Pani Ch Ghiria Pani (Punjabi Story) : Muhammad Mansa Yaad

ਪਾਣੀ 'ਚ ਘਿਰਿਆ ਪਾਣੀ (ਕਹਾਣੀ) : ਮੁਹੰਮਦ ਮਨਸ਼ਾ ਯਾਦ

ਚੀਕਣੀ ਮਿੱਟੀ ਨਾਲ ਘੋੜੇ, ਢੱਗੇ ਅਤੇ ਬਾਂਦਰ ਬਣਾਉਂਦਿਆਂ ਬਣਾਉਂਦਿਆਂ ਉਨ੍ਹੇ ਇਕ ਦਿਨ ਆਦਮੀ ਬਣਾਇਆ ਤੇ ਸੁੱਕਣ ਲਈ ਧੁੱਪ 'ਚ ਰੱਖ ਦਿੱਤਾ। ਸਿਖਰ ਦੁਪਹਿਰ ਸੀ, ਚਾਰੇ ਪਾਸੇ ਡੂੰਘੀ ਖਾਮੋਸ਼ੀ ਸੀ। ਪਸ਼ੂ ਪੰਛੀ ਸੁਰੱਖਿਅਤ ਥਾਂਵਾਂ 'ਚ ਜਾ ਲੁਕੇ ਸਨ। ਸ਼ਰੀਂਹ ਦਾ ਬੁੱਢਾ ਰੁੱਖ ਧੁੱਪ ਵਿਚ ਝੁਲਸ ਰਿਹਾ ਸੀ। ਜ਼ੈਨਾ ਅਜੇ ਤਾਈਂ ਰੋਟੀ ਲੈ ਕੇ ਨਹੀਂ ਆਈ ਸੀ।
ਉਨ੍ਹੇ ਪਿੰਡ ਵਲੋਂ ਆਉਂਦੇ ਰਾਹ ਵਲ ਦੂਰ ਤਾਈਂ ਵੇਖਿਆ ਪਰ ਕੜਕਦੀ ਧੁੱਪ ਤੋਂ ਬਿਨਾਂ ਉਹਨੂੰ ਕੁਝ ਨਾ ਦਿਸਿਆ। ਉਨ੍ਹੇ ਚਿਲਮ ਨੂੰ ਟੋਹਿਆ। ਉਹ ਗਰਮ ਸੀ। ਉਹਨੇ ਕੱਸ਼ ਲਿਆ ਤਾਂ ਉਹਦੇ ਮੂੰਹ 'ਚ ਸੜੇ ਹੋਏ ਤਮਾਕੂ ਦੀ ਬੋ ਤੋਂ ਸਿਵਾ ਕੁਝ ਨਾ ਆਇਆ। ਉਹ ਉਠ ਕੇ ਛਾਵੇਂ ਆ ਗਿਆ ਤੇ ਜ਼ੈਨਾ ਦਾ ਰਾਹ ਵੇਖਣ ਲੱਗਾ।
ਬੜੇ ਚਿਰ ਤੋਂ ਉਹਦੀ ਖਾਹਿਸ਼ ਸੀ ਕਿ ਉਹ ਅਜਿਹਾ ਬਾਵਾ ਬਣਾਏ ਜਿਹਨੂੰ ਵੇਖ ਕੇ ਘੱਟੋ-ਘੱਟ ਜ਼ੈਨਾ ਜ਼ਰੂਰ ਹੈਰਾਨ ਰਹਿ ਜਾਏ ਤੇ ਉਹਦੀ ਕਾਰੀਗਰੀ ਦੀ ਸਿਫ਼ਤ ਕਰੇ। ਉਹਦੇ ਮਨ ਵਿਚ ਜਵਾਨੀ ਦੇ ਦਿਨਾਂ ਤੋਂ ਈ ਅਜਿਹੇ ਬਹੁਤ ਸਾਰੇ ਲੋਕਾਂ ਦੀਆਂ ਸ਼ਕਲਾਂ ਤੇ ਜੁੱਸੇ ਬੈਠੇ ਹੋਏ ਸਨ ਜਿਨ੍ਹਾਂ ਤੋਂ ਉਹ ਕਦੀ ਨਾ ਕਦੀ ਪ੍ਰਭਾਵਤ ਹੋਈ ਸੀ। ਉਹ ਚਾਹੁੰਦਾ ਸੀ ਕਿ ਵੇਖੇ ਹੋਏ ਇਨ੍ਹਾਂ ਮੁਹਾਂਦਰਿਆ ਤੇ ਜੁੱਸਿਆਂ ਨੂੰ ਤੋੜ ਕੇ ਉਨ੍ਹਾਂ ਦੇ ਖਮੀਰ ਤੋਂ ਚੰਗੇ ਕੱਦ-ਕਾਠ ਤੇ ਚਿਹਰੇ-ਮੁਹਰੇ ਵਾਲਾ ਆਦਮੀ ਬਣਾਏ ਜਿਹੜਾ ਹਰ ਪੱਖੋਂ ਪੂਰਾ ਤੇ ਅਨੋਖਾ ਹੋਵੇ। ਉਹਨੇ ਕਈ ਵਾਰੀ ਉਹਨੂੰ ਆਪਣੇ ਦਿਮਾਗ਼ ਵਿਚ ਪੂਰਾ ਕੀਤਾ ਸੀ ਪਰ ਹਰ ਵਾਰੀ ਉਹਦੀ ਸ਼ਕਲ, ਰੰਗ ਰੂਪ ਤੇ ਬਣਤਰ ਉਹਦੇ ਦਿਮਾਗ 'ਚੋਂ ਉਤਰ ਜਾਂਦੀ ਸੀ ਜਾਂ ਮੱਧਮ ਪੈ ਜਾਂਦੀ। ਉਹ ਉਹਨੂੰ ਪੂਰੀ ਇਕਾਗਰਤਾ ਤੇ ਤਸੱਲੀ ਨਾਲ ਬਣਾਉਣਾ ਚਾਹੁੰਦਾ ਸੀ ਪਰ ਪੂਰਨ ਇਕਾਗਰਤਾ ਨਸੀਬ ਨਹੀਂ ਸੀ ਹੁੰਦੀ ਕਿਉਂਕਿ ਉਹਨੂੰ ਹਰ ਵੇਲੇ ਜ਼ੈਨਾ ਵਲੋਂ ਧੁੜਕੂ ਲੱਗਾ ਰਹਿੰਦਾ ਸੀ। ਉਹਨੇ ਕਈ ਵਾਰੀ ਯਤਨ ਕੀਤਾ ਪਰ ਫੇਰ ਉਹਨੂੰ ਅਧੂਰਾ ਛੱਡ ਦਿੱਤਾ। ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਉਹਨੂੰ ਓਸ ਵੇਲੇ ਚੇਤਾ ਆਉਂਦਾ ਜਦੋਂ ਮਿੱਟੀ ਘੱਟ ਹੁੰਦੀ ਜਾਂ ਚੰਗੀ ਨਾ ਹੁੰਦੀ ਜਾਂ ਉਸ ਵੇਲੇ ਜਦੋਂ ਉਹ ਰਾਤ ਵੇਲੇ ਖੁੱਲ੍ਹੇ ਅਸਮਾਨ ਹੇਠਾਂ ਮੰਜੀ 'ਤੇ ਲੰਮਾ ਪਿਆ ਹੁੱਕਾ ਪੀ ਰਿਹਾ ਹੁੰਦਾ; ਪਰ ਅੱਜ ਘੋੜੇ, ਬਾਂਦਰ ਤੇ ਢੱਗੇ ਬਣਾਉਂਦਿਆਂ-ਬਣਾਉਂਦਿਆਂ ਇਕਦਮ ਉਹਦੇ ਦਿਲ 'ਚ ਪਰਸੂਤ ਦੀ ਪੀੜ ਵਰਗੀ ਚੀਸ ਪਈ ਅਤੇ ਉਹਨੇ ਉਹਨੂੰ ਬਣਾਇਆ ਤੇ ਸੁੱਕਣ ਲਈ ਧੁੱਪ 'ਚ ਰੱਖ ਦਿੱਤਾ।
ਬੈਠਿਆਂ-ਬੈਠਿਆਂ ਉਹਨੇ ਸ਼ਰੀਂਹ ਦੀ ਸੁੱਕੀ ਹੋਈ ਫਲੀ ਲੈ ਕੇ ਮਰੋੜੀ ਤੇ ਬੀ ਕੱਢ ਕੇ ਗਿਣਨ ਲੱਗਾ। ਉਹਨੂੰ ਖਿਆਲ ਆਇਆ ਕਿ ਬੁੱਢੇ ਸ਼ਰੀਂਹ ਦੇ ਸੁੱਕਣ ਜਾਂ ਟੁੱਟ ਜਾਣ ਤੋਂ ਪਹਿਲਾਂ ਦੂਜਾ ਸ਼ਰੀਂਹ ਉਗਾ ਦੇਣਾ ਚਾਹੀਦਾ ਏ। ਫੇਰ ਉਹ ਕਿਸੇ ਅਣਜਾਣ ਸੋਚ ਨਾਲ ਉਦਾਸ ਹੋ ਗਿਆ। ਉਸੇ ਵੇਲੇ ਜ਼ੈਨਾ ਰੋਟੀ ਲੈ ਕੇ ਆ ਗਈ। ਉਹਨੇ ਹਮੇਸ਼ਾ ਵਾਂਗ ਸੁਖ ਦਾ ਸਾਹ ਲਿਆ। ਫੇਰ ਘੜੇ 'ਚੋਂ ਪਾਣੀ ਦਾ ਪਿਆਲਾ ਭਰਿਆ ਤੇ ਮੂੰਹ ਹੱਥ ਧੋਣ ਲੱਗਾ।
ਜ਼ੈਨਾ ਉਹਦੇ ਸਾਹਮਣੇ ਬਹਿ ਕੇ ਦੁਪੱਟੇ ਦੇ ਪੱਲੇ ਨਾਲ ਪੱਖਾ ਝੱਲਣ ਲੱਗੀ ਤੇ ਨਜ਼ਰ ਨਾ ਆਉਣ ਵਾਲੀਆਂ ਮੱਖੀਆਂ ਉਡਾਣ ਲੱਗੀ। ਫੇਰ ਕਹਿਣ ਲੱਗੀ, "ਤਮਾਕੂ ਨਹੀਂ ਮਿਲਿਆ, ਦੁਕਾਨਦਾਰ ਪਿਛਲੇ ਪੈਸੇ ਮੰਗਦਾ ਸੀ। ਤੂੰ ਆਖੇਂ ਤਾਂ ਰਮਜ਼ੇ ਤੋਂ ਕੁਝ।"
"ਨਹੀਂ", ਉਹਨੇ ਲੱਸੀ ਦਾ ਪਿਆਲਾ ਖਾਲੀ ਕਰ ਕੇ ਰੱਖਦਿਆਂ ਕਿਹਾ, "ਸ਼ਾਮੀਂ ਆ ਕੇ ਮੈਂ ਆਪ ਉਹਦੇ ਨਾਲ ਗੱਲ ਕਰ ਲਵਾਂਗਾ। ਅਜੇ ਇਕ ਅੱਧੀ ਚਿਲਮ ਹੈ, ਕੰਮ ਚਲ ਜਾਏਗਾ।"
"ਮੈਂ ਤਾਂ ਆਖਦੀ ਹਾਂ", ਜ਼ੈਨਾ ਸ਼ਰੀਂਹ ਦੀਆਂ ਟਾਹਣੀਆਂ ਦੀਆਂ ਵਿਰਲਾਂ 'ਚੋਂ ਆਉਂਦੀ ਧੁੱਪ ਨੂੰ ਹੱਥ 'ਤੇ ਰੋਕ ਕੇ ਕਹਿਣ ਲੱਗੀ, "ਦੁਪਹਿਰ ਨੂੰ ਘਰ ਆ ਜਾਇਆ ਕਰ। ਰੁੱਖ ਬੁੱਢਾ ਹੋ ਗਿਆ ਏ ਤੇ ਲੋਕਾਂ ਨੇ ਇਹਦੀਆਂ ਟਾਹਣੀਆਂ ਛਾਂਗ-ਛਾਂਗ ਕੇ ਇਹਨੂੰ ਹੋਰ ਵੀ ਵਿਰਲਾ ਕਰ ਦਿੱਤਾ ਏ।"
"ਇਹ ਬੜਾ ਬਰਕਤ ਵਾਲਾ ਏ", ਉਹਨੇ ਕਿਹਾ, "ਇਹ ਨਾ ਹੁੰਦਾ ਤਾਂ ਵਧਾਈ ਮੰਗਣ ਵਾਲਿਆਂ ਨੂੰ ਘਰ ਲੱਭਣ 'ਚ ਔਖਿਆਈ ਹੁੰਦੀ, ਸਾਰੇ ਪਿੰਡ ਵਿਚ ਇਹ ਈ ਤਾਂ ਸ਼ਰੀਂਹ ਏ।"
ਉਹਨੇ ਰੋਟੀ ਖਾ ਲਈ ਤੇ ਜ਼ੈਨਾ ਭਾਂਡੇ 'ਕੱਠੇ ਕਰਨ ਲੱਗੀ। ਉਹਨੂੰ ਅਚਾਨਕ ਕੁਝ ਚੇਤੇ ਆਇਆ। ਉਹ ਬੇਚੈਨੀ ਨਾਲ ਬੋਲਿਆ, "ਜ਼ੈਨਾ, ਮੈਂ ਅੱਜ ਇਕ ਕਮਾਲ ਦੀ ਚੀਜ਼ ਬਣਾਈ ਏ।"
"ਕੀ?"
"ਬੁੱਝ ਖਾਂ?"
"ਮਰਤਬਾਨ", ਉਹ ਬੋਲੀ, "ਤੂੰ ਚੰਗਾ ਕੀਤਾ ਏ। ਜਦੋਂ ਵੀ ਮੈਂ ਲੱਸੀ ਮੰਗਣ ਜਾਂਦੀ ਹਾਂ ਤਾਂ ਚੌਧਰਾਣੀ ਮਰਤਬਾਨ ਦਾ ਜ਼ਰੂਰ ਪੁੱਛਦੀ ਏ।"
"ਉਹ ਵੀ ਬਣਾ ਦਿਆਂਗਾ ਪਰ ਇਹ ਇਕ ਦੂਜੀ ਚੀਜ਼ ਏ।"
"ਹਲਾ!" ਉਹ ਹੱਸ ਪਈ, "ਮੈਨੂੰ ਪਤਾ ਲੱਗ ਗਿਆ ਏ, ਝਾਵਾਂ?"
ਉਹ ਵੀ ਹੱਸ ਪਿਆ ਤੇ ਕਹਿਣ ਲੱਗਾ, "ਝਾਵਾਂ ਤਾਂ ਨਹੀਂ ਪਰ ਇਕ ਤਰ੍ਹਾਂ ਨਾਲ ਝਾਵਾਂ ਈ ਸਮਝ ਕਿਉਂਕਿ ਉਸ 'ਚ ਅਕਲ ਦਿਮਾਗ਼ ਹੈ ਨਹੀਂ, ਮੈਂ ਬਾਵਾ ਬਣਾਇਆ ਏ।"
"ਬਾਵਾ?"
"ਹਾਂ, ਅਜਿਹਾ ਬਾਵਾ ਏ ਬਸ ਜਾਨ ਪਾਉਣ ਦੀ ਕਸਰ ਰਹਿ ਗਈ ਏ। ਤੂੰ ਵੇਖ ਕੇ ਹੈਰਾਨ ਹੋਵੇਂਗੀ ਕਿ ਦੁਨੀਆਂ 'ਚ ਤੇਰੇ ਤੋਂ ਵੀ ਸੋਹਣੀ ਚੀਜ਼ ਬਣਾਈ ਜਾ ਸਕਦੀ ਏ।"
"ਅੱਛਾ, ਚਲ ਫੇਰ ਵਿਖਾ।" ਉਹ ਬੜੀ ਉਤਸੁਕਤਾ ਨਾਲ ਬੋਲੀ।
ਉਹ ਉਹਨੂੰ ਉਥੇ ਲੈ ਕੇ ਗਿਆ ਜਿਥੇ ਉਹਨੇ ਸਾਰੀਆ ਚੀਜ਼ਾਂ ਸੁੱਕਣ ਲਈ ਧੁੱਪੇ ਰੱਖੀਆਂ ਹੋਈਆਂ ਸਨ। ਉਹ ਇਹ ਵੇਖ ਕੇ ਪਰੇਸ਼ਾਨ ਹੋ ਗਿਆ ਕਿ ਘੋੜੇ, ਬਾਂਦਰ, ਢੱਗੇ ਤੇ ਹੋਰ ਸਭੋ ਕੁਝ ਉਸੇ ਤਰ੍ਹਾਂ ਪਿਆ ਸੀ ਪਰ ਆਦਮੀ ਉਥੇ ਹੈ ਨਹੀਂ ਸੀ। ਉਹਨੇ ਚਾਰੇ ਪਾਸੇ ਨਜ਼ਰ ਮਾਰੀ, ਦੂਰ ਤਾਈਂ ਕੜਕਦੀ ਧੁੱਪ ਤੇ ਚਮਕਦਾ ਹੋਇਆ ਕੱਲਰ ਈ ਸੀ। ਆਦਮੀ ਦਾ ਕਿਧਰੇ ਨਾਂ ਨਿਸ਼ਾਨ ਵੀ ਨਹੀਂ ਸੀ।
"ਪਤਾ ਨਹੀਂ ਆਦਮੀ ਕਿਧਰ ਗਿਆ?" ਉਹ ਪਰੇਸ਼ਾਨ ਹੋ ਕੇ ਬੋਲਿਆ।
"ਸੌ ਵਾਰੀ ਕਿਹਾ ਏ ਦੁਪਹਿਰ ਵੇਲੇ ਆਰਾਮ ਕਰ ਲਿਆ ਕਰ, ਪਰ ਤੂੰ ਕਿਸੇ ਦੀ ਸੁਣਦਾ ਈ ਨਹੀਂ। ਮੈਨੂੰ ਡਰ ਏ, ਕਿਸੇ ਦਿਨ ਤੂੰ ਸੱਚੀ ਮੁੱਚੀ ਪਾਗਲ ਹੋ ਜਾਏਂਗਾ।" ਜ਼ੈਨਾ ਨੇ ਕਿਹਾ।
"ਤੈਨੂੰ ਯਕੀਨ ਨਹੀਂ ਆਉਂਦਾ?" ਉਹ ਸ਼ਿਕਾਇਤੀ ਲਹਿਜੇ 'ਚ ਬੋਲਿਆ, "ਰੱਬ ਦੀ ਸਹੁੰ, ਤੇਰੇ ਆਉਣ ਤੋਂ ਜ਼ਰਾ ਕੁ ਪਹਿਲਾਂ ਉਹਨੂੰ ਮੈਂ ਆਪਣੇ ਹੱਥੀਂ ਬਣਾਇਆ ਸੀ। ਆਪਣੀਆਂ ਅੱਖਾਂ ਨਾਲ ਬਣਾਇਆ ਹੋਇਆ ਵੇਖਿਆ ਸੀ ਤੇ ਇਥੇ ਰੱਖਿਆ ਸੀ। ਉਹ ਅਜੇ ਚੰਗੀ ਤਰ੍ਹਾਂ ਸੁੱਕਾ ਵੀ ਨਹੀਂ ਸੀ।"
"ਕਿਥੇ ਟੁਰ ਗਿਆ ਹੋਵੇਗਾ?" ਜ਼ੈਨਾ ਨੇ ਹੱਸਦਿਆਂ ਕਿਹਾ "ਕੀ ਪਤਾ ਤੇਰੇ ਲਈ ਤਮਾਕੂ ਲੈਣ ਪਿੰਡ ਟੁਰ ਗਿਆ ਹੋਵੇ?"
ਉਹਨੇ ਨੀਵੀਂ ਪਾ ਲਈ ਤੇ ਥੱਕਿਆ-ਥੱਕਿਆ ਜਿਹਾ ਸ਼ਰੀਂਹ ਦੇ ਹੇਠਾਂ ਆ ਗਿਆ। ਜ਼ੈਨਾ ਕੁਝ ਚਿਰ ਚੁੱਪ ਰਹੀ, ਫੇਰ ਰੁੱਖ ਦੀ ਛਿੱਲੜ ਨੂੰ ਨਹੁੰ ਨਾਲ ਖੁਰਚਦੀ ਹੋਈ ਬੋਲੀ, "ਤਾਂ ਤੂੰ ਸੱਚੀ ਮੁੱਚੀ ਬਾਵਾ ਬਣਾਇਆ ਸੀ?"
"ਹੋਰ ਕੀ, ਮੈਂ ਤੇਰੇ ਨਾਲ ਝੂਠ ਬੋਲ ਸਕਦਾਂ?"
"ਜੇਕਰ ਇਸ ਤਰ੍ਹਾਂ ਏ ਤਾਂ ਮੈਨੂੰ ਡਰ ਲਗ ਰਿਹਾ ਏ", ਜ਼ੈਨਾ ਬੋਲੀ, "ਤੂੰ ਘਰ ਚਲ, ਵੇਖ ਇਹ ਵੇਲਾ ਠੀਕ ਨਹੀਂ ਹੁੰਦਾ। ਉਂਜ ਵੀ ਇਹ ਉਜਾੜ ਜਗ੍ਹਾ ਮੈਨੂੰ 'ਪੱਕੀ ਥਾਂ' ਜਾਪਦੀ ਏ। ਇਕ ਦਿਨ ਮੈਂ ਵਾਪਸ ਜਾ ਰਹੀ ਸੀ ਤਾਂ ਇਸ ਬੂਟੇ ਦੇ ਕੋਲ ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਕਿਸੇ ਨੇ ਮੇਰਾ ਨਾਂ ਲੈ ਕੇ 'ਵਾਜ ਮਾਰੀ ਹੋਵੇ। ਮੈਂ ਤੈਨੂੰ ਨਹੀਂ ਸੀ ਦੱਸਿਆ, ਕਿਧਰੇ ਤੂੰ ਗਲਤ ਨਾ ਸਮਝ ਲਵੇਂ, ਰੱਬ ਦੀ ਮਖ਼ਲੂਕæææ।" ਉਹ ਕੁਝ ਕਹਿੰਦੀ ਕਹਿੰਦੀ ਰੁਕ ਗਈ ਤੇ ਫੇਰ ਬੋਲੀ, "ਪਤਾ ਏ ਇਕ ਵਾਰੀ ਅੱਬਾ ਖੋਤੇ 'ਤੇ ਚੜ੍ਹ ਕੇ ਕਿਧਰੇ ਜਾ ਰਿਹਾ ਸੀ। ਫੇਰ ਦੋਵੇਂ ਗਾਇਬ ਹੋ ਗਏ। ਆਦਮੀ ਵੀ ਤੇ ਖੋਤਾ ਵੀ। ਅੱਬਾ ਨੇ ਉਤਰ ਕੇ ਵੇਖਿਆ, ਉਥੇ ਤਾਈਂ ਖੋਤੇ ਦੇ ਪੈਰਾਂ ਦੇ ਨਿਸ਼ਾਨ ਸਨ ਜਿਥੋਂ ਉਹ ਗਾਇਬ ਹੋਇਆ ਸੀ।"
ਉਹ ਬੋਲਿਆ, "ਮੈਂ ਅਜਿਹੀਆਂ ਗੱਲਾਂ ਨੂੰ ਨਹੀਂ ਮੰਨਦਾ, ਤੇ ਫੇਰ ਉਨ੍ਹਾਂ ਬਾਵੇ ਦਾ ਕੀ ਕਰਨਾ ਸੀ?"
"ਰੱਬ ਜਾਣੇ! ਮੈਂ ਤਾਂ ਕਹਿਨੀ ਹਾਂ ਘਰ ਟੁਰ ਚੱਲ।"
"ਨਹੀਂ ਜ਼ੈਨਾ, ਮੈਂ ਘਰ 'ਚ ਲੁਕ ਕੇ ਕਿੰਨਾ ਚਿਰ ਬਹਿ ਸਕਦਾ ਹਾਂ ਅਤੇ ਫੇਰ ਤੈਨੂੰ ਪਤਾ ਏ ਮੈਨੂੰ ਪਿੰਡ ਵਿਚ ਆ ਕੇ ਬੰਦਿਆਂ ਕੋਲੋਂ ਨਫਰਤ ਹੁੰਦੀ ਏ। ਸਾਰੇ ਪਿੰਡ ਵਿਚ ਇਕ ਵੀ ਅਜਿਹਾ ਆਦਮੀ ਨਹੀਂ ਜਿਹੜਾ ਮੈਨੂੰ ਬੰਦਾ ਸਮਝਦਾ ਹੋਵੇ। ਲੈ ਦੇ ਕੇ ਇਕ ਰਮਜ਼ਾ ਏ, ਉਹ ਵੀ ਤੇਰੀ।"
ਉਹ ਉਦਾਸ ਲਹਿਜੇ ਵਿਚ ਬੋਲੀ, "ਅਜਿਹੀਆਂ ਗੱਲਾਂ ਨਾ ਕਰ, ਮੈਨੂੰ ਪਤਾ ਏ, ਤੂੰ ਨਫਰਤ ਦਾ ਸਤਾਇਆ ਪੁਸ਼ਤਾਂ ਤੋਂ ਪਿਆਰ ਲਈ ਤਰਸਿਆ ਹੋਇਆ ਏਂ ਪਰ ਮੈਂ ਜੂ ਹਾਂ, ਮੇਰੇ ਵੱਲ ਵੇਖ, ਮੈਂ ਵੀ ਤਾਂ ਹਾਂ। ਤੂੰ ਤਾਂ ਸਾਰਾ ਦਿਨ ਖਿਡੌਣਿਆਂ ਨਾਲ ਖੇਡਦਾ ਰਹਿੰਦਾ ਏਂ। ਤੇ ਤੂੰ ਜਿਹੜੇ ਕਿੰਨੇ ਸਾਰੇ ਘੁੱਗੂ ਘੋੜੇ ਪੜਛੱਤੀ ਉਤੇ ਸਜਾ ਕੇ ਰੱਖੇ ਹੋਏ ਨੇ?"
"ਹਾਂ ਰੱਖੇ ਹੋਏ ਤਾਂ ਹਨ ਪਰ ਕੀ ਫਾਇਦਾ? ਉਂਜ ਜ਼ੈਨਾ ਮੈਂ ਸੋਚਦਾ ਹਾਂ ਤੈਨੂੰ ਰੱਬ ਨੇ ਏਨਾ ਹੁਸਨ ਦਿੱਤਾ ਏ ਕਿ ਤੂੰ ਸਿਰਫ ਸ਼ੀਸ਼ਾ ਵੇਖ ਕੇ ਵੀ ਸਮਾਂ ਬਿਤਾ ਸਕਦੀ ਏਂ।"
ਜ਼ੈਨਾ ਨੂੰ ਸਮਝ ਨਾ ਆਈ ਕਿ ਉਹ ਸ਼ਰਮਾਏ, ਮਾਣ ਕਰੇ ਜਾਂ ਗੁੱਝੀ ਸੱਟ ਨੂੰ ਪਲੋਸੇ। ਕੁਝ ਚਿਰ ਚੁੱਪ ਰਹਿ ਕੇ ਬੋਲੀ, "ਦਿਤਿਆ ਤੂੰ ਪਾਣੀ 'ਚ ਘਿਰਿਆ ਹੋਇਆ ਪਾਣੀ ਏਂ। ਤੈਨੂੰ ਕੀ ਪਤਾ ਅੱਗ ਕੀ ਹੁੰਦੀ ਏ। ਤੂੰ ਆਵੇ ਵਿਚ ਚੀਜ਼ਾਂ ਪਕਾਉਂਦਾ ਏਂ ਪਰ ਤੂੰ ਆਪ ਆਵੇ ਵਿਚ ਪੱਕ ਕੇ ਨਹੀਂ ਵੇਖਿਆ, ਅਤੇ ਮੈਂ!"
"ਮੈਂ ਤਾਂ ਤੈਨੂੰ 'ਪਹਿਲੀ' ਔਰਤ ਈ ਸਮਝਦਾ ਹਾਂ।"
"ਨਾ ਅੜਿਆ, ਮੈਨੂੰ ਮਿੱਟੀ ਦੀ ਈ ਰਹਿਣ ਦੇ। ਮੈਂ ਤਾਂ ਇਕ ਮੱਝ ਤੇ ਇਕ ਖੋਤੀ ਦੇ ਬਦਲੇ।"
"ਮੱਝ ਤੇ ਖੋਤੀ ਦਾ ਜ਼ਿਕਰ ਘੜੀ ਮੁੜੀ ਨਾ ਕਰਿਆ ਕਰ। ਜੇਕਰ ਮੇਰੇ ਕੋਲ ਕਾਰੂੰ ਬਾਦਸ਼ਾਹ ਦਾ ਖਜ਼ਾਨਾ ਹੁੰਦਾ ਅਤੇ ਤੂੰ ਮੈਨੂੰ ਉਹਦੇ ਬਦਲੇ 'ਚ ਮਿਲ ਜਾਂਦੀ ਤਾਂ ਵੀ ਮੈਂ ਆਪਣੀ ਖੁਸ਼ ਕਿਸਮਤੀ ਸਮਝਦਾ।"
"ਜ਼ਿਕਰ ਕਿਉਂ ਨਾ ਕਰਿਆ ਕਰਾਂ। ਮੱਝ ਹੁਣ ਤੀਜੇ ਚੌਥੇ ਸੂਏ ਹੁੰਦੀ ਤੇ ਖੋਤੀ।"
"ਤੂੰ ਨਾ ਆਉਂਦੀ ਤਾਂ ਮੇਰਾ ਕੀ ਬਣਦਾ? ਬਰਾਦਰੀ ਵਾਲਿਆਂ ਤਾਂ ਗਰੀਬ ਸਮਝ ਕੇ ਸਾਫ ਜਵਾਬ ਦਿੱਤਾ ਹੋਇਆ ਸੀ, ਮੇਰਾ ਜਨਾਜ਼ਾ।"
"ਹਾਂ ਤੇਰੀ ਰੋਟੀ ਕੌਣ ਪਕਾਉਂਦਾ? ਕੱਪੜੇ ਕੌਣ ਧੋਂਦਾ ਤੇ ਤੇਰਾ ਜਨਾਜ਼ਾ?" ਉਹ ਉਦਾਸ ਤੇ ਪਰੇਸ਼ਾਨ ਹੋ ਗਈ।
"ਹੁਣ ਤੂੰ ਘਰ ਟੁਰ ਜਾ। ਮੈਂ ਉਹਨੂੰ ਲੱਭਦਾਂ।" ਉਹਨੇ ਕਿਹਾ।
"ਦੂਜਾ ਬਣਾ ਲੈ?" ਉਹ ਭਾਂਡੇ ਚੁੱਕਦੀ ਹੋਈ ਬੋਲੀ, "ਬਾਵਾ ਈ ਤਾਂ ਸੀ।"
"ਦੂਜਾ ਤਾਂ ਮੈਂ ਕਿਸੇ ਵੇਲੇ ਬਣਾ ਲਵਾਂਗਾ।" ਉਹਨੇ ਜਵਾਬ ਦਿੱਤਾ, "ਪਰ ਉਹ ਪਹਿਲਾ ਕਿਥੇ ਗਿਆ?"
"ਹਾਂ ਤੂੰ ਠੀਕ ਆਖਦਾ ਏਂ। ਉਹ ਪਹਿਲੇ ਵਾਲਾ ਕਿਥੇ ਗਿਆ!"
"ਬੜੀ ਅਜੀਬ ਗੱਲ ਏ। ਪਹਿਲਾਂ ਕਦੀ ਇਸ ਤਰ੍ਹਾਂ ਨਹੀਂ ਹੋਇਆ। ਕੁਝ ਸਮਝ ਨਹੀਂ ਆਉਂਦੀ!"
"ਹਾਏ! ਮੈਂ ਤੇਰੀ ਕੁਝ ਮਦਦ ਕਰ ਸਕਦੀ ਪਰ ਮੇਰੀ ਤਾਂ ਆਪਣੀ ਸਮਝ 'ਚ ਕੁਝ ਨਹੀਂ ਆ ਰਿਹਾ। ਰੱਬ ਮਿਹਰ ਕਰੇ, ਚੰਗਾ ਮੈਂ ਚਲਦੀ ਹਾਂ।"
ਉਹ ਉਠ ਕੇ ਟੁਰ ਪਈ। ਉਹ ਉਹਨੂੰ ਜਾਂਦੀ ਹੋਈ ਵੇਖਦਾ ਰਿਹਾ ਤੇ ਗੁੰਮ-ਸੁੰਮ ਖਲੋਤਾ ਰਿਹਾ।
ਜਦੋਂ ਉਹ ਟਿੱਬੇ ਦੇ ਕੋਲ ਅਪੜੀ ਤਾਂ ਉਹਨੇ 'ਵਾਜ ਦਿੱਤੀ, "ਜ਼ੈਨਾ ਕਿਸੇ ਨਾਲ ਗੱਲ ਨਾ ਕਰੀਂ।"
ਪਰ ਜ਼ੈਨਾ ਨੇ ਪਿੱਛੇ ਮੁੜ ਕੇ ਵੇਖਿਆ ਉਹ ਉਹਦੀ 'ਵਾਜ ਦੀ ਹੱਦ ਪਾਰ ਕਰ ਚੁੱਕੀ ਸੀ। ਉਹਨੂੰ ਪਛਤਾਵਾ ਹੋਣ ਲੱਗਾ। ਉਹਨੇ ਜ਼ੈਨਾ ਨੂੰ ਪਹਿਲਾਂ ਪੱਕੀ ਕਿਉਂ ਨਾ ਕੀਤੀ ਕਿ ਉਹ ਕਿਸੇ ਨਾਲ ਇਹਦੀ ਗੱਲ ਨਾ ਕਰੇ। ਲੋਕ ਉਹਨੂੰ ਪਹਿਲਾਂ ਈ ਮੂਰਖ ਤੇ ਐਵੇਂ ਜਿਹਾ ਬੰਦਾ ਸਮਝਦੇ ਸਨ। ਨਵੀਂ ਗੱਲ ਸੁਣ ਕੇ ਹੋਰ ਮਖੌਲ ਉਡਾਉਣਗੇ ਤੇ ਉਹਦਾ ਜਿਉਣਾ ਔਖਾ ਕਰ ਦੇਣਗੇ। ਫੇਰ ਉਹਨੇ ਕਲਪਨਾ ਦੀ ਅੱਖ ਨਾਲ ਵੇਖਿਆ, ਜ਼ੈਨਾ ਗਲੀ ਦੇ ਮੋੜ 'ਤੇ ਕਿਸੇ ਨਾਲ ਗੱਲਾਂ ਕਰ ਰਹੀ ਸੀ, "ਰਮਜ਼ੇ, ਤੇਰੇ ਭਾਈਏ ਨੇ ਅੱਜ ਆਦਮੀ ਬਣਾਇਆ ਏ।"
"ਆਦਮੀ ਬਣਾਇਆ ਏ?"
"ਹਾਂ, ਤੇ ਉਹ ਗਾਇਬ ਹੋ ਗਿਆ।"
"ਕੌਣ? ਭਾਈਆ? ਭਾਈਆ ਵੀ ਤਾਂ ਆਦਮੀ ਏ। ਹੈ ਕਿ ਨਹੀਂ?"
"ਹੈ ਪਰ ਉਹਨੇ ਬਾਵਾ ਬਣਾਇਆ ਸੀ।"
"ਵੇਖ ਜ਼ੈਨਾ ਬੁਝਾਰਤਾਂ ਨਾ ਪਾਇਆ ਕਰ, ਭਾਈਏ ਦਾ ਬਾਵਾ ਗਵਾਚ ਗਿਆ ਏ ਤਾਂ ਤੂੰ ਉਹਨੂੰ ਹੋਰ ਬਣਾ ਦੇ। ਤੂੰ ਵੀ ਘੁਮਿਆਰਨ ਏਂ।" ਉਹਨੇ ਕੰਨਾਂ ਵਿਚ ਉਂਗਲਾਂ ਲੈ ਲਈਆਂ, ਨਹੀਂ ਤਾਂ ਜ਼ੈਨਾ ਪਤਾ ਨਹੀਂ ਕੀ ਕਹਿ ਦਿੰਦੀ।
ਸ਼ਾਮੀਂ ਉਹ ਪਿੰਡ ਪਹੁੰਚਿਆ ਤਾਂ ਉਹਦਾ ਸ਼ੱਕ ਠੀਕ ਨਿਕਲਿਆ। ਸਾਰੇ ਪਿੰਡ 'ਚ ਬਾਵੇ ਦੇ ਗੁਆਚਣ ਦੀ ਖਬਰ ਫੈਲ ਚੁਕੀ ਸੀ।
ਤੰਦੂਰ, ਚੌਕ, ਮਸੀਤ ਅਤੇ ਵੱਡੀ ਦੁਕਾਨ; ਹਰ ਥਾਂ ਲੋਕ ਉਹਦੇ ਸਿੱਧੜਪੁਣੇ ਅਤੇ ਮੂਰਖਤਾ 'ਤੇ ਹੱਸਦੇ। ਉਹ ਜਿਧਰੋਂ ਵੀ ਲੰਘਦਾ ਉਹਨੂੰ ਛੇੜਦੇ, "ਸੁਣਿਆ ਏ ਦਿੱਤੇ, ਤੇਰਾ ਬੰਦਾ ਗੁਆਚ ਗਿਆ ਏ?"
"ਯਾਰ ਦਿੱਤੇ ਬੜਾ ਅਫਸੋਸ ਏ। ਤੂੰ ਸਾਰੀ ਉਮਰ ਇਕ ਬਾਵਾ ਬਣਾਇਆ ਸੀ, ਉਹ ਵੀ ਇੱਲ ਚੁੱਕ ਕੇ ਲੈ ਗਈ।"
ਮੌਲਵੀ ਜੀ ਨੇ ਕੁਰਾਨ ਦੀ ਆਇਤ (ਲਾਹੌਲ) ਪੜ੍ਹ ਕੇ ਕਿਹਾ, "ਜੇਕਰ ਕੁਫਰ ਦੇ ਕੰਮ ਕਰੇਂਗਾ ਤਾਂ ਅਜਿਹਾ ਈ ਹੋਵੇਗਾ। ਬਦ ਕਿਸਮਤਾ! ਬੁੱਤ ਬਣਾਉਂਦਾ ਏ? ਯਾਦ ਰੱਖ, ਅੱਲ੍ਹਾ ਅਜਿਹੇ ਲੋਕਾਂ ਦੀ ਮੱਤ ਮਾਰ ਦਿੰਦਾ ਏ।" (ਇਸਲਾਮ ਵਿਚ ਬੁੱਤ ਬਣਾਉਣਾ ਪਾਪ ਸਮਝਿਆ ਜਾਂਦਾ ਏ)
ਉਹਨੂੰ ਬੜਾ ਦੁੱਖ ਹੋਇਆ। ਜ਼ੈਨਾ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਉਹਨੂੰ ਜ਼ੈਨਾ 'ਤੇ ਬੜਾ ਗੁੱਸਾ ਆਇਆ ਪਰ ਉਹ ਪੀ ਗਿਆ। ਉਹਨੂੰ ਪਹਿਲਾਂ ਈ ਧੁੜਕੂ ਲੱਗਾ ਰਹਿੰਦਾ ਸੀ ਕਿ ਉਹ ਉਸ ਨਾਲ ਰੁੱਸ ਨਾ ਜਾਏ। ਜ਼ੈਨਾ ਨੂੰ ਆਪਣੇ ਕੋਲ ਰੱਖਣ ਲਈ ਉਹਦੇ ਕੋਲ ਕੁਝ ਵੀ ਨਹੀਂ ਸੀ। ਪਤਾ ਨਹੀਂ ਕਾਗਜ਼ ਦੀ ਇਹ ਬੇੜੀ ਅਜੇ ਤਾਈਂ ਕਿਸ ਤਰ੍ਹਾਂ ਸਹੀ ਸਲਾਮਤ ਸੀ। ਉਹ ਹਰ ਰੋਜ਼ ਘਰ ਆਉਂਦਾ ਤੇ ਉਹਨੂੰ ਘਰ 'ਚ ਵੇਖ ਕੇ ਹੈਰਾਨ ਹੁੰਦਾ। ਬਹੁਤਾ ਉਹਨੂੰ ਦੁਪਹਿਰ ਨੂੰ ਸ਼ੱਕ ਰਹਿੰਦਾ ਸੀ ਪਰ ਆਸ ਦੇ ਉਲਟ ਉਹ ਹਰ ਰੋਜ਼ ਰੋਟੀ ਲੈ ਕੇ ਆ ਜਾਂਦੀ ਸੀ।
ਬਾਵੇ ਵਾਲੀ ਗੱਲ 'ਤੇ ਉਹਨੇ ਪਿੰਡ ਵਾਲਿਆਂ ਦੇ ਤਾਨ੍ਹੇ, ਮਖੌਲ ਤੇ ਪੁੱਠੀਆਂ ਸਿੱਧੀਆਂ ਗੱਲਾਂ ਸੁਣੀਆਂ ਤੇ ਬਰਦਾਸ਼ਤ ਕੀਤੀਆਂ ਅਤੇ ਦਿਖਾਵੇ ਲਈ ਅਜਿਹਾ ਰਵੱਈਆ ਅਪਨਾ ਲਿਆ ਜਿਵੇਂ ਉਹ ਜ਼ੈਨਾ ਤੇ ਪਿੰਡ ਵਾਲਿਆਂ ਨਾਲ ਆਪ ਮਜ਼ਾਕ ਕਰ ਰਿਹਾ ਸੀ ਪਰ ਅੰਦਰੇ ਅੰਦਰ ਉਹਦੇ ਦਿਲ ਵਿਚ ਗੰਢ ਜਿਹੀ ਪੈ ਗਈ ਅਤੇ ਉਹਨੂੰ ਅਜੀਬ ਤਰ੍ਹਾਂ ਦੀ ਚਿੰਤਾ ਲੱਗ ਗਈ, "ਆਖਰ ਉਹ ਕਿਥੇ ਗਿਆ? ਕੌਣ ਲੈ ਗਿਆ?"
ਜ਼ੈਨਾ ਨੂੰ ਇਸ ਗੱਲ ਦਾ ਵਿਸ਼ਵਾਸ ਆ ਗਿਆ ਤੇ ਉਹ ਛੇਤੀ ਹੀ ਭੁੱਲ ਗਈ। ਲੋਕ ਵੀ ਭੁੱਲ ਭੁਲਾ ਗਏ ਪਰ ਉਹ ਉਦਾਸ ਤੇ ਪਰੇਸ਼ਾਨ ਰਹਿਣ ਲੱਗਾ। ਉਹਦੀ ਸਮਝ ਵਿਚ ਨਹੀਂ ਸੀ ਆਉਂਦਾ ਕਿ ਜਦੋਂ ਉਹਦੇ ਤੇ ਜ਼ੈਨਾ ਤੋਂ ਛੁੱਟ ਹੋਰ ਕੋਈ ਉਥੇ ਆਇਆ ਈ ਨਹੀਂ ਸੀ ਤਾਂ ਉਹ ਕਿੱਧਰ ਗਿਆ? ਜ਼ੈਨਾ ਉਸ ਕੋਲੋਂ ਉਦਾਸੀ ਤੇ ਪਰੇਸ਼ਾਨੀ ਦਾ ਕਾਰਨ ਪੁੱਛਦੀ ਤਾਂ ਉਹ ਇਧਰ ਉਧਰ ਦੀਆਂ ਗੱਲਾਂ 'ਚ ਲਾ ਦਿੰਦਾ। ਉਹ ਘੁੱਗੂ ਘੋੜੇ ਬਣਾਉਂਦਾ ਤੇ ਆਵੇ ਵਿਚ ਪਕਾਉਂਦਾ ਰਿਹਾ। ਜ਼ੈਨਾ ਸਿਰ ਉਤੇ ਟੋਕਰਾ ਰੱਖ ਕੇ ਆਲੇ ਦੁਆਲੇ ਦੇ ਪਿੰਡਾਂ ਵਿਚ ਗਲੀ ਗਲੀ ਘੁੰਮਦੀ ਖਿਡੌਣੇ ਵੇਚਦੀ ਰਹੀ। ਸ਼ਰੀਂਹ ਦੀਆਂ ਟਾਹਣੀਆਂ ਪਿੰਡ ਦੇ ਘਰਾਂ ਦੇ ਵੱਖੋ ਵੱਖਰੇ ਦਰਵਾਜ਼ਿਆਂ 'ਤੇ ਸਜਦੀਆਂ ਰਹੀਆਂ। ਲੰਮਾ ਸਮਾਂ ਬੀਤ ਗਿਆ ਪਰ ਉਹਦੀ ਉਲਝਣ ਖਤਮ ਨਾ ਹੋਈ।
ਉਹਨੇ ਸ਼ਹਿਰ ਜਾ ਕੇ ਜੋਤਸ਼ੀ ਕੋਲੋਂ ਵੀ ਪੁੱਛਿਆ। ਸਾਈਂ ਬਹਾਦਰ ਸ਼ਾਹ ਦੇ ਮੇਲੇ 'ਤੇ ਤੋਤੇ ਤੋਂ ਫਾਲ ਵੀ ਕਢਵਾਈ ਅਤੇ ਪੀਰ ਹਦਾਇਤ ਉੱਲਾ ਤੋਂ ਤਵੀਤ ਵੀ ਲਿਆ ਪਰ ਉਹਦੀ ਉਲਝਨ ਫੇਰ ਵੀ ਖਤਮ ਨਾ ਹੋਈ। ਨਾ ਈ ਉਹਦੇ ਦਿਲ 'ਚੋਂ ਬਾਵੇ ਦਾ ਖਿਆਲ ਮਿਟਿਆ। ਕਈ ਵਾਰ ਉਹਨੇ ਸੋਚਿਆ ਕਿ ਉਹ ਫੇਰ ਬਣਾ ਲਏ। ਸਾਹਮਣੇ ਬਹਿ ਕੇ ਸੁਕਾਏ ਤੇ ਪਕਾਏ ਪਰ ਇਹ ਸੋਚ ਕੇ ਉਹਨੂੰ ਡਰ ਲੱਗਦਾ ਸੀ ਕਿ ਜੇਕਰ ਉਹਦੇ ਵੇਖਦਿਆਂ-ਵੇਖਦਿਆਂ ਉਹ ਗਾਇਬ ਹੋ ਗਿਆ ਤਾਂ?
ਉਹਨੇ ਹਰ ਪੂਰ 'ਚੋਂ ਚੰਗੇ ਚੰਗੇ ਖਿਡੌਣੇ ਕੱਢ ਕੇ ਘਰ ਦੀ ਪਰਛੱਤੀ ਉਤੇ ਸਾਂਭ ਕੇ ਰੱਖੇ ਹੋਏ ਸਨ। ਜੇਕਰ ਬਾਵਾ ਪਰਛੱਤੀ 'ਤੇ ਪਿਆ ਪਿਆ ਗਾਇਬ ਹੋ ਗਿਆ ਤਾਂ ਉਹ ਸੱਚੀ ਮੁੱਚੀ ਪਾਗਲ ਹੋ ਜਾਏਗਾ ਅਤੇ ਜ਼ੈਨਾ ਨੂੰ ਪਤਾ ਲੱਗਾ ਤਾਂ ਉਹ ਡਰ ਤੇ ਘਬਰਾਹਟ ਨਾਲ ਬੇਹੋਸ਼ ਹੋ ਜਾਵੇਗੀ ਤੇ ਘਰ ਦੀਆਂ ਕੰਧਾਂ ਤੋਂ ਭੈਅ ਖਾਣ ਲੱਗੇਗੀ।
ਰੁੱਤਾਂ ਬਦਲਦੀਆਂ ਰਹੀਆਂ। ਮੌਸਮ ਆਉਂਦੇ ਜਾਂਦੇ ਰਹੇ। ਫੇਰ ਇਕ ਬਰਸਾਤ ਦੇ ਮੌਸਮ ਵਿਚ ਏਨਾ ਮੀਂਹ ਵੱਸਿਆ ਕਿ ਹਰ ਥਾਂ ਪਾਣੀ ਈ ਪਾਣੀ ਹੋ ਗਿਆ। ਹੜ੍ਹ ਦਾ ਪਾਣੀ ਉਤਰਿਆ ਤਾਂ ਕੱਲਰੀ ਭੋਇੰ 'ਤੇ ਥਾਂ-ਥਾਂ ਘਾਹ ਤੇ ਭਾਂਤ-ਭਾਂਤ ਦੀਆਂ ਬੂਟੀਆਂ ਉੱਗ ਪਈਆਂ।
ਅਜਿਹੀ ਇਕ ਸਵੇਰ ਨੂੰ, ਜਦੋਂ ਬਨੇਰਿਆਂ 'ਤੇ ਕਾਂ ਕਲੋਲਾਂ ਕਰ ਰਹੇ ਸਨ, ਦਿੱਤੇ ਦੇ ਘਰੋਂ ਚਿਲਮ ਲਈ ਧੁਖਾਈਆਂ ਗਈਆਂ ਪਾਥੀਆਂ ਦੇ ਧੂੰ ਦੇ ਨਾਲ ਜ਼ੈਨਾ ਦੀਆਂ ਚੀਕਾਂ ਦੀਆਂ ਅਵਾਜ਼ਾਂ ਆਉਣ ਲੱਗੀਆਂ ਜੋ ਕੁਝ ਚਿਰ ਪਿਛੋਂ ਉਚੇ ਹਾਸੇ ਵਿਚ ਬਦਲ ਗਈਆਂ। ਉਹਨੂੰ ਪਤਾ ਲੱਗਾ ਕਿ ਉਹਦੇ, ਘਰ ਦੇ ਵਿਹੜੇ ਵਿਚ ਨਿੱਕਾ ਜਿਹਾ ਸ਼ਰੀਂਹ ਉਗਿਆ ਏ। ਪਤਾ ਨਹੀਂ ਸ਼ਰੀਂਹ ਦਾ ਬੀ ਕਦੋਂ ਤੇ ਕਿਸ ਤਰ੍ਹਾਂ ਘਰ ਵਿਚ ਆਇਆ ਸੀ। ਕੀ ਪਤਾ ਬੀਆਂ ਦੀ ਕੋਈ ਫਲੀ ਜ਼ੈਨਾ ਦੇ ਟੋਕਰੇ ਜਾਂ ਚੰਗੇਰ ਵਿਚ ਆ ਗਈ ਹੋਵੇ। ਕੋਈ ਬੀ ਉਹਦੀ ਜੁੱਤੀ ਨਾਲ ਲੱਗ ਕੇ ਉਥੋਂ ਆ ਗਿਆ ਹੋਵੇ ਜਾਂ ਹਵਾ ਦਾ ਬੁੱਲਾ ਉਡਾ ਲਿਆਇਆ ਹੋਵੇ।
"ਸ਼ਰੀਂਹ ਬਰਕਤ ਵਾਲਾ ਰੁੱਖ ਏ, ਤੇ ਉਹਦੀ ਨਸਲ ਪਿੰਡ 'ਚੋਂ ਖਤਮ ਨਹੀਂ ਹੋਈ।" ਉਹਨੇ ਸੋਚਿਆ।
ਬੁੱਢਾ ਸ਼ਰੀਂਹ ਅਜੇ ਖਲੋਤਾ ਸੀ ਤੇ ਦੂਜਾ ਉੱਗ ਪਿਆ ਸੀ।
ਘਰ ਦੀ ਪਰਛੱਤੀ 'ਤੇ ਰੱਖੇ ਹੋਏ ਖਿਡੌਣਿਆਂ ਦਾ ਮਿੱਟੀ ਘੱਟਾ ਪੂੰਝਿਆ ਗਿਆ ਅਤੇ ਘਰ ਦੇ ਅੰਦਰ ਸਾਰੇ ਫਰਸ਼ 'ਤੇ ਗੋਹੇ ਦਾ ਪੋਚਾ ਫੇਰਿਆ ਗਿਆ।
ਜ਼ੈਨਾ ਠੀਕ ਹੋ ਗਈ ਤੇ ਕੰਮ-ਕਾਰ ਕਰਨ ਲੱਗ ਪਈ ਅਤੇ ਉਹ ਵੀ ਇਕ ਸਵੇਰ ਨੂੰ ਕੰਮ 'ਤੇ ਚੱਲਿਆ ਤਾਂ ਜ਼ੈਨਾ ਨੇ ਕਿਹਾ, "ਦੁਪਹਿਰ ਨੂੰ ਘਰ ਆ ਜਾਈਂ ਦਿੱਤੇ। ਉਥੇ ਰਹਿਣਾ ਠੀਕ ਨਹੀਂ।"
"ਕਿਉਂ ਠੀਕ ਨਹੀਂ?"
"ਤੈਨੂੰ ਯਾਦ ਏ ਉਹ ਬਾਵਾ?"
"ਬਾਵਾ!" ਉਹ ਠਠੰਬਰ ਗਿਆ।
"ਹਾਂ ਉਹ ਈ ਬਾਵਾ ਜਿਹਦੇ ਗ਼ਮ ਵਿਚ ਤੂੰ ਇੰਨਾ ਚਿਰ ਉਦਾਸ ਤੇ ਪਰੇਸ਼ਾਨ ਰਿਹਾ ਏਂ।"
"ਤੂੰ ਜਾਣਦੀ ਏਂ?"
"ਹਾਂ!"
"ਤੇ ਤੈਨੂੰ ਵਿਸ਼ਵਾਸ ਏ, ਮੈਂ ਬਣਾਇਆ ਸੀ?"
"ਹਾਂ ਮੈਨੂੰ ਯਕੀਨ ਏ ਕਿ ਸਾਰੇ ਪਿੰਡ ਵਿਚ ਇਕ ਈ ਆਦਮੀ ਏ ਜਿਹੜਾ ਉਨ੍ਹਾਂ ਚੀਜ਼ਾਂ ਨਾਲ ਵੀ ਪਿਆਰ ਕਰ ਸਕਦਾ ਏ, ਜਿਹੜੀਆਂ ਉਹਨੇ ਨਾ ਬਣਾਈਆਂ ਹੋਣ।"
ਉਹਨੇ ਡਰੀਆਂ ਹੋਈਆਂ ਅੱਖਾਂ ਨਾਲ ਜ਼ੈਨਾ ਵੱਲ ਤੱਕਿਆ ਤੇ ਆਪਣੇ ਹਥਿਆਰ ਚੁੱਕ ਕੇ ਬਾਹਰ ਨਿਕਲ ਗਿਆ।

  • ਮੁੱਖ ਪੰਨਾ : ਕਹਾਣੀਆਂ, ਮੁਹੰਮਦ ਮਨਸ਼ਾ ਯਾਦ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ