Nitani (Punjabi Story) : Muhammad Mansa Yaad

ਨਿਤਾਣੀ (ਕਹਾਣੀ) : ਮੁਹੰਮਦ ਮਨਸ਼ਾ ਯਾਦ

ਦੁਪਹਿਰ ਢਲ ਗਈ ਸੀ ਜਦੋਂ ਨੰਬਰਦਾਰ ਦੀ ਘਰਵਾਲੀ ਸਤਭਰਾਈ ਉਸਨੂੰ ਆਪਣੇ ਨਾਲ ਲੈ ਕੇ ਉਸਦੇ ਘਰ ਛੱਡ ਆਉਣ ਲਈ ਨਿਕਲੀ ਸੀ—
ਉਹ ਮੇਲੇ ਵਿਚ ਲੁੱਟ ਲਏ ਜਾਣ ਵਾਲੇ ਤੇ ਖ਼ਾਲੀ ਹੱਥ ਘਰ ਵਾਪਸ ਆਉਣ ਵਾਲੇ ਬੱਚੇ ਵਾਂਗ ਨੀਵੀਂ ਪਾਈ, ਗੁੰਮਸੁੰਮ ਜਿਹੀ ਸਤਭਰਾਈ ਦੇ ਪਿੱਛੇ-ਪਿੱਛੇ ਤੁਰ ਰਹੀ ਸੀ। ਉਹ ਉਸਨੂੰ ਵਾਰੀ-ਵਾਰੀ ਤਸੱਲੀਆਂ ਦੇ ਰਹੀ ਸੀ ਪਰ ਉਹ ਸੁੱਕੇ-ਪੱਤੇ ਵਾਂਗ ਕੰਬ ਰਹੀ ਸੀ। ਉਹ ਚਿਹਰਾ ਜਿਸ ਉੱਤੇ ਗ਼ੁਲਾਬ ਟਹਿਕਦੇ ਤੇ ਕਲੀਆਂ ਝੁੰਮਦੀਆਂ ਸਨ, ਹਲਦੀ ਵਾਂਗ ਪੀਲਾ ਹੋਇਆ-ਹੋਇਆ ਸੀ। ਉਸਨੇ ਚਾਦਰ ਨਾਲ ਸਾਰਾ ਸਰੀਰ ਤੇ ਮੂੰਹ ਸਿਰ-ਲਪੇਟਿਆ ਹੋਇਆ ਸੀ ਪਰ ਉਸਨੂੰ ਆਪਣੇ ਨੰਗੇਪਣ ਦਾ ਅਹਿਸਾਸ ਖਾਈ ਜਾ ਰਿਹਾ ਸੀ। ਪਿੰਡ ਦੀਆਂ ਤੀਵੀਂਆਂ ਤੇ ਮੁੰਡੇ-ਖੁੰਡੇ ਉਸਨੂੰ ਇੰਜ ਰੁਕ-ਰੁਕ ਕੇ ਦੇਖ ਰਹੇ ਸਨ ਜਿਵੇਂ ਉਹ ਮਦਾਰੀ ਦੇ ਪਿੱਛੇ-ਪਿੱਛੇ ਤੁਰ ਰਹੀ ਬਾਂਦਰੀ ਹੋਵੇ ਤੇ ਹੁਣੇ ਕਿਸੇ ਮੋੜ 'ਤੇ ਰੁਕ ਕੇ ਖੇਡਾ ਪਾਉਣ ਵਾਲੀ ਹੋਵੇ—
'ਕਾਸ਼! ਉਹ ਉਸਨੂੰ ਰਾਤ ਦੇ ਹਨੇਰੇ ਵਿਚ ਲੈ ਕੇ ਆਉਂਦੀ।' ਉਸਨੇ ਦੁਖੀ ਮਨ ਨਾਲ ਸੋਚਿਆ। ਪਰ ਹੁਣ ਸਾਰੇ ਫੈਸਲੇ ਦੂਜਿਆਂ ਦੇ ਹੱਥ ਸਨ। ਆਪਣਾ ਫੈਸਲਾ ਗ਼ਲਤ ਸਾਬਤ ਹੋ ਜਾਵੇ ਤਾਂ ਅਗਲੇ ਫੈਸਲਿਆਂ ਦਾ ਅਧਿਕਾਰ ਆਪਣੇ ਆਪ ਖੁੱਸ ਜਾਂਦਾ ਹੈ।
ਉਸਦੀਆਂ ਲੱਤਾਂ ਕੰਬ ਰਹੀਆਂ ਸਨ ਤੇ ਪੈਰ ਲੜਖੜਾ ਰਹੇ ਸਨ—ਜਿਵੇਂ ਉਹ ਆਪਣੇ ਘਰ ਨਾ ਜਾ ਰਹੀ ਹੋਵੇ ਬਲਿਕ ਫਾਂਸੀ ਦੇ ਤਖ਼ਤੇ ਵੱਲ ਤੁਰੀ ਜਾ ਰਹੀ ਹੋਵੇ। ਨੰਬਰਦਾਰ ਤੇ ਪਿੰਡ ਦੇ ਮੋਹਤਬਰ ਬੰਦਿਆਂ ਨੇ ਉਸਨੂੰ ਲਿਆਉਣ ਵੇਲੇ ਯਕੀਨ ਦਿਵਾਇਆ ਸੀ ਕਿ ਉਸਨੂੰ ਕੁਝ ਨਹੀਂ ਕਿਹਾ ਜਾਵੇਗਾ ਪਰ ਉਹ ਆਪਣੇ ਘਰਵਾਲਿਆਂ ਨੂੰ ਜਾਣਦੀ ਸੀ ਕਿ ਜੇ ਉਹ ਕਿਸੇ ਤਰ੍ਹਾਂ ਜਿਊਂਦੀ ਬਚ ਗਈ ਤਾਂ ਉਸਦਾ ਜਿਊਂਣਾ ਮੌਤ ਨਾਲੋਂ ਬਦਤਰ ਹੋਵੇਗਾ, ਉਹ ਉਸਦੇ ਹੱਥ ਪੈਰ ਜ਼ਰੂਰ ਤੋੜ ਦੇਣਗੇ ਤੇ ਉਹ ਕਈ ਦਿਨਾਂ ਤੀਕ ਜਖ਼ਮਾਂ ਦੀ ਪੀੜ ਨਾਲ ਕਰਾਹੁੰਦੀ ਰਹੇਗੀ।
ਸਤਭਰਾਈ ਉਸਦੇ ਅੱਗੇ-ਅੱਗੇ ਉਸਦੇ ਘਰ ਵਿਚ ਇੰਜ ਵੜੀ ਜਿਵੇਂ ਜੇਤੂ ਫੌਜ ਦਾ ਜਰਨੈਲ ਫਤਿਹ ਕੀਤੀ ਸਲਤਲਤ ਵਿਚ ਪ੍ਰਵੇਸ਼ ਕਰ ਰਿਹਾ ਹੋਵੇ। ਪਰ ਉੱਥੇ ਉਹਨਾਂ ਦੋਵਾਂ ਵੱਲ ਕਿਸੇ ਨੇ ਅੱਖ ਚੁੱਕ ਕੇ ਵੀ ਨਹੀਂ ਸੀ ਦੇਖਿਆ। ਮਾਂ ਵਰਾਂਡੇ ਵਿਚ ਮੰਜੀ ਉੱਤੇ ਬੈਠੀ ਚੌਲ ਸਾਫ ਕਰ ਰਹੀ ਸੀ, ਉਹ ਉਸੇ ਤਰ੍ਹਾਂ ਚੁੱਪਚਾਪ ਬੈਠੀ ਚੌਲ ਚੁਗਦੀ ਰਹੀ। ਛੋਟਾ ਭਰਾ ਲੱਕੜਾਂ ਪਾੜ ਰਿਹਾ ਸੀ, ਉਹ ਓਵੇਂ ਹੀ ਲੱਕੜਾਂ ਪਾੜਦਾ ਰਿਹਾ। ਵੱਡਾ ਇਕ ਕੋਨੇ ਵਿਚ ਪਈ ਮੰਜੀ ਦੀ ਦੌਣ ਕਸ ਰਿਹਾ ਸੀ, ਉਹ ਵੀ ਆਪਣੇ ਕੰਮ ਵਿਚ ਰੁੱਝਿਆ ਰਿਹਾ। ਸਿਰਫ ਭਾਬੀ ਨੇ ਉਸ ਵੱਲ ਇਕ ਨਜ਼ਰੇ ਦੇਖਿਆ ਸੀ ਪਰ ਇੰਜ ਜਿਵੇਂ ਘਰੇ ਵੜ ਆਏ ਕਿਸੇ ਕੁੱਤੇ-ਬਿੱਲੇ ਵੱਲ ਦੇਖਿਆ ਜਾਂਦਾ ਹੈ।...ਹਾਂ, ਉਸਨੇ ਸਤਭਰਾਈ ਨੂੰ ਬੈਠਣ ਲਈ ਸਰ ਦਾ ਮੂੜਾ ਲਿਆ ਦਿੱਤਾ ਸੀ, ਪਰ ਮੂੰਹੋਂ ਕੁਝ ਨਹੀਂ ਸੀ ਬੋਲੀ। ਸਤਭਰਾਈ ਖ਼ੁਦ ਹੀ ਵਾਰੀ-ਵਾਰੀ ਸਾਰਿਆਂ ਨੂੰ ਮਸ਼ਵਰੇ ਦੇਂਦੀ ਤੇ ਨਸੀਹਤ ਕਰਦੀ ਰਹੀ ਕਿ 'ਆਦਮੀ ਗਲਤੀਆਂ ਦਾ ਪੁਤਲਾ ਐ...ਇਸ ਉਮਰ ਵਿਚ ਅਜਿਹੀ ਗਲਤੀ ਹੋ ਈ ਜਾਂਦੀ ਆ...ਅੱਲਾ ਤਾਅਲਾ ਮੁਆਫ਼ ਕਰਨ ਵਾਲੇ ਦੇ ਇੱਜ਼ਤ-ਮਾਣ ਵਿਚ ਬੜਾ ਵਾਧਾ ਕਰਦਾ ਐ'...ਵਗ਼ੈਰਾ, ਵਗ਼ੈਰਾ।
ਉਹ ਸਿੱਧੀ ਪਿੱਛਲੇ ਕਮਰੇ ਵਿਚ ਚਲੀ ਗਈ ਤੇ ਦਰਵਾਜ਼ੇ ਨਾਲ ਲੱਗ ਕੇ ਉਸ ਜਗ੍ਹਾ ਬੈਠ ਗਈ ਜਿੱਥੋਂ ਸਾਰੇ ਨਜ਼ਰ ਆ ਰਹੇ ਸਨ—ਉਸ ਸਭ ਕੁਝ ਦੇਖਦੀ ਤੇ ਸੁਣਦੀ ਰਹਿਣਾ ਚਾਹੁੰਦੀ ਸੀ; ਉਸਨੂੰ ਡਰ ਸੀ ਕਿ ਲੱਕੜਾਂ ਪਾੜਦਾ ਹੋਇਆ ਭਰਾ ਕੁਹਾੜੇ ਸਮੇਤ ਉਸ ਕੋਲ ਆਵੇਗਾ ਤੇ ਸੁੱਕੀ ਲੱਕੜ ਵਾਂਗ ਉਸਦੇ ਟੋਟੇ-ਟੋਟੇ ਕਰ ਸੁੱਟੇਗਾ।
ਥੋੜ੍ਹੀ ਦੇਰ ਬਾਅਦ ਸਤਭਰਾਈ ਜਾਣ ਲੱਗੀ ਤਾਂ ਉਸਦੇ ਦਿਲ ਨੂੰ ਡੋਬ ਪੈਣ ਲੱਗਾ। ਉਸਨੂੰ ਲੱਗ ਰਿਹਾ ਸੀ, ਉਸਦੇ ਜਾਂਦਿਆਂ ਹੀ ਉਹ ਅੰਦਰ ਆ ਜਾਣਗੇ ਤੇ ਉਹ ਉਹਨਾਂ ਤੋਂ ਆਪਣੀ ਜ਼ਿੰਦਗੀ ਦੀ ਭੀਖ ਵੀ ਨਹੀਂ ਮੰਗ ਸਕੇਗੀ। ਕੁਝ ਮੰਗਣ ਜਾਂ ਕੁਝ ਮੁਆਫ਼ ਕਰਵਾਉਣ ਲਈ ਲਫ਼ਜ਼ ਜ਼ਰੂਰੀ ਹੁੰਦੇ ਨੇ ਤੇ ਉਸ ਦੇ ਕੋਲ ਪਛਤਾਵੇ ਤੇ ਅਫ਼ਸੋਸ ਦੇ ਸਿਵਾਏ ਕੁਝ ਵੀ ਨਹੀਂ ਸੀ। ਪਰ ਜਦੋਂ ਸਤਭਰਾਈ ਦੇ ਜਾਣ ਤੋਂ ਕਾਫੀ ਦੇਰ ਬਾਅਦ ਵੀ ਕਿਸੇ ਨੇ ਉਸਨੂੰ ਬੁਰਾ-ਭਲਾ ਕਿਹਾ ਨਾ ਕੋਈ ਡੰਡਾ-ਝੰਡਾ ਲੈ ਕੇ ਅੰਦਰ ਆਇਆ ਤਾਂ ਉਸਨੂੰ ਹੌਲ ਪੈਣ ਲੱਗ ਪਏ...ਸ਼ਇਦ ਉਸਦਾ ਜੁਰਮ ਅਜਿਹਾ ਸੀ ਕਿ ਕਿਸੇ ਛੋਟੀ-ਮੋਟੀ ਸਜ਼ਾ ਨਾਲ ਉਸਦੀ ਮੁਆਫ਼ੀ ਸੰਭਵ ਨਹੀਂ ਸੀ।
ਸ਼ਾਮ ਹੋਣ ਵਾਲੀ ਸੀ ਵਰਿਆਮੂ ਕੁਹਾੜਾ ਇਕ ਪਾਸੇ ਸੁੱਟ ਕੇ ਦੁੱਧ ਚੋਣ ਚਲਾ ਗਿਆ। ਵੱਡਾ ਭਰਾ ਗਾਮੂ ਹੁੱਕਾ ਤਾਜ਼ਾ ਕਰਨ ਲੱਗਿਆ, ਭਾਬੀ ਨਿੱਕੀ ਸਗਰੀਆ ਨੂੰ ਗੋਦੀ ਚੁੱਕ ਕੇ ਚੁੱਲ੍ਹੇ ਕੋਲ ਜਾ ਬੈਠੀ ਤੇ ਚੌਲ ਬਣਾਉਣ ਲੱਗ ਪਈ ਤੇ ਮਾਂ ਲਾਂਅ ਤੋਂ ਸੁੱਕੇ ਕੱਪੜੇ ਲਾਹੁਣ ਲੱਗ ਪਈ। ਕੱਪੜੇ ਲੈ ਕੇ ਉਹ ਅੰਦਰ ਆਈ ਤੇ ਉਸ ਦੇ ਨੇੜਿਓਂ ਇੰਜ ਲੰਘ ਗਈ ਜਿਵੇਂ ਉਹ ਉਸਨੂੰ ਦਿਖਾਈ ਹੀ ਨਾ ਦਿੱਤੀ ਹੋਵੇ। ਮਾਂ ਨੇ ਕਿੱਲੀ ਤੋਂ ਲਾਲਟੈਨ ਲਾਹੀ ਤੇ ਉਸਨੂੰ ਬਾਲ ਕੇ ਦਰਵਾਜ਼ੇ ਦੀ ਕੁੰਡੀ ਨਾਲ ਲਮਕਾਅ ਦਿੱਤਾ। ਉਸਨੂੰ ਲਾਲਟੈਨ ਦੀ ਰੌਸ਼ਨੀ ਬੜੀ ਭੈੜੀ ਲੱਗੀ ਜਿਵੇਂ ਉਸਨੇ ਉਸਨੂੰ ਹੋਰ ਵੀ ਨੰਗਾ ਕਰ ਦਿੱਤਾ ਹੋਵੇ। ਉਸਦੇ ਵੱਸ ਵਿਚ ਹੁੰਦਾ ਤਾਂ ਉਹ ਮੱਖੀ ਬਣ ਕੇ ਕਿਸੇ ਟਰੰਕ ਪਿੱਛੇ ਬੈਠ ਜਾਂਦੀ ਜਾਂ ਕੀੜੀ ਬਣ ਕੇ ਕਿਸੇ ਦਰਜ ਵਿਚ ਵੜ ਜਾਂਦੀ।
ਛੋਟਾ ਭਰਾ ਦੁੱਧ ਵਾਲੀ ਟੋਕਨੀ ਸਿਰ 'ਤੇ ਚੁੱਕੀ ਆ ਪਹੁੰਚਿਆ ਤਾਂ ਦੋਵੇਂ ਭਰਾ ਚੁੱਲ੍ਹੇ ਕੋਲ ਬੈਠ ਕੇ ਥਾਲਾਂ ਵਿਚ ਚੌਲ ਪੁਆ ਕੇ ਖਾਣ ਲੱਗ ਪਏ। ਮਾਂ ਨਿੱਕੀ ਸਗਰੀਆ ਨੂੰ ਤੁਰ-ਫਿਰ ਕੇ, ਥਾਪੜ-ਥਾਪੜ, ਸੰਵਾਉਣ ਲੱਗੀ।
ਉਸਨੇ ਸਵੇਰ ਦਾ ਕੁਝ ਨਹੀਂ ਸੀ ਖਾਧਾ। ਖਾਣ-ਪੀਣ ਦੀ ਉਸਨੂੰ ਹੋਸ਼ ਹੀ ਕਿੱਥੇ ਸੀ। ਸਤਭਰਾਈ ਨੇ ਉਸਨੂੰ ਆਪਣੇ ਘਰ ਰੋਟੀ ਦਿੱਤੀ ਸੀ ਪਰ ਇਕ ਗਰਾਹੀ ਵੀ ਉਸਦੇ ਸੰਘੋਂ ਨਹੀਂ ਸੀ ਲੱਥੀ। ਉਹ ਖ਼ਾਲੀ ਪੇਟ ਏਨੀ ਦੂਰੋਂ ਪੈਦਲ ਤੁਰ ਕੇ ਆਈ ਸੀ, ਪਰ ਹੁਣ ਵੀ ਉਸਨੂੰ ਖਾਣ ਦੀ ਇੱਛਾ ਨਹੀਂ ਸੀ ਹੋ ਰਹੀ। ਫੇਰ ਵੀ ਜੇ ਖਾਣਾ ਖਾ ਰਹੇ ਭਰਾਵਾਂ ਵਿਚੋਂ ਕੋਈ ਉਸ ਬਾਰੇ ਪੁੱਛ ਲੈਂਦਾ ਕਿ 'ਉਸਨੇ ਕੁਝ ਖਾਧਾ ਐ ਕਿ ਨਹੀਂ' ਤਾਂ ਉਹ ਬਿਨਾਂ ਖਾਧੇ-ਪੀਤੇ ਰੱਜ ਜਾਂਦੀ। ਪਰ ਉਹਨਾਂ ਨੇ ਤਾਂ ਸ਼ਾਇਦ ਹਮੇਸ਼ਾ ਲਈ ਉਸਨੂੰ ਪਰਿਵਾਰ ਵਿਚੋਂ ਛੇਕ ਦਿੱਤਾ ਲੱਗਦਾ ਸੀ। ਪਰ ਭਾਬੀ ਨੂੰ ਅਖ਼ੀਰ ਉਸਦਾ ਧਿਆਨ ਆ ਹੀ ਗਿਆ, ਉਸਨੇ ਥਾਲੀ ਵਿਚ ਚੌਲ ਪਾਏ ਤੇ ਅੰਦਰ ਆ ਕੇ ਥਾਲੀ ਉਸਦੇ ਅੱਗੇ ਸਰਕਾ ਦਿੱਤੀ ਤੇ ਕੁਝ ਕਹੇ-ਸੁਣੇ ਬਗ਼ੈਰ ਪਰਤ ਗਈ। ਉਸਨੂੰ ਲੱਗਿਆ ਜਿਵੇਂ ਸੱਚਮੁੱਚ ਉਹ ਇਕ ਪਾਲਤੂ ਕੁੱਤੀ ਹੋਵੇ ਤੇ ਉਸਨੂੰ ਰਾਤਬ (ਪਾਲਤੂ ਜਾਨਵਰਾਂ ਦੀ ਵੱਝਵੀਂ ਖੁਰਾਕ) ਪਾ ਦਿੱਤੀ ਗਈ ਹੋਵੇ। ਉਹ ਆਪਣੇ ਹੀ ਘਰ ਵਿਚ ਬਿਗਾਨੀ ਹੋ ਗਈ ਸੀ। ਉਸਨੇ ਬੜੀ ਕੋਸ਼ਿਸ਼ ਕੀਤੀ ਪਰ ਰੋਣ ਨਿਕਲ ਹੀ ਗਿਆ। ਉਸਦੇ ਸਿਸਕਨ ਤੇ ਹਟੋਕਰੇ ਭਰਨ ਦੀ ਆਵਾਜ਼ ਸੁਣ ਕੇ ਵੀ ਕਿਸੇ ਦਾ ਹੱਥ ਨਹੀਂ ਰੁਕਿਆ ਤੇ ਨਾ ਹੀ ਕਿਸੇ ਨੇ ਉਸ ਵੱਲ ਧਿਆਨ ਹੀ ਦਿੱਤਾ। ਉਹ ਰੋ-ਧੋ ਕੇ ਆਪੇ ਚੁੱਪ ਹੋ ਗਈ। ਢਿੱਡ ਦੀ ਅੱਗ ਬੁਝਾਉਣ ਲਈ ਚੌਲਾਂ ਦੀਆਂ ਕੁਝ ਗਰਾਹੀਆਂ ਵੀ ਅੰਦਰ ਸੁੱਟ ਲਈਆਂ। ਉਸਨੂੰ ਪਿਆਸ ਲੱਗੀ ਹੋਈ ਸੀ, ਪਰ ਭਾਬੀ ਪਾਣੀ ਨਹੀਂ ਸੀ ਦੇ ਕੇ ਗਈ ਤੇ ਉਸਦਾ ਬਾਹਰ ਨਲਕੇ ਜਾਂ ਤੋੜੇ ਤੀਕ ਜਾ ਕੇ ਪਾਣੀ ਪੀ ਲੈਣ ਦਾ ਹੀਆ ਨਹੀਂ ਸੀ ਪੈ ਰਿਹਾ।
ਬਾਹਰਲਾ ਦਰਵਾਜ਼ਾ ਅਕਸਰ ਖੁੱਲ੍ਹਾ ਰਹਿੰਦਾ ਸੀ ਪਰ ਅੱਜ ਉਸਨੂੰ ਬੰਦ ਕਰ ਦਿੱਤਾ ਗਿਆ ਸੀ। ਬੰਦ ਦਰਵਾਜ਼ਾ ਦੇਖ ਕੇ ਉਸਨੂੰ ਆਪਣਾ ਸਾਹ ਰੁਕਦਾ ਮਹਿਸੂਸ ਹੋਇਆ ਜਿਵੇਂ ਹਵਾ ਦਾ ਰਸਤਾ ਰੋਕ ਦਿੱਤਾ ਗਿਆ ਹੋਵੇ। ਦੋ ਇਕ ਵਾਰੀ ਕਿਸੇ ਨੇ ਕੁੰਡੀ ਖੜਕਾਈ ਤਾਂ ਉਸਦੀ ਮਾਂ ਦਰਵਾਜ਼ੇ ਕੋਲ ਗਈ ਤੇ ਹਰ ਵਾਰੀ ਬੁੜਬੁੜ ਕਰਦੀ ਹੋਈ ਦਰਵਾਜ਼ਾ ਖੋਹਲੇ ਬਗ਼ੈਰ ਵਾਪਸ ਆ ਗਈ। ਜ਼ਰੂਰ ਪਿੰਡ ਦੀਆਂ ਬੁੜ੍ਹੀਆਂ ਆਉਣਾ ਚਾਹੁੰਦੀਆਂ ਹੋਣਗੀਆਂ, ਜਿਹਨਾਂ ਨੂੰ ਬੁਰਾ-ਭਲਾ ਸੁਣਾ ਕੇ ਮਾਂ ਨੇ ਉੱਥੋਂ ਹੀ ਵਾਪਸ ਮੋੜ ਦਿੱਤਾ ਸੀ। ਉਸਦੇ ਘਰ ਵਾਲੇ ਪਹਿਲਾਂ ਵੀ ਪਿੰਡ ਵਾਲਿਆਂ ਨਾਲ ਬਹੁਤਾ ਮਿਲਨਾ-ਜੁਲਨਾ ਪਸੰਦ ਨਹੀਂ ਸੀ ਕਰਦੇ ਤੇ ਹੁਣ ਤਾਂ ਉਹ ਹੋਰ ਵੀ ਭਖੇ ਹੋਏ ਸਨ। ਖਾਣਾ ਖਾ ਕੇ ਦੋਵੇਂ ਭਰਾ ਵਿਹੜੇ ਵਿਚ ਜਾ ਬੈਠੇ ਤੇ ਹੁੱਕਾ ਪੀਂਦੇ ਰਹੇ। ਵਰਿਆਮੂ ਵਾੜੇ ਵਿਚ ਜਾ ਕੇ ਸੌਂਦਾ ਸੀ ਪਰ ਘਰੇ ਹੀ ਲੇਟ ਗਿਆ। ਗਾਮੂ ਵੀ ਆਦਤ ਦੇ ਉਲਟ, ਜਲਦੀ ਉੱਠ ਕੇ ਸੌਣ ਲਈ ਚਲਾ ਗਿਆ ਜਿਵੇਂ ਉਹਨਾਂ ਜਲਦੀ ਉਠਣਾ ਤੇ ਕਿਸੇ ਅਹਿਮ ਮੁਹਿੰਮ 'ਤੇ ਜਾਣਾ ਹੋਵੇ। ਉਸਦਾ ਦਿਲ, ਕਿਸੇ ਡਰ ਸਦਕਾ, ਜ਼ੋਰ-ਜ਼ੋਰ ਨਾਲ ਧੜਕਨ ਲੱਗ ਪਿਆ।
ਕੁਝ ਚਿਰ ਭਾਬੀ ਜੂਠੇ ਭਾਂਡੇ 'ਕੱਠੇ ਕਰਦੀ ਤੇ ਮਾਂਜਦੀ ਰਹੀ। ਫੇਰ ਨਿੱਕੀ ਸਗਰੀਆ ਨੂੰ ਚੁੱਕ ਕੇ ਉਹ ਵੀ ਆਪਣੇ ਕਮਰੇ ਵਿਚ ਚਲੀ ਗਈ। ਮਾਂ ਵਰਾਂਡੇ ਵਿਚ ਬੈਠੀ ਤਾਜ਼ਾ ਪੀਸਿਆ ਹੋਇਆ ਆਟਾ ਤੌੜੀ ਵਿਚ ਪਾ ਰਹੀ ਸੀ। ਉਸਨੇ ਖਾਣਾ ਨਹੀਂ ਸੀ ਖਾਧਾ; ਉਸਨੇ ਖਾਣਾ ਕਿਉਂ ਨਹੀਂ ਖਾਧਾ, ਇਹ ਸੋਚ ਕੇ ਉਸਦੀਆਂ ਅੱਖਾਂ ਸਾਹਵੇਂ ਹਨੇਰਾ ਛਾਉਣ ਲੱਗਿਆ ਕਿ ਕਿਤੇ ਘਰ ਵਿਚ ਕੁਝ ਹੋਣ ਵਾਲਾ ਤਾਂ ਨਹੀਂ...?
ਲਾਲਟੈਨ ਬੁਝਾ ਕੇ ਮਾਂ ਵਰਾਂਡੇ ਵਿਚ ਆ ਕੇ ਮੰਜੀ ਉੱਤੇ ਲੇਟ ਗਈ ਤਾਂ ਉਹ ਕੁਝ ਚਿਰ ਤਾਂ ਬੈਠੀ ਰਹੀ ਫੇਰ ਹਿੰਮਤ ਕਰਕੇ ਉੱਠੀ ਤੇ ਉਸਦੀ ਪੁਆਂਦੀ ਜਾ ਬੈਠੀ। ਉਹ ਉਸਦੇ ਪੈਰਾਂ ਉੱਤੇ ਸਿਰ ਰੱਖ ਕੇ ਰੋਣਾ ਚਾਹੁੰਦੀ ਸੀ ਪਰ ਮਾਂ ਨੇ ਪੈਰ ਖਿੱਚ ਲਏ, ਲੱਤਾਂ ਇਕੱਠੀਆਂ ਕਰ ਲਈਆਂ ਤੇ ਪਾਸਾ ਪਰਤ ਲਿਆ। ਉਹ ਚੁੱਪਚਾਪ ਸਾਹ ਰੋਕੀ ਉਸੇ ਜਗ੍ਹਾ ਬੈਠੀ ਰਹੀ। ਮਾਂ ਜਾਗ ਰਹੀ ਸੀ ਪਰ ਆਪਣੇ ਆਪ ਨੂੰ ਸੁੱਤੀ ਹੋਈ ਜ਼ਾਹਰ ਕਰ ਰਹੀ ਸੀ। ਉਹ ਕਈ ਰਾਤਾਂ ਦੀ ਉਨੀਂਦੀ ਤੇ ਸਾਰੇ ਦਿਨ ਦੀ ਥੱਕੀ ਹੋਈ ਸੀ। ਉਸਨੂੰ ਪੈਂਦਾਂ ਉੱਤੇ ਬੈਠੀ ਨੂੰ ਨੀਂਦ ਆਉਂਣ ਲੱਗ ਪਈ ਪਰ ਉਸਨੂੰ ਆਪਣੀ ਮੰਜੀ ਉੱਤੇ ਇਕੱਲੀ ਸੌਂਣ ਤੋਂ ਡਰ ਲੱਗ ਰਿਹਾ ਸੀ...ਪਤਾ ਨਹੀਂ ਕਦੋਂ ਛੋਟਾ ਜਾਂ ਵੱਡਾ ਜਾਂ ਉਹ ਦੋਵੇਂ ਭਰਾ ਚੁੱਪਚਾਪ ਅੰਦਰ ਆ ਜਾਣ ਤੇ ਉਸਨੂੰ ਨਾਲ ਚੱਲਣ ਲਈ ਕਹਿਣ। ਉਹ ਚੀਕਣਾ-ਕੂਕਣਾ ਚਾਹੇ, ਪਰ ਉਸਦੇ ਮੂੰਹੋਂ ਆਵਾਜ਼ ਨਾ ਨਿਕਲ ਸਕੇ। ਫੇਰ ਪਤਾ ਨਹੀਂ ਉਹ ਉਸਨੂੰ ਕਿੱਥੇ ਲੈ ਜਾਣ? ਕਿਸ ਤਰ੍ਹਾਂ ਕਤਲ ਕਰਨ? ਹੋ ਸਕਦਾ ਹੈ ਗਲ਼ ਘੁੱਟ ਦੇਣ; ਛੁਰੀ ਜਾਂ ਟੋਕੇ ਨਾਲ ਧੌਣ ਵੱਢ ਕੇ ਜ਼ਮੀਨ ਵਿਚ ਨੱਪ ਦੇਣ, ਖੂਹ ਜਾਂ ਨਹਿਰ ਵਿਚ ਧੱਕਾ ਦੇ ਦੇਣ। ਉਸਨੂੰ ਯਕੀਨ ਸੀ ਕਿ ਜਦੋਂ ਉਹ ਉਸਨੂੰ ਲੈਣ ਆਉਣਗੇ, ਮਾਂ ਇੰਜ ਹੀ ਚੁੱਪਚਾਪ ਪਈ, ਆਪਣੇ ਆਪ ਨੂੰ ਸੁੱਤੀ ਹੋਈ ਜ਼ਾਹਰ ਕਰਦੀ ਰਹੇਗੀ...ਉਹ ਉਸਦੀ ਏਡੀ ਵੱਡੀ ਗਲਤੀ ਕਿੰਜ ਮੁਆਫ਼ ਕਰ ਸਕਦੀ ਸੀ? ਮੁਆਫ਼ ਕਰਨਾ ਤਾਂ ਇਸ ਘਰ ਦੇ ਲੋਕਾਂ ਨੇ ਜਿਵੇਂ ਸਿੱਖਿਆ ਹੀ ਨਹੀਂ ਸੀ। ਤੇ ਨਾਲੇ ਉਹ ਆਪਣੇ ਪੁੱਤਰਾਂ ਤੋਂ ਬੜੀ ਡਰਦੀ ਸੀ...ਉਹ ਹਿਰਖ ਜਾਂਦੇ ਸੀ ਤਾਂ ਮਾਂ ਨੂੰ ਵੀ ਬੇਇੱਜ਼ਤ ਤੇ ਲਹੂ-ਲੂਹਾਣ ਕਰ ਦੇਂਦੇ ਸੀ। ਘਰ ਵਿਚ ਇਕ ਭਾਬੀ ਸੀ ਜਿਹੜੀ ਉਸਦੀ ਜਾਨ ਬਚਾ ਸਕਦਾ ਸੀ, ਪਰ ਉਹ ਕਿਉਂ ਬਚਾਉਂਦੀ—ਉਸਨੇ ਭਾਬੀ ਦੇ ਕੁੱਬੇ ਭਰਾ ਦਾ ਰਿਸ਼ਤਾ ਠੁਕਰਾ ਕੇ ਉਸਨੂੰ ਹਮੇਸ਼ਾ ਲਈ ਆਪਣੀ ਦੁਸ਼ਮਣ ਬਣਾ ਲਿਆ ਸੀ। ਵੈਸੇ ਵੀ ਉਹ ਕਿੱਸੇ-ਕਹਾਣੀਆਂ ਦੀ ਰਵਾਇਤੀ ਭਾਬੀ ਵਾਂਗ ਉਸ ਉੱਤੇ ਮੱਚੀ ਹੀ ਰਹਿੰਦੀ ਸੀ ਤੇ ਸ਼ਾਇਦ ਉਸਦੇ ਖ਼ੂਨ ਨਾਲ ਸ਼ਾਲੂ ਰੰਗਣ ਦੀ ਇੱਛਾ ਵੀ ਰੱਖਦੀ ਸੀ।
ਉਹ ਮਾਂ ਦੀ ਪੁਆਂਦੀ ਬੈਠੀ ਹੂਬਕੀਂ ਰੋਂਦੀ ਰਹੀ। ਉਸਦੀ ਮਾਂ ਜ਼ਿਦ ਦੀ ਪੱਕੀ ਤੇ ਦਿਲ ਦੀ ਸਖ਼ਤ ਜ਼ਰੂਰ ਸੀ ਪਰ ਕਦੀ-ਕਦੀ ਮਿਹਰਬਾਨ ਵੀ ਹੋ ਜਾਂਦੀ ਸੀ ਜਾਂ ਘੱਟੋਘੱਟ ਥੋੜ੍ਹੀ ਦੇਰ ਲਈ ਨਰਮ ਪੈ ਜਾਂਦੀ ਸੀ ਪਰ ਅੱਜ ਉਸਦਾ ਦਿਲ ਪਿਘਲ ਹੀ ਨਹੀਂ ਸੀ ਰਿਹਾ। ਫੇਰ ਪਤਾ ਨਹੀਂ ਕਦੋਂ ਤੇ ਕਿਵੇਂ ਉਹ ਰੋਂਦੀ-ਰੋਂਦੀ ਉੱਥੇ ਪੁਆਂਦੀ ਹੀ ਗੁੱਛਾ-ਮੁੱਛਾ ਜਿਹੀ ਹੋ ਕੇ ਸੌਂ ਗਈ...ਪਰ ਭਿਆਨਕ ਸੁਪਨੇ ਦੇਖਦੀ ਤੇ ਵਾਰੀ-ਵਾਰੀ ਉੱਠ ਬੈਠਦੀ ਰਹੀ—ਇੰਜ ਸੌਣ ਤੇ ਜਾਗਣ ਵਿਚਕਾਰ ਉਸਨੂੰ ਕੋਈ ਫਰਕ ਮਹਿਸੂਸ ਨਹੀਂ ਸੀ ਹੋਇਆ—ਸੁਪਨਿਆਂ ਨੇ ਵੀ ਉਸਨੂੰ ਪਨਾਹ ਦੇਣੀ ਛੱਡ ਦਿੱਤੀ ਜਾਪਦੀ ਸੀ।
ਅਗਲੇ ਦਿਨ ਉਸਨੇ ਭਰਾਵਾਂ ਦੀਆਂ ਨਜ਼ਰਾਂ ਤੋਂ ਓਹਲੇ ਰਹਿ ਕੇ ਘਰ ਦੇ ਨਿੱਕੇ-ਮੋਟੇ ਕੰਮ ਕਰਨੇ ਸ਼ੁਰੂ ਕਰ ਦਿੱਤੇ। ਭਾਂਡੇ ਮਾਂਜੇ, ਕੱਪੜੇ ਧੋਤੇ, ਮੰਜੇ ਡਾਹੇ ਤੇ ਵਿਛਾਏ। ਝਾੜੂ ਦਿੱਤੀ ਤੇ ਨਿੱਕੀ ਸਗਰੀਆ ਨੂੰ ਖਿਡਾਉਂਦੀ ਰਹੀ, ਪਰ ਭਾਬੀ ਨੇ ਉਸਨੂੰ ਖਾਣ-ਪੀਣ ਵਾਲੀਆਂ ਚੀਜਾਂ ਨੂੰ ਹੱਥ ਲਾਉਣ ਤੋਂ ਮਨ੍ਹਾਂ ਕਰ ਦਿੱਤਾ ਸੀ। ਤੀਜੇ ਚੌਥੇ ਦਿਨ ਉਸਨੇ ਖਾਣਾ ਖਾਂਦੇ ਹੋਏ ਵੱਡੇ ਭਰਾ ਕੋਲ ਡਰਦਿਆਂ-ਡਰਦਿਆਂ ਪਾਣੀ ਦਾ ਗਲਾਸ ਲਿਜਾ ਕੇ ਰੱਖਿਆ ਤਾਂ ਉਸਨੇ ਗਲਾਸ ਚੁੱਕ ਕੇ ਕੰਧ ਨਾਲ ਮਾਰਿਆ ਤੇ ਟੁਕੜੇ-ਟੁਕੜੇ ਕਰ ਦਿੱਤਾ। ਫੇਰ ਖਾਣਾ ਛੱਡ ਕੇ ਪੈਰ ਪਟਕਦਾ ਹੋਇਆ ਬਾਹਰ ਨਿਕਲ ਗਿਆ। ਇਸ ਪਿੱਛੋਂ ਉਹ ਮੁੜ ਸਹਿਮ ਗਈ ਤੇ ਉਸਨੂੰ ਭਾਂਤ-ਭਾਂਤ ਦੇ ਸ਼ੰਕਿਆਂ ਨੇ ਘੇਰ ਲਿਆ।
ਉਹ ਘਰ ਵਿਚ ਰਹਿੰਦੀ ਸੀ ਪਰ ਘਰ ਦਾ ਕੋਈ ਜੀਅ ਉਸ ਨਾਲ ਗੱਲ ਨਹੀਂ ਸੀ ਕਰਦਾ...ਉਸਨੇ ਮਾਂ ਨਾਲ ਕਈ ਵਾਰੀ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਮਾਂ ਜਵਾਬ ਨਾ ਦੇਂਦੀ। ਸਿਵਾਏ ਨਿੱਕੀ ਸਗਰੀਆ ਦੀ 'ਹੂੰ-ਹਾਂ' ਦੇ ਉਹ ਗੱਲਾਂ ਕਰਨ ਨੂੰ ਵੀ ਤਰਸ ਗਈ ਸੀ। ਇਕ ਰਾਤ ਉਸਨੇ ਮਾਂ ਦੇ ਪੈਰ ਫੜ੍ਹ ਲਏ ਤੇ ਰੋਂਦੀ ਹੋਈ ਕਹਿਣ ਲੱਗੀ—
'ਮਾਂ ਮੈਨੂੰ ਮਾਰ—ਮੇਰੇ ਉੱਤੇ ਥੁੱਕ, ਮੈਨੂੰ ਗਾਲ੍ਹਾਂ ਦੇਅ ਤੇ ਤਾਅਨੇ-ਮਿਹਣੇ ਮਾਰ...ਪਰ ਖ਼ੁਦਾ ਦਾ ਵਾਸਤਾ ਈ, ਕੁਝ ਤਾਂ ਕਹਿ—''
''ਮੈਂ ਤੇਰੀ ਮਾਂ ਨਹੀਂ...ਤੂੰ ਕਿਸੇ ਕੁੱਤੀ ਦੀ ਔਲਾਦ ਏਂ।''
'ਨਹੀਂ ਮਾਂ—ਖ਼ੁਦਾ ਦਾ ਵਾਸਤਾ ਈ ਇੰਜ ਨਾ ਕਹਿ।''
''ਆਪਣੀ ਗੰਦੀ ਜ਼ਬਾਨ ਨਾਲ ਖ਼ੁਦਾ ਰਸੂਲ ਦਾ ਨਾਂ ਨਾ ਲੈ।''
''ਮੈਂ ਤੇਰੇ ਅੱਗੇ ਹੱਥ ਜੋੜਦੀ ਆਂ ਮਾਂ।''
''ਕੋਈ ਫਾਇਦਾ ਨਹੀਂ।''
''ਤਾਂ ਕੀ ਸੱਚਮੁੱਚ ਮਾਂ...?''
''ਹਾਂ...''
''ਕਦ...?''
''ਇਹ ਮੈਨੂੰ ਨਹੀਂ ਪਤਾ।''
ਡਰ ਦੇ ਮਾਰੇ ਉਸਦਾ ਸਾਹ ਸੁੱਕ ਗਿਆ, ਹੱਥ ਪੈਰ ਕੁੰਬਣ ਲੱਗੇ। ਅੱਖਾਂ ਸਾਹਵੇਂ ਹਨੇਰਾ ਛਾ ਗਿਆ।

੦੦੦

ਪਿੰਡ ਤੋਂ ਕਸਬੇ ਨੂੰ ਜਾਣ ਵਾਲੀ ਕੱਚੀ ਸੜਕ ਉੱਤੇ ਇਕ ਹਵੇਲੀ ਸੀ—ਜਿਸਨੂੰ ਕੁੱਤਿਆਂ ਵਾਲੀ ਹਵੇਲੀ ਕਿਹਾ ਜਾਂਦਾ ਸੀ। ਦੋ ਖ਼ੂੰਖ਼ਾਰ ਕਿਸਮ ਦੇ ਬੂਬੀ ਕੁੱਤੇ ਦਿਨ-ਰਾਤ ਇਸ ਦੇ ਇਰਦ-ਗਿਰਦ ਘੁੰਮਦੇ ਰਹਿੰਦੇ ਸਨ। ਉਹਨਾਂ ਦੇ ਮਾਲਕਾਂ ਦਾ ਜਦੋਂ ਜੀਅ ਕਰਦਾ ਉਹਨਾਂ ਨੂੰ ਬੰਨ੍ਹ ਦੇਂਦੇ, ਜਦੋਂ ਜੀਅ ਕਰਦਾ ਖੁੱਲ੍ਹੇ ਛੱਡ ਦੇਂਦੇ। ਉਹਨਾਂ ਕੁੱਤਿਆਂ ਤੋਂ ਡਰਦਿਆਂ ਲੋਕਾਂ ਨੇ ਕੱਚੀ ਸੜਕ ਤੋਂ ਲੰਘਣਾ ਵੀ ਛੱਡ ਦਿੱਤਾ ਸੀ ਤੇ ਉਹਨਾਂ ਨੇ ਕਸਬੇ ਵਿਚ ਜਾਣ-ਆਉਣ ਲਈ ਖੇਤਾਂ ਦੇ ਵਿਚਕਾਰੋਂ ਲੰਘਦੀ ਕੱਚੀ ਪਗਡੰਡੀ ਵਾਲੇ ਰਸਤੇ ਨੂੰ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਸੀ। ਕੋਈ ਅਜਨਬੀ ਜਾਂ ਭੁੱਲਿਆ-ਭਟਕਿਆ ਰਾਹੀ-ਪਾਂਧੀ ਇਧਰ ਆ ਜਾਂਦਾ ਤਾਂ ਉਸਨੂੰ ਕੁੱਤਿਆਂ ਤੋਂ ਜਾਨ ਬਚਾਉਣੀ ਔਖੀ ਹੋ ਜਾਂਦੀ। ਉਹਨਾਂ ਕੁੱਤਿਆਂ ਨੇ ਕਈ ਲੋਕਾਂ ਨੂੰ ਵੱਢਿਆ ਵੀ ਸੀ। ਪਿੰਡ ਵਾਲੇ ਇਤਰਾਜ਼ ਭਰੇ ਉਲਾਂਭੇ ਵੀ ਲੈ ਕੇ ਗਏ ਸਨ ਪਰ ਉਹਨਾਂ ਲੋਕਾਂ 'ਤੇ ਕੋਈ ਅਸਰ ਨਹੀਂ ਸੀ ਹੋਇਆ। ਪਿੰਡ ਦੇ ਮੁੰਡੇ ਜਿਹੜੇ ਕਸਬੇ ਦੇ ਸਕੂਲ ਵਿਚ ਪੜ੍ਹਨ ਜਾਂਦੇ ਸਨ ਬੜਾ ਹੀ ਬਚ-ਬਚਾਅ ਕੇ ਤੇ ਲੰਮਾਂ ਚੱਕਰ ਲਾ ਕੇ ਉਧਰੋਂ ਲੰਘਦੇ ਸਨ। ਉਹਨਾਂ, ਉਹਨਾਂ ਕੁੱਤਿਆਂ ਦਾ ਨਾਂ ਹੀ ਗਾਮੂ ਤੇ ਵਰਿਆਮੂ ਰੱਖ ਦਿੱਤਾ ਸੀ।
ਗਾਮੂ ਤੇ ਵਰਿਆਮੂ ਨੂੰ ਲੋਕ ਬੜੇ ਹੀ ਉਜੱਡ ਦੇ ਮੂਰਖ ਬੰਦੇ ਸਮਝਦੇ ਸਨ। ਜਿਹਨਾਂ ਆਪਣੀ ਸਕੀ ਭੈਣ ਨੂੰ ਕਤਲ ਕਰਕੇ ਨਹਿਰ ਜਾਂ ਦਰਿਆ ਵਿਚ ਰੋੜ੍ਹ ਦਿੱਤਾ ਜਾਂ ਟੋਇਆ ਪੁੱਟ ਕੇ ਕਿਸੇ ਖੇਤ ਵਿਚ ਨੱਪ ਦਿੱਤਾ ਸੀ।...ਤੇ ਪਿੰਡ ਵਾਲਿਆਂ ਨਾਲੋਂ ਹਰ ਰਿਸ਼ਤਾ ਤੋੜ ਲਿਆ ਸੀ।...ਤੇ ਪਿੰਡ ਦੀ ਮੇਰ ਨੂੰ ਤਜ ਕੇ ਇੱਥੇ ਸਭ ਨਾਲੋਂ ਵੱਖਰੇ-ਵਾਂਝੇ ਰਹਿਣ ਲੱਗ ਪਏ ਸਨ। ...ਤੇ ਸਾਰੇ ਪਿੰਡ ਦਾ ਜਿਊਣਾ ਦੁੱਭਰ ਕੀਤਾ ਹੋਇਆ ਸੀ।
ਇਹ ਹਵੇਲੀ ਕਿਸੇ ਜ਼ਮਾਨੇ ਵਿਚ ਪਸ਼ੂਆਂ ਦਾ ਵਾੜਾ ਹੁੰਦੀ ਸੀ। ਉੱਥੇ ਇਕ ਖੂਹ ਵੀ ਸੀ ਜਿਸਨੂੰ ਹੁਣ ਪੂਰ ਦਿੱਤਾ ਗਿਆ ਸੀ। ਗਜ਼ੂਰਾਂ ਦੇ ਗਾਇਬ ਹੋ ਜਾਣ ਜਾਂ ਕਤਲ ਹੋ ਜਾਣ ਪਿੱਛੋਂ ਉਹਨਾਂ ਲੋਕਾਂ ਇਸ ਵਿਚ ਕੁਝ ਹੋਰ ਕਮਰੇ ਪਾ ਕੇ ਉਸਨੂੰ ਹਵੇਲੀ ਦੀ ਸ਼ਕਲ ਦੇ ਦਿੱਤੀ ਸੀ।
ਪਿੰਡ ਵਿਚ ਉਸ ਹਵੇਲੀ ਬਾਰੇ ਤਰ੍ਹਾਂ-ਤਰ੍ਹਾਂ ਦੇ ਕਿੱਸੇ ਮਸ਼ਹੂਰ ਸਨ। ਬਾਗ ਅਲੀ ਨਾਈ ਦਾ ਕਹਿਣਾ ਸੀ ਕਿ ਇਕ ਦੁਪਹਿਰ ਨੂੰ ਉਹ ਕਸਬੇ ਦੀ ਚੱਕੀ ਤੋਂ ਆਟਾ ਪਿਸਵਾ ਕੇ ਲਿਆ ਰਿਹਾ ਸੀ ਕਿ ਹਵੇਲੀ ਤੋਂ ਕੁਝ ਫਾਸਲੇ 'ਤੇ ਇਕ ਜ਼ਨਾਨੀ ਨੇ ਉਸਦਾ ਨਾਂਅ ਲੈ ਕੇ ਆਵਾਜ਼ ਮਾਰੀ। ਉਸਨੇ ਚਾਰੇ ਪਾਸੇ ਦੇਖਿਆ ਪਰ ਉੱਥੇ ਕੋਈ ਵੀ ਨਹੀਂ ਸੀ।
ਦੋਸੇ ਵਰਗੇ ਸਿੱਧੜ ਬੰਦੇ ਦਾ ਬਿਆਨ ਸੀ ਕਿ ਉਸਨੇ ਇਕ ਰਾਤ ਖੇਤਾਂ ਨੂੰ ਪਾਣੀ ਛੱਡਿਆ ਹੋਇਆ ਸੀ ਕਿ ਉਸਨੇ ਦੇਖਿਆ—ਇਕ ਭਰ ਜਵਾਨ ਔਰਤ ਵਾਲ ਖਿਲਾਰੀ ਖਾਲ ਦੇ ਅੰਦਰ ਬਿਨਾਂ ਆਵਾਜ਼ ਤੁਰੀ ਜਾ ਰਹੀ ਸੀ। ਉਸਨੇ ਆਵਾਜ਼ ਦਿੱਤੀ ਤਾਂ ਠਹਾਕਾ ਮਾਰ ਕੇ ਗਾਇਬ ਹੋ ਗਈ। ਹਵੇਲੀ ਤੋਂ ਥੋੜ੍ਹੇ ਫਾਸਲੇ ਉੱਤੇ ਇਕ ਬੜਾ ਉੱਚਾ ਖ਼ਜੂਰ ਦਾ ਰੁੱਖ ਸੀ, ਕੁਝ ਲੋਕਾਂ ਨੇ ਉਸ ਖ਼ਜੂਰ ਦੇ ਰੁੱਖ ਹੇਠਾਂ ਵੀ ਅਜੀਬ ਕਿਸਮ ਦੀਆਂ ਆਵਾਜ਼ਾਂ ਸੁਣੀਆਂ ਸਨ। ਦੱਤੂ ਮਰਾਸੀ ਨੇ ਤਾਂ ਇਕ ਪਿੱਛਲ-ਪੈਰੀ ਨੂੰ ਦੇਖਿਆ ਵੀ ਸੀ।
ਇਕ ਦਿਨ ਚੌਧਰੀ ਸਰਵਰ ਦੀ ਧੀ ਪਿਓ ਦਾ ਖਾਣਾ ਲੈ ਕੇ ਖੇਤ ਗਈ। ਚੌਧਰੀ ਸਰਵਰ ਅੰਬ ਦੇ ਰੁੱਖ ਹੇਠ ਬੈਠਾ ਖਾਣਾ ਖਾ ਰਿਹਾ ਸੀ ਤੇ ਉਹ ਕੋਲ ਬੈਠੀ ਪੱਖਾ ਝੱਲ ਰਹੀ ਸੀ ਕਿ ਅਚਾਨਕ ਉਸਨੂੰ ਪਤਾ ਨਹੀਂ ਕੀ ਸੁੱਝੀ...ਉਹ ਨੱਠ ਕੇ ਰੁੱਖ ਉੱਤੇ ਚੜ੍ਹ ਗਈ। ਚੌਧਰੀ ਸਰਵਰ ਨੇ ਗੁੱਸੇ ਹੋ ਕੇ ਤਾੜਿਆ ਕਿ ਜਵਾਨ ਕੁੜੀਆਂ ਰੁੱਖਾਂ 'ਤੇ ਨਹੀਂ ਚੜ੍ਹਦੀਆਂ ਤਾਂ ਉਹ ਜਵਾਬ ਵਿਚ ਠਹਾਕੇ ਲਾਉਂਦੀ ਹੋਈ ਹੋਰ ਉਪਰ ਚੜ੍ਹਦੀ ਗਈ। ਫੇਰ ਉਸਨੇ ਉਪਰੋਂ ਛਾਲ ਮਾਰ ਦਿੱਤੀ ਤੇ ਡਿੱਗ ਕੇ ਬੇਹੋਸ਼ ਹੋ ਗਈ। ਹੁਣ ਉਹ ਫੌੜ੍ਹੀਆਂ ਦੇ ਸਹਾਰੇ ਤੁਰਦੀ ਸੀ।
ਲੋਕਾਂ ਨੇ ਇਹਨਾਂ ਸਾਰੀਆਂ ਘਟਨਾਵਾਂ ਤੇ ਕਿੱਸਿਆਂ ਦੀਆਂ ਤੰਦਾਂ ਹਵੇਲੀ ਨਾਲ ਮੇਲ ਦਿੱਤੀਆਂ ਸਨ...ਤੇ ਇਹ ਮੰਨ ਲਿਆ ਸੀ ਕਿ ਗਜ਼ੂਰਾਂ ਨੂੰ ਬੜੀ ਬੇਦਰਦੀ ਨਾਲ ਕਤਲ ਕਰਕੇ ਹਵੇਲੀ ਵਿਚ ਜਾਂ ਕਿਤੇ ਆਸੇ-ਪਾਸੇ ਦੇ ਖੇਤ ਵਿਚ ਦਫ਼ਨ ਕਰ ਦਿੱਤਾ ਗਿਆ ਸੀ ਤੇ ਉਸਦੀ ਅਸ਼ਾਂਤ ਰੂਹ, ਭੂਤ ਜਾਂ ਚੁੜੈਲ ਬਣ ਕੇ ਉੱਥੇ ਭਟਕ ਰਹੀ ਸੀ। ਪਿੰਡ ਵਿਚ ਸਿਰਫ ਇਕ ਮੌਲਵੀ ਫਿਰੋਜ਼ ਉੱਲ ਦੀਨ ਸਨ, ਜਿਹੜੇ ਇਹਨਾਂ ਗੱਲਾਂ ਉੱਤੇ ਯਕੀਨ ਨਹੀਂ ਸੀ ਕਰਦੇ ਤੇ ਇਸ ਨੂੰ ਅਣਪੜ੍ਹ ਲੋਕਾਂ ਦੇ ਵਹਿਮ-ਭਰਮ ਦੱਸਦੇ ਸਨ...ਪਰ ਫੇਰ ਇਕ ਦਿਨ ਉਹਨਾਂ ਨਾਲ ਵੀ ਇਕ ਬੜੀ ਅਜੀਬ ਘਟਨਾਂ ਵਾਪਰੀ-ਉਹ ਰਾਤ ਨੂੰ ਕਸਬੇ ਤੋਂ ਵਾਪਸ ਪਰਤ ਰਹੇ ਸਨ ਕਿ ਅਚਾਨਕ ਉਹਨਾਂ ਦੇ ਸਾਹਮਣੇ ਇਕ ਦੀਵਾ ਬਲਣ ਲੱਗਾ। ਕੁਝ ਚਿਰ ਲਈ ਭੈੜੀਆਂ ਸ਼ੈਆਂ ਨੂੰ ਦੂਰ ਭਜਾਉਣ ਵਾਲੀਆਂ ਖਾਸ ਦੁਆਆਂ ਤੇ ਵਜੀਫ਼ੇ ਪੜ੍ਹਦੇ ਰਹੇ, ਪਰ ਜਦੋਂ ਬਲਦਾ ਹੋਇਆ ਦੀਵਾ ਉਹਨਾਂ ਦੇ ਖਾਸਾ ਨੇੜੇ ਆ ਗਿਆ ਤੇ ਹਵਾ ਵਿਚ ਤੈਰਦਾ ਹੋਇਆ ਉਹਨਾਂ ਦੇ ਨਾਲ ਨਾਲ ਉੱਡਣ ਲੱਗਾ ਤਾਂ ਉਹ ਸਾਰੀਆਂ ਦੁਆਆਂ ਭੁੱਲ ਗਏ ਤੇ ਬੇਹੋਸ਼ ਹੋ ਕੇ ਡਿੱਗ ਪਏ।
ਕੁਝ ਲੋਕਾਂ ਦਾ ਖ਼ਿਆਲ ਸੀ ਕਿ ਗਜ਼ੂਰਾਂ ਨੂੰ ਕਤਲ ਕਰਕੇ ਨਹਿਰ ਜਾਂ ਦਰਿਆ ਵਿਚ ਸੁੱਟ ਦਿੱਤਾ ਗਿਆ ਸੀ। ਕੁਝ ਦਾ ਕਹਿਣਾ ਸੀ ਕਿ ਉਸਨੂੰ ਪਿੰਡ ਵਾਲੇ ਮਕਾਨ ਵਿਚ ਕਤਲ ਕਰਕੇ ਉੱਥੇ ਹੀ ਦੱਬ ਦਿੱਤਾ ਗਿਆ ਹੈ। ਇਸ ਮਕਾਨ ਨੂੰ ਅੱਜ ਵੀ ਜਿੰਦਰਾ ਲੱਗਾ ਹੋਇਆ ਸੀ—ਉਹ ਉਸਨੂੰ ਵੇਚਦੇ ਸਨ ਨਾ ਉਸਦੀ ਦੇਖ ਭਾਲ ਤੇ ਮੁਰੰਮਤ ਵੱਲ ਧਿਆਨ ਦੇਂਦੇ ਸਨ। ਪਰ ਨਾਲ ਦੇ ਪਿੰਡ ਦੇ ਮਿਸਤਰੀ ਜ਼ਹੂਰੇ ਨੇ ਜਿਹੜਾ ਹਵੇਲੀ ਦੀ ਉਸਾਰੀ ਤੇ ਮੁਰੰਮਤ ਦਾ ਕੰਮ ਕਰਦਾ ਰਿਹਾ ਸੀ ਲੋਕਾਂ ਨੂੰ ਦੱਸਿਆ ਸੀ ਕਿ ਹਵੇਲੀ ਦੇ ਅੰਦਰ ਗਾਮੂ ਤੇ ਵਰਿਆਮੂ ਦੇ ਕਮਰਿਆਂ ਦੇ ਐਨ ਵਿਚਕਾਰ ਇਕ ਚਬੂਤਰਾ ਜਿਹਾ ਬਣਿਆ ਹੋਇਆ ਸੀ ਜਿਸ ਉੱਤੇ ਸਰਕੜੇ ਤੇ ਸੁੱਕੀਆਂ ਲੱਕੜਾਂ ਦਾ ਢੇਰ ਪਿਆ ਰਹਿੰਦਾ ਸੀ। ਜਿਹਨਾਂ ਨੂੰ ਉਹ ਲੋਕ ਲੋੜ ਪੈਣ 'ਤੇ ਵੀ ਨਹੀਂ ਸੀ ਮਚਾਉਂਦੇ। ਉਸਦਾ ਖ਼ਿਆਲ ਸੀ ਕਿ ਇਹ ਚਬੂਤਰਾ ਦਰਅਸਲ ਇਕ ਕਬਰ ਸੀ ਤੇ ਉਸਦੀ ਨਿਗਰਾਨੀ ਦੀ ਖਾਤਰ ਹੀ ਉਹ ਲੋਕ ਪਿੰਡ ਵਾਲਾ ਮਕਾਨ ਛੱਡ ਕੇ ਉੱਥੇ ਚਲੇ ਗਏ ਸਨ।
ਪਿੰਡ ਦੀਆਂ ਤੀਵੀਂਆਂ, ਬੁੱਢੀ ਸਕੀਨਾ ਨੂੰ ਵੀ ਡਾਇਨ ਕਹਿ ਕੇ ਹੀ ਯਾਦ ਕਰਦੀਆਂ ਸਨ, ਜਿਹੜੀ ਆਪਣੀ ਧੀ ਦੀ ਰੱਖਿਆ ਨਹੀਂ ਸੀ ਕਰ ਸਕੀ ਤੇ ਮਾਂ ਹੋ ਕੇ ਉਸਨੂੰ ਮੰਦੇ ਵਿਹਾਰ ਤੋਂ ਤੰਗ ਆ ਕੇ ਘਰੋਂ ਭੱਜ ਜਾਣ 'ਤੇ ਮਜ਼ਬੂਰ ਕਰ ਦਿੱਤਾ ਸੀ। ਫੇਰ ਉਸਦੇ ਦੋਸ਼ ਉੱਤੇ ਪਰਦਾ ਪਾਉਣ ਦੇ ਬਜਾਏ ਕਤਲ ਹੋ ਜਾਣ ਦਿੱਤਾ ਸੀ। ਉਹ ਪਿੰਡ ਵਿਚ ਬੜੀ ਘੱਟ ਆਉਂਦੀ ਸੀ ਪਰ ਜਦੋਂ ਵੀ ਆਉਂਦੀ, ਜਿੱਧਰੋਂ ਲੰਘਦੀ ...ਸੁਹਾਗਨਾ, ਗਰਭਵਤੀ-ਜ਼ਨਾਨੀਆਂ ਤੇ ਮੁਇਆਰ-ਕੁੜੀਆਂ ਉਸਦੇ ਪ੍ਰਛਾਵੇਂ ਤੋਂ ਬਚਣ ਲਈ ਰਸਤਾ ਬਦਲ ਲੈਂਦੀਆਂ। ਉਹਨਾਂ ਦਾ ਖ਼ਿਆਲ ਸੀ ਉਸ ਜਿਸਨੂੰ ਵੀ ਛੂਹ ਲਵੇਗੀ ਜਾਂ ਜਿਸ ਨਾਲ ਗੱਲ ਕਰੇਗੀ ਉਸਦੀ ਕੁੱਖ ਕਦੀ ਹਰੀ ਨਹੀਂ ਹੋਵੇਗੀ ਤੇ ਗੋਦ ਖ਼ਾਲੀ ਹੋ ਜਾਵੇਗੀ। ਉਸ ਬਾਰੇ ਇਹ ਵੀ ਮਸ਼ਹੂਰ ਹੋ ਗਿਆ ਸੀ ਕਿ ਉਹ ਜਿਸ ਰੁੱਖ ਹੇਠ ਬੈਠ ਜਾਂਦੀ ਸੀ, ਉਹ ਸਮੇਂ ਤੋਂ ਪਹਿਲਾਂ ਹੀ ਸੁੱਕ-ਸੜ ਜਾਂਦਾ ਸੀ। ਪਿੰਡ ਵਿਚ ਜਦੋਂ ਵੀ ਕੋਈ ਅਣਹੋਣੀ ਘਟਨਾਂ ਵਾਪਰਦੀ, ਬੁੱਢੀ ਸਕੀਨਾ ਤੇ ਉਸਦੇ ਖਾਨਦਾਨ ਨੂੰ ਜ਼ਰੂਰ ਉਸ ਨਾਲ ਜੋੜ ਦਿੱਤਾ ਜਾਂਦਾ। ਵੱਡੀਆਂ-ਬੁੱਢੀਆਂ ਨੇ ਤਾਂ ਗਾਮੂ ਦੇ ਘਰ ਔਲਾਦ ਨਾ ਹੋਣ ਨੂੰ ਵੀ ਗਜ਼ੂਰਾਂ ਦੀ ਰੂਹ ਦਾ ਇੰਤਕਾਮ (ਬਦਲਾ) ਹੀ ਸਮਝਿਆ ਸੀ। ਤੇ ਜਦੋਂ ਵਰਿਆਮੂ ਦਾ ਨੌਜਵਾਨ ਮੁੰਡਾ ਸੱਪ ਦੇ ਡੰਗਣ ਨਾਲ ਮਰ ਗਿਆ ਸੀ ਤਾਂ ਉਸਨੂੰ ਵੀ ਉਸੇ ਇੰਤਕਾਮ ਦੀ ਕੜੀ ਸਮਝਿਆ ਗਿਆ ਸੀ ਜਿਹੜਾ ਗਜ਼ੂਰਾਂ ਆਪਣੇ ਘਰਵਾਲਿਆਂ ਤੋਂ ਲੈ ਰਹੀ ਸੀ।
ਸਕੀਨਾ ਨੇ ਵੀ ਕਦੀ ਆਪਣੀ ਸਫਾਈ ਵਿਚ ਕੁਝ ਕਹਿਣਾ ਜ਼ਰੂਰੀ ਨਹੀਂ ਸੀ ਸਮਝਿਆ। ਸ਼ੁਰੂ ਵਿਚ ਲੋਕ ਜਦੋਂ ਪੁੱਛਦੇ ਤਾਂ ਉਹ ਬੜਾ ਸਾਦਾ ਜਿਹਾ ਜੁਆਬ ਦੇ ਕੇ ਅੱਗੇ ਤੁਰ ਜਾਂਦੀ—
''ਚਲੀ ਗਈ...ਜਿੱਥੋਂ ਆਈ ਸੀ, ਕਰਮਾਂ ਹਾਰੀ।''
ਕਈ ਲੋਕਾਂ ਇਸ ਦਾ ਇਹ ਮਤਲਬ ਕੱਢਿਆ ਸੀ ਕਿ ਉਹ ਘਰਵਾਲਿਆਂ ਦੇ ਮਾੜੇ ਵਤੀਰੇ ਕਾਰਣ ਦੂਬਾਰਾ ਭੱਜ ਕੇ ਮੋਚੀਆਂ ਕੋਲ ਚਲੀ ਗਈ ਸੀ ਜਿਹੜੇ ਉਸਦੇ ਭਰਾਵਾਂ ਦੇ ਡਰ ਕਾਰਣ ਕਿੱਧਰੇ ਹੋਰ ਜਾ ਟਿਕੇ ਸਨ। ਪਰ ਕਈ ਲੋਕਾਂ ਦਾ ਕਹਿਣਾ ਸੀ ਕਿ ਬੁੱਢੀ ਨੇ ਸੱਚੀ-ਸੁੱਚੀ ਗੱਲ ਕੀਤੀ ਸੀ ਕਿ ਆਦਮੀ ਮਰ ਕੇ ਵੀ ਤਾਂ ਉੱਥੇ ਹੀ ਜਾਂਦਾ ਹੈ, ਜਿੱਥੋਂ ਆਇਆ ਹੁੰਦਾ ਹੈ।

੦੦੦

ਪਿੰਡ ਦੇ ਵੱਡੇ ਬਜ਼ੁਰਗਾਂ ਦਾ ਕਹਿਣਾ ਸੀ ਕਿ ਇਹ ਖਾਨਦਾਨ ਪੁਰਾਣੇ ਜ਼ਮਾਨੇ ਦੇ ਕਿਸੇ ਅਜਿਹੇ ਵਿਦੇਸ਼ੀ ਹਮਲਾਵਰ ਕਬੀਲੇ ਨਾਲ ਸਬੰਧ ਰੱਖਦਾ ਹੈ ਜਿਹੜਾ ਜਿਸਮਾਨੀ ਖੂਬਸੂਰਤੀ ਵਿਚ ਬੇਮਿਸਾਲ ਸੀ। ਖਾਸ ਕਰਕੇ ਉਹਨਾਂ ਦੀਆਂ ਜ਼ਨਾਨੀਆਂ ਖੂਬਸੂਰਤੀ ਦੇ ਨੂਰ ਦੀਆਂ ਬੇਮਿਸਾਲ ਮੂਰਤਾਂ ਹੁੰਦੀਆਂ ਸਨ। ਸੋ ਸਗਰੀਆ ਨੇ ਜਵਾਨੀ ਦੀ ਦਹਿਲੀਜ਼ ਉੱਤੇ ਪੈਰ ਰੱਖਿਆ ਤਾਂ ਆਸੇ-ਪਾਸੇ ਦੇ ਸਾਰੇ ਇਲਾਕੇ ਵਿਚ ਇਕ ਵਾਰੀ ਫੇਰ ਉਹਨਾਂ ਦੇ ਖਾਨਦਾਨ ਦੇ ਹੁਸਨ ਦੀਆਂ ਧੁੰਮਾਂ ਮੱਚ ਗਈਆਂ—
ਭਾਵੇਂ ਸਗਰੀਆ ਬੜੀ ਘੱਟ ਹਵੇਲੀ ਵਿਚੋਂ ਬਾਹਰ ਨਿਕਲਦੀ ਸੀ ਪਰ ਹੁਣ ਉਸ ਹਵੇਲੀ ਦੁਆਲੇ ਦਾ ਘੇਰਾ ਪਹਿਲਾਂ ਜਿੰਨਾਂ ਮਜ਼ਬੂਤ ਨਹੀਂ ਰਿਹਾ—ਵਰਿਆਮੂ ਤੇ ਗਾਮੂ ਦਾ ਇਕ ਦੂਜੇ ਨਾਲ ਝਗੜਾ ਹੋ ਗਿਆ ਹੈ ਤੇ ਉਹ ਇਕ ਘਰ ਵਿਚ ਰਹਿੰਦੇ ਹੋਏ ਵੀ ਇਕ ਦੂਜੇ ਦੇ ਖ਼ੂਨ ਦੇ ਪਿਆਸੇ ਨੇ ਤੇ ਇਕ ਦੂਜੇ ਨਾਲ ਗੱਲ ਵੀ ਨਹੀਂ ਕਰਦੇ। ਗਾਮੂ ਨੂੰ ਨਰੀਨਾ ਦੇ ਔਲਾਦ ਨਾ ਹੋਣ ਦੇ ਗ਼ਮ ਨੇ ਸਮੇਂ ਤੋ ਪਹਿਲਾਂ ਹੀ ਬੁੱਢਾ ਕਰ ਦਿੱਤਾ ਹੈ। ਸਕੀਨਾ ਬੁੱਢੀ ਤੇ ਕਮਜ਼ੋਰ ਹੋ ਗਈ ਹੈ ਭਾਵੇਂ ਉਹ ਵਰਿਆਮੂ ਨਾਲ ਰਹਿੰਦੀ ਹੈ ਪਰ ਉਹ ਮਾਂ ਨਾਲੋਂ ਵੱਧ ਸਗਰੀਆ ਦਾ ਖ਼ਿਆਲ ਰੱਖਦੀ ਹੈ। ਉਹਨਾਂ ਦੇ ਬੂਬੀ ਕੁੱਤੇ ਮਰ-ਖਪ ਗਏ ਨੇ—ਇਕ ਬੀਮਾਰ ਹੋ ਗਿਆ ਸੀ, ਦੂਜੇ ਨੂੰ ਕਿਸੇ ਨੇ ਗੋਲੀਆਂ ਪਾ ਦਿੱਤੀਆਂ ਸਨ। ਕੁੱਤੇ ਹੁਣ ਵੀ ਹਵੇਲੀ ਦੀ ਰਖਵਾਲੀ ਕਰਦੇ ਨੇ ਪਰ ਉਹ ਭੌਂਕ ਕੇ ਚੁੱਪ ਕਰ ਜਾਂਦੇ ਨੇ ਜਾਂ ਥੋੜ੍ਹੀ ਦੂਰ ਤੀਕ ਪਿੱਛਾ ਕਰਕੇ ਹਫ਼ ਜਾਣ ਵਾਲੇ ਆਮ ਜਿਹੇ ਕੁੱਤੇ ਨੇ। ਉਹਨਾਂ ਲੋਕਾਂ ਦੇ ਪਿੰਡ ਵਾਲਿਆਂ ਨਾਲ ਸਬੰਧ ਵੀ ਸੁਧਰ ਰਹੇ ਨੇ ਤੇ ਸ਼ਾਦੀ-ਗਮੀਂ ਦੇ ਮੌਕਿਆਂ ਉੱਤੇ ਪਿੰਡ ਵਿਚ ਆਉਣ-ਜਾਣ ਵੀ ਲੱਗ ਪਏ ਨੇ ਉਹ। ਸਗਰੀਆ ਇਕੱਲੀ ਕਿਤੇ ਨਹੀਂ ਜਾਂਦੀ ਪਰ ਮਾਂ ਜਾਂ ਦਾਦੀ ਦੇ ਨਾਲ ਕਦੀ ਕਦੀ ਪਿੰਡ ਚਲੀ ਜਾਂਦੀ ਹੈ।
ਪਿੱਛਲੇ ਕੁਝ ਅਰਸੇ ਤੋਂ ਹਵੇਲੀ ਦੇ ਆਲੇ-ਦੁਆਲੇ ਚੱਕਰ ਲਾਉਣ ਵਾਲੇ ਜਵਾਨ ਮੁੰਡਿਆਂ ਦੀ ਗਿਣਤੀ ਵਿਚ ਖਾਸਾ ਵਾਧਾ ਹੋ ਗਿਆ ਹੈ। ਰਾਤ ਨੂੰ ਚਾਰੇ ਪਾਸਿਓਂ ਬੰਸਰੀਆਂ, ਅਲਗੋਜਿਆਂ ਤੇ ਗੀਤਾਂ ਦੀਆਂ ਆਵਾਜ਼ਾਂ ਸੁਣਾਈ ਦੇਂਦੀਆਂ ਨੇ। ਸਗਰੀਆ ਦਿਨੇ ਵਾਰੀ ਵਾਰੀ ਛੱਤ ਉੱਤੇ ਆਉਣ-ਜਾਣ ਤੇ ਰਾਤ ਨੂੰ ਦੇਰ ਤੀਕ ਜਾਗਣ ਲੱਗੀ ਹੈ। ਇਹ ਸਰਦੀਆਂ ਦੀ ਇਕ ਲੰਮੀ, ਹਨੇਰੀ ਰਾਤ ਦਾ ਕਿੱਸਾ ਹੈ ਜਦੋਂ ਅੱਧੀ ਰਾਤ ਦੇ ਲੱਗਭਗ ਰਾਬੀਆ ਨੇ ਆਪਣੇ ਸੁੱਤੇ ਹੋਏ ਪਤੀ ਨੂੰ ਜਗਾ ਕੇ ਦੱਸਿਆ ਕਿ 'ਸਗਰੀਆ ਹਵੇਲੀ ਵਿਚ ਨਹੀਂ...।'
''ਕਿੱਥੇ ਗਈ...'' ਗਾਮੂ ਹੜਬੜਾ ਕੇ ਉੱਠ ਬੈਠਾ ਹੋਇਆ।
''ਮੇਰੀ ਅੱਖ ਖੁੱਲ੍ਹੀ ਤਾਂ ਉਹ ਆਪਣੇ ਬਿਸਤਰੇ 'ਤੇ ਨਹੀਂ ਸੀ। ਮੈਂ ਪਹਿਲਾਂ ਤਾਂ ਇਹੀ ਸੋਚਿਆ ਬਈ ਏਥੇ ਈ ਹੋਵੇਗੀ, ਹੁਣੇ ਆ ਜਾਵੇਗੀ ਪਰ ਉਸਦਾ ਕੋਈ ਪਤਾ ਨਹੀਂ...''
''ਤੈਨੂੰ ਉਸਦਾ ਧਿਆਨ ਰੱਖਣਾ ਚਾਹੀਦਾ ਸੀ...ਮੈਂ ਉਸ ਕੁਤੀੜ ਨੂੰ ਜਿਊਂਦੀ ਨਹੀਂ ਛੱਡਾਂਗਾ।'' ਰੌਲਾ ਸੁਣ ਕੇ ਸਕੀਨਾ ਵੀ ਜਾਗ ਪਈ ਤੇ ਲੜਖੜਾਂਦੀ ਹੋਈ ਅੰਦਰ ਆਈ।
ਰਾਬੀਆ ਨੇ ਲਾਲਟੈਂਨ ਜਗਾਈ। ਗਾਮੂ ਨੇ ਟਕੁਆ ਚੁੱਕ ਲਿਆ। ਲਾਲਟੈਂਨ ਲੈ ਕੇ ਉਹ ਤਿੰਨੇ ਕੁਝ ਚਿਰ ਉਸਨੂੰ ਹਵੇਲੀ ਦੇ ਅੰਦਰ-ਬਾਹਰ ਲੱਭਦੇ ਰਹੇ। ਉਹਨਾਂ ਵਰਿਆਮੂ ਵਾਲੇ ਪਾਸੇ ਵੀ ਦੇਖਿਆ ਪਰ ਉਸਦਾ ਕੁਝ ਪਤਾ ਨਹੀਂ ਸੀ। ਫੇਰ ਸਕੀਨਾ ਨੇ ਸਲਾਹ ਦਿੱਤੀ, ''ਤੂੰ ਤ'ਖ਼ਾਨਾਂ ਕੇ ਜਾ ਕੇ ਦੇਖ ਆ, ਉਹਨਾਂ ਕਾ ਮੁੰਡਾ ਫ਼ਜ਼ਲੂ ਅਕਸਰ ਹਵੇਲੀ ਦੇ ਆਸ-ਪਾਸ ਭੌਂਦਾ ਰਹਿੰਦਾ ਈ...ਜਲਦੀ ਕਰ।''
ਗਾਮੂ ਟਕੁਆ ਚੁੱਕੀ, ਹਨੇਰੇ ਵਿਚ ਲੰਮੀਆਂਲੰਮੀਆਂ ਪਲਾਂਘਾਂ ਪੁੱਟਦਾ ਪਿੰਡ ਵੱਲ ਚਲਾ ਗਿਆ ਤਾਂ ਰਬੀਆ ਰੋਂਦੀ ਹੋਈ ਆਪਣੀ ਸੱਸ ਨਾਲ ਲਿਪਟ ਗਈ। ''ਹੁਣ ਕੀ ਹੋਵੇਗਾ ਮਾਸੀ?''
''ਓਹੀ ਜੋ ਇਸ ਘਰ ਵਿਚ ਹੁੰਦਾ ਆਇਐ।''
'ਨਹੀਂ ਮਾਸੀ—ਖ਼ੁਦਾ ਦੇ ਲਈ ਇੰਜ ਨਾ ਕਹਿ—ਮੇਰੀ ਇਕੋਇਕ ਧੀ ਏ।''
'ਮੇਰੇ ਕਹਿਣ ਨਾ ਕਹਿਣ ਨਾਲ ਕੀ ਫ਼ਰਕ ਪੈਂਦਾ ਈ, ਮੇਰੀ ਇਸ ਘਰ 'ਚ ਕੌਣ ਸੁਣਦੈ —''
'ਤੂੰ ਉਸਦੇ ਪਿੱਛੇ ਜਾਹ ਮਾਸੀ—ਉਹ ਉਸਨੂੰ ਮਾਰ ਮੁਕਾਏਗਾ...''
''ਨਹੀਂ ਇਹ ਗ਼ੈਰਤ ਦਾ ਮਾਮਲਾ ਏ, ਉਹ ਮੇਰੀ ਇਕ ਨਹੀਂ ਸੁਣੇਗਾ।''
ਅਜੇ ਪਹੁ-ਫੁਟਾਲਾ ਨਹੀਂ ਸੀ ਹੋਇਆ ਜਦੋਂ ਹਵੇਲੀ ਦੇ ਬਾਹਰ ਖੜਾਕ ਸੁਣਾਈ ਦਿੱਤਾ। ਦੂਜੇ ਹੀ ਪਲ ਉਹਨਾਂ ਦੇਖਿਆ ਉਹ ਉਸਨੂੰ ਨਾਲ ਲਈ ਆਣ ਪਹੁੰਚਿਆ ਸੀ। ਉਸਦੀ ਨੱਕ ਵਿਚੋਂ ਖ਼ੂਨ ਵਗ ਰਿਹਾ ਸੀ ਤੇ ਵਾਲ ਖਿੱਲਰੇ ਹੋਏ ਸਨ, ਜਾਪਦਾ ਸੀ ਉਸਨੂੰ ਵਾਲੋਂ ਫੜ੍ਹ ਕੇ ਘਸੀਟਿਆ ਗਿਆ ਹੈ। ਉਹ ਡਰੀ ਤੇ ਸਹਿਮੀਂ ਹੋਈ ਸੀ।
ਹਵੇਲੀ ਦਾ ਬਾਹਰਲਾ ਦਰਵਾਜ਼ਾ ਬੰਦ ਕਰਦੇ ਗਾਮੂ ਉਸ ਕੋਲ ਆਇਆ ਤੇ ਉਸਨੂੰ ਲੱਤਾਂ-ਮੁੱਕੀਆਂ ਨਾਲ ਕੁੱਟਣ ਡਹਿ ਪਿਆ। ਉਹ ਭੋਇੰ ਡਿੱਗ ਪਈ ਤੇ ਉਹ ਦਹਾੜਿਆ—
''ਟੋਕਾ ਕਿੱਥੇ ਈ, ਮੈਂ ਇਸਦੇ ਟੋਟੇ ਕਰ ਦਿਆਂਗਾ...?''
'ਟੋਕਾ ਤੇਰੇ ਕੋਲ ਪਿਆ ਈ ਗਾਮੂ...'' ਸਕੀਨਾ ਨੇ ਜਜ਼ਬਾਤੋਂ ਸੱਖਣੀ ਆਵਾਜ਼ ਵਿਚ ਕਿਹਾ।
ਰਾਬੀਆ ਨੇ ਗੁੱਸੇ ਤੇ ਨਫ਼ਰਤ ਨਾਲ ਤੇ ਸਗਰੀਆ ਨੇ ਹੈਰਾਨੀ ਨਾਲ ਉਸ ਵੱਲ ਦੇਖਿਆ। ਗਾਮੂ ਟੋਕਾ ਚੁੱਕਣ ਲਈ ਮੁੜਿਆ ਤਾਂ ਰਾਬੀਆ ਨੇ ਉਸਨੂੰ ਰੋਕ ਦਿੱਤਾ ਤੇ ਬੋਲੀ—
''ਹੋਸ਼ ਕਰ...ਗੁੱਸੇ ਵਿਚ ਤੂੰ ਪਾਗਲ ਹੋ ਜਾਣੈ...।''
ਫੇਰ ਉਸਨੇ ਟੋਕਾ ਖੋਹ ਕੇ ਦੂਰ ਹਨੇਰੇ ਵਿਚ ਵਗਾਹ ਮਾਰਿਆ ਤੇ ਭੋਇੰ ਡਿੱਗੀ ਸਗਰੀਆ ਨੂੰ ਸਹਾਰਾ ਦੇ ਕੇ ਅੰਦਰ ਲੈ ਗਈ।
'ਮੈਂ ਦੇਖ ਰਹੀ ਆਂ ਗਾਮੂ,'' ਸਕੀਨਾ ਬੋਲੀ, ''ਜਾਂ ਤਾਂ ਤੂੰ ਬੁੱਢਾ ਤੇ ਬੁਜ਼ਦਿਲ ਹੋ ਗਿਐਂ...ਜਾਂ ਫੇਰ ਬੇਗ਼ੈਰਤ।''
''ਮਾਂ...'' ਗਾਮੂ ਨੇ ਮੁਰਝਾਈ ਹੋਈ ਆਵਾਜ਼ ਵਿਚ ਕਿਹਾ ਤੇ ਨੀਵੀਂ ਪਾ ਕੇ ਅੰਦਰ ਚਲਾ ਗਿਆ।
ਜਦੋਂ ਉਹ ਆਪੋ-ਆਪਣੇ ਬਿਸਤਰਿਆਂ ਵਿਚ ਜਾ ਲੇਟੇ ਤਾਂ ਉਹਨਾਂ ਨੂੰ ਚਬੂਤਰੇ ਵਾਲੇ ਪਾਸਿਓਂ ਉੱਚੀ ਆਵਾਜ਼ ਵਿਚ ਵੈਣ ਪਾਉਣ ਦੀ ਆਵਾਜ਼ ਸੁਣਾਈ ਦਿੱਤੀ—
'ਨੀਂ ਕਰਮਾਂ ਹਾਰੀਏ ਗਜ਼ੂਰੋ—ਉਸ ਰਾਤ ਤੇਰਾ ਬਾਪੂ ਜਿਉਂਦਾ ਹੁੰਦਾ ਤਾਂ ਤੇਰੀ ਨਿਤਾਣੀ ਦੀ ਫਰਿਆਦ ਵੀ ਸੁਣ ਲੈਂਦਾ...।''
ਫੇਰ ਉਸਦੇ ਦੁਹੱਥੜੀਂ ਛਾਤੀ ਪਿੱਟਣ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ, ਜਿਵੇਂ ਗਜ਼ੂਰਾਂ ਹੁਣੇ-ਹੁਣੇ ਕਤਲ ਹੋਈ ਹੋਵੇ।

(ਅਨੁਵਾਦ: ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਕਹਾਣੀਆਂ, ਮੁਹੰਮਦ ਮਨਸ਼ਾ ਯਾਦ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ