Panghura (Punjabi Story) : Nuzhat Abbas

ਪੰਘੂੜਾ (ਕਹਾਣੀ) : ਨੁਜ਼ਹਤ ਅੱਬਾਸ

ਨਿੱਕੇ ਹੁੰਦਿਆਂ ਸਾਡੇ ਮੁਹੱਲੇ ਵਿਚ ਇਕ ਦੁਨੀਆ ਵਸਦੀ ਸੀ। ਸਭ ਦੀ ਆਪੋ ਆਪਣੀ ਸਿਆਣਪ ਸੀ ਜਿਵੇਂ ਕਿ ਬਾਬੂ ਰਫ਼ੀਕ ਟੈਲੀਫ਼ੋਨ ਵਾਲੇ ਮਸ਼ਹੂਰ ਸਨ ਤੇ ਮੁਹੱਲੇ ਦੇ ਬਾਕੀ ਘਰ ਕੁਝ ਇੰਜ ਬੁਲਾਏ ਜਾਂਦੇ ਸਨ ਜਿਵੇਂ ਕਿ ਬੰਕ ਵਾਲੀ, ਡਿਪੂ ਵਾਲੀ, ਕੱਪੜੇ ਵਾਲੀ, ਦੁਕਾਨ ਵਾਲੀ, ਮੁੱਲ ਵਾਲੀ, ਮਕਾਨਾਂ ਵਾਲੀ, ਟਰੱਕ ਵਾਲੀ, ਸਕੂਲ ਵਾਲੀ, ਪਲਾਟ ਵਾਲੀ, ਕੋਠੀ ਵਾਲੇ ਤੇ ਕਿਤਾਬਾਂ ਵਾਲੀ। ਜਦ ਔਰਤਾਂ ਬਾਰੇ ਗੱਲ ਹੁੰਦੀ ਤੇ ਇਹ ਸਾਰੇ ਨਾਂ ਬਦਲ ਕੇ ਕੁਝ ਇੰਜ ਬਣ ਜਾਂਦੀ; ਬੰਕ ਵਾਲੀ, ਪਲਾਟ ਵਾਲੀ, ਮਕਾਨਾਂ ਵਾਲੀ ਤੇ ਬਾਬੂ ਰਫ਼ੀਕ ਦੀ ਵਹੁਟੀ ਮਸ਼ਹੂਰ ਸੀ ਟੈਲੀਫ਼ੋਨ ਵਾਲੀ।
ਇਹਦੇ ਇਲਾਵਾ ਉਹ ਨੂੰ ਨਗੌਰੀ ਵੀ ਆਖਿਆ ਜਾਂਦਾ ਸੀ, ਕਿਉਂ ਜੇ ਉਹ ਗੋਰੇ ਰੰਗ ਦੀ ਸੀ ਤੇ ਸਗੋਂ ਗੂੜ੍ਹੇ ਲਾਲ਼ ਜਾਮਨੀ ਹਰੇ ਤੇ ਪੀਲੇ ਕੱਪੜੇ ਪਾਕੇ ਹੋਰ ਵੀ ਗੋਰੇ ਰੰਗ ਨੂੰ ਵਧੇਰਾ ਕਰਦੀ ਰਹਿੰਦੀ ਸੀ। ਬਾਬੂ ਰਫ਼ੀਕ ਦੀ ਇਕ ਭੈਣ ਵੀ ਸੀ ਜਿਹੜੀ ਉਸਤਾਨੀ ਸੀ ਤੇ ਸ਼ਾਮ ਨੂੰ ਮੁਹੱਲੇ ਦੇ ਬੱਚਿਆਂ ਨੂੰ ਟਿਊਸ਼ਨ ਵੀ ਪੜ੍ਹਾਂਦੀ ਸੀ।ਉਸਦੇ ਮੁੱਖ ਤੇ ਮੋਟੀਆਂ ਅੱਖੀਆਂ ਉਦਾਸ ਲਗਦੀਆਂ ਤੇ ਉਹ ਬਹੁਤ ਘੱਟ ਬੋਲਦੀ ਸੀ ।
੩੧ ਮਾਰਚ ਨੂੰ ਸਕੂਲੇ ਨਵੇਂ ਜਮਾਇਤੇ ਚੜ੍ਹਨ ਦਾ ਦਿਹਾੜ ਹੁੰਦਾ ਸੀ । ਅੰਮੀ ਕਈ ਦਿਨਾਂ ਤੋਂ ਮੇਰੇ ਤੇ ਨਿੱਕੇ ਵੀਰਾਂ ਲਈ ਚੰਗੇ ਨਤੀਜੇ ਦੀ ਆਸ ਵਿਚ ਕਾਮਯਾਬੀ ਦੇ ਮਿੱਠੇ ਹਾਰ ਬਣਾ ਰਹੀ ਸੀ। ਮਖਾਣੇ, ਛੁਆਰੇ, ਠੂਠੀ, ਮਣਕੇ, ਪਤਾਸ਼ੇ ਤੇ ਵਿਚ ਵਿਚ ਪੀਲੇ ਗੇਂਦੇ ਦੇ ਫੁੱਲ ਪਰੋ ਰਹੀ ਸੀ। ਮਾਂ ਸਾਡੇ ਲਈ ਇਹ ਹਾਰ ਹਰ ਵਰ੍ਹੇ ਬਣਉਂਦੀ ਸੀ। ਜਦੋਂ ਅਸੀਂ ਪਾਸ ਹੋ ਕੇ ਘਰ ਆਉਂਦੇ ਤੇ ਉਹ ਹਾਰ ਸਾਡੇ ਗੱਲ ਵਿਚ ਪਾਂਦੀ ਮੁਬਾਰਕ ਦਿੰਦੀ ਮੂੰਹ ਚੁੰਮਦੀ ਸੀ। ਗਲ ਵਿਚ ਹਾਰ ਪਾਉਂਦਿਆਂ ਈ ਅਸੀਂ ਮੇਵੇ ਤੇ ਫੁੱਲ ਖਾਵਣ ਲੱਗ ਪੈਂਦੇ ਸੀ।
ਮੈਨੂੰ ਕਈ ਵਰ੍ਹਿਆਂ ਮਗਰੋਂ ਪਤਾ ਲੱਗਿਆ ਬਈ ਗੇਂਦੇ ਦੇ ਫੁੱਲ ਖਾਵਣ ਲਈ ਨਹੀਂ ਸੀ । ਮੁਹੱਲੇ ਵਿਚ ਬਹੁਤ ਸਾਰੇ ਬਾਲ ਪਾਸ ਹੁੰਦੇ ਸੀ ਪਰ ਮੇਵੇ ਦੇ ਹਾਰ ਸਭ ਨੂੰ ਨਹੀਂ ਸੀ ਮਿਲਦੇ । ਕਈ ਮਾਵਾਂ ਖ਼ੁਸ਼ੀ ਵਿਚ ਖੰਡ ਵੰਡਦੀਆਂ ਤੇ ਕਈ ਲੱਡੂ ਪਰ ਮੇਵੇ ਦੇ ਹਾਰ ਸਾਨੂੰ ਅੱਗੇ ਪੜ੍ਹਨ ਨੂੰ ਹੱਲਾਸ਼ੇਰੀ ਦਿੰਦੇ। ਸਾਰਾ ਦਿਨ ਅਸੀਂ ਗਲ ਵਿਚ ਹਾਰ ਪਾਕੇ ਮੁਹੱਲੇ ਦੇ ਹਰ ਘਰ ਬਿਨਾ ਕਿਸੇ ਰੋਕ ਟੋਕ ਦੇ ਨੱਸੇ ਭੱਜੇ ਫਿਰਦੇ ਰਹਿੰਦੇ । ਉਦੋਂ ਬਾਲ ਤੇ ਘਰ ਸਾਂਝੇ ਈ ਹੁੰਦੇ ਸੀ।
ਜਦੋਂ ਮੈਂ ਚੌਥੀ ਜਮਾਤ ਚੜ੍ਹੀ ਤੇ ਅੰਮੀ ਨੇ ਹਾਰ ਗਲ ਵਿਚ ਪਾਂਦਿਆਂ ਈ ਆਖਿਆ ਤੂੰ ਹੁਣ ਵੱਡੀ ਜਮਾਇਤੇ ਚੜ੍ਹ ਗਈ ਐਂ ਜੇ ਚਾਹਵੇਂ ਤੇ ਬਾਬੂ ਰਫ਼ੀਕ ਦੀ ਭੈਣ ਕੋਲੋਂ ਟਿਊਸ਼ਨ ਵੀ ਪੜ੍ਹ ਲਿਆ ਕਰੀਂ। ਮੈਂ ਉਸੇ ਵੇਲੇ ਖ਼ੁਸ਼ੀ ਖ਼ੁਸ਼ੀ ਬਾਬੂ ਰਫ਼ੀਕ ਵੱਲ ਜਾ ਕੇ ਦੱਸ ਦਿੱਤਾ ਕਿ ਛੁੱਟੀਆਂ ਤੋਂ ਬਾਦ ਮੈਂ ਆਪਾ ਕੋਲ਼ ਪੜ੍ਹਨ ਆਇਆ ਕਰਾਂਗੀ। ਇਸ ਦਿਨ ਬਾਬੂ ਰਫ਼ੀਕ ਘਰ ਸੀ ਮੈਨੂੰ ਵੇਖ ਕੇ ਪੁੱਛਣ ਲੱਗੇ, "ਨਾ ਗੱਲ ਸੁਣ ਤੂੰ ਇੰਨਾ ਪੜ੍ਹ ਕੇ ਕੀ ਕਰਨਾ ਐਂ? ਕੀ ਤੂੰ ਉਸਤਾਨੀ ਬਣਨਾ ਈ?" ਮੈਂ ਅਜੇ ਸੋਚ ਈ ਰਈ ਸੀ ਕਿ ਉਨ੍ਹਾਂ ਨੇ ਮੇਰਾ ਹਾਰ ਹੱਥ ਵਿਚ ਫੜਦਿਆਂ ਆਪਣੀਆਂ ਉਂਗਲਾਂ ਮੇਰੇ ਸੀਨੇ ਵਿਚ ਖੋਭ ਦਿੱਤੀਆਂ। ਮੈਂ ਭੱਜਨ ਲੱਗੀ ਤੇ ਮੇਰਾ ਹੱਥ ਫੜ ਕੇ ਆਖਣ ਲੱਗੇ "ਇਹ ਹਾਰ ਤੇ ਬੜਾ ਮਜ਼ੇਦਾਰ ਲੱਗ ਰਿਆ ਏ ਏਦ੍ਹੇ ਵਿਚੋਂ ਇਕ ਛੁਆਰਾ ਮੈਂ ਵੀ ਖਾ ਲਵਾਂ?" "ਨਹੀਂ ਨਹੀਂ ਇਹ ਪਾਸ ਹੋਣ ਵਾਲੇ ਬੱਚਿਆਂ ਲਈ ਹੁੰਦੇ ਨੇ ਤੁਹਾਡੇ ਲਈ ਨਹੀਂ ।" ਬਾਬੂ ਰਫ਼ੀਕ ਨੇ ਆਪਣੀ ਵਹੁਟੀ ਵੱਲ ਵੇਖ ਕੇ ਆਖਿਆ "ਲਉ ਜੀ ਇਹ ਸਮਝਦੀ ਏ ਕਿ ਅਸੀਂ ਪਾਸ ਹੋਏ ਬਿਨਾਂ ਈ ਟੈਲੀਫ਼ੋਨ ਦੇ ਮਹਿਕਮੇ ਵਿਚ ਅਫ਼ਸਰ ਬਣ ਗਏ ਆਂ" ਉਹ ਦੋਵੇਂ ਹੱਸਣ ਲੱਗ ਪਏ ਤੇ ਮੈਂ ਭੱਜ ਕੇ ਘਰ ਆ ਗਈ।
ਚੌਥੀ ਕਲਾਸ ਚੜ੍ਹਦਿਆਂ ਈ ਮੈਂ ਰੋਜ਼ ਸ਼ਾਮ ਨੂੰ ਆਪਾ ਕੋਲ਼ ਪੜ੍ਹਨ ਜਾਂਦੀ ਸੀ।ਉਹ ਮੈਨੂੰ ਕੋਠੇ ਦੀ ਛੱਤ ਉਤੇ ਲੈ ਜਾਂਦੀ ਜਿਥੇ ਅਸੀਂ ਇਕ ਮੰਜੀ ਉੱਤੇ ਬਹਿ ਕੇ ਪੜ੍ਹਨਾ ਸ਼ੁਰੂ ਕਰਦੇ ਪਰ ਛੇਤੀ ਈ ਆਪਾ ਮੈਨੂੰ ਜਮ੍ਹਾਂ ਤਫ਼ਰੀਕ ਦੇ ਸਵਾਲ ਦੇ ਕੇ ਆਪ ਥੱਲੇ ਬਾਵਰਚੀ ਖ਼ਾਨੇ ਵਿਚ ਚਲੀ ਜਾਂਦੀ ਸੀ।ਮੈਂ ਸਵਾਲ ਮੁਕਾ ਕੇ ਆਪਾ ਨੂੰ ਵਾਜ ਮਾਰਦੀ । ਆਪਾ ਜਵਾਬ ਵਿਚ ਆਖਦੀ ਹੁਣ ਪਹਾੜੇ ਯਾਦ ਕਰ। ਪਹਾੜੇ ਮੈਨੂੰ ਸਭ ਯਾਦ ਨੇਂ ।ਇਹ ਸੁਣ ਕੇ ਉਹ ਮੈਨੂੰ ਕਿਤਾਬ ਵਿਚੋਂ ਕਹਾਣੀ ਕਾਪੀ ਉਤੇ ਲਿਖ਼ਣ ਵੱਲ ਲਾਈ ਰੱਖਦੀ। ਮੈਨੂੰ ਵੇਖੋ ਵੇਖੀ ਮੁਹੱਲੇ ਦੀਆਂ ਦੋ ਚਾਰ ਹੋਰ ਕੁੜੀਆਂ ਟਿਊਸ਼ਨ ਪੜ੍ਹਨ ਆਉਣ ਲੱਗ ਪਈਆਂ ਸਨ। ਇਨ੍ਹਾਂ ਦੇ ਆਉਣ ਨਾਲ਼ ਇਕ ਫ਼ੈਦਾ ਹੋਇਆ ਕਿ ਅਸੀਂ ਆਪਸ ਵਿਚ ਖੇਡਾਂ ਖੇਡਦਿਆਂ ਵੇਲ਼ਾ ਲੰਘਾ ਲੈਂਦੇ ਤੇ ਆਪਾ ਨੂੰ ਥੱਲਿਓਂ ਵਾਜ ਮਾਰਨ ਦੀ ਲੋੜ ਈ ਨਾ ਪੈਂਦੀ।
ਹੌਲੀ ਹੌਲੀ ਬਾਬੂ ਰਫ਼ੀਕ ਦੇ ਘਰ ਤੇ ਉਹਦੇ ਚਾਰ ਚੁਫ਼ੇਰੇ ਤੋਂ ਜਾਣਕਾਰੀ ਵੱਧ ਗਈ ਸੀ। ਉਨ੍ਹਾਂ ਦੇ ਨਾਲ਼ ਵਾਲੇ ਕੋਠੇ ਉਤੋਂ ਇਕ ਮੁੰਡਾ ਸਾਨੂੰ ਤਾੜਦਾ ਰਹਿੰਦਾ ਸੀ।ਇਕ ਦਿਹਾੜੇ ਉਸ ਨੇ ਕੁਝ ਲਿਖ ਕੇ ਰੋੜੇ ਉਤੇ ਲਪੇਟ ਕੇ ਸਾਡੇ ਵੱਲ ਸੁੱਟਿਆ । ਸਾਨੂੰ ਸਭ ਨੂੰ ਕੰਬਣੀ ਆ ਗਈ ਸੀ ਕਿ ਜੇ ਆਪਾਂ ਨੇ ਦੇਖ ਲਿਆ ਤੇ ਸਾਡਾ ਕੀ ਬਣੇਗਾ? ਏਸ ਵਿਚ ਕੀ ਗ਼ਲਤ ਸੀ ਉਹ ਤੇ ਨਹੀਂ ਸੀ ਪਤਾ, ਪਰ ਸਾਡਾ ਸਭ ਦਾ ਸਾਹ ਸੁੱਕ ਗਿਆ ਸੀ ।ਦਿਮਾਗ਼ ਵਿਚ ਸਵਾਲ ਉਗਦੇ ਸਨ ਪਰ ਪਤਾ ਨਹੀਂ ਕਿਉਂ ਸਵਾਲ ਪੁੱਛਣ ਦੀ ਹਿੰਮਤ ਈ ਨਈਂ ਸੀ ਪੈਂਦੀ। ਹਰ ਰੋਜ਼ ਹਯਾਤੀ ਇਕ ਡਰਾਮੇ ਵਾਂਗ ਚਲੀ ਜਾ ਰਹੀ ਸੀ ਜਿਹਦੇ ਵਿਚ ਅਸੀਂ ਵੀ ਨਿੱਕੇ ਨਿੱਕੇ ਕਿਰਦਾਰ ਸੀ।
ਮੈਨੂੰ ਆਪਣੇ ਘਰ ਤੇ ਬਾਬੂ ਰਫ਼ੀਕ ਦੇ ਘਰ ਦਾ ਫ਼ਰਕ ਵੀ ਨਜ਼ਰ ਆਉਣ ਲੱਗ ਪਿਆ ਸੀ। ਮੇਰੇ ਘਰ ਦਾ ਮਾਹੌਲ ਤੇ ਸੋਚਣ ਦਾ ਅੰਦਾਜ਼ ਵੱਖਰਾ ਈ ਸੀ। ਮੇਰੇ ਭਰਾ ਦੇ ਬਹੁਤ ਸਾਰੇ ਦੋਸਤ ਯਾਰ ਅਕਸਰ ਆਉਂਦੇ ਤੇ ਪਤਾ ਨਹੀਂ ਉਹ ਸਾਰੇ ਕੋਈ ਲੰਮੀਆਂ ਲੰਮੀਆਂ ਤਕਰੀਰਾਂ ਤੇ ਬਹਿਸਾਂ ਕਰਦੇ। ਮੇਰੀ ਮਾਂ ਇਨ੍ਹਾਂ ਲਈ ਬੜੇ ਚਾਅ ਨਾਲ਼ ਰੋਟੀ ਬਣਾਂਦੀ ਤੇ ਰੀਝ ਨਾਲ਼ ਉਨ੍ਹਾਂ ਨੂੰ ਖੁਵਾਂਦੀ । ਲਗਦਾ ਸੀ ਕਿ ਏ ਸਭ ਬੜਾ ਈ ਅਹਿਮ ਕੰਮ ਕਰ ਰਹੇ ਨੇਂ। ਇਹ ਕਿਤਾਬਾਂ ਵਾਲੇ ਸਾਰੇ ਲੋਗ ਕਿਸੇ ਹੋਰ ਈ ਦੁਨੀਆ ਦੀ ਮਖ਼ਲੂਕ ਲਗਦੇ ਸਨ।
ਇੱਕ ਦਿਨ ਮੈਂ ਆਪਣੇ ਭਰਾ ਨੂੰ ਪੁੱਛ ਈ ਲਿਆ ਕਿ ਇਹ ਤੁਸੀ ਕੀ ਗੱਲਾਂ ਕਰਦੇ ਓ ਤੇ ਇਨ੍ਹਾਂ ਕਿਤਾਬਾਂ ਵਿਚ ਕੀ ਲਿਖ਼ਿਆ ਈ? ਉਹ ਨਿੰਮਾ ਜਿਹਾ ਹੱਸਿਆ ਤੇ ਆਖਣ ਲੱਗਾ "ਤੂੰ ਵੀ ਇਹ ਕਿਤਾਬਾਂ ਪੜ੍ਹਿਆ ਕਰ ਤੇ ਨਾਲੇ ਸਾਡੇ ਵਿਚ ਬਹਿ ਕੇ ਸੁਣਿਆ ਕਰ ਕਿ ਅਸੀਂ ਕੀ ਗੱਲਾਂ ਕਰਦੇ ਆਂ।" ਅਗਲੇ ਦਿਨ ਸ਼ਾਮ ਨੂੰ ਮੈਂ ਆਪਣੇ ਭਰਾ ਨਾਲ਼ ਜੁੜਕੇ ਪੜ੍ਹੇ ਲਿਖਿਆਂ ਦੇ ਸਟੱਡੀ ਸਰਕਲ ਵਿਚ ਬੈਠ ਗਈ।ਮੈਨੂੰ ਕੁਝ ਵੀ ਸਮਝ ਨਹੀਂ ਆਇਆ ਤੇ ਉਨ੍ਹਾਂ ਦੇ ਹਿਲਦੇ ਬੁਲ੍ਹਾਂ ਵਿਚੋਂ ਬੱਸ ਦੋ ਅੱਖਰ ਘੜੀ ਮੁੜੀ ਆਖੇ ਜਾਣ ਪਾਰੋਂ ਮੈਨੂੰ ਯਾਦ ਰਹਿ ਗਏ ਤੇ ਉਹ ਸਨ ਸਮਾਜੀ ਨਾਇੰਸਾਫ਼ੀ।
ਇਕ ਦੋ ਦਿਨਾਂ ਬਾਦ ਮੇਰੇ ਭਰਾ ਨੇ ਪੁੱਛਿਆ "ਅੱਛਾ ਤੇ ਕੀ ਸਮਝ ਆਈ ਤੈਨੂੰ ਸਟੱਡੀ ਸਰਕਲ ਵਿਚੋਂ?" ਮੈਂ ਕਿੰਨੀ ਦੇਰ ਸੋਚਣ ਮਗਰੋਂ ਜਵਾਬ ਦਿੱਤਾ "ਸਮਝ ਤੇ ਕੁਝ ਨਈਂ ਆਈ। ਖ਼ੌਰੇ ਉਹ ਡਾਕਟਰ ਸਾਬ ਘੜੀ ਮੁੜੀ ਕੀ ਆਖੀ ਜਾ ਰਹੇ ਸਨ ਸਮਾਜੀ ਨਾਇੰਸਾਫ਼ੀ। ਭਲਾ ਇਹ ਸਮਾਜੀ ਨਾ ਇੰਸਾਫ਼ੀ ਕੀ ਹੁੰਦੀ ਏ ?" ਭਾਈ ਜਾਨ ਹੱਸਿਆ ਤੇ ਆਖਣ ਲੱਗਾ "ਵੇਖ ਨਾ ਇਹ ਸਮਾਜ ਜਿਸ ਵਿਚ ਅਸੀਂ ਰਹਿੰਦੇ ਆਂ ਜ਼ੁਲਮ ਨਾਲ਼ ਭਰਿਆ ਏ । ਅਸੀਂ ਸਾਰੇ ਸਮਾਜ ਨੂੰ ਨਾਇੰਸਾਫ਼ੀਆਂ ਤੇ ਜ਼ੁਲਮ ਤੋਂ ਆਜ਼ਾਦ ਕਰਨ ਲਈ ਇਕੱਠੇ ਹੁੰਦੇ ਆਂ। ਅਪਣਾ ਸ਼ਊਰ ਵਧਾਉਣ ਲਈ ਪੜ੍ਹਦੇ ਆਂ।ਕਿਉਂ ਜੇ ਪੜ੍ਹਨ ਤੇ ਉਹਦੇ ਬਾਰੇ ਤਬਾਦਲਾ-ਏ-ਖ਼ਿਆਲ ਤੋਂ ਬਾਦ ਈ ਸੋਚ ਸਾਫ਼ ਹੁੰਦੀ ਏ। ਇਹ ਸਾਡੀ ਜ਼ਿੰਮੇਦਾਰੀ ਏ ਕਿ ਮਜ਼ਲੂਮ ਤੇ ਬੇਖ਼ਬਰ ਲੋਕਾਂ ਨੂੰ ਇਹ ਗੱਲ ਸਮਝਾਈ ਜਾਵੇ ਕਿ ਉਨ੍ਹਾਂ ਨਾਲ਼ ਕੀ ਕੀ ਜ਼ੁਲਮ ਤੇ ਨਾਇੰਸਾਫ਼ੀਆਂ ਹੋ ਰਈਆਂ ਨੇਂ।ਸਾਨੂੰ ਕੱਠੇ ਹੋ ਕੇ ਜੱਦੋ ਜਹਿਦ ਕਰਨ ਦੀ ਲੋੜ ਈ।" ਮੈਂ ਸਿਰ ਹਿਲਾ ਹਿਲਾ ਕੇ ਆਪਣੀ ਜਾਨ ਛੜਾਈ ਪਰ ਰਾਤ ਸੌਣ ਤੋਂ ਪਹਿਲੇ ਮੈਂ ਦੇਰ ਤੀਕਰ ਸੋਚਦੀ ਰਹੀ ਕਿ ਇਹ ਤੇ ਭਾਈ ਕੋਲੋਂ ਪੁੱਛਿਆ ਈ ਨਈਂ ਕਿ ਉਹ ਬੇਖ਼ਬਰ ਮਜ਼ਲੂਮ ਲੋਕ ਰਹਿੰਦੇ ਕਿੱਥੇ ਨੇਂ? ਜਿਹਨਾਂ ਨੂੰ ਦੱਸਣ ਦੀ ਲੋੜ ਏ ਕਿ ਉਨ੍ਹਾਂ ਤੇ ਜ਼ੁਲਮ ਹੁੰਦਾ ਏ ਤੇ ਉਹ ਸਮਾਜੀ ਨਾ ਇੰਸਾਫ਼ੀ ਦਾ ਸ਼ਿਕਾਰ ਨੇਂ।
ਅਗਲੇ ਦਿਨ ਬਾਬੂ ਰਫ਼ੀਕ ਵੱਲ ਗਈ ਤੇ ਇਹ ਸਵਾਲ ਮੁੜਮੁੜ ਦਿਮਾਗ਼ ਵਿਚ ਘੁੰਮੀ ਜਾ ਰਿਹਾ ਸੀ ਪੜ੍ਹਨ ਵਿਚ ਦਿਲ ਵੀ ਨਈਂ ਲੱਗ ਰਿਹਾ ਸੀ। ਉਸਤਾਨੀ ਕੋਲੋਂ ਸਵਾਲ ਪੁੱਛਿਆ ਈ ਨਈਂ ਜਾ ਸਕਦਾ ਸੀ ਪਰ ਅੱਜ ਬਾਬੂ ਰਫ਼ੀਕ ਘਰ ਈ ਸੀ ਤੇ ਅਪਣਾ ਨੀਲੇ ਰੰਗ ਦਾ ਸਕੂਟਰ ਧੋ ਰਿਹਾ ਸੀ। ਮੈਂ ਛੁੱਟੀ ਕਰ ਕੇ ਘਰ ਜਾਣ ਲੱਗੀ ਉਸ ਨੇ ਮੇਰੀ ਬਾਂਹ ਫੜ ਰੋਕ ਲਿਆ। "ਹਾਂ ਭਈ ਹੋ ਗਈਆਂ ਪੜਾe੍ਹੀਆਂ ?" ਮੈਂ ਆਪਣੇ ਧਿਆਨੇ ਆਪਣੀ ਚੁੱਪ ਵਿਚ ਸਾਂ। ਆਖ਼ਿਰ ਮੈਂ ਬਾਬੂ ਰਫ਼ੀਕ ਕੋਲੋਂ ਪੁੱਛ ਲਿਆ "ਤੁਹਾਨੂੰ ਪਤਾ ਏ ਉਹ ਲੋਕੀ ਕਿੱਥੇ ਰਹਿੰਦੇ ਨੇਂ ਜਿਹੜੇ ਬੇਖ਼ਬਰ ਨੇਂ ਬਈ ਉਨ੍ਹਾਂ ਤੇ ਜ਼ੁਲਮ ਹੁੰਦਾ ਏ ? ਤੁਸੀ ਤੇ ਪੜ੍ਹੇ ਲਿਖੇ ਵੀ ਉਹ ਨਾਲੇ ਬਾਹਰ ਅੰਦਰ ਜਾਂਦੇ ਰਹਿੰਦੇ ਓ। ਉਹ ਲੋਕ ਕਿੰਨੀ ਕੁ ਦੂਰ ਰਹਿੰਦੇ ਨੇਂ?" ਅੱਜ ਬਾਬੂ ਰਫ਼ੀਕ ਮੇਰੀ ਗੱਲ ਸੁਣ ਕੇ ਹੱਸਿਆ ਨਹੀਂ ਸੀ ਤੇ ਨਾ ਈ ਉਸ ਨੇ ਮੇਰੀ ਬਾਂਹ ਮੁੜ ਫੜੀ ਪਰ ਬੜੀ ਗੂੜ੍ਹੀ ਨਜ਼ਰ ਨਾਲ਼ ਮੈਨੂੰ ਵੇਖ ਕੇ ਆਖਣ ਲੱਗਾ ਇਹ ਤੂੰ ਕੀ ਝੱਲੀਆਂ ਵਾਂਗੂੰ ਗੱਲਾਂ ਕਰ ਰਈ ਐਂ ਤੇਰਾ ਦਿਮਾਗ਼ ਤੇ ਨਈਂ ਚੱਲ ਗਿਆ? ਆਪਣੀ ਪੜ੍ਹਾਈ ਵਿਚ ਧਿਆਨ ਦਿਆ ਕਰ, ਤੇ ਨਾਲੇ ਗੱਲ ਸੁਣ ਨਿੱਕੀ ਉਮਰੇ ਇਹੋ ਜਿਹੀਆਂ ਗੱਲਾਂ ਨਈਂ ਸੋਚੀ ਦੀਆਂ।
ਜਦੋਂ ਘਰ ਅਪੜੀ ਤੇ ਭਾਈ ਆਪਣੇ ਇਕ ਨੌਜਵਾਨ ਸ਼ਾਗਿਰਦ ਨਾਲ਼ ਗੱਲਾਂ ਕਰ ਰਿਹਾ ਸੀ । "ਤੂੰ ਜ਼ਰਾ ਸੋਚ ਇਨਸਾਨ ਤੇ ਜਾਨਵਰ ਵਿਚ ਕੀ ਫ਼ਰਕ ਈ? ਸਾਨੂੰ ਅਸ਼ਰਫ਼ ਅਲਮਖ਼ਲੂਕ ਕਿਉਂ ਆਖਿਆ ਜਾਂਦਾ ਈ? ਏਸ ਲਈ ਨਾ ਕਿ ਅਸੀਂ ਸੋਚ ਸਕਦੇ ਆਂ ਤੇ ਜਾਨਵਰ ਨਹੀਂ ।ਭਲਾ ਸੋਚ ਏਸ ਹਿਕਾਅਤ ਦਾ ਕੀ ਮਤਲਬ ਈ? ਇਹਦਾ ਮਤਲਬ ਏ ਕਿ ਸੋਚੋ, ਗ਼ੌਰ ਕਰੋ ਤੇ ਜ਼ਿੰਦਗੀ ਨੂੰ ਬਾਮਕਸਦ ਬਣਾਓ।" ਇਸ ਸ਼ਾਗਿਰਦ ਨੇ ਪੁੱਛਿਆ ਕਿ ਇਹ ਸੋਚਣ ਦਾ ਅਮਲ ਕਿਵੇਂ ਸ਼ੁਰੂ ਹੁੰਦਾ ਈ? ਮੇਰੇ ਭਰਾ ਨੇ ਛੇਤੀ ਨਾਲ਼ ਜਵਾਬ ਦਿੱਤਾ ਕਿ ਇਹ ਤੇ ਬਹੁਤ ਸੌਖਾ ਈ। ਸਾਡੇ ਆਲੇ ਦੁਆਲੇ ਜੋ ਕੁੱਝ ਵੀ ਹੋ ਰਿਹਾ ਹੁੰਦਾ ਏ ਉਹਦਾ ਗੌਹ ਨਾਲ਼ ਮੁਤਾਲਾ ਕਰੋ ਯਾਨੀ ਆਪਣੇ ਆਸੇ ਪਾਸੇ ਧਿਆਨ ਨਾਲ਼ ਵੇਖੋ ਤੇ ਉਨ੍ਹਾਂ ਹਾਲਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਜੋ ਸਮਝ ਨਾ ਆਏ ਉਹਦੇ ਤੇ ਸਵਾਲ ਕਰੋ।ਉਦੋਂ ਤੀਕਰ ਆਰਾਮ ਨਾਲ਼ ਨਾ ਬੈਠੋ ਜਦ ਤੀਕਰ ਗੱਲ ਸਮਝ ਨਾ ਆ ਜਾਏ। ਹਯਾਤੀ ਤੇ ਖੁੱਲੀ ਕਿਤਾਬ ਦੀ ਤਰਾਂ ਸਾਡੇ ਆਲੇ ਦੁਆਲੇ ਕਹਾਣੀ ਦੀ ਤਰਾਂ ਸਦਾ ਚੱਲ ਰਈ ਹੁੰਦੀ ਏ। ਉਹ ਸਾਡੇ ਇਨਸਾਨਾਂ ਤੋਂ ਸਿਰਫ਼ ਇੰਨਾਂ ਈ ਚਾਹੁੰਦੀ ਏ ਕਿ ਅਸੀਂ ਇਹਨੂੰ ਗੌਹ ਨਾਲ਼ ਦੇਖੀਏ, ਗੌਹ ਨਾਲ਼ ਸੁਣੀਏ ਤੇ ਕੁੱਝ ਚੰਗਾ ਅਮਲ ਕਰੀਏ ।
ਮੈਨੂੰ ਨਈਂ ਪਤਾ ਕਿ ਇਸ ਸ਼ਾਗਿਰਦ ਨੇ ਭਾਈ ਤੋਂ ਇਹ ਸਬਕ ਸਿੱਖਿਆ ਕਿ ਨਈਂ ਪਰ ਮੇਰੇ ਉੱਤੇ ਉਨ੍ਹਾਂ ਗੱਲਾਂ ਦਾ ਗੂੜ੍ਹਾ ਅਸਰ ਹੋਇਆ ਸੀ ।ਨਾਲ਼ ਈ ਮੈਨੂੰ ਆਪਣੇ ਨਿੱਕੇ ਹੁੰਦਿਆਂ ਦਾ ਉਹ ਹਾਦਸਾ ਯਾਦ ਆ ਗਿਆ ਜਦੋਂ ਸਾਡੇ ਇਲਾਕੇ ਦੀ ਟੈਕਸਟਾਇਲ ਮਿੱਲ ਵਿਚ ਭਾਫ਼ ਦੀ ਭੱਠੀ ਪਾਟਣ ਨਾਲ਼ ਕਈ ਮਜ਼ਦੂਰ ਮਾਰੇ ਗਏ ਸੀ ਤੇ ਅਗਲੇ ਦਿਨ ਅਖ਼ਬਾਰ ਵਿਚ ਨਿਰੇ ਪੱਕੇ ਮਜ਼ਦੂਰਾਂ ਦੇ ਮਰਨ ਦੀ ਈ ਖ਼ਬਰ ਛਪੀ ਸੀ। ਮੇਰਾ ਪਿਉ ਏਸ ਜ਼ੁਲਮ ਤੇ ਕੁਰਲਾ ਉਠਿਆ ਸੀ। ਮੈਨੂੰ ਹੁਣ ਕੁੱਝ ਕੁੱਝ ਸਮਝ ਆਉਣ ਲੱਗ ਪਈ ਸੀ ਕਿ ਸਮਾਜੀ ਜ਼ੁਲਮ ਦਾ ਕੀ ਮਤਬਲ ਈ।
ਮੇਰਾ ਹਯਾਤੀ ਨੂੰ ਗੌਹ ਨਾਲ਼ ਵੇਖਣ ਦਾ ਸਫ਼ਰ ਮੁੜ ਤੋਂ ਸ਼ੁਰੂ ਹੋਇਆ ਜਦੋਂ ਮੈਂ ਅਗਲੇ ਦਿਨ ਬਾਬੂ ਰਫ਼ੀਕ ਦੇ ਘਰ ਗਈ।
ਬਾਬੂ ਰਫ਼ੀਕ ਦੀਆਂ ਚਾਰ ਧੀਆਂ ਸਨ। ਵੱਡੀ ਧੀ ਛੇ ਵਰ੍ਹਿਆਂ ਦੀ ਤੇ ਨਿੱਕੀ ਕੁੱਝ ਮਹੀਨਿਆਂ ਦੀ। ਵੱਡੀਆਂ ਤਿੰਨੇ ਕੁੜੀਆਂ ਮਾਂ ਵਾਂਗੂੰ ਗੋਰੀਆਂ ਚਿੱਟੀਆਂ ਤੇ ਗੋਲ ਮਟੋਲ ਸਨ ਪਰ ਨਿੱਕੀ ਧੀ ਪੱਕੇ ਰੰਗ ਦੀ ਪੰਘੂੜੇ ਵਿਚ ਪਈ ਨਜ਼ਰ ਈ ਨਈਂ ਸੀ ਆਉਂਦੀ। ਮੈਨੂੰ ਮਹਿਸੂਸ ਹੋਇਆ ਕਿ ਕੋਈ ਵੀ ਉਸ ਬੱਚੀ ਨੂੰ ਗੋਦੀ ਵੀ ਨਹੀਂ ਚੁੱਕਦਾ ਨਾ ਲੋਰੀਆਂ ਸੁਣਾਂਦਾ ਤੇ ਨਾ ਕੋਈ ਲਾਡ ਕਰਦਾ ਏ । ਉਹ ਅਕਸਰ ਰੋਂਦੀ ਰਹਿੰਦੀ ਤੇ ਰੋਵਣ ਦੀ 'ਵਾਜ਼ ਵੀ ਕਮਜ਼ੋਰ ਤੇ ਬੇਵੱਸ ਜਈ ਹੁੰਦੀ। ਮੇਰਾ ਏਸ ਬਾਲੜੀ ਨਾਲ਼ ਅਜੀਬ ਜਿਹਾ ਰਿਸ਼ਤਾ ਬਣ ਗਿਆ । ਮੈਂ ਆਉਂਦਿਆਂ ਜਾਂਦਿਆਂ ਏਸ ਬੱਚੀ ਨੂੰ ਵੇਖਣ ਦੀ ਕੋਸ਼ਿਸ਼ ਕਰਦੀ ਸੀ। ਮੈਨੂੰ ਨਈਂ ਯਾਦ ਕਿ ਮੈਂ ਕਦੀ ਉਹਦੇ ਪੰਘੂੜੇ ਕੋਲ਼ ਉਹਦੀ ਮਾਂ, ਪਿਉ੍ਹੂ ਜਾਂ ਆਪਾ ਨੂੰ ਵੇਖਿਆ ਹੋਏ, ਹਾਂ ਅਲਬੱਤਾ ਜਦੋਂ ਬੱਚੀ ਰੋਂਦੀ ਤੇ ਛੇ ਸਾਲਾਂ ਵਾਲੀ ਕੁੜੀ ਉਹਦੇ ਮੂੰਹ ਵਿਚ ਦੁੱਧ ਦੀ ਬੋਤਲ ਲਾ ਦਿੰਦੀ ਸੀ। ਇਕ ਦਿਨ ਕੋਠੇ ਉੱਤੇ ਬਹੁਤ ਧੁੱਪ ਤੇ ਗਰਮੀ ਸੀ । ਆਪਾ ਨੇ ਸਾਨੂੰ ਥੱਲੇ ਵੇਹੜੇ ਵਿਚ ਬੈਠ ਕੇ ਪੜ੍ਹਨ ਦਾ ਹੁਕਮ ਦਿੱਤਾ। ਬਾਬੂ ਰਫ਼ੀਕ ਦੀ ਵਹੁਟੀ ਸਾਡੇ ਕੋਲ਼ ਈ ਬੈਠੀ ਦਾਲ਼ ਚੁਗਦੀ ਪਈ ਸੀ। ਨਿੱਕੀ ਕੁੜੀ ਰੋ ਰਹੀ ਸੀ ਤੇ ਮੇਰਾ ਧਿਆਨ ਇਸੇ ਵਿਚ ਲੱਗਾ ਸੀ।ਮੇਰੇ ਅੰਦਰ ਇਕ ਅਚੋਂਵਾਹੀ ਲੱਗੀ ਸੀ ਪਰ ਮੈਨੂੰ ਪਤਾ ਨਹੀਂ ਸੀ ਕਿ ਮੈਂ ਉਸ ਦਾ ਕੀ ਕਰਾਂ।ਅਖ਼ੀਰ ਮੇਰੇ ਤੋਂ ਰਿਹਾ ਨਾ ਗਿਆ ਤੇ ਮੈਂ ਕਹਿ ਈ ਦਿਤਾ ਬਾਜੀ ਕਾਕੀ ਰੋਂਦੀ ਪਈ ਈ। ਉਸ ਨੇ ਖਿਝ ਕੇ ਆਖਿਆ, ਏਸ ਚੁੜੇਲ ਦਾ ਕੀ ਈ, ਇਹ ਤੇ ਰੋਂਦੀ ਰਹਿੰਦੀ ਈ।ਮੈਂ ਹੈਰਾਨ ਹੋਈ ਤੇ ਉਹਦੇ ਖਿਝਣ ਤੋਂ ਏਨੀ ਡਰੀ ਕਿ ਮੈਨੂੰ ਕੁੱਝ ਹੋਰ ਪੁੱਛਣ ਦੀ ਸੁਰਤ ਤੇ ਹੌਂਸਲਾ ਈ ਨਾ ਰਿਹਾ।
ਇਸ ਦਿਨ ਘਰ ਆ ਕੇ ਮੈਂ ਮਾਂ ਨਾਲ਼ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਕੰਮਾਂ ਤੇ ਪ੍ਰੌਹਣਿਆਂ ਵਿਚ ਐਸੀ ਰੁੱਝੀ ਸੀ ਕਿ ਮੇਰੇ ਦਿਲ ਦੀ ਦਿਲ ਵਿਚ ਰਹਿ ਗਈ । ਭਰਾ ਯੂਨੀਵਰਸਿਟੀ ਦਾਖ਼ਲੇ ਲਈ ਲਹੌਰ ਗਿਆ ਸੀ ਤੇ ਮੈਂ ਹੋਰ ਕਿਸੇ ਨਾਲ਼ ਗੱਲ ਨਾ ਕਰ ਸਕੀ। ਇਸ ਰਾਤ ਮੈਂ ਉਸ ਬੱਚੀ ਦੀ ਬੇਬਸੀ ਉੱਤੇ ਫੁੱਟ ਫੁੱਟ ਰੋਈ ਸੀ। ਅਗਲੇ ਦਿਨ ਪਤਾ ਨਹੀਂ ਕਿਉਂ ਮੈਂ ਆਪਾ ਕੋਲ਼ ਪੜ੍ਹਨ ਲਈ ਛੇਤੀ ਚਲੀ ਗਈ। ਆਪਾ ਨਹਾ ਰਈ ਸੀ ਤੇ ਬਾਬੂ ਰਫ਼ੀਕ ਦੀ ਵਹੁਟੀ ਕੋਠੇ ਉੱਤੇ ਲੀੜੇ ਫੋਲਣ ਗਈ ਸੀ ਬਾਕੀ ਕੁੜੀਆਂ ਖੇਲ ਰਈਆਂ ਸਨ ਪਰ ਪੰਘੂੜੇ ਵਿਚੋਂ ਹਮੇਸ਼ ਵਾਂਗੂੰ ਨਿਮੀ ਨਿਮੀ ਰੋਵਣ ਦੀ ਵਾਜ ਆ ਰਈ ਸੀ। ਮੈਂ ਹਿੰਮਤ ਕਰ ਕੇ ਪੰਘੂੜੇ ਕੋਲ਼ ਬੈਠ ਗਈ ਤੇ ਪੰਘੂੜਾ ਹੁਲਾਰਦਿਆਂ ਬੱਚੀ ਨੂੰ ਪਹਿਲੀ ਵਾਰੀ ਗੌਹ ਨਾਲ਼ ਵੇਖਿਆ। ਉਹ ਇੰਜ ਮੂੰਹ ਖੋਲਦੀ ਸੀ ਜਿਵੇਂ ਕੋਈ ਪਿਆਸਾ ਚਿੜੀ ਦਾ ਬੋਟ ਹੋਏ ।ਉਹ ਨਿੱਕੀ ਜਈ ਬੱਚੀ ਪਿਆਰ ਨੂੰ ਤਰਸੀ ਹੋਈ ਸੀ। ਮੇਰਾ ਜੀ ਕੀਤਾ ਮੈਂ ਉਸ ਨੂੰ ਚੁੱਕ ਕੇ ਆਪਣੇ ਘਰ ਲੈ ਜਾਵਾਂ। ਬਾਜੀ ਦੀ ਵਾਜ ਨੇਂ ਮੈਨੂੰ ਡਰਾ ਦਿੱਤਾ।ਤੂੰ ਏਸ ਚੁੜੇਲ ਕੋਲ਼ ਬੈਠੀ ਕੀ ਕਰ ਰਈ ਐਂ?ਮੇਰਾ ਦਿਲ ਧੜਕ ਰਿਹਾ ਸੀ ਪਰ ਮੈਂ ਬਿਨਾ ਸੋਚਿਆਂ ਪੁੱਛ ਲਿਆ "ਤੁਸੀ ਇਹਨੂੰ ਚੁੜੇਲ ਕਿਉਂ ਕਹਿੰਦੇ ਓ?" ਉਹਨੇ ਮੱਥੇ ਤਿਉੜੀ ਪਾਕੇ ਘੂਰਦਿਆਂ ਹੋਇਆਂ ਆਖਿਆ, "ਨਾ ਰੰਗ ਨਾ ਰੂਪ, ਕਾਲ਼ੀ ਕਲੋਟੀ ਚੁੜੇਲ ਨਈਂ ਤੇ ਹੋਰ ਕੀ ਏ ?" ਇਹ ਆਖਣ ਮਗਰੋਂ ਬਾਬੂ ਰਫ਼ੀਕ ਦੀ ਵਹੁਟੀ ਨੇ ਮੈਨੂੰ ਝਿੜਕ ਕੇ ਆਖਿਆ "ਤੂੰ ਇਥੇ ਪੜ੍ਹਨ ਆਉਂਦੀ ਐਂ ਤੇ ਅਪਣਾ ਧਿਆਨ ਪੜ੍ਹਨ ਵਿਚ ਈ ਰੱਖਿਆ ਕਰ ਬਹੁਤੇ ਸਵਾਲ ਕਰਨ ਦੀ ਲੋੜ ਨਈਂ । ਗੱਲ ਸਮਝ ਗਈ ਐਂ ਕਿ ਫ਼ਿਰ ਸਮਝਾਵਾਂ?"
ਮੈਂ ਡਰਦੀ ਪੰਘੂੜੇ ਤੋਂ ਪੂਰੇ ਹਟ ਗਈ ਪਰ ਪਿਆਰ ਨੂੰ ਤਰਸੀ ਹੋਈ ਇਸ ਬਾਲੜੀ ਦੀ ਸ਼ਕਲ ਤੇ ਬੇਵੱਸ ਰੂਹ ਮੇਰੀਆਂ ਸੋਚਾਂ ਵਿਚ ਰਚ ਬੱਸ ਗਈ । ਮੈਂ ਹਰ ਵੇਲੇ ਉਸ ਬਾਲੜੀ ਤੇ ਹੋਣ ਵਾਲੇ ਅਨਿਆਂ ਬਾਰੇ ਸੋਚਦੀ ਤੇ ਆਪਣੀਆਂ ਸੋਚਾਂ ਵਿਚ ਬਾਲੜੀ ਨੂੰ ਪੰਘੂੜੇ ਵਿਚੋਂ ਚੁੱਕ ਕੇ ਆਪਣੇ ਘਰ ਲਿਆਉਣ ਦੇ ਸੁਫ਼ਨੇ ਬੁਣਦੀ ਰਹਿੰਦੀ । ਪਰ ਇਹ ਨਿਰੀ ਕੁੱਝ ਈ ਦਿਨਾਂ ਦੀ ਖੇਡ ਸੀ । ਪਿਆਰ ਬਿਨਾ ਬਾਲੜੀ ਦਿਨੋ ਦਿਨ ਕਮਜ਼ੋਰ ਹੁੰਦੀ ਗਈ ਤੇ ਇਕ ਦਿਨ ਪੰਘੂੜਾ ਖ਼ਾਲੀ ਸੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨੁਜ਼ਹਤ ਅੱਬਾਸ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ