Paan Sirar Di (Punjabi Story) : Maqsood Saqib

ਪਾਣ ਸਿਰੜ ਦੀ (ਕਹਾਣੀ) : ਮਕ਼ਸੂਦ ਸਾਕ਼ਿਬ

ਫੈਜ਼ਪੁਰ ਦਾ ਸਟੇਸ਼ਨ ਕੱਲਰ ਵਿਚ ਇੰਜ ਖਲੋਤਾ ਹੋਇਆ ਸੀ ਜਿਵੇਂ ਸਾਗਰ ਵਿਚ ਕੋਈ ਟਾਪੂ।
ਜਿਹੜੇ ਪਿੰਡ ਪਾਰੋਂ ਏਸ ਸਟੇਸ਼ਨ ਦਾ ਨਾਂਅ ਫੈਜ਼ਪੁਰ ਸੀ ਉਹ ਘੱਟੋ ਘੱਟ ਏਥੋਂ ਕੋਈ ਛੇ ਕੁ ਮੀਲਾਂ ਦੇ ਪੰਧ 'ਤੇ ਸੀ। ਅੰਗਰੇਜ਼ਾਂ ਦਾ ਖ਼ਬਰੇ ਏਸ ਕੱਲਰ ਵਿਚ ਕੋਈ ਸ਼ਹਿਰ ਵਸਾਉਣ ਦਾ ਮਤਾ ਸੀ, ਜਿਹੜਾ ਉਨ੍ਹਾਂ ਏਥੇ ਲਹਿੰਦਿਓਂ ਚੜ੍ਹਦੇ ਤੇ ਚੜ੍ਹਦਿਓਂ ਲਹਿੰਦੇ ਦਮੂੰਹੀਂ ਵਾਂਗੂੰ ਲੰਮੀ ਪਈ ਹੋਈ ਪੱਟੜੀ ਦੇ ਕੰਢੇ ਸਟੇਸ਼ਨ ਛੱਡ ਛੱਡਿਆ ਸੀ। ਪਰ ਅੰਗਰੇਜ਼ਾਂ ਦੇ ਜਿਵੇਂ ਕਈ ਹੋਰ ਪਛੇਤੇ ਮਤੇ ਉਨ੍ਹਾਂ ਦੇ ਜਾਵਣ ਨਾਲ ਉਥੇ ਦੇ ਉਥੇ ਈ ਰਹਿ ਗਏ ਸਨ। ਉਸੇ ਤਰ੍ਹਾਂ ਕੱਲਰ ਦੇ ਏਸ ਸਾਗਰ ਵਿਚ ਇਹ ਸਟੇਸ਼ਨ ਵੀ ਕੱਲਾ ਰਹਿ ਗਿਆ ਸੀ ਇਕ ਟਾਪੂ ਵਾਂਗੂੰ।
ਏਸ ਸਟੇਸ਼ਨ ਤੇ ਉਹ ਮਾਘ ਦੀ ਇਕ ਹਨੇਰੀ ਤੇ ਠਰੀ ਹੋਈ ਰਾਤ ਸੀ। ਟਿਕਟਾਂ ਵਾਲੀ ਬਾਰੀ ਬੰਦ ਹੋ ਗਈ ਸੀ। ਸਟੇਸ਼ਨ ਮਾਸਟਰ ਆਪਣੇ ਕਮਰੇ ਦਾ ਬੂਹਾ ਭੇੜ ਕੇ ਸੌਂ ਗਿਆ ਹੋਇਆ ਸੀ। ਕੱਲਰ ਵਿਚੋਂ ਠੰਢੀ ਸੀਤ ਹਵਾ ਦਾ ਕੋਈ ਬੁੱਲ੍ਹਾ ਜਦੋਂ ਆ ਕੇ ਸ਼ੂਕਦਾ ਹੋਇਆ ਫਿਰਦਾ ਤੇ ਸਟੇਸ਼ਨ ਮਾਸਟਰ ਦੇ ਬੂਹੇ ਅੱਗੇ ਸ਼ੀਸੇ ਦੇ ਡੱਬੇ ਵਿਚ ਬਲਦੀ ਬੱਤੀ ਇੰਜ ਕੰਬਣ ਲੱਗ ਪੈਂਦੀ ਜਿਵੇਂ ਉਹਦੇ ਫੇਫੜੇ ਪਾਲੇ ਨਾਲ ਮਾਰੇ ਗਏ ਹੋਵਣ। ਪਰ ਅਗਲੇ ਹੀ ਪਲ ਹਵਾ ਦਾ ਠੰਡਾ ਬੁੱਲ੍ਹਾ ਆਪਣੇ ਇਕਲਵਾਂਝੇ ਹੱਥੋਂ ਮਾਰਿਆ ਜਾਂਦਾ। ਇਹ ਲਟ ਲਟ ਕਰਦੀ ਇੰਜ ਹੰਭਲੇ ਮਾਰ ਕੇ ਬਲਣ ਲੱਗ ਪੈਂਦੀ ਜਿਵੇਂ ਸ਼ੀਸ਼ੇ ਦੀ ਛੱਤ ਪਾੜ ਕੇ ਬਾਹਰ ਨਿਕਲ ਜਾਣਾ ਚਾਹੁੰਦੀ ਹੋਵੇ।
ਉਥੇ ਇਕ ਜਵਾਨ ਸਵਾਣੀ ਤੇ ਇਕ ਹੰਢੀ ਉਮਰ ਵਾਲਾ ਬੁੱਢਾ ਖਲੋਤੇ ਸਨ। ਉਹ ਬਰਾਂਡੇ ਵਿਚ ਇਉਂ ਖਲੋਤੇ ਸਨ ਜਿਵੇਂ ਕੱਲਰਾਂ ਵਲੋਂ ਆਉਂਦਾ ਹਵਾ ਦਾ ਕੋਈ ਬੁੱਲ੍ਹਾ ਉਨ੍ਹਾਂ ਦੀ ਸ਼ਕਲ ਵਟਾ ਕੇ ਖਲੋ ਗਿਆ ਸੀ ਜਾਂ ਜਿਵੇਂ ਉਹ ਬਰਾਂਡੇ ਦੇ ਤਲਵੇਂ ਵਿਚੋਂ ਆਪ ਈ ਉੱਗ ਖਲੋਤੇ ਸਨ ਤੇ ਹੁਣ ਪਾਲੇ ਨਾਲ ਨੀਲੇ ਪੈਂਦੇ ਹੋਏ ਕਿਸੇ ਨਿੱਘੀ ਥਾਂ ਦੀ ਭਾਲ ਵਿਚ ਸਨ।
'ਸੱਤਾਂ ਏਥੇ ਤੇ ਨਾ ਕੋਈ ਬੰਦਾ ਏ ਤੇ ਨਾ ਕੋਈ ਬੰਦੇ ਦੀ ਜ਼ਾਤ, ਵਕਤ ਕਿਹਦੇ ਕੋਲੋਂ ਪੁੱਛੀਏ?' ਬੁਢੜੇ ਨੇ ਸਵਾਣੀ ਨਾਲ ਗੱਲ ਕੀਤੀ। ਸੱਤਾਂ ਉਸ ਵੇਲੇ ਆਪਣੇ ਢਿੱਡ ਤੋਂ ਪਾਟੇ ਹੋਏ ਝੱਗੇ ਨੂੰ ਕੁੰਜਦੀ ਹੋਈ ਟਿਕਟਾਂ ਵਾਲੀ ਬਾਰੀ ਨੂੰ ਪਈ ਵੇਖਦੀ ਸੀ। ਉਹਨੂੰ ਖ਼ਬਰੇ ਬੁੱਢੜੇ ਦੀ ਵਾਜ ਕੰਨੀਂ ਪਈ ਈ ਨਹੀਂ ਸੀ।
'ਸੱਤਾਂ, ਮੈਂ ਤੇਰੇ ਨਾਲ ਆਂ। ਪਰ ਤੂੰ ਤਾਂ ਜਿਵੇਂ ਪੱਥਰ ਦੀ ਹੋ ਗਈ ਏਂ।' ਬੁੱਢੜੇ ਨੇ ਆਪਣੀ ਥਾਵੋਂ ਹਿੱਲ ਕੇ ਉਸ ਨੂੰ ਮੋਢੇ ਤੋਂ ਹਲੂਣਿਆ। ਉਹ ਬੁੱਢੜੇ ਦੇ ਹਿੱਲਣ ਨਾਲ ਇੰਜ ਤ੍ਰਭਕੀ ਜਿਵੇਂ ਕੋਈ ਡਰਾਉਣਾ ਸੁਫ਼ਨਾ ਉਹਦੀਆਂ ਅੱਖਾਂ ਵਿਚ ਆਣ ਵੱਸਿਆ ਹੋਵੇ।
'ਸੱਤਾਂ, ਹੈਂ ਸੱਤਾਂ!' ਬੁੱਢੜੇ ਨੇ ਉਸ ਨੂੰ ਪੋਲੀਆਂ ਪੋਲੀਆਂ ਸੱਦਾਂ ਮਾਰੀਆਂ ਤੇ ਜਿਵੇਂ ਉਹ ਜਾਗ ਪਈ।
'ਕੀ ਏ ਚਾਚਾ?' ਉਸ ਆਪਣੀਆਂ ਮੋਟੀਆਂ ਮੋਟੀਆਂ ਕਾਲੀਆਂ ਅੱਖਾਂ ਨਾਲ ਬੁਢੜੇ ਵਲ ਵੇਖਿਆ।
'ਮੈਂ ਪੁੱਛਨਾਂ ਪਈ ਕੁੜੀਏ ਏਥੇ ਤੇ ਕੋਈ ਆਦਮ ਜ਼ਾਤ ਵਿਖਾਈ ਨਹੀਂ ਪਿਆ ਦੇਂਦਾ, ਆਪਣੇ ਆਪ ਤੋਂ ਸਿਵਾ। ਕਿਹਦੇ ਕੋਲੋਂ ਪੁੱਛੀਏ ਪਈ ਸ਼ਹਿਰ ਨੂੰ ਕਿਹੜੇ ਵੇਲੇ ਗੱਡੀ ਜਾਵਣੀ ਏ। ਉਹ ਨਾ ਹੋਵੇ ਪਈ ਰਾਤ ਏਥੇ ਈ ਕਿਸੇ ਨੁੱਕਰੇ ਲੱਗ ਕੇ ਲੰਘਾਉਣੀ ਪਵੇ।'
ਸੱਤਾਂ ਇਕ ਲੰਮਾ ਹਉਕਾ ਭਰਿਆ, ''ਚਾਚਾ, ਮੈਂ ਕੀ ਦੱਸਾਂ ਹੁਣ ਤੈਨੂੰ?'
'ਅੱਛਾ, ਆ ਹਾਂ! ਉਸ ਪਾਸੇ ਵਲ ਚਲਨੇ ਹਾਂ, ਖ਼ਬਰੇ ਕੋਈ ਬੰਦਾ ਟੱਕਰ ਈ ਜਾਵੇ।' ਉਹ ਬਰਾਂਡੇ ਵਿਚੋਂ ਨਿਕਲ ਕੇ ਪਲੇਟਫਾਰਮ ਵਲ ਟੁਰ ਪਿਆ ਤੇ ਉਹ ਸਵਾਣੀ ਵੀ ਉਹਦੇ ਮਗਰ ਈ। ਫੈਜ਼ਪੁਰ ਸਟੇਸ਼ਨ ਦਾ ਪਲੇਟਫਾਰਮ ਇਕ ਲੰਮਾ-ਸਲੰਮਾ ਮਿੱਟੀ ਦਾ ਥੜ੍ਹਾ ਸੀ ਜਿਹੜਾ ਪਟੜੀਆਂ ਦੇ ਨਾਲ ਨਾਲ ਦੂਰ ਤੀਕਰ ਟੁਰਿਆ ਜਾਂਦਾ ਸੀ। ਏਸ ਥੜ੍ਹੇ ਉਤੇ ਵਿਰਲੇ ਵਿਰਲੇ ਲੱਕੜ ਦੇ ਬੈਂਚ ਪਏ ਹੋਏ ਸਨ। ਪਲੇਟ ਫਾਰਮ ਦੀ ਇਕ ਨੁੱਕਰ 'ਤੇ ਠਹਿਕ ਬਣੀ ਹੋਈ ਸੀ ਜਿਥੇ ਕਦੀ ਕਦਾਈਂ ਕੋਈ ਮਾਲ ਗੱਡੀ ਲੱਕੜਾਂ ਲੈਣ ਲਈ ਆ ਕੇ ਲਗਦੀ ਹੁੰਦੀ ਸੀ।
ਬੁੱਢੜੇ ਨੇ ਪਲੇਟ ਫਾਰਮ ਉੱਤੇ ਆਣ ਕੇ ਲੰਮੀ ਨਿਗਾਹ ਮਾਰੀ ਪਰ ਲੱਕੜ ਦੇ ਸਾਰੇ ਬੈਂਚ ਸੱਖਣੇ ਸਨ। ਕੋਈ ਭੁੱਲਿਆ ਚੁੱਕਿਆ ਬੰਦਾ ਤਾਂ ਕਿਧਰੇ ਰਿਹਾ, ਕੋਈ ਛਲੇਡਾ ਵੀ ਉਨ੍ਹਾਂ ਉਤੇ ਬੈਠਾ ਵਿਖਾਈ ਨਹੀਂ ਸੀ ਦੇਂਦਾ। ਠਹਿਕ ਵਾਲੀ ਨੁੱਕਰ ਵਿਚ ਭੋਇੰ ਉੇਤੇ ਅੱਗ ਬਲਦੀ ਸੀ ਪਈ ਤੇ ਕਿਸੇ ਦੇ ਮਾੜਾ ਮਾੜਾ ਬੋਲਣ ਦੀ ਵਾਜ ਪਈ ਆਉਂਦੀ ਸੀ।
'ਸੱਤਾ ਉਸ ਨੱਕਰੇ ਕੋਈ ਲਗਦਾ ਏ ਜਿਵੇਂ ਹੈ। ਆ ਹਾਂ, ਓਧਰ ਈ ਚਲੀਏ।' ਬੁੱਢੇ ਨੇ ਸੱਤਾਂ ਨੂੰ ਸਲਾਹ ਦਿੱਤੀ।
ਉਹ ਦੋਵੇਂ ਹੁਣ ਉਸ ਅੱਗ ਵਲ ਟੁਰ ਪਏ। ਭੋਇੰ ਤੇ ਮਾੜਾ ਜਿਹਾ ਅੱਗ ਦਾ ਭਾਂਬੜ ਮੱਚਦਾ ਜਿਵੇਂ ਉੱਕਾ ਈ ਹਟ ਗਿਆ। ਉਹ ਜਦੋਂ ਉਥੇ ਅੱਪੜੇ ਤਾਂ ਉਹ ਭੋਇੰ ਵਿਚ ਈ ਗਵਾਚ ਗਿਆ। ਆਪਣੇ ਗਰਮ ਧੂੰ ਦੀ ਇਕ ਅਸਮਾਨਾਂ ਵਲ ਜਾਂਦੀ ਲੀਕ ਛੱਡ ਕੇ। ਉਨ੍ਹਾਂ ਦੇ ਕੰਨਾਂ ਵਿਚ ਜਿਹੜੀ ਕਿਸੇ ਦੇ ਬੋਲਣ ਦੀ 'ਵਾਜ਼ ਪਈ ਆਉਂਦੀ ਸੀ, ਉਹ ਹੁਣ ਚੋਖੀ ਤੇਜ਼ ਹੋ ਗਈ ਸੀ। ਕੋਈ ਬੜੇ ਬੁਝੇ ਹੋਏ ਅਲਾਪ ਨਾਲ ਆਖਦਾ ਪਿਆ ਸੀ;
ਰੈਣ ਗਈ ਲੁਕੇ ਸਭ ਤਾਰੇ
ਅਬ ਤੋਂ ਜਾਗ ਮੁਸਾਫ਼ਰ ਪਿਆਰੇ
ਬੁੱਲ੍ਹਾ ਸ਼ਹੁ ਦੇ ਪੈਰੀਂ ਪੜੀਏ
ਗਫ਼ਲਤ ਛੋੜ ਕੁਝ ਹੀਲਾ ਕਰੀਏ
ਮਿਰਗ ਜਤਨ ਬਿਨ ਖੇਤ ਉਜਾੜੇ
ਅਬ ਤੋ ਜਾਗ ਮੁਸਾਫ਼ਰ ਪਿਆਰੇ
ਬੁੱਢੜੇ ਨੇ ਮੁਟਿਆਰ ਨੂੰ ਖਲੋ ਜਾਵਣ ਲਈ ਹੱਥ ਹਿਲਾਇਆ ਤੇ ਆਪ ਵੀ ਖਲੋ ਗਿਆ। ਉਨ੍ਹਾਂ ਦੇ ਸਾਹਮਣੇ ਭੋਇੰ ਉੱਤੇ ਭੂਰੀ ਲੈ ਕੇ ਕੋਈ ਲੰਮਾ ਪਿਆ ਹੋਇਆ ਚਰਖੜੀ ਦੇ ਫੇਰ ਵਾਂਗੂੰ ਗਾਈ ਜਾਂਦਾ ਪਿਆ ਸੀ।
ਬੁੱਢਾ ਤੇ ਸੱਤਾਂ ਜਿਵੇਂ ਏਸ ਵਾਜ ਨਾਲ ਅਸਲੋਂ ਈ ਕੀਲੇ ਗਏ। ਫੇਰ ਜਿਵੇਂ ਭੂਰੀ ਵਾਲੇ ਨੂੰ ਉਨ੍ਹਾਂ ਦੀ ਕੈੜ ਹੋ ਗਈ। ਉਸ ਆਪਣਾ ਜਾਪ ਬੰਦ ਕਰ ਦਿੱਤਾ ਤੇ ਭੂਰੀ ਨੂੰ ਮੂੰਹ ਤੋਂ ਲਾਹ ਕੇ ਅਰਕ ਦੇ ਢਾਸਣੇ ਉਨ੍ਹਾਂ ਵਲ ਵੇਖਦਾ ਹੋਇਆ ਬੜੀ ਮਿੱਠੀ ਵਾਜ ਬੋਲਿਆ;
'ਕਿਥੋਂ ਆਏ ਓ ਤੁਸੀਂ?'
ਬੁੱਢੜੇ ਨੂੰ ਜਿਵੇਂ ਕਿਸੇ ਸੱਜਰਾ ਕਰ ਦਿੱਤਾ ਹੋਵੇ। ਝੱਟ ਬੋਲਿਆ, 'ਭਲਿਆ ਲੋਕਾ ਝੋਕ ਦਿੱਤੇ ਦੀ ਤੋਂ ਹੁਣੇ ਆਉਂਦੇ ਈ ਪਏ ਆਂ ਆਫ਼ਤ ਦੇ ਕੁੱਠੇ ਹੋਏ। ਆਹ ਨਾਲ ਮੇਰੀ ਨੂੰਹ ਏ ਸ਼ੋਹਦੀ।' 'ਉਰ੍ਹਾਂ ਆ ਕੇ ਬਹਿ ਜਾਓ ਅੱਗ ਦੇ ਕੋਲ ਤੇ ਕਿਹੜੀ ਆਫਤ ਦੇ ਕੁੱਠੇ ਹੋਏ ਓ?'
'ਆ ਜਾ ਸੱਤਾਂ ਘੜੀ ਬਹਿ ਵੇਖੀਏ ਅੱਗ ਦੇ ਕੋਲ। ਉਂਜ ਵੀ ਬੰਦਾ ਤੇ ਕੋਈ ਸਾਊ ਈ ਜਾਪਦਾ ਏ।' ਬੁੱਢੜਾ ਸਹਿਮੀ ਹੋਈ ਸੱਤਾਂ ਨੂੰ ਨਾਲ ਲੈ ਕੇ ਬਹਿ ਗਿਆ, ਬੁਝੀ ਹੋਈ ਅੱਗ ਦੇ ਕੋਲ ਪੈਰਾਂ ਭਾਰ।
ਉਹ ਬੰਦਾ ਹੁਣ ਆਪਣੀ ਭੂਰੀ ਨੂੰ ਇਕ ਪਾਸੇ ਲਾਹ ਕੇ ਆਪਣੀ ਥਾਂ 'ਤੇ ਉੱਠ ਬੈਠਾ ਸੀ। ਬੁੱਢੜੇ ਨੇ ਵੇਖਿਆ, ਉਹ ਕੋਈ ਜਟਾ-ਧਾਰੀ ਫ਼ਕੀਰ ਸੀ। ਪੂਰੇ ਮੁੱਖ 'ਤੇ ਉਸ ਦੀਆਂ ਅੱਖਾਂ ਤੇ ਨੱਕ ਈ ਸੀ। ਬਾਕੀ ਸਭ ਕੁਝ ਵਾਲਾਂ ਵਿਚ ਈ ਗਵਾਚਾ ਹੋਇਆ ਸੀ।
ਉਸ ਕਿਹਾ, 'ਇਹ ਲਉ, ਮੇਰੀ ਭੂਰੀ ਉੱਤੇ ਬਹਿ ਜਾਓ। ਮੈਂ ਤੁਹਾਡੇ ਲਈ ਅੱਗ ਭਖਾਉਨਾ।' 'ਨਹੀਂ ਸਾਈਂ ਜੀ,, ਅਸੀਂ ਤੁਹਾਡੀ ਭੂਰੀ ਉੱਤੇ ਨਹੀਂ ਬੈਠ ਸਕਦੇ।' ਬੁੱਢੜੇ ਨੇ ਬੜੇ ਆਦਰ ਨਾਲ ਉਹਨੂੰ ਆਖਿਆ।
'ਕੋਈ ਗੱਲ ਨਹੀਂ। ਮੈਨੂੰ ਜਾਪਦਾ ਏ ਤੁਸੀਂ ਬੜਾ ਈ ਲੰਮਾ ਪੈਂਡਾ ਕਰਕੇ ਆਏ ਓ। ਇਹ ਲਵੋ।' ਸਾਈਂ ਨੇ ਆਪਣੀ ਭੂਰੀ ਉਨ੍ਹਾਂ ਵਲ ਸੁੱਟ ਦਿੱਤੀ ਤੇ ਆਪ ਆਪਣੇ ਸਰ੍ਹਾਣੇ ਪਈਆਂ ਨਿੱਕੀਆਂ ਨਿੱਕੀਆਂ ਲੱਕੜਾਂ ਦੀ ਟੇਰਣੀ ਜੋੜਨ ਲੱਗ ਪਿਆ, ਜਿਥੇ ਪਹਿਲਾਂ ਅੱਗ ਬਲਦੀ ਪਈ ਸੀ।
ਬੁੱਢੜਾ ਵੀ ਉਹਦੇ ਨਾਲ ਰਲ ਕੇ ਫੂਕਾਂ ਮਾਰਨ ਲੱਗ ਪਿਆ। ਛੇਤੀ ਈ ਅੱਗ ਮੁੜ ਜਾਗ ਪਈ।
'ਬੱਚਾ ਭੂਰੀ 'ਤੇ ਬਹਿ ਜਾ।' ਸਾਈਂ ਨੇ ਆਪਣੀ ਭੂਰੀ ਨੂੰ ਉਸੇ ਤਰ੍ਹਾਂ ਈ ਵੇਖਿਆ ਤੇ ਸੱਤਾਂ ਨੂੰ ਆਖਿਆ।
'ਚਲ ਸੱਤਾਂ ਬਹਿ ਜਾ। ਸਾਈਂ ਹੋਰੀਂ ਆਖਦੇ ਨੇ ਪਏ।' ਬੁੱਢੜੇ ਨੇ ਆਖਿਆ।
ਸੱਤਾਂ ਫੇਰ ਕਿਧਰੇ ਗਵਾਚ ਗਈ ਹੋਈ ਸੀ। ਉਸ ਭੂਰੀ ਵਲ ਤੱਕਿਆ ਵੀ ਨਾ।
ਸਾਈਂ ਨੂੰ ਜਿਵੇਂ ਉਹਦੇ ਹਾਲ ਦੀ ਸਮਝ ਆ ਗਈ। ਉਹ ਆਪਣੀ ਮਿੱਠੀ ਵਾਜ ਵਿਚ ਬੁੱਢੜੇ ਨੂੰ ਸੁਣਾਉਂਦਾ ਹੋਇਆ ਬੋਲਿਆ, 'ਕੁਝ ਚੋਖੇ ਈ ਆਫਤ ਦੇ ਕੁੱਠੇ ਜਾਪਦੇ ਓ। ਮੈਨੂੰ ਦੱਸੋ ਤੇ ਸਹੀ ਕੁਝ।'
'ਓ ਸਾਈਂ ਜੀ, ਕੀ ਦੱਸੀਏ ਕਿਹੜੀ ਆਫ਼ਤ ਦੇ ਕੁੱਠੇ ਹੋਏ ਆਂ ਅਸੀਂ। ਕੁਝ ਦਿਨ ਹੋਏ ਨੇ ਸਾਡੇ ਪਿੰਡ ਇਕ ਰਾਸ ਮੰਡਲੀ ਆਈ। ਕੋਈ ਸ਼ਹਿਰੀ ਰਾਸਧਾਰੀਏ ਸਨ। 'ਕੱਲਾ 'ਕੱਲਾ ਮੇਰਾ ਛੋਹਰ ਰਹਿਮੋ ਟੁਰ ਗਿਆ ਉਨ੍ਹਾਂ ਦੀ ਰਾਸ ਵੇਖਣ। ਮੈਂ ਆਖਿਆ ਵੀ ਉਹਨੂੰ ਪੁੱਤਰਾ, ਇਹ ਨਹੀਂ ਉਹ ਲੋਕ ਜਿਹੜੇ ਕਦੀ ਸਾਡਿਆਂ ਵੇਲਿਆਂ ਵਿਚ ਆਉਂਦੇ ਹੁੰਦੇ ਸਨ। ਸਿੱਧੀ ਸਿੱਧੀ ਖੇਡ ਖੇਡਣ ਵਾਲੇ, ਸਾਡੀ ਹਯਾਤੀ ਵਰਗੀ ਸਿੱਧੀ। ਇਹ ਲੋਕ ਨੇ ਸ਼ਹਿਰੀ, ਇਹਨਾਂ ਦੀ ਗੱਲ ਵਿਚ ਫੰਦ ਫਰੇਬ। ਇਨ੍ਹਾਂ ਕੀ ਖੇਡਣੀ ਏ ਰਾਸ? ਬਸ ਕਰ ਗਏ ਸ਼ਹਿਰੀ ਫੰਦ ਫਰੇਬ ਇਹਦੇ ਨਾਲ। ਇਹ ਰਾਤਾਂ ਨੂੰ ਘੁਤੀਆਂ ਮਾਰਨ ਲੱਗ ਪਿਆ। ਓਪਰੇ ਓਪਰੇ ਬੰਦੇ ਇਹਦੇ ਪ੍ਰਾਹੁਣੇ ਬਣ ਬਣ ਆਉਣ। ਇਹਦੀਆਂ ਅੱਖਾਂ ਵਿਚ ਅਣਡਿੱਠੇ ਚਾਨਣ ਲਹਿਰਣ।
ਰਾਠਾਂ ਇਹਨੂੰ ਆਖਿਆ, 'ਜਾ ਕੱਢ ਲਿਆ ਮੁਰਗਾਈਆਂ ਮੋਈਆਂ ਪਾਣੀ ਵਿਚੋਂ।' ਏਸ ਨਾਂਹ ਚਾ ਕੀਤੀ, ਨਾਂਹ ਈ ਨਹੀਂ ਸਗੋਂ ਵਿਹਰਿਆ ਉਨ੍ਹਾਂ ਨਾਲ। ਰਾਠ ਸਾਡੇ ਹਿਰਦੇ ਵਾਚ ਗਏ ਇਕੋ ਨਜ਼ਰੀਂ। ਇਹਦੀ ਅੱਖ ਖੁਲ੍ਹੀ ਤੇ ਠਾਹ ਠਾਹ ਉਨ੍ਹਾਂ ਬੰਦੂਕਾਂ ਦੇ ਘੋੜੇ ਨੱਪ ਦਿੱਤੇ ਆਪਣੀਆਂ ਦੇ। ਮੇਰਾ ਤੇ ਰਾਠਾਂ ਦਾ ਉਮਰਾਂ ਦਾ ਸਾਥ, ਸਾਰਿਆਂ ਨੂੰ ਘੋੜੀ ਚੜ੍ਹਨਾ ਮੈਂ ਈ ਦੱਸਿਆ। ਪਰ ਮੇਰੀ ਪੱਗ ਵੀ ਉਨ੍ਹਾਂ ਖੇਹ ਕਰ ਛੱਡੀ।
ਬੁੱਢੜੇ ਦੀਆਂ ਅੱਖਾਂ ਵਿਚ ਹੰਝੂ ਭਰੇ ਗਏ। ਸੱਤਾਂ ਵੀ ਡੁਸਕਣ ਲੱਗ ਪਈ।
'ਪਰ ਮੀਆਂ ਹੁਣ ਚੱਲੇ ਕਿਥੇ ਓ ਦੋਵੇਂ ਨੂੰਹ ਸਹੁਰਾ? ਨਾ ਰੋਵੋ। ਹੋਣੀ ਤੇ ਵਰਤ ਗਈ ਹੋਈ ਏ।
ਰੈਣ ਗਈ ਲਿਸ਼ਕੇ ਸਭ ਤਾਰੇ ਮਿਰਗ ਜਤਨ ਬਿਨ ਖੇਤ ਉਜਾੜੇ ਅਬ ਤੋ ਜਾਗ ਮੁਸਾਫ਼ਰ ਪਿਆਰੇ ਹੋਣੀ ਤੇ ਵਰਤ ਗਈ ਏ।' ਸਾਈਂ ਉਨ੍ਹਾਂ ਨਾਲ ਗੱਲ ਕਰਦਾ, ਫੇਰ ਜਿਵੇਂ ਆਪਣੇ ਆਪ ਨਾਲ ਗੱਲ ਕਰਨ ਲੱਗ ਪਿਆ।
'ਮੈਂ ਚੱਲਿਆਂ ਸਾਈਂ ਲੋਕਾ ਉਨ੍ਹਾਂ ਫੰਦ ਫਰੇਬੀ ਰਾਸਧਾਰੀਆਂ ਨੂੰ ਲੱਭਣ। ਨਾਲ ਏਸ ਕੁੜੀ ਨੂੰ ਲੈ ਕੇ। ਪਈ ਕੱਢੋ ਜਿਹੜਾ ਸੁਰਮਾ ਤੁਸੀਂ ਲਈ ਫਿਰਦੇ ਓ। ਫੇਰੋ ਉਹਦੀ ਇਕ ਇਕ ਸਲਾਈ ਸਾਡੀਆਂ ਅੱਖਾਂ ਵਿਚ ਵੀ। ਅਸੀਂ ਵੀ ਵੇਖੀਏ ਆਪਣਾ ਆਪ, ਉਵੇਂ ਜਿਵੇਂ ਰਹਿਮੋ ਡਿੱਠਾ। ਮੇਰਾ ਤੇ ਰਾਠਾਂ ਦਾ ਉਮਰਾਂ ਦਾ ਸੀਰ ਪੱਗ ਹੈ ਸੀ। ਪੁੱਤਰ ਮੋਇਆ ਤਾਂ ਮੈਂ ਜਰ ਜਾਂਦਾ ਜੇ ਪੱਗ ਰਹਿੰਦੀ ਤੇ। ਪਰ ਹੁਣ ਤੇ ਉਹ ਪੱਗ ਘੋੜਿਆਂ ਦੇ ਸੁੰਬਾਂ ਹੇਠ ਫੀਤੀ ਫੀਤੀ ਹੋ ਗਈ ਏ। ਪਾਵੋ ਸਾਡੀਆਂ ਅੱਖਾਂ ਵਿਚ ਸੁਰਮ ਸਲਾਈਆਂ। ਕਿਹੜਾ ਨਿੰਮ ਦੇ ਵੱਤਰ ਨਾਲ ਬਣਾਇਆ ਏ ਤੁਸਾਂ ਸੁਰਮਾ ਫਰੇਬੀਓ? ਤਾਂ ਜੋ ਮੈਂ ਵੀ ਵੇਖਾਂ ਰਾਠਾਂ ਦੀਆਂ ਅੱਖਾਂ ਵਿਚ ਅੱਡੀਆਂ ਚੁੱਕ ਕੇ ਆਪਣੇ ਆਪ ਨੂੰ, ਬੰਦੂਕਾਂ ਦਾ ਮੈਨੂੰ ਡਰ ਕੋਈ ਨਹੀਂ। ਨੱਪੋ ਘੋੜੇ ਇਨ੍ਹਾਂ ਦੇ। ਪਰ ਮੈਂ ਤੁਹਾਡੀਆਂ ਅੱਖਾਂ ਵਿਚ ਵੇਖਣਾ ਜ਼ਰੂਰ ਏ।' ਬੁੱਢੜੇ ਦੇ ਅੰਦਰ ਜਿਵੇਂ ਕੋਈ ਜਿੰਨ ਆ ਵੜਿਆ ਸੀ ਤੇ ਉਹਦਾ ਆਪਣੇ ਆਪ ਉੱਤੇ ਕੋਈ ਵਸ ਨਹੀਂ ਸੀ ਰਿਹਾ।
'ਕਿਵੇਂ ਲੱਭੇਂਗਾ ਮੀਆਂ ਉਨ੍ਹਾਂ ਫੰਦ ਫਰੇਬੀਆਂ ਨੂੰ ਸ਼ਹਿਰ ਜਾ ਕੇ। ਸ਼ਹਿਰ ਤੇ ਆਪ ਬਹੁੰ ਵੱਡਾ ਖੋਭਾ ਏ। ਜੋ ਇਹਦੇ ਵਿਚ ਖੁਭਿਆ ਏ ਨਹੀਂ ਨਿਕਲਿਆ ਮੁੜ ਕੇ, ਤੂੰ ਵੀ ਖੁਭ ਜਾਸੇਂ।'
'ਕੁਝ ਵੀ ਏ ਭਾਵੇਂ, ਮੈਂ ਉਹਨਾਂ ਸ਼ਹਿਰੀ ਰਾਸਧਾਰੀਆਂ ਨੂੰ ਮਿਲਾਂਗਾ ਜ਼ਰੂਰ। ਮੈਂ ਆਪਣੇ ਤਰਸੇਵੇਂ ਦੇ ਪੁੱਤਰ ਰਹਿਮੋ ਨੂੰ ਆਖਿਆ ਸੀ। ਉਹ ਨਾ ਮੰਨਿਆ ਤੇ ਮੈਨੂੰ ਪੈਣਾ ਪਿਆ ਪੈਂਡੇ ਬੁੱਢੇ ਵਾਰੇ। ਰਾਸਧਾਰੀਏ ਮੈਥੋਂ ਕਿਥੇ ਲੁਕਸਣ? ਮੈਂ ਉਨ੍ਹਾਂ ਨੂੰ ਆਖਣਾ ਲੱਭ ਕੇ, ਵਰਤੋ ਜਿੰਨੇ ਵੀ ਰਿੱਛ ਤੁਸੀਂ ਹੇਠ ਲੁਕਾਏ ਨੇ ਤੇ ਦੇ ਦਿਓ ਰਹਿਮੋ ਮੇਰੇ ਛੋਹਰ ਦੀ ਤੱਕਣੀ ਮੈਨੂੰ।'
ਸੱਤਾਂ ਨੀਵੀਂ ਪਾ ਕੇ ਬੁੱਢੜੇ ਦੇ ਨਾਲ ਲੱਗੀ ਬੈਠੀ ਹੋਈ ਸੀ। ਆਪਣੇ ਵਿਚਾਰਾਂ ਵਿਚ ਗਵਾਚੀ। ਸਾਈਂ ਨੇ ਬੁੱਢੜੇ ਨੂੰ ਆਖਿਆ, 'ਮੀਆਂ ਇਹ ਭੂਰੀ ਲੈ ਲਵੋ ਤੇ ਹੁਣ ਲੰਮੇ ਪੈ ਜਾਉ, ਉਥੇ ਇੱਟਾਂ ਦੇ ਥੜੇ 'ਤੇ। ਗੱਡੀ ਸਵੇਰੇ ਸੰਝ ਵੇਲੇ ਜਾਵਸੀ। ਐਨਾ ਚਿਰ ਇੰਜੇ ਬੈਠੇ ਆਕੜ ਜਾਸੋ। ਜਾਉ ਲੰਮੇ ਪੈ ਜਾਉ, ਅਜੇ ਦੋ ਘੜੀਆਂ ਰਾਤ ਰਹਿੰਦੀ ਏ।'
ਬੁੱਢੜਾ ਤੇ ਸੱਤਾਂ ਥਕੇਵੇਂ ਤੇ ਪਾਲੇ ਨਾਲ ਤਰੁੱਟੇ ਹੋਏ ਸਨ। ਸਾਈਂ ਦੀ ਗੱਲ ਸੁਣ ਕੇ ਉੱਠ ਖਲੋਤੇ। ਸਾਈਂ ਦੇ ਪਿਛਲੇ ਬੰਨੇ ਈ ਇੱਟਾਂ ਦਾ ਨਿੱਕਾ ਜਿਹਾ ਥੜਾ ਬਣਿਆ ਹੋਇਆ ਸੀ। ਸਾਈਂ ਦੀ ਭੂਰੀ ਵੀ ਏਸ ਤਰ੍ਹਾਂ ਸੀ ਜਿਵੇਂ ਕੋਈ ਤੰਬੂ 'ਕੱਠਾ ਕੀਤਾ ਹੋਵੇ। ਜਹਾਜ਼ ਜਿੱਡੀ ਭੂਰੀ ਉਨ੍ਹਾਂ ਦੋਨਾਂ ਅੱਧੀ ਹੇਠਾਂ ਵਿਛਾ ਲਈ ਤੇ ਅੱਧੀ ਵਿਚ ਦੋਵੇਂ ਨੂੰਹ ਸਹੁਰਾ ਵੜ ਗਏ।
ਸਾਈਂ ਨੇ ਮੱਚ ਵਿਚ ਹੋਰ ਲੱਕੜਾਂ ਸੁੱਟ ਦਿੱਤੀਆਂ। ਅੱਗ ਨਵੇਂ ਸਿਰਿਓਂ ਉੱਠਣ ਲੱਗ ਪਈ ਤੇ ਸਾਈਂ ਫੇਰ ਆਪਣੀ ਚਰਖੜੀ ਫੇਰਨ ਲੱਗ ਪਿਆ :
ਰੈਣ ਗਈ ਲੁਕੇ ਸਭ ਤਾਰੇ
ਅਬ ਤੋ ਜਾਗ ਮੁਸਾਫਰ ਪਿਆਰੇ
ਬੁੱਲ੍ਹਾ ਸ਼ਹੁ ਦੇ ਪੈਰੀਂ ਪੜੀਏ
ਗਲਫ਼ਤ ਛੋੜ ਕੁਝ ਹੀਲਾ ਕਰੀਏ
ਮਿਰਗ ਜਤਨ ਬਣ ਖੇਤ ਉਜਾੜੇ
ਅਬ ਤੋ ਜਾਗ ਮੁਸਾਫ਼ਰ ਪਿਆਰੇ
ਰੈਣ ਗਈ ਲੁਕੇ ਸਭ ਤਾਰੇ
ਮਿਰਗ ਜਤਨ ਬਣ ਖੇਤ ਉਜਾੜੇ
ਬੁੱਢੜਾ ਤੇ ਸੱਤਾਂ ਚੁੱਪਚਾਪ ਆਪੋ ਆਪਣੀ ਥਾਵੇਂ ਖੜੀਚੇ ਸਾਈਂ ਦਾ ਅਲਾਪ ਸੁਣਦੇ ਸਨ। ਉਨ੍ਹਾਂ ਦੇ ਸਿਰ ਉੱਤੇ ਕਾਲਖ ਭਿੰਨਾ ਆਸਮਾਨ ਸੀ ਜਿਹਦੇ ਵਿਚ ਬੇਅੰਤ ਤਾਰੇ ਟਿਮਕਦੇ ਪਏ ਸਨ ਜਿਵੇਂ ਜਾਗੋ ਮੀਟੀ ਵਿਚ ਹੋਵਣ।
ਨੂੰਹ ਸਹੁਰੇ ਦਾ ਸਰੀਰ ਥਕੇਵੇਂ ਨਾਲ ਹੁਟਿਆ ਹੋਇਆ ਸੀ। ਭੂਰੀ ਵਿਚ ਨਿਘਿਆਂ ਹੋ ਕੇ ਲੰਮਿਆਂ ਪੈਣ ਨਾਲ ਜਿਵੇਂ ਉਨ੍ਹਾਂ ਦੇ ਦੁਖਦੇ ਹੱਡਾਂ ਨੂੰ ਟਕੋਰ ਮਿਲਣ ਲੱਗ ਪਈ ਪਰ ਫੇਰ ਵੀ ਨੀਂਦਰ ਉਨ੍ਹਾਂ ਦੋਵਾਂ ਦੀਆਂ ਅੱਖਾਂ ਵਿਚੋਂ ਕਿਧਰੇ ਦੂਰ ਦੁਰਾਡੇ ਵਾਸਾ ਕੀਤੀ ਬੈਠੀ ਸੀ।
'ਸੱਤਾਂ...।' ਬੁਢੜੇ ਨੇ ਪੋਲੀ ਜਿਹੀ ਸੱਦ ਮਾਰੀ।
'ਹੂੰ।' ਉਹ ਕਿਧਰੋਂ ਦੂਰ ਦੁਰਾਡਿਓਂ ਬੋਲੀ।
'ਮੈਂ ਇਕ ਗੱਲ ਕਰਾਂ ਤੇਰੇ ਨਾਲ।'
'ਕਰ।' ਸੱਤਾਂ ਉਸੇ ਤਰ੍ਹਾਂ ਈ ਬੋਲੀ।
'ਸੱਤਾਂ ਤੂੰ ਪਰਤ ਜਾ ਪਿਛਾਂਹ ਮੇਰਾ ਪੁੱਤਰ। ਤੂੰ ਕਿਥੇ ਖੇਹ ਛਾਣਦੀ ਫਿਰੇਂਗੀ ਮੇਰੇ ਨਾਲ ਸ਼ਹਿਰ ਦੀ? ਤੂੰ ਫਜ਼ਰ ਹੁੰਦਿਆਂ ਪਿਛਾਂਹ ਚਲੀ ਜਾਈਂ।' ਬੁੱਢੜੇ ਨੇ ਉਸ ਨੂੰ ਮੱਤ ਦਿੱਤੀ।
'ਪਰ ਚਾਚਾ, ਮੈਂ ਪਿਛਾਂਹ ਹੁਣ ਕਿਥੇ ਜਾਸਾਂ?' ਉਸ ਨੇ ਪੁੱਛਿਆ।
'ਪੁੱਤਰ, ਰਹਿਮੋ ਤੇ ਹੁਣ ਰਿਹਾ ਕੋਈ ਨਾ। ਤੂੰ ਪਿਛਾਂਹ ਚਲੀ ਜਾ ਝੋਕ ਹਸਨੇ ਦੀ, ਆਪਣੇ ਮਾਪਿਆਂ ਦੇ ਘਰ।' ਬੁੱਢੜੇ ਕੋਲੋਂ ਜਿਵੇਂ ਸਾਰੀ ਗੱਲ ਇਕੋ ਵਾਰੀ ਕਰਨੀ ਔਖੀ ਹੋ ਗਈ ਸੀ। 'ਚਾਚਾ ਝੋਕ ਹਸਨੇ ਦੀ ਮੈਂ ਜਾ ਕੇ ਕੀ ਕਰਸਾਂ?' ਉਸ ਨੇ ਫੇਰ ਪੁੱਛਿਆ।
'ਮੇਰੀ ਪੁੱਤਰੀ! ਤੇਰੀ ਅਸਲੋਂ ਕੋਈ ਉਮਰ ਨਹੀਂ ਅਜੇ। ਕੁਝ ਚਿਰ ਈ ਤੇ ਹੋਇਆ ਏ ਤੈਨੂੰ ਪਰਨਾ ਕੇ ਲਿਆਂਦਿਆਂ। ਹੈਂ, ਸੁਣਦੀ ਪਈ ਏਂ?' 'ਆਹੋ।'
'ਤੇ ਤੂੰ ਉਥੇ ਹੱਕ ਨਿਕਾਹ ਕਰ ਲੈ ਮੇਰੀਏ ਧੀਏ।'
ਬੁੱਢੜੇ ਦੀ ਇਹ ਗੱਲ ਸੁਣ ਕੇ ਸੱਤਾਂ ਝੱਟ ਆਪਣੇ ਕਲਬੂਤ ਵਿਚ ਆ ਗਈ ਤੇ ਮੱਛੀ ਵਾਂਗੂੰ ਆਪਣੀ ਥਾਓਂ ਤੜਫ ਕੇ ਉੱਠ ਬੈਠੀ। ਉਹਦੀਆਂ ਕਾਲੀਆਂ ਕਾਲੀਆਂ ਫੁੱਲ੍ਹੀਆਂ ਅੱਖਾਂ ਬੁੱਢੜੇ ਦੇ ਮੁੱਖ 'ਤੇ ਗਡੀਜ ਗਈਆਂ ਤੇ ਉਹ ਰੋਹ ਤੇ ਸਾੜ ਨਾਲ ਕੰਬਦੀ ਹੋਈ ਵਾਜ ਵਿਚ ਬੋਲੀ:
'ਚਾਚਾ, ਤੂੰ ਕਿਹੋ ਜਿਹੀਆਂ ਗੱਲੀਂ ਕੱਢਦਾ ਪਿਆ ਏ ਆਪਣੇ ਦਾਅ ਤੋਂ। ਰਹਿਮੋ ਨੂੰ ਟੋਭੇ ਵਿਚੋਂ ਮੁਰਗਾਈਆਂ ਕਢਦਿਆਂ ਕੋਈ ਸੱਪ ਤੇ ਨਹੀਂ ਨਾ ਲੜਿਆ। ਜਿਹੜੀ ਮੈਂ ਪਰਤ ਜਾਵਾਂ ਪਿਛਾਂਹ ਆਪਣੇ ਮਾਪਿਆਂ ਕੋਲ। ਉਹਨੂੰ ਰਾਠਾਂ ਦੀਆਂ ਬੰਦੂਕੀਂ ਮਾਰਿਆ ਏ। ਮੈਂ ਤੇਰੇ ਨਾਲ ਈ ਜਾਸਾਂ ਸ਼ਹਿਰ।'
ਬੁੱਢੜਾ ਸੱਤਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਉਹਦੀਆਂ ਅੱਖਾਂ ਨੂੰ ਵੇਖਣ ਲੱਗ ਪਿਆ ਜਿਹੜੀਆਂ ਮਾਘ ਦੇ ਸੀਤ ਹਨੇਰੇ ਵਿਚ ਮਸ਼ਾਲਾਂ ਵਾਂਗੂੰ ਪਈਆਂ ਜਗਦੀਆਂ ਸਨ।
ਉਹੋ ਅੱਖਾਂ ਹੋਰਵੀਆਂ ਹੋਰਵੀਆਂ, ਸਗਵੀਆਂ ਰਹਿਮੋ ਦੀਆਂ ਅੱਖਾਂ ਵਰਗੀਆਂ।
'ਸ਼ਹਿਰੀ ਰਾਸਧਾਰੀਆਂ ਤੈਨੂੰ ਵੀ ਫਾਹ ਲਿਆ ਹੋਇਆ ਏ ਆਪਣੇ ਫੰਦ ਫਰੇਬ ਵਿਚ। ਮੈਂ ਰਾਠਾਂ ਨੂੰ ਘੋੜੀ ਚੜ੍ਹਣ ਦੀ ਜਾਚ ਸਿਖਾਈ, ਵੱਲ ਦੱਸਿਆ। ਮੇਰੇ ਸਿਰ ਦੀ ਪੱਗ ਉਨ੍ਹਾਂ ਖੇਹ ਕਰ ਛੱਡੀ।' ਬੁੱਢੜਾ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਪਿਆ।
ਮਿਰਗ ਜਤਨ ਬਣ ਖੇਤ ਉਜਾੜੇ
ਰੈਣ ਗਈ ਲੁਕੇ ਸਭ ਤਾਰੇ
ਸਾਈਂ ਉੱਚੀ ਉੱਚੀ ਆਖਦਾ ਸੀ ਪਿਆ ਤੇ ਕਲਰਾਠੀ ਸੀਤ ਹਵਾ ਫੈਜ਼ਪੁਰ ਦੇ ਸੁੰਞੇ ਬਰਾਂਡੇ ਵਿਚੋਂ ਲੰਘ ਕੇ ਪਲੇਠਫਾਰਮ 'ਤੇ ਕੱਖ ਉਡਾਉਂਦੀ ਸੀ ਪਈ।

  • ਮੁੱਖ ਪੰਨਾ : ਕਹਾਣੀਆਂ, ਮਕਸੂਦ ਸਾਕਿਬ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ