Punjabi Stories/Kahanian
ਨਿਰੰਜਣ ਸਿੰਘ ਤਸਨੀਮ
Niranjan Singh Tasneem
Punjabi Kavita
  

Nirasha Pro. Niranjan Tasneem

ਨਿਰਾਸ਼ਾ ਪ੍ਰੋ. ਨਿਰੰਜਣ ਤਸਨੀਮ

ਉਸ ਦਿਨ ਸਟਾਫ ਰੂਮ ਵਿਚ ਬਹੁਤ ਗਹਿਮਾ ਗਹਿਮੀ ਸੀ। ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਕਾਲਜ ਦੇ ਖੁੱਲ੍ਹਣ ਦਾ ਉਹ ਪਹਿਲਾ ਦਿਨ ਸੀ। ਲੈਕਚਰਾਰ ਇਕ ਦੂਸਰੇ ਨੂੰ ਬਹੁਤ ਗਰਮਜ਼ੋਸ਼ੀ ਨਾਲ ਮਿਲ ਰਹੇ ਸਨ ਅਤੇ ਕਹਿਕਹੇ ਲਗਾ ਰਹੇ ਸਨ। ਲੇਡੀ ਲੈਕਚਰਾਰਾਂ ਦੀ ਟੋਲੀ ਵੱਖਰੀ ਹੀ ਬੈਠੀ ਹੋਈ ਸੀ ਅਤੇ ਉਹਨਾਂ ਦੀਆਂ ਗੱਲਾਂ ਦਾ ਵਿਸ਼ਾ ਇਹ ਸੀ ਕਿ ਛੁੱਟੀਆਂ ਵਿਚ ਉਹ ਕਿਹੜੇ ਕਿਹੜੇ ਪਹਾੜ ਉਤੇ ਗਈਆਂ। ਇੰਜ ਜਾਪਦਾ ਸੀ ਜਿਵੇਂ ਸਭ ਨੇ ਛੁਟੀਆਂ ਬੜੇ ਆਨੰਦ-ਮਈ ਢੰਗ ਨਾਲ ਗੁਜ਼ਾਰੀਆਂ ਹੋਣ। ਖੁਸ਼ੀ ਦੀ ਇਕ ਲਹਿਰ ਸੀ ਜਿਹੜੀ ਸਟਾਫ ਰੂਮ ਦੇ ਇਕ ਕੌਣੇ ਤੋਂ ਦੂਸਰੇ ਕੌਣੇ ਤੀਕ ਫੈਲੀ ਹੋਈ ਸੀ। ਏਨੇ ਵਿਚ ਇਕ ਮਰਦਾਨਵੀਂ ਆਵਾਜ਼ ਉਭਰੀ - 'ਪਿਛਲੇ ਹਫਤੇ ਮਿਸਟਰ ਸਾਗਰ ਦਾ ਉਹਦੇ ਪਿੰਡ ਵਿਚ ਦੇਹਾਂਤ ਹੋ ਗਿਆ।' ਇਕ ਛਿਣ ਲਈ ਸਾਰੇ ਕਮਰੇ ਵਿਚ ਮੌਤ ਵਰਗੀ ਖ਼ਾਮੋਸ਼ੀ ਛਾ ਗਈ। ਫਿਰ ਜਿਵੇਂ ਸਾਰੇ ਹੀ ਇਕਦਮ ਬੋਲ ਪਏ -:
'ਕੀ ਹੋਇਆ-?'
'ਕਦੋਂ ਕੀ ਗੱਲ ਏ-?'
'ਗੱਲ ਕੀ ਸੀ-?'
'ਪਹਿਲਾਂ ਤਾਂ ਉਸ ਨੂੰ ਦਿਲ ਦੀ ਕੋਈ ਤਕਲੀਫ ਨਹੀਂ ਸੀ।'
'ਬਹੁਤ ਮਾੜੀ ਗੱਲ ਹੋਈ-'
'ਹੁਣ ਉਸਦੀ ਪਤਨੀ ਦਾ ਕੀ ਬਣੇਗਾ?'
'ਪਤਨੀ ਅਤੇ ਬੱਚਿਆਂ ਦਾ?'
'ਕਿੰਨੇ ਬੱਚੇ ਨੇ ਉਸਦੇ-?'
'ਪਤਾ ਨਹੀਂ, ਦੋ ਕਿ ਤਿੰਨ।'
''ਓ ਗਾਡ! ਏਨਾ ਵੱਡਾ ਅਨਿਆਏ।'
'ਉਮਰ ਤਾਂ ਬਹੁਤੀ ਨਹੀਂ ਸੀ ਮਿਸਟਰ ਸਾਗਰ ਦੀ।'
'ਇਹੀ ਕੋਈ ਚਾਲੀ ਬਤਾਲੀ ਸਾਲ।'
'ਇਹ ਵੀ ਕੋਈ ਉਮਰ ਏ ਮਰਨ ਦੀ।'
ਮਰਨ ਦੀ ਉਮਰ ਦਾ ਫ਼ੈਸਲਾ ਕਰਨਾ ਬਹੁਤ ਮੁਸ਼ਕਿਲ ਸੀ। ਬਹੁਤ ਦੇਰ ਉਹ ਸਭ ਇਸ ਘਟਨਾ ਬਾਰੇ ਹੀ ਸੋਚਦੇ ਰਹੇ। ਫੇਰ ਉਹ ਸਾਰੇ ਸਟਾਫ ਮੈਂਬਰ ਦੋ ਟੋਲੀਆਂ ਦੀ ਸ਼ਕਲ ਵਿਚ ਕੰਨਟੀਨ ਵੱਲ ਚਲੇ ਗਏ। ਕੁਰਸੀਆਂ ਦਾ ਇਕ ਵੱਡਾ ਘੇਰਾ ਆਦਮੀਆਂ ਲਈ ਅਤੇ ਇਕ ਛੋਟਾ ਘੇਰਾ ਔਰਤਾਂ ਲਈ ਬਣ ਗਿਆ। ਸਾਰਿਆਂ ਦੇ ਚਿਹਰੇ ਉਦਾਸ ਸਨ। ਉਹਨਾਂ ਦਾ ਇਕ ਸਾਥੀ ਵਿਛੜ ਗਿਆ ਸੀ ਅਤੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਲੱਗਾ। ਗਰਮੀਆਂ ਦੀਆਂ ਛੁੱਟੀਆਂ ਵਿਚ ਇੰਜ ਮਰ ਜਾਣਾ ਇਕ ਤਰ੍ਹਾਂ ਨਾਲ ਧੋਖਾ ਦੇਣ ਵਾਲੀ ਗੱਲ ਨਹੀਂ ਸੀ ਤਾਂ ਹੋਰ ਕੀ ਸੀ। ਥੋੜ੍ਹੇ ਚਿਰ ਪਿਛੋਂ ਚਾਹ ਆ ਗਈ। ਚੁਪ ਚਾਪ ਸਭ ਨੇ ਚਾਹ ਦੇ ਗਲਾਸ ਫੜ ਲਏ। ਬੇਧਿਆਨੇ ਹੀ ਦੋ-ਦੋ ਤਿੰਨ-ਤਿੰਨ ਘੁਟ ਪੀਣ ਤੋਂ ਬਾਅਦ ਖਿਆਲਾਂ ਦੀ ਲੜੀ ਬੱਝ ਗਈ।
'ਗੱਲ ਤਾਂ ਬਹੁਤ ਮਾੜੀ ਹੋਏ ਏ', ਮਿਸਟਰ ਰਾਹੀ ਨੇ ਸੋਚਿਆ, 'ਪਰ ਹੁਣ ਕੀਤਾ ਵੀ ਕੀ ਜਾ ਸਕਦਾ ਸੀ। ਬੰਦਾ ਉਹ ਚੰਗਾ ਸੀ, ਸੁਲਝਿਆ ਹੋਇਆ ਸੀ ਅਤੇ ਜੀਣ ਦਾ ਢੰਗ ਵੀ ਉਸ ਨੂੰ ਆਉਂਦਾ ਸੀ। ਰਹਿੰਦਾ ਵੀ ੳਹ ਇਕ ਚੰਗੇ ਮਕਾਨ ਵਿਚ ਸੀ।' ਮਕਾਨ ਦਾ ਖ਼ਿਆਲ ਆਉਂਦਿਆਂ ਹੀ ਮਿਸਟਰ ਰਾਹੀ ਜਿਵੇਂ ਤ੍ਰਭਕ ਗਿਆ। ਪਿਛਲੇ ਦੋ ਸਾਲਾਂ ਤੋਂ ਉਹ ਆਪ ਬੜੇ ਮਾੜੇ ਜਿਹੇ ਮਕਾਨ ਵਿਚ ਰਹਿ ਰਿਹਾ ਸੀ। ਉਸ ਸ਼ਹਿਰ ਵਿਚ ਇਕ ਚੰਗਾ ਮਕਾਨ ਮਿਲ ਜਾਣਾ ਇਕ ਅਣਹੋਣੀ ਜਿਹੀ ਗੱਲ ਸੀ। ਇਸ ਨੇ ਸੋਚਿਆ, ਮਿਸਟਰ ਸਾਗਰ ਤਾਂ ਹੁਣ ਚਲ ਵਸੇ ਹਨ। ਥੋੜੇ ਚਿਰ ਪਿਛੋਂ ਉਸਦੀ ਪਤਨੀ ਅਤੇ ਬੱਚੇ ਉਸ ਮਕਾਨ ਨੂੰ ਛੱਡ ਜਾਣਗੇ। ਜਦੋਂ ਤਨਖਾਹ ਮਿਲਣੀ ਬੰਦ ਹੋ ਗਈ ਤਾਂ ਤਿੰਨ ਸੌ ਰੁਪਿਆ ਮਹੀਨਾ ਕਿਰਾਇਆ ਉਹ ਕਿਵੇਂ ਦੇ ਸਕਣਗੇ। ਇਹ ਮਕਾਨ ਹੁਣ ਉਸ ਨੂੰ ਮਿਲ ਹੀ ਜਾਣਾ ਚਾਹੀਦਾ ਹੈ। ਹੋਰ ਵੀ ਕਈ ਲੈਕਚਰਾਰ ਮਕਾਨਾਂ ਦੀ ਤੰਗੀ ਦਾ ਰੋਣਾ ਰੌਂਦੇ ਰਹਿੰਦੇ ਹਨ, ਕਿਉਂ ਨਾਂ ਉਹ ਇਸੇ ਸ਼ਾਮ ਜਾ ਕੇ ਮਾਲਕ ਮਕਾਨ ਨਾਲ ਗੱਲ ਕਰ ਲਵੇ ਅਤੇ ਜੇਕਰ ਹੋ ਸਕੇ ਤਾਂ ਇਕ ਮਹੀਨੇ ਦਾ ਕਿਰਾਇਆ ਪੇਸ਼ਗੀ ਫੜਾ ਆਏ। ਇਸ ਕੰਮ ਵਿਚ ਦੇਰ ਠੀਕ ਨਹੀਂ ਸੀ।
ਉਹਦੇ ਕੋਲੋਂ ਥੋੜੀ ਦੂਰ ਬੈਠਾ ਮਿਸਟਰ ਗਰੋਵਰ ਕੁਝ ਹੋਰ ਹੀ ਸੋਚ ਰਿਹਾ ਸੀ। ਅੰਗਰੇਜ਼ੀ ਵਿਭਾਗ ਵਿਚ ਉਸਦੀ ਸੀਨੀਆਰਟੀ ਦੂਸਰੇ ਨੰਬਰ ਉਤੇ ਸੀ ਅਤੇ ਹੁਣ ਜਦ ਮਿਸਟਰ ਸਾਗਰ ਇਸ ਦੁਨੀਆਂ ਵਿਚ ਨਹੀਂ ਰਹੇ ਸਨ, ਉਸ ਨੇ ਆਪਣੇ ਵਿਭਾਗ ਦਾ ਮੁਖੀ ਬਣਨਾ ਸੀ। ਉਮਰ ਵਿਚ ਉਹ ਮਿਸਟਰ ਸਾਗਰ ਤੋਂ ਦੋ ਕੁ ਸਾਲ ਵੱਡਾ ਸੀ, ਪਰ ਸੀਨੀਆਰਟੀ ਵਿਚ ਤਿੰਨ ਕੁ ਸਾਲ ਪਿੱਛੇ। ਸੋ ਜੇਕਰ ਇਹ ਭਾਣਾ ਨਾ ਵਰਤਦਾ ਤਾਂ ਉਸ ਨੇ ਮਿਸਟਰ ਸਾਗਰ ਦੇ ਰੀਟਾਇਰ ਹੋਣ ਤੋਂ ਪਹਿਲਾਂ ਹੀ ਰੀਟਾਇਰ ਹੋ ਜਾਣਾ ਸੀ। ਉਂਜ ਤਾਂ ਉਹ ਆਪਣੇ ਹਾਲਾਤ ਨਾਲ ਸਮਝੌਤਾ ਕਰ ਚੁੱਕਾ ਹੋਇਆ ਸੀ, ਪਰ ਹੁਣ ਇਕਦਮ ਉਸ ਦੀਆਂ ਅੱਖਾਂ ਦੇ ਸਾਹਮਣੇ ਨਵੇਂ ਰਾਹ ਖੁੱਲ੍ਹ ਗਏ ਸਨ। ਕਾਲਿਜ ਵਿਚ ਆਪਣੇ ਵਿਭਾਗ ਦਾ ਮੁਖੀ ਬਣਨ ਨਾਲ ਉਸ ਦਾ ਵਕਾਰ ਤਾਂ ਵਧਣਾ ਹੀ ਸੀ ਪਰ ਇਸ ਦੇ ਇਲਾਵਾ ਉਸ ਨੇ ਯੂਨੀਵਰਸਿਟੀ ਦੇ ਕਈ ਬੋਰਡਾਂ ਦਾ ਮੈਂਬਰ ਨਿਯੁਕਤ ਹੋ ਜਾਣਾ ਸੀ। ਇਹ ਸਭ ਕੁੱਝ ਅਚਨਚੇਤ ਹੀ ਹੋ ਗਿਆ ਸੀ, ਬਸ ਅੱਖ ਝਪਕਣ ਵਿਚ ਹੀ, ਜਾਂ ਕਿਸੇ ਦੀਆਂ ਅੱਖਾਂ ਦੇ ਬੰਦ ਹੋਣ ਦੇ ਨਾਲ ਹੀ। ਗੱਲ ਤਾਂ ਬਹੁਤ ਮਾੜੀ ਹੋਈ ਸੀ ਪਰ ਕੀਤਾ ਵੀ ਕੀ ਜਾ ਸਕਦਾ ਸੀ। ਅਸਲੀਅਤ ਤੋਂ ਮੂੰਹ ਨਹੀਂ ਸੀ ਮੋੜਿਆ ਜਾ ਸਕਦਾ ਅਤੇ ਹੁਣ ਇਹ ਅਸਲੀਅਤ ਹੀ ਸੀ ਕਿ ਉਹ ਛੇਤੀ ਹੀ ਅੰਗਰੇਜ਼ੀ ਵਿਭਾਗ ਦਾ ਮੁਖੀ ਬਣਨ ਵਾਲਾ ਸੀ।
ਬੜੇ ਗੰਭੀਰ ਰੂਪ ਵਿਚ ਬੈਠਾ ਹੋਇਆ ਇਕ ਹੋਰ ਲੈਕਚਰਾਰ ਮਿਸਟਰ ਗਿੱਲ ਗਰਮ ਚਾਹ ਦੇ ਛੋਟੇ ਛੋਟੇ ਘੁੱਟ ਭਰ ਰਿਹਾ ਸੀ। ੳਹ ਜਿਵੇਂ ਆਪਣੇ ਹੀ ਵਿਚਾਰਾਂ ਦੀ ਧੁੰਦ ਵਿਚ ਅਲੋਪ ਹੋ ਚੁੱਕਾ ਸੀ। ਬਹੁਤ ਸਾਰੀਆਂ ਗੱਲਾਂ ਉਹਦੇ ਮਨ ਵਿਚ ਖਲਬਲੀ ਮਚਾ ਰਹੀਆਂ ਸਨ, ਪਰ ਕਿਸੇ ਵੀ ਗੱਲ ਬਾਰੇ ਉਹ ਸਪੱਸ਼ਟ ਰੂਪ ਵਿਚ ਸੋਚ ਨਹੀਂ ਸੀ ਸਕਦਾ। ਉਹਦਾ ਯਾਰ ਸੀ ਮਿਸਟਰ ਸਾਗਰ। ਕਈ ਮਹੱਤਵਪੂਰਨ ਸ਼ਾਮਾਂ ਉਹਨਾਂ ਨੇ ਇਕੱਠਿਆਂ ਗੁਜ਼ਾਰੀਆਂ ਸਨ। ਬੜੀਆਂ ਬੜੀਆਂ ਲੰਮੀਆਂ ਬਹਿਸਾਂ ਕਰਦੇ ਰਹਿੰਦੇ ਸਨ ਉਹ। ਕਦੀ ਕਦੀ ਉਹ ਇਕ ਦੂਸਰੇ ਨਾਲ ਝਗੜ ਪੈਂਦੇ, ਬਲਕਿ ਲੜ ਪੈਂਦੇ ਅਤੇ ਕਈ ਕਈ ਦਿਨ ਉਹ ਆਪਸ ਵਿਚ ਗੱਲਬਾਤ ਨਾ ਕਰਦੇ ਪਰ ਫੇਰ ਵੀ ਸਾਹਿਤਕਾਰ ਸਨ ਉਹ। ਇਕ ਦੂਸਰੇ ਨਾਲ ਬਹੁਤੀ ਦੇਰ ਗੁੱਸੇ ਰਹਿਣਾ ਉਹਨਾਂ ਲਈ ਸੰਭਵ ਨਹੀਂ ਸੀ। ਮਿਸਟਰ ਸਾਗਰ ਇਕ ਕਹਾਣੀਕਾਰ ਸੀ, ਜਦ ਕਿ ਮਿਸਟਰ ਗਿੱਲ ਕਵੀ। ਦੋਹਾਂ ਦਾ ਸਾਹਿਤ ਖੇਤਰ ਵਿਚ ਆਪਣਾ ਆਪਣਾ ਸਥਾਨ ਸੀ, ਪਰ ਫੇਰ ਵੀ ਇਕ ਹਲਕੀ ਜਿਹੀ ਈਰਖਾ ਸੀ ਉਹਨਾਂ ਨੂੰ ਇਕ ਦੂਸਰੇ ਨਾਲ। ਹੁਣ ਜਦੋਂ ਮਿਸਟਰ ਸਾਗਰ ਅਚਨਚੇਤ ਹੀ ਪਰਦੇ ਦੇ ਪਿੱਛੇ ਚਲਿਆ ਗਿਆ ਸੀ ਤਾਂ ਪੂਰੀ ਦੀ ਪੂਰੀ ਸਟੇਜ ਉਹਦੇ ਲਈ ਖਾਲੀ ਹੋ ਗਈ ਸੀ। ਕਾਲਿਜ ਵਿਚ ਕੀ ਸਗੋਂ ਸਾਰੇ ਸ਼ਹਿਰ ਵਿਚ ਹੁਣ ਉਹਦੀ ਹੀ ਪੁੱਛ ਪ੍ਰਤੀਤ ਹੋਣੀ ਸੀ। ਪਰ ਇਹ ਸਭ ਕੁੱਝ ਉਸ ਨੂੰ ਓਪਰਾ ਓਪਰਾ ਲੱਗ ਰਿਹਾ ਸੀ। ਮਿਸਟਰ ਗਿੱਲ ਇਸ ਗੱਲ ਉਤੇ ਹੈਰਾਨ ਸੀ ਕਿ ਉਸ ਦੇ ਦੋਸਤ ਦੇ ਵਿਛੋੜੇ ਕਾਰਨ ਉਸਦਾ ਮਨ ਦੁਖੀ ਤਾਂ ਸੀ ਪਰ ਨਾਲ ਦੀ ਨਾਲ ਉਸ ਨੂੰ ਇਕ ਤਸੱਲੀ ਜਿਹੀ ਕਿਉਂ ਮਹਿਸੂਸ ਹੋ ਰਹੀ ਸੀ। ਇਹ ਮਿਲਿਆ ਜੁਲਿਆ ਜਜ਼ਬਾ ਮਿੱਠੇ ਜ਼ਹਿਰ ਵਾਂਗ ਉਹਦੀਆਂ ਰਗਾਂ ਵਿਚ ਫਿਰ ਰਿਹਾ ਸੀ। ਇੰਜ ਹੀ ਜਿਵੇਂ ਕੋਈ ਹੰਝੂ ਵੀ ਕੇਰ ਰਿਹਾ ਹੋਵੇ ਅਤੇ ਮੁਸਕਰਾ ਵੀ ਰਿਹਾ ਹੋਵੇ।
ਚਾਹ ਖਤਮ ਹੋ ਚੁੱਕੀ ਸੀ ਅਤੇ ਹੁਣ ਏਧਰ ਉਧਰ ਦੀਆਂ ਗੱਲਾਂ ਚਲ ਰਹੀਆਂ ਸਨ। ਲੇਡੀ ਲੈਕਚਰਾਰ ਵੀ ਮਿਸਟਰ ਸਾਗਰ ਦੀ ਪਤਨੀ ਅਤੇ ਬੱਚਿਆਂ ਦੇ ਭਵਿੱਖ ਬਾਰੇ ਚਿੰਤਾਤੁਰ ਹੋਣ ਤੋਂ ਬਾਅਦ ਇਕ ਦੂਸਰੇ ਦੀਆਂ ਨਵੀਆਂ ਸਾੜੀਆਂ ਜਾਂ ਨਵੇਂ ਸੈਂਡਲਾਂ ਦੀ ਸ਼ਲਾਘਾ ਵਿਚ ਰੁਝ ਗਈਆਂ ਸਨ ਅਤੇ ਦੋ ਤਿੰਨ ਜਣੀਆਂ ਤਾਂ ਕਿਸੇ ਗੱਲ ਉਤੇ ਹੱਸ ਹੱਸ ਕੇ ਲੋਟ ਪੋਟ ਹੋ ਰਹੀਆਂ ਸਨ। ਏਨੇ ਵਿਚ ਚਪੜਾਸੀ ਹੱਥ ਵਿਚ ਨੋਟਿਸ ਫੜੀ ਇਹਨਾਂ ਵੱਲ ਆਇਆ। ਇਹ ਨੋਟਿਸ ਸਟਾਫ ਸਕੱਤਰ ਵਲੋਂ ਸੀ ਕਿ ਗਿਆਰਾਂ ਵਜੇ ਸਟਾਫ ਰੂਮ ਵਿਚ ਮਿਸਟਰ ਸਾਗਰ ਦੀ ਮੌਤ ਬਾਰੇ ਸ਼ੋਕ ਮਤਾ ਪਾਸ ਕੀਤਾ ਜਾਣਾ ਸੀ। ਵਕਤ ਹੋ ਰਿਹਾ ਸੀ, ਇਸ ਲਈ ਸਾਰੇ ਲੈਕਚਰਾਰ ਉਠ ਖੜੇ ਹੋਏ ਅਤੇ ਸਟਾਫ ਰੂਮ ਵੱਲ ਚਲ ਪਏ।
ਇਥੇ ਸਟਾਫ ਸਕੱਤਰ ਇਕ ਦੋ ਹੋਰ ਲੈਕਚਰਾਰਾਂ ਵਿਚ ਘਿਰਿਆ ਸ਼ੋਕ ਮਤਾ ਤਿਆਰ ਕਰ ਰਿਹਾ ਸੀ। ਪੰਜਾਂ ਸੱਤਾਂ ਮਿੰਟਾਂ ਬਾਅਦ ਸਟਾਫ ਸਕੱਤਰ ਸ਼ੋਕ ਮਤਾ ਲੈ ਕੇ ਪ੍ਰਿੰਸੀਪਲ ਦੇ ਕਮਰੇ ਵਿਚ ਚਲਾ ਗਿਆ। ਸਾਰੇ ਸਟਾਫ ਮੈਂਬਰ ਇਕੱਠੇ ਹੋ ਚੁੱਕੇ ਸਨ ਅਤੇ ਹੁਣ ਪ੍ਰਿੰਸੀਪਲ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਸਨ। ਅਚਾਨਕ ਇਕ ਵਿਅਕਤੀ ਸਆਫ ਰੂਮ ਦੇ ਦਰਵਾਜ਼ੇ ਵਿਚ ਆਣ ਖੜਾ ਹੋਇਆ। ਉਸ ਨੂੰ ਦੇਖਦਿਆਂ ਹੀ ਹੈਰਾਨੀ ਨਾਲ ਸਾਰਿਆਂ ਦੇ ਮੂੰਹ ਖੁਲ੍ਹ ਗਏ। ਕੀ ਉਹ ਸੁਪਨਾ ਦੇਖ ਰਹੇ ਸਨ? ਮਿਸਟਰ ਸਾਗਰ ਇਹਨਾਂ ਦੇ ਸਾਹਮਣੇ ਖੜਾ ਸੀ, ਹੱਥ ਵਿਚ ਦੋ ਤਿੰਨ ਕਿਤਾਬਾਂ ਸੰਭਾਲੀ। ਸਭ ਦੀਆਂ ਨਜ਼ਰਾਂ ਉਸ ਲੈਕਚਰਾਰ ਦੇ ਚਿਹਰੇ ਉਤੇ ਟਿਕ ਗਈਆਂ ਜਿਸ ਨੇ ਕੁਝ ਦੇਰ ਪਹਿਲਾਂ ਇਹ ਦੁਖਦਾਇਕ ਖਬਰ ਸੁਣਾਈ ਸੀ। ਉਹ ਲੈਕਚਰਾਰ ਮਿਸਟਰ ਸਾਗਰ ਵੱਲ ਇੰਜ ਦੇਖ ਰਿਹਾ ਸੀ ਜਿਵੇਂ ਕਿਸੇ ਭੂਤ ਨੂੰ ਪਛਾਣਨ ਦੀ ਕੋਸ਼ਿਸ਼ ਕਰ ਰਿਹਾ ਹੋਵੇ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)