ਗੁਰਚਰਨ ਸਿੰਘ ਸਹਿੰਸਰਾ - Gurcharan Singh Sehnsra

ਗੁਰਚਰਨ ਸਿੰਘ ਸਹਿੰਸਰਾ (੨੪ ਦਸੰਬਰ ੧੯੦੭ - ੭ ਮਈ ੧੯੭੯) ਭਾਰਤੀ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਸਾਹਿਤਕਾਰ ਸਨ । ਗੁਰਚਰਨ ਸਿੰਘ ਸਹਿੰਸਰਾ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ; ਉਹ ਦੇਸ਼ ਦੀ ਸੁਤੰਤਰਤਾ ਦੀ ਖ਼ਾਤਰ ਜੂਝਣ ਵਾਲੇ ਸੰਗਰਾਮੀ ਵੀ ਸਨ ਅਤੇ ਇਸ ਸੰਗਰਾਮ ਦੇ ਇਤਿਹਾਸਕਾਰ ਵੀ ਸਨ । ਗੁਰਚਰਨ ਸਿੰਘ ਨੇ ਆਪਣਾ ਸਾਰਾ ਜੀਵਨ ਇਨਕਲਾਬੀ ਲਹਿਰਾਂ ਵਿੱਚ ਸਰਗਰਮ ਮੈਂਬਰ ਵਜੋਂ ਕੰਮ ਕਰਦਿਆਂ ਗੁਜ਼ਾਰਿਆ । ਉਹ ਕ੍ਰਾਂਤੀਕਾਰੀ ਚੇਤਨਾ ਵਾਲੇ ਬੁੱਧੀਜੀਵੀ ਸਨ ਅਤੇ ਰੁਮਾਂਟਿਕ ਬਿਰਤੀ ਦੇ ਧਾਰਨੀ ਵੀ ਸਨ । ਗੁਰਚਰਨ ਸਿੰਘ ਸਹਿੰਸਰਾ ਦਾ ਜਨਮ ਜ਼ਿਲ੍ਹਾ ਤਰਨਤਾਰਨ ਵਿਖੇ ਹੋਇਆ । ਉਨ੍ਹਾਂ ਨੂੰ ਪੰਜਾਬੀ ਦੇ ਪ੍ਰਮੁੱਖ ਸਾਹਿਤਕ ਸੰਗਠਨ ‘ਕੇਂਦਰੀ ਪੰਜਾਬੀ ਲੇਖਕ ਸਭਾ’ ਦੇ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ, ਜਿਸ ਵਿੱਚ ਉਨ੍ਹਾਂ ਨੇ ਬੜੀ ਲਗਨ ਵਿਖਾਈ । ਉਹ ਕਿਰਤੀ ਪਾਰਟੀ ਦੇ ਸਰਗਰਮ ਮੈਂਬਰ ਰਹੇ ਅਤੇ ‘ਕਿਰਤੀ’, ‘ਲਾਲ ਢੰਡੋਰਾ’, ‘ਪ੍ਰੀਤਮ’ ਪਰਚਿਆਂ ਦੇ ਸੰਪਾਦਕ ਦਾ ਕੰਮ ਕੀਤਾ । ਆਪਣੇ ਜੀਵਨ ਦਾ ਵਡੇਰਾ ਭਾਗ ਸੁਤੰਤਰਤਾ ਸੰਗਰਾਮ ਅਤੇ ਲੋਕ ਲਹਿਰਾਂ ਲਈ ਸਿਧਾਂਤਕ ਸਰਗਰਮੀ ਵਿੱਚ ਗੁਜ਼ਾਰਦਿਆਂ, ‘ਦੇਸ਼ ਭਗਤ ਯਾਦਗਾਰ ਹਾਲ’ ਵਿੱਚ ਰਹਿ ਕੇ ਆਪਣੇ ਵਰਗੇ ਹੀ ਹੋਰਨਾਂ ਸੰਗਰਾਮੀਆਂ ਦੁਆਰਾ ਅਮਲ ਵਿੱਚ ਰਚੇ ਇਤਿਹਾਸ ਨੂੰ ਕਲਮਬੱਧ ਕੀਤਾ । ਇਸ ਕਲਮ ਨਾਲ ਉਨ੍ਹਾਂ ਦੀ ਸਿਧਾਂਤਕ ਲਿਖਤ ਦੇ ਪੱਖ ਵਿੱਚ ਮਜ਼ਬੂਤੀ ਅਤੇ ਪਰਪੱਕਤਾ ਆਈ । ਸਹਿੰਸਰਾ ਤੋਂ ਪਹਿਲਾਂ ਵੀ ਅਜਿਹੇ ਲੇਖਕ ਬਹੁਤ ਸਨ ਜਿਨ੍ਹਾਂ ਨੇ ਸੰਗਰਾਮੀ ਜੀਵਨ ਵਿੱਚ ਅਹਿਮ ਯੋਗਦਾਨ ਦਿੱਤਾ ਅਤੇ ਕਵਿਤਾਵਾਂ ਤੇ ਕਹਾਣੀਆਂ ਰਾਹੀਂ ਆਪਣੇ ਜੀਵਨ ਦੇ ਅਨੁਭਵ ਪੇਸ਼ ਕੀਤੇ । ਸਹਿੰਸਰਾ ਦੀ ਪਹਿਲੀ ਕਹਾਣੀ ‘ਸਾਈਕਲੋ ਮਸ਼ੀਨ’ ਸੀ ਜੋ ਕਾਫ਼ੀ ਚਰਚਿਤ ਹੋਈ । ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਵਿੱਚ ਗ਼ਦਰ ਪਾਰਟੀ ਦਾ ਇਤਿਹਾਸ (੧੯੬੧), ਉਹ ਵੀ ਦਿਨ ਸਨ (੧੯੬੫), ਡਿੱਠੇ ਸੁਣੇ ਪਠਾਣ (੧੯੮੧), ਅਤੇ ਇਤਿਹਾਸਕ ਪਦਾਰਥਵਾਦੀ ਆਲੋਚਨਾ (੧੯੭੬) ਸ਼ਾਮਿਲ ਹਨ ।

ਗੁਰਚਰਨ ਸਿੰਘ ਸਹਿੰਸਰਾ ਕਹਾਣੀਕਾਰ (Gurcharan Singh Sehnsra)

ਗੁਰਚਰਨ ਸਿੰਘ ਸਹਿੰਸਰਾ ਦੀਆਂ ਕਹਾਣੀਆਂ ਪੰਜਾਬੀ ਵਿੱਚ

Gurcharan Singh Sehnsra Stories in Punjabi