Pachhmi Dumel Vall (Russian Story in Punjabi) : Andrei Platonov

ਪੱਛਮੀ ਦੁਮੇਲ ਵੱਲ (ਰੂਸੀ ਕਹਾਣੀ) : ਆਂਦਰੇਈ ਪਲਾਤੋਨੋਵ

1

ਸੁੱਤਾ ਪਿਆ ਉਹ ਜ਼ਮੀਨ ਨਾਲ ਜੰਮ ਗਿਆ ਸੀ।“ਅਰਾਮ ਕਰਨ ਨਾਲ ਮੇਰੇ ਸਰੀਰ ਨੂੰ ਨਿੱਘ ਆ ਗਿਆ ਤੇ ਉਹਦੇ ਨਾਲ ਮੇਰਾ ਕੋਟ ਨਿੱਘਾ ਹੋ ਗਿਆ, ਪਰ ਮਗਰੋਂ ਜ਼ਮੀਨ ਨਾਲ ਜੰਮ ਗਿਆ,” ਸੈਪਰ ਇਵਾਨ ਸੇਮਿਓਨੋਵਿਚ ਤੋਲੋਕਨੋ ਨੇ ਜਾਗ ਆਉਣ ਉੱਤੇ ਆਪਣੀ ਹਾਲਤ ਦਾ ਜਾਇਜ਼ਾ ਲੈਂਦਿਆਂ ਸੋਚਿਆ।

“ਉੱਠ, ਭਰਾਵਾ” ਤੋਲੋਕਨੋ ਨੇ ਆਪਣੇ ਆਪ ਨੂੰ ਆਖਿਆ।“ਜ਼ਮੀਨ ਨੇ ਤੈਨੂੰ ਫੜਿਆ ਤਾਂ ਨਹੀਂ ਹੋਇਆ। ਵਰਨਾ ਨਾਲ ਹੀ ਚਿਪਕਿਆ ਰਹੇਂਗਾ ਤੇ ਫੇਰ ਉੱਠਿਆ ਨਹੀਂ ਜਾਣਾ।”

ਹਿੰਮਤ ਕਰਕੇ ਉਸ ਨੇ ਆਪਣੇ ਆਪ ਨੂੰ ਯਖ਼ ਹੋਈ ਜ਼ਮੀਨ ਨਾਲੋਂ ਤੋੜਿਆ ਜਿੱਥੋਂ ਪਿਛਲੇ ਸਾਲ ਦੇ ਮੁਰਦਾ ਘਾਹ ਨੂੰ ਵੀ ਹਵਾ ਹੂੰਝ ਕੇ ਲੈ ਗਈ ਹੋਈ ਸੀ।

ਤੋਲੋਕਨੋ ਦੇ ਯੂਨਿਟ ਦੇ ਫ਼ੌਜੀ ਸੈਪਰਾਂ ਦੀ ਵਡਿਆਈ ਕਰਦੇ ਹੋਏ ਇਹਨਾਂ ਨੂੰ ਊਠ ਆਖਦੇ ਸਨ ਕਿਉਂਕਿ ਹਰ ਇਕ ਸੈਪਰ ਨੇ ਇਕ ਮਸ਼ੀਨਗੰਨ, ਨੇਮ ਅਨੁਸਾਰ ਗੋਲਾ-ਬਾਰੂਦ ਅਤੇ ਦੋ ਚਾਰ ਹੈਂਡ ਗਰਨੇਡਾਂ ਦੇ ਇਲਾਵਾ, ਇਕ ਗੈਂਤੀ, ਇਕ ਬੇਲਚਾ, ਇਕ ਕੁਹਾੜਾ, ਔਜ਼ਾਰਾਂ ਵਾਲਾ ਥੈਲਾ, ਬੰਬ ਦਾ ਪਲੀਤਾ, ਆਪਣੀਆਂ ਨਿੱਜੀ ਵਰਤੋਂ ਦੀਆਂ ਚੀਜ਼ਾਂ ਅਤੇ ਖਾਸ ਪਲਟਣ ਦੇ ਕੰਮਾਂ ਮੁਤਾਬਿਕ ਹੋਰ ਚੀਜ਼ਾਂ ਵਸਤਾਂ ਵੀ ਚੁੱਕੀਆਂ ਹੁੰਦੀਆਂ ਸਨ। ਇਹ ਸਾਰੀਆਂ ਚੀਜਾਂ ਉਸ ਨੇ ਹਰ ਵਕਤ ਚੁੱਕੀਆਂ ਹੁੰਦੀਆਂ: ਇਹਨਾਂ ਦੇ ਨਾਲ ਹੀ ਉਹ ਅੱਗੇ ਵੱਧਦਾ, ਢਿੱਡ ਪਰਨੇ ਰਿੜ੍ਹਦਾ, ਦੌੜਦਾ, ਦੁਸ਼ਮਣ ਦੀਆਂ ਗੋਲੀਆਂ ਦੀ ਮਾਰ ਹੇਠ ਕੰਮ ਕਰਦਾ, ਆਪਣੇ ਕੰਮ ਵਿਚ ਰੁਕਾਵਟ ਪਾਉਂਦੇ ਦੁਸ਼ਮਣ ਦੇ ਹਮਲਿਆਂ ਨੂੰ ਪਛਾੜਦਾ, ਬਰਫ ਵਿਚ ਜਾਂ ਟੋਇਆਂ ਵਿਚ ਸੌਂਦਾ ਖਾਂਦਾ, ਅਤੇ ਜਿੱਤ ਤੋਂ ਮਗਰੋਂ ਮੁੜ ਮਿਲਣ ਦੀ ਆਸ ਵਿਚ, ਅਮੁੱਕ ਖੁਸ਼ੀਆਂ ਦੀ ਜ਼ਿੰਦਗੀ ਮਿਲ ਜਾਣ ਦੀ ਆਸ ਵਿਚ ਚਿੱਠੀਆਂ ਲਿਖਦਾ।

ਤੋਲੋਕਨੋ ਨੂੰ ਤਰਕਾਲਾਂ ਵੇਲੇ ਜਾਗ ਆਈ ਸੀ ਜਿਸ ਵੇਲੇ ਸੂਰਜ ਡੁੱਬ ਰਿਹਾ ਸੀ। ਦਸਤੇ ਦੇ ਕਮਾਂਡਰ, ਕਪਤਾਨ ਸਮਿਰਨੋਵ ਨੇ ਆਪਣੇ ਬੰਦਿਆਂ ਨੂੰ ਨੇੜੇ ਦੀ ਖੱਡ ਵਿਚ ਇਕੱਠੇ ਹੋਣ ਦਾ ਹੁਕਮ ਦਿੱਤਾ, ਉਹਨਾਂ ਦਾ ਮੁਆਇਨਾ ਕੀਤਾ, ਉਹਨਾਂ ਦੇ ਸਾਜ਼-ਸਾਮਾਨ ਦੀ ਪੜਤਾਲ ਕੀਤੀ ਅਤੇ ਹਰ ਇਕ ਕੋਲੋਂ ਉਹਦਾ ਹਾਲ-ਚਾਲ ਪੁੱਛਿਆ।

“ਮੈਂ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰਹਿੰਦਾ ਹਾਂ, ਕਾਮਰੇਡ ਕਪਤਾਨ," ਤੋਲੋਕਨੋ ਨੇ ਜਵਾਬ ਦਿੱਤਾ।

“ਹਮੇਸ਼ਾ ਹੀ ਕਿਉਂ ?” ਕਪਤਾਨ ਨੇ ਉਤਸੁਕਤਾ ਨਾਲ ਪੁੱਛਿਆ।

“ਲੋੜ ਹੀ ਏਸੇ ਗੱਲ ਦੀ ਹੈ!” ਤੋਲੋਕਨੋ ਨੇ ਗੱਲ ਸਪਸ਼ਟ ਕੀਤੀ।

ਕਪਤਾਨ ਨੇ ਡੁੱਬਦੇ ਸੂਰਜ ਦੀ ਵੱਡੀ ਸਾਰੀ ਟੈਂਕੀ ਵੱਲ ਇਸ਼ਾਰਾ ਕੀਤਾ।ਫੌਜੀ ਜਵਾਨਾਂ ਨੇ ਆਪਣੇ ਸਾਮ੍ਹਣੇ ਨਜ਼ਰ ਆਉਂਦੇ ਵਿਸ਼ਾਲ ਪਸਾਰ ਵੱਲ ਝਾਕਿਆ। ਅਸਮਾਨ ਵਿਚ ਬਹੁ- ਰੰਗੇ ਚਾਨਣ ਦਾ ਹੜ੍ਹ ਇਸ ਵੇਲੇ ਜਸ਼ਨੀ ਸੰਗੀਤ ਵਾਂਗ ਲੱਗ ਰਿਹਾ ਸੀ ਜਿਹੜਾ ਦਿਲਾਂ ਦੀਆਂ ਤਰਬਾਂ ਨੂੰ ਛੇੜਦਾ ਹੋਵੇ।

ਕਪਤਾਨ ਨੇ ਫੌਜੀਆਂ ਨੂੰ ਸਮਝਾਇਆ ਕਿ ਆਉਂਦੀ ਰਾਤ ਨੂੰ ਉਹਨਾਂ ਨੇ ਕਿਹੜਾ ਕਾਰਜ ਨੇਪਰੇ ਚਾੜ੍ਹਨਾ ਹੈ। ਜਾਸੂਸਾਂ ਦੀ ਉਸ ਟੋਲੀ ਦੇ ਨਾਲ, ਜਿਹੜੀ ਉਹਨਾਂ ਦੀ ਪਲਟਣ ਨਾਲ ਜੋੜੀ ਗਈ ਸੀ, ਉਹਨਾਂ ਨੇ ਹੁਣੇ ਹੀ ਦਰਿਆ ’ਤੇ ਪਹੁੰਚਣਾ ਸੀ, ਟੈਂਕਾਂ ਨੂੰ ਪਾਰ ਲੰਘਾਉਣ ਵਾਸਤੇ ਥਾਂ ਲੱਭਣੀ ਸੀ, ਅਤੇ ਫੇਰ ਪਾਰਲੇ ਕੰਢੇ ਦੁਸ਼ਮਣ ਦੀ ਸੇਧ ਵਿਚ ਟੈਂਕਾਂ ਦੇ ਨਿਕਲਣ ਵਾਸਤੇ ਮੁਨਾਸਿਬ ਢਾਲਵੀਂ ਥਾਂ ਤਿਆਰ ਕਰਨੀ ਸੀ। ਇਹ ਕੰਮ ਮੁਕਾ ਕੇ ਉਹਨਾਂ ਨੇ ਪਿਆਦਾ ਫੌਜ ਦੇ ਨਾਲ ਟੈਂਕਾਂ ਉੱਤੇ ਅੱਗੇ ਵਧਣਾ ਸੀ, ਵਕਤ ਨੇੜੇ ਆਉਣ ਉੱਤੇ ਮਿਲਣ ਵਾਲੇ ਹੁਕਮਾਂ ਅਨੁਸਾਰ ਖੰਦਕਾਂ, ਮੋਰਚੇ ਤੇ ਬੰਕਰ ਬਣਾਉਣੇ ਸਨ।

“ਸੈਨਿਕੋ ਤੇ ਸਾਥੀਓ!” ਕਮਾਂਡਰ ਨੇ ਆਖਿਆ।‘ਸਾਡਾ ਰਾਹ ਪੱਛਮੀ ਦੁਮੇਲ ਵੱਲ ਜਾਂਦਾ ਹੈ।ਅਸੀਂ, ਲਾਲ ਸੈਨਾ ਦੇ ਜਵਾਨ, ਅਸੀਂ ਦੁਸ਼ਮਣ ਵਾਸਤੇ ਇਸ ਤਰ੍ਹਾਂ ਹੀ ਹਾਂ ਜਿਸ ਤਰ੍ਹਾਂ ਮਸ਼ੀਨ ਦਾ ਉਹ ਵਾਲਵ ਹੁੰਦਾ ਹੈ ਜਿਹੜਾ ਸਿਰਫ ਇਕੋ ਹੀ ਪਾਸੇ ਖੁਲ੍ਹਦਾ ਹੈ ਅਤੇ ਭਾਵੇਂ ਜਿੰਨਾ ਮਰਜ਼ੀ ਹੋਵੇ ਜ਼ੋਰ ਲਾਓ ਉਸ ਨੂੰ ਪਿੱਛੇ ਨਹੀਂ ਧੱਕਿਆ ਜਾ ਸਕਦਾ ... ਮੈਂ ਵੇਖ ਰਿਹਾ ਹਾਂ ਕਿ ਜੰਗ ਦਾ ਦਗਦਾ ਭਖ਼ਦਾ ਅਸਪਾਤ ਬੜੇ ਚਿਰ ਤੋਂ ਸਾਡੀ ਧਰਤੀ ਉੱਤੇ ਰਿੜ੍ਹਦਾ ਫਿਰਦਾ ਹੈ।ਹੁਣ ਵਕਤ ਆ ਗਿਆ ਹੈ ਕਿ ਏਥੇ ਫੇਰ ਕਣਕਾਂ ਝੂਮਣ !”

“ਵਕਤ ਆ ਗਿਆ ਹੈ!” ਫੌਜੀਆਂ ਨੇ ਇਕ ਅਵਾਜ਼ ਹੋ ਕੇ ਹੁੰਗਾਰਾ ਭਰਿਆ ਅਤੇ ਉਹਨਾਂ ਦੇ ਦਿਲਾਂ ਵਿਚ ਪੀੜਾਂ ਤੇ ਯਾਦਾਂ ਮਚਲਣ ਲੱਗੀਆਂ।

ਤੇ ਸੂਰਜ ਡੁੱਬਦੇ ਸਾਰ ਉਹ ਹਨੇਰੇ ਵਿਚ ਸੰਦਾਂ ਔਜ਼ਾਰਾਂ ਤੇ ਹਥਿਆਰਾਂ ਨਾਲ ਲੱਦੇ ਹੋਏ ਮੌਤ ਨਾਲ ਜੂਝਣ ਤੁਰ ਪਏ।

2

ਜਾਸੂਸ ਸੈਪਰਾਂ ਦੀ ਅਗਵਾਈ ਕਰਦੇ ਉਹਨਾਂ ਨੂੰ ਹਨੇਰੇ ਵਿਚੋਂ ਦੀ ਦਰਿਆ ਤੱਕ ਲੈ ਆਏ। ਇਵਾਨ ਤੋਲੋਕਨੋ ਤੇ ਇਕ ਹੋਰ ਸੈਪਰ, ਪਿਓਤਰ ਰਾਸਤੋਰਗੂਯੇਵ, ਹਨੇਰੇ ਵਿਚ ਬੜੀ ਚੌਕਸੀ ਨਾਲ ਹਿਠਾੜ ਵੱਲ ਤੁਰ ਆਏ ਸਨ ਤਾਂ ਜੋ ਮੁਕਾਮੀ ਸਰਵੇਖਣ ਹੁੰਦਾ ਜਾਏ।

ਤੋਲੋਕਨੋ ਜੰਮੀ ਹੋਈ ਬਰਫ ਉੱਤੇ ਹੋ ਗਿਆ। ਬਰਫ਼ ਦੀ ਤਹਿ ਪਤਲੀ ਸੀ ਅਤੇ ਉਸ ਦੇ ਹੇਠਾਂ ਉਸ ਨੂੰ ਕਲਕਲ ਕਰਦੇ ਪਾਣੀ ਦਾ ਅਹਿਸਾਸ ਹੋ ਰਿਹਾ ਸੀ।

ਅਚਾਨਕ ਅਸਮਾਨ ਵਿਚ ਦੁਸ਼ਮਣ ਦੇ ਦੋ ਰਾਕਟ ਪਾਟੇ ਅਤੇ ਸਾਰੇ ਦਰਿਆ ਤੇ ਇਸ ਦੇ ਕੰਢਿਆਂ ਉੱਤੇ ਇਸ ਤਰ੍ਹਾਂ ਦਾ ਸਥਿਰ ਤੇ ਖੋਖਲਾ ਜਿਹਾ ਚਾਨਣ ਹੋਇਆ ਜਿਸ ਤਰ੍ਹਾਂ ਦਾ ਆਦਮੀ ਦੇ ਸੁਪਨੇ ਵਿਚ ਹੁੰਦਾ ਹੈ। ਇਵਾਨ ਤੋਲੋਕਨੋ ਲੰਮਾ ਪੈ ਗਿਆ ਅਤੇ ਆਪਣੇ ਢਿੱਡ ਦੇ ਭਾਰ ਹਿਠਾੜ ਵੱਲ ਰੀਂਗਦਾ ਗਿਆ।ਆਪਣੇ ਸਾਮ੍ਹਣੇ ਉਸ ਨੂੰ ਬਰਫ ਹੇਠ ਵਗਦੇ ਪਾਣੀ ਦੀ ਇਕਸਾਰ ਕਲਕਲ ਸੁਣਾਈ ਦੇ ਰਹੀ ਸੀ।

ਜਾਸੂਸ ਦੂਜੇ ਕੰਢੇ ਪਹੁੰਚ ਵੀ ਗਏ ਸਨ ਅਤੇ ਉਹ ਦੱਬੇ ਪੈਰੀਂ ਅੱਗੇ ਵਧਦੇ ਜਾ ਰਹੇ ਸਨ ਤਾਂ ਜੋ ਵੈਰੀ ਦੀ ਤਾੜ ਰੱਖਣ ਅਤੇ ਲੋੜ ਤੇ ਖਤਰੇ ਦੀ ਹਾਲਤ ਵਿਚ ਆਪਣੇ ਸੈਪਰਾਂ ਦੀ ਸਹਾਇਤਾ ਕਰਨ।

ਤੋਲੋਕਨੋ ਰੀਂਗਦਾ-ਰੀਂਗਦਾ ਉਸ ਥਾਂ ਪਹੁੰਚ ਗਿਆ ਜਿੱਥੇ ਬਰਫ ਨਰਮ ਸੀ ਅਤੇ ਉਹਨੇ ਵੇਖਿਆ ਕਿ ਸਾਮ੍ਹਣੇ ਬਰਫ ਦੇ ਪਰਦੇ ਹੇਠੋਂ ਪਾਣੀ ਬਾਹਰ ਆ ਗਿਆ ਹੋਇਆ ਸੀ ਅਤੇ ਚਟਾਨੀ ਪੱਥਰਾਂ ਨਾਲ ਖਹਿੰਦਾ ਸ਼ੋਰ ਮਚਾਉਂਦਾ ਤੇ ਛਿੱਟੇ ਉਡਾਉਂਦਾ ਬੇਰੋਕ ਵਗਦਾ ਜਾਂਦਾ ਸੀ। ਤੋਲੋਕਨੋ ਰੀਂਗ ਕੇ ਪਾਣੀ ਵਿਚ ਹੋ ਗਿਆ ਅਤੇ ਮਲਕੜੇ ਜਿਹੇ ਬਰਫ ਨੂੰ ਆਪਣੇ ਹੇਠੋਂ ਸਰਕ ਜਾਣ ਦਿੱਤਾ।ਉਸ ਨੇ ਪਾਣੀ ਵਿਚ ਹੱਥ ਡੋਬ ਕੇ ਵੇਖਿਆ ਤੇ ਇਸ ਨਤੀਜੇ 'ਤੇ ਪੁੱਜਾ ਕਿ ਬਰਦਾਸ਼ਤ ਕੀਤਾ ਜਾ ਸਕਦਾ ਹੈ।

ਤੋਲੋਕਨੋ ਤੇ ਰਾਸਤੋਰਗੂਯੇਵ ਸ਼ੋਰ ਮਚਾਉਂਦੇ ਸਾਫ ਪਾਣੀ ਵਿਚ ਤੁਰ ਪਏ। ਪਾਣੀ ਇਸ ਥਾਂ ਪੇਤਲਾ ਸੀ ਤੇ ਬਹੁਤ ਕਰਕੇ ਮਸਾਂ ਹੀ ਉਹਨਾਂ ਦੇ ਗਿੱਟਿਆਂ ਤੱਕ ਆਉਂਦਾ ਸੀ। ਪਰ ਇਹ ਆਦਮੀ ਜੇਡੇ ਵੱਡੇ-ਵੱਡੇ ਪੁਰਾਣੇ ਪੱਥਰ ਟੈਕਾਂ ਮਸ਼ੀਨਾਂ ਦੇ ਰਾਹ ਵਿਚ ਇਕ ਅਲੰਘ ਅੜਿੱਕਾ ਸਨ।

ਤੋਲੋਕਨੋ ਤੇ ਰਾਸਤੋਰਗੂਯੇਵ ਦੋਵੇਂ ਹੱਕੇ-ਬੱਕੇ ਜਿਹੇ ਖੜੇ ਸਨ। ਇਸ ਥਾਂ ਹੋਰ ਸਭ ਕੁਝ ਠੀਕ-ਠਾਕ ਸੀ ਪਰ ਇਕ ਕੰਢੇ ਤੋਂ ਦੂਜੇ ਕੰਢੇ ਤੱਕ ਚਟਾਨੀ ਪੱਥਰ ਵਿਛੇ ਪਏ ਸਨ ਅਤੇ ਇਸ ਪਥਰੀਲੀ ਥਾਂ ਤੋਂ ਹਿਠਾੜ੍ਹ ਤੇ ਉਤਾੜ੍ਹ ਵੱਲ ਦਰਿਆ ਏਨਾ ਡੂੰਘਾ ਸੀ ਕਿ ਇਸ ਨੂੰ ਪਾਰ ਨਹੀਂ ਸੀ ਕੀਤਾ ਜਾ ਸਕਦਾ।

ਕਪਤਾਨ ਸਮਿਰਨੋਵ ਪਾਣੀ ਵਿਚ ਉਤਰਿਆ ਤੇ ਸੈਪਰਾਂ ਦੇ ਕੋਲ ਆਇਆ ਅਤੇ ਉਹਨਾਂ ਨੂੰ ਆਖਿਆ ਕਿ ਉਹਨਾਂ ਨੂੰ ਬਿਨਾਂ ਕਿਸੇ ਢਿੱਲ ਮੱਠ ਦੇ ਇਸ ਥਾਂ ਲਾਂਘਾ ਤਿਆਰ ਕਰਨ ਦਾ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਹੈ।

“ਇਹਨਾਂ ਮਨਹੂਸ ਚੱਟਾਨਾਂ ਦਾ ਕੀ ਕੀਤਾ ਜਾਏ ? ਉਡਾ ਦੇਖੀਏ ?' ਰਾਸਤੋਰਗੂਯੇਵ ਨੇ ਪੁੱਛਿਆ।

“ਹਰ ਕੋਈ ਸਿਆਣੀ ਤਜਵੀਜ਼!” ਤੋਲੋਕਨੋ ਨੇ ਆਖਿਆ।‘ਅੱਗ ਦੇ ਭਾਂਬੜ, ਜਦੋਂ ਜਰਮਨ ਵੀ ਬਹੁਤੀ ਦੂਰ ਨਹੀਂ ! ਇਕ ਪਲ ਵਿਚ ਰੋੜ੍ਹ ਦੇਣਗੇ ਸਾਨੂੰ ..."

“ਇਹਨਾਂ ਪੱਥਰਾਂ ਨੂੰ ਹੇਠਾਂ ਵੱਲ ਰੇੜ੍ਹ ਦਿਆਂਗੇ,” ਕਪਤਾਨ ਨੇ ਆਖਿਆ।

“ਹਿੰਮਤ ਹੈ ਸਾਡੇ ਵਿਚ ?” ਰਾਸਤੋਰਗੂਯੇਵ ਨੇ ਸ਼ੱਕ ਪ੍ਰਗਟ ਕੀਤਾ।“ਬਹੁਤ ਭਾਰੇ ਪੱਥਰ ਨੇ, ਤੇ ਜ਼ਮੀਨ ਵਿਚ ਗੱਡੇ ਪਏ ਨੇ। ਇਹਨਾਂ ਹਿਲਣਾ ਨਹੀਂ ਆਪਣੀ ਥਾਂ ਤੋਂ।ਹੱਥ ਹੀ ਨਹੀਂ ਪੈਣਾ ਇਹਨਾਂ ਨੂੰ, ਠੰਡੇ ਯਖ਼ ਤੇ ਗਿੱਲੇ ਚੀਕਣੇ, ਜਿਵੇਂ ਰੋਗ਼ਨ ਕੀਤਾ ਫੌਲਾਦ ਹੋਵੇ ..."

“ਕੋਈ ਨਹੀਂ, ਮੌਤ ਸਾਮ੍ਹਣੇ ਹੋਵੇ ਤਾਂ ਹਿੰਮਤ ਆ ਜਾਂਦੀ ਏ ਬੰਦੇ ਵਿਚ,” ਤੋਲੋਕਨੋ ਨੇ ਗੱਲ ਮੁਕਾਉਂਦਿਆਂ ਆਖਿਆ।

ਨੇੜੇ ਹੀ ਕਿਧਰੇ ਦੋ ਸੁਰੰਗਾਂ ਫਟ ਗਈਆਂ ਤੇ ਉਸ ਦੀਆਂ ਚਿੱਪਰਾਂ ਜੰਮੀ ਹੋਈ ਬਰਫ ਵਿਚ ਜਾ ਖੁੱਭੀਆਂ।

3

ਕਪਤਾਨ ਸਮਿਰਨੋਵ ਨੇ ਤਾਲਮੇਲ ਕਰਨ ਵਾਲੇ ਅਫਸਰ ਨੂੰ ਜਾਸੂਸ ਟੋਲੀ ਦੇ ਕਮਾਂਡਰ ਕੋਲ੍ਹ ਇਹ ਹੁਕਮ ਦੇ ਕੇ ਭੇਜਿਆ ਕਿ ਇਸ ਪਥਰੀਲੀ ਥਾਂ ਦੇ ਹੇਠਾਂ ਵੱਲ ਧਿਆਨ ਉਖਾੜਨ ਵਾਲ਼ੀ ਜ਼ਬਰਦਸਤ ਕਾਰਵਾਈ ਕਰਨ । ਇੱਚਰ ਨੂੰ, ਉਹਨੇ ਪਥਰੀਲੀ ਥਾਂ ਕੰਮ ਕਰਨ ਲਈ ਸੈਪਰ ਇਕੱਠੇ ਕਰ ਲਏ। ਪਰ ਜਰਮਨਾਂ ਨੇ, ਇਹ ਠੀਕ-ਠੀਕ ਜਾਣੇ ਬਗ਼ੈਰ ਕਿ ਕੀ ਹੋ ਰਿਹਾ ਸੀ, ਰੂਸੀਆਂ ਦਾ ਇਰਾਦਾ ਭਾਂਪ ਲਿਆ ਸੀ ਅਤੇ ਉਹ ਇਸ ਪਥਰੀਲੀ ਥਾਂ ਦੀ ਆਮ ਸੇਧ ਵੱਲ ਮਾਰਟਰ ਗੋਲੇ ਸੁੱਟ ਕੇ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਸੈਪਰ ਜਵਾਬੀ ਕਾਰਵਾਈ ਨਹੀਂ ਸੀ ਕਰ ਸਕਦੇ ਕਿਉਂਕਿ ਉਹਨਾਂ ਨੂੰ ਆਪਣੀ ਪੁਜ਼ੀਸ਼ਨ ਜ਼ਾਹਿਰ ਹੋ ਜਾਣ ਦਾ ਡਰ ਸੀ ਅਤੇ ਵੱਡੇ-ਵੱਡੇ ਪੱਥਰਾਂ ਦੇ ਪਿੱਛੇ ਖਾਰੇ ਪਾਣੀ ਵਿਚ ਦੁਬਕੇ ਬੈਠੇ ਰਹੇ ਤੇ ਹੱਡਾਂ ਵਿਚ ਠੰਡ ਵੜ ਜਾਣ ਨਾਲ ਸਰੀਰ ਦੁਖਣ ਲੱਗ ਪਏ।

ਇਵਾਨ ਤੋਲੋਕਨੋ ਜੰਗ ਤੋਂ ਪਹਿਲਾਂ ਯੂਰਾਲ ਦੇ ਇਲਾਕੇ ਵਿਚ ਫੈਕਟਰੀਆਂ ਦੀ ਉਸਾਰੀ ਵਾਲੀ ਥਾਂ ਫੋਰਮੈਨ ਦਾ ਕੰਮ ਕਰ ਚੁੱਕਾ ਸੀ ਅਤੇ ਉਹ ਕਿਸੇ ਵੀ ਕੰਮ ਨੂੰ ਬੜੀ ਸਿਆਣਪ ਤੇ ਸਾਵਧਾਨੀ ਨਾਲ ਹੱਥ ਪਾਉਂਦਾ ਸੀ ਅਤੇ ਹੱਥ ਪਾਉਣ ਤੋਂ ਪਹਿਲਾਂ ਹੀ ਉਹਦੀ ਸਾਰੀ ਵਿਉਂਤ ਸੋਚ ਲੈਂਦਾ ਸੀ।

ਛੇ ਸੈਪਰਾਂ ਦੀ ਇਕ ਟੋਲੀ ਨੇ ਪੁਰਾਣੇ ਦਕਿਆਨੂਸੀ ਢੰਗਾਂ ਨਾਲ ਇਕ ਪੱਥਰ ਨੂੰ ਹਿਲਾਉਣ ਦੀ ਕੋਸ਼ਿਸ਼ ਕੀਤੀ। ਉਹ ਇਕੱਠੇ ਰਲ ਕੇ ਸਾਹੋ-ਸਾਹ ਹੋਏ ਜ਼ੋਰ ਲਾਉਂਦੇ ਤੇ ਇਕ ਦੂਜੇ ਨੂੰ ਹੱਲਾਸ਼ੇਰੀ ਦੇਂਦੇ, ਪਰ ਪੱਥਰ ਉਹਨਾਂ ਸਾਰਿਆਂ ਦੀ ਤਾਕਤ ਅੱਗੇ ਡੱਟਿਆ ਹੋਇਆ ਸੀ ਤੇ ਟੱਸ ਤੋਂ ਮੱਸ ਨਹੀਂ ਸੀ ਹੋਇਆ।

ਤੋਲੋਕਨੋ ਪਾਣੀ ਵਿਚ ਕੋਡਾ ਹੋਇਆ ਅਤੇ ਉਸ ਨੇ ਪੱਥਰ ਦੇ ਹੇਠਲੇ ਪਾਸੇ ਤੇ ਨਾਲ ਹੀ ਦਰਿਆ ਦੇ ਥੱਲੇ ਉੱਤੇ ਟੋਹ-ਟਾਹ ਕੇ ਵੇਖਿਆ, ਫੇਰ ਉਸ ਨੇ ਹੇਠੋਂ ਨਿੱਕੇ-ਨਿੱਕੇ ਕਈ ਪੱਥਰ ਬਾਹਰ ਕੱਢੇ ਤੇ ਦੁਸ਼ਮਣ ਦੇ ਰਾਕਟਾਂ ਨਾਲ ਹੁੰਦੇ ਚਾਨਣ ਵਿਚ ਉਹਨਾਂ ਨੂੰ ਜਾਂਚਿਆ ਪਰਖਿਆ। ਜਦੋਂ ਉਸ ਨੂੰ ਉਹ ਚੀਜ਼ ਮਿਲ ਗਈ ਜਿਸ ਦੀ ਉਹਨੂੰ ਤਲਾਸ਼ ਸੀ – ਇਕ ਲੰਮਾ ਜਿਹਾ, ਫਾਨੇ ਵਰਗਾ ਪੱਥਰ – ਤਾਂ ਉਹਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਭਿੱਜਣੀਆਂ ਨਹੀਂ ਸਨ ਚਾਹੀਦੀਆਂ, ਥੋੜ੍ਹਾ ਜਿਹਾ ਦੂਰ ਜੰਮੀ ਹੋਈ ਬਰਫ ਉੱਤੇ ਟਿਕਾ ਦਿੱਤੀਆਂ। ਫੇਰ ਉਹ ਦਰਿਆ ਵਿਚ ਹੇਠਾਂ ਝੁਕ ਗਿਆ। ਪਾਣੀ ਉਹਦੀ ਠੋਡੀ ਤੱਕ ਆ ਗਿਆ ਸੀ।

ਉਸ ਨੇ ਆਪਣੇ ਕੁਹਾੜੇ ਦੇ ਕੁੰਦੇ ਨਾਲ ਪੱਥਰ ਹੇਠਾਂ ਫਾਨਾ ਠੋਕਣਾ ਸ਼ੁਰੂ ਕੀਤਾ ਤਾਂ ਜੋ ਇਹ ਦਰਿਆ ਦੇ ਥੱਲੇ ਤੋਂ ਉੱਪਰ ਚੁੱਕਿਆ ਜਾਵੇ। ਪਾਣੀ ਦੇ ਅੰਦਰ ਕੁਹਾੜੇ ਨਾਲ ਉਹ ਟੋਹ-ਟਾਹ ਕੇ ਹੀ ਸੱਟ ਮਾਰਦਾ ਸੀ।ਉਹਦੇ ਹੱਥ ਬਰਫੀਲੇ ਪਾਣੀ ਦੇ ਅੰਦਰ ਹੀ ਜਿਵੇਂ ਕਿਸੇ ਲੇਸਲੀ ਜਿਹੀ ਚੀਜ਼ ਵਿਚ ਹਿਲਦੇ ਸਨ ਤੇ ਛੇਤੀ ਹੀ ਉਹ ਥੱਕ ਕੇ ਸੁੰਨ ਹੋ ਗਏ। ਪਰ ਤੋਲੋਕਨੋ ਸਖ਼ਤ ਕੰਮ ਕਰਨ ਗਿੱਝਾ ਹੋਇਆ ਸੀ ਤੇ ਉਸ ਨੇ ਇਸ ਹੱਡ-ਤੋੜਵੇਂ ਪਾਲੇ ਅਤੇ ਪੱਥਰ ਦੇ ਭਾਰ ਤੇ ਕਠੋਰਤਾ ਉੱਤੇ ਫਤਹਿ ਪਾ ਲਈ ਸੀ।ਨਾੜੀਆਂ ਝਰੀਟਾਂ ਵਾਂਗ ਉਹਦੇ ਵੱਡੇ-ਵੱਡੇ, जऩ ਹੋਏ ਤੇ ਮੌਸਮ ਦੇ ਮਾਰੇ ਹੱਥਾਂ ਉੱਤੇ ਉੱਭਰ ਆਈਆਂ ਸਨ ਜਿਹੜੇ ਬੜੇ ਚਿਰਾਂ ਤੋਂ ਜ਼ੰਗਾਲ ਦੀ ਤਹਿ ਵਰਗੀ ਮੋਟੀ ਚਮੜੀ ਨਾਲ ਕੱਜੇ ਹੋਏ ਸਨ ਜਿਸ ਨੇ ਉਹਦੇ ਹੱਥਾਂ ਦੀਆਂ ਨਾੜੀਆਂ ਤੇ ਪੱਠਿਆਂ ਦਾ ਕੰਮ ਕਰਨ ਵਾਲਾ ਜੀਵਨ-ਨਿੱਘ ਸੰਭਾਲਿਆ ਹੋਇਆ ਸੀ।ਉਹ ਕਦੇ-ਕਦੇ ਆਪਣੇ ਹੱਥ ਪਾਣੀ ਵਿਚੋਂ ਬਾਹਰ ਕੱਢਦਾ ਸੀ ਜਿਨ੍ਹਾਂ ਵਿਚ ਹਾਲੇ ਵੀ ਕੁਹਾੜਾ ਫੜਿਆ ਹੋਇਆ ਸੀ, ਤੇ ਉਹਨਾਂ ਨੂੰ ਹਵਾ ਵਿਚ ਉੱਚਾ ਕਰਦਾ ਸੀ ਤਾਂ ਜੋ ਮਾੜੀ ਮੋਟੀ ਹਿੰਮਤ ਆ ਜਾਵੇ ਅਤੇ ਉਸ ਤੋਂ ਬਾਅਦ ਫੇਰ ਪੂਰੀ ਰਫਤਾਰ ਨਾਲ ਪੱਥਰ ਹੇਠਾਂ ਫਾਨਾ ਠੋਕਣ ਅਤੇ ਪੱਥਰ ਨੂੰ ਉਸ ਥਾਂ ਤੋਂ ਹਟਾਉਣ ਲੱਗ ਜਾਂਦਾ ਸੀ।

ਸਾਡੇ ਜਾਸੂਸ ਦੂਰ ਹਿਠਾੜ ਵੱਲ, ਦੁਸ਼ਮਣ ਵੱਲ ਗੋਲੀਆਂ ਚਲਾਉਣ ਲੱਗ ਪਏ ਤਾਂ ਜੋ ਇਸ ਪਥਰੀਲੀ ਥਾਂ ਵਲੋਂ ਉਹਨਾਂ ਦਾ ਧਿਆਨ ਹਟਾਇਆ ਜਾਏ। ਪਰ ਜਰਮਨ ਪੱਥਰੀਲੀ ਥਾਂ ਦੇ ਖੇਤਰ ਵਿਚ ਮਾਰਟਰ ਗੋਲਿਆਂ ਦੀ ਢਿੱਲੀ-ਮੱਠੀ ਵਰਖਾ ਵੀ ਕਰਦੇ ਰਹੇ ਤੇ ਉਸ ਪਾਸੇ ਤੋਂ ਆਉਂਦੀਆਂ ਗੋਲੀਆਂ ਦਾ ਜਵਾਬ ਵੀ ਮੋੜਦੇ ਰਹੇ। ਇਕ ਸੈਪਰ, ਨੇਚਾਯੇਵ ਦੀ ਸਿਰ ਵਿਚ ਗੋਲੇ ਦੀ ਪੰਚਰ ਵੱਜਣ ਨਾਲ ਮੌਤ ਹੋ ਗਈ। ਉਸ ਨੂੰ ਓਥੋਂ ਚੁੱਕ ਕੇ ਲਿਜਾਣ ਦਾ ਕੋਈ ਵਕਤ ਨਹੀਂ ਸੀ, ਇਸ ਲਈ ਉਹਨਾਂ ਨੇ ਉਸ ਦੀ ਦਿਹ ਬਰਫ ਦੇ ਕੋਲ ਕਰ ਕੇ ਟਿਕਾ ਦਿੱਤੀ।

ਰਾਸਤੋਰਗੁਯੇਵ ਵੀ ਤੋਲੋਕਨੋ ਵਾਂਗ ਹੀ, ਉਹਦੇ ਕੋਲ ਝੁਕਿਆ ਹੋਇਆ ਓਸੇ ਹੀ ਪੱਥਰ ਵਿਚ ਫਾਨਾ ਠੋਕ ਰਿਹਾ ਸੀ।ਦੋਵਾਂ ਫਾਨਿਆਂ ਵਿਚਲੇ ਪਾੜ ਵਿਚੋਂ ਪਾਣੀ ਵਹਿ ਰਿਹਾ ਸੀ ਅਤੇ ਕਲਕਲ ਦੀ ਆਵਾਜ਼ ਕਰਦਾ ਹੋਇਆ ਚੱਟਾਨੀ ਪੱਥਰ ਉੱਤੇ ਦਰਿਆ ਦੇ ਥੱਲੇ ਦੀ ਪਕੜ ਢਿੱਲੀ ਕਰ ਰਿਹਾ ਸੀ। ਫੇਰ ਤੋਲੋਕਨੋ ਨੇ ਚਾਰ ਬੰਦਿਆਂ ਨੂੰ ਆਖਿਆ ਕਿ ਉਹ ਇਸ ਪੱਥਰ ਨੂੰ ਜਿੰਨੇ ਜ਼ੋਰ ਨਾਲ ਹਿਲਾ ਸਕਦੇ ਹਨ ਅੱਗੇ-ਪਿੱਛੇ ਹਿਲਾਉਣ ਅਤੇ ਓਨਾਂ ਚਿਰ ਹਿਲਾਈ ਜਾਣ ਜਿੰਨਾ ਚਿਰ ਉਹ ਇਸ ਥਾਂ ਤੋਂ ਖਿਸਕ ਨਹੀਂ ਜਾਂਦਾ ਅਤੇ ਆਪ ਉਸ ਨੇ ਜਲਦੀ ਨਾਲ ਵਗਦੇ ਪਾਣੀ ਹੇਠੋਂ ਜਿਹੜੀ ਵੀ ਢੁੱਕਦੀ ਚੀਜ਼ ਹੱਥ ਆਈ ਉਹਦੇ ਹੇਠਾਂ ਧੱਕ ਦਿੱਤੀ।

ਕਪਤਾਨ ਸਮਿਰਨੋਵ ਨੇ ਤੋਲੋਕਨੋ ਦੀ ਮਿਸਾਲ ਉੱਤੇ ਅਮਲ ਕੀਤਾ ਅਤੇ ਚਾਰ-ਚਾਰ ਤੇ ਛੇ-ਛੇ ਬੰਦਿਆਂ ਦੀਆਂ ਟੋਲੀਆਂ ਬਣਾ ਕੇ ਉਹਨਾਂ ਨੂੰ ਪਹਿਲਾਂ ਹਰ ਚਟਾਨੀ ਪੱਥਰ ਹੇਠਾਂ ਫਾਨੇ ਠੋਕਣ ਅਤੇ ਫੇਰ ਮਨੁੱਖ ਦੇ ਬਾਹੂਬਲ ਅਤੇ ਦਰਿਆ ਦੀ ਰਲਵੀਂ ਤਾਕਤ ਨਾਲ ਉਹਨਾਂ ਨੂੰ ਉਸ ਥਾਂ ਤੋਂ ਹਟਾਉਣ ਲਾ ਦਿੱਤਾ।

ਸਭ ਤੋਂ ਪਹਿਲਾਂ ਇਵਾਨ ਕੋਲੋਕਨੋ ਵਾਲਾ ਪੱਥਰ ਹਿੱਲਿਆ ਤੇ ਉਸ ਨੂੰ ਰੇੜ੍ਹ ਕੇ ਕਈ ਗਜ਼ ਦੂਰ ਹਿਠਾੜ ਵੱਲ ਕਰ ਦਿੱਤਾ ਗਿਆ।

“ਬਸ, ਕਾਫੀ ਹੈ!” ਕਪਤਾਨ ਨੇ ਆਖਿਆ।

ਅਸਮਾਨ ਵਿਚ ਜਰਮਨਾਂ ਦੇ ਰਾਕਟ ਪਾਟਣੋਂ ਬੰਦ ਹੋ ਗਏ ਸਨ ਅਤੇ ਕਪਤਾਨ ਸਮਿਰਨੋਵ ਆਪਣੇ ਬੰਦਿਆਂ ਨੂੰ ਹੱਲਾਸ਼ੇਰੀ ਦੇਣ ਆਇਆ।

“ਛੇਤੀ ਕਰੋ, ਛੇਤੀ ਕਰੋ ਜਵਾਨੋ !” ਉਹ ਸੈਪਰਾਂ ਨੂੰ ਕਹਿ ਰਿਹਾ ਸੀ।

ਤੋਲੋਕਨੋ ਇਕ ਹੋਰ ਸੈਪਰ, ਤਰੋਫ਼ਿਮ ਪੋਜ਼ੀਦਾਯੇਵ ਦੀ ਥਾਂ ਜਾ ਕੰਮ ਲੱਗਾ ਜਿਹੜਾ ਪਾਲੇ ਨਾਲ ਬੁਰੀ ਤਰ੍ਹਾਂ ਆਕੜ ਗਿਆ ਸੀ। ਅਤੇ ਹੇਠਾਂ ਓਕੜਨ ਨਾਲ ਪਾਣੀ ਉਹਦੀ ਠੋਡੀ ਤੱਕ ਆ ਗਿਆ।ਉਹ ਨਹੀਂ ਸੀ ਚਾਹੁੰਦਾ ਕਿ ਪੱਥਰਾਂ ਨੂੰ ਹਟਾਉਣ ਦੇ ਕੰਮ ਵਿਚ ਕੋਈ ਵਿਘਨ ਪਵੇ।

“ਛੇਤੀ ਕਰੋ, ਛੇਤੀ,” ਕਪਤਾਨ ਨੇ ਪ੍ਰੇਰਿਆ।“ਛੇਤੀ ਹੀ ਟੈਂਕ ਪਾਰ ਲੰਘਣ ਲਈ ਆ ਜਾਣਗੇ।”

ਹਨੇਰੇ ਵਿਚ ਪਾਲ਼ਾ ਵੀ ਜਿਵੇਂ ਬਹੁਤਾ ਲੱਗਦਾ ਜਾਪਦਾ ਸੀ। ਦੁਸ਼ਮਣ ਦੇ ਕੰਢੇ ਦੀ ਤਿੱਖੀ ਢਲਾਵਣ ਤੋਂ ਇਕ ਮਸ਼ੀਨਗੰਨ ਨੇ ਅੰਨ੍ਹੇਵਾਹ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਤੇ ਗੋਲੀਆਂ ਇਸ ਪਥਰੀਲੀ ਥਾਂ ਉੱਤੇ ਆ ਕੇ ਡਿੱਗ ਰਹੀਆਂ ਸਨ।

“ਥੋੜ੍ਹਾ ਜਿਹਾ ਚਿਰ ਹੋਰ ਉਡੀਕ ਲੈਂਦੇ,” ਖਿਝੇ ਹੋਏ ਤੋਲੋਕਨੋ ਨੇ ਪਾਣੀ ਵਿਚ ਕੋਡੇ ਹੁੰਦਿਆਂ ਬੁੜਬੁੜ ਕੀਤੀ ਤੇ ਉਹਦੇ ਸਰੀਰ ਵਿਚ ਜ਼ੋਰਦਾਰ ਝੁਣਝੁਣੀਆਂ ਛਿੜ ਪਈਆਂ। “ਇਹ ਲੜਾਈ ਹੈ, ਕਾਮਰੇਡ ਤੋਲੋਕਨੋ,” ਕਪਤਾਨ ਨੇ ਕਿਹਾ।

“ਪਤਾ ਹੈ, ਕਾਮਰੇਡ ਕਪਤਾਨ !” ਤੋਲੋਕਨੋ ਨੇ ਜਵਾਬ ਦਿੱਤਾ। ਸਾਡੇ ਲਾਲ ਸੈਨਾ ਦੇ ਸੈਪਰਾਂ ਦੇ ਦੋ ਸੱਜੇ ਹੱਥ ਨੇ: ਇਕ ਪੱਥਰ ਚੁੱਕਣ ਲਈ, ਦੂਜਾ ਗੋਲੀ ਚਲਾਉਣ ਲਈ...” ਹੇਠੋਂ ਉੱਖੜ ਗਏ ਪੱਥਰ ਆਪਣੀ ਸਦੀਆਂ ਪੁਰਾਣੀ ਥਾਂ ਤੋਂ ਖਿਸਕਣ ਲੱਗੇ।

ਜਦੋਂ ਪੱਥਰ ਹਟਾ ਕੇ ਲਾਂਘਾ ਸਾਫ਼ ਕਰ ਦਿੱਤਾ ਗਿਆ ਤਾਂ ਕਪਤਾਨ ਨੇ ਇਹ ਪੱਕ ਕਰਨ ਲਈ ਪਾਣੀ ਦੀ ਧਾਰ ਵਿਚ ਤੁਰ ਕੇ ਵੇਖਿਆ ਕਿ ਹੁਣ ਇਸ ਰਸਤਿਓਂ ਲੰਘਿਆ ਜਾ ਸਕਦਾ ਹੈ ਜਾਂ ਨਹੀਂ।

ਸੈਪਰ ਦੁਸ਼ਮਣ ਦੇ ਕੰਢੇ ਦੇ ਵਾਧੇ ਹੇਠਾਂ ਪਾਣੀ ਵਿਚੋਂ ਜਾ ਨਿਕਲੇ। ਦੁਸ਼ਮਣ ਦੇ ਮੋਰਚੇ ਅਜੇ ਹੋਰ ਅੱਗੇ ਸਨ ਅਤੇ ਇਸ ਥਾਂ ਕੰਢੇ ਦੇ ਐਨ ਹੇਠਾਂ ਕੋਈ ਖ਼ਤਰਾ ਨਹੀਂ ਸੀ। ਹਵਾ ਲੱਗਦਿਆਂ ਹੀ, ਸੈਪਰਾਂ ਦੇ ਜਿਸਮਾਂ ਤੇ ਬਰਫ਼ ਦੀ ਪੇਪੜੀ ਜੰਮ ਗਈ ਪਰ ਛੇਤੀ ਹੀ ਉਹ ਨਿੱਘੇ ਹੋ ਗਏ ਅਤੇ ਸਗੋਂ ਕੰਮ ਕਰਨ ਨਾਲ ਉਹਨਾਂ ਨੂੰ ਗਰਮੀ ਮਹਿਸੂਸ ਹੋਣ ਲੱਗੀ।ਉਹਨਾਂ ਨੇ ਆਪਣੇ ਬੇਲਚਿਆਂ ਨਾਲ ਚੀਕਣੀ ਮਿੱਟੀ ਦੇ ਇਸ ਵਾਧੇ ਨੂੰ ਪੁੱਟਿਆ ਤੇ ਕੁਝ ਢਾਲਵਾਂ ਜਿਹਾ ਰਾਹ ਬਣਾ ਦਿੱਤਾ ਤਾਂ ਜੋ ਟੈਂਕ ਪਾਣੀ ਵਿਚੋਂ ਸਿੱਧੇ ਹੀ ਬਿਨਾਂ ਕਿਸੇ ਔਖ ਦੇ ਉੱਪਰ ਚੜ੍ਹ ਜਾਣ ਅਤੇ ਪੂਰੀ ਰਫ਼ਤਾਰ ਨਾਲ ਦੁਸ਼ਮਣ ਵੱਲ ਵਧ ਜਾਣ।

ਸੈਪਰਾਂ ਦੀਆਂ ਜੈਕਟਾਂ ਪਸੀਜ ਗਈਆਂ ਸਨ ਤੇ ਉਹਨਾਂ ਵਿਚੋਂ ਭਾਫ਼ ਉੱਠ ਰਹੀ ਸੀ। ਕਪਤਾਨ ਸਮਿਰਨੋਵ ਰਾਹ ਦੀ ਢਲਾਵਣ ਨੂੰ ਮੁੜ-ਮੁੜ ਮਾਪਦਾ ਸੀ। ਉਹ ਇਹ ਪੱਕ ਕਰਨਾ ਚਾਹੁੰਦਾ ਸੀ ਕਿ ਇਸ ਦੀ ਪੁਟਾਈ ਵਿਚ ਲੋੜ ਤੋਂ ਵੱਧ ਇਕ ਮਿੰਟ ਵੀ ਜ਼ਾਇਆ ਨਾ ਕੀਤਾ ਜਾਏ ਪਰ ਇਸ ਦੇ ਨਾਲ ਹੀ ਇਹ ਟੈਕਾਂ ਵਾਸਤੇ ਇਕ ਸੌਖਾ ਰਾਹ ਵੀ ਬਣ ਜਾਏ ਅਤੇ ਇੰਜਣਾਂ ਨੂੰ ਬਹੁਤਾ ਜ਼ੋਰ ਨਾ ਲਾਉਣਾ ਪਵੇ।

ਮਾਰਟਰ ਗੋਲੇ ਤੇ ਮਸ਼ੀਨਗੰਨ ਦੀਆਂ ਗੋਲੀਆਂ ਦੀਆਂ ਬਾੜ੍ਹਾਂ ਟੀਂ-ਟੀਂ ਕਰਦੀਆਂ ਸੈਪਰਾਂ ਦੇ ਸਿਰਾਂ ਉੱਤੋਂ ਦੀ ਲੰਘਦੀਆਂ ਸਨ ਅਤੇ ਪੱਥਰੀਲੀ ਥਾਂ ਉੱਤੇ ਪਾਣੀ ਤੇ ਬਰਫ਼ ਵਿਚ ਜਾ ਡਿੱਗਦੀਆਂ ਸਨ।

“ਆਪਣੀ ਜ਼ਿੰਦਗੀ ਵਿਚ ਇਕੱਲੇ ਇਵਾਨ ਤੋਲੋਕਨੋ ਨੇ ਹੀ ਕਿੰਨੇ ਮਕਾਨ ਤੇ ਕਿੰਨੀਆਂ ਹੋਰ ਲਾਭਦਾਇਕ ਚੀਜ਼ਾਂ ਬਣਾਈਆਂ ਹੋਣਗੀਆਂ ??” ਉਹਦੇ ਵੱਲ ਵੇਖ ਕੇ ਕਪਤਾਨ ਨੇ ਸੋਚਿਆ।

ਉਸ ਨੇ ਤੋਲੋਕਨੋ ਨੂੰ ਇਹ ਸਵਾਲ ਪੁੱਛਿਆ ਜਿਹੜਾ ਇਸ ਵੇਲੇ ਆਪਣੇ ਸਾਮ੍ਹਣਿਓਂ ਮਿੱਟੀ ਪੁੱਟ ਰਿਹਾ ਸੀ।

“ਯਾਦ ਨਹੀਂ, ਕਾਮਰੇਡ ਕਪਤਾਨ,” ਉਸ ਨੇ ਜਵਾਬ ਦਿੱਤਾ।“ਚਾਲੀ ਕਮੀਜ਼ਾਂ ਮੇਰੀ ਪਿੱਠ ਦੇ ਮੁੜ੍ਹਕੇ ਨਾਲ ਗਲ੍ਹ ਕੇ ਪਾਟ ਗਈਆਂ। ਤੇ ਜਦੋਂ ਦੀ ਲੜਾਈ ਸ਼ੁਰੂ ਹੋਈ ਏ ਮੈਂ ਚਾਰ ਵੱਡੇ ਕੋਟ ਹੰਢਾ ਲਏ ਨੇ ਤੇ ਦੋ ਭੇਡ ਦੀ ਖੋਲ੍ਹ ਦੇ ਛੋਟੇ ਕੋਟ। ਏਸ ਵੇਲੇ ਮੈਂ ਸੱਤਵਾਂ ਕੋਟ ਪਾਇਆ ਹੋਇਆ ਏ। ਪਰ ਅਜੇ ਜਾਨ ਹੈ ਬੁੱਢੇ ਘੋੜੇ ਵਿਚ!”

“ਤੇ ਇਵਾਨ ਤੋਲੋਕਨੋ, ਹੋ ਸਕਦਾ ਹੈ, ਅੱਜ ਹੀ ਰਣਖੇਤਰ ਵਿਚ ਆਖ਼ਰੀ ਦਮ ਤੋੜ ਜਾਵੇ,” ਕਪਤਾਨ ਨੇ ਸੋਚਿਆ।

ਜਦੋਂ ਟੈਕਾਂ ਵਾਸਤੇ ਢਾਲਵਾਂ ਰਸਤਾ ਤਿਆਰ ਹੋਣ ’ਤੇ ਆ ਗਿਆ ਤਾਂ ਕਪਤਾਨ ਨੇ ਸਿਗਨਲ-ਮੈਨ ਨੂੰ ਹੁਕਮ ਦਿੱਤਾ ਕਿ ਉਹ ਉਤਾੜ੍ਹ ਵੱਲ ਥੋੜ੍ਹਾ ਜਿਹਾ ਅੱਗੇ ਜਾ ਕੇ ਰਾਕਟ ਚਲਾ ਕੇ ਸਿਗਨਲ ਦੇ ਦੇਵੇ ਕਿ ਟੈਕਾਂ ਵਾਸਤੇ ਰਾਹ ਸਾਫ਼ ਹੋ ਗਿਆ ਹੈ ਤੇ ਪਿਆਦਾ ਫ਼ੌਜ ਦੇ ਰਾਹ ਵਿਚ ਵੀ ਕੋਈ ਗੰਭੀਰ ਅੜਿੱਕਾ ਨਹੀਂ ਰਿਹਾ।

ਜਰਮਨ ਵੀ ਵੱਖ-ਵੱਖ ਰੰਗਾਂ ਦੇ ਰਾਕਟ ਚਲਾ ਕੇ ਆਪਸ ਵਿਚ ਬਾਤਚੀਤ ਕਰਨ ਲੱਗ ਪਏ। ਇਵਾਨ ਤੋਲੋਕਨੋ ਨੇ ਅਸਮਾਨ ਵੱਲ ਨਜ਼ਰ ਮਾਰੀ ਜਿਹੜਾ ਰਾਕਟਾਂ ਦੇ ਖਾਮੋਸ਼ ਰੰਗਾਂ ਦੇ ਲਿਸ਼ਕਾਰਿਆਂ ਨਾਲ ਜਗਮਗਾ ਉੱਠਦਾ ਸੀ ਜਿਨ੍ਹਾਂ ਦੇ ਹੌਲੀ-ਹੌਲੀ ਬੁਝਦੇ ਜਾਂਦੇ ਚੰਗਿਆੜਿਆਂ ਦਾ ਮੀਂਹ ਵਰ੍ਹ ਰਿਹਾ ਸੀ।

4

ਅੱਧੀ ਰਾਤ ਤੋਂ ਮਗਰੋਂ ਮੁਕੰਮਲ ਖਾਮੋਸ਼ੀ ਤਾਰੀ ਹੋ ਗਈ। ਜਾਸੂਸਾਂ ਦੀ ਟੋਲੀ ਨੇ ਦੁਸ਼ਮਣ ਦਾ ਧਿਆਨ ਖਿੱਚਣ ਲਈ ਗੋਲੀਆਂ ਚਲਾਉਣੀਆਂ ਬੰਦ ਕਰ ਦਿੱਤੀਆਂ। ਸੈਪਰ ਆਪਣੀ ਪੁੱਟੀ ਹੋਈ ਢਾਲਵੀਂ ਖੰਦਕ ਵਿਚ ਲੰਮੇ ਪੈ ਗਏ ਤੇ ਟੈਂਕਾਂ ਦੇ ਆਉਣ ਤੱਕ ਝੋਕਾਂ ਲੈਂਦੇ ਰਹੇ।

ਵਕਤ ਆਉਣ 'ਤੇ ਕਪਤਾਨ ਨੇ ਸੈਨਿਕਾਂ ਨੂੰ ਜਗਾਇਆ ਤੇ ਉਹਨਾਂ ਨੂੰ ਟੈਂਕਾਂ ਉੱਤੇ ਚੜ੍ਹਨ ਲਈ ਤਿਆਰ ਹੋਣ ਦਾ ਹੁਕਮ ਦਿੱਤਾ।

ਇਵਾਨ ਤੋਲੋਕਨੋ ਨੇ ਠਰੰਮੇ ਨਾਲ ਆਪਣੇ ਸਾਜ਼-ਸਾਮਾਨ ਦੀ ਪੜਤਾਲ ਕੀਤੀ ਤੇ ਇਸ ਵੇਲ਼ੇ ਦੀ ਖਾਮੋਸ਼ ਰਾਤ ਦੀਆਂ ਝਿੜਕਾਂ ਲੈਣ ਲੱਗਾ ਜਿਸ ਵਿਚ ਪੱਥਰਾਂ ਉੱਤੋਂ ਵਗਦੇ ਦਰਿਆ ਦੀ ਇਕਸਾਰ ਕਲਕਲ ਤੋਂ ਬਗ਼ੈਰ ਹੋਰ ਕੋਈ ਅਵਾਜ਼ ਨਹੀਂ ਸੀ ਆਉਂਦੀ।

ਤੱਦ ਤੋਲੋਕਨੋ ਨੂੰ ਟੈਂਕਾਂ ਦੇ ਮਾਲ੍ਹਦਾਰ ਪੱਟਿਆ ਹੇਠਾਂ ਛੋਟੇ-ਛੋਟੇ ਪੱਥਰਾਂ ਦੀ ਕਰਚ- ਕਰਚ, ਇੰਜਨਾਂ ਦੀ ਗੜਗੜਾਹਟ ਅਤੇ ਹਿੱਲ ਗਏ ਪਾਣੀ ਦੀ ਛਪ-ਛਪ ਦੀ ਅਵਾਜ਼ ਸੁਣਾਈ ਦਿੱਤੀ।ਉਸ ਨੂੰ ਟੈਂਕਾਂ ਦੇ ਦਰਿਆ ਤੱਕ ਪੁੱਜਣ ਦੀ ਆਵਾਜ਼ ਨਹੀਂ ਸੀ ਸੁਣੀ, ਉਹ ਬਹੁਤ ਹੌਲੀ-ਹੌਲੀ ਬਿਨਾਂ ਖੜਕੇ-ਦੜਕੇ ਦੇ ਅੱਗੇ ਆ ਗਏ ਸਨ।ਉਹਨਾਂ ਦੇ ਇੰਜਨਾਂ ਦੀ ਅਵਾਜ਼ ਏਨੀ ਹੌਲੀ-ਹੌਲੀ ਰੱਖੀ ਗਈ ਸੀ ਕਿ ਬਸ ਹੌਲ਼ੀ-ਹੌਲ਼ੀ ਘੁਰ-ਘੁਰ ਹੀ ਕਰਦੇ ਸਨ।

ਟੈਂਕ ਅਹਿਸਤਾ ਨਾਲ ਢਾਲਵੇਂ ਰਸਤੇ ਵੱਲ ਸਰਕੇ ਤਾਂ ਜੋ ਸੈਪਰ ਪਿਆਦਿਆਂ ਦੇ ਨਾਲ ਰਲਣ ਲਈ ਉੱਪਰ ਚੜ੍ਹ ਆਉਣ ਜਿਹੜੇ ਪਹਿਲਾਂ ਹੀ ਬਕਤਰਾਂ ਉੱਤੇ ਟਿਕੇ ਹੋਏ ਸਨ। ਫੇਰ ਉਹ ਉਛਲਦੇ ਹੋਏ ਅੱਗੇ ਵਧੇ ਤੇ ਹਨੇਰੇ ਵਿਚ ਪੂਰੀ ਰਫ਼ਤਾਰ ਨਾਲ ਦੁਸ਼ਮਣ ਵੱਲ ਦੌੜ ਪਏ।

ਇਵਾਨ ਤੋਲੋਕਨੋ ਵੀ ਛਾਲ ਮਾਰ ਕੇ ਓਸੇ ਟੈਂਕ ਉੱਤੇ ਚੜ੍ਹ ਗਿਆ ਜਿਸ ਉੱਤੇ ਕਪਤਾਨ ਸਮਿਰਨੋਵ ਚੜ੍ਹਿਆ ਸੀ।ਉਸ ਨੇ ਬਕਤਰ ਉੱਤੇ ਇਕ ਨਿੱਘੀ ਥਾਂ ਲੱਭ ਲਈ ਤੇ ਓਥੇ ਆਪਣੇ ਹੱਥ ਨਿੱਘੇ ਕੀਤੇ।

ਦੁਸ਼ਮਣ ਨੇ ਟੈਂਕ ਵੇਖ ਲਏ ਤੇ ਉਹਨਾਂ ਨੇ ਲੰਮੀ ਮਾਰ ਕਰਨ ਵਾਲੀਆਂ ਤੋਪਾਂ ਵਿਚੋਂ ਗੋਲੇ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਟੈਂਕ ਕਦੇ ਹੌਲ਼ੀ ਚਲਦੇ ਤੇ ਕਦੇ ਹਵਾ ਵਾਂਗ ਅੱਗੇ ਵੱਧਦੇ, ਕਦੇ ਸੱਜੇ ਹੁੰਦੇ ਤੇ ਕਦੇ ਖੱਬੇ ਹੁੰਦੇ, ਗੋਲਿਆਂ ਦੀ ਮਾਰ ਤੋਂ ਬਚਦੇ ਹੋਏ, ਤੇ ਆਮ ਕਰਕੇ ਮਿਥੇ ਹੋਏ ਰਾਹ ਉੱਤੇ ਅੱਗੇ ਹੀ ਅੱਗੇ ਵਧਦੇ ਗਏ।

ਉਹਨਾਂ ਦੇ ਇੰਜਨ ਪੂਰੀ ਅਵਾਜ਼ ਨਾਲ ਗੜਗੜਾ ਰਹੇ ਸਨ ਜਦੋਂ ਟੈਂਕ ਤੇਜ਼ੀ ਨਾਲ ਇਕ ਪਿੰਡ ਵਿਚ ਜਾ ਵੜੇ ਜਿਸ ਦੇ ਮਕਾਨ ਖ਼ਾਲੀ, ਨਿਰਜ਼ਿੰਦ ਖੋਲ੍ਹੇ ਬਣੇ ਹੋਏ ਸਨ। ਟੈਂਕਾਂ ਉੱਤੇ ਬੈਠੇ ਫ਼ੌਜੀਆਂ ਨੇ ਆਪਣੀਆਂ ਮਸ਼ੀਨਗੰਨਾਂ ਤਿਆਰ ਕਰ ਲਈਆਂ ਸਨ ਪਰ ਪਿੰਡ ਵਿਚ ਤਾਂ ਇਕ ਵੀ ਆਦਮੀ ਨਜ਼ਰ ਨਹੀਂ ਸੀ ਆਇਆ। ਸਿਰਫ਼ ਪਿੰਡ ਦੇ ਆਖ਼ਰੀ ਛੋਟੇ ਜਿਹੇ ਮਕਾਨ ਵਿਚੋਂ ਮਸ਼ੀਨਗੰਨ ਦੀਆਂ ਗੋਲੀਆਂ ਦੀ ਮਾਰੂ ਬਾੜ੍ਹ ਆਈ ਸੀ ਜਦੋਂ ਉਹ ਪਿੰਡ ਵਿਚੋਂ ਨਿਕਲ ਰਹੇ ਸਨ। ਇਕ ਟੈਂਕ ਸਿੱਧਾ ਉਸ ਮਕਾਨ ਉੱਤੇ ਜਾ ਚੜ੍ਹਿਆ ਅਤੇ ਅੰਦਰ ਵੜੇ ਦੁਸ਼ਮਣ ਨੂੰ ਮਿੱਟੀ ਮਲਬੇ ਵਿਚ ਦੱਬ ਦਿੱਤਾ।

ਜੇ ਕੋਈ ਜਰਮਨ ਪਿੱਛੇ ਬਚੇ ਰਹਿ ਵੀ ਗਏ ਸਨ ਤਾਂ ਉਹ ਸਾਡੀ ਪਿਆਦਾ ਫ਼ੌਜ ਦੇ ਪੁੱਜਣ ਤੱਕ ਜਿਊਂਦੇ ਰਹਿ ਸਕਦੇ ਸਨ। ਰਾਹ ਵਿਚ ਆਉਂਦੇ ਇੱਕਾ-ਦੁੱਕਾ ਜਰਮਨ ਪਿੱਛੇ ਪ੍ਰੇਸ਼ਾਨ ਹੋਣ ਦਾ ਟੈਂਕਾਂ ਕੋਲ ਵਕਤ ਨਹੀਂ ਸੀ। ਉਹਨਾਂ ਉੱਤੇ ਆਪਣੀ ਤਾਕਤ ਨੂੰ ਜ਼ਾਇਆ ਕਰਨਾ ਵਿਅਰਥ ਸੀ।

ਜਰਮਨ ਤੋਪਾਂ ਦੀ ਗੋਲਾਬਾਰੀ ਪਲੋ-ਪਲ ਵਧੇਰੇ ਜ਼ੋਰਦਾਰ ਹੁੰਦੀ ਜਾ ਰਹੀ ਸੀ ਅਤੇ ਤੋਲੋਕਨੋ ਨੂੰ ਮਹਿਸੂਸ ਹੋਇਆ ਜਿਵੇਂ ਵਾਤਾਵਰਣ ਅਚਾਨਕ ਹੀ ਕੁਝ ਵਧੇਰੇ ਹਨੇਰਾ ਹੋ ਗਿਆ ਹੋਵੇ।ਤੋਲੋਕਨੋ ਨੇ ਟੈਂਕ ਉੱਤੇ ਆਪਣੇ ਸਾਮ੍ਹਣੇ ਝਾਕ ਕੇ ਵੇਖਿਆ ਤਾਂ ਧੁੰਦਲੀ ਜਿਹੀ, ਇਕ ਕਾਲੀ ਥਾਂ ਨਜ਼ਰ ਆਈ ਜਿਥੇ ਕਿਸੇ-ਕਿਸੇ ਵੇਲੇ ਅਸਮਾਨ ਵੱਲ ਤਿੱਖੀਆਂ ਜੀਭਾਂ ਵਾਲੇ ਭੰਬੂਕੇ ਉੱਠਦੇ ਸਨ। ਇਹ ਤਾਂ ਇਕ ਪਿੰਡ ਨੂੰ ਅੱਗ ਲੱਗੀ ਹੋਈ ਸੀ। ਪਰ ਇਸ ਪਿੰਡ ਵਿਚੋਂ, ਇਸ ਦੇ ਉਜੜੇ ਹੋਏ ਗਿਰਜੇ ਵਿਚੋਂ, ਇਸ ਦੇ ਮਜ਼ਾਰਾਂ ਤੇ ਖੂਹਾਂ ਵਿਚੋਂ ਵਿਰੋਧ ਦੇ ਨੀਲੇ ਖੰਜਰਾਂ ਦੀਆਂ ਲਿਸ਼ਕਾਂ ਪੈਂਦੀਆਂ ਸਨ।

ਜਿਸ ਟੈਂਕ ਉੱਤੇ ਤੋਲੋਕਨੋ ਬੈਠਾ ਹੋਇਆ ਸੀ, ਉਹ ਇਸ ਵੇਲੇ ਅੱਗੇ ਵਧ ਰਿਹਾ ਸੀ, ਇਸ ਦਾ ਇੰਜਨ ਪੂਰੇ ਜ਼ੋਰ ਨਾਲ ਗਰੜ-ਗਰੜ ਕਰ ਰਿਹਾ ਸੀ, ਉਸ ਦੀ ਵੱਡੀ ਸਾਰੀ ਨਾਲੀ ਵਿਚੋਂ ਹੁੰਦੇ ਧਮਾਕਿਆਂ ਦੀ ਗੂੰਜ ਉੱਠ ਰਹੀ ਸੀ ਅਤੇ ਟੈਂਕ ਦੇ ਉੱਪਰ ਬੈਠੇ ਫੌਜੀ ਲੜਾਈ ਦੇ ਜੋਸ਼ ਵਿਚ ਆਏ ਹੋਏ ਅੰਨ੍ਹੀ ਬੇਪ੍ਰਵਾਹੀ ਨਾਲ ਨਾਹਰੇ ਮਾਰ ਰਹੇ ਸਨ, ਸ਼ੋਰ ਮਚਾ ਰਹੇ ਸਨ।

ਹੁਕਮ ਮਿਲਣ 'ਤੇ ਜਵਾਨਾਂ ਨੇ ਟੈਂਕ ਤੋਂ ਛਾਲਾਂ ਮਾਰ ਦਿੱਤੀਆਂ ਤੇ ਪਿੰਡ ਨੂੰ ਘੇਰਾ ਪਾਉਣ ਭੱਜ ਉੱਠੇ।

5

ਕਪਤਾਨ ਸਮਿਰਨੋਵ ਆਪਣੇ ਸੈਪਰਾਂ ਨੂੰ, ਪਿੰਡ ਦੇ ਪਾਸਿਓਂ ਦੀ ਖੇਤਾਂ ਵਿਚੋਂ ਲੰਘਦਾ ਹੋਇਆ, ਪੱਛਮ ਵੱਲ ਲੈ ਗਿਆ ਤੇ ਇਸ ਤਰ੍ਹਾਂ ਉਹ ਲੜਾਈ ਨੂੰ ਆਪਣੇ ਪਿੱਛੇ ਛੱਡ ਗਏ। ਇਥੇ ਉਹਨਾਂ ਨੇ ਨਵੇਂ ਹਿਫ਼ਾਜ਼ਤੀ ਮੋਰਚੇ ਕਾਇਮ ਕਰਨੇ ਸਨ ਤੇ ਓਦੋਂ ਤੱਕ ਟੈਕਾਂ ਨੇ ਅਤੇ ਉਹਨਾਂ ਦੇ ਪਿੱਛੇ-ਪਿੱਛੇ ਆ ਰਹੇ ਪਿਆਦਾ ਤੇ ਮਸ਼ੀਨਬੰਦ ਦਸਤਿਆਂ ਨੇ ਪਿੰਡ ਦੀ ਨਾਕਾਬੰਦੀ ਕਰੀ ਰੱਖਣੀ ਸੀ ਤੇ ਦੁਸ਼ਮਣ ਦਾ ਸਫ਼ਾਇਆ ਕਰਨਾ ਸੀ।

ਥਾਂ ਦੀ ਜਾਂਚ-ਪੜਤਾਲ ਕਰਨ ਲਈ ਸਮਿਰਨੋਵ ਨੇ ਇਵਾਨ ਤੋਲੋਕਨੋ ਨੂੰ ਆਪਣੇ ਨਾਲ ਲੈ ਲਿਆ।

ਪ੍ਰਭਾਤ ਦੇ ਧੁੰਦਲਕੇ ਜਿਹੇ ਵਿਚ ਉਹ ਆਪਣੇ ਸਾਮ੍ਹਣੇ ਬਰਫ਼ ਕੱਜੇ ਵਿਸ਼ਾਲ ਰੂਸੀ ਮੈਦਾਨ ਵੇਖ ਰਹੇ ਸਨ ਜਿਸ ਵਿਚ ਖੇਡਾਂ ਖਾਈਆਂ ਦੇ ਕਾਲੇ-ਕਾਲੇ ਖਿੱਤੇ ਸਨ।

ਕਪਤਾਨ ਸਮਿਰਨੋਵ ਚਾਹੁੰਦਾ ਸੀ ਕਿ ਇਕ ਲੰਮੀ ਕਤਾਰ ਵਿਚ ਖੰਦਕਾਂ ਦੀ ਪੁਟਾਈ ਕੀਤੀ ਜਾਵੇਂ ਜਿਹੜੀ ਇਕ ਖੇਡ ਦੀ ਢਲਵਾਣ ਉੱਤੇ ਬਣੇ ਪੱਕੇ-ਮੋਰਚੇ ਤੱਕ ਜਾਂਦੀ ਹੋਵੇ। ਪਰ ਤੋਲੋਕਨੋ ਨੇ ਉਹਨੂੰ ਸਲਾਹ ਦਿੱਤੀ ਕਿ ਖੰਦਕ ਕੁਝ ਨੇੜੇ, ਖੁੱਲ੍ਹੀ ਜ਼ਮੀਨ ਉੱਤੇ ਬਣਾਈ ਜਾਏ ਜਿੱਥੇ ਝਾੜੀਆਂ ਉੱਗੀਆਂ ਹੋਈਆਂ ਹਨ ਤਾਂ ਜੋ ਇਹ ਝਾੜੀਆਂ ਸਾਡੀਆਂ ਪਿੱਠਾਂ ਪਿੱਛੇ ਹੋਣ, ਸਾਡੀ ਆਪਣੀ ਜ਼ਮੀਨ ਉੱਤੇ — ਇਸ ਦਾ ਫ਼ੌਜੀਆਂ ਨੂੰ ਫ਼ਾਇਦਾ ਹੋ ਸਕਦਾ ਹੈ। ਕਪਤਾਨ ਨੇ ਇਹ ਸਿਆਣੀ ਸਲਾਹ ਮੰਨ ਲਈ।

ਤੋਲੋਕਨੋ ਨੇ ਸਲਾਹ ਦਿੱਤੀ ਕਿ ਦੂਜਾ ਲੱਕੜੀ ਦਾ ਪੱਕਾ-ਮੋਰਚਾ ਖੱਡ ਦੇ ਮੂੰਹ ਵਿਚ ਬਣਾਇਆ ਜਾਏ ਤਾਂ ਜੋ ਇਹਦੇ ਤੇ ਦੂਜੀ ਖੱਡ ਵਿਚਕਾਰਲੇ ਲਾਂਘੇ ਵਾਲੀ ਚਰਾਂਦ ਸਾਡੀ ਧਰਤੀ ਉੱਤੇ ਰਹਿ ਜਾਏ।

“ਕੀ ਬੋਲਦਾ ਏਂ ਤੂੰ, ਇਵਾਨ ਤੋਲੋਕਨੋ !” ਕ੍ਰੋਧ ਜਿਹੇ ਵਿਚ ਆ ਕੇ ਕਪਤਾਨ ਨੇ ਆਖਿਆ।“ਅਸੀਂ ਏਥੇ ਡੰਗਰ ਚਰਾਉਣ ਆਏ ਹਾਂ ? ਕੀ ਸੋਚਦਾ ਏਂ, ਅਸੀਂ ਕਿਸਾਨ ਹਾਂ ?”

“ਜਿਵੇਂ ਤੁਸੀਂ ਕਹਿੰਦੇ ਹੋ, ਕਪਤਾਨ,” ਤੋਲੋਕਨੋ ਨੇ ਪਛਤਾਵੇ ਜਿਹੇ ਨਾਲ ਜਵਾਬ ਦਿੱਤਾ। “ਅਸੀਂ ਕਿਸਾਨ ਨਹੀਂ, ਫ਼ੌਜੀ ਆਂ, ਪਰ ਅਸੀਂ ਅਸਲ ਵਿਚ ਦੋਵੇਂ ...”

“ਵਗਿਆ ਜਾ ਤੇ ਬੰਦਿਆਂ ਨੂੰ ਲਿਆ,” ਕਪਤਾਨ ਨੇ ਹੁਕਮ ਦਿੱਤਾ।

ਖੰਦਕਾਂ ਪੁਟ ਰਹੇ ਸੈਪਰ ਆਪਣੇ ਰੰਗ ਵਿਚ ਸਨ। ਇਸ ਨਾਲ ਉਹਨਾਂ ਨੂੰ ਹਲ਼ ਵਾਹੁਣ ਦੇ ਚੇਤੇ ਆ ਗਏ ਅਤੇ ਉਹ ਤਨ-ਮਨ ਲਾ ਕੇ ਕੰਮ ਵਿਚ ਲੱਗੇ ਹੋਏ ਸਨ। ਉਹ ਜਿਵੇਂ-ਜਿਵੇਂ ਡੂੰਘੀ ਪੁਟਾਈ ਕਰਦੇ ਜਾਂਦੇ, ਓਨਾ ਹੀ ਬਹੁਤਾ ਨਿੱਘ ਤੇ ਬਹੁਤੀ ਸਲਾਮਤੀ ਮਹਿਸੂਸ ਕਰਦੇ।

ਤੜਕਾ ਹੋ ਗਿਆ ਅਤੇ ਪਿੰਡ ਵਿਚ ਲੜਾਈ ਅਜੇ ਵੀ ਹੋ ਰਹੀ ਸੀ। ਕਪਤਾਨ ਨੂੰ ਇਸ ਗੱਲ ਦੀ ਮਾੜੀ ਜਿਹੀ ਚਿੰਤਾ ਸੀ ਕਿ ਸਾਡੇ ਅਗਵਾਨੂੰ ਦਸਤੇ ਵਿਉਂਤ ਅਨੁਸਾਰ ਨਹੀਂ ਪਹੁੰਚ ਸਕੇ ਸਨ।ਉਸ ਨੇ ਆਪਣੀਆਂ ਹਿਫ਼ਾਜ਼ਤੀ ਚੌਂਕੀਆਂ ਨੂੰ ਹੋਰ ਮਜ਼ਬੂਤ ਕਰਨ ਦਾ ਫੈਸਲਾ ਕੀਤਾ ਅਤੇ ਇਵਾਨ ਤੋਲੋਕਨੋ ਸਮੇਤ ਪੰਜ ਪਹਿਲੇ ਹੀ ਤਾਇਨਾਤ ਕੀਤੇ ਗਏ ਸੰਤਰੀਆਂ ਵਿਚ ਜਾ ਸ਼ਾਮਲ ਹੋਣ ਲਈ ਭੇਜ ਦਿੱਤੇ।“ਥੋੜ੍ਹਾ ਬਹੁਤ ਆਰਾਮ ਕਰ ਲਵੇਗਾ,” ਕਪਤਾਨ ਨੇ ਸੋਚਿਆ ਸੀ।

ਤੋਲੋਕਨੋ ਨੇ ਬਰਫ਼ ਨਾਲ ਪੂੰਝ ਕੇ ਆਪਣਾ ਬੇਲਚਾ ਸਾਫ਼ ਕੀਤਾ, ਆਪਣੀ ਮਸ਼ੀਨਗੰਨ ਕੱਛੇ ਮਾਰੀ, ਆਪਣੀ ਪੇਟੀ ਵਿਚ ਲੱਗੇ ਗਰਨੇਡਾਂ ਦੀ ਪੜਤਾਲ ਕੀਤੀ ਅਤੇ ਪੱਛਮ ਵਾਲੇ ਪਾਸੇ ਤੁਰ ਪਿਆ। ਕਪਤਾਨ ਨੇ ਉਸ ਨੂੰ ਸਮਝਾ ਦਿੱਤਾ ਸੀ ਕਿ ਕਿੱਧਰ ਜਾਣਾ ਹੈ ਤੇ ਕਿੰਨੀ ਦੂਰ ਜਾਣਾ ਹੈ ਅਤੇ ਛੇਤੀ ਹੀ ਤੋਲੋਕਨੋ ਦੋਹਾਂ ਖੇਡਾਂ ਵਿਚਲੇ ਪਾੜ ਦੀ ਕੰਧੀ ਉੱਤੋਂ ਨਜ਼ਰੋ ਓਹਲੇ ਹੋ ਗਿਆ।

ਤੋਲੋਕਨੋ ਦੁਸ਼ਮਣ ਦੇ ਵੱਧ ਤੋਂ ਵੱਧ ਨੇੜੇ ਚਲੇ ਜਾਣਾ ਚਾਹੁੰਦਾ ਸੀ, ਇਸ ਲਈ ਕਿ ਜੇਕਰ ਦੁਸ਼ਮਣ ਇਸ ਵੇਲੇ ਰੂਸੀ ਪਿੰਡ ਵਿਚ ਮਰ ਰਹੇ ਆਪਣੇ ਬੰਦਿਆਂ ਵਾਸਤੇ ਕੁਮਕ ਭੇਜਣ ਤਾਂ ਉਹ ਸਭ ਤੋਂ ਪਹਿਲਾਂ ਵੇਖ ਲਵੇ। ਉਹ ਸੜੇ ਝੁਲਸੇ ਇਕੋ-ਇਕ ਦਿਆਰ ਦੇ ਤਣੇ ਕੋਲ ਖਲੋ ਗਿਆ ਤੇ ਆਪਣੇ ਚਾਰ-ਚੁਫੇਰੇ ਨਜ਼ਰ ਮਾਰ ਕੇ ਵੇਖਣ ਲੱਗਾ: ਸਭ ਪਾਸੇ ਸਾਫ਼, ਵਿਸ਼ਾਲ ਮੈਦਾਨ ਸੀ ਜਿਸ ਤਰ੍ਹਾਂ ਹਰ ਥਾਂ ਰੂਸ ਦਾ ਮੈਦਾਨੀ ਇਲਾਕਾ ਹੈ ਜਿੱਥੇ ਵਿਚ-ਵਿਚ ਜੰਗਲ ਖੜੇ ਸਨ। ਇਸ ਮੁਰਦੇ ਦਿਆਰ ਦੇ ਪੈਰਾਂ ਵਿਚੋਂ ਮਿੱਟੀ ਇਕ ਜਲਧਾਰਾ ਨਾਲ ਬਣੀ ਵੱਡੀ ਸਾਰੀ ਖਾਈ ਵੱਲ੍ਹ ਡਿੱਗੀ ਹੋਈ ਸੀ ਤੇ ਦੂਜੇ ਪਾਸੇ ਜਾ ਕੇ ਫੇਰ ਉੱਪਰ ਚੜ੍ਹ ਗਈ ਹੋਈ ਸੀ।

ਸੈਪਰ ਦਾ ਜੀਅ ਕੀਤਾ ਕਿ ਇਸ ਸ਼ਾਂਤ ਮਾਹੌਲ ਵਿਚ ਸਿਗਰਟ ਦਾ ਕਸ਼ ਲਾਵੇ, ਪਰਪਹਿਲਾਂ ਉਸ ਨੇ ਆਪਣੇ ਸਾਮ੍ਹਣੇ ਝਾਕ ਕੇ ਵੇਖਿਆ।ਹਵਾ ਤਾਂ ਭਾਵੇਂ ਨਹੀਂ ਸੀ ਚਲਦੀ, ਤਾਂ ਵੀ ਅਚਾਨਕ ਉਸ ਨੂੰ ਵਾਤਾਵਰਣ ਵਿਚ ਹਲਕੀ ਜਿਹੀ ਗੂੰਜ ਸੁਣਾਈ ਦਿੱਤੀ।

ਉਸ ਨੂੰ ਚਿੱਟੀ ਸਲੀਬ ਦੇ ਨਿਸ਼ਾਨ ਵਾਲਾ ਇਕ ਟੈਂਕ ਖੱਡ ਦੇ ਇਸ ਪਾਸੇ ਗੜਗੜ ਕਰਦਾ ਨਜ਼ਰ ਆਇਆ ਜਿਹੜਾ ਸਿੱਧਾ ਇਸ ਮੁਰਦਾ ਦਿਆਰ ਅਤੇ ਇਸ ਦੇ ਕੋਲ ਖੜੇ ਬੰਦੇ ਵੱਲ ਵਧਿਆ ਆਉਂਦਾ ਸੀ।

ਇਵਾਨ ਤੋਲੋਕਨੋ ਟੈਂਕ ਨੂੰ ਆਪਣੇ ਵੱਲ ਵਧਦਾ ਵੇਖ ਰਿਹਾ ਸੀ ਅਤੇ ਆਪਣਾ ਅੰਦਰ ਦੁਖੀ ਮਹਿਸੂਸ ਕਰ ਰਿਹਾ ਸੀ, ਤੇ ਜ਼ਿੰਦਗੀ ਵਿਚ ਪਹਿਲੀ ਵਾਰੀ ਉਹਨੂੰ ਆਪਣੇ ਆਪ ਉੱਤੇ ਤਰਸ ਆ ਗਿਆ।ਉਸ ਨੇ ਸਾਰੀ ਉਮਰ ਕੰਮ ਕੀਤਾ ਸੀ, ਹੱਡ ਭੰਨ ਕੇ ਕੰਮ ਕੀਤਾ ਸੀ, ਅਤੇ ਹੁਣ ਇਹ ਫਾਸਿਸ਼ਟ ਉਹਦੇ ਉੱਤੇ ਤੋਪਾਂ ਦੇ ਗੋਲੇ ਦਾਗ਼ ਰਹੇ ਸਨ, ਹੁਣ ਇਹ ਸੂਰ ਉਸ ਨੂੰ, ਇਕ ਕਾਮੇ ਆਦਮੀ ਨੂੰ ਮਾਰ ਦੇਣਾ ਚਾਹੁੰਦੇ ਸਨ... ਤਾਂ ਜੋ ਉਸ ਦੀ ਯਾਦ ਹਮੇਸ਼ਾ ਲਈ ਗੁੰਮਨਾਮੀ ਦੀ ਦੁਨੀਆਂ ਵਿਚ ਇਸ ਤਰ੍ਹਾਂ ਗੁਆਚ ਜਾਏ ਜਿਵੇਂ ਇਸ ਧਰਤੀ ਉੱਤੇ ਇਸ ਨਾਂ ਦਾ ਬੰਦਾ ਕਦੇ ਜੰਮਿਆ ਹੀ ਨਹੀਂ।

“ਹੈ, ਨਹੀਂ!” ਇਵਾਨ ਤੋਲੋਕਨੋ ਨੇ ਆਪਣੇ ਆਪ ਨੂੰ ਆਖਿਆ।“ਮੈਂ ਨਹੀਂ ਮਰਾਂਗਾ। ਮੈਂ ਏਥੇ ਇਹ ਗੜਬੜ ਘੁਟਾਲਾ ਨਹੀਂ ਰਹਿਣ ਦੇਵਾਂਗਾ। ਇਸ ਗੰਦ ਨੂੰ ਸਾਫ਼ ਕਰਨ ਵਾਲਾ ਦੁਨੀਆਂ ਵਿਚ ਸਾਡੇ ਬਗ਼ੈਰ ਕੋਈ ਨਹੀਂ।”

ਟੈਂਕ ਤੋਂ ਮਸ਼ੀਨਗੰਨ ਦੀ ਗੋਲੀ ਦਾ ਲਿਸ਼ਕਾਰਾ ਪਿਆ।ਤੋਲੋਕਨੋ ਦਿਆਰ ਦੇ ਤਣੇ ਦੇ ਪਿੱਛੇ ਭੁੰਜੇ ਲੇਟ ਗਿਆ ਅਤੇ ਟੈਂਕ ਵਿਚ ਦੁਸ਼ਮਣ ਦੇ ਝਰੋਖਿਆਂ ਦਾ ਨਿਸ਼ਾਨਾ ਬੰਨ੍ਹ ਕੇ ਆਪਣੀ ਮਸ਼ੀਨਗੰਨ ਵਿਚੋਂ ਗੋਲੀਆਂ ਚਲਾਈਆਂ।

ਟੈਂਕ ਧੁਸ ਦੇ ਕੇ ਰੁੱਖ ਵੱਲ ਵਧਿਆ ਤੇ ਉਸ ਨੂੰ ਜੜ੍ਹੋਂ ਉਖਾੜ ਦਿੱਤਾ। ਦਰੱਖ਼ਤ ਦੀ ਜੜ੍ਹ ਦੁਫਾੜ ਹੋ ਗਈ। ਦਰਖ਼ਤ ਅੰਦਰਲੀ ਨੀਲੱਤਣ ਵੇਖ ਕੇ ਤੋਲੋਕਨੋ ਹੈਰਾਨ ਰਹਿ ਗਿਆ।ਅਤੇ ਡਿਗਦੇ ਰੁੱਖ ਤੋਂ ਬਚਣ ਲਈ ਉਹ ਇਕ ਪਾਸੇ ਰਿੜ੍ਹ ਪਿਆ ਤੇ ਉਹ ਦਰੱਖਤ ਤੇ ਟੈਂਕ ਦੇ ਇਕ ਪਟੇ ਵਿਚਕਾਰ ਆ ਗਿਆ ਜਿਹੜਾ ਬਰਫ਼ ਨੂੰ ਕਾਲੀ ਮਿੱਟੀ ਵਿਚ ਨਪੀੜੀ ਜਾ ਰਿਹਾ ਸੀ।

ਅਚਾਨਕ ਉਸ ਨੇ ਵੇਖਿਆ ਕਿ ਉਹਦੇ ਉੱਪਰ ਦਿਨ ਦਾ ਚਾਨਣ ਸੀ। ਇਸ ਦਾ ਮਤਲਬ ਸੀ ਕਿ ਟੈਂਕ ਉਹਦੇ ਉੱਪਰ ਹੀ ਲੰਘ ਗਿਆ, ਇਸ ਦੇ ਦੋਵੇਂ ਪਹੀਆਂ ਦੇ ਮਾਲ੍ਹਕਾਰ ਪਟੇ ਲੰਮੇ ਪਏ ਆਦਮੀ ਤੇ ਡਿੱਗੇ ਰੁੱਖ ਦੇ ਕੋਲੋਂ ਦੀ ਲੰਘ ਗਏ ਸਨ। ਤੋਲੋਕਨੋ ਭੁੜਕ ਕੇ ਉੱਠਿਆ ਤੇ ਗਰਨੇਡ ਹੱਥ ਵਿਚ ਤਿਆਰ ਕਰ ਕੇ ਟੈਂਕ ਦੇ ਮਗਰ ਦੌੜਿਆ। ਉਹ ਹੱਥ ਪੈਰ ਮਾਰ ਕੇ ਟੈਂਕ ਦੇ ਬਕਤਰ ਉੱਤੇ ਚੜ੍ਹ ਗਿਆ ਅਤੇ ਛੇਤੀ ਹੀ ਸਹੀ ਸਲਾਮ ਦੁਸ਼ਮਣ ਦੀ ਗੰਨ ਦੀ ਬੁਰਜੀ ਉੱਤੇ ਜਾ ਬੈਠਾ।

ਟੈਂਕ ਗੋਲੀ ਚਲਾਏ ਬਗ਼ੈਰ ਚੁੱਪ-ਚਾਪ ਉਸ ਪਾਸੇ ਵੱਲ ਜਾ ਰਿਹਾ ਸੀ ਜਿਸ ਪਾਸੇ ਤੋਂ ਇਵਾਨ ਤੋਲੋਕਨੋ ਆਇਆ ਸੀ। ਇਵਾਨ ਨੂੰ ਇਹ ਗੱਲ ਪੂਰੀ ਤਰ੍ਹਾਂ ਬਹਿੰਦੀ ਸੀ।ਉਸ ਨੇ ਨਿਰਣਾ ਕੀਤਾ ਕਿ ਉਹ ਟੈਂਕ ਕਾਬੂ ਕਰ ਲਏਗਾ ਜਾਂ ਗਰਨੇਡਾਂ ਨਾਲ ਉੱਡਾ ਦੇਵੇਗਾ ਜੇ ਇਸ ਨੇ ਕੰਮ ਕਰਦੇ ਸੈਪਰਾਂ ਉੱਤੇ ਗੋਲੀ ਚਲਾਈ।“ਜਾਪਦਾ ਹੈ ਜਿਵੇਂ ਇਹ ਗੁਪਤ ਸਰਵੇਖਣ ਕਰਨ ਆਏ ਹੋਣ ਜਾਂ ਰਾਹ ਭੁੱਲ ਗਏ ਹੋਣ,” ਤੋਲੋਕਨੋ ਨੇ ਸੋਚਿਆ।“ਹੋ ਸਕਦਾ ਹੈ ਕਿ ਇਹ ਆਪਣੇ ਸਾਥੀਆਂ ਦੀ ਮਦਦ ਨੂੰ ਜਾ ਰਹੇ ਹੋਣ। ਇਹ ਟੈਂਕ ਗੋਲੇ ਦਾਗਣ ਤੇ ਕੁਚਲਣ ਲਈ ਬਣਿਆ ਸੀ, ਅਤੇ ਇਸ ਵੇਲੇ ਇਹਦੇ ਉੱਤੇ ਦੂਜੀ ਧਿਰ ਦਾ ਇਕ ਸੈਪਰ ਬੈਠਾ ਹੋਇਆ ਸੀ ਅਤੇ ਇਹ ਉਸ ਦੇ ਰਹਿਮ ਉੱਤੇ ਸੀ।”

ਛੇਤੀ ਹੀ ਬਾਕੀ ਬੰਦੇ ਵੀ ਤੋਲੋਕਨੋ ਨੂੰ ਆ ਮਿਲੇ। ਅਚਾਨਕ ਕੋਈ ਸ਼ਕਲ ਨਜ਼ਰ ਆਉਂਦੀ ਤੇ ਅਗਲੀਆਂ ਚੌਂਕੀਆਂ ਦਾ ਕੋਈ ਜਵਾਨ ਜਾਂ ਕੋਈ ਜਾਸੂਸ ਚੁਪ-ਚਾਪ ਟੈਂਕ ਉੱਤੇ ਚੜ੍ਹ ਆਉਂਦਾ।ਜਰਮਨਾਂ ਨੇ ਟੈਂਕ ਖੜਾ ਕਰ ਲਿਆ ਅਤੇ ਇਸ ਤਰ੍ਹਾਂ ਜਾਪਿਆ ਜਿਵੇਂ ਉਹ ਪਿਛੇ ਮੁੜਨ ਲੱਗੇ ਹੋਣ ਅਤੇ ਤੋਲੋਕਨੋ ਵੀ ਛਾਲ ਮਾਰ ਕੇ ਹੇਠਾਂ ਆ ਜਾਣ ਤੇ ਗਰਨੇਡ ਨਾਲ ਇਸ ਨੂੰ ਉਡਾ ਦੇਣ ਵਾਲਾ ਹੀ ਸੀ।ਪਰ ਜਰਮਨਾਂ ਨੇ ਆਪਣੀ ਸਲਾਹ ਬਦਲ ਲਈ ਤੇ ਟੈਂਕ ਪਹਿਲਾਂ ਵਾਲੇ ਪਾਸੇ ਹੀ ਰਿੜ੍ਹ ਪਿਆ ਅਤੇ ਤੋਲੋਕਨੋ ਵੀ ਠੰਡਾ ਹੋ ਕੇ ਬੈਠ ਰਿਹਾ।“ਮੂਰਖ ਨਹੀਂ, ਸਭ ਸਮਝਦੇ ਨੇ, ਜਿਊਣਾ ਚਾਹੁੰਦੇ ਨੇ," ਉਸ ਨੇ ਸੋਚਿਆ।

ਜਦੋਂ ਤੋਲੋਕਨੋ ਟੈਂਕ ਅਤੇ ਉਸ ਦਾ ਅਮਲਾ ਹਵਾਲੇ ਕਰ ਕੇ ਆਪਣੇ ਯੂਨਿਟ ਵਿਚ ਵਾਪਸ ਆਇਆ ਤਾਂ ਕਪਤਾਨ ਨੇ ਉਸ ਦਾ ਸ਼ੁਕਰੀਆ ਅਦਾ ਕਰ ਕੇ ਉਹਨੂੰ ਜੱਫੀ ਵਿਚ ਲੈ ਲਿਆ ਤੇ ਚੁੰਮ ਲਿਆ। ਲਾਂਗਰੀ ਨੇ ਆਖਿਆ:

“ਤੇ ਅਸੀਂ ਸੋਚਿਆ ਸੀ, ਕਿ ਤੂੰ ਹੁਣ ਵਾਪਸ ਨਹੀਂ ਆਉਣ ਲੱਗਾ।”

“ਨਹੀਂ,” ਇਵਾਨ ਤੋਲੋਕਨੋ ਨੇ ਜਵਾਬ ਦਿੱਤਾ।“ਮੈਂ ਹਮੇਸ਼ਾ ਆਵਾਂਗਾ। ਤੂੰ ਹਮੇਸ਼ਾ ਮੇਰੀ ਰੋਟੀ ਰੱਖ ਛੱਡਿਆ ਕਰੀਂ।"

  • ਮੁੱਖ ਪੰਨਾ : ਆਂਦਰੇਈ ਪਲਾਤੋਨੋਵ ਦੀਆਂ ਰੂਸੀ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •