Pair-Chaal (Punjabi Story) : Jasvir Singh Rana

ਪੈੜ-ਚਾਲ (ਕਹਾਣੀ) : ਜਸਵੀਰ ਰਾਣਾ

ਦੀਵੇ ਦੇ ਚਾਨਣ ਵਿਚ ਪ੍ਰਕਾਸ਼ ਦਾ ਚਿਹਰਾ ਬੜਾ ਡਰਾਉਣਾ ਲੱਗ ਰਿਹੈ। ਖਿੜਕੀ ਵਿਚ ਰੱਖੇ ਦੀਵੇ ਦਾ ਅੱਧਾ ਚਾਨਣ ਬੈਠਕ ਅੰਦਰ ਆ ਰਿਹੈ। ਅੱਧਾ ਬਾਹਰ ਡਿਓਢੀ ਵਿਚ ਆ ਰਿਹੈ। ਮੈਂ ਡਿਓਢੀ ਵਿਚ ਮੰਜੇ ‘ਤੇ ਪਿਆ ਹਾਂ। ਨੀਂਦ ਨੂੰ ਤਾਂ ਅਸੀਂ ਜਿਵੇਂ ਭੁੱਲ ਹੀ ਗਏ ਹਾਂ। ਨਾ ਮੇਰੀ ਅੱਖ ਲੱਗੀ ਹੈ, ਨਾ ਕੱਲ੍ਹ ਦੀ ਪ੍ਰਕਾਸ਼ ਸੁੱਤੀ ਹੈ। ਸੌਣਾ ਤਾਂ ਦੂਰ, ਉਹ ਤਾਂ ਕੱਲ੍ਹ ਦੀ ਬੈਠੀ ਵੀ ਨਹੀਂ। ਬਿੰਦ ਕੁ ਪਿੱਛੋਂ ਖਿੜਕੀ ਕੋਲ ਆ ਕੇ ਮੇਰੇ ਵਲ ਝਾਕਣ ਲੱਗ ਪੈਂਦੀ ਹੈ। ਮੈਥੋਂ ਉਹਦੀ ਹਾਲਤ ਵੇਖੀ ਨਹੀਂ ਜਾਂਦੀ। ਉਂਜ ਤਾਂ ਜਿੱਦਣ ਦੀ ਮੇਰੇ ਮਗਰ ਲੱਗੀ ਹੈ, ਉਹਨੇ ਕੋਈ ਸੁੱਖ ਦਾ ਦਿਨ ਨਹੀਂ ਵੇਖਿਆ। ਪਰ ਆਹ ਬੁੜ੍ਹੇ-ਵਾਰੇ ਆ ਕੇ ਜਿਹੜਾ ਕੁਸ਼ ਵੇਖ ਲਿਆ.. ਸੋਚ ਕੇ ਕੰਬਣੀ ਚੜ੍ਹ ਜਾਂਦੀ ਹੈ। ਪ੍ਰਕਾਸ਼ ਵੀ ਸਰੀਏ ਫੜ ਕੇ ਖਿੜਕੀ ਵਿਚ ਚੜ੍ਹ ਜਾਂਦੀ ਹੈ। ਹੁਣ ਵੀ ਉਹ ਖਿੜਕੀ ਵਿਚ ਚੜ੍ਹੀ ਖੜ੍ਹੀ ਹੈ।

ਸਲਵਾਰ ਲਾਹ ਕੇ ਉਹਨੇ ਹੱਥ ਵਿਚ ਫੜੀ ਹੋਈ ਹੈ। ਦੀਵੇ ਦੇ ਚਾਨਣ ਵਿਚ ਉਹਦੀਆਂ ਨੰਗੀਆਂ ਲੱਤਾਂ ਦਿਸ ਰਹੀਆਂ ਨੇ। ਉਹ ਫਿਰ ਬੋਲਣ ਲੱਗ ਪਈ ਹੈ, “ਹੈਂਅ! ਔਹ ਕੌਣ ਤੁਰਿਆ ਆਉਂਦੈ! ਵੇ ਤੂੰ ਬੋਲਦਾ ਕਿਉਂ ਨੀ, ਹੈਂਅ? ਵੇ ਆਹ ਕੀ….ਆਹ ਕੀ ਕਰਦੈਂ ਤੂੰ! ਵੇ ਤੂੰ!!” ਪ੍ਰਕਾਸ਼ ਦੀ ਆਵਾਜ਼ ਕੰਬਣ ਲੱਗ ਪਈ ਹੈ। ਸਰੀਏ ਛੱਡ ਉਹ ਹੇਠਾਂ ਗਈ ਹੈ। ਉਚੀ-ਉਚੀ ਬੋਲਦੀ ਬੈਠਕ ਅੰਦਰ ਗੇੜੇ ਕੱਢਣ ਲੱਗ ਪਈ ਹੈ। ਉਹਦਾ ਹਰ ਬੋਲ ਮੇਰੇ ਜ਼ਖਮਾਂ ‘ਤੇ ਲੂਣ ਭੁੱਕ ਰਿਹਾ। ਮੇਰਾ ਸਾਰਾ ਸਰੀਰ ਥਾਂ-ਥਾਂ ਤੋਂ ਜਲਿਆ ਪਿਆ ਹੈ। ਹਰ ਜ਼ਖਮ ਟੱਸ-ਟੱਸ ਕਰਦਾ। ਲੋਹੜੇ ਦੀ ਜਲਣ ਹੋ ਰਹੀ ਹੈ। ਜਦੋਂ ਪ੍ਰਕਾਸ਼ ਬੋਲਦੀ ਹੈ ਤਾਂ ਗਰਦਨ ਖਿੜਕੀ ਵਲ ਭੁਆ ਲੈਂਦਾ ਹਾਂ। ਮਨ ਕਾਹਲਾ ਪੈ ਰਿਹਾ। ਭੋਰਾ ਵੀ ਟੇਕ ਨਹੀਂ ਆ ਰਹੀ। ਪਹਿਲਾਂ ਗੁਰਦੁਆਰੇ ਜਾ ਕੇ ਮਨ ਨੂੰ ਟੇਕ ਰਹਿੰਦੀ ਸੀ। ਪਰ ਹੁਣ ਤਾਂ ਕਿੰਨੇ ਹੀ ਚਿਰ ਤੋਂ ਗੁਰਦੁਆਰੇ ਵੀ ਨਹੀਂ ਗਿਆ। ਕਦੇ ਮਨ ਹੀ ਨਹੀਂ ਕੀਤਾ। ਜਿਵੇਂ ਵਿਸ਼ਵਾਸ ਟੁੱਟ ਗਿਆ ਹੁੰਦੈ। ਨਹੀਂ ਮੈਂ ਤਾਂ ਮੀਂਹ ਜਾਵੇ ਹਨ੍ਹੇਰੀ ਜਾਵੇ, ਕਦੇ ਗੁਰਦੁਆਰੇ ਤੋਂ ਨਾਗਾ ਨਹੀਂ ਸੀ ਪਾਇਆ, ਹਮੇਸ਼ਾ ਸਵੇਰੇ ਤਿੰਨ ਵਜੇ ਉਠਦਾ। ਇਸ਼ਨਾਨ ਕਰਕੇ ਸਹੀ ਸਾਢੇ ਤਿੰਨ ਵਜੇ ਗੁਰਦੁਆਰੇ ਸਪੀਕਰ ਵਿਚ ਜਾ ਬੋਲਦਾ,

‘ਸਤਨਾਮ ਵਾਹਿਗੁਰੂ! ਉਠੋ ਨਗਰ ਨਿਵਾਸੀਓ! ਸਾਡੇ ਤਿੰਨ ਵੱਜ ਚੁੱਕੇ ਨੇ! ਉਠ ਕੇ ਇਸ਼ਨਾਨ ਕਰੋ! ਨਾਮ ਜਪੋ ਭਾਈ!’

ਸਪੀਕਰ ਵਿਚ ਬੋਲ ਕੇ ਮੈਂ ਮਹਾਰਾਜ ਦੀ ਹਜ਼ੂਰੀ ਮੂਹਰੇ ਆ ਬੈਠਦਾ। ਹਾਲ ਵਿਚ ਫੈਲਰੀ ਸ਼ਾਂਤੀ ਨੂੰ ਮਨ ਵਿਚ ਉਤਾਰਨ ਲਗਦਾ। ਭਾਈ ਜੀ ਮੇਰੇ ਜਾਣ ਪਿੱਛੋਂ ਚਾਰ ਵਜੇ ਆ ਕੇ ਸਪੀਕਰ ਵਿਚ ਬੋਲਦਾ ਸੀ। ਕਈ ਵਾਰੀ ਚਾਰ ਦੇ ਵੀ ਸਾਢੇ ਚਾਰ ਜਾਂ ਪੰਜ ਹੀ ਵਜਾ ਦਿੰਦਾ। ਹੁਣ ਵੀ ਉਹ ਇਸੇ ਤਰ੍ਹਾਂ ਕਰਦਾ ਹੈ। ਪਰ ਪਿੰਡ ਵਿਚੋਂ ਕਿਸੇ ਨੂੰ ਪਰਵਾਹ ਨਹੀਂ। ਪਹਿਲਾਂ ਜਦੋਂ ਮੈਂ ਕਈ ਬੰਦਿਆਂ ਨੂੰ ਕਿਹਾ ਵੀ ਤਾਂ ਹਰੇਕ ਹੀ ਆਖਦਾ, ‘ਚੱਲ ਤੈਂ ਛੁਣਛੁਣਾ ਲੈਣੈ! ਤੂੰ ਆਵਦਾ ਰਾਮ ਰਾਮ ਕਰਿਆ ਕਰ!’

ਸਰਪੰਚ ਨੇ ਵੀ ਮੈਨੂੰ ਇਸੇ ਤਰ੍ਹਾਂ ਆਖਿਆ ਸੀ। ਭਾਈ ਜੀ ਦੀ ਸ਼ਿਕਾਇਤ ਸੁਣ ਕੇ ਉਹ ਤਾਂ ਮੈਨੂੰ ਖਾਸਾ ਮੰਦਾ-ਚੰਗਾ ਬੋਲਿਆ ਸੀ। ਭਾਈ ਜੀ ਉਹਦਾ ਹੱਥ ਠੋਕਾ ਹੈ। ਮੈਨੂੰ ਸਭ ਪਤੈ ਗੁਰਦੁਆਰੇ ਵਿਚ ਇਹ ਕੀ-ਕੀ ਕੁਕਰਮ ਕਰਦੇ ਨੇ। ਛੀਂਬਿਆਂ ਦੀ ਤੇਜ ਕੁਰ ਨੂੰ ਲੰਗਰ ਵਾਲੇ ਕਮਰੇ ਵਿਚ ਲਈ ਖੜ੍ਹਾ ਭਾਈ ਜੀ ਮੈਂ ਕਈ ਵਾਰੀ ਵੇਖਿਐ। ਪਰ ਮੇਰੀ ਕੋਈ ਸੁਣਦਾ ਹੀ ਨਹੀਂ। ਜਦੋਂ ਸਰਪੰਚ ਨੇ ਪਿੰਡ ਦੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਬਣਾਇਆ। ਉਦੋਂ ਵੀ ਮੇਰੀ ਕਿਸੇ ਨੇ ਨਹੀਂ ਸੁਣੀ ਸੀ। ਸੰਗਰਾਂਦ ਦਾ ਦਿਨ ਸੀ ਓਦਣ। ਗੁਰਦੁਆਰੇ ਭਰਵਾਂ ਇਕੱਠ। ਭੋਗ ਤੋਂ ਬਾਅਦ ਸਰਪੰਚ ਨੇ ਐਲਾਨ ਕੀਤਾ ਸੀ, ‘ਵਾਹਿਗੁਰੂ ਜੀ ਕਾ ਖਾਲਸਾ! ਵਾਹਿਗੁਰੂ ਜੀ ਕੀ ਫਤਿਹ! ਸਾਧ ਸੰਗਤ ਜੀ! ਜੇਕਰ ਤੁਹਾਡੀ ਮਰਜ਼ੀ ਹੈ ਤਾਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵਾਸਤੇ ਮੈਂ ਸ. ਨਗਿੰਦਰ ਸਿੰਘ ਦਾ ਨਾਂ ਪੇਸ਼ ਕਰਦਾ ਹਾਂ!’

ਸਰਪੰਚ ਦੇ ਚੁੱਪ ਕਰਦਿਆਂ ਹੀ ਸਾਰੇ ਲੋਕਾਂ ਨੇ ਬਾਹਾਂ ਖੜ੍ਹੀਆਂ ਕਰ ਦਿੱਤੀਆਂ ਸਨ। ਪਰ ਮੈਂ ਨਹੀਂ ਸੀ ਕਰੀ। ਜਦੋਂ ਲੋਕਾਂ ਦੀਆਂ ਬਾਹਾਂ ਹੇਠਾਂ ਹੋਈਆਂ। ਮੇਰੀ ਬਾਂਹ ਉਠ ਖੜ੍ਹੀ ਸੀ। ਮੈਂ ਖੜਾ ਹੋ ਕੇ ਬੋਲ ਪਿਆ, ‘ਨਗਿੰਦਰ ਬਣੂ ਗੁਰਦੁਆਰੇ ਦਾ ਪ੍ਰਧਾਨ? ਓਏ ਇਹਨੂੰ ਦਸਾਂ ਗੁਰੂਆਂ ਦੇ ਨਾਉਂ ਤਾਂ ਆਉਂਦੇ ਨੀਂ ਹੋਣੇ! ਭਾਮੇਂ ਪੁੱਛ ਕੇ ਦੇਖ ਲੋ!’

‘ਬੋਲੇ ਸੋ ਨਿਹਾਲ! ਸਾਅ ਸਰੀ ਕਾਲ!’

ਮੈਨੂੰ ਖੜ੍ਹਾ ਵੇਖ ਕੇ ਸਰਪੰਚ ਨੇ ਜੈਕਾਰਾ ਛੱਡ ਦਿੱਤਾ। ਮੇਰੀ ਆਵਾਜ਼ ਜੈਕਾਰਿਆਂ ਦੀ ਗੂੰਜ ਹੇਠਾਂ ਦੱਬ ਗਈ ਸੀ।

‘ਏਹਨੂੰ ਕੋਈ ਭੁੱਲ ਲੱਗੀ ਹੋਈ ਐ! ਜਿਹੜਾ ਐਂ ਗੁਰੂ ਘਰ ਵਿਚ ਵੀ ਪੁੱਠਾ ਈ ਬੋਲਦੈ! ਪਾਗਲ ਨੀ ਤਾਂ ਹੋਰ ਕੀ ਐ?’ ਮੇਰੇ ਬਾਰੇ ਲੋਕਾਂ ਦੀ ਰਾਇ ਸੁਣ ਕੇ ਮੈਂ ਸੁੰਨ ਹੋ ਗਿਆ ਸੀ।

ਸੁੰਨ ਤਾਂ ਮੈਂ ਓਦਣ ਵੀ ਹੋ ਗਿਆ ਸੀ ਜਿੱਦਣ ਸਰਪੰਚ ਪੈਸਿਆਂ ਤੋਂ ਮੁੱਕਰਿਆ। ਮੈਂ ਉਹਦੇ ਨਾਲ ਸੀਰਪੁਣਾ ਕੀਤਾ। ਕੋਈ ਵੈਲ-ਐਬ ਮੈਨੂੰ ਨਹੀਂ। ਫਜ਼ੂਲ ਖਰਚ ਮੈਂ ਨੀ ਕਰਦਾ। ਪਰ ਘਰ ਦਾ ਗੱਡਾ ਫਿਰ ਵੀ ਪੂਰਾ ਜ਼ੋਰ ਲਾ ਕੇ ਹੀ ਰੁੜ੍ਹਦਾ। ਜਦੋਂ ਮੈਂ ਸਰਪੰਚ ਨਾਲੋਂ ਹਟਿਆ, ਉਹਦੇ ਵਲ ਮੇਰਾ ਸੱਤ ਹਜ਼ਾਰ ਵਧਦਾ ਸੀ। ਉਹਨੇ ਵੀ ਕਿਹਾ ਸੀ, ‘ਕੋਈ ਨੀ ਸੰਤੋਖ ਸਿਆਂ! ਤੇਰਾ ਇਹ ਸੱਤ ਹਜ਼ਾਰ ਮੇਰੇ ਵਲ ਨਿਕਲਦਾ! ਕੋਈ ਨੀ ਪੰਜ-ਚਾਰ ਦਿਨਾਂ ‘ਚ ਲੈ ਜੀਂ!’

ਹਫਤੇ ਬਾਅਦ ਜਦੋਂ ਮੈਂ ਪੈਸੇ ਲੈਣ ਗਿਆ। ਸਰਪੰਚ ਨੇ ਫਿਰ ਹਫਤੇ ਦੀ ਤਰੀਕ ਪਾ ਦਿੱਤੀ ਸੀ। ਕਈ ਵਾਰੀ ਐਕਣੇ ਹੋਇਆ। ਮੈਂ ਜਦੋਂ ਵੀ ਜਾਂਦਾ ਉਹ ਲਾਰਾ ਲਾ ਦਿੰਦਾ। ਜਦੋਂ ਦੋ ਮਹੀਨੇ ਟੱਪ ਗਏ ਮੈਨੂੰ ਖਿਝ ਚੜ੍ਹਨ ਲੱਗ ਪੀ। ਮੇਰਾ ਦਵਾਈਆਂ ਦਾ ਖਰਚਾ ਵਧਦਾ ਜਾ ਰਿਹਾ ਸੀ। ਟੀ.ਬੀ. ਦੀ ਦਵਾਈ ਵੀ ਬੜੀ ਮਹਿੰਗੀ ਸੀ। ਭਾਵੇਂ ਮੈਂ ਹਸਪਤਾਲ ਵਿਚੋਂ ਰੈਡ ਕਰਾਸ ਦੀ ਦੁਕਾਨ ਤੋਂ ਲੈਂਦਾ। ਪਰ ਦਵਾਈ ਫਿਰ ਵੀ ਮਹਿੰਗੀ ਪੈਂਦੀ। ਮਹਿੰਗਾ ਤਾਂ ਮੈਨੂੰ ਸਰਪੰਚ ਨਾਲ ਸੀਰਪੁਣਾ ਵੀ ਪੈਂਦਾ ਸੀ। ਜਦੋਂ ਦੀ ਮੈਨੂੰ ਟੀ.ਬੀ. ਹੋਈ ਤੇ ਮੈਂ ਦਵਾਈ ਖਾਣ ਲੱਗਿਆ। ਸਰੀਰ ਝੂਠਾ ਪੈਣ ਲੱਗ ਪਿਆ ਸੀ। ਦਵਾਈ ਬਹੁਤ ਤਿੱਖੀ ਸੀ ਤੇ ਖੁਰਾਕ ਮੇਰੀ ਮਾੜੀ। ਮੈਂ ਕਮਜ਼ੋਰ ਪੈ ਰਿਹਾ ਸੀ।

ਦੱਸਣ ਜੋਗਾ ਵੀ ਨਹੀਂ ਸੀ। ਨਹੀਂ ਤਾਂ ਸਰਪੰਚ ਟੀ.ਬੀ. ਦਾ ਨਾਂ ਸੁਣਨਸਾਰ ਹਟਾ ਦਿੰਦਾ। ਦਵਾਈ ਵੀ ਮੈਂ ਚੋਰੀ ਖਾਂਦਾ ਸੀ। ਕੰਮ ਕਰਨ ਦੀ ਰਫਤਾਰ ਵੀ ਘਟ ਗਈ ਸੀ। ਜਦੋਂ ਸਰੀਰ ਬਹੁਤਾ ਹੀ ਡਾਊਨ ਹੁੰਦਾ, ਮੈਂ ਛੁੱਟੀ ਲੈ ਲੈਂਦਾ। ਮੇਰਾ ਮੁੰਡਾ ਭਿੰਡਰ ਲਫੈਂਡ ਨਿਕਲ ਗਿਆ। ਉਹਨੇ ਕਦੇ ਡੱਕਾ ਦੂਹਰਾ ਨਹੀਂ ਕਰਿਆ। ਮੇਰੀ ਕਦੇ ਇਕ ਨਹੀਂ ਮੰਨੀ। ਨਹੀਂ ਤਾਂ ਆਪਣੀ ਥਾਂ ਮੈਂ ਉਹਨੂੰ ਭੇਜ ਦਿੰਦਾ। ਛੁੱਟੀ ਦੀ ਸਰਪੰਚ ਦਿਹਾੜੀ ਕੱਟ ਲੈਂਦਾ। ਓਨਾ ਦੁੱਖ ਮੈਨੂੰ ਦਿਹਾੜੀਆਂ ਕੱਟਣ ਦਾ ਨਹੀਂ ਸੀ ਹੁੰਦਾ, ਜਿੰਨਾ ਸਰਪੰਚ ਦੇ ਮੁੰਡੇ ਸ਼ੈਂਟੀ ਦੀ ਕਰਤੂਤ ਵੇਖ ਕੇ ਹੋਇਆ ਸੀ।

ਸ਼ੈਂਟੀ ਦਾ ਖਿਆਲ ਆਉਂਦਿਆਂ ਹੀ ਮੈਨੂੰ ਖਿਝ ਚੜ੍ਹਨ ਲੱਗ ਪਈ ਹੈ। ਜ਼ਖਮਾਂ ਦੀ ਜਲਣ ਵਧ ਗਈ ਹੈ। ਬੈਠਕ ਅੰਦਰ ਪ੍ਰਕਾਸ਼ ਅਜੀਬ ਜਿਹੀਆਂ ਆਵਾਜ਼ਾਂ ਕੱਢ ਰਹੀ ਹੈ। ਮੰਜੇ ‘ਤੇ ਪਿਆ ਮੈਂ ਦੀਵੇ ਦੀ ਲੋਅ ਵਲ ਵੇਖ ਰਿਹਾ ਹਾਂ। ਵੇਖਣ ਤੋਂ ਸਿਵਾ ਮੈਂ ਕਰ ਵੀ ਕੀ ਸਕਦਾਂ? ਹੁਣ ਤੱਕ ਮੈਂ ਕਰ ਵੀ ਕੀ ਲਿਆ? ਵੇਖਦੇ ਹੀ ਵੇਖਦੇ ਸਾਰਾ ਪਿੰਡ ਮੈਨੂੰ ਪਾਗਲ ਸਮਝਣ ਲੱਗ ਪਿਆ। ਪਰ ਮੈਂ ਕਿਸੇ ਨੂੰ ਨਹੀਂ ਸਮਝਾ ਸਕਿਆ। ਉਂਜ ਕੋਈ ਮੇਰੀ ਗੱਲ ਸੁਣਦਾ ਵੀ ਨਹੀਂ। ਹੋਰ ਤਾਂ ਕਿਸ ਨੇ ਸੁਣਨੀ ਹੈ। ਮੇਰੇ ਸਕੇ ਭਾਈ ਨੇ ਨਹੀਂ ਸੁਣੀ ਸੀ ਜਦੋਂ ਮੈਂ ਉਹਨੂੰ ਆਖਿਆ, ”ਗੁਰਪ੍ਰੀਤ ਨੂੰ ਡਾਕਟਰ ਦੇ ਹਸਪਤਾਲ ‘ਚੋਂ ਹਟਾ ਲੈ ਬਾਈ! ਵਿਆਹ ਕਰਦੇ ਉਹਦਾ! ਮੈਂ ਉਹਨੂੰ…!’ ‘ਢਕਿਆ ਰਹਿ ਓਏ ਸੰਤੋਖ! ਦਿਮਾਗ ਹਿੱਲ ਗਿਆ ਤੇਰਾ! ਇਹ ਤਾਂ ਤੂੰ ਹੈ ਈ ਮੇਰਾ ਭਾਈ! ਜੇ ਕੋਈ ਹੋਰ ਕਹਿੰਦਾ ਮੈਂ ਦੁਫਾੜ ਕਰ ਦਿੰਦਾ ਸਾਲੇ ਨੂੰ… ਨਾਲੇ ਐਂ ਕਹਿ ਬਈ ਸਾਡੇ ਘਰੇ ਆਉਂਦੇ ਚਾਰ ਪੈਸੇ ਤੈਥੋਂ ਜਰ ਨੀ ਹੁੰਦੇ!’ ਮੇਰੀ ਗੱਲ ਸੁਣ ਕੇ ਉਹ ਮੇਰੇ ਹੀ ਮਗਰ ਪੈ ਗਿਆ ਸੀ। ਮੈਂ ਮਸਾਂ ਖਹਿੜਾ ਛੁਡਾਇਆ, ਮੇਰਾ ਭਾਈ ਸਰਪੰਚ ਦਾ ਚਮਚਾ ਹੈ ਤੇ ਸਰਪੰਚ ਚਾਂਦੀ ਦਾ ਚਮਚਾ। ਜਿਹੜਾ ਵੀ ਉਹਦੇ ਨਾਲ ਖਾਣ ਲੱਗ ਪਿਆ ਉਹਨੂੰ ਦਿਸਣੋਂ ਹਟ ਜਾਂਦਾ। ਇਹੋ ਹਾਲ ਮੇਰੇ ਭਾਈ ਦਾ ਹੈ। ਉਹ ਵੀ ਅੰਨ੍ਹਾ ਹੋਇਆ ਪਿਐ। ਪਰ ਓਦਣ ਜੋ ਕੁਝ ਮੈਂ ਵੇਖਿਆ, ਉਹ ਅੱਜ ਤੱਕ ਨਹੀਂ ਭੁੱਲਦਾ। ਸਰੀਰ ਬਹੁਤਾ ਹੀ ਡਾਊਨ ਹੋਣ ਕਾਰਨ ਮੈਂ ਛੁੱਟੀ ਲਈ ਹੋਈ ਸੀ। ਦਿਨ ਤਾਂ ਔਖਾ-ਸੌਖਾ ਨਿਕਲ ਗਿਆ ਪਰ ਰਾਤ ਨੂੰ ਮੈਂ ਬਹੁਤਾ ਔਖਾ ਹੋ ਗਿਆ। ਦਿਮਾਗ ਨੂੰ ਚੱਕਰ ਜਿਹਾ ਚੜ੍ਹ ਗਿਆ। ਰਾਤ ਨੂੰ ਗਿਆਰਾਂ ਕੁ ਵਜੇ ਜਦੋਂ ਸਰੀਰ ਬਹੁਤਾ ਹੀ ਟੁੱਟਣ ਲੱਗ ਪਿਆ ਤਾਂ ਮੈਂ ਘਰੋਂ ਨਿਕਲ ਕੇ ਖੇਤਾਂ ਵਲ ਨੂੰ ਤੁਰ ਪਿਆ। ਤੁਰਦਾ-ਤੁਰਦਾ ਜਦੋਂ ਮੈਂ ਸਰਪੰਚ ਦੀ ਮੋਟਰ ਕੋਲ ਪਹੁੰਚਿਆ। ਮੇਰਾ ਮੱਥਾ ਠਣਕਿਆ। ਮੋਟਰ ‘ਤੇ ਮਰੂਤੀ ਕਾਰ ਖੜੀ ਸੀ। ਕੌਣ ਹੈ? ਵੇਖਣ ਲਈ ਮੈਂ ਖੱਤੇ ਵਿਚ ਇਕ ਵੱਟ ‘ਤੇ ਬੈਠ ਗਿਆ। ਖਾਸੇ ਚਿਰ ਬਾਅਦ ਜਦੋਂ ਕਾਰ ਦੀ ਟਾਕੀ ਖੁੱਲ੍ਹੀ। ਵਿਚੋਂ ਸ਼ੈਂਟੀ ਬਾਹਰ ਨਿਕਲਿਆ। ਉਹਦੇ ਮਗਰੇ ਮੇਰੀ ਭਤੀਜੀ ਗੁਰਪ੍ਰੀਤ ਕੱਪੜੇ ਸੁਆਰਦੀ ਨਿਕਲੀ। ਔਲੂ ਤੋਂ ਹੱਥ ਧੋ ਕੇ ਦੋਵੇਂ ਫਿਰ ਕਾਰ ਵਿਚ ਬੈਠ ਗਏ। ਵੱਟ ‘ਤੇ ਬੈਠਾ ਹੀ ਮੈਂ ਜਿਵੇਂ ਧਰਤੀ ਵਿਚ ਗੱਡਿਆ ਗਿਆ ਹੋਵਾਂ। ਮੈਨੂੰ ਦੰਦਲ ਪੈਣ ਵਾਲੀ ਹੋ ਗਈ। ਕਾਰ ਚਲੀ ਗਈ। ਮੇਰੀਆਂ ਲੱਤਾਂ ਵਿਚੋਂ ਜਾਨ ਨਿਕਲ ਗਈ ਸੀ। ਪੂਰਾ ਘੰਟਾ ਮੈਨੂੰ ਉਠਣ ਲਈ ਲੱਗਿਆ ਹੋਣਾ। ਇਸੇ ਗੱਲ ਕਰਕੇ ਮੈਂ ਸਰਪੰਚ ਦਾ ਸੀਰਪੁਣਾ ਛੱਡਿਆ। ਬਿਮਾਰੀ ਤਾਂ ਦੂਜੇ ਨੰਬਰ ਦੀ ਗੱਲ ਹੈ। ਗੁਰਪੀਤ ਤੇ ਸ਼ੈਂਟੀ ਵਾਲੀ ਘਟਨਾ ਮੇਰੇ ਦਿਮਾਗ ਨੂੰ ਚੰਬੜ ਗਈ ਸੀ। ਉਸੇ ਕਾਰਨ ਮੈਨੂੰ ਹਰ ਵਕਤ ਖਿਝ ਚੜ੍ਹੀ ਰਹਿੰਦੀ। ਉਸ ਖਿਝ ਦਾ ਮਾਰਿਆ ਹੀ ਮੈਂ ਸਰਪੰਚ ਮੂਹਰੇ ਬੋਲ ਪਿਆ ਸੀ, ‘ਬਥੇਰੀ ਅੱਗ ਲਗਦੀ ਐ ਪੈਸਿਆਂ ਦੀ! ਚੌਥਾ ਮਹੀਨਾ ਚਲਦੈ! ਹੁਣ ਤਾਂ ਮੇਰੇ ਪੈਸੇ ਦੇ ਦੇਹ!”

‘ਬੋਲਦਾ ਕਿਮੇਂ ਐਂ ਓਏ ਤੂੰ ਢੇਡਾ! ਜਾਹ ਮੈਂ ਨੀ ਦਿੰਦਾ ਪੈਸੇ! ਕੱਢ ਲੈ ਜਿਹੜਾ ਸੱਪ ਕੱਢਣੈ! ਮੈਂ ਤਾਂ ਕਹੂੰ ਤੂੰ ਮੈਥੋਂ ਪੈਸੇ ਲੈ ਗਿਆ ਤੀ! ਹੋਰ ਬੋਲ?’ ਗਾਲ੍ਹਾਂ ਕੱਢਦਾ ਹੋਇਆ ਸਰਪੰਚ ਸਾਫ ਹੀ ਮੁੱਕਰ ਗਿਆ ਸੀ।

ਸਰਪੰਚ ਬੰਦਾ ਨਹੀਂ ਪੈਸਿਆਂ ‘ਤੇ ਬੈਠਣ ਵਾਲਾ ਸੱਪ ਹੈ। ਜਿੱਧਰ ਵੀ ਇਹ ਪੈਸਾ ਵੇਖਦੈ, ਫਰਾਟਾ ਮਾਰ ਕੇ ਫਨ ਹੇਠਾਂ ਕਰ ਲੈਂਦੈ। ਚਾਰ ਪੈਸੇ ਵੀ ਇਹ ਉਥੇ ਖਰਚਦੈ ਜਿਥੋਂ ਦਸ ਬਣ ਕੇ ਮੁੜਨ ਦੀ ਆਸ ਹੁੰਦੀ ਹੈ। ਕਿੰਨੇ ਹੀ ਚਿਰ ਤੋਂ ਸਰਪੰਚੀ ਇਹਦੇ ਹੱਥ ਵਿਚ ਹੈ। ਸਾਰਾ ਪਿੰਡ ਇਹਦਾ ਪਾਣੀ ਭਰਦੈ। ਲੋਕਾਂ ਦੀ ਅਕਲ ‘ਤੇ ਕੋਈ ਪੜ੍ਹਦਾ ਪੈ ਗਿਆ ਹੈ। ਕਿਸੇ ਨੂੰ ਕੁਝ ਦਿਸਦਾ ਹੀ ਨਹੀਂ। ਪਤਾ ਨਹੀਂ ਕੋਈ ਕੁਝ ਵੇਖਣਾ ਹੀ ਨਹੀਂ ਚਾਹੁੰਦਾ।

‘ਦੇਖ! ਐਧਰ ਦੇਖ! ਦੱਸ ਮੈਂ ਤੈਨੂੰ ਦਿਸਦੀ ਆਂ ਕਿ ਨਹੀਂ!’ ਬੈਠਕ ਵਿਚ ਖਿੜਕੀ ਕੋਲ ਖੜ੍ਹੀ ਪ੍ਰਕਾਸ਼ ਮੈਨੂੰ ਪੁੱਛ ਰਹੀ ਹੈ। ਸਮਝ ਨਹੀਂ ਆਉਂਦੀ ਇਹਨੂੰ ਕੀ ਜਵਾਬ ਦੇਵਾਂ। ਸਰੀਆਂ ਵਿਚ ਦੀ ਹੱਥ ਕੱਢ ਕੇ ਬੈਠਕ ਦੇ ਦਰਵਾਜ਼ੇ ਵਲ ਇਸ਼ਾਰਾ ਕਰ ਰਹੀ ਹੈ। ਦਰਵਾਜ਼ੇ ਨੂੰ ਬਾਹਰੋਂ ਕੁੰਡਾ ਲੱਗਿਆ ਹੋਇਐ। ਕੱਲ੍ਹ ਦੀ ਇਹ ਅੰਦਰ ਬੰਦ ਹੈ। ਮੈਂ ਚਾਹ ਕੇ ਵੀ ਕੁੰਡਾ ਨਹੀਂ ਖੋਲ੍ਹ ਸਕਦਾ। ਚੰਦਰੀ ਨੇ ਇਹ ਦਿਨ ਵੀ ਵੇਖਣੇ ਸਨ। ਸੋਚ ਕੇ ਕਾਲਜਾ ਬਾਹਰ ਨੂੰ ਆਉਂਦੈ। ਮੇਰੇ ਅੰਦਰ ਕੁਝ ਹੈ। ਇਹ ਜੋ ਕੁਝ ਵੀ ਹੈ, ਖਾਸੇ ਚਿਰਾਂ ਤੋਂ ਇਕੱਠਾ ਹੁੰਦਾ ਆ ਰਿਹੈ। ਪਰ ਇਹ ਕੀ ਹੈ? ਮੈਨੂੰ ਸਮਝ ਨਹੀਂ ਆ ਰਹੀ। ਕਦੋਂ ਦਾ ਮਨ ਬਾਹਰ ਜਾਣ ਲਈ ਕਾਹਲਾ ਪੈ ਰਿਹੈ। ਬਿੰਦ ਕੁ ਪਿੱਛੋਂ ਗੁਰਦੁਆਰੇ ਕਿਉਂ ਜਾਣਾ ਚਾਹੁੰਨਾਂ? ਐਨੇ ਚਿਰ ਤੋਂ ਛੱਡੀ-ਛੁਡਾਈ ਗੱਲ ਫਿਰ ਕਿਉਂ? ਅੱਖਾਂ ਬੰਦ ਕਰ ਜਦੋਂ ਦਿਮਾਗ ‘ਤੇ ਜ਼ੋਰ ਪਾਉਨਾਂ। ਚੇਤਿਆਂ ਵਿਚ ਗੁਰਦੁਆਰੇ ਲੱਗੀ ਉਹ ਫੋਟੋ ਆ ਜਾਂਦੀ ਹੈ। ਉਸ ਫੋਟੋ ਵਿਚ ਪਤਾ ਨਹੀਂ ਕੀ ਹੈ, ਜਿਹੜਾ ਮੈਨੂੰ ਆਪਣੇ ਵਲ ਖਿੱਚ ਰਿਹੈ। ਫੋਟੋ ‘ਤੇ ਸੁਰਤੀ ਟਿਕਦਿਆਂ ਹੀ ਬਾਕੀ ਗੁਰਦੁਆਰਾ ਗੈਰਹਾਜ਼ਰ ਹੋ ਜਾਂਦਾ ਹੈ। ਅੱਖਾਂ ਮੂਹਰੇ ਬੱਸ ਉਹ ਫੋਟੋ ਘੁੰਮਣ ਲੱਗ ਪੈਂਦੀ ਹੈ। ਅੱਖਾਂ ਮੂਹਰੇ ਤਾਂ ਮੇਰੇ ਜੱਸੀ ਵੀ ਘੁੰਮਦੀ ਰਹਿੰਦੀ ਹੈ। ਜਿਸ ਰਾਤ ਮੈਂ ਸ਼ੈਂਟੀ ਨੂੰ ਗੁਰਪ੍ਰੀਤ ਨਾਲ ਵੇਖਿਆ। ਮੈਨੂੰ ਜੱਸੀ ਦਾ ਫਿਕਰ ਪੈ ਗਿਆ ਸੀ। ਮਨ ਹੀ ਮਨ ਮੈਂ ਉਹਦੇ ਵਿਆਹ ਦਾ ਢਾਣਸ ਕਰਨ ਬਾਰੇ ਸੋਚਣ ਲੱਗ ਪਿਆ ਸੀ। ਪਰ ਕਿਵੇਂ ਕਰਦਾ? ਸਰਪੰਚ ਪੈਸਿਆਂ ਤੋਂ ਮੁੱਕਰ ਗਿਆ ਸੀ। ਮੈਨੂੰ ਹੀ ਪਤਾ ਮੈਂ ਕਿਵੇਂ ਉਹਦੀ ਡੋਲੀ ਵਿਦਾ ਕੀਤੀ। ਮਿੰਨਤ ਤਰਲਾ ਕਰਕੇ ਕੁਝ ਪੈਸਾ ਰਿਸ਼ਤੇਦਾਰਾਂ ਤੋਂ ਉਧਾਰਾ ਫੜਿਆ। ਕੁਝ ਦਿਨਰਾਤ ਦਿਹਾੜੀ ਕੀਤੀ। ਪਰ ਵਿਆਹ ਤੋਂ ਮਹੀਨਾ ਕੁ ਪਹਿਲਾਂ ਮੁੰਡੇ ਵਾਲਿਆਂ ਨੇ ਐਸੇ ਪੈਰ ਫੈਲਾਏ ਕਿ ਚਾਦਰ ਛੋਟੀ ਰਹਿ ਗਈ ਸੀ। ਜੇ ਵਿਆਹ ਉਨ੍ਹਾਂ ਅਨੁਸਾਰ ਨਾ ਕਰਦਾ, ਉਹ ਰਿਸ਼ਤਾ ਛੱਡਦੇ ਸਨ। ਮੈਂ ਕਸੂਤਾ ਫਸ ਗਿਆ ਸੀ। ਉਹ ਤਾਂ ਭਲਾ ਹੋਵੇ ਉਸ ਬੰਦੇ ਦਾ ਜਿਸ ਨੇ ਮੇਰਾ ਭਲਾ ਕਰਿਆ। ਉਸ ਬੰਦੇ ਬਾਰੇ ਮੈਂ ਇਕ ਦਿਨ ਅਖਬਾਰ ਵਿਚ ਪੜ੍ਹਿਆ। ਉਹ ਕੋਈ ਅਮੀਰ ਬੰਦਾ ਸੀ। ਸ਼ਹਿਰ ਜਿਨ੍ਹਾਂ ਦੇ ਮੈਂ ਦਿਹਾੜੀ ਗਿਆ ਸੀ। ਉਨ੍ਹਾਂ ਦੇ ਅਖਬਾਰ ਵਿਚ ਮੈਂ ਪੜ੍ਹਿਆ ਕਿ ਉਸ ਬੰਦੇ ਨੂੰ ਗੁਰਦੇ ਦੀ ਲੋੜ ਸੀ। ਗੁਰਦਾ ਲੈ ਕੇ ਉਹਨੇ ਤੀਹ ਹਜ਼ਾਰ ਦੇਣਾ ਸੀ। ਮੈਂ ਉਹਨੂੰ ਗੁਰਦਾ ਵੇਚ ਕੇ ਉਹਦੀ ਜਾਨ ਬਚਾਈ, ਉਹਨੇ ਤੀਹ ਹਜ਼ਾਰ ਦੇ ਕੇ ਮੇਰੀ ਇੱਜ਼ਤ ਬਚਾਈ ਸੀ। ਜਦੋਂ ਜੱਸੀ ਦੇ ਪਹਿਲੀ ਕੁੜੀ ਹੋਈ ਤਾਂ ਉਹਦੇ ਸਹੁਰੇ ਬੜਾ ਪਿੱਟੇ ਸਨ। ਜਦੋਂ ਜੱਸੀ ਦੇ ਦੂਜਾ ਬੱਚਾ ਹੋਣਾ ਸੀ ਤਾਂ ਉਹਦੇ ਪ੍ਰਾਹੁਣੇ ਨੇ ਟੈਸਟ ਕਰਵਾ ਲਿਆ। ਗਰਭ ਵਿਚ ਕੁੜੀ ਸੀ। ਉਹਨੇ ਧੱਕੇ ਨਾਲ ਹੀ ਗਰਭਪਾਤ ਕਰਵਾ ਦਿੱਤਾ। ਉਸ ਤੋਂ ਬਾਅਦ ਇਕ ਵਾਰੀ ਫਿਰ ਜੱਸੀ ਦੀ ਕੁੱਖ ਖਾਲੀ ਕਰਵਾ ਦਿੱਤੀ। ਜਦੋਂ ਅਗਲੀ ਵਾਰੀ ਜੱਸੀ ਨੂੰ ਹਮਲ ਹੋਇਆ। ਉਹਦੇ ਪ੍ਰਾਹੁਣੇ ਦਾ ਸੁਭਾਅ ਬਦਲ ਗਿਆ ਸੀ। ਅਚਨਚੇਤ ਹੀ ਉਹ ਕੁੜੀ ਮਾਰ ਲੋਕਾਂ ਦੇ ਖਿਲਾਫ ਹੋ ਗਿਆ ਸੀ। ਜੱਸੀ ਨੂੰ ਵੀ ਉਹ ਖਾਸਾ ਮੋਹ ਜਿਹਾ ਕਰਨ ਲੱਗ ਪਿਆ। ਜੱਸੀ ਹੀ ਦੱਸਦੀ ਸੀ। ਕਹਿੰਦੀ ਇਕ ਦਿਨ ਉਹ ਕਹਿੰਦਾ, ‘ਮੇਰਾ ਤਾਂ ਜੀਅ ਕਰਦਾ ਕੁੜੀਆਂ ਮਾਰਨ ਆਲਿਆਂ ਨੂੰ ਫੜ-ਫੜ ਜੇਲ੍ਹ ਵਿਚ ਸਿੱਟ ਦਿਆਂ!’

ਜੱਸੀ ਉਹਦੇ ਪ੍ਰਭਾਵ ਹੇਠਾਂ ਆ ਗਈ ਸੀ। ਉਸ ਪ੍ਰਭਾਵ ਵਿਚ ਹੀ ਉਹ ਮੁਹੱਲੇ ਦੀ ਇਕ ਗੁਆਂਢਣ ਬਾਰੇ ਦੱਸ ਬੈਠੀ। ਉਸ ਗੁਆਂਢਣ ਨੇ ਟੈਸਟ ਕਰਵਾਇਆ ਕਿ ਕੁੜੀ ਸੀ। ਜੱਸੀ ਦੇ ਪ੍ਰਾਹੁਣੇ ਨੇ ਉਸ ਰਾਹੀਂ ਦਿਨ, ਤਰੀਕ ਤੇ ਦੁਕਾਨ ਪੁੱਛ ਲਈ। ਜਿੱਥੇ ਗੁਆਂਢਣ ਨੇ ਗਰਭਪਾਤ ਕਰਵਾਉਣਾ ਸੀ, ਜੱਸੀ ਦੇ ਪ੍ਰਾਹੁਣੇ ਨੇ ਛਾਪਾ ਮਾਰਨ ਵਾਲਿਆਂ ਨਾਲ ਜਾ ਗੱਲ ਕੀਤੀ। ਗਰਭਪਾਤ ਕਰਨਾ-ਕਰਵਾਉਣਾ ਸਰਕਾਰ ਵਲੋਂ ਕਾਨੂੰਨੀ ਜੁਰਮ ਸੀ। ਜੱਸੀ ਦੇ ਪ੍ਰਾਹੁਣੇ ਨੇ ਛਾਪਾ ਮਾਰਨ ਵਾਲਿਆਂ ਨਾਲ ਪਤਾ ਨਹੀਂ ਕਿਹੜੇ ਤਰੀਕੇ ਨਾਲ ਗੱਲ ਕੀਤੀ। ਗੁਆਂਢਣ ਦਾ ਕੇਸ ਫੜਵਾ ਕੇ ਕਹਿੰਦੇ ਉਹਨੇ ਪੈਸੇ ਲੈ ਲਏ। ਜਦੋਂ ਜੱਸੀ ਨੂੰ ਪਤਾ ਲੱਗਿਆ ਤਾਂ ਉਹ ਬੋਲੀ ਸੀ, ‘ਇਹ ਕੀ ਕੀਤਾ ਤੁਸੀਂ…?’

‘ਮੈਂ ਤਾਂ ਪੁੰਨ ਦਾ ਕੰਮ ਕੀਤਾ! ਇਕ ਰੱਬ ਦੇ ਜੀਅ ਦੀ ਜਾਨ ਬਚਾਈ ਐ! ਉਪਰੋਂ ਦੇਖ ਪੈਸਾ ਡੁੱਕ ਲਿਆ! ਇਨ੍ਹਾਂ ਪੈਸਿਆਂ ਨਾਲ ਹੁਣ ਆਪਾਂ ਘੁੰਮਾਂਗੇ, ਫਿਰਾਂਗੇ, ਐਸ਼ ਕਰਾਂਗੇ!’ ਇਕ ਦਿਨ ਉਹ ਜੱਸੀ ਨੂੰ ਕਿਸੇ ਦੂਰ ਸ਼ਹਿਰ ਘੁਮਾਉਣ ਲੈ ਗਿਆ। ਹੱਡੀਆਂ ਦੀ ਮੁੱਠ ਸੀ ਚੰਦਰੀ। ਸ਼ਹਿਰ ਵਿਚ ਜੱਸੀ ਨੂੰ ਸੋਡੇ ਵਿਚ ਬੇਹੋਸ਼ੀ ਦੀ ਦਵਾਈ ਪਿਲਾ ਪ੍ਰਾਹੁਣਾ ਡਾਕਟਰ ਦੇ ਲੈ ਗਿਆ ਸੀ। ਗਰਭਪਾਤ ਤੋਂ ਤੀਜੇ ਦਿਨ ਹੀ ਘਰੇ ਆ ਕੇ ਜੱਸੀ ਮਰ ਗਈ ਸੀ। ਇਹ ਤਾਂ ਬਾਅਦ ਵਿਚ ਪਤਾ ਲੱਗਿਆ। ਉਹਦੇ ਪ੍ਰਾਹੁਣੇ ਕੋਲ ਗਰਭਪਾਤ ਖਾਤਰ ਪੈਸੇ ਨਹੀਂ ਸਨ।

ਬੜੀ ਜੁਗਤ ਨਾਲ ਉਹਨੇ ਪੈਸਿਆਂ ਦਾ ਹੱਥ ਮਾਰਿਆ ਸੀ। ਪ੍ਰਕਾਸ਼ ਨੇ ਹੱਥ ਅੰਦਰ ਖਿੱਚ ਲਿਆ ਹੈ। ਉਹ ਖਿੜਕੀ ਤੋਂ ਥੋੜ੍ਹਾ ਜਿਹਾ ਪਿਛਾਂਹ ਨੂੰ ਖੜ੍ਹੀ ਹੈ। ਦੋਵੇਂ ਹੱਥਾਂ ਦੀਆਂ ਹਥੇਲੀਆਂ ਅੱਖਾਂ ਕੋਲ ਕਰੀਂ ਧਿਆਨ ਨਾਲ ਵੇਖ ਰਹੀ ਹੈ। ਇਸ ਵਕਤ ਉਹਨੇ ਸਲਵਾਰ ਪਾ ਲਈ ਹੈ। ਜਦੋਂ ਮਨ ਵਿਚ ਆਉਂਦੀ ਹੈ, ਲਾਹ ਕੇ ਹੱਥ ਵਿਚ ਫੜ ਲੈਂਦੀ ਹੈ। ਕੋਈ ਵੀ ਗੱਲ ਉਹਦੇ ਹੱਥ ਵਿਚ ਨਹੀਂ ਰਹੀ। ਮੰਜੇ ਦੀ ਬਾਹੀ ਨੂੰ ਹੱਥ ਪਾ ਕੇ ਉਠਣ ਦੇ ਆਹਰ ਵਿਚ ਹਾਂ। ਦੀਵੇ ਦੀ ਬੱਤੀ ਹੇਠਾਂ ਨੂੰ ਜਾ ਰਹੀ ਹੈ। ਮੇਰੇ ਅੰਦਰੋਂ ਕੁਝ ਉਪਰ ਨੂੰ ਆ ਰਿਹੈ। ਜਲੇ ਹੋਏ ਮਾਸ ਨਾਲ ਬਰਨੌਲ ਦੀ ਗੰਧ ਆ ਰਹੀ ਹੈ। ਖੱਬੇ ਹੱਥ ਨਾਲ ਸਰੀਰ ‘ਤੇ ਤਾਣੀ ਪੱਗ ਲਾਹ ਕੇ ਮਸਾਂ ਉਠਿਆ ਹਾਂ। ਨੇੜੇ ਹੋ ਕੇ ਦੀਵੇ ਦੀ ਬੱਤੀ ਉਚੀ ਕਰ ਦਿੱਤੀ ਹੈ। ਪ੍ਰਕਾਸ਼ ਮੇਰੇ ਵਲ ਝਾਕੀ ਹੈ। ਮੈਂ ਬਾਹਰ ਫੈਲਰੇ ਹਨੇਰੇ ਵਲ ਝਾਕਣ ਲੱਗ ਪਿਆ ਹਾਂ। ਮੇਰਾ ਧਿਆਨ ਬਲਬ ਵਲ ਚਲਿਆ ਗਿਆ ਹੈ। ਹੌਲੀ-ਹੌਲੀ ਲੱਤਾਂ ਘੜੀਸਦਾ ਆਪਣੀ ਜਾਣ ਵਿਚ ਮੈਂ ਸੁੱਚ ਦੱਬਣ ਲੱਗਿਆ ਹਾਂ ਪਰ…! ਕਿੱਡੀ ਵੱਡੀ ਭੁੱਲ ਕਰ ਗਿਆ ਹਾਂ। ਖੱਬੇ ਹੱਥ ਦੀ ਥਾਂ ਮੈਂ ਸੱਜੀ ਬਾਂਹ ਉਪਰ ਚੁੱਕੀ ਖੜ੍ਹਾਂ। ਸੱਜਾ ਹੱਥ ਤਾਂ ਮੇਰੇ ਹੈ ਹੀ ਨਹੀਂ। ਕੂਹਣੀ ਤੋਂ ਅਗਾਂਹ ਗੁੱਟ ਕੋਲ ਸਿਰਫ ਟੁੰਡ ਹੈ। ਹੱਥ ਤੋਂ ਬਗੈਰ।ਜੇ ਹੱਥ ਵੀ ਹੁੰਦਾ ਤਾਂ ਕਿਹੜਾ ਬਲਬ ਨੇ ਜਗਣਾ ਸੀ। ਬਿਜਲੀ ਦਾ ਕੁਨੈਕਸ਼ਨ ਕੱਟੇ ਨੂੰ ਤਾਂ ਕਿੰਨਾ ਹੀ ਚਿਰ ਹੋ ਗਿਆ ਹੈ। ਮੈਥੋਂ ਲਗਾਤਾਰ ਕਈ ਬਿਲ ਨਹੀਂ ਸੀ ਭਰ ਹੋਏ। ਬਿਜਲੀ ਵਾਲੇ ਤਾਰ ਕੱਟ ਗਏ ਸਨ। ਮੁੜ ਕੇ ਲਵਾ ਨਹੀਂ ਹੋਈ। ਓਦੋਂ ਦਾ ਘਰ ਵਿਚ ਦੀਵਾ ਹੀ ਜਗਦਾ ਹੈ।

‘ਦੀਵਾ ਜਗਦੈ ਫੇਰ ਮੈਂ ਕੀ ਕਰਾਂ?’ ਇਹਦਾ ਤਾਂ ਦਿਮਾਗ ਹਿੱਲਿਆ ਹੋਇਆ, ਜੋ ਵੀ ਮਨ ‘ਚ ਆਉਂਦੀ ਐ ਕੱਢ ਮਾਰਦਾ! ਪਰ ਤੁਸੀਂ ਤਾਂ ਯਾਰ ਸਿਆਣੇ ਓਂ ਸਾਰੇ! ਕਿਉਂ ਐਮੇਂ ਪਾਗਲ ਦੀਆਂ ਗੱਲਾਂ ‘ਚ ਆ ਕੇ ਪਾਗਲ ਬਣਦੇ ਓਂ।’ ਮੈਨੂੰ ਸਰਪੰਚ ਦੀ ਆਖੀ ਗੱਲ ਕਦੇ ਵੀ ਨਹੀਂ ਭੁੱਲਦੀ। ਬਿਜਲੀ ਦਾ ਕੁਨੈਕਸਨ ਕੱਟ ਜਾਣ ਵੇਲੇ ਮੈਂ ਕਈ ਬੰਦਿਆਂ ਨੂੰ ਗੱਲ ਦੱਸੀ ਸੀ ਪਰ ਕਿਸੇ ਨੇ ਮੇਰੀ ਇਕ ਨਾ ਸੁਣੀ। ਮੈਂ ਮਸਾਂ ਦੋ ਬੰਦੇ ਆਪਣੇ ਹੱਕ ਵਿਚ ਖੜ੍ਹੇ ਕਰੇ ਸਨ। ਪਰ ਸਰਪੰਚ ਦੀ ਗੱਲ ਸੁਣ ਕੇ ਉਹ ਵੀ ਝੱਗ ਵਾਂਗ ਬੈਠ ਗਏ ਸਨ।

‘ਮੇਰੇ ਨਾਲ ਇਨਸਾਫ ਕਰੋ ਸਰਦਾਰ ਜੀ! ਇਹਨੇ ਮੈਨੂੰ ਪੈਸੇ ਨੀ ਦਿੱਤੇ ਭੋਰਾ ਵੀ! ਮੇਰੇ ਪੈਸੇ ਦਿਵਾਓ ਜੀ ਗਰੀਬ ਬੰਦਾਂ! ਕੋਰਾ ਝੂਠ ਬੋਲਦੈ ਸਰਪੰਚ’ ਜਦੋਂ ਮੈਂ ਬੰਦਿਆਂ ਦੀ ਮਿੰਨਤ ਕੀਤੀ ਤਾਂ ਸਰਪੰਚ ਅੰਦਰੋਂ ਕਾਗਜ਼ ਕੱਢ ਲਿਆਇਆ ਸੀ, ‘ਆਹ ਦੇਖੋ ਕਾਗਜ਼ ‘ਤੇ ਲਿਖਿਆ ਹੋਇਆ ਬਈ ਇਹ ਪੈਸੇ ਲੈ ਗਿਆ ਤੀ! ਦੇਖੋ ਦਿਨ, ਤਰੀਕ ਸਭ ਲਿਖੀ ਹੋਈ ਐ! ਆਹ ਦੇਖੋ ਹੇਠਾਂ ਇਹਦੇ ਦਸਖਤ ਕੀਤੇ ਹੋਏ! ਦੁਬਾਰਾ ਪੈਸੇ ਹੁਣ ਝਾੜਾਂ ਨੂੰ ਲਗਦੇ ਨੇ ਐਥੇ! ਇਹ ਤਾਂ ਕੱਲ੍ਹ ਨੂੰ ਧੋਤੋਂ ਵੀ ਮੰਗ ਸਕਦੈ! ਪਾਗਲਪਣ ਦੇ ਦੌਰੇ ਪੈਂਦੇ ਨੇ ਇਹਨੂੰ! ਮੈਂ ਸਹੁੰ ਖਾ ਕੇ ਕਹਿਨਾਂ!” ‘ਨ… ਹੀਂ…! ਸੌਹਾਂ ਤਾਂ ਝੂਠੇ ਖਾਂਦੇ ਹੁੰਦੇ ਨੇ?’ ਸਰਪੰਚ ਦੀਆਂ ਗੱਲਾਂ ਸੁਣ ਕੇ ਨਾਲ ਗਏ ਬੰਦੇ ਵੀ ਮੈਨੂੰ ਪਾਗਲ ਸਮਝਣ ਲੱਗ ਪਏ ਸਨ। ਉਨ੍ਹਾਂ ਮੇਰੀ ਇਕ ਨਾ ਸੁਣੀ। ਮੈਂ ਸਾਰੀ ਗੱਲ ਸਮਝ ਗਿਆ ਸੀ। ਓਦਣ ਮੈਨੂੰ ਪਹਿਲੀ ਵਾਰੀ ਚਾਰ ਅੱਖਰ ਪੜ੍ਹੇ ਹੋਣ ਦਾ ਅਫਸੋਸ ਹੋਇਆ। ਸਰਪੰਚ ਦੇ ਮੁੰਡੇ ਸ਼ੈਂਟੀ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ। ਉਹ ਕਿਸੇ ਦੇ ਵੀ ਜਾਅਲੀ ਦਸਤਖਤ ਕਰਨ ਵਿਚ ਮਾਹਿਰ ਹੈ। ਮੇਰੇ ਵੀ ਉਹਨੇ ਹੀ ਕਰ ਦਿੱਤੇ ਸਨ। ਮੈਂ ਕੁਝ ਨਹੀਂ ਸੀ ਕਰ ਸਕਿਆ। ਹੋਰ ਬੋਲਣ ਵਿਚ ਸਰਪੰਚ ਨੇ ਮੈਨੂੰ ਹੀ ਪਾਗਲ ਸਾਬਤ ਕਰਨਾ ਸੀ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦੀ ਚੋਣ ਮੌਕੇ ਵੀ ਮੈਂ ਹੀ ਪਾਗਲ ਸਿੱਧ ਹੋਇਆ ਸੀ। ਪਰ ਜੱਸੀ ਦੇ ਸੰਸਕਾਰ ਵੇਲੇ ਤਾਂ…।

ਮੈਨੂੰ ਬਾਅਦ ਵਿਚ ਗੱਲ ਸਮਝ ਆਈ। ਦੋ-ਚਾਰ ਬੰਦੇ ਲੈ ਕੇ ਮੈਂ ਜੱਸੀ ਦੀ ਲਾਸ਼ ਪਿੰਡ ਲਿਆਇਆ ਸੀ। ਮੇਰਾ ਮੁੰਡਾ ਭਿੰਦਰ ਹਰਖ ਵਿਚ ਅੰਨ੍ਹਾ ਹੋਇਆ ਪਿਆ ਸੀ। ਮੈਂ ਉਹਨੂੰ ਮਸਾਂ ਟਿਕਾ ਕੇ ਰੱਖਿਆ। ਜੱਸੀ ਦੀ ਲਾਸ਼ ਲਿਜਾ ਕੇ ਘਰੇ ਰੱਖ ਲਈ, ਸਾਡੇ ਆਉਂਦਿਆਂ ਨੂੰ ਭਿੰਦਰ ਘਰੋਂ ਭੱਜ ਗਿਆ ਸੀ। ਜੱਗ ਦਿਖਾਵੇ ਲਈ ਲੋਕ ਅਫਸੋਸ ਕਰਨ ਆ ਰਹੇ ਸਨ। ਜਦੋਂ ਨੁਹਾ-ਧੁਹਾ ਕੇ ਜੱਸੀ ਦੀ ਲਾਸ਼ ਅਰਥੀ ‘ਤੇ ਰੱਖੀ। ਪ੍ਰਕਾਸ਼ ਰੋਂਦੀ-ਰੋਂਦੀ ਬੇਹੋਸ਼ ਹੋ ਗਈ ਸੀ। ਤੀਵੀਆਂ ਉਹਨੂੰ ਸੁਰਤ ਵਿਚ ਲਿਆਉਣ ਲੱਗ ਪਈਆਂ। ਮੈਂ ਬੰਦਿਆਂ ਵਿਚ ਨੀਵੀਂ ਪਾਈ ਬੈਠਾ ਸੀ ਜਦੋਂ ਸਰਪੰਚ ਆਇਆ। ਉਹਨੇ ਵੀ ਪਹਿਲਾਂ ਤਾਂ ਰਸਮੀ ਜਿਹਾ ਅਫਸੋਸ ਕੀਤਾ। ਫਿਰ ਮੈਨੂੰ ਉਠਾਲ ਕੇ ਪਰ੍ਹਾਂ ਨੂੰ ਲੈ ਗਿਆ। ਜਦੋਂ ਲੋਕ ਜੱਸੀ ਦੀ ਲਾਸ਼ ‘ਤੇ ਚਿੱਟੀ ਚਾਦਰ ਦੇ ਰਹੇ ਸਨ ਸਰਪੰਚ ਮੇਰੇ ਕੰਨ ਕੋਲ ਮੂੰਹ ਕਰਕੇ ਕਹਿੰਦਾ, ‘ਸੰਤੋਖ ਸਿਆਂ! ਔਹ ਮੜ੍ਹੀਆਂ ਵੀ ਮੇਰੀਆਂ ਬਣਵਾਈਆਂ ਹੋਈਆਂ ਨੇ! ਜੇ ਪਿਉ ਦਾ ਪੁੱਤ ਐਂ ਪਹਿਲਾਂ ਚਮਾਰਾਂ ਨੂੰ ਕਹਿ ਕੇ ਅੱਡ ਮੜ੍ਹੀਆਂ ਬਣਵਾ! ਫੇਰ ਉਥੇ ਕੁੜੀ ਦਾ ਸਸਕਾਰ ਕਰੀਂ!’

ਮੇਰੇ ਕੰਨਾਂ ਵਿਚ ਲਾਵਾ ਡੋਲ੍ਹ ਕੇ ਸਰਪੰਚ ਬਾਹਰ ਚਲਿਆ ਗਿਆ ਸੀ। ਲੋਕਾਂ ਨੂੰ ਆਖ ਗਿਆ ਕਿ ਜ਼ਰੂਰੀ ਕੰਮ ਹੈ, ਨਹੀਂ ਤਾਂ ਰੁਕਦਾ। ਸਰਪੰਚ ਦੀ ਗੱਲ ਸੁਣ ਕੇ ਇਕ ਚੀਕ ਬਾਹਰ ਨੂੰ ਆਉਣ ਦੀ ਥਾਂ ਮੇਰੇ ਅੰਦਰ ਨੂੰ ਉਤਰ ਗਈ। ਮੇਰੇ ਮਨ ਵਿਚ ਕਈ ਵਿਚਾਰ ਉਠੇ ਸਨ। ਪਹਿਲਾਂ ਤਾਂ ਮਨ ਵਿਚ ਆਈ ਕਿ ਭੱਜ ਕੇ ਸਰਪੰਚ ਨੂੰ ਆਖਾਂ,
‘ਮੜ੍ਹੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ! ਤੂੰ ਕੌਣ ਹੁੰਨਾਂ ਰੋਕਣ ਆਲਾ?’ ਫਿਰ ਜੀਅ ਕੀਤਾ ਕਿ ਗੱਲ ਲੋਕਾਂ ਨੂੰ ਦੱਸ ਦੇਵਾਂ। ਪਰ ਦੋਵਾਂ ਵਿਚੋਂ ਕੋਈ ਵੀ ਗੱਲ ਨਹੀਂ ਕਰ ਸਕਿਆ ਸੀ। ਮੈਨੂੰ ਮੋਈ ਕੁੜੀ ਦੀ ਮਿੱਟੀ ਖਰਾਬ ਹੋ ਜਾਣ ਦਾ ਡਰ ਚਿੰਬੜ ਗਿਆ ਸੀ। ਮੈਂ ਗੱਲ ਨੂੰ ਅੰਦਰੋ-ਅੰਦਰੀ ਪੀ ਗਿਆ। ਕੁਝ ਚਿਰ ਤਾਂ ਢਿੱਡ ਵਿਚ ਵੱਟ ਜਿਹਾ ਉਠਿਆ। ਫਿਰ ਮੈਨੂੰ ਤੀਵੀਆਂ ਦਾ ਚੀਕ-ਚਿਹਾੜਾ ਸੁਣਨੋਂ ਹਟ ਗਿਆ ਸੀ। ਸੱਥਰ ‘ਤੇ ਬੈਠੇ ਲੋਕ ਕੀੜੇ-ਮਕੌੜਿਆਂ ਵਰਗੇ ਜਾਪੇ। ਇਸ ਤਰ੍ਹਾਂ ਜਾਪਿਆ ਜਿਵੇਂ ਸਾਰਿਆਂ ਦੇ ਮੂੰਹਾਂ ਵਿਚ ਕੁਝ ਨਾ ਕੁਝ ਹੁੰਦੈ। ਮੂੰਹ ਬੰਦ ਕਰੀ ਸਾਰੇ ਆਪੋ-ਆਪਣੀਆਂ ਖੱਡਾਂ ਵਲ ਨੂੰ ਰੀਂਗ ਰਹੇ ਸਨ। ‘ਚੱਲ ਸੰਤੋਖ ਸਿਆਂ… ਮਿੱਟੀ ਕਿਉਂਟੀਏ ਚੰਦਰੀ ਦੀ! ਸੋਚਣ ਨਾਲ ਭਾਈ ਹੁਣ ਕੀ ਬਣਨਾ!’ ਸੋਚੀਂ ਪਏ ਕਈ ਜਣੇ ਮੇਰੀ ਬਾਂਹ ਹਲੂਣ ਰਹੇ ਸਨ। ਉਹ ਪਤਾ ਨਹੀਂ ਕੀ ਸੋਚ ਰਹੇ ਸਨ। ਪਰ ਜੋ ਮੈਂ ਸੋਚ ਰਿਹਾ ਸੀ, ਉਹ ਕੋਈ ਨਹੀਂ ਸੀ ਸੋਚ ਰਿਹਾ। ਮੈਨੂੰ ਨਹੀਂ ਸੁਰਤ ਕਦੋਂ ਅਰਥੀ ਤਿਆਰ ਹੋਈ। ਕਦੋਂ ਮੈਂ ਅਰਥੀ ਹੇਠਾਂ ਮੋਢਾ ਦੇ ਕੇ ਮੂਹਰੇ ਲੱਗ ਲਿਆ। ਬਰਾਬਰ ਮੋਢਾ ਦੇਈ ਮੇਰਾ ਭਾਈ ਤੁਰ ਰਿਹਾ ਸੀ। ਮੇਰੇ ਨਾਲ-ਨਾਲ ਸਰਪੰਚ ਦੀ ਆਖੀ ਗੱਲ ਤੁਰ ਰਹੀ ਸੀ। ਪਲੋ-ਪਲ ਇਕ ਘੁਮੇਰ ਜਿਹੀ ਸਿਰ ਵਲ ਨੂੰ ਵਧ ਰਹੀ ਸੀ। ਮੜ੍ਹੀਆਂ ਤੋਂ ਥੋੜ੍ਹਾ ਜਿਹਾ ਉਰ੍ਹਾਂ ਜਦੋਂ ਮੋਢਾ ਬਦਲਣ ਲਈ ਅਰਥੀ ਹੇਠਾਂ ਰੱਖੀ। ਮੇਰਾ ਦਿਮਾਗ ਘੁੰਮਣ ਲੱਗ ਪਿਆ ਸੀ। ਜਦੋਂ ਮੈਂ ਚਿਖਾ ਨੂੰ ਅੱਗ ਦਿੱਤੀ। ਸਿਵਾ ਧੂੰ-ਧੂੰ ਕਰਕੇ ਮੱਚ ਉਠਿਆ। ਸਾਰੇ ਲੋਕ ਮੇਰੇ ਮੂੰਹ ਵਲ ਵੇਖ ਰਹੇ ਸਨ। ਮੈਂ ਸਿਵੇ ਦੀ ਅੱਗ ਵਿਚ ਦੀ ਮੜ੍ਹੀਆਂ ਵਲ ਵੇਖ ਰਿਹਾ ਸੀ। ਮੜ੍ਹੀਆਂ ਦਾ ਉਚਾ-ਲੰਮਾ ਕੀਮਤੀ ਗੇਟ। ਚਾਰ ਦੀਵਾਰੀ ਵਿਚ ਫੁੱਲਾਂ-ਬੂਟਿਆਂ ਦੀਆਂ ਕਿਆਰੀਆਂ, ਸੀਮਿੰਟ ਦੇ ਥੜ੍ਹਿਆਂ ਉਪਰ ਟੀਨ ਦੇ ਸ਼ੈਡ, ਥਾਂ-ਥਾਂ ‘ਤੇ ਲੋਕਾਂ ਦੇ ਬੈਠਣ ਲਈ ਸੀਮਿੰਟ ਦੇ ਥੜ੍ਹੇ। ਪੱਕੀਆਂ ਇੱਟਾਂ ਦਾ ਰਸਤਾ। ਪਰ ਪੱਕੀਆਂ ਮੜ੍ਹੀਆਂ ਵਿਚ ਆਉਣ ਵਾਲੇ ਲੋਕ ਕਿੰਨੇ ਕੱਚੇ ਹੋ ਗਏ ਸਨ। ਮੈਨੂੰ ਸਭ ਕੁਝ ਦਿਸ ਰਿਹਾ ਸੀ।

‘ਚਲੋ ਬਸ ਹੁਣ! ਕੀ ਦੇਖੀ ਜਾਨੈ ਸੰਤੋਖ ਸਿਆਂ, ਹੁਣ ਕੀ ਐ ਐਥੇ ਭਾਈ! ਚੱਲ ਘਰੇ ਚੱਲ ਹੁਣ!’ ਲੋਕਾਂ ਦੇ ਕਹਿਣ ‘ਤੇ ਮੈਂ ਘਰੇ ਤਾਂ ਆ ਗਿਆ ਸੀ। ਪਰ ਸਾਰੀ ਰਾਤ ਮੈਨੂੰ ਸਰਪੰਚ ਦੀ ਆਖੀ ਗੱਲ ਹੀ ਦਿਸਦੀ ਰਹੀ।

‘ਓਧਰ ਨੂੰ ਕੀ ਦੇਖਦੈਂ? ਐਧਰ ਦੇਖ, ਐਧਰ!’ ਮੇਰੀ ਪਿੱਠ ਪਿੱਛੋਂ ਪ੍ਰਕਾਸ਼ ਦੀ ਆਵਾਜ਼ ਆ ਰਹੀ ਹੈ।

ਸਿਰ ਭੁਆ ਕੇ ਮੈਂ ਬੈਠਕ ਦੀ ਖਿੜਕੀ ਵਲ ਵੇਖਦਾ ਹਾਂ। ਪ੍ਰਕਾਸ਼ ਖਿੜਕੀ ਦੇ ਸਰੀਆਂ ਨਾਲ ਸਿਰ ਜੋੜੀ ਖੜ੍ਹੀ ਹੈ। ਉਹਦੇ ਸਿਰ ਦੇ ਵਾਲ ਖੁੱਲ੍ਹੇ ਨੇ। ਅੱਧੇ ਵਾਲ ਪਿਛਾਂਹ ਨੂੰ, ਅੱਧੇ ਮੂਹਰੇ ਮੱਥੇ ‘ਤੇ ਲਟਕ ਰਹੇ ਨੇ। ਉਹਦਾ ਹੇਠਲਾ ਬੁੱਲ੍ਹ ਹੇਠਾਂ ਨੂੰ ਤੇ ਉਪਰਲਾ ਉਪਰ ਨੂੰ ਚੜ੍ਹਿਆ ਹੋਇਆ ਹੈ। ਵਿਚਕਾਰ ਘਸਮੈਲੇ ਜਿਹੇ ਦੰਦ ਚਮਕ ਰਹੇ ਨੇ।

ਉਹ ਹੱਸ ਰਹੀ ਹੈ ਪਤਾ ਨਹੀਂ ਕਚੀਚੀ ਕੱਟ ਰਹੀ ਹੈ। ਦੀਵੇ ਦਾ ਚਾਨਣ ਉਹਦੇ ਚਿਹਰੇ ‘ਤੇ ਪੈ ਰਿਹਾ ਹੈ। ਪ੍ਰਕਾਸ਼ ਦੀ ਹਾਲਤ ਵੇਖ ਕੇ ਮਨ ਕਾਹਲਾ ਪੈ ਰਿਹੈ। ਬੇਚੈਨੀ ਵਧਦੀ ਜਾ ਰਹੀ ਹੈ। ਧਿਆਨ ਹਟਾ ਕੇ ਮੈਂ ਨਲਕੇ ਕੋਲ ਜਾ ਖੜ੍ਹਿਆ ਹਾਂ। ਅੱਧਾ ਸਰੀਰ ਤਾਂ ਜਲਿਆ ਪਿਆ। ਫਿਰ ਆਪਣੇ ਆਪ ਨੂੰ ਸੁੱਚਾ ਕਿਵੇਂ ਕਰਾਂ? ਉਂਜ ਜਦੋਂ ਮਨ ਸੁੱਚਾ ਹੋਵੇ ਤਾਂ ਤਨ ਦਾ ਸੁੱਚਾ ਕੀ ਕਰਨਾ। ਸੋਚ ਕੇ ਪਾਣੀ ਦੀ ਚੂਲੀ ਨਾਲ ਕੁਰਲੀ ਕਰ ਡਿਓਢੀ ਵੱਲ ਨੂੰ ਤੁਰ ਪਿਆ ਹਾਂ। ਮੰਜੇ ਕੋਲ ਮਸਾਂ ਪਹੁੰਚਿਆ ਹਾਂ। ਮੰਜੇ ‘ਤੇ ਪਈ ਪੱਗ ਚੁੱਕ ਕੇ ਹੌਲੀ-ਹੌਲੀ ਸਰੀਰ ਦੁਆਲੇ ਬੁੱਕਲ ਮਾਰੀ ਹੈ। ਕੰਧ ਵਿਚ ਗੱਡੀ ਮੇਖ ਤੋਂ ਚਾਬੀ ਲਾਹ ਕੇ ਬਾਹਰ ਨੂੰ ਤੁਰ ਪਿਆ ਹਾਂ। ਪਿੱਛੋਂ ਪ੍ਰਕਾਸ਼ ਕੁਝ ਬੋਲ ਰਹੀ ਹੈ। ਉਹਨੂੰ ਅਣਸੁਣੀ ਕਰ, ਕੁੰਡਾ ਖੋਲ੍ਹ ਕੇ ਬੀਹੀ ਵਿਚ ਆ ਗਿਆ ਹਾਂ। ਬੀਹੀ ਵਿਚ ਹਨ੍ਹੇਰਾ ਹੈ। ਬਿੜਕ ਸੁਣ ਕੇ ਕੰਧ ਕੋਲ ਬੈਠਾ ਕੁੱਤਾ ਭੌਂਕਣ ਲੱਗ ਪਿਆ ਹੈ। ਦਰਵਾਜ਼ਾ ਭੇੜ ਕੇ ਮੈਂ ਕੁੱਤੇ ਵਲ ਨੂੰ ਹੀ ਤੁਰ ਪਿਆ ਹਾਂ। ਮੇਰੇ ਪੈਰ ਮੈਨੂੰ ਧੂਹੀ ਜਾ ਰਹੇ ਨੇ। ਪੰਚਾਇਤੀ ਟਿਊਬ ਦੇ ਚਾਨਣ ਵਿਚ ਵੇਖ ਕੇ ਕੁੱਤਾ ਹੋਰ ਉਚੀ ਭੌਂਕਣ ਲੱਗ ਪਿਆ ਹੈ। ਉਹਦੇ ਨਾਲ ਹੋਰ ਵੀ ਕਈ ਕੁੱਤੇ ਆ ਰਲੇ ਨੇ। ਸ਼ਾਇਦ ਇਹ ਵੀ ਮੈਨੂੰ ਪਾਗਲ ਸਮਝ ਰਹੇ ਹਨ।

‘ਇਹ ਤਾਂ ਵਾਕਿਆ ਈ ਪਾਗਲ ਹੋ ਗਿਆ ਯਾਰ! ਸਰਪੰਚ ਠੀਕ ਈ ਕਹਿੰਦਾ, ਇੱਕੀਵੀਂ ਸਦੀ ਐ! ਗੱਲਾਂ ਤਾਂ ਦੇਖੋ ਇਹ ਕੀ ਕਰਦੈ! ਕਹਿੰਦਾ, ਅਖੇ ਸਰਪੰਚ ਨੇ ਮੈਨੂੰ ਮੜ੍ਹੀਆਂ ‘ਚ ਸੰਸਕਾਰ ਕਰਨ ਤੋਂ ਰੋਕਿਆ ਤੀ! ਇਹਨੂੰ ਕੋਈ ਪੁੱਛੇ ਬਈ ਹੁਣ ਤਾਂ ਜਾਤ-ਪਾਤ ਦਾ ਊਈਂ ਨੀ ਕੋਈ ਫਰਕ ਰਿਹਾ। ਭਗਤ ਬੰਦਾ ਤੀ ਵਿਚਾਰਾ ਪਤਾ ਨੀ ਕਿਮੇਂ ਹਿੱਲ ਗਿਆ?’ ਜੱਸੀ ਦੇ ਸੰਸਕਾਰ ਤੋਂ ਕਈ ਦਿਨ ਪਿੱਛੋਂ ਜਦੋਂ ਮੈਂ ਲੋਕਾਂ ਨੂੰ ਸਰਪੰਚ ਦੀ ਆਖੀ ਗੱਲ ਦੱਸੀ। ਲੋਕ ਮੇਰੇ ਬਾਰੇ ਹੋਰੇ ਘੁਸਰ-ਮੁਸਰ ਕਰਨ ਲੱਗ ਪਏ ਸਨ। ਸਾਰੇ ਪਿੰਡ ਵਿਚ ਮੇਰੇ ਪਾਗਲ ਹੋਣ ਦੀ ਚਰਚਾ ਸੀ। ਇਹ ਤਾਂ ਮੈਨੂੰ ਵੀ ਪਤੈ ਕਿ ਇੱਕੀਵੀਂ ਸਦੀ ਹੈ। ਜਾਤ ਪਾਤ ਦਾ ਫਰਕ ਨੀ ਰਿਹਾ। ਪਰ ਸਰਪੰਚ ਦੀ ਮੈਨੂੰ ਪਾਗਲ ਸਾਬਤ ਕਰਨ ਵਾਲੀ ਚਾਲ ਕੋਈ ਨਹੀਂ ਸੀ ਸਮਝ ਰਿਹਾ। ਮੈਂ ਬਥੇਰਾ ਆਖਿਆ, ‘ਓਏ ਸਰਪੰਚ ਨੇ ਮੈਨੂੰ ਆਖਿਆ ਤੀ! ਮੜ੍ਹੀਆਂ ‘ਚ ਲੋਥ ਫੂਕਣ ਤੋਂ ਰੋਕਿਆ ਤੀ!”

‘ਇਹ ਗੱਲ ਤੂੰ ਪਹਿਲਾਂ ਦੱਸਦਾ।’ ਅੱਗੋਂ ਸੁਣਨ ਵਾਲਾ ਆਖਦਾ।

‘ਚੱਲ ਛੱਡ ਯਾਰ! ਕੀ ਪਾਗਲ ਨਾਲ ਮੱਥਾ ਮਾਰਦੈਂ!’ ਕੋਈ ਹੋਰ ਜਣਾ ਸਲਾਹ ਦਿੰਦਾ।

ਪਿੰਡ ਦੀ ਹਵਾ ਵੇਖ ਕੇ ਸਾਰੀ ਗੱਲ ਮੇਰੇ ਦਿਮਾਗ ਵਿਚ ਬੈਠ ਗਈ ਸੀ ਭਾਵੇਂ ਮੈਂ ਸਰਪੰਚ ਵਾਲੀ ਗੱਲ ਲੋਕਾਂ ਨੂੰ ਪਹਿਲਾਂ ਦੱਸ ਲੈਂਦਾ ਤਾਂ ਵੀ ਮੈਂ ਹੀ ਪਾਗਲ ਵੱਜਣਾ ਸੀ। ਬਾਅਦ ਵਿਚ ਦੱਸ ਕੇ ਵੀ ਮੈਂ ਪਾਗਲ ਵੱਜਿਆ। ਸਰਪੰਚ ਆਪਣੀ ਚਾਲ ਖੇਡ ਗਿਆ ਸੀ। ਬੜਾ ਚਾਲਬਾਜ਼ ਹੈ ਉਹ। ਮੈਂ ਉਹਦੀ ਹਰ ਚਾਲ ਸਮਝਦਾ ਹਾਂ। ਪਰ ਕਦੇ ਕੁਝ ਕਰ ਨਹੀਂ ਸਕਿਆ। ਲੋਕਾਂ ਦਾ ਸੀਰਪੁਣਾ ਕਰਕਰ ਕੇ ਘਸਿਆ ਪਿਆ ਹਾਂ। ਘਸਿਆ ਹੋਇਆ ਬੰਦਾ ਸਾਬਤੇ ਬੰਦੇ ਦਾ ਕੀ ਕਰ ਸਕਦੈ? ਮੇਰੇ ਵਾਂਗ ਖਿਝ-ਖਪ ਹੀ ਸਕਦੈ ਜਾਂ ਫਿਰ ਚੀਕਾਂ ਮਾਰ ਸਕਦੈ। ਪਰ ਮੇਰੀਆਂ ਤਾਂ ਕੋਈ ਚੀਕਾਂ ਵੀ ਨਹੀਂ ਸੁਣਦਾ, ਹੋਰ ਤਾਂ ਕਿਸ ਨੇ ਸੁਣਨੀਆਂ ਨੇ। ਮੇਰਾ ਕੋਈ ਜਾਤ-ਭਾਈ ਵੀ ਨਹੀਂ ਸੁਣਦਾ। ਪਿੰਡ ਵਿਚ ਸਾਡੇ ਵਿਹੜੇ ਵਾਲਿਆਂ ਦੇ ਗਿਣਵੇਂ ਹੀ ਘਰ ਹਨ। ਇਨ੍ਹਾਂ ਵਿਚੋਂ ਵੀ ਅੱਧੇ ਵੱਡੇ-ਵੱਡੇ ਘਰ ਪਾ ਕੇ ਆਪਣੇ ਆਪ ਨੂੰ ਵੱਡੇ ਸਮਝ ਰਹੇ ਨੇ। ਨੌਕਰੀਆਂ ‘ਤੇ ਲੱਗੇ ਹੋਏ ਨੇ। ਬਹੁਤਿਆਂ ਦੀ ਕੁਰਸੀ ਸਰਪੰਚ ਦੇ ਬਰਾਬਰ ਡਹਿੰਦੀ ਹੈ। ਬਾਕੀ ਵਿਹੜਾ ਹਰੇ ਚਾਰੇ ਜਾਂ ਦਾਰੂ ਭੁੱਕੀ ਦੀ ਮਾਰ ਹੇਠ ਹੈ। ਸਾਰਾ ਵਿਹੜਾ ਆਪਣੇ ਰੰਗਾਂ ਵਿਚ ਮਸਤ ਹੈ। ਮੈਂ ਕਿਸੇ ਦੀ ਨਜ਼ਰ ਵਿਚ ਨਹੀਂ। ਤਿੰਨ ਵਿਚ ਤਾਂ ਮੈਨੂੰ ਕਿਸੇ ਨੇ ਗਿਣਨਾ ਹੀ ਕੀ ਹੈ, ਕੋਈ ਮੈਨੂੰ ਤੇਰ੍ਹਾਂ ਵਿਚ ਵੀ ਨਹੀਂ ਗਿਣਦਾ। ਪਰ ਜਿਹੜੀ ਗਿਣਤੀ-ਮਿਣਤੀ ਨਾਲ ਸਰਪੰਚ ਪਿੰਡ ਨਾਲ ਚਾਲਾਂ ਖੇਡ ਰਿਹੈ, ਉਹ ਕਿਸੇ ਨੂੰ ਨਹੀਂ ਆਉਂਦੀਆਂ।

ਪਰ ਲੋਕਾਂ ਦੇ ਜਿਸਮਾਂ ਅੰਦਰ ਤਾਂ ਸ਼ਾਇਦ ਰੂਹ ਹੀ ਨਹੀਂ ਤਾਂ ਹੀ ਤਾਂ ਕਿਸੇ ਨੂੰ ਕਾਂਬਾ ਨਹੀਂ ਚੜ੍ਹਦਾ। ਪਰ ਮੈਂ ਤਾਂ ਉਸ ਰਾਤ ਧੁਰ ਤੱਕ ਹਿੱਲ ਗਿਆ ਸੀ। ਜਦੋਂ ਅਜੀਬ ਜਿਹੀ ਗੜਗੜਾਹਟ ਨਾਲ ਮੇਰੀ ਅੱਖ ਖੁੱਲ੍ਹ ਗਈ। ਦਿਮਾਗ ਵਿਚ ਭੈਅ ਛਾ ਗਿਆ। ਕਿਤੇ ਜਹਾਜ਼ ਨੇ ਬੰਬ ਤਾਂ ਨਹੀਂ! ਉਨੀਂ ਦਿਨੀਂ ਕਾਰਗਿਲ ਦੀ ਲੜਾਈ ਵੀ ਸਿਖਰ ‘ਤੇ ਸੀ। ਦੋਵੇਂ ਫੌਜਾਂ ਅੱਗ ਉਗਲ ਰਹੀਆਂ ਸਨ। ਦਿਨ ਵਕਤ ਅਸਮਾਨ ਵਿਚ ਭਾਰਤੀ ਲੜਾਕੂ ਗਰਜਦੇ ਰਹਿੰਦੇ।

ਕਦੇ ਵੀ ਕੁਝ ਹੋ ਸਕਦਾ ਸੀ। ਮੰਜੇ ‘ਤੇ ਪਿਆ ਮੈਂ ਅਜੇ ਸੋਚ ਹੀ ਰਿਹਾ ਸੀ ਕਿ ਪਿਛਲੇ ਪਾਸੇ ਜੁਲਾਹਿਆਂ ਦੇ ਵਿਹੜੇ ਭੰਗੜੇ ਵਾਲਾ ਢੋਲ ਵੱਜਣ ਲੱਗ ਪਿਆ। ਨਾਲ ਦੀ ਨਾਲ ਕੂਕਾਂ ਪੈਣ ਲੱਗ ਪਈਆਂ, ‘ਬਾਹਰ ਨਿਕਲੋ ਓਏ ਮੁਸਲਮਾਨੋ!’

ਸਿੱਖਾਂ ਦੇ ਮੁੰਡੇ ਗੋਲਡੀ ਦੀ ਆਵਾਜ਼ ਮੈਂ ਲੱਖਾਂ ‘ਚੋਂ ਪਛਾਣ ਸਕਦਾ ਸੀ।

ਸੁਣ ਕੇ ਬੁਰੀ ਤਰ੍ਹਾਂ ਦਹਿਲ ਗਿਆ। ਕੀ ਹੋ ਰਿਹਾ ਸੀ ਇਹ? ਜੁਲਾਹਿਆਂ ਦੇ ਵਿਹੜੇ ਮੁਸਲਮਾਨਾਂ ਦੇ ਘਰ ਸਨ। ਉਨ੍ਹਾਂ ਦੇ ਮੁੰਡੇ ਆਪਣਾ ਅੱਡ ਕਲੱਬ ਬਣਾਈ ਫਿਰਦੇ ਸਨ। ਸਾਡੇ ਵਿਹੜੇ ਵਾਲੇ ਮੁੰਡੇ ਆਪਣਾ ਅੱਡ ਕਲੱਬ ਬਣਾਈ ਫਿਰਦੇ ਸਨ। ਗੋਲਡੀ ਹੋਰਾਂ ਦਾ ਕ੍ਰਿਕਟ ਕਲੱਬ ਅਲੱਗ ਸੀ। ਸਾਰਿਆਂ ਨੂੰ ਸਰਪੰਚ ਦੀ ਸਪੋਰਟ ਹੈ।

‘ਆਹ ਦੇਖੋ ਓਏ ਮੁਸਲਮਾਨੋ! ਇੰਡੀਆ ਜਿੱਤ ਗਿਆ ਇੰਡੀਆ! ਥੋਡਾ ਪਾਕਿਸਤਾਨ ਹਰਾ’ਤਾ ਓਏ! ਜਿਮੇ ਮੈਚ ‘ਚ ਹਰਾਇਐ ਓਕਣੇ ਕਾਰਗਿਲ ‘ਚ ਹਰਾਮਾਂਗੇ, ਬਾਹਰ ਨਿਕਲੋ ਥੋਡੀ…!’ ਸ਼ਰਾਬੀ ਹੋਏ ਗੋਲਡੀ ਅੰਦਰ ਕੋਈ ਓਪਰੀ ਹਵਾ ਬੜ੍ਹਕਾਂ ਮਾਰ ਰਹੀ ਸੀ। ਤੈਸ਼ ਵਿਚ ਆ ਕੇ ਮੁਸਲਮਾਨਾਂ ਦੇ ਮੁੰਡੇ ਵੀ ਡਾਂਗਾਂ ਚੁੱਕੀ ਬਾਹਰ ਆ ਗਏ ਸਨ। ਉਨ੍ਹਾਂ ਨੂੰ ਵੇਖ ਕੇ ਗੋਲਡੀ ਹੋਰੀਂ ਹੋਰ ਭੂਤਰ ਗਏ।

‘ਬੱਸ ਕਰੋ ਓਏ ਮੁੰਡਿਓ! ਅਕਲ ਕਰੋ ਕੁਸ਼! ਨਾ ਹੁਣ ਇਕ ਸੰਤਾਲੀ ਹੋਰ ਬਣਾਉਣੈ ਤੁਸੀਂ?’ ਸਰਪੰਚ ਦੇ ਆ ਜਾਣ ਨਾਲ ਟਕਰਾ ਹੁੰਦਾ-ਹੁੰਦਾ ਮਸਾਂ ਬਚਿਆ।

ਮੈਂ ਸਰਪੰਚ ਦੀ ਚਾਲ ‘ਤੇ ਹੈਰਾਨ ਸੀ। ਉਹ ਰੋਕ ਰਿਹਾ ਸੀ ਜਾਂ ਮੁੰਡਿਆਂ ਨੂੰ ਇਕ ਸੰਤਾਲੀ ਹੋਰ ਬਣਾਉਣ ਲਈ ਆਖ ਰਿਹਾ ਸੀ? ਉਹਦੇ ਮੁੰਡੇ ਸ਼ੈਂਟੀ ਨੇ ਤਾਂ ਮੂਹਰੇ ਹੋ ਕੇ ਕ੍ਰਿਕਟ ਕਲੱਬ ਬਣਵਾਇਆ ਸੀ। ਗੋਲਡੀ ਨੂੰ ਉਹਦਾ ਪ੍ਰਧਾਨ ਬਣਾਇਆ। ਆਪ ਖੁਦ ਸ਼ੈਂਟੀ ਸਭਿਆਚਾਰਕ ਕਲੱਬ ਦਾ ਪ੍ਰਧਾਨ ਹੈ। ਕ੍ਰਿਕਟ ਦੀ ਤਾਂ ਮੈਨੂੰ ਸਮਝ ਨਹੀਂ। ਪਰ ਇਕ ਵਾਰੀ ਮੈਂ ਸੱਭਿਆਚਾਰਕ ਮੇਲਾ ਵੇਖਿਆ ਸੀ। ਸਟੇਜ ‘ਤੇ ਗਾਇਕ ਨੱਚ ਕੇ ਗਾ ਰਿਹਾ ਸੀ। ਪਿਛੇ ‘ਸਭਿਆਚਾਰਕ ਸ਼ਾਮ, ਕਾਰਗਿਲ ਸ਼ਹੀਦਾਂ ਦੇ ਨਾਮ’ ਦਾ ਬੈਨਰ ਲੱਗਿਆ ਹੋਇਆ। ਬੈਨਰ ਹੇਠ ਕੋਟ-ਪੈਂਟ ਪਾਈ ਮੁੰਡੇ ਨੱਚ ਰਹੇ ਸਨ। ਢੋਲ ਨਾਲੋਂ ਉਚੀ ਹੋਰ ਹੀ ਤਰ੍ਹਾਂ ਦੇ ਸਾਜ ਵੱਜ ਰਹੇ ਸਨ। ਮੂਹਰਲੀ ਕਤਾਰ ਵਿਚ ਗਾਇਕ ਦੁਆਲੇ ਜੀਨਾਂ ਪਾਈ ਕੁੜੀਆਂ ਨੱਚ ਰਹੀਆਂ ਸਨ। ਹਰ ਕੁੜੀ ਦੇ ਉਪਰਲੇ ਹਿੱਸੇ ਦੇ ਕੱਪੜੇ ਨਾਂ-ਮਾਤਰ ਸੀ। ਜਦੋਂ ਉਹ ਗੇੜਾ ਦੇ ਕੇ ਘੁੰਮਦੀਆਂ। ਹਰ ਕੁੜੀ ਦੀ ਨੰਗੀ ਪਿੱਠ ਚਮਕਦੀ। ਵੇਖ ਕੇ ਮੇਰਾ ਸਿਰ ਝੁਕ ਗਿਆ ਸੀ। ਪਰ ਪੰਡਾਲ ਵਿਚ ਬੈਠੀਆਂ ਪਿੰਡ ਦੀਆਂ ਕੁੜੀਆਂ-ਬੁੜ੍ਹੀਆਂ ਤੇ ਬੰਦੇ ਟੌਹਰ ਨਾਲ ਵੇਖ ਰਹੇ ਸਨ।

ਸਿੱਖਾਂ ਦੇ ਮੁੰਡੇ ਗੋਲਡੀ ਨੂੰ ਤਾਂ ਇਕ ਦਿਨ ਮੈਂ ਵੇਖਦਾ ਹੀ ਰਹਿ ਗਿਆ ਸੀ। ਉਹ ਮੂੰਹ-ਸਿਰ ਘੋਨ-ਮੋਨ ਕਰਵਾਈ ਫਿਰਦਾ ਸੀ। ਕੰਨਾਂ ਵਿਚ ਮੁੰਦਰਾਂ ਪਾਈ ਉਹ ਜਰਦੇ ਵਰਗੀ ਸੁਪਾਰੀ ਜਿਹੀ ਚੱਬ ਰਿਹਾ ਸੀ। ਜਦੋਂ ਮੈਂ ਪੁੱਛਿਆ, ‘ਆਹ ਕੀ ਕਾਇਆ ਕਲਪ ਕਰਾਈ ਫਿਰਦੈਂ ਗੋਲਡੀ?’

‘ਕਾਇਆ ਕਲਪ ਤਾਂ ਹੁਣ ਐਕਣੇ ਕਰਾਉਣੀ ਪੈਂਦੀ ਐ ਤਾਇਆ! ਤਾਂ ਹੀ ਕੋਈ ਕੁੜੀ-ਚਿੜੀ ਫਸਦੀ ਐ!’ ਮੈਨੂੰ ਅੱਖ ਮਾਰ ਕੇ ਉਹ ਮੋਟਰ-ਸਾਈਕਲ ‘ਤੇ ਹਵਾ ਹੋ ਗਿਆ ਸੀ। ਕਲੱਬਾਂ ਵਾਲੇ ਮੁੰਡਿਆਂ ਦੀ ਬਹੁਤ ਹਵਾ ਵਿਗੜੀ ਹੋਈ ਹੈ। ਉਹ ਕਿਹੜਾ ਨਸ਼ਾ ਹੈ ਜਿਹੜਾ ਇਹ ਨਹੀਂ ਕਰਦੇ। ਉਹ ਕਿਹੜੀ ਕਰਤੂਤ ਹੈ ਜਿਸ ਵਿਚ ਉਨ੍ਹਾਂ ਦਾ ਹੱਥ ਨਹੀਂ ਹੁੰਦਾ। ਸਾਡੇ ਵਿਹੜੇ ਦੇ ਵੀ ਬਹੁਤੇ ਮੁੰਡੇ ਇਨ੍ਹਾਂ ਨਾਲ ਰਲੇ ਹੋਏ ਨੇ। ਸਰਪੰਚ ਦਾ ਮੁੰਡਾ ਸ਼ੈਂਟੀ ਸਾਰੇ ਲਸ਼ਕਰ ਦਾ ਮੋਹਰੀ ਹੈ। ਸਾਰੇ ਪਿੰਡ ਦੀ ਮੁੰਡੀਹਰ ਉਹਦੇ ਮਗਰ ਹੈ। ਉਹਦੀ ਪਿੱਠ ਪਿੱਛੇ ਸਰਪੰਚ ਤੇ ਸਰਪੰਚ ਦੀ ਪਿੱਠ ਪਿੱਛੇ ਇਲਾਕੇ ਦਾ ਮੰਤਰੀ ਹੈ। ਜ਼ਹਿਰ ਬੱਚੇ-ਬੱਚੇ ਦੀ ਨਸ-ਨਸ ਤੱਕ ਪਹੁੰਚ ਗਿਆ ਹੈ। ਮੈਂ ਗੁਰਦੁਆਰੇ ਕੋਲ ਪਹੁੰਚ ਗਿਆ ਹਾਂ। ਨਿਸ਼ਾਨ ਸਾਹਿਬ ‘ਤੇ ਲੱਗਿਆ ਮਰਕਰੀ ਬਲਬ ਜਗ ਰਿਹਾ ਸੀ। ਚੁਪਾਸੇ ਚੁੱਪ ਚਾਂ ਹੈ। ਸਾਹਮਣੇ ਭਾਈ ਜੀ ਦੇ ਘਰ ਦਾ ਦਰਵਾਜ਼ਾ ਬੰਦ ਹੈ। ਉਹ ਅੰਦਰ ਸੁੱਤਾ ਪਿਆ ਹੋਣੈ। ਹੋਈਆਂ-ਬੀਤੀਆਂ ਗੱਲਾਂ ਦਾ ਗੁੱਛਾ ਜਿਹਾ ਮੇਰੇ ਦਿਮਾਗ ਵਿਚ ਇਕੱਠਾ ਹੁੰਦਾ ਜਾ ਰਿਹਾ ਹੈ। ਮੈਂ ਗੁਰਦੁਆਰੇ ਦੇ ਗੇਟ ਮੋਹਰੇ ਖੜ੍ਹਾ ਹਾਂ। ਜਿੰਦਾ-ਕੁੰਡਾ ਖੋਲ੍ਹ ਕੇ ਦਰਵਾਜ਼ਾ ਖੋਲ੍ਹਿਆ ਹੈ। ਦੇਹਲੀ ਨੂੰ ਸੀਸ ਝੁਕਾਉਣ ਲਈ ਹੇਠਾਂ ਝੁਕਿਆ ਹਾਂ। ਦਰਦ ਨਾਲ ਮੇਰੀ ਜੀਭ ਦੰਦਾਂ ਹੇਠਾਂ ਆ ਗਈ ਹੈ। ਜ਼ਖਮਾਂ ਵਿਚੋਂ ਚੀਸ ਉਠੀ ਹੈ। ਜਲੇ ਹੋਏ ਮਾਸ ਤੇ ਬਰਨੌਲ ਦੀ ਗੰਧ ਨੱਕ ਵਿਚ ਆ ਵੜੀ ਹੈ। ਦੇਹਲੀ ਨੂੰ ਹੱਥ ਲਾ ਕੇ ਮਸਾਂ ਉਠਿਆ ਹਾਂ। ਪੱਗ ਦੀ ਢਿੱਲੀ ਹੋਈ ਬੁੱਕਲ ਠੀਕ ਕਰਨ ਲੱਗਿਆ। ਮੇਰੀ ਸੱਜੀ ਬਾਂਹ ਬਾਹਰ ਨਿਕਲ ਆਈ ਹੈ। ਮੇਰੀ ਨਜ਼ਰ ਹੱਥ-ਹੱਥ ਤੋਂ ਬਗੈਰ ਟੁੰਡ ‘ਤੇ ਚਿਪਕ ਗਈ ਹੈ। ਟੁੰਡ ਵਲ ਵੇਖ ਕੇ ਮੈਂ ਫਿਰ ਦੇਹਲੀ ਵਲ ਨੂੰ ਝਾਕਿਆ ਹਾਂ। ਮੈਨੂੰ ਉਹੀ ਚੀਜ਼ਾਂ ਦਿਸਣ ਲੱਗ ਪਈਆ ਨੇ ਜੋ ਉਸ ਦਿਨ ਦਿਸੀਆਂ ਸਨ। ਉਸ ਦਿਨ ਵੀ ਆਦਤ ਮੂਜਬ ਮੈਂ ਗੁਰਦੁਆਰੇ ਦਾ ਗੇਟ ਖੋਲ੍ਹਿਆ ਸੀ। ਦੇਹਲੀ ਨੂੰ ਸੀਸ ਝੁਕਾਉਣ ਲਈ ਜਿਉਂ ਹੀ ਹੇਠਾਂ ਝੁਕਿਆ। ਮੇਰੀ ਨਜ਼ਰ ਥਾਏਂ ਜੰਮ ਕੇ ਰਹਿ ਗਈ। ਐਡਾ ਬੜਾ ਕੁਫਰ! ਪਹਿਲਾਂ ਤਾਂ ਮੈਨੂੰ ਅੱਖਾਂ ‘ਤੇ ਯਕੀਨ ਨਾ ਆਇਆ। ਜਦੋਂ ਮੈਂ ਦੁਬਾਰਾ ਵੇਖਿਆ ਤਾਂ ਉਹੀ ਮੰਜ਼ਰ ਸੀ। ਗੁਰਦੁਆਰੇ ਦੀ ਦੇਹਲੀ ਅੰਦਰ ਸਿਗਰਟਾਂ-ਬੀੜੀਆਂ ਡਿੱਗੀਆਂ ਪਈਆਂ ਸਨ। ਵੇਖਦਾ-ਵੇਖਦਾ ਮੈਂ ਹੇਠਾਂ ਬੈਠ ਗਿਆ। ਬੈਠਾ ਖਾਸਾ ਚਿਰ ਸੋਚਦਾ ਰਿਹਾ ਕਿ ਕੀ ਕਰਾਂ? ਪਹਿਲਾਂ ਤਾਂ ਮਨ ਵਿਚ ਆਈ ਕਿ ਉਚੀ ਉਚੀ ਰੌਲਾ ਪਾ ਦੇਵਾਂ। ਲੋਕ ਇਕੱਠੇ ਕਰ ਲਵਾਂ। ਪਰ ਅਗਲੇ ਹੀ ਪਲ ਮੈਂ ਇਹ ਖਿਆਲ ਤਿਆਗ ਦਿੱਤਾ ਕਿਉਂਕਿ ਕਾਰਗਿਲ ਦੀ ਲੜਾਈ ਦੇ ਦਿਨ ਸਨ। ਪਿੰਡ ਵਿਚ ਮੁਸਲਮਾਨਾਂ ਦਾ ਵੀ ਵਾਸਾ ਸੀ। ਕੁਝ ਚਿਰ ਸੋਚਣ ਮਗਰੋਂ ਮੇਰੇ ਦਿਮਾਗ ਵਿਚ ਇਕ ਨਵਾਂ ਹੀ ਖਿਆਲ ਆਇਆ। ਮੈਂ ਸਿਗਰਟਾਂ-ਬੀੜੀਆਂ ਨੂੰ ਚੁੱਕ ਕੇ ਚੁੱਪ-ਚਾਪ ਬਾਹਰ ਵਾੜਾਂ ਵਿਚ ਸਿੱਟ ਦੇਣ ਬਾਰੇ ਸੋਚਿਆ। ਦਰੀ ਤੋਂ ਸਾਰੀਆਂ ਚੀਜ਼ਾਂ ਸੁੰਭਰ ਕੇ ਮੈਂ ਸੱਜੇ ਹੱਥ ‘ਤੇ ਰੱਖ ਲਈਆਂ। ‘ਸ਼ਾਇਦ ਏਹਦੇ ਵਿਚ ਈ ਸਰਬੱਤ ਦਾ ਭਲਾ ਐ! ਸ਼ਾਇਦ ਏਹੀ ਧਰਮ ਐ!’ ਸੋਚਦਾ ਹੋਇਆ ਜਿਉਂ ਹੀ ਮੈਂ ਵਾੜੇ ਵਲ ਨੂੰ ਤੁਰਿਆ ਪਤਾ ਨਹੀਂ ਕਿਧਰੋਂ ਇਕ ਤਲਵਾਰ ਲਿਸ਼ਕੀ। ਮੈਂ ਤਾਂ ‘ਖੱਚ…ਚ…ਚ!’ ਦੀ ਆਵਾਜ਼ ਹੀ ਸੁਣੀ। ਜਾਂ ਫਿਰ ਇਕ ਜਾਣੀ-ਪਛਾਣੀ ਜਿਹੀ ਆਵਾਜ਼, ‘ਲੈ ਫੜ ਪਾਗਲਾ, ਹੋਰ ਬੋਲਿਆ ਕਰੀਂ ਹੁਣ! ਧੁੰਦਲੀਆਂ ਨਜ਼ਰਾਂ ਨਾਲ ਮੈਂ ਸਰਪੰਚ ਦਾ ਮੁੰਡਾ ਸ਼ੈਂਟੀ ਭੱਜਿਆ ਜਾਂਦਾ ਵੇਖਿਆ। ਉਹਦੇ ਨਾਲ ਦੋ ਜਣੇ ਹੋਰ ਸਨ। ਤਲਵਾਰ ਥਾਏਂ ਸਿੱਟ ਉਹ ਹਨ੍ਹੇਰੇ ਵਿਚ ਅਲੋਪ ਹੋ ਗਏ ਸਨ। ਸਭ ਕੁਝ ਅੱਖ ਦੇ ਪਲਕਾਰੇ ਵਿਚ ਵਾਪਰਿਆ। ਨਿਸ਼ਾਨ ਸਾਹਿਬ ਦੇ ਮਰਕਰੀ ਬੱਲਬ ਦੇ ਚਾਨਣ ਵਿਚ ਮੇਰਾ ਵੱਢਿਆ ਹੱਥ ਧਰਤੀ ‘ਤੇ ਪਿਆ ਤੜਫ ਰਿਹਾ ਸੀ। ਕੋਲ ਹੀ ਸਿਗਰਟਾਂ-ਬੀੜੀਆਂ ਖਿੰਡੀਆਂ ਪਈਆਂ ਸਨ। ਮੇਰੀ ਬਾਂਹ ਦੇ ਟੁੰਡ ਵਿਚੋਂ ਲਹੂ ਚੋਅ ਰਿਹਾ ਸੀ। ਕੁਝ ਚਿਰ ਤਾਂ ਮੈਂ ਅਸਮਾਨ ਪਾੜਵੀਆਂ ਚੀਕਾਂ ਮਾਰੀਆਂ। ਫਿਰ ਖੜ੍ਹੇ-ਖੜ੍ਹੇ ਮੈਨੂੰ ਪਤਾ ਨਹੀਂ ਕੀ ਹੋਇਆ। ਮੈਂ ਸਰੇ-ਮੈਦਾਨ ਬੀਹੀਆਂ ਵਿਚ ਭੱਜਣ ਲੱਗ ਪਿਆ, ‘ਸਰਪੰਚ ਦੇ ਮੁੰਡੇ ਨੇ ਮੇਰਾ ਹੱਥ ਵੱਢ’ਤਾ ਓਏ! ਸਰਪੰਚ ਦੇ ਮੁੰਡੇ ਨੇ ਮੇਰਾ…!’

ਭੱਜਦਾ-ਭੱਜਦਾ ਪਤਾ ਨਹੀਂ ਕਦੋਂ ਬੇਹੋਸ਼ ਹੋ ਗਿਆ। ਜਦੋਂ ਸੁਰਤ ਆਈ, ਮੈਂ ਹਸਪਤਾਲ ਵਿਚ ਸੀ। ਮੇਰੀ ਬਾਂਹ ‘ਤੇ ਪੱਟੀਆਂ ਕਰੀਆਂ ਹੋਈਆਂ ਸਨ। ਬਾਹਰ ਵਰਾਂਡੇ ਵਿਚ ਸਾਡੇ ਵਿਹੜੇ ਦੇ ਦੋ-ਤਿੰਨ ਬੰਦੇ ਖੜ੍ਹੇ ਸਨ। ਸਰਪੰਚ ਉਨ੍ਹਾਂ ਨੂੰ ਉਚੀ ਉਚੀ ਦੱਸ ਰਿਹਾ ਸੀ, ‘ਇਹ ਸਿਗਰਟਾਂ ਬੀੜੀਆਂ ਤਾਂ ਮੇਰੇ ਨਾਲ ਸੀਰੀ ਹੁੰਦਾ ਵੀ ਪੀਂਦਾ ਤੀ!

ਊਂ ਉਪਰੋਂ ਪੂਰਾ ਗਿਆਨੀ-ਧਿਆਨੀ ਬਣਿਆ ਫਿਰਦਾ! ਤੜਕੇ ਸਾਝਰੇ ਈ ਗੁਰਦੁਆਰੇ ਜਾਂਦੈ! ਮੈਂ ਸੋਚਿਆ ਚਲੋ ਆਪਾਂ ਕੀ ਲੈਣਾ ਆਪੇ ਭਰੂ! ਆਹ ਕਈ ਦਿਨਾਂ ਤੋਂ ਤਾਂ ਸਭ ਨੇ ਈ ਸੁਣਿਐ! ਕਹਿੰਦਾ ਫਿਰਦਾ ਤੀ ਅਖੇ ਹੁਣ ਪਾਪਾਂ ਦਾ ਘੜਾ ਭਰ ਗਿਐ! ਪਰ ਕੀ ਪਤਾ ਤੀ ਬਈ ਭੁੱਲ ਬਖਸ਼ਾਉਣ ਲਈ ਇਹ ਆਹ ਕਾਰਾ ਵੀ ਕਰ ਸਕਦੈ!’

‘ਆਹੋ ਜੀ ਪਾਗਲ ਦਾ ਕੀ ਐ! ਕੁਸ਼ ਵੀ ਕਰ ਸਕਦੈ!’ ਵਿਹੜੇ ਦੇ ਬੰਦਿਆਂ ਵਿਚੋਂ ਮੇਰੇ ਭਾਈ ਦੀ ਆਵਾਜ਼ ਸਭ ਤੋਂ ਉਚੀ ਸੀ। ਜੱਸੀ ਦੇ ਸਸਕਾਰ ਵੇਲੇ ਸਰਪੰਚ ਨੇ ਮੈਨੂੰ ਮੜ੍ਹੀਆਂ ਬਾਰੇ ਜੋ ਗੱਲ ਆਖੀ। ਉਹ ਮੈਂ ਆਪਣੇ ਭਾਈ ਨੂੰ ਦੱਸੀ ਸੀ। ਪਰ ਉਹ ਉਲਟਾ ਮੈਨੂੰ ਹੀ ਪਾਗਲ ਆਖਣ ਲੱਗ ਪਿਆ। ਪਾਗਲ ਸਮਝ ਕੇ ਹੀ ਕਿਸੇ ਨੇ ਮੈਨੂੰ ਮੁੜ ਕੇ ਸੀਰੀ ਨਹੀਂ ਰਲਾਇਆ ਪਰ ਮੈਨੂੰ ਸਾਰਾ ਪਿੰਡ ਪਾਗਲ ਜਾਪਦਾ ਹੈ। ਤਾਂ ਹੀ ਤਾਂ ਕਿਸੇ ਨੂੰ ਕੁਝ ਦਿਸਦਾ ਨਹੀਂ। ਕਿਸੇ ਨੂੰ ਕੁਝ ਸੁਣਦਾ ਨਹੀਂ। ਨਾ ਕੋਈ ਕੁਝ ਬੋਲਦਾ ਹੈ। ਮੈਂ ਗਲਤ ਹਾਂ ਜਾਂ ਸਹੀ, ਮੈਨੂੰ ਨਹੀਂ ਪਤਾ। ਮੈਨੂੰ ਤਾਂ ਸਰਪੰਚ ਦੀਆਂ ਸਾਰੀਆਂ ਅਗਲੀਆਂ ਪਿਛਲੀਆਂ ਗਲਤ ਜਾਪਦੀਆਂ ਹਨ। ਉਹਨੇ ਮੇਰੇ ਪੈਸੇ ਦੱਬ ਲਏ। ਨਗਿੰਦਰ ਰਾਹੀਂ ਗੁਰਦੁਆਰੇ ਦਾ ਪੈਸਾ ਉਹ ਖਾਂਦਾ। ਪੰਚਾਇਤੀ ਜ਼ਮੀਨ ਉਹ ਖਾਂਦਾ। ਗਰਾਂਟਾਂ ਉਹ ਛਕਦਾ। ਕਿਸੇ ਦੀ ਧੀ-ਭੈਣ ਦਾ ਸਾਂਝਾ ਉਹ ਨਹੀਂ। ਭਾਈ ਜੀ ਨਾਲ ਰਲ ਕੇ ਗੁਰਦੁਆਰੇ ਵਿਚ ਵੀ ਖੇਹ ਖਾਂਦਾ ਹੈ। ਮੰਤਰੀ ਦੀਆਂ ਨੀਤੀਆਂ ਨਾਲ ਉਹਨੇ ਪਿੰਡ ਵਿਚ ਅੱਗੇ ਜਾ ਕੇ ਕੀ ਗੁਲ ਖਿਲਾਉਣੇ ਨੇ, ਇਹ ਕਿਸੇ ਨੂੰ ਨਹੀਂ ਦਿਸਦਾ। ਜਦੋਂ ਮੇਰੇ ਭਾਈ ਵਰਗਾ ਆਪਣੀ ਕੁੜੀ ਦੀ ਇੱਜ਼ਤ ਅਣਦੇਖੀ ਕਰ ਸਕਦੈ, ਹੋਰ ਤਾਂ ਕਿਸੇ ਨੇ ਵੇਖਣਾ ਹੀ ਕੀ ਹੈ। ਮੈਂ ਤਾਂ ਸਰਪੰਚ ਦੀ ਹਰ ਕਰਤੂਤ ਬਾਰੇ ਬੋਲਿਆ ਹਾਂ। ਪਰ ਹਰ ਕੋਈ ਮੇਰੀਆਂ ਗੱਲਾਂ ਨੂੰ ਪਾਗਲ ਦਾ ਮਗਜ਼ ਸਮਝਦੈ। ਹੁਣ ਮੈਨੂੰ ਵੇਖਣ ਸਾਰ ਹੀ ਅਗਲਾ ਪਰ੍ਹਾਂ ਨੂੰ ਤੁਰ ਪੈਂਦਾ ਹੈ। ‘ਸਤਨਾਮ…!’ ਦੇਹਲੀ ਨੂੰ ਸੀਸ ਨਿਵਾ ਕੇ ਮੈਂ ਗੁਰਦੁਆਰੇ ਅੰਦਰ ਨੂੰ ਤੁਰ ਪਿਆ ਹਾਂ। ਧੁਰ ਤੋਂ ਧੁਰ ਤੱਕ ਹਰ ਗੱਲ ਮੇਰੇ ਦਿਮਾਗ ਵਿਚ ਘੁੰਮ ਰਹੀ ਹੈ।

ਮੇਰੇ ਮੂਹਰੇ ਰੰਗਦਾਰ ਤੱਪੜ ਵਿਛਿਆ ਹੋਇਆ ਹੈ। ਉਸ ‘ਤੇ ਤੁਰਦਾ-ਤੁਰਦਾ ਮੈਂ ਲੰਮੇ ਚੌੜੇ ਗੋਲਕ ਵਲ ਨੂੰ ਵਧ ਰਿਹਾ ਹਾਂ। ਉਹਦੇ ਪਿੱਛੇ ਮਹਾਰਾਜ ਦੀ ਹਜ਼ੂਰੀ ਹੈ। ਮੱਥਾ ਟੇਕ ਕੇ ਮੈਂ ਇਕ ਪਾਸੇ ਦਰੀਆਂ ‘ਤੇ ਬੈਠ ਗਿਆ ਹਾਂ। ਕੰਧ ‘ਤੇ ਟੰਗਿਆ ਘੰਟਾ ਅਜੇ ਸਵਾ ਤਿੰਨ ਵਜਾ ਰਿਹੈ। ਮੈਂ ਅੱਖਾਂ ਬੰਦ ਕਰਕੇ ਬੈਠ ਗਿਆ ਹਾਂ। ਪੂਰੇ ਹਾਲ ਵਿਚ ਸ਼ਾਂਤੀ ਪਸਰੀ ਪਈ ਹੈ। ਪਰ ਅੱਜ ਇਹ ਸ਼ਾਂਤੀ ਵੀ ਮੈਨੂੰ ਟੇਕ ਨਹੀਂ ਬਖਸ਼ ਰਹੀ। ਜ਼ਖਮਾਂ ਦੀ ਜਲਣ ਵਧਦੀ ਜਾ ਰਹੀ ਹੈ। ਜਿਉਂ ਹੀ ਉਹ ਘਟਨਾ ਅੱਖਾਂ ਮੂਹਰੇ ਆਉਂਦੀ ਹੈ, ਮੈਂ ਆਪਣੇ ਆਪ ਵਿਚ ਨਹੀਂ ਰਹਿੰਦਾ। ਮੈਨੂੰ ਲਗਦੈ ਹੁਣ ਵੀ ਮੈਂ ਆਪਣੇ ਆਪ ਵਿਚ ਨਹੀਂ। ਮੈਨੂੰ ਜਾਪ ਰਿਹੈ ਕਿ ਹੁਣ ਮੈਂ ਸੰਤੋਖ ਸਿੰਘ ਨਹੀਂ, ਕੁਝ ਹੋਰ ਹੀ ਹਾਂ। ਉਸ ਦਿਨ ਵੀ ਮੈਂ ਕੁਝ ਹੋਰ ਹੀ ਸੀ। ਮੈਂ ਸ਼ਹਿਰੋਂ ਦਿਹਾੜੀ ਲਾ ਕੇ ਮੁੜਿਆ ਸਾਂ। ਆਥਣ ਦਾ ਵਕਤ ਸੀ ਜਦੋਂ ਮੈਂ ਪੰਚਾਇਤ ਘਰ ਕੋਲ ਪਹੁੰਚਿਆ। ਪੰਡਾਲ ਵਿਚ ਲੋਕਾਂ ਦਾ ਇਕੱਠ ਸੀ। ਇਸ ਵਾਰੀ ਲੋਕਾਂ ਨੇ ਸਰਬਸੰਮਤੀ ਨਾਲ ਫਿਰ ਉਹੀ ਸਰਪੰਚ ਚੁਣਿਆ ਹੈ। ਸਰਪੰਚ ਨੇ ਲੋਕਾਂ ਦਾ ਧੰਨਵਾਦ ਕਰਨਾ ਸੀ। ਇਕੱਠ ਵੇਖ ਕੇ ਮੈਂ ਰੁਕ ਗਿਆ। ਸਰਪੰਚ ਦਾ ਮੂੰਹ ਵੇਖਣ ਸਾਰ ਮੇਰੇ ਦਿਮਾਗ ਨੂੰ ਖਿਝ ਚੜ੍ਹਨ ਲੱਗ ਪਈ। ਜਦੋਂ ਸਰਪੰਚ ਬੋਲਣ ਲਈ ਉਠਿਆ। ਮੇਰੇ ਮੂੰਹੋਂ ਅਜੀਬ ਜਿਹੀ ਆਵਾਜ਼ ਨਿਕਲਣ ਲੱਗ ਪਈ। ਮੂਹਰੇ ਖੜ੍ਹੇ ਲੋਕ ਮੇਰੇ ਵਲ ਝਾਕੇ। ਕਈ ਆਵਾਜ਼ਾਂ ਵੀ ਆਈਆਂ,

‘ਆਹ ਲਓ। ਆ ਗਿਆ ਪਾਗਲ।’

ਪਰ ਕਿਸੇ ਦੀ ਪਰਵਾਹ ਕੀਤੇ ਬਗੈਰ ਮੈਂ ਇਕੱਠ ਵਿਚੋਂ ਅਗਾਂਹ ਨੂੰ ਵਧਣ ਲੱਗ ਪਿਆ। ਜਦੋਂ ਮੈਂ ਐਨ ਮੂਹਰੇ ਪਹੁੰਚ ਗਿਆ ਤਾਂ ਸਰਪੰਚ ਬੋਲਿਆ ਸੀ, ‘ਜਿਵੇਂ ਮੈਂ ਪਹਿਲਾਂ ਤਨ, ਮਨ ਤੇ ਧਨ ਨਾਲ ਨਗਰ ਦੀ ਸੇਵਾ ਕੀਤੀ ਹੈ, ਹੁਣ ਵੀ ਮੈਂ ਸਹੁੰ ਖਾ ਕੇ ਕਹਿੰਨਾਂ ਕਿ…।’

‘ਸੌਹਾਂ ਤਾਂ ਝੂਠੇ ਖਾਂਦੇ ਹੁੰਦੇ ਨੇ, ਇਹਨੂੰ ਪਛਾਣੋ ਲੋਕੋ, ਕਾਲਾ ਅੰਗਰੇਜ਼ ਐ ਇਹ ਕਾਲਾ ਅੰਗ਼..!’ ਸਰਪੰਚ ਦੀ ਗੱਲ ਕੱਟ ਕੇ ਪਤਾ ਨਹੀਂ ਕਦੋਂ ਮੈਂ ਉਚੀ ਸਾਰੀ ਬੋਲ ਪਿਆ ਸੀ। ਪਰ ਮੇਰੀ ਗੱਲ ਪੂਰੀ ਨਹੀਂ ਸੀ ਹੋਈ। ਸ਼ੈਂਟੀ ਦੇ ਆੜੀਆਂ ਨੇ ਮੈਨੂੰ ਗਿੱਚੀ ਤੋਂ ਫੜ ਲਿਆ। ਫਿਰ ਧੂਹ ਕੇ ਪਰ੍ਹਾਂ ਨੂੰ ਲੈ ਗਏ ਸਨ। ਉਹਲੇ ਲਿਜਾ ਕੇ ਮੈਨੂੰ ਖਾਸਾ ਕੁੱਟਿਆ। ਜਿਉਂ ਜਿਉਂ ਉਨ੍ਹਾਂ ਮੈਨੂੰ ਕੁੱਟਿਆ, ਮੈਂ ਜ਼ਿਆਦਾ ਬੋਲਦਾ ਗਿਆ। ਮੇਰੇ ਹਰ ਬੋਲ ਨਾਲ ਸ਼ੈਂਟੀ ਦੇ ਅੰਦਰ ਕੁਝ ਹੋ ਰਿਹਾ ਸੀ। ਬਿੰਦ ਕੁ ਪਿੱਛੋਂ ਇਕ ਭੈਅ ਉਹਦੇ ਚਿਹਰੇ ‘ਤੇ ਆ ਜਾਂਦਾ। ਉਹਦੀ ਸ਼ਕਲ ਜਮ੍ਹਾਂ ਹੀ ਸਰਪੰਚ ਵਰਗੀ ਹੈ। ਉਹਦੇ ਚਿਹਰੇ ‘ਤੇ ਫੈਲਿਆ ਭੈਅ ਮੈਨੂੰ ਸਰਪੰਚ ਦੇ ਮੂੰਹ ‘ਤੇ ਫੈਲ ਗਿਆ ਜਾਪਦਾ। ਉਹ ਭੈਅ ਕੁਰਸੀ ਦੀਆਂ ਲੱਤਾਂ ਲਈ ਖਤਰਨਾਕ ਸੀ ਤਾਂ ਹੀ ਤਾਂ ਖਤਰਨਾਕ ਜਿਹਾ ਚਿਹਰਾ ਬਣਾ ਕੇ ਸ਼ੈਂਟੀ ਨੇ ਆਖਿਆ ਸੀ, ‘ਜਿਹੜਾ ਤੂੰ ਇਹ ਬੋਲਣੋਂ ਨੀ ਹਟਦਾ ਪਾਗਲਾ! ਦੇਖਦਾ ਜਾਈਂ ਤੈਨੂੰ ਹੁਣ ਜਮ੍ਹਾਂ ਈ ਪਾਗਲ ਕਰੂੰ।’

‘ਪਾ..ਅ…ਗ਼..ਲ!’

ਸ਼ੈਂਟੀ ਦੇ ਇਸ਼ਾਰੇ ‘ਤੇ ਸਿੱਖਾਂ ਦੇ ਗੋਲਡੀ ਨੇ ਮੇਰੀ ਦਾੜ੍ਹੀ ਪੱਟ ਦਿੱਤੀ ਸੀ। ਕੱਲ੍ਹ ਬੱਸ ਅੱਡੇ ‘ਤੇ ਖੜ੍ਹੇ ਦਾ ਮੇਰਾ ਹੱਥ ਆਪ ਮੁਹਾਰੇ ਦਾੜੀ ‘ਤੇ ਚਲਿਆ ਗਿਆ ਸੀ। ਸੜਕ ਤੋਂ ਦੀ ਗੋਲਡੀ ਤੇ ਸ਼ੈਂਟੀ ਲੰਘੇ ਜਾ ਰਹੇ ਸਨ। ਸਵੇਰੇ ਨੌਂ ਕੁ ਵਜੇ ਦਾ ਵਕਤ ਸੀ। ਮੈਂ ਦਵਾਈ ਲੈਣ ਸ਼ਹਿਰ ਜਾਣਾ ਸੀ। ਨਾਲੇ ਪ੍ਰਕਾਸ਼ ਕਿੱਦਣ ਦੀ ਭਿੰਦਰ ਨੂੰ ਯਾਦ ਕਰਦੀ ਸੀ। ਜੇਲ੍ਹ ਵਿਚੋਂ ਉਹਦੀ ਵੀ ਖਬਰਸਾਰ ਲਿਆਉਣੀ ਸੀ। ਜਦੋਂ ਗਰਭਪਾਤ ਵੇਲੇ ਜੱਸੀ ਦੀ ਮੌਤ ਹੋਈ। ਉਹਦੇ ਸਸਕਾਰ ਤੋਂ ਪਹਿਲਾਂ ਹੀ ਘਰੋਂ ਭੱਜਿਆ ਭਿੰਦਰ ਮੁੜ ਕਦੇ ਨਾ ਆਇਆ। ਜੱਸੀ ਦਾ ਪ੍ਰਾਹੁਣਾ ਨੇੜੇ ਹੀ ਸ਼ਹਿਰ ਵਿਚ ਇਕ ਧਾਗਾ ਮਿੱਲ ਵਿਚ ਕੰਮ ਕਰਦਾ ਸੀ। ਭਿੰਦਰ ਨੇ ਉਹਦੇ ਆਉਣ-ਜਾਣ ਦੀ ਸੂਹ ਰੱਖੀ। ਇਕ ਦਿਨ ਜਦੋਂ ਪ੍ਰਾਹੁਣਾ ਆਪਣੇ ਸਾਈਕਲ ‘ਤੇ ਘਰ ਨੂੰ ਆ ਰਿਹਾ ਸੀ, ਰਾਹ ਵਿਚ ਭਿੰਦਰ ਨੇ ਘੇਰ ਲਿਆ। ਉਹਦੇ ਹੱਥ ਵਿਚ ਨਲਕੇ ਦੀ ਡੰਡੀ ਸੀ। ਸਿਰ ਵਿਚ ਮਾਰ-ਮਾਰ ਪ੍ਰਾਹੁਣਾ ਉਹਨੇ ਜਾਨੋਂ ਮਾਰ ਦਿੱਤਾ ਸੀ। ਉਦੋਂ ਦੀ ਹੀ ਉਹ ਜੇਲ੍ਹ ਵਿਚ ਵੀਹ ਸਾਲੀ ਕੈਦ ਕੱਟ ਰਿਹਾ ਹੈ। ਭਿੰਦਰ ਦੀ ਖਬਰਸਾਰ ਤੇ ਦਵਾਈ ਲੈ ਕੇ ਜਦੋਂ ਮੈਂ ਵਾਪਿਸ ਪਿੰਡ ਆਇਆ। ਮੂੰਹ ਹਨ੍ਹੇਰਾ ਹੋ ਚੁੱਕਾ ਸੀ। ਖਵਨੀ ਕਿਉਂ ਮੈਨੂੰ ਪਿੰਡ ਓਪਰਾ- ਓਪਰਾ ਜਿਹਾ ਲੱਗਿਆ। ਰਾਹ ਵਿਚ ਕਿਸੇ ਨਾਲ ਬੋਲੇ ਬਿਨਾਂ ਮੈਂ ਤੇਜ਼ ਤੁਰਦਾ ਘਰ ਮੂਹਰੇ ਆ ਗਿਆ। ਬਾਹਰਲਾ ਦਰਵਾਜ਼ਾ ਚੁਪੱਟ ਖੁੱਲ੍ਹਾ ਪਿਆ ਸੀ। ਮੇਰੇ ਅੰਦਰ ਵੜਨਸਾਰ ਦੋ-ਤਿੰਨ ਕੁੱਤੇ ਬਾਹਰ ਨੂੰ ਭੱਜ ਗਏ। ਡਿਓਢੀ ਪਾਰ ਕਰਕੇ ਜਿਉਂ ਹੀ ਮੈਂ ਬੈਠਕ ਅੰਦਰ ਪੈਰ ਧਰਿਆ…ਮੇਰਾ ਦਿਮਾਗ ਘੁੰਮ ਗਿਆ ਸੀ। ਮੇਰੀਆਂ ਅੱਖਾਂ ਮੂਹਰੇ ਬਾਣ ਦੇ ਮੰਜੇ ‘ਤੇ ਪ੍ਰਕਾਸ਼ ਪਈ ਸੀ। ਉਹਦੇ ਹੱਥ-ਪੈਰ ਬਾਣ ਦੀ ਰੱਸੀ ਨਾਲ ਬੰਨ੍ਹੇ ਹੋਏ ਸਨ। ਮੂੰਹ ਵਿਚ ਚੁੰਨੀ ਤੁੰਨੀ ਹੋਈ। ਸਲਵਾਰ ਹੇਠਾਂ ਪਾਵੇ ਕੋਲ ਡਿੱਗੀ ਪਈ। ਢਿੱਡ ਤੋਂ ਲੈ ਕੇ ਪੈਰਾਂ ਤੱਕ ਉਹਦਾ ਸਾਰਾ ਸਰੀਰ ਨੰਗਾ। ਉਪਰ ਨੂੰ ਚੁੱਕੀ ਹੋਈ ਕੁੜਤੀ ਕਈ ਥਾਂਵਾਂ ਤੋਂ ਪਾਟੀ ਹੋਈ ਸੀ। ਸਰੀਰ ‘ਤੇ ਕਈ ਥਾਈਂ ਝਰੀਟਾਂ ਵੀ ਸਨ। ਮੰਜੇ ‘ਤੇ ਪਈ ਉਹ ਇਕ ਟੱਕ ਛੱਤ ਨੂੰ ਘੂਰ ਰਹੀ ਸੀ। ਪਾਗਲਾਂ ਵਾਂਗ ਖੜ੍ਹਾ ਮੈਂ ਉਹਦੀ ਦੁਰਦਸ਼ਾ ਵੇਖ ਰਿਹਾ ਸੀ। ‘ਪ੍ਰਕਾਸ਼! ਪ੍ਰਕਾਸ਼!! ਆਹ ਕੀ ਹੋਇਆ ਪਿਐ?’ ਉਹਦੇ ਮੂੰਹ ਵਿਚੋਂ ਚੁੰਨੀ ਕੱਢ ਰੱਸੀਆਂ ਖੋਲ੍ਹਦੇ ਹੋਏ ਜਦੋਂ ਮੈਂ ਪੁੱਛਿਆ ਤਾਂ ਉਹਦੀ ਸੁਰਤੀ ਨੇ ਆਖਰੀ ਵਾਰੀ ਕੰਮ ਕੀਤਾ ਸੀ, ‘ਸਰਪੰਚ ਦਾ ਮੁੰਡਾ ਸ਼ੈਂਟੀ ਆਇਆ ਤੀ! ਦੋ ਜਣਿਆਂ ਨਾਲ!’

ਇਸ ਤੋਂ ਪਿੱਛੋਂ ਪ੍ਰਕਾਸ਼ ਕੁਝ ਨਹੀਂ ਸੀ ਬੋਲੀ। ਪਰ ਮੈਂ ਸਭ ਕੁਝ ਸਮਝ ਗਿਆ ਸੀ। ਮੇਰੇ ਅੰਦਰ ਅੱਗ ਉਠੀ। ਰੌਲਾ ਪਾਉਂਦਾ ਮੈਂ ਭੱਜ ਕੇ ਬੀਹੀ ਵਿਚ ਆ ਗਿਆ, ‘ਆਹ ਦੇਖੋ ਲੋਕੋ! ਆ ਕੇ ਦੇਖੋ ਕੋਈ! ਦੇਖੋ ਸਰਪੰਚ ਦੇ ਮੁੰਡੇ ਸ਼ੈਂਟੀ ਨੇ ਮੇਰੀ ਘਰ ਆਲੀ ਨਾਲ਼..!’

ਮੇਰੀ ਆਵਾਜ਼ ਸੁਣ ਕੇ ਵਿਹੜੇ ਵਾਲੇ ਘਰਾਂ ਵਿਚ ਮਾੜੀ ਜਿਹੀ ਸੁਰਲ-ਵਿਰਲ ਹੋਈ। ਵੱਡੇ ਘਰਾਂ ਵਾਲੇ ਤਾਂ ਜੰਗਲਿਆਂ ਤੋਂ ਦੀ ਹੀ ਝਾਕੇ ਸਨ। ਕਈ ਬੰਦੇ-ਤੀਵੀਆਂ ਨੇ ਬੀਹੀ ਵਿਚ ਆ ਕੇ ਵੀ ਬੁੜ-ਬੁੜ ਜਿਹੀ ਕੀਤੀ, ‘ਇਹਦਾ ਤਾਂ ਰੋਜ ਦਾ ਈ ਕੰਮ ਐ!’

ਜਦੋਂ ਮੈਂ ਰੌਲਾ ਪਾਉਣ ਤੋਂ ਨਾ ਹੀ ਹਟਿਆ। ਮੇਰਾ ਭਾਈ ਬੀਹੀ ਵਿਚ ਆ ਗਿਆ। ਉਹਨੇ ਥੱਪੜ ਉਗਰ ਲਿਆ ਸੀ, ‘ਚੁੱਪ ਕਰਦੈਂ ਕਿ ਨਹੀਂ! ਐਮੇਂ ਸਾਲਾ ਪਾਗਲ ਜਾਤ ਦਿਖਾਉਂਦੈ! ਓਏ ਹੁਣ ਤਾਂ ਧੌਲਾ-ਝਾਟਾ ਮੂੰਹ ‘ਤੇ ਐ, ਹੁਣ ਤਾਂ ਹਟ ਜਾ! ਆਪ ਈ ਖੇਹ-ਖਰਾਬੀ ਕਰਕੇ ਸਾਲਾ ਸਰਪੰਚ ਦੇ ਮੁੰਡੇ ਨੂੰ ਬਦਨਾਮ ਕਰਦੈ! ਉਹਦੀਆਂ ਮਾਂਵਾਂ ਵਰਗੀ ਐ ਇਹ! ਕਿਹੜਾ ਮੰਨੂ ਤੇਰੀ ਗੱਲ?’

ਮੇਰੇ ਭਾਈ ਨੇ ਮੇਰੇ ਦੋ-ਤਿੰਨ ਥੱਪੜ ਮਾਰੇ ਸਨ। ਮੈਂ ਹੇਠਾਂ ਡਿੱਗ ਪਿਆ। ਜਦੋਂ ਮੈਂ ਉਠਿਆ ਉਹਨੇ ਫਿਰ ਗਲ-ਹੱਥਾ ਮਾਰਿਆ। ਜਦੋਂ ਕੋਈ ਪੇਸ਼ ਨਾ ਗਈ ਤਾਂ ਮੈਂ ਪੁਲਿਸ ਚੌਂਕੀ ਵਲ ਨੂੰ ਭੱਜ ਲਿਆ। ਚੌਂਕੀ ਜਾ ਕੇ ਮੈਂ ਥਾਣੇਦਾਰ ਦੇ ਪੈਰੀਂ ਡਿੱਗ ਪਿਆ। ਮੈਂ ਉਹਨੂੰ ਸਾਰੀ ਗੱਲ ਦੱਸੀ। ਪਰ ਉਹਨੇ ਉਲਟਾ ਮੈਨੂੰ ਹੀ ਫੜ ਕੇ ਬਿਠਾ ਲਿਆ। ਕਹਿੰਦਾ ‘ਖੜ੍ਹ ਜਾ ਹੁਣੇ ਸਰਪੰਚ ਨੂੰ ਨਾਲੇ ਉਹਦੇ ਮੁੰਡੇ ਨੂੰ ਬੁਲਾਉਨੇ ਆਂ, ਫੇਰ ਆਖੀਂ ਆਹੀ ਗੱਲ!’

‘ਮੈਂ ਸੌਂਹ ਖਾ ਕੇ ਕਹਿਨਾ ਜੀ ਕਿ…!’ ਜਿਉਂ ਹੀ ਮੈਂ ਥਾਣੇਦਾਰ ਦੇ ਪੈਰ ਫੜੇ, ਪਿੱਛੋਂ ਸਰਪੰਚ ਦੀ ਆਵਾਜ਼ ਆਈ ਸੀ, ‘ਸੌਂਹ ਤਾਂ ਝੂਠੇ ਖਾਂਦੇ ਹੁੰਦੇ ਨੇ ਸੰਤੋਖ ਸਿਆਂ!’

‘ਜਾਹ ਭੱਜ ਜਾ ਪਾਗਲ ਸਾਲਾ! ਐਮੇ ਮੱਥਾ ਖਾਣ ਆ ਜਾਂਦੇ ਨੇ!’ ਜਦੋਂ ਥਾਣੇਦਾਰ ਨੇ ਮੇਰੀ ਪਿੱਠ ਵਿਚ ਡੰਡਾ ਮਾਰਿਆ, ਮੇਰੀਆਂ ਅੱਖਾਂ ਮੂਹਰੇ ਹਨੇਰਾ ਆ ਗਿਆ। ਮੇਰੇ ਅੰਦਰ ਕੁਝ ਸੁਲਗ ਰਿਹਾ ਸੀ। ਮੈਨੂੰ ਹੱਥੂ ਜਿਹਾ ਛਿੜ ਗਿਆ। ਉਚੀ ਉਚੀ ਰੌਲਾ ਪਾਉਂਦਾ ਮੈਂ ਬਾਹਰ ਨੂੰ ਭੱਜ ਲਿਆ, ‘ਤੁਸੀਂ ਇਹ ‘ਨਸਾਫ ਨਹੀਂ ਕਰ ਰਹੇ! ‘ਨਸਾਫ ਨੀ ਕਰ ਰਹੇ ਤੁਸੀਂ! ਮੈਂ ਵੀ ਅੱਜ ਥੋਡੇ ਸਿਰ ਚੜ੍ਹ ਕੇ ਮਰੂੰ!’

ਚੌਂਕੀ ਵਿਚੋਂ ਬਾਹਰ ਜਾਂਦਿਆਂ ਹੀ ਮੈਂ ਐਧਰ- ਓਧਰ ਝਾਕਿਆ। ਸਾਹਮਣੇ ਸਕੂਲ ਸੀ। ਸਕੂਲ ਮੂਹਰੇ ਚਾਹ ਦਾ ਖੋਖਾ। ਖੋਖੇ ਵਾਲਾ ਮੁੰਡਾ ਛਿੱਕੂ ਵਿਚ ਗਿਲਾਸ ਧਰੀਂ ਦੁਕਾਨਾਂ ਵਲ ਨੂੰ ਜਾ ਰਿਹਾ ਸੀ। ਮੈਂ ਭੱਜ ਕੇ ਉਹਦੇ ਖੋਖੇ ਵਿਚ ਜਾ ਵੜਿਆ। ਪੀਪੀ ਚੁੱਕ ਕੱਪੜਿਆਂ ‘ਤੇ ਤੇਲ ਛਿੜਕਿਆ, ਸੀਖਾਂ ਵਾਲੀ ਡੱਬੀ ਚੁੱਕੀ। ਸੀਖ ਜਗ੍ਹਾ ਕੇ ਛੁਹਾ ਦਿੱਤੀ। ਫੱਕ ਦੇਣੇ ਮੇਰੇ ਕੱਪੜਿਆਂ ਨੂੰ ਅੱਗ ਲੱਗ ਗਈ। ਜਲਦਾ ਹੋਇਆ ਮੈਂ ਫਿਰ ਚੌਕੀ ਅੰਦਰ ਨੂੰ ਭੱਜਿਆ।

ਧੁੰਦਲੀਆਂ ਨਜ਼ਰਾਂ ਨਾਲ ਮੈਂ ਵੇਖਿਆ। ਅੰਦਰੋਂ ਸਿਪਾਹੀ ਮੇਰੇ ਵਲ ਨੂੰ ਭੱਜੇ। ਬਾਹਰੋਂ ਕਈ ਬੰਦੇ ਮੇਰੇ ਵਲ ਨੂੰ ਭੱਜੇ। ਮੈਨੂੰ ਖਾਸੀਆਂ ਬਾਹਾਂ ਨੇ ਜਕੜ ਲਿਆ। ਅੱਗ ਬੁਝਾ ਦਿੱਤੀ। ਮੈਂ ਬੇਹੋਸ਼ ਹੋ ਗਿਆ। ਜਦੋਂ ਸੁਰਤ ਆਈ, ਹਨ੍ਹੇਰਾ ਹੋ ਗਿਆ ਸੀ। ਮੇਰੇ ਸਰੀਰ ਵਿਚੋਂ ਜਲੇ ਹੋਏ ਮਾਸ ਨਾਲ ਬਰਨੌਲ ਦੀ ਗੰਧ ਆ ਰਹੀ ਸੀ। ਕਈ ਬੰਦੇ ਮੰਜੇ ‘ਤੇ ਪਾਈ ਮੈਨੂੰ ਘਰ ਨੂੰ ਲਈ ਜਾ ਰਹੇ ਸਨ। ਮੇਰੇ ਤੇੜ ਇਕੱਲਾ ਕਛਹਿਰਾ ਸੀ। ਜਦੋਂ ਸਾਡੇ ਘਰ ਕੋਲ ਪਹੁੰਚੇ ਤਾਂ ਬੀਹੀ ਵਿਚ ਖਾਸੇ ਬੰਦੇ, ਤੀਵੀਆਂ ਖੜ੍ਹੀਆਂ ਸਨ। ਆਵਾਜ਼ਾਂ ਆ ਰਹੀਆਂ ਸਨ, ‘ਸੰਤੋਖ ਤਾਂ ਪਾਗਲ ਹੈਗਾ ਈ ਤੀ… ਲਗਦੈ ਵਿਚਾਰੀ ਇਹ ਵੀ ਪਾਗਲ ਹੋਗੀ।’

ਆਵਾਜ਼ਾਂ ਸੁਣ ਕੇ ਮੈਂ ਟੇਢੀ ਅੱਖ ਨਾਲ ਵੇਖਿਆ। ਪ੍ਰਕਾਸ਼ ਦੀਆਂ ਲੱਤਾਂ ਨੰਗੀਆਂ ਸਨ।

ਹੱਥ ਵਿਚ ਸਲਵਾਰ ਫੜੀ ਉਹ ਪਰ੍ਹਾਂ ਨੂੰ ਜਾ ਰਹੀ ਸੀ। ਮੇਰਾ ਮੰਜਾ ਘਰ ਅੰਦਰ ਨੂੰ ਜਾ ਰਿਹਾ ਸੀ। ਜਦੋਂ ਲੋਕ ਪ੍ਰਕਾਸ ਨੂੰ ਫੜ ਕੇ ਅੰਦਰ ਬੰਦ ਕਰਨ ਲੱਗੇ। ਮੇਰੀਆਂ ਅੱਖਾਂ ਬੰਦ ਹੋਣ ਲੱਗ ਪਈਆਂ ਸਨ। ਅੱਖਾਂ ਖੋਲ੍ਹ ਕੇ ਮੈਂ ਆਲੇ-ਦੁਆਲੇ ਝਾਕਣ ਲੱਗ ਪਿਆ ਹਾਂ। ਘੰਟੇ ਦੀਆਂ ਸੂਈਆਂ ਟਿਕਟਿਕ ਕਰ ਰਹੀਆਂ ਨੇ। ਮੇਰੀਆਂ ਪੁੜਪੁੜੀਆਂ ਵਿਚ ਟੱਸ-ਟੱਸ ਹੋ ਰਹੀ ਹੈ। ਨਜ਼ਰ ਸਾਹਮਣੀ ਕੰਧ ‘ਤੇ ਲਟਕਦੀ ਫੋਟੋ ‘ਤੇ ਜੰਮਦੀ ਜਾ ਰਹੀ ਹੈ। ਬਾਬੇ ਨਾਨਕ ਦੀ ਫੋਟੋ ਹੈ। ਫੋਟੋ ਵਿਚ ਇਕ ਪਹਾੜ ਦਿਸ ਰਿਹਾ। ਪਹਾੜ ‘ਤੇ ਖੜ੍ਹਾ ਵਲੀ ਕੰਧਾਰੀ ਹੇਠਾਂ ਨੂੰ ਵੱਡਾ ਸਾਰਾ ਪੱਥਰ ਰੋੜ੍ਹ ਰਿਹਾ ਹੈ। ਪੱਥਰ ਦੀ ਸੇਧ ਵਿਚ ਹੇਠਾਂ ਬੈਠਾ ਮਰਦਾਨਾ ਪਾਣੀ ਪੀ ਰਿਹਾ ਹੈ। ਜਾਪਦਾ ਹੈ ਕਿ ਪੱਥਰ ਨੇ ਮਰਦਾਨੇ ਨੂੰ ਖਤਮ ਕਰ ਦੇਣਾ ਹੈ। ਪਰ ਬਾਬੇ ਨਾਨਕ ਦੇ ਹੱਥ ਨੇ ਪੱਥਰ ਰਾਹ ਵਿਚ ਹੀ ਰੋਕ ਲਿਆ ਹੈ। ਮੇਰੀ ਸੁਰਤੀ ਫੋਟੋ ਵਿਚਲੇ ਹੱਥ ਦੁਆਲੇ ਘੁੰਮਣ ਲੱਗ ਪਈ ਹੈ। ਦਿਮਾਗ ਵਿਚ ਇਕ ਨਵੀਂ ਫੋਟੋ ਬਣ ਰਹੀ ਹੈ। ਫੋਟੋ ਵਿਚ ਇਕ ਪਹਾੜ ਜਿੱਡੀ ਕੁਰਸੀ ਦਿਸ ਰਹੀ ਹੈ। ਕੁਰਸੀ ‘ਤੇ ਖੜ੍ਹਾ ਸਰਪੰਚ ਮੇਰੇ ਵਲ ਨੂੰ ਵੱਡਾ ਸਾਰਾ ਪੱਥਰ ਰੋੜ੍ਹ ਰਿਹੈ। ਲੱਗਦਾ ਪੱਥਰ ਨੇ ਮੈਨੂੰ ਖਤਮ ਕਰ ਦੇਣੈ। ਮਰਦਾਨੇ ਨੂੰ ਤਾਂ ਬਾਬੇ ਨਾਨਕ ਦੇ ਹੱਥ ਨੇ ਬਚਾ ਲਿਆ ਸੀ। ਮੈਨੂੰ ਬਚਾਉਣ ਵਾਲਾ ਹੱਥ ਕਿੱਥੇ ਹੈ? ਮੈਂ ਕਿੱਥੇ ਹਾਂ? ਫੋਟੋ ਤੋਂ ਨਜ਼ਰ ਹਟਾ ਕੇ ਝਾਤੀ ਮਾਰਦਾ ਹਾਂ। ਪਤਾ ਨਹੀਂ ਕਦੋਂ ਕੁ ਉਠਿਆ। ਬੈਟਰੀ ਚਾਲੂ ਕਰੀ ਬੈਠਾ ਹਾਂ। ਮਾਈਕ ਮੇਰੇ ਮੂਹਰੇ ਹੈ। ਸਾਢੇ ਤਿੰਨ ਵੱਜਣ ਵਾਲੇ ਨੇ। ਮੈਂ ਮਾਈਕ ਵਿਚ ਫੂਕ ਮਾਰੀ ਹੈ। ਅੱਖਾਂ ਉਤਾਂਹ ਚੜ੍ਹਨ ਲੱਗ ਪਈਆਂ ਨੇ। ਮੇਰੇ ਮੂੰਹ ਵਿਚੋਂ ਆਵਾਜ਼ ਨਿਕਲਣ ਲੱਗ ਪਈ ਹੈ, ‘ਸਤਨਾਮ! ਵਾਹਿਗੁਰੂ! ਉਠੋ ਨਗਰ ਨਿਵਾਸੀਓ! ਇਕ ਹੱਥ ਦੀ ਲੋੜ ਐ ਭਾਈ!’ ਇਹ ਮੈਥੋਂ ਕੀ ਆਖਿਆ ਗਿਆ ਹੈ, ਮਾਈਕ ਵਿਚ ਬੋਲਦੇ ਵਕਤ ਮੈਂ ਸੰਤੋਖ ਸਿੰਘ ਨਹੀਂ ਸੀ। ਹੋਰ ਕੁਝ ਬੋਲਣ ਲਈ ਮਨ ਨਹੀਂ ਕਰ ਰਿਹਾ। ਬੈਟਰੀ ਬੰਦ ਕਰ ਹੌਲੀ-ਹੌਲੀ ਉਠਿਆ ਹਾਂ। ਮਹਾਰਾਜ ਦੀ ਹਜ਼ੂਰੀ ਵਿਚ ਮੱਥਾ ਟੇਕ ਬਾਹਰ ਨੂੰ ਤੁਰ ਪਿਆ ਹਾਂ। ਦੇਹਲੀ ‘ਤੇ ਸੀਸ ਨਿਵਾ ਮੈਂ ਜਿੰਦੇ ਵਿਚੋਂ ਚਾਬੀ ਕੱਢ ਲਈ ਹੈ। ਦਰਵਾਜ਼ਾ ਭੇੜ ਕੇ ਫਿਰ ਘਰ ਵਲ ਨੂੰ ਤੁਰ ਪਿਆ ਹਾਂ। ਬੀਹੀ ਵਿਚ ਸਿਰਫ ਮੈਂ ਹੀ ਨਹੀਂ ਰਿਹਾ। ਮੇਰੇ ਮਗਰ ਕੋਈ ਹੋਰ ਵੀ ਤੁਰਿਆ ਆ ਰਿਹਾ। ਉਹਦੇ ਮਗਰ ਕੋਈ ਹੋਰ ਹੈ। ਪੈੜ-ਚਾਲ ਉਭਰ ਰਹੀ ਹੈ। ਬੀਹੀ ਵਿਚ ਪਸਰੀ ਸੁੰਨ ਟੁੱਟਣ ਲੱਗ ਪਈ ਹੈ। ਪੱਕ ਕਰਨ ਲਈ ਮੈਂ ਪਿਛਾਂਹ ਨੂੰ ਝਾਕਿਆ। ਕੋਈ ਵੀ ਨਹੀਂ। ਐਵੇਂ ਹੀ ਮੇਰਾ ਵਹਿਮ ਹੈ। ਕੋਈ ਨਹੀਂ ਉਠਿਆ। ਜਿਨ੍ਹਾਂ ਨੇ ਵੀ ਗੁਰਦੁਆਰੇ ਦਾ ਸਪੀਕਰ ਸੁਣਿਆ ਹੋਣਾ। ਮੈਨੂੰ ਫਿਰ ਪਾਗਲ ਆਖਣਾ ਹੈ। ਦਰਵਾਜ਼ੇ ਬੰਦ ਕਰੀ ਸਾਰਾ ਪਿੰਡ ਸੁੱਤਾ ਪਿਆ ਹੈ। ਮੈਂ ਹੁਣ ਕੀ ਕਰਾਂ? ਦਿਮਾਗ ਕਿਸੇ ਸਿੱਟੇ ‘ਤੇ ਨਹੀਂ ਪਹੁੰਚ ਰਿਹਾ।

ਮੈਂ ਘਰ ਮੂਹਰੇ ਆ ਪਹੁੰਚਿਆ ਹਾਂ। ਦਰਾਂ ਮੂਹਰੇ ਖੜ੍ਹ ਕੇ ਚੁਪਾਸੇ ਨਜ਼ਰ ਮਾਰੀ ਹੈ। ਬੀਹੀ ਵਿਚ ਹਨ੍ਹੇਰਾ ਹੈ। ਪਰਲੇ ਮੋੜ ਤੋਂ ਕੁੱਤਿਆਂ ਦੇ ਰੋਣ ਦੀ ਆਵਾਜ਼ ਆ ਰਹੀ ਹੈ। ਮੈਂ ਦਰਵਾਜ਼ਾ ਖੋਲ੍ਹਿਆ ਹੈ। ਅੰਦਰ ਡਿਓਢੀ ਸਣੇ ਬੈਠਕ ਵਿਚ ਵੀ ਹਨੇਰਾ। ਦੀਵਾ ਬੁਝਿਆ ਪਿਆ ਹੈ। ਜ਼ਖਮਾਂ ਵਿਚ ਹੱਦੋਂ ਵੱਧ ਜਲਣ ਹੋਣ ਲੱਗ ਪਈ ਹੈ। ਮੈਂ ਮੰਜੇ ‘ਤੇ ਬੈਠਣ ਲੱਗਿਆ ਹਾਂ ਪਰ ਨਹੀਂ, ਬੈਠ ਨਹੀਂ ਸਕਿਆ। ਕੋਈ ਚੀਜ਼ ਮੇਰੇ ਮੂੰਹ ‘ਤੇ ਆ ਵੱਜੀ ਹੈ। ਟੋਹ ਕੇ ਵੇਖਦਾ ਹਾਂ। ਪ੍ਰਕਾਸ਼ ਦੀ ਸਲਵਾਰ ਹੈ। ਬੈਠਕ ਦੀ ਖਿੜਕੀ ਥਾਈਂ ਪ੍ਰਕਾਸ਼ ਨੇ ਮੇਰੇ ਵਲ ਸਿੱਟੀ ਹੈ। ਸਲਵਾਰ ਹੱਥ ਵਿਚ ਫੜੀ ਮੈਂ ਸੋਚੀਂ ਪੈ ਗਿਆ ਹਾਂ। ਕਦੇ ਮਨ ਵਿਚ ਆਉਂਦੀ ਹੈ ਕਿ ਹਨੇਰੇ ਵਿਚ ਹੀ ਉਹਦਾ ਨੰਗ ਢਕ ਦੇਵਾਂ। ਕਦੇ ਸੋਚਦਾ ਹਾਂ ਕਿ ਦੀਵਾ ਜਗਾ ਕੇ ਚਾਨਣ ਕਰ ਲਵਾਂ।

  • ਮੁੱਖ ਪੰਨਾ : ਕਹਾਣੀਆਂ, ਜਸਵੀਰ ਰਾਣਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ