੇ ਵਾਲੇ ਨੇ ਕਿਹਾ।
“ਓਸ ਤੋਂ ਕਿਤੇ ਵੱਧ ਪਰਵੇਜ ਦੀ ਬੇਗਮ ਨੇ ਚਾਈਂ-ਚਾਈਂ ਪਕਵਾਨ ਤਿਆਰ ਕੀਤਾ, ਢਿਡ ਵਿਚ ਜਗ੍ਹਾ ਨਹੀਂ ਸੀ ਬਚੀ। ਠੂਸ-ਠੂਸ ਕੇ ਖਾਣਾ ਪਿਆ। ਚਾਹ ਦੇ ਦੌਰ ਤਾਂ ਪਤਾ ਨਹੀਂ ਕਿੰਨੀ ਵਾਰ ਚੱਲੇ ਸਨ, ਵਿਦਾ ਹੋਣ ਸਮੇਂ ਤੋਹਫਿਆਂ ਨਾਲ ਲੱਦ ਦਿੱਤਾ।”
“ਫੇਰ ਤਾ ਬਈ ਵਾਕਈ ਇਹ ਤੇਰੇ ਜੀਵਨ ਦੀ ਅਲੋਕਾਰੀ ਘਟਨਾ ਐ,” ਨਾਲ ਬੈਠੀ ਸਵਾਰੀ ਨੇ ਕਿਹਾ।
“ਉਹ ਕਿਵੇਂ? ਖਾਤਰਦਾਰੀ ਤਾਂ ਹੋਰਨਾਂ ਨੇ ਵੀ ਕੀਤੀ ਏ।” ਦੂਜੀ ਸਵਾਰੀ ਨੇ ਕਿਹਾ।
“ਕਿਉਂਕਿ ਹੋਰ ਥਾਂਵਾਂ ਤੇ ਇਹਦੇ ਅੱਗੇ ਉਹ ਬੰਦਾ ਨਹੀਂ ਸੀ ਆਇਆ ਜਿਸ ਨੇ ਖ਼ੁਦ ਨੂੰ ਇਹਦੇ ਬਾਬੇ ਦੇ ਕਿਰਦਾਰ ਵਿਚ ਢਾਲ ਲਿਆ ਹੋਵੇ ਅਤੇ ਹੁਣ ਤਕ ਆਪਣੀ ਐਕਟਿੰਗ ਨਾਲ ਉਸ ਨੂੰ ਜਿਉਂਦਾ ਰੱਖਣ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ।” ਬਜੁਰਗ ਨੇ ਜੋਰਦਾਰ ਦਲੀਲ ਦਿੱਤੀ।
“ਤੁਸੀਂ ਸਹੀ ਫਰਮਾਇਐ, ਮੈਨੂੰ ਉਥੇ ਆਪਣੇ ਬਾਬੇ ਦੇ ਦਰਸ਼ਨ ਹੋਏ। ਉਹ ਪਰਵੇਜ ਦੇ ਅਵਤਾਰ ਵਿਚ ਜਿਊਂਦਾ-ਜਾਗਦਾ ਮੇਰੇ ਸਾਹਮਣੇ ਆਣ ਖਲੋਤਾ। ਓਸ ਘਰ ਵਿਚ ਅੱਜ ਵੀ ਮੇਰਾ ਬਾਬਾ ਨਿਵਾਸ ਕਰਦਾ ਏ ਪਰਵੇਜ, ਉਸ ਦੀ ਬੇਗਮ, ਮੰਨਾ ਚਾਚਾ ਤੇ ਹੋਰ ਲੋਕਾਂ ਦੇ ਚੇਤਿਆਂ ਦੀ ਚੰਗੇਰ ਵਿਚ ਉਨ੍ਹਾਂ ਪਲਾਂ ਵਿਚ ਮੈਂ ਵੀ ਫਰਸ਼ੋਂ ਅਰਸ਼ ‘ਤੇ ਪੁਜ ਗਿਆ ਸਾਂ।”
“ਗੱਲ ਤਾਂ ਤੇਰੀ ਠੀਕ ਐ, ਮੇਰੇ ਵੀਰ ਬਾਕੀ ਤਾਂ ਆਉਣ-ਜਾਣ ਵਾਲੀਆਂ ਗੱਲਾਂ ਨੇ ਪਰ ਜਿਹੜਾ ਤੋਹਫਾ ਉਸ ਘਰ ਵਾਲਿਆਂ ਨੇ ਤੈਨੂੰ ਦਿੱਤੈ, ਉਸ ਦਾ ਜਵਾਬ ਨਹੀਂ। ਸੱਚ ਪੁੱਛੇਂ ਤਾਂ ਇਹ ਗੱਲ ਸੁਣ ਕੇ ਸਾਡੀ ਛਾਤੀ ਵੀ ਮਾਣ ਨਾਲ ਚੌੜੀ ਹੋ ਗਈ ਏ।” ਬਜੁਰਗ ਨੇ ਗੱਲ ਦਾ ਨਿਚੋੜ ਕੱਢ ਮਾਰਿਆ।
ਟਾਂਗਾ ਲੰਡੇ ਬਾਜਾਰ ਦੀ ਸਾਹਮਣੀ ਸੜਕ ਤੋਂ ਲੰਘ ਰਿਹਾ ਸੀ ਤਾਂ ਅਚਾਨਕ ਪਿਛਲੀ ਸੀਟ ‘ਤੇ ਇਕ ਪਾਸੇ ਹੁਣ ਤਕ ਚੁਪ ਬੈਠੀ ਔਰਤ ਦੀ ਆਵਾਜ ਸੁਣਾਈ ਦਿੱਤੀ, “ਬੇਟਾ ਇਥੇ ਰੋਕੀਂ ਜਰਾ।” ਰੋਹਿਤ ਨੇ ਹੈਰਾਨੀ ਨਾਲ ਪਿੱਛੇ ਦੇਖਿਆ। ਉਹ ਔਰਤ ਸਿਰ ਤੋਂ ਪੈਰਾਂ ਤਕ ਬੁਰਕੇ ਵਿਚ ਢਕੀ ਹੋਈ ਸੀ, ਬਾਹਾਂ ਦੀਆਂ ਝੁਰੜੀਆਂ ਉਸ ਦੀ ਬਜੁਰਗੀ ਦਰਸਾਉਣ ਲਈ ਕਾਫੀ ਸਨ। ਉਹ ਹੇਠਾਂ ਉਤਰੀ, ਸੜਕ ਦੇ ਖੱਬੇ ਪਾਸੇ ਖਲੋਤੀ ਕਿੰਨੂਆਂ ਦੀ ਰੇਹੜੀ ਪਾਸ ਗਈ।
“ਕਿੱਦਾਂ ਦੇ ਰਿਹੈਂ ਕਿੰਨੂ?”
“ਦਸ ਰੁਪਏ ਦੇ ਪੰਜ।” ਰੇਹੜੀ ਵਾਲੇ ਨੇ ਕਿਹਾ।
“ਸੋਹਣੇ ਜਿਹੇ ਦਸ ਕਿੰਨੂ ਛਾਂਟ ਦੇ।” ਬਜੁਰਗ ਔਰਤ ਨੇ ਕਿੰਨੂ ਵਾਲੇ ਨੂੰ ਆਹਰੇ ਲਾਉਂਦਿਆਂ ਹੱਥ ਦੇ ਇਸ਼ਾਰੇ ਨਾਲ ਰੋਹਿਤ ਨੂੰ ਹੇਠਾਂ ਸੱਦਿਆ।
ਰੋਹਿਤ ਟਾਂਗੇ ਤੋਂ ਉਤਰ ਕਿੰਨੂਆਂ ਦੀ ਰੇਹੜੀ ਕੋਲ ਖਲੋਤੀ ਬਜੁਰਗ ਅੰਮਾ ਪਾਸ ਗਿਆ। ਅੰਮਾ ਨੇ ਧਾ ਗਲਵਕੜੀ ਪਾਈ, ਉਸ ਦਾ ਸਿਰ ਪਲੋਸਿਆ, ਮੱਥਾ ਚੁੰਮਿਆ, ਮੁੜ ਛਾਤੀ ਨਾਲ ਲਾਇਆ ਤੇ ਉਸ ਦੇ ਮੂੰਹ ‘ਤੇ ਪਿਆਰ ਭਰਿਆ ਹੱਥ ਫੇਰਦਿਆਂ ਕਿਹਾ, “ਮਾਂ ਸਦਕੇ, ਵਾਰੀ ਜਾਵਾਂ, ਆਪਣੇ ਸੋਹਣੇ ਜਿਹੇ ਪੁੱਤ ‘ਤੇ।” ਰੋਹਿਤ ਨੂੰ ਭਾਵੇਂ ਅਜੇ ਤਕ ਅਸਲ ਗੱਲ ਦੀ ਸਮਝ ਨਹੀਂ ਸੀ ਪਈ ਪਰ ਅੰਮਾ ਦੀ ਛਾਤੀ ਨਾਲ ਲੱਗਣ ‘ਤੇ ਉਸ ਨਿੱਘ ਦਾ ਅਹਿਸਾਸ ਜਰੂਰ ਹੋਇਆ ਜਿਹੜਾ ਘਰ ਦੀ ਵੱਡੀ ਬਜੁਰਗ ਦੀ ਛਾਤੀ ਨਾਲ ਲੱਗਣ ਨਾਲ ਹੁੰਦਾ ਹੈ। ਅੰਮਾ ਦੀ ਰੋਣਹਾਕੀ ਆਵਾਜ ਸੁਣ ਉਹ ਆਪਣੇ ‘ਤੇ ਕਾਬੂ ਨਹੀਂ ਰਖ ਸਕਿਆ, ਉਸ ਅੰਮਾ ਦੇ ਗੋਡੀਂ ਹੱਥ ਲਾਉਣ ਵਿਚ ਦੇਰ ਨਹੀਂ ਲਾਈ।
“ਮੈਂ ਤੇਰੇ ਨਾਨਕਿਆਂ ਦੇ ਪਿੰਡ ਲਾਂਧੜਾ ਦੀ ਆਂ,” ਅੰਮਾ ਨੇ ਇਹ ਕਹਿੰਦਿਆਂ ਰੇਹੜੀ ਵਾਲੇ ਤੋਂ ਕਿੰਨੂਆਂ ਦਾ ਥੈਲਾ ਲਿਆ ਤੇ ਰੋਹਿਤ ਦੇ ਹੱਥ ਫੜਾਉਂਦਿਆਂ ਕਿਹਾ, “ਨਾਨੀ ਦਾ ਪਿਆਰ ਲੈਂਦਾ ਜਾਹ।”

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅਸ਼ੋਕ ਵਾਸਿਸ਼ਠ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ