Nawan Zamana (Punjabi Essay) : Principal Teja Singh

ਨਵਾਂ ਜ਼ਮਾਨਾ (ਲੇਖ) : ਪ੍ਰਿੰਸੀਪਲ ਤੇਜਾ ਸਿੰਘ



ਸਭ ਤੋਂ ਪਹਿਲੀ ਗੱਲ ਜੋ ਨਵੇਂ ਜ਼ਮਾਨੇ ਦੀ ਦਿਸਦੀ ਹੈ, ਉਹ ਇਹ ਹੈ ਕਿ ਸੰਸਾਰ ਜੋ ਵੱਡਾ ਸਾਰਾ ਦਿਸਦਾ ਸੀ, ਹੁਣ ਨਿੱਕਾ ਜਿਹਾ ਭਾਸਣ ਲੱਗਾ ਹੈ। ਦੇਸ ਤੇ ਕਾਲ ਦੀ ਵਿਥ ਬਹੁਤ ਘਟ ਗਈ ਹੈ। ਮਨੁੱਖਾਂ ਦੇ ਮੇਲ ਜੋਲ ਦੇ ਵਸੀਲੇ ਵਧ ਤੋਂ ਵਧ ਸੁਖੈਨ ਤੇ ਤੇਜ਼ ਹੋ ਰਹੇ ਹਨ। ਰੇਲਾਂ, ਮੋਟਰਾਂ ਤੇ ਹਵਾਈ ਜਹਾਜ਼ਾਂ ਨੇ ਦੇਸਾਂ ਅਤੇ ਮਨੁੱਖਾਂ ਦੇ ਵਿਚਕਾਰਲੀ ਵਿਥ ਬਹੁਤ ਘਟਾ ਦਿੱਤੀ ਹੈ। ਤਾਰ ਤੇ ਬੇਤਾਰ ਬਰਕੀ ਨੇ ਸਮੇਂ ਦੀ ਵਿਥ ਦਾ ਕਰੀਬਨ ਅਭਾਵ ਹੀ ਕਰ ਦਿੱਤਾ ਹੈ। ਇਸ ਮੇਲ ਜੋਲ ਦੇ ਵਧ ਜਾਣ ਨਾਲ ਕੌਮਾਂ ਦੀ ਆਪੋ ਵਿਚ ਦੀ ਵਾਕਫੀ ਤੇ ਸਾਂਝ ਬਹੁਤ ਵਧ ਗਈ ਹੈ। ਸਾਹਿਤ, ਬੋਲੀ ਤੇ ਖ਼ਿਆਲ ਦਾ ਵਟਾਂਦਰਾ ਮਨੁੱਖਾਂ ਦੀ ਸਮਝ, ਜਜ਼ਬੇ ਤੇ ਸਦਾਚਾਰ ਨੂੰ ਇੱਕੋ ਜਿਹਾ ਬਣਾ ਰਿਹਾ ਹੈ। ਇਥੋਂ ਤਕ ਕਿ ਖਾਣ ਪੀਣ, ਪਹਿਨਣ ਦੇ ਢੰਗ ਭੀ ਇਕਮਈ ਹੋ ਰਹੇ ਹਨ। ਮਨੁੱਖ ਜਾਤੀ ਇਕ-ਸਮਾਨ ਹੋ ਰਹੀ ਹੈ। ਹੁਣ ਲੋਕਾਂ ਨੂੰ ਭੂਗੋਲਿਕ ਅਤੇ ਨਸਲੀ ਵੰਡਾਂ ਬਹੁਤ ਚਿਰ ਅੱਡ ਨਹੀਂ ਰੱਖ ਸਕਣਗੀਆਂ, ਅਤੇ ਨਾ ਹਕੂਮਤਾਂ ਦੇ ਅੱਡ ਅੱਡ ਪ੍ਰਬੰਧ ਲੋਕਾਂ ਦੇ ਦਿਲਾਂ ਨੂੰ ਇਕ ਦੂਜੇ ਤੋਂ ਪਾੜ ਕੇ ਰੱਖ ਸਕਣਗੇ, ਕਿਉਂਕਿ ਰਹਿਣੀ ਬਹਿਣੀ, ਸਦਾਚਾਰ, ਵਿਹਾਰ, ਵਿਦਿਆ ਅਤੇ ਮਾਨਸਕ ਤੇ ਆਤਮਕ ਲੋੜਾਂ ਨੇ ਭੂਗੋਲਿਕ ਅਤੇ ਪੁਲੀਟੀਕਲ ਹਦ-ਬੰਨੇ ਟੱਪ ਕੇ ਲੋਕਾਂ ਦੇ ਅੰਦਰਲੇ ਜੀਵਣ ਨੂੰ ਸਾਂਝਾ ਬਣਾ ਦਿੱਤਾ ਹੈ। ਹੁਣ "ਮਾਨਸ ਕੀ ਜਾਤਿ ਸਭ ਏਕੈ ਪਹਿਚਾਨਬੋ" ਵਾਲਾ ਹੁਕਮ ਪੂਰਾ ਹੋ ਰਿਹਾ ਹੈ।

ਮਨੁੱਖ ਜਾਤੀ ਨਿਰੀ ਇਕ-ਮਿਕ ਹੀ ਨਹੀਂ ਹੋ ਰਹੀ, ਸਗੋਂ ਸਰੀਰਕ, ਮਾਨਸਕ ਤੇ ਆਤਮਕ ਤੌਰ ਤੇ ਤਰੱਕੀ ਕਰ ਰਹੀ ਹੈ। ਚੂੰਕਿ ਇਹ ਤਰੱਕੀ ਹਰ ਥਾਂ ਇਕਸਾਰ ਨਹੀਂ ਹੋ ਰਹੀ, ਇਸ ਲਈ ਕਈ ਥਾਵਾਂ ਦੇ ਲੋਕ ਮੇਰੇ ਇਸ ਖ਼ਿਆਲ ਨਾਲ ਸਹਿਮਤ ਨਹੀਂ ਹੋਣਗੇ, ਪਰ ਜੇ ਸਾਰੇ ਸੰਸਾਰ ਉੱਤੇ ਸਮੁੱਚੀ ਨਜ਼ਰ ਸੁੱਟੀ ਜਾਵੇ, ਅਤੇ ਖ਼ਾਸ ਕਰਕੇ ਉਨ੍ਹਾਂ ਦੇਸਾਂ ਨੂੰ ਦੇਖਿਆ ਜਾਵੇ ਜਿਨ੍ਹਾਂ ਨੂੰ ਨਵੇਂ ਜ਼ਮਾਨੇ ਦੀ ਹਵਾ ਲੱਗੀ ਹੈ, ਤਾਂ ਉਥੇ ਇਸ ਤਰੱਕੀ ਦੇ ਨਿਸ਼ਾਨ ਮਿਲਣਗੇ। ਮਸਲਨ ਇੰਗਲੈਂਡ, ਅਮਰੀਕਾ, ਫਰਾਂਸ ਆਦਿ ਮੁਲਕਾਂ ਵਿਚ ਲੋਕਾਂ ਦੀ ਸਰੀਰਕ ਰਖਿਆ ਦੇ ਪ੍ਰਬੰਧ ਅੱਗੇ ਨਾਲੋਂ ਬਹੁਤ ਚੰਗੇ ਹਨ, ਇਸ ਲਈ ਨਾ ਕੇਵਲ ਅਰੋਗਤਾ ਵਿਚ ਉੱਨਤੀ ਹੋ ਰਹੀ ਹੈ, ਬਲਕਿ ਸਰੀਰਕ ਸੁੰਦਰਤਾ ਵਿਚ ਭੀ ਵਾਧਾ ਹੋ ਰਿਹਾ ਹੈ। ਪਿੰਡ ਦੀ ਇਕ ਸਧਾਰਨ ਮੁਟਿਆਰ ਆਪਣੇ ਰੂਪ ਵਿਚ ਪੁਰਾਣੇ ਜ਼ਮਾਨੇ ਦੀਆਂ ਮਸ਼ਹੂਰ ਸੁੰਦਰੀਆਂ ਨਾਲੋਂ ਬਿਹਤਰ ਹੋਵੇਗੀ। ਇਹੋ ਗਲ ਨੌਜਵਾਨ ਮਰਦਾਂ ਦੇ ਰੂਪ ਬਾਬਤ ਕਹਿ ਸਕਦੇ ਹਾਂ।

ਦਿਮਾਗ਼ੀ ਤੌਰ ਤੇ ਵਿਦਿਆ ਦੇ ਚਾਨਣੇ ਨੇ ਲੋਕਾਂ ਨੂੰ ਬਹੁਤ ਉੱਨਤ ਕਰ ਦਿਤਾ ਹੈ। ਨਾ ਸਿਰਫ਼ ਆਮ ਵਾਕਫ਼ੀ ਵਿਚ ਵਾਧਾ ਹੋਇਆ ਹੈ, ਸਗੋਂ ਦਿਮਾਗ਼ ਵਧੇਰੇ ਚੁਸਤ ਅਤੇ ਛੇਤੀ ਸੋਚਣ ਵਾਲਾ ਹੋ ਗਿਆ ਹੈ। ਜਿਹੜੀ ਸੋਚ ਅਗੇ ਪੰਦਰਾਂ ਮਿੰਟਾਂ ਵਿਚ ਫੁਰਦੀ ਸੀ, ਉਹ ਹੁਣ ਇਕ ਮਿੰਟ ਵਿਚ ਫੁਰ ਪੈਂਦੀ ਹੈ। ਮੋਟਰ ਚਲਾਣ ਵਾਲੇ ਨੂੰ ਅੱਗੋਂ ਆਉਂਦੇ ਆਦਮੀ ਨੂੰ ਰਸਤੇ ਵਿਚੋਂ ਹਟਾਣ ਲਈ ਛੇਤੀ ਹਾਰਨ ਵਜਾਉਣਾ ਪੈਂਦਾ ਹੈ, ਅਤੇ ਮੋਟਰ ਨੂੰ ਇਧਰ ਉਧਰ ਮੋੜਨ ਲਈ ਤਤ-ਫਟ ਫ਼ੈਸਲਾ ਕਰਨਾ ਪੈਂਦਾ ਹੈ। ਅਗੋਂ ਹਟਣ ਵਾਲੇ ਨੂੰ ਵੀ ਫ਼ੈਸਲਾ ਕਰਨ ਲਈ ਇਕ ਦੋ ਸਕਿੰਡਾਂ ਤੋਂ ਵਧੀਕ ਸਮਾਂ ਨਹੀਂ ਮਿਲਦਾ। ਪੁਰਾਣੇ ਜ਼ਮਾਨੇ ਦਾ ਆਦਮੀ, ਜਿਸ ਦੇ ਮਨ ਨੇ ਤਰੱਕੀ ਨਹੀਂ ਕੀਤੀ, ਅਤੇ ਅਜੇ ਗੱਡੇ ਦੀ ਰਫ਼ਤਾਰ ਨਾਲ ਚਲ ਰਿਹਾ ਹੈ, ਅਜੇਹੀ ਔਕੜ ਦੇ ਵੇਲੇ ਕਈ ਸਕਿੰਡ ਸੋਚਣ ਵਿਚ ਹੀ ਲਾ ਦਿੰਦਾ ਹੈ, ਅਤੇ ਅਜੇ ਸਜੇ ਖੱਬੇ ਝਾਕ ਰਿਹਾ ਹੁੰਦਾ ਹੈ ਕਿ ਮੋਟਰ ਉਹਨੂੰ ਹੇਠਾਂ ਸੁਟ ਕੇ ਅਗਾਂਹ ਲੰਘ ਜਾਂਦੀ ਹੈ। ਸਿਨੇਮਾ ਵਿਚ ਵੀ ਅੰਗ੍ਰੇਜ਼ੀ ਮੂਰਤਾਂ ਇੱਨੀ ਛੇਤੀ ਚਲਦੀਆਂ ਹਨ ਅਤੇ ਗੱਲਾਂ ਬਾਤਾਂ ਇੱਨੀ ਕਾਹਲੀ ਨਾਲ ਹੁੰਦੀਆਂ ਹਨ ਕਿ ਅਣਹਿੱਲੇ ਦਰਸ਼ਕ ਦਾ ਮਨ ਦੌੜ ਦੌੜ ਕੇ ਹਫ਼ ਜਾਂਦਾ ਹੈ ਜਾਂ ਪਿੱਛੇ ਰਹਿ ਜਾਂਦਾ ਹੈ। ਹਾਂ, ਹਿੰਦੁਸਤਾਨੀ ਫ਼ਿਲਮਾਂ ਵਿਚ ਆਮ ਲੋਕਾਂ ਦੀ ਦਿਮਾਗ਼ੀ ਹਾਲਤ ਦੇ ਮੁਤਾਬਕ ਇੱਨੀ ਛੇਤੀ ਨਹੀਂ ਵਰਤੀ ਹੁੰਦੀ। ਜੇ ਗਾਣਾ ਲੈ ਬਹਿੰਦੇ ਹਨ ਤਾਂ ਕਈ ਮਿੰਟਾਂ ਤੀਕ ਗਾਣਾ ਹੀ ਚਲੀ ਜਾਂਦਾ ਹੈ। ਗੱਲਾਂ ਭੀ ਲੰਮੀਆਂ ੨ ਲੈਕਚਰ ਸਮਾਨ ਹੁੰਦੀਆਂ ਹਨ। ਕਿਤਾਬਾਂ ਪੜ੍ਹਨ ਵਿਚ ਵੀ ਉੱਨੀ ਹੀ ਛੇਤੀ ਆ ਗਈ ਹੈ। ਚੰਗੇ ਪੜ੍ਹਨ ਵਾਲੇ ਇਕ ਇਕ ਦਿਨ ਵਿਚ ਕਈ ਪੁਸਤਕਾਂ ਮੁਕਾ ਲੈਂਦੇ ਹਨ। ਓਹ ਸਭ ਕੁਝ ਨਹੀਂ ਪੜ੍ਹਦੇ। ਅਖਬਾਰ ਜਾਂ ਕਿਤਾਬ ਦੀ ਸਾਰੀ ਲਿਖਤ ਨੂੰ ਓਹੀ ਪੜ੍ਹਦਾ ਹੈ ਜਿਸ ਦੀ ਸੋਚ ਹੌਲੀ ੨ ਚਲਦੀ ਹੈ, ਕਿਉਂਕਿ ਉਸ ਨੂੰ ਇਤਨੀ ਸਮਝ ਨਹੀਂ ਹੁੰਦੀ ਕਿ ਮਜ਼ਮੂਨ ਦੇ ਆਲੇ-ਦੁਆਲੇ ਦਾ ਖ਼ਿਆਲ ਕਰ ਕੇ ਬੇਲੋੜੀਆਂ ਗਲਾਂ ਛੱਡੀ ਜਾਏ ਅਤੇ ਕੇਵਲ ਸੰਬੰਧਕ ਗੱਲਾਂ ਵਲ ਹੀ ਧਿਆਨ ਦੇਵੇ। ਚੰਗਾ ਪੜ੍ਹਿਆ ਆਦਮੀ ਤਾਂ ਕਿਸੇ ਪੈਰੇ ਨੂੰ ਸ਼ੁਰੂ ਕਰਦਿਆਂ ਹੀ ਤਾੜ ਜਾਂਦਾ ਹੈ ਕਿ ਇਸ ਵਿਚ ਕੀ ਲਿਖਿਆ ਹੈ। ਉਹ ਮਤਲਬ ਦੀ ਗੱਲ ਵਲ ਵੇਖਦਾ ਅਤੇ ਹੋਰ ਸਭ ਕੁਝ ਛੱਡੀ ਜਾਂਦਾ ਹੈ। ਇਹ ਛੱਡ ਛੱਡ ਕੇ ਪੜ੍ਹਨ ਦੀ ਜਾਚ ਵਰਤਮਾਨ ਸਮੇਂ ਦਾ ਇਕ ਵੱਡਾ ਹੁਨਰ ਹੈ। ਅਜ ਕਲ ਸਭ ਤੋਂ ਵਧ ਕੇ ਉਹ ਪੜ੍ਹਦਾ ਹੈ ਜੋ ਸਭ ਤੋਂ ਘਟ ਪੜ੍ਹਦਾ ਹੈ।

ਕਈ ਥਾਵਾਂ ਤੇ ਕਈ ਹਾਲਤਾਂ ਵਿਚ ਵਲਵਲੇ ਅਤੇ ਇਖ਼ਲਾਕ ਵਿਚ ਇੱਨਾ ਵਾਧਾ ਨਹੀਂ ਹੋਇਆ ਜਿੱਨਾ ਗਿਆਨ ਵਿਚ। ਇਸ ਦਾ ਕਾਰਨ ਇਹ ਹੈ ਕਿ ਸਾਇੰਸ ਨੇ ਥੋੜੇ ਮੁਦੇ ਵਿਚ ਹੀ ਮਨੁੱਖ ਦੇ ਦਿਮਾਗ਼ ਵਿਚ ਇੱਨੇ ਨਵੇਂ ਵਾਕਿਆਤ ਭਰ ਦਿੱਤੇ ਹਨ ਕਿ ਉਨ੍ਹਾਂ ਵਾਕਿਆਤ ਨੂੰ ਮਨੁੱਖਾਂ ਦਾ ਵਲਵਲਾ ਤੇ ਇਖ਼ਲਾਕੀ ਬ੍ਰਿਤੀ ਸੰਭਾਲ ਨਹੀਂ ਸਕੀ, ਅਤੇ ਨਾ ਹੀ ਪੂਰੀ ਤਰ੍ਹਾਂ ਹਜ਼ਮ ਕਰ ਕੇ ਆਪਣੇ ਆਚਰਣ ਦਾ ਹਿਸਾ ਬਣਾ ਸਕੀ ਹੈ। ਗਿਆਨ ਵਧ ਵਧ ਕੇ ਬਹੁਤ ਅਗਾਂਹ ਲੰਘ ਗਿਆ ਹੈ, ਅਤੇ ਧਰਮ ਅਤੇ ਸਦਾਚਾਰ ਨੂੰ ਨਾਲ ਨਹੀਂ ਲਿਜਾ ਸਕਿਆ, ਜਿਵੇਂ ਯੂਰਪ ਵਿਚ ਯਹੂਦੀਆਂ ਨਾਲ ਹੋ ਰਹੀ ਬਦ-ਸਲੂਕੀ ਜਾਂ ਰਾਜਸੀ ਲਾਲਚ ਪਿਛੇ ਆਪਣੇ ਦਿੱਤੇ ਪ੍ਰਣ ਉਤੇ ਕਾਇਮ ਨਾ ਰਹਿਣ ਵਾਲੀ ਹਿਟਲਰੀ ਪਾਲਿਸੀ। ਪ੍ਰੰਤੂ ਇਹ ਪਿਛਾਂਹ-ਖਿਚੂ ਪਾਲਿਸੀਆਂ ਕੁਝ ਚਿਰ ਲਈ ਚਲਣਗੀਆਂ, ਅਤੇ ਅਗਾਹਾਂ ਵਧ ਰਹੀ ਸਭਿੱਤਾ ਦੀ ਰੌ ਨੂੰ ਨਹੀਂ ਰੋਕ ਸਕਣਗੀਆਂ। ਸਭਿੱਤਾ ਦੀ ਰੌ ਅਗਾਂਹ ਵਧ ਰਹੀ ਹੈ, ਜਿਸ ਦਾ ਪ੍ਰਤੱਖ ਸਬੂਤ ਮਨੁੱਖੀ ਹਿਰਦੇ ਦੀ ਵਧ ਰਹੀ ਕੋਮਲਤਾ ਹੈ। ਮਨੁਖ ਦਾ ਦਿਲ ਅਗੇ ਨਾਲੋਂ ਵਧੇਰੇ ਬਰੀਕ ਹੋ ਰਿਹਾ ਹੈ; ਇਸ ਦਾ ਇਹਸਾਸ ਕੋਮਲ ਹੋ ਗਿਆ ਹੈ। ਅਗੇ ਬੰਗਾਲ ਦੇ ਫਤ੍ਹੇ ਹੋਣ ਵੇਲੇ ਨਾਲ ਦੇ ਸੂਬੇ ਅਵਧ ਜਾਂ ਮਦਰਾਸ ਨੂੰ ਕੁਝ ਪਤਾ ਨਹੀਂ ਸੀ ਲਗਦਾ, ਸਗੋਂ ਮਦਰਾਸੀਆਂ ਨੂੰ ਲੈ ਕੇ ਬੰਗਾਲ ਫਤ੍ਹੇ ਕਰ ਲੈਂਦੇ ਸਨ, ਜਾਂ ਪੂਰਬੀਆਂ ਨੂੰ ਲੈ ਕੇ ਪੰਜਾਬ ਫਤ੍ਹੇ ਕਰ ਲੈਂਦੇ ਸਨ; ਪਰ ਲੋਕਾਂ ਨੂੰ ਇਕ ਦੂਜੇ ਦੇ ਦੇਸ-ਭਾਈ ਹੋਣ ਦਾ ਖ਼ਿਆਲ ਤਕ ਨਹੀਂ ਸੀ ਆਉਂਦਾ। ਹੁਣ ਫ਼ਲਸਤੀਨ, ਫਿਨਲੈਂਡ, ਚੀਨ, ਜਾਂ ਐਬੀਸੀਨੀਆ ਦੇ ਲੋਕਾਂ ਦੇ ਦੁਖੜੇ ਸੁਣ ਸੁਣ ਕੇ ਪੰਜਾਬੀਆਂ ਅਤੇ ਬੰਗਾਲੀਆਂ ਦੇ ਦਿਲ ਪਏ ਪਘਰਦੇ ਹਨ। ਸਭਿਤਾ ਦੀ ਉੱਨਤੀ ਇਸ ਗਲ ਤੋਂ ਨਹੀਂ ਮਿਣਨੀ ਚਾਹੀਦੀ ਕਿ ਲੀਗ ਔਫ ਨੇਸ਼ਨਜ਼ ਨੇ ਅਮੁਕਾ ਜੰਗ ਰੋਕਿਆ ਕਿ ਨਹੀਂ, ਸਗੋਂ ਇਸ ਗਲ ਤੋਂ ਜਾਚਣੀ ਚਾਹੀਦੀ ਹੈ ਕਿ ਆਮ ਲੋਕਾਂ ਦੇ ਦਿਲ ਕਿਸੇ ਬੇਇਨਸਾਫ਼ੀ ਨੂੰ ਦੇਖ ਕੇ ਕਿਤਨੇ ਕੁ ਤੜਫ਼ਦੇ ਹਨ। ਇਹ ਪ੍ਰਤੱਖ ਹੈ ਕਿ ਮਨੁੱਖੀ ਦਿਲ ਦਾ ਵਲਵਲਾ ਤੇ ਇਖ਼ਲਾਕੀ ਇਹਸਾਸ ਬਹੁਤ ਕੋਮਲ ਹੋ ਗਿਆ ਹੈ। ਸੜਕਾਂ ਦੀ ਸੇਧ ਜਾਂ ਪਧਰ ਦੇ ਵਿੰਗ, ਮਕਾਨਾਂ ਦਾ ਕੋਝਪੁਣਾ, ਹਰਿਆਵਲ ਦੀ ਅਣਹੋਂਦ ਇੱਨੀ ਦੁਖਦਾਈ ਹੁੰਦੀ ਹੈ ਜਿੰਨੀ ਕਿ ਗੰਦਗੀ ਦੀ ਢੇਰੀ। ਰਹਿਣੀ ਬਹਿਣੀ ਵਿਚ ਸਫ਼ਾਈ, ਚੁਸਤੀ, ਸੁਚੱਜਤਾ ਵਧੇਰੇ ਹੈ। ਸ਼ਰਾਫ਼ਤ ਇਸ ਸਮੇਂ ਦਾ ਖ਼ਾਸ ਗੁਣ ਹੈ। ਇਸ ਇਹਸਾਸ ਵਿਚ ਇੱਨੀ ਕੋਮਲਤਾ ਆ ਗਈ ਹੈ ਕਿ ਹੁਣ ਬਾਦਸ਼ਾਹ ਭੀ ਆਪਣੇ ਆਪ ਵਲੋਂ 'ਮਾ ਬਦੌਲਤ', 'ਹਮ' ਆਦਿ ਲਫਜ਼ ਵਰਤਣ ਤੋਂ ਸੰਕੋਚ ਕਰਦੇ ਹਨ। ਅੱਗੇ ਤਾਂ ਵੱਡੇ ਵੱਡੇ ਮਹਾਤਮਾ, ਅਵਤਾਰ, ਤੇ ਪੀਰ ਪਗੰਬਰ ਆਪਣੇ ਆਪ ਨੂੰ ਖ਼ਾਸ ਅਧਿਕਾਰੀ ਮੰਨ ਕੇ ਆਮ ਲੋਕਾਂ ਨੂੰ ਹਾਕਮਾਨਾ ਲਹਿਜੇ ਵਿਚ ਆਗਿਆ ਕਰਦੇ ਸਨ ਅਤੇ ਐਹੋ ਜਹੀ ਬੋਲੀ ਵਰਤਦੇ ਸਨ: "ਹੇ ਥਕੇ ਹੋਇਓ! ਮੇਰੇ ਪਾਸ ਆਓ, ਮੈਂ ਤੁਹਾਨੂੰ ਜ਼ਿੰਦਗੀ ਦਾ ਪਾਣੀ ਦੇਵਾਂਗਾ।" "ਸਾਰੇ ਰਸਤੇ ਮੇਰੇ ਵਲ ਲਿਆਉਂਦੇ ਹਨ।" ਇਹੋ ਜਹੇ ਲਫ਼ਜ਼ ਅਜ ਕਲ ਦੀ ਵਧੀ ਹੋਈ ਸਭਿੱਤਾ ਦੇ ਅਨੁਕੂਲ ਨਹੀਂ, ਕਿਉਂਕਿ ਇਨ੍ਹਾਂ ਵਿਚ ਉਹ ਬਰੀਕ ਜਹੀ ਨਿਮਰਤਾ ਨਹੀਂ ਜੋ ਇਕ ਉੱਚੀ ਸ਼ਰਾਫ਼ਤ ਵਾਲੇ ਜੈਂਟਲਮੈਨ ਵਿਚ ਹੋਣੀ ਚਾਹੀਦੀ ਹੈ। ਨੇਕੀ ਦਾ ਭਾਵ ਬਹੁਤ ਕੋਮਲ ਹੋ ਗਿਆ ਹੈ, ਅਤੇ ਨਾਲ ਹੀ ਇਸ ਦੀ ਪਰਖ ਦਾ ਮਿਆਰ ਭੀ ਉੱਚਾ ਹੋ ਗਿਆ ਹੈ, ਜਿਸ ਨਾਲ ਦਿਆਨਤਦਾਰੀ ਅਤੇ ਪਬਲਕ ਆਚਰਣ ਦੇ ਨੇਮਾਂ ਦੀ ਜ਼ਰਾ ਜਿੰਨੀ ਉਲੰਘਣਾ ਭੀ ਝਟ ਪਟ ਪ੍ਰਤੀਤ ਹੋ ਜਾਂਦੀ ਹੈ। ਜੰਗ ਕਰਨਾ ਅਜੇ ਨਾਮੁਮਕਨ ਤਾਂ ਨਹੀਂ ਹੋ ਗਿਆ, ਪਰ ਜੰਗ ਕਰਨ ਵੇਲੇ ਹਰ ਇਕ ਧਿਰ ਇਸ ਨੂੰ ਬੁਰਾ ਸਮਝ ਕੇ ਇਸ ਦੀ ਜ਼ਿਮੇਂਵਾਰੀ ਲੈਣ ਤੋਂ ਕੰਨੀ ਕਤਰਾਂਦੀ ਹੈ। ਅੱਗੇ ਉਹ ਜ਼ਮਾਨਾ ਸੀ ਕਿ ਬਾਬਰ ਜਹੇ ਭਲੇਮਾਣਸ ਭੀ ਤਲਵਾਰ ਲੈ ਕੇ ਕਿਸੇ ਹੋਰ ਦੇਸ ਉਤੇ ਹਮਲਾ ਕਰਨ ਨੂੰ ਮਰਦਾਨਗੀ ਸਮਝਦੇ ਸਨ, ਬਲਕਿ 'ਸੁਲਤਾਨ' ਅਖਵਾ ਹੀ ਉਹ ਸਕਦਾ ਸੀ ਜੋ ਤਲਵਾਰ ਦੇ ਜ਼ੋਰ ਨਾਲ ਕਿਸੇ ਮੁਲਕ ਨੂੰ ਨਿਵਾ ਲਵੇ। ਹੁਣ ਹਿਟਲਰ ਭੀ ਕਹਿੰਦਾ ਹੈ ਕਿ ਤਲਵਾਰ ਮੇਰੇ ਹਥ ਵਿਚ ਧੀਂਗੋ ਜ਼ੋਰੀ ਦੂਜੀ ਧਿਰ ਨੇ ਫੜਾਈ ਹੈ। ਇਹ ਗਲ ਆਖਣ ਵਿਚ ਭਾਵੇਂ ਉਸ ਦੀ ਨੀਅਤ ਠੀਕ ਨਹੀਂ, ਪਰ ਤਲਵਾਰ ਉਠਾਉਣ ਦੀ ਜ਼ਿਮੇਵਾਰੀ ਨੂੰ ਤਾਂ ਉਹ ਮਾੜਾ ਹੀ ਮੰਨਦਾ ਹੈ। ਇਹ ਗਲ ਕਰੀਬਨ ਹਰ ਇਕ ਮਹੱਜ਼ਬ ਦੇਸ ਮੰਨ ਗਿਆ ਹੈ ਕਿ ਕਿਸੇ ਕੌਮ ਉਤੇ ਉਸ ਦੀ ਮਰਜ਼ੀ ਦੇ ਵਿਰੁਧ ਕਿਸੇ ਹੋਰ ਕੌਮ ਦਾ ਰਾਜ ਕਰਨਾ ਠੀਕ ਨਹੀਂ। ਕੌਮਾਂਤਰੀ ਲੀਗ ਦਾ ਬਣਨਾ ਹੀ ਦਸਦਾ ਹੈ ਕਿ ਸੰਸਾਰ ਦੀਆਂ ਆਗੂ ਕੌਮਾਂ ਜੰਗ ਦੇ ਖ਼ਿਆਲ ਨੂੰ ਬੁਰਾ ਸਮਝਣ ਲੱਗ ਪਈਆਂ ਹਨ, ਅਤੇ ਆਪੋ ਵਿਚ ਦੇ ਝਗੜਿਆਂ ਨੂੰ ਪ੍ਰਸਪਰ ਵਿਚਾਰ ਅਤੇ ਗਲ ਬਾਤ ਦੇ ਰਾਹੀਂ ਨਿਪਟਾਣ ਨੂੰ ਚੰਗਾ ਸਮਝਣ ਲੱਗ ਪਈਆਂ ਹਨ। ਕੌਮਾਂਤਰੀ ਲੀਗ ਦੀ ਕਵਨੈਂਟ ਦੇ ਨੇਮ ੨੨ ਦੇ ਅਨੁਸਾਰ ਕਿਸੇ ਕੌਮ ਨੂੰ ਦੂਜੀ ਕੌਮ ਉਤੇ ਰਾਜ ਕਰਨ ਦਾ ਮੈਂਡੇਟ (ਅਧਿਕਾਰ) ਮਹਕੂਮ ਕੌਮ ਦੀ ਮਰਜ਼ੀ ਨਾਲ ਹੀ ਮਿਲ ਸਕਦਾ ਹੈ।

ਰਾਜ-ਪ੍ਰਬੰਧ ਦੇ ਤਰੀਕਿਆਂ ਵਿਚ ਭੀ ਇਹ ਬਿਹਤਰੀ ਹੋ ਗਈ ਹੈ ਕਿ ਅੱਗੇ ਸਾਰੇ ਰਾਜ ਦੀ ਤਾਕਤ ਤੇ ਆਮਦਨੀ ਇਕ ਰਾਜੇ ਦੀ ਪਾਲਨਾ ਅਤੇ ਉਸ ਦੇ ਐਸ਼ ਆਰਾਮ ਵਾਸਤੇ ਖ਼ਰਚ ਹੁੰਦੀ ਸੀ, ਅਤੇ ਇਸ ਗੱਲ ਦਾ ਕੋਈ ਪ੍ਰਬੰਧ ਨਹੀਂ ਸੀ ਹੁੰਦਾ ਕਿ ਉਹ ਲੋਕਾਂ ਦਾ ਭਲਾ ਸੋਚੇ ਜਾਂ ਨਾ ਸੋਚੇ, ਪਰ ਹੁਣ ਰਾਜ-ਪ੍ਰਬੰਧ ਦਾ ਮੁਖ ਮੰਤਵ ਲੋਕਾਂ ਦਾ ਭਲਾ ਤੇ ਆਰਾਮ ਹੁੰਦਾ ਹੈ।

ਇਹ ਸਾਰੀਆਂ ਗੱਲਾਂ ਦਸਦੀਆਂ ਹਨ ਕਿ ਦੁਨੀਆਂ ਸਮੁੱਚੇ ਤੌਰ ਤੇ ਉੱਨਤੀ ਵਲ ਜਾ ਰਹੀ ਹੈ। ਸਤਿਜੁਗ ਪਿੱਛੇ ਨਹੀਂ ਸੀ, ਅੱਗੋਂ ਆਉਣ ਵਾਲਾ ਹੈ; ਸ਼ਾਇਦ ਕਦੀ ਭੀ ਨਾ ਆਵੇ, ਪਰ ਘਟ ਤੋਂ ਘਟ ਇਹ ਗਲ ਨਿਸਚੇ ਹੈ ਕਿ ਸਤਿਜੁਗ ਪਿਛੇ ਨਹੀਂ ਸੀ। ਹੌਲੀ ਹੌਲੀ ਦੁਨੀਆਂ ਚੰਗਰੀ ਤੋਂ ਚੰਗੇਰੀ ਹੋ ਰਹੀ ਹੈ।


ਸਭ ਤੋਂ ਚੰਗੀ ਗੱਲ ਜੋ ਵਰਤਮਾਨ ਸਭਿੱਤਾ ਨੇ ਲਿਆਂਦੀ ਹੈ ਉਹ ਦਿਮਾਗ਼ੀ ਨਿਮਰਤਾ ਹੈ। ਮਨੁਖ ਵਿਚ ਜਿਤਨੀ ਸਮਝ ਥੋੜੀ ਹੁੰਦੀ ਹੈ, ਉਤਨਾ ਹੀ ਉਸ ਵਿਚ ਆਪਣੀ ਰਾਏ ਦਾ ਹੱਠ ਜਾਂ ਗੁਮਾਨ ਹੋਵੇਗਾ, ਅਤੇ ਜਿਤਨਾ ਗਿਆਨ ਵਧੇਰੇ ਹੋਵੇਗਾ, ਉਤਨੀ ਹੀ ਆਪਣੀ ਰਾਏ ਉਤੇ ਜ਼ੋਰ ਦੇਣ ਵਿਚ ਝਿਜਕ ਹੋਵੇਗੀ।
ਪੁਰਾਣੇ ਜ਼ਮਾਨੇ ਦੇ ਲੋਕਾਂ ਵਿਚ ਇਕ ਦਿਮਾਗ਼ੀ ਹੱਠ ਹੁੰਦਾ ਸੀ, ਜਿਸ ਨੂੰ ਅੰਗ੍ਰੇਜ਼ੀ ਵਿਚ dogmatism ਕਹਿੰਦੇ ਹਨ। ਉਹ ਹਰ ਇਕ ਚੀਜ਼ ਨੂੰ ਹੋਰਨਾਂ ਚੀਜ਼ਾਂ ਤੋਂ ਨਿਖੇੜ ਕੇ ਪੱਕੀ ਤਰ੍ਹਾਂ ਵੰਡੀਆਂ ਪਾਉਣ ਦੀ ਆਦਤ ਸੀ। ਉਨ੍ਹਾਂ ਦੇ ਖ਼ਿਆਲ ਵਿਚ ਕਾਲੇ ਨਿਰੇ ਕਾਲੇ ਤੇ ਚਿੱਟੇ ਨਿਰੇ ਚਿੱਟੇ ਹੁੰਦੇ ਸਨ। ਉਨ੍ਹਾਂ ਵਿਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ ਸੀ। ਜਿਥੇ ਕੁਝ ਭੀ ਨਾ ਪਤਾ ਹੋਵੇ, ਉਥੇ ਭੀ ਦਿੜ੍ਹ ਕਰਕੇ ਕਹਿਣ ਦੀ ਸਮਰਥਾ ਸੀ ਕਿ ਇਹ ਗਲ ਇਉਂ ਹੈ ਤੇ ਇਉਂ ਨਹੀਂ। ਜੇ ਸ਼੍ਰਿਸ਼ਟੀ ਦੀ ਰਚਨਾ ਦਾ ਢੰਗ ਜਾਂ ਸਮਾਂ ਨਾ ਭੀ ਪਤਾ ਹੋਵੇ, ਤਾਂ ਭੀ ਅਡੋਲ ਹੀ ਕਹਿ ਦਿੰਦੇ ਸਨ ਕਿ ਸ੍ਰਿਸ਼ਟੀ ਇਉਂ ਬਣੀ ਅਤੇ ਇਸ ਨੂੰ ਬਣਿਆਂ ਇਤਨੇ ਅਰਬ, ਇਤਨੇ ਕਰੋੜ, ਇਤਨੇ ਲਖ, ਇਤਨੇ ਹਜ਼ਾਰ, ਇਤਨੇ ਸੌ ਤੇ ਇਤਨੇ ਸਾਲ ਹੋਏ ਹਨ। ਬਲਕਿ ਈਸਾਈਆਂ ਦੀ ਪੁਸਤਕ ਵਿਚ ਰਚਨਾ ਦਾ ਸਮਾਂ ਈਸਾ ਤੋਂ ੪੦੦੪ ਸਾਲ ਪਹਿਲੋਂ ਦਾ ਦਸਿਆ ਹੈ। ਕਈ ਤਾਂ ਉਸ ਸੰਨ ਦੇ ੧੧ ਨਵੰਬਰ ਦੇ ੧੧ ਵਜੇ ਦਿਨ ਦੇ ਦ੍ਰਿਸ਼ਟੀ ਰਚਨਾ ਦਾ ਸਮਾਂ ਦਸਦੇ ਹਨ। ਉਨ੍ਹਾਂ ਨੂੰ ਇਹ ਗੱਲ ਮੰਨਣ ਤੋਂ ਸੰਗ ਆਉਂਦੀ ਸੀ ਕਿ "ਜਾਂ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ।" "ਆਪ ਆਪਣੀ ਬੁਧਿ ਹੈ ਜੇਤੀ। ਬਰਣਤ ਭਿੰਨ ਭਿੰਨ ਤੁਹਿ ਤੇਤੀ। ਤੁਮਰਾ ਲਖਾ ਨ ਜਾਇ ਪਸਾਰਾ। ਕਿਹ ਬਿਧ ਸਜਾ ਪ੍ਰਥਮ ਸੰਸਾਰਾ।"

ਇਸੇ ਤਰਾਂ ਹੁਨਰ ਵਿਚ ਰੰਗਾਂ ਦੀ ਵਰਤੋਂ ਕਰਨ ਲੱਗਿਆਂ ਹਰ ਇਕ ਚੀਜ਼ ਦਾ ਆਪੋ ਆਪਣਾ ਰੰਗ ਬੱਧਾ ਹੋਇਆ ਸੀ। ਮੂੰਹ ਲਾਲ ਜਾਂ ਗੰਦਮੀ, ਵਾਲ ਕਾਲੇ, ਕਪੜੇ ਹਰੇ, ਪੀਲੇ ਜਾਂ ਕਿਸੇ ਹੋਰ ਖ਼ਾਸ ਰੰਗ ਦੇ ਚਿਤਰਦੇ ਸਨ। ਰੰਗਾਂ ਦੀ ਮਿਲਾਵਟ ਦਾ ਕੋਈ ਖ਼ਿਆਲ ਨਹੀਂ ਸੀ। ਇਹ ਨਹੀਂ ਸੀ ਪਤਾ ਕਿ ਇਕ ਇਕ ਰੰਗ ਹੌਲੀ ਹੌਲੀ ਦੂਜੇ ਰੰਗ ਵਿਚ ਰਲਦਾ ਜਾਂਦਾ ਹੈ। ਸ਼ਾਮ ਦੇ ਵੇਲੇ ਪਹਾੜਾਂ ਦੇ ਰੰਗ ਵਿਚ ਜਿਥੇ ਲਹਿੰਦੇ ਸੂਰਜ ਦੀ ਪੀਲੱਤਣ ਹੈ, ਉਥੇ ਆਉਂਦੀ ਰਾਤ ਦੀ ਕਲੱਤਣ ਤੇ ਪੌਦਿਆਂ ਦੇ ਹਰੇਪਣ ਦੀ ਸਬਜ਼ੀ ਭੀ ਸ਼ਾਮਲ ਹੈ, ਕੁਝ ਕੁਝ ਗਗਨਾਂ ਦੀ ਨੀਲੱਤਣ ਵੀ ਝਲਕਾਰੇ ਮਾਰਦੀ ਹੈ, ਅਤੇ ਧਰਤੀ ਦੀ ਗੁਲਾਬੀ ਭਾਹ ਭੀ ਸ਼ਾਮਲ ਹੈ।

ਇਸੇ ਤਰਾਂ ਛਿਲਸਫ਼ੇ ਵਿਚ ਮਨ ਨੂੰ ਚੇਤੰਨ ਅਤੇ ਮਾਦਾ ਨੂੰ ਨਿਰੋਲ ਜੜ ਕਰਕੇ ਨਿਖੇੜਿਆ ਹੋਇਆ ਸੀ। ਇਹ ਨਹੀਂ ਸੀ ਪਤਾ ਕਿ ਮਾਦਾ ਵਿਚ ਮਨ ਦੀਆਂ ਕੁਝ ਕੁਝ ਸ਼ਕਤੀਆਂ ਵਿਆਪਕ ਹਨ, ਅਤੇ ਪ੍ਰਕ੍ਰਿਤੀ ਦੇ ਤਤਾਂ ਵਿਚੋਂ ਹੀ ਮਨ ਉਸਰਦਾ ਹੈ, ਭਾਵੇਂ ਇਸ ਉਸਾਰੇ ਦੇ ਉਤਲੇ ਸਿਰੇ ਹਰੀ ਦੀ ਜੋਤ ਨਾਲ ਪ੍ਰਜ੍ਵਲਿਤ ਹੋ ਕੇ ਜੋਤ ਸਰੂਪ ਹੋ ਜਾਂਦੇ ਹਨ। ਇਸ ਲਈ ਜਿਥੇ ਇਹ ਕਿਹਾ ਹੈ ਕਿ "ਮਨ ਤੂੰ ਜੋਤਿ ਸਰੂਪ ਹੈਂ" (ਆਸਾ ਮ: ੩), ਉਥੇ ਮਨ ਬਾਬਤ ਇਹ ਭੀ ਕਿਹਾ ਹੈ: "ਇਹੁ ਮਨੁ ਕਰਮਾ ਇਹੁ ਮਨੁ ਧਰਮਾ। ਇਹੁ ਮਨੁ ਪੰਚ ਤਤੁ ਤੇ ਜਨਮਾ" (ਆਸਾ ਮ: ੧)। ਇਸ ਨੂੰ "ਪੰਚ-ਭੂ-ਆਤਮਾ" ਭੀ ਕਿਹਾ ਹੈ।

ਮਨੁਖ ਦੇ ਆਚਰਣ ਬਾਬਤ ਭੀ ਇਵੇਂ ਹੀ ਵੰਡ ਕੀਤੀ ਹੁੰਦੀ ਸੀ। ਚੰਗਿਆਂ ਵਿਚ ਕੋਈ ਨੁਕਸ ਨਹੀਂ ਸੀ ਮੰਨਦੇ, ਤੇ ਮੰਦਿਆਂ ਵਿਚ ਕੋਈ ਚੰਗਿਆਈ ਨਹੀਂ ਸੀ ਦੇਖਦੇ। ਇਹ ਨਹੀਂ ਸੀ ਪਤਾ ਕਿ ਚੰਗਾ ਆਦਮੀ ਮਨੁਖ ਹੋਣ ਕਰਕੇ ਜ਼ਰੂਰ ਕਿਧਰੇ ਨਾ ਕਿਧਰੇ ਭੁਲ ਕਰ ਹੀ ਬੈਠਦਾ ਹੈ, ਅਤੇ ਮੰਦਾ ਆਦਮੀ ਭਾਵੇਂ ਕਿੰਨਾ ਮੰਦਾ ਹੋਵੇ, ਉਸਦੇ ਅੰਦਰ ਨੇਕੀ ਦੀ ਅੰਸ਼ ਜ਼ਰੂਰ ਬਾਕੀ ਹੁੰਦੀ ਹੈ, ਕਿਉਂਕਿ ਉਹ ਚੰਗੇ ਰੱਬ ਦਾ ਬਣਾਇਆ ਹੋਇਆ ਹੈ, ਸ਼ੈਤਾਨ ਦਾ ਨਹੀਂ। ਉਹ 'ਰਾਮ ਕੀ ਅੰਸ਼' ਹੋਣ ਕਰਕੇ ਜ਼ਰੂਰ ਨੇਕੀ ਦੇ ਭਾਵ ਰਖਦਾ ਹੈ। ਚੋਰ ਤੇ ਡਾਕੂ ਭੀ, ਜੋ ਕਿਸੇ ਨਾਲ ਧੱਕਾ ਕਰਨ ਦੇ ਆਹਰ ਵਿਚ ਹੈ, ਆਪਣੇ ਪੁਤਰ ਨੂੰ ਪਿਆਰ ਕਰਦਾ ਹੈ, ਅਤੇ ਉਸ ਦੇ ਦਿਲ ਅੰਦਰ ਆਪਣੇ ਪੁਤਰ ਲਈ ਕੁਰਬਾਨੀ ਦਾ ਭਾਵ ਮੌਜੂਦ ਹੈ। ਇਹੋ ਕੁਰਬਾਨੀ ਤੇ ਪਿਆਰ ਦਾ ਭਾਵ ਉਸ ਦੇ ਦਿਲ ਦੀਆਂ ਡੂੰਘਿਆਈਆਂ ਵਿਚ ਕੰਮ ਕਰਦਾ ਕਿਸੇ ਵੇਲੇ ਬਾਹਰ ਭੀ ਆ ਨਿਕਲਦਾ ਅਤੇ ਉਪਕਾਰ ਦੀ ਸ਼ਕਲ ਫੜ ਲੈਂਦਾ ਹੈ। ਜ਼ਿੰਦਗੀ ਇਕ ਰਲ-ਮਿਲਵੀਂ ਖੇਡ ਹੈ। ਇਸ ਵਿਚ ਚੰਗੇ ਮੰਦੇ ਦੀ ਪਛਾਣ ਇਤਨੀ ਸੌਖੀ ਤੇ ਸਪਸ਼ਟ ਨਹੀਂ, ਜਿਤਨੀ ਕਿ ਲੋਕੀਂ ਸਮਝਦੇ ਸਨ। ਨਵੇਂ ਜ਼ਮਾਨੇ ਦਾ ਖ਼ਾਸਾ ਹੀ ਇਹ ਹੈ ਕਿ ਮਨੁਖੀ ਆਚਰਣ ਦੀਆਂ ਔਕੜਾਂ ਤੇ ਗੰਝਲਾਂ ਨੂੰ ਸਮਝ ਕੇ ਵਰਤੋਂ ਕੀਤੀ ਜਾਵੇ, ਤੇ ਛੇਤੀ ਛੇਤੀ ਫ਼ਤਵੇ ਲਾਣ ਤੋਂ ਸੰਕੋਚ ਕੀਤੀ ਜਾਵੇ।

ਇਸ ਨਵੇਂ ਜ਼ਮਾਨੇ ਦੀ ਵੱਡੀ ਤੋਂ ਵੱਡੀ ਲਭਤ ਮਨੁੱਖਤਾ ਦੀ ਕਦਰ ਹੈ। ਅੱਗੇ ਸੰਸਾਰ ਵਿਚ ਵਡਿਆਈ ਕਰਾਮਾਤੀ ਪੁਰਸ਼ਾਂ ਜਾਂ ਅਵਤਾਰਾਂ ਦੀ ਹੁੰਦੀ ਸੀ। ਜਿਹੜਾ ਮਨੁੱਖ ਭੀ ਕਿਸੇ ਵੱਡੇ ਕੰਮ ਲਈ ਉਘਾ ਹੁੰਦਾ, ਉਸ ਨੂੰ ਲੋਕ ਮਨੁੱਖਤਾ ਦੇ ਦਰਜੇ ਤੋਂ ਉਚਿਆ ਕੇ ਅਵਤਾਰ ਜਾਂ ਸਾਖਿਆਤ ਰੱਬ ਮੰਨਣ ਲੱਗ ਪੈਂਦੇ ਸਨ। ਮਨੁੱਖ ਨੂੰ ਮਨੁੱਖ ਦੇ ਤੌਰ ਤੇ ਉੱਚਾ ਨਹੀਂ ਸਨ ਮੰਨਦੇ। ਇਤਿਹਾਸ ਵਿਚ ਕਈ ਮਿਸਾਲਾਂ ਮਿਲਦੀਆਂ ਹਨ ਜਿਨ੍ਹਾਂ ਤੋਂ ਇਹ ਮਲੂਮ ਹੁੰਦਾ ਹੈ ਕਿ ਕਈ ਨੀਚ ਜ਼ਾਤ ਦੇ ਲੋਕ ਭੀ ਉੱਚੇ ਮੰਨੇ ਗਏ। ਭੀਲਣੀ ਦੇ ਜੂਠੇ ਬੇਰ ਸ੍ਰੀ ਰਾਮ ਚੰਦਰ ਨੇ ਖਾਧੇ। ਕਬੀਰ ਜੁਲਾਹਿਆ, ਨਾਮਦੇਵ ਛੀਂਬਾ, ਰਵਿਦਾਸ ਚਮਾਰ ਆਦਿ ਨਿੰਕੀਆਂ ਜਾਤਾਂ ਵਾਲੇ ਵੱਡੇ ਮੰਨੇ ਗਏ। ਪਰ ਇਨ੍ਹਾਂ ਮਿਸਾਲਾਂ ਵਿਚ ਕਸਰ ਇਹ ਰਹਿ ਜਾਂਦੀ ਸੀ ਕਿ ਇਹ ਭਗਤ ਲੋਕ ਭਗਤੀ ਕਰ ਕੇ ਉੱਚੇ ਹੋਏ; ਓਹ ਇਸ ਲਈ ਕਦਰ ਦੇ ਯੋਗ ਹੋਏ ਕਿ ਉਨ੍ਹਾਂ ਦੇ ਅੰਦਰ ਕਦਰ ਦੇ ਯੋਗ ਰੱਬ ਸੀ। ਜੁਲਾਹਿਆਂ ਵਿਚੋਂ ਕੇਵਲ ਕਬੀਰ ਹੀ ਉੱਚਾ ਮੰਨਿਆ ਗਿਆ; ਹੋਰ ਜੁਲਾਹੇ ਨੀਵੇਂ ਹੀ ਰਹੇ। ਚਮਾਰਾਂ ਵਿਚੋਂ ਕੇਵਲ ਰਵਿਦਾਸ ਦੀ ਇੱਜ਼ਤ ਦੇ ਲਾਇਕ ਬਣਿਆ। ਰਵਿਦਾਸ ਆਪ ਬੜੇ ਫ਼ਖ਼ਰ ਨਾਲ ਕਹਿੰਦਾ ਹੈ ਕਿ ਦੇਖੋ ਭਗਤੀ ਦੇ ਕਾਰਣ ਮੈਨੂੰ ਲੋਕ ਹੁਣ ਇਤਨਾ ਉੱਚਾ ਮੰਨਦੇ ਹਨ ਕਿ 'ਅਚਾਰ ਸਹਿਤ ਬਿਪ੍ਰ ਕਰਹਿ ਡੰਡਉਤਿ', ਵਡੇ ਵਡੇ ਬ੍ਰਾਹਮਣ ਆ ਕੇ ਵਿਧੀ ਸਹਿਤ ਮੇਰੇ ਅਗੇ ਨਿਉਂਦੇ ਹਨ; ਪਰ ਮੇਰੇ ਨਾਲ ਦੇ ਚਮਾਰ ਅਜੇ ਤਕ ਉਸੇ ਤਰ੍ਹਾਂ ਬਨਾਰਸ ਦੇ ਆਸ ਪਾਸ ਢੋਰ ਪਏ ਢੋਂਦੇ ਹਨ; ਉਨ੍ਹਾਂ ਨੂੰ ਕੋਈ ਪੁਛਦਾ ਭੀ ਨਹੀਂ। ਨਵੀਂ ਸਭਿੱਤਾ ਦੇ ਗੁਰੂ ਦਸਮੇਸ਼ ਜੀ ਨੇ ਦਸਿਆ ਕਿ "ਮਾਨਸ ਕੀ ਜਾਤਿ ਸਭ ਏਕੈ ਪਹਿਚਾਨਬੋ"; "ਏਕੈ ਨੈਨ ਏਕੈ ਕਾਨ, ਏਕੈ ਦੇਹ ਏਕੈ ਬਾਨ, ਖਾਕ ਬਾਦ ਆਤਸ਼ ਓ ਆਬ ਕੋ ਰਲਾਓ ਹੈ।" ਜਿਹੜੇ ਜਿਹੜੇ ਮਨੁੱਖ, ਦੋ ਅੱਖਾਂ ਵਾਲੇ, ਦੋ ਕੰਨਾਂ ਵਾਲੇ ਤੇ ਇੱਕੋ ਜਹੇ ਸਰੀਰ ਵਾਲੇ ਹਨ ਜੋ ਚਾਰ ਤੱਤਾਂ ਤੋਂ ਬਣਿਆ ਹੈ, ਓਹ ਇਕ-ਸਮਾਨ ਹਨ। ਇਹ ਸਿਖਿਆ ਨਵੀਨ ਜ਼ਮਾਨੇ ਦੀ ਹੈ, ਜੋ ਪੱਛਮ ਤੇ ਪੂਰਬ ਵਿਚ ਮੁਹੱਜ਼ਬ ਦੁਨੀਆਂ ਦੇ ਆਗੂ ਦੇ ਦੇ ਕੇ ਮਨੁੱਖਾਂ ਨੂੰ ਉਚਿਆ ਰਹੇ ਸਨ। ਇਸੇ ਸਿਖਿਆ ਦੇ ਸਦਕੇ ਮੁਲਕਾਂ ਵਿਚੋਂ ਗੁਲਾਮ ਰਖਣ ਦਾ ਰਿਵਾਜ ਹਟਿਆ ਤੇ ਹਟ ਰਿਹਾ ਹੈ। ਇਸੇ ਸਿਖਿਆ ਦੇ ਸਦਕੇ ਵੇਗਾਰ ਦੂਰ ਹੁੰਦੀ, ਆਮ ਜਨਤਾ ਦੇ ਹੱਕਾਂ ਦੀ ਸੋਝੀ ਅਤੇ ਲੋਕ-ਰਾਜ ਦੀ ਕਾਇਮੀ ਹੋ ਰਹੀ ਹੈ।


ਇਹ ਲੋਕ-ਰਾਜ ਦਾ ਭਾਵ ਤਦ ਤੋਂ ਸ਼ੁਰੂ ਨਹੀਂ ਹੋਇਆ ਜਦ ਤੋਂ ਲੋਕੀ ਵੋਟ ਦੇਣ ਜਾਂ ਬਹੁ-ਸਮਤੀ ਨਾਲ ਮਤੇ ਪਾਸ ਕਰਨੇ ਸਿਖੇ ਹਨ, ਬਲਕਿ ਤਦ ਤੋਂ ਸ਼ੁਰੂ ਹੋਇਆ ਜਦ ਤੋਂ ਇਕ ਮਨੁੱਖ ਆਪਣੇ ਗਵਾਂਢੀ ਦੇ ਹੱਕਾਂ ਦੀ ਸੋਝੀ ਰਖਣ ਲੱਗਾ, ਅਤੇ ਆਪਣੇ ਹੱਕਾਂ ਦੇ ਨਾਲ ਨਾਲ ਹੋਰਨਾਂ ਦੇ ਹੱਕਾਂ ਲਈ ਲੜਨਾ ਤੇ ਮਰਨਾ ਸਿਖਣ ਲੱਗਾ। ਇਸ ਨਵੀਨ ਸਮੇਂ ਦੀ ਮੁਢ ਤਦ ਤੋਂ ਬੱਝਣ ਲਗਾ, ਜਦ ਤੋਂ ਮਨੁੱਖ ਨੇ ਇਹ ਮੰਨਣਾ ਸ਼ੁਰੂ ਕੀਤਾ ਕਿ ਜਿਹੜਾ ਮੇਰਾ ਖ਼ਿਆਲ ਹੈ, ਉਹ ਕੁਝ ਗ਼ਲਤ ਹੋ ਸਕਦਾ ਹੈ ਤੇ ਕਿਸੇ ਹੋਰ ਦਾ ਸਹੀ ਹੋ ਸਕਦਾ ਹੈ; ਯਾ ਇਹ ਕਿ ਜਿਹੜਾ ਮੇਰਾ ਅਸੂਲ ਹੈ, ਉਸ ਦੇ ਮੁਕਾਬਲੇ ਤੇ ਕਿਸੇ ਹੋਰ ਦਾ ਭੀ ਠੀਕ ਹੋ ਸਕਦਾ ਹੈ। ਸਚਾਈ ਅਸਲ ਵਿਚ ਤਾਂ ਇੱਕ ਹੈ, ਪਰ ਉਸ ਨੂੰ ਮਨੁੱਖੀ ਗਿਆਨ ਪੂਰੀ ਤਰ੍ਹਾਂ ਨਹੀਂ ਲਭ ਸਕਦਾ। ਜੇ ਪੂਰਣ ਪੁਰਖ ਮਹਾਤਮਾ ਲਭ ਕੇ ਦਸ ਵੀ ਜਾਣ, ਤਾਂ ਉਨ੍ਹਾਂ ਦੇ ਪੈਰੋਕਾਰ ਉਸ ਦੇ ਸਮਝਣ ਵਿਚ ਕਸਰ ਖਾ ਜਾਂਦੇ ਹਨ। ਇਸ ਲਈ ਆਪਣੀ ਲਭੀ ਹੋਈ ਸਚਾਈ ਨੂੰ ਹੋਰਨਾਂ ਦੀਆਂ ਲਭੀਆਂ ਹੋਈਆਂ ਸਚਾਈਆਂ ਦੇ ਟਾਕਰੇ ਤੇ ਪੂਰਾ ਨਹੀਂ ਮੰਨ ਲੈਣਾ ਚਾਹੀਦਾ। ਅਗਲੇ ਜ਼ਮਾਨੇ ਦੇ ਵਿਚਾਰਵਾਨ ਲੋਕ ਆਪਣੀ ਲਭੀ ਸਚਾਈ ਨੂੰ ਹੀ ਅਟੱਲ ਤੇ ਪੂਰਨ ਮੰਨ ਲੈਂਦੇ ਸਨ ਅਤੇ ਹੋਰਨਾਂ ਦੀ ਲਭੀ ਸਚਾਈ ਨੂੰ ਝੂਠ ਜਾਂ ਕੁਫਰ ਕਰਕੇ ਸਮਝਦੇ ਸਨ। ਇਸੇ ਕਰਕੇ ਪੁਰਾਣੇ ਧਾਰਮਿਕ ਆਗੂਆਂ ਦੇ ਇਹੋ ਜਹੇ ਕਥਨ ਮਿਲਦੇ ਹਨ: 'ਮੈਂ ਹਾਂ ਦਰਵਾਜ਼ਾ ਮੁਕਤੀ ਦਾ। ਜਿਸ ਕਿਸੇ ਨੇ ਰੱਬ ਪਾਸ ਜਾਣਾ ਹੋਵੇ ਉਹ ਮੇਰੇ ਪਾਸ ਆਵੇ।'

ਨਵੀਨ ਜ਼ਮਾਨੇ ਦੀ ਸਭ ਤੋਂ ਪਹਿਲੀ ਅਵਾਜ਼ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਠਾਈ। ਉਨ੍ਹਾਂ ਨੇ ਆਪਣੇ ਧਰਮ ਦੀ ਨੀਂਹ "ਸਚ" ਤੇ ਰਖੀ। ਰੱਬ ਨੂੰ "ਆਦਿ ਸਚੁ ਜੁਗਾਦਿ ਸਚੁ" ਆਖਿਆ, ਅਤੇ ਮਨੁਖ ਨੂੰ ਭੀ "ਸਚਿਆਰ" ਹੋਣ ਲਈ ਜਾਂ ਸਚਖੰਡ ਪਹੁੰਚਣ ਲਈ ਸੱਦਾ ਦਿੱਤਾ। ਪਰ "ਸਚ" ਦਾ ਨਿਰਨਾ ਕਰਨ ਵੇਲੇ ਇਹ ਹੱਠ ਨਹੀਂ ਕੀਤਾ ਕਿ ਸਾਰਾ ਸੱਚ ਸਾਡੇ ਪਾਸ ਹੀ ਹੈ, ਤੇ ਹੋਰ ਕਿਸੇ ਪਾਸ ਸੱਚ ਹੈ ਈ ਨਹੀਂ। ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਉਂਦੇ ਹਨ:-

ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ।
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥

ਹੇ ਵਾਹਿਗੁਰੂ! ਇਹ ਸੰਸਾਰ ਸੜ ਰਿਹਾ ਹੈ, ਇਸ ਨੂੰ ਬਚਾ ਲੈ। ਮੈਂ ਨਹੀਂ ਕਹਿੰਦਾ ਕਿ ਮੇਰੀਆਂ ਹੀ ਬਾਲਟੀਆਂ ਨਾਲ ਇਹ ਅੱਗ ਬੁਝੇ। ਜੇ ਹੋਰ ਕੋਈ ਸੱਜਣ ਭੀ ਬਾਲਟੀਆਂ ਪਾਣ ਦਾ ਉੱਦਮ ਕਰਨ ਤਾਂ ਉਨ੍ਹਾਂ ਦੇ ਰਾਹੋਂ ਭੀ ਅੱਗ ਨੂੰ ਬੁਝਾਉਣ ਦੀ ਕਿਰਪਾਲਤਾ ਕਰ। ਅਰਥਾਤ ਕੇਵਲ ਸਿੱਖ ਧਰਮ ਹੀ ਮੁਕਤੀ ਦੇਣ ਵਾਲਾ ਨਹੀਂ; ਮੁਹੰਮਦ ਸਾਹਿਬ, ਹਜ਼ਰਤ ਈਸਾ, ਸ੍ਰੀ ਰਾਮ ਚੰਦਰ ਜੀ, ਸ੍ਰੀ ਕ੍ਰਿਸ਼ਨ ਜੀ ਆਦਿ ਦੇ ਮੰਨਣ ਵਾਲੇ ਭੀ ਤਰ ਸਕਦੇ ਹਨ। ਇਸੇ ਖ਼ਿਆਲ ਨਾਲ ਪੰਚਮ ਪਾਤਸ਼ਾਹ ਨੇ ਆਪਣੇ ਅਸੂਲਾਂ ਨੂੰ ਨਿਰੋਲ ਰਖਣ ਦੇ ਬਾਵਜੂਦ ਭਗਤਾਂ ਦੀ ਪ੍ਰੇਮ-ਪੂਰਤ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਚੜ੍ਹਾਇਆ ਤੇ ਇਸ ਗਲ ਦੀ ਪ੍ਰਵਾਹ ਨਾ ਕੀਤੀ ਕਿ ਫ਼ਰੀਦ ਆਵਾਗਉਣ ਨੂੰ ਨਹੀਂ ਮੰਨਦਾ (ਗੋਰਾਂ ਸੇ ਨਿਮਾਣੀਆਂ ਬਹਸਨਿ ਰੂਹਾਂ ਮਲਿ) ਜਾਂ ਧੰਨਾ ਪੱਥਰ ਪੂਜਦਾ ਸੀ।

ਇਹ ਖ਼ਿਆਲ ਨਵੀਨ ਜ਼ਮਾਨੇ ਦਾ ਅਰੰਭ ਹੈ। ਇਸੇ ਤੋਂ ਧਾਰਮਕ ਤੇ ਪਲੀਟੀਕਲ ਰਵਾਦਾਰੀ ਪੈਦਾ ਹੁੰਦੀ ਹੈ। ਇਸੇ ਉਤੇ ਜਥੇਬੰਦੀਆਂ ਦੀ ਨੀਂਹ ਰਖੀ ਜਾ ਸਕਦੀ ਹੈ। ਇਸੇ ਨਾਲ ਮਨੁੱਖਾਂ ਅਤੇ ਕੌਮਾਂ ਦੀ ਆਪੋ ਵਿਚ ਦੀ ਬਰਾਬਰੀ ਮੰਨੀ ਜਾ ਸਕਦੀ ਹੈ। ਜੇਕਰ ਕਿਸੇ ਜਥੇਬੰਦੀ ਦਾ ਹਰ ਇਕ ਮਿੰਬਰ ਆਪਣੇ ਹੀ ਖ਼ਿਆਲ ਜਾਂ ਰਾਏ ਨੂੰ ਨਿਰੋਲ ਸੱਚੀ ਜਾਂ ਅਟੱਲ ਮੰਨ ਲਏ ਤਾਂ ਉਹ ਹੋਰਨਾਂ ਨਾਲ ਰੱਲ ਕੇ ਕੰਮ ਨਹੀਂ ਕਰ ਸਕਦਾ; ਨਾ ਕੋਈ ਸਾਂਝੀ ਰਾਏ ਬਣ ਸਕਦੀ ਹੈ। ਵਖੋ ਵਖ ਰਾਵਾਂ ਨੂੰ ਮਿਲਾ ਕੇ ਮਤਾ ਪਾਸ ਕਰਨ ਦਾ ਨੇਮ ਇਸ ਗੱਲ ਉਤੇ ਹੀ ਚੱਲ ਸਕਦਾ ਹੈ ਕਿ ਆਪਣੀ ਰਾਏ ਨੂੰ ਅਟੱਲ ਸਚਾਈ ਦੇ ਦਰਜੇ ਤੋਂ ਹੇਠਾਂ ਲਾਹ ਕੇ ਹੋਰਨਾਂ ਦੀ ਰਾਏ ਨੂੰ ਉੱਚਾ ਮੰਨਣ ਦੀ ਗੁੰਜਾਇਸ਼ ਰਖੀਏ।

ਸਰਬ-ਸਮਤੀ ਦੇ ਖ਼ਿਆਲ ਨੂੰ ਛੱਡ ਕੇ ਬਹੁ-ਸੰਮਤੀ ਦਾ ਫ਼ੈਸਲਾ ਮੰਨਣਾ ਮਨਾਉਣਾ ਭੀ ਇਕ ਭਾਰੀ ਤਰੱਕੀ ਹੈ, ਕਿਉਂਕਿ ਇਸ ਵਿਚ ਘਟ ਗਿਣਤੀ ਵਾਲੇ ਪੱਖ ਦਾ ਜ਼ਬਤ ਕੰਮ ਕਰਦਾ ਹੈ, ਜਿਸ ਨਾਲ ਰਾਵਾਂ ਦਾ ਵਖੇਵਾਂ ਹੁੰਦਿਆਂ ਦੂਜੇ ਦੀ ਰਾਏ ਦਾ ਨਿਰਾ ਸਤਕਾਰ ਹੀ ਨਹੀਂ ਕਰਨਾ ਪੈਂਦਾ, ਬਲਕਿ ਪਾਸ ਹੋਈ ਰਾਏ ਨੂੰ ਆਪਣੀ ਸਮਝ ਕੇ ਉਸ ਉਤੇ ਚਲਣ ਦੀ ਉਦਾਰਤਾ ਵਰਤਣੀ ਪੈਂਦੀ ਹੈ। ਬਹੁ-ਸਮਤੀ ਵਾਲੇ ਭੀ ਆਪਣੀ ਰਾਏ ਦੀ ਕਦਰ ਤਦੇ ਕਰਾ ਸਕਦੇ ਹਨ ਜਿ ਘਟ ਗਿਣਤੀ ਵਾਲਿਆਂ ਦੀ ਕੁਰਬਾਨੀ ਦੀ ਕਦਰ ਕਰਨ ਅਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਉਵੇਂ ਹੀ ਕਰਨ ਜਿਵੇਂ ਆਪਣੇ ਹੱਕਾਂ ਦੀ ਕਰਦੇ ਹਨ।

  • ਮੁੱਖ ਪੰਨਾ : ਪ੍ਰਿੰਸੀਪਲ ਤੇਜਾ ਸਿੰਘ : ਪੰਜਾਬੀ ਲੇਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ