Niaz Bo Fet Farumos Te Ilana : Moldavian Fairy Tale

ਨਿਆਜ਼-ਬੋ ਫ਼ੇਤ-ਫ਼ਰੂਮੋਸ ਤੇ ਸੂਰਜ ਦੀ ਭੈਣ, ਇਲਾਨਾ ਕੋਸਿਨਜ਼ਾਨਾ : ਮੋਲਦਾਵੀ ਪਰੀ-ਕਹਾਣੀ

ਜੁ ਗਲ ਸੱਚੀ, ਉਹ ਹੈ ਸਚੀ
ਕਹਾਣੀ ਹੁੰਦੀ ਏ ਕਹਾਣੀ,
ਜੇ ਇਹ ਕਦੀ ਨਾ ਹੁੰਦਾ-ਹੰਢਦਾ
ਸੀ ਕਿਨੇ ਅਫ਼ਵਾਹ ਫੈਲਾਣੀ।

ਇਕ ਵਾਰੀ ਦੀ ਗਲ ਏ, ਇਕ ਆਦਮੀ ਤੇ ਉਹਦੀ ਘਰ ਵਾਲੀ ਹੁੰਦੇ ਸਨ, ਤੇ ਉਹਨਾਂ ਦੀ ਇਕ ਧੀ ਹੁੰਦੀ ਸੀ, ਜਿਹੜੀ ਏਨੀ ਸੁਹਣੀ ਸੀ, ਜਿੰਨੀ ਉੱਜਲ ਸਵੇਰ। ਉਹ ਕੰਮ-ਕਾਜ ਵਿਚ ਫੁਰਤੀਲੀ ਸੀ ਤੇ ਹੱਥਾਂ ਦੀ ਹੁੰਨਰ ਵਾਲੀ, ਤੇ ਇੰਜ ਸ਼ੋਖ ਤੇ ਚੰਚਲ ਸੀ, ਜਿਵੇਂ ਬਸੰਤੀ ਪੌਣ। ਜੇ ਕਦੀ ਕੋਈ ਉਹਦੇ ਕਿਰਤ ਕਰਦੇ ਹੱਥ, ਉਹਦੇ ਡਲਕਦੇ ਨੈਣ, ਉਹਦੀਆਂ ਦੱਗਦੀਆਂ, ਗੁਲਾਬੀ ਗਲਾਂ ਵੇਖ ਲੈਂਦਾ, ਉਹਨੂੰ ਉਹ ਸਾਰੀ ਉਮਰ ਨਾ ਭੁਲਦੀ, ਤੇ ਉਹਨੂੰ ਤਕ ਮੁੰਡਿਆਂ ਦੇ ਦਿਲਾਂ ਦੀ ਧੜਕਨ ਤੇਜ਼ ਹੋ ਜਾਂਦੀ।
ਇਕ ਧੁਪਿਆਲੇ ਦਿਨ, ਸੁਹਣੀ ਮੁਟਿਆਰ ਨੇ ਦੋ ਘੜੇ ਚੁਕੇ ਤੇ ਪਾਣੀ ਲਿਆਣ ਲਈ ਖੂਹ ਵਲ ਟੁਰ ਪਈ। ਜਦੋਂ ਉਹਨੇ ਘੜੇ ਭਰ ਲਏ, ਉਹਦਾ ਖੂਹ ਕੋਲ ਰਤਾ ਬਹਿ ਜਾਣ ਨੂੰ ਦਿਲ ਕਰ ਆਇਆ। ਬੈਠਿਆਂ ਬੈਠਿਆਂ, ਉਹਨੇ ਖੂਹ ਵਿਚ ਝਾਤੀ ਮਾਰੀ ਤੇ ਵੇਖਿਆ, ਅੰਦਰ ਇਕ ਨਿਆਜ਼-ਬੋ ਦਾ ਬੂਟਾ ਉਗਿਆ ਹੋਇਆ ਸੀ। ਬਿਨਾਂ ਕੁਝ ਹੋਰ ਸੋਚਿਆਂ, ਉਹਨੇ ਬੂਟਾ ਪੁਟ ਲਿਆ ਤੇ ਉਹਦੀ ਖੁਸ਼ਬੋ ਸੁੰਘੀ, ਤੇ ਉਹਦੀ ਖੁਸ਼ਬੋ ਨਾਲ ਉਹਦੀ ਕੁੱਖੇ ਇਕ ਬਾਲ ਪੈ ਗਿਆ।
ਮੁਟਿਆਰ ਦੇ ਮਾਪਿਆਂ ਨੂੰ ਜਦੋਂ ਇਸ ਗਲ ਦਾ ਪਤਾ ਲਗਾ, ਉਹ ਉਹਨੂੰ ਝਿੜਕਣ-ਝਾੜਨ ਲਗ ਪਏ। ਦੁਨੀਆਂ ਹੁਣ ਜਿਊਣ ਲਈ ਮਿੱਠੀ ਸੁਖਾਵੀਂ ਥਾਂ ਨਾ ਰਹਿ ਗਈ, ਤੇ ਮੁਟਿਆਰ ਨੇ ਕਿਤੇ ਭਜ ਜਾਣ ਦੀ ਧਾਰ ਲਈ, ਉਹਨੂੰ ਪਤਾ ਨਹੀਂ ਸੀ ਕਿਥੇ। ਚੋਰੀ ਚੋਰੀ, ਉਹਨੇ ਤਿਆਰੀ ਕੀਤੀ ਤੇ ਛੋਪਲੇ ਹੀ ਘਰੋਂ ਨਿਕਲ ਗਈ, ਤੇ ਛੇਤੀ ਹੀ ਉਹਦਾ ਕੋਈ ਨਾਂ-ਨਿਸ਼ਾਨ ਨਾ ਲੱਭਾ।
ਸਹਿਮ ਤੇ ਬੇ-ਪੱਤੀ ਮਹਿਸੂਸ ਕਰਦਿਆਂ, ਮੁਟਿਆਰ ਅਟਕਿਆਂ ਬਿਨਾਂ ਅਗੇ ਹੀ ਅਗੇ ਟੁਰਦੀ ਗਈ, ਤੇ ਅਖ਼ੀਰ ਇਕ ਸੰਘਣੇ ਜੰਗਲ ਵਿਚ ਜਾ ਪੁੱਜੀ ਤੇ ਉਥੇ ਅੱਚਣਚੇਤ ਹੀ ਇਕ ਗੁਫਾ ਕੋਲ ਆ ਨਿਕਲੀ। ਉਹਨੇ ਸੋਚਿਆ, ਓਥੇ ਰਤਾ ਸਾਹ ਲਏਗੀ। ਤੇ ਉਹਨੇ ਅੰਦਰ ਪੈਰ ਹੀ ਪਾਇਆ ਸੀ ਕਿ ਉਹਨੂੰ ਦਿਸਿਆ, ਇਕ ਬਹੁਤ ਹੀ ਬੁੱਢਾ ਆਦਮੀ, ਖੰਗਦਾ ਤੇ ਖੰਗੂਰਦਾ, ਉਹਦੇ ਵਲ ਟੁਰੀ ਆ ਰਿਹਾ ਸੀ; ਉਹਦੀ ਪਿਠ ਵਿਚ ਕੁੱਬ ਪਿਆ ਹੋਇਆ ਸੀ, ਉਹਦੀਆਂ ਲੱਤਾਂ ਗਿਠੀਆਂ ਸਨ, ਦਾੜੀ ਏਨੀ ਲੰਮੀ ਸੀ ਕਿ ਗੋਡਿਆਂ ਤਕ ਪਹੁੰਚਦੀ ਸੀ, ਮੁੱਛਾਂ ਏਨੀਆਂ ਲੰਮੀਆਂ ਸਨ ਕਿ ਮੋਢਿਆਂ ਤਕ ਆਉਂਦੀਆਂ ਸਨ ਤੇ ਵਾਲ ਏਨੇ ਲੰਮੇ ਸਨ ਕਿ ਗਿਟਿਆਂ ਤਕ ਆਉਂਦੇ ਸਨ।
"ਕੌਣ ਏਂ ਤੂੰ, ਤੇ ਏਥੇ ਕਿਵੇਂ ਪਹੁੰਚੀ ਏਂ?" ਸੰਘਣੇ ਭਰੱਟਿਆਂ ਨੂੰ ਆਪਣੀ ਡੰਗੋਰੀ ਨਾਲ ਉਪਰ ਕਰਦਿਆਂ ਬੁੱਢੇ ਨੇ ਪੁਛਿਆ। ਭਰਵੱਟਿਆਂ ਨੇ ਉਹਦੀਆਂ ਅੱਖਾਂ ਹੀ ਲੁਕੋਈਆਂ ਹੋਈਆਂ ਸਨ।
ਇਹ ਸੁਣ ਮੁਟਿਆਰ ਡੁਸਕਣ ਤੇ ਰੋਣ ਲਗ ਪਈ, ਤੇ ਅਖ਼ੀਰ ਉਹਨੇ ਬੁਢੇ ਨੂੰ ਦਸਿਆ, ਕੀ ਹੋਇਆ ਸੀ ਤੇ ਉਹ ਉਹਦੀ ਗੁਫਾ ਵਿਚ ਕਿਵੇਂ ਪਹੁੰਚ ਪਈ ਸੀ।
ਬੁਢੇ ਨੇ ਚੁਪ-ਚਾਪ ਉਹਦੀ ਕਹਾਣੀ ਸੁਣੀ। ਉਹਨੇ ਮੁਟਿਆਰ ਨੂੰ ਪੱਥਰ ਦੇ ਥੜੇ ਤੇ ਬਿਠਾ ਦਿੱਤਾ ਤੇ ਚੰਗੀਆਂ-ਚੰਗੀਆਂ ਗੱਲਾਂ ਕਰ ਉਹਨੂੰ ਧਰਵਾਸ ਦੇਣ ਲਗਾ।
ਅਕਸਰ ਇੰਜ ਹੁੰਦਾ ਏ ਕਿ ਜਿਵੇਂ ਸੂਰਜ ਦੀ ਲੂੰਹਦੀ ਤਪਸ਼ ਤੋਂ ਪਿਛੋਂ ਮੀਂਹ ਧਰਤੀ ਨੂੰ ਠੰਡ ਪਾ ਦੇਂਦਾ ਏ, ਇਸੇ ਤਰ੍ਹਾਂ ਹੀ ਔਖੀਆਂ ਘੜੀਆਂ ਵਿਚ ਵਡੇਰਿਆਂ ਦਾ ਕਿਹਾ-ਆਖਿਆ ਨੌਜਵਾਨਾਂ ਦੇ ਦਿਲਾਂ ਉਤੇ ਮਰਹਮ ਦਾ ਕੰਮ ਦੇਂਦਾ ਹੈ। ਬੁਢੇ ਦੀ ਨਿੱਘੀ ਹਮਦਰਦੀ ਨਾਲ ਮੁਟਿਆਰ ਨੂੰ ਹੌਸਲਾ ਹੋਇਆ ਤੇ ਉਹ ਉਹਦੇ ਨਾਲ ਗੁਫਾ ਵਿਚ ਕੁਝ ਚਿਰ ਰਹਿਣਾ ਮੰਨ ਗਈ।
ਤੇ ਦੋਵੇਂ ਇਕੋ ਘਰ ਰਹਿਣ ਲਗ ਪਏ, ਮੁਟਿਆਰ ਨੂੰ ਬੁਢੇ ਦੀ ਸੰਗਤ ਵਿਚ ਆਪਣੇ ਗ਼ਮ ਦੀ ਕਸਕ ਘਟਦੀ ਲਗਦੀ, ਤੇ ਬੁਢੇ ਨੂੰ - ਆਪਣੀ ਵਡੇਰੀ ਉਮਰੇ ਆਰਾਮ ਮਿਲਦਾ।
ਹਰ ਰੋਜ਼ ਸਵੇਰੇ, ਤਿੰਨ ਬਕਰੀਆਂ ਗੁਫਾ ਨੂੰ ਆਉਂਦੀਆਂ, ਬੁੱਢਾ ਉਹਨਾਂ ਦੀ ਧਾਰ ਕਢਦਾ, ਤੇ ਉਹ ਏਸੇ ਦੁਧ ਨਾਲ ਝੱਟ ਲੰਘਾਂਦੇ।
ਸਮਾਂ ਛੇਤੀ ਨਾਲ ਲੰਘਦਾ ਗਿਆ, ਤੇ ਮੁਟਿਆਰ ਨੇ ਇਕ ਨਿੱਕੇ ਜਿਹੇ ਬਾਲ ਨੂੰ ਜਨਮ ਦਿਤਾ, ਜਿਹੜਾ ਇੰਜ ਗੋਭਲਾ ਤੇ ਸੁਹਣਾ ਸੀ ਕਿ ਜਦੋਂ ਸੂਰਜ ਉਹਨੂੰ ਵੇਖਦਾ, ਉਹਦੇ ਬੁਲ੍ਹਾਂ ਉਤੇ ਮੁਸਕਾਣ ਆ ਜਾਂਦੀ। ਤੇ ਵਿਚਾਰੇ ਬੁੱਢੇ ਦੀ ਖੁਸ਼ੀ ਦਾ ਕੋਈ ਹੱਦ-ਬੰਨਾ ਹੀ ਨਹੀਂ ਸੀ! ਉਹਦੇ ਪੈਰ ਆਪ ਮੁਹਾਰੇ ਹੀ ਨਚਦੇ ਲਗਦੇ, ਤੇ ਉਹਦਾ ਦਿਲ ਇੰਜ ਸੁਬਕ ਹੋ ਗਿਆ, ਜਿਵੇਂ ਉਹ ਕਦੀ ਜਵਾਨੀ ਵੇਲੇ ਹੁੰਦਾ ਸੀ।
ਜਿਸ ਪਲ ਹੀ ਬਾਲ ਹੋਇਆ, ਉਹਨਾਂ ਉਹਨੂੰ ਸਵੇਰ ਦੀ ਤਰੇਲ ਨਾਲ ਨੁਹਾਇਆ, ਤਾਂ ਜੋ ਕੋਈ ਵੀ ਬਦੀ ਉਹਨੂੰ ਚਮੁੱਟੀ ਨਾ ਰਹਿ ਸਕੇ, ਉਹਨਾਂ ਉਹਦੇ ਉਤੇ ਬਲਦੀ ਮਸਾਲ ਤੇ ਫ਼ੌਲਾਦ ਦੀ ਤਲਵਾਰ ਲੰਘਾਈ ਤਾਂ ਜੁ ਉਹ ਪੀੜਾਂ ਤੇ ਔਖਿਆਈਆਂ ਵਿਚੋਂ ਬੇ-ਜ਼ਰਬ ਲੰਘ ਜਾਏ ਤੇ ਹਮੇਸ਼ਾ ਇੰਜ ਸੁੱਚਾ ਤੇ ਰੁਸ਼ਨਾਇਆ ਰਹੇ, ਜਿਵੇਂ ਸੂਰਜ ਰਹਿੰਦਾ ਹੈ। ਤੇ ਫੇਰ ਮਾਂ ਨੇ ਉਹਨੂੰ ਬਹਾਦਰ ਤੇ ਨਿੱਡਰ ਬਣਾਣ ਲਈ ਉਹਦੇ ਉਤੇ ਮੰਤਰ ਪੜ੍ਹੇ ਤੇ ਬੁੱਢੇ ਨੇ ਗੁਫਾ ਦੀਆਂ ਹਨੇਰੀਆਂ ਤੋਂ ਹਨੇਰੀਆਂ ਨੁਕਰਾਂ ਫਰੋਲ ਮਾਰੀਆਂ ਤੇ ਇਕ ਗੁਰਜ਼ ਤੇ ਇਕ ਖੰਡਾ ਲਭਿਆ; ਉਹ ਉਹਦੇ ਜਵਾਨੀ ਦੇ ਦਿਨਾਂ ਤੋਂ ਪਏ ਹੋਏ ਸਨ। ਇਹ ਉਹਨੇ ਬਾਲ ਨੂੰ ਭੇਂਟ ਕਰ ਦਿਤੇ, ਤਾਂ ਜੁ ਉਹਦੇ ਉਹ ਕੰਮ ਆ ਸਕਣ।
ਨਾਂ ਰੱਖਣ ਵੇਲੇ ਖਾਣ-ਪੀਣ ਨੂੰ ਬਹੁਤਾ ਨਹੀਂ ਸੀ, ਪਰ ਇਹਦੀ ਕਸਰ ਪੂਰੀ ਕਰਨ ਲਈ ਖੁਸ਼ੀ ਤੇ ਹਾਸਾ ਚੋਖਾ ਸੀ। ਉਹਨਾਂ ਮੁੰਡੇ ਨੂੰ ਸਿਹਤ ਤੇ ਖੁਸ਼ੀ ਦੀਆਂ ਅਸੀਸਾਂ ਦਿਤੀਆਂ ਤੇ ਬੁੱਢੇ ਨੇ ਉਹਦੇ ਨਾਂ ਨਿਆਜ਼-ਬੋ ਰਖਿਆ, ਉਸ ਬੂਟੇ ਉਤੇ, ਜਿਹੜਾ ਉਹਦੀ ਮਾਂ ਨੇ ਖੂਹ ਵਿਚੋਂ ਪੁਟਿਆ ਸੀ। ਇਹਦੇ ਨਾਲ ਉਹਦੀ ਮਾਂ ਨੇ ਇਕ ਹੋਰ ਨਾਂ ਰਲਾ ਦਿਤਾ - ਫ਼ੇਤ-ਫ਼ਰੂਮੋਸ, ਜਾਂ ਸੁਹਣਾ ਗਭਰੂ, ਉਹਨੂੰ ਆਪਣਾ ਪਿਆਰਾ ਬੱਚਾ ਬੜਾ ਸੁਹਣਾ ਦਾ ਲਗਦਾ ਸੀ।
ਸਮਾਂ ਉਡਦਾ ਗਿਆ, ਬੁੱਢਾ ਗੁਜ਼ਰ ਗਿਆ, ਤੇ ਮੁੰਡਾ ਵਡਾ ਹੋ ਗਿਆ। ਉਹ ਸ਼ਿਕਾਰ ਨੂੰ ਨਿਕਲ ਜਾਂਦਾ ਤੇ ਆਪਣੀ ਮਾਂ ਨੂੰ ਹਰ ਉਹ ਚੀਜ਼ ਲਿਆ ਕੇ ਦੇਂਦਾ, ਜਿਸਦੀ ਉਹਨੂੰ ਚਾਹ ਹੁੰਦੀ। ਜਿੰਨਾ ਵਡਾ ਉਹ ਹੁੰਦਾ ਗਿਆ, ਓਨੀ ਹੀ ਬਹੁਤੀ ਖੁਸ਼ੀ ਵਾਲੀ ਜ਼ਿੰਦਗੀ ਉਹਦੀ ਮਾਂ ਦੀ ਹੁੰਦੀ ਗਈ, ਇਸ ਲਈ ਕਿ ਉਹਨੂੰ ਉਹਦੀ ਕਹਿਣੀ ਨਾਲ ਵੀ ਤੇ ਕਰਨੀ ਨਾਲ ਵੀ, ਸੁਖ ਤੇ ਹੁਲਾਸ ਜੁੜਦਾ।
ਜਦੋਂ ਨਿਆਜ਼-ਬੋ ਫ਼ੇਤ-ਫ਼ਰੂਮੋਸ ਜਵਾਨ ਹੋ ਗਿਆ, ਉਹ ਘਰ ਤੋਂ ਦੂਰ-ਦੂਰ ਚੀੜ੍ਹ ਤੇ ਸ਼ਾਹ ਬਲੂਤ ਦੇ ਦੁਰਾਡੇ ਤੇ ਸੰਘਣੇ ਜੰਗਲਾਂ ਵਿਚ, ਸ਼ਿਕਾਰ ਲਈ ਜਾਣ ਲਗ ਪਿਆ, ਤੇ ਉਹ ਹੋਰ ਪਰ੍ਹਾਂ ਤੇ ਹੋਰ ਅਗੇ, ਜਿਥੋਂ ਤਕ ਵੀ ਨਜ਼ਰ ਜਾਂਦੀ, ਨਿਕਲ ਜਾਂਦਾ।
ਇਕ ਦਿਨ ਨਿਆਜ਼-ਬੋ ਇਕ ਵਾਦੀ ਦੇ ਮੁਹਾਣੇ ਤਕ ਆਇਆ, ਤੇ ਜਦੋਂ ਉਹਨੇ ਦੂਰ ਅਗੇ ਤਕਿਆ ਉਹਨੂੰ ਇਕ ਵਡੀ ਸਾਰੀ, ਸਾਵੀਆਂ ਭਾਹਾਂ ਮਾਰਦੀ ਝੀਲ ਦਿੱਸੀ, ਜਿਸ ਵਿਚ ਸੂਰਜ ਨਹਾ ਰਿਹਾ ਸੀ ਜਦੋਂ ਉਹ ਨੇੜੇ ਆਇਆ, ਉਹਨੇ ਵੇਖਿਆ, ਝੀਲ ਝੀਲ ਨਹੀਂ ਸੀ, ਖਾਲਸ ਸੋਨੇ ਤੇ ਮੋਤੀਆਂ ਦੀ ਮਹਿਲ ਸੀ, ਜਿਹੜਾ ਇਕ ਬੇਅੰਤ ਪਸਾਰੇ ਵਾਲੇ ਹਰੇ ਜੰਗਲ ਵਿਚ ਲਿਸ਼ਕਾਂ ਤੇ ਡਲਕਾਂ ਮਾਰ ਰਿਹਾ ਸੀ।
ਉਹਨੇ ਆਪਣੀ ਜ਼ਿੰਦਗੀ ਵਿਚ ਇਹੋ ਜਿਹੀ ਸੁਹਣੀ ਚੀਜ਼ ਅਗੇ ਕਦੀ ਨਹੀਂ ਸੀ ਵੇਖੀ, ਤੇ ਗੁਰਜ਼ ਤੇ ਖੰਡੇ ਨੂੰ ਪੇਟੀ ਵਿਚ ਟਿਕਾ, ਉਹ ਸਿੱਧਾ ਮਹਿਲ ਵਲ ਹੋ ਪਿਆ। ਵਾਟ ਬਹੁਤੀ ਨਹੀਂ ਸੀ ਤੇ ਉਹ ਛੇਤੀ ਹੀ ਓਥੇ ਪਹੁੰਚ ਪਿਆ। ਮਹਿਲ ਦੀਆਂ ਬੂਹੇ - ਬਾਰੀਆਂ ਖੁਸ਼ੀਆਂ ਪਈਆਂ ਸਨ, ਪਰ ਬੰਦੇ ਦਾ ਨਾਂ - ਨਿਸ਼ਾਨ ਨਾ ਤੇ ਮਹਿਲ ਵਿਚ ਸੀ ਤੇ ਨਾ ਹੀ ਉਹਦੇ ਕਿਤੇ ਨੇੜੇ - ਤੇੜੇ। ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਕਮਰਾ - ਕਮਰਾ ਵੇਖ ਮਾਰਿਆ, ਤੇ ਇਸੇ ਤਰ੍ਹਾਂ ਸਾਰਾ ਮਹਿਲ ਵੀ। ਉਹ ਬਾਹਰ ਇਹਾਤੇ ਵਿਚ ਨਿਕਲ ਆਇਆ ਤੇ ਓਥੇ ਫੇਰ ਚੁਗਿਰਦੇ ਵੇਖਿਆ, ਪਰ ਉਹਨੂੰ ਕੋਈ ਵੀ ਨਾ ਦਿਸਿਆ। ਫੇਰ, ਚਾਣਚਕ ਹੀ, ਉਹਨੂੰ ਬਹੁਤ ਹੀ ਭਾਂ - ਭਾਂ ਤੇ ਸਾਂ - ਸਾਂ ਤੇ ਟਹਿਣੀਆਂ ਦੇ ਤਿੜਕਣ ਦੀ ਆਵਾਜ਼ ਸੁਣੀਤੀ, ਤੇ ਉਹਨੂੰ ਕੀ ਦਿਸਿਆ। ਜੰਗਲ ਵਲੋਂ ਸਤ ਡਰਾਉਣੇ ਅਜਗਰ ਆ ਰਹੇ ਸਨ, ਹਰ ਇਕ ਦਾ
ਸਿਰ ਸੀ ਜਬਾੜੇ ਸਨ
ਬਕਰੇ ਦਾ,ਬਘਿਆੜ ਦੇ
ਖੁਰ ਸਨ ਤੇ ਅੱਖਾਂ ਸਨ,
ਖੋਤੇ ਦੇ,ਵਿੱਸ ਨਾਲ ਭਰੀਆਂ।

ਉਹ ਟਪੋਸੀ ਮਾਰਦੇ, ਟਪਦੇ ਤੇ ਉਲਾਂਘਦੇ ਟੁਰਦੇ ਸਨ, ਤੇ ਉਹਨਾਂ ਮੋਢਿਆਂ ਉਤੇ ਤਿੰਨ ਆਦਮੀ ਰਖੇ ਹੋਏ ਸਨ, ਜਿਨ੍ਹਾਂ ਦੇ ਹਥ ਪੈਰ ਬੱਝੇ ਹੋਏ ਸਨ। ਉਹ ਮਹਿਲ ਵਿਚ ਆ ਵੜੇ। ਉਹਨਾਂ ਵਡੇ ਕੜਾਹੇ ਹੇਠ ਅਗ ਬਾਲੀ, ਤੇ ਜਦੋਂ ਪਾਣੀ ਉਬਾਲੇ ਖਾਣ ਲਗ ਪਿਆ, ਉਹਨਾਂ ਆਪਣੇ ਤਿੰਨਾਂ ਵਿਚੋਂ ਇਕ ਕੈਦੀ ਨੂੰ ਕੜਾਹੇ ਵਿਚ ਸੁਟ ਦਿਤਾ। ਉਹਨਾਂ ਉਹਨੂੰ ਚਾੜ੍ਹਿਆ ਤੇ ਛੇਤੀ ਨਾਲ ਖਾ ਲਿਆ, ਹੱਡੀਆਂ ਤੇ ਹੋਰ ਸਭ ਕੁਝ ਸੁਣੇ, ਤੇ ਫੇਰ ਉਹਨਾਂ ਬਾਕੀ ਦੇ ਦੋ ਆਦਮੀਆਂ ਦਾ ਵੀ ਇਹੋ ਹਾਲ ਕੀਤਾ, ਤੇ ਉਹਨਾਂ ਨੂੰ ਇੰਜ ਹਾਬੜ ਕੇ ਖਾਧਾ ਕਿ ਉਹਨਾਂ ਦੇ ਜਬਾੜੇ ਵਜਦੇ ਸੁਣੀ ਰਹੇ ਸਨ।
ਬੂਹੇ ਤੋਂ ਪਿਛੋਂ, ਜਿਥੇ ਉਹਨੇ ਆਪਣਾ ਆਪ ਲੁਕਾਇਆ ਹੋਇਆ ਸੀ, ਨਿਆਜ਼-ਬੋ ਫ਼ੇਤ-ਫ਼ਰੂਮੋਸ ਉਹਨਾਂ ਨੂੰ ਵੇਖਦਾ ਰਿਹਾ। ਉਹਨੂੰ ਆਪਣੀਆਂ ਅੱਖਾਂ ਉਤੇ ਅਤਬਾਰ ਹੀ ਨਹੀਂ ਸੀ ਆ ਰਿਹਾ। ਤੁੰਦ ਅਜਗਰਾਂ ਨੇ ਸਭ ਕੁਝ ਅਖ਼ੀਰਲੀ ਬੁਰਕੀ ਤਕ ਨਿਘਾਰ ਲਿਆ, ਤੇ ਫੇਰ ਉਹਨਾਂ ਵਿਚੋਂ ਇਕ ਨੇ ਮੂੰਹ ਭੁਆਇਆ, ਉਹਦੀ ਨਜ਼ਰ ਨਿਆਜ਼ ਬੋ ਉਤੇ ਪਈ, ਤੇ ਉਹ ਇੰਜ ਟਪਿਆ, ਜਿਵੇਂ ਕਿਸੇ ਉਹਨੂੰ ਡੰਗ ਕਢ ਮਾਰਿਆ ਹੋਵੇ।
“ਬਾਹਰ ਹਾਤੇ ਵਿਚ, ਬਾਹਰ ਹਾਤੇ ਵਿਚ!" ਉਹ ਕੁਕਣ ਲਗਾ। "ਓਥੇ ਇਕ ਹੋਰ ਜੇ, ਉਡੀਕ ਰਿਹੈ, ਕੜਾਹੇ 'ਚ ਸੁੱਟੇ ਜਾਣ ਲਈ!"
ਇਹ ਸੁਣ, ਸਾਰੇ ਦੇ ਸਾਰੇ ਅਜਗਰ ਟਪ ਖਲੋਤੇ ਤੇ ਬੂਹੇ ਵਲ ਭੱਜੇ। ਪਰ ਨਿਆਜ਼-ਬੋ ਨੇ ਆਪਣਾ ਖੰਡਾ ਮਿਆਨ ਵਿਚੋਂ ਕਢਿਆ, ਤੇ ਜਿਵੇਂ ਹੀ ਇਕ-ਇਕ ਅਜਗਰ ਦਹਿਲੀਜ਼ ਤੋਂ ਪਾਰ ਹੁੰਦਾ, ਉਹਦੀ ਤਲਵਾਰ ਕਾੜ - ਕਰਦੀ ਅਜਗਰ ਦੇ ਸਿਰ ਉਤੇ ਆ ਪੈਂਦੀ! ਸਿਰ ਪੁੱਟੀਆਂ ਹੋਈਆਂ ਗੋਭੀਆਂ ਵਾਂਗ ਫ਼ਰਸ਼ ਉਤੇ ਰਿੜਨ ਲਗੇ, ਤੇ ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਇਕ -ਇਕ ਕਰਕੇ ਛੇ ਅਜਗਰ ਮਾਰ ਦਿਤੇ। ਪਰ ਸਤਵੇਂ ਦਾ ਉਹ ਕੁਝ ਨਹੀਂ ਸੀ ਵਿਗਾੜ ਸਕਦਾ, ਕਿਉਂ ਜੁ ਉਹਦਾ ਖੰਡਾ ਉਹਦੇ ਉਤੇ ਕੰਮ ਕਰਦਾ ਨਹੀਂ ਸੀ ਲਗਦਾ: ਉਹਨੇ ਤਲਵਾਰ ਦੇ ਫਲ ਨਾਲ ਉਹਦੀ ਗਿੱਚੀ ਉਤੇ ਵਾਰ ਕੀਤਾ, ਉਹਨੇ ਉਹਦਾ ਸਵਾਹਰਾ ਪਾਸਾ ਉਹਦੇ ਸਿਰ ਤੇ ਦੇ ਮਾਰਿਆ, ਉਹਨੇ ਉਹਨੂੰ ਦਿਲ ਵਿਚੋਂ ਵਿੰਨ ਦੇਣ ਦਾ ਜਤਨ ਕੀਤਾ, ਪਰ ਕੁਝ ਨਾ ਬਣਿਆ। ਫੇਰ, ਦੂਜੀ ਵਾਰ ਸੋਚੇ ਬਿਨਾਂ, ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਗੁਰਜ਼ ਫੜ ਲਿਆ, ਉਹਦੇ ਸਿਰ ਉਤੇ ਘੁਮਾਇਆ ਤੇ ਅਜਗਰ ਦੀ ਪੁੜਪੁੜੀ ਉਤੇ ਏਡੇ ਜ਼ੋਰ ਨਾਲ ਦੇ ਮਾਰਿਆ ਕਿ ਅਜਗਰ ਦੀਆਂ ਅੱਖਾਂ ਸਾਹਮਣੇ ਦੁਨੀਆਂ ਹਨੇਰੀ ਹੋ ਗਈ। ਅਜਗਰ ਲਗਾਤਾਰ ਭੁਆਟੀਆਂ ਖਾਣ ਤੇ ਪਿਛੇ ਹੱਟਣ ਲਗ ਪਿਆ, ਹਰ ਕਦਮ 'ਤੇ ਉਹਦਾ ਸਿਰ ਕੰਧਾਂ ਨਾਲ ਵਜਦਾ। ਅਖ਼ੀਰ ਉਹ ਮਹਿਲ ਦੇ ਅਖੀਰਲੇ ਕਮਰੇ ਵਿਚ ਪਹੁੰਚ ਪਿਆ, ਉਹਨੇ ਫ਼ਰਸ਼ ਦਾ ਇਕ ਚੋਰ - ਬੂਹਾ ਖੋਲ੍ਹਿਆ ਤੇ ਕਾਈ ਤੇ ਜਾਲੇ ਨਾਲ ਭਰੀ ਇਕ ਪੌੜੀ ਉਤੇ ਢਹਿ ਪਿਆ। ਤੇ ਨਿਆਜ਼-ਬੋ ਨੇ ਉਹਨੂੰ ਸਾਹ ਨਾ ਲੈਣ ਦਿਤਾ ਤੇ ਉਹਦੇ ਪਿਛੇ - ਪਿਛੇ ਹੋ ਪਿਆ। ਉਹ ਲੋਹੇ ਦੇ ਬਾਰ੍ਹਾਂ ਦਰਵਾਜ਼ਿਆਂ ਵਿਚੋਂ ਲੰਘੇ ਤੇ ਅਖ਼ੀਰ ਤਹਿ ਤਕ ਪਹੁੰਚ ਪਏ। ਅਜਗਰ ਨੇ ਆਪਣੇ ਆਪ ਨੂੰ ਕੰਧ ਨਾਲ ਸੁੰਗੜੇ ਲਿਆ, ਉਹਦੀਆਂ ਅੱਖਾਂ ਫਿਰਨ ਲੱਗੀਆਂ ਤੇ ਦੰਦ ਨੰਗੇ ਹੋ ਗਏ, ਸਹਿਮ ਨਾਲ ਉਹਦੇ ਦਿਲ ਦਾ ਪਟਾਕਾ ਬੋਲ ਜਾਣ ਵਾਲਾ ਲਗਦਾ ਸੀ।
ਪਰ ਨਿਆਜ਼-ਬੋ ਨੇ ਉਹਨੂੰ ਕੁਝ ਨਾ ਕਿਹਾ, ਉਹਨੂੰ ਅੰਦਰ ਡਕ ਬੂਹਾ ਬੰਦ ਕਰ ਦਿਤਾ, ਉਹਦੀ ਚਿਟਕਣੀ ਲਾ ਦਿਤੀ ਤੇ ਸੀਖ਼ਾਂ ਚੜ੍ਹਾ ਦਿਤੀਆਂ, ਤੇ ਫੇਰ ਪੌੜੀਆਂ ਚੜ੍ਹ ਗਿਆ। ਲੰਘਦਿਆਂ - ਲੰਘਦਿਆਂ ਉਹਨੇ ਬਾਰਾਂ ਦੇ ਬਾਰਾਂ ਦਰਵਾਜ਼ਿਆਂ ਦੀਆਂ ਸੀਖ਼ਾਂ ਚੜ੍ਹਾ ਦਿਤੀਆਂ, ਅਖੀਰਲੇ ਨੂੰ ਜੰਦਰਾ ਲਾ ਦਿਤਾ ਤੇ ਚਾਬੀ ਆਪਣੇ ਕੋਟ ਅੰਦਰ ਧਰ ਲਈ। ਉਸ ਪਿਛੋਂ ਇਸ ਖੁਸ਼ੀ ਨਾਲ ਕਿ ਉਹਨੇ ਚੰਗਾ ਕੰਮ ਕਰ ਲਿਆ ਸੀ, ਉਹ ਘਰ ਚਲਾ ਗਿਆ।
ਉਹ ਗੁਫਾ ਵਿਚ ਬਹੁਤ ਹੀ ਚੜ੍ਹਦੀ ਕਲਾ ਵਿਚ ਪਹੁੰਚਿਆ ਤੇ ਆਪਣੀ ਮਾਂ ਨੂੰ ਆਖਣ ਲਗਾ:
“ਮਾਂ, ਮਾਂ, ਮੈਂ ਇਕ ਵਡਾ ਸਾਰਾ ਤੇ ਸੁਹਣਾ ਮਹਿਲ ਲਭਿਐ। ਅਸੀਂ ਹੁਣ ਓਥੇ ਰਹਾਂ ਕਰਾਂਗੇ।
ਮਾਂ ਦੀ ਖੁਸ਼ੀ ਦੀ ਹੱਦ ਨਾ ਰਹੀ। ਉਹਨੇ ਤੇ ਨਿਆਜ਼-ਬੋ ਨੇ ਗੁਫਾ ਛਡ ਦਿਤੀ ਤੇ ਸੋਨੇ ਤੇ ਮੋਤੀਆਂ ਦੇ ਮਹਿਲ ਵਿਚ ਚਲੇ ਗਏ ਤੇ ਉਹਨਾਂ ਆਪਣਾ ਘਰ ਓਥੇ ਬਣਾ ਲਿਆ।
ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਆਖਿਆ :
"ਇਹ ਸਾਰਾ ਕੁਝ ਸਾਡਾ ਏ। ਪਰ ਅਖੀਰਲਾ ਕਮਰਾ, ਕਦੀ ਵੀ ਨਾ, ਕਿਸੇ ਵੀ ਗੱਲੇ, ਨਾ ਖੋਲ੍ਹਣਾ, ਇਸ ਲਈ ਇਕ ਅਜਗਰ ਅਜੇ ਓਥੇ ਏ।"
“ਪੁਤਰਾ, ਭਰੋਸਾ ਰਖ," ਮਾਂ ਨੇ ਜਵਾਬ ਦਿਤਾ। “ਅਜਗਰ ਤੈਨੂੰ ਖਾਣ ਨੂੰ ਪਿਆ ਸੀ, ਇਸ ਲਈ ਮੈਨੂੰ ਚੇਤੇ ਰਹੇਗਾ, ਦਰਵਾਜ਼ੇ ਨੂੰ ਜੰਦਰਾ ਕਿਵੇਂ ਲਾਈ ਰਖਣੈ।"
ਤੇ ਚਾਬੀ ਫੜ ਮਾਂ ਨੇ ਉਹਨੂੰ ਰੁਮਾਲ ਵਿਚ ਲਪੇਟ ਲਿਆ, ਰੂਮਾਲ ਨੂੰ ਦਸ ਗੰਢਾਂ ਮਾਰੀਆਂ ਤੇ ਉਹਨੂੰ ਕਿਤੇ ਏਡੀ ਦੂਰ ਰਖ ਦਿਤਾ ਕਿ ਜੇ ਕੋਈ ਉਹਨੂੰ ਕਿਆਮਤ ਦੇ ਦਿਨ ਤਕ ਵੀ ਲਭਦਾ ਰਹੇ, ਤਾਂ ਵੀ ਨਾ ਲਭ ਸਕੇ।
ਮਾਂ ਪੁਤਰ ਉਤੇ, ਇੰਜ ਜਿਵੇਂ ਬਹੁਲਤਾ ਦੇ ਸਿੰਗ ਵਿਚੋਂ, ਜ਼ਿੰਦਗੀ ਦੀਆਂ ਨਿਆਮਤਾਂ ਤੇ ਬਰਕਤਾਂ ਦੀ ਵਾਛੜ ਹੋਣ ਲਗ ਪਈ। ਜਿਸ ਮਹਿਲ ਵਿਚ ਉਹ ਰਹਿੰਦੇ ਸਨ, ਉਹ ਸ਼ਾਨਦਾਰ ਸੀ, ਉਹਦੇ ਚੁਗਿਰਦੇ ਦੇ ਸੁਹਜ ਦੀ ਰੀਸ ਨਹੀਂ ਸੀ, ਤੇ ਸ਼ਿਕਾਰ ਖੁਲ੍ਹਾ ਤੇ ਰਜਵਾਂ ਸੀ।
ਤੇ ਇਸ ਤਰ੍ਹਾਂ ਉਹ ਇਕ ਵਰ੍ਹਾ ਨਹੀਂ, ਦੋ ਵਰ੍ਹੇ ਨਹੀਂ, ਸਗੋਂ ਕਿੰਨੇ ਹੀ ਵਰ੍ਹੇ ਰਹਿੰਦੇ ਰਹੇ। ਪਰ ਜਿਸ ਤਰ੍ਹਾਂ ਬਸੰਤ ਚਾਣਚਕ ਹੀ ਆਪਣੇ ਨਾਲ ਹੁਨਾਲੇ ਦਾ ਮੱਠਾ-ਮੱਠਾ ਨਿਘ ਲੈ ਆਉਂਦੀ ਏ, ਉਸੇ ਤਰ੍ਹਾਂ ਹੀ ਧਰਤੀ ਉਤੇ ਝੱਖੜ ਝੁਲ ਸਕਦੇ ਨੇ, ਉਹਦੇ ਉਤੇ ਬਣੀ - ਉਸਰੀ ਹਰ ਵਸਤ ਨੂੰ ਚੂਰ ਤੇ ਥੇਹ ਕਰਨ ਨੂੰ ਪੈਂਦੇ ਨੇ।
ਸਤ ਅਜਗਰ ਕਿਸੇ ਹੋਰ ਜ਼ਾਰਸ਼ਾਹੀ ਤੋਂ ਆਏ ਹੋਏ ਸਨ। ਉਹਨਾਂ ਨੂੰ ਇਕ ਬੁੱਢੀ ਜਾਦੂਗਰਨੀ ਕਲੋਆਂਤਸਾ, ਨੇ ਪਾਲਿਆ ਹੋਇਆ ਸੀ। ਜਾਦੂਗਰਨੀ ਦਾ ਮੂੰਹ ਏਨਾ ਕਾਲਾ ਸੀ, ਜਿੰਨੀ ਲੁੱਕ ਤੇ ਉਹਦੇ ਦਿਲ ਵਿਚ ਏਨੀ ਕਮੀਨਗੀ ਭਰੀ ਹੋਈ ਸੀ ਕਿ ਉਹਦੀ ਇਕ ਨਜ਼ਰ ਨਾਲ ਹੀ ਮਿੱਟੀ ਸਵਾਹ ਹੋ ਸਕਦੀ ਸੀ। ਕਲੋਆਂਤਸਾ ਹੁਣ ਅਜਗਰਾਂ ਦੇ ਆਪਣੇ ਕੋਲ ਆਉਣ ਦੀ ਉਡੀਕ ਕਰ ਰਹੀ ਸੀ, ਤੇ ਜਦੋਂ ਆਮ ਨਾਲੋਂ ਬਹੁਤ ਚਿਰ ਪਿਛੋਂ, ਉਹ ਆਉਣੋਂ ਉਕ ਗਏ, ਉਹਨੂੰ ਏਡੇ ਚੰਦਰੇ - ਚੰਦਰੇ ਵਹਿਮ ਪੈਣ ਲਗ ਪਏ ਕਿ ਉਹਦਾ ਦਿਲ ਲੂਹਿਆ ਗਿਆ। ਕਲੋਆਂਤਸਾ ਅਗ ਵਿਚ ਪਏ ਸਪ ਵਾਂਗ ਪਲਸੇਟੇ ਤੇ ਮਰੋੜੇ ਖਾਣ ਲਗੀ ਤੇ ਇਹ ਵੇਖਣ ਲਈ ਕਿ ਕੀ ਗਲ ਹੋ ਗਈ ਸੀ, ਜਨੂੰਨੀਆਂ ਵਾਂਗ ਉਹ ਮਹਿਲ ਵਲ ਨੂੰ ਹੋ ਪਈ।
ਜਦੋਂ ਉਹਨੂੰ ਪਤਾ ਲਗਾ, ਅਜਗਰਾਂ ਨਾਲ ਕਿੱਡੀ ਡਾਢੀ ਬੀਤੀ ਸੀ, ਉਹਨੇ ਆਪਣੇ ਸਿਰ ਘੁਟ ਲਿਆ। ਫੇਰ ਉਹਨੂੰ ਡਾਢਾ ਗੁੱਸਾ ਚੜ੍ਹ ਗਿਆ ਤੇ ਉਹ ਨਿਆਜ਼-ਬੋ ਦੀ ਮਾਂ ਉਤੇ ਟੁੱਟ ਪਈ। ਉਹਨੇ ਉਹਦੇ ਕੋਲੋਂ ਚਾਬੀ ਕਢਵਾ ਲਈ ਤੇ ਸਾਰਾ ਜ਼ੋਰ ਲਾ ਕੇ ਉਹਨੂੰ ਉਸ ਕਾਲ-ਕੋਠੜੀ ਵਿੱਚ ਧਕ ਲੈ ਗਈ, ਜਿਥੇ ਅਜੇਹਾ ਡਕਿਆ ਪਿਆ ਸੀ। ਅਜਗਰ ਨੂੰ ਉਹਨੇ ਛੁਡਾ ਲਿਆ ਤੇ ਆਖਿਆ , ਉਹਦੇ ਪਿਛੇ-ਪਿਛੇ ਟੁਰਿਆ ਆਵੇ। ਤੇ ਉਹਨੇ ਆਪਣੇ ਪਿੱਛੇ ਬਾਰਾਂ ਦੇ ਬਾਰਾਂ ਦਰਵਾਜ਼ਿਆਂ ਨੂੰ ਜੰਦਰੇ ਤੇ ਸੀਖਾਂ ਲਾ ਦਿੱਤੀਆਂ।
ਕਲੌਆਂਤਸਾ ਤੇ ਅਜਗਰ ਬਹਿ ਗਏ ਤੇ ਸਲਾਹਵਾਂ ਕਰਨ ਲਗੇ , ਨਿਆਜ਼-ਬੋ ਤੋਂ ਬਦਲਾ ਕਿਵੇਂ ਲਿਆ ਜਾਏ ਤੇ ਉਹਨੂੰ ਕਿਵੇਂ ਮਾਰ - ਮੁਕਾਇਆ ਜਾਵੇ।
"ਲੜਾਈ ਲਈ ਵੰਗਾਰ ਸੂ, " ਜਾਦੂਗਰਨੀ ਨੇ ਅਜਗਰ ਨੂੰ ਆਖਿਆ।
“ਨਹੀਂ , ਉਹਦੇ ਤੋਂ ਡਰ ਲਗਦੈ ਮੈਨੂੰ , ' ਅਜਗਰ ਨੇ ਜਵਾਬ ਦਿਤਾ। “ਉਹਦੀ ਬਾਂਹ 'ਚ ਜ਼ੋਰ ਮੇਰੀ ਬਾਂਹ ਨਾਲੋਂ ਕਿਤੇ ਜ਼ਿਆਦੈ । ਮੇਰਾ ਖ਼ਿਆਲ ਏ , ਅਜੇ ਜਦੋਂ ਵੇਲਾ ਏ , ਨਿਕਲ ਚਲੀਏ , ਤੇ ਉਹਦੀਆਂ ਨਜ਼ਰਾਂ ਆਪਣੇ 'ਤੇ ਨਾ ਪੈਣ ਦਈਏ , ਨਹੀਂ ਤਾਂ , ਸਾਡੇ ਲਈ ਚੰਗਾ ਨਹੀਂ ਰਹਿਣ ਲਗਾ।"
“ਜੇ ਤੂੰ ਇੰਜ ਮਹਿਸੂਸ ਕਰਨੈਂ , ਤਾਂ ਤੈਨੂੰ ਮੇਰੇ 'ਤੇ ਛਡ ਦੇਣਾ ਚਾਹੀਦੈ ,"ਕਲੋਆਂਤਸਾ ਨੇ ਆਖਿਆ। “ਮੈਂ ਉਹਨੂੰ ਚੁੱਕੀ ਜਾਵਾਂਗੀ , ਜਿੰਨਾ ਚਿਰ ਉਹਦੀ ਇਹੋ ਜਿਹੀ ਹਾਲਤ ਨਹੀਂ ਹੋ ਜਾਂਦੀ ਕਿ ਉਹ ਆਪਣੇ ਆਪ ਰੀਂਗਦਾ ਸਪ ਦੀ ਖੁਡ ’ਚ ਜਾ ਪਹੁੰਚੇ , ਤੇ ਖਲਾਸੀ ਕਰਾਣ ਲਈ ਮੂੰਹੋਂ ਮੌਤ ਮੰਗੇ ।”
ਤੇ ਇਹ ਆਖ , ਉਹਨੇ ਅਜਗਰ ਨੂੰ ਲੁਕਾ ਦਿਤਾ ਤੇ ਫੇਰ ਲਾਟੂ ਵਾਂਗ ਘੁੰਮਣ ਲਗ ਪਈ ਤੇ ਓਦੋਂ ਤਕ ਘੁੰਮਦੀ ਗਈ , ਜਦੋਂ ਤਕ ਉਹਨੇ ਨਿਆਜ਼-ਬੋ ਫ਼ੇਤ-ਫ਼ਰੂਮੋਸ ਦੀ ਮਾਂ ਦਾ ਭੇਸ ਨਾ ਵਟਾ ਲਿਆ। ਉਹਨੇ ਡਾਢੇ ਬੀਮਾਰ ਤੇ ਪੀੜੋ- ਪੀੜ ਹੋਣ ਦਾ ਪਜ ਪਾਇਆ ਤੇ ਬਹਿ ਨਿਆਜ਼-ਬੋ ਫ਼ੇਤ-ਫ਼ਰੂਮੋਸ ਨੂੰ ਉਡੀਕਣ ਲਗੀ।

ਇਕ ਦਿਨ ਲੰਘ ਗਿਆ ਤੇ ਫੇਰ ਇਕ ਹੋਰ ਲੰਘ ਗਿਆ , ਤੇ ਨਿਆਜ਼-ਬੋ ਫ਼ੇਤ-ਫ਼ਰੂਮੋਸ ਸ਼ਿਕਾਰ ਤੋਂ ਵਾਪਸ ਆ ਗਿਆ। ਉਹਨੇ ਦਹਿਲੀਜ਼ ਟੱਪੀ ਹੀ ਸੀ ਕਿ ਕਲੋਆਂਤਸਾ ਸਿਸਕਣ ਤੇ ਹਉਕੇ ਭਰਨ ਲਗ ਪਈ।
“ਬਚੜਿਆ , ਮੇਰੇ ਬਚੜਿਆ ,' ਹਉਕੇ ਭਰਦਿਆਂ - ਭਰਦੀਆਂ ਉਹਨੇ ਆਖਿਆ , "ਮੈਂ ਸਚੀ ਮੁਚੀ ਈ ਦੁਖੀ ਹਾਂ , ਤੂੰ ਚਲਾ ਜੁ ਗਿਆ ਤੇ ਇਹ ਖ਼ਿਆਲ ਵੀ ਨਾ ਕੀਤਾ , ਮੈਨੂੰ ਤੇਰੀ ਲੋੜ ਪੈ ਸਕਦੀ ਏ। ਤੇ ਮੈਂ ਡਾਢੀ ਬੀਮਾਰ ਪੈ ਗਈ , ਤੇ ਮੇਰੀ ਵਾਤ ਪੁੱਛਣ ਵਾਲਾ ਕੋਈ ਨਹੀਂ ਸੀ। ਹਾਇ , ਜੇ ਕਦੀ ਮੈਨੂੰ ਪੰਛੀ ਦੇ ਦੁਧ ਦੀ ਇਕ ਬੂੰਦ ਮਿਲ ਜਾਂਦੀ , ਇਕੋ ਛੋਟੀ ਜਿਹੀ ਬੰਦ !... ਤੇ ਫੇਰ ਮੇਰੀ ਬੀਮਾਰੀ ਹਟ ਜਾਏਗੀ , ਤੇ ਮੈਂ ਫੇਰ ਉਠਣ - ਬਹਿਣ ਜੋਗੀ ਹੋ ਜਾਵਾਂਗੀ।"
ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ , ਬਹੁਤ ਹੀ ਭਾਰੇ ਦਿਲ ਨਾਲ , ਮਾਂ ਦੇ ਡਾਢੇ ਰੋਗ ਦੀ ਕਹਾਣੀ ਸੁਣੀ। ਉਹਨੇ ਇਕ ਘੜਾ ਫੜਿਆ , ਤੇ ਕਲੋਆਂਤਸਾ ਨੂੰ ਇਹ ਕਹਿ , ਉਹ ਉਹਦੇ ਛੇਤੀ ਮੁੜ ਆਉਣ ਦਾ ਭਰੋਸਾ ਰਖੇ , ਪੰਛੀ ਦੇ ਦੁਧ ਦੀ ਭਾਲ ਵਿਚ ਨਿਕਲ ਪਿਆ।
ਉਹ ਪਹਾੜੀਆਂ ਤੇ ਵਾਦੀਆਂ ਪਾਰ ਕਰਦਾ ਗਿਆ ਤੇ ਅਖ਼ੀਰ ਇਕ ਮਹਿਲ ਕੋਲ ਪਹੁੰਚਿਆ। ਉਹਨੇ ਫਾਟਕ ਖੜਕਾਇਆ , ਤੇ ਉਹਨੂੰ ਇਕ ਮੁਟਿਆਰ ਨੇ ਆਵਾਜ਼ ਦਿੱਤੀ ਤੇ ਆਖਿਆ:
“ਜੇ ਭਲਾ ਆਦਮੀ ਏ , ਤਾਂ ਲੰਘ ਆ। ਜੇ ਬੁਰਾ ਆਦਮੀ ਏਂ , ਤਾਂ ਲੰਘ ਜਾ , ਨਹੀਂ ਤੇ ਮੇਰੇ ਕੁੱਤੇ ਬੋਟੀਆਂ ਕਰ ਦੇਣਗੇ ਨੀ।"
"ਮਿਠ - ਬੋਲੀਏ ਮੁਟਿਆਰੇ , ਤੇਰਾ ਫਾਟਕ ਭਲਾ ਆਦਮੀ ਖੜਕਾ ਰਿਹੈ , ਨਿਆਜ਼-ਬੋ ਫ਼ੇਤ-ਫਰੂਮੋਸ ਨੇ ਜਵਾਬ ਦਿਤਾ।
ਫਾਟਕ ਉਹਦੇ ਅਗੇ ਖੁਲ੍ਹ ਗਿਆ ਤੇ ਉਹਨੂੰ ਇਕ ਬਹੁਤ ਹੀ ਸੁਹਣਾ ਘਰ ਦਿਸਿਆ। ਉਹਦੇ ਬੂਹੇ ਤੇ ਬਾਰੀਆਂ ਚੁੱਪਟ ਖੁਲੇ ਹੋਏ ਸਨ।
"ਸ਼ੁਭ ਸ਼ਾਮ , ਅੰਦਰ ਵੜਦਿਆਂ , ਉਹਨੇ ਆਖਿਆ।
“ਸ਼ੁਭ ਸ਼ਾਮ , ਮੁਟਿਆਰ ਨੇ ਜਵਾਬ ਦਿਤਾ। ਤੇ ਕਿੱਡੀ ਸੁਹਣੀ ਮੁਟਿਆਰ ਸੀ ਉਹ! ਉਹਦੇ ਸੁਹਜ ਅਗੇ। ਸੂਰਜ , ਚੰਨ ਤੇ ਸਰਘੀ ਵੇਲੇ ਦੀਆਂ ਡਲਕਦੀਆਂ ਕਿਰਨਾਂ ਮਾਂਦ ਪੈ ਜਾਂਦੀਆਂ ਸਨ।
ਉਹਨੂੰ ਨਿਉਂ ਕੇ ਸਲਾਮ ਕਰਦਿਆਂ , ਨਿਆਜ਼-ਬੋ ਫੇਤ-ਫ਼ਰੂਮੋਸ ਨੇ ਕਿਹਾ :
“ਮੈਂ ਬੜੀ ਦੂਰੋਂ ਆਇਆਂ , ਤੇ ਮੈਂ ਬੜੀ ਦੂਰ ਜਾਣਾ ਏਂ। ਮੈਨੂੰ ਰਾਤ ਏਥੇ ਗੁਜ਼ਾਰ ਲੈਣ ਦੇਂਗੀ?
“ਜੀ ਸਦਕੇ ਗੁਜ਼ਾਰ , ਮੁਟਿਆਰ ਨੇ ਜਵਾਬ ਦਿਤਾ, ਤੇ ਉਸ ਮਿਹਰਬਾਨ ਤੇ ਮਹਿਮਾਨ ਨਵਾਜ਼ ਮੀਜ਼ਬਾਨ ਨੇ ਉਹਨੂੰ ਜ਼ਰੀ ਦੇ ਗਲੀਚੇ ਤੇ ਬਿਠਾਇਆ ਤੇ ਉਹਦੇ ਅਗੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਪਰੋਸ ਦਿਤੇ।
ਦਸਤਰਖ਼ਾਨ ਤੇ ਬੈਠਿਆਂ , ਉਹ ਗੱਲਾਂ ਕਰਦੇ ਰਹੇ ਤੇ ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਮੁਟਿਆਰ ਨੂੰ ਦਸਿਆ , ਕਿਹੜੀ ਗਲ ਉਹਨੂੰ ਘਰੋਂ ਏਨੀ ਦੂਰ ਲੈ ਆਈ ਸੀ।
“ਪਤਾ ਈ , ਪੰਛੀ ਦਾ ਦੁਧ ਕਿਥੋਂ ਲਭੇਗਾ? ਉਹਨੇ ਪੁਛਿਆ।
“ਜਦੋਂ ਦੀ ਮੈਂ ਏਸ ਧਰਤੀ 'ਤੇ ਰਹਿੰਦੀ ਆਂ , ਮੈਂ ਇਹੋ ਜਿਹੀ ਕਿਸੇ ਖਾਣ-ਪੀਣ ਦੀ ਚੀਜ਼ ਦਾ ਨਾਂ ਨਹੀਂ ਸੁਣਿਆ ਤੇ ਨਾ ਹੀ ਇਹੋ ਜਿਹੇ ਕਿਸੇ ਇਲਾਜ ਦਾ , ਮੁਟਿਆਰ ਨੇ ਜਵਾਬ ਦਿਤਾ। “ਪਰ ਤੂੰ ਭਲਾ ਆਦਮੀ ਏ , ਤੇ ਮੈਂ ਤੇਰੇ ’ਤੇ ਮਿਹਰ ਕਰਾਂਗੀ ਤੇ ਪਤਾ ਕਰਨ ਦਾ ਜਤਨ ਕਰਾਂਗੀ , ਜੁ ਤੂੰ ਜਾਣਨਾ ਚਾਹੁੰਣੈ। ਕੁਝ ਚਿਰ ਪਿਛੋਂ ਮੈਂ ਆਪਣੇ ਭਰਾ , ਚਮਕਦੇ ਸੂਰਜ , ਕੋਲ ਜਾਵਾਂਗੀ ਤੇ ਉਹਦੇ ਕੋਲੋਂ ਪੁੱਛਾਂਗੀ। ਹੋਰ ਭਾਵੇਂ ਕਿਸੇ ਨੂੰ ਵੀ ਪਤਾ ਨਾ ਹੋਵੇ , ਉਹਨੂੰ ਪਤੈ , ਧਰਤੀ ਉਤੇ ਕਿਹੜੀਆਂ - ਕਿਹੜੀਆਂ ਚੀਜ਼ਾਂ ਕਿੱਥੇ - ਕਿੱਥੇ ਹੁੰਦੀਆਂ ਨੇ।
ਤੇ ਨਿਆਜ਼-ਬੋ ਫ਼ੇਤ-ਫ਼ਰੂਮੋਸ ਦਾ ਸੂਰਜ ਦੀ ਭੈਣ , ਇਲਾਨਾ ਕੋਸਿਨਜ਼ਾਨਾ, ਨਾਲ ਮੇਲ ਇਸ ਤਰ੍ਹਾਂ ਹੋਇਆ।
ਕੁਝ ਚਿਰ ਪਿਛੋਂ ਜਦੋਂ ਉਹਦਾ ਮਹਿਮਾਨ , ਥਕੇਵੇਂ ਦੇ ਵੱਸ ਹੋ , ਸੌ ਗਿਆ ਸੀ , ਇਲਾਨਾ ਕੋਸਿਨਜ਼ਾਨਾ ਆਪਣੇ ਭਰਾ ਕੋਲ ਗਈ ਤੇ ਉਹਨੂੰ ਪੁੱਛਣ ਲਗੀ, ਕੀ ਉਹਨੂੰ ਪਤਾ ਸੀ , ਪੰਛੀ ਦਾ ਦੁਧ ਕਿਥੇ ਲਭ ਸਕਦਾ ਸੀ।
“ਬੜੀ ਦੂਰੋਂ , ਨਿੱਕੀਏ ਭੈਣੇ , ਬੜੀ ਦੂਰੋਂ , ਚਮਕਦੇ ਸੂਰਜ ਨੇ ਜਵਾਬ ਦਿਤਾ।" ਓਥੇ ਪਹੁੰਚਦਿਆਂ ਕਿੰਨੇ ਈ ਹਫ਼ਤੇ ਲਗ ਜਣਗੇ ; ਸਾਰਾ ਰਾਹ ਚੜ੍ਹਦੇ ਵਲ ਜਾਣੈ , ਤਾਂਬੇ ਦੇ ਪਹਾੜ ਤੋਂ ਪਾਰ ਵਲ। ਪਰ ਪੰਛੀ ਜਿਹੜਾ ਦੁਧ ਦੇਂਦੈ , ਫੜਿਆ ਨਹੀਂ ਜਾ ਸਕਦਾ , ਉਹ ਏਡਾ ਦੈਂਤ ਏ , ਜਿੱਡਾ ਕਦੀ ਕਿਸੇ ਕਿਆ ਨਹੀਂ ਹੋਇਆਂ : ਉਹਦਾ ਇਕ - ਇਕ ਪਰ ਬੱਦਲ ਜਿੱਡਾ ਏ, ਤੇ ਜੇ ਕੋਈ ਨੇੜੇ ਆਉਂਦੈ , ਉਹਨੂੰ ਉਹ ਚੁਕ ਕੇ ਆਲ੍ਹਣੇ 'ਚ ਲੈ ਜਾਂਦੈ ਤੇ ਬੋਟੀ - ਬੋਟੀ ਕਰਨ ਲਈ ਆਪਣੇ ਬਚਿਆਂ ਅਗੇ ਪਾ ਦੇਂਦੈ।
ਉਸ ਭਿਆਨਕ ਹੋਣੀ ਦੇ ਖ਼ਿਆਲ ਨਾਲ , ਜਿਹੜੀ ਨਿਆਜ਼-ਬੋ ਫ਼ੇਤ-ਫ਼ਰੂਮੋਸ ਨੂੰ ਉਡੀਕ ਰਹੀ ਸੀ, ਜੁ ਮੌਤ ਦੇ ਮੂੰਹ ਵਿਚ ਜਾ ਰਿਹਾ ਸੀ , ਸੂਰਜ ਦੀ ਭੈਣ , ਇਲਾਨਾ ਕੋਸਿਨਜ਼ਾਨਾ, ਦਾ ਦਿਲ ਮਿਹਰ ਤੇ ਸਹਿਮ ਨਾਲ ਭਰ ਗਿਆ। ਤੇ ਉਹਨੇ ਉਹਦੀ ਮਦਦ ਕਰਨ ਦਾ ਮਤਾ ਪਕਾਇਆ। ਅਗਲੀ ਸਵੇਰੇ , ਉਹ ਆਪਣੇ ਤਬੇਲੇ ਵਿਚੋਂ ਬਾਰ੍ਹਾਂ ਖੰਭਾ ਵਾਲਾ ਘੋੜਾ ਲੈ ਆਈ ਤੇ ਉਹ ਉਹਨੇ ਨਿਆਜ਼-ਬੋ ਨੂੰ ਪੇਸ਼ ਕਰ ਦਿਤਾ :
"ਭਲੇ ਨੌਜਵਾਨਾ , ਇਹ ਘੋੜਾ ਲੈ ਜਾ ," ਉਹਨੇ ਆਖਿਆ। "ਤੇਰੇ ਕੰਮ ਆਏਗਾ ਤੇ ਤੈਨੂੰ ਮਹਿਫੂਜ ਰਖੇਗਾ। ਕਿਸਮਤ ਤੇਰੇ 'ਤੇ ਮਿਹਰਬਾਨ ਹੋਵੇ ਜਾਂ ਨਾ ਹੋਵੇ , ਵਾਪਸ ਜਾਂਦਿਆਂ ਮੇਰੇ ਘਰ ਜ਼ਰੂਰ ਅਟਕੀ।"
ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ , ਜਿਹੜਾ ਆਪਣਾ ਦਿਲ ਇਸ ਮਿਹਰਬਾਨ ਤੇ ਸੁਹਣੀ ਮੁਟਿਆਰ ਦੇ ਪੈਰਾਂ ਵਿਚ ਰਖ ਦੇਣ ਲਈ ਤਾਂਘ ਰਿਹਾ ਸੀ , ਉਹਦਾ ਬਹੁਤ - ਬਹੁਤ ਸ਼ੁਕਰੀਆ ਅਦਾ ਕੀਤਾ , ਪਲਾਕੀ ਮਾਰ ਘੋੜੇ ਉਤੇ ਚੜ੍ਹ ਗਿਆ ਤੇ ਚਲ ਪਿਆ।

ਉਹ ਦੁੜਾਂਦਾ ਗਿਆ ਘੋੜਾ
ਪਹਾੜਾਂ ਤੇ ਵਾਦੀਆਂ ਉਤੋਂ ,
ਦੂਣਾਂ ਤੇ ਪੈਲੀਆਂ ਉਤੋਂ ,
ਜੰਗਲਾਂ ਤੇ ਚਰਾਂਦਾਂ ਉਤੋਂ ,
ਖੁਲਿਆਂ ਮੈਦਾਨਾਂ ਉਤੋਂ।
ਤੇ ਅਖ਼ੀਰ ਉਹਨੂੰ ਦੁਰ ਕੁਝ ਦਿਸਿਆ ਜੁ ਤਾਂਬੇ ਦੀ ਕੰਧ ਲਗਦਾ ਸੀ। ਜਦੋਂ ਉਹ ਨੇੜੇ ਪਹੁੰਚਿਆ , ਕੰਧ ਉਚੀਉਂ ਉਚੀ ਹੁੰਦੀ ਗਈ , ਤੇ ਇਕ ਪਹਾੜੀ ਬਣ ਗਈ ਤੇ ਫੇਰ ਇਕ ਬਹੁਤ ਵੱਡਾ ਪਹਾੜ। ਤੇ ਜਦੋਂ ਉਹ ਤਾਂਬੇ ਦੇ ਪਹਾੜ ਦੇ ਹੇਠਾਂ ਅਪੜਿਆ , ਉਹਨੇ ਵੇਖਿਆ , ਉਹਦੀ ਟੀਸੀ ਅਸਮਾਨ ਛੂਹ ਰਹੀ ਸੀ । ਏਡੇ ਉਚੇ ਪਹਾੜ ਸਚੀ ਮੁਚੀ ਕਿਤੇ ਟਾਵੇਂ ਹੀ ਹੁੰਦੇ ਨੇ! ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਪਹਾੜ ਨੂੰ ਧਿਆਨ ਨਾਲ ਘੋਖਿਆ - ਪਰਖਿਆ , ਉਹਦੀਆਂ ਨਜ਼ਰਾਂ ਹੇਠੋਂ ਲੈ ਕੇ ਟੀਸੀ ਤਕ ਫਿਰ ਗਈਆਂ। ਤਾਂ ਹੀ ਉਹਨੂੰ ਬਹੁਤ ਉੱਪਰ ਅਸਮਾਨ ਵਿਚ , ਇਕ ਬਹੁਤ ਵੱਡਾ ਪੰਛੀ ਦਿਸਿਆ , ਜਿਹਦੇ ਖੰਭ ਤੂਫ਼ਾਨੀ ਬਦਲਾਂ ਵਾਂਗ ਵਡੇ ਤੇ ਕਾਲੇ ਸਨ। ਪੰਛੀ ਚੱਕਰ ਉਤੇ ਚੱਕਰ ਕੱਢੀ ਗਿਆ , ਇਕ ਪਾਸੇ ਨਿਕਲਿਆ ਤੇ ਅਖੋਂ ਓਹਲੇ ਹੋ ਗਿਆ।
ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਲਗਾਮ ਨੂੰ ਖਿਚਿਆ ਤੇ ਘੋੜੇ ਨੂੰ ਉਪਰ ਪਹਾੜ ਉਤੇ ਪਾ ਦਿਤਾ। ਡਗਾ - ਡਗ! ਘੋੜਾ ਸਿਰਪਟ ਦੌੜ ਪਿਆ , ਅਗੇ ਵਧੀ ਹੋਈ ਇਕ ਚਟਾਨ ਤੋਂ ਦੂਜੀ ਚਟਾਨ ਉਤੇ ਟਪਦਾ ਗਿਆ ਤੋਂ ਨਿਆਜ਼-ਬੋ ਫ਼ਤ-ਫ਼ਰੂਮੋਸ ਨੂੰ ਸਭ ਤੋਂ ਉਚੀ ਟੀਸੀ ਉਤੇ ਲੈ ਗਿਆ। ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਆਪਣੇ ਦੁਆਲੇ ਵੇਖਿਆ , ਤੇ ਉਹਨੂੰ ਇਕ ਕਮਾਲ ਦੀ ਝਾਕੀ ਦਿੱਸੀ! ਆਪਣੇ ਤਾਂਬੇ ਦੇ ਆਲ੍ਹਣਿਆਂ ਵਿਚ ਦੈਤ ਪੰਛੀ ਦੇ ਬੱਚੇ ਬੈਠੇ ਸਨ, ਉਹਨਾਂ ਵਿਚ ਹਰ ਇਕ , ਭਾਵੇਂ ਅਜੇ ਉਹਨਾਂ ਨੂੰ ਪਰ ਨਹੀਂ ਸਨ ਲਗੇ ,ਢੱਗੇ ਜਿੱਡਾ ਸੀ, ਤੇ ਭੁੱਖ ਨਾਲ ਕੁਰਲਾ ਰਿਹਾ ਸੀ। ਨਿਆਜ਼-ਬੋ ਫ਼ੇਤ-ਫਰੂਮੋਸ ਨੇ ਦੁਆਲੇ ਨਜ਼ਰ ਮਾਰੀ , ਤੇ ਤਾਂਬੇ ਦੀ ਚਟਾਨ ਵਿਚ ਇਕ ਦਰਾੜ ਵੇਖ , ਉਹ ਘੋੜੇ ਸਮੇਤ ਉਹਦੇ ਵਿਚ ਲੁਕ ਗਿਆ। ਛੇਤੀ ਹੀ ਮਾਂ - ਪੰਛੀ ਉਡਾਰੀ ਲਾਂਦਾ ਵਾਪਸ ਆ ਗਿਆ। ਉਹ ਇਕ ਆਲ੍ਹਣੇ ਤੋਂ ਦੂਜੇ ਆਲ੍ਹਣੇ 'ਤੇ ਉਡਦਾ ਤੇ ਬੋਟਾਂ ਨੂੰ ਦੁਧ ਪਿਆਣ ਲਗਾ। ਜਦੋਂ ਉਹ ਉਡ ਉਸ ਆਲ੍ਹਣੇ ਕੋਲ ਪਹੁੰਚਿਆ ਜਿਹਦੇ ਨੇੜੇ ਨਿਆਜ਼-ਬੋ ਫ਼ੇਤ-ਫ਼ਰੂਮੋਸ ਲੁੱਕਾ ਹੋਇਆ ਸੀ , ਉਹਨੇ ਆਪਣੀ ਪੂਰੀ ਹਿੰਮਤ ਤੋਂ ਕੰਮ ਲਿਆ ਤੇ ਆਪਣਾ ਘੋੜਾ ਅਗੇ ਕਰ ਦਿਤਾ , ਤੇ ਪੰਛੀ ਨੇ ਅਣ - ਜਾਤਿਆਂ ਹੀ ਕੁਝ ਦੁਧ ਉਹਦੇ ਵਿਚ ਡਿਗ ਪੈਣ ਦਿਤਾ। ਫੇਰ ਉਹ ਪਲਾਕੀ ਮਾਰ ਘੋੜੇ ਉਤੇ ਚੜ੍ਹ ਗਿਆ ਤੇ ਆਪਣੀ ਪਿਆਰੀ ਜਾਨ ਬਚਾਣ ਲਈ ਭਜ ਨਿਕਲਿਆ ! ਐਨ ਓਸੇ ਹੀ ਵੇਲੇ ਇਕ ਬੋਟ ਫੇਰ ਭੁਖ ਨਾਲ ਚੀਕਣ ਲਗ ਪਿਆ , ਤੇ ਮਾਂ - ਪੰਛੀ ਨੇ ਜਦੋਂ ਦੁਪਾਸੀਂ ਤਕਿਆ , ਉਹਨੂੰ ਨਿਆਜ਼-ਬੋ ਦਿਸ ਪਿਆ। ਉਹ ਨਰਕਾਂ ਦੇ ਕਿਸੇ ਰਾਖਸ਼ਸ ਵਾਂਗ ਉਹਦੇ ਪਿਛੇ ਉਡ ਪਿਆ , ਪਰ ਉਹਨੂੰ ਰਲ ਨਾ ਸਕਿਆ , ਕਿਉਂ ਜੁ ਉਹਦੇ ਕੋਲ ਦੋ ਹੀ ਖੰਭ ਸਨ ਜਦੋਂ ਖੋ ਨਿਆਜ਼-ਬੋ ਦੇ ਘੋੜੇ ਕੋਲ ਬਾਰਾਂ ਸਨ , ਤੇ ਇਸ ਲਈ ਉਹ ਉਹਦੇ ਨਾਲੋਂ ਕਿਤੇ ਤੇਜ਼ ਉਡ ਸਕਦਾ ਸੀ।
ਵਾਪਸ ਜਾਂਦਿਆਂ ਨਿਆਜ਼-ਬੋ ਫ਼ੇਤ-ਫ਼ਰੂਮੋਸ ਫੇਰ ਘੋੜਾ ਦੁੜਾਂਦਾ ਗਿਆ :
ਪਹਾੜਾਂ ਤੇ ਨਦੀਆਂ ਉਤੋਂ
ਦੂਣਾਂ ਤੇ ਪੈਲੀਆਂ ਉਤੋਂ
ਜੰਗਲਾਂ ਤੇ ਚਰਾਂਦਾਂ ਉਤੋਂ,
ਖੁਲ੍ਹਿਆਂ ਮੈਦਾਨਾਂ ਉਤੋਂ।

ਏਥੋਂ ਤਕ ਕਿ ਉਹ ਇਲਾਨਾ ਕੋਸਿਨਜ਼ਾਨਾ ਦੇ ਘਰ ਪਹੁੰਚ ਪਿਆ। ਇਲਾਨਾ ਉਹਨੂੰ ਮਿਹਰ ਨਾਲ ਮਿਲੀ ਤੇ ਉਹਨੂੰ ਆਖਣ ਲਗੀ, ਕੁਝ ਚਿਰ ਅਟਕ ਜਾਏ ਤੇ ਆਰਮ ਕਰ ਲਵੇ।
ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਖਾਧਾ ਪੀਤਾ ਤੇ ਸੌਂ ਗਿਆ। ਪਰ ਇਲਾਨਾ ਨੇ, ਜਿਹਨੂੰ ਜਿੰਨਾ ਉਹ ਕਹਿੰਦੀ ਸੀ, ਉਸ ਤੋਂ ਕਿਤੇ ਬਹੁਤਾ ਪਤਾ ਸੀ, ਕੀ ਹੋਣ ਵਾਲਾ ਏ, ਪੰਛੀ ਦਾ ਦੁਧ ਲੁਕਾ ਦਿਤਾ ਤੇ ਨਿਆਜ਼-ਬੋ ਫ਼ੇਤ-ਫ਼ਰੂਮੋਸ ਦਾ ਘੜਾ ਆਮ ਗਾਂ ਦੇ ਦੁਧ ਨਾਲ ਭਰ ਦਿਤਾ।
ਕੁਝ ਚਿਰ ਪਿਛੋਂ ਨਿਆਜ਼-ਬੋ ਫ਼ੇਤ-ਫ਼ਰੂਮੋਸ ਜਾਗਿਆ ਤੇ ਉਹਨੇ ਆਪਣਾ ਘੜਾ ਚੁਕ ਲਿਆ:
"ਤੂੰ, ਭੈਣੇ, ਸਚੀ ਮੁਚੀ ਈ ਮੇਰੇ ਨਾਲ ਬੜੀ ਮਿਹਰ ਨਾਲ ਪੇਸ਼ ਆਈਂ ਏਂ," ਉਹਨੇ ਆਖਿਆ, "ਤੇ ਤੇਰੇ ਘਰ ਆਰਾਮ ਕਰਨਾ ਮੇਰੇ ਲਈ ਚੰਗੈ; ਪਰ ਮੈਨੂੰ ਚਲਣਾ ਚਾਹੀਦੈ, ਮੇਰੀ ਬੀਮਾਰ ਮਾਂ ਮੈਨੂੰ ਉਡੀਕ ਰਹੀ ਹੋਵੇਗੀ।"
ਤੇ ਜਵਾਬ ਵਿਚ ਇਲਾਨਾ ਨੇ ਆਖਿਆ:
"ਤਾਂ ਫੇਰ, ਬਹਾਦੁਰ ਜਵਾਨਾ, ਸਫ਼ਰ ਚੰਗਾ ਲੰਘੀਂ, ਤੇ ਮੈਨੂੰ ਫੇਰ ਮਿਲਣ ਲਈ ਆਣਾ ਨਾ ਭੁੱਲੀਂ।"
ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਉਹਨੂੰ ਨਿਊਂ ਕੇ ਸਲਾਮ ਕੀਤਾ, ਉਹਨੂੰ ਅਲਵਿਦਾ ਆਖੀ, ਤੇ ਘੋੜੇ ਨੂੰ ਰਾਹੇ ਪਾ ਦਿਤਾ।

ਉਹ ਆਪਣੇ ਮਹਿਲ ਤਕ ਆ ਪਹੁੰਚਿਆ ਤੇ ਕਲੋਆਂਤਸਾ, ਉਹਦਾ ਆਉਣਾ ਮਹਿਸੂਸ ਕਰ, ਇੰਜ ਮਰੋੜੇ ਖਾਣ ਤੇ ਪਲਸੇਟੇ ਮਾਰਨ ਲਗ ਪਈ, ਜਿਵੇਂ ਅਗ-ਵਰ੍ਹਾਂਦੇ ਤੀਰਾਂ ਨਾਲ ਵਿੰਨੀ ਜਾ ਰਹੀ ਹੋਵੇ। ਉਹਨੇ ਆਪਣੇ ਆਪ ਨੂੰ ਆਪਣੇ ਬਿਸਤਰੇ ਉਤੇ ਸੁਟ ਪਾਇਆ ਤੇ ਇੰਜ ਸਿਸਕਣ ਤੇ ਹਉਕੇ-ਹਾਵੇ ਲੈਣ ਲਗੀ, ਜਿਵੇਂ ਮਰਨ-ਕੰਢੇ ਹੋਵੇ।
"ਮਰ ਜਾਂ ਮੈਂ! ਮਰ ਜਾਂ ਮੈਂ!" ਉਹ ਕੁਰਲਾਈ।
ਪਰ ਜਦੋਂ ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਦਹਿਲੀਜ਼ ਪਾਰ ਕੀਤੀ, ਉਹ ਉਹਨੂੰ ਕਹਿਣ ਲਗੀ:
"ਬਚੜਿਆ, ਕਿੰਨੀ ਖੁਸ਼ ਆਂ ਮੈਂ, ਤੂੰ ਵਾਪਸ ਆ ਪਹੁੰਚਿਐਂ। ਕਿੰਨੇ ਚਿਰ ਤੋਂ ਤੇਰੀ ਉਡੀਕ ਲਗੀ ਹੋਈ ਸੀ। ਦੁਧ ਲਿਆਂਦਾ ਈ ਮੇਰੇ ਲਈ?"
"ਲਿਆਂਦਾ ਏ," ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਜਵਾਬ ਦਿਤਾ, ਤੇ ਘੜਾ ਅਗੇ ਕਰ ਦਿਤਾ।
ਕਲੋਆਂਤਸਾ ਨੇ ਘੜੇ ਨੂੰ ਮੂੰਹ ਨਾਲ ਲਾ ਲਿਆ, ਤੇ ਸਾਰਾ ਦੁਧ ਪੀ ਗਈ।
"ਜਿਊਂਦਾ ਰਹੇਂ, ਮੇਰੇ ਬਹੁਤ ਪਿਆਰੇ ਬਚਿਆ, ਮੈਨੂੰ ਹੁਣੇ ਈ ਪਹਿਲਾਂ ਨਾਲੋਂ ਆਰਾਮ ਲਗ ਰਿਹੈ," ਉਹਨੇ ਆਖਿਆ।
ਉਹ ਲੇਟ ਗਈ ਤੇ ਸੁੱਤੀ ਪਈ ਹੋਣ ਦਾ ਪਜ ਪਾਣ ਲਗੀ, ਪਰ ਨੀਂਦਰ ਉਹਨੂੰ ਇਕ ਪਲ ਵੀ ਨਾ ਆ ਸਕੀ। ਉਹ ਸੋਚ ਰਹੀ ਸੀ, ਨਿਆਜ਼-ਬੋ ਫ਼ੇਤ-ਫ਼ਰੂਮੋਸ ਨੂੰ ਕਿਥੇ ਘਲਿਆ ਜਾਏ, ਜਿਥੇ ਜਾ ਉਹਦਾ ਕਿਸੇ ਨੁੰ ਚੇਤਾ ਤਕ ਵੀ ਨਾ ਆ ਸਕੇ। ਉਹ ਲੇਟੀ ਸੋਚਦੀ ਰਹੀ, ਤੇ ਫੇਰ ਚਾਣਚਕ ਹੀ ਉਹ ਪਲਸੇਟੇ ਮਾਰਨ, ਮਰੋੜੇ ਖਾਣ ਤੇ ਸਿਸਕਣ ਲਗ ਪਈ ਕਿ ਜਿੰਨੀ ਤਕਲੀਫ਼ ਉਹਨੂੰ ਹੁਣ ਹੋ ਰਹੀ ਸੀ, ਓਨੀ ਅਗੇ ਕਦੀ ਨਹੀਂ ਸੀ ਹੋਈ।
"ਉਹ ਮੇਰੇ ਪਿਆਰੇ, ਬੜੇ ਪਿਆਰੇ ਬਚਿਆ!" ਉਹ ਕੁਰਲਾਈ। "ਮੈਨੂੰ ਫੇਰ ਬੀਮਾਰੀ ਦਾ ਦੌਰਾ ਪੈ ਗਿਐ ਪਰ ਮੈਨੂੰ ਸੁਫ਼ਨਾ ਆਇਐ, ਜੇ ਮੈਂ ਲਵੇ ਜੰਗਲੀ ਸੂਰ ਦਾ ਮਾਸ ਖਾਵਾਂ ਤਾਂ ਮੈਂ ਵਲ ਹੋ ਜਾਵਾਂਗੀ।"
"ਤਾਂ ਮੈਂ ਜਾਨਾਂ ਤੇ ਤੁਹਾਨੂੰ ਜੰਗਲੀ ਸੂਰ ਦਾ ਮਾਸ ਲਿਆ ਦੇਨਾਂ, ਇਸ ਲਈ ਕਿ ਮੇਰੀ ਇਕੋ-ਇਕ ਰੀਝ ਇਹ ਵੇ, ਤੁਸੀਂ ਵਲ ਰਹੋ, ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਆਖਿਆ। ਤੇ ਪਲਾਕੀ ਮਾਰ ਘੋੜੇ ਉਤੇ ਚੜ੍ਹ, ਉਹ ਚਲ ਪਿਆ। ਉਹ ਘੋੜਾ ਚੋਖਾ ਚਿਰ ਦੁੜਾਂਦਾ ਗਿਆ ਤੇ ਅਖ਼ੀਰ ਇਲਾਨਾ ਕੋਸਿਨਜ਼ਾਨਾ ਦੇ ਘਰ ਪਹੁੰਚ ਪਿਆ।
"ਮੈਂ ਆ ਸਕਨਾਂ ?" ਉਹਨੇ ਇਲਾਨਾ ਕੋਸਿਨਜ਼ਾਨਾ ਤੋਂ ਪੂਛਿਆ।
"ਜੀ ਸਦਕੇ," ਇਲਾਨਾ ਨੇ ਜਵਾਬ ਦਿਤਾ। "ਨਿੱਘੇ ਦਿਲ ਨਾਲ ਮੈਂ ਤੇਰਾ ਸੁਆਗਤ ਕਰਦੀ ਹਾਂ।"
ਫੇਰ ਨਿਆਜ਼-ਬੋ ਫ਼ੇਤ-ਫ਼ਰੂਮੋਸ ਸਾਹ ਲੈਣ ਲਈ ਬਹਿ ਗਿਆ ਤੇ ਇਲਾਨਾ ਨੂੰ ਸਿਰ ਆ ਪਈ ਨਵੀਂ ਬਦ- ਨਸੀਬੀ ਦੀ ਗਲ ਸੁਣਾਣ ਲਗਾ ।
"ਪਤਾ ਈ, ਮੈਨੂੰ ਲਵਾ ਜੰਗਲੀ ਸੂਰ ਕਿਥੋਂ ਲਭੇਗਾ," ਉਹਨੇ ਉਹਦੇ ਤੋਂ ਪੁਛਿਆ। "ਮੇਰੀ ਮਾਂ ਫੇਰ ਬੀਮਾਰ ਹੋ ਗਈ ਏ। ਉਹ ਕਹਿੰਦੀ ਏ, ਉਹਨੂੰ ਲਵੇ ਜੰਗਲੀ ਸੂਰ ਦਾ ਮਾਸ ਈ ਬਚਾ ਸਕਦੈ।
"ਨਹੀਂ ਮੈਨੂੰ ਨਹੀਂ ਪਤਾ, ਪਰ ਏਥੇ ਕੁਝ ਚਿਰ ਠਹਿਰ ਤੇ ਆਰਾਮ ਕਰ, ਤੇ ਸ਼ਾਮੀ ਮੈਨੂੰ ਆਪਣੇ ਭਰਾ ਸੂਰਜ ਤੋਂ ਸਾਰਾ ਕੁਝ ਪਤਾ ਲਗ ਜਾਏਗਾ," ਇਲਾਨਾ ਨੇ ਜਵਾਬ ਦਿਤਾ। "ਉਹਨੂੰ ਜ਼ਰੂਰ ਈ ਪਤਾ ਹੋਵੇਗਾ, ਅਸਮਾਨ ਵਿਚ ਆਪਣੀ ਥਾਂ ਤੋਂ, ਉਹ ਹਰ ਕਿਸੇ ਨੂੰ ਵੇਖ ਜੁ ਸਕਦੈ ਤੇ ਉਸ ਤੋਂ ਕੁਝ ਵੀ ਲੁੱਕਾ ਨਹੀਂ ਰਹਿੰਦਾ।"
ਨਿਆਜ਼- ਬੋ ਫੇਤ-ਫ਼ਰੂਮਸ ਨੇ ਰਾਤ ਇਲਾਨਾ ਦੇ ਘਰ ਗੁਜ਼ਾਰੀ, ਤੇ ਸ਼ਾਮਾਂ ਵੇਲੇ, ਆਪਣੀਆਂ ਕਿਰਨਾਂ ਸਾਂਭ-ਸਮੇਟ, ਇਲਾਨਾ ਦਾ ਭਰਾ ਵੀ ਆਰਾਮ ਕਰਨ ਲਈ ਆ ਗਿਆ।
ਇਲਾਨਾ ਨੇ ਆਪਣੇ ਭਰਾ ਨੂੰ ਆਖਿਆ :
"ਮੈਂ ਕਿਸੇ ਨੂੰ ਜੰਗਲੀ ਸੂਰਾਂ ਦੀ ਗਲ ਕਰਦਿਆਂ ਸੁਣਿਐ। ਪਤਾ ਜੇ, ਉਹ ਦੁਨੀਆਂ ਦੇ ਕਿਸ ਹਿੱਸੇ 'ਚ ਹੁੰਦੇ ਨੇ?"
"ਬਹੁਤ ਦੂਰ, ਮੇਰੀਏ ਭੈਣੇ, ਬਹੁਤ ਦੂਰ ਉੱਤਰ ਵਲ," ਸੂਰਜ ਨੇ ਜਵਾਬ ਦਿੱਤਾ ।
"ਖੁਲ੍ਹੀਆਂ ਪੈਲੀਆਂ ਤੇ ਫੁੱਲਾਂ-ਭਰੀਆਂ ਵਾਦੀਆਂ ਤੋਂ ਪਾਰ, ਦਿਓਦਾਰ ਰੁਖਾਂ ਦੇ ਇਕ ਬਹੁਤ ਵਡੇ ਸੰਘਣੇ ਜੰਗਲ ਵਿਚ।"
"ਜੇ ਲਵਾ ਜੰਗਲੀ ਸੂਰ ਭੁੰਨਣਾ ਹੋਵੇ ਤਾਂ ਕਿਵੇ ਫੜਿਆ ਜਾਏ ?"
"ਨਹੀਂ ਫੜਿਆ ਜਾ ਸਕਦੈ, ਭੈਣੇ। ਜੰਗਲ 'ਚ ਦਿਓਦਾਰ ਏਨੇ ਸੰਘਣੇ ਨੇ ਕਿ ਬੰਦੇ ਦੀ ਤਾਂ ਗਲ ਈ ਛਡੋ, ਮੇਰੀਆਂ ਕਿਰਨਾਂ ਤਕ ਵੀ ਉਹਦੇ ਅੰਦਰ ਨਹੀਂ ਵੜ ਸਕਦੀਆਂ । ਏਥੋਂ ਤਕ ਕਿ ਮੈਂ ਭੀ ਸੂਰਾਂ ਨੂੰ, ਸਿਰਫ਼ ਦੁਪਹਿਰਾਂ ਵੇਲੇ ਵੇਖਨਾਂ, ਜਦੋਂ ਉਹ ਦਲਦਲ ਵਿਚ ਲੇਟਣੀਆਂ ਲੈਣ ਜੰਗਲ ਦੇ ਸਿਰੇ 'ਤੇ ਆਂਦੇ ਨੇ ।ਉਨ੍ਹਾਂ ਦੇ ਦੰਦ ਤੇਜ਼ ਨੇ, ਤੇ ਉਹਨਾਂ ਦੇ ਨੇੜੇ ਢੁਕਣ ਦੀ ਹਿੰਮਤ ਕਰਨਾ ਆਪਣੀ ਬੋਟੀ-ਬੋਟੀ ਕਰਵਾਣ ਬਰਾਬਰ ਏ ।"
ਇਲਾਨਾ ਕੋਸਿਨਜ਼ਾਨਾ ਨੇ ਨਿਆਜ਼-ਬੋ ਫ਼ੇਤ-ਫ਼ਰੂਮੋਸ ਨੂੰ ਦਸ ਦਿਤਾ, ਜੁ ਉਹਦੇ ਭਰਾ ਨੇ ਕਿਹਾ ਸੀ, ਤੇ ਨਿਆਜ਼-ਬੋ ਫ਼ੇਤ-ਫ਼ਰੂਮੋਸ ਜਿਹਨੂੰ ਇਹ ਵੀ ਪਤਾ ਸੀ ਕਿ ਕਿਥੇ ਜਾਣਾ ਸੀ ਤੇ ਇਹ ਵੀ ਕਿ ਕਿੱਡਾ ਖਤਰਾ ਉਹ ਮੁਲ ਲੈ ਰਿਹਾ ਸੀ, ਘੋੜੇ ਉਤੇ ਚੜ੍ਹ ਗਿਆ ਤੇ ਆਪਣੇ ਰਾਹੇ ਪੈ ਗਿਆ। ਉਹ ਪਹਾੜਾਂ ਉਤੋਂ, ਤੇ ਵਾਦੀਆਂ ਉਤੋਂ, ਦਰਿਆਵਾਂ ਉਤੋਂ ਤੇ ਖੱਡਾਂ ਉਤੋਂ ਘੋੜਾ ਉਡਾਂਦਾ ਲੈ ਗਿਆ, ਉਹਨੇ ਖੁਲ੍ਹੀਆਂ ਪੈਲੀਆਂ ਤੇ ਫੁੱਲਾਂ-ਭਰੀਆਂ। ਵਾਦੀਆਂ ਪਾਰ ਕੀਤੀਆਂ, ਤੇ ਉਹ ਦਿਓਦਾਰ ਰੁਖਾਂ ਦੇ ਇਕ ਬਹੁਤ ਵਡੇ, ਸੰਘਣੇ ਜੰਗਲ ਕੋਲ ਆਣ ਪਹੁੰਚਿਆ। ਉਹ ਜੰਗਲ ਵਿਚ ਜਾ ਵੜਿਆ, ਤੇ ਓਥੇ ਇੰਜ ਹਨੇਰਾ ਸੀ, ਜਿਵੇਂ ਪਾਤਾਲ ਵਿਚ। ਉਹਦਾ ਬਾਰਾਂ ਖੰਭਾਂ ਵਾਲਾ ਘੋੜਾ ਉਡਦਾ-ਉਡਦਾ ਅਸਮਾਨ ਵਿਚ ਆ ਨਿਕਲਿਆ ਤੇ ਉਹਨੂੰ ਉੱਚੇ ਤੋਂ ਉਚੇ ਦਿਓਦਾਰ ਤੋਂ ਵੀ ਉਪਰ ਲੈ ਗਿਆ, ਤੇ ਨਿਆਜ਼-ਬੋ ਨੂੰ ਉਹ ਦਲਦਲ ਦਿਸ ਪਈ, ਜਿਹਦੀ ਦਸ ਉਹਨੂੰ ਇਲਾਨਾ ਨੇ ਪਾਈ ਸੀ | ਦੁਪਹਿਰ ਹੋਣ ਵਾਲੀ ਸੀ, ਤੇ ਜੰਗਲ ਵਲੋਂ ਉਚੀ-ਉਚੀ ਘੁਰ-ਘੁਰ ਕਰਨ ਦੀ ਆਵਾਜ਼ ਸੁਣੀਤੀ, ਤੇ ਜੰਗਲੀ ਸੂਰ ਚਿੱਕੜ ਵਿਚ ਲੇਟਣੀਆਂ ਲੈਣ ਲਈ ਭਜਦੇ ਬਾਹਰ ਨਿਕਲਣ ਲਗੇ।
ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਇਕ ਸੁਹਣਾ ਲਵਾ ਜੰਗਲੀ ਸੂਰ ਤਾੜ ਲਿਆ, ਉਹਨੂੰ ਫੜ ਲਿਆ। ਆਪਣੇ ਘੋੜੇ ਦੀ ਪਿਠ ਉਤੇ ਰਖ ਲਿਆ, ਤੇ ਆਪਣੀ ਪਿਆਰੀ ਜਾਨ ਬਚਾਣ ਲਈ ਭਜ ਨਿਕਲਿਆ! ਪਰ ਸੂਰਾਂ ਨੇ ਉਹਨੂੰ ਵੇਖ ਲਿਆ ਹੋਇਆ ਸੀ, ਤੇ ਉਹ ਆਪਣੀਆਂ ਥੁੰੰਨੀਆਂ ਜ਼ਮੀਨ ਉਤੇ ਮਾਰਦੇ, ਉਹਨੂੰ ਫੜਨ ਲਈ ਉਹਦੇ ਪਿਛੇ ਭੱਜੇ। ਨਿਆਜ਼-ਬੋ ਦਾ ਘੋੜਾ ਤੇਜ਼ ਸੀ, ਨਹੀਂ ਤਾਂ ਉਹਦੇ ਵਾਲਾ ਅੰਤ ਹੋ ਗਿਆ ਸੀ। ਤੇ ਉਹਦੇ ਘੋੜੇ ਦੀ ਤੇਜ਼ੀ ਨੇ ਉਹਨੂੰ ਤੁੰਦ ਜਨੌਰਾਂ ਦੇ ਤੇਜ਼ ਦੰਦਾਂ ਤੋਂ ਬਚਾ ਲਿਆ। ਤੇ ਇਸ ਪਿਛੋਂ ਘੋੜਾ ਕਲੋਲ ਕਰਦਾ ਤੇ ਆਪਣੀ ਅੱਯਾਲ ਛੰਡਦਾ ਰਿਹਾ ਤੇ ਨਿਆਜ਼-ਬੋ ਫ਼ੇਤ-ਫ਼ਰੂਮੋਸ, ਕੋਈ ਸੁਰ ਅਲਾਪਦਾ ਰਿਹਾ, ਤੇ ਉਹਨੂੰ ਇਸ ਗਲ ਦੀ ਕਿ ਇਸ ਮੁਹਿੰਮ ਵਿਚ ਵੀ ਕਾਮਯਾਬੀ ਨੇ ਉਹਦੇ ਪੈਰ ਚੁੰਮੇ ਸਨ, ਜਿੰਨੀ ਵੀ ਖੁਸ਼ੀ ਹੈ ਸਕਦੀ ਸੀ, ਮਹਿਸੂਸ ਹੋ ਰਹੀ ਸੀ।
ਵਾਪਸ ਜਾਂਦਿਆਂ ਪਹਿਲਾਂ ਵਾਂਗ ਹੀ ਉਹ ਇਲਾਨਾ ਕੋਸਿਨਜ਼ਾਨਾ ਦੇ ਘਰ ਸਾਹ ਲੈਣ ਲਈ ਅਟਕ ਗਿਆ ਜਦੋਂ ਉਹਨੇ ਖਾ-ਪੀ ਲਿਆ ਤੇ ਜਦੋਂ ਉਹ ਮਿੱਠੀ ਨੀਂਦਰੇ ਸੁੱਤਾ ਪਿਆ ਸੀ, ਇਲਾਨਾ ਕੋਸਿਨਜ਼ਾਨਾ ਨੇ ਜੰਗਲੀ ਸੂਰ ਦੇ ਬੱਚੇ ਦੀ ਥਾਂ ਆਮ ਸੂਰ ਦਾ ਬੱਚਾ ਰਖ ਦਿਤਾ ਤੇ ਅਜਿਹਾ ਕੋਈ ਨਿਸ਼ਾਨ ਨਾ ਰਹਿਣ ਦਿੱਤਾ ਜਿਸ ਤੋਂ ਨਿਆਜ਼-ਬੋ ਫ਼ੇਤ-ਫ਼ਰੂਮੋਸ ਨੂੰ ਉਹਦੇ ਕੀਤੇ ਦਾ ਸ਼ਕ ਪੈਦਾ ਹੋ ਸਕੇ ਤੇ ਉਹਨੇ ਉਹਨੂੰ ਨਿੱਘੇ ਤੋਂ ਨਿੱਘੇ ਢੰਗ ਨਾਲ ਉਹਦੇ ਰਾਹੇ ਪਾ ਦਿਤਾ।

ਜਦੋਂ ਕਲੋਆਂਤਸਾ ਨੇ ਨਿਆਜ਼-ਬੋ ਫ਼ੇਤ-ਫ਼ਰੂਮੋਸ ਨੂੰ ਘਰ ਪਰਤਦਿਆਂ ਵੇਖਿਆ, ਉਹ ਇੰਜ ਦੰਦ ਕਰੀਚਣ ਲਗ ਪਈ ਕਿ ਉਹਦੇ ਮੂੰਹ ਵਿਚੋਂ ਚੰਗਿਆੜੇ ਵਰ੍ਹਣ ਲਗ ਪਏ। ਪਰ ਉਹਨੂੰ ਆਪਣਾ ਆਪ ਸਾਂਭਣਾ ਤੇ ਡਾਢੇ ਬੀਮਾਰ ਪਏ ਹੋਣ ਦਾ ਪਜ ਪਾਣਾ ਪਿਆ, ਤੇ ਉਹ ਨਿਆਜ਼-ਬੋ ਫ਼ੇਤ-ਫ਼ਰੂਮੋਸ ਦੇ ਕਮਰੇ ਅੰਦਰ ਵੜਦਿਆਂ ਹੀ ਕਹਿਣ ਲਗੀ:
“ਵਾਹ, ਮੇਰੇ ਬਚਿਆ, ਮੇਰੇ ਪਿਆਰੇ ਬਚਿਆ, ਰਬ ਦਾ ਸ਼ੁਕਰ ਏ, ਤੂੰ ਆ ਗਿਐਂ ਤੇ ਮੈਂ ਤੇਰਾ ਮੂੰਹ ਫੇਰ ਵੇਖ ਸਕੀ ਹਾਂ! ਜੇ ਤੂੰ ਰਤਾ ਮਾਸਾ ਵੀ ਹੋਰ ਢਿਲ ਕੀਤੀ ਹੁੰਦੀ, ਤੈਨੂੰ ਮੈਂ ਜਿਊਂਦਿਆਂ ਨਹੀਂ ਸੀ ਲਭਣਾ। ਸੂਰ ਨੂੰ ਛੇਤੀ ਨਾਲ ਜ਼ਬ੍ਹਾ ਕਰ ਤੇ ਮੈਨੂੰ ਉਹਦਾ ਮਾਸ ਚੱਖਣ ਦੇ।"
ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਸੂਰ ਨੂੰ ਵਢਿਆ, ਉਹਨੂੰ ਓਦੋਂ ਤਕ ਅੰਗਿਆਰਾਂ ਉਤੇ ਭੁੰਨਿਆ, ਜਦੋਂ ਤਕ ਭੁਜ ਕੇ ਉਹਦਾ ਰੰਗ ਗੂਹੜਾ ਨਸਵਾਰੀ ਨਾ ਹੋ ਗਿਆ ਤੇ ਫੇਰ ਕਲੋਆਂਤਸਾ ਨੂੰ ਮਾਸ ਚਖਾਇਆ।
“ਪਹਿਲਾਂ ਨਾਲੋਂ ਆਰਾਮ ਲਗਦੈ, ਉਤੋਂ-ਉਤੋਂ ਵਲ ਹੋਈ ਲਗਦੀ, ਜਾਦੂਗਰਨੀ ਨੇ ਆਖਿਆ, “ਤੇ ਹੁਣ ਨਜ਼ੀਰ ਮੇਰੀ ਨਿੰਮੀ ਨਹੀਂ ਰਹੀ।"
ਪਰ ਜਦੋਂ ਉਹਨੇ ਸਾਰਾ ਮਾਸ ਖਾ ਲਿਆ, ਉਹ ਪਹਿਲਾਂ ਨਾਲੋਂ ਵੀ ਉਚੀ-ਉਚੀ ਸਿਸਕਣ ਤੇ ਡੁਸਕਣ ਲਗ ਪਈ, ਸੋਗੀ ਆਵਾਜ਼ ਵਿਚ ਕਹਿਣ ਲਗੀ:
ਹਾਇ, ਮੇਰੇ ਬਚੜਿਆ, ਵਿਚਾਰਿਆ, ਦੂਰ-ਦੂਰ ਸਫ਼ਰ ਝਾਗ ਤੈਨੂੰ ਚੋਖਾ ਦੁਖ ਝਲਣਾ ਪਿਐ, ਪਰ ਜੇ ਤੂੰ ਸਚੀ ਮੁਚੀ ਈ ਚਾਹੁਣੈ, ਮੈਂ ਵਲ ਹੋ ਜਾਵਾਂ, ਤਾਂ ਤੈਨੂੰ ਇਕ ਵਾਰੀ ਫੇਰ ਜਾਣਾ ਪਵੇਗਾ। ਮੇਰੀ ਹਾਲਤ ਫੇਰ ਖ਼ਰਾਬ ਹੋ ਗਈ ਏ, ਤੇ ਜੇ ਤੂੰ ਮੈਨੂੰ ਕੁਝ ਮੁਰਦਾ ਤੇ ਕੁਝ ਜਿਊਂਦਾ ਪਾਣੀ ਨਹੀਂ ਲਿਆ ਦੇਂਦਾ, ਮੈਂ ਮਰ ਜਾਣਾ ਏਂ।
"ਤਾਂ ਤੇ, ਮਾਂ, ਮੈਂ ਜ਼ਰੂਰ ਈ ਜਾਵਾਂਗਾ," ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਜਵਾਬ ਦਿਤਾ ਤੇ ਆਪਣੇ ਸਫ਼ਰ ਉਤੇ ਰਵਾਨਾ ਹੋ ਗਿਆ।
ਉਹ ਜ਼ੋਰ ਨਾਲ ਤੇ ਕਿੰਨਾ ਹੀ ਚਿਰ ਘੋੜਾ ਦੁੜਾਂਦਾ ਰਿਹਾ। ਉਹ ਜੀ-ਭਿਆਣਾ ਹੋ ਗਿਆ ਤੇ ਉਹਦਾ ਦਿਲ ਨਿਰਾਸਤਾ ਨਾਲ ਭਰ ਗਿਆ। ਜੋ ਕੁਝ ਉਹਦੀ ਮਾਂ ਨੇ ਮੰਗਾ ਭੇਜਿਆ ਸੀ, ਉਹ ਕਿਥੋਂ ਲਭਦਾ! ਨਿਰਾਸਤਾ ਤੇ ਉਦਾਸੀ ਵਿਚ ਉਹ ਇਲਾਨਾ ਕੋਸਿਨਜ਼ਾਨਾ ਦੇ ਘਰ ਪਹੁੰਚਿਆ ਤੇ ਦੁਖੀ ਲਹਿਜੇ ਵਿਚ ਆਪਣੇ ਮੰਦੇ ਹਾਲ ਦਾ ਗਿਲਾ ਕਰਨ ਲਗਾ। “ਚੰਗੀਏ ਭੈਣੇ," ਉਹਨੇ ਇਲਾਨਾ ਨੂੰ ਆਖਿਆ, “ਲੋੜ ਮੈਨੂੰ ਹਿਕ ਉਹਨਾਂ ਰਾਹਾਂ 'ਤੇ ਪਾ ਰਹੀ ਏ, ਜਿਨ੍ਹਾਂ 'ਤੇ ਕਦੀ ਕਿਸੇ ਦਾ ਪੈਰ ਨਹੀਂ ਪਿਆ। ਕੋਈ ਵੀ ਦਵਾ-ਦਾਰੂ ਮੇਰੀ ਮਾਂ ਦੇ ਕੰਮ ਨਹੀਂ ਆਇਆ, ਤੇ ਹੁਣ ਮੈਨੂੰ ਉਹਨੇ ਆਖਿਐ, ਮੈਂ ਮੁਰਦਾ ਤੇ ਜਿਉਂਦਾ ਪਾਣੀ ਲਿਆ ਦਿਆਂ ਸੂ। ਤੈਨੂੰ ਪਤੈ, ਇਹ ਕਿਥੇ ਹੁੰਦੈ ਤੇ ਮੈਂ ਕਿਸ ਤਰ੍ਹਾਂ ਲਿਆ ਸਕਨਾਂ?"
ਕੁਝ ਚਿਰ ਠਹਿਰ ਜਾ ਤੇ ਸਾਹ ਲੈ ਲੈ। ਸ਼ਾਇਦ ਇਸ ਵਾਰੀ ਵੀ ਮੈਂ ਤੇਰੀ ਮਦਦ ਕਰ ਸਕਾਂ, ਇਲਾਨਾ ਨੇ ਜਵਾਬ ਦਿਤਾ।
ਤਰਕਾਲਾਂ ਹੋਣ ਹੀ ਵਾਲੀਆਂ ਸਨ, ਜਦੋਂ ਉਹ ਆਪਣੇ ਭਰਾ, ਸੂਰਜ, ਕੋਲ ਗਈ; ਉਹ ਅਜੇ ਪਰਤਿਆ ਤੇ ਆਪਣੀਆਂ ਲੰਮੀਆਂ ਗਿਰਦੌਰੀਆਂ ਪਿਛੋਂ ਆ ਕੇ ਬੈਠਿਆ ਹੀ ਸੀ।
“ਮੇਰੇ ਭਰਾਵਾ, ਰੌਸ਼ਨ ਸੂਰਜਾ," ਇਲਾਨਾ ਨੇ ਆਖਿਆ, "ਉਪਰ ਅਸਮਾਨ 'ਚ ਤੇਰੀ ਥਾਂ ਤੋਂ ਸਾਰੀ ਧਰਤੀ ਤੇਰੀ ਨੀਝ 'ਚ ਹੁੰਦੀ ਏ। ਪਤਾ ਈ, ਮੁਰਦਾ ਤੇ ਜਿਉਂਦਾ ਪਾਣੀ ਕਿਹੜੇ ਦੇਸ਼ 'ਚ ਹੁੰਦੈ?"
“ਦੂਰ, ਭੈਣੇ, ਬੜੀ ਈ ਦੂਰ, “ਸੂਰਜ ਨੇ ਜਵਾਬ ਦਿਤਾ । "ਤਿੰਨ-ਨਾਵੇਂ ਦੇਸ਼ਾਂ ਤੇ ਤਿੰਨ -ਨਾਵੇਂ ਸਮੁੰਦਰਾਂ ਤੋਂ ਪਾਰ, ਪੈਲੀਆਂ ਦੀ ਰਾਣੀ ਦੇ ਦੇਸ਼ 'ਚ। ਪਰ ਜਿਹੜੇ ਬਹੁਤ ਸਾਰੇ ਮੁਰਦਾ ਤੇ ਜਿਉਂਦਾ ਪਾਣੀ ਲੈਣ ਗਏ ਨੇ, ਉਹਨਾਂ 'ਚੋਂ ਇਕ ਵੀ ਜਿਉਂਦਾ ਨਹੀਂ ਪਰਤਿਆ। ਏਸ ਲਈ ਕਿ ਉਸ ਦੇਸ਼ ਦੀ ਸਰੱਹਦ ਤੇ ਇਕ ਖੂੰਖਾਰ ਅਜਗਰ ਪਹਿਰਾ ਦੇਂਦੈ। ਉਹ ਲੋਕਾਂ ਨੂੰ ਦੇਸ਼ 'ਚ ਵੜਨ ਤਾਂ ਦੇਂਦੈ। ਪਰ ਉਹਨਾਂ ਨੂੰ ਬਾਹਰ ਨਹੀਂ ਜਾਣ ਦੇਂਦਾ: ਮੁਰਦਾ ਤੇ ਜਿਉਂਦਾ ਪਾਣੀ ਉਹ ਆਪ ਪੀ ਜਾਂਦੈ ਤੇ ਉਹਨਾਂ ਬਹਾਦਰ ਆਦਮੀਆਂ ਨੂੰ ਮਾਰ ਦੇਂਦੈ, ਜਿਹੜੇ, ਪਾਣੀ ਲੱਭਣ ਆਏ ਹੁੰਦੇ ਨੇ। ਹੁਣ ਕਿੰਨੇ ਚਿਰ ਤੋਂ ਮੈਂ ਉਹਨਾਂ ਦੀਆਂ ਹੱਡੀਆਂ ਸੁਕਾ ਰਿਹਾਂ।"
ਨਿਆਜ਼-ਬੋ ਫ਼ੇਤ-ਫ਼ਰੂਮੋਸ ਨੂੰ ਹੁਣ ਪਤਾ ਸੀ ਕਿ ਉਹਨੇ ਕਿਥੇ ਜਾਣਾ ਸੀ, ਤੇ ਉਹਨੂੰ ਕੀ ਪੇਸ਼ ਪੈਣਾ ਸੀ, ਪਰ ਉਹ ਡਰ ਦਾ ਸ਼ਿਕਾਰ ਨਾ ਹੋਇਆ। ਉਹਨੇ ਖੰਡਾ ਤੇ ਗੁਰਜ਼ ਪੇਟੀ ਵਿਚ ਲਾ ਲਏ,
ਇਲਾਨਾ ਕੋਸਿਨਜ਼ਾਨਾ ਤੋਂ ਵਿਦਾ ਲਈ, ਪਲਾਕੀ ਮਾਰ, ਘੋੜੇ ਉਤੇ ਜਾ ਚੜ੍ਹਿਆ ਤੇ ਚਲ ਪਿਆ। ਵਾਟ ਲੰਮੀ ਸੀ ਤੇ ਉਹ ਪੈਲੀਆਂ ਤੇ ਸਰਹੱਦਾਂ ਪਾਰ ਕਰਦਾ, ਦਰਿਆ ਤੇ ਸਮੁੰਦਰ ਲਾਂਭੇ ਛਡਦਾ, ਅਟਕਿਆਂ ਬਿਨਾਂ, ਘੋੜਾ ਦਬੱਲੀ ਗਿਆ। ਇਸ ਤਰ੍ਹਾਂ ਉਹ ਤਿੰਨ -ਨਾਵੇਂ ਸਮੁੰਦਰ ਤੇ ਤਿੰਨ-ਨਾਵੇਂ ਦੇਸ਼ਾਂ ਤੋਂ ਪਾਰ ਏਡੀ ਸ਼ਾਨਾਂ ਵਾਲੀ ਜ਼ਾਰਸ਼ਾਹੀ ਵਿਚ ਪਹੁੰਚਿਆ, ਜਿਹੋ ਜਿਹੀ ਉਹਨੇ ਅਗੇ ਕਦੀ ਨਹੀਂ ਸੀ ਵੇਖੀ, ਜਿਥੋਂ ਜਿਹੇ ਕੁਦਰਤ ਦੇ ਸੁਹਜ ਦੀ ਰੀਸ ਹੋਰ ਕਿਤੇ ਨਹੀਂ ਸੀ। ਓਥੇ ਨਾ ਕੋਈ ਸੁੱਕੀ ਟਾਹਣੀ ਸੀ ਤੇ ਨਾ ਕੋਈ ਘਾਹ ਦੀ ਝਵੀਂ ਹੋਈ ਤਿੜ। ਸਾਰੇ ਹੀ ਬੂਟੇ ਛੇਤੀ ਉਗਦੇ, ਭਰ ਕੇ ਖਿੜਦੇ ਤੇ ਚੋਖੇ ਫਲਦੇ ਸਨ।

ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਦੇਸ਼ ਦਾ ਚੱਕਰ ਲਾਇਆ ਤੇ ਜੋ ਕੁਝ ਵੀ ਉਹਨੇ ਵੇਖਿਆ, ਉਹਦੇ ਨਾਲ ਉਹਦਾ ਦਿਲ ਬਾਗ਼-ਬਾਗ਼ ਹੋ ਗਿਆ। ਟੁਰਦਿਆਂ-ਟੁਰਦਿਆਂ ਉਹ ਦੋ ਚਟਾਨਾਂ ਕੋਲ ਪਹੁੰਚਿਆ, ਜਿਨ੍ਹਾਂ ਵਿਚੋਂ ਦੋ ਚਸ਼ਮੇ ਫੁਟ ਰਹੇ ਸਨ।
"ਇਹੀਓ ਹੋਣੈ ਮੁਰਦਾ ਤੇ ਜਿਉਂਦਾ ਪਾਣੀ, ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਸੋਚਿਆ, ਤੇ ਪਕ ਕਰਨ ਲਈ, ਉਹਨੇ ਇਕ ਤਿਤਲੀ ਫੜੀ, ਉਹਦੇ ਟੋਟੇ ਕਰ ਦਿਤੇ ਤੇ ਉਹਨੂੰ ਇਕ ਚਸ਼ਮੇ ਦੇ ਪਾਣੀ ਵਿਚ ਡੋਬਿਆ! ਟੋਟੇ ਇਕਦਮ ਇਕ ਦੂਜੇ ਨਾਲ ਜੁੜ ਗਏ ਤੇ ਤਿਤਲੀ ਫੇਰ ਸਬੂਤੀ ਹੋ ਗਈ, ਤੇ ਫੇਰ ਜਦੋਂ ਉਹਨੇ ਉਹਨੂੰ ਦੂਜੇ ਚਸ਼ਮੇ ਦੇ ਪਾਣੀ ਵਿਚ ਡੋਬਿਆ, ਉਹ ਜਿਉਂ ਪਈ।
ਨਿਆਜ਼-ਬੋ ਫ਼ੇਤ-ਫ਼ਰੂਮੋਸ ਦੀ ਖੁਸ਼ੀ ਦੀ ਹੱਦ ਨਾ ਰਹੀ। ਉਹਨੇ ਚਸ਼ਮਿਆਂ ਦੇ ਪਾਣੀ ਨਾਲ ਚਮੜੇ ਦੀਆਂ ਦੋ ਮਸ਼ਕਾਂ ਭਰ ਲਈਆਂ ਤੇ ਘਰ ਵਲ ਚਲ ਪਿਆ। ਪਰ ਉਹ ਅਜੇ ਜ਼ਾਰਸ਼ਾਹੀ ਦੀ ਸਰਹੱਦ ਉੱਤੇ ਅਪੜਿਆ ਹੀ ਸੀ ਕਿ ਉਹਦੇ ਦੁਆਲੇ ਦੇ ਦਰਖ਼ਤ ਇੰਜ ਕਿੜ-ਕਿੜ ਤੇ ਕੜ-ਕੜ ਕਰਨ ਲਗ ਪਏ ਜਿਵੇਂ ਉਹ ਹਨੇਰੀ -ਤੁਫ਼ਾਨ ਵੇਲੇ ਕਰਦੇ ਨੇ, ਅਸਮਾਨ ਉਤੇ ਹਨੇਰਾ ਛਾ ਗਿਆ ਤੇ ਉਹਦੇ ਸਾਹਮਣੇ, ਗੁੱਸੇ ਨਾਲ ਪੂਛ ਹਿਲਾਂਦਾ, ਦੱਸਾਂ ਸਿਰਾਂ ਵਾਲਾ ਇਕ ਅਜਗਰ ਉਠ ਖਲੋਤਾ।
ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਇਕ ਹਥ ਵਿਚ ਗੁਰਜ਼ ਫੜ ਲਿਆ ਤੇ ਇਕ ਹਥ ਵਿਚ ਖੰਡਾ, ਤੇ ਜਦੋਂ ਅਜਗਰ ਨੇ ਆਪਣੀ ਇਕ ਧੌਣ ਉਹਦੇ ਵਲ ਲਮਕਾਈ, ਉਹਨੇ ਸਿਰ ਉਤੇ ਗੁਰਜ਼ ਦੇ ਮਾਰਿਆ ਤੇ ਖੰਡੇ ਨਾਲ ਉਹਨੂੰ ਲਾਹ ਕੇ ਰਖ ਦਿਤਾ। ਦੂਜੇ ਸਿਰ ਦਾ ਵੀ ਉਹਨੇ ਇਹੀਓ ਹਾਲ ਕੀਤਾ ਤੇ ਤੀਜੇ ਸਿਰ ਦੇ ਵੀ। ਇਹ ਮਹਿਸੂਸ ਕਰਦਿਆਂ ਕਿ ਉਹਦਾ ਅੰਤ ਹੋਣ ਵਾਲਾ ਸੀ, ਅਜਗਰ ਉਪਰ ਅਸਮਾਨ ਵਿਚ ਗਿਆ। ਪਰ ਨਿਆਜ਼-ਬੋ ਫ਼ੇਤ-ਫ਼ਰੂਮੋਸ ਦਾ ਘੋੜਾ ਉਡ ਉਹਦੇ ਨਾਲੋਂ ਵੀ ਉਪਰ ਜਾ ਪਹੁੰਚਿਆ ਤੇ ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਅਜਗਰ ਦੇ ਦੱਸੇ ਦੇ ਦੱਸੇ ਸਿਰ ਲਾਹ ਛਡੇ ਤੇ ਉਹਨੂੰ ਭੁੰਜੇ ਪਟਕਾ ਮਾਰਿਆ।
ਫੇਰ ਉਹ ਬਿਨਾਂ ਕਿਸੇ ਰੋਕ ਤੋਂ ਘੋੜਾ ਦੁੜਾਂਦਾ ਆਇਆ ਤੇ ਇਲਾਨਾ ਕੋਸਿਨਜ਼ਾਨਾ ਦੇ ਘਰ ਪਹੁੰਚ ਪਿਆ ।ਉਹ ਸਖ਼ਤ ਲੜਾਈ ਤੇ ਲੰਮੇ ਸਫ਼ਰ ਤੋਂ ਪਿਛੋਂ ਆਰਾਮ ਲਈ ਲੇਟ ਗਿਆ ਤੇ ਇਲਾਨਾ ਕੋਸਿਨਜ਼ਾਨਾ ਨੇ ਉਹਦੀਆਂ ਲਿਆਂਦੀਆਂ ਦੋਵਾਂ ਮਸ਼ਕਾਂ ਦੀ ਥਾਂ ਆਪਣੇ ਵਲੋਂ ਦੋ ਮਸ਼ਕਾਂ ਰਖ ਦਿਤੀਆਂ ਜਿਨਾਂ ਵਿਚ ਆਮ ਪਾਣੀ ਸੀ। ਬੇ-ਸ਼ਕ ਹੀ ਨਿਆਜ਼-ਬੋ ਫ਼ੇਤ-ਫ਼ਰੂਮੋਸ ਦੇ ਦਮਾਗ਼ ਵਿਚ ਇਕ ਪਲ ਲਈ ਵੀ ਇਹ ਖ਼ਿਆਲ ਨਾ ਆਇਆ ਕਿ ਇਲਾਨਾ ਕੋਸਿਨਜ਼ਾਨਾ, ਜਿਨ੍ਹੇ ਕਿੰਨੀ ਹੀ ਵਾਰੀ ਉਹਦੀ ਮਦਦ ਕੀਤੀ ਸੀ, ਕੋਈ ਇਸ ਕਿਸਮ ਦੀ ਗੱਲ ਵੀ ਕਰ ਸਕਦੀ ਸੀ। ਉਹਨੇ ਚੰਗਾ ਆਰਾਮ ਕੀਤਾ, ਘੋੜਾ ਪੀੜਿਆ ਤੇ ਘਰ ਵਲ ਹੋ ਪਿਆ।

ਜਦੋਂ ਕਲੋਆਂਤਸਾ ਨੇ ਉਹਨੂੰ ਵੇਖਿਆ, ਉਹ ਗੁੱਸੇ ਨਾਲ ਕਾਲੀ ਪੈ ਗਈ ਤੇ ਉਹਦਾ ਦਿਲ ਦਿਲ ਵਿੱਸ ਨਾਲ ਭਰ ਗਿਆ। ਉਹਨੇ ਕੁਝ ਪਾਣੀ ਪੀਤਾ, ਸੂਕਿਆ ਤੇ ਹੋਸ਼-ਹੱਵਾਸ ਕੁਝ ਠੀਕ ਕਰ, ਨਿਆਜ਼-ਬੋ ਫ਼ੇਤ-ਫ਼ਰੂਮੋਸ ਦਾ ਫਸਤਾ ਮੁਕਾਣ ਦੇ ਢੰਗ ਤਰੀਕੇ ਸੋਚਣ ਲਗ ਪਈ। ਉਹਨੇ ਉਹਨੂੰ ਸਫ਼ਰਾਂ ਪਿਛੋਂ ਕੁਝ ਆਰਾਮ ਕਰ ਲੈਣ ਦਿਤਾ, ਤੇ ਪਿਛੋਂ ਆਪਣੇ ਕੋਲ ਸਦਿਆ, ਪਿਆਰ ਨਾਲ ਚੁੰਮਿਆ ਤੇ ਆਖਿਆ:
"ਪਿਆਰੇ ਬਚਿਆ, ਮੇਰੇ ਨਿਆਜ਼-ਬੋਆ, ਤੂੰ ਬੜੇ ਸਫ਼ਰ ਝਾਗੇ ਨੇ ਤੇ ਕਿੰਨੇ ਈ ਅਣ - ਗਾਹੇ ਰਾਹ ਤੂੰ ਗਾਹੇ ਨੇ। ਸ਼ਰਤ ਲਾ ਲੈ, ਤੇਰਾ ਤਾਂ ਸਾਰਾ ਜ਼ੋਰ ਖਤਮ ਹੋ ਗਿਆ ਹੋਣੈ। ਆ, ਵੇਖਣੀ ਆਂ, ਤੇਰੇ ਤੋਂ ਇਹ ਰੇਸ਼ਮੀ ਰੱਸੀ ਟੁੱਟਦੀ ਏ ਕਿ ਨਹੀਂ?"
ਤੇ ਉਹਨੇ ਇਕ ਰੇਸ਼ਮੀ ਰੱਸੀ ਕਢੀ, ਉਹ ਉਹਨੇ ਨਿਆਜ਼-ਬੋ ਫ਼ੇਤ-ਫ਼ਰੂਮੋਸ ਦੁਆਲੇ ਬੰਨ੍ਹ ਦਿੱਤੀ।
"ਆ, ਬਚੜਿਆ," ਉਹ ਆਖਣ ਲਗੀ, "ਪੂਰੀ ਵਾਹ ਲਾ, ਤੇ ਵੇਖਾਂਗੇ, ਵਡੀ ਦੁਨੀਆਂ ਫਿਰਦਿਆਂ ਤੇ ਅਛੋਹੇ ਰਾਹ ਗਾਂਹਦਿਆਂ, ਸਾਰਾ ਜ਼ੋਰ ਤਾਂ ਨਹੀਉਂ ਮੁਕ ਗਿਆ।"
ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਆਪਣਾ ਆਪ ਤਾਣਿਆ, ਰੱਸੀ ਉਤੇ ਜ਼ੋਰ ਪਾਇਆ ਤੇ ਉਹਨੂੰ ਕਿੰਨੀਆਂ ਹੀ ਥਾਵਾਂ ਤੋਂ ਤੋੜ ਘਤਿਆ।
“ਤੇ ਹੁਣ ਵੇਖਣ ਦੇ, ਤੂੰ ਦੋ ਰੱਸੀਆਂ ਤੋੜ ਸਕਣੈ ਕਿ ਨਹੀਂ," ਜਾਦੂਗਰਨੀ ਕੁਰਲਾਈ ਤੇ ਉਹਨੇ ਉਹਨੂੰ ਦੋ ਰੱਸੀਆਂ ਨਾਲ ਬੰਨ੍ਹ ਦਿਤਾ। ਪਰ ਨਿਆਜ਼-ਬੋ ਨੇ ਦੋ ਰੱਸੀਆਂ ਵੀ ਉਵੇਂ ਹੀ ਤੋੜ ਦਿਤੀਆਂ, ਜਿਵੇਂ ਉਹਨੇ ਪਹਿਲੀ ਰੱਸੀ ਤੋੜੀ ਸੀ।
“ਤੇਰੇ 'ਚ ਅਜੇ ਵੀ ਸੱਚੇ ਸੂਰਮਿਆਂ ਵਾਲਾ ਜ਼ੋਰ ਏ, ਪਰ ਵੇਖਣੇ ਹਾਂ, ਸ਼ਾਇਦ ਤੂੰ ਕੁਝ ਖਰਚ ਕਰ ਦਿਤਾ ਹੋਵੇ," ਜਾਦੂਗਰਨੀ ਨੇ ਆਖਿਆ ਤੇ ਉਹਨੇ ਉਹਨੂੰ ਤਿੰਨ ਰੇਸ਼ਮੀ ਰੱਸੀਆਂ ਨਾਲ ਬੰਨ੍ਹ ਦਿਤਾ।
ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਪੱਠੇ ਅਕੜਾਏ, ਰੱਸੀਆਂ ਉਤੇ ਜ਼ੋਰ ਪਾਇਆ, ਪਰ ਉਹਨਾਂ ਨੂੰ ਉਹ ਤੋੜ ਨਾ ਸਕਿਆ। ਉਹਨੇ ਫੇਰ ਵਾਹ ਲਾਈ ਤੇ ਜ਼ੋਰ ਪਾਇਆ ਤੇ ਖਿਚਿਆ-ਧੂਹਿਆ, ਪਰ ਰੱਸੀਆਂ ਸਗੋਂ ਉਹਦੇ ਮਾਸ ਵਿਚ ਧਸ ਗਈਆਂ ਤੇ ਉਹ ਸਗੋਂ ਹੋਰ ਵੀ ਘੁਟ ਕੇ ਬੰਨ੍ਹਿਆ ਗਿਆ। ਉਹਨੇ ਤੀਜੀ ਵਾਰ ਵਾਹ ਲਈ, ਤੇ ਇਸ ਜਤਨ ਵਿਚ ਉਹਨੇ ਆਪਣਾ ਸਾਰਾ ਜ਼ੋਰ ਲਾ ਦਿਤਾ, ਪਰ ਰੇਸ਼ਮੀ ਰੱਸੀਆਂ ਉਹਦੇ ਮਾਸ ਵਿਚੋਂ ਹੱਡੀਆਂ ਤਕ ਧਸ ਗਈਆਂ ਤੇ ਟੁੱਟਣ ਵਿਚ ਨਾ ਆਈਆਂ।
ਖੁਸ਼ੀ ਨਾਲ ਕਲੋਆਂਤਸਾ ਇਕ ਲੱਤ ਉਤੇ ਟਪੋਸੀਆਂ ਮਾਰਨ ਤੇ ਲਾਟੂ ਵਾਂਗ ਭੁਆਟੀਆਂ ਖਾਣ ਲਗ ਪਈ ਤੇ ਉੱਚੀ-ਉਚੀ ਆਵਾਜ਼ ਦੇਣ ਲਗੀ:
"ਆ ਜਾ, ਅਜਗਰਾ, ਕਿਥੇ ਲੁੱਕਾ ਹੋਇਆਂ? ਛੇਤੀ ਕਰ ਤੇ ਨਿਆਜ਼-ਬੋ ਫ਼ੇਤ-ਫ਼ਰੂਮੋਸ ਵਾਲਾ ਫਾਹਾ ਵੱਢ ਦੇ।"
ਅਜਗਰ ਖੁਸ਼ੀ ਨਾਲ ਫੁੰਕਾਰਿਆ, ਉਸ ਥਾਂ ਤੋਂ ਨਿਕਲ ਆਇਆ, ਜਿਥੇ ਉਹ ਲੁੱਕਾ ਹੋਇਆ ਸੀ, ਉਹਨੇ ਖੰਡਾ ਫੜਿਆ ਤੇ ਨਿਆਜ਼-ਬੋ ਫ਼ੇਤ-ਫ਼ਰੂਮੋਸ ਨੂੰ ਗੋਭੀ ਦੇ ਫੁਲ ਵਾਂਗ ਵੱਢ ਕੇ ਰੱਖ ਦਿਤਾ। ਫੇਰ, ਡਕਰੇ ਇੱਕਠੇ ਕਰ ਤੇ ਉਹਨਾਂ ਨੂੰ ਦੋ ਘਸੱਡੀਆਂ ਹੋਈਆਂ ਛੱਟਾਂ ਵਿਚ ਪਾ, ਉਹਨੇ ਛੱਟਾਂ ਨੂੰ ਕਾਠੀ ਉਤੋਂ ਲਮਕਾ ਦਿਤਾ, ਘੋੜੇ ਨੂੰ ਛਾਂਟਾ ਮਾਰਿਆ ਤੇ ਬਾਘੀ ਪਾਂਦਿਆਂ ਕੂਕਿਆ:
“ਦੌੜ, ਦੂਰ ਹੋ ਜਾ, ਘੋੜਿਆ ਬਦਾ। ਜਿਥੇ ਇਹਨੂੰ ਜਿਊਂਦੇ ਨੂੰ ਸੈਂ ਲੈ ਗਿਆ, ਓਥੇ ਮੋਏ ਨੂੰ ਪੁਚਾ ਪਿਆ!"

ਤੇ ਘੋੜਾ ਕਿਸੇ ਪ੍ਰੇਤ ਵਾਂਗ ਉਡਦਾ, ਭਜ ਨਿਕਲਿਆ, ਧਰਤੀ ਉਹਦੇ ਸੁੰਮਾਂ ਹੇਠ ਸਾਂ-ਸਾਂ ਕਰਨ ਲਗੀ। ਉਹ ਇਲਾਨਾ ਕੋਸਿਨਜ਼ਾਨਾ ਦੇ ਘਰ ਵਲ ਹੋ ਪਿਆ, ਓਥੇ ਉਹ ਜੰਮਿਆ ਤੇ ਪਲਿਆ ਜੁ ਸੀ, ਤੇ ਓਥੇ ਹੀ ਉਹਦੀ ਸੰਭਾਲ ਤੇ ਪਰਵਰਸ਼ ਜੁ ਹੋਈ ਸੀ, ਤੇ ਉਹ ਸਾਹਮਣੇ ਦਰਵਾਜ਼ੇ ਅਗੇ ਆ, ਖਲੋ ਗਿਆ। ਇਲਾਨਾ ਕੋਸਿਨਜ਼ਾਨਾ ਬਰੂਹਾਂ ਤਕ ਆਈ ਪਰ ਉਹਨੂੰ ਲੰਮੀ ਸਵਾਰੀ ਪਿਛੋਂ ਆਰਾਮ ਤੇ ਓਟ ਮੰਗਣ ਵਾਲਾ ਕੋਈ ਘੋੜਸਵਾਰ ਨਾ ਦਿਸਿਆ; ਉਹਦੀ ਥਾਂ ਉਹਨੂੰ ਆਪਣਾ ਘੋੜਾ ਦਿਸਿਆ, ਝਗੋ-ਝਗ ਹੋਇਆ ਤੇ ਲਹੂ ਨਾਲ ਲਿਬੜਿਆ ਪਿਆ। ਗਮ ਨਾਲ ਵਲਿਸ ਖਾ, ਉਹ ਘੋੜੇ ਵਲ ਭੱਜੀ, ਉਹਨੇ ਛੱਟਾਂ ਲਾਹ ਲਈਆਂ, ਤੇ ਜਦੋਂ ਖੋਲ੍ਹ ਕੇ ਵੇਖੀਆਂ, ਉਹਨੂੰ ਨਿਆਜ਼-ਬੋ ਫ਼ੇਤ-ਫ਼ਰੂਮੋਸ ਦੇ ਲੋਥ ਦੇ ਟੋਟੇ ਦਿੱਸੇ।
“ਹਾਇ, ਵਿਚਾਰਾ ਨਿਆਜ਼-ਬੋ ਫ਼ੇਤ-ਫ਼ਰੂਮੋਸ !" ਉਹ ਕੁਰਲਾਈ। "ਤੇ ਤੇਰਾ ਇਹ ਹਾਲ ਕੀਤਾ ਨੇ! ਤੇ ਉਹ, ਟੋਟਾ ਟੋਟਾ ਕਰ, ਉਹਦੇ ਸਰੀਰ ਨੂੰ ਜੋੜਨ ਲਗੀ, ਤੇ ਅਖੀਰ ਉਹ ਉਸੇ ਤਰ੍ਹਾਂ ਹੋ ਗਿਆ ਜਿਵੇਂ ਉਹ ਪਹਿਲੋਂ ਹੁੰਦਾ ਸੀ।
ਇਹ ਕਰ ਉਹ ਗੁਦਾਮ ਵਲ ਭੱਜੀ ਤੇ ਮਰਦਾ ਤੇ ਜਿਉਂਦਾ ਪਾਣੀ, ਜੰਗਲੀ ਸੂਰ ਦਾ ਬੱਚਾ ਤੇ ਪੰਛੀ ਦਾ ਦੁਧ ਕਢ ਲਿਆਈ। ਜਿਥੇ-ਜਿਥੇ ਮਾਸ ਦਾ ਟੋਟਾ ਨਹੀਂ ਸੀ, ਉਹਨੇ ਜੰਗਲੀ ਸੂਰ ਦੀਆਂ ਬੋਟੀਆਂ ਰੱਖ ਦਿਤੀਆਂ; ਤੇ ਉਹਨੇ ਉਹਦੇ ਉਤੇ ਮੁਰਦਾ ਪਾਣੀ ਛਿੜਕਿਆ ਤੇ ਵਖ-ਵਖ ਟੋਟੇ ਇਕ ਦੂਜੇ ਨਾਲ ਜੁੜ ਗਏ। ਇਸ ਪਿਛੋਂ ਉਹਨੇ ਉਹਨੂੰ ਜਿਉਂਦੇ ਪਾਣੀ ਨਾਲ ਨਹਾਇਆ, ਤੇ ਜਵਾਨ ਸੂਰਮਾ ਫੇਰ ਜਿਉਂ ਪਿਆ। ਉਹਨੇ, ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ, ਬਹੁਤ ਹੀ ਠੰਡਾ ਸਾਹ ਲਿਆ, ਤੇ ਕਹਿਣ ਲਗਾ:
“ਤੋਬਾ, ਕਿੰਨਾ ਚਿਰ ਸੁੱਤਾ ਰਿਹੈਂ ਮੈਂ!"
“ਚੰਨੜਿਆ, ਜੇ ਮੈਂ ਏਥੇ ਨਾ ਹੁੰਦੀ, ਤਾਂ ਤੂੰ ਸੁੱਤਾ ਈ ਰਹਿਣਾ ਸੀ ਤੇ ਫੇਰ ਕਦੀ ਨਹੀਂ ਸੀ ਜਾਗਣਾ, ਪੰਛੀ ਦੇ ਦੁਧ ਵਾਲਾ ਮਿੱਟੀ ਦਾ ਘੜਾ ਉਹਦੇ ਬੁਲਾਂ ਨਾਲ ਲਾਂਦਿਆਂ, ਇਲਾਨਾ ਕੋਸਿਨਜ਼ਾਨਾ ਨੇ ਉਹਨੂੰ ਦਸਿਆ।
ਨਿਆਜ਼-ਬੋ ਫ਼ੇਤ-ਫ਼ਰੂਮੋਸ ਦੁਧ ਪੀਣ ਲਗ ਪਿਆ, ਤੇ ਹਰ ਘੁਟ ਨਾਲ ਉਹਦੇ ਵਿਚ ਨਵੀਂ ਤਾਕਤ ਆਉਂਦੀ ਗਈ। ਤੇ ਜਦੋਂ ਉਹਨੇ ਸਾਰਾ ਦੁਧ ਪੀ ਲਿਆ, ਉਹ ਏਨਾ ਤਕੜਾ ਹੋ ਗਿਆ, ਜਿੰਨਾ ਉਹ ਪਹਿਲ ਕਦੀ ਨਹੀਂ ਸੀ ਹੁੰਦਾ; ਹੁਣ ਉਹ ਆਪਣੇ ਗੁਰਜ਼ ਦੀ ਇਕੋ ਸਟ ਨਾਲ ਚਕਮਾਕ ਪੱਥਰ ਦੀ ਚਟਾਨ ਨੂੰ ਚੂਰਾ ਕਰ ਸਕਦਾ ਸੀ।
ਉਹ ਜ਼ਮੀਨ ਤੋਂ ਉਠਿਆ, ਉਹਨੇ ਆਪਣੀ ਕਮਜ਼ੋਰੀ ਛੰਡ ਵਗਾਈ ਤੇ ਜਦੋਂ ਉਹਨੂੰ ਚੇਤਾ ਆਇਆ, ਅਜਗਰ ਨੇ ਉਹਦਾ ਕੀ ਹਾਲ ਕੀਤਾ ਸੀ, ਆਪਣਾ ਗੁਰਜ਼ ਚੁਕ ਲਿਆ ਤੇ ਕਾਹਲੀ - ਕਾਹਲੀ ਮਹਿਲ ਵਲ ਨੂੰ ਹੋ ਪਿਆ।

ਨਿਆਜ਼-ਬੋ ਦੀ ਹਿੱਕ ਵਿਚ ਬਦਲੇ ਦੀ ਤਿਹ ਇੰਜ ਸੀ, ਜਿਵੇਂ ਅਸਮਾਨੋਂ ਪਰਨਾਲੇ ਬਣ ਵਗਦਾ ਮੀਂਹ। ਉਹ ਪੈਰਾਂ ਦੀ ਪਰਵਾਹ ਕੀਤੇ ਬਿਨਾਂ, ਟੁਰਦਾ ਗਿਆ, ਟੁਰਦਾ ਗਿਆ ਤੇ ਅਖ਼ੀਰ ਮਹਿਲ 'ਚ ਪਹੁੰਚਿਆ; ਤੇ ਓਥੇ ਜਾਦੂਗਰਨੀ ਤੇ ਅਜਗਰ ਦਸਤਰਖ਼ਾਨ ਤੇ ਬੈਠੇ ਜ਼ਿਆਫ਼ਤ ਖਾ ਰਹੇ ਸਨ, ਤੇ ਉਹਦੀ ਆਪਣੀ ਮਾਂ ਕੋਲ ਖਲੋਤੀ ਖਾਣੇ ਪਰੋਸ ਰਹੀ ਸੀ।
ਜਦੋਂ ਉਹਨਾਂ ਨਿਆਜ਼-ਬੋ ਫ਼ੇਤ-ਫ਼ਰੂਮੋਸ ਨੂੰ ਖਾਣੇ ਵਾਲੇ ਕਮਰੇ ਵਿਚ ਵੜਦਿਆਂ ਵੇਖਿਆ, ਦੋਵਾਂ ਦੇ ਪੈਰਾਂ ਥਲਿਉਂ ਜ਼ਮੀਨ ਨਿਕਲਦੀ ਜਾਪੀ। ਪਰ ਨਿਆਜ਼-ਬੋ ਨੇ ਉਹਨਾਂ ਨੂੰ ਡਰਨ ਦੀ ਮੁਹਲਤ ਨਾ ਦਿੱਤੀ । ਉਹਨੇ ਇਕ ਹਥ ਨਾਲ ਜਾਦੂਗਰਨੀ ਨੂੰ ਤੇ ਦੂਜੇ ਨਾਲ ਅਜਗਰ ਨੂੰ ਫੜ ਲਿਆ, ਧਰੂੰਹਦਾ-ਧਰੂੰਹਦਾ ਉਹਨਾਂ ਨੂੰ ਬਾਹਰ ਇਹਾਤੇ ਵਿਚ ਲੈ ਆਇਆ ਤੇ ਉਹਨਾਂ ਦੇ ਡਕਰੇ ਕਰ ਦਿਤੇ। ਫੇਰ ਉਹਨੇ ਤਾਂਬੇ ਦੀ ਭੱਠੀ ਬਾਲੀ ਤੇ ਉਹਨਾਂ ਨੂੰ ਸਾੜ ਦਿਤਾ, ਤਾਂ ਜੁ ਜ਼ਮੀਨ ਉਤੇ, ਜਾਂ ਵਿਚ ਪਾਣੀ ਦੇ, ਖੁਲ੍ਹੀਆਂ ਚਰਾਂਦੀਂ, ਜਾਂ ਮੋਤੀਆਂ-ਭਰੇ ਸਮੁੰਦਰੀਂ, ਜਾਂ ਕਿਸੇ ਹੋਰ ਥਾਂ, ਹੇਠ ਨੀਲੇ ਅਸਮਾਨ, ਜਿਥੇ ਉਕਾਬ ਉਡਾਰੀਆਂ ਲਾਣ, ਰਹੇ ਨਾ ਉਹਨਾਂ ਦਾ ਨਾਂ - ਨਿਸ਼ਾਨ।
ਇਹ ਕਰ ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਮਾਂ ਨੂੰ ਜੱਫੀ ਪਾ ਲਈ, ਉਹਨੂੰ ਚੁੰਮਿਆਂ ਤੇ ਧਰਵਾਸ ਦਿਤੀ। ਬਹੁਤ ਛੇਤੀ ਹੀ ਉਹਨਾਂ ਨੂੰ ਇਸ ਤੋਂ ਵੀ ਵਡੀ ਖੁਸ਼ੀ ਜੁੜੀ, ਇਸ ਲਈ ਕਿ ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਇਲਾਨਾ ਕੋਸਿਨਜ਼ਾਨਾ ਨੂੰ ਜੀਵਨ-ਸਾਥ ਲਈ ਆਖਿਆ ਤੇ ਉਹ ਉਹਦੇ ਨਾਲ ਵਿਆਹ ਕਰਨਾ ਮੰਨ ਗਈ।
ਵਿਆਹ ਉਤੇ ਏਨੇ ਪ੍ਰਾਹੁਣੇ ਆਏ ਕਿ ਕੋਈ ਸ਼ੁਮਾਰ ਹੀ ਨਹੀਂ ਸੀ, ਤੇ ਉਹਨਾਂ ਜ਼ਿਆਫ਼ਤਾਂ ਦੀ ਜ਼ਿਆਫ਼ਤ ਖਾਧੀ। ਤੇ ਮੇਜ਼ ਦੇ ਸਿਰੇ ਤੇ ਆਪ ਰੋਸ਼ਨ ਸੂਰਜ ਬੈਠਾ ਸੀ, ਸ਼ਰਾਬ ਦੇ ਕੁੱਪੇ ਪੀ ਰਿਹਾ ਸੀ, ਸਭਨਾਂ ਲਈ, ਜਿਹੜੇ ਉਹਨੂੰ ਪਿਆਰੇ ਲਗਦੇ ਸਨ, ਖੁਸ਼ੀਆਂ ਤੇ ਮੌਜ-ਬਹਾਰਾਂ ਮੰਗ ਰਿਹਾ ਸੀ ਤੇ ਹਰ ਕਿਸੇ ਨਾਲ ਆਪਣੀ ਖੁਸ਼ੀ ਵੰਡਾ ਰਿਹਾ ਸੀ!
ਤੇ ਵਿਆਹ ਪਿਛੋਂ ਨਿਆਜ਼-ਬੋ ਫ਼ੇਤ-ਫ਼ਰੂਮੋਸ ਤੇ ਇਲਾਨਾ ਕੋਸਿਨਜ਼ਾਨਾ ਪਿਆਰ ਤੇ ਅਮਨ ਸਹਿਤ ਰਹਿਣ ਲਗ ਪਏ ਤੇ ਸ਼ਾਇਦ ਉਹ ਅਜੇ ਵੀ ਰਹਿ ਰਹੇ ਨੇ, ਜੇ ਉਹਨਾਂ ਦੇ ਪੂਰੇ ਹੋਣ ਦਾ ਵਕਤ ਨਹੀਂ ਆ ਗਿਆ ਹੋਇਆ।

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ